Punjabi Poem :Rooh bande da sach hai | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Poem :Rooh bande da sach hai

Dalvinder Singh Grewal

Writer
Historian
SPNer
Jan 3, 2010
771
393
76
ਰੂਹ ਬੰਦੇ ਦਾ ਸੱਚ ਹੈ
ਡਾ: ਦਲਵਿੰਦਰ ਸਿਘ ਗ੍ਰੇਵਾਲ

ਰੱਬ ਦਾ ਅੰਸ਼ ਇਹ ਰੂਹ ਹੈ, ਰੂਹ ਬੰਦੇ ਦਾ ਸੱਚ।
ਬਿਨਸਣਹਾਰ ਸਰੀਰ ਹੈ, ਰੂਹ ਜਿਸ ਵਿਚ ਗਈ ਰਚ।
ਰੱਬ ਦਾ ਅੰਸ਼ ਹੈ, ਇਸ ਲਈ ਗੁਣ ਰੱਬ ਦੇ ਇਸ ਕੋਲ।
ਜੀਕੂੰ ਕਿਰਨ ‘ਚ ਗੁਣ ਹਰਿਕ, ਸੂਰਜ ਦੇ ਅਣਮੋਲ।
ਰੱਬੀ ਗੁਣਾਂ ਨੂੰ ਵਰਤਣਾ, ਜੀਵ ਦਾ ਸੱਚ ਸੁਭਾ,
ਪਰ ਜਦ ਆਉਂਦਾ ਜਗਤ ਵਿੱਚ, ਬਦਲੇ ਅਪਣਾ ਰਾਹ।
ਦੁਨੀਆਂ ਮਾਇਆ ਜਾਲ ਹੈ, ਸਮਝ ਸਕੇ ਨਾ ਏਹ।
ਧਸਕੇ ਇਸ ਵਿੱਚ ਸਮਝਦਾ, ਰੂਹੋਂ ਪਿਆਰੀ ਦੇਹ।
ਕਾਮ, ਕ੍ਰੋਧ, ਮੋਹ, ਲੋਭ ਵਿੱਚ, ਭੁਲਿਆ ਅਸਲ ਸੁਭਾ,
ਬੇੜੇ ਚੜ੍ਹ ਅਹੰਕਾਰ ਦੇ, ਦਿਤਾ ਜੀਣ ਰੁਲਾ।
ਭੁੱਲ ਜਾਂਦਾ ਹੈ ਰੱਬ ਨੂੰ, ਜੋ ਜੱਗ ਸਿਰਜਣਹਾਰ।
ਨਾਮ ਬਿਨਾ ਨਾ ਥਾਹ ਮਿਲੇ, ਭਟਕੇ ਬਾਰੰਬਾਰ।
ਰੱਬੀ ਸ਼ਕਤੀ ਛੱਡਕੇ, ਜੱਗ ਦੀ ਸ਼ਕਤੀ ਮੋਹ।
ਜਦ ਹਰ ਪਾਸਿਓਂ ਹਾਰਦਾ, ਡਰਦਾ ਲੁਕਦਾ ਓਹ।
ਗੁੱਸਾ ਚੜ੍ਹੇ ਦਿਮਾਗ ਵਿੱਚ, ਪਾਉਂਦਾ ਰਹਿੰਦਾ ਵੈਰ।
ਅਪਣਾ ਹੀ ਸੱਭ ਲੋਚਦਾ, ਭੁਲਿਆ ਜੱਗ ਦੀ ਖੈਰ।
ਮਰਜ਼ੀ ਚੱਲਦੀ ਰੱਬ ਦੀ, ਉਹੀ ਕਰਾਉਂਦਾ ਕਾਰ।
ਬੰਦਾ ਸਮਝੇ ਕਰਾਂ ਮੈਂ, ‘ਮੈਂ, ਮੈਂ’ਵਿੱਚ ਅਹੰਕਾਰ।
ਰੱਬ ਦੀ ਰਚਨਾ ਸਮਝ ਕੇ ਕਰੇ ਨਾ ਸਭ ਨੂੰ ਪਿਆਰ।
ਸੱਭ ਬਰਾਬਰ ਰੱਬ ਨੂੰ, ਨਾ ਰਖਦਾ ਇਹ ਸਾਰ।
ਜਾਤਾਂ, ਗੋਤਾਂ, ਮਜ਼ਹਬਾਂ, ਦੀ ਵੰਡ ਪਾਈ ਜਹਾਨ।
ਕੋਠੀ, ਗਹਿਣੇ, ਧਨ ਅਨਿਕ, ਏਸੇ ਦਾ ਅਭਿਮਾਨ।
ਉਸ ਨੂੰ ਚੇਤੇ ਨਾ ਰਹੀ, ਮੰਜ਼ਿਲ ਨਾ ਤਕਦੀਰ ।
ਦੇਹ ਛੱਡ ਰੂਹ ਦਾ ਮਿਲਣ ਹੈ ਰੱਬ ਦੇ ਨਾਲ ਅਖੀਰ।
ਨਾਮ ਜਪੇ ਨਾ ਵੰਡ ਛਕੇ, ਸੁੱਚੀ ਕਿਰਤ ਨਾ ਕਾਰ।
ਪੱਲੇ ਬੰਨ੍ਹੇ ਪਾਪ ਜਦ, ਭਵਜਲ ਕੀਕੂੰ ਪਾਰ।
ਬੰਦਿਆ ਮਨ ਦੀ ਭੁੱਲਕੇ, ਰੂਹ ਦੀ ਗੱਲ ਚਲਾ।
ਰੂਹ ਨੂੰ ਜੋੜੀਂੇ ਰੱਬ ਸੰਗ, ਬੇੜਾ ਬੰਨੇ ਲਾ।
 

Dalvinder Singh Grewal

Writer
Historian
SPNer
Jan 3, 2010
771
393
76
ਵਿਸ਼ਵ ਰਚਨਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਕਿਸਨੇ ਕਿਉਂ ਇਹ ਦੁਨੀਆਂ ਸਾਜੀ?
ਕਿਹੜੇ ਵੇਲੇ ਧਰਤ ਨਿਵਾਜੀ?
ਸੋਚਣ ਤੇ ਵੀ ਸੋਚ ਨਾ ਹੋਵੇ।
ਹੋਰ ਨਵਾਂ ਆ ਪ੍ਰਸ਼ਨ ਖਲੋਵੇ,
ਸੂਰਜ, ਚੰਦ,ਸਿਤਾਰੇ, ਕੀਕੂੰ?
ਜੀਵ, ਜੰਤ ਹੋਏ ਸਾਰੇ ਕੀਕੂੰ?
ਕਿਉਂ ਨੇ ਰੁੱਖ,ਫਲ, ਫੁੱਲ ਉਗਾਏ?
ਕਿੰਜ ਹਰਿਆਵਲ ਬਿਸਤਰ ਲਾਏ?
ਪਰਬਤ, ਨਦੀਆਂ, ਨਾਲੇ ਕਿਉਂ ਨੇ?
ਸਾਗਰ ਜੀਵਾਂ ਵਾਲੇ ਕਿਉਂ ?
ਪੜ੍ਹ ਪੜ੍ਹ ਥੱਕਿਆ ਹੱਲ ਨਾ ਮਿਲਿਆ,
ਬਾਹਰੋਂ ਕੋਈ ਵੱਲ ਨਾ ਮਿਲਿਆ,
ਅੰਦਰ ਤਕਿਆ ਤਾਂ ਹੱਲ ਪਾਇਆ.
ਰੱਬ ਨੇ ਸਾਰਾ ਵਿਸ਼ਵ ਬਣਾਇਆ।
ਉਸ ਨੇ ਅਪਣਾ ਖੇਲ੍ਹ ਰਚਾਇਆ,
ਰਚ ਕੇ ਹਰ ਕੋਈ ਕਾਰੇ ਲਾਇਆ।
ਐਟਮ ਨੂੰ ਹੀ ਧੁਰਾ ਬਣਾਇਆ।
ਕਣ ਕਣ ਮਿਣਕੇ ਜਗਤ ਵਧਾਇਆ
ਬ੍ਰਿਹਮੰਡ ਰਚਿਆ ਆਪੂ ਖਾਸ.
ਪਉਣ, ਪਾਣੀ, ਅੱਗ, ਧਰਤ ਅਕਾਸ਼
ਤਾਰੇ, ਸੂਰਜ, ਚੰਦ, ਨਛੱਤਰ,
ਲੱਖ-ਕ੍ਰੋੜਾਂ ਵਸਣ ਵਿਸ਼ਵ ਭਰ।
ਗ੍ਰਹਿ ਸਭ ਤਾਰਿਆਂ ਚੋਂ ਉਪਜਾਏ।
ਮਾਨਵ, ਜੀਵ-ਜੰਤ ਉਪਜਾਏ।
ਸਭਨਾਂ ਨੂੰ ਏ ਧੰਦੇ ਲਾਇਆ।
ਤਾਰਿਆਂ ਅੰਬਰ ਨੂੰ ਰੁਸ਼ਨਾਇਆ।
ਸੂਰਜ ਚਾਨਣ ਵੰਡਦਾ ਆਇਆ।
ਗ੍ਰਹਿ ਧਰਤੀ ਆਵਾਸ ਬਣਾਇਆ।
ਜੀਵ-ਜੰਤ ਆਉਂਦੇ ਤੇ ਜਾਂਦੇ।
ਆਪੋ ਅਪਣਾ ਕਰਮ ਕਮਾਂਦੇ।
ਸਾਗਰ ਜਲ ਦਾ ਜੋ ਭੰਡਾਰਾ।
ਅਰਬਾਂ ਜੀਆਂ ਨੂੰ ਦਏ ਸਹਾਰਾ।
ਸੂਰਜ ਤਪਸ਼ ਚ ਭਾਫ ਬਣੇ ਜਲ
ਅੰਬਰ ਵਲ ਬਣ ਉਠਦਾ ਬੱਦਲ।
ਉਡਦੇ, ਪਰਬਤ ਸੰਗ ਟਕਰਾਂਦੇ।
ਧਰਤੀ ਤੇ ਫਿਰ ਮੀਂਹ ਵਰਸਾਂਦੇ।
ਘਰ ਘਰ ਨੀਰ ਦੀ ਛਹਿਬਰ ਲਾਂਦੇ,
ਨਦੀਆਂ ਨਾਲੇ ਭਰ ਭਰ ਜਾਂਦੇ।
ਆਖਰ ਸਾਗਰ ਵਿਚ ਸਮਾਂਦੇ।
ਜੀਵਨ ਚਕਰ ਇਉਂ ਪੁਗਾਂਦੇ।
ਇਹ ਸਭ ਚੱਕਰ ਰੱਬ ਚਲਾਇਆ,
ਸਭਨਾਂ ਨੂੰ ਇਉਂ ਕਾਰੇ ਲਾਇਆ।
ਰੱਬ ਦਾ ਇਹ ਹੈ ਖੇਡ ਰਚਾਇਆ।
ਸਭ ਨੂੰ ਅਚਰਜ ਦੇ ਵਿੱਚ ਪਾਇਆ।
 

swarn bains

Poet
SPNer
Apr 9, 2012
643
166
ਅੱਥਰਾ ਇਸ਼ਕ

ਘਰ ਦਰ ਸਭ ਖੋਣਾ ਪੈਂਦਾ, ਮੁੱਲ ਅੱਥਰੇ ਪਿਆਰ ਦਾ

ਆਸ਼ਿਕਾਂ ਦੀ ਹੱਜ ਹੋਵੇ , ਤੱਕ ਮੁੱਖ ਦਿਲਦਾਰ ਦਾ

ਚਿਣਗ ਲੱਗੀ ਏ ਹਾਜੀਆਂ ਕਾਬੇ ਦੇ ਦਿਦਾਰ ਦੀ

ਆਸ਼ਿਕਾਂ ਦੇ ਚਿੱਤ ਤਾਂਘ, ਯਾਰ ਦੇ ਪਿਆਰ ਦੀ

ਸੁਫਨੇ ਸਾਕਾਰ ਹੋਵੇ, ਮਿਲੈ ਪਿਆਰ ਦਿਲਦਾਰ ਦਾ

ਤੱਤੀਏ ਰਾਤੇ ਲੰਮੀਂ ਹੋ ਜਾ, ਮੈਂ ਸੁਫਨੇ ਖੋ ਜਾਵਾਂ

ਜੇ ਮਾਹੀ ਸੁਫਨੇ ਆ ਜਾਵੇ, ਕਾਬੇ ਤੋਂ ਮੰਗਾਂ ਦੁਆਵਾਂ

ਮਨ ਅੰਦਰ ਹੱਜ ਕਮਾਵਾਂ ਮੁਖ ਵੇਖਣ ਨੂੰ ਸਰਕਾਰ ਦਾ

ਜਦੋਂ ਰਾਤੀਂ ਨੀਂਦਰ ਆਵੇ, ਮਾਹੀ ਸੁਫਨੇ ਆਣ ਜਗਾਵੇ

ਉਭੜਵਾਹੀ ਉਠ ਖਲੋਵਾਂ, ਪਰ ਮਾਹੀ ਨਜ਼ਰ ਨ ਆਵੇ

ਹਰਮੰਦਰ ਜਾ ਸੀਸ ਝੁਕਾਵਾਂ, ਮਨ ਵਸੈ ਮੁਖ ਕਰਤਾਰ ਦਾ

ਅੱਖ ਖੁਲ੍ਹੇ ਮਾਹੀ ਨੱਸ ਜਾਵੇ, ਮੁੜ ਕੇ ਨਜ਼ਰ ਨ ਆਵੇ

ਮਨ ਚ ਸੋਚ ਵਿਚਾਰ ਕਰਾਂ, ਮੇਰੇ ਚਿੱਤ ਚ ਲੱਗੇ ਹਾਵੇ

ਮੇਰੇ ਮੁਰਸ਼ਦ ਦੀ ਬਾੜੀ ਚੋਂ, ਦਿਸੈ ਦਰ ਸਰਕਾਰ ਦਾ

ਮੇਰਾ ਮੁਰਸ਼ਦ ਮੇਰਾ ਰੱਬ, ਮਨ ਮੰਨ ਬੈਂਸ ਦੀ ਗੱਲ

ਰਾਸ ਰੱਬ ਦੀ ਮੁਰਸ਼ਦ ਜਾਣੈ, ਪਾਵੈ ਮਨ ਕੂ ਠੱਲ੍ਹ

ਮੂਰਤ ਯਾਰ ਦੀ ਮਨ ਵਸਾ, ਬੈਂਸ ਉਹੋ ਮੁੱਖ ਕਰਤਾਰ ਦਾ

ਦਰ ਯਾਰ ਦਾ ਦਰ ਰੱਬ ਦਾ, ਰੱਬ ਵਸੈ ਮਨ ਅੰਦਰ

ਮਨ ਤੇਰਾ ਏ ਕਿਬਲਾ ਕਾਬਾ, ਮਨ ਅੰਦਰ ਹਰਿਮੰਦਰ

ਮਨ ਸਮਝਾ ਰੱਬ ਮਨਾ, ਚਿੱਤ ਵਸੈ ਮੁਖ ਦਿਲਦਾਰ ਦਾ
 

swarn bains

Poet
SPNer
Apr 9, 2012
643
166
ਹਰ ਵੇਲੇ

ਕਿਸੇ ਦੋ ਵੇਲੇ ਕਿਸੇ ਪੰਜ ਵੇਲੇ , ਅਸਾਂ ਹਰ ਵੇਲੇ

ਅੱਖੀਆਂ ਸੱਜਣ ਸੰਗ ਲਾਈਆਂ

ਪਲਕਾਂ ਦੇ ਰਹਿ ਸਾਹਮਣੇ, ਸ਼ਾਲਾ, ਝੱਲੀਆਂ ਨ ਜਾਣ ਜੁਦਾਈਆਂਚਿੱਤ ਤਾਂਘ ਮਿਲਣ ਦੀ ਜਾਗੀ, ਮੈਂ ਖੋਜਾਂ ਤੈਨੂੰ ਥਾਂ ਥਾਂ

ਜੀ ਚ ਇਸ਼ਕ ਚਿੰਗਾਰੀ ਸੁਲ੍ਹਗੇ, ਪਰ ਬੋਲੇ ਨ ਬਨੇਰੇ ਕਾਂ

ਦਿਲੋਂ ਭੁੱਲਾਵਾਂ ਭੁੱਲ ਨ ਪਾਵਾਂ, ਸਧਰਾਂ ਨ ਜਾਣ ਮਿਟਾਈਆਂ

ਜਦੋਂ ਤੂੰ ਸਾਹਮਣੇ ਨਾ ਹੋਵੇਂ, ਚੁੱਕ ਫੱਟੀ ਲਿਖਾਂ ਤੇਰਾ ਨਾਂ

ਮਾਹੀ ਤੇਰੀ ਯਾਦ ਸਤਾਵੇ, ਚੁੰਮਾਂ ਲਿਖਿਆ ਫੱਟੀ ਤੇ ਨਾਂ

ਆ ਜਾ ਦਰਸ ਵਖਾ ਮਾਹੀ, ਨਿੱਤ ਪਾਵਾਂ ਤੋਈਆਂ ਛਾਈਆਂ

ਚਿੱਤ ਮੇਰੇ ਚੋਂ ਕਰੇਂ ਇਸ਼ਾਰੇ, ਅਸਾਂ ਤਲਬ ਵੇਖਣ ਦੀ ਲਾਈ

ਮੁਖੜਾ ਵਖਾ ਕੇ ਦਿਲ ਪਰਚਾ, ਆ ਬੈਠ ਸਾਹਮਣੇ ਮਾਹੀ

ਜੀ ਕਰਦੈ ਤੈਨੂੰ ਤੱਕਦਾ ਰਵ੍ਹਾਂ, ਤੱਕ ਮਿਟਣ ਤਨਹਾਈਆਂ

ਤੈਂਢੇ ਇਸ਼ਕ ਮੈਖਾਨੇ ਪੁੱਜਾ, ਸਾਕੀਆ, ਸੁਰਾਹੀ ਭਰ ਲੈ ਆ

ਜੇ ਤੇਰੇ ਕੋਲ ਪਿਆਲਾ ਹੈ ਨੀ, ਸਖੀ ਬੁੱਕਾਂ ਨਾਲ ਪਿਆ

ਮੈਂ ਤਾਂ ਪੀਣੀ ਐਂ, ਲੱਗੀ ਦਿਲ ਦੀਆਂ ਆਖ ਸੁਣਾਈਆਂ

ਐਸਾ ਇਸ਼ਕ ਦਾ ਤੀਰ ਮਾਰਿਆ, ਦਰਦ ਨ ਝੱਲਿਆ ਜਾਵੇ

ਨ ਪਾਰ ਹੋਵੇ ਨ ਜਿੰਦ ਨਿਕਲੇ, ਅਸਾਂ ਤੇਰੀ ਯਾਦ ਸਤਾਵੇ

ਸਾਕੀ ਦਰਦ ਵੰਡਾ ਆ ਕੇ, ਕਿਉਂ ਸਾਥੋਂ ਅੱਖੀਆਂ ਚੁਰਾਈਆਂ

ਨੈਣਾਂ ਸੰਗ ਸਾਡੇ ਨੈਣ ਲੜੇ, ਨਿੱਤ ਲੋਚਾਂ ਤੈਨੂੰ ਸ਼ਾਮ ਸਵੇਰੇ

ਚਹਿਨ ਚੱਕਰ ਤੇਰਾ ਸੀਨੇ ਖੁਭਿਆ, ਮੁੱਕ ਗਏ ਦਿਲੋਂ ਹਨੇਰੇ

ਤੂੰ ਤੂੰ ਕਰਦੀ ਤੂੰ ਸਮਾਈ, ਮੁਰਸ਼ਦ ਮੂਰਤ ਚਿੱਤ ਵਖਈਆਂ

ਮੇਰੇ ਚਿੱਤ ਚ ਤੂੰ ਵਸਦਾ, ਪਰ ਜ਼ਰਾ ਨ ਨੈਣ ਮਿਲਾਵੇਂ

ਤੈਨੂੰ ਬੈਂਸ ਵੇਖਣ ਕੂ ਤਰਸੈ, ਪਰ ਤੂੰ ਨ ਸਾਹਮਣੇ ਆਵੇਂ

ਲੋਕਾਂ ਪੰਜ ਵੇਲੇ ਅਸਾਂ ਹਰ ਵੇਲੇ, ਪਲਕਾਂ ਇਸ਼ਕ ਝੁਕਾਈਆਂ
 

Dalvinder Singh Grewal

Writer
Historian
SPNer
Jan 3, 2010
771
393
76
ਮੈ ਤਾਂ ਹਾਂ ਇਕ ਸਿਫਰ ਜਿਹਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈ ਤਾਂ ਹਾਂ ਇਕ ਸਿਫਰ ਜਿਹਾ।
ਲੋਕ ਕਹਿਣ ਬੇਫਿਕਰ ਜਿਹਾ।
ਪਹਿਲਾਂ ਇੱਕ ਲਗਉਣੋਂ ਡਰਦਾ,
ਗਿਣਤੀ ਦੇ ਵਿੱਚ ਆਉਣੋਂ ਡਰਦਾ,
ਸੁਖ ਤੇ ਚੈਨ ਗਵਾਉਣੋਂ ਡਰਦਾ,
ਫਿਰ ਵੀ ਛਿੜਦਾ ਜ਼ਿਕਰ ਜਿਹਾ।
ਮੈ ਤਾਂ ਹਾਂ ਇਕ ਸਿਫਰ ਜਿਹਾ।
ਜੇ ਕੁਝ ਕਹਾਂ ਤਾਂ ਕਹਿਣ ਨਾ ਦੇਂਦੇ,
ਚੁੱਪ ਰਹਿਨਾਂ ਚੁੱਪ ਰਹਿਣ ਨਾ ਦੇਂਦੇ,
ਖੁਦੀ ਧਿਆਨ ਵਿਚ ਲਹਿਣ ਨਾ ਦੇਂਦੇ,
ਜਿਉਂ ਬਿਨ ਚਾਹਿਆ ਮਿਤਰ ਜਿਹਾ।
ਮੈ ਤਾਂ ਹਾਂ ਇਕ ਸਿਫਰ ਜਿਹਾ।
ਹੋਂਦ ਮਿਟਾਉਣਾ ਸਿੱਖ ਲਿਆ,
ਹਉਂ ਨੂੰ ਢਾਉਣਾ ਸਿੱਖ ਲਿਆ,
ਉਸ ਸੰਗ ਲਾਉਣਾ ਸਿੱਖ ਲਿਆ.
ਜਲ ਚਿੱਕੜ ਚੋਂ ਨਿਤਰ ਗਿਆ,
ਮੈਂ ਤਾਂ ਹਾਂ ਇਕ ਸਿਫਰ ਜਿਹਾ।
ਉਹਦਾ ਨਾਮ ਭੁਲਾਈਏ ਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਨਾਲ ਆਢਾ ਲਾਈਏ ਨਾ।
ਉਸਦਾ ਖੌਫ ਮਿਟਾਈਏ ਨਾਂ।
ਹਰ ਇਕ ਦੇ ਨਾਲ ਪਿਆਰ ਵੰਡਾਈਏ,
ਆਪਸ ਵੰਡੀਆਂ ਪਾਈਏ ਨਾ
ਮਿੱਠਾ ਬੋਲਣ ਦਿਲਾਂ ਦਾ ਜਿਤਣ
ਗੁੱਸੇ ਨਾਲ ਬੁਲਾਈਏ ਨਾ।
ਕਰੀਏ ਭਲਾ ਤੇ ਫਿਰ ਭੁੱਲ ਜਾਈਏ
ਕਦੇ ਅਹਿਸਾਨ ਜਤਾਈਏ ਨਾ।
ਤਾਪ ਚੜ੍ਹੇ ਤੇ ਨਾਈਏ ਨਾ
ਗੱਲ ਕੋਈ ਦਿਲ ਤੇ ਲਾਈਏ ਨਾ।
ਤੋਲ ਮੋਲ ਕੇ ਕਰੀਏ ਗੱਲ
ਲੋੜੋਂ ਵਧਕੇ ਖਾਈਏ ਨਾ।
ਹਰ ਇਕ ਗੱਲ ਦਾ ਇਕੋ ਸਾਰ।
ਰੱਬ ਦਾ ਨਾਮ ਭੁਲਾਈਏ ਨਾ
 

Dalvinder Singh Grewal

Writer
Historian
SPNer
Jan 3, 2010
771
393
76
ਦੁਨੀਆਂ ਆਵਣ-ਜਾਣੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੁਨੀਆਂ ਆਵਣ-ਜਾਣੀ, ਆਇਆਂ ਜਾਣਾ ਹੈ।
ਜਿਤਨੇ ਦਿਨ ਵੀ ਰਹਿਣਾ, ਹੁਕਮ ਬਜਾਣਾ ਹੈ।
ਬੜੇ ਸਿਕੰਦਰ ਹਿਟਲਰ ਆਏ ਚਲੇ ਗਏ,
ਮਹਿਲ, ਮਾੜੀਆਂ, ਕਿਲ੍ਹੇ ਬਣਾਏ ਚਲੇ ਗਏ।
ਜਿਤਣ ਆਏ, ਮੌਤ ਹਰਾਏ, ਚਲੇ ਗਏ।
ਪੱਕਾ ਕਿਸਦਾ ਏਥੇ ਠੌਰ ਠਿਕਾਣਾ ਹੈ?
ਦੁਨੀਆਂ ਆਵਣ-ਜਾਣੀ, ਆਇਆਂ ਜਾਣਾ ਹੈ।
ਬੰਦੇ ਦਾ ਇਸ ਹਾਲ ਸਹਾਰਾ ਇੱਕੋ ਹੈ,
ਜਿਸਨੇ ਰਚਿਆ, ਸਾਂਭਣਹਾਰਾ ਇੱਕੋ ਹੈ,
ਖੇਲ੍ਹ ਨਾ ਉਸ ਦਾ ਅਜ ਦਾ, ਯੁਗਾਂ ਪੁਰਾਣਾ ਹੈ।
ਦੁਨੀਆਂ ਆਵਣ-ਜਾਣੀ, ਆਇਆਂ ਜਾਣਾ ਹੈ।
ਉਸ ਨੂੰ ਜਪਣ ਬਿਨਾ ਕੋਈ ਚਾਰਾ ਹੈ ਈ ਨਈਂ,
ਉਸ ਸੰਗ ਜੁੜਣੋਂ ਬਾਝ ਸਹਾਰਾ ਹੈ ਈ ਨਈਂ।
ਛੱਡ ਜੱਗ, ਸੰਗ ਲੱਗ ਉਸਦੇ, ਉਸਦਾ ਭਾਣਾ ਹੈ।
ਦੁਨੀਆਂ ਆਵਣ-ਜਾਣੀ, ਆਇਆਂ ਜਾਣਾ ਹੈ।

ਸਾਢੇ ਤਿੰਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪੇ ਮੈਨੂੰ ਦਿਨਾਂ ਏ ਜਗਾ, ਸਾਢੇ ਤਿੰਨ।
ਆਪੇ ਗਲ ਅਪਣੇ ਵੀ ਲਾ, ਸਾਢੇ ਤਿੰਨ।
ਲਈਦਾ ਨਹਾ, ਤਨ ਕਰੀਦਾ ਏ ਸਾਫ,
ਹੋਣ ਇਹ ਵਿਚਾਰ ਨਾ ਮਿਟਾ, ਸਾਢੇ ਤਿੰਨ।
ਨਾਮ ਰਟੀ ਜਾਵਾਂ, ਨਹੀਓਂ ਲਗਦਾ ਧਿਆਨ,
ਨੀਂਦ ਵੀ ਨਾ ਆਉਂਦੀ, ਹਾਂ ਬੇਵਾਹ, ਸਾਢੇ ਤਿੰਨ।
ਸੁੱਤਿਆਂ ਤਾਂ ਸੁਪਨੇ ‘ਚ ਆਉਂਦਾ ਨਹੀਓਂ ਨਿੱਤ,
ਜਾਗਦੇ ਨੂੰ ਅਪਣਾ ਬਣਾ, ਸਾਢੇ ਤਿੰਨ।
ਨਜ਼ਰ ਸਵੱਲੀ ਕਰ, ਮਾਰ ਦੇ ਵਿਚਾਰ,
ਰੱਬਾ ਟਿਕ-ਟਿਕੀ ਤੂੰ ਲਵਾ, ਸਾਢੇ ਤਿੰਨ।
ਜਿਨਾ ਚਰ ਤੇਰੇ ਨਾਲ ਜੁੜੇ ਨਾ ਧਿਆਨ,
ਵੇਲਾ ਵਾਧੂ ਗਿਆ ਏ ਵਿਹਾ, ਸਾਢੇ ਤਿੰਨ।
ਤੇਰੇ ਤੇ ਹੀ ਮੈਂ ਤਾਂ ਹੁਣ ਛੱਡੀ ਹੋਈ ਡੋਰ,
ਜਿਵੇਂ ਚਾਹੇਂ ਦੇਈਂ ਤੂੰ ਨਿਭਾ, ਸਾਢੇ ਤਿੰਨ।
ਹੋਰ ਨਾ ਕੋਈ ਲੋੜ, ਮੇਰੀ ਹੋਰ ਨਾ ਕੋਈ ਮੰਗ,
ਅਪਣੇ ‘ਚ ਲਈਂ ਤੂੰ ਸਮਾ, ਸਾਢੇ ਤਿੰਨ।
ਆਪੇ ਮੈਨੂੰ ਦਿਨਾਂ ਏ ਜਗਾ, ਸਾਢੇ ਤਿੰਨ।
ਆਪੇ ਗਲ ਅਪਣੇ ਵੀ ਲਾ, ਸਾਢੇ ਤਿੰਨ।

ਉੱਪਰ ਸੱਚ ਆਚਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਭ ਤੋਂ ਉਤਮ ਸੱਚ ਹੈ ਉਸ ਤੇ ਉੱਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉੱਤਮ ਵਿਵਹਾਰ।
ਈਸ਼ਰ ਵਸਦਾ ਸਭਨੀਂ ਥਾਈਂ, ਸਭ ਦੇ ਸੰਗ ਹਰ ਵੇਲੇ।
ਫਿਰ ਵੀ ਅਨੁਭਵ ਹੁੰਦਾ ਹੈ ਨਾ, ਹੋਣ ਕਿਵੇਂ ਫਿਰ ਮੇਲੇ?
ਅਤਿ ਸੂਖਮ, ਉਹ ਪਾਕ ਪਵਿਤਰ, ਸਭ ਤੱਤਾਂ ਵਿਚਕਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਸੂਖਮ ਤੱਤ ਦਾ ਸੱਚ ਜਾਨਣ ਲਈ, ਉਸ ਦਾ ਸੰਗ ਮਾਨਣ ਲਈ।
ਤਨ, ਮਨ, ਬੁੱਧੀ ਕਰੋ ਪਵਿਤਰ, ਸੱਚ ਨੂੰ ਪਹਿਚਾਨਣ ਲਈ।
ਚੰਚਲ ਅਤੇ ਅਪਵਿਤਰ ਜੋ ਬੁੱਧ, ਪਾ ਨਾ ਸਕਦੀ ਸਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਸ਼ੁਧ ਕਰੋ ਤਨ, ਮਨ ਤੇ ਬੁੱਧੀ, ਰੱਖ ਕੇ ਸ਼ੁਧ ਅਚਾਰ,
ਸਤਿਸੰਗ ਕਰ, ਜਪ ਨਾ ਈਸ਼ਵਰ ਦਾ, ਮਾਰੋ ਸੱਭ ਵਿਚਾਰ।
ਧਿਆਨ ਧਰੋ ਅੰਤਰਮਨ ਹੋ ਕੇ, ਅੰਗ ਅੰਗ ਉਮਡੇ ਪਿਆਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।

ਸੱਚਾ-ਸੁਚਾ ਤਨ-ਮਨ ਹੋਵੇ, ਸੱਚਾ ਕਰਦਾ ਵਾਸ।
ਆਨੰਦ, ਆਨੰਦ, ਜੀਵਨ ਜਾਪੇ, ਨਿਰਛਲ ਵਗਦੇ ਸਾਸ।
ਕਾਮ, ਕ੍ਰੋਧ, ਮੋਹ, ਲੋਭ ਮਿਟ ਜਾਂਦੇ, ਨਾ ਰਹਿੰਦਾ ਹੰਕਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਹੋਵੇ ਸ਼ੁਧ ਆਧਾਰ ਜੇ ਸੱਚ ਦਾ, ਹੋਵੇ ਸ਼ੁਧ ਆਚਾਰ,
ਈਸ਼ਰ ਵਿਚ ਸ਼ਰਧਾ ਰੱਖ ਪੱਕੀ, ਜੋ ਮਿਲਿਆ, ਸਵੀਕਾਰ।
ਮਨ ਸ਼ੁਧ, ਸੁੱਚ ਬੁੱਧ, ਆਨੰਦ, ਆਨੰਦ, ਸ਼ਕਤੀ ਦਾ ਸੰਚਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਕਾਰੋਬਾਰ, ਵਿਉਹਾਰ, ਆਚਾਰ ‘ਚ ਸੱਚੇ, ਸੋਈ ਪਾਰ।
ਸੱਚਾ ਕਾਰੋਬਾਰ ਸਦਾ ਸ਼ੁਭ, ਪਿਆਰ ਸੱਚਾ ਵਿਉਹਾਰ।
ਸਭ ਤੋਂ ਉਤਮ ਸੱਚ ਹੈ ਭਾਈ ਜੇ ਸੱਚਾ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉੱਤਮ ਵਿਵਹਾਰ।


ਕੁਦਰਤ ਦਾ ਮੇਲਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
ਇਸ ਮੇਲੇ ਵਿੱਚ ਰਹਿਕੇ ਲਗਦਾ ਜੀਣ ਸੁਹੇਲਾ।
ਰਿਵੀ ਵਗੇ ਤਾਂ ਝੂਮਣ ਪੱਤੇ, ਭਰਨ ਉਡਾਰੀ,
ਵੇਲਾਂ ਵਿੱਚ ਦੀ ਪਵਨ ਗੁਜ਼ਰਦੀ ਜਿਵੇਂ ਖਿਡਾਰੀ।
ਖੇਡ ਰਹੇ ਨੇ ਭੌਰੇ, ਕਰ ਫੁਲਾਂ ਸੰਗ ਖੇਲ੍ਹਾ।
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
ਖਿੜੇ ਹੋਏ ਫੁੱਲਾਂ ਦੀ ਖੁਸ਼ਬੂ ਦਾ ਵਾਹ ਘੇਰਾ,
ਭਾਂਤ ਭਾਂਤ ਦੇ ਫਲ ਲਲਚਾਉਂਦੇ ਜੀ ਨੇ ਮੇਰਾ।
ਹੋਵੇ ਚੜ੍ਹਦੇ ਸੂਰਜ ਜਾਂ ਛਿਪਦੇ ਦਾ ਵੇਲਾ।
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
ਛੋਟੇ ਵੱਡੇ ਪੰਛੀ ਉੜਣ ਕਲੋਲਾਂ ਭਰਦੇ ।
ਰੰਗ ਬਿਰੰਗ ਕਬੂੂਤਰ-ਤੋਤੇ ਘੂੰ ਘੂੰ ਕਰਦੇ ।
ਚਿੜੀਆਂ ਦੀ ਚੀਂ ਚੀਂ ਦਾ ਵਾਹਵਾ ਰੇਲਾ।
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
 

swarn bains

Poet
SPNer
Apr 9, 2012
643
166
ਨੈਣਾਂ ਦੀ ਚੋਰੀ

ਮਨ ਏ ਤਨ ਦੇ ਅੰਦਰ ਆਲਾ, ਆਲੇ ਵਿਚ ਰੱਖੀ ਮੋਰੀ

ਆਲੇ ਅੰਦਰ ਦੀਵਾ ਬਲਦਾ, ਮੋਰੀ ਚੋਂ ਦਿਲ ਹੋਵੇ ਚੋਰੀ

ਨੈਣਾਂ ਸੰਗ ਨ ਨੈਣ ਮਿਲਾਇਓ, ਆਖਾਂ ਗੱਲ ਇਕ ਕੋਰੀ

ਨੈਣ ਨੈਣਾਂ ਕੂ ਪਲਕ ਝੁਕਾ, ਕਰ ਲੈਣ ਚਿੱਤ ਦੀ ਚੋਰੀ

ਨੈਣ ਨੈਣਾਂ ਦੀ ਕਰੀ ਗੁਲਾਮੀ, ਮੇਰੇ ਨੈਣ ਹੋ ਗਏ ਚੋਰੀ

ਨੈਣ ਨੈਣਾਂ ਕੂ ਲੁੱਟ ਲੈ ਗਏ, ਪਏ ਖੇਡ੍ਹਣ ਚੋਰੀ ਮੋਰੀਨੈਣਾਂ ਦਾ ਇਤਬਾਰ ਨ ਕਰਿਓ, ਨੈਣ ਚਿੱਤ ਭਰਮਾ ਲੈਂਦੇ

ਨੈਣ ਲੜਾ ਕੇ ਜੀ ਭਰਮਾ ਕੇ, ਚਿੱਤ ਦਾ ਚੈਨ ਗੁਆ ਦੇਂਦੇਕੁੜਈਓ ਸ਼ਹਿਰ ਭੰਬੌਰ ਦੀਓ, ਬਲੋਚ ਨ ਯਾਰ ਬਣਾਇਓ

ਭੈੜੇ ਨੈਣਾਂ ਦੇ ਲੱਗ ਕੈ ਆਖੇ, ਨਾ ਅਪਣਾ ਆਪ ਗੁਆਇਓ

ਵਿੱਚ ਥਲਾਂ ਰੁਲ ਗਈ ਤੱਤੀ, ਪਰ ਯਾਰ ਨਜ਼ਰ ਨਹੀਂ ਆਉਂਦੇ

ਸੁਫਨੇ ਅੰਦਰ ਨੈਣ ਮਿਲਾ ਕੇ, ਅੜੀਓ ਹੋ ਜਾਣ ਕੱਚੇ ਵਾਧੇ

ਅੱਖ ਖੁਲ੍ਹੀ ਮਾਹੀ ਨਜ਼ਰ ਨ ਆਵੈ, ਸਖੀ ਬਦਲ ਲਏ ਇਰਾਦੇ

ਬੈਂਸ ਸੁਫਨੇ ਸੱਚ ਨਹੀਂ ਹੁੰਦੇ, ਐਵੇਂ ਸੱਖਣੇ ਦਿਲ ਧੜਕਾ ਜਾਂਦੇ

ਨੈਣ ਨੈਣਾਂ ਦੀ ਤਾਂਘ ਅਵੱਲੀ, ਮੈਂ ਮਾਹੀ ਬਿਨ ਕੱਲਮ ਕੱਲੀ

ਚਿੱਤ ਅਵਾਜਾ ਦਏ ਯਾਰ ਦਾ, ਸੁਫਨੇ ਅੰਦਰ ਵਜਦੀ ਟੱਲੀ

ਉਭੜਵਾਈ ਉਠ ਉ ਨੱਸੇਂ, ਅੱਖ ਖੁਲ਼੍ਹੀਂ ਯਾਰ ਛੁਪ ਜਾਂਦੇ

ਅੜੀਓ ਮੰਨਿਓਂ ਨਾ ਨੈਣਾਂ ਦੀ, ਨੈਣਾਂ ਦੀ ਝਾਕ ਅਵੱਲੀ

ਕੱਚੇ ਘੜੇ ਤੇ ਤਰ ਗਈ ਸੋਹਣੀ, ਮਾਰ ਗਈ ਨ ਝੱਲੀ

ਡੁੱਬ ਗਈ ਵਿਚ ਝਨਾ ਦੇ, ਬੈਂਸ ਸੁਫਨੇ ਸੱਚ ਨਹੀਂ ਆਉਂਦੇ

ਨੈਣਾਂ ਆਖੇ ਲੱਗ ਕੇ, ਮਨਸੂਰ ਕਹੇ ਮੈਂ ਬਣ ਹੀ ਹਾਂ ਰੱਬ

ਸੂਲੀ ਤੇ ਉਹਨੂੰ ਚਾੜ੍ਹ ਦਿੱਤਾ, ਤਲਬ ਨੈਣ ਨ ਜਾਣੈ ਜੱਗ

ਨੈਣ ਨੈਣਾਂ ਦੀ ਕਰਨ ਸਾਲਸੀ, ਬਸੀਠ ਵੀ ਦਗਾ ਕਮਾ ਜਾਂਦੇ

ਕਿਰਨ ਆਵੈ ਕਮਲ ਖਿੜ ਆਵੈ, ਕਿਰਨ ਝਲਕ ਚਿੱਤ ਭਰਮਾਵੈ

ਜੱਗ ਰਚਨਾ ਪ੍ਰਭ ਇੰਞ ਬਣਾਈ, ਨੈਣ ਵੇਖ ਕੈ ਮਨ ਭਰਮਾਵੈ

ਨੈਣ ਬਣਾਏ ਜੱਗਤ ਤਮਾਸ਼ਾ, ਮੁੜ ਮਨ ਕੂ ਟਿਕਣ ਨ ਦੇਂਦੇ

ਯਾਰ ਮਨਾਏ ਹੋਂਦ ਚ ਆਇਆ ਰੱਬ, ਫਿਰ ਰੱਬ ਸਾਜਿਆ ਜੱਗ

ਰੱਬ ਜੱਗ ਦਾ ਇਸ਼ਕ ਅਵੱਲਾ, ਹਰ ਮਨ ਵਿਚ ਵਸਦਾ ਰੱਬ

ਬੈਂਸ ਯਾਰ ਮਨਾ ਕੈ ਮਨ ਸਮਝਾ, ਯਾਰ ਮਨ ਚੋਂ ਰੱਬ ਮਿਲਾ ਦਿੰਦੇ
 

Dalvinder Singh Grewal

Writer
Historian
SPNer
Jan 3, 2010
771
393
76
ਆਈ ਤੇਰੀ ਯਾਦ ਸਜਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰੀ ਯਾਦ ਸਜਣਾਂ ਜੀ ਬੜੀ ਆਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਅਸੀਂ ਤੇਰੇ ਵੱਲ ਸੁਰਤ ਟਿਕਾਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਚਾਰੇ ਪਾਸੇ ਨ੍ਹੇਰਾ ਸੀ ਤੇ ਨਿਰੀਚੁੱਪ ਚਾਂ ਸੀ।
ਅੰਦਰੋਂ ਆਵਾਜ਼ ੳੁੱਠੀ ਇਕੋ ਤੇਰਾ ਨਾਂ ਸੀ।
ਨੀਝ ਤੇਰਾ ਨਾਂ ਜਪਣ ਵੱਲ ਲਾਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਤੇਰੀ ਯਾਦ ਸਜਣਾਂ ਜੀ ਬੜੀ ਆਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਠੰਢੀ ਠੰਢੀ ਵਾ ਸੀ ਤੇ ਤਾਰਿਆਂ ਦੀ ਛਾਂ ਸੀ।
ਚੰਨ ਪਾਉਂਦਾ ਪੈਲਾਂ ਜਪੀ ਜਾਂਦਾ ਤੇਰਾ ਨਾਂ ਸੀ।
ਮਿੰਨੀ ਮਿੰਨੀ ਉਹਦੀ ਕਿਰਨ ਰੁਸ਼ਨਾਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਤੇਰੀ ਯਾਦ ਸਜਣਾਂ ਜੀ ਬੜੀ ਆਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਤੇਰੇ ਨਾਲ ਚਿੱਤ ਮੱਲੋ ਮੱਲੀ ਜੁੜ ਗਿਆ ਸੀ।
ਬਾਹਰ ਵੀ ਤੇ ਅੰਦਰ ਵੀ ਤੂੰ ਹੀ ਦਿਸ ਰਿਹਾ ਸੀ।
ਸ਼ਾਂਤ ਚਿੱਤ ਨੇ ਅਨੰਦ ਲੋਰ ਪਾਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਤੇਰੀ ਯਾਦ ਸਜਣਾਂ ਜੀ ਬੜੀ ਆਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਬਾਹਰ ਚੰਨ ਚਾਨਣਾਂ ਤੇ ਅੰਦਰ ਤੇਰਾ ਚਾਨਣਾ।
ਕਿਤਨਾ ਸੁਹਾਣਾ ਵਾਤਾਵਰਣ ਅੱਜ ਮਾਨਣਾ।
ਜਿਉਂ ਅੰਮ੍ਰਿਤ ਧਾਰ ਤੂੰ ਵਗਾਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਤੇਰੀ ਯਾਦ ਸਜਣਾਂ ਜੀ ਬੜੀ ਆਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਜੱਗ ਨਾਲ ਟੁੱਟੀ ਅੱਖ ਤੇਰੇ ਨਾਲ ਲੱਗ ਗਈ।
ਸੁੱਤੀ ਹੋਈ ਰੂਹ ਏ ਮੇਰੀ ਤੈਨੂੰ ਦੇਖ ਜਗ ਗਈ।
ਤੇਰੀ ਕ੍ਰਿਪਾ ਜੋ ਘੜੀ ਇਹ ਵਿਖਾਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਤੇਰੀ ਯਾਦ ਸਜਣਾਂ ਜੀ ਬੜੀ ਆਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਦੇਵੀਂ ਇਹ ਦੁਆਵਾਂ ਏਵੇਂ ਮੇਲ ਰਹੇ ਬਣਿਆ।
ਤੇਰੇ ਨਾਲੋਂ ਵੱਖ ਹੋ ਕੇ ਜੀਣਾ ਵੀ ਕੀ ਸੱਜਣਾ।
ਮੈਂ ਤਾਂ ਬੈਠਾ ਆਪਾ ਅਪਣਾ ਮਿਟਾਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
ਤੇਰੀ ਯਾਦ ਸਜਣਾਂ ਜੀ ਬੜੀ ਆਈ, ਪਹਿਲੇ ਪਹਿਰੇ ਨੀਂਦ ਖੁਲ੍ਹ ਗਈ।
 

Dalvinder Singh Grewal

Writer
Historian
SPNer
Jan 3, 2010
771
393
76
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ, ਜਦੋਂ ਮੇਰੀ ਮੈਂ ਮੁੱਕ ਗਈ।
ਮੈਨੂੰ ਦਿਸਦਾ ਨਾ ਕੋਈ ਵੀ ਪਰਾਇਆ, ਜਦੋਂ ਮੇਰੀ ਮੈਂ ਮੁੱਕ ਗਈ।
ਤੇਰੀ ਸਾਰੀ ਕੁਦਰਤ ਤੇ ਤੇਰੇ ਇਹ ਨਜ਼ਾਰੇ ਨੇ।
ਸੂਰਜ ਦਿਨੇ, ਰਾਤੀਂ ਸਾਰੇ ਚੰਨ ਤੇ ਸਿਤਾਰੇ ਨੇ।
ਤੇਰੀ ਅਪਣੀ ਖਿਲਾਈ ਸਾਰੀ ਮਾਇਆ, ਜਦੋਂ ਮੇਰੀ ਮੈਂ ਮੁੱਕ ਗਈ।
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ, ਜਦੋਂ ਮੇਰੀ ਮੈਂ ਮੁੱਕ ਗਈ।
ਝੂਲਦੇ ਇਹ ਰੁੱਖ ਹੱਸੀ ਜਾਂਦੇ ਕਿਵੇਂ ਫੁੱਲ ਨੇ।
ਲ਼ੱਗਦੇ ਪਿਆਰੇ ਬੜੇ ਕਲੀਆਂ ਦੇ ਬੁਲ੍ਹ ਨੇ।
ਕਿਵੇਂ ਰੰਗਾਂ ਦਾ ਇਹ ਬਿਸਤਰ ਵਿਛਾਇਆ, ਜਦੋਂ ਮੇਰੀ ਮੈਂ ਮੁੱਕ ਗਈ।
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ, ਜਦੋਂ ਮੇਰੀ ਮੈਂ ਮੁੱਕ ਗਈ।
ਤੇਰੀ ਰਚਨਾ ਦਾ ਕੋਈ ਅੰਤ ਨਾ ਸ਼ੁਮਾਰ ਏ,
ਕਿਤੇ ਠੰਢ, ਗਰਮੀ,ਬਸੰਤ ਤੇ ਬਹਾਰ ਏ।
ਤੂੰ ਤਾਂ ਆਪ ਏਡਾ ਜਗਤ ਚਲਾਇਆ, ਜਦੋਂ ਮੇਰੀ ਮੈਂ ਮੁੱਕ ਗਈ।
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ, ਜਦੋਂ ਮੇਰੀ ਮੈਂ ਮੁੱਕ ਗਈ।
ਕਿਣਕੇ ਸਮਾਨ ਐਵੇਂ ਰਿਹਾ ਟਾਹਰਾਂ ਮਾਰਦਾ।
ਅਣਹੋਂਦਾ ਹੋਂਦ ਕਿਉਂ ਸੀ ਰਿਹਾ ਇਉਂ ਚਿਤਾਰਦਾ।
ਇੱਕ ਸਿਫਰ ਤੋਂ ਹਾਂ ਛੋਟਾ, ਸਮਝਾਇਆ , ਜਦੋਂ ਮੇਰੀ ਮੈਂ ਮੁੱਕ ਗਈ।
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ, ਜਦੋਂ ਮੇਰੀ ਮੈਂ ਮੁੱਕ ਗਈ।
ਜਦੋਂ ਤੱਕ ਆਪਾ ਨਾ ਸੀ ਅਪਣਾ ਪਛਾਣਿਆ,
ਭੁੱਲਿਆ ਭਟਕਦਾ ਸੀ ਜੱਗ-ਖਾਕ ਛਾਣਿਆ।
ਆਈ ਜੋ ਸਮਝ, ਰਾਹੇ ਪਾਇਆ, ਜਦੋਂ ਮੇਰੀ ਮੈਂ ਮੁੱਕ ਗਈ।
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ, ਜਦੋਂ ਮੇਰੀ ਮੈਂ ਮੁੱਕ ਗਈ।
ਆਪਣੀ ਵਿਸ਼ਾਲਤਾ ‘ਚ ਰੱਬ ਜੀ ਸਮਾ ਲਉ।
ਕਿਣਕੇ ਨੂੰ ਹੋਂਦ ਦਾ ਇਹ ਨਸ਼ਾ ਵੀ ਮਿਟਾ ਲਓ।
ਹੋਵੇ ਨਾਮ ਦਾ ਇਹ ਸਦਾ ਵਰੋਸਾਇਆ ਜਦੋਂ ਮੇਰੀ ਮੈਂ ਮੁੱਕ ਗਈ।
ਤੂੰ ਹੀ ਤੂੰ ਏਂ ਨਜ਼ਰ ਮੈਨੂੰ ਆਇਆ, ਜਦੋਂ ਮੇਰੀ ਮੈਂ ਮੁੱਕ ਗਈ।
 

Dalvinder Singh Grewal

Writer
Historian
SPNer
Jan 3, 2010
771
393
76
ਤੇਰੇ ਬਿਨ ਦਾਤਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਬਿਨ ਹੁਣ ਦਾਤਾ, ਮੇਰਾ ਹੋਰ ਨਾ ਕੋਈ।
ਜਿਉਂ ਭਾਵੇ ਤੂੰ ਰੱਖ ਸਜਣਾ, ਦੇ ਦੇਣਾ ਢੋਈ।
ਰਿਸ਼ਤੇ ਨਾਤੇ ਤੱਕ ਲਏ, ਸਭ ਮਤਲਬ ਖੋਰੇ।
ਲੋੜ ਪਵੇ ਤਾਂ ਸਾਰ ਨਾ ਲੈਂਦੇ, ਲਾਲਚ ਭੋਰੇ।
ਮੋਹ-ਮਾਇਆ ਨੇ ਦੁਨੀਆਂ ਦੀ ਮੱਤ ਖੋਈ ਹੋਈ।
ਤੇਰੇ ਬਿਨ ਹੁਣ ਦਾਤਾ ਮੇਰਾ ਹੋਰ ਨਾ ਕੋਈ।
ਮੇਰੇ ਹੱਥ-ਵਸ ਕੁਝ ਨਾ, ਤੂੰ ਹੀ ਕਰਤਾ ਧਰਤਾ।
ਜੋ ਤੂੰ ਚਾਹੇਂ ਹੋਵੇ ਉਹ ਹੀ, ਸਾਈਂ-ਭਰਤਾ।
ਤੈਥੋਂ ਉਲਟ ਨਾ ਪੱਤਾ ਹਿੱਲੇ, ਚਾਹੇਂ ਸੋ ਹੋਈ।
ਤੇਰੇ ਬਿਨ ਹੁਣ ਦਾਤਾ ਮੇਰਾ ਹੋਰ ਨਾ ਕੋਈ।
ਤੇਰੇ ਦਰ ਤੇ ਆ ਬੈਠੇ, ਹੁਣ ਕਿਤੇ ਨਾ ਜਾਣਾ।
ਲੜ ਲਾ ਲੈ ਜਾਂ ਸੁੱਟ ਪਾਸੇ, ਜਿਉਂ ਤੈਨੂੰ ਭਾਣਾ।
ਮਣਕਾ ਰੁਲਿਆ, ਲੋੜੇ ਮਾਲਾ ਵਿਚ ਪਰੋਈ।
ਤੇਰੇ ਬਿਨ ਹੁਣ ਦਾਤਾ ਮੇਰਾ ਹੋਰ ਨਾ ਕੋਈ।
ਤੇਰੀ ਨਜ਼ਰ-ਮਿਹਰ ਨੂੰ ਤਰਸਾਂ, ਦੀਦ ਤਿਹਾਇਆ।
ਤੇਰੇ ਬਾਝੋਂ ਰਹਿਣਾ ਮੇਰੇ ਵੱਸ ਨਾ ਆਇਆ।
ਤੇਰੀ ਓਟ ਤਕਾਈ ਦਾਤਾ, ਰੱਖ ਗੋਦ ਸਮੋਈ।
ਤੇਰੇ ਬਿਨ ਹੁਣ ਦਾਤਾ ਮੇਰਾ ਹੋਰ ਨਾ ਕੋਈ।
 

swarn bains

Poet
SPNer
Apr 9, 2012
643
166
ਤੇਰੇ ਬਿਨ ਹੁਣ ਦਾਤਾ ਮੇਰਾ ਹੋਰ ਨਾ ਕੋਈ. ਬਹੁਤ ਵਧੀਆ ਜੀ
 

swarn bains

Poet
SPNer
Apr 9, 2012
643
166
ਲਓ ਜੀ ਹੁਣੇ ਲਿਖੀਭਵਸਾਗਰ


ਮੇਰਾ ਮਨ ਮਰਨ ਨੂੰ ਕਰਦੈ, ਪਰ ਮਰ ਕੇ ਕਿਧਰ ਜਾਵਾਂ

ਨਾ ਮਰਾਂ ਤਾਂ ਮਾਰ ਦੇਣਗੇ, ਦਿਲ ਦਰਦ ਮੈਂ ਕਿਵੇਂ ਛੁਪਾਵਾਂ

ਹੁਣ ਸਾਰੀ ਦੁਨੀਆਂ ਵੇਖ ਲਈ, ਕੁਝ ਨਹੀਂ ਜੱਗ ਚ ਮੇਰਾ

ਜਿੱਧਰ ਜਾਵਾਂ ਕੁਝ ਨਾ ਦਿੱਸੇ, ਚਾਰੇ ਵੰਨੇ ਘੁੱਪ ਹਨ੍ਹੇਰਾ

ਹਾਰ ਗਿਆ ਤੱਕ ਜਗਤ ਤਮਾਸ਼ਾ, ਜੀਅ ਕਿਵੇਂ ਸਮਝਾਵਾਂ

ਮਦੀਨੇ ਵੱਲ ਜਾਂਦਿਆ ਹਾਜੀ ਓਏ, ਮੇਰਾ ਸਨੇਹਾ ਲੈਂਦਾ ਜਾ

ਅਸਾਂ ਓਹਦੀ ਯਾਦ ਸਤਾਉਂਦੀ ਏ, ਮੇਰੇ ਮਾਹੀ ਨੂੰ ਜਾ ਸੁਣਾ

ਖੁਦ ਆ ਜਾ ਲੈ ਉਡਣ ਖਟੋਲਾ, ਮੈਂ ਤੇਰੇ ਸੰਗ ਉੜ ਜਾਵਾਂ

ਇੱਥੇ ਕੋਈ ਨੀ ਮੀਤ ਹਮਾਰਾ, ਸਈਓ ਪਿਆਰ ਦਾ ਦਿਓ ਸਹਾਰਾ

ਬੇੜੀ ਫਸੀ ਮਝਧਾਰ ਵਿਚ, ਅਸਾਂ ਨਜ਼ਰ ਨਾ ਆਵੇ ਕਿਨਾਰਾ

ਆ ਸਖੀ ਅੱਜ ਮੋਢਾ ਲਾ ਦੇ, ਭਵਸਾਗਰ ਪਾਰ ਹੋ ਜਾਵਾਂ

ਮਰਨਾ ਮਰਨਾ ਸਭ ਜੱਗ ਆਖੈ, ਮਰਨ ਭੀ ਨ ਜਾਣੈ ਕੋਈ

ਜਿਉਂਦੇ ਜੀ ਬੈਂਸ ਮਰਨਾ ਸਿੱਖ, ਜੰਮਣ ਮਰਨ ਖਲਾਸੀ ਸੋਈ

ਨੱਥ ਮਨ ਕੂ ਪਾ ਮਨ ਸਮਝਾ, ਮਨ ਵਿਚੋਂ ਰਾਹ ਮਿਲ ਜਾਣਾ

ਕੱਲਾ ਆਇਆ ਇਥੋਂ ਜਾਣਾ ਕੱਲੇ, ਭਵਸਾਗਰ ਦੇ ਵਹਿਣ ਅਵੱਲੇ

ਜੰਮਣ ਤੋਂ ਪਹਿਲਾਂ ਮੌਤ ਲਿਖਾਈ, ਬਲੀ ਬਾਝ ਬੇੜੀ ਨ ਚੱਲੇ

ਬਣ ਬਸੰਤ ਦੇ ਲਹੂ ਦਾ ਝੋਕਾ, ਤੇਰਾ ਜਹਾਜ ਆਪੇ ਟੁਰ ਜਾਣਾ

ਜੱਗ ਘੁਮਣ ਘੇਰੀ ਵਾਹ ਨ ਤੇਰੀ, ਮੁਰਸ਼ਦ ਬਾਝੋਂ ਚੱਲੇ ਨ ਬੇੜੀ

ਬੈਂਸ ਯਾਰ ਬਣਾ ਕੇ ਯਾਰ ਮਨਾ, ਜੰਮਣ ਮਰਨ ਮੁੱਕ ਜਾਏ ਫੇਰੀ

ਭਵਸਾਗਰ ਦਾ ਯਾਰ ਦਾ ਮਲਾਹ, ਉਹਨੇ ਤੈਨੂੰ ਪਾਰ ਲੰਘਉਣਾ
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Ang 724

As previous, individual words provided, please feel free to correct. My interpretation underneath in blue. Please add in your own understanding and how this shabad influences your life...

SPN on Facebook

...
Top