ਗੁਰੂ ਜੀ ਨੇ ਸਮਝਿਆ ਇਉਂ ਵਡਾ ਤਮਾਸਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸ਼ਸ਼ਤਰ ਵਸਤਰ ਸੰਗ ਸਜੇ ਗੁਰੂ ਗੋਬਿੰੰਦ ਪਿਆਰੇ ।
ਕਿਲੇ੍ਹ ਅਨੰਦਪੁਰ ਤੋਂ ਨਿਕਲ ਸਨ ਚੜ੍ਹੇ ਸ਼ਿਕਾਰੇ ।
ਗਗਨ ਦਮਾਮਾ ਵੱਜਿਆ, ਪਰਬਤ ਗੁੰਜਾਏ।
ਗੜ ਗੜ ਗੂੰਜਣ ਬਦਲੀਆਂ, ਅੰਬਰ ਥਰਰਾਏ।
ਹੋਇਆ ਚੁਸਤ ਅਨੰਦਪੁਰ, ਸਭ ਲੱਗੇ ਆਹਰੇ,
ਕਿਧਰੇ ਹੋਵਣ ਕੁਸ਼ਤੀਆਂ, ਕਿਤੇ ਤੀਰ ਕਟਾਰੇ,
ਘੁੜ ਦੌੜਾਂ ਨੂੰ ਮਾਣਦੇ ਉਠ ਉਠ ਕੰਮਕਾਜੀ,
ਦੇਖਣ ਕਿਹੜਾ ਮੋੜਦਾ ਅਜ ਕਿਸਦੀ ਭਾਜੀ।
ਗਰਜ ਸੁਣੀ ਜਦ ਭੀਮ ਚੰਦ, ਰਾਜੇ ਕਹਿਲੂਰੀ,
ਪੁੱਛੇ ਸੱਦ ਵਜ਼ੀਰ ਨੂੰ ਕਿਉਂ ਵੱਜੀ ਤੂਰੀ।
ਕਿਸ ਨੇ ਹੈ ਵੰਗਾਰਿਆ, ਸਿਰ ਕਿਸ ਨੇ ਚਾਇਆ,
ਕਿਸ ਨੇ ਅਪਣੀ ਮੌਤ ਨੂੰ, ਅੱਜ ਆਪ ਬੁਲਾਇਆ।
ਪਰਮਾਨੰਦ ਵਜ਼ੀਰ, ਗੱਲ ਸਾਰੀ ਸਮਝਾਏ
“ਦਾਦਾ ਤਾਰਾ ਚੰਦ, ਜਿਸ ਜੇਲੋਂ ਛੁਡਵਾਏ,
ਗੁਰ ਹਰਗੋਬਿੰਦ ਦੇ ਪੋਤਰੇ, ਹਨ ਅੱਜ ਪਧਾਰੇ,
ਧੁੰਮਾਂ ਜਿਨ੍ਹਾਂ ਦੀਆਂ ਪੈ ਗਈਆਂ, ਹੁਣ ਪਾਸੇ ਚਾਰੇ।
ਸੱਖਰ-ਭੱਖਰ, ਕਾਬਲੋਂ, ਆਸਾਮ, ਕੰਧਾਰੋਂ,
ਹੁੰਦੀ ਇਨ੍ਹਾਂ ਦੀ ਮਾਨਤਾ, ਹਰ ਆਰੋਂ ਪਾਰੋਂ।
ਰਾਜੇ ਆਪ ਆਸਾਮ ਦੇ, ਤੋਹਫੇ ਨੇ ਘੱਲੇ
ਜੋ ਵੀ ਵੇਖੇ ਕਹਿ ਉਠੇ ਵਾਹ, ਬੱਲੇ, ਬੱਲੇ।
ਰਹਿੰਦੇ ਵਿੱਚ ਅਨੰਦਪੁਰ, ਜੋ ਰਾਜ ਤੁਹਾਡਾ,
ਆਕੇ ਇਨ੍ਹਾਂ ਜਗਾਇਆ ਹੈ ਭਾਗ ਅਸਾਡਾ।
ਰਹੀਏ ਮਿਲਕੇ ਇਨ੍ਹਾਂ ਨਾਲ ਇਹ ਗੱਲ ਚੰਗੇਰੀ
ਮਿਲੀਏ ਜਾ ਕੇ ਇਨ੍ਹਾਂ ਨੂੰ ਇਹ ਇਛਾ ਮੇਰੀ”।
“ਗੱਲ ਤਾਂ ਲਗਦੀ ਠੀਕ ਹੈ, ਤੁਸੀਂ ਓਥੇ ਜਾਉ,
ਰਾਜਾ ਆਊ ਮਿਲਣ ਕੱਲ੍ਹ, ਉਸ ਨੂੰ ਕਹਿ ਆਉ”।
ਪਰਮਾਨੰਦ ਵਜ਼ੀਰ ਨੇ ਸੀ ਹੁਕਮ ਵਜਾਇਆ,
ਦੂਜੇ ਦਿਨ ਨੂੰ ਮਿਲਣ ਦਾ ਵਾਅਦਾ ਲੈ ਆਇਆ,
ਸਾਹਿਬ ਚੰਦ, ਕ੍ਰਿਪਾਲ ਚੰਦ ਅੱਗਿਓਂ ਨੇ ਆਏ,
ਭੀਮ ਚੰਦ ਨੂੰ ਗੁਰੂ ਦੇ ਦਰਬਾਰ ਲਿਆਏ।
ਆਦਰ ਨਾਲ ਸੀ ਭੀਮ ਚੰਦ ਗੁਰ ਪਾਸ ਬਿਠਾਇਆ,
ਦਸਤਰਖਾਨ ਸੀ ਮੇਵਿਆਂ ਦੇ ਨਾਲ ਸਜਾਇਆ।
ਰਾਜਾ ਦੇਖ ਦਰਬਾਰ ਨੂੰ ਸੀ ਹੱਕਾ ਬੱਕਾ।
ਮੂੰਹ ਵਿੱਚ ਮੇਵੇ ਪਾ ਰਿਹਾ ਪਰ ਜੱਕਾ ਤੱਕਾ।
ਉਪਰ ਵੇਖ ਤੰਬੋਲ ਸੀ ਜੋ ਹੀਰਿਆਂ ਜੜਿਆ,
ਵਿਛੇ ਗਲੀਚੇ ਸਾਏਬਾਨ ਸੰਗ ਫਰਸ਼ ਉਘੜਿਆ।
ਸ਼ਸ਼ਤਰਧਾਰੀ ਸੂਰਬੀਰ ਤੈਨਾਤ ਚੁਫੇਰੇ,
ਵਿਚਕਾਰੇ ਦਰਬਾਰੀਆਂ ਦੇ ਰੰਗ ਨਿਖੇਰੇ।
ਕਲਗੀ ਲਾਈ ਗੁਰੂ ਜੀ ਗਲ ਮੋਤੀ ਮਾਲਾ
ਹੱਥ ਜੜਾਊ ਮੁੱਠ ਦੀ ਤਲਵਾਰ ਸੀ ਆਹਲਾ
ਇਕ ਉਂਗਲ ਤੇ ਬਾਜ਼ ਸੀ ਚਮਕੀਲੀਆਂ ਅੱਖਾਂ
ਸੀਸ ਝੁਕੇ ਹਰ ਸ਼ਖਸ਼ ਦੇ ਮੰਗਣ ਗੁਰ-ਰੱਖਾਂ
ਨੂਰ ਸੀ ਚਿਹਰਿਓਂ ਝਲਕਦਾ, ਰਾਜਾ ਘਬਰਾਇਆ,
ਕਿਥੋਂ ਪਰਬਤ ਨੂਰ ਦਾ ਇਸ ਰਾਜ ‘ਚ ਆਇਆ।
ਪੰਜ ਰੁਪਈਏ ਦੇਗ ਤੇ ਦਸ ਗੁਰ ਭੇਟਾ ਕੀਤੇ,
ਅੱਗੇ ਹੋ ਕੇ ਗੁਰੂ ਦੇ ਸੀ ਚਰਨ ਛੂਹ ਲੀਤੇ।
ਕੀਰਤਨੀਏਂ ਧੁਨ ਛੇੜਕੇ ਵਜਦਾਂ ਵਿਚ ਆਏ,
ਵਿਸਮਾਦੀ ਰੰਗ ਫਿਰ ਗਿਆ, ਦਿਲ ਠੰਢਕ ਪਾਏ।
ਪੰਚਕਲਾ ਦੇ ਸ਼ਸ਼ਤਰਾਂ ਦੇ ਨਾਲ ਕਮਾਲਾਂ,
ਘੋੜਿਆਂ ਫੇਰ ਦਿਖਾਈਆਂ ਵੱਖ ਵੱਖ ਸੀ ਚਾਲਾਂ,
ਏਨੇ ਨੂੰ ਨੇ ਲੈ ਆਏ ਪਰਸਾਦੀ ਹਾਥੀ,
ਸੋਨੇ ਚਾਂਦੀ ਲਿਸ਼ਕਦਾ, ਸੰਗ ਸਜਿਆ ਸਾਥੀ।
ਪਰਿਕਰਮਾ ਕਰ ਓਸਨੇ ਸੀ ਸੀਸ ਝੁਕਾਇਆ,
ਚਰਨੀਂ ਆ ਕੇ ਗੁਰੂ ਦੇ ਸੀ ਸੀਸ ਛੁਹਾਇਆ।
ਫਿਰ ਫੜ ਸੁੰਡ ਚ ਚੌਰ ਗੁਰੂ ਦੇ ਸੀਸ ਝੁਲਾਇਆ
ਇਹ ਤਕ ਰਾਜਾ ਬਹੁਤ ਹੀ ਹੈਰਤ ਵਿੱਚ ਆਇਆ।
ਇਹ ਹੈ ਮੇਰੇ ਰਾਜ ਵਿੱਚ ਅਧਿਕਾਰ ਹੈ ਮੇਰਾ,
ਮੈਨੂੰ ਜੇ ਭੇਟਾ ਕਰੇ ਵਧੂ ਮਾਣ ਘਣੇਰਾ।
ਦਿਲ ਵਿਚ ਏਹੋ ਧਾਰਕੇ ਉਸ ਲਈ ਵਿਦਾਈ
ਘਰ ਵਿਚ ਜਾ ਕੇ ਨੀਂਦ ਨਾ ਪਲ ਉਸ ਨੂੰ ਆਈ।
ਦਿਨ ਚੜ੍ਹਦੇ ਨੂੰ ਓਸਨੇ ਪਰਮਨੰਦ ਸੱਦਿਆ।
ਤੋਹਫੇ ਦੇ ਕੇ ਢੇਰ ਗੁਰੂ ਵਲ ਉਸ ਨੂੰ ਘੱਲਿਆ।
ਜਿਉਂ ਕਿਹਾ ਸੀ, ਗੁਰੂ ਨੂੰ ਉਸ ਅਰਜ਼ ਗੁਜ਼ਾਰੀ,
“ਸਾਡੇ ਟਿੱਕਾ ਅਜਮੇਰ ਦੀ ਕੁੜਮਾਈ ਦੀ ਵਾਰੀ।
ਸ੍ਰੀਨਗਰ ਦੇ ਫਤੇ ਸ਼ਾਹ ਵਲੋਂ ਰਿਸ਼ਤਾ ਆਇਆ,
ਰਾਜੇ ਕਈ ਜੰਝ ਚੜ੍ਹਣਗੇ ਆਪ ਜੀ ਨੂੰ ਸਦਵਾਇਆ।
ਇਸ ਵੇਲੇ ਹੀ ਸੋਹੇਗਾ ਪਰਸਾਦੀ ਹਾਥੀ।
ਨਾਲੇ ਇਸ ਤੰਬੋਲ ਨੂੰ ਲੈ ਆਵਣ ਸਿੱਖ ਸਾਥੀ।
ਜਾਣੀ ਜਾਣ ਨੇ ਜਾਣ ਲਈ ਇਹ ਚਾਲ ਨਿਰਾਲੀ,
ਕਹਿੰਦੇ ‘ਵਸਤ ਜੋ ਆਪਣੀ ਦੇਂਦੇ ਹੋ ਕਾਹਲੀ’ ।
ਪਰ ਅਰਦਾਸ ਜੋ ਸਿੱਖ ਦੀ ਗੁਰ ਨੂੰ ਕਰਵਾਈ।
ਉਸ ਤੇ ਹੱਕ ਹੈ ਸੰਗਤੀ ਮੇਰਾ ਨਾ ਭਾਈ”।
ਜੋ ਮੈਥੋਂ ਏ ਮੰਗਿਆ ਉਹ ਦੇ ਨਈ ਹੋਣਾ।
ਲੈ ਜਾਉ ਹਾਥੀ ਮਕਨ ਨਾਮ ਓਹ ਵੀ ਏ ਸੋਹਣਾ”।
ਪਰਮਾਨੰਦ ਫਿਰ ਮੁੜ ਗਿਆ ਦਿਲ ਭਰੀ ਨਿਰਾਸ਼ਾ,
ਗੁਰੂ ਜੀਆਂ ਨੇ ਸਮਝ ਲਿਆ ਇੰਜ ਚਾਲ ਤਮਾਸ਼ਾ।