• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) ਬਹੁਤ ਅਦਭੁੱਤ ਹੈ ਮਨੁੱਖੀ ਮਨ ਦਾ ਰਹੱਸ


Dr. D. P. Singh

Writer
SPNer
Apr 7, 2006
120
63
Nangal, Indiaਬਹੁਤ ਅਦਭੁੱਤ ਹੈ ਮਨੁੱਖੀ ਮਨ ਦਾ ਰਹੱਸ

ਡਾ. ਦੇਵਿੰਦਰ ਪਾਲ ਸਿੰਘ


ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਡਾ ਮਨ ਨਾ ਤਾਂ ਸਾਡੇ ਦਿਮਾਗ ਤਕ ਸੀਮਿਤ ਹੈ ਤੇ ਨਾ ਹੀ ਸਾਡੇ ਸਰੀਰ ਤਕ। ਬੇਸ਼ਕ ਮਨ ਦਿਮਾਗ ਦੀ ਹੌਂਦ ਉੱਤੇ ਨਿਰਭਰ ਤਾਂ ਕਰਦਾ ਹੈ ਪਰ ਇਹ ਦਿਮਾਗੀ ਸੰਰਚਨਾ ਤੋਂ ਅਲੱਗ ਹੌਂਦ ਦਾ ਧਾਰਣੀ ਹੈ। ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸਾਡਾ ਮਨ ਸਾਡੇ ਸਰੀਰ ਤੋਂ ਪਰ੍ਹੇ ਵੀ ਅਸਰ ਰੱਖਦਾ ਹੈ। ਦਰਅਸਲ ਮਨੁੱਖੀ ਮਨ ਦਾ ਰਹੱਸ ਬਹੁਤ ਹੀ ਅਦਭੁੱਤ ਹੈ।

ਆਪਣੇ ਰੋਜ਼ਾਨਾ ਜੀਵਨ ਦੌਰਾਨ ਅਸੀਂ ਅਕਸਰ ਕਿਸੇ ਹੋਰ ਵਿਅਕਤੀ ਦੇ ਦਿਮਾਗ ਵਿੱਚ ਕੀ ਚਲ ਰਿਹਾ ਹੈ, ਬਾਰੇ ਕਿਆਸ ਲਗਾ ਲੈਂਦੇ ਹਾਂ। ਕਦੇ ਕਿਸੇ ਵਿਅਕਤੀ ਦੀ ਮਾਨਸਿਕ ਤਾਕਤ ਦਾ ਕਾਇਲ ਹੋ, ਅਸੀਂ ਉਸ ਦੀ ਪ੍ਰਸ਼ੰਸਾ ਵੀ ਕਰਦੇ ਹਾਂ। ਤੇ ਜਾਂ ਫਿਰ ਕਿਸੇ ਗੁੱਸੇ ਨਾਲ ਭਰੇ ਪੀਤੇ ਵਿਅਕਤੀ ਨੂੰ ਅਜਿਹਾ ਵੀ ਕਹਿ ਬੈਠਦੇ ਹਾਂ "ਤੂੰ ਤਾਂ ਆਪਣਾ ਮਾਨਸਿਕ ਸੰਤੁਲਨ ਗੁਆ ਲਿਆ ਹੈ।" ਬਹੁਤ ਵਾਰ ਅਸੀਂ ਆਪਣੇ ਮਨ ਦੇ ਵਿਕਾਸ ਜਾਂ ਆਜ਼ਾਦੀ ਦੀ ਗੱਲ ਵੀ ਕਰਦੇ ਹਾਂ।
mind.jpg

ਪਰ ਮਨ ਕੀ ਹੈ? ਇਸ ਸੰਕਲਪ ਨੂੰ ਬਿਆਨ ਕਰਨਾ ਟੇਢੀ ਖੀਰ ਵਾਲਾ ਕੰਮ ਹੀ ਹੈ। ਮਨ ਦਾ ਵਾਸਾ ਚੇਤਨਾ ਵਿਚ ਹੈ। ਇਹ ਹੀ ਸਾਡੀ ਹੌਂਦ ਦਾ ਅਸਲ ਹੈ। ਮਨ ਦੀ ਅਣਹੌਂਦ ਵਿਚ ਕਿਸੇ ਵੀ ਮਨੁੱਖ ਨੂੰ ਸਹੀ ਰੂਪ ਵਿਚ ਜ਼ਿੰਦਾ ਨਹੀਂ ਮੰਨਿਆ ਜਾ ਸਕਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸਲ ਵਿਚ ਮਨ ਹੈ ਕੀ ਤੇ ਇਹ ਮਨੁੱਖੀ ਸਰੀਰ ਅੰਦਰ ਕਿੱਥੇ ਹੌਂਦ ਰੱਖਦਾ ਹੈ?

ਆਮ ਕਰਕੇ ਵਿਗਿਆਨੀਆਂ ਨੇ ਮਨ ਦੀ ਦਿਮਾਗੀ ਕ੍ਰਿਆਵਾਂ ਦੇ ਨਤੀਜੇ ਵਜੋਂ ਦੱਸ ਪਾਈ ਹੈ। ਰਵਾਇਤੀ ਵਿਚਾਰਧਾਰਾ ਅਨੁਸਾਰ ਮਨੁੱਖੀ ਦਿਮਾਗ ਇਕ ਭੌਤਿਕ ਵਸਤੂ ਹੈ, ਅਤੇ ਮਨ ਦਿਮਾਗ ਵਿਚ ਹਰਕਤਨੁਮਾ ਨਿਊਰਾਨਾਂ ਦੀ ਚੇਤੰਨ ਪੈਦਾਇਸ਼ ਹੈ। ਪਰ ਨਵੀਆਂ ਖੋਜਾਂ ਦੱਸ ਪਾ ਰਹੀਆਂ ਹਨ ਕਿ ਸਾਡਾ ਮਨ ਸਾਡੇ ਦਿਮਾਗ ਦੀਆਂ ਭੌਤਿਕ ਕ੍ਰਿਆਵਾਂ ਤੋਂ ਪਾਰ ਵੀ ਅਸਰ ਰੱਖਦਾ ਹੈ। ਯੂਨੀਵਟਸਿਟੀ ਆਫ਼ ਕੈਲੀਫੋਰਨੀਆ, ਲੌਸ ਐਂਜਲਸ ਦੇ ਮਨੋ-ਵਿਗਿਆਨੀ ਪੌ. ਡਾਨ ਸੀਗਲ ਨੇ ਸਾਲ 2016 ਵਿਚ ਛਪੀ ਆਪਣੀ ਕਿਤਾਬ "ਮਾਈਂਡ - ਏ ਜਰਨੀ ਟੂ ਦਾ ਹਰਟ ਔਫ ਬੀਇੰਗ ਹੂਮੈਨ" ਵਿਚ ਵਰਨਣ ਕੀਤਾ ਹੈ ਕਿ ਬੇਸ਼ਕ ਸਾਡਾ ਦਿਮਾਗ ਸਾਡੇ ਜੀਵਨ ਵਿਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਪਰ ਸਾਡਾ ਮਨ ਸਾਡੀ ਖੋਪੜੀ ਜਾਂ ਸਾਡੇ ਸਰੀਰ ਦੇ ਅੰਦਰ ਤੱਕ ਸੀਮਿਤ ਨਹੀਂ ਹੈ।

ਉਸ ਨੇ ਇਹ ਵਿਚਾਰ, ਅੱਜ ਤੋਂ ਲਗਭਗ ਦੋ ਦਹਾਕੇ ਪਹਿਲਾਂ, 40 ਵਿਭਿੰਨ ਮਾਹਿਰਾਂ ਦੀ ਇੱਕ ਮੀਟਿੰਗ ਵਿੱਚ ਪੇਸ਼ ਕੀਤੇ ਸਨ। ਇਨ੍ਹਾਂ ਮਾਹਿਰਾਂ ਵਿਚ ਨਿਊਰੋ-ਵਿਗਿਆਨੀ, ਭੌਤਿਕ ਵਿਗਿਆਨੀ, ਸਮਾਜ-ਵਿਗਿਆਨੀ ਅਤੇ ਮਾਨਵ-ਵਿਗਿਆਨੀ ਸ਼ਾਮਿਲ ਸਨ। ਇਸ ਮੀਟਿੰਗ ਦਾ ਉਦੇਸ਼ ਮਨ ਬਾਰੇ ਅਜਿਹੀ ਸਾਂਝੀ ਰਾਏ ਪੈਦਾ ਕਰਨਾ ਸੀ ਜੋ ਵਿਭਿੰਨ ਵਿਗਿਆਨਕ ਖੇਤਰਾਂ ਵਿਚ ਕੰਮ ਕਰ ਰਹੇ ਮਾਹਿਰਾਂ ਦੀ ਤਸੱਲੀ ਕਰ ਸਕੇ। ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ, ਉਨ੍ਹਾਂ ਨੇ ਨਿਰਣਾ ਕੀਤਾ ਕਿ ਮਨ, ਮਨੁੱਖੀ ਸਰੀਰ ਵਿਚ ਪੈਦਾ ਹੋਣ ਵਾਲੀ ਇਕ ਅਜਿਹੀ ਸਵੈ-ਸੰਗਠਿਤ ਪ੍ਰਕਿਰਿਆ ਹੈ, ਜੋ ਹੌਂਦ ਤੇ ਸੰਬੰਧਤਾ ਦੋਨੋਂ ਪੱਖਾਂ ਦੀ ਧਾਰਣੀ ਹੁੰਦੀ ਹੈ। ਇਹ ਪ੍ਰਕਿਰਿਆ ਸਾਡੇ ਸਰੀਰ ਅੰਦਰ ਅਤੇ ਹੋਰ ਮਨੁੱਖਾਂ ਵਿਚਕਾਰ ਊਰਜਾ ਤੇ ਜਾਣਕਾਰੀ ਪ੍ਰਵਾਹ ਨੂੰ ਨਿਯੰਤ੍ਰਤਿ ਕਰਦੀ ਹੈ। ਮਨ ਦੀ ਇਹ ਪ੍ਰੀਭਾਸ਼ਾ ਬੇਸ਼ਕ ਬਹੁਤ ਲੁਭਾਵਣੀ ਨਹੀਂ, ਪਰ ਹੈ ਇਹ ਦਿਲਚਸਪ, ਅਤੇ ਇਸ ਪ੍ਰੀਭਾਸ਼ਾ ਦੇ ਲਾਭ ਵੀ ਬਹੁਤ ਸਾਰਥਕ ਹਨ।

ਇਸ ਪ੍ਰੀਭਾਸ਼ਾ ਦਾ ਸਭ ਤੋਂ ਵਧੇਰੇ ਹੈਰਾਨ ਕਰਨ ਵਾਲਾ ਅੰਸ਼ ਤਾਂ ਇਹ ਹੈ ਕਿ ਸਾਡਾ ਮਨ ਸਾਡੇ ਸਰੀਰ ਤੋਂ ਪਰ੍ਹੇ ਵੀ ਪ੍ਰਭਾਵ ਰੱਖਦਾ ਹੈ। ਸਾਧਾਰਣ ਭਾਸ਼ਾ ਵਿਚ, ਸਾਡਾ ਮਨ ਕੇਵਲ ਸਾਡੇ ਅਨੁਭਵਾਂ ਬਾਰੇ ਸਾਡੀ ਧਾਰਣਾ ਹੀ ਨਹੀਂ ਹੈ, ਸਗੋਂ ਇਹ ਤਾਂ ਉਨ੍ਹਾਂ ਅਨੁਭਵਾਂ ਦਾ ਹੀ ਰੂਪ ਹੈ। ਸੀਗਲ ਨੇ ਦਾਅਵਾ ਕੀਤਾ ਕਿ ਸਾਨੂੰ ਦੁਨੀਆਂ ਬਾਰੇ ਆਪਣੇ ਵਿਅਕਤੀਗਤ ਨਜ਼ਰੀਏ ਨੂੰ ਆਪਣੀਆਂ ਕ੍ਰਿਆਵਾਂ ਤੋਂ ਪੂਰਨ ਰੂਪ ਵਿਚ ਅੱਡ ਕਰ ਕੇ ਦੇਖ ਸਕਣਾ ਸੰਭਵ ਨਹੀਂ ਹੈ। ਸੀਗਲ ਦਾ ਕਹਿਣਾ ਹੈ ਕਿ “ਮੈਂ ਮਹਿਸੂਸ ਕਰਦਾ ਹਾਂ ਕਿ ਜੇ ਕੋਈ ਮੈਨੂੰ ਸਮੁੰਦਰੀ-ਕਿਨਾਰੇ ਬਾਰੇ ਇਹ ਪੁੱਛੇ ਕਿ ਕੀ ਸਮੁੰਦਰੀ ਕਿਨਾਰਾ "ਜਿਥੋਂ ਤਕ ਪਾਣੀ ਨਜ਼ਰ ਆਉਂਦਾ ਹੈ" ਜਾਂ "ਜਿਥੋਂ ਰੇਤੀਲਾ ਖੇਤਰ ਸ਼ੁਰੂ ਹੁੰਦਾ ਹੈ," ਵਿਚੋਂ ਕਿਹੜਾ ਸਹੀ ਉੱਤਰ ਹੈ ਤਾ ਮੈਂ ਇਹੋ ਕਹਾਂਗਾ ਕਿ ਸਮੁੰਦਰੀ ਕਿਨਾਰਾ ਪਾਣੀ ਤੇ ਰੇਤ ਦੋਹਾਂ ਦੇ ਮਿਲਾਪ ਦਾ ਸਰੂਪ ਹੈ। ਸੀਗਲ ਦਾ ਕਹਿਣਾ ਹੈ ਕਿ ਸਮੁੰਦਰੀ ਕਿਨਾਰੇ ਬਾਰੇ ਵਿਚਾਰ ਨੂੰ "ਜਿਥੋਂ ਤਕ ਪਾਣੀ ਨਜ਼ਰ ਆਉਂਦਾ ਹੈ" ਜਾਂ "ਜਿਥੋਂ ਰੇਤੀਲਾ ਖੇਤਰ ਸ਼ੁਰੂ ਹੁੰਦਾ ਹੈ," ਧਾਰਨਾਵਾਂ ਨਾਲ ਸੀਮਤ ਨਹੀਂ ਕੀਤਾ ਜਾ ਸਕਦਾ। ਮੇਰਾ ਖਿਆਲ ਹੈ ਕਿ ਸ਼ਾਇਦ ਮਨ ਵੀ ਸਮੁੰਦਰੀ ਕਿਨਾਰੇ ਵਾਂਗ ਹੀ ਹੈ - ਕੁਝ ਕੁ ਅੰਦਰੂਨੀ ਅਤੇ ਕੁਝ ਕੁ ਪ੍ਰਸਪਰ ਪ੍ਰਕਿਰਿਆਵਾਂ ਦਾ ਸੰਗਠਨ।

ਕਿਸੇ ਵੀ ਮਾਨਵ-ਵਿਗਿਆਨੀ ਜਾਂ ਸਮਾਜ-ਵਿਗਿਆਨੀ ਲਈ ਮਾਨਸਿਕ ਪ੍ਰਕ੍ਰਿਆ ਮੁੱਖ ਤੌਰ ਉੱਤੇ ਸਮਾਜਿਕ ਹੀ ਹੁੰਦੀ ਹੈ। ਸਾਡੇ ਵਿਚਾਰ, ਭਾਵਨਾਵਾਂ, ਯਾਦਾਂ, ਤੇ ਸੁਰਤ, ਜੋ ਅਸੀਂ ਨਿੱਜੀ ਤੌਰ ਉੱਤੇ ਇਸ ਦੁਨੀਆ ਵਿੱਚ ਅਨੁਭਵ ਕਰਦੇ ਹਾਂ ਉਹ ਮਨ ਦਾ ਅੰਸ਼ ਹੀ ਹੁੰਦਾ ਹੈ। ਮਨ ਦੀ ਇਸ ਪਰਿਭਾਸ਼ਾ ਦੀ ਵਿਗਿਆਨ ਨੇ ਵੀ ਪੁਸ਼ਟੀ ਕੀਤੀ ਹੈ। ਦਰਅਸਲ ਇਸ ਪਰਿਭਾਸ਼ਾ ਦਾ ਮੂਲ ਵਿਚਾਰ ਗਣਿਤ ਵਿਸ਼ੇ ਦੇ ਮਾਹਿਰਾਂ ਨੇ ਸੁਝਾਇਆ ਸੀ।

images 1.jpg
ਸੀਗਲ ਨੇ ਮਹਿਸੂਸ ਕੀਤਾ ਕਿ ਮਨ ਦਾ ਸਰੂਪ, ਗਣਿਤ ਵਿਚ ਦਰਸਾਈ ਜਾਂਦੀ ਜਟਿਲ ਪ੍ਰਣਾਲੀ ਦੀ ਪਰਿਭਾਸ਼ਾ ਨਾਲ ਮੇਲ ਖਾਂਦਾ ਹੈ। ਅਜਿਹੀ ਜਟਿਲ ਪ੍ਰਣਾਲੀ ਦਾ ਪਹਿਲਾ ਗੁਣ ਹੈ ਇਸ ਦਾ ਵਿਆਪਕ ਹੋਣਾ (ਅਜਿਹੀ ਪ੍ਰਣਾਲੀ ਹੋਰ ਚੀਜ਼ਾਂ ਨੂੰ ਪ੍ਰਭਾਵਿਤ ਕਰਣ ਦੇ ਸਮਰਥ ਹੁੰਦੀ ਹੈ। ਹੈ)। ਦੂਸਰਾ ਗੁਣ ਹੈ - ਅਨਿਯਮਤਤਾ (ਜਿਸ ਦਾ ਭਾਵ ਹੈ ਕਿ ਇਹ ਲਗਭਗ ਬੇਤਰਤੀਬ ਰੂਪ ਵਿਚ ਵਿਚਰ ਸਕਦਾ ਹੈ। ਅਤੇ ਤੀਸਰਾ ਗੁਣ ਹੈ ਇਸ ਦਾ ਟੇਢਾਪਣ (ਜਿਸ ਦਾ ਭਾਵ ਹੈ ਕਿ ਕੋਈ ਵੀ ਛੋਟਾ ਜਿਹਾ ਆਦਾਨ (ਇਨਪੁਟ), ਬਹੁਤ ਵੱਡੇ ਪ੍ਰਦਾਨ (ਆਉਟਪੁਟ) ਨੂੰ ਜਨਮ ਦੇ ਸਕਦਾ ਹੈ ਅਤੇ ਪ੍ਰਾਪਤ ਨਤੀਜੇ ਬਾਰੇ ਅੰਦਾਜ਼ਾ ਲਗਾਉਣਾ ਬਹੁਤ ਹੀ ਮੁਸ਼ਕਲ ਹੋ ਸਕਦਾ ਹੈ।)

ਗਣਿਤ ਅਨੁਸਾਰ ਜਟਿਲ ਪ੍ਰਣਾਲੀਆਂ ਸਵੈ-ਸੰਗਠਿਤ ਹੁੰਦੀਆਂ ਹਨ। ਸੀਗਲ ਦਾ ਮੰਨਣਾ ਹੈ ਕਿ ਇਹ ਵਿਚਾਰ ਮਾਨਸਿਕ ਸਿਹਤ ਦਾ ਆਧਾਰ ਹੈ। ਗਣਿਤਕ ਸੋਚ ਅਨੁਸਾਰ, ਉੱਚਤਮ ਸਵੈ-ਸੰਗਠਨ ਦੇ ਗੁਣ ਹਨ; ਲਚਕੀਲਾਪਣ, ਅਨੁਕੂਲਤਾ, ਸੁਮੇਲਤਾ ਯੋਗਤਾ, ਜੋਸ਼ੀਲਾਪਣ ਅਤੇ ਸਥਾਈਪਣ। ਸੀਗਲ ਦਾ ਕਹਿਣਾ ਹੈ ਕਿ ਉੱਚਤਮ ਸਵੈ-ਸੰਗਠਨ ਦੀ ਅਣਹੋਂਦ ਵਿਚ, ਜਾਂ ਤਾਂ ਤੁਸੀਂ ਬੇਤਰਤੀਬੀ ਦੀ ਹਾਲਤ ਵਿਚ ਪਹੁੰਚ ਜਾਂਦੇ ਹੋ ਤੇ ਜਾਂ ਫਿ਼ਰ ਕਠੋਰਤਾ ਦੀ ਹਾਲਤ ਵਿਚ। ਅਜਿਹੀ ਹਾਲਤ ਮਾਨਸਿਕ ਸਿਹਤ ਦੇ ਵਿਗਾੜ ਦਾ ਪ੍ਰਗਟਾ ਹੁੰਦੀ ਹੈ।

ਦਰਅਸਲ ਸਵੈ-ਸੰਗਠਨ ਵਿਭਿੰਨ ਵਿਚਾਰਾਂ ਦੇ ਆਪਸੀ ਮਿਲਾਪ (ਸੁਮੇਲਤਾ) ਦਾ ਕਾਰਣ ਬਣਦਾ ਹੈ। ਸੀਗਲ ਦਾ ਕਹਿਣਾ ਹੈ ਕਿ ਇਹ ਵਿਚਾਰਧਾਰਕ ਸੁਮੇਲਤਾ, ਭਾਵੇਂ ਕਿਸੇ ਦੇ ਮਨ ਵਿਚ ਹੋਵੇ ਜਾਂ ਸਮਾਜ ਦੇ ਅੰਦਰ, ਇਹ ਇੱਕ ਸਿਹਤਮੰਦ ਮਨ ਦਾ ਆਧਾਰ ਹੁੰਦੀ ਹੈ। ਸੀਗਲ ਦਾ ਬਿਆਨ ਹੈ ਕਿ ਉਸਨੇ ਸਮਾਜ ਵਿਚ ਵਿਆਪਕ ਰੂਪ ਵਿਚ ਫੈਲੀ ਦੁਰਦਸ਼ਾ ਨੂੰ ਦੇਖਦੇ ਹੋਏ ਆਪਣੀ ਇਹ ਕਿਤਾਬ ਲਿਖੀ ਕਿਉਂ ਕਿ ਉਸ ਦਾ ਯਕੀਨ ਹੈ ਕਿ ਅਜਿਹੇ ਹਾਲਾਤਾਂ ਦੇ ਕਾਰਣਾਂ ਦਾ ਇਕ ਅੰਗ ਇਹ ਵੀ ਹੈ ਕਿ ਅਸੀਂ ਆਪਣੇ ਮਨ ਨੂੰ ਕਿਵੇਂ ਦੇਖਦੇ ਹਾਂ। ਨਾਮੀਬੀਆ ਵਿਖੇ ਕੀਤੇ ਆਪਣੇ ਖੋਜ ਕਾਰਜਾਂ ਦੀ ਗੱਲ ਕਰਦਾ ਉਹ ਲਿਖਦਾ ਹੈ ਕਿ ਨਾਮੀਬੀਆ ਦੇ ਲੋਕ ਆਪਣੀ ਖੁਸ਼ੀ ਦਾ ਅਧਾਰ ਆਪਸੀ ਚੰਗੇ ਸੰਬੰਧਾਂ (ਸੁਮੇਲਤਾ) ਨੂੰ ਮੰਨਦੇ ਹਨ।

ਜਦੋਂ ਇਕ ਨਾਮੀਬੀਆ ਵਾਸੀ ਨੇ ਸੀਗਲ ਨੂੰ ਪੁੱਛਿਆ ਗਿਆ ਕਿ ਉਹ ਅਮਰੀਕਾ ਵਿਚ ਰਹਿੰਦਾ ਹੋਇਆ ਕਿਵੇਂ ਮਹਿਸੂਸ ਕਰਦਾ ਹੈ ਤਾਂ ਉਸ ਨੇ ਦੱਬੀ ਸੁਰ ਵਿਚ ਕਿਹਾ: “ਮੈਂ ਸੋਚਦਾ ਹਾਂ ਕਿ ਅਸੀਂ ਸਾਰੇ ਹੀ ਕਿੰਨੇ ਅਲੱਗ-ਥਲੱਗ ਹਾਂ ਅਤੇ ਆਪਸ ਵਿਚ ਵੰਡੇ ਹੋਏ ਮਹਿਸੂਸ ਕਰਦੇ ਹਾਂ।" ਅਜੋਕੇ ਮਨੁੱਖੀ ਸਮਾਜ ਵਿਚ ਪ੍ਰਚਲਿਤ ਧਾਰਣਾ ਹੈ ਕਿ ਸਾਡਾ ਮਨ ਦਿਮਾਗ ਦੀ ਕਿਰਿਆ ਹੀ ਹੈ ਜਿਸ ਦਾ ਭਾਵ ਇਹ ਹੈ ਕਿ ਸਾਡਾ ਸਵੈਪਣ, ਜੋ ਮਾਨਸਿਕ ਫੁਰਨਿਆਂ ਦੇ ਨਤੀਜੇ ਵਜੋਂ ਸਮਝਿਆ ਜਾਂਦਾ ਹੈ, ਅਸਲ ਵਿਚ ਕੋਈ ਵੱਖਰੀ ਸ਼ੈਅ ਹੈ ਤੇ ਇਸ ਦਾ ਹੋਰਾਂ ਨਾਲ ਸਾਡੇ ਆਪਸੀ ਸੰਬੰਧਾਂ ਨਾਲ ਕੋਈ ਵਾਹ-ਵਾਸਤਾ ਨਹੀੰ। ਪਰ ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਇਕ ਦੂਜੇ ਦੇ ਜੀਵਨ ਦਾ ਹਿੱਸਾ ਹਾਂ। ਮਨ ਸਿਰਫ ਦਿਮਾਗ ਦੀ ਕਿਰਿਆ ਹੀ ਨਹੀਂ ਹੁੰਦਾ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਮਨ ਇਕ ਸੰਬੰਧ-ਸਥਾਪਤੀ ਕ੍ਰਿਆ ਦਾ ਨਾਂ ਹੈ, ਤਾਂ ਸਾਡੇ ਆਪਸੀ ਸੰਬੰਧਾਂ ਬਾਰੇ ਅਹਿਸਾਸਾਂ ਵਿਚ ਇਕ ਅਹਿਮ ਤਬਦੀਲੀ ਦਾ ਆਗਾਜ਼ ਹੁੰਦਾ ਹੈ।

ਇਸ ਦਾ ਭਾਵ ਇਹ ਹੈ ਕਿ ਮਨ ਨੂੰ ਸੰਬੰਧ-ਸਥਾਪਤੀ ਦੀ ਕ੍ਰਿਆ ਸਮਝਣ ਦੀ ਥਾਂ, ਦਿਮਾਗ ਦੀ ਸਾਧਾਰਣ ਕ੍ਰਿਆ ਵਜੋਂ ਸੋਚਦੇ ਹੋਏ ਅਸੀਂ ਆਪਸੀ ਤੌਰ ਉੱਤੇ ਅਲੱਗ-ਥਲੱਗਤਾ ਦੇ ਅਹਿਸਾਸ ਦਾ ਸ਼ਿਕਾਰ ਬਣ ਜਾਂਦੇ ਹਾਂ। ਆਪਸੀ ਰਿਸ਼ਤਿਆਂ ਅੰਦਰ ਸੁਮੇਲਤਾ ਸਥਾਪਤੀ ਲਈ ਸਾਨੂੰ ਆਪਣੇ ਮਨ ਦੇ ਦਰ ਹੋਰਨਾਂ ਲਈ ਖੋਲ੍ਹਣੇ ਹੋਣਗੇ।
 
Last edited:
Top