ਧੰਨ ਗੁਰ ਨਾਨਕ
ਡਾ ਦਲਵਿੰਦਰ ਸਿੰਘ ਗੇਵਾਲ
ਚਾਰੇ ਕੂੰਟੀਂ ਚੱਕਰ ਲਾਇਆ, ‘ਇੱਕੋ ਰੱਬ’, ਸੰਦੇਸ਼ ਸੁਣਾਇਆ ।
ਮੈਨੂੰ ਸਮਝ ਨਾ ਆਏ ਕੀਕੂੰ, ਗੁਰੂ ਨਾਨਕ ਨੇ ਜਗਤ ਹਿਲਾਇਆ।
ਜੰਗਲ, ਪਰਬਤ, ਮੈਦਾਨਾਂ ਦੀ, ਉਸਨੇ ਕੋਈ ਪਰਵਾਹ ਨਾ ਕੀਤੀ।
ਪੈਦਲ ਉਸਨੇ ਦੇਸ਼ ਵਿਦੇਸ਼ੀਂ, ਮੀਲ ਹਜ਼ਾਰਾਂ ਤਹਿ ਕਰ ਲੀਤੀ।
ਸੱਚ, ਹੱਕ, ਇੱਕ ਨਾਮ ਦਾ ਹੋਕਾ, ਦੇ ਕੇ ਸੁੱਤਾ ਜਗਤ ਜਗਾਇਆ।
ਚਾਰੇ ਕੂਟਾਂ ਚਕਰ ਲਾਇਆ, ਇਕ ਰੱਬ ਦਾ ਸੰਦੇਸ਼ ਸੁਣਾਇਆ।
ਲੈ ਬਾਲਾ ਮਰਦਾਨਾ ਸਾਥੀ, ਦੋ ਧਰਮਾਂ ਦਾ ਮੇਲ ਕਰਾਇਆ।
ਕੱਛ ਕਿਤਾਬ, ਹੱਥ ਸੋਟਾ ਲੈ ਕੇ, ਬੀਆਬਾਨ ਨੂੰ ਭਾਗ ਲਗਾਇਆ।
ਧੁਨ ਰਬਾਬ ਦੀ ਮਸਤੀ ਦੇ ਵਿੱਚ ਸ਼ਬਦ-ਸੰਗੀਤ ਦਾ ਮੀਂਹ ਵਰਸਾਇਆ।
ਕਸ਼ਮੀਰ ਤੋਂ ਸ੍ਰੀ ਲੰਕਾ ਤੀਕਰ, ਜੋ ਮਿਲਿਆ ਸੋ ਚਰਨੀ ਆਇਆ।
ਰਾਜਸਥਾਨੋਂ ਥਾਈਲੈਂਡ ਤੱਕ, ਲੱਖਾਂ ਨੂੰ ਏ ਸਿੱਖ ਬਣਾਇਆ ।
ਤਿੱਬਤ, ਚੀਨ ਤੇ ਪੂਰਬ ਏਸ਼ੀਆ ਫਿਰ ਅਫਰੀਕਾ ਚਰਨ ਟਿਕਾਇਆ।
ਸ਼ਬਦ ਸੰਗੀਤ ਧੁਨਾਂ ਦਾ ਅੰਮ੍ਰਿਤ ਜਿਸਦੇ ਵੀ ਕੰਨਾਂ ਵਿੱਚ ਪਾਇਆ ।
ਸਦਾ ਲਈ ਉਸਦਾ ਹੋ ਕੇ ਰਹਿ ਗਿਆ, ਸੱਚ ਸੁੱਚ ਦਾ ਪਾਠ ਪੜ੍ਹਾਇਆ ।
ਲੰਗਰ ਵੀਹ ਦਾ ਕਦੇ ਨਾ ਰੁਕਦਾ, ਹਰ ਭੁੱਖੇ ਨੂੰ ਖੂਬ ਰਜਾਇਆ।
ਨਾਰੀ-ਮਰਦ ਬਰਾਬਰ ਸਾਰੇ, ਊਚ ਨੀਚ ਦਾ ਭੇਦ ਮਿਟਾਇਆ।
ਤੋੜੀ ਕੜੀ ਗੁਲਾਮੀ ਦੀ ਤੇ ਫਰਜ਼ ਮਾਨਵੀ ਕੀ? ਸਮਝਾਇਆ।
ਚੋਰਾਂ-ਠੱਗਾਂ ਨੂੰ ਰਾਹ ਪਾਇਆ, ਲੁੱਟ ਖੋਹ ਛੱਡ ਮਿਹਨਤ ਲੜ ਲਾਇਆ।
ਕਿਰਤ ਕਰੋ ਤੇ ਨਾਮ ਜਪੋ ਕਹਿ, ਵੰਡ ਛੱਕਣ ਦਾ ਪਾਠ ਪੜ੍ਹਾਇਆ।
ਵੀਹ ਰੁਪਈਏ ਦਾ ਲੈ ਸੀਧਾ ਸਾਧਾਂ ਸੰਤਾਂ ਦੇ ਮੂੰਹ ਪਾਇਆ।
ਕੀ ਕੀ ਉਸਦੀ ਦੇਣ ਸੁਣਾਵਾਂ, ਸਿੱਖ ਧਰਮ ਜਦ ਦਾ ਚਲਵਾਇਆ।
ਕਈ ਕ੍ਰੋੜਾਂ ਸਿੱਖ ਬਣ ਗਏ, ਸਾਰੇ ਜੱਗ ਵਿੱਚ ਨਾਮ ਕਮਾਇਆ।
ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਤੇਰਾ ਨਾਮ ਜਗਤ ਵਿੱਚ ਛਾਇਆ।