Welcome to SPN

Register and Join the most happening forum of Sikh community & intellectuals from around the world.

Sign Up Now!

In Punjabi Exegesis Of Gurbani As Per Sri Guru Granth Sahib-Hukam

Discussion in 'Jap Ji Sahib' started by dalvindersingh grewal, Jun 16, 2017.

 1. dalvindersingh grewal

  dalvindersingh grewal India
  Expand Collapse
  Writer Historian SPNer Contributor

  Joined:
  Jan 3, 2010
  Messages:
  352
  Likes Received:
  295
  ਹੁਕਮ
  ਡਾ: ਦਲਵਿੰਦਰ ਸਿੰਘ ਗ੍ਰੇਵਾਲ


  ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ ੨ ॥ (ਜਪੁਜੀ ਸਾਹਿਬ ਪਉੜੀ ੨, ਪੰਨਾ ੧)

  ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਕੂੜ ਦੀ ਪਾਲ ਤੋੜਣ ਲਈ ਤੇ ਸਚਿਆਰ ਬਣਨ ਲਈ ਹੁਕਮ ਰਜ਼ਾ ਵਿਚ ਚਲਣਾ ਦਰਸਾਇਆ ਗਿਆ ਹੈ।

  ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ (ਜਪੁਜੀ ਪਉੜੀ ੧, ਪੰਨਾ ੧)

  ਦੂਸਰੀ ਪਉੜੀ ਹੁਕਮ ਰਜ਼ਾ ਦੀ ਵਿਆਖਿਆ ਕਰਦੇ ਹੋਏ, ਹਉਮੈ ਤੇ ਨਾਮ ਦਾ ਮਹਤਵ ਦਰਸਾਉਂਦੀ ਹੈ।

  ਹੁਕਮ ਰਜ਼ਾ ਕੀ ਹੈ?

  ਉਸਦਾ ਹੁਕਮ ਕੀ ਹੈ ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਿਵੇਂ ਪ੍ਰਮਾਤਮਾ ਬੇਅੰਤ ਹੈ ਉਸ ਦਾ ਹੁਕਮ ਵੀ ਬੇਅੰਤ ਹੈ ਪਰ ਉਸ ਦੇ ਹੁਕਮ ਵਿਚ ਜੋ ਕੁਝ ਹੋ ਰਿਹਾ ਹੈ ਉਹ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਜੋ ਵੀ ਵਿਸ਼ਵ ਦੇ ਆਕਾਰ ਜਗਤ, ਪਦਾਰਥ, ਜੀਵ ਹੋਏ, ਹਨ ਜਾਂ ਹੋਣਗੇ ਸਭ ਉਸੇ ਦੇ ਹੁਕਮ ਅਨੁਸਾਰ ਹੋਏ ਹਨ। ਉਸ ਦੀ ਰਜ਼ਾ ਵਿਚ ਰਹਿਣਾ ਹੀ ਉਸ ਦੇ ਹੁਕਮ ਦੀ ਪਾਲਣਾ ਕਰਨਾ ਹੈ:

  ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ (ਜਪੁਜੀ ਪਉੜੀ ੨, ਪੰਨਾ ੧)

  ਗੁਰੂ ਨਾਨਕ ਦੇਵ ਜੀ ਅਨੁਸਾਰ ਰੱਬ ਦਾ ਹੁਕਮ ਮੰਨਣਾ, ਉਸਦੀ ਰਜ਼ਾ ਵਿਚ ਰਹਿਣਾ, ਉਸਦਾ ਭਾਣਾ ਮਿਠਾ ਕਰਕੇ ਮੰਨਣਾ ਉਸ ਦੇ ਹੁਕਮ-ਰਜ਼ਾ ਵਿਚ ਰਹਿਣਾ ਹੈ।ਹੁਕਮ ਪਛਾਨਣ ਲਈ ਗੁਰਮੁਖ ਹੋਣਾ ਜ਼ਰੂਰੀ ਹੈ ਜੋ ਸਤਿਗੁਰ ਦਾ ਹੁਕਮ ਮੰਨ ਕੇ ਉਸ ਵਿਚ ਸਮਾਉਂਦਾ ਹੈ:

  ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ॥ ੯॥ (੧੦੩੬)

  ਸਤਿਗੁਰੂ ਦੀ ਮਿਹਰ ਸਦਕਾ ਹੁਕਮ ਬੁਝਿਆ ਜਾ ਸਕਦਾ ਹੈ ਤੇ ਮੂਲ ਤੱਤ (ਅਸਲੀਅਤ) ਦੀ ਪਛਾਣ ਹੁੰਦੀ ਹੈ।ਜੋ ਅਪਣੀ ਹੋਂਦ ਭਾਵ ਹਉਮੈਂ ਵਿਚ ਰਹਿੰਦਾ ਹੈ ਉਹ ਯਮਾਂ ਦੀ ਪਕੜ ਵਿਚ ਆ ਜਾਂਦਾ ਹੈ।ਜਿਸ ਵਿਚ ਹਉਮੈਂ ਨਹੀਂ ਹੁੰਦੀ, ‘ਮੈੰ’ ਨਹੀਂ ਹੁੰਦੀ ਉਹ ਜੂਨਾਂ ਦੇ ਚੱਕਰਾਂ ਵਿਚੋਂ ਬਚ ਜਾਂਦਾ ਹੈ:
  ਹੁਕਮੈ ਬੂਝੈ ਤਤੁ ਪਛਾਣੈ॥ ਇਹੁ ਪਰਸਾਦੁ ਗੁਰੂ ਤੇ ਜਾਣੈ॥ਹੋਂਦਾ ਫੜੀਅਗੁ ਨਾਨਕ ਜਾਣੁ ॥ ਨਾ ਹਉ ਨਾ ਮੈ ਜੂਨੀ ਪਾਣੁ ॥ ੨ ॥ (ਪੰਨਾ ੧੨੮੯)

  ਸਾਰੇ ਦਿਨ, ਰਾਤ, ਤਿਥ, ਵਾਰ, ਰੁੱਤ, ਮਹੀਨੇ, ਧਰਤੀ, ਹਰਿਆਵਲ, ਪਾਣੀ, ਪੌਣ, ਅਗਨੀ, ਪਤਾਲ, ਭਵਨ ਪੁਰੀਆਂ, ਭੂ ਖੰਡ ਤੇ ਹਰ ਆਕਾਰ ਜਿਸ ਵਿਚ ਪ੍ਰਮਾਤਮਾ ਦੀ ਲੋਅ ਜਗਦੀ ਹੈ (ਸਭ ਉਸੇ ਦਾ ਹੁਕਮ ਹੈ) ਕਿਤਨੀ ਵਿਸ਼ਾਲ ਪਹੁੰਚ ਹੈ ਹੁਕਮ ਦੀ, ਇਹ ਕਹਿ ਸਕਣਾ ਅਸੰਭਵ ਹੈ।

  ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥ ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥ ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥ ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥ (ਆਸਾ ੧, ਪੰਨਾ ੧੨੪੧)

  ਉਸ ਦੇ ਹੁਕਮੋਂ ਧਰਤੀ ਬੈਲ ਦੇ ਸਿੰਗਾਂ ਤੇ ਟਿਕੀ ਹੈ।ਹਵਾ, ਜਲ, ਅਸਮਾਨ ਉਸ ਦੇ ਫੁਰਮਾਨ ਦੇ ਤਾਬੇ ਹਨ।ਰੱਬ ਦੀ ਰਜ਼ਾ ਰਾਹੀਂ ਬੰਦਾ ਮਾਇਆ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸਦੀ ਰਜ਼ਾ ਰਾਹੀਂ ਹੀ ਖੇਡਾਂ ਖੇਡਦਾ ਹੈ।ਰੱਬ ਦੀ ਰਜ਼ਾ ਅੰਦਰ ਅਸਮਾਨ ਸਭ ਪਾਸੇ ਤਾਣਿਆ ਹੋਇਆ ਹੈ।ਪ੍ਰਭ ਦੀ ਰਜ਼ਾ ਅੰਦਰ ਜੀਵ ਪਾਣੀ, ਸੁਕੀ ਧਰਤੀ ਅਤੇ ਤਿੰਨ੍ਹਾਂ ਜਹਾਨਾਂ ਅੰਦਰ ਵਸਦੇ ਹਨ।ਰੱਬ ਦੀ ਰਜ਼ਾ ਰਾਹੀਂ ਅਸੀਂ ਸਦੀਵੀ ਹੀ ਅਪਣਾ ਸੁਆਸ ਲੈਂਦੇ ਅਤੇ ਖਾਣੇ ਇਕ ਬੁਰਕੀ ਵੀ ਅੰਦਰ ਲੰਘਾਉਂਦੇ ਹਾਂ ਅਤੇ ਆਪਣੀ ਰਜ਼ਾ ਰਾਹੀਂ ਹੀ ਉਹ ਸਾਰਿਆਂ ਨੂੰ ਵੇਖਦਾ ਅਤੇ ਆਪਾ ਵਿਖਾਲਦਾ ਹੈ।

  ਹੁਕਮੇ ਧਰਤੀ ਧਉਲ ਸਿਰਿ ਭਾਰੰ ॥ ਹੁਕਮੇ ਪਉਣ ਪਾਣੀ ਗੈਣਾਰੰ ॥ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥ ੧੧ ॥ ਹੁਕਮੇ ਆਡਾਣੇ ਆਗਾਸੀ ॥ ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥ ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥ ੧੨ ॥ (ਪੰਨਾ ੧੦੩੭)

  ਪੌਣ, ਪਾਣੀ ਅਤੇ ਅਗਨੀ ਵਿਚ ਵੀ ਜੀਵ ਜਿਸ ਨੇ ਪੈਦਾ ਕੀਤੇ ਉਸ ਨੂੰ ਕੀ ਖੁਸ਼ੀ ਤੇ ਕੀ ਪੀੜ ਭਾਵ ਦੋਨੋਂ ਬਰਾਬਰ ਹਨ।ਧਰਤੀ, ਪਤਾਲ ਤੇ ਆਕਾਸ਼ ਵਿਚ ਉਸ ਦੇ ਦਰ ਤੇ ਉਸ ਦੇ ਵਜ਼ੀਰ ਖੜੇ ਹਨ। ਇਕਨਾ ਨੂੰ ਉਹ ਲੰਬੀ ਉਮਰ ਦਿੰਦਾ ਹੈ ਤੇ ਇਕ ਦੁਖੀ ਹੋ ਕੇ ਛੇਤੀ ਮਰ ਜਾਂਦੇ ਹਨ।ਇਕਨਾ ਨੂੰ ਉਹ ਏਨਾ ਦਿੰਦਾ ਹੈ ਕਿ ਖਾਏ ਖਰਚੇ ਤੇ ਮੁਕਦਾ ਨਹੀਂ ਤੇ ਇਕ ਦਰ ਦਰ ਮੰਗਦੇ ਫਿਰਦੇ ਹਨ।ਉਸਦੇ ਹੁਕਮ ਅਨੁਸਾਰ ਸਭ ਢਹਿੰਦਾ ਬਣਦਾ ਰਹਿੰਦਾ ਹੈ, ਇਕ ਪਲਕ ਵਿਚ ਲਖਾਂ ਢਹਿੰਦੇ ਬਣਦੇ ਹਨ।ਸਭ ਨੂੰ ਉਹ ਨੱਥ ਪਾ ਕੇ ਰਖਦਾ ਹੈ ਭਾਵ ਅਪਣੇ ਕਾਬੂ ਵਿਚ ਰਖਦਾ ਹੈ, ਜਿਸ ਨੂੰ ਉਹ ਬਖਸ਼ ਦਿੰਦਾ ਹੈ ਉਸ ਦਾ ਬੰਧਨ ਟੁਟ ਜਾਂਦਾ ਹੈ। ਉਸਦਾ ਕੋਈ ਵਰਣ, ਚਿਨ੍ਹਾਂ ਨਹੀਂ ਉਸ ਦਾ ਕੋਈ ਲੇਖਾ ਨਹੀਂ ਜਿਸ ਕਰਕੇ ਉਸਨੂੰ ਲਖਿਆ ਨਹੀਂ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ।ਉਸ ਬਾਰੇ ਕੀ ਕਹੀਏ ਕੀ ਆਖੀਏ ਉਹ ਤਾਂ ਸੱਚੋ ਸੱਚ ਹੈ।ਸਾਰਾ ਕੁਝ ਉਹ ਆਪ ਹੀ ਕਰ ਰਿਹਾ ਹੈ ਇਸ ਲਈ ਉਸ ਦੀ ਕਾਰ ਨੂੰ ਬਿਆਨਿਆ ਨਹੀਂ ਜਾ ਸਕਦਾ ਉਹ ਤਾਂ ਆਪ ਹੀ ਅਕੱਥ ਭਾਵ ਬਿਆਨੋ ਬਾਹਰ ਹੈ । ਉਸ ਦੀ ਅਕੱਥ ਦੀ ਕਥਾ ਸੁਣੇ ਤੇ ਸਾਰੀਆਂ ਰਿਧੀਆਂ, ਸਿਧੀਆਂ, ਸਾਰਾ ਗਿਆਨ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ।

  ਸਲੋਕ ਮਃ ੧ ॥ ਪਉਣੈ ਪਾਣੀ ਅਗਨਿ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥ ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥ ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥ ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥ ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥ ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥ ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥ ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥ ਅਕਥ ਕੀ ਕਥਾ ਸੁਣੇਇ ॥ ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥ ੧ ॥ (ਪੰਨਾ ੧੨੮੯)

  ਹਰ ਕੋਈ ਰੱਬੀ ਹੁਕਮ ਅਨੁਸਾਰ ਧਰਤੀ ਤੇ ਆਉਂਦਾ ਹੈ ਫਿਰ ਸਮਾ ਜਾਂਦਾ ਹੈ। ਹੁਕਮ ਤੋਂ ਹੀ ਸਾਰਾ ਜਗਤ ਬਣਾਇਆ ਦਿਸ ਰਿਹਾ ਹੈ। ਹੁਕਮ ਨਾਲ ਹੀ ਨਰਕ, ਸੁਰਗ, ਪਤਾਲ ਰਚੇ ਹਨ ਹੁਕਮ ਵਿਚ ਸਾਰੀ ਰਚਨਾ ਰਖਦਾ ਹੈ।ਹੁਕਮ ਵਿਚ ਧਰਤੀ ਟਿਕੀ ਹੈ (ਬੈਲ਼ ਦੇ ਸਿਰ ਤੇ ਖੜੀ ਹੈ (ਮਿਥਿਹਾਕਿ ਗਾਥਾਵਾਂ ਅਨੁਸਾਰ, ਜਿਸ ਨੂੰ ਗੁਰੂ ਜੀ ਨੇ ਨਕਾਰਿਆ ਹੈ) ਹੁਕਮ ਵਿਚ ਪੌਣ, ਪਾਣੀ ਤੇ ਅਸਮਾਨ ਹਨ।ਹੁਕਮ ਵਿਚ ਹੀ ਆਤਮਾ ਪ੍ਰਮਾਤਮਾ ਦੇ ਘਰ ਵਸਦੀ ਹੈ ਤੇ ਹੁਕਮ ਵਿਚ ਹੀ ਸਾਰੇ ਜਗ ਦਾ ਇਹ ਖੇਲ੍ਹ ਖੇਲਿ੍ਹਆ ਜਾ ਰਿਹਾ ਹੈ।ਹੁਕਮ ਵਿਚ ਹੀ ਆਕਾਸ਼ ਦਾ ਛਤਰ ਤਣਿਆਂ ਹੋਇਆ ਹੈ, ਹੁਕਮ ਵਿਚ ਜਲ ਤੇ ਥਲ ਵਿਚ ਤਿੰਨਾਂ ਭਵਨਾਂ ਵਿਚ ਜੀਵ ਵਸਦੇ ਹਨ।ਹੁਕਮ ਅਨੁਸਾਰ ਹੀ ਅਸੀਂ ਸਵਾਸ ਲੈਂਦੇ ਹਾਂ ਤੇ ਖਾਣੇ ਦੀਆਂ ਬੁਰਕੀਆ ਅੰਦਰ ਲੰਘਾਂਦੇ ਹਾਂ । ਅੁਹ ਸਾਰੇ ਜਗਤ ਨੂੰ ਵੇਖਦਾ ਹੈ ਤੇ ਹੁਕਮ ਹੋਵੇ ਤਾਂ ਹੀ ਉਸ ਦੇ ਦਰਸ਼ਨ ਹੋ ਸਕਦੇ ਹਨ।ਉਸ ਦੇ ਹੁਕਮ ਤੋਂ ਹੀ ਦਸ ਅਵਤਾਰ ਪੈਦਾ ਹੋਏ, ਅਪਾਰ ਅਣਗਿਣਤ ਦੇਵਤੇ ਤੇ ਦਾਨਵ ਉਪਜੇ। ਜੋ ਉਸਦਾ ਹੁਕਮ ਮੰਨਦਾ ਹੈ ਭਾਵ ਨਾਮ ਜਪਦਾ ਹੈ ਉਸ ਦੇ ਦਰਬਾਰ ਪਹੁੰਚ ਜਾਂਦਾ ਹੈ ਤੇ ਸੱਚੇ ਵਿਚ ਮਿਲਕੇ ੳੇਸ ਵਿਚ ਸਮਾ ਜਾਂਦਾ ਹੈ।

  ਹੁਕਮੇ ਆਇਆ ਹੁਕਮਿ ਸਮਾਇਆ ॥ ਹੁਕਮੇ ਦੀਸੈ ਜਗਤੁ ਉਪਾਇਆ ॥ ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥ ੧੦ ॥ ਹੁਕਮੇ ਧਰਤੀ ਧਉਲ ਸਿਰਿ ਭਾਰੰ ॥ ਹੁਕਮੇ ਪਉਣ ਪਾਣੀ ਗੈਣਾਰੰ ॥ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥ ੧੧ ॥ ਹੁਕਮੇ ਆਡਾਣੇ ਆਗਾਸੀ ॥ ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥ ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥ ੧੨ ॥ ਹੁਕਮਿ ਉਪਾਏ ਦਸ ਅਉਤਾਰਾ ॥ ਦੇਵ ਦਾਨਵ ਅਗਣਤ ਅਪਾਰਾ ॥ ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥ ੧੩ ॥ (ਰਾਮਕਲੀ, ਮ: ੧, ਪੰਨਾ ੧੦੩੭)

  ਹੁਕਮ ਅਨੁਸਾਰ ਹੀ ਜੀਵ ਸੰਸਾਰਕ ਖਲਜਗਣਾਂ ਵਿਚ ਫਸਦਾ ਹੈ ਅਤੇ ਹੁਕਮ ਅਨੁਸਾਰ ਹੀ ਉਹ ਭਗਤੀ ਵਿਚ ਲਗਦਾ ਹੈ। ਹੁਕਮ ਅਨੁਸਾਰ ਇਨਸਾਨ ਘੱਟ ਅਕਲ ਵਾਲਾ ਅਤੇ ਹੁਕਮ ਅਨੁਸਾਰ ਹੀ ਦਾਨਾ ਬਣਦਾ ਹੈ, ਉਸ ਦੇ ਹੁਕਮ ਬਿਨਾ ਕੋਈ ਹੋਰ ਸ਼ਕਤੀ ਨਹੀਂ ਜੋ ਇਹ ਸਭ ਕਰਵਾ ਸਕੇ।

  ਹੁਕਮਿ ਸੈਸਾਰੀ ਹੁਕਮੇ ਭਗਤਾ॥ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ॥ ੭ ॥ (ਪੰਨਾ ੧੦੮੧)

  ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ (ਜਪੁਜੀ ਪਉੜੀ ੨, ਪੰਨਾ ੧)

  ਅਪਣੀ ਮਰਜ਼ੀ ਨਾਲ ਕੋਈ ਉਤਮ ਪੁਰਖ ਨਹੀਂ ਬਣ ਸਕਦਾ ਨਾ ਹੀ ਕੋਈ ਅਪਣੇ ਆਪ ਨੀਚ ਬਣਦਾ ਹੈ।ਜੇ ਕੋਈ ਆਪ ਹੀ ਨੀਚ ਤੋਂ ਉਤਮ ਬਣਨ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਨੀਚਤਾ ਪ੍ਰਗਟ ਹੋ ਜਾਂਦੀ ਹੈ ਪਰ ਜੇ ਕੋਈ ਉਤਮ ਅਪਣੇ ਆਪ ਨੂੰ ਨੀਚ ਕਹੇ ਤਾਂ ਇਸ ਨੂੰ ਉਸ ਦੀ ਉਤਮਤਾ ਹੀ ਮੰਨੀ ਜਾਂਦੀ ਹੈ।ਜੀਵ ਅਪਣੇ ਕੀਤੇ ਕਰਮਾਂ ਅਨੁਸਾਰ ਹੁਕਮ ਵਿਚ ਲਿਖੇ ਲੇਖਾਂ ਅਨੁਸਾਰ ਦੁੱਖ ਸੁੱਖ ਪਾਉਂਦਾ ਹੈ।ਭਾਵੇਂ ਫਲ ਕਰਮਾਂ ਦਾ ਮਿਲਦਾ ਹੈ, ਪਰ ਕਰਮਾਂ ਦਾ ਫਲ ਹੁਕਮ ਵਿਚ ਹੀ ਮਿਲਦਾ ਹੈ, ਕਰਮ ਅਪਣੇ ਆਪ ਫਲ ਨਹੀਂ ਦਿੰਦਾ।ਜਿਵੇਂ ਇਕ ਕਾਤਲ ਨੂੰ ਉਸ ਦੇ ਕਰਮਾਂ ਦਾ ਫਲ ਫਾਂਸੀ ਮਿਲਦੀ ਹੈ ਪਰ ਜੇ ਜੱਜ ਚਾਹੇ ਤਾਂ ਸਜ਼ਾ ਘੱਟ ਵੀ ਕਰ ਸਕਦਾ ਹੈ ਮਾਫ ਵੀ ਕਰ ਸਕਦਾ ਹੈ।

  ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ (ਜਪੁਜੀ ਪਉੜੀ ੨, ਪੰਨਾ ੧)

  ਉਸਦੇ ਹੁਕਮ ਅਨੁਸਾਰ ਹੀ ਇਨਸਾਨ ਉੱਚਾ ਜਾਂ ਨੀਚ ਵਰਤਾਉ ਕਰਦਾ ਹੈ:

  ਹੁਕਮੇ ਊਚ ਨੀਚ ਬਿਉਹਾਰ ॥ (ਪੰਨਾ ੨੭੬)

  ਉਸ ਨੂੰ ਅਸੀਂ ਕੀ ਦੇ ਸਕਦੇ ਹਾਂ ਜਿਸ ਸਤਿਗੁਰੂ ਨੇ ਸ਼ਬਦ ਸੁਣਾਇਆ (ਨਾਮ ਦਿਤਾ) ਹੈ। ਉਸ ਨੇ ਕ੍ਰਿਪਾ ਕੀਤੀ ਤੇ ਨਾਮ ਮਨ ਵਸਾ ਦਿਤਾ। ਉਸ ਲਈ ਤਾਂ ਆਪਾ ਵੀ ਉਸ ਦੀ ਭੇਟ ਕਰ ਦੇਈਏ, ਅਪਣਾ ਸਿਰ ਵੀ ਲਾ ਦੇਈਏ।ਜਿਸ ਨੇ ਉਸ ਦਾ ਹੁਕਮ ਬੁੱਝ ਲਿਆ ਉਹ ਸਦਾ ਹੀ ਸੁੱਖ ਪਾਉਂਦਾ ਹੈ।ਉਹ ਸਭ ਕੁਝ ਆਪ ਹੀ ਕਰਦਾ ਕਰਾਉਂਦਾ ਹੈ।ਉਹ ਗੁਰਮੁਖ ਅੰਦਰ ਆਪ ਹੀ ਨਾਮ ਵਸਾਉਂਦਾ ਹੈ। ਉਹ ਆਪ ਹੀ ਨਾਮ ਮਾਰਗ ਭੁਲਾਉਂਦਾ ਹੈ ਤਾ ਆਪ ਹੀ ਨਾਮ ਮਾਰਗ ਤੇ ਪਾਉਂਦਾ ਹੈ।ਸੱਚੇ ਨਾਮ ਰਾਹੀਂ ਹੀ ਸੱਚ ਭਾਵ ਪਰਮਾਤਮਾ ਵਿਚ ਸਮਾਇਆ ਜਾ ਸਕੀਦਾ ਹੈ;

  ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥ ਕਰਿ ਕਿਰਪਾ ਨਾਮੁ ਮੰਨਿ ਵਸਾਏ॥ ਇਹੁ ਸਿਰੁ ਦੀਜੈ ਆਪੁ ਗਵਾਏ ॥ ਹੁਕਮੈ ਬੂਝੈ ਸਦਾ ਸੁਖੁ ਪਾਏ ॥ ੩ ॥ ਆਪਿ ਕਰੇ ਤੈ ਆਪਿ ਕਰਾਏ ॥ ਆਪੇ ਗੁਰਮੁਖਿ ਨਾਮੁ ਵਸਾਏ ॥ ਆਪਿ ਭੁਲਾਵੈ ਆਪਿ ਮਾਰਗਿ ਪਾਏ ॥ ਸਚੈ ਸਬਦਿ ਸਚਿ ਸਮਾਏ ॥ ੪ ॥(ਪੰਨਾ ੪੨੪)

  ਉਹ ਸਭ ਕੁਝ ਆਪ ਹੀ ਕਰਦਾ ਕਰਾਉਂਦਾ ਹੈ।ਗੁਰੂ ਦੀ ਮਿਹਰ ਰਾਹੀਂ ਉਹ ਕਿਸ ਨੂੰ ਅਪਣੇ ਬਾਰੇ ਗਿਆਨ ਦਿੰਦਾ ਹੈ। ਜੋ ਗੁਰਮੁਖ ਹੁੰਦਾ ਹੈ ਉਹ ਸਾਰੇ ਬੰਧਨ ਤੋੜ ਦਿੰਦਾ ਹੈ ਤੇ ਮੁਕਤੀ ਲੈ ਅਪਣੇ ਟਿਕਾਣੇ ਤੇ ਲਗਦਾ ਹੈ:

  ਆਪਿ ਕਰੇ ਤੈ ਆਪਿ ਕਰਾਏ ॥ ਗੁਰ ਪਰਸਾਦੀ ਕਿਸੈ ਬੁਝਾਏ ॥ ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥ ੮ ॥ (ਪੰਨਾ ੧੦੬੨)

  ਉਸਦਾ ਹੁਕਮ ਹੁੰਦਾ ਹੈ ਤਾਂ ਜੀਵ ਚੜ੍ਹਤ ਵਿਚ ਹੁੰਦਾ ਹੈ ਤੇ ਉਸ ਦੇ ਹੁਕਮ ਅਨਸਾਰ ਜੀਵਨ ਜਿਉਂਦਾ ਹੈ। ਹੁਕਮੋਂ ਹੀ ਦੁੱਖ ਤੇ ਸੁਖ ਨੂੰ ਬਰਾਬਰ ਕਰਕੇ ਜਾਣਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਉਸ ਨੂੰ ਨਾਮ ਦੀ ਦਾਤ ਬਖਸ਼ਦਾ ਹੈ। ਉਸ ਦੇ ਹੁਕਮ ਹੋਣ ਤੇ ਹੀ ਦਿਨ ਰਾਤ ਰੱਬ ਦਾ ਨਾਮ ਜਪਦਾ ਹੈ।ਹੁਕਮ ਹੋਣ ਤੇ ਜਿਉਂਦਾ ਤੇ ਹੁਕਮ ਹੋਣ ਤੇ ਹੀ ਮਰਦਾ ਹੈ।ਰੱਬੀ ਹੁਕਮ ਅਨੁਸਾਰ ਹੀ ਉਹ ਵਡਾ ਹੁੰਦਾ ਹੈ ਤੇ ਛੋਟਾ ਵੀ। ਰੱਬੀ ਹੁਕਮ ਤੇ ਹੀ ਸੋਗ, ਹਰਖ ਅਤੇ ਅਨੰਦ ਮਿਲਦਾ ਹੈ। ਹੁਕਮ ਹੁੰਦਾ ਹੈ ਤਾਂ ਨਾਮ ਦਾ ਲਗਾਤਾਰ ਮੰਤ੍ਰ ਜਪਦਾ ਹੈ।ਜਿਸ ਨੂੰ ਉਹ ਅਪਣੀ ਭਗਤੀ ਲਾਉਂਦਾ ਹੈ ਉਸ ਦੇ ਹੁਕਮ ਅਨੁਸਾਰ ਉਹ ਬੰਦਾ ਆਵਾਗਮਨ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

  ਹੁਕਮਿ ਉਛਲੈ ਹੁਕਮੇ ਰਹੈ ॥ ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥ ਹੁਕਮੇ ਨਾਮੁ ਜਪੈ ਦਿਨੁ ਰਾਤਿ ॥ ਨਾਨਕ ਜਿਸ ਨੋ ਹੋਵੈ ਦਾਤਿ ॥ ਹੁਕਮਿ ਮਰੈ ਹੁਕਮੇ ਹੀ ਜੀਵੈ ॥ ਹੁਕਮੇ ਨਾਨੑਾ ਵਡਾ ਥੀਵੈ ॥ ਹੁਕਮੇ ਸੋਗ ਹਰਖ ਆਨੰਦ ॥ ਹੁਕਮੇ ਜਪੈ ਨਿਰੋਧਰ ਗੁਰਮੰਤ ॥ ਹੁਕਮੇ ਆਵਣੁ ਜਾਣੁ ਰਹਾਏ ॥ ਨਾਨਕ ਜਾ ਕਉ ਭਗਤੀ ਲਾਏ ॥ ੨ ॥ (ਮਃ ੫, ਪੰਨਾ ੯੬੨)

  ਕਈਆਂ ਉਪਰ ਬਖਸ਼ਿਸ਼ ਦਾ ਹੁਕਮ ਹੁੰਦਾ ਹੈ, ਵਾਹਿਗੁਰੂ ਦੀ ਮਿਹਰ ਪੈ ਜਾਂਦੀ ਹੈ ਤੇ ਉਸ ਦੀ ਕਿਰਪਾ ਸਦਕਾ ਅਣਮੰਗੀਆਂ ਮੁਰਾਦਾਂ ਵੀ ਪੂਰੀਆਂ ਹੋ ਜਾਂਦੀਆਂ ਹਨ, ਨਾਮ ਦੀ ਬਖਸ਼ਿਸ਼, ਧਿਆਨ ਦੀ ਬਖਸ਼ਿਸ਼, ਮੁਕਤੀ ਦੀ ਬਖਸ਼ਿਸ਼ ਸਭ ਉਸੇ ਦੀ ਮਿਹਰ ਸਦਕਾ ਹੀ ਹੁੰਦੀਆਂ ਹਨ। ਕਿਰਪਾ ਕਿਸੇ ਲੇਖੇ ਜੋਖੇ ਵਿਚ ਨਹੀਂ।ਕਈਆਂ ਨੂੰ ਹੁਕਮ ਹੁੰਦਾ ਹੈ ਜੂਨਾਂ ਵਿਚ ਭਟਕਣ ਦਾ, ਮਰਨ ਜੀਣ ਦੇ ਚਕਰ, ਅਵਾਗਉਣ ਦੀ ਭੰਵਾਟਣੀਆਂ ਖਾਣ ਦਾ। ਸਭ ਹੁਕਮ ਦੀ ਗੱਲ ਹੈ।

  ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ (ਜਪੁਜੀ ਪਉੜੀ ੨, ਪੰਨਾ ੧)

  ਜਿਸ ਨੇ ਸ਼੍ਰਿਸ਼ਟੀ ਦੀ ਉਤਪਤੀ ਕੀਤੀ ਹੈ ਉਸ ਨੂੰ ਮਨ ਵਿਚ ਵਸਾ ਲਉ। ਜਿਨ੍ਹਾਂ ਨੇ ਅਪਣੇ ਮਾਲਿਕ ਭਾਵ ਪ੍ਰਮਾਤਮਾ ਨੂੰ ਧਿਆਇਆ ਉਨ੍ਹਾਂ ਨੂੰ ਸੁੱਖ ਮਿਲਿਆ ਹੈ।ਰੱਬ ਦੇ ਘਰ ਪਰਵਾਨ ਹੋ ਕੇ ਗੁਰਮੁਖ ਦਾ ਜਨਮ ਸਫਲ ਹੋ ਜਾਂਦਾ ਹੈ।ਰੱਬੀ ਫੁਰਮਾਨ ਹੈ ਕਿ ਹੁਕਮ ਨੂੰ ਬੁਝ ਕੇ ਹੀ ਜੀਵ ਨਿਹਾਲ ਹੋ ਸਕਦਾ ਹੈ। ਜਿਸ ਤੇ ਪ੍ਰਮਾਤਮਾ ਆਪ ਨਿਹਾਲ ਹੋ ਜਾਵੇ ਉਹ ਕਦੇ ਵੀ ਭਟਕਦਾ ਨਹੀਂ।ਪ੍ਰਮਾਤਮਾ ਨੇ ਜਿਸ ਨੂੰ ਨਾਮ ਦਿਤਾ ਉਸੇ ਨੇ ਹੀ ਸੁੱਖ ਪਾਇਆ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਰੱਬ ਜਿਸ ਉਪਰ ਦਿਆਲ ਹੋ ਜਾਦਾ ਹੈ ਉਸ ਨੂੰ ਹੁਕਮ ਬੁਝਾ ਦਿੰਦਾ ਹੈ। ਜਿਸ ਨੂੰ ਨਾਮ ਭੁਲ ਜਾਂਦਾ ਹੈ ਉਹ ਵਾਰ ਵਾਰ ਜੰਮਦਾ ਮਰਦਾ ਹੈ:

  ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥ ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥ ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥ ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥ ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥ ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥ ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ॥ ੨ ॥ (ਮਃ ੫: ਪੰਨਾ ੫੨੩)

  ਕਈ ਕ੍ਰੋੜਾਂ ਜੂਨੀਆਂ ਵਿਚ ਭਟਕਦੇ ਫਿਰਦੇ ਹਨ। ਉਸਦੇ ਹੁਕਮ ਨਾਲ ਹੀ ਮੁਕਤੀ ਮਿਲਦੀ ਹੈ ਜਾਂ ਨਰਕ:

  ਕਈ ਕੋਟਿ ਬਹੁ ਜੋਨੀ ਫਿਰਹਿ॥ ੨੭੬
  ਹੁਕਮੇ ਮੁਕਤੀ ਹੁਕਮੇ ਨਰਕਾ ॥ (ਪੰਨਾ ੧੦੮੧)

  ਹੁਕਮ ਹੁੰਦਾ ਹੈ ਤਾਂ ਗੜ੍ਹ ਟੁਟ ਕੇ ਦਸਮ ਦੁਆਰ ਖੁਲ੍ਹਦਾ ਹੈ ਤੇ ਪ੍ਰਮਾਤਮਾ ਦੇ ਘਰ ਵਾਸਾ ਮਿਲਦਾ ਹੈ।

  ਹੁਕਮਿ ਸੰਜੋਗੀ ਗੜਿ ਦਸ ਦੁਆਰ॥ (ਪੰਨਾ ੧੫੨)
  ਹੁਕਮ ਸੰਜੋਗੀ ਨਿਜ ਘਰਿ ਜਾਉ॥ (ਗਉ ਮ:੧, ਪੰਨਾ ੨੨੧)

  ਉਸ ਦਾ ਹੁਕਮ ਹਰ ਇਕ ਤੇ ਲਾਗੂ ਹੁੰਦਾ ਹੈ ਕੋਈ ਅਜਿਹਾ ਨਹੀਂ ਜੋ ਉਸ ਦੇ ਹੁਕਮੋਂ ਪਰੇ ਹੈ।ਸੰਸਾਰ ਦੀ ਹਰ ਕਿਰਿਆ ਉਸ ਦੇ ਹੁਕਮ ਵਿਚ ਚੱਲ ਰਹੀ ਹੈ:

  ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਜਪੁਜੀ ਪਉੜੀ ੨, ਪੰਨਾ ੧)

  ਸਾਰਾ ਵਿਸ਼ਵ ਪ੍ਰਭੂ ਦੇ ਹੁਕਮੋਂ ਉਪਜਦਾ ਹੈ ਤੇ ਹੁਕਮ ਅਨੁਸਾਰ ਸਮਾ ਜਾਂਦਾ ਹੈ।ਉਸ ਦੇ ਹੁਕਮੋਂ ਸੁਰਗ, ਨਰਕ, ਪਤਾਲ ਰਚੇ ਹਨ ਅਤੇ ਅਪਣੀ ਰਜ਼ਾ ਅੰਦਰ ਹੀ ਉਹ ਉਨ੍ਹਾਂ ਨੂੰ ਆਸਰਾ ਦਿੰਦਾ ਹੈ।
  ਹੁਕਮੇ ਉਪਜੈ ਹੁਕਮਿ ਸਮਾਵੈ ॥ (ਪੰਨਾ ੨੭੬)
  ਹੁਕਮੇ ਆਇਆ ਹੁਕਮਿ ਸਮਾਇਆ॥ ਹੁਕਮੇ ਦੀਸੈ ਜਗਤੁ ਉਪਾਇਆ॥ ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥ ੧੦ ॥ (ਪੰਨਾ ੧੦੩੭)

  ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਵਾਹਿਗੁਰੂ ਦੇ ਸਰਬ ਵਿਆਪੀ ਹੁਕਮ ਨੂੰ ਬੁੱਝ ਕੇ ਅਪਣਾ ਜੀਵਨ ਉਸੇ ਅਨੁਸਾਰ ਢਾਲ ਲਵੇ ਤਾਂ ਮਨ ਵਿਚ ਹੳਮੈਂ ਨਹੀਂ ਰਹਿੰਦੀ ਊਹੋ ਕੂੜੀ ਹਉਮੈਂ ਜਿਸ ਦੀ ਦੀਵਾਰ ਜੀਵ ਨੇ ਤੋੜਨੀ ਹੈ ਸਚਿਆਰਾ ਬਣਨ ਲਈ।

  ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨ ॥ ((ਜਪੁਜੀ ਪਉੜੀ ੨, ਪੰਨਾ ੧)

  ਜੇ ਸੱਚਾ ਸਤਿਗੁਰ ਮਿਲਦਾ ਹੈ ਤਾਂ ਹੀ ਹੁਕਮ ਬਝਿਆ ਜਾ ਸਕਦਾ ਹੈ ਤੇ ਜੀਵ ਦੀ ਘਾਲ ਥਾਇਂ ਪੈਂਦੀ ਹੈ। ਹਉਮੈਂ ਅਪਣੇ ਆਪ ਨਹੀਂ ਛੁੱਟਦੀ ਤੇ ਗੁਰੂ ਦੀ ਸਿਖਿਆ ਬਿਨਾਂ ਸਾਰੀਆਂ ਸਿਖਿਆਵਾਂ ਬੇਕਾਰ ਜਾਂਦੀਆ ਹਨ।

  ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥ ੧ ॥ (ਪੰਨਾ ੧੨੮੯)

  ਉਸ ਗੁਰਸਿਖ ਦੇ ਭਾਗ ਪੂਰੇ ਹਨ ਜਿਸ ਨੇ ਗੁਰੂ ਤੋਂ ਮਿਲਿਆ ਸ਼ਬਦ (ਭਾਵ ਨਾਮ) ਪਛਾਣ ਲਿਆ ਹੈ। ਸੱਚਾ ਵਾਹਿਗੁਰੂ ਇਨਸਾਨ ਦੀ ਹਉਮੈ ਮਾਰ ਕੇ ਉਸ ਨੂੰ ਪ੍ਰਮਾਤਮਾ ਨਾਲ ਮਿਲਾ ਦਿੰਦਾ ਹੈ ਤੇ ਉਸਦਾ ਜਤ ਪਤ ਸੁਰਖਿਅਤ ਹੋ ਜਾਂਦਾ ਹੈ।

  ਪੂਰੈ ਭਾਗਿ ਗੁਰ ਸਬਦਿ ਪਛਾਤਾ॥ ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ॥ ੯ ॥ (ਪੰਨਾ ੧੦੬੨)

  ਜਿਨ੍ਹਾਂ ਨੇ ਹੁਕਮ ਪਛਾਣ ਲਿਆ ਉਹ ਕਦੇ ਵੀ ਰੋਂਦੇ ਨਹੀਂ ਭਾਵ ਹਤਾਸ਼ ਨਿਰਾਸ਼ ਨਹੀਂ ਹੁੰਦੇ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਨ੍ਹਾਂ ਦੇ ਮਨ ਵਿਚ ਨਾਉ ਪਰੋਇਆ ਜਾਂਦਾ ਹੈ:

  ਜਿਨੀ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ॥ ੧੮॥ (ਸਲੋਕ ਮਃ ੫: ਪੰਨਾ ੫੨੩)

  ਹੇ ਅਪਹੁੰਚ, ਸਮਝੋਂ ਪਰੇ, ਅਦ੍ਰਿਸ਼ਟ ਅਤੇ ਅਨੰਤ ਪ੍ਰਮਾਤਮਾ, ਤੇਰਾ ਅੰਤ ਕੋਈ ਨਹੀਂ ਜਾਣਦਾ।ਤੈਨੂੰ ਸਮਝਣ ਤੋਂ ਪਹਿਲਾਂ ਮਨੁਖ ਨੂੰ ਅਪਣਾ ਆਪਾ ਪਛਾਣਨ ਦੀ ਲੋੜ ਹੈ, ਜੋ ਤੂੰ ਆਪ ਹੀ ਗੁਰ ਮਤ ਦੇ ਕੇ ਬੁਝਾਉਂਦਾ ਹੈਂ।ਪਤਾਲ ਪੁਰੀਆਂ, ਹਰ ਥਾਂ ਪਸਰੀ ਜੋਤ ਤੇ ਤੇਰੇ ਰਚੇ ਸਾਰੇ ਅਕਾਰ ਸਭਨਾਂ iਵਚ ਤੇਰਾ ਸਖਤ ਹੁਕਮ ਵਰਤਦਾ ਹੈ। ਤੇਰੇ ਹੁਕਮੋਂ ਸਭ ਰਚੇ ਜਾਦੇ ਹਨ ਤੇ ਸਾਰੇ ਹੀ ਢਾਹੇ ਜਾਦੇ ਹਨ, ਤੇਰਾ ਹੁਕਮ ਹੁੰਦਾ ਹੈ ਤਾਂ ਜੀਵ ਤੇਰੇ ਵਿਚ ਮਿਲਦਾ ਹੈ। ਹੁਕਮ ਉਹ ਹੀ ਬੁਝ ਸਕਦਾ ਹੈ ਜੋ ਤੇਰੀ ਤੇ ਤੇਰੇ ਹੁਕਮ ਦੀ ਸਿਫਤ ਸਲਾਹ ਕਰਦਾ ਹੈ। ਹੇ ਅਪਹੁੰਚ, ਸਮਝੋਂ ਪਰੇ, ਵੇਪਰਵਾਹ ਵਾਹਿਗੁਰੂ ਤੂੰ ਜੇਹੀ ਮਤ ਦਿੰਦਾ ਹੈਂ ਤੇਹੀ ਸਮਝ ਹੋ ਜਾਂਦੀ ਹੈ ਤੇ ਆਪੇ ਅਪਣਾ ਨਾਮ ਬੁਝਾਉਂਦਾ ਹੈਂ।

  ਅਗਮ ਅਗੋਚਰੁ ਅਲਖ ਅਪਾਰਾ ॥ ਕੋਇ ਨ ਜਾਣੈ ਤੇਰਾ ਪਰਵਾਰਾ ॥ ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥ ੪ ॥ ਪਾਤਾਲ ਪੁਰੀਆ ਲੋਅ ਆਕਾਰਾ ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥ ੫ ॥ ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥ ਅਗਮ ਅਗੋਚਰ ਵੇਪਰਵਾਹੇ ॥ ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥ ੬ ॥ (ਪੰਨਾ ੧੦੬੦-੧੦੬੧)

  ਮੈਨੂੰ ਮੋਖਸ਼ ਮੁਕਤੀ ਦੀ ਸਮਝ ਨਹੀਂ ਕਿਉਂਕਿ ਮੇਰੇ ਵਿਚ ਸੰਸਾਰਕ ਹਉਮੈ ਭਰੀ ਪਈ ਹੈ ਤੇ ਮਾਇਆ ਨੇ ਹੀ ਹਉਮੈਂ ਦੀ ਛਾਂ ਵਿਚ ਲਪੇਟਿਆ ਹੋਇਆ ਹੈ ।ਹਉਮੈ ਕਰਕੇ ਹੀ ਦੁਬਾਰਾ ਜੀਵਨ ਮਿਲਦਾ ਹੈ। ਜੇ ਹਉਮੈਂ ਦੀ ਨਵਿਰਤੀ ਹੋਵੇਗੀ ਤਾਂ ਹੀ ਉਸਨੂੰ ਰਬ ਦੇ ਘਰ ਦਾ ਦਰ ਮਿਲੇਗਾ।ਰੱਬੀ ਗਿਆਨ ਤੋਂ ਵਾਂਝਾ ਅਗਿਆਨੀ ਬੰਦਾ ਬਕਦਾ-ਬੋਲਦਾ ਤੇ ਝਗੜਦਾ ਹੈ । ਗੁਰੂ ਜੀ ਫੁਰਮਾਉਂਦੇ ਹਨ ਕਿ ਰੱਬ ਦੇ ਹੁਕਮ ਨਾਲ ਹੀ ਕਿਸਮਤ ਲਿਖੀ ਜਾਂਦੀ ਹੈ। ਜਿਸ ਤਰ੍ਹਾਂ ਬੰਦਾ ਰੱਬ ਨੂੰ ਵੇਖਦਾ ਹੈ ਰੱਬ ਵੀ ਉਸੇ ਤਰ੍ਹਾਂ ਹੀ ਉਸਨੂੰ ਵੇਖਦਾ ਹੈ।

  ਮੋਖ ਮੁਕਤਿ ਕੀ ਸਾਰ ਨ ਜਾਣਾ ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥ ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥ ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥ ੧ ॥(ਮ: ੧, ਪੰਨਾ ੪੬੬)

  ਹਉਮੈ ਤੇ ਘੁਮੰਡ ਨੂੰ ਛੱਡ ਕੇ ਇਨਸਾਨ ਵਿਵੇਕ ਹਾਸਲ ਕਰਦਾ ਹੈ। ਜਦ ਪ੍ਰਾਣੀ ਪ੍ਰਭੂ ਨਾਲ ਰੀਝ ਜਾਂਦਾ ਹੈ ਤਾਂ ਪ੍ਰਭੂ ਉਸਨੂੰ ਸਤਿਨਾਮ ਦਾ ਭੋਜਨ ਬਖਸ਼ ਦਿੰਦਾ ਹੈ। ਦਿਨ ਰਾਤ ਇਨਸਾਨ ਨੂੰ ਨਾਮ ਨਾਲ ਰੱਜਿਆ ਰਹਿਣਾ ਚਾਹੀਦਾ ਹੈ ਇਹੋ ਸੱਚੀ ਘਾਲ ਹੈ।ਜੋ ਰਜ਼ਾ ਦੇ ਮਾਲਿਕ ਦੇ ਭਾਣੇ ਅਨੁਸਾਰ ਚਲਦਾ ਹੈ ਉਸ ਨੂੰ ਕੋਈ ਮੁਸੀਬਤ ਨਹੀਂ ਆਉਂਦੀ ।ਜੋ ਰੱਬ ਦੇ ਹੁਕਮ ਨੂੰ ਮੰਨਦਾ ਹੈ ਉਹ ਸਤਿਨਾਮ ਦੇ ਖਜ਼ਾਨੇ ਵਿਚ ਸ਼ਾਮਿਲ ਹੋ ਜਾਂਦਾ ਹੈ। ਖੋਟਿਆਂ ਨੂੰ ਹੋਰ ਕੋਈ ਥਾਂ ਨਹੀਂ ਲੱਭਦੀ ਤਾਂ ਉਹ ਝੂਠਿਆਂ ਦੀ ਸੰਗਤ ਵਿਚ ਜਾ ਰਹਿੰਦੇ ਹਨ। ਰੱਬੀ ਖਜ਼ਾਨੇ ਵਿਚ ਤਾਂ ਖਰੇ ਹੀ ਸੰਭਾਲੇ ਜਾਂਦੇ ਹਨ ਜਿਨ੍ਹਾਂ ਰਾਹੀਂ ਸੱਚਾ ਸੌਦਾ ਪਾਈਦਾ ਹੈ।ਰੱਬ ਦੇ ਖਜ਼ਾਨੇ ਵਿਚ ਖੋਟੇ ਸਿਕੇ ਦਿਸਦੇ ਹੀ ਨਹੀਂ ਖੋਟੇ ਤਾਂ ਦੁਬਾਰਾ ਢਲਣ ਲਈ ਫਿਰ ਅੱਗ ਵਿਚ ਪਾਏ ਜਾਦੇ ਹਨ। ਜੋ ਆਪਣੀ ਆਤਮਾ ਨੂੰ ਸਮਝਦੇ ਹਨ ਉਹ ਪਰਮ ਆਤਮਾ ਹਨ।ਇਕੋ ਪਰਮਾਤਮਾ ਹੀ ਅੰਮ੍ਰਿਤ ਦਾ ਬ੍ਰਿਛ ਹੈ ਜਿਸ ਰਾਹੀਂ ਅੰਮ੍ਰਿਤ ਰੂਪੀ ਫਲ ਮਿਲਦਾ ਹੈ। ਜੋ ਅੰਮ੍ਰਿਤ ਫਲ ਚੱਖ ਲੈਂਦੇ ਹਨ ਉਹ ਸੱਚ ਵਿਚ ਸਮਾਏ ਰਹਿੰਦੇ ਹਨ।ਜਿਨ੍ਹਾਂ ਦੀ ਜੀਭ ਰੱਬੀ ਰਸ ਮਾਣਦੀ ਹੈ ਉਨ੍ਹਾਂ ਨੂੰ ਨਾ ਕੋਈ ਭਰਮ ਰਹਿੰਦਾ ਹੈ ਨਾ ਹੀ ਰੱਬੀ ਰਚਨਾ ਵਿਚ ਭੇਦ।ਪ੍ਰਭੂ ਦੇ ਹੁਕਮ ਰਾਹੀਂ ਤੇ ਸੰਜੋਗਾਂ ਸਦਕਾ ਇਨਸਾਨ ਜਹਾਨ ਵਿਚ ਆਇਆ ਹੈ ਉਸ ਨੂੰ ਰੱਬ ਦੀ ਰਜ਼ਾ ਵਿਚ ਹੀ ਚਲਣਾ ਚਾਹੀਦਾ ਹੈ ਜਿਸ ਨਾਲ ਔਗੁਣਹਾਰੇ ਨੂੰ ਗੁਣ ਤੇ ਸੱਚੇ ਨਾਮ ਦੀ ਵਡਿਆਈ ਮਿਲਦੀ ਹੈ।

  ਹਉਮੈ ਗਰਬ ਗਵਾਈਐ ਪਾਈਐ ਵੀਚਾਰੁ ॥ ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥ ੨ ॥ ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥ ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥ ੩ ॥ ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥ ੪ ॥ ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥ ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥ ੫ ॥ ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥ ੬ ॥ ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥ ਤਿੰਨਾ ਭਰਮੁ ਨ ਭੇਦ ਹੈ ਹਰਿ ਰਸਨ ਰਸਾਈ ॥ ੭ ॥ ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥ ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥ ੮ ॥ ੨੦ ॥ (ਆਸਾ ੧, ਪੰਨਾ ੪੨੧)

  ਹਉਮੈ ਦੀ ਜ਼ਾਤ ਹੀ ਇਹੋ ਜਿਹੀ ਹੈ ਕਿ ਬੰਦਾ ਸਿਰਫ ਅਪਣੇ ਬਾਰੇ ਹੀ ਸੋਚਦਾ ਸਮਝਦਾ ਤੇ ਸਾਰੇ ਕਰਮ ਕਰਦਾ ਹੈ। ਹਉਮੈਂ ਦੇ ਇਸੇ ਬੰਨਣ ਸਦਕਾ ਬੰਦਾ ਮੁੜ ਮੁੜ ਕੇ ਜੂਨਾਂ ਵਿਚ ਪੈਂਦਾ ਹੈ। ਇਹ ਹਉਮੈਂ ਕਿਥੋਂ ੳਪੁਜਦੀ ਹੈ ਤੇ ਕੀ ਸੰਜਮ ਕੀਤੇ ਤੇ ਇਹ ਜਾਂਦੀ ਹੈ? ਹਉਮੈ ਤਾਂ ਰੱਬ ਦਾ ਹੁਕਮ ਹੈ ਜਿਸ ਕਰਕੇ ਬੰਦਾ ਧੰਦਿਆਂ ਵਿਚ ਭਜਦਾ ਰਹਿੰਦਾ ਹੈ।ਹਉਮੈਂ ਬੜੀ ਲੰਬੀ ਬਿਮਾਰੀ ਹੈ ਜਿਸ ਦਾ ਇਲਾਜ ਵੀ ਇਸ ਦੇ ਵਿਚ ਹੈ। ਜੇ ਵਾਹਿਗੁਰੂ ਅਪਣੀ ਕਿਰਪਾ ਕਰੇ ਤਾਂ ਜੀਵ ਗੁਰੂ ਤੋਂ ਪ੍ਰਾਪਤ ਸ਼ਬਦ ਭਾਵ ਨਾਮ ਕਮਾਉਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਸਾਰੇ ਸੁਣੋ ਨਾਮ ਜਪਣ ਰਾਹੀਂ ਹਉਮੈਂ ਉਪਰ ਕਾਬੂ ਪਾਇਆ ਜਾ ਸਕਦਾ ਹੈ।

  ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥ ੨ ॥ (ਮ: ੨, ਪੰਨਾ ੪੬੬)

  ਹਉਮੈਂ ਕਰਨ ਕਰਕੇ ਬੰਦਾ ਪ੍ਰਮਾਤਮਾ ਦਾ ਸਰੂਪ ਨਹੀਂ ਸਮਝ ਸਕਦਾ।ਕੋਈ ਵਿਰਲਾ ਹੀ ਹੈ ਜਿਸ ਦੀ ਆਤਮਾ ਗੁਰੂ ਦੀ ਅਗਵਾਈ ਦੂਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ।‘ਮੈਂ’ ‘ਮੇਰੀ’ ਕਰਨ ਕਰਕੇ ਸੱਚਾ ਸਤਿਗੁਰ ਨਹੀਂ ਪਾਇਆ ਜਾ ਸਕਦਾ।ਹਉਮੈਂ ਜਾਂਦੀ ਹੈ ਤਾਂ ਪਰਮਪਦ ਪ੍ਰਾਪਤ ਹੁੰਦਾ ਹੈ। ਹਉਮੈਂ ਹੰਕਾਰ ਵਿਚ ਆਏ ਰਾਜੇ ਬੜੀਆਂ ਲੜਾਈਆਂ ਚੜ੍ਹਾਈਆਂ ਕਰਦੇ ਹਨ। ਇਸ ਤਰ੍ਹਾਂ ਹਉਮੈ ਹੰਕਾਰ ਵਿਚ ਉਹ ਬਰਬਾਦ ਹੋ ਜਾਂਦੇ ਹਨ ਤੇ ਜੰਮਣ ਮਰਨ ਤੇ ਫਿਰ ਜੰਮਣ ਦੇ ਚੱਕਰ ਵਿਚ ਫਸ ਜਾਂਦੇ ਹਨ।ਗੁਰੂ ਦੀ ਬਾਣੀ ਸੋਚਣ ਸਮਝਣ ਨਾਲ ਹੀ ਹਉਮੈ ਦੀ ਨਵਿਰਤੀ ਹੁੰਦੀ ਹੈ। ਜੋ ਅਪਣੇ ਚੰਚਲ ਮਨ ਨੂੰ ਰੋਕ ਸਕਦਾ ਹੈ ਉਹ ਅਪਣੇ ਅੰਦਰ ਦੇ ਪੰਜ ਵਿਸ਼ੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਰ ਲੈਂਦਾ ਹੈ।ਜਿਸ ਦੇ ਅੰਦਰ ਸੱਚਾ ਨਾਮ ਹੈ ਉਹ ਰਬ ਦੇ ਮਹਿਲੀਂ ਪਹੁੰਚ ਜਾਂਦਾ ਹੈ।

  ਹਉਮੈ ਕਰਤ ਭੇਖੀ ਨਹੀ ਜਾਨਿਆ ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥ ੧ ॥ ਹਉ ਹਉ ਕਰਤ ਨਹੀ ਸਚੁ ਪਾਈਐ ॥ ਹਉਮੈ ਜਾਇ ਪਰਮ ਪਦੁ ਪਾਈਐ ॥ ੧ ॥ ਰਹਾਉ ॥ ਹਉਮੈ ਕਰਿ ਰਾਜੇ ਬਹੁ ਧਾਵਹਿ ॥ ਹਉਮੈ ਖਪਹਿ ਜਨਮਿ ਮਰਿ ਆਵਹਿ ॥ ੨ ॥ ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥ ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥ ੩ ॥ ਅੰਤਰਿ ਸਾਚੁ ਸਹਜ ਘਰਿ ਆਵਹਿ ॥ ਰਾਜਨੁ ਜਾਣਿ ਪਰਮ ਗਤਿ ਪਾਵਹਿ ॥ ੪ ॥ (ਗਉੜੀ ਮ: ੧, ਪੰਨਾ ੨੨੬)

  ਹਉਮੈ ਆਦਮੀ ਨੂੰ ਬੰਧਨਾਂ ਵਿਚ ਜਕੜ ਦਿੰਦੀ ਹੈ ਅਤੇ ਆਵਾਗਮਨ ਵਿਚ ਭਟਕਾਉਂਦੀ ਹੈ। ਗੁਰੂ ਜੀ ਫੁਰਮਾਉਂਦੇ ਹਨ: ਨਾਮ ਜਪਣ ਨਾਲ ਹੀ ਭਗਤ ਸੁੱਖ ਪਾਉਂਦਾ ਹੈ:

  ਹਉਮੈ ਬੰਧਨ ਬੰਧਿ ਭਵਾਵੈ ॥ ਨਾਨਕ ਰਾਮ ਭਗਤਿ ਸੁਖੁ ਪਾਵੈ ॥ ੮ ॥ ੧੩ ॥ (ਗਉੜੀ ਮ: ੧, ਪੰਨਾ ੨੨੭)

  ਨਿਚੋੜ:
  ਉਸਦਾ ਹੁਕਮ ਕੀ ਹੈ ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਿਵੇਂ ਪ੍ਰਮਾਤਮਾ ਬੇਅੰਤ ਹੈ ਉਸ ਦਾ ਹੁਕਮ ਵੀ ਬੇਅੰਤ ਹੈ ਪਰ ਉਸ ਦੇ ਹੁਕਮ ਵਿਚ ਜੋ ਕੁਝ ਹੋ ਰਿਹਾ ਹੈ ਉਹ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਜੋ ਵੀ ਵਿਸ਼ਵ ਦੇ ਆਕਾਰ, ਪਦਾਰਥ, ਜੀਵ ਹੋਏ, ਹਨ ਜਾਂ ਹੋਣਗੇ ਸਭ ਉਸੇ ਦੇ ਹੁਕਮ ਅਨੁਸਾਰ ਹੋਏ ਹਨ ਤੇ ਹੋਣਗੇ। ਉਸ ਦੀ ਰਜ਼ਾ ਵਿਚ ਰਹਿਣਾ ਹੀ ਉਸ ਦੇ ਹੁਕਮ ਦੀ ਪਾਲਣਾ ਕਰਨਾ ਹੈ।ਸਤਿਗੁਰੂ ਦੀ ਮਿਹਰ ਸਦਕਾ ਹੁਕਮ ਬੁਝਿਆ ਜਾ ਸਕਦਾ ਹੈ ਤੇ ਮੂਲ ਤੱਤ (ਅਸਲੀਅਤ) ਦੀ ਪਛਾਣ ਹੁੰਦੀ ਹੈ।ਗੁਰੂ ਨਾਨਕ ਦੇਵ ਜੀ ਅਨੁਸਾਰ ਰੱਬ ਦਾ ਹੁਕਮ ਮੰਨਣਾ, ਉਸਦੀ ਰਜ਼ਾ ਵਿਚ ਰਹਿਣਾ, ਉਸਦਾ ਭਾਣਾ ਮਿਠਾ ਕਰਕੇ ਮੰਨਣਾ ਉਸ ਦੇ ਹੁਕਮ-ਰਜ਼ਾ ਵਿਚ ਰਹਿਣਾ ਹੈ।ਹੁਕਮ ਪਛਾਨਣ ਲਈ ਗੁਰਮੁਖ ਹੋਣਾ ਜ਼ਰੂਰੀ ਹੈ ਜੋ ਸਤਿਗੁਰ ਦਾ ਹੁਕਮ ਮੰਨ ਕੇ ਉਸ ਵਿਚ ਸਮਾਉਂਦਾ ਹੈ।ਜੋ ਉਸਦਾ ਹੁਕਮ ਮੰਨਦਾ ਹੈ ਭਾਵ ਨਾਮ ਜਪਦਾ ਹੈ ਉਸ ਦੇ ਦਰਬਾਰ ਪਹੁੰਚ ਜਾਂਦਾ ਹੈ ਤੇ ਸੱਚੇ ਵਿਚ ਮਿਲਕੇ ਉੇਸ ਵਿਚ ਸਮਾ ਜਾਦਾ ਹੈ।ਉਸ ਬਾਰੇ ਕੀ ਕਹੀਏ ਕੀ ਕਹੀਏ? ਸਾਰਾ ਕੁਝ ਉਹ ਆਪ ਹੀ ਕਰ ਰਿਹਾ ਹੈ ਇਸ ਲਈ ਉਸ ਦੀ ਕਾਰ ਨੂੰ ਬਿਆਨਿਆ ਨਹੀਂ ਜਾ ਸਕਦਾ ਉਹ ਤਾਂ ਆਪ ਹੀ ਅਕੱਥ ਹੈ ਭਾਵ ਬਿਆਨੋ ਬਾਹਰ ਹੈ । ਉਸ ਅਕੱਥ ਕਥਾ ਸੁਣੇ ਤੇ ਸਾਰੀਆਂ ਰਿਧੀਆਂ, ਸਿਧੀਆਂ, ਸਾਰਾ ਗਿਆਨ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ।
  ਅਪਣੀ ਮਰਜ਼ੀ ਨਾਲ ਕੋਈ ਉਤਮ ਪੁਰਖ ਨਹੀਂ ਬਣ ਸਕਦਾ ਨਾ ਹੀ ਕੋਈ ਅਪਣੇ ਆਪ ਨੀਚ ਬਣਦਾ ਹੈ।ਜੇ ਕੋਈ ਆਪ ਹੀ ਨੀਚ ਤੋਂ ਉਤਮ ਬਣਨ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਨੀਚਤਾ ਪ੍ਰਗਟ ਹੋ ਜਾਂਦੀ ਹੈ ਪਰ ਜੇ ਕੋਈ ਉਤਮ ਅਪਣੇ ਆਪ ਨੂੰ ਨੀਚ ਕਹੇ ਤਾਂ ਇਸ ਨੂੰ ਉਸ ਦੀ ਉਤਮਤਾ ਹੀ ਮੰਨੀ ਜਾਂਦੀ ਹੈ।ਜੀਵ ਅਪਣੇ ਕੀਤੇ ਕਰਮਾਂ ਅਨੁਸਾਰ ਹੁਕਮ ਵਿਚ ਲਿਖੇ ਲੇਖਾਂ ਅਨੁਸਾਰ ਦੁੱਖ ਸੁੱਖ ਪਾਉਂਦਾ ਹੈ।ਭਾਵੇਂ ਫਲ ਕਰਮਾਂ ਦਾ ਮਿਲਦਾ ਹੈ, ਪਰ ਕਰਮਾਂ ਦਾ ਫਲ ਹੁਕਮ ਵਿਚ ਹੀ ਮਿਲਦਾ ਹੈ, ਕਰਮ ਅਪਣੇ ਆਪ ਫਲ ਨਹੀਂ ਦਿੰਦਾ।ਉਸਦੇ ਹੁਕਮ ਅਨੁਸਾਰ ਹੀ ਇਨਸਾਨ ਉੱਚਾ ਜਾਂ ਨੀਚ ਵਰਤਾਉ ਕਰਦਾ ਹੈ।ਗੁਰੂ ਦੀ ਮਿਹਰ ਰਾਹੀਂ ਉਹ ਜੀਵ ਨੂੰ ਅਪਣੇ ਬਾਰੇ ਗਿਆਨ ਦਿੰਦਾ ਹੈ। ਜੋ ਗੁਰਮੁਖ ਹੁੰਦਾ ਹੈ ਉਹ ਸਾਰੇ ਬੰਧਨ ਤੋੜ ਦਿੰਦਾ ਹੈ ਤੇ ਮੁਕਤੀ ਲੈ ਅਪਣੇ ਟਿਕਾਣੇ ਤੇ ਲਗਦਾ ਹੈ।ਹੁਕਮੋਂ ਹੀ ਦੁੱਖ ਤੇ ਸੁਖ ਨੂੰ ਬਰਾਬਰ ਕਰਕੇ ਜਾਣਦਾ ਹੈ।ਕਈਆਂ ਉਪਰ ਬਖਸ਼ਿਸ਼ ਦਾ ਹੁਕਮ ਹੁੰਦਾ ਹੈ, ਵਾਹਿਗੁਰੂ ਦੀ ਮਿਹਰ ਪੈ ਜਾਂਦੀ ਹੈ ਤੇ ਉਸ ਦੀ ਕਿਰਪਾ ਸਦਕਾ ਉਨ੍ਹਾਂ ਦੀਆਂ ਅਣਮੰਗੀਆਂ ਮੁਰਾਦਾਂ ਵੀ ਪੂਰੀਆਂ ਹੋ ਜਾਂਦੀਆਂ ਹਨ, ਨਾਮ ਦੀ ਬਖਸ਼ਿਸ਼, ਧਿਆਨ ਦੀ ਬਖਸ਼ਿਸ਼, ਮੁਕਤੀ ਦੀ ਬਖਸ਼ਿਸ਼ ਸਭ ਉਸੇ ਦੀ ਮਿਹਰ ਸਦਕਾ ਹੀ ਹੁੰਦੀਆਂ ਹਨ। ਕਿਰਪਾ ਕਿਸੇ ਲੇਖੇ ਜੋਖੇ ਵਿਚ ਨਹੀਂ।ਕਈਆਂ ਨੂੰ ਹੁਕਮ ਹੁੰਦਾ ਹੈ ਜੂਨਾਂ ਵਿਚ ਭਟਕਣ ਦਾ, ਮਰਨ ਜੀਣ ਦੇ ਚਕਰ, ਅਵਾਗਉਣ ਦੀਆਂ ਭੰਵਾਟਣੀਆਂ ਖਾਣ ਦਾ। ਸਭ ਹੁਕਮ ਦੀ ਗੱਲ ਹੈ।ਜੋ ਅਪਣੀ ਹੋਂਦ ਭਾਵ ਹਉਮੈਂ ਵਿਚ ਰਹਿੰਦਾ ਹੈ ਉਹ ਯਮਾਂ ਦੀ ਪਕੜ ਵਿਚ ਆ ਜਾਂਦਾ ਹੈ।ਜਿਸ ਵਿਚ ਹਉਮੈਂ ਨਹੀਂ ਹੁੰਦੀ, ‘ਮੈਂ’ ਨਹੀਂ ਹੁੰਦੀ ਉਹ ਜੂਨਾਂ ਦੇ ਚੱਕਰਾਂ ਵਿਚੋਂ ਬਚ ਜਾਂਦਾ ਹੈ।ਹਉਮੈ ਆਦਮੀ ਨੂੰ ਬੰਧਨਾਂ ਵਿਚ ਜਕੜ ਦਿੰਦੀ ਹੈ ਅਤੇ ਆਵਾਗਮਨ ਵਿਚ ਭਟਕਾਉਂਦੀ ਹੈ। ਗੁਰੂ ਜੀ ਫੁਰਮਾਉਂਦੇ ਹਨ : ਨਾਮ ਜਪਣ ਨਾਲ ਹੀ ਭਗਤ ਸੁੱਖ ਪਾਉਂਦਾ ਹੈ।
   
 2. Loading...


Since you're here... we have a small favor to ask...     Become a Supporter      ::     Make a Contribution     


Share This Page