• Welcome to all New Sikh Philosophy Network Forums!
    Explore Sikh Sikhi Sikhism...
    Sign up Log in

Controversial Satikaar Of SGGS In True And Real Terms - HS Dilgeer

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
ਅਖੌਤੀ ਸਤਿਕਾਰ ਕਮੇਟੀ ਦਾ ਪਾਖੰਡ (ਡਾਕਟਰ ਹਰਜਿੰਦਰ ਸਿੰਘ ਦਿਲਗੀਰ)


26 May 2014 at 15:57
ਅਖੌਤੀ ਸਤਿਕਾਰ ਕਮੇਟੀ ਦਾ ਪਾਖੰਡ
(ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਪਿਛਲੇ ਕੁਝ ਸਾਲਾਂ ਤੋਂ, ਕੁਝ ਲੋਕਾਂ ਵੱਲੋਂ, ਅਖੌਤੀ ‘ਸਤਿਕਾਰ ਕਮੇਟੀ’ ਦੇ ਨਾਂ ਹੇਠ, ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਨਾਂ ‘ਤੇ, ਸਿੱਖਾਂ ਦੇ ਘਰਾਂ ਵਿਚੋਂ, ਅਖੌਤੀ ਮਰਿਆਦਾ ਨਾ ਨਿਭਾਏ ਜਾਣ ਦੇ ਬਹਾਨੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਸਰੂਪ/ਬੀੜਾਂ ਚੁਕੀਆਂ ਜਾ ਰਹੀਆਂ ਹਨ ਜਾਂ ਉਨ੍ਹਾਂ ਨੂੰ ਬੇਇੱਜ਼ਤ ਤੇ ਤੰਗ ਕੀਤਾ ਜਾ ਰਿਹਾ ਹੈ। ਇਹ ਧੱਕੇਸ਼ਾਹੀ ਬੁਰਛਾਗਰਦੀ ਦੀ ਹੱਦ ਤਕ ਜਾ ਪੁੱਜੀ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਇਹ ਸਾਜ਼ਿਸ਼ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਜਾਣ।

ਚਾਹੀਦਾ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰ ਇਕ ਸਿੱਖ ਦੇ ਘਰ ਵਿਚ ਹੋਵੇ। ਭਾਵੇਂ ਉਹ ਕਿਸੇ ਵੀ ਸਾਈਜ਼ ਦਾ ਹੋਵੇ।ਜਾਂ ਉਸ ਦਾ ਕਿਸੇ ਮੁਨਾਸਿਬ ਜਗਹ ‘ਤੇ ਪ੍ਰਕਾਸ਼ ਕੀਤਾ ਜਾਵੇ ਜਾਂ ਫਿਰ ਉਸ ਨੂੰ ਅਦਬ ਨਾਲ ਅਲਮਾਰੀ ਵਿਚ ਰੱਖਿਆ ਹੋਵੇ ਅਤੇ ਜਦੋਂ ਵੀ ਆਸਾਨੀ ਹੋਵੇ ਉਸ ਦਾ ਪ੍ਰਕਾਸ਼ ਅਤੇ ਪਾਠ ਕੀਤਾ ਜਾ ਸਕੇ।

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਉਚੇਚਾ ਕਮਰਾ ਹੋਣਾ ਜ਼ਰੂਰੀ ਨਹੀਂ ਹੈ। ਸਵਾਲ ਹੈ ਕਿ ਕੀ ਅਠਾਰ੍ਹਵੀਂ ਸਦੀ ਵਿਚ ਜਦ ਸਿੱਖ ਜੰਗਲਾਂ ਵਿਚ ਰਹਿੰਦੇ ਸਨ ਤਾਂ ਕੀ ਉਸ ਵੇਲੇ ਹਰ ਥਾਂ, ਵਖਰੇ ਕਮਰੇ ਵਿਚ, ਪ੍ਰਕਾਸ਼ ਕੀਤਾ ਹੁੰਦਾ ਸੀ? ਕੀ ਉਦੋਂ ਕਿਸੇ ਖ਼ਾਸ ਤਰੀਕੇ ਾਲ ਸਜੇ ਹੋਏ ਕਮਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ? ਕੀ ਉਥੇ 5-5, 10-10 ਰੁਮਾਲੇ ਹੁੰਦੇ ਸਨ? ਫਿਰ, ਕੀ ਉਦੋਂ ਸਾਰੇ ਨਹਾ ਕੇ ਪ੍ਰਕਾਸ਼/ਪਾਠ ਕਰਦੇ ਸਨ? ਕੀ ਅਨੰਦਪੁਰ ਸਾਹਿਬ ਵਿਚ ਜਦ ਨਿਤ ਹਮਲੇ ਹੁੰਦੇ ਸਨ, ਜਦ ਨਦੌਣ ਵੱਲ ਕੂਚ ਕਰ ਰਹੇ ਸਨ ਤਾਂ ਕੀ ਉਹ ਰੋਜ਼ ਨਹਾ ਕੇ ਪਾਠ ਕਰਦੇ ਸਨ? ਕੀ ਪਹਿਲੀ ਤੇ ਦੂਜੀ ਜੰਗ ਵਿਚ ਜਦ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਠੜੀਆਂ ਵਿਚ ਸੰਭਾਲੀ ਫਿਰਦੇ ਸਨ ਤਾਂ ਕੀ ਉਹ ਕਿਸੇ ਖ਼ਾਸ ਮਰਿਆਦਾ ਨੂੰ ਨਿਭਾ ਰਹੇ ਹੁੰਦੇ ਸਨ। ਕੀ ਕਿਸੇ ਬੀਮਾਰ/ਅਪਾਹਜ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੀ ਇਜਾਜ਼ਤ ਨਹੀਂ ਸੀ ਹੁੰਦੀ? ਫਿਰ ਕੀ ਗੁਟਕੇ ਵਿਚ ਬਾਣੀ ਨਹੀਂ ਹੁੰਦੀ? ਜੇ ਗੁਟਕਾ ਅਲਮਾਰੀ ਵਿਚ ਰੱਖਿਆ ਜਾ ਸਕਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਉਂ ਨਹੀਂ? ਕੁਝ ਸਾਲ ਪਹਿਲਾਂ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਪੁਰਾਣੇ ਹੱਥਲਿਖਤ ਸਰੂਪ ਸ਼ੀਸ਼ੇ ਦੇ ਬਕਸਿਆਂ ਵਿਚ ਪਏ ਹੁੰਦੇ ਸਨ, ਉਦੋਂ ਕਿਸੇ ਨੇ ਕਦੇ ਇਤਰਾਜ਼ ਨਹੀਂ ਕੀਤਾ ਸੀ। ਹੁਣ ਇਹ ਨਿਰਮਲੇ ਟੋਲੇ (ਅਖੌਤੀ ਟਕਸਾਲ ਦੇ ਨਾਂ ਹੇਠ) ਬ੍ਰਾਹਮਣੀ ਮਰਿਆਦਾ ਚਲਾਉਣ ਲਗ ਪਏ ਹਨ।

ਗੁਰੂ ਗ੍ਰੰਥ ਸਾਹਿਬ ਦੇ ਚੰਦੋਏ ਵਗ਼ੈਰਾ

ਗੁਰੂ ਗ੍ਰੰਥ ਸਾਹਿਬ ਵਾਸਤੇ ਚੰਦੋਆ, ਪਾਲਕੀ, ਵਧੀਆ ਰੁਮਾਲੇ, ਚੌਰ, ਪੀੜ੍ਹਾ, ਗੱਦੇ ਹੋ ਸਕਣ ਤਾਂ ਚੰਗਾ ਹੈ, ਪਰ ਜੇ ਇਨ੍ਹਾਂ ਵਿਚੋਂ ਕੁਝ ਵੀ ਮੌਜੂਦ ਨਹੀਂ ਤਾਂ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗ਼ਲਤ ਨਹੀਂ ਹੈ। ਇਹ ਸਭ ਬ੍ਰਾਹਮਣਵਾਦੀ ਪਾਖੰਡ ਹਨ। ਇਸ ਪਾਖੰਡ ਦੀ ਸ਼ੁਰੂਆਤ ਗੁਰਦੁਆਰਿਆਂ ‘ਤੇ ਕਾਬਜ਼ ਮਹੰਤਾਂ ਅਤੇ ਨਿਰਮਲਿਆਂ ਨੇ ਕੀਤੀ ਸੀ ਜੋ ਬ੍ਰਾਹਮਣਾਂ ਤੋਂ ਸਿਖਿਆ ਲੈ ਕੇ ਆਏ ਸਨ। ਰਣਜੀਤ ਸਿੰਘ ਸਮੇਂ ਦੀਆਂ ਕੁਝ ਤਸਵੀਰਾਂ (ਪੇਂਟਿੰਗਜ਼) ਮੌਜੂਦ ਹਨ। ਕਈਆਂ ਵਿਚ ਤਾਂ ਚੰਦੋਆ ਵੀ ਨਜ਼ਰ ਨਹੀਂ ਆਉਂਦਾ। ਸੋ, ਇਹ ਬ੍ਰਾਹਮਣੀ ਕਰਮ ਕਾਂਡ ਯਕੀਨਨ ਡੋਗਰਾ ਤੇ ਬ੍ਰਾਹਮਣ ਹਾਕਮਾਂ ਜਾਂ ਨਿਰਮਲਾ-ਉਦਾਸੀ ਟੋਲੇ ਦੀ ਦੇਣ ਹੈ। ਹੁਣ, ਮੁੜ, ਕੁਝ ਸਾਲਾਂ ਤੋਂ ਇਸ ਨੂੰ ਇਕ ਨਿਰਮਲਾ ਟੋਲੇ ਦੀ ਸੋਚ ਨੇ ਸ਼ੁਰੂ ਕੀਤਾ ਹੋਇਆ ਹੈ।

ਗੁਰੂ ਗ੍ਰੰਥ ਸਾਹਿਬ ਦੀ ਤਬਿਆ ਬੈਠਣ ਵਾਸਤੇ ਪਹਿਰਾਵਾ

ਇਕ ਹੋਰ ਪਾਖੰਡ ਇਹ ਵੀ ਚਲ ਰਿਹਾ ਹੈ ਕਿ ਕੋਈ ਜਣਾ ਪੈਂਟ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਨਹੀਂ ਬੈਠ ਸਕਦਾ। ਦੱਸੋ, ਭਾਈ, ਇਹ ਕਿਸ ਗੁਰੂ ਨੇ ਰੋਕਿਆ ਹੈ? ਇਹ ਸਿੱਖ ਫ਼ਲਸਫ਼ੇ ਦੇ ਕਿਵੇਂ ਖ਼ਿਲਾਫ਼ ਹੈ। ਫਿਰ ਤਾਂ ਯੂਰਪੀਨ ਲੋਕ ਕਦੇ ਪਾਠ ਨਹੀ ਕਰ ਸਕਣਗੇ। ਭਲਕੇ ਸਾੜ੍ਹੀ, ਘਗਰਾ, ਗਰਾਰਾ, ਸਕਰਟ ਅਤੇ (ਮਰਦ ਵਾਸਤੇ) ਸਲਵਾਰ ਤੇ ਚਾਦਰੇ ਨੂੰ ਸਿੱਖੀ ਅਸੂਲਾਂ ਦੇ ਉਲਟ ਕਹਿ ਦੇਣਗੇ। ਭਲਕੇ ਇਹ ਕਛਹਿਰੇ ਦਾ ਸਾਈਜ਼ ਵੀ ਮਿੱਥ ਦੇਣਗੇ। ਇਹ ਗੁਰੂ ਦੀ ਸਿੱਖੀ ਤਾਂ ਨਹੀਂ! ਇਹ ਕੋਈ ਸ਼ਰਾਰਤੀ ਟੋਲਾ ਹੈ ਜੋ ਸਿੱਖਾਂ ਨੂੰ ਧਾਰਮਿਕ “ਅਛੂਤ” ਅਤੇ “ਕੁਲੀਨ” ਕਿਸਮ ਦੀਆਂ ਡਿਗਰੀਆਂ ਦੇ ਰਿਹਾ ਹੈ; ਇਹ ਸਿੱਖੀ ਦੇ ਨਿਰਾ, ਮੂਲੋਂ ਹੀ, ਉਲਟ ਹੈ। ਜੰਗਲਾਂ, ਪਹਾੜਾਂ ਤੇ ਰੇਗਿਸਥਾਨ ਵਿਚ ਤਾਂ ਸਿੱਖ ਮਜਬੂਰਨ ਗੰਦੇ ਕਪੜਿਆਂ ਵਿਚ ਰਹਿੰਦੇ ਹੋਣਗੇ ਤੇ ਨਹਾ ਵੀ ਨਹੀਂ ਸਕਦੇ ਹੋਣਗੇ; ਇਸ ਹਿਸਾਬ ਨਾਲ ਤਾਂ ਇਹ ਨਵਾਂ ਧਾਰਮਿਕ ਮਾਫ਼ੀਆ ਟੋਲਾ ਤਾਂ ਉਨ੍ਹਾਂ ਨੂੰ ਸਿੱਖ ਹੀ ਨਹੀਂ ਮੰਨਦਾ ਹੋਵਗਾ!

ਗੁਰੂ ਗ੍ਰੰਥ ਸਾਹਿਬ ਦੇ ਸਫ਼ੇ, ਪੰਨੇ, ਵਰਕੇ ਕਿ ਅੰਗ

ਸਾਧਾਂ ਤੇ ਡੇਰੇਦਾਰਾਂ ਦੇ ਕਈ ਚੇਲੇ ਇਸ ਗੱਲ ਦੀ ਜ਼ਿਦ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਵਰਕਿਆਂ ਨੂੰ “ਪੰਨਾ” ਕਿਹਾ ਜਾਣਾ ਚਾਹੀਦਾ ਹੈ, ਸਫ਼ਾ ਨਹੀਂ। ਹਾਲਾਂ ਕਿ ਇਹ ਸਿਰਫ਼ ਜ਼ਬਾਨ/ਬੋਲੀ ਦਾ ਹੀ ਫ਼ਰਕ ਹੈ। ਕਈ ਨਿਰਮਲਾ/ਬ੍ਰਾਹਮਣ ਕਿਸਮ ਦੇ ਲੋਕ, ਸਫ਼ਾ ਨੂੰ ਪੰਨਾ ਹੀ ਨਹੀਂ ਬਲਕਿ “ਅੰਗ” ਵੀ ਲਿਖਦੇ ਹਨ। ਪਰ, ਇਹ 1429 ਜਾਂ 1430 ਅੰਗ ਤਾਂ ਸੰਨ 1860 ਤੇ 1864 ਦੇ ਵਿਚਕਾਰ ਵਿਚ ਬਣੇ ਸਨ। ਅੰਗਾਂ ਦੇ ਸਾਈਜ਼ ਅਤੇ ਗਿਣਤੀ ਦਾ ਫ਼ੈਸਲਾ ਲਾਲ ਹਰੁਸਖ ਰਾਏ ਦੀ ਪ੍ਰੈਸ ਨੇ ਕੀਤਾ ਸੀ; ਸੋ ਗੁਰੂ ਗਰੰਥ ਸਾਹਿਬ ਦੇ ਅਖੌਤੀ “ਅੰਗ” ਤਾਂ ਲਾਲ ਹਰੁਸਖ ਰਾਏ ਨੇ ਬਣਾਏ ਸਨ, ਕਿਸੇ ਗੁਰੂ ਜਾਂ ਰੱਬ ਨੇ ਨਹੀਂ। ਇਹ ਤਾਂ ਸਗੋਂ ਗੁਰੂ ਗ੍ਰੰਥ ਸਾਹਿਬ ਨੂੰ ਬੁੱਤ ਵਾਂਙ ਵਰਤਣ ਦੀ ਸਾਜ਼ਿਸ਼ ਹੈ; ਅੰਗ ਤਾਂ ਬੁੱਤਾਂ ਦੇ ਹੁੰਦੇ ਹਨ ਨਾ ਕਿ ਗ੍ਰੰਥ ਦੇ।

ਫਿਰ ਪੁਰਾਣੀਆਂ ਬੀੜਾਂ ਦੇ, ਯਾਨਿ ਗੁਰੂ ਗ੍ਰੰਥ ਸਾਹਿਬ ਦੇ, ਅੰਗ ਵੱਖ-ਵੱਖ ਹੁੰਦੇ ਸਨ, ਕਿਉਂ ਕਿ ਪਹਿਲੀਆਂ ਹਥ ਲਿਖਤ ਬੀੜਾਂ ਦੇ ਵਰਕਿਆਂ/ਸਫ਼ਿਆਂ ਦੀ ਗਿਣਤੀ ਵੱਖ-ਵੱਖ ਹੁੰਦੀ ਸੀ। (ਕਈ ਮੂਰਖ ਤਾਂ ਬੀੜ ਕਹਿਣ ਤੇ ਲੜ ਪੈਂਦੇ ਹਨ ਤੇ ਸਿਰਫ਼ ਸਰੂਪ ਆਖਣ ‘ਤੇ ਜ਼ੋਰ ਦੇਂਦੇ ਹਨ)। ਪੁਰਾਣੀਆਂ ਬੀੜਾਂ ਦੇ 573 ਪਤਰੇ/ਵਰਕੇ (1146 ਸਫ਼ੇ) ਤੋਂ 1267 ਵਰਕੇ (2534 ਸਫ਼ੇ) ਤਕ ਮਿਲਦੇ ਹਨ।ਡਾ: ਮਦਨਜੀਤ ਕੌਰ ਵਾਲੇ ਇਕ ਸਰੂਪ ਦੇ 573 ਵਰਕੇ ਹਨ ਅਤੇ ਵਿਲੱਖਣ ਬੀੜ (ਕਾਨਗੜ੍ਹ, ਹੁਣ ਪਟਿਆਲਾ) ਦੇ 1267 ਵਰਕੇ ਹਨ। ਇੰਞ ਹੀ ਇਕ ਕਰਤਾਰਪੁਰੀ ਸਰੂਪ ਦੇ 974 (ਇਹ ਉਹ ਬੀੜ ਹੈ ਜਿਸ ਨੂੰ ਉਹ “ਅਸਲੀ ਭਾਈ ਗੁਰਦਾਸ ਵਾਲੀ” ਕਹਿੰਦੇ ਹਨ ਅਤੇ ਇਸ ਨੂੰ ਉਨ੍ਹਾਂ ਨੇ ਜ਼ਿਆਦਾ ਲੋਕਾਂ ਨੂੰ ਦਿਖਾਇਆ ਹੈ), ਪਟਨੇ ਦੀ ਕਿ ਬੀੜ (1691 ਦੀ ਕਹੀ ਜਾਂਦੀ) ਦੇ 735, ਪੰਜਾਬੀ ਯੂਨੀਵਰਸਿਟੀ ਵਿਚ ਪਈ ਇਕ ਬੀੜ ਦੇ 575, ਭਾਈ ਰਾਮ ਰੱਖਾ ਦੀ ਬੀੜ ਦੇ 759 ਤੇ ਤਲਵੰਡੀ ਸਾਬੋ ਦੀ ਇਕ ਬੀੜ ਦੇ 674, ਡੇਹਰਾਦੂਨ ਦੀ ਇਕ ਬੀੜ (1659 ਦੀ) ਦੇ 651, ਤਿਓਨਾ ਪੁਜਾਰੀਆਂ (ਜ਼ਿਲ੍ਹਾ ਮਾਨਸਾ) ਵਿਚ ਪਈ ਇਕ ਬੀੜ ਦੇ 781 ਅਤੇ ਦਰਬਾਰ ਸਾਹਿਬ ਦੇ ਤੋਸ਼ਾ ਖਾਨਾ ਵਿਚ ਪਈ (1726 ਦੀ ਕਹੀ ਜਾਂਦੀ) ਇਕ ਬੀੜ ਦੇ 741, ਬੁਰਹਾਨਪੁਰ ਦੀ ਸੁਨਹਿਰੀ ਬੀੜ ਦੇ 751 ਵਰਕੇ ਹਨ (ਇਸ ਵਿਚ ਮੁੰਦਾਵਣੀ ਤੋਂ ਮਗਰੋਂ ਮਗਰੋਂ ਗੋਸ਼ਟ ਮਲਾਰ ਨਾਲ, ਰਤਨਮਾਲ, ਹਕੀਕਤ ਰਾਹ ਮੁਕਾਮ, ਰਾਗਮਾਲਾ ਤੇ ਸਿਆਹੀ ਕੀ ਬਿਧੀ ਸ਼ਾਮਿਲ ਕੀਤੀ ਗਈ ਤੇ 4 ਵਰਕੇ ਵਧਾਏ ਗਏ ਸਨ), ਨਿਜ਼ਾਮਾਬਾਦ ਦੀ ਇਕ ਬੀੜ ਦੇ 628 ਵਰਕੇ ਸਨ (ਇਸ ਵਿਚ ਮੁੰਦਾਵਣੀ ਤੋਂ ਮਗਰੋਂ ਗੋਸ਼ਟ ਮਲਾਰ ਨਾਲ, ਰਤਨਮਾਲ, ਹਕੀਕਤ ਰਾਹ ਮੁਕਾਮ, ਰਾਗਮਾਲਾ ਤੇ ਸਿਆਹੀ ਕੀ ਬਿਧੀ ਸ਼ਾਮਿਲ ਕੀਤੀ ਗਈ ਤੇ 3 ਵਰਕੇ ਵਧਾਏ ਗਏ ਸਨ)। ਅਜਿਹਾ ਜਾਪਦਾ ਹੈ ਕਿ ਇਹ ਵਾਧੇ ਡੇਹਰਾਦੂਨ ਵਿਚ ਰਾਮ ਰਾਈਆਂ ਦੇ ਡੇਰੇ ‘ਤੇ ਮੌਜੂਦ ਜਾਂ ਕਿਸੇ ਖਾਰੀ ਬੀੜ ਦੀ ਕਿਸੇ ਨਕਲ ਤੋਂ ਸ਼ੁਰੂ ਹੋਏ ਹੋਣਗੇ; ਸ਼ਾਇਦ ਇਸ ਵਿਚ ਪਟਨਾ ਦੇ ਸੁਮੇਰ ਸਿੰਘ ਦਾ ਰੋਲ ਵੀ ਹੋਵੇ; ਕਿਉਂਕਿ ਬਹੁਤੀਆਂ ਬੀੜਾਂ ਵਿਚ ਇਕੋ ਜਿਹੀਆਂ ਨਕਲੀ ਰਚਨਾਵਾਂ ਸ਼ਾਮਿਲ ਹਨ ਤੇ ਬਹੁਤੀਆਂ ਇਨ੍ਹਾਂ ਦੋਹਾਂ ਜਗਹ ਦੀਆਂ ਬੀੜਾਂ ਦੀਆਂ ਨਕਲਾਂ ਹਨ)। ਭਲਕ ਨੂੰ ਇਹ ਧਾਰਮਿਕ ਮਾਫ਼ੀਆ ਇਹ ਵੀ ਕਹਿ ਸਕਦਾ ਹੈ ਕਿ ਪੁਰਾਣੀਆਂ ਸਾਰੀਆਂ ਬੀੜਾਂ ਦਾ ਸਸਕਾਰ ਕਰ ਦਿਓ ਕਿਉਂ ਕਿ ਇਨ੍ਹਾਂ ਵਿਚ ਬਾਣੀ ਤੋਂ ਇਲਾਵਾ ਦੂਜੀਆਂ ਰਚਨਾਵਾਂ ਵੀ ਹਨ। ਜਿਵੇਂ ਸਾਧ ਟੋਲੇ ਨੇ, ਕਾਰ ਸੇਵਾ ਦੇ ਪਾਖੰਡ ਹੇਠ, ਸਾਰੀਆਂ ਤਵਾਰੀਖ਼ੀ ਇਮਾਰਤਾਂ ਖ਼ਤਮ ਕਰ ਕੇ ਤਬਾਹੀ ਲਿਆਂਦੀ ਸੀ ਤੇ ਵਿਦਵਾਨ ਉਨ੍ਹਾਂ ਦੀ ਅਖੋਤੀ ‘ਕਾਰ ਸੇਵਾ’ ਨੂੰ “ਤਵਾਰੀਖ਼ ਦੇ ਕਤਲ ਦੀ ਸੇਵਾ” ਕਹਿੰਦੇ ਹਨ; ਕਿਤੇ ਭਲਕ ਨੂੰ ਇਸ ਅਖੋਤੀ ਸਤਿਕਾਰ ਕਮੇਟੀ “ਸਸਕਾਰ ਕਮੇਟੀ” ਨਾ ਕਿਹਾ ਜਾਣ ਲਗ ਜਾਵੇ? ਇਨ੍ਹਾਂ ਤੋਂ ਖ਼ਬਰਦਾਰ ਹੋਣ ਦੀ ਲੋੜ ਹੈ।

ਗੁਰੂ ਗ੍ਰੰਥ ਸਾਹਿਬ ਦੇ ਸਾਈਜ਼

ਹੁਣ ਇਕ ਨਵਾਂ ਪਾਖੰਡ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ/ਬੀੜ ਦਾ ਸਾਈਜ਼ ਸਿਰਫ਼ ਵੱਡਾ ਹੀ ਹੋ ਸਕਦਾ ਹੈ। ਇਸ ਦਾ ਸਿੱਖ ਫ਼ਲਸਫ਼ੇ ਨਾਲ ਕੋਈ ਸਬੰਧ ਨਹੀਂ। ਕੀ ਨਿੱਕੇ ਸਾਈਜ਼ ਵਿਚ ਗੁਰਬਾਣੀ ਦੀ ਬੇਅਦਬੀ ਹੋ ਜਾਂਦੀ ਹੈ? ਕੀ ਇਸ ਨਾਲ ਉਸ ਦੇ ਮਾਅਨੇ ਬਦਲ ਜਾਂਦੇ ਹਨ? ਸਾਈਜ਼ ਦੀ ਪਾਬੰਦੀ ਲਾਉਣਾ ਬੇਹੂਦਗੀ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਇਕ ਇੰਚ ਸਾਈਜ਼ ਤੋਂ ਲੈ ਕੇ 14×17 ਇੰਚ (35×42.5 ਸੈਂਟੀਮੀਟਰ) ਦੀਆਂ ਆਮ ਮਿਲਦੀਆਂ ਹਨ। ਸੰਨ 1912 ਵਿਚ ਜਰਮਨ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਇਕ ਇੰਚ ਸਾਈਜ਼ ਦੀਆਂ ਕੁਲ 13 ਬੀੜਾਂ ਬਣਾਏ ਜਾਣ ਦਾ ਜ਼ਿਕਰ ਮਿਲਦਾ ਹੈ। ਇਹ ਬੀੜਾਂ ਫ਼ੌਜੀਆਂ ਨੇ ਆਪਣੇ ਗਾਤਰੇ ਜਾਂ ਕਿੱਟ ਵਿਚ ਵੀ ਪਾਈਆਂ ਹੁੰਦੀਆਂ ਸਨ। (1×1 ਇੰਚ, 3×3 ਇੰਚ ਅਤੇ ਸਫ਼ਰੀ ਬੀੜ ਸਾਈਜ਼ 7×11 ਦੀਆਂ ਬੀੜਾਂ ਗੁਰੂ ਨਾਨਕ ਸਿੱਖ ਮਿਊਜ਼ੀਅਮ, ਲੈਸਟਰ, ਇੰਗਲੈਂਡ, ਵਿਚ ਪਈਆਂ ਹਨ)। ਇਕ ਬਹੁਤ ਵੱਡੇ ਸਾਈਜ਼ ਦੀ ਹੱਥ-ਲਿਖਤ ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ਕੀਤਾ ਹੋਇਆ ਹੈ। ਮਗਰੋਂ ਤਿੰਨ ਮੁਖ ਸਾਈਜ਼ ਛਪਣ ਲਗ ਪਏ ਸਨ: 14×17, 11×14, 7×11; ਇਨ੍ਹਾਂ ਦੇ ਫੌਂਟ ਦਾ ਸਾਈਜ਼ 40, 32 ਤੇ 24 ਸੀ। 1990 ਤੋਂ ਪੂਰਾ ਗੁਰੂ ਗ੍ਰੰਥ ਸਾਹਿਬ ਡਿਜੀਟਲ ਰੂਪ ਵਿਚ ਵੀ ਆ ਚੁਕਾ ਹੈ। ਬਹੁਤ ਸਾਰੀਆਂ ਸੀ.ਡੀ. ਮੌਜੂਦ ਹਨ। ਡਾ: ਕਰਨੈਲ ਸਿੰਘ ਥਿੰਦ ਨੇ ਹਜ਼ਾਰਾਂ ਸੀ.ਡੀ. ਮੁਫ਼ਤ ਵੰਡੀਆਂ ਹਨ।

ਸਫ਼ਰੀ ਬੀੜਾਂ

ਕਿਸੇ ਜ਼ਮਾਨੇ ਵਿਚ ਬਹੁਤੇ ਸਿੱਖ ਘਰਾਂ ਵਿਚ ਸਫ਼ਰੀ ਬੀੜਾਂ 7×11 ਸਾਈਜ਼ ਦੀਆਂ ਆਮ ਹੁੰਦੀਆਂ ਸਨ ਤੇ ਲੋਕ ਇਨ੍ਹਾਂ ਦਾ ਪ੍ਰਕਾਸ਼ ਰੋਜ਼ ਜਾਂ ਕਦੇ-ਕਦੇ ਕਰਿਆ ਕਰਦੇ ਸਨ। ਬਜ਼ੁਰਗ ਤੇ ਸਿਹਤ ਪੱਖੋਂ ਕਮਜ਼ੋਰ, ਘਰ ਵਿਚ ਥੋੜ੍ਹੀ ਜਗਹ ਹੋਣ ਕਾਰਨ ਲੋਕ ਵੱਡਾ ਸਰੂਪ ਨਹੀਂ ਰਖ ਸਕਦੇ। ਪੁਜਾਰੀਆਂ ਵੱਲੋਂ ਪ੍ਰਕਾਸ਼ ਵਾਸਤੇ ਵੱਡਾ ਸਾਈਜ਼ ਮੁਕੱਰਰ ਕਰਨ ਦੇ ਧੱਕੇ ਕਾਰਨ ਅੱਧੇ ਘਰਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਖ਼ਤਮ ਹੋ ਗਿਆ ਹੈ। ਕਈ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲਮਾਰੀ ਵਿਚ ਰੱਖੇ ਹੋਏ ਸਨ; ਕੁਝ ਨੇ ਨਿੱਕੀ ਜਹੀ ਜਗਹ ਵਿਚ ਪ੍ਰਕਾਸ਼ ਕੀਤਾ ਹੋਇਆ ਸੀ। ਅਖੋਤੀ ਸਤਿਕਾਰ ਕਮੇਟੀ ਦੇ ਧੱਕੇ ਕਾਰਨ ਬਹੁਤ ਸਾਰੇ ਘਰਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਖ਼ਤਮ ਹੋ ਗਿਆ ਹੈ। ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੱਖ-ਵੱਖ ਸਾਈਜ਼ ਵਿਚ ਛਾਪੀਆਂ ਜਾਣ ਅਤੇ ਜੇ ਹੋ ਸਕੇ ਤਾਂ ਹਰ ਜਗਹ ਮਿਲਣੀਆਂ ਚਾਹੀਦੀਆਂ ਹਨ; ਜੇ ਅਜਿਹਾ ਨਾ ਹੋ ਸਕੇ ਤਾਂ ਡਾਕ ਰਾਹੀਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ।

ਇਸ ਅਖੋਤੀ ਸਤਿਕਾਰ ਕਮੇਟੀ ਦੀਆਂ ਕਾਰਵਾਈਆਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਵਾਸਤੇ ਹਨ। ਪਹਿਲਾਂ ਸਾਰਾ ਟੱਬਰ ਪਾਹੁਲ ਲਓ, ਤੜਕੇ ਦੋ ਵਜੇ ਉਠ ਕੇ ਪ੍ਰਕਾਸ਼ ਕਰੋ, ਤੇ ਫਿਰ ਗੁਰੂ ਗ੍ਰੰਥ ਸਾਹਿਬ ਘਰ ਵਿਚ ਰੱਖੋ।ਘਰ ਵਿਚ ਕਈ ਮਾਸ ਖਾਣ ਵਾਲਾ ਨਾ ਹੋਵੇ; ਕੋਈ ਮਹਿਮਾਨ ਸ਼ਰਾਬ ਪੀਣ ਵਾਲਾ ਨਾ ਹੋਣੇ; ਸਾਰੇ ਬਿਬੇਕੀ ਹੋਣ; ਬਾਕੀ ਰਿਸ਼ਤੇਦਾਰਾਂ ਨੂੰ “ਸਿੱਖੀ ਦੇ ਅਛੂਤ” ਸਮਝਣ। ਭਲਕ ਨੂੰ ਇਹ ਕਹਿਣਗੇ ਕਿ ਘਰ ‘ਤੇ ਨਿਸ਼ਾਨ ਸਾਹਿਬ ਵੀ ਲਾਓ। ਫਿਰ ਇਹ ਕਹਿਣਗੇ ਕਿ ਗੁਰੂ ਗ੍ਰੰਥ ਸਾਹਿਬ ਸਿਰਫ਼ ਮੂਹਰਲੇ ਕਮਰੇ ਵਿਚ ਰੱਖੋ ਤੇ ਰਾਤ ਨੂੰ ਦਰਵਾਜ਼ਾ ਖੁਲ੍ਹਾ ਰੱਖੋ ਤਾਂ ਜੋ ਸੰਗਤਾਂ ਵੀ ਆ ਕੇ ਦਰਸ਼ਨ ਕਰ ਸਕਣ ਕਿਉਂ ਕਿ ਗੁਰੂ ਗ੍ਰੰਥ ਸਾਹਿਬ ਤਾਂ ਸੰਗਤ ਦਾ ਹੈ ਕਿਸੇ ਦੀ ਨਿਜੀ ਜਾਿੲਦਾਦ ਨਹੀਂ ਹੈ।

ਗੁਰੂ ਗ੍ਰੰਥ ਸਾਹਿਬ ਡਾਕ/ਕੰਟੇਨਰ ਰਾਹੀਂ ਭੇਜਣਾ

ਇਕ ਹੋਰ ਫ਼ਰਾਡ ਇਹ ਵੀ ਪਰਚਾਰਿਆ ਜਾ ਰਿਹਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਕ ਜਗਹ ਤੋਂ ਦੂਜੀ ਜਗਹ ਲਿਜਾਣਾ ਹੈ ਤਾਂ 5 ਜਣੇ ਚਾਹੀਦੇ ਹਨ। ਇਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ।ਇੰਞ ਹੀ ਅੱਗੇ ਅੱਗੇ ਘੰਟੀ ਵਜਾਉਣਾ ਤੇ ਪਾਣੀ ਛਿੜਕਾਉਣਾ ਵੀ ਬੇਮਾਅਨਾ ਹੈ। ਇਹ ਉਦੋਂ ਜ਼ਰੂਰੀ ਹੁੰਦਾ ਸੀ ਜਦ ਸੜਕਾਂ ‘ਤੇ ਘੱਟਾ ਮਿੱਟੀ ਹੁੰਦੀ ਸੀ।ਇੰਞ ਹੀ ਡਾਕ ਜਾਂ ਟਰੱਕ ਜਾਂ ਬੱਸ ਜਾਂ ਜਹਾਜ਼ ਜਾਂ ਸਮੁੰਦਰੀ ਜਹਾਜ਼ ਰਾਹੀਂ ਕੰਟੇਨਰ ਵਿਚ ਭੇਜਣ ਨਾਲ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਨਹੀਂ ਹੁੰਦੀ। ਅਠਾਰ੍ਹਵੀਂ ਸਦੀ ਵਿਚ ਤਾਂ ਸਿੱਖ ਘੋੜਿਆਂ ‘ਤੇ “ਲੱਦ ਕੇ” ਵੀ ਲਿਜਾਇਆ ਕਰਦੇ ਸਨ। ਪਿੱਛੇ ਜਿਹੇ ਕਿਸੇ ਪਾਖੰਡੀ ਗਰੁੱਪ ਨੇ ਇਟਲੀ ਭੇਜਣ ਵਾਸਤੇ ਉਚੇਚਾ ਹਵਾਈ ਜਹਾਜ਼ ਚਾਰਟਰ ਕੀਤਾ ਸੀ। ਇਹ ਸਿਰਫ਼ ਤੇ ਸਿਰਫ਼ ਪਾਖੰਡ ਹੈ। ਇੰਞ ਹੀ ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਵੇਲੇ ਕੰਟੇਨਰ ਰਾਹੀਂ ਭੇਜਣ ‘ਤੇ ਰੌਲਾ ਪਾ ਕੇ ਉਸ ਨੂੰ ਬਦਨਾਮ ਕੀਤਾ ਗਿਆ ਸੀ। ਪਰ ਜਦ ਇਹੋ ਜਿਹਾ ਤਰੀਕਾ, ਅਪ੍ਰੈਲ 2014 ਵਿਚ, ਮਨਜੀਤ ਸਿੰਘ ਜੀ. ਕੇ. ਦੀ ਪ੍ਰਧਾਨਗੀ ਵੇਲੇ ਵਰਤਿਆ ਗਿਆ ਤਾਂ ਮੁੜ ਰੌਲਾ ਪਾਇਆ ਗਿਆ। ਪਰ, ਉਨ੍ਹਾਂ ਨੇ ਇਹ ਡਿਫ਼ੈਂਸ ਲਿਆ ਕਿ ਸਾਰੀਆਂ ਬੀੜਾਂ ਵੱਖ-ਵੱਖ ਚੰਦੋਏ ਲਾ ਕੇ “ਪੂਰਨ ਮਰਿਆਦਾ” ਨਾਲ ਭੇਜੀਆਂ ਜਾ ਰਹੀਆਂ ਸਨ (ਪਰ, ਕੀ ਹਰ ਇਕ ਬੀੜ ਨਾਲ ਪੰਜ-ਪੰਜ ਬੰਦੇ ਵੀ ਕੰਟੇਨਰ ਵਿਚ ਜਾ ਰਹੇ ਸਨ)? ਇਹ ਸਭ ਕੁਝ ਪਾਖੰਡ ਹੈ। ਗੁਰੂ ਗ੍ਰੰਥ ਸਾਹਿਬ ਕੋਈ ਦੇਵੀ ਦੇਵਤਾ ਜਾਂ ਬੁਤ ਨਹੀਂ ਹੈ ਜਿਸ ਨੂੰ ਇਹੋ ਜਿਹੇ ਕਰਮ ਕਾਂਡੀ ਤਰੀਕੇ ਨਾਲ ਰੱਖਣਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਇਕ ਸਿਧਾਂਤ ਹੈ। ਇਸ ਦਾ ‘ਜੂਰੀਡਿਕ ਪਰਸਨ’ (ਕਾਨੂੰਨੀ ਤੌਰ ‘ਤੇ ਸ਼ਖ਼ਸ) ਹੋਣ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਇਕ ਬੁੱਤ ਵਾਂਙ ਮੰਨ ਲਿਆ ਜਾਵੇ ਤੇ ਇਸ ਨਾਲ ਉਹੋ ਜਿਹਾ ਸਲੂਕ ਕੀਤਾ ਜਾਵੇ। ਇਹ ਬ੍ਰਾਹਮਣੀ ਕਰਮ ਕਾਂਡ ਹੈ ਇਸ ਦਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਨਾਲ ਜਾਂ ਸਿੱਖੀ ਨਾਲ ਕੋਈ ਸਬੰਧ ਨਹੀਂ ਹੈ। ਜੇ ਪਵਿੱਤਰਤਾ ਦੀ ਗੱਲ ਕੀਤੀ ਜਾਵੇ ਤਾਂ ਸਵਾਲ ਉਠੇਗਾ ਕਿ ਬੀੜ ਦਾ ਕਾਗ਼ਜ਼ ਕਿੱਥੋਂ ਆਇਆ ਸੀ? ਸਿਆਹੀ, ਜਿਲਦ ਦਾ ਕਪੜਾ, ਗੂੰਦ/ਲੇਵੀ ਛਾਪਣ ਤੇ ਜਿਲਦਬੰਦੀ ਵਾਲੇ ਕੌਣ ਸਨ? ਕੀ ਉਸ ਵੇਲੇ ਕੋਈ ਅਖੌਤੀ ਮਰਿਆਦਾ ਨਿਭਾਈ ਸੀ? ਜਦ ਜਰਮਨ ਵਿਚ ਇਕ ਇੰਚ ਦੀ ਬੀੜ ਛਪੀ ਸੀ ਤਾਂ ਉਸ ਨੂੰ ਛਾਪਣ, ਜਿਲਦਬੰਦੀ ਕਰਨ, ਟਰਾਂਸਪੋਰਟ ਕਰਨ ਵਾਲੇ ਤਕਰੀਬਨ ਸਾਰੇ ਹੀ ਤੰਮਾਕੂਨੋਸ਼ ਹੀ ਹੋਣਗੇ। ਜਦ 1984 ਵਿਚ ਪਹਿਲਾ ਪ੍ਰੈਸ ਛਾਪਾ ਆਇਆ ਸੀ ਤਾਂ ਉਦੋਂ ਕਿਹੜਾ ਪ੍ਰੈਸ ਵਿਚ ਸਾਰੇ ਸਿੱਖ ਹੀਨ ਸਨ? ਲਾਲਾ ਹਰਸੁਖ ਰਾਏ ਤਾਂ ਪਬਲਿਸ਼ਰ ਸੀ, ਵਪਾਰੀ ਸੀ, ਪਰ ਸਿੱਖ ਨਹੀਂ ਸੀ। ਉਹ ਸਿੱਖੀ ਦਾ ਸ਼ਰਧਾਲੂ ਤਾਂ ਹੋ ਸਕਦਾ ਹੈ ਪਰ ਸਿੱਖ ਨਹੀਂ ਸੀ।

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਵੀ ਇਕ ਮਤਾ ਪਾਸ ਕਰ ਕੇ ਡਾਕ ਰਾਹੀਂ ਭੇਜਣ ਨੂੰ ਸਹੀ ਮੰਨਿਆ ਸੀ। ਉਦੋਂ ਇਸ ਕਮੇਟੀ ਵਿਚ ਸੂਝ ਵਾਲੇ ਬੰਦਿਆਂ ਦੀ ਗੱਲ ਮੰਨੀ ਜਾਂਦੀ ਸੀ ਅਤੇ ਨਿਰਮਲਿਆਂ, ਹੋਰ ਡੇਰੇਦਾਰਾਂ ਤੇ ਆਰ.ਐਸ.ਐਸ. ਦਾ ਕੋਈ ਜ਼ੋਰ ਨਹੀਂ ਚਲਦਾ ਸੀ।

ਬ੍ਰਿਧ ਬੀੜਾਂ ਦਾ ਸਸਕਾਰ

ਸਸਕਾਰ ਕਰਨ ਵਾਸਤੇ ਗੋਇੰਦਵਾਲ ਅਤੇ ਪਾਊਂਟਾ ਦੇ ਨੇੜੇ ਗੁਰੂ ਗ੍ਰੰਥ ਸਾਹਿਬ ਦੇ ‘ਸ਼ਮਸ਼ਾਨ ਘਾਟ’ ਬਣਾਏ ਹੋਏ ਹਨ। ਉਥੇ ਪੂਰਾ ਕਰਮ ਕਾਂਡੀ ਪਾਖੰਡ ਕੀਤਾ ਜਾਂਦਾ ਹੈ। ਸਸਕਾਰ ਦੇ ਨਾਂ ‘ਤੇ ਮਣਾਂ ਮੂਹੀ ਦੇਸੀ ਘਿਓ ਫੂਕਿਆ ਜਾ ਰਿਹਾ ਹੈ। ਇਹ ਜ਼ੁਲਮ ਤੇ ਪਾਪ ਹੈ। ਬੀੜਾਂ ਦੇ ਸਸਕਾਰ ਦੇ ਨਾਲ-ਨਾਲ ਰੁਮਾਲੇ ਤੇ ਹੋਰ ਕੀਮਤੀ ਚੀਜ਼ਾਂ ਸਾੜੀਆਂ ਜਾ ਰਹੀਆਂ ਹਨ। ਇਹ ਗ਼ਰੀਬਾਂ ਨੂੰ ਦਿੱਤੀਆਂ ਜਾ ਸਕਦੀਆਂ ਹਨ।

ਇਹ ਨਿਰਮਲਾ/ ਬ੍ਰਾਹਮਣੀ ਮਰਿਆਦਾ ਹੈ ਸਿੱਖੀ ਦੀ ਨਹੀਂ

ਜਦੋਂ ਦੇ ਨਿਰਮਲੇ (ਚੌਕ ਮਹਿਤਾ ਡੇਰਾ ਉਰਫ਼ ਭਿੰਡਰਾਂ ਟਕਸਾਲ, ਜੋ 1977 ਤੋਂ ਖ਼ੁਦ ਨੂੰ ਦਮਦਮੀ ਟਕਸਾਲ ਕਹਿਣ ਲਗ ਪਏ ਹਨ) ਅਤੇ ਉਦਾਸੀ ਟੋਲੇ (ਡੇਰੇਦਾਸ ਅਤੇ ਸਾਧ) ਦਰਬਾਰ ਸਾਹਿਬ ਅਤੇ ਦੂਜੇ ਗੁਰਦੁਆਰਿਆਂ ‘ਤੇ ਕਾਬਜ਼ ਹੋਏ ਹਨ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਕ ਬੁੱਤ ਵਾਂਙ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦਾ ਬਹਾਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਦਬ ਰੱਖਣਾ ਅਤੇ ਸਹੀ ਮਰਿਆਦਾ ਨਿਭਾਉਣੀ ਜ਼ਰੂਰੀ ਹੈ। ਕੀ ਅਦਬ ਕਰਮ ਕਾਂਡ, ਦਿਖਾਵੇ ਤੇ ਪਾਖੰਡ ਦੀਆਂ ਕਾਰਵਾਈਆਂ ਹਨ? ਨਹੀਂ, ਹਰਗਿਜ਼ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਗੁਰਦੁਆਰਿਆਂ ਵਿਚ ਮਨਮਤਿ ਵਾਲੀ ਬ੍ਰਾਹਮਣੀ ਪੂਜਾ ਹੁੰਦੀ ਹੈ; ਜਦੋਂ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਖ਼ਿਲਾਫ਼ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ; ਜਦ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਝੂਠ ਬੋਲਿਆ ਜਾਂਦਾ ਹੈ ਅਤੇ ਦੰਭੀ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜਦੋਂ ਸਿੱਖ ਦੁਸ਼ਮਣਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਘਟੀਆ ਲੋਕਾਂ ਅਤੇ ਸਿੱਖ ਦੁਸ਼ਮਣਾਂ ਨੂੰ ਸਿਰੋਪੇ ਦਿੱਤੇ ਜਾਂਦੇ ਹਨ ਅਤੇ ਉਹ ਸਿੱਖ ਫ਼ਲਸਫ਼ੇ ਦੇ ਖ਼ਿਲਾਫ਼ ਲੈਕਚਰ ਵੀ ਕਰਦੇ ਹਨ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਸਿੱਖੀ ਦੀ ਸਭ ਤੋਂ ਵਧ ਤਬਾਹੀ ਕਰਨ ਵਾਲਿਆਂ ਨੂੰ ‘ਗੁਰਮਤਿ ਮਾਰਤੰਡ’, ‘ਪੰਥ ਰਤਨ’, ‘ਪੰਥ ਰਤਨ -ਫ਼ਖ਼ਰੇ ਕੌਮ’, ਮਹਾਨ ਕਥਾਕਾਰ, ਮਹਾਨ ਕੀਰਤਨੀਏ ਦੇ ਖ਼ਿਤਾਬ ਦਿੱਤੇ ਜਾਂਦੇ ਹਨ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵਿਤਕਰੇ ਕੀਤੇ ਜਾਂਦੇ ਹਨ; ਜਦੋਂ ਮਲਿਕ ਭਾਗੋ ਅਤੇ ਭਾਈ ਲਾਲੋ ਅਤੇ ਭਾਈ ਜੱਸਾ ਸਿੰਘ ਤਰਖਾਣ (ਰਾਮਗੜ੍ਹੀਆ) ਅਤੇ ਭਾਈ ਜੀਵਨ ਸਿੰਘ ਰੰਘਰੇਟਾ ਵਿਚ ਫ਼ਰਕ ਰੱਖਿਆ ਜਾਂਦਾ ਹੈ। ਇਹੋ ਜਿਹੀਆਂ ਹਰਕਤਾਂ ਤੇ ਕਰਤੂਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹਨ, ਨਾ ਕਿ ਕੰਟੇਨਰ ਵਿਚ ਲਿਜਾਣਾ ਜਾਂ ਘਰ ਦੀ ਅਲਮਾਰੀ ਵਿਚ ਰੱਖਣਾ ਜਾਂ ਡਾਕ ਰਾਹੀਂ ਭੇਜਣਾ!

ਅਖੌਤੀ ਸਤਿਕਾਰ ਕਮੇਟੀ ਨੇ ਤਾਂ ਬੁਰਛਾ ਗਰਦਾਂ ਅਤੇ ਕੁਝ ਹੱਦ ਤਕ ਗੁੰਡਿਆਂ ਵਾਲਾ ਵਤੀਰਾ ਫੜਿਆ ਹੋਇਆ ਹੈ। ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਇਹ ਨਿਰਮਲਾ ਕਮੇਟੀ ਹੈ; ਬ੍ਰਾਹਮਣ ਕਮੇਟੀ ਹੈ; ਪੁਜਾਰੀ ਕਮੇਟੀ ਹੈ ਜਾਂ ਫਿਰ ਇਹ ਆਰ.ਐਸ.ਐਸ. ਦਾ ਪੁਜਾਰੀਵਾਦ ਹੈ? ਇਨ੍ਹਾਂ ਨੂੰ ਕਿਸੇ ਨੇ ਚੁਣਿਆ ਜਾਂ ਥਾਪਿਆ ਨਹੀਂ; ਇਹ ਆਪੇ ਬਣੀ ਨਾਜਾਇਜ਼ ਕਮੇਟੀ ਹੈ? ਇਨ੍ਹਾਂ ਨੂੰ ਇਸ ਧੱਕੇਸ਼ਾਹੀ ਕਰਨ ਦੇ ਹੱਕ ਕਿਸ ਨੇ ਦਿੱਤੇ ਹਨ? ਇਹ ਜੁਝਾਰੂ ਨਹੀਂ ਹਨ ਬਲਕਿ ਬੁਰਛਾਗਰਦ ਹਨ ਜਾਂ ਗੁੰਡੇ ਹਨ ਜਾਂ ਮਾਫ਼ੀਆ ਹਨ? ਭਲਕ ਨੂੰ ਕੋਈ ਵੀ ਉਠ ਕੇ ਅਜਿਹਾ ਇਕ ਹੋਰ ਧਾਰਮਿਕ ‘ਮਾਫ਼ੀਆ’ ਬਣਾ ਲਏਗਾ ਤੇ ਬੁਰਛਾਗਰਦੀ ਦੀਆਂ ਹਰਕਤਾਂ ਕਰਨ ਲਗ ਪਵੇਗਾ। ਸਿੱਖਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਬੁਰਛਾਗਰਦਾਂ ਦਾ ਡੱਟ ਕੇ ਟਾਕਰਾ ਕਰਨ ਅਤੇ ਸਿੱਖੀ ਨੂੰ ਅਜਿਹੇ ਮਾਫ਼ੀਆ ਦੀ ਕੈਦ ਵਿਚ ਜਾਣ ਤੋਂ ਰੋਕਣ ਵਾਸਤੇ ਹਰ ਹੀਲਾ ਵਰਤਣ ਦੀ ਲੋੜ ਹੈ। ਅਖੋਤੀ ਸਤਿਕਾਰ ਕਮੇਟੀ ਦੇ ਧੱਕੇ ਕਾਰਨ ਬਹੁਤ ਸਾਰੇ ਘਰਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਖ਼ਤਮ ਹੋ ਗਿਆ ਹੈ। ਇਨ੍ਹਾਂ ਦੀਆਂ ਕਾਰਵਾਈਆਂ ਨੇ ਇਨ੍ਹਾਂ ਨੂੰ ‘ਸਤਿਕਾਰ ਕਮੇਟੀ’ ਦੀ ਜਗਹ “ਸਿੱਖੀ ਦਾ ਸਸਕਾਰ ਕਮੇਟੀ” ਬਣਾ ਦਿੱਤਾ ਹੈ।

ਜੇ ਇਹ ਸਚਮੁਚ ਸੰਜੀਦਾ ਹਨ ਤਾਂ ਸਿੱਖੀ ਦਾ ਸਭ ਤੋਂ ਵਧ ਨੁਕਸਾਨ ਕਰ ਰਹੇ ਸਾਧਾਂ ਅਤੇ ਡੇਰੇਦਾਰਾਂ ਦੇ ਖ਼ਿਲਾਫ਼ ਜਹਾਦ ਕਰਨ। ਸਾਰੇ ਦੇ ਸਾਰੇ ਡੇਰੇਦਾਰ ਅਤੇ ਸਾਧ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ, ਦਿਖਾਵੇ ਦੇ ਤੌਰ ‘ਤੇ, ਡੇਰਿਆਂ ‘ਤੇ ਰੱਖ ਕੇ, ਅਸਲ ਵਿਚ ਆਪਣੀ ਜਾਂ ਆਪਣੇ ਮਰ ਚੁਕੇ ਸਾਧਾਂ ਦੀ ਪੂਜਾ ਕਰਵਾਉਂਦੇ ਹਨ; ਹੋਰ ਤਾਂ ਹੋਰ ਕਈਆਂ ਦੀਆਂ ਜੁੱਤੀਆਂ, ਕਛਹਿਰਿਆਂ ਅਤੇ ਹੋਰ ਗੰਦ-ਮੰਦ ਦੀ ਵੀ ਪੂਜਾ ਕਰਵਾਉਂਦੇ ਹਨ। ਦਿਖਾਵਾ ਗੁਰੂਆਂ ਦਾ ਤੇ ਜਨਮ ਦਿਨ ਆਪਣੇ ਸਾਧ ਦਾ ਮਨਾਉਂਦੇ ਹਨ। ਇਹ ਨਿਰਾ ਖ਼ਾਲਸ, ਸਾਫ਼ ਧੋਖਾ ਹੈ; ਗੁਰੂ ਗ੍ਰੰਥ ਸਾਹਿਬ ਨਾਲ ਇਸ ਤੋਂ ਵੱਡੀ ਬੇਈਮਾਨੀ ਤੇ ਇਸ ਤੋਂ ਵਧ ਬੇਅਦਬੀ ਕੋਈ ਨਹੀਂ ਹੋ ਸਕਦੀ। ਪਰ, ਇਹ ਅਖੋਤੀ ਸਤਿਕਾਰ ਕਮੇਟੀ ਵਾਲੇ ਇਨ੍ਹਾਂ ਦੇ ਖ਼ਿਲਾਫ਼ ਕਦੇ ਨਹੀਂ ਉਠਣਗੇ; ਇਹ ਤਾਂ ਕਿਸੇ ਗ਼ਰੀਬ ਸਿੱਖ, ਜਾਂ ਨਿੱਕੇ ਮੋਟੇ ਸਾਧ ਦੇ ਖ਼ਿਲਾਫ਼ ਜ਼ਰੂਰ ਡਾਂਗ ਚੁਕ ਸਕਦੇ ਹਨ। ਜੇ ਇਹ ਸੱਚੇ ਹਨ ਤਾਂ ਕਲੇਰਾਂ, ਰਾੜਾ, ਮਸਤੂਆਣਾ, ਪਿਹੋਵਾ, ਦੋਦੜਾ, ਬੇਗੋਵਾਲ, ਸਿਹੋੜਾ ਵਾਲਾ, ਬੜੂੰਦੀ, ਦੌਧਰ, ਤਰਮਾਲਾ, ਸੀਚੇਵਾਲ (ਸੁਲਤਾਨਪੁਰ), ਗੁਰੂਵਾਲੀ (ਅੰਮ੍ਰਿਤਸਰ), ਤਖ਼ਤੂਪੁਰਾ, ਨਕੋਦਰ (ਲੱਡੂ ਸਾਧ ਦਾ ਡੇਰਾ), ਜੌਹਲਾਂ, ਕੂਕਿਆਂ, ਜਗੇੜਾ, ਮਨੀਕਰਣ ਤੇ ਸੈਂਕੜੇ ਹੋਰ ਠੱਗਾਂ ਦੇ ਡੇਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਚੁੱਕਣ; ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵਧ ਬੇਅਦਬੀ ਕੀਤੀ ਜਾ ਰਹੀ ਹੈ।

*hsdilgeer@yahoo.com(44) 7775499320 (England)
 

❤️ CLICK HERE TO JOIN SPN MOBILE PLATFORM

Top