• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Poem ਬਣ ਅੰਬਰ ਤਾਰਾ ਤੁਰ ਗਿਆ ਏ

dalvinder45

SPNer
Jul 22, 2023
721
37
79
ਬਣ ਅੰਬਰ ਤਾਰਾ ਤੁਰ ਗਿਆ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ।

ਸੀ ਰੱਬ ਨੂੰ ਉਸ ਦੀ ਲੋੜ ਸ਼ਾਇਦ, ਪਰ ਮੇਰਾ ਸਹਾਰਾ ਤੁਰ ਗਿਆ ਏ।

ਸੁਖਦਾਤਾ ਸੀ ਸੁਖਦੇਵ ਸਿੰਘ, ਉਹ ਲਾਜ ਪਾਲਣ ਲਈ ਡਟਦਾ ਸੀ।

ਜੋ ਜ਼ਿਮੇਵਾਰੀ ਲੈ ਲੈਂਦਾ, ਨਾ ਕਦੇ ਉਹ ਪਿੱਛੇ ਹਟਦਾ ਸੀ।

ਹੁਣ ਦੁਖ ਲਗਦਾ ਜਦ ਸਾਥ ਨਹੀਂ ਗਮ ਦੇ ਕੇ ਭਾਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ।

ਉਹ ਹਰ ਗਰੀਬ ਦਾ ਮਦਦਗਾਰ, ਮਾੜੇ ਦੇ ਹੱਕ ਲਈ ਲੜਦਾ ਸੀ।

ਉਹ ਸਿਕਲੀਗਰ ਵਣਜਾਰੇ ਤੇ ਸਤਨਾਮੀਆਂ ਦੇ ਸੰਗ ਖੜ੍ਹਦਾ ਸੀ ।

ਲਾ ਪੰਥ ਦੇ ਲੇਖੇ ਜੀਵਨ ਨੂੰ, ਉਹ ਗੁਰੂ ਪਿਆਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ ।

ਲੋਕਾਂ ਦਾ ਵੀਰ ਸੁਖਦੇਵ ਸਿੰਘ, ਅੱਜ ਲਾਜ ਸਮੇਂ ਦੀ ਪਾਲ ਗਿਆ।

ਜਾਂਦੇ ਵੀੇ ਟੀਚੇ ਕਰ ਪੂਰੇ, ਇੱਕ ਨਵੀਂ ਚੁਆਤੀ ਬਾਲ ਗਿਆ।

‘ਪਾ ਭਰਮ ਚ ਧਰਮ ਕੋਈ ਕਿਉਂ ਬਦਲੋ’, ਦੇ ਸੱਭ ਨੂੰ ਨਾਹਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ ।

ਉਸ ਜੋਤ ਜਗਾਈ ਦਿੱਤ ਸਿੰਘ ਦੀ, ਸਭ ਪੱਤਰਾਂ ਵਿੱਚ ਲਿੱਖ ਲਿੱਖ ਕੇ ਇਉਂ।

ਜਦ ਸਿੱਖੀ ਕਦਰਾਂ ਉੱਚੀਆਂ ਨੇ, ਕੋਈ ਭਰਮ ਪਾ ਬਦਲੇ ਧਰਮ ਕਿਉਂ?

ਉਹ ਸਬਕ ਸੀ ਸਿੱਖੀ ਕਦਰਾਂ ਦਾ, ਉਹ ਸਿੱਖ ਅਦਾਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ ।

ਸਿਕਲੀਗਰ ਬੱਚੇ ਪੜ੍ਹਣ ਲਈ ਇੱਕ ਨਵਾਂ ਸਕੂਲ ਖੁਲ੍ਹਾਇਆ ਸੀ।

ਰਿਕਸ਼ੇ ਦਿਲਵਾਏੇ ਵੇਚਣ ਲਈ ਸਾਮਾਨ ਜੋ ਘਰੀਂ ਬਣਾਇਆ ਸੀ।

ਉਹ ਸਭ ਦਾ ਸਾਥ ਨਿਭਾਉਂਦਾ ਰਿਹਾ, ਹੁਣ ਕਲਾ ਕਾਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ

ਹੈਜ਼ਾ ਤੇ ਪੀਲੀਆ ਰੋਕਣ ਲਈ ਡਾਕਟਰਾਂ ਦੇ ਕੈਂਪ ਲਵਾ ਲੀਤੇ।

ਦਿਲਵਾ ਮਲਕੀਅਤ ਪਲਾਟਾਂ ਦੀ, ਝੁਗੀਆਂ ਦੇ ਪੱਕੇ ਘਰ ਕੀਤੇ।

ਕਰ ਭਲਾ ਸਭਸ ਦਾ, ਪੀੜਾਂ ਲੈ, ਕਰ ਜੱਗ ਤੋਂ ਕਿਨਾਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ ।

ਉਹ ਦਰਦ ਸੀ ਰਖਦਾ ਸਿੱਖੀ ਦਾ, ਹਰ ਭੀੜ ਚ ਅੱਗੇ ਆਉਂਦਾ ਸੀ।

ਨਾ ਪੰਥ ਨੂੰ ਕਿਤਿਓ ਢਾਹ ਲੱਗੇ, ਮਨਸੂਬੇ ਸਦਾ ਬਣਾਉਂਦਾ ਸੀ।

ਉਹ ਪਿਆਰ ਮੁਜੱਸਮਾ ਛੇੜ, ਕਿਉਂ ਹੰਝੂਆਂ ਦਾ ਫੁਹਾਰਾ ਤੁਰ ਗਿਆ ਏ

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ ।

ਉਸ ਸਜਣ ਰਾਂਗਲਾ ਸੱਭ ਦਾ ਸੀ, ਮਿੱਠ ਬੋਲਾ, ਮਿਲਣੀ ਨਿਘੀ ਸੀ।

ਛੇ ਫੁਟੇ ਕੱਦ ਦੀ ਸ਼ਖਸ਼ੀਅਤ ਸੀ ਜੋ ਭਲਾ ਕਰਨ ਵਿੱਚ ਰੁੱਝੀ ਸੀ।

ਹਰ ਸਾਹਿਤ ਸਭਾ, ਹਰ ਧਰਮ ਇਕੱਠ, ਤੋਂ ਬਣ ਵਖਰੀ ਧਾਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ ।

ਸੀ ਪੱਚੀ ਸਾਲ ਅਸੀਂ ਸਾਥ ਰਹੇ, ਸਿੱਖੀ ਦੀ ਸੇਵ ਚ ਜੁਟੇ ਰਹੇ।

ਅਸੀਂ ਸਿਕਲੀਗਰ ਵਣਜਾਰਿਆਂ ਲਈ, ਜੀ ਜਾਨ ਲਗਾ ਕੇ ਡਟੇ ਰਹੇ।

ਹੁਣ ਸਾਥ ਗਿਆ, ਇੱਕ ਖਲਲ ਪਿਆ, ਇੱਕ ਸਿਰੜ ਸਹਾਰਾ ਤੁਰ ਗਿਆ ਏ।

ਮੇਰਾ ਹਮਦਮ ਜੋ, ਮੇਰਾ ਦੋਸਤ ਜੋ, ਬਣ ਅੰਬਰ ਤਾਰਾ ਤੁਰ ਗਿਆ ਏ।
 
📌 For all latest updates, follow the Official Sikh Philosophy Network Whatsapp Channel:
Top