• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) Sri Guru Granth Sahib Anusar Roohani Reht Maryada

Dalvinder Singh Grewal

Writer
Historian
SPNer
Jan 3, 2010
1,245
421
78
ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਰੂਹਾਨੀ ਰਹਿਤ ਮਰਿਯਾਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਡੀਨ (ਭੂ ਪੂ) ਦੇਸ਼ ਭਗਤ ਯੂਨੀਵਰਸਿਟੀ


ਰਹਿਤ ਮਰਯਾਦਾ

ਰਹਿਤ ਮਰਯਾਦਾ ਅਸੂਲਾਂ ਤੇ ਨਿਯਮਾਂ ਦਾ ਉਹ ਸੰਗ੍ਰਿਹ ਜੋ ਕਿਸੇ ਖਾਸ ਸਮੁਦਾਇ ਦੀ ਜੀਵਨ ਸ਼ੈਲੀ ਦਾ ਰਾਹ-ਨੁਮਾ ਹੁੰਦਾ ਹੈ । ਇਹ ਜੀਵਨ ਜਾਚ ਦਾ ਉਹ ਰਸਤਾ ਹੈ ਜੋ ਖਾਸ ਯਕੀਨ, ਅਸੂਲ ਤੇ ਬੰਧਨ ਅਨੁਸਾਰ ਬਣਦਾ ਹੈ।ਇਹ ਕਨੂੰਨ, ਨਿਯਮ ਜਾਂ ਅਸੂਲਾਂ ਦਾ ਉਹ ਗੁਲਦਸਤਾ ਹੈ ਜਿਸ ਵਿਚ ਇਕ ਖਾਸ ਸਮੁਦਾਇ ਦੀ ਜੀਵਨ-ਜਾਚ ਮਰਯਾਦਿਤ ਕੀਤੀ ਹੁੰਦੀ ਹੈ।

ਮਰਿਯਾਦਾ ਦੇ ਅਸੂਲ

ਮਰਿਯਾਦਾ ਦੇ ਅਸੂਲ ਰੂਲ ਤੇ ਰੈਗੂਲੇਸ਼ਨਜ਼ ਦਾ ਉਹ ਸੰਗ੍ਰਿਹ ਹੈ ਜੋ ਤਹਿ ਕਰਦਾ ਹੈ ਕਿ ਕਿਸੇ ਖਾਸ ਸਮੂਹ ਨੇ ਕਿਨ੍ਹਾਂ ਹੱਦਾਂ ਵਿਚ ਰਹਿਣਾ ਹੈ ਤੇ ਕਿਸ ਤਰ੍ਹਾਂ ਦਾ ਵਰਤਾਉ ਕਰਨਾ ਹੈ।ਇਸ ਨੂੰ ਜੀਵਨ ਦਾ ਗਾਡੀ ਰਾਹ ਵੀ ਮੰਨਿਆਂ ਜਾ ਸਕਦਾ ਹੈ ਜੋ ਖਾਸ ਵਿਸ਼ਵਾਸ਼, ਮਰਿਯਾਦਿਤ ਅਸੂਲਾਂ ਅਨੁਸਾਰ ਜ਼ਾਬਤੇ ਵਿਚ ਰਹਿ ਕੇ ਚਲਿਆ ਜਾਂਦਾ ਹੈ। ਅਸੂਲਾਂ ਦਾ ਇਹ ਸਮੂਹ ਜੀਵਨ ਨੂੰ ਉਚਾਈਆਂ ਵਲ ਵਧਾਉਣ ਲਈ ਦਾਰਸ਼ਨਿਕ ਵਿਚਾਰਧਾਰਾ ਦਾ ਪਥਪਰਦਰਸ਼ਕ ਵੀ ਕਿਹਾ ਜਾ ਸਕਦਾ ਹੈ।

ਸਿੱਖ ਰਹਿਤ ਮਰਿਯਾਦਾ

ਸਿੱਖ ਰਹਿਤ ਮਰਿਯਾਦਾ ਮਰਿਯਾਦਵਾਂ ਦਾ ਉਹ ਲਿਖਿਤ ਸੰਗ੍ਰਿਹ ਹੈ ਜੋ ਇੱਕ ਸਿੱਖ ਦੀ ਜੀਵਨ ਸ਼ੈਲੀ ਨੂੰ ਮਰਯਾਦਿਤ ਕਰਦੀ ਹੈ।ਇਸ ਵਿਚ ਅੰਦਰੂਨੀ ਤੇ ਬਾਹਰੀ ਜੀਵਨ ਦੋਨਾਂ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ।ਸ਼ਖਸ਼ੀ, ਸਮਾਜੀ ਤੇ ਰੂਹਾਨੀ ਜੀਵਨ ਦੇ ਪੱਖ ਪ੍ਰਦਰਸ਼ਿਤ ਹਨ।ਬਾਹਰੀ ਜੀਵਨ ਤੋਂ ਭਾਵ ਸਮਾਜ ਜਾਂ ਦੁਨਿਆਵੀ ਸੰਬੰਧਾਂ ਦਾ ਜੀਵਨ ।

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ (ਪੰਨਾ 938)



ਦੇ ਮਹਾਂਵਾਕ ਅਨੁਸਾਰ ਸਿੱਖ ਨੇ ਵਿਸ਼ਵ ਵਿਚ ਇਸ ਤਰ੍ਹਾਂ ਅਪਣਾ ਜੀਵਨ ਜੀਣਾ ਹੈ ਜਿਵੇਂ ਕਮਲ ਫੁਲ ਦੀਆਂ ਜੜ੍ਹਾਂ ਭਾਵੇਂ ਚਿਕੜ ਵਿਚ ਹੁੰਦੀਆਂ ਹਨ ਪਰ ਉਸ ਦਾ ਸਿਰ ਖੁਲ੍ਹੀ ਹਵਾ ਵਿਚ ਹੁੰਦਾ ਹੈ, ਭਾਵ ਜਗਤ ਵਿਚ ਹੁੰਦਿਆਂ ਹੋਇਆਂ ਵੀ ਜਗਤ ਵਿਚ ਲਿਪਿਤ ਨਹੀ ਹੋਣਾ, ਖੋਣਾ ਨਹੀਂ। ਇਕ ਸਿੱਖ ਵਿਸ਼ਵ ਵਿਚ ਵਸਦਾ ਸਮੁਚੇ ਵਿਸ਼ਵ ਦਾ ਭਲਾ ਲੋਚਦਾ, ਨਾਮ ਜਪਦਾ, ਕਿਰਤ ਕਰਦਾ, ਵੰਡ ਛਕਦਾ, ਵਿਸ਼ਵ ਵਿਚ ਅਪਣਾ ਉਸਾਰੂ ਯੋਗਦਾਨ ਪਾਉਂਦਾ ਹੈ।

ਸਿੱਖ ਰਹਿਤ ਮਰਿਯਾਦਾ ਦੇ ਅਸੂਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ

ਸਿੱਖ ਰਹਿਤ ਮਰਯਾਦਾ ਦੇ ਪ੍ਰਮੁਖ ਅਸੂਲ ਗੁਰਬਾਣੀ ਤੇ ਨਿਰਧਾਰਿਤ ਹਨ।ਜੇ ਮੂਲ ਮੰਤ੍ਰ ਨੂੰ ਹੀ ਲਈਏ ਤਾਂ 1ਓ ‘ਭਾਵ ਸਾਰੇ ਵਿਸ਼ਵ ਦਾ ਪ੍ਰਮਾਤਮਾਂ ਇਕੋ ਹੈ’ ਉਹੀ ਵਡੇਰਾ ਸਾਰੇ ਵਿਸ਼ਵ ਦਾ ਰਚਿਤਾ ਹੈ ।‘ਕਰਤਾ ਪੁਰਖ’।ਉਸ ਦਾ ਨਾਮ ਸੱਚਾ ਹੈ ਭਾਵ ਸਿਰਫ ਉਹ ਹੀ ਹੈ ਜੋ ਸਦੀਵੀ ਹੈ ਬਾਕੀ ਸਭ ਬਿਨਸਣਹਾਰ ਹਨ।ਇਸੇ ਸੱਚੇ ਨਾਮ ਰਾਹੀਂ ਹੀ ਉਸ ਨਾਲ ਜੁੜਿਆ ਜਾ ਸਕਦਾ ਹੈ ਜੋ ਸਾਨੂੰ ਹਮੇਸ਼ਾਂ ਧਿਆਉਣਾ ਚਾਹੀਦਾ ਹੈ।ਉਹ ਕਰਣ-ਕਾਰਣ ਸਮਰਥ ਹੈ । ਉਸ ਦੇ ਹੁਕਮ ਅਨੁਸਾਰ ਹੀ ਸਾਰਾ ਵਿਸ਼ਵ ਚਲਦਾ ਹੈ।

ਉਹ ਦਿਸਦਾ ਨਹੀਂ ਪਰ ਉਸ ਨੂੰ ਉਸਦੀ ਰਚਨਾ ਰਾਹੀਂ ਵੇਖਿਆ ਜਾ ਸਕਦਾ ਹੈ। ਭਾਵ ਉਹ ਨਿਰਗੁਣ ਵੀ ਹੈ ਤੇ ਸਰਗੁਣ ਵੀ। ਉਸ ਨਾਲ ਜੁੜਣ ਲਈ, ਉਸ ਲਈ ਪਿਆਰ ਉਮਡਣਾ ਜ਼ਰੂਰੀ ਹੈ ਤੇ ਇਹ ਪਿਆਰ ਉਸ ਦੀ ਰਚਨਾ ਨਾਲ ਕੀਤਿਆਂ ਵੀ ਉਸ ਨਾਲ ਪਾਇਆ ਜਾ ਸਕਦਾ ਹੈ।ਸੋ ਉਸ ਦੀ ਰਚਨਾ ਨੂੰ ਪਿਆਰਨਾ ਵੀ ਉਸੇ ਨੂੰ ਹੀ ਪਿਆਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੂਹਾਨੀ ਰਹਿਤ

ਸਿਖਿਆ ਪ੍ਰਾਪਤੀ ਲਈ ਗੁਰੂ ਦਾ ਹੋਣਾ ਆਵਸ਼ਕ ਹੈ। ਇਕ ਸਿਖ ਦਾ ਗੁਰੂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਸ ਕੋਲੋਂ ਸਭ ਤੋਂ ਪਹਿਲਾਂ ਪ੍ਰਮਾਤਮਾ ਪ੍ਰਤੀ ਗਿਆਨ ਪ੍ਰਾਪਤ ਕਰਨਾ ਹੈ। ਸਿੱਖ ਦਾ ਨਿਸ਼ਾਨਾਂ ਪ੍ਰਮਾਤਮਾ ਪ੍ਰਾਪਤੀ ਹੈ ਜਿਸ ਲਈ ਉਸਨੂੰ ਪ੍ਰਮਾਤਮਾਂ ਵਾਲੇ ਗੁਣ ਪ੍ਰਾਪਤ ਕਰਨੇ ਹਨ ।ਇਸ ਲਈ ਆਪਾ ਪੜਚੋਲ ਕਰ ਅਪਣੇ ਗੁਣ ਅੋਗੁਣ ਨਾਪ ਕੇ ਔਗੁਣਾਂ ਨੂੰ ਦੂਰ ਕਰਨਾ ਤੇ ਉਨ੍ਹਾ ਗੁਣਾਂ ਨੂੰ ਅਖਤਿਆਰ ਕਰਨਾ ਹੈ ਜੋ ਉਸ ਵਿਚ ਨਹੀਂ।

ਇਨ੍ਹਾਂ ਦੈਵੀ ਗੁਣਾਂ ਸਬੰਧੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਨ੍ਹਾਂ ਗੁਣਾਂ ਬਿਨਾ ਭਗਤੀ ਸੰਭਵ ਨਹੀਂ:

ਵਿਣੁ ਗੁਣ ਕੀਤੇ ਭਗਤਿ ਨ ਹੋਇ॥ (ਜਪੁਜੀ, ਪੰਨਾ ੪)


ਦੈਵੀ ਗੁਣ


ਦਾਤੇ ਦੇ ਗੁਣ ਅਮੁੱਲ ਹਨ। ਇਨ੍ਹਾਂ ਗੁਣਾਂ ਦਾ ਸ਼ੁਮਾਰ ਵੀ ਕੋਈ ਨਹੀਂ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਵਾਹਿਗੁਰੂ ਦੇ ਸ਼ੁਭ ਗੁਣ ਗਾਇਨ ਨਾਲ ਸ਼ੁਰੂ ਹੁੰਦੀ ਹੈ ਜੋ ਪਹਿਲੀ ਬਾਣੀ ਜਪੁਜੀ ਦੇ ਮੰਗਲਾਚਰਣ (ਮੂਲਮੰਤਰ) ਵਿਚ ਦਿਤੀ ਗਈ ਹੈ:

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (ਜਪੁਜੀ, ਪੰਨਾ ੧)


ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹਿਗੁਰੂ ਨੂੰ ਨਿਰਗੁਣ ਤੇ ਸਰਗੁਣ ਸਰੂਪ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਨਿਰਗੁਣ ਪਾਰਬ੍ਰਹਮ ਤੇ ਸਰਗੁਣ ਬ੍ਰਹਮ ਦੋਨਾਂ ਰੂਪਾਂ ਦੇ ਗੁਣ ਸ਼ਾਮਿਲ ਹਨ।ਪਾਰਬ੍ਰਹਮ ਨਿਰਗੁਣ ਤੇ ਬ੍ਰਹਮ ਸਰਗੁਣ ਲਈ ਵਰਤਿਆ ਗਿਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਮ ਤੇ ਪਾਰਬ੍ਰਹਮ ਸ਼ਬਦ ਕ੍ਰਮਵਾਰ ਨਿਉਨ ਬ੍ਰਹਮ ਤੇ ਪਰਮ-ਉੱਚ ਬ੍ਰਹਮ ਲਈ ਆਏ ਹਨ।

ਨਿਰਗੁਨੁ ਆਪ ਸਰਗੁਨੁ ਭੀ ਓਹੀ॥ (ਗਉੜੀ ਮ ੫, ਪੰਨਾ ੨੮੭)


ਇਕੋ ਇਕ ਪ੍ਰਮਾਤਮਾਂ


ਪ੍ਰਮਾਤਮਾਂ (ਪਾਰਬ੍ਰਹਮ) ਇਕ ਹੈ, ਉਸ ਦਾ ਨਾਂ ਸਤ ਹੈ ਉਹ ਰਚਨਹਾਰ ਹੈ ਉਸਨੂੰ ਕਿਸੇ ਤੋਂ ਭੈ ਨਹੀਂ, ਕਿਸੇ ਨਾਲ ਵੈਰ ਨਹੀਂ, ਉਹ ਅਬਿਨਾਸ਼ੀ ਹੈ ਕਿਸੇ ਜੂਨ ਵਿਚ ਨਹੀਂ ਆਉਂਦਾ ਅਤੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਹ ਗੁਰੂ ਦੀ ਕ੍ਰਿਪਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅਨੇਕਤਾ ਵਿਚ ਇੱਕ (1ਓ) (ਜਪੁਜੀ ਪੰਨਾ ੧) ਇਕੋ ਵਾਹਿਗੁਰੂ ਹੀ ਹੈ ਜੋ ਸਾਰੀ ਦੁਨੀਆਂ ਦਾ ਰਚਿਤਾ ਹੈ ਤੇ ਹਰ ਆਕਾਰ ਵਿਚ ਵਸਦਾ ਹੈ।

ਸਭ ਮਹਿ ਵਰਤੈ ਏਕੋ ਸੋਇ॥(ਰਾਮਕਲੀ ਮ ੧, ਪੰਨਾ ੯੩੧)
• ਸਭ ਮਹਿ ਪੂਰਿ ਰਹੇ ਪਾਰਬ੍ਰਹਮ॥(ਗਉੜੀ ਮ ੫, ਪੰਨਾ ੨੯੯)
• ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ ॥


ਉਸਦਾ ਪੂਰਬਲਾ ਨਾਮ ਸਤਿਨਾਮ ਹੈ। ਬਾਕੀ ਸਭ ਨਾਮ ਤਾਂ ਕਿਰਤਮ ਹਨ ਜੋ ਰਚੇ ਹੋਏ ਜੀੜ ਦੀ ਜੀਭ ਬੋਲਦੀ ਹੈ

ਕਿਰਤਮ ਨਾਮ ਕਥੇ ਤੇਰੇ ਜਿਹਬਾ॥ਸਤਿਨਾਮੁ ਤੇਰਾ ਪਰਾ ਪੂਰਬਲਾ॥ (ਮਾਰੂ ਮ ੫)

ਪਾਰਬ੍ਰਹਮ ਅਰੰਭ ਤੋਂ ਹੀ ਹੈ (ਆਦਿ), ਬਿਲਕੁਲ ਹੀ ਅਰੰਭ ਤੋਂ ਹੈ (ਪਰਮਾਦਿ) ਅਤੇ ਉਸ ਦਾ ਅਰੰਭ ਵੀ ਕੋਈ ਨਹੀਂ (ਅਨਾਦਿ)।

ਆਦਿ ਜੁਗਾਦਿ ਜੁਗਾਦਿ ਜੁਗੋ ਜਗਿੁ ਤਾ ਕਾ ਅੰਤੁ ਨ ਜਾਨਿਆ॥(ਪ੍ਰਭਾ ਨਾਮਦੇਵ, ਪੰਨਾ ੧੨੫੧)

ਸਰਬਵਿਆਪਤ ਹੈ, ਸਰਬਪ੍ਰਵਾਣਤ ਹੈ, ਸਰਬਕਰਤਾ ਹੈ, ਬਹੁਰੰਗੀ ਹੈ, ਦਇਆਲ ਹੈ, ਸਿਮਰਨ ਕਰਨ ਵਾਲੇ ਨੂੰ ਨਿਹਾਲ ਕਰ ਦਿੰਦਾ ਹੈ

• ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥ ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਅਬਿਨਾਸ ॥ ਸਦਾ ਸਦਾ ਸਦਾ ਦਇਆਲ ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥ ੮ ॥ ੯ ॥( ਸੁਖਮਨੀ ਮ: ੫, ਪੰਨਾ ੨੭੫)

ਉਹ ਅਗਾਧ ਹੈ, ਅਗੰਮ ਹੈ, ਅਕਥੁ ਹੈ, ਅਗੋਚਰ ਹੈ, ਅਲਖ ਹੈ, ਅਮੋਲ ਹੈ, ਉਹ ਅੰਤਰਜਾਮੀ, ਸੁਘੜ, ਕ੍ਰਿਪਾਲ,ੂ ਬੇਅੰਤ ਹੈ।ਉਹ ਅਦ੍ਰਿਸ਼ਟ ਹੈ, ਸਮੇਂ ਸਥਾਨ ਤੇ ਮਨੁਖੀ ਸੂਝ ਦੀ ਪਕੜ ਤੋਂ ਬਾਹਰ ਹੈ (ਅਦ੍ਰਿਸ਼ਟ, ਅਸੂਝ, ਨਿਰਬੂਝ, ਅਭੇਦ, ਗੁਪਤ, ਅਲਖ, ਅਕਹ, ਬੇਸ਼ੁਮਾਰ, ਅਮਿਤ, ਬਿਸੀਆਰ, ਅਪਰ-ਅਪਾਰ, ਬੇਕੀਮਤ, ਅਤੋਲ, ਅਕਰਮ, ਅਕ੍ਰੈ, ਵਰਣ ਚਿੰਨ ਬਾਹਰਾ)। ਕੋਈ ਦੇਵੀ ਦੇਵਤਾ ਉਸ ਨੂੰ ਦੇਖ ਨਹੀਂ ਸਕਿਆ, ਸੰਪੂਰਨ ਤੌਰ ਤੇ ਸਮਝ ਨਹੀਂ ਸਕਿਆ।ਜੋ ਕਰਦਾ ਹੈ ਉਹ ਅਪਣੇ ਆਪ ਹੀ ਕਰਦਾ ਹੈ

ਪ੍ਰਮਾਤਮਾਂ ਪ੍ਰਾਪਤੀ ਲਈ ਲੋੜੀਂਦੇ ਗੁਣ

ਸਾਨੂੰ ਗੁਣ ਸਾਰੇ ਪ੍ਰਮਾਤਮਾਂ ਵਾਲੇ ਹੀ ਲੋੜੀਂਦੇ ਹਨ ਪਰ ਸਾਰੇ ਗੁਣ ਨਾ ਹੀ ਸੰਭਵ ਹਨ ਨਾ ਹੀ ਜ਼ਰੂਰੀ, ਜਿਸ ਤਰ੍ਹਾਂ ਬੂੰਦ ਵਿਚ ਦਰਿਆ ਵਾਂਗ ਵਿਸ਼ਾਲਤਾ ਤੇ ਧਰਾਤਲ ਨਹੀਂ ਹੁੰਦਾ ਤੇ ਨਾ ਹੀ ਜੀ ਜੰਤਾਂ ਦੀ ਭਰਮਾਰ।ਪਰ ਜਦ ਉਹ ਦਰਿਆ ਵਿਚ ਸਮਾਉਂਦੀ ਹੈ ਤਾਂ ਦਰਿਆ ਵਰਗੀ ਹੀ ਹੋ ਜਾਦੀ ਹੈ ਤੇ ਦਰਿਆ ਦੇ ਹੋਰ ਗੁਣ ਉਸ ਨੂੰ ਦਰਿਆ ਤੋਂ ਹੀ ਮਿਲ ਜਾਂਦੇ ਹਨ। ਇਸੇ ਤਰ੍ਹਾਂ ਗੁਣਾਂ ਦਾ ਦਾਤਾ ਵੀ ਪ੍ਰਮਾਤਮਾਂ ਆਪ ਹੀ ਹੈ:

ਗੁਣ ਕਾ ਦਾਤਾ ਸਚਾ ਸੋਈ॥ (ਮਾਰੂ ਮ: ੩, ਪੰਨਾ ੧੦੫੫)

ਵਾਹਿਗੁਰੂ ਦੇ ਗੁਣ ਗਾਣ ਕੀਤੇ ਜਾ ਸਕਦੇ ਹਨ ਪਰ ਜਗਿਆਸੂ ਨੂੰ ਇਹ ਦੈਵੀ ਗੁਣ ਗ੍ਰਹਿਣ ਕਰਨੇ ਪੈਣਗੇ ਜੋ ਉਹ ਗੁਰੂ ਦੀ ਮਦਦ ਨਾਲ ਕਰਦਾ ਹੈ।ਪ੍ਰਮਾਤਮਾਂ ਦੋਂ ਗੁਣ ਪਾਉਣ ਦੇ ਸਾਡੇ ਯਤਨ ਸਫਲ ਤਾਂ ਗੁਰੂ ਦੀ ਮਿਹਰ ਸਦਕਾ ਹੋ ਸਕਦੇ ਹਨ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ॥ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ ੩ ॥ (ਸੂਹੀ ਮ:੧, ਪੰਨਾ ੭੬੫)

ਗੁਣ ਗ੍ਰਹਿਣ ਕਰਨੇ ਤੇ ਅਵਗੁਣ ਤਿਆਗਣੇ


ਸਦਾਚਾਰ, ਖਿਮਾ, ਸੰਜਮ, ਸਬਰ-ਸੰਤੋਖ, ਬੰਧੇਜ, ਸੁਘੜਤਾ, ਵਿਦਵਾਨਤਾ, ਨਿਰਦੋਸ਼ਤਾ, ਬਰਾਬਰਤਾ, ਇਕਸਾਰਤਾ, ਸਚਿਆਈ, ਨੇਕ-ਨੀਤੀ, ਇੰਦਰਿਆਂ ਉਪਰ ਕਾਬੂ, ਸੁਚੱਜ, ਸਾਊਪੁਣਾ, ਨਿਰਮਾਣਤਾ, ਅਡੋਲਤਾ, ਘ੍ਰਿਣਾ ਦਾ ਅਭਾਵ, ਭੜਕਾਹਟ ਤੋਂ ਮੁਕਤੀ, ਮਧੁਰ ਬਾਣੀ, ਈਰਖਾ ਰਹਿਤ ਰਹਿਣਾ, ਸਵੈ ਕਾਬੁ ਰਖਣਾਂ ਸਾਰੇ ਗੁਣਾਂ ਦੇ ਸੋਮੇ ਹਨ।

ਵਿਕਾਰ ਜੋ ਆਮ ਵਰਨਣ ਕੀਤੇ ਜਾ ਸਕਦੇ ਹਨ, ਉਹ ਹਨ ਕਾਮ, ਕ੍ਰੋਧ, ਲੋਭ, ਮੋਹ, ਛਲ, ਸਾੜਾ, ਅਯੋਗ ਕੰਮ, ਈਰਖਾ, ਖਾਰ, ਖੁਣਸ, ਖਿਝਾਉਣੀ, ਚਿੰਤਾ, ਮਂਦ ਭਾਵਨਾ, ਘ੍ਰਿਣਾ ਅਤੇ ਭੈ। ਮਨ, ਸਰੀਰ ਅਤੇ ਇੰਦਰਿਆਂ ਤੇ ਜਿਉਂ ਜਿਉਂ ਕਾਬੂ ਵਧੇਗਾ, ਇਨ੍ਹਾਂ ਵਿਕਾਰਾਂ ਨੂੰ ਜਿਤਿਆ ਜਾ ਸਕੇਗਾ।

ਸਚਿਆਰ

ਸਚਿਆਰ ਬਣਨ ਲਈ ਮਨੁਖ ਨੂੰ ਸਦਾਚਾਰਕ ਤੇ ਅਧਿਆਤਮਕ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ।ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਅਮੁਕ ਹੈ,ਅਕਹਿ ਹੈ। ਜੋ ਜੀਵ ਇਨ੍ਹਾਂ ਸਦ ਗੁਣਾਂ ਨੂੰ ਅਪਣਾਉਂਦਾ ਹੈ ਤੇ ਜਿਉਂਦਾ ਹੈ, ਪ੍ਰਭੂ ਵਰਗਾ ਹੋ ਜਾਂਦਾ ਹੈ। ਇਕ ਸਿੱਖ ਦਾ ਅਸਲੀ ਮਨੋਰਥ ਅਕਾਲ ਪੁਰਖ ਨਾਲ ਅਭੇਦਤਾ ਹੈ, ਉਸ ਸੰਗ ਇਕ ਮਿਕ ਹੋਣਾ ਹੈ ਉਸ ਵਿਚ ਸਮਾਉਣਾ ਹੈ ਤੇ ਇਹ ਏਕਤਾ, ਇਹ ਅਭੇਦਤਾ ਉਸ ਦੇ ਗੁਣਾਂ ਨੂੰ ਧਾਰਨ ਕਰਕੇ ਤੇ ਨਾਲ ਹੀ ਉਸ ਦੇ ਨਾਮ ਨੂੰ ਸਿਮਰ ਸਿਮਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਗੁਣ ਕੀ ਥੇਕੈ ਵਿਚ ਸਮਾਇ॥ (ਰਾਮਕਲੀ ਮ: ੩, ਪੰਨਾ ੯੫੬)

ਸ਼ਖਸ਼ੀਅਤ ਦੀ ਸੁੰਦਰਤਾ ਵਧਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਸੱਚ, ਸੁਚ, ਸੰਤੋਖ, ਦਇਆ ਤੇ ਧਰਮ ਸੁਝਾਏ ਹਨ:

ਸਤੁ ਸੰਤੋਖ ਦਇਆ ਧਰਮੁ ਸੀਗਾਰ ਬਨਾਵਉ॥ (ਬਿਲਾਵਲ ਮ: ੫, ਪੰਨਾ ੮੧੨)

• ਸਤੁ ਸੰਤੋਖ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ॥(ਬਿਲਾਵਲ ਮ:੫, ਪੰਨਾ ੮੨੨)

• ਸਤੁ ਸੰਤੋਖ ਦਇਆ ਧਰਮੁ ਸਚੁ ਇਹ ੳਪੁਨੈ ਗ੍ਰਹਿ ਭੀਤਰਿ ਵਾਰੈ॥ (ਆਸਾ ਮ: ੫, ਪੰਨਾ ੩੭੯)


ਸ਼ਹਿਨਸ਼ੀਲਤਾ ਨਾਲ ਕ੍ਰੋਧ ਵਸ ਵਿਚ ਆ ਜਾਂਦਾ ਹੈ:

ਦਰਵੇਸਾਂ ਨੂੰ ਲੋੜੀਏ ਰੁਖਾਂ ਦੀ ਜੀਰਾਂਦਿ॥ (ਸਲੋਕ ਫਰੀਦ, ਪੰਨਾ ੧੩੮੧)

ਗੁਰੂ ਨਾਨਕ ਦੇਵ ਜੀ ਨਿਮਰਤਾ ਤੇ ਨਿਰਮਾਣਤਾ ਨੂੰ ਸਭ ਤੋਂ ਉਤਮ ਗੁਣ ਮੰਨਦੇ ਹਨ:

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥ (ਆਸਾ ਦੀ ਵਾਰ ਮ: ੧, ਪੰਨਾ ੪੭੦)

ਨਿਰਮਾਣਤਾ ਸਦਕਾ ਹਉਮੈ ਹੰਕਾਰ ਨੂੰ ਮਾਰਿਆ ਜਾ ਸਕਦਾ ਹੈ:

ਆਪਸ ਕਉ ਜੋ ਜਾਨੈ ਨੀਚਾ॥ ਸੋਊ ਗਮੀਐ ਸਭ ਤੇ ਊਚਾ॥ (ਗਉੜੀ ਸੁਖਮਨੀ ਮ: ੫, ਪੰਨਾ ੨੬੬)

ਨਿਰਮਾਣਤਾ ਅਪਣਾਉਣ ਨਾਲ ਅਸੀਂ ਹਉਮੈਂ ਨੂੰ ਮਾਰ ਸਕਦੇ ਹਾਂ ਤੇ ਇਹੋ ਹਉਮੈ ਸਾਰੀਆਂ ਬਦੀਆਂ ਦਾ ਸੋਮਾ ਹੈ। ਨਿਰਮਾਣਤਾ ਸਾਡੇ ਅੰਦਰ ਸੇਵਾ ਦੀ ਪਾਵਨ ਸੂਝ ਜਗਾਂਉਂਦੀ ਹੈ:


ਸੇਵਾ ਕਰਤ ਹੋਏ ਨਿਹਕਾਮੀ॥ ਤਿਸ ਕਉ ਹੋਤ ਪ੍ਰਾਪਤਿ ਸੁਆਮੀ} ( ਗਉੜੀ ਸੁਖਮਨੀ ਮ: ੫, ਪੰਨਾ ੨੮੬)

ਇਕ ਪ੍ਰਮਾਤਮਾ ਵਿਚ ਭਰੋਸਾ, ਉਸ ਦੇ ਹੁਕਮ ਰਜ਼ਾ ਵਿਚ ਰਹਿਣਾ, ਉਸਨੂੰ ਹਮੇਸ਼ਾਂ ਮਨ ਵਿਚ ਰੱਖਣਾ, ਉਸ ਵਲ ਹੀ ਧਿਆਨ ਲਾਉਣਾ, ਸਭ ਉਸੇ ਦੀ ਰਚਨਾ ਸਮਝ ਸਭ ਨੂੰ ਪਿਆਰ ਕਰਨਾ, ਨਿਰਭਉ, ਨਿਰਵੈਰ ਹੋਣਾ, ਸਵੈ-ਇਛਾਵਾਂ ਤੇ ਕਾਬੂ ਰੱਖਣਾ, ਹੱਕ, ਸੱਚ ਤੇ ਇਨਸਾਫ ਦਾ ਹਮੇਸ਼ਾਂ ਸਾਥ ਦੇਣਾ, ਨਿਰਮਾਣ ਰਹਿਣਾ, ਪ੍ਰਮਾਤਮਾਂ ਪ੍ਰਾਪਤੀ ਪ੍ਰਤੀ ਪ੍ਰਤੀਬੱਧ ਹੋਣਾ, ਸਹਿਜ ਤੇ ਧੀਰਜ ਰੱਖਣਾ, ਪ੍ਰਮਾਤਮਾਂ ਦਾ ਅਣਮੁਲ ਦਾਤਾਂ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਰਹਿਣਾ ਆਦਿ।

ਗੁਣ ਪ੍ਰਾਪਤੀ ਲਈ ਘਾਲਣਾ

ਜੋ ਗੁਣ ਨਹੀਂ ਹਨ ਉਨ੍ਹਾਂ ਦੀ ਪ੍ਰਾਪਤੀ ਲਈ ਘਾਲਣਾਂ ਘਾਲਣੀ ਹੈ:

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ (ਜਪੁਜੀ)

ਆਪੇ ਦੀ ਪਛਾਣ


ਸਭ ਤੋਂ ਪਹਿਲਾਂ ਇਕ ਸਿੱਖ ਲਈ ਆਪੇ ਦੀ ਪਛਾਣ ਬਹੁਤ ਜ਼ਰੂਰੀ ਹੈ ਜੋ ਗੁਰੂ ਤੋਂ ਸੇਧ ਲੈ ਕੇ ਕੀਤੀ ਜਾ ਸਕਦੀ ਹੈ। ਇਸ ਵਿਚ ਪ੍ਰਮਾਤਮਾਂ ਪ੍ਰਾਪਤੀ ਲਈ ਲੋੜੀਂਦੇ ਗੁਣਾਂ ਨੂੰ ਅਪਣੇ ਗੁਣਾਂ ਔਗੁਣਾਂ ਨਾਲ ਮੇਚਣਾ ਹੈ।ਔਗੁਣ ਦੂਰ ਕਰਨੇ ਹਨ ਤੇ ਜੋ ਗੁਣ ਨਹੀਂ ਹਨ ਉਹ ਪ੍ਰਾਪਤ ਕਰਨੇ ਹਨ।

ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥

ਗੁਰੂ ਦੀ ਲੋੜ


ਜਪ ਕਰਨ ਦੀ ਜੁਗਤ ਸਾਨੂੰ ਗੁਰੂ ਕੋਲੋਂ ਪਰਾਪਤ ਹੁੰਦੀ ਹੈ।ਪੂਰੇ ਗੁਰੂ ਦੀ ਬਾਣੀ ਵਿਚ ਵਾਹਿਗੁਰੂ ਵਸਦਾ ਹੈ। ਜੋ ਬਾਣੀ ਪੂਰੇ ਗੁਰ ਤੇ ਉਪਜੀ ਹੈ ਉਸ ਰਾਹੀ ਸੱਚੇ ਪਰਮ ਪੁਰਖ ਵਿਚ ਸਮਾਇਆ ਜਾ ਸਕਦਾ ਹੈ:

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ।। ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ।। (ਮ: ੩, ਪੰਨਾ ੭੫੪)

ਗੁਰੂ ਤੋਂ ਪਾਇਆ ਸ਼ਬਦ ਭਾਵ ਨਾਮ ਹਿਰਦੇ ਵਿਚ ਉਤਾਰਨਾ ਹੈ:

ਗੁਰ ਕਾ ਸਬਦੁ ਰਿਦ ਅੰਤਰਿ ਧਾਰੈ।। (ਮ: ੫, ਪੰਨਾ ੨੩੬)

ਗੁਰੂ ਰਾਹੀਂ ਹੀ ਅੰਦਰ ਹਿਰਦੇ ਵਿਚ ਰੋਸ਼ਨੀ ਹੁੰਦੀ ਹੈ:

ਆਤਮ ਰਾਮ ਪਰਗਾਸ ਗੁਰ ਤੇ ਹੋਵੈ।। (ਮ: ੩, ਪੰਨਾ ੧੨੩)

ਜਪ ਗਰੂ ਵਾਹਿਗੁਰੂ ਦੀ ਮਿਹਰ ਸਦਕਾ ਹੀ ਹੋ ਸਕਦਾ ਹੈ।

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ (ਪੰਨਾ ੩੦੫)

ਗੁਰਪ੍ਰਸਾਦਿ ਸਦਕਾ ਹੀ ਜਪ ਕਰਨ ਤੇ ਵਾਹਿਗੁਰੂ ਨਾਲ ਜੁੜਣ ਦਾ ਅਵਸਰ ਮਿਲਦਾ ਹੈ:

ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮਾਰੋ ਚੀਤ ॥ ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥ ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥ ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥ ੬ ॥ ਗੁਨ ਗਾਵਤ ਤੇਰੀ ਉਤਰਸਿ ਮੈਲੁ ॥ (ਪੰਨਾ ੨੮੯)

ਸਤਿਸੰਗਤ


ਇਨ੍ਹਾਂ ਗੁਣਾਂ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਨੇ ਸਤ ਪੁਰਖਾਂ ਦੀ ਸੰਗਤ ਸਤਿਸੰਗਤ ਉਤੇ ਬੜਾ ਬਲ ਦਿਤਾ ਹੈ:

ਸਤ ਸੰਗਤ ਸਤਿਗੁਰੁ ਚਾਟਸਾਲ ਹੈ ਜਿਤੁ ਹਰਿਗੁਣ ਸਿਖਾ॥ (ਵਾਰ ਕਾਨੜਾ ਮ: ੪, ਪੰਨਾ ੧੩੧੬)

ਨੇਕ ਮਨੁਖਾਂ ਦੀ ਸੰਗਤ ਵਿਚ ਰਹਿ ਕੇ ਮਨੁਖ ਸਦ ਗੁਣੀ ਜੀਵਨ ਜਿਉਣ ਦੇ ਲਈ ਉਤਸ਼ਾਹ ਪ੍ਰਾਪਤ ਕਰਦਾ ਹੈ।ਸਤਿਸੰਗਤ ਵਿਚ ਜਪਣਾ: ਸਤਿਸੰਗਤ ਵਿਚ ਨਾਮ ਜਪਣ ਦਾ ਅਪਣਾ ਮਹਤਵ ਹੈ:

ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥ ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ॥ ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥ ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥ ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥ ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥ ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥ ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥ ੨੭ ॥ (ਪੰਨਾ ੧੩੩੪)

ਮਿਲਿ ਸਾਧਸੰਗਿ ਹਰਿ ਧਿਆਇਆ ॥ ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ (ਸੋਰਠ ਮ: 5, 627)

ਕੀਰਤਨ ਕਰਨਾ


ਰਾਮ ਨਾਮ ਦਾ ਕੀਰਤਨ ਕਰਨਾ ਵੀ ਉਸ ਨਾਲ ਲਿਵ ਲਾਉਣ ਵਿਚ ਸਹਾਈ ਹੁੰਦਾ ਹੈ:

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥ ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥ ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥ ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥ ੨੮ ॥ (ਪੰਨਾ ੧੩੩੪)

ਮਨ ਤੇ ਕਾਬੂ


ਗੁਰੂ ਜੀ ਸਮਝਾਉਂਦੇ ਹਨ ਕਿ ਹੇ ਮਨ ਤੂੰ ਇਕ ਮਨ ਇਕ ਚਿਤ ਹਰੀ ਨੂੰ ਧਿਆ।ਹਰੀ ਦੀਆਂ ਸਦਾ ਹੀ ਵਡਿਆਈਆਂ ਕਰ, ਉੁਹ ਤਾਂ ਸਭ ਨੂੰ ਖੁਸ਼ੀ ਨਾਲ ਦੇਈ ਜਾਂਦਾ ਹੈ, ਦਿੰਦਾ ਪਛਤਾਉਂਦਾ ਨਹੀਂ। ਮੈਂ ਉਸ ਅਕਾਲ ਪੁਰਖ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਸੇਵਾ ਸਦਕਾ ਆਤਮਿਕ ਸੁੱਖ ਮਿਲਦਾ ਹੈ।ਗੁਰਮੁਖ ਅਪਣੀ ਹਉਮੈ ਨੂੰ ਸ਼ਬਦ (ਨਾਮ) ਨਾਲ ਜਲਾਕੇ ਪ੍ਰਮਾਤਮਾਂ ਨਾਲ ਇਕ ਮਿਕ ਹੋ ਜਾਂਦਾ ਹੈ:

ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥ ੧ ॥ (ਸਲੋਕੁ ਮਃ ੩, ਪੰਨਾ ੬੫੩)

ਮਨ ਨੂੰ ਕਾਬੂ ਕਰਕੇ ਸੁਰਤ, ਮਤ ਤੇ ਬੁਧੀ ਨੂੰ ਇਸ ਤਰ੍ਹਾਂ ਘੜਣਾ ਹੈ ਜਿਸ ਨਾਲ ਪ੍ਰਮਾਤਮਾਂ ਨਾਲ ਸੁਮੇਲ ਹੋ ਸਕੇ:

ਸੇਵਾ ਸੁਰਤਿ ਸਬਦਿ ਵੀਚਾਰਿ ॥ ਜਪੁ ਤਪੁ ਸੰਜਮੁ ਹਉਮੈ ਮਾਰਿ ॥
ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ॥7 ॥ (1343)

ਆਪੇ ਨੂੰ ਸ਼ਬਦ (ਨਾਮ) ਦੇ ਸੰਚੇ ਵਿਚ ਢਾਲਣਾ ਹੈ

ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥ ਭਉ ਖਲਾ ਅਗਨਿ ਤਪ ਤਾਉ ॥ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥ਨਾਨਕ ਨਦਰੀ ਨਦਰਿ ਨਿਹਾਲ ॥ 38 ॥

ਗੁਰੂ ਦਾ ਨਾਮ ਜਪਣ ਲਈ ਸੰਦੇਸ਼ਾ


ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾਂ ਦੇ ਸਿਮਰਨ ਅਤੇ ਨਾਮ ਦੀ ਕਰੜੀ ਘਾਲ ਦਾ ਬੇੜਾ ਬੰਨ੍ਹ ਜਿਸ ਨਾਲ ਤੂੰ ਜਲ ਵਹਿਣ ਨੂੰ ਪਾਰ ਪਾਏਂਗਾ । ਨਾ ਭਵਸਾਗਰ ਹੋਵੇਗਾ ਨਾ ਹੀ ਉਸ ਵਿਚਲਾ ਤੂਫਾਨ । ਤੇਰਾ ਮਾਰਗ ਸੁਖਾਲਾ ਹੋ ਜਾਵੇਗਾ।ਇਕੋ ਵਾਹਿਗੁਰੂ ਦਾ ਨਾਮ ਹੀ ਅਜਿਹੇ ਰੰਗ ਦਾ ਹੈ ਜੋ ਸਰੀਰ ਨੂੰ ਪਰਮਾਤਮਾ ਦੇ ਰੰਗ ਵਿਚ ਰੰਗ ਸਕਦਾ ਹੈ:

ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥ ੧ ॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥ ੧ ॥ ਰਹਾਉ ॥ (ਸੂਹੀ ਮਹਲਾ ੧, ਪੰਨਾ ੭੨੯)

ਪਲ ਪਲ ਹਰ ਸਮੇਂ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਪ੍ਰਭੂ ਦੇ ਚਰਨ ਕਮਲਾਂ ਨੂੰ ਹਮੇਸ਼ਾ ਅਪਣੇ ਧਿਆਨ ਵਿਚ ਰੱਖੋ।ਇਹੋ ਅਰਦਾਸ ਕਰੋ ਕਿ ਹੇ ਸੱਚੇ ਪ੍ਰਭੂ ਮੇਰੇ ਉਤੇ ਅਜਿਹੀ ਕ੍ਰਿਪਾ ਕਰੋ ਕਿ ਤੂੰ ਕਿਸੇ ਵੇਲੇ ਵੀ ਨਾ ਭੁੱਲੇਂ।

ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥ ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥ ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥ ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥ ੧ ॥ ਰਹਾਉ ॥ ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥ ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥ ੨ ॥ ੧ ॥ ੧੯ ॥ (ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ, ਪੰਨਾ ੮੦੬)

ਗੁਰੂ ਦਾ ਪਿਆਰਾ ਸਿਖ


ਗੁਰੂ ਦੇ ਮਨ ਉਹ ਹੀ ਗੁਰੂ ਦਾ ਸਿੱਖ ਭਾਉਂਦਾ ਹੈ ਜੋ ਹਰ ਸਾਹ ਨਾਲ ਹਰ ਗਿਰਾਸ (ਬੁਰਕੀ) ਨਾਲ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ:

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ (ਪੰਨਾ ੩੦੫)

• ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ ॥ (ਪੰਨਾ ੨੫੪)

ਆਪਾ ਅਰਪਣਾ


ਆਪਾ ਛੱਡ ਕੇ ਗੁਰੂ ਅੱਗੇ ਸਮੁਚਾ ਸਮਰਪਣ ਕਰਨਾ ਹੈ ਕਿਉਂਕਿ ਪ੍ਰਮਾਤਮਾ ਪ੍ਰਾਪਤੀ ਲਈ ਗੁਰੁ ਹੀ ਰਾਹ ਦਰਸਾਉਂਦਾ ਹੈ

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥ 3 ॥ ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥ ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ॥ 4 ॥ (ਸਿਰੀ ਮ: 5, ਪੰਨਾ 51:10)

ਤੇ ਗੁਰੁ ਤੋਂ ਗਿਆਨ ਪ੍ਰਾਪਤ ਕਰਕੇ ਆਪਾ ਉਸ ਪ੍ਰਮਾਤਮਾਂ ਅੱਗੇ ਸਮਰਪਣ ਕਰਨਾ ਹੈ ਜੋ ਸਮਰਪਿਤ ਨੂੰ ਅੱਗੇ ਵਧਕੇ ਗਲਵਕੜੀ ਵਿਚ ਲੈ ਲੈਂਦਾ ਹੈ। ਉਸ ਵਿਚ ਮਿਲਣਾ ਤੇ ਆਪਾ ਮਿਟਾਣਾਂ ਹੀ ਅਸਲੀ ਮੰਜ਼ਿਲ ਪ੍ਰਾਪਤੀ ਹੈ:

ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥ ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥ ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥ ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥ ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥ ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥ 2 ॥ (ਜੈਤਸਰੀ ਮ: 5, ਪੰਨਾ 704:15)

ਹੀਲ ਹੁਜਤ ਛੱਡ ਕੇ ਹਉਮੈਂ ਮਾਰ ਕੇ ਉਸ ਦੀ ਰਜ਼ਾ ਵਿਚ ਰਹਿ ਕੇ ਉਸ ਦਾਨਾਮ ਜਪਦੇ ਸਰਣੀ ਪਏ ਨੂੰ ਪ੍ਰਮਾਤਮਾ ਅਪਣੇ ਨਾਲ ਜੋੜ ਲੈਂਦਾ ਹੈ:

ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥ 1 ॥ (ਸਾਰਗ ਵਾਰ ਮ: 4, ਪੰਨਾ 1251: 2)

ਅਭਿਆਸ: ਦਿਨ ਰਾਤ ਪ੍ਰਮਾਤਮਾਂ ਦਾ ਜਸ ਗਾਉਣਾ


ਜੀਭ ਤੋਂ ਦਿਨ ਰਾਤ ਵਾਹਿਗੁਰੂ ਦਾ ਜਸ ਬੋਲਣਾ ਚਾਹੀਦਾ ਹੈ, ਇਹ ਦਾਤ ਪ੍ਰਭੂ ਹੀ ਅਪਣੇ ਜਾਨ ਨੂੰ ਦਿੰਦਾ ਹੈ। ਰੂਹ ਤੋਂ ਚਾਅ ਨਾਲ ਭਗਤੀ ਕਰਨੀ ਚਾਹੀਦੀ ਹੈ ਤੇ ਪ੍ਰਭੂ ਨੂੰ ਅਪਣੇ ਅੰਦਰ ਸਮਾ ਕੇ ਰੱਖਣਾ ਚਾਹੀਦਾ ਹੈ । ਪ੍ਰਮਾਤਮਾਂ ਜੋ ਹੋਇਆ ਹੈ ਤੇ ਜੋ ਹੋਣਾ ਹੈ ਸਭ ਜਾਣਦਾ ਹੈ। ਅਪਣੇ ਪ੍ਰਭੂ ਦਾ ਹੁਕਮ ਪਛਾਨਣਾ ਚਾਹੀਦਾ ਹੈ। ਵਾਹਿਗੁਰੂ ਦੀ ਮਹਿਮਾ ਕੋਣ ਬਖਾਣ ਸਕਦਾ ਹੈ? ਉਸ ਦਾ ਇਕ ਵੀ ਗੁਣ ਕਹੋ ਪਰ ਜਾਣ ਨਹੀਂ ਸਕਦੇ। ਜੋ ਅੱਠੇ ਪਹਿਰ ਪ੍ਰਭੂ ਦੇ ਹਜ਼ੂਰ ਵਸਦੇ ਹਨ ਗੁਰੂ ਜੀ ਉਨ੍ਹਾਂਨੂੰ ਹੀ ਪੂਰੇ ਜਨ ਕਹਿੰਦੇ ਹਨ:

ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਪ੍ਰਭਿ ਅਪਨੈ ਜਨ ਕੀਨੀ ਦਾਤਿ ॥ ਕਰਹਿ ਭਗਤਿ ਆਤਮ ਕੈ ਚਾਇ ॥ ਪ੍ਰਭ ਅਪਨੇ ਸਿਉ ਰਹਹਿ ਸਮਾਇ ॥ ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ ਤਿਸ ਕੀ ਮਹਿਮਾ ਕਉਨ ਬਖਾਨਉ ॥ ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥ ਆਠ ਪਹਰ ਪ੍ਰਭ ਬਸਹਿ ਹਜੂਰੇ ॥ ਕਹੁ ਨਾਨਕ ਸੇਈ ਜਨ ਪੂਰੇ ॥ ੭ ॥ (ਪੰਨਾ ੨੮੬)

ਘਾਲ ਕਮਾਈ


ਲੋਅ ਲੋਅ ਆਕਾਰਾਂ ਦੀ ਉਸ ਦੁਨੀਆਂ ਵਰਗਾ ਅਪਣਾ ਆਪਾ ਬਣਾਉਣਾ ਹੈ ਜਿਸ ਵਿਚ ਕੋਈ ਖੋਟ ਨਾ ਹੋਵੇ। ਅੋਗੁਣ-ਰਹਿਤ, ਦੈਵੀ ਗੁਣਾਂ ਦੀ ਪ੍ਰਾਪਤੀ ਜਦ ਹੁੰਦੀ ਹੈ ਤਾਂ ਹੀ ਇਕ ਸਿਖ ਦੀ ਘਾਲ ਪੂਰੀ ਹੁੰਦੀ ਹੈ ਤੇ ਮੁਖੜੇ ਦਗ ਦਗ ਕਰਦੇ ਹਨ। ਉਹ ਪ੍ਰਮਾਤਮਾਂ ਵਿਚ ਜੀਵਤਿਆਂ ਹੀ ਮਰ ਰਹੇ ਹੁੰਦੇ ਹਨ ਤੁੇ ਆਉਣ ਜਾਣ ਦੇ ਚੱਕਰਾਂ ਤੋਂ ਮੁਕਤ ਹੁੰਦੇ ਹਨ।

ਨਿਰਮਲ ਭਗਤਿ ਹੈ ਨਿਰਾਲੀ ॥ ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥ ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥ 6 ॥ (ਮ: 3, 1060:1)

ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥ 1 ॥ (ਮ:3, 113:13)

ਮਨਿ ਜਪੀਐ ਹਰਿ ਜਗਦੀਸ ॥ ਮਿਲਿ ਸੰਗਤਿ ਸਾਧੂ ਮੀਤ ॥ ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ (ਧਨਾਸਰੀ ਮ: 4: 669:7)


ਅਰਦਾਸ/ ਸ਼ੁਕਰਾਨਾ


ਪ੍ਰਮਾਤਮਾ ਅਗੇ ਅਰਦਾਸ ਕਰਨੀ ਤੇ ਉਸ ਦੀਆਂ ਦਿਤੀਆਂ ਦਾਤਾਂ ਦਾ ਸ਼ੁਕਰਾਨਾਂ ਕਰਨਾ ਸਿੱਖ ਲਈ ਬਹੁਤ ਜ਼ਰੂਰੀ ਹੈ:


ਦੂਰਿ ਨ ਹੋਈ ਕਤਹੂ ਜਾਈਐ ॥ ਨਦਰਿ ਕਰੇ ਤਾ ਹਰਿ ਹਰਿ ਪਾਈਐ ॥ ਅਰਦਾਸਿ ਕਰੀ ਪੂਰੇ ਗੁਰ ਪਾਸਿ ॥ ਨਾਨਕੁ ਮੰਗੈ ਹਰਿ ਧਨੁ ਰਾਸਿ ॥ 4 ॥(ਆਸਾ 5, 395:13)

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥ 1 ॥(ਸੂਹੀ 5: 749:14)

ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥(ਸੋਰਠ ਮ: 5, 627:13)


ਗੁਰਪ੍ਰਸਾਦਿ


ਜਪ ਗਰੂ ਵਾਹਿਗੁਰੂ ਦੀ ਮਿਹਰ ਸਦਕਾ ਹੀ ਹੋ ਸਕਦਾ ਹੈ।

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ (ਪੰਨਾ ੩੦੫)

ਗੁਰਪ੍ਰਸਾਦਿ ਸਦਕਾ ਹੀ ਜਪ ਕਰਨ ਤੇ ਵਾਹਿਗੁਰੂ ਨਾਲ ਜੁੜਣ ਦਾ ਅਵਸਰ ਮਿਲਦਾ ਹੈ:

ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮਾਰੋ ਚੀਤ ॥ ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥ ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥ ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥ ੬ ॥ ਗੁਨ ਗਾਵਤ ਤੇਰੀ ਉਤਰਸਿ ਮੈਲੁ ॥ (ਪੰਨਾ ੨੮੯)

ਰੂਹਾਨੀ ਮਰਿਯਾਦਾ ਸਾਰ


ਪ੍ਰਮਾਤਮਾ ਤੇ ਗੁਰੂ ਵਿਚ ਦ੍ਰਿੜ ਵਿਸ਼ਵਾਸ਼

• ਗਿਆਨ ਪ੍ਰਾਪਤੀ, ਆਪੇ ਦੀ ਪਛਾਣ ਕਰਨੀ, ਗੁਣ ਔਗੁਣ ਪਛਾਨਣੇ

• ਪ੍ਰਮਾਤਮਾਂ ਪ੍ਰਾਪਤੀ ਲਈ ਯੋਗ ਗੁਣ ਅਪਣਾਉਣੇ, ਔਗੁਣ ਤਿਆਗਣੇ

• ਇਕੋ ਇਕ ਪ੍ਰਮਾਤਮਾਂ ਵਿਚ ਯਕੀਨ, ਹਰ ਵਕਤ ਉਸੇ ਵਲ ਧਿਆਨ

• ਸੱਚ, ਅੰਦਰੂਨੀ ਤੇ ਬਾਹਰੀ ਸੁਚ, ਨਿਰਮਲਤਾ, ਪਵਿਤ੍ਰਤਾ, ਸੁਚ ਆਚਾਰ

• ਨਾਮ ਤੇ ਸਵੈ-ਕਾਬੂ ਰਾਹੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਿਆਗਣਾ.

• ਨਿਰਭੈਤਾ, ਨਿਰਵੈਰਤਾ, ਦ੍ਰਿੜਤਾ, ਮਿੱਠਤ, ਨਿਰਮਾਣਤਾ, ਸ਼ਹਿਣਸ਼ੀਲਤਾ, ਸਬਰ, ਸੰਤੋਖ, ਸੰਜਮ, ਸਹਿਜ ਅਪਣਾਉਣੇ

• ਰੱਬੀ ਰਚਨਾ ਨੂੰ ਪਿਆਰਨਾ, ਸਭ ਨੂੰ ਇਕ ਸਮ ਵੇਖਣਾ, ਸਰਬਤ ਦਾ ਭਲਾ

• ਹੁਕਮ ਤੇ ਭਾਣਾ ਮੰਨਣਾ, ਹਮੇਸ਼ਾਂ ਉਸ ਦੀ ਰਜ਼ਾ ਵਿਚ ਰਹਿਣਾ

• ਉਸ ਜੇਹੇ ਗੁਣ ਪ੍ਰਾਪਤ ਕਰਨ ਲਈ ਘਾਲਣਾ ।ਸੰਗਤ ਤੇ ਕੀਰਤਨ ਦਾ ਸਹਾਰਾ

• ਗੁਰੂ ਤੇ ਵਾਹਿਗੁਰੂ ਅੱਗੇ ਅਰਦਾਸ ਤੇ ਸ਼ੁਕਰਾਨਾ

• ਸ਼ਬਦ ਦੇ ਢਾਂਚੇ ਵਿਚ ਖੁਦ ਨੂੰ ਢਾਲਣਾ ਤ ਸ਼ਬਦ (ਨਾਮ) ਦੀ ਘਾਲ ਕਮਾਈ

• ਉਸ ਜੇਹਾ ਹੋਣਾ ਉਸ ਵਿਚ ਸਮਾਉਣਾ
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top