- Jan 3, 2010
- 1,254
- 422
- 79
ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ
ਡਾ: (ਕਰਨਲ) ਦਲਵਿੰਦਰ ਸਿੰਘ ਗਰੇਵਾਲ
1925 ਬਸੰਤ ਐਵੇਨਿਊ, ਲੁਧਿਆਣਾ
9815366726
ਜਰਨੈਲ ਸਰਦਾਰ ਬਘੇਲ ਸਿੰਘ
ਡਾ: (ਕਰਨਲ) ਦਲਵਿੰਦਰ ਸਿੰਘ ਗਰੇਵਾਲ
1925 ਬਸੰਤ ਐਵੇਨਿਊ, ਲੁਧਿਆਣਾ
9815366726
ਜਰਨੈਲ ਸਰਦਾਰ ਬਘੇਲ ਸਿੰਘ
ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਨੇ ਮਈ 1710 ਵਿਚ ਸਰਹੰਦ ਉਤੇ ਕਬਜ਼ਾ ਕਰਨ ਨਾਲ ਕਰ ਦਿਤੀ ਸੀ ਪਰ ਉਹ 1715 ਵਿਚ ਬਾਬਾ ਬੰਦਾ ਸਿੰਘ ਦੇ ਗ੍ਰਿਫਤਾਰ ਹੋਣ ਨਾਲ ਖਤਮ ਹੋ ਚੱਲੀ ਸੀ ਪਰ ਬਚੇ ਸਿੱਖਾਂ ਵਿੱਚ ਸੁਲਘਦੀ ਰਹੀ ਸੀ ਜਿਸ ਨੂੰ ਬਾਬਾ ਬੰਦਾ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਦੇ ਭੇਜੇ ਹੋਰ ਸਿੱਖਾਂ ਨੇ ਜਾਰੀ ਰੱਖਿਆ।ਇਨ੍ਹਾਂ ਦਾ ਮੋਢੀ ਬਾਬਾ ਬਿਨੋਦ ਸਿੰਘ ਸੀ ਜਿਸ ਦੇ ਅੱਗੋਂ ਇਹ ਲਾਟ ਦੀਵਾਨ ਦਰਬਾਰਾ ਸਿਂਘ ਨੇ ਜਲਾਈ ਰੱਖੀ ਤੇ ਛਾਪਾ ਮਾਰ ਯੁੱਧ ਰਾਹੀਂ ਮੁਗਲਾਂ ਨੂੰ ਵਕਤ ਪਾਈ ਰੱਖਿਆ। ਮੁਗਲਾਂ ਨੇ ਸਿੱਖਾਂ ਨੂੰ ਦਬਾਉਣ ਲਈ ਅੱਤ ਦੇ ਜ਼ੁਲਮ ਕੀਤੇ ਪਰ ਸਿੱਖ ਨਾ ਝੁਕੇ ਤੇ ਨਾ ਦਬੇ। ਲਹੌਰ ਦੇ ਗਵਰਨਰ ਮੀਰ ਮੰਨੂ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਪਰ ਸਿੱਖ ਤਾਂ ਮੌਤ ਨੂੰ ਮਾਊਂ ਸਮਝਦੇ ਸਨ ਤੇ ਗਉਂਦੇ ਸਨ: ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।ਇਹ ਸਮਾਂ 1716 ਤੋਂ ਲੈ ਕੇ 1765 ਈ ਦਾ ਦੌਰ ਸੀ ਜਿਸ ਵਿਚ ਦੋ ਘਲੂਘਾਰੇ ਵੱਡਾ ਤੇ ਛੋਟਾ ਘਲੂਘਾਰਾ ਵੀ ਹੋਏ ਜਿਨ੍ਹਾਂ ਵਿਚ 40 ਹਜ਼ਾਰ ਤੋਂ ਉਪਰ ਸਿੱਖ ਸ਼ਹੀਦ ਹੋਏ। ਪਰ ਇਨ੍ਹਾਂ ਜ਼ੁਲਮਾਂ ਜ਼ਿਆਦਤੀਆਂ ਤੋਂ ਸਿੱਖ ਘਟਣੇ ਤਾਂ ਕੀ ਸੀ ਲਗਾਤਾਰ ਵਧਦੇ ਚਲੇ ਗਏ।ਆਖਰ ਤੰਗ ਆ ਕੇ ਮੁਗਲਾਂ ਨੂੰ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਾ ਪਿਆ ਤੇ ਉਨ੍ਹਾਂ ਨੇ ਸਿੱਖਾਂ ਨੂੰ ਨਵਾਬੀ ਭੇਟ ਕੀਤੀ ।
ਬਘੇਲ ਸਿੰਘ ਨੇ ਸਿੱਖਾਂ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ। ਜੇ ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ, ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸ੍ਰ: ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਧੁਰਾ ਹਾ। ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ, 1783 ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਦਿੱਲੀ ਉਤੇ ਰਾਜ ਕਰਨ ਦਾ ਸਿੱਖਾਂ ਦਾ ਸੁਪਨਾ ਜਦ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਆਪਸੀ ਖਿੱਚ-ਧੂਹ ਕਰਕੇ ਅਧੂਰਾ ਰਹਿ ਗਿਆ ਤੇ ਧਿਰਾਂ ਵਿੱਚ ਰੰਜਸ਼ ਪੈਦਾ ਹੋ ਗਈ ਤਾਂ ਇਹ ਸ੍ਰ: ਬਘੇਲ ਸਿੰਘ
ਦਿੱਲ਼ੀ ਲਾਲ ਕਿਲੇ ਉਤੇ ਜਰਨੈਲ ਬਘੇਲ ਸਿੰਘ ਦਾ ਝੰਡਾ ਫਹਿਰਾਉਣਾ
ਹੀ ਸੀ ਜਿਸ ਨੇ ਸਾਰਾ ਮਾਮਲਾ ਸੰਭਾਲਿਆ ਤੇ ਫਿਰ ਸਿੱਖਾਂ ਦਾ ਪ੍ਰਭਾਵ ਦਿੱਲੀ ਉਤੇ ਰਾਖਵਾਂ ਰੱਖਿਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸ ਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਤੇ ਉਤਰਾਂਚਲ ਦੇ ਇਲਾਕਿਆਂ ਉਤੇ ਹਮਲੇ ਕਰਕੇ ਰਾਖੀ ਪ੍ਰਬੰਧ ਸਥਾਪਿਤ ਕਰਨ ਵਿੱਚ ਉਹ ਹੀ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸ ਨੇ ਸਿੱਖਾਂ ਵਲੋਂ ਰਾਜ ਦਰਬਾਰ ਉੱਤੇ ਮਰਾਠਿਆਂ ਨਾਲ ਤਿੰਨ ਧਿਰੀ ਸਮਝੌਤਾ ਕੀਤਾ ਜਿਸ ਪਿਛੋਂ ਦਿੱਲੀ ਤੋਂ ਉਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਜਿਸ ਵਿੱਚ ਸਾਰਾ ਹਰਿਆਣਾ ਸ਼ਾਮਿਲ ਸੀ। ਇਸ ਇਲਾਕੇ ਦੇ ਪ੍ਰਬੰਧ ਉਦੋਂ ਤੋਂ ਲੈ ਕੇ ਅੰਗ੍ਰੇਜ਼ੀ ਰਾਜ ਹੋਣ ਤੱਕ ਬਘੇਲ ਸਿੰਘ ਤੇ ਉਸ ਦੇ ਪਰਿਵਾਰ ਕੋਲ ਰਿਹਾ। ਦਿੱਲੀ ਰਾਜ ਵਿੱਚ ਉਸ ਦਾ ਸਦਾ ਪ੍ਰਭਾਵ ਰਿਹਾ।(1)
ਦਿੱਲੀ ਰਾਜ ਦੇ ਪ੍ਰਭਾਵ ਵੇਲੇ ਉਸ ਨੇ ਗੁਰਦੁਆਰਾ ਸੀਸ ਗੰਜ ਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਤੇ ਸਥਾਨ ਬਣਵਾਏ। (2) ਸਿੱਖੀ ਖ਼ਾਤਰ ਜਨਰਲ ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ। ਸ੍ਰ: ਬਘੇਲ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਝਬਾਲ ਵਿਖੇ ਧਾਲੀਵਾਲ ਪਰਿਵਾਰ ਵਿੱਚ ਹੋਇਆ। ਉਹ ਤਰੱਕੀ ਕਰਕੇ ਸਤਲੁਜ ਦੇ ਦੱਖਣੀ ਖੇਤਰ ਵਿੱਚ ਇੱਕ ਵੱਡੀ ਸ਼ਕਤੀ ਬਣ ਕੇ ੳuBਰਿਆ। (3) ਹੋਸ਼ ਸੰਭਾਲੀ ਤੇ ਮਸਫੁਟ ਹੁੰਦਿਆਂ ਹੀ ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਜਦ ਮਿਸਲਾਂ ਬਣੀਆਂ ਤਾਂ ਉਹ ਕ੍ਰੋੜਸਿੰਘੀਆ ਮਿਸਲ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਸਿਰਕਰਦਾ ਜਥੇਦਾਰ ਕ੍ਰੋੜ ਸਿੰਘ ਸੀ।
ਉੱਚਾ ਲੰਮਾ ਸੁਡੌਲ, ਸੁੰਦਰ ਕੱਦ-ਕਾਠ, ਪੱਕਾ ਰੰਗ ਤੇ ਭੂਰੀਆਂ ਅੱਖਾਂ ਵਾਲਾ ਬਹਾਦਰ, ਹੌਂਸਲੇ ਵਾਲਾ, ਖੁੱਲ੍ਹੇ ਦਿਲ ਵਾਲਾ ਇਹ ਚੋਬਰ ਸਾਰੀ ਮਿਸਲ ਦੀ ਖਿੱਚ ਦਾ ਕਾਰਨ ਹੁੰਦਾ ਸੀ। ਘੋੜਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਸਭ ਨੂੰ ਮਾਤ ਪਾ ਦਿੰਦਾ ਤੇ ਜੱਥੇਦਾਰ ਦੀ ਵਾਹ-ਵਾਹੀ ਖੱਟਦਾ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇਜ਼ਤ ਖੱਟਦਾ। ਉਹ ਅਜਿਹਾ ਸਿੱਖ ਸੀ ਜੋ ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉਤੇ ਹਰ ਕੋਈ ਭਰੋਸਾ ਕਰਦਾ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਤਿਆਰ ਹੁੰਦਾ।
ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਜਦ ਬੇਗਮ ਸਮਰੋ ਉਪਰ ਅਵਧ ਦੇ ਨਵਾਬ ਨੇ ਇਸ ਨੂੰ ਧਰਮ ਭਰਾ ਬਣਾ ਲਿਆ ਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉਪਰ ਹਮਲਾ ਕਰਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸ ਨੇ ਵੀ ਬੁੱਢੇ ਜਰਨੈਲ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ ਜਿਸ ਦੀ ਬਘੇਲ ਸਿੰਘ ਨੇ ਮਦਦ ਕਰਕੇ ਜਿੱਤ ਦਿਵਾਈ। ਸੰਨ 1765 ਵਿੱਚ ਜਦ ਕ੍ਰੋੜਾ ਸਿੰਘ ਪੰਜਗੜ੍ਹ (ਗੁਰਦਾਸਪੁਰ)ਨਜੀਬ-ਉਦ ਦੌਲਾ ਦੀ ਸੈਨਾ ਵਿਰੁਧ ਲੜਦਾ ਹੋਇਆ ਮਾਰਿਆ ਗਿਆ ਤਾਂ ਜੱਥੇਦਾਰ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ। ਜੇ ਡੀ ਕੋਨੰਘਮ ਅਨੁਸਾਰ ਕਰੋੜਾ ਸਿੰਘ ਨੂੰ ਜੋ ਉਸ ਦਾ ਸਾਥੀ ਸੀ ਅਪਣੇ ਜੱਥੇ ਦੀ ਕਮਾਨ ਸੌਂਪ ਦਿਤੀ । (4)
ਮਿਸਲਾਂ
ਨਵਾਬ ਕਪੂਰ ਸਿੰਘ
ਬੁਢਾ ਦਲ ਤਰੁਣਾ ਦਲ
ਨਵਾਬ ਕਪੂਰ ਸਿੰਘ
ਬੁਢਾ ਦਲ ਤਰੁਣਾ ਦਲ
ਆਹਲੂਵਾਲੀਆਂ ਡੱਲੇਵਾਲੀਆ ਫੂਜ਼ਲਪੁਰੀਆਂ ਨਿਸ਼ਾਨਵਾਲੀਆ ਸ਼ਹੀਦ ਭੰਗੀ ਘਨਈਆਂ ਨਕੱਈ ਰਾਮਗੜ੍ਹੀਆ ਸ਼ੁਕਰਚੱਕੀਆ
ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਆਪਣੀ ਸੂਝ-ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਲਗਾਤਾਰ ਵਧਾਇਆ ਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸ ਨੇ ਮੁਲਤਾਨ ਤੇ ਨਰੈਣਗੜ੍ਹ ਦੇ ਇਲਾਕੇ ਜਿੱਤੇ।
ਜਦ ਰਾਜਾ ਭਰਤਪੁਰ ਦੇ ਰਾਜੇ ਨੇ ਸ੍ਰ: ਕ੍ਰੋੜ ਸਿੰਘ ਅੱਗੇ ਗੁਜਾਰਿਸ਼ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਪੰਜ ਸੌ ਸਵਾਰ ਲੈ ਕੇ ਪਹੁੰਚਿਆ। ਬਘੇਲ ਸਿੰਘ ਦਾ ਭਰਵਾਂ ਜੁੱਸਾ, ਉੱਚਾ ਕੱਦ-ਕਾਠ, ਡੀਲ-ਡੌਲ ਵੇਖ ਘੁਮੇਰ ਦਾ ਰਾਜਾ ਡਰ ਗਿਆ ਤੇ ਸ੍ਰ: ਬਘੇਲ ਸਿੰਘ ਨੂੰ ਸੈਨਾ ਵਾਪਿਸ ਲੈ ਜਾਣ ਲਈ ਬਿਨੈ ਕਰਨ ਲੱਗਾ। ਬਘੇਲ ਸਿੰਘ ਨੇ ਮੁਆਵਜਾ ਮੰਗਿਆ ਤਾਂ ਮਿੰਨਤਾਂ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਤੇ ਮੁਆਵਜ਼ੇ ਦਾ ਕੁੱਝ ਕੁ ਹੀ ਹਿੱਸਾ ਵਸੂਲ ਕਰ ਉਸ ਦੀ ਆਉ-ਭਗਤ ਮਾਣ ਵਾਪਿਸ ਪਰਤਿਆ।
ਮੁੜਦੇ ਵਕਤ ਉਸ ਨੇ ਜਲੰਧਰ ਦੁਆਬ ਦੇ ਕੁਝ ਭਾਗਾਂ ਉਤੇ ਅਧਿਕਾਰ ਜਮਾ ਲਿਆ ਅਤੇ ਹੁਸ਼ਿਆਰਪੁਰ ਨੇੜੇ ਆਪਣਾ ਟਿਕਾਣਾ ਬਣਾ ਲਿਆ। ਉਸਨੇ ਆਪਣੀਆਂ ਜਿੱਤਾਂ ਸਤਲੁਜ ਦੇ ਕੰਢਿਆਂ ਤੋਂ ਦੂਰ ਜਲੰਧਰ ਦੁਆਬ ਤਕ ਫੈਲਾ ਲਈਆਂ। ਦੁਆਬ ਵਿਚਲੇ ਇਲਾਕੇ ਤੋਂ ਤੈਵਾਨ ਵਸੂਲਣਾ ਸ਼ੁਰੂ ਕੀਤਾ ਤਾਂ ਤਲਵਾਨ ਦੇ ਸਰਦਾਰ ਮੀਆਂ ਮਹਿਮੂਦ ਖਾਨ ਰਾਜਪੁਰ ਨੇ ਉਸ ਨੂੰ ਵਧੀਆ ਘੋੜਾ ਪੇਸ਼ ਕੀਤਾ ਜਿਸ ਦੀ ਸਵਾਰੀ ਬਘੇਲ ਸਿੰਘ ਲਈ ਮਨ ਭਾਉਂਦੀ ਹੋ ਗਈ। ਉਧਰੋਂ ਜੱਸਾ ਸਿੰਘ ਆਹਲੂਵਾਲੀਆ ਵਲੋਂ ਜਦ ਮੀਆਂ ਮਹਿਮੂਦ ਖਾਨ ਨੂੰ ਧਮਕੀ ਮਿਲੀ ਤਾਂ ਬਘੇਲ ਸਿੰਘ ਦੀ ਸਲਾਹ ਉਤੇ ਇੱਥੇ ਸਿੱਖਾਂ ਦਾ ਇੱਕ ਮਜ਼ਬੂਤ ਕਿਲ੍ਹਾ ਤੇ ਚੌਕੀ ਸਥਾਪਿਤ ਕਰ ਦਿੱਤੀ ਗਈ ਜਿਸ ਨਾਲ ਇਸ ਇਲਾਕੇ ਉਪਰ ਬਘੇਲ ਸਿੰਘ ਦਾ ਪੱਕਾ ਪ੍ਰਭਾਵ ਕਾਇਮ ਹੋ ਗਿਆ ਤੇ ਬਘੇਲ ਸਿੰਘ ਨੂੰ ਇਸ ਦੇ ਇਲਾਕੇ ਤੋਂ ਮੁਆਮਲਾ ਵੀ ਮਿਲਣ ਲੱਗ ਪਿਆ। ਜਲੰਧਰ ਦੁਆਬ ਤਾਂ ਕ੍ਰੋੜ-ਸਿੰਘੀਆ ਮਿਸਲ ਥੱਲੇ ਪਹਿਲਾਂ ਹੀ ਸੀ, ਜਿਥੋਂ ਇੱਕ ਲੱਖ ਸਾਲਾਨਾ ਤੈਵਾਨ ਮਿਲਦਾ ਸੀ ਜਿਸ ਕਰਕੇ ਬਘੇਲ ਸਿੰਘ ਨੇ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਨੂੰ ਆਪਣਾ ਹੈਡਕੁਆਰਟਰ ਬਣਾ ਲਿਆ ਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ।
ਜਨਵਰੀ 1769 ਵਿਚ ਉਸ ਨੇ ਕਰਨਾਲ ਤੱਕ ਹਮਲਾ ਕਰਕੇ ਖੁਰਦੀਨ, ਖਨੌਰੀ, ਛਲੌਦੀ, ਜਮੈਤਗੜ੍ਹ ਆਦਿ ਦੇ ਇਲਾਕੇ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਸੀ, ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਏ ਤੇ ਛਛਲੌਦੀ ਜੋ ਕਰਨਾਲ ਤੋਂ 20 ਮੀਲ ਜਗਾਧਰੀ ਵਾਲੀ ਸੜਕ ਤੇ ਹੈ ਵਿੱਚ ਆਪਣੀ ਰਿਹਾਇਸ਼ ਰੱਖ ਲਈ ਅਤੇ ਇਸੇ ਨੂੰ ਆਪਣੀ ਰਾਜਧਾਨੀ ਬਣਾ ਕੇ ਤੇ ਕਈ ਪਿੰਡ ਹੋਰ ਆਪਣੇ ਕਬਜ਼ੇ ਵਿੱਚ ਕਰ ਲਏ। । ਇਸ ਵੇਲੇ ਤੱਕ ਉਸ ਕੋਲ 12, 000 ਘੋੜ ਸਵਾਰਾਂ ਤੋਂ ਇਲਾਵਾ ਬਹੁਤ ਵੱਡੀ ਪੈਦਲ ਫੌਜ ਸੀ।(5) ਇਹ ਸਾਰਾ ਇਲਾਕਾ ਉਸ ਨੇ ਆਪਣੀ ਦੂਸਰੀ ਪਤਨੀ ਰਾਮ ਕੌਰ ਦੀ ਜ਼ਿੰਮੇਵਾਰੀ ਵਿੱਚ ਦੇ ਦਿੱਤਾ। ਤੀਸਰੀ ਪਤਨੀ ਰਤਨ ਕੌਰ ਨੂੰ ਕਲਾਨੌਰ ਦਾ ਇਲਾਕਾ ਸੰਭਾਲ ਦਿੱਤਾ ਤੇ ਆਪਣੇ ਆਪ ਨੂੰ ਸਾਰੇ ਇਲਾਕਿਆਂ ਨੂੰ ਬਾਹਰੀ ਹਮਲਿਆਂ ਤੋਂ ਰੋਕਣ ਤੇ ਇਲਾਕੇ ਨੂੰ ਹੋਰ ਵਧਾਉਣ ਲਈ ਵਿਹਲਾ ਰੱਖਿਆ।
ਮਹਾਰਾਜਾ ਅਮਰ ਸਿੰਘ ਪਟਿਆਲੇ ਨੇ ਜਦ ਉਸ ਦੇ ਇਲਾਕੇ ਨੂੰ ਹਥਿਆਇਆ ਤਾਂ ਸ੍ਰ: ਬਘੇਲ ਸਿੰਘ ਭਾਰੀ ਫੌਜ ਲੈ ਕੇ ਉਸ ਉਪਰ ਚੜ੍ਹ ਪਿਆ। ਜੱਸਾ ਸਿੰਘ ਆਹਲੂਵਾਲੀਆ ਤੇ ਚੈਨ ਸਿੰਘ ਵਕੀਲ ਦੀ ਵਿਚੋਲਗੀ ਸਦਕਾ ਮਹਾਰਾਜਾ ਅਮਰ ਸਿੰਘ ਨੇ ਇਲਾਕੇ ਵੀ ਮੋੜ ਦਿੱਤੇ ਤੇ ਆਪਣੇ ਵਕੀਲ ਨੂੰ ਭੇਜਿਆ ਜਿਸ ਨੇ, “ਸਿੰਘ ਜੀ, ਰੁਕੋ, ਅਗਿਉਂ ਵੀ ਪੰਥ ਦੇ ਸੇਵਕ ਹਨ। ਜੋ ਹੁਕਮ ਹੋਵੇ। ਇਸ ਪਿਛੋਂ ਰਾਜਾ ਅਮਰ ਸਿੰਘ ਨੇ ਆਪਣੇ ਸਪੁੱਤਰ ਸਾਹਿਬ ਸਿੰਘ ਨੂੰ ਸ੍ਰ: ਬਘੇਲ ਸਿੰਘ ਕੋਲੋਂ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਣਵਾ ਦਿੱਤਾ। ਦੋਵਾਂ ਵਿੱਚ ਸਦੀਵੀ ਸਾਂਝ ਹੋ ਗਈ।
ਸਰਹਿੰਦ ਉਤੇ ਹਮਲੇ ਕਰਕੇ, ਸਰਹਿੰਦ ਦਾ ਸਾਰਾ ਹਿੱਸਾ ਸਿੱਖ ਮਿਸਲਾਂ ਨੇ ਵੰਡ ਲਿਆ ਤੇ ਸਾਰਾ ਪੰਜਾਬ ਮਿਸਲਾਂ ਅਧੀਨ ਹੋ ਗਿਆ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲਕੇ 40, 000 ਦੀ ਫੌਜ ਲੈ ਕੇਸਹਾਰਨਪੁਰ, ਮੁਜ਼ੱਫਰਪੁਰ ਤੇ ਮੇਰਠ ਦੇ ਇਲਾਕੇ ਵਿੱਚ 20 ਫਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰਕੇ ਨਜੀਬਾਬਾਦ, ਮੁਰਾਦਾਬਾਦ ਤੇ ਅਨੂਪ ਸ਼ਹਿਰ ਦੇ ਇਲਾਕਿਆਂ ਉਪਰ ਆਪਣਾ ਰਾਖੀ ਪ੍ਰਬੰਧ ਜਮਾ ਕੇ ਦੋ ਮਹੀਨਿਆਂ ਪਿਛੋਂ ਪਰਤੇ। ਸੰਨ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਤੇ ਸੰਨ 1792 ਵਿੱਚ ਉਸ ਨੇ ਤਰਨਤਾਰਨ, ਸਭਰਾਉਂ ਤੇ ਸਰਹਾਲੀ ਆਪਣੇ ਕਬਜ਼ੇ ਵਿੱਚ ਕੀਤੇ।
ਸੰਨ 1761 ਤੋਂ 1770 ਤੱਕ ਅਵਧ ਦਾ ਨਵਾਬ ਨਜੀਬ-ਉ-ਦੌਲਾ, ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਦੇ ਇਲਾਕੇ ਨੂੰ ਕਬਜ਼ੇ ਵਿੱਚ ਲਿਆ ਤਾਂ ਤਬਾਹੀ ਤੋਂ ਡਰਦੇ ਨੇ ਗਿਆਰਾਂ ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਸਿੱਖਾਂ ਤੋਂ ਆਪਣੀ ਜਾਨ ਬਖਸ਼ੀ ਕਰਵਾਈ।
ਜਦ ਇੱਕ ਬ੍ਰਾਹਮਣ ਸੰਨ 1766 ਵਿੱਚ ਅੰਮ੍ਰਿਤਸਰ ਅਕਾਲ ਤਖ਼ਤ ੱਤੇ ਫਰਿਆਦ ਲੈ ਕੇ ਆਇਆ ਕਿ ਸਯਦ ਮੁਹੰਮਦ ਹਸਨ ਖਾਨ, ਉਸ ਦੀ ਲੜਕੀ ਨੂੰ ਡੋਲੇ ਵਿੱਚ ਪਾ ਕੇ ਲੈ ਗਿਆ ਹੈ ਤੇ ਮੁਸਲਮਾਨ ਬਣਨ ਲਈ ਦੁੱਖੀ ਕਰ ਰਿਹਾ ਹੈ ਤਾਂ ਜੱਥੇਦਾਰ ਬਘੇਲ ਸਿੰਘ ਦਲ ਖਾਲਸਾ ਦੇ ਹੋਰ ਜਥੇਦਾਰਾਂ ਨਾਲ ਹਸਨ ਖਾਨ ਉੱਤੇ ਚੜ੍ਹ ਪਿਆ ਤੇ ਲੜਕੀ ਨੂੰ ਛੁਡਵਾਇਆ। ਇਸ ਪਿਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ। ਬਘੇਲ ਸਿੰਘ ਧੀਆਂ ਭੈਣਾਂ ਦੀ ਆਬਰੂ ਦਾ ਮੁਜਸਮਾ ਬਣ ਗਿਆ। ਸਤਲੁਜ ਤੇ ਗੰਗਾ ਦੁਆਬ ਦੇ ਇਲਾਕੇ ਦਾ ਸਮੁੱਚਾ ਕੰਟਰੋਲ ਸ੍ਰ: ਬਘੇਲ ਸਿੰਘ ਹੱਥ ਸੌਂਪ ਦਿੱਤਾ ਗਿਆ। ਪੰਥ ਪ੍ਰਕਾਸ਼ ਅਨੁਸਾਰ ਹਸਨ ਖਾਨ ਭੱਜ ਕੇ ਛੁਪ ਗਿਆ ਤੇ ਉਸ ਦੀ ਛਿਪਣ ਵਾਲੀ ਥਾਂ ਨੂੰ ਅੱਗ ਲਾ ਦਿੱਤੀ ਗਈ ਤਾਂ ਉਹ ਵਿੱਚੇ ਹੀ ਸੜ ਗਿਆ। ਇਸ ਇਲਾਕੇ ਦੇ ਪ੍ਰਭਾਵੀ ਵਿਅਕਤੀ ਦਾ ਸਮੁੱਚਾ ਪ੍ਰਭਾਵ ਉਦੋਂ ਤੋਂ ਸਿੱਖਾਂ ਹੱਥ ਆ ਗਿਆ।
ਬਘੇਲ ਸਿੰਘ ਨੇ ਦੂਸਰੇ ਸਿੱਖ ਸਰਦਾਰਾਂ ਨਾਲ ਮਿਲ ਕੇ ਫਿਰ ਜਮਨਾ ਪਾਰ ਕਰਕੇ ਮਈ 1767 ਨੂੰ ਇਲਾਕੇ ਜਾ ਮੱਲੇ ਤੇ ਖੂਬ ਲੁੱਟੇ।ਉਸ ਨੇ ਸਿੱਖਾਂ ਵਿਰੁਧ ਜਹਾਨ ਖਾਂ ਨੂੰ ਨਜੀਬ-ਉਦ-ਦੌਲਾ ਦੀ ਸਹਾਇਤਾ ਤੇ ਭੇਜਿਆ। ਜਹਾਨ ਖਾਨ ਨੇ ਸਿੱਖਾਂ ਉਪਰ ਸ਼ਾਮਲੀ ਤੇ ਦੇਰਾਨਾ ਦੇ ਵਿਚਕਾਰ ਹਮਲਾ ਕੀਤਾ। ਇਹ ਬੜੀ ਸਖਤ ਮੁੱਠਭੇੜ ਸੀ ਜਿਸ ਵਿੱਚ ਬਘੇਲ ਸਿੰਘ ਜ਼ਖਮੀ ਹੋ ਗਿਆ। (6)ਫਿਰ ਬਘੇਲ ਸਿੰਘ ਪੰਜਾਬ ਮੁੜ ਆਇਆ।
ਅਹਿਮਦ ਸ਼ਾਹ ਦੁੱਰਾਨੀ ਨਾਦਿਰ ਸ਼ਾਹ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਦਾ ਰਾਜਾ ਬਣਿਆ। ਛਾਪਾ ਮਾਰਨ ਅਤੇ ਲੁੱਟਣ ਉਸ ਦਾ ਪੈਂਤੜਾ ਅਟੱਲ ਸੀ। ਉਸਨੇ 1748 ਤੋਂ 1767 ਤੱਕ ਨੌਂ ਵਾਰ ਭਾਰਤ ਤੇ ਛਾਪਾ ਮਾਰਿਆ। (7) 1748 ਵਿਚ ਭਾਰਤ ਉੱਤੇ ਪਹਿਲੇ ਹਮਲੇ ਵਿਚ ਉਹ ਮਨੂਪੁਰ ਵਿਖੇ ਹਾਰ ਗਿਆ । (8 ਅਤੇ 9) ਉਸਨੇ ਹਾਰ ਦਾ ਬਦਲਾ ਲੈਣ ਲਈ ਦੂਜੀ ਵਾਰ ਛਾਪਾ ਮਾਰਿਆ ਅਤੇ ਸਿੰਧ ਦੇ ਪੱਛਮ ਦਾ ਕਬਜ਼ਾ ਲੈ ਲਿਆ । ਤੀਸਰੇ ਹਮਲੇ (1752) ਵਿਚ ਮੀਰ ਮੰਨੂ ਸੂਬੇਦਾਰ ਲਾਹੌਰ ਉੱਤੇ ਛਾਪਾ ਮਾਰ ਕੇ ਲਾਹੌਰ ਅਤੇ ਮੁਲਤਾਨ ਦਾ ਕਬਜ਼ਾ ਲੈ ਲਿਆ । ਚੌਥੇ ਹਮਲੇ (1955) ਵਿਚ ਇਹ ਸਿੱਖਾਂ ਦੁਆਰਾ ਸਬਜ਼ਵਾਰ ਦੀ ਲੜਾਈ ਵਿਚ ਹਾਰ ਗਿਆ ਪਰ 1756 ਵਿਚ ਮੀਰ ਮੰਨੂ ਦੀ ਪਤਨੀ ਮੁਗਲਾਨੀ ਬੇਗਮ ਦੇ ਸੱਦੇ ਉਤੇ ਆਪਣੇ ਬੇਟੇ ਤੈਮੂਰ ਦੇ ਨਾਲ ਦੁਬਾਰਾ ਹਮਲਾ ਕਰ ਦਿੱਤਾ ਅਤੇ ਲਾਹੌਰ, ਸਰਹਿੰਦ, ਦਿੱਲੀ, ਮਥੁਰਾ, ਵਰਿੰਦਾਵਨ ਆਗਰਾ ਨੂੰ ਲੁੱਟ ਲਿਆ। ਸਵਰਗਵਾਸੀ ਮੁਹੰਮਦ ਸ਼ਾਹ ਅਤੇ ਅਲਮਗੀਰ ਦੀਆਂ ਧੀਆਂ ਸਮੇਤ ਮਥੁਰਾ ਵਰਿੰਦਾਵਨ ਅਤੇ ਆਗਰਾ ਦੇ ਸ਼ਹਿਰਾਂ ਦੀਆਂ 17000 ਹਿੰਦੂ ਲੜਕੀਆਂ ਨੂੰ ਗੁਲਾਮ ਬਣਾਇਆ, (10) ਸਿੱਖ ਫੌਜਾਂ ਅਦੀਨਾ ਬੇਗ ਦੀਆਂ ਫੌਜਾਂ ਨਾਲ ਮਿਲ ਕੇ ਹੁਸ਼ਿਆਰਪੁਰ ਵਿਖੇ ਅਫਗਾਨਾਂ ਵਿਰੁੱਧ ਲੜੀਆਂ ਅਤੇ ਤੈਮੂਰ ਨੂੰ ਹਰਾਇਆ ਅਤੇ 20,000 ਤੈਮੂਰ ਸ਼ਾਹ ਦੁੱਰਾਨੀ ਦੇ ਘੋੜ ਸਵਾਰ ਫੌਜਾਂ ਉੱਤੇ ਕਬਜ਼ਾ ਕਰ ਲਿਆ।
ਪੰਜਾਬ ਆ ਕੇ ਬਘੇਲ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਚੱਕੀਆਂ ਨਾਲ ਮਿਲ ਕੇ ਅਬਦਾਲੀ ਉਪਰ ਉਸ ਦੇ ਨੌਵੇਂ ਹਮਲੇ ਸਮੇਂ ਦਰਿਆ ਜਿਹਲਮ ਦੇ ਕਿਨਾਰੇ ਤੇ ਜਾ ਧਾਵਾ ਬੋiਲਆ ।ਫਿਰ ਇਨ੍ਹਾਂ ਤਿਨਾਂ ਨੇ ਮਿਲਕੇ ਦੁਰਾਨੀ ਫੌਜਾਂ ਦਾ ਪਿੱਛਾ ਕੀਤਾ, ਉਨ੍ਹਾਂ ਨੂੰ ਹਰਾਇਆ ਅਤੇ ਪਹਿਲਾਂ ਮਥੁਰਾ, ਵਰਿੰਦਾਵਨ, ਆਗਰਾ ਅਤੇ ਦਿੱਲੀ ਤੋਂ ਫੜੀਆਂ ਗਈਆਂ 17000 ਲੜਕੀਆਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਰੇਕ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ। ਬਹੁਤ ਭਾਰੀ ਗਿਣਤੀ ਵਿੱਚ ਕੈਦ ਕੀਤੇ ਆਦਮੀ ਅਤੇ ਇਸਤਰੀਆਂ (ਢੱਕਾਂ) ਛੁੜਾ ਲਈਆਂ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੀਂ ਸੁਰਖਿਅਤ ਪਹੁੰਚਾਇਆ। ਬਾਦ ਵਿੱਚ ਇਸ ਥਾਂ ਗੁਰਦਵਾਰਾ ਸਾਹਿਬ ਸਥਾਪਿਤ ਹੋਇਆ। ਇਹ ਰਿਹਾਈ ਪਾਕਿਸਤਾਨ ਦੇ ਵਜ਼ੀਰਾਬਾਦ ਤੋਂ 15 ਕਿਲੋਮੀਟਰ ਦੂਰ ਗੁਜਰਾਤ ਵਿਖੇ ਹੋਈ । ਇਸ ਹੋਈ ਲੜਾਈ ਵਿਚ ਜਿਥੇ ਸਿਖਾਂ ਨੇ ਬਹੁਤ ਵੱਡੀਆਂ ਸ਼ਹੀਦੀਆਂ ਦਿੱਤੀਆਂ। ਸ਼ਹੀਦੀ ਗੁਰਦੁਆਰਾ ਫਤਹਿਸਰ ਲੜਕੀਆਂ ਦੀ ਰਿਹਾਈ ਦੀ ਲੜਾਈ ਵਿਚ ਸ਼ਹੀਦੀਆਂ ਦੀ ਯਾਦ ਵਿਚ ਬਣਾਇਆ ਗਿਆ।
ਇਹ ਗੁਰਦੁਆਰਾ 19 ਸਦੀ ਵਿੱਚ ਮੌਜੂਦ ਸੀ ਪਰ ਪਹਿਲਾਂ ਸਨਿਆਸੀਆਂ ਅਤੇ ਫਿਰ ਉਦਾਸੀਆਂ ਦੁਆਰਾ ਇਸ ਨੂੰ ਸੰਭਾਲ ਲਿਆ ਗਿਆ। ਹੌਲੀ-ਹੌਲੀ ਇਸ ਸਿੱਖ ਗੁਰਦੁਆਰੇ ਵਿਚ ਹਿੰਦੂ ਰੀਤੀ ਰਿਵਾਜ ਅਤੇ ਮੂਰਤੀ ਪੂਜਾ ਵੀ ਅਰੰਭ ਹੋ ਗਈ ਅਤੇ ਇਸ ਨੂੰ ਸ਼ਿਵ ਮੰਦਰ ਵਿਚ ਬਦਲ ਦਿੱਤਾ ਗਿਆ ਹਾਲਾਂਕਿ, ਇਸ ਨੂੰ 1947 ਵਿਚ ਖਾਲੀ ਕਰਨਾ ਪਿਆ ਸੀ ਜਿਸ ਦੇ ਬਾਅਦ ਇਸਦੀ ਕਿਸਮਤ ਪਤਾ ਨਹੀਂ ਲਗਦੀ । ਗੁਰਦੁਆਰਾ ਸ਼ਹੀਦਾਂ ਫਤਹਿਸਰ ਗੁਰਦੁਆਰਾ ਦਮਦਮਾ ਸਾਹਿਬ ਛੇਵੇਂ ਗੁਰੂ ਜੀ ਤੋਂ 400 ਕਰਮ ਸੀ. (11). ਲੜਕੀਆਂ ਦੀ ਇਸ ਰਿਹਾਈ ਤੇ ਉਨ੍ਹਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਦੁਰਾਨੀ ਨੇ ਸਿੱਖਾਂ ਉਤੇ 1762 ਵਿਚ ਬਹੁਤ ਵੱਡੀਆਂ ਫੌਜਾਂ ਨਾਲ ਹਮਲਾ ਕੀਤਾ ਅਤੇ ਘੱਲੂਘਾਰੇ ਵਿਚ 30,000 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ। ਸਿੱਖਾਂ ਨੇ ਜਦੋਂ ਦੁਰਾਨੀ ਨੂੰ ਲਾਹੌਰ ਪਾਰ ਕਰਨ ਨਹੀਂ ਦਿੱਤੀ ਅਤੇ ਉਸ ਉਤੇ ਹਮਲਾ ਕਰ ਦਿੱਤਾ ਅਤੇ ਲਾਹੌਰ ਮਾਰ ਲਿਆ ।
ਜਰਨੈਲ ਬਘੇਲ ਸਿੰਘ ਯੁੱਧ ਦੀ ਅਗਵਾਈ ਕਰਦੇ ਹੋਏ
ਸਿੱਖਾਂ ਦਾ ਦਿੱਲੀ ਉਪਰ ਹਮਲਾ 18 ਜਨਵਰੀ, 1774 ਨੂੰ ਸੀ ਜੋ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਤੇ ਦਸ ਹਜ਼ਾਰ ਘੋੜ ਸਵਾਰਾਂ ਨਾਲ ਉਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ ਪਰ ਬਘੇਲ ਸਿੰਘ ਨੇ ਇਹ ਨਾ ਮੰਨਜ਼ੂਰ ਕਰ ਦਿੱਤਾ ਤੇ ਖਿਲਅਤ ਤੇ ਹੋਰ ਤੋਹਫੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ (ਸਰਧਾਨਾ ਦੀ ਬੇਗਮ) ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਉਬੰਦ ਤੇ ਸਹਾਰਨਪੁਰ ਨੂੰ ਲੁੱਟ ਗੌਂਸਗੜ੍ਹ ਦੇ ਨਵਾਬ ਤੋਂ 50 ਹਜ਼ਾਰ ਉਗਰਾਹੇ।
ਸੰਨ 1775 ਵਿੱਚ ਜਮਨਾ ਪਾਰ ਵੱਲ ਸਿੱਖ ਵਧੇ। 22 ਅਪ੍ਰੈਲ, 1775 ਨੂੰ ਉਸ ਨੇ ਤਾਰਾਸਿੰਘ ਘੇਬਾ ਤੇ ਰਾਏ ਸਿੰਘ ਭੰਗੀ ਨੂੰ ਨਾਲ ਲੈ ਕੇ ਬੇਗੀ ਦੇ ਪਤੱਣ ਤੇ ਕੁੰਜਪੁਰਾ ਤੋਂ ਜਮਨਾ ਪਾਰ ਕੀਤੀ ਤੇ ਲਖਨੌਤੀ, ਗੰਗੋਹ, ਅੰਬੇਟਾ, ਗੌਸਗੜ੍ਹ, ਨਨੌਤਾ ਤੇ ਹੋਰ ਕਈ ਥਾਵਾਂ ਲੁੱਟੀਆ ਤੇ ਦੇਵਬੰਦ ਉਤੇ ਹਮਲਾ ਜਾ ਕੀਤਾ (12) ਤੇ ਹੋਰ ਇਲਾਕੇ ਕਬਜ਼ੇ ਵਿੱਚ ਕੀਤੇ। ਨਜੀਭ ਖਾਨ ਦੇ ਪੁੱਤਰ ਅਤੇ ਉਤਰਾ ਅਧਿਕਾਰੀ ਜ਼ਾਬਿਤਾ ਖਾਨ ਰੋਹਿਲੇ ਨੇ ਗੌਂਸਗੜ੍ਹ ਬਚਾਉਣ ਲਈ 50 ਹਜ਼ਾਰ ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ। ਫਿਰ ਉਸਨੇ ਸਾਂਝੇ ਤੌਰ ਤੇ ਖਾਲਸਾ ਭੂਮੀ (ਬਾਦਸ਼ਾਹੀ ਜ਼ਮੀਨ) ਰਲਕੇ ਲੁੱਟਣ ਦੀ ਤਜ਼ਵੀਜ਼ ਰੱਖੀ।ਫਿਰ ਸ਼ਾਮਲੀ, ਕਾਂਧਲਾ ਤੇ ਮੇਰਠ ਹੁੰਦੇ ਹੋਏ ਅਲੀਗੜ੍ਹ ਕੋਲ ਖੁਰਜਾ ਤੱਕ ਆਪਣਾ ਪ੍ਰਭਾਵ ਜਮਾਇਆ ਤੇ ਆਉਂਦਿਆਂ ਹੋਇਆਂ ਦਿੱਲੀ ਦੇ ਪਹਾੜ ਗੰਜ ਤੇ ਜੈ ਸਿੰਘਪੁਰ ਨੂੰ ਲਤਾੜਿਆ। ਹੁਣ ਤਾਂ ਸਤੲਾ ਗੰਗਾ ਜਮੁਨਾ ਦੁਆਬ ਉਨ੍ਹਾਂ ਦੇ ਰਹਿਮੋ ਕਰਮ ਤੇ ਸੀ।(13) 24 ਜੁਲਾਈ, 1775 ਨੂੰ ਜਮਨਾ ਪਾਰ ਕਰਕੇ ਵਾਪਸ ਮੁੜੇ।
ਅਬਦੁਲ ਕਾਸਿਮ ਨੇ ਜਦ ਜ਼ਾਬਿਤਾ ਖਾਨ ਉੱਤੇ ਹਮਲਾ ਕਰਕੇ ਉਸ ਤੋਂ ਮੇਰਠ ਖੋਹ ਲਿਆ ਤੇ ਉਸ ਨੇ ਬਘੇਲ ਸਿੰਘ ਕੋਲ ਮਦਦ ਲਈ ਬੇਨਤੀ ਕੀਤੀ। ਅਬਦੁਲ ਕਾਸਿਮ ਉੱਤੇ ਹਮਲਾ 11 ਮਾਰਚ 1776 ਨੂੰ ਕੀਤਾ। ਮੇਰਠ ਛੁਡਵਾਇਆ ਤੇ ਅਬਦੁਲ ਕਾਸਿਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜ਼ਾਬਿਤਾ ਖਾਨ ਨਾਲ ਦੋਸਤੀ ਕਰਨ ਤੇ ਸਿੱਖਾਂ ਦਾ ਪ੍ਰਭਾਵ ਅਵਧ ਤੱਕ ਵੱਧ ਗਿਆ, ਮਰਾਠਿਆਂ ਨੂੰ ਇਹ ਰਾਸ ਨਹੀਂ ਸੀ।ਇਤਿਹਾਸ ਗਵਾਹ ਹੈ ਕਿ ਹੁਸ਼ਿਅਆਰਪੁਰ ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲਾ ਤੋਂ ਲੈ ਕੇ ਅਲੀਗੜ੍ਹ ਤਕ ਉਸ ਦਾ ਸਿੱਕਾ ਚਲਦਾ ਸੀ।ਨਿਰਸੰਦੇਹ ਉਹ ਇੱਕ ਦਲੇਰ ਯੋਧਾ ਅਤੇ ਵਰਿਆਮ ਸੂਰਮਾ ਸੀ। ਉਹ ਜਮੁਨਾ ਪਾਰ ਦੇ ਇਲਾਕਿਆਂ ਤੇ ਹਮਲੇ ਕਰਨ ਵਿਚ ਰੁੱਝਿਆਂ ਰਹਿੰਦਾ ਸੀ ਤੇ ਅਪਣੇ ਸਹਿਧਰਮੀਆਂ ਵਿਰੁੱਧ ਵੀ ਲੜਾਈਆਂ ਲੜਦਾ ਰਹਿੰਦਾ ਸੀ । ਉਹ ਕਿਹਾ ਕਰਦਾ ਸੀ: "ਹਮ ਲਰਨੇ ਮਰਨੇ ਕਿਮ ਸੰਗੈ, ਯਹ ਹੈ ਹਮਰੀ ਨਿਤ ਖੇਲ।" (14)
ਉਸ ਨੇ ਆਪਣੀ ਮਿਸਲ ਦਾ ਖੇਤਰ ਬਹੁਤ ਹੀ ਵਧਾਇਆ। ਉਸ ਨੇ ਅਲੀਗੜ੍ਹ, ਖੁਰਜਾ ਅਤੇ ਇਟਾਵਾ ਨੂੰ ਜਾ ਘੇਰਿਆ ਅਤੇ ਉਥੋਂ ਦੇ ਨਵਾਬ ਈਸਾ ਖਾਨ ਨੂੰ ਜਾ ਹਰਾਇਆ।ਉਸ ਨੇ ਜਲੰਧਰ ਦੇ ਹਾਕਿਮ ਮੁਹੰਮਦ ਖਾਂ ਨੂੰ ਹਰਾ ਕੇ ਉਸ ਕੋਲੋਂ ਨੂਰ ਮਹਿਲ ਖੋਹ ਲਿਆ। ਬਘੇਲ ਸਿੰਘ ਇਤਨਾ ਸ਼ਕਤੀਸ਼ਾਲੀ ਸੀ ਕਿ ਕੋਈ ਉਸ ਦੀ ਮਰਜ਼ੀ ਬਿਨਾ ਦਿਲੀਓਂ ਪੰਜਾਬ ਨਹੀਂ ਸੀ ਆ ਸਕਦਾ। (15)
ਬਘੇਲ ਸਿੰਘ ਦੀ ਯੁੱਧ ਨੀਤੀ ਬੜੀ ਹੀ ਸੁਲਝੀ ਹੋਈ ਹੁੰਦੀ ਸੀ। ਉਹ ਜਾਣਦਾ ਸੀ ਕਿ ਮੁਗਲਾਂ ਦੀ ਭਾਰੀ ਸੈਨਾ ਨਾਲ ਸਿੱਧੇ ਤੌਰ ਤੇ ਟੱਕਰ ਲੈਣ ਦੇ ਅਜੇ ਕਾਬਲ ਨਹੀਂ ਸਨ ਹੋਏ ਤੇ ਸਿੱਖਾਂ ਦਾ ਹੋਰ ਯੁੱਧਾਂ ਵਿਚ ਨੁਕਸਾਨ ਕਰਵਾਉਣਾ ਠੀਕ ਨਹੀਂ। ਇਸ ਲਈ ਉਸ ਨੇ ਸਾਰੇ ਜਰਨੈਲਾਂ ਨਾਲ ਮਿਲ ਕੇ ਇਹ ਯੋਜਨਾ ਬਣਾਈ ਕਿ ਸਰਦਾਰ ਬਘੇਲ ਸਿੰਘ ਦਿੱਲੀ ਤੋਂ ਪੰਜਾਬ ਵਲ ਚੱਲੇ ਹਮਲਾਵਰਾਂ ਨਾਲ ਮਿਲ ਜਾਵੇ ਤੇ ਫਿਰ ਜਦ ਮੁਗਲ ਫੌਜ ਸਿੱਖਾਂ ਦੀ ਸਿੱਧੀ ਮਾਰ ਵਿੱਚ ਆ ਜਾਵੇ ਤਾਂ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਜਾਵੇ ਤੇ ਸਮਝੌਤਾ ਅਜਿਹਾ ਹੋਵੇ ਕਿ ਫੈਸਲਾ ਸਿੱਖਾਂ ਦੇ ਹੱਕ ਵਿੱਚ ਹੋਵੇ।ਪਰ ਗੋਕਲ ਚੰਦ ਨਾਰੰਗ ਇਸ ਨੂੰ ਸਿੱਖ ਵਿਰੋਧੀ ਨੀਤੀ ਮੰਨਦੇ ਹਨ। (16)
ਪਰ ਜੇ ਅਸੀਂ ਇਨ੍ਹਾਂ ਯੁੱਧਾਂ ਦੇ ਨਤੀਜੇ ਵੇਖੀਏ ਤਾਂ ਇਹ ਸਾਰੇਸਿੱਖਾਂ ਦੇ ਹੱਕ ਵਿਚ ਗਏ।ਸਿੱਖ ਵੱਸ ਨਾ ਆਉਂਦੇ ਵੇਖ ਸ਼ਾਹ ਆਲਮ ਨੇ ਆਪਣੇ ਸਾਹਿਬਜ਼ਾਦੇ ਸ਼ਾਹਬਖ਼ਤ ਨੂੰ ਸਿੱਖਾਂ ਉਪਰ ਹਮਲੇ ਲਈ ਪਟਿਆਲੇ ਵੱਲ ਭੇਜਿਆ। ਜਦੋਂ ਸਿੱਖਾਂ ਵਿਰੁਧ 1778-1779 ਈਂ ਵਿੱਚ 20,000 ਸਿਪਾਹੀ ਲੈ ਕੇ ਸਹਿਜ਼ਾਦਾ ਜਵਾਂ ਬਖਤ ਨੇ ਚੜ੍ਹਾਈ ਕੀਤੀ ਤਾਂ ਵੱਡੀ ਫੌਜ ਵੱਧਦੀ ਦੇਖਕੇ ਬਘੇਲ ਸਿੰਘ ਨੇ ਚਲਾਕੀ ਵਰਤੀ। ਅੱਗੇ ਹੋ ਕੇ ਸ਼ਾਹ ਬਖ਼ਤ ਨੂੰ ਨਜ਼ਰਾਨਾ ਭੇਟ ਕੀਤਾ ਤੇ ਸ਼ਾਹ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਛੋਟੀਆਂ ਮੋਟੀਆਂ ਜਿੱਤਾਂ ਪਿਛੋਂ ਜਦੋਂ ਉਸ ਦਾ ਆਢਾ ਫੂਲਕੀਆਂ ਰਿਆਸਤਾਂ ਨਾਲ ਪਿਆ ।ਪਟਿਆਲਾ ਤੇ ਹੋਰ ਫੂਲਕੀਆਂ ਰਿਆਸਤਾਂ ਦੀ ਮਦਦ ਲਈ ਕਨ੍ਹਈਆਂ ਤੇ ਰਾਮਗੜ੍ਹੀਆਂ ਮਿਸਲਾਂ ਆ ਗਈਆਂ।ਸਾਰੇ ਸਿੱਖਾਂ ਨੇ ਸਲਾਹ ਕਰਕੇ ਸ਼ਾਹ ਬਖ਼ਤ ਉੱਤੇ ਹੱਲਾ ਬੋਲ ਦਿੱਤਾ। ਅਗਿਓਂ ਭਾਰੀ ਫੌਜ ਦਾ ਸਾਹਮਣਾ ਦੇਖ ਜਦ ਸ਼ਾਹ ਬਖਤ ਪਿੱਛੇ ਮੁੜਣ ਲੱਗਿਆ ਤਾਂ ਪਿੱਛੋਂ ਬਘੇਲ ਸਿੰਘ ਨੇ ਘੇਰਾ ਪਾ ਲਿਆ ਤੇ ਸ਼ਾਹੀ ਫੌਜਾਂ ਦਾ ਰਾਹ ਰੋਕ ਕੇ ਕਟਾ ਵੱਢੀ ਸ਼ੁਰੂ ਕਰ ਦਿੱਤੀ। ਸ਼ਾਹੀ ਸੈਨਾ ਦਾ ਬੁਰਾ ਹਾਲ ਹੋਇਆ ਤਾਂ ਅਬਦੁੱਲ ਅਹਿਦ, ਨਜਫ ਖਾਨ ਆਦਿ ਨੂੰ ਦਿੱਲੀ ਬੁਲਾ ਲਿਆ ਗਿਆ। ਚਾਰੇ ਪਾਸਿਓਂ ਘਿਰਿਆ ਜਵਾਂ ਬਖਤ ਸਿੱਖਾਂ ਨੂੰ ਸਾਰਾ ਮਾਲ ਮੱਤਾ ਖੁਹਾ ਕੇ ਵਾਪਿਸ ਮੁੜਿਆ। ਦਸ ਸਾਲ ਪਿਛੋਂ ਜਦੋਂ 1788 ਵਿਚ ਅੰਬਾ ਰਾਇ ਨੇ ਮਰਹੱਟੇ ਦਾ ਇਸੇ ਤਰ੍ਹਾਂ ਸਵਾਗਤ ਕੀਤਾ ਤੇ ਉਹ ਵੀ ਸਭ ਕੁਝ ਗੁਆ ਕੇ ਪਰਤਿਆ।
ਸੰਨ 1779 ਈ: ਵਿਚ ਜਦ ਸ਼ਹਿਜ਼ਾਦਾ ਫਰਖੰਦਾ ਬਕਤਤੇ ਵਜ਼ੀਰ ਅਬਦੁਲ ਅਹਿਦ ਦੀ ਅਗਵਾਈ ਵਿਚ ਸਤਲੁਜ ਦੇ ਦੱਖਣ ਦੀਆਂ ਰਿਆਸਤਾਂ ਤੇ ਮੁਗਲ ਫੌਜਾਂ ਨੇ ਹਮਲਾ ਕੀਤਾਤਾਂ ਬਘੇਲ ਸਿੰਘ ਨੇ ਰਾਏ ਸਿੰਘ ਬੂੜੀਆਂ ਤੇ ਭੰਗਾ ਸਿੰਘ ਥਾਨੇਸਰ ਵੀ ਅੁਸ ਨਾਲ ਜਾ ਰਲੇ ਤੇ ਪਟਿਆਲੇ ਨੂੰ ਜਾ ਘੇਰਾ ਪਾਇਆ। ਇਸ ਸੰਕਟ ਦੀ ਘੜੀ ਵਿੱਚ ਰਾਜਾ ਅਮਰ ਸਿੰਘ ਪਟਿਆਲਾ ਨੇ ਲਹਿਨ ਦੇ ਅਸਥਾਨ ਤੇ ਜਾ ਕੇ ਬਘੇਲ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਆਪਣੇ ਵੱਲ ਕਰ ਲਿਆ।ਅਮਰ ਸਿੰਘ ਦੇ ਬੇਟੇ ਸਾਹਿਬ ਸਿੰਘ ਨੇ ਬਘੇਲ ਸਿੰਘ ਹੱਥੋਂ ਅੰਮ੍ਰਿਤਪਾਨ ਕੀਤਾਤੇ ਸਿੰਘ ਸਜਗਿਆ। ਅਮਰ ਸਿੰਘ ਨੂੰ ਸਤਲੁਜ ਤੋਂ ਉਤਰ ਦੇ ਸਿੱਖ ਸਰਦਾਰਾਂ ਦੀ ਸਹਾਰਿਤਾ ਪ੍ਰਾਪਤ ਹੋ ਗਈ। ਬਘੇਲ ਸਿੰਘ ਨੇ ਵੀ ਇਸ ਸਮੇਂ ਸਿੱਖਾਂ ਦਾ ਸਾਥ ਦੇ ਕੇ ਪਾਸਾ ਪਲਟ ਦਿਤਾ ਤੇ ਮੁਗਲ ਫੌਜ ਨੇ ਭਾਰੀ ਨੁਕਸਾਨ ਉਠਾ ਕੇ, ਮਾਲ ਮੱਤਾ ਗੁਆ ਕੇ, ਭੱਜ ਕੇ ਜਾਨਾਂ ਬਚਾਈਆਂ ।(17)
ਨਵੰਬਰ 1779 ਨੂੰ ਨਜ਼ਫ ਖਾਨ ਨੇ ਆਪਣੇ ਪੋਤਰੇ ਮਿਰਜ਼ਾ ਸਫੀ ਨੂੰ ਦਸ ਹਜ਼ਾਰ ਸੈਨਾ ਤੇ ਸੈਂਕੜੇ ਤੋਪਾਂ ਨਾਲ ਸਿੱਖਾਂ ਨੂੰ ਕੁਚਲਣ ਲਈ ਭੇਜਿਆ। ਮਿਰਜ਼ਾ ਸ਼ਫੀ ਨੇ ਚਲਾਕੀ ਨਾਲ ਕਈ ਸਿੱਖ ਸਰਦਾਰ ਵੀ ਨਾਲ ਮਿਲਾ ਲਏ। ਇਸ ਹਾਲਤ ਵਿੱਚ ਬਘੇਲ ਸਿੰਘ ਨੇ ਸ਼ਾਹੀ ਸੈਨਾ ਉੱਤੇ ਸਿੱਧੇ ਹਮਲੇ ਦੀ ਥਾਂ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਏਧਰ ਮਿਰਜ਼ਾ ਸਫੀ ਨੇ ਵੀ ਸਿੱਖਾਂ ਵਾਲਾ ਗੁਰੀਲਾ ਯੁੱਧ ਹੀ ਅਪਨਾਉਣਾ ਠੀਕ ਸਮਝਿਆ। ਮਹਾਰਾਜਾ ਪਟਿਆਲਾ ਤੇ ਮਹਾਰਾਜਾ ਜੀਂਦ ਦੀ ਸਿੱਖਾਂ ਨਾਲ ਅਣਬਣ ਦਾ ਵੀ ਉਸ ਨੇ ਫਾਇਦਾ ਉਠਾਇਆ। ਜ਼ਾਬਿਤਾ ਖਾਨ ਨੇ ਦੀਵਾਨ ਸਿੰਘ ਨਾਲ ਮਿਲ ਕੇ ਬਘੇਲ ਸਿੰਘ ਵਿਰੁੱਧ ਯੁੱਧ ਛੇੜ ਦਿੱਤਾ। ਬਘੇਲ ਸਿੰਘ ਨਾਲ ਉਸ ਵੇਲੇ ਸਦਾ ਸਿੰਘ, ਦੂਲਾ ਸਿੰਘ, ਕਰਮ ਸਿੰਘ ਸ਼ਹੀਦ, ਗੁਰਬਖਸ਼ ਸਿੰਘ, ਲਾਲ ਸਿੰਘ ਤੇ ਕਰਨ ਸਿੰਘ ਆ ਜੁੜੇ। 6800 ਘੋੜ ਸਵਾਰਾਂ ਨਾਲ ਉਨ੍ਹਾਂ ਨੇ ਜਮਨਾ ਪਾਰ ਹਮਲੇ ਦੀ ਠਾਣੀ ਤਾਂ ਕਿ ਮਿਰਜ਼ਾ ਸ਼ਫੀ ਨੂੰ ਪਿਛੋਂ ਘੇਰਿਆ ਜਾ ਸਕੇ। 25 ਫਰਵਰੀ, 1781 ਨੂੰ ਰਡੌਰ ਦੇ ਕੈਂਪ ਤੇ ਫਿਰ 28 ਫਰਵਰੀ ਨੂੰ ਸਿਕੰਦਰਾ ਦੇ ਕੈਂਪ ਉੱਤੇ ਹਮਲਾ ਕੀਤਾ ਜਿਸ ਨਾਲ ਮਿਰਜਾ ਸ਼ਫੀ ਹਿੱਲ ਗਿਆ। ਸਿੱਖਾਂ ਨੇ 11 ਮਾਰਚ ਨੂੰ ਹਮਲੇ ਵਿੱਚ 3000 ਘੋੜੇ ਹਥਿਆ ਲਏ। ਮਿਰਜ਼ਾ ਸ਼ਫੀ ਦੇ ਮਦਦਗਾਰਾਂ ਮਹਾਰਾਜਾ ਪਟਿਆਲਾ ਅਮਰ ਸਿੰਘ, ਸਪੁੱਤਰ ਸਾਹਿਬ ਸਿੰਘ, ਭਾਗ ਸਿੰਘ, ਭੰਗਾ ਸਿੰਘ ਨੂੰ ਵੱਖ ਕਰਨ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਤਾਂ ਉਹ ਪਿਛੇ ਹੱਟ ਗਏ। ਮੁਗਲ ਜਰਨੈਲ ਮਿਰਜ਼ਾ ਸ਼ਫੀ ਗੁਰੀਲਾ ਯੁੱਧ ਵਿੱਚ ਸਿੱਖਾਂ ਨੂੰ ਮਾਤ ਨਾ ਪਾ ਸਕਿਆ ਤੇ 12 ਜੂਨ, 1781 ਨੂੰ ਬਘੇਲ ਸਿੰਘ ਤੇ ਗੁਰਦਿੱਤ ਸਿੰਘ ਨੂੰ ਦੋਸਤੀ ਦਾ ਹੱਥ ਵਧਾਉਣ ਲਈ ਖ਼ਤ ਲਿਖਿਆ। ਬਦਲੇ ਵਿੱਚ ਰਡੌਲ, ਬਬੀਨ ਤੇ ਸ਼ਾਮਗੜ੍ਹ ਦੇਣੇ ਮੰਨੇ ਪਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ।
10 ਜੂਨ, 1781 ਦੇ ਖ਼ਤ ਅਨੁਸਾਰ ‘ਨਜਫ ਖਾਨ ਨੇ ਅੰਬਰ ਸ਼ਾਹ ਨੂੰ ਦਿੱਲੀ ਤੋਂ ਮਿਰਜ਼ਾ ਸ਼ਫੀ ਕੋਲ 40, 000 ਸਿਪਾਹੀ ਤੇ ਤੋਪਾਂ ਦੇ ਕੇ ਘੱਲਿਆ। ਸਿੱਖਾਂ ਨਾਲ ਭਰਵਾਂ ਯੁੱਧ ਹੋਇਆ ਜਿਸ ਵਿੱਚ 10 ਤੋਂ 15 ਹਜ਼ਾਰ ਸ਼ਾਹੀ ਫੌਜ ਮਾਰੀ ਗਈ ਤੇ ਤੋਪਾਂ ਵੀ ਹੱਥੋਂ ਗਈਆਂ। ਸਿੱਖਾਂ ਕੋਲੋਂ ਬੁਰੀ ਹਾਰ ਖਾਣ ਪਿਛੋਂ ਮੁਗਲ ਫੌਜਾਂ ਪਾਣੀਪਤ ਮੁੜ ਆਈਆਂ। 6 ਅਪ੍ਰੈਲ 1782 ਨੂੰ ਨਜਫ ਖਾਂ ਦੀ ਮੌਤ ਹੋ ਗਈ। ਫਰਵਰੀ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਹੋਰ ਜਰਨੈਲ 70, 000 ਸਿਪਾਹੀ ਲੈ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਤੇ ਖੁਰਜਾ ਉੱਤੇ ਜਾ ਚੜ੍ਹੇ। ਸਭ ਨੇ ਜੋ ਖੋਹਿਆ ਉਸ ਦਾ ਦਸਵੰਧ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ ਜੋ ਇੱਕ ਲੱਖ ਸੀ। ਫਿਰ ਇਨ੍ਹਾਂ ਨੇ ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਤੇ ਫਰੁਖਾਬਾਦ ਜਾ ਲੁੱਟੇ। ਬਘੇਲ ਸਿੰਘ ਹੱਥ ਇੱਕ ਹੀਰਿਆਂ ਜੜ੍ਹੀ ਸੋਟੀ ਲੱਗੀ ਜੋ ਉਸ ਸਮੇਂ 33, 000 ਰੁਪਏ ਦੀ ਸੀ। ਮੁੜਦਿਆਂ ਨੇ ਆਗਰਾ ਲੁੱਟਿਆ। ਸਿੱਖ ਹੁਣ ਦਿੱਲੀ ਉਤੇ ਭਾਰੂ ਹੋ ਗਏ ਸਨ।
8 ਮਾਰਚ, 1783 ਬਘੇਲ ਸਿੰਘ ਨੇ 40, 000 ਫੌਜ ਨਾਲ ਜਮੁਨਾ ਕੰਢੇ ਬਗਗਾੜੀ ਘਾਟ ਉਤੇ ਕਬਜ਼ਾ ਕਰ ਲਿਆ। ਫਿਰ ਮਲਕ ਗੰਜ ਤੇ ਸਬਜ਼ੀ ਮੰਡੀ ਜਾ ਲੁੱਟੇ ਤੇ ਮੁਗਲਪੁਰਾ ਤੇ ਮੈਹਤਾਬਪੁਰਾ ਜਾ ਘੇਰੇ। ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਜਾ ਦਾਖ਼ਲ ਹੋਏ ਤੇ ਹੌਜ਼ ਕਾਜ਼ੀ ਜਾ ਲੁੱਟਿਆ। ਬਾਦਸ਼ਾਹ ਨੇ ਸਮਰੋ ਬੇਗਮ ਨੂੰ ਬੁਲਾ ਭੇਜਿਆ। ਏਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਹਿਸਾਰ ਵਲੋਂ 10, 000 ਫੌਜ ਲੈ ਕੇ ਪਹੁੰਚ ਗਏ। ਬਘੇਲ ਸਿੰਘ ਨੇ ਜਿਥੇ ਆਪਣੇ ਤੀਹ ਹਜ਼ਾਰ ਸਿਪਾਹੀ ਰੱਖੇ ਸਨ ਉਹ ਹੁਣ ਤੀਸ ਹਜ਼ਾਰੀ ਨਾਮ ਨਾਲ ਪ੍ਰਸਿੱਧ ਹੈ।
17 ਮਾਰਚ, 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਸ਼ਾਹ ਆਲਮ ਜਾ ਛੁਪਿਆ। ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ਉਤੇ ਬਿਠਾਇਆ ਗਿਆ ਤੇ ਮੋਰ ਪੰਖ ਝੁਲਾਏ ਗਏ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਨੂੰ ਨਾਪਸੰਦ ਕੀਤਾ ਤਾਂ ਆਹਲੂਵਾਲੀਆ ਨੇ ਤਖ਼ਤ ਛੱਡ ਦਿੱਤਾ। ਇਸ ਤਰ੍ਹਾਂ ਆਪਸ ਦੀ ਈਰਖਾ ਨੇ ਸਿੱਖਾਂ ਹੱਥ ਆਇਆ ਦਿੱਲੀ ਦਾ ਰਾਜ ਗੁਆ ਦਿੱਤਾ।
ਦੀਵਾਨੇ-ਖਾਸ ਤੇ ਦੀਵਾਨੇ-ਆਮ ਲੁੱਟਕੇ ਹਟੇ ਸਨ ਕਿ 12 ਮਾਰਚ ਨੂੰ ਸਮਰੋ ਬੇਗਮ ਦਿੱਲੀ ਆ ਗਈ ਤੇ ਉਸ ਨੇ ਸ਼ਾਹ ਆਲਮ ਦੂਜੇ ਨੂੰ ਸਿੱਖਾਂ ਬਾਰੇ ਦੱਸਿਆ ਤੇ ਬਘੇਲ ਸਿੰਘ ਨਾਲ ਗੱਲ ਕਰਨ ਲਈ ਕਿਹਾ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮਨਵਾਈਆਂ। (18)
(ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ।
(ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ।
(ੲ) ਬਘੇਲ ਸਿੰਘ ਨੂੰ ਸਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ ਜੋ ਜਲਦੀ ਹੀ ਪੂਰਨ ਕਰਨ ਤੇ ਬਘੇਲ ਸਿੰਘ ਵਾਪਸ ਜਾਵੇਗਾ।
(ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ।
(ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ।
ਇਹ ਵੇਰਵੇ ਵੱਖ ਵੱਖ ਲਿਖਾਰੀਆਂ ਨੇ ਥੋੜੇ ਫਰਕ ਨਾਲ ਦਿਤੇ ਹਨ। ਡਾ: ਗੋਪਾਲ ਸਿੰਘ ਅਨੁਸਾਰ ਬਘੇਲ ਸਿੰਘ ਨੇ ਦਿੱਲੀ ਨੂੰਮਾਰਚ 1783 ਵਿੱਚ ਥੋੜੇ ਸਮੇਂ ਲਈ ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਪਰ ਮਗਰੋਂ 3 ਲੱਖ ਨਕਦ ਲੈ ਕੇ ਤੇ ਰੁਪਏ ਵਿੱਚੋਂ ਛੇ ਆਨੇ ਚੁੰਗੀ ਵਜੋਂ ਲੈ ਕੇ ਉਸ ਦਿਲੀ ਖਾਲੀ ਕਰ ਦਿਤੀ ਤੇ 7 ਗੁਰ ਅਸਥਾਨਾ ਬਣਾਉਣ ਦਾ ਵਾਅਦਾ ਵੀ ਹੋਇਆ ਜੋ 1788 ਈ: ਵਿਚ ਪੂਰਾ ਹੋਇਆ। (19)
ਸਮਝੌਤੇ ਪਿਛੋਂ 4000 ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ ਉਤੇ ਉਸਾਰੇ।
ਸਭ ਤੋਂ ਪਹਿਲਾਂ ਤੇਲੀਵਾੜਾ ਵਿੱਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਠਹਿਰਨ ਵਾਲੇ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ।। ਫਿਰ ਮੁਹੱਲਾ ਜੈਪੁਰਾ ਵਿੱਚ ਬੰਗਲਾ ਸਾਹਿਬ ਦੇ ਨਾਮ ਤੇ ਉਸ ਥਾਂ ਬਣਾਇਆ ਗਿਆ ਜਿੱਥੇ ਗੁਰੂ ਹਰਿਕਿਸ਼ਨ ਜੀ ਜੋਤੀ ਜੋਤ ਸਮਾਏ ਸਨ । ਫਿਰ ਜਮਨਾ ਦੇ ਕਿਨਾਰੇ ਸ੍ਰੀ ਗੁਰੂ ਹਰਿਕਿਸ਼ਨ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀ ਯਾਦਗਾਰ ਕਾਇਮ ਕੀਤੀ। ਫਿਰ ਗੁਰਦੁਆਰਾ ਰਕਾਬ ਗੰਜ ਉਸ ਅਸਥਾਨ ਤੇ ਬਣਾਇਆ ਜਿੱਥੇ ਜਿਥੇ ਗੁਰੂ ਤੇਗ ਬਹਾਦੁਰ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ।ਫਿਰ ਇਕ ਬੁੱਢੇ ਮਾਸ਼ਕੀ ਦੀ ਤੀਵੀਂ ਦੀ ਦੱਸ ਤੇ ਮਸਜਿਦ ਵਾਲੀ ਥਾਂ ਤੇ ਬਘੇਲ ਸਿੰਘ ਨੇ ਇਕ ਨਿੱਕਾ ਜਿਹਾ ਥੜਾ ਬਣਵਾਇਆ। ਮੁਸਲਮਾਨਾਂ ਨੇ ਮਸੀਤ ਢਾਹੇ ਜਾਣ ਤੇ ਵਿਰੋਧ ਕੀਤਾ ਤਾਂ ਝੜਪ ਵੀ ਹੋਈ ਮਗਰੋਂ ਬਾਦਸ਼ਾਹ ਦੇ ਵਜ਼ੀਰ ਵਲੋਂ ਰਾਹ ਕੱਢ ਲਿਆ ਗਿਆਪ ਮਸੀਤ ਦੀ ਪਿਛਲੀ ਬਾਹੀ ਨੂੰ ਤੋੜਿਆ ਗਿਆ। ਥੜਾ ਵੀ ਕਾਇਮ ਰਿਹਾ।ਸਿੱਖਾਂ ਨੂੰ ਖੁਸ਼ ਕਰਨ ਲਈ ਕੁਝ ਜ਼ਮੀਨ ਬਾਜ਼ਾਰ ਤੇ ਕੋਤਵਾਲੀ ਨਲ ਛੱਡ ਕੇ ਇਕ ਬਾਰਾਂਦਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਬਣਵਾ ਦਿਤੀ।(20) ਰਤਨ ਸਿੰਘ ਭੰਗੂ ਲਿਖਦਾ ਹੈ:
ਸਬਜ਼ੀ ਮੰਡੀ ਡੇਰਾ ਲਾਇਓ ਔ ਚਬੂਤਰਯੋ ਛਯਾਨੀ ਆਇ।
ਹੁਕਮ ਦਿੱਲੀ ਮੱਧ ਸਿੰਘ ਤੁਰੇ ਮਿਲੇ ਸੂਬੇ ਬਹੁ ਆਇ।58।
ਤੋ ਸਿੰਘ ਜੀ ਕੰਮ ਡੇਹਰਨ ਤੋਰਾ। ਪ੍ਰਿਥਮ ਦੀਓ ਹੋਤ ਕੰਮ ਜੋ ਥੋੜਾ।
ਜਹਾਂ ਮਾਤ ਥੀ ਦੋਊ ਰਹੀ। ਜਗਾ ਪੀਹੜੇ ਤਹਿੰ ਬਨਵਾਈ।59।
ਹੁਤੀ ਸਾਹਬ ਦਈ ਔ ਸੁੰਦ੍ਰੀਉ ਮਾਤ। ਗੁਰਪਤਨੀ ਸਭ ਜਗ ਬਖਯਾਤ।60।
ਪੰਜਵੇਂ ਝੰਡੋ ਹਰਿਕ੍ਰਿਸ਼ਨ ਜੀ ਜਹਿੰ ਬਹੇ। ਜੈ ਸਿੰਘ ਪੁਰ ਮਧ ਬੰਗਲੇ।
ਸੁਗਮ ਭਾਂਤ ਪੰਜ ਡੇਹਰੇ ਭਏ। ਮੱਡ ਝੰਡੇ ਪੰਜ ਕੜਾਹ ਕਰ ਦਏ।61।
ਹੁਤੀ ਤੇਗ ਬਹਾਦਰ ਜਾਗਾ ਦੋਊ। ਉਪਰ ਮਸੀਤ ਚਿਣ ਰਖੀ ਥੀ ਸੋਊ।
ਸਿੰਘ ਜੀ ਕਹਯੋ ਮਸੀਤ ਹੋਵੇ ਗੇਰ। ਤੋ ਡੇਹਰੋ ਬਨਾਵੈਂਗੇ ਫੇਰ।62।
ਸੁਨ ਤੁਰਕਨ ੳਹਿੰ ਅਗ ਲਗੀ ਗਿਰਨ ਮਸੀਤਨ ਨਾਇ।
ਗੇਰ ਮਸੀਤੇਂ ਕਿਮ ਜੀਏਂ ਜਹਿੰ ਨਿਮਾਜ਼ ਪੜਾਇ। 63।
ਮਿਲ ਸਭ ਤੁਰਕ ਗਏ ਸਾਹਿ ਕੋਲ। ਸਭੀ ਮੁਲਾਣੇ ਸਦ ਲਏ ਬੋਲ।
'ਭਯੋ ਕਾਫਿਰ ਕਹਿੰ ਅਬ ਪਾਤਸਾਹਿ।ਆਖੇ ਮਸੀਤ ਦੁਇ ਦਿਹ ਗਿਰਾਇ।64।
ਹਮ ਜੀਵਤ ਕਿਮ ਮਸੀਤ ਗਿਰਨ ਦੇਹਿੰ। ਬਿਨਾ ਦਿਲੀ ਕਰਵਾਇ ਥੇਹ।
ਸਾਹ ਕਹੀ ਉਮ ਅਗੈ ਨ ਕਹੀ। ਹਮ ਦਈ ਲਿਖਾਇ ਅਬ ਔਖੀ ਭਈ।65।
ਜੋ ਹਮ ਲਿਖਤ ਚਹੈ ਅਬ ਮੋੜੀ। ਬਘੇਲ ਸਿੰਘ ਸੋਂ ਹੋ ਜਾਇ ਤੋੜ ਵਿਛੋੜੀ।
ਡੇਰਾ ਪਉਗ ਚਕ ਹਮਦੇਸ ਮਾਹਿ। ਹਮ ਕੌਲ ਕਸਮ ਤੇ ਝੂਠੇ ਪਾਹਿ। 66॥
ਵਹਿ ਤੁਰਤ ਦੇਵ ਮਲਕ ਉਜਾੜ।ਕਯਾ ਜਾਣੈ ਲੈ ਦਿਲੀ ਹੀ ਮਾਰ।
ਹਮ ਕੋ ਉਮ ਖਰਾਬ ਕਰਵਾਵੈ। ਦੋਊ ਜਹਾਨੋਂ ਹਮੇਂ ਗਵਾਵੇ। 67।(21)
ਉਸ ਨੇ ਗੁਰੂ ਸਾਹਿਬਾਨ ਨਾਲ ਸਬੰਧਿਤ 7 ਸਥਾਨਾਂ ਦੀ ਨਿਸ਼ਾਨਦੇਹੀ ਕੀਤੀ, ਉਨ੍ਹਾਂ 7 ਥਾਵਾਂ ਤੇ 7 ਮਹੀਨੇ ਦੇ ਥੋੜੇ ਸਮੇਂ ਵਿਚ ਅਪ੍ਰੈਲ ਤੋਂ ਨਵੰਬਰ 1783 ਤੱਕ ਗੁਰਦੁਆਰੇ ਬਣਵਾਏ। (22)
ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ ਉਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ ਉੱਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸ਼ਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ ਉੱਤੇ ਖੁਸ਼ ਹੋਇਆ ਤੇ ਤੋਹਫੇ ਦਿੱਤੇ।
ਗੁਰਦੁਆਰਾ ਸੀਸ ਗੰਜ ਸਾਹਿਬ ਗੁਰਦੁਆਰਾ ਰਕਾਬ ਗੰਜ ਸਾਹਿਬ ਗੁਰਦੁਆਰਾ ਮਜਨੂੰ ਕਾ ਟਿੱਲਾ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਬਾਲਾ ਸਾਹਿਬ ਗੁਰਦੁਆਰਾ ਮੋਤੀ ਬਾਗ ਸਾਹਿਬ ਗੁਰਦੁਆਰਾ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ
ਸੰਨ 1784 ਤੇ ਫਿਰ 1789 ਵਿੱਚ ਜਮਨਾ ਪਾਰੋਂ ਉਗਰਾਹੀਆਂ ਚੱਲਦੀਆਂ ਰਹੀਆਂ। (23,24) ਬਘੇਲ ਸਿੰਘ ਦੀ ਮੌਤ 1800 ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ।
ਹਵਾਲੇ
1. ਕਰਨਲ ਅਵਤਾਰ ਸਿੰਘ ਬਰਾੜ, ਜਰਨੈਲ ਬਘੇਲ ਸਿੰਘ, ਸਤਵੰਤ ਬੁਕ ਏਜੰਸੀ ਚਾਂਦਨੀ ਚੌਕ ਦਿਲੀ
2. ਡਾ: ਦਰਸ਼ਨ ਸਿੰਘ ਔਲਖ, ਜਥੇਦਾਰ ਬਘੇਲ ਸਿੰਘ, ਕਰਨਲ ਅਵਤਾਰ ਸਿੰਘ ਬਰਾੜ, ਜਰਨੈਲ ਬਘੇਲ ਸਿੰਘ ਵਿੱਚ ਪੰਨਾ 119-127
3. "ਇਨਸਾਈਕਲੋਪੀਡੀਆ ਆਫ ਸਿਖਿਜ਼ਮ" ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭਾਗ 1, ਪੰਨਾ 249 'ਚ ਡਾ: ਸ੍ਰੀ ਹਰੀ ਰਾਮ ਗੁਪਤਾ ਨੇ ਤੇ ਗਿਆਨੀ ਗਿਆਨ ਸਿੰਘ "ਤਵਾਰੀਖ ਗੁਰੂ ਖਾਲਸਾ" ਭਾਗ ਦੋ, ਪੰਨਾ 255. ਡਾ: ਤਾਰਨ ਸਿੰਘ "ਇਨਸਾਈਕਲੋਪੀਡੀਆ" ਭਾਗ 2 ਪੰਨਾ 568 ਵਿੱਚ ਉਸ ਨੂੰ ਝਬਾਲ ਦੇ ਭਾਈ ਲੰਗਾਹ ਦੇ ਵੰਸ਼ ਵਿੱਚੋਂ ਮੰਨਦਾ ਹੈ ਜੋ ਕਿ ਢਿਲੋਂ ਜੱਟ ਸੀ।'
4. ਜੇ,ਡੀ ਕਨਿੰਘਮ, "ਹਿਸਟਰੀ ਆਫ ਸਿਖਜ਼", ਜੋਜ਼ਫ ਡੇਵੀਜ਼, ਪੰਨਾ 97.
5. ਐਸ ਐਮ ਲਤੀਫ, ਹਿਸਟਰੀ ਆਫ ਦ ਪੰਜਾਬ" ਲਹੌਰ ਬੁੱਕ ਸ਼ਾਪ, ਪੰਨਾ 232
6. ਸੀਤਲ, ਸੋਹਣ ਸਿੰਘ, ਸਿੱਖ ਸ਼ਕਤੀ ਦਾ ਉਭਾਰ ਤੇ ਰਣਜੀਤ ਸਿੰਘ" ਪੰਨਾ 411
7. ਅਲੀਕੁਜ਼ਈ, ਹਾਮਿਦ ਵਾਹਿਦ (ਅਕਤੂਬਰ 2013), 25 ਖੰਡਾਂ ਵਿੱਚ ਅਫਗਾਨਿਸਤਾਨ ਦਾ ਸੰਖੇਪ ਇਤਿਹਾਸ, ਖੰਡ 14. ੀਸ਼ਭਂ 978-1-4907-1441-7, 29 ਦਸੰਬਰ 2014 ਨੂੰ ਮੁੜ ਪ੍ਰਾਪਤ ਕੀਤਾ।
8.ਗਾਂਧੀ, ਰਾਜਮੋਹਨ (14 ਸਤੰਬਰ 2013)। ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ੀਸ਼ਭਂ 9789383064410।
9. ਮਹਿਤਾ, ਜੇ. ਐਲ. (2005), ਆਧੁਨਿਕ ਭਾਰਤ 1707-1813 ਦੇ ਇਤਿਹਾਸ ਵਿੱਚ ਉੱਨਤ ਅਧਿਐਨ, ਸਟਰਲਿੰਗ ਪਬਲਿਸ਼ਰਜ਼ ਪ੍ਰਾ. ਲਿਮਟਿਡ ਪੀ. 251. ੀਸ਼ਭਂ 978-1-932705-54-6, 23 ਸਤੰਬਰ 2010 ਨੂੰ ਮੁੜ ਪ੍ਰਾਪਤ ਕੀਤਾ।
10. ਮਹਿਤਾ, ਜਸਵੰਤ ਲਾਲ (1 ਜਨਵਰੀ 2005)। ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਐਡਵਾਂਸਡ ਸਟੱਡੀ 1707-1813। ਸਟਰਲਿੰਗ ਪਬਲਿਸ਼ਰਜ਼ ਪ੍ਰਾ. ਲਿਮਿਟਡ. ੀਸ਼ਭਂ 978-1-932705-54-6 – ਗੂਗਲ ਬੁੱਕਸ ਰਾਹੀਂ।
12. ਧੰਨਾ ਸਿੰਘ ਚਾਹਲ, ਗੁਰ ਤੀਰਥ ਸਾਈਕਲ ਯਾਤਰਾ (11 ਮਾਰਚ 1930-26 ਜੂਨ 1934 ਈ.) (ਪੰਜਾਬੀ), ਯੂਰਪੀਅਨ ਪੰਜਾਬੀ ਸੱਥ, ਐਡ ਚੇਤਨ ਸਿੰਘ, ਪੰਨਾ.40313. ਸੀਤਲ, ਸੋਹਣ ਸਿੰਘ, ਸਿੱਖ ਸ਼ਕਤੀ ਦਾ ਉਭਾਰ ਤੇ ਰਣਜੀਤ ਸਿੰਘ" ਪੰਨਾ 413.
14. ਇਨਸਾਈਕਲੋਪੀਡੀਆ ਆਫ ਸਿਖਿਜ਼ਮ" ਭਾਗ 1, ਪੰਨਾ 249
15. ਰਤਨ ਸਿੰਘ ਭੰਗੂ, "ਪ੍ਰਾਚੀਨ ਪੰਥ ਪ੍ਰਕਾਸ਼" ਪੰਨਾ 440
16. ਰੂਪ ਸਿੰਘ , "ਪ੍ਰਮੁਖ ਸਿੱਖ ਸ਼ਖਸ਼ੀਅਤਾਂ" ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪੰਨਾ 149-150
17. ਗੋਕਲ ਚੰਦ ਨਾਰੰਗ "ਸਿੱਖ ਧਰਮ ਦਾ ਪਰਿਵਰਤਨ" ਪੰਨਾ 159.
18. ਡਾ: ਗੋਪਾਲ ਸਿੰਘ :"ਸਿੱਖ ਕੌਮ ਦਾ ਇਤਿਹਾਸ", ਪੰਨਾ 432
19. ਡਾ: ਹਰੀ ਰਾਮ ਗੁਪਤਾ (ਇੰਦਰਾਜ) "ਇਨਸਾਈਕਲੋਪੀਡੀਆ ਆਫ ਸਿਖਿਜ਼ਮ" ਭਾਗ 1, ਪੰਨਾ 249 (ਐਡੀਟਰ ਡਾ: ਹਰਬੰਸ ਸਿੰਘ)
20. "ਦਿੱਲੀ ਰੋਜ਼ਨਾਮਚਾ", ਪੰਨਾ 150-157, ਫਾਰਸਟਰ ਸਲੈਕਸ਼ਨਜ਼ ਜਿਲਦ 3 ਪੰਨਾ 1124
21. ਡਾ: ਗੋਪਾਲ ਸਿੰਘ :"ਸਿੱਖ ਕੌਮ ਦਾ ਇਤਿਹਾਸ", ਪੰਨਾ 432
22. ਗਿਆਨੀ ਗਿਆਨ ਸਿੰਘ, "ਤਵਾਰੀਖ ਗੁਰੂ ਖਾਲਸਾ", ਹਿੱਸਾ ਦੂਜਾ, ਪੰਨਾ 257-258
23. ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼" ਪੰਨਾ 448-450
24. ਡਾ: ਹਰੀ ਰਾਮ ਗੁਪਤਾ (ਇੰਦਰਾਜ) "ਇਨਸਾਈਕਲੋਪੀਡੀਆ ਆਫ ਸਿਖਿਜ਼ਮ" ਭਾਗ 1, ਪੰਨਾ 250 (ਐਡੀਟਰ ਡਾ: ਹਰਬੰਸ ਸਿੰਘ)