• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਨਵੇਂ ਹਾਲਾਤਾਂ ਵਿੱਚ ਪੰਜਾਬੀ ਗਭਰੂਆਂ ਲਈ ਸੁਝਾ

Dalvinder Singh Grewal

Writer
Historian
SPNer
Jan 3, 2010
1,245
421
79
ਨਵੇਂ ਹਾਲਾਤਾਂ ਵਿੱਚ ਪੰਜਾਬੀ ਗਭਰੂਆਂ ਲਈ ਸੁਝਾ
ਡਾ: ਦਲਵਿੰਦਰ ਸਿੰਘ ਗ੍ਰਵਾਲ

ਪ੍ਰੋਫੈਸਰ ਐਮੇਰੀਟਸ ਦੇਸ਼ ਭਗਤ ਯੂਨੀਵਰਸਿਟੀ



ਪੰਜਾਬ ਜੋ ਕੁਝ ਚਿਰ ਪਹਿਲਾਂ ਹੀ ਹਿੰਦੁਸਤਾਨ ਵਿੱਚ ਪਹਿਲੇ ਨੰਬਰ ਦਾ ਸੂਬਾ ਗਿਣਿਆਂ ਜਾਂਦਾ ਸੀ ਹੁਣ ਡਿਗਦਾ ਡਿਗਦਾ ਹੇਠਲੀ ਕਤਾਰ ਦੇ ਸੂਬਿਆਂ ਵਲ ਵਧ ਰਿਹਾ ਹੈ। ਲੱਕ ਤੋੜਵਾਂ ਕਰਜ਼ਾ, ਖੁਦਕਸ਼ੀਆਂ, ਨਸ਼ਿਆਂ ਦੀ ਮਾਰ, ਵਧਦੀ ਗੁੰਡਾਗਰਦੀ, ਬੇਰੁਜ਼ਗਾਰੀ ਹੱਥੋਂ ਡਰਿਆ ਵਿਦੇਸ਼ਾਂ ਨੂੰ ਭਜਦਾ ਗਭਰੂ, ਬੰਦ ਹੋ ਰਹੇ ਕਾਲਿਜ ਤੇ ਤਕਨੀਕੀ ਸੰਸਥਾਵਾਂ, ਡਿਗਦੀ ਕਨੂੰਨੀ ਅਵਸਥਾ ਤੇ ਕਤਲਾਂ, ਲੁੱਟਾਂ-ਖੋਹਾਂ ਵਿੱਚ ਵਾਧਾ, ਸੂਬਾ ਅਤੇ ਕੇਂਦਰ ਵਲੋਂ ਅਣਗਹਿਲੀ, ਸਿਆਸਤ ਵਿੱਚ ਬਦਦਿਆਨਤੀ, ਨਫਾ ਰਹਿਤ ਕਿਰਸਾਨੀ, ਪਾਣੀ ਦਾ ਡਿਗਦਾ ਪੱਧਰ, ਲੰਬੇ ਅਤੇ ਰੋਜ਼ ਰੋਜ਼ ਦੇ ਜਲਸੇ, ਮੁਜਾਹਿਰੇ ਤੇ ਹੜਤਾਲਾਂ, ਬੰਦ ਹੋ ਰਹੀਆਂ ਫੈਕਟਰੀਆਂ, ਦੁਜੇ ਸੂਬਿਆਂ ਤੋਂ ਅਣਰੋਕੇ ਪਰਵਾਸੀਆਂ ਦਾ ਹੜ੍ਹ, ਬਦਲਦਾ ਸਭਿਆਚਾਰ: ਪੰਜਾਬ ਦੇ ਦੁਖਾਂਤ ਦੀ ਲੜੀ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ।

ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀ ਜ਼ਿਹਨ ਤੇ ਪੈ ਰਿਹਾ ਹੈ ਜੋ ਹੁਣ ਪੰਜਾਬ ਨੂੰ ਵਸਣ ਯੋਗ ਨਹੀਂ ਸਮਝਦਾ। ਮਾਪੇ ਬੇਰੁਜ਼ਗਾਰ ਗਭਰੂਆਂ ਨੂੰ ਨਸ਼ੇ ਤੋਂ ਬਚਾਉਣ ਲਈ ਅਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੇਚ ਜਹਾਜ਼ੀਂ ਚੜ੍ਹਾਈ ਜਾ ਰਹੇ ਹਨ।ਕਿਸਾਨੀ ਜ਼ਿੰਦਗੀ ਜੋ ਹਰੀ ਕ੍ਰਾਂਤੀ ਲਈ ਜਾਣੀ ਜਾਂਦੀ ਸੀ ਹੁਣ ਲੰਬੇ ਸ਼ੰਘਰਸ਼ਾਂ ਵਿੱਚ ਉਲਝ ਕੇ ਰਹਿ ਗਈ ਹੈ। ਪਿੰਡਾਂ ਵਿਚੋਂ ਹੱਥੀਂ-ਖੇਤੀ ਦਾ ਸਭਿਆਚਾਰ ਨਾਂਹ ਬਰਾਬਰ ਹੋ ਗਿਆ ਹੈ ਤੇ ਪਰਦੇਸੀ ਭਾੜੇ ਦੇ ਮਜ਼ਦੂਰ ਪਿੰਡ ਪਿੰਡ ਛਾ ਗਏ ਹਨ। ਉਨ੍ਹਾਂ ਦੇ ਆਉਣ ਨਾਲ ਪੰੰਜਾਬੀ ਸਭਿਆਰ ਦਾ ਵਿਗਾੜ ਹੋਣਾ ਤਾਂ ਸੁਭਾਵਿਕ ਹੀ ਹੈ। ਸਮੇਂ ਦੀਆਂ ਸਰਕਾਰਾਂ ਜ਼ਿਆਦਾ ਤਰ ਗੱਦੀ ਦੇ ਮਸਲਿਆਂ ਵਿਚ ਉਲਝੀਆਂ ਹੋਣ ਕਰਕੇ ਸੂਬੇ ਦੇ ਕਸ਼ਟਾਂ ਨੂੰ ਦੂਰ ਕਰਨੋਂ ਅਸਮਰਥ ਰਹੀਆਂ ਹਨ। ਬਾਕੀ ਰਹਿੰਦੀ ਖੂੰਹਦੀ ਕਸਰ ਧਾਰਮਿਕ ਖਹਿਬਾਜ਼ੀ ਨੇ ਪੂਰੀ ਕਰ ਦਿਤੀ ਹੈ।

ਪੰਜਾਬ ਦੇ ਲੋਕਾਂ ਦਾ ਰਵੱਈਆ, ਵਰਤਾਉ ਅਤੇ ਜੀਵਨ ਸ਼ੈਲੀ ਬਦਲ ਗਈ ਹੈ।ਹਰ ਕੋਈ ਆਲੀਸ਼ਾਨ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਦਿਖਾਵੇ ਲਈ ਮਹਿੰਗੇ ਖੇਤੀ ਸੰਦ ਟ੍ਰੈਕਟਰ, ਕੰਬਾਈਨਾਂ ਆਦਿ ਖਰੀਦਣਾ ਪਸੰਦ ਕਰਨਗੇ। ਵਿਆਹਾਂ ਅਤੇ ਮਰਨੇ ਪਰਨੇ ਉਤੇ ਪੈਸਾ ਉਡਾਇਆ ਜਾਂਦਾ ਹੈ। ਲੋਕ ਸਿਰਫ ਦੂਜਿਆਂ ਨੂੰ ਆਪਾ ਦਿਖਾਉਣਾ ਚਾਹੁੰਦੇ ਹਨ ।ਇੱਕ ਵਾਰ ਜਦੋਂ ਉਹ ਕਰਜ਼ੇ ਵਿੱਚ ਆ ਜਾਂਦੇ ਹਨ ਤਾਂ ਚੱਕਰ ਨੂੰ ਤੋੜਨਾ ਮੁਸ਼ਕਲ ਹੁੰਦਾ ਹੈ। ਨਸ਼ਿਆਂ ਦੀ ਦੁਰਵਰਤੋਂ ਇੱਕ ਸਮੱਸਿਆ ਹੈ ਪਰ ਲੋਕ ਸਾਰੀ ਸਮੱਸਿਆ ਡਰੱਗ ਮਾਫੀਆ ਅਤੇ ਸਰਕਾਰਾਂ 'ਤੇ ਮੜ੍ਹ ਕੇ ਸੰਤੁਸ਼ਟ ਹਨ। ਜਿਸ ਕਿਸਮ ਦੇ ਪਾਲਣ-ਪੋਸ਼ਣ ਦੀ ਲੋੜ ਹੁੰਦੀ ਹੈ ਉਹ ਘੱਟ ਹੀ ਦੇਖਿਆ ਜਾਂਦਾ ਹੈ। ਮਰਦ-ਪ੍ਰਧਾਨ ਸਮਾਜ ਹੋਣ ਕਰਕੇ ਮੁੰਡਿਆਂ ਤੇ ਉਸ ਹੱਦ ਤੱਕ ਅੱਖ ਨਹੀਂ ਰੱਖੀ ਜਾਂਦੀ ਜਿਸ ਹੱਦ ਤੱਕ ਘਰ ਵਿੱਚ ਹੋਣੀ ਚਾਹੀਦੀ ਹੈ। ਸਿੱਖਿਆ ਦਾ ਪੱਧਰ ਵਿੱਚ ਵੀ ਨਿਘਾਰ ਆ ਗਿਆ ਹੈ। ਪ੍ਰਾਈਵੇਟ ਕਾਲਜ ਅਤੇ ਸਕੂਲ ਧੋਖਾਧੜੀ ਨਾਲ ਆਸਾਨ ਡਿਗਰੀਆਂ ਦੇ ਰਹੇ ਹਨ। ਮੈਡੀਕਲ ਅਤੇ ਨਾਨ ਮੈਡੀਕਲ ਲਈ ਕੋਚਿੰਗ ਸੈਂਟਰਾਂ ਵਿੱਚ ਤਿਆਰੀ ਕਰਕੇ ਪਲੱਸ ਵਨ ਅਤੇ ਟੂ ਜਮਾਤਾਂ ਵਿੱਚ ਵਿਦਿਆਰਥੀਆਂ ਦੇ ਡੰਮੀ ਦਾਖਲੇ ਹੁੰਦੇ ਸਨ। ਹੁਣ ਇਹੋ ਆਈਲੈਟਸ ਵਿਚ ਹੋ ਰਿਹਾ ਹੈ। ਗਭਰੂਆਂ ਦੀ ਜਾਂਚ ਨਹੀਂ ਹੁੰਦੀ। ਕੋਚਿੰਗ ਸੈਂਟਰ ਸਿਰਫ ਵਿਦਿਆਰਥੀਆਂ ਦੇ ਅੰਕ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਵਿਹਾਰਕ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

ਹੁਣ ਰਾਜਨੀਤਕਾਂ ਨੇ ਮੁਫਤਖੋਰੀ ਦਾ ਇਕ ਨਵਾਂ ਕਲਚਰ ਸ਼ੁਰੂ ਕਰ ਦਿਤਾ ਹੈ। ਲੋਕ ਸਰਕਾਰਾਂ ਤੋਂ ਉਮੀਦ ਕਰਨ ਲਗ ਪਏ ਹਨ ਕਿ ਉਹ ਵੱਧ ਤੋਂ ਵੱਧ ਮੁਫਤ ਸਹੂਲਤਾਂ ਦੇਣ। ਇਸ ਨਾਲ ਸਿਸਟਮ ਤੇ ਤਾਂ ਬਹੁਤ ਜ਼ਿਆਦਾ ਬੋਝ ਪੈਂਦਾ ਜਾ ਰਿਹਾ ਹੈ ਨਾਲ ਹੀ ਸੂਬੇ ਦਾ ਕਰਜ਼ਾ ਇਤਨਾ ਵਧ ਗਿਆ ਹੈ ਕਿ ਦਿਵਾਲੀਆ ਹੋਣ ਦੀ ਹਾਲਤ ਹੋ ਗਈ ਹੈ।

ਕੀ ਇਨਾਂ ਮੁਸ਼ਕਲਾਂ ਵਿੱਚੋਂ ਕੋਈ ਰਾਹ ਹੈ? ਮੁਸ਼ਕਲ ਹੁੰਦੀ ਹੈ ਤਾਂ ਰਾਹ ਵੀ ਲੱਭ ਪੈਂਦਾ ਹੈ। ਜੇ ਸਰਕਾਰਾਂ ਕੁਝ ਕਰਨੋਂ ਅਸਮਰਥ ਹਨ ਤਾਂ ਲੋਕਾਂ ਨੂੰ ਇਹ ਕੰਮ ਖੁਦ ਕਰਨੇ ਪੈਣਗੇ।ਗਭਰੂਆਂ ਦਾ ਬੇਰੁਜ਼ਗਾਰੀ ਦਾ, ਨਸ਼ੇ ਦਾ, ਪਰਦੇਸੀਂ ਜਾਣ ਦਾ, ਖੇਤੀ ਵਿੱਚ ਦਿਲਚਸਪੀ ਨਾ ਹੋਣ ਅਤੇ ਆਪਣੇ ਕਾਰੋਬਾਰ ਨਾ ਖੋਲ੍ਹਣ ਦਾ ਰੁਝਾਣ ਬੜੇ ਮੰਦਭਾਗੇ ਹਨ। ਪਰਵਾਸ ਕਰ ਗਏ ਪੰਜਾਬੀ ਮੁੰਡੇ-ਕੁੜੀਆਂ ਮੈਂ ਲੋਕਾਂ ਦੀਆਂ ਕਾਰਾਂ ਸਾਫ ਕਰਨ, ਟਰੱਕ-ਟਰਾਲੇ ਲੱਦਣ ਅਤੇ ਲੰਬੇ ਸਫਰਾਂ ਤੇ ਚਲਾਉਣ, ਕਾਰਖਾਨਿਆਂ ਅਤੇ ਖੇਤਾਂ ਵਿੱਚ ਮਜ਼ਦੂਰੀ ਕਰਨ ਤਾਂ ਵੱਡੀ ਗਿਣਤੀ ਵਿੱਚ ਲੱਗੇ ਮਿਲਣਗੇ ਪਰ ਉਹ ਇਹੋ ਕੰਮ ਪੰਜਾਬ ਵਿੱਚ ਨਹੀਂ ਕਰਨਗੇ ।ਇਹ ਕਿਉਂ ਸੋਚਣ-ਵਿਚਾਰਨ ਵਾਲਾ ਮਸਲਾ ਹੈ।

ਪੰਜਾਬ, ਜੋ ਕਦੇ ਆਪਣੇ ਸਨਅਤੀ ਅਤੇ ਉੱਦਮੀ ਕਿਸਾਨਾਂ ਲਈ ਜਾਣਿਆ ਜਾਂਦਾ ਸੀ, 1960 ਦੇ ਦਹਾਕੇ ਦੇ ਅਖੀਰ ਅਤੇ 70 ਦੇ ਦਹਾਕੇ ਦੇ ਸ਼ੁਰੂ ਵਿੱਚ ਹਰੀ ਕ੍ਰਾਂਤੀ ਦੀਆਂ ਪਹਿਲੀਆਂ ਸਫ਼ਲ ਕਹਾਣੀਆਂ ਵਿੱਚੋਂ ਇੱਕ ਸੀ। 1980 ਦੇ ਦਹਾਕੇ ਤੋਂ, ਰਾਜ ਲਗਾਤਾਰ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਵਾਲੇ ਰਾਜਾਂ ਵਿੱਚੋਂ ਇੱਕ ਰਿਹਾ ਹੈ। ਪਰ ਪਿਛਲੇ ਦੋ ਦਹਾਕਿਆਂ ਵਿੱਚ ਵੀ ਪੰਜਾਬ ਖੇਤੀਬਾੜੀ ਵਿਕਾਸ ਦਰ ਵਿੱਚ ਬਹੁਤੇ ਰਾਜਾਂ ਨਾਲੋਂ ਪਛੜਿਆ ਹੋਇਆ ਹੈ। ਨਾ ਸਿਰਫ਼ ਮੁੱਖ ਫ਼ਸਲਾਂ ਦੀ ਪੈਦਾਵਾਰ ਅਤੇ ਉਤਪਾਦਕਤਾ ਵਿੱਚ ਖੜੋਤ ਆਈ ਹੈ, ਜ਼ਮੀਨਾਂ ਦੀ ਗਿਰਾਵਟ ਅਤੇ ਕੁਦਰਤੀ ਸਰੋਤਾਂ ਦੀ ਵਿਗੜਦੀ ਸਥਿਤੀ ਕਾਰਨ ਖੇਤੀਬਾੜੀ ਵਿੱਚ ਆਮਦਨੀ ਵਿੱਚ ਗਿਰਾਵਟ ਦਾ ਮਤਲਬ ਹੈ ਕਿ ਨੌਜਵਾਨਾਂ ਵਿੱਚੋਂ ਬਹੁਤ ਘੱਟ ਲੋਕ ਖੇਤੀਬਾੜੀ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਰੱਖਦੇ ਹਨ। ਜ਼ਮੀਨੀ ਪਾਣੀ ਦੀ ਬੇਰੋਕ ਨਿਕਾਸੀ ਕਾਰਨ ਮਿੱਟੀ ਦੀ ਗੁਣਵੱਤਾ ਵਿੱਚ ਗਿਰਾਵਟ ਅਤੇ ਪਾਣੀ ਦੀਆਂ ਟੇਬਲਾਂ ਵਿੱਚ ਗਿਰਾਵਟ ਕਾਰਨ ਖੇਤੀ ਲਾਗਤ ਵਿੱਚ ਵਾਧਾ ਹੋਇਆ ਹੈ। ਮਸ਼ੀਨੀਕਰਨ ਲਗਭਗ ਇੱਕ ਸੰਤ੍ਰਿਪਤਾ ਬਿੰਦੂ 'ਤੇ ਪਹੁੰਚਣ ਦੇ ਨਾਲ, ਖੇਤੀਬਾੜੀ ਵਿੱਚ ਮਜ਼ਦੂਰਾਂ ਦੀ ਵਰਤੋਂ ਘਟ ਕੇ ਖੇਤੀਬਾੜੀ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਨੁਕਸਾਨ ਲਈ ਘੱਟ ਗਈ ਹੈ। ਪੰਜਾਬ ਵਿੱਚ ਖੇਤੀ ਦੀ ਵਿਗੜਦੀ ਸਥਿਤੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੋਂ ਵੀ ਸਪੱਸ਼ਟ ਹੋਈ ਹੈ, ਜੋ ਅਜੇ ਵੀ ਇੱਕ ਛੋਟੀ ਜਿਹੀ ਗਿਣਤੀ ਹੈ ਪਰ 1990 ਤੋਂ ਪਹਿਲਾਂ ਅਜਿਹਾ ਵਰਤਾਰਾ ਨਹੀਂ ਸੀ।

ਪੰਜਾਬ ਦਾ ਅਰਥਚਾਰਾ ਪਿਛਲੇ ਦੋ ਦਹਾਕਿਆਂ ਤੋਂ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਇਹ ਤੱਥ ਕਿ ਅਰਥਵਿਵਸਥਾ ਨੇ 2004-05 ਅਤੇ 2011-12 ਦਰਮਿਆਨ ਸਿਰਫ 20 ਲੱਖ ਨੌਕਰੀਆਂ ਪੈਦਾ ਕੀਤੀਆਂ, ਜੋ ਸਿਖਰ ਸਨ ਪਰ ਬਾਦ ਵਿੱਚ ਇਹ ਨੌਕਰੀਆਂ ਲਗਾਤਾਰ ਘਟਦੀਆਂ ਗਈਆਂ ।ਇਸ ਤੇ ਦੂਜੇ ਸੂਬਿਆਂ ਤੋਂ ਆਉਂਦੇ ਮਜ਼ਦੂਰ ਵਧਦੇ ਗਏ ਜਿਨ੍ਹਾਂ ਦਾ ਪੰਜਾਬ ਵਿਚ ਖਪਤ ਹੋਣਾ ਸੰਭਵ ਨਹੀਂ ਸੀ ।ਇਸ ਦਾ ਅਸਰ ਘਟਦੀ ਖੇਤੀ ਦੇ ਰੁਝਾਣ ਕਰਕੇ ਹੋਰ ਵੀ ਮਾਰੂ ਅਸਰ ਪਿਆ। 3.5 ਲਖ ਮਜ਼ਦੂਰ ਹਰ ਸਾਲ ਬਾਹਰੋਂ ਆਉਂਦੇ ਰਹੇ ਜੋ ਖੇਤੀ ਅਤੇ ਸਨਅਤ ਵਿੱਚ ਸਮਾਉਂਦੇ ਗਏ ਤੇ ਬਹੁਤੇ ਏਥੇ ਹੀ ਵਸ ਗਏ ਜਿਸ ਕਰਕੇ ਪੰਜਾਬ ਦੇ ਗਭਰੂਆਂ ਲਈ ਨੀਕਰੀਆਂ ਸੁੰਗੜਦੀਆਂ ਗਈਆਂ ਤੇ ਏਥੇ ਦੇ ਗਭਰੂਆਂ ਲਈ ਘਟਦੀਆਂ ਨੌਕਰੀਆਂ ਸਦਕਾ ਬਾਹਰ ਵੱਲ ਭੱਜਣ ਬਿਨਾ ਕੋਈ ਚਾਰਾ ਨਾ ਰਿਹਾ। ਨਵੀਆਂ ਨੌਕਰੀਆਂ ਪੈਦਾ ਕਰਨਾ ਸੂਬਾ ਸਰਕਾਰ ਦੇ ਵੱਸ ਵਿੱਚ ਨਹੀ ਸੀ। ਸੂਬਾ ਸਰਕਾਰ ਨੇ ਅਜਿਹਾ ਕੋਈ ਕਦਮ ਨਹੀਂ ਚੁਕਿਆ ਜਿਸ ਨਾਲ ਬਾਹਰੀ ਮਜ਼ਦੂਰਾਂ ਦਾ ਹੜ੍ਹ ਰੋਕਿਆ ਜਾ ਸਕਿਆ ਜਦ ਕਿ ਮਹਾਰਾਸ਼ਟਰ ਵਰਗੂਆਂ ਸਰਕਾਰਾਂ ਨੇ ਕਨੂੰਨ ਪਾਸ ਕੀਤੇ ਹੋਏ ਹਨ ਕਿ ਉਨ੍ਹਾਂ ਦੀਆਂ ਸਨਅਤਾਂ ਤੇ ਹੋਰ ਨੌਕਰਾਂ ਵਿੱਚ ਅੱਸੀ ਪ੍ਰਤੀਸ਼ਤ ਉਥੋਂ ਦੇ ਵਾਸੀ ਹੀ ਨੌਕਰੀ ਲੈ ਸਕਣਗੇ।

ਕੀ ਪੰਜਾਬੀਆਂ ਵਿੱਚ ਕਿੱਤਾ ਸਭਿਆਚਾਰ ਘਟਦਾ ਜਾ ਰਿਹਾ ਹੈ? ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿਉਂਕਿ ਜੇ ਪੰਜਾਬੀ ਇਹੋ ਕੰਮ ਵਿਦੇਸ਼ਾਂ ਵਿੱਚ ਬਖੂਬੀ ਕਰ ਸਕਦੇ ਹਨ ਪੰਜਾਬ ਵਿੱਚ ਕਿਉਂ ਨਹੀਂ ਕਰ ਸਕਦੇ।ਕੀ ਡਾਲਰਾਂ ਦੀ ਖਿੱਚ ਹੈ ਜੋ ਉਨ੍ਹਾਂ ਨੂੰ ਆਪਣਿਆਂ ਨਾਲੋਂ, ਪਰਿਵਾਰ ਨਾਲੋਂ, ਪਿੰਡ ਨਾਲੋਂ, ਸਭਿਆਚਾਰ ਨਾਲੋਂ ਤੋੜ ਰਹੀ ਹੈ? ਉੱਤਰ ਕਿਸੇ ਹੱਦ ਤੱਕ ਹਾਂ ਵਿੱਚ ਹੈ। ਕੀ ਪੰਜਾਬੀ ਆਪਣੇ ਖੇਤਾਂ ਨੂੰ ਲਾਹੇਵੰਦਾ ਨਹੀਂ ਬਣਾ ਸਕਦੇ ਜਿਵੇਂ ਉਨ੍ਹਾਂ ਨੇ ਹਰੀ ਕ੍ਰਾਂਤੀ ਵੇਲੇ ਕੀਤਾ ਸੀ? ਹੋ ਸਕਦਾ ਹੈ ਪਰ ਕਿਸਾਨਾਂ ਖਾਸ ਕਰਕੇ ਗਭਰੂਆਂ ਨੂੰ ਅਪਣਾ ਸਭਿਆਚਾਰ ਬਦਲਣਾ ਪਵੇਗਾ। ਜ਼ਮੀਨਾਂ ਵੇਚ ਕੇ ਕਾਰਾਂ ਖਰੀਦਣਾਂ, ਪਿੰਡਾਂ-ਸ਼ਹਿਰਾਂ ਵਿਚ ਜੀਪਿਆਂ ਤੇ ਸ਼ੋਰ ਮਚਾਉਂਦੇ, ਡੀ ਜੇ ਲਾਉਂਦੇ, ਬੱਕਰੇ ਬੁਲਾਉਂਦੇ ਫਿਰਨਾ ਕਿਸੇ ਵੀ ਸਭਿਆਚਾਰ ਨੂੰ ਨਿਵਾਣਾਂ ਵਲ ਲੈ ਜਾਂਦਾ ਹੈ।ਪੰਜਾਬੀ ਗਾਇਕਾਂ ਦਾ ਜੱਟਾਂ ਨੂੰ ਆਕੜਖੰਨੇ, ਧੱਕੜ ਦਿਖਾ ਕੇ ਕੰਮਾਂ ਕਾਰਾਂ ਤੋਂ ਵਿਹਲੇ ਹੋਏ ਸੱਥਾਂ ਵਿੱਚ ਤਾਸ਼ਾਂ ਕੁੱਟਦੇ ਹੋਏ ਦਿਖਾਉਣਾ ਤੇ ਗਾਉਣਾ ਇਹ ਪੰਜਾਬੀ ਸਭਿਆਚਾਰ ਦੀਆਂ ਜੜ੍ਹਾਂ ਪੁੱਟਣ ਵਾਲਾ ਬੜਾ ਘਟੀਆ ਕਦਮ ਹੈ। ਇਹ ਸਭ ਬਦਲਣਾ ਹੋਵੇਗਾ।

ਮੰਨਿਆਂ ਕਿ ਪੰਜਾਬ ਵਿੱਚ ਹਰ ਕਿਸਾਨ ਕੋਲ ਜ਼ਮੀਨਾਂ ਪੰਜ ਏਕੜ ਤੋਂ ਵੀ ਘੱਟ ਹੋ ਗਈਆਂ ਹਨ ਪਰ ਕੀ ਅਸੀਂ ਸੋਚਿਆ ਹੈ ਕਿ ਅਸੀਂ ਹੁਣ ਟ੍ਰੈਕਟਰਾਂ, ਕੰਬਾਈਨਾਂ ਵਰਗੀਆਂ ਵੱਡੀਾਂ ਮਸ਼ੀਨਾਂ ਦੀ ਥਾਂ ਛੋਟੀਆਂ ਹੱਥ-ਚਾਲਕ ਮਸ਼ੀਨਾਂ ਵਰਤੋਂ ਵਿੱਚ ਨਹੀਂ ਲਿਆ ਸਕਦੇ ? ਵੈਸੇ ਵੀ ਜੇ ਕਾਰਾਂ-ਟ੍ਰੈਕਟਰਾਂ ਦੀਆਂ ਮੰਡੀਆਂ ਵਿੱਚ ਜਾਉ ਤਾਂ ਤੁਹਾਨੂੰ ਕਰਜ਼ੇ ਤੇ ਲਏ ਟੈਕਟਰਾਂ ਦੀ ਵੱਡੀ ਕਤਾਰ ਖੜ੍ਹੀ ਦਿਸੇਗੀ। ਮੈਨੂੰ ਮੋਗੇ ਦੀ ਟ੍ਰੈਕਟਰ ਮੰਡੀ ਵਿੱਚ ਕੌਡੀਆਂ ਦੇ ਭਾਅ ਵਿੱਚ ਵਿਕਦੇ ਨਵੇਂ ਟ੍ਰੈਕਟਰਾਂ ਨੂੰ ਦੇਖ ਕੇ ਸ਼ਰਮ ਆਈ ਕਿ ਕੀ ਅਸੀਂ ਕਰਜ਼ਈ ਹੋਣ ਦਾ ਠੇਕਾ ਲੈ ਰੱਖਿਆ ਹੈ? ਕਰਜ਼ਾ ਨਹੀਂ ਉਤਰਿਆ ਤਾਂ ਖੁਦਕਸ਼ੀਆਂ ਕਰਦੇ ਹਾਂ ਜੇ ਵਿਦੇਸ਼ਾਂ ਨੂੰ ਭੱਜਣ ਦ ਰਹ ਲੱਭਣ ਲੱਗ ਪੈਂਦੇ ਹਨ। ਅੱਜ ਕੱਲ ਖੇਤੀ ਕੱਲੇ ਦੁਕੱਲੇ ਦੀ ਨਹੀਂ ਸਾਰੇ ਪਰਿਵਾਰ ਦੀ ਮਿਹਨਤ ਮੰਗਦੀ ਹੈ। ਸਾਨੂੰ ਪੜ੍ਹਾਕੂਆਂ ਨੂੰ ਇਕੱਲਾ ਕਿਤਾਬਾਂ ਵੱਲ ਹੀ ਨਾਂ ਜੋੜ ਕੇ ਰੱਖਣਾ ਚਾਹੀਦਾ ਹੈ ਸਗੋਂ ਖੇਤਾਂ ਵਿੱਚ ਤੇ ਘਰ ਵਿੱਚ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਅੱਜ ਤੋਂ ਪੰਜਾਹ ਸਲ ਪਹਿਲਾਂ ਪੰਜਵੀਂ ਜਮਾਤ ਤੋਂ ਦਵੀਂ ਤੱਕ ਖੇਤੀ ਵੀ ਕਿ ਲਾਜ਼ਮੀ ਵਿਸ਼ਾ ਹੁੰਦਾ ਸੀ ਜੋ ਹੁਣ ਨਹੀਂ ਇਸ ਨੂੰ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ ।ਵੱਡਿਆਂ ਨੂੰ ਸੱਥਾਂ ਵਿੱਚ ਤਾਸ਼ਾਂ ਕੁੱਟਣ ਜਾਂ ਗੱਪਾਂ ਮਾਰਨ ਦੀ ਬਿਮਾਰੀ ਛੱਡ ਕੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਖੇਤੀ ਤਾਂ ਸਿਰ ਖੜ੍ਹੇ ਦੀ ਹੈ। ਜੇ ਕਿਸਾਨ ਅਪਣੀ ਖੇਤੀ ਪਰਦੇਸੀਆਂ ਦੇ ਹੱਥ ਇਵੇਂ ਦੇਈ ਰਖੇਗਾ ਤਾਂ ਬਰਕਤ ਕਿੱਥੋਂ ਹੋਣੀ ਹੋਈ । ਪਰਦੇਸੀ ਮਜ਼ਦੂਰਾਂ ਦੀ ਥਾਂ ਘਰ ਦੇ ਸਾਰੇ ਜੀਆਂ ਨੂੰ ਅਪਣੇ ਹੱਥੀਂ ਛੋਟੀਆਂ ਮਸ਼ੀਨਾਂ ਨਾਲ ਹੀ ਖੇਤੀ ਕਰਨੀ ਚਾਹੀਦੀ ਹੈ।ਖੇਤੀ ਵੀ ਹੁਣ ਰਵਾਇਤੀ ਫਸਲਾਂ ਦੀ ਥਾਂ ਕਮਾਊ ਫਸਲਾਂ ਦਾਲਾਂ, ਫੁਲਾਂ ਐਲੋਵੇਰਾ ਆਦਿ ਦੀ ਕਰਨੀ ਚਾਹੀਦੀ ਹੈ। ਚੌਲਾਂ ਦੀ ਖੇਤੀ ਲਾਉਣ ਲਈ ਪ੍ਰਦੇਸੀ ਮਜ਼ਦੂਰ ਲਾਉਣੇ ਪੈਂਦੇ ਹਨ ਤੇ ਪਾਣੀ ਵੀ ਜ਼ਿਆਦਾ ਮੰਗਦੀ ਹੈ ਜਿਸ ਨਾਲ ਪੰਜਾਬ ਦੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਨੀਵਾਂ ਹੋ ਰਿਹਾ ਹੈ। ਹੁਣ ਇਕੱਲੇ ਖੇਤੀ ਵਿੱਚੋਂ ਹੀ ਗੁਜ਼ਾਰਾ ਸੰਭਵ ਨਹੀਂ ਹੋਰ ਕਮਾਈ ਦੇ ਸਾਧਨ ਜਿਵੇਂ ਪਸ਼ੂ-ਪਾਲਣ, ਸਬਜ਼ੀਆਂ ਉਗਾਉਣ, ਪੇੜ ਪੌਦੇ ਲਾਉਣ, ਫੁੱਲਾਂ ਦੀ ਖੇਤੀ, ਬੀਜ ਤਿਆਰ ਕਰਨੇ ਆਦਿ ਵੀ ਅਪਣਾਉਣੇ ਚਾਹੀਦੇ ਹਨ, ਜਿਸ ਵਿਚ ਪਰਿਵਾਰ ਦਾ ਹਰਿਕ ਜੀ ਆਪਣਾ ਹਿਸਾ ਪਾ ਸਕਦਾ ਹੋਵੇ ਤੇ ਭਾੜੇ ਦੁ ਮਜ਼ਦੂਰਾਂ ਦੀ ਲੋੜ ਨਾ ਪਵੇ।ਇਸ ਨਾਲ ਵੱਡੀਆਂ ਮਸ਼ੀਨਾਂ ਲਈ ਕਰਜ਼ੇ ਚੁੱਕਣ ਦੀ ਲੋੜ ਖਤਮ ਹੋ ਜਾਵੇਗੀ, ਸਾਰੇ ਜੀਆਂ ਨੂੰ ਕੰਮ ਕਰਨ ਵਿੱਚ ਦਿਲਚਸਪੀ ਵਧੇਗੀ ਤੇ ਘਰ ਅੰਦਰ ਹੀ ਕਮਾਈ ਦਾ ਚੰਗਾ ਸਾਧਨ ਮਿਲ ਜਾਵੇਗਾ, ਘਰ ਦੇ ਕੰਮਾਂ ਵਿੱਚ ਹੀ ਦਿਲਚਸਪੀ ਵਧਟਗੀ ਤੇ ਸੱਥਾਂ ਦਾ ਰੁਝਾਣ ਘਟ ਜਾਏਗਾ, ਖੁਦਕਸ਼ੀਆਂ ਘਟਣਗੀਆਂ ਤੇ ਵਿਦੇਸ਼ਾਂ ਨੂੰ ਭੱਜਣ ਦੀ ਹੋੜ ਮੁੱਕ ਜਾਵੇਗੀ ਤੇ ਗਭਰੂਆਂ ਨੂੰ ਨੌਕਰੀਆਂ ਦੀ ਭਾਲ ਦੀ ਥਾਂ ਘਰੇ ਹੀ ਕੰਮ ਮਿਲ ਜਾਵੇਗਾ।

ਖੇਤੀ ਤੋਂ ਬਿਨਾਂ ਗਭਰੂ ਛੋਟੇ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਜਿਨ੍ਹਾ ਲਈ ਕਰਜ਼ਾ ਵੀ ਆਸਨ ਕਿਸ਼ਤਾ ਤੇ ਮਿਲ ਜਾਂਦੇ ਹਨ ਤੇ ਸਿਖਲਾਈ ਵੀ ਆਸਾਨੀ ਨਾਲ ਕਰਵਾਈ ਜਾਂਦੀ ਹੈ। ਕਿਤਾ ਮੁਖੀ ਸਿਖਿਆ ਪਰਾਪਤ ਕਰਕੇ ਆਪਣਾ ਕਿੱਤ ਸ਼ੁਰੂ ਕਰਨਾ ਅਪਣੇ ਅਤੇ ਅਪਣੇ ਬਚਿਆਂ ਦਾ ਭਵਿਖ ਸੁਰਖਿਅਤ ਕਰਨਾ ਹੈ। ਇਲੈਕਟਰਾਨਿਕ ਖੇਤਰ ਹੁਣ ਬਹੁਤ ਵਿਸ਼ਾਲ ਹੋ ਗਿਆ ਹੈ ਮੋਬਾਇਲ, ਟੀ ਵੀ, ਫਰਿਜ, ਕਪੜੇ ਧੋਣ ਦੀਆਂ ਮਸ਼ੀਨਾਂ, ਮਿਕਸੀਆਂ, ਕੰਪਿਊਟਰ, ਪਰਿੰਟਰ ਰਿਪੇਅਰ ਕਰਨੀਆਂ ਹਰ ਯੁਵਕ ਲਈ ਕਿਤਾ ਲਈ ਬੈਠੀਆਂ ਹਨ। ਇਸੇ ਤਰ੍ਹਾਂ ਮੋਟਰ ਕਾਰਾਂ, ਮੋਟਰ ਸਾਈਕਲ, ਟਰੱਕ, ਬੱਸਾਂ, ਟ੍ਰੈਕਟਰ ਰਿਪੇਅਰ ਕਰਨਾ, ਪਿੰਡਾਂ ਵਿੱਚ ਬਿਜਲੀ ਰਿਪੇਅਰ, ਟਿਊਵਵੈਲ ਰਿਪੇਅਰ, ਸਾਈਕਲ ਰਿਪੇਅਰ, ਆਮ ਵਰਤੋਂ ਦੀਆਂ ਵਸਤਾਂ ਵੇਚਣਾ ਆਦਿ ਕਿਤੇ ਹਨ

ਛੋਟਾ ਵਿਉਪਾਰ ਕਰਨਾ ਹੈ ਤਾਂ ਮੋਮਬੱਤੀ ਬਣਾਉਣ ਦਾ ਕਾਰੋਬਾਰ, ਅਚਾਰ ਬਣਾ ਕੇ ਵੇਚਣਾ: ਧੂਪ, ਅਗਰਬੱਤੀਆਂ ਅਤੇ ਕਪੂਰ ਬਣਾ ਕੇ ਵੇਚਣਾ, ਹੱਥ ਨਾਲ ਬਣੇ ਚਾਕਲੇਟ ਵੇਚਣਾ, ਪਾਪੜ ਅਤੇ ਹੋਰ ਭੁੰਨੇ/ਤਲੇ ਹੋਏ ਸਨੈਕਸ: ਜੂਟ ਬੈਗ, ਜੈਵਿਕ ਸਾਬਣ, ਨਰਸਰੀ/ਗਾਰਡਨ ਉਤਪਾਦ, ਦਸਤਕਾਰੀ ਵਸਤਾਂ ਆਦਿ ਵੇਚਣਾ ਹਨ।

ਨਵੀਂ ਤਰ੍ਹਾਂ ਦੇ ਕਿਤੇ ਹਨ ਇੰਟਰਨੈੱਟ ਸੇਵਾ, ਕੱਪੜਾ ਬੁਟੀਕ, ਵਿਗਿਆਪਨ ਏਜੰਸੀ, ਮੋਬਾਈਲ ਅਤੇ ਖਿਡੌਣਿਆਂ ਦੀ ਦੁਕਾਨ ਲਾਅਨ ਕੇਅਰ ਅਤੇ ਲੈਂਡਸਕੇਪ ਡਿਜ਼ਾਈਨ, ਯੋਗਾ ਇੰਸਟ੍ਰਕਟਰ. ਗੇਮ ਪਾਰਲਰ, ਕਸਟਮਾਈਜ਼ਡ ਤੋਹਫ਼ੇ, ਆਨਲਾਈਨ ਵਿਗਿਆਪਨ ਸੇਵਾ ਕਾਰੋਬਾਰ, ਫੂਡ, ਆਈਸ-ਕ੍ਰੀਮ ਜਾਂ ਜੂਸ ਪਾਰਲਰ ਟੂਰ ਅਤੇ ਟਰੈਵਲ ਏਜੰਸੀ ਆਦਿ । ਇਸੇ ਤਰ੍ਹਾਂ ਹੋਰ ਲਾਹੇਵੰਦੇ, ਪਸੰਦਦਾ ਕਿਤੇ ਨੈਟ ਤੇ ਖੋਜ ਸਕਦੇ ਹੋ ਤੇ ਉਨ੍ਹਾ ਬਾਰੇ ਖਿਲਾਈ ਲਈ ਸਰਕਾਰੀ ਅਦਾਰਿਆਂ ਦੀ ਮਦਦ ਲੈ ਸਕਦੇ ਹੋ ਜਿਥੇ ਸਿਖਿਆ ਤਕਰੀਬਨ ਮੁਫਤ ਦਿਤੀ ਜਾਂਦੀ ਹੈ।

ਇਸ ਤਰ੍ਹਾਂ ਅਸੀ ਵੇਖਦੇ ਹਾਂ ਕਿ ਯੁਵਕਾਂ ਲਈ ਨਵੇ ਕਿਤੇ ਚੁਣਣ ਲਈ ਰਾਹਾਂ ਅਤੇ ਸਾਧਨਾਂ ਦੀ ਲੰਬੀ ਲੜੀ ਹੈ ਜੋ ਉਨ੍ਹਾਂ ਨੂੰ ਪ੍ਰਦੇਸੀਂ ਰੁਲਣ ਨਾਲੋਂ ਪੰੰਜਾਬ ਵਿੱਚ ਹੀ ਚੰਗੀ ਕਮਾਈ ਤੇ ਰਹਿਣ ਸਹਿਣ ਦੇ ਸਾਧਨ ਦੇ ਸਕਦੀ ਹੈ। ਲੋੜ ਹੈ ਤਾਂ ਬਸ ਅਪਣਾ ਵਿਚਾਰ ਤੇ ਵਿਵਹਾਰ ਬਦਲਣ ਦੀ ਤੇ ਇਹ ਸਮਝ ਲੈਣ ਦੀ ਕਿ ਸਾਡੇ ਲਈ ਅਪਣਾ ਪੰਜਾਬ ਹੀ ਸਭ ਤੋਂ ਵਧੀਆ ਹੈ।
 

❤️ CLICK HERE TO JOIN SPN MOBILE PLATFORM

Top