• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Poems

Dalvinder Singh Grewal

Writer
Historian
SPNer
Jan 3, 2010
1,254
422
79
ਮੇਰੇ ਮਾਲਿਕ, ਮੇਰੇ ਸਾਈਆਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੇਰੇ ਮਾਲਿਕ, ਮੇਰੇ ਸਾਈਆਂ।
ਬਾਹਾਂ ਤੇਰੇ ਵੱਲ ਫੈਲਾਈਆਂ।
ਅਪਣੀ ਗੋਦ ਬਿਠਾ ਲੈ ਦਾਤਾ,
ਭੁੱਲੇ ਨੂੰ ਗਲ ਲਾ ਲੈ ਦਾਤਾ।
ਤੈਨੂੰੰ ਲੱਭਦਾ, ਲੱਭਦਾ ਥੱਕਿਆ,
ਭੇਦ ਅਜੇ ਤਕ ਪਾ ਨਾ ਸਕਿਆ।
ਕਹਿੰਦੇ, ਚਾਰੇ ਪਾਸੇ ਵਸਦਾ।
ਹਰ ਇੱਕ ਫੱਲ ਦੇ ਅੰਦਰ ਰਸਦਾ।
ਹਰ ਫੁੱਲ ਦੇ ਵਿੱਚ ਖਿੜਦਾ ਤੂੰ ਹੀ
ਹਰ ਪੰਛੀ ਵਿੱਚ ਉਡਦਾ ਤੂੰ ਹੀ।
ਹਰ ਪ੍ਰਾਣੀ ਵਿੱਚ ਪ੍ਰਾਣ ਵੀ ਤੂੰ ਹੀ,
ਹਰ ਪੱਤੇ ਦੀ ਜਾਨ ਵੀ ਤੂੰ ਹੀ।
ਅੰਬਰ, ਸੂਰਜ, ਚੰਦ, ਸਿਤਾਰੇ,
ਸਭ ਵਿੱਚ ਤੇਰੇ ਦਿਸਣ ਨਜ਼ਾਰੇ।
ਪਰਬਤ, ਸਾਗਰ, ਨਦੀਆਂ, ਨਾਲੇ,
ਸਾਰੇ ਤੇਰੀ ਨਜ਼ਰੋਂ ਢਾਲੇ।
ਹਰ ਹਰਕਤ ਵਿੱਚ ਤੇਰੀ ਹਰਕਤ।
ਹਰ ਕੋਈ ਮੰਗੇ ਤੈਥੋਂ ਬਰਕਤ।
ਹਰ ਡਿਗਦਾ ਨਾਂ ਲੈਂਦਾ ਤੇਰਾ।
ਹਰ ਉਠਦਾ ਨਾਂ ਲੈਂਦਾ ਤੇਰਾ।
ਜੋ ਵੀ ਕਰਦੈਂ, ਤੂਮ ਹੀ ਕਰਦੈਂ,
ਚੰਗਾ ਕਰਦੈਂ, ਜੋ ਵੀ ਕਰਦੈਂ।
ਤੇਰੇ ਬਿਨ ਨਾ ਪੱਤਾ ਹਿਲਦਾ,
ਭੇਤ ਜਾਣਦੈਂ ਹਰ ਇੱਕ ਦਿਲ ਦਾ।
ਤੂੰ ਹੀ ਏਂ ਘਟ ਘਟ ਦਾ ਵਾਸੀ।
ਜੀਣ ਮਰਨ ਤੋਂ ਦੂਰ ਉਦਾਸੀ।
ਦੁੱਖ ਵੀ ਦੇਵੇਂ, ਸੁੱਖ ਵੀ ਦੇਵੇਂ।
ਨਵ-ਜੰਮਣ ਲਈ ਕੁੱਖ ਵੀ ਦੇਵੇਂ।
ਸੱਭ ਨੂੰ ਦੇਵੇਂ ਖਾਣਾ ਦਾਣਾ।
ਸੱਭ ਦਾ ਕੀਤਾ ਆਣਾ ਜਾਣਾ।
ਫਿਰ ਤੇਰੇ ਬਿਨ ਗੀਤ ਕੀ ਗਾਵਾਂ।
ਨਾਮ ਲਵਾਂ ਤੇ ਗੀਤ ਬਣਾਵਾਂ।

ਕ੍ਰਿਪਾ ਕਰ ਕ੍ਰਿਪਾਲੂ ਰੱਬਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕ੍ਰਿਪਾ ਕਰ ਕ੍ਰਿਪਾਲੂ ਰੱਬਾ।
ਤੂੰ ਏਂ ਬੜਾ ਦਿਆਲੂ ਰੱਬਾ।
ਕੀ, ਕਿੱਥੇ, ਤੇ ਕੀਕੂੰ ਵਸਦਾ।
ਭੇਤ ਕਿਉਂ ਨਾ ਅਪਣਾ ਦਸਦਾ।
ਮੈਨੂੰ ਤੇਰੀ ਸਮਝ ਨਾ ਆਈ।
ਕਿਉਂ ਦੁਨੀਆਂ ਭਾਜੜ ਵਿੱਚ ਪਾਈ।
ਚੈਨ ਕਿਸੇ ਵੀ ਚਿੱਤ ‘ਚ ਹੈ ਨਾ।
ਕੋਈ ਨਾ ਸਮਝੇ ਜੀਣ ਦਾ ਮਾਇਨਾ।
ਇੱਕ ਨੁਕਤਾ ਮੈਨੂੰ ਸਮਝਾ ਦੇ।
ਇਸ ਨਾਚੀਜ਼ ਦਾ ਗਿਆਨ ਵਧਾਦੇ।
ਕੀ ਮੈਂ ਅਣੂ ਜਾਂ ਕਿਣਕਾ ਕੋਈ।
ਹਰ ਪਲ ਬਦਲਣ, ਆਦਤ ਹੋਈ।
ਪਲ ਏੇਥੇ ਨਾ ਰੁਕਦਾ ਕੋਈ।
ਜੋ ਆਇਆ ਹੈ, ਭਜਦਾ ਸੋਈ।
ਏਥੇ ਇੱਕ ਨਾ ਦੂਜੇ ਵਰਗਾ।
ਜੀਵ ਹਰਿਕ ਦੂਜੇ ਤੋਂ ਵਖਰਾ।
ਤੂੰ ਏਂ ਕਿਤਨਾ ਅਜਬ ਚਿਤੇਰਾ।
ਰੰਗ ਬਿਰੰਗਾ ਜੱਗ ਇਹ ਤੇਰਾ।
ਹਰ ਇੱਕ ਦੀ ਏ ਬੋਲੀ ਵੱਖਰੀ।
ਕਿਸੇ ਦੀ ਮਿੱਠੀ ਕਿਸੇ ਦੀ ਅਖਰੀ।
ਏਨਾ ਕੁਝ ਕੀਕੂੰ ਕਰ ਲੈਨੈਂ।
ਕੀ ਤੂੰ ਪਲ ਨਾ ਵਿਹਲਾ ਬਹਿਨੈਂ?

ਰੱਬ ਦੀ ਮਾਇਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬਾ ਇਹ ਕੀ ਤੇਰੀ ਮਾਇਆ?
ਹਰ ਇੱਕ ਨੂੰ ਚੱਕਰ ਵਿੱਚ ਪਾਇਆ।
ਹਰ ਇਕ ਦੇ ਦਿਲ ਦੇ ਵਿੱਚ ਡਰ ਹੈ।
ਰੁਕ ਨਾ ਸਕਦਾ ਕੀ ਚੱਕਰ ਹੈ?
ਰੁੱਤ ਵੀ ਬਦਲੇ, ਪੌਣ ਵੀ ਬਦਲੇ,
ਸੂਰਜ, ਚੰਦ, ਧਰਤੀ ਨਾ ਠੱਲੇ।
ਜਿਤਨੀ ਵੀ ਬ੍ਰਹਿਮੰਡੀ ਰਚਨਾ।
ਕਿਸੇ ਦੇ ਭਾਗ ਨਾ ਲਿਖਿਆ ਟਿਕਣਾ।
ਹਰ ਕੋਈ ਏਥੈ ਬਦਲਣਹਾਰਾ।
ਫਿਰ ਵੀ ਤੈਨੂੰ ਹਰ ਕੋਈ ਪਿਆਰਾ।
ਤੇਰੀ ਲੋਅ ਹਰ ਅੰਦਰ ਜਗਦੀ।
ਚਲਦਾ ਜਗ ਜਦ ਆਪ ਇਹ ਬਲਦੀ।
ਥੱਕ ਗਿਆ ਮੈਂ ਲਿਖਦਾ ਲਿਖਦਾ।
ਪਰ ਤੇਰਾ ਕੋਈ ਅੰਤ ਨਾ ਦਿਖਦਾ।
ਤੇਰਾ ਭੇਤ ਕਿਤੋਂ ਨਾ ਮਿਲਦਾ।
ਨਾਂ ਹੀ ਭੇਤ ਮਿਲੇ ਇਸ ਦਿਲ ਦਾ।
ਏਨੇ ਗੁਣ ਨੇ ਤੇਰੇ ਦਾਤਾ।
ਨਾ ਮਿਲਿਆ ਜਿਸ ਤੈਨੂੰ ਜਾਤਾ।
ਮੇਰੀ ਵੀ ਕੁਝ ਸਮਝ ਬਣਾਈਂ।
ਤੁਧ-ਪੁੱਜੇ ਲੜ ਲਾ ਦੇ ਸਾਂਈਂ।
ਏਹੋ ਏ ਅਰਜ਼ੋਈ ਮੇਰੀ।
ਯਾਦ ਰਹੇ ਮੇਰੇ ਦਿਲ ਤੇਰੀ।
ਸੱਚ ਜੀਣ ਦੀ ਸ਼ਕਤੀ ਦੇਣਾ।
ਨਾਮ ਜਪਣ ਲਈ ਭਗਤੀ ਦੇਣਾ।
ਸਭ ਦਾ ਭਲਾ ਕਰਨ ਦੀ ਹਿੰਮਤ,
ਸੁੱਚੀ ਕਿਰਤ ਕਰਨ ਦੀ ਮਿਹਨਤ।
ਵੰਡ ਛਕਣ ਦਾ ਦੇ ਦੇ ਮਾਰਗ।
ਕਾਮ, ਕ੍ਰੋਧ, ਮੋਹ, ਲੋਭ ਤੋਂ ਫਾਰਗ।
ਤੂੰ ਹੀ ਤੂੰ ਸਭ ਵਿੱਚ ਦਿਸ ਆਵੇਂ।
ਰਹਾਂ ਹੁਕਮ ਵਿੱਚ ਜਿਉਂ ਤੂੰ ਚਾਹਵੇਂ।



ਵਿਰਸਾ ਮੇਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੱਚ ਅਪਣਾਉਣਾ, ਵਿਰਸਾ ਮੇਰਾ।
ਝੂਠ ਮੁਕਾਉਣਾ ਵਿਰਸਾ ਮੇਰਾ।
ਸੁੱਚੀ ਕਿਰਤ ਕਰਾਂ, ਵੰਡ ਛਕਦਾ,
ਨਾਮ ਕਮਾਉਣਾ, ਵਿਰਸਾ ਮੇਰਾ।
ਗੁਰੂਆਂ ਦੀ ਸਿਖਿਆ ਫੈਲਾਉਣਾ,
ਪਿਆਰ ਵਧਾਉਣਾ, ਵਿਰਸਾ ਮੇਰਾ।
ਸਭ ਨੂੰ ਇੱਕ ਬਰਾਬਰ ਸਮਝਾਂ,
ਫਰਕ ਹਟਾਉਣਾ, ਵਿਰਸਾ ਮੇਰਾ।
ਨਾ ਵੈਰੀ, ਬੇਗਾਨਾ ਕੋਈ,
ਮਰਹਮ ਲਾਉਣਾ,ਵਿਰਸਾ ਮੇਰਾ।
ਭਲਾ ਲੋਚਣਾ ਸਾਰੇ ਜਗ ਦਾ,
ਦਰਦ ਵੰਡਾਉਣਾ, ਵਿਰਸਾ ਮੇਰਾ।
ਮਜ਼ਲੂਮਾਂ ਦੀ ਰੱਖਿਆ ਕਰਨਾ,
ਜ਼ੁਲਮ ਮਿਟਾਉਣਾ, ਵਿਰਸਾ ਮੇਰਾ।
ਵਚਨ ਪੁਗਾਉਣਾ, ਵਿਰਸਾ ਮੇਰਾ,
ਸਿਰ ਤਕ ਲਾਉਣਾ, ਵਿਰਸਾ ਮੇਰਾ।
ਜੋ ਅੜਦਾ ਸੋ ਝੜਦਾ ਆਖਿਰ,
ਆਢਾ ਲਾਉਣਾ ਵਿਰਸਾ ਮੇਰਾ।
ਸਭ ਪਰਿਵਾਰ ਸ਼ਹੀਦ ਕਰਾਕੇ,
ਧਰਮ ਬਚਾਉਣਾ, ਵਿਰਸਾ ਮੇਰਾ।

ਰੋਸ਼ਨ ਗਿਆਨ ਦਾ ਡੇਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚਾਰੇ ਪਾਸੇ ਨ੍ਹੇਰਾ ਹੈ।
ਰੋਸ਼ਨ ਗਿਆਨ ਦਾ ਡੇਰਾ ਹੈ।
ਬੰਦ ਅੱਖੀਆਂ ਵਿੱਚ ਰਾਤ ਵਸੇ,
ਖੋਲ੍ਹੋ, ਦਿਸੇ ਸਵੇਰਾ ਹੈ।
ਉਂਜ ਤਾਂ ਭਟਕਣ, ਅਟਕਣ ਹੈ,
ਮਨ-ਬੁੱਧ ਰਾਹ ਦਿਸੇਰਾ ਹੈ।
ਚਲੋਗੇ, ਪੁੱਜ ਜਾਉਗੇ,
ਰੁਕਿਆਂ, ਸਫਰ ਬਥੇਰਾ ਹੈ।
ਮਾਇਆ ਰੱਬ ਦੀ ਕੁਦਰਤ ਹੈ,
ਨਾ ਕੁਝ ਮੇਰਾ ਤੇਰਾ ਹੈ।
ਹਰ ਇਕ ਰਚਿਆ ਰੂਪ ਅਲੱਗ,
ਰੱਬ ਤਾਂ ਗਜ਼ਬਚਿਤੇਰਾ ਹੈ।
ਜੋ ਸਮਝੇ, ਪਾ ਲੈਂਦਾ ਹੈ।,
ਅਣਬੁੱਝ ਲਈ ਜੱਗ ਫੇਰਾ ਹੈ।
 

swarn bains

Poet
SPNer
Apr 8, 2012
818
188
ਗੱਡੀ ਦਾ ਪਹੀਆ

ਤੇਰਾ ਬੁੱਤ ਗੱਡੀ ਦਾ ਪਹੀਆ, ਇਸ ਚੱਲ ਚੱਲ ਘਸ ਜਾਣਾ
ਫਟ ਫਟ ਤੇਰਾ ਸਾਹ ਫੜਕਦਾ, ਫਟ ਅੰਤ ਸਾਹ ਰੁਕ ਜਾਣਾ

ਜਿਸ ਕਾਰਨ ਤੂੰ ਜੱਗ ਆਇਆ, ਕਰਮ ਧਰਮ ਕਰ ਵਾਧਾ
ਮਨ ਸਮਝਾ ਨਾ ਦਿਮਾਗ ਘਸਾ, ਕਰ ਕਾਦਰ ਸੰਗ ਮਲ੍ਹਾਜਾ
ਜਦੋਂ ਇਹ ਬੁੱਤ ਹੋਇਆ ਪੁਰਾਣਾ, ਇਹਨੂੰ ਜੰਗ ਲੱਗ ਜਾਣਾ

ਗੱਡੀ ਘਸ ਕੇ ਖੜੀ ਹੋ ਜਾਏ, ਫਿਰ ਚੁੱਕ ਲੈ ਜਾਣ ਕੁਆੜੀ
ਤੇਰੀ ਗੱਡੀ ਨੇ ਵੀ ਥੱਕ ਜਾਣਾ, ਤੇਰੀ ਮੱਤ ਜਾਣੀ ਏ ਮਾਰੀ
ਪਲਕੋਂ ਨੀਰ ਵਗੈ ਝਾਟਾ ਚਿੱਟਾ, ਹੋ ਗਿਆ ਬੈਂਸ ਸਿਆਣਾ

ਜਿਉਂ ਜਿਉਂ ਤੇਰੀ ਉਮਰ ਵਧਦੀ, ਗੱਡੀ ਤੇਰੀ ਨਿੱਤ ਘਸਦੀ
ਮਨ ਤੇਰਾ ਗੱਡੀ ਤੇ ਚੜ੍ਹਿਆ, ਗੱਡੀ ਤੈਨੂੰ ਕੁਝ ਨਹੀਂ ਦੱਸਦੀ
ਤੇਲ ਮੁੱਕ ਗਿਆ ਗੋਡੇ ਘਸ ਗਏ, ਮੁੜ ਚੱਲਿਆ ਨੀ ਜਾਣਾ

ਬੈਂਸ ਇਸ ਮਨ ਕੂ ਸਮਝਾ, ਵੇਲਾ ਜਾਣ ਦਾ ਆਇਆ
ਤੇਰਾ ਅਪਣਾ ਕੁਝ ਨਹੀਂ, ਤੂੰ ਕਰਤੇ ਦਾ ਸਰਮਾਇਆ
ਏਥੇ ਤੇਰਾ ਸਮਾਂ ਮੁੱਕ ਗਿਆ, ਮੁੜ ਅਪਣੇ ਘਰ ਜਾਣਾ

ਜੰਮ੍ਆਂ ਜੱਗ ਖੁਸ਼ੀ ਮਨਾਵੇ, ਉਮਰ ਘਟਣ ਲੱਗ ਜਾਵੇ
ਹਰ ਸਾਹ ਸੰਗ ਹਿਰਦਾ ਘਸਦਾ, ਤੈਨੂੰ ਸਮਝ ਨ ਆਵੇ
ਨੀਰ ਵਾ ਸਰੀਰ ਚਲਾਵੇ, ਨਾ ਸਾਹ ਆਵੇ ਤੂੰ ਮਰ ਜਾਣਾ

ਬੰਦਿਆ ਮਨ ਚ ਸੋਚ ਵਿਚਾਰ, ਕੀ ਇਹ ਸਾਰਾ ਘਪਲਾ
ਜਿਹਨੇ ਤੈਨੂੰ ਜੱਗ ਚ ਘੱਲਿਆ, ਉਹਦਾ ਘਰ ਏ ਅਗਲਾ
ਮਨ ਸਮਝਾ ਨਾਮ ਧਿਆ, ਜੇ ਮੁੜ ਜੱਗ ਨਹੀਂ ਆਉਣਾ
 

Dalvinder Singh Grewal

Writer
Historian
SPNer
Jan 3, 2010
1,254
422
79
ਰੱਬ ਨੂੰ ਸਦਾ ਧਿਆਈਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਉਸ ਵਿਚ ਤਾੜੀ ਲਾਈਂ, ਟਿਕਿਆ ਚਿੱਤ ਰਹੂ।
ਨਾਮ ਦਾ ਅੰਮ੍ਰਿਤ ਚਿੱਤ ਨੂੰ ਲਾਈਂ,
ਮਾਇਆ ਮੋਹ ਨਾ ਮਨ ਭਟਕਾਈਂ,
ਸੱਚ ਦਾ ਸੰਗ ਬਣਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਕੋਠੀ, ਬੰਗਲਾ, ਉੱਚੀ ਪਦਵੀ,
ਮਨ ਭਟਕੇਗਾ ਸੋਚੇਂ ਜਦ ਵੀ,
ਮਾਇਆ ਮੋਹ ਨਾ ਪਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਕਾਮ, ਕ੍ਰੋਧ, ਤੇ ਲੋਭ ਹੰਕਾਰਾ,
ਇਸ ਵਿੱਚ ਫਸਿਆ ਕੁੱਲ ਸੰਸਾਰਾ,
ਅਪਣਾ ਆਪ ਬਚਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਬੰਦ ਕਰ ਘਾਟ ਦਾ ਰੋਣਾ ਧੋਣਾ
ਉਸ ਦੇ ਹੁਕਮ ਵਿਚ ਸਭ ਕੁਝ ਹੋਣਾ,
ਉਹ ਨਾ ਕਦੇ ਭੁਲਾਈਂ, ਟਿਕਿਆਂ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਤੇਰੇ ਕੀਤੇ, ਕੁਝ ਨਾ ਬਣਨਾ,
ਜੋ ਕਰਨਾ ਸੋ ਉਸ ਨੇ ਕਰਨਾ,
ਉਸ ਦਾ ਹੁਕਮ ਬਜਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਦੁਨੀਆਂ ਤੇ ਜਿਸ ਲਈ ਸੀ ਆਇਆ,
ਉਸ ਦੇ ਸੰਗ ਤੂੰ ਚਿੱਤ ਨਾ ਲਾਇਆ,
ਉਸ ਸੰਗ ਹੁਣ ਜੁੜ ਜਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਉਹ ਮਿਲਿਆ ਤਾਂ ਸਭ ਕੁਝ ਮਿਲ ਜਾਊ,
ਉਸ ਜੁੜਿਆਂ ਦਿਲ ਫੁੱਲ ਜਿਉਂ ਖਿੜ ਜਾਊ,
ਜਲ ਤੇ ਕਮਲ ਬਣਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।






ਹੋਰ ਕਿਨਾ ਰੱਖਣਾ ਏਂ ਦੂਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਤੇਰੀ ਪੇਸ਼ੀ ਕਦੋਂ ਏ ਹਜ਼ੂਰ, ਯਾਰਾ ਦੱਸ।
ਪਾਸੇ ਪਾਸੇ ਰੱਖ ਕੇ ਤੂੰ, ਏਨਾ ਤੜਪਾਵੇਂ ਕਿਉਂ?
ਚਾਹੁੰਦੇ ਜਿਹੜੇ ਦਿਲੋਂ, ਗਲ ਆਪਣੇ ਨਾ ਲਾਵੇਂ ਕਿਉਂ?
ਏਨਾ ਸਾਥੋਂ ਹੋਇਆ ਕੀ ਕਸੂਰ, ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਤੇਰੇ ਬਿਨ ਲਗਦਾ ਏ ਦਿਲ ਬੜਾ ਸੱਖਣਾ,
ਆਪਣੇ ਜੋ ਤੇਰੇ, ਇੰਜ ਦੂਰ ਕਿਉਂ ਏ ਰੱਖਣਾ,
ਆਊ ਕਦ ਮੇਲ ਦਾ ਸਰੂਰ, ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਦੂਰੀਆਂ ਇਹ ਹੋਰ ਹੁਣ ਸਹੀਆਂ ਨਹੀਓਂ ਜਾਂਦੀਆਂ,
ਕਦ ਤੇਰੇ ਸੰਗ ਦੀਆਂ ਘੜੀਆਂ ਨੇ ਆਂਦੀਆਂ,
ਕਿਕਰਾਂ ਨੂੰ ਵੀ ਪੈ ਗਏ ਹੁਣ ਬੂਰ, ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਆ ਜਾ ਗਲ ਲਾ ਲੈ, ਤੇ ਮਿਟਾ ਦੇ ਸਭ ਦੂਰੀਆਂ,
ਤੈਨੂੰ ਕੀ ਝਿਜਕ, ਤੈਨੂੰ ਕੀ ਨੇ ਮਜ਼ਬੂਰੀਆਂ,
ਮਿਲਣੇ ਦੀ ਲੋਚ ਮਜ਼ਬੂਰ. ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਤੇਰੀ ਪੇਸ਼ੀ ਕਦੋਂ ਏ ਹਜ਼ੂਰ, ਯਾਰਾ ਦੱਸ।
 

swarn bains

Poet
SPNer
Apr 8, 2012
818
188
Grewal sahib, i have been living in Canada about 50 years. so if you have chance visit Canada; we will wecome you to stay with us. thank u
 

Dalvinder Singh Grewal

Writer
Historian
SPNer
Jan 3, 2010
1,254
422
79
ਸੁਹਣੇ ਸੱਜਣਾਂ ਜੇ ਮਿਲ ਜਾਵੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਹਰ ਇੱਕ ਵਿੱਚ ਦਿਸ ਆਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਤੇਰੇ ਬਿਨ ਜੀਣਾ ਵੀ ਕੀ ਜੀਣਾ ਮੇਰੇ ਦਾਤਿਆ,
ਆਪਣੀ ਕਿਉਂ ਸੋਚਾਂ? ਮੈਂ ਕਮੀਣਾ ਮੇਰੇ ਦਾਤਿਆ।
ਸੋਚੇਂ ਸਾਰਿਆਂ ਦੀ ਜਦ ਸਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਕਰਦਾ ਕਰਾਉਂਦਾ ਸਭ ਤੂੰ ਹੀ ਆਪੇ ਦਾਤਿਆ।
ਸਾਰਾ ਜੱਗ ਖੇਡ ਅਚਰਜ ਤੇਰੀ ਮੇਰੇ ਦਾਤਿਆ।
ਸਾਰੀ ਦੁਨੀਆਂ ਨੂੰ ਨਾਚ ਲਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਕਦੇ ਮੇਰੇ ਮਨ ਚੋਂ ਖਿਆਲ ਤੇਰਾ ਜਾਂਦਾ ਨਾ,
ਝਲਿਆ ਜਲਾਲ ਤੇਰਾ ਮੇਰੇ ਕੋਲੋਂ ਜਾਂਦਾ ਨਾ।
ਤੇਰਾ ਅਕਸ ਹਰ ਧੁੱਪ, ਹਰ ਛਾਂ, ਦੁਨੀਆਂ ਤੋਂ ਕੀ ਖਟਣਾ।
ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਇੱਕ ਗੱਲ ਆਖਾਂ, ਐਵੈ ਬੁਰਾ ਨਾ ਮਨਾਈ ਤੂੰ,
ਰੱਖਦਾ ਏਂ ਦੁਨੀਆਂ ਨੂੰ ਕਿਸ ਲਈ ਭਜਾਈ ਤੂੰ,
ਗਲ ਲਾ ਲੈ ਸਾਰੇ ਜੇ ਇਹ ਚਾਹਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।











ਜਦ ਨਾਮ-ਖੁਮਾਰੀ ਚੜ੍ਹਦੀ ਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਸਭ ਦੁਨੀਆਂਦਾਰੀ ਭੁੱਲ ਜਾਂਦੀ, ਚਿੱਤ ਨਾਮ ਲੈਣ ਵਿੱਚ ਖੋ ਜਾਂਦੈ।
ਸਭ ਆਨੰਦ ਆਨੰਦ ਹੋ ਜਾਏ, ਕੋਈ ਚਿੰਤਾ-ਫਿਕਰ ਨਾ ਰਹਿੰਦਾ ਏ,
ਬੁਲ੍ਹ ਚੁੱਪ-ਗੜੁੱਪ ਹੋ ਜਾਂਦੇ ਨੇ, ਮਨ ‘ਵਾਹਿਗੁਰੂ’ . ‘ਵਾਹਿਗੁਰੂ’ ਕਹਿੰਦਾ ਏ।
ਸਭ ਪਾਸੇ ਤੂੰ ਹੀ ਤੂੰ ਦਿਸਦਾ, ਸਭ ਜੱਗ ਵਿੱਚ ਤੇਰਾ ਲੋਅ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਤੇਰੀ ਕੁਦਰਤ ਪਿਾਰ ਵਿਖਾਂਦੀ ਏ, ਹਰ ਜੀਅ ਵਿੱਚ ਦਿਸਦਾ ਤੂੰ ਦਾਤਾ,
ਸਭ ਤੇਰੀ-ਮੇਰੀ ਭੁੱਲ ਗਈੇ , ਜਦ ਦੇਖਾਂ ਤੁੱਧ ਨੂੰ ਦਾਤਾ।
ਹਰ ਫੁੱਲ ਖੁਸ਼ਬੋਆਂ ਵੰਡਦਾ ਏ, ਰਸ ਹਰ ਫਲ ਚੋਂ ਚੋਅ ਚੋਅ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਵਾਹ! ਤੇਰੀ ਦੁਨੀਆਂ ਕੀ ਸੁਹਣੀ, ਦਿਲ ਦੇਖ ਦੇਖ ਕੇ ਖਿੜਦਾ ਏ,
ਜਗ ਸਾਰਾ ਅੰਦਰ ਆ ਵਸਦਾ, ਕੋਈ ਰਾਗ ਅਨਾਹਤ ਛਿੜਦਾ ਏ।
ਜਦ ਗੀਤ ਇਲਾਹੀ ਸੁਣਦਾ ਹੈ, ਸਭ ਅਲਮ-ਗਲਮ ਧੋ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਇਕ ਨੀਰ ਵਰਸਦਾ ਨੈਣਾਂ ‘ਚੋਂ ਅੰਦਰ ਤੋਂ ਅੰਮ੍ਰਿਤ ਵਰ੍ਹਦਾ ਏ,
ਜੀ ਕਰਦਾ ਇਵੇਂ ਰਹਾਂ ਹੁਣ ਤਾਂ, ਚਿੱਤ ਜੁੜੇ ਰਹਿਣ ਨੂੰ ਕਰਦਾ ਏ।
ਹਰ ਇੰਦ੍ਰੀ ਚੁੱਪ, ਹਰ ਨਾੜੀ ਚੁੱਪ, ਮਨ ਅਚਨਚੇਤੀ ਸੋ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਰੱਬਾ ਰੱਖ ਆਪਣੇ ਰੰਗਾਂ ਵਿੱਚ, ਨਾ ਮਾਇਆ-ਮੋਹ ਵਿੱਚ ਪਾਈ ਤੂੰ,
ਮੈਂ ਖੁਸ਼ ਹਾਂ ਤੇਰੇ ਹੁਕਮ ‘ਚ ਹੀ, ਜੀ ਚਾਹੇ ਜਿਵੇਂ ਚਲਾਈਂ ਤੂੰ
ਤੇਰੇ ਨਾਮ ਦਾ ਅਸਰ ਅਨੂਠਾ ਹੈ, ਦਿਲ ਤੇਰੇ ਸੂਤ ਪਰੋ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
 

swarn bains

Poet
SPNer
Apr 8, 2012
818
188
ਤਾਲਾ ਕੁੰਜੀ

ਹਰਿ ਪ੍ਰਭ ਛੁਪਿਆ ਤੇਰੇ ਜੀ ਅੰਦਰ, ਬੈਠਾ ਤਾਲਾ ਮਾਰ
ਕੁੰਜੀ ਸੱਚੇ ਸਤਿਗੁਰ ਸੌਂਪੀ, ਖੁਲ੍ਹੈ ਗੁਰ ਸਬਦ ਵਿਚਾਰ
ਹਰਿ ਪ੍ਰਭ ਵਸੈ ਗੁਣ ਅੰਦਰ, ਹਰਿ ਸੰਸਾਰ ਹਰਿ ਪਰਵਾਰ
ਸਤਿਗੁਰ ਸੇਵਾ ਹਰਿ ਗੁਣ, ਹਰਿ ਰਾਮ ਧਿਆ ਬੇੜਾ ਪਾਰ
ਹਰਿ ਨਾਮ ਧਿਆ ਮਨ ਸਮਝਾ, ਜੇ ਮਨ ਸਿੱਧਾ ਕਰਨਾ
ਗੁਰ ਸਬਦ ਕਮਾ ਹਰਿ ਹਰਿ ਗਾ,ਢਹਿ ਸਤਿਗੁਰ ਸਰਨਾ
ਸਤਿਗੁਰ ਸੇਵਾ ਸੇਵਣਾ, ਗੁਰ ਮੂਰਤ ਚਿੱਤ ਵਸਾਇ
ਮਨ ਮਹਿ ਗੁਰ ਮਾਣ ਤਾਣ, ਮਨ ਭੱਜਣੋ ਰੁਕ ਜਾਏ
ਹਰਿ ਗੁਣ ਕਾਹੇ ਨ ਗਾਵਈ, ਮੂਰਖ ਅਗਿਆਨਾ
ਬਿਨ ਸਤਿਗੁਰ ਸੇਵਾ, ਨਹਿ ਮਨ ਭਰਮ ਮਿਟਾਨਾ
ਸਤਿਗੁਰ ਸੇਵਾ ਸੇਵਣਾ, ਜਨ ਸਤਿਗੁਰ ਸਰਣ ਆਵੈ
ਕਰਮ ਧਰਮ ਸਭ ਤਿਆਗ ਕੈ, ਹਰਿ ਨਾਮ ਧਿਆਵੈ
ਨਿੰਦ ਪਰਾਈ ਤਿਆਗ ਕੈ, ਰਾਮ ਨਾਮ ਚਿੱਤ ਚਿਤਾਰ
ਦਿਲੋਂ ਛੱਕ ਦੂਰ ਕਰ, ਕਰ ਸਤਿਗੁਰ ਸੰਗ ਪਿਆਰ
ਗੁਰ ਕਾ ਸਬਦ ਕਮਾ ਮਨ, ਰੱਖ ਗੁਰੂ ਤੇ ਆਸ
ਗੁਰ ਆਪੇ ਮਨ ਖ੍ਹੋਲਸੀ, ਤੂੰ ਕਿਉਂ ਬੈਂਸ ਉਦਾਸ
ਸੇਵਣ ਸਤਿਗੁਰ ਆਪਣਾ, ਗੁਰੂ ਰੱਬ ਇਕ ਜਾਣ
ਸਤਿਗੁਰ ਰਾਹ ਵਿਖਾਇਸੀ, ਜੇ ਪਾਸ ਕਰੈਂ ਇਮਤਹਾਨ
ਅਰਦਾਸ ਕਰੈ ਬੈਂਸ ਨਿਮਾਣਾ, ਅਪਣੇ ਸਤਿਗੁਰ ਪਾਸ
ਨਾਮ ਧਿਆਇ ਲਗਨ ਲਾਇ, ਮਨ ਹਰਿ ਨਾਮ ਨਿਵਾਸ
 

Dalvinder Singh Grewal

Writer
Historian
SPNer
Jan 3, 2010
1,254
422
79
Very nice, specially
ਗੁਰ ਕਾ ਸਬਦ ਕਮਾ ਮਨ, ਰੱਖ ਗੁਰੂ ਤੇ ਆਸ
ਗੁਰ ਆਪੇ ਮਨ ਖ੍ਹੋਲਸੀ, ਤੂੰ ਕਿਉਂ ਬੈਂਸ ਉਦਾਸ
 

swarn bains

Poet
SPNer
Apr 8, 2012
818
188
ਦਿਲ ਮੰਦਰ

ਦਿਲ ਹੈ ਏਕ ਮੰਦਰ, , ਜਹਾਂ ਪੂਜਾ ਹੋਤੀ ਹੈ ਤਸਵੀਰੋਂ ਕੀ
ਖੁਦਾ ਹੈ ਦਿਲ ਕੇ ਅੰਦਰ, ਜਿਰ੍ਹਾ ਹੋਤੀ ਵਹਾਂ ਤਕਦੀਰੋਂ ਕੀ

ਵੋਹ ਮਜਮਾ ਹੈ ਤਕਦੀਰ, ਜੋ ਖੁਦ ਬਨਾਈ ਜਾਤੀ ਹੈ
ਖੁਦਾ ਤਕਦੀਰ ਨਹੀਂ ਬਨਾਤਾ, ਮਗਰ ਲਿਖਾਈ ਜਾਤੀ ਹੈ
ਦਿਮਾਗ ਚਲਾਤਾ ਹੈ ਜਿਸਮ, ਯਹ ਦਸ਼ਾ ਹੈ ਸਰੀਰੋਂ ਕੀ

ਕੋਈ ਗਰੀਬ ਕੋਈ ਅਮੀਰ, ਬਨ ਜਾਤਾ ਹੈ ਜਹਾਂ ਮੇਂ
ਸਭ ਖੁਦ ਇਨਸਾਨ ਬਨਾਤਾ ਹੈ, ਆ ਕਰ ਜਹਾਂ ਮੇਂ
ਲਿਖਨਾ ਗਲਤ ਹੈ ਬੈਂਸ, ਕਿਆ ਹਸਤੀ ਤਕਦੀਰੋਂ ਕੀ

ਜਹਾਂ ਮੇਂ , ਕੋਈ ਕਮਾਏ ਮਾਇਆ, ਕੋਈ ਕਮਾਏ ਨਾਮ
ਮਾਇਆ ਮੇਂ ਦਿਲ ਲਗਾਇ, ਜਹਾਂ ਮੇਂ ਖੋ ਜਾਏ ਇਨਸਾਨ
ਨਾਮ ਮੇਂ ਗਲਤਾਨ , ਹਾਲਤ ਬਨ ਜਾਏ ਫਕੀਰੋਂ ਕੀ

ਦਿਲੋਂ ਕੇ ਬਾਜ਼ਾਰ ਮੇਂ, ਦਿਲ ਬਿਕਤੇ ਹੈਂ ਦਿਲ ਵਾਲੋਂ ਕੇ
ਦੁਨੀਆਂ ਕੇ ਬਾਜ਼ਾਰ ਮੇਂ, ਸੌਦੇ ਹੋਤੇ ਹੈਂ ਤਸਵੀਰੋਂ ਕੇ
ਖੁਦਾ ਕੀ ਦਰਗਾਹ ਮੇਂ, ਕੀਮਤ ਪੜਤੀ ਹੈ ਜ਼ਮੀਰੋਂ ਕੀ

ਆਨਾ ਜਾਨਾ ਬਨਾ ਹੂਆ ਹੈ, ਕਾਰਵਾਂ ਚਲਤਾ ਰਹਿਤਾ ਹੈ
ਕੋਈ ਆਤਾ ਕੋਈ ਜਾਤਾ ਹੈ,ਕੋਈ ਕੁਛ ਕੋਈ ਕੁਛ ਕਹਿਤਾ ਹੈ
ਇਕ ਆਏ ਇਕ ਜਾਏ, ਮੁਲਾਕਾਤ ਨ ਹੋਏ ਸਰੀਰੋਂ ਕੀ
 

swarn bains

Poet
SPNer
Apr 8, 2012
818
188
ਰਾਮ ਕੀ ਬਾੜੀ

ਇਹ ਤਨ ਬਾੜੀ ਰਾਮ ਕੀ, ਫਲ ਲਾਗੈ ਕਰਮ ਕਮਾਏ
ਕਰਮ ਕਮਾਇ ਲਿਖਿਆ ਜਾਏ, ਸੋ ਕਿਸਮਤ ਬਣ ਜਾਏ

ਅਪਣੀ ਕਿਸਮਤ ਆਪ ਬਣਾਵੈਂ, ਹੋਰ ਕਿਸੈ ਨਹੀਂ ਵਸ
ਕੁਕਰਮ ਕਰੈਂ ਫਿਰ ਭੁੱਲ ਜਾਵੈਂ, ਜੇ ਚੇਤੇ ਅੜਿਆ ਦੱਸ
ਹੋਰਾਂ ਦੀ ਲਿਖਤ ਬਣਾ ਅਪਣੀ, ਤੂੰ ਖੁਦ ਨੂੰ ਕਵੀ ਕਹਾਏ

ਜੋ ਇਸ ਤਨ ਮਹਿ ਬੀਜੀਐ, ਸੋ ਉਗਵੈ ਮਨ ਮਾਹਿ
ਜੋ ਮਨ ਸੋਚੈ ਕਰੈ ਕਰਾਵੈ, ਉਹੋ ਫਲ ਲੱਗੈ ਆਇ
ਜੋ ਮਨ ਭਾਇ ਕਰਮ ਕਮਾਇ, ਸਾ ਸੁਆਦ ਬਣ ਆਇ

ਬੰਦਿਆ ਕਰਮ ਕਮਾਉਂਦਾ ਜਾ, ਲਿਖੇ ਜਾਣਗੇ ਆਪੇ
ਮਨ ਚ ਸੋਚ ਜ਼ਰਾ, ਅਗਲੇ ਜਨਮ ਚ ਪੈਣ ਸਿਆਪੇ
ਜਾਣ ਸਮੇਂ ਬਹੀ ਖੁਲ੍ਹਣੀ, ਸਭ ਆਪ ਸਾਹਮਣੇ ਆਇ

ਮਨ ਚ ਸੋਚ ਵਿਚਾਰ ਕਰੈਂ, ਖੜ੍ਹਾ ਕੀਤਾ ਵਿਚ ਦਰਗਾਹ
ਉਮਰ ਦੀ ਖੱਟੀ ਆਈ ਸਾਹਮਣੇ, ਜਦੋਂ ਮੁੱਕ ਗਏ ਸਾਹ
ਬੈਂਸ, ਆਪ ਗਵਾਹੀ ਦੇਵੇਂਗਾ, ਬਸੀਠ ਨ ਕੋਈ ਥਿਆਇ

ਜੰਮਣ ਪਹਿਲੋਂ ਵਾਧਾ ਕੀਤਾ, ਰੱਖੇਂਗਾ ਤੈਨੂੰ ਯਾਦ
ਕਰਨ ਸੁਣਨ ਨੈਣ ਮਟਕ, ਭੁੱਲ ਗਏ ਅਲਫਾਜ਼
ਭੁੱਲ ਗਏ ਕੀਤੇ ਵਾਧੇ, ਖਾਲੀ ਆਇਆ ਖਾਲੀ ਜਾਇ

ਜੋ ਜੰਮਿਆ ਉਸ ਮਰਨਾ, ਇਹ ਜੱਗ ਦੀ ਰੀਤ ਕੁੜੇ
ਫਿਰ ਕਿਉਂ ਤੂੰ ਡਰਨਾ, ਸਭ ਮਰਨਗੇ ਜਦੋਂ ਹੋਇ ਬੁੜ੍ਹੇ
ਤੇਰੀ ਗੱਡੀ ਆਈ ਬੈਂਸ, ਰੁਕ ਜਾਣੀ ਟੇਸਣ ਜਦੋਂ ਆਏ
 

swarn bains

Poet
SPNer
Apr 8, 2012
818
188
ਸਤਿਗੁਰ

ਆਪ ਜਪੈ ਜੋ ਹਰਿ ਹਰਿ ਨਾਮਾ, ਮੋਹਿ ਹਰਿ ਨਾਮ ਜਪਾਵੈ
ਤਿਸ ਮਿਲਿਆਂ ਮਨ ਰਹਿਸੀਐ, ਮੇਰਾ ਸਤਿਗੁਰ ਕਹਿਲਾਵੈ

ਸਤਿਗੁਰ ਪੁਰਖ ਨਿਰਵੈਰ ਹੈ, ਤਿਸ ਵੈਰ ਨ ਭਾਵੈ
ਸਤਿਗੁਰ ਸਰਨੀ ਜਾਇ ਢਹਿ, ਤੋਹੇ ਸਿਖਿ ਸਿਖਾਵੈ
ਸਤਿਸੰਗਤ ਮਹਿ ਜਾਏ ਕੈ ,ਜਨ ਮਨ ਹਰਿ ਧਿਆਵੈ

ਸਤਿਗੁਰ ਪੁਰਖ ਜੱਗ ਮੀਤ ਹੈ, ਸਤਿਗੁਰ ਪੁਰਖ ਹਮਾਰਾ
ਮਾਣਸ ਜਨਮ ਦੁਲੰਭ ਹੋਏ, ਮਨ ਸਾਧੁ ਨਹਿ ਹੋਏ ਦੁਬਾਰਾ
ਜਿਨ ਸਤਗੁਰ ਸੇਵਣ ਸੇਵਿਆ, ਤਿਸ ਹਰਿ ਪੂਜ ਕਰਾਵੈ

ਚੋਰ ਜਾਰ ਬਿਬਚਾਰ ਕਰ, ਚੋਰੀ ਕਰੈ ਜੱਗ ਤੋਂ ਛੁਪਾਵੈ
ਤੇਰੀ ਰੂਹ ਤੇਰਾ ਹਰਿ ਪ੍ਰਭ, ਉਸ ਕੋਲੋਂ ਕਿਵੇਂ ਛੁਪਾਵੈ
ਸਤਿਗੁਰ ਸਰਨੀ ਢਹਿ, ਸਤਿਗੁਰ ਜਨ ਮਨ ਸਮਝਾਵੈ

ਜੋਗੀ ਜੰਗਮ ਜਟਾਧਾਰ, ਸਤਿਗੁਰ ਸੰਗ ਚਿੱਤ ਨ ਲਾਵੈ
ਕਰੈ ਦਿਗੰਬਰ ਤਨ ਸਾਧਨਾ, ਤਿਸ ਮਨ ਵਸ ਨ ਆਵੈ
ਸਤਿਗੁਰ ਸਰਨੀ ਲੱਗਿਆਂ, ਜਨ ਮਨ ਵਸ ਹੋਇ ਆਵੈ

ਸਤਿਗੁਰ ਸੰਗਤ ਆਖੀਐ, ਜਿਤ ਹਰਿ ਨਾਮ ਦੀ ਚਰਚਾ
ਹਰਿਗੁਣ ਗਾਏ ਹਰਿ ਨਾਮ ਧਿਆਏ, ਹੋਰ ਪਾਏ ਨ ਪਰਚਾ
ਸਤਿਸੰਗਤ ਹਰਿ ਗੁਣ ਰਵੈ, ਹਰਿ ਨਾਮਾ ਮਨ ਵਸ ਆਵੈ

ਸਤਿਗੁਰ ਮਹਿ ਹਰਿ ਪ੍ਰਭ ਵਸੈ, ਸਚਿ ਸੇਵਾ ਸੇਵਣ ਹੋਏ
ਸਾਕਤ ਪੂਜਣ ਦੇਵੀ ਦੇਵ, ਤਨ ਮਨ ਭਰਮ ਭੌ ਖੋਏ
ਗੁਰ ਸੰਗਤ ਹਰਿ ਸੰਗ, ਮਨਮੁਖ ਗੁਰਮੁਖ ਬਣ ਆਵੈ

ਹਰਿ ਹਰਿ ਨਾਮ ਧਿਆਏ, ਗੁਰ ਮੂਰਤ ਚਿੱਤ ਵਸਾਏ
ਗੁਰ ਗੁੜ੍ਹਤੀ ਗੁਰ ਮੂਰਤ, ਭੜਕਦਾ ਮਨ ਵਸ ਆਏ
ਸਤਿਗੁਰ ਸਤਿਨਾਮ ਜਪਾਵੈ, ਮਨ ਸਿੱਧਾ ਹੋਏ ਆਵੈ

ਪ੍ਰਭ ਪਾਉਣਾ ਕੋਈ ਹੋਰ ਨਹੀਂ, ਕੇਵਲ ਮਨ ਸਿੱਧਾ ਕਰਨਾ
ਮਨ ਤਨ ਅਪਣਾ ਵਾਰ ਕੈ, ਬੈਂਸ ਢਹਿ ਸਤਿਗੁਰ ਸਰਨਾ
ਸਤਿਗੁਰ ਸਿਖਿਆ ਪਾਇ ਭਿਖਿਆ, ਮਨ ਮਹਿ ਪ੍ਰਭ ਪ੍ਰਗਟਾਵੈ

ਮਨ ਮਹਿ ਪ੍ਰਭ ਛੁਪਿ ਰਹੈ, ਮਨਮੁਖ ਮਨ ਝਾਤ ਨਾ ਪਾਵੈ
ਮਨ ਖੋਜ ਗੁਰ ਸਤਿਗੁਰ ਲੋਚ, ਮਨ ਹਰਿ ਨਾਮ ਧਿਆਵੈ
ਸਤਿਗੁਰ ਹਰਿ ਏਕ ਹੈ, ਗੁਰ ਮਨ ਵਸਾਵੈ ਹਰਿ ਸਰਣਾਵੈ
 

Dalvinder Singh Grewal

Writer
Historian
SPNer
Jan 3, 2010
1,254
422
79
ਸਭ ਤੋਂ ਵੱਡਾ ਸਤਿਗੁਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰੇ ਵਰਗਾ ਹੋਰ ਨਹੀਂ ਕਰਤਾਰ ਕੋਈ।
ਬਿਨ ਤੇਰੇ ਤਾਂ ਸੁੱਚਾ ਨਹੀਂ ਵਿਚਾਰ ਕੋਈ।
ਰਚਣਹਾਰ ਤੇ ਪਾਲਣਹਾਰਾ ਦੁਨੀਆਂ ਦਾ,
ਹੋਰ ਕਿਵੇਂ ਹੋ ਸਕਦਾ ਪਾਣੀ ਹਾਰ ਕੋਈ।
ਦੁਨੀਆਂ ਦੇ ਵਿਚੱ ਰਹਿਕੇ, ਜੱਗ ਤੋਂ ਵੱਖਰਾ ਹੈਂ,
ਤੇਰੇ ਬਿਨ ਨ ਜਗ ਨੂੰ ਕਰਦਾ ਪਿਆਰ ਕੋਈ।
ਦੁਨੀਆਂ ਭਟਕੀ ਫਿਰਦੀ ਤੂੰ ਜੋ ਦਿਸਦਾ ਨਾਂ,
ਤੈਨੂੰ ਦੇਖਣ ਲਈ ਪਰ ਨਾ ਉਪਚਾਰ ਕੋਈ।
ਉਹ ਅੱਖਾਂ ਨੇ ਵੱਖ ਜੋ ਤੈਨੂੰ ਵੇਖਦੀਆਂ,
ਦੁਨੀਆਂ ਵਿੱਚ ਹੀ ਵੇਖੇ, ਹੈ ਦਿਲਦਾਰ ਕੋਈ।
ਆਪ ਸਮਝ ਕੇ ਆਪ ਗੁਆ ਕੇ, ਰਹਿ ਪਾਸੇ,
ਤੇਰੇ ਵਿੱਚ ਮਿਟ ਜਾਂਦਾ ਗੁਰਮੁਖ ਯਾਰ ਕੋਈ।

ਨਾਮ ਜਪਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਹ ਨੀਂਦ ਸਵਖਤੇ ਕਿਉਂ ਖੁਲ੍ਹਦੀ?
ਜਪਣਾ ਹੈ ਨਾਮ ਇਉਂ ਖੁਲ੍ਹਦੀ।
ਜੋ ਵਾਅਦਾ ਉਸ ਨਾਲ ਕੀਤਾ ਸੀ,
ਉਹ ਪੁਰਾ ਕਰਨਾ, ਤਿਉਂ ਖੁਲ੍ਹਦੀ।
ਬਾਹਰ ਤੋਂ ਅੰਦਰ ਵੱਲ ਜਾਈਏ,
ਬੰਦ ਜੱਗ ਤੋਂ, ਰੱਬ ਦੇ ਸਿਉਂ ਖੁਲ੍ਹਦੀ।
ਅੱਧ ਖੁਲ੍ਹੀਆਂ ਅੱਖਾਂ ਵਿੱਚ ਨਸ਼ਾ,
ਮਿਲੀਏ ਜਦ, ਕਮਲ ਜਿਉਂ ਖੁਲ੍ਹਦੀ।

ਰੋਸ਼ਨ ਗਿਆਨ ਦਾ ਡੇਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚਾਰੇ ਪਾਸੇ ਨ੍ਹੇਰਾ ਹੈ।
ਰੋਸ਼ਨ ਗਿਆਨ ਦਾ ਡੇਰਾ ਹੈ ।
ਬੰਦ ਅੱਖੀਆਂ ਵਿੱਚ ਰਾਤ ਵਸੇ,
ਖੋਲ੍ਹੋ, ਦਿਸੇ ਸਵੇਰਾ ਹੈ।
ਉਂਜ ਤਾਂ ਭਟਕਣ, ਅਟਕਣ ਹੈੈ।
ਮਨ-ਬੁੱਧ ਰਾਹ ਦਿਸੇਰਾ ਹੈ।
ਚਲੋਗੇ, ਪੁੱਜ ਜਾਉਗੇ।
ਰੁਕਿਆਂ, ਸਫਰ ਵਡੇਰਾ ਹੈ।
ਮਾਇਆ ਕੁਦਰਤ ਰੱਬ ਦੀ ਹੈ,
ਨਾ ਕੁੱਝ ਤੇਰਾ ਮੇਰਾ ਹੈ।
ਹਰ ਇੱਕ ਵੱਖਰਾ ਰੂਪ ਰਚੇ।
ਰੱਬ ਤਾਂ ਗਜ਼ਬ ਚਿਤੇਰਾ ਹੈ।
ਆਪੋ ਅਪਣੀ ਇੱਛਾ ਹੈ,
ਸੱਭ ਦਾ ਅਪਣਾ ਘੇਰਾ ਹੈ।


ਵਾਇਰਸ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਇਰਸ ਆਇਆ, ਵਾਇਰਸ ਆਇਆ।
ਰੱਬ ਨੇ ਸੱਭ ਨੂੰ ਡਰ ਵਿੱਚ ਪਾਇਆ।
ਕਿਧਰੋਂ ਆਊ, ਕੀਕੂੰ ਆਊ,
ਕਿਹੜਾ ਬੰਦਾ ਠਿੱਬੀ ਲਾਊ।
ਹਰ ਕੋਈ ਲਗਦਾ ਦਿਸੇ ਪਰਾਇਆ।
ਵਾਇਰਸ ਆਇਆ, ਵਾਇਰਸ ਆਇਆ।
ਘਰ ਵਿੱਚ ਹੀ ਬੰਦ ਹੋ ਗਏ ਸਾਰੇ,
ਰੱਖ ਫਾਸਲਾ ਮਿਲਣ ਵਿਚਾਰੇ।
ਮੂੰਹ ਤੇ ਮੋਟਾ ਮਾਸਕ ਪਾਇਆ।
ਵਾਇਰਸ ਆਇਆ, ਵਾਇਰਸ ਆਇਆ।
ਪਤਾ ਨਾ ਕਿਸ ਤੋਂ ਟੱਪ ਕੇ ਆਵੇ,
ਪਤਾ ਨਾ ਕਿਹੜੀ ਚੀਜ਼ ਛੁਹਾਵੇ।
ਖੌਫ ਖੁਦਾ ਦਾ ਮਨ ਪਾਇਆ
ਵਾਇਰਸ ਆਇਆ, ਵਾਇਰਸ ਆਇਆ।
ਵੱਡੇ ਤੋਂ ਵੱਡੇ ਵੀ ਢਾਹੇ,
ਡਾਕਟਰ ਵੀ ਧਰਤੀ ਤੇ ਲਾਹੇ,
ਸਾਇੰਸਦਾਨਾਂ ਹੋਸ਼ ਗਵਾਇਆ।
ਵਾਇਰਸ ਆਇਆ, ਵਾਇਰਸ ਆਇਆ।
ਰੱਬਾ ਤੇਰੇ ਰੰਗ ਨਿਆਰੇ।
ਇੱਕ ਵਾਇਰਸ ਰਾਹ ਢਾਹ ਲਏ ਸਾਰੇ।
ਪਤਾ ਨਹੀਂ ਕੀ ਰੋਗ ਬਣਾਇਆ।
ਵਾਇਰਸ ਆਇਆ, ਵਾਇਰਸ ਆਇਆ।
ਤੇਰਾ ਨਾ ਹੁਣ ਜਪਦੇ ਸਾਰੇ,
ਕਰਦੇ ਨੇ ਅਰਦਾਸ ਵਿਚਾਰੇ,
ਰੱਬਾ! ਤੇਰੀ ਵੱਡੀ ਮਾਇਆ
ਵਾਇਰਸ ਆਇਆ, ਵਾਇਰਸ ਆਇਆ।
ਇਸ ਤੋਂ ਹੁਣ ਤੂੰ ਹੀ ਛੁਡਵਾਈਂ।
ਇਸ ਤੋਂ ਬਚਣ ਦਾ ਰਾਹ ਸਮਝਾਈਂ।
ਕਰ ਕਾਬੂ ਜੋ ਪਿਛੇ ਲਾਇਆ।
ਵਾਇਰਸ ਆਇਆ, ਵਾਇਰਸ ਆਇਆ।

ਸੁਪਨੇ ਮੁੜਕੇ ਘਰ ਨਾ ਆਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਰੁੱਤਾਂ ਸਾਡੇ ਵਰ ਨਾ ਆਈਆਂ, ਸੁਪਨੇ ਮੁੜਕੇ ਘਰ ਨਾ ਆਏ।
ਮੋੋਇਆਂ ਵਰਗਾ ਜੀਵਨ ਸਾਡਾ, ਲਿਖਣਹਾਰੇ ਲੇਖ ਇਹ ਲਿਖਿਆ,
ਸਾਨੂੰ ਸਮਝ ਕਦੇ ਨਾ ਆਈ, ਦੁਨੀਆਂਦਾਰਾਂ ਦਿੱਤੀ ਸਿੱਖਿਆ।
ਲਾਇਆ ਅੰਦਰ ਬ੍ਰਿਹੋਂ ਲਾਂਬੂ, ਅੰਗ ਅੰਗ ਸਾਡਾ ਮਚਦਾ ਜਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਮਤਲਬਖੋਰਾ ਕਹਿ ਗਿਆ ‘ਆਊਂ’ ਨਾ ਮੁੜਿਆ, ਨਾ ਸੁੱਖ ਸੁਨੇਹਾ,
ਠੰਢਕ ਕਿੱਥੋਂ ਮਿਲੇ, ਹੈ ਸਾਹੀਂ, ਤਪਸ਼ਾਂ ਭਰਿਆ ਹਉਕਾ ਕੇਹਾ।
ਬਹੁਤੀ ਲੰਘ ਗਈ ਸੜਦੇ ਭੁਜਦੇ, ਲਗਦੈ ਬਾਕੀ ਇਵੇਂ ਵਿਹਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਲਾਉਣਾ ਇਸ਼ਕ ਗੁਨਾਹ ਕਿਉਂ ਬਣਿਆ, ਬਣ ਗਿਆ ਇਹ ਕਿਉਂ ਰੋਗ ਸਮਾਜੀ?
ਜੋ ਨਾ ਜਿਸ ਦੇ ਹਾਣ ਦੀ ਉਹ ਹੀ ਅਣਮੇਚੇ ਦੇ ਨਾਲ ਵਿਹਾਜੀ।
ਦਿਲ ਦੇਖੇ ਨਾ ਦੁਨੀਆ ਇਹ ਤਾਂ, ਮਾਇਆ ਨੇ ਸੱਭ ਇਉਂ ਉਲਝਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਉੱਠੋ ਇਸ ਸਮਾਜ ਨੂੰ ਬਦਲੋ, ਖੋਲੋ ਹਰ ਦਿਲ ਪ੍ਰੇਮ ਪਟਾਰਾ।
ਤਨ ਦੇ ਨਾਲੋਂ ਦਿਲ ਦਾ ਹੋਵੇ ਸਭਨਾਂ ਨੂੰ ਸਤਿਕਾਰ ਪਿਆਰਾ।
ਮਿੱਠਤ ਨੀਵੀਂ, ਪਿਆਰ ਉਚੇਰਾ, ਬਦਲੀ ਦੀ ਇਹ ਪੌਣ ਵਗਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।



ਸਿਆਸਤੀ ਵਾਅਦੇ ਅਤੇ ਭਰੋਸੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਅਦਿਆਂ ਦੀ ਇਸ ਸਿਆਸਤ ਵਿੱਚ ਭਰੋਸੇ ਭੁਰ ਰਹੇ।
ਸੜ ਰਹੀ ਇਨਸਾਨੀਅਤ, ਲਾਲਚ ਦੇ ਬਲਦੇ ਚੁਰ ਰਹੇ।
ਜੋ ਬਣਾਏ ਆਸ ਪਰਬਤ, ਹਉਕਿਆਂ ਵਿੱਚ ਖੁਰ ਰਹੇ,
ਗਰਮ ਰੁੱਤੇ ਵੀ ਨਿਰਾਸ਼ਾ ਠੰਢ ਦੇ ਵਿੱਚ ਠੁਰ ਰਹੇ।
ਲੱਗ ਗਈ ਸੀ ਅੱਖ ਪਲ ਵੀ ਹੋ ਗਿਆ ਲੰਬੀ ਉਡੀਕ,
ਜਾਗਿਆ ਤਾਂ ਜਾਣ ਸੁੱਤਾ, ਉਹ ਅਗਾਂਹ ਨੂੰ ਤੁਰ ਰਹੇ।
ਵਕਤ ਨੇ ਖਾਧਾ ਹੈ ਪਲਟਾ, ਸਮਝ ਤੋਂ ਸੱਭ ਬਾਹਰ ਹੈ,
ਪਛੜਿਆਂ ਪੱਲੇ ਨਾ ਕੁਝ ਹੁਣ, ਬੈਠ ਐਵੇਂ ਝੁਰ ਰਹੇ।
ਨਾਚ ਨੇ ਜਿਮਨਾਸਟਿਕ ਤੇ ਰੈਪ, ਗਾਣੇ ਵਕਤ ਦੇ,
ਹੇਕ ਵਾਲੇ ਗੀਤ ਨਾ ਹੁਣ, ਨਾ ਸਰੋਦੀ ਸੁਰ ਰਹੇ।
ਵਾਸਹਿਜ ਰੱਖ, ਸੰਤੋਖ ਰੱਖ, ਜੋ ਮਿਲ ਗਿਆ ਤਾਂ ਸ਼ੁਕਰ ਕਰ,
ਵਕਤ ਸੰਗ ਹੀ ਬਦਲੀਆਂ ਦੇ ਜੁੜੇ ਨੇ ਧੁਰ ਰਹੇ।
 

Dalvinder Singh Grewal

Writer
Historian
SPNer
Jan 3, 2010
1,254
422
79
ਫਲ ਪੈਂਦਾ ਹੈ ਮਿਹਨਤ ਨਾਲ
ਡਾ :ਦਲਵਿੰਦਰ ਸਿੰਘ ਗ੍ਰੇਵਾਲ

ਫਲ ਪੈਂਦਾ ਹੈ ਮਿਹਨਤ ਨਾਲ।
ਗੱਲਾਂ ਨਾਲ ਨਾ ਗਲਦੀ ਦਾਲ।
ਐਵੇਂ ਪਾ ਨਾ ਹੋਰ ਸਵਾਲ,
ਖੜ੍ਹਾ ਨਾ ਕਰ ਲਈਂ ਬੜਾ ਬਵਾਲ।
ਮੂਹੋਂ ਨਿਕਲੇ ਮੁੜਣ ਨਾ ਬੋਲ,
ਮਿਤਰਾ ਅਪਣੀ ਜੀਭ ਸੰਭਾਲ।
ਮਲ੍ਹਮ ਲਾਉਂਦੇ ਮਿਠੜੇ ਬੋਲ,
ਕੌੜੇ ਬੋਲੋਂ ਛਿੜਣ ਭੂਚਾਲ।
ਗੱਲ ਵਿਗਾੜਣ ਬਹੁਤੇ ਬੋਲ,
ਸ਼ਬਦ ਚੋਣ ਕਰ ਸਮਝਾਂ ਨਾਲ।
ਦਿਲ ਵਿੱਚ ਹੋਵੇ ਜਦੋਂ ਪਿਆਰ,
ਬੋਲਣ ਦੀ ਨਾ ਲੋੜ ਰਵਾਲ।
ਲੈ ਜਾਣਾ ਇਸ ਜੱਗ ਤੋਂ ਕੀ,
ਮਿੱਠ-ਪਿਆਰ ਸਭ ਦੇ ਸੰਗ ਪਾਲ।




ਖੁਸ਼ ਰਹਿ, ਹੋ ਨਾ ਕਦੇ ਨਿਰਾਸ਼
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿਉਂ ਹੋਇਆ ਏ ਇੰਝ ਉਦਾਸ?
ਖੁਸ਼ ਰਹਿ, ਹੋ ਨਾ ਕਦੇ ਨਿਰਾਸ਼।
ਕੀ ਹੋਇਆ ਅੱਜ ਛੁਪਦਾ ਸੂਰਜ,
ਕੱਲ ਮੁੜ ਆਊ ਵਿੱਚ ਆਕਾਸ਼।
ਲਹਿਰਾਂ ਵਿੱਚ ਉਚਾਣ-ਨਿਵਾਣ,
ਚੱਲਣ ਦਾ ਫਿਰ ਵੀ ਅਹਿਸਾਸ।
ਜੱਗ ਵਿੱਚ ਨੇ ਤੂਫਾਨ ਹਲਚਲਾਂ,
ਫਿਰ ਵੀ ਹੁੰਦਾ ਰੋਜ਼ ਵਿਕਾਸ।
ਡਿਗ ਡਿਗ ਉਠਣਾ ਜੀਵਨ ਸਾਰ,
ਰੱਖ ਗਿਆਨ ਸੰਗ ਮਨ ਪ੍ਰਕਾਸ਼।
ਦਿਨ ਚੜ੍ਹਦੇ ਰਾਹੀ ਤੁਰ ਪੈਂਦੇ,
ਰਾਤੀਂ ਥੱਕੇ ਸੁੱਤੇ ਰੱਖ ਧਰਾਸ।
ਚੱਲ ਉੱਠ, ਵਧ ਚਲ, ਮੰਜ਼ਿਲ ਮਾਰ,
ਅਪਣੇ ਤੇ ਰੱਖੀਂ ਵਿਸ਼ਵਾਸ਼।
 
📌 For all latest updates, follow the Official Sikh Philosophy Network Whatsapp Channel:
Top