ਗੁਰ ਗੱਦੀ ਤੋਂ ਪਹਿਲਾਂ ਦੀ ਲੰਬੀ ਯਾਤਰਾ
9 ਜੂਨ 1656-1664 ਈ
ਪਹਿਲੀ ਲੰਬੀ ਯਾਤਰਾ ਗੁਰਿਆਈ ਮਿਲਣ ਤੋਂ ਪਹਿਲਾਂ ਜੂਨ 1656 (11 ਹਾੜ 1713 ਬਿਕ੍ਰਮੀ) ਦੀ ਹੈ। ਗੁਰੂ ਜੀ ਦੀ ਉਮਰ 35 ਸਾਲ ਦੀ ਸੀ ਜਦੋਂ ਉਨ੍ਹਾਂ ਨੇ ਪਹਿਲੀ ਯਾਤ੍ਰਾ ਅਰੰਭੀ।ਮਾਤਾ ਗੁਜਰੀ, ਮਾਤਾ ਨਾਨਕੀ, ਭਰਜਾਈ ਹਰੀ ਜੀ (ਸੁਪਤਨੀ ਸੂਰਜ ਮੱਲ ਜੀ). ਸਾਲਾ ਕ੍ਰਿਪਾਲ ਚੰਦ ਅਤੇ ਭਣਵਈਆ ਸਾਧੂ ਰਾਮ, ਗੁਰਸਿੱਖ ਭਾਈ ਦਿਆਲ ਦਾਸ (ਭਾਈ ਮਨੀ ਸਿੰਘ ਜੀ ਦੇ ਭਰਾ), ਗੁਆਲ ਦਾਸ, ਚਉਪਤਿ ਰਾਇ, ਭਾਈ ਮਤੀ ਦਾਸ, ਬਾਲੂ ਹਸਨਾ, ਅਲਮਸਤ, ਸੰਗਤੀਆ, ਦਰੀਆ ਤੇ ਦੁਰਗਾ ਦਾਸ ਤੇ ਹੋਰ ਸਿੱਖ ਨਾਲ ਸਨ। (1,2)
ਭੱਟ ਵਹੀ ਤਲਉਂਡਾ ਪਰਗਣਾ ਜੀਂਦ ਵਿੱਚ ਦਰਜ ਹੈ "ਗੁਰੂ ਤੇਗ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਜੀ ਮਹਲ ਛਟੇ ਕਾ ਪੋਤਾ ਗੁਰੂ ਅਰਜਨ ਕਾ ਸੋਢੀ ਖਤ੍ਰੀ ਬਾਸੀ ਕੀਰਤਪੁਰ ਪਰਗਣਾ ਕਹਿਲੂਰ ਸੰਮਤ ਸਤ੍ਰਾ ਸੈ ਤੇਰਾਂ ਅਸਾਢ ਪ੍ਰਵਿਸ਼ਟੇ ਗਿਆਰਾਂ; ਤੀਰਥ ਜਾਨੇ ਕੀ ਤਿਆਰੀ ਕੀ। ਗੈਲੋਂ ਮਾਤਾ ਨਾਨਕੀ ਜੀ ਆਈ ਇਸਤ੍ਰੀ ਗੁਰੂ ਹਰਗੋਬਿੰਦ ਜੀ ਕੀ, ਮਾਤਾ ਨੇਤੀ ਜੀ ਆਈ ਇਸਤ੍ਰੀ ਗੁਰੂ ਗੁਰਦਿਤਾ ਜੀ ਕੀ, ਮਾਤਾ ਹਰੀ ਜੀ ਆਈ ਇਸਤ੍ਰੀ ਸੂਰਜ ਮੱਲ ਕੀ, ਬਾਵਾ ਬਾਲੂ ਹਸਨਾ ਅਤੇ ਬਾਵਾ ਅਲਮਸਤ ਜੀ ਆਏ ਚੇਲੇ ਗੁਰੂ ਗੁਰਦਿਤਾ ਜੀ ਕੇ । ਮਾਤਾ ਗੁਜਰੀ ਜੀ ਆਈ ਇਸਤ੍ਰੀ ਗੁਰੂ ਤੇਗ ਬਹਾਦੁਰ ਜੀ ਕੀ। ਕਿਰਪਾਲ ਚੰਦ ਆਇਆ ਬੇਟਾ ਲਾਲ ਦਾਸ ਸੁਭਿਖੀ ਕਾ, ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਬ੍ਰਹਮਨ ਕਾ, ਸਾਧੂ ਰਾਮ ਆਇਆ ਬੇਟਾ ਧਰਮਚੰਦ ਖੋਸਲੇ ਕਾ, ਦੁਰਗਾ ਦਾਸ ਆਇਆ ਬੇਟਾ ਪਦਮ ਰਾਇ ਹਜਾਬਤ ਚੌਹਾਨ ਕਾ, ਦਰੀਆ ਆਇਆ ਬੇਟਾ ਮੂਲ ਚੰਦ ਜਲ੍ਹਾਨੇ ਪੁਆਰ ਕਾ, ਦਿਆਲ ਦਾਸ ਆਇਆ ਬੇਟਾ ਮਾਈ ਦਾਸ ਪੁਆਰ ਬਲਉਂਤ ਕਾ, ਚਉਪਤਿ ਰਾਇ ਅਇਆ ਬੇਟਾ ਪੇਰਾ ਰਾਮ ਛਿਬਰ ਕਾ। ਹੋਰ ਸਿੱਖ ਫਕੀਰ ਆਏ।(3)
ਬਾਰਸ਼ਾਂ ਦਾ ਮੌਸਮ ਖਤਮ ਹੋਣ ਤੇ ਰੋਪੜ, ਬਨੂੜ ਆਦਿ ਪਿੰਡਾਂ ਵਿਚ ਪ੍ਰਚਾਰ ਕਰਦੇ ਕੁਰਕਸ਼ੇਤਰ ਪਹੁੰਚੇ।(4-8) ਜ਼ਿਆਦਾਤਰ ਪ੍ਰਾਚੀਨ ਹਿੰਦੂ ਗ੍ਰੰਥਾਂ ਵਿੱਚ, ਕੁਰੂਕਸ਼ੇਤਰ ਇੱਕ ਸ਼ਹਿਰ ਨਹੀਂ ਬਲਕਿ ਇੱਕ ਖੇਤਰ ਹੈ । ਕੁਰੂਕਸ਼ੇਤਰ ਦੀਆਂ ਹੱਦਾਂ ਮੋਟੇ ਤੌਰ 'ਤੇ ਹਰਿਆਣਾ ਰਾਜ ਦੇ ਮੱਧ ਅਤੇ ਪੱਛਮੀ ਹਿੱਸਿਆਂ ਅਤੇ ਦੱਖਣੀ ਪੰਜਾਬ ਨਾਲ ਮਿਲਦੀਆਂ ਹਨ। 1947 ਵਿੱਚ ਕੁਰੂਕਸ਼ੇਤਰ ਨਾਮ ਦੇ ਇੱਕ ਸ਼ਰਨਾਰਥੀ ਕੈਂਪ ਦੀ ਸਥਾਪਨਾ ਤੋਂ ਪਹਿਲਾਂ, ਥਾਨੇਸਰ ਤਹਿਸੀਲ ਹੈੱਡਕੁਆਰਟਰ ਅਤੇ ਕਸਬੇ ਦਾ ਨਾਮ ਸੀ। ਥਾਨੇਸਰ ਜਾਂ ਸਥਾਨੇਸ਼ਵਰ ਇੱਕ ਇਤਿਹਾਸਕ ਸ਼ਹਿਰ ਹੈ ਜੋ ਹੁਣ ਨਵੇਂ ਬਣੇ ਕੁਰੂਕਸ਼ੇਤਰ ਸ਼ਹਿਰ ਦੇ ਨੇੜੇ ਸਥਿਤ ਹੈ।
ਮੌਜੂਦਾ ਥਾਨੇਸਰ ਕਸਬਾ ਇੱਕ ਪ੍ਰਾਚੀਨ ਟਿੱਲੇ ਉੱਤੇ ਸਥਿਤ ਹੈ। ਥਾਨੇਸਰ ਨੇ ਇਸਦਾ ਨਾਮ "ਸਥਾਨੇਸ਼ਵਰ" ਸ਼ਬਦ ਤੋਂ ਲਿਆ ਹੈ, ਜਿਸਦਾ ਅਰਥ ਹੈ "ਰੱਬ ਦਾ ਸਥਾਨ"। ਸਥਾਨਕ ਕਥਾਵਾਂ ਥਾਨੇਸਰ ਦੇ ਨੇੜੇ ਇੱਕ ਸਥਾਨ ਦੇ ਨਾਲ ਮਹਾਨ 'ਕੁਰੂਕਸ਼ੇਤਰ' ਦੀ ਪਛਾਣ ਕਰਦੀਆਂ ਹਨ। ਕੁਰੂਕਸ਼ੇਤਰ ਇਤਨਾ ਵਧਿਆ ਕਿ 23 ਜਨਵਰੀ 1973 ਨੂੰ ਕੁਰੂਕਸ਼ੇਤਰ ਨਾਮ ਦਾ ਨਵਾਂ ਜ਼ਿਲ੍ਹਾ ਬਣਾਇਆ ਗਿਆ, ਜਿਸ ਵਿੱਚੋਂ ਥਾਨੇਸਰ ਮੁੱਖ ਸ਼ਹਿਰ ਸੀ। ਲੋਕ ਹੁਣ, ਗਲਤੀ ਨਾਲ, ਥਾਨੇਸਰ ਸ਼ਹਿਰ ਨੂੰ 'ਕੁਰੂਕਸ਼ੇਤਰ' ਕਹਿ ਕੇ ਸੰਬੋਧਿਤ ਕਰਦੇ ਹਨ। ਕੁਰੂਕਸ਼ੇਤਰ ਅਜਿਹਾ ਸਥਾਨ ਹੈ ਜਿਸ ਦੀ ਸਾਰੇ ਹੀ ਗੁਰੂ ਸਾਹਿਬਾਨ ਨੇ ਯਾਤਰਾ ਕੀਤੀ ਹੈ ਅਤੇ ਸਭ ਗੁਰੂ ਸਾਹਿਬਾਨ ਦੀਆਂ ਯਾਦਾਂ ਨੂੰ ਸਮਰਪਿਤ ਗੁਰਦੁਆਰੇ ਹਨ ਥਾਨੇਸਰ ਅਤੇ ਕੁਰੂਕਸ਼ੇਤਰ ਵਿੱਚ 6 ਇਤਿਹਾਸਕ ਸਿੱਖ ਗੁਰਦੁਆਰੇ ਹਨ।
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੁਰੂਕਸ਼ੇਤਰ-ਤਸਵੀਰ 4.1
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰ ਗੱਦੀ ਮਿਲਣ ਤੋਂ ਪਹਿਲਾਂ ਸੰਨ 1656 ਅਤੇ ਮਾਲਵੇ ਦੀ ਯਾਤਰਾ ਦੌਰਾਨ ਸੰਨ 1670 ਵਿੱਚ ਇੱਥੇ ਆਏ ਸਨ। ਉਨ੍ਹਾਂ ਨੇ ਸਮੁਚੇ ਪਰਿਵਾਰ ਸਹਿਤ ਸਾਰੇ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ।ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸਥਾਪਿਤ ਹੈ।
ਝੀਵਰ ਹੇੜੀ
ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ ਵਿਚ ਇਹ ਪਿੰਡ ਲਾਡਵਾ-ਮੁਸਤਫਾਬਾਦ ਸੜਕ ਤੇ ਲਾਡਵੇ ਤੋਂ 16 ਕਿਲੋਮੀਟਰ ਦੀ ਦੂਰ ਤੇ ਸਥਿਤ ਹੈ। ਲਾਡਵੇ ਤੋਂ ਝੀਵਰਹੇੜੀ ਦੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਤੱਕ ਜਾਂਦੀ ਸੜਕ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਰੱਖਿਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਦੀ ਇਸ ਅਸਥਾਨ ਤੇ ਇਕ ਸਾਧੂ ਭਿਖਾਰੀ ਦਾਸ ਨਾਲ ਵਿਚਾਰ-ਚਰਚਾ ਹੋਈ ਸੀ। ਰਵਾਇਤ ਦੱਸਦੀ ਹੈ ਕਿ ਇਹ ਗੰਗਾ ਇਸ਼ਨਾਨ ਕਰਨ ਲਈ ਜਾਂਦਾ ਸੀ ਅਤੇ ਗੁਰੂ ਜੀ ਨੇ ਇਸ ਨੂੰ ਮਾਲਾ, ਖੜਾਵਾਂ ਅਤੇ ਚਿਪੀ ਦੇ ਕੇ ਇਹਨਾਂ ਨੂੰ ਵੀ ਇਸ਼ਨਾਨ ਕਰਾਉਣ ਲਈ ਕਿਹਾ। ਗੰਗਾ ਇਸਨਾਨ ਦੌਰਾਨ ਇਹ ਤਿੰਨ ਵਸਤਾਂ ਇਸ ਦੇ ਹੱਥੋਂ ਛੁੱਟ ਕੇ ਨਦੀ ਵਿੱਚ ਰੁੜ ਗਈਆਂ ਸਨ ਅਤੇ ਜਦੋਂ ਇਸ ਨੇ ਵਾਪਸ ਆ ਕੇ ਇਹ ਜਾਣਕਾਰੀ ਗੁਰੂ ਜੀ ਨੂੰ ਦਿੱਤੀ ਤਾਂ ਗੁਰੂ ਜੀ ਨੇ ਬੰਦ ਜੀ ਵਸਤਾਂ ਨੇੜੇ ਹੀ ਇਕ ਖੂਹੀ ਵਿਚੋਂ ਪ੍ਰਗਟ ਕਰ ਦਿੱਤੀਆਂ ਸਨ। ਗੁਰੂ ਜੀ ਨੇ ਇਸ ਨੂੰ ਤਨ ਦੀ ਸਫਾਈ ਨਾਲੋਂ ਮਨ ਦੀ ਸਫ਼ਾਈ ਕਰਨ ਤੇ ਜ਼ੋਰ ਦਿੱਤਾ ਸੀ। ਗੁਰਦੁਆਰਾ ਸਾਹਿਬ ਵਿਖੇ ਇਕ ਚਿੱਪੀ ਅਤੇ ਦੋ ਟੁਕੜਿਆਂ ਵਿਚ ਇਕ ਸਲੋਤਰ (ਮੋਟਾ ਡੰਡਾ) ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਚਿਪੀ ਗੁਰੂ ਜੀ ਦੀ ਅਤੇ ਸਲੋਤਰ ਭਿਖਾਰੀ ਦਾਸ ਦਾ ਦੱਸਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਪਿੱਪਲ ਦਾ ਇਕ ਪੁਰਾਤਨ ਰੁੱਖ ਸੰਭਾਲ ਕੇ ਰੱਖਿਆ ਹੋਇਆ ਹੈ।
ਜੂਨ 1931 ਵਿਚ ਇਸ ਗੁਰਧਾਮ ਦੇ ਹਾਲਾਤ ਦਾ ਵਿਖਿਆਨ ਕਰਦੇ ਹੋਏ ਭਾਈ ਧੰਨਾ ਸਿੰਘ ਦੱਸਦੇ ਹਨ ਕਿ ਏਹ ਗੁਰਦੁਆਰਾ ਉਦਾਸੀ ਮਹੰਤਾਂ ਪਾਸ ਹੈ ਜੋ ਕਿ ਗ੍ਰਹਿਸਤੀ ਹੈ ਤੇ ਮਰ ਚੁੱਕਾ ਹੈ।... ਜਿਸ ਵਕਤ ਨੌਵੇਂ ਪਿਤਾ ਜੀ ਇਸ ਜਗ੍ਹਾ ਆਏ ਸਨ ਤਾਂ ਇਕ ਬੋਹੜ ਦੇ ਦਰਖ਼ਤ ਹੇਠਾਂ ਇਕ ਸੰਤ ਬੈਠੇ ਸਨ। ਜੋ ਕਿ ਬੋਹੜ ਦਾ ਦਰਖ਼ਤ ਅੱਜ ਤੱਕ ਖੜਾ ਹੈ ਤਾਂ ਨੌਵੇਂ ਪਿਤਾ ਜੀ ਉਸ ਸੰਤ ਤੋਂ ਕੋਈ 40-50 ਕਰਮਾਂ ਦੇ ਫਾਸਲੇ ਤੇ ਬੋਹੜ ਦੀ ਛਾਂ ਛੱਡ ਕੇ ਧੁੱਪੇ ਹੀ ਬੈਠ ਗਏ ਸਨ ਤਾਂ ਉਸ ਮਹਾਤਮਾ ਨੇ ਆਪਣੇ ਚੇਲੇ ਨੂੰ ਕਿਹਾ ਕਿ ਓਹ ਜੋ ਮਹਾਤਮਾ ਜੀ ਧੁੱਪੇ ਬੈਠੇ ਹਨ ਉਹਨਾਂ ਨੂੰ ਛਾਵੇਂ ਬੁਲਾ ਲਿਆ ਤਾਂ ਜਿਸ ਵਕਤ ਸੰਤਾਂ ਦਾ ਚੇਲਾ ਗੁਰੂ ਜੀ ਨੂੰ ਆ ਕੇ ਕਹਿਣ ਲੱਗਾ ਕਿ "ਸੰਤੋ ਛਾਵੇਂ ਚੱਲ ਕੇ ਬੈਠੋ" ਤਾਂ ਗੁਰੂ ਜੀ ਨੇ ਕਿਹਾ ਕਿ "ਭਾਈ ਜੀ ਕਰਤਾ ਨੇ ਸਾਨੂੰ ਛਾਂ ਦੇਣੀ ਹੋਈ ਤਾਂ ਐਥੇ ਹੀ ਛਾਂ ਦੇ ਦੇਵੇਗਾ", ਤਾਂ ਉਸੀ ਵਕਤ ਜ਼ਮੀਨ ਵਿਚੋਂ ਪਿੱਪਲ ਦੀ ਇਕ ਟਾਹਣੀ ਨਿਕਲ ਆਈ ਜਿਸ ਦੀ ਗੁਰੂ ਜੀ ਉੱਤੇ ਛਾਉਂ ਹੋ ਗਈ।ਅੱਜ ਕਲ ਇਹ ਬੜਾ ਭਾਰੀ ਪਿਪਲ ਖੜਾ ਹੋਇਆ ਹੈ।ਇਹ ਪਿੱਪਲ, ਬਰੋਟਾ ਤੇ ਗੁਰਦੁਆਰਾ ਨਦੀ ਸਰੂਸਤੀ (ਸਰਸਵਤੀ) ਦੇ ਕੰਢੇ ਤੇ ਹੈ। ਇਸ ਜਗਾ ਗੁਰਦੁਆਰਾ ਨਹੀਂ ਹੈ ਜੋ ਕਿ ਮੰਜੀ ਸਾਹਿਬ ਹੀ ਹੈ ਤੇ ਨਿਸ਼ਾਨ ਸਾਹਿਬ ਪਿੱਪਲ ਦੇ ਉੱਤੇ ਝੂਲ ਰਿਹਾ ਹੈ। ਮਹੰਤਨੀ ਦੇ ਰਹਿਣ ਵਾਸਤੇ ਮਕਾਨਾਂ ਵਿਚ ਮਹਾਰਾਜ (ਸ੍ਰੀ ਗੁਰੂ ਗ੍ਰੰਥ ਸਾਹਿਬ) ਜੀ ਰੱਖੇ ਹੋਏ ਹਨ।
ਸਰਦਾਰ ਅਜੀਤ ਸਿੰਘ ਲਾਡਵਾ ਦੇ ਯਤਨਾਂ ਸਦਕਾ ਇੱਥੇ ਮੌਜੂਦ ਪੁਰਾਤਨ ਮੰਜੀ ਸਾਹਿਬ ਦੀ ਜਗ੍ਹਾ ਤੇ ਨਵੇਂ ਗੁਰਧਾਮ ਦੀ ਉਸਾਰੀ ਕੀਤੀ ਗਈ। ਇਸ ਨੇ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਅਤੇ ਲੰਗਰ ਲਈ ਜ਼ਮੀਨ ਦਾਨ ਦਿੱਤੀ ਸੀ। ਮੌਜੂਦਾ ਸਮੇਂ ਵਿਚ 5 ਏਕੜ ਜ਼ਮੀਨ ਤੇ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਹੈ ਜਿਸ ਵਿਚ ਦਰਬਾਰ ਹਾਲ, ਦੀਵਾਨ ਹਾਲ, ਲੰਗਰ ਹਾਲ, ਸਰੋਵਰ, ਸਟਾਫ਼ ਕਵਾਟਰਾਂ ਸਮੇਤ 18 ਰਿਹਾਇਸ਼ੀ ਕਮਰੇ, ਉਸਾਰੀ ਅਧੀਨ ਨਵਾਂ ਦਰਬਾਰ ਹਾਲ, ਅਜਾਇਬ ਘਰ, ਲਾਇਬਰੇਰੀ, ਸਾਧੂ ਭਿਖਾਰੀ ਦਾਸ ਦੀ ਯਾਦ ਵਿਚ ਗੁਰ-ਅਸਥਾਨ ਆਦਿ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦੀ 33 ਏਕੜ ਵਾਹੀ ਯੋਗ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ। 17 ਮਈ 1935 ਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ 75 ਜੀ. ਰਾਹੀਂ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਰ ਦਿੱਤਾ ਸੀ ਪਰ 2014 ਤੋਂ ਇਹ ਗੁਰਧਾਮ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।(ਪਰਮਵੀਰ ਸਿੰਘ ਡਾ: ਗੁਰੂ ਤੇਗ ਬਹਾਦਰ ਜੀ, ਜੀਵਨ, ਮਹਿਮਾ ਅਤੇ ਚਰਨ ਛੋਹ ਅਸਥਾਨ, 2022, ਪੰਨਾ 184)
ਝਗੂੜੀ
ਹਰਿਆਣੇ ਦੀ ਲਾਡਵਾ-ਯਮੁਨਾ ਨਗਰ ਸੜਕ ਤੇ ਲਾਡਵੇ ਤੋਂ ਰਾਦੌਰ ਰਾਹੀਂ 20 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਮੌਜੂਦ ਹੈ। ਯਮੁਨਾ ਨਗਰ ਜ਼ਿਲ੍ਹੇ ਦਾ ਇਹ ਪਿੰਡ ਗੁਰੂ ਤੇਗ ਬਹਾਦਰ ਜੀ ਦੀ ਯਾਦ ਦਿਵਾਉਂਦਾ ਹੈ। ਝੀਵਰਹੇੜੀ ਤੋਂ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿਖੇ ਆਏ ਸਨ। ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਇੱਥੇ ਇਕ ਮੰਜੀ ਸਾਹਿਬ ਮੌਜੂਦ ਸੀ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਫੌਜਾ ਸਿੰਘ ਦੱਸਦੇ ਹਨ ਕਿ ਇਸ ਪਿੰਡ ਦੀ ਫਿਰਨੀ ਅੰਦਰ ਉੱਤਰ ਵੱਲ ਇਕ ਥੜ੍ਹਾ ਬਣਿਆ ਹੋਇਆ ਹੈ। ਇਸ ਦੇ ਪਾਸ ਇਕ ਛੋਟਾ ਜਿਹਾ ਬੋਹੜ ਦਾ ਦਰੱਖਤ ਹੈ। ਪਿੰਡ ਵਾਲੇ ਉਸ ਥੜੇ ਨੂੰ ਗੁਰ ਮੰਜੀ ਸਾਹਿਬ ਕਹਿੰਦੇ ਹਨ।ਇਸ ਥੜ੍ਹੇ ਦੇ ਆਲੇ ਦੁਆਲੇ ਇਕ ਕਨਾਲ ਜ਼ਮੀਨ ਮੁਰੱਬਾਬੰਦੀ ਵੇਲੇ ਪਿੰਡ ਦੀ ਪੰਚਾਇਤ ਨੇ ਛੱਡ ਦਿੱਤੀ ਸੀ। ਇਹ ਜ਼ਮੀਨ ਗੁਰ ਮੰਜੀ ਸਾਹਿਬ ਦੇ ਨਾਂ ਹੈ ਅਤੇ ਮਾਲ ਦੇ ਰਿਕਾਰਡ ਵਿਚ ਵੀ ਦਰਜ ਹੈ। ਪਿੰਡ ਵਿਚ ਕੋਈ ਸਿੱਖ ਨਾ ਹੋਣ ਕਰਕੇ ਇਥੇ ਗੁਰਦੁਆਰਾ ਪ੍ਰਗਟ ਨਹੀਂ ਹੋ ਸਕਿਆ।
ਮੌਜੂਦਾ ਸਮੇਂ ਵਿਚ ਇਸ ਪਿੰਡ ਵਿਖੇ ਦੋ ਸਿੱਖ ਭਰਾ ਰਹਿੰਦੇ ਹਨ ਖ਼ ਸ. ਤ੍ਰਿਲੋਕ ਸਿੰਘ ਅਤੇ ਸ. ਜਸਮੇਰ ਸਿੰਘ। ਇਹ ਦੋਵੇਂ ਭਰਾ ਸ. ਜਗਤ ਸਿੰਘ ਦੇ ਪੁੱਤਰ ਹਨ ਜਿਹੜੇ ਕਿ ਪਾਕਿਸਤਾਨ ਤੋਂ ਇੱਥੇ ਆ ਕੇ ਵੱਸ ਗਏ ਸਨ। ਸ. ਤ੍ਰਿਲੋਕ ਸਿੰਘ ਖੇਤੀ ਕਰਦੇ ਹਨ ਅਤੇ ਇਹਨਾਂ ਦਾ ਭਰਾ ਰੇਲਵੇ ਵਿਚੋਂ ਰਿਟਾਇਰ ਹੋ ਕੇ ਹੁਣ ਇਥੇ ਹੀ ਆ ਗਿਆ ਹੈ। ਇਸੇ ਪਿੰਡ ਦੇ ਜੰਮਪਲ ਸ. ਤ੍ਰਿਲੋਕ ਸਿੰਘ ਦੀ ਉਮਰ 65 ਸਾਲ ਹੈ। ਇਹਨਾਂ ਨੇ ਦੱਸਿਆ ਕਿ ਜਦੋਂ ਉਹ ਇੱਥੇ ਆਏ ਤਾਂ ਇਕ ਥੜ੍ਹਾ ਸਾਹਿਬ ਇੱਥੇ ਮੌਜੂਦ ਸੀ ਜਿਸ ਦੀ ਜਗ੍ਹਾ ਤੇ ਲਗਪਗ 5 ਸਾਲ ਪਹਿਲਾਂ ਇਕ ਗੁਰਧਾਮ ਦੀ ਉਸਾਰੀ ਕੀਤੀ ਗਈ। ਲਗਪਗ 100 ਗਜ਼ ਜਗ੍ਹਾ ਤੇ ਉਸਾਰੇ ਹੋਏ ਇਸ ਗੁਰਧਾਮ ਦਾ ਨਾਂ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਹੈ, ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ। ਪਿੰਡ ਦੇ ਲੋਕ ਵੀ ਇਸ ਗੁਰਧਾਮ ਪ੍ਰਤੀ ਸ਼ਰਧਾ ਰੱਖਦੇ ਹਨ, ਸੁੱਖਣਾ ਸੁੱਖਦੇ ਹਨ। ਨੇੜੇ ਹੀ 2 ਕਿਲੋਮੀਟਰ ਦੀ ਦੂਰੀ ਤੇ ਇਸਮਾਇਲਪੁਰ ਪਿੰਡ ਹੈ ਜਿੱਥੋਂ ਦੀ ਸੰਗਤ ਇਥੇ ਹਾਜ਼ਰੀ ਭਰਦੀ ਹੈ। ਸੰਗਤ ਨਾ ਹੋਣ ਕਰਕੇ ਇਥੇ ਗ੍ਰੰਥੀ ਸਿੰਘ ਨਹੀਂ ਰੱਖਿਆ ਹੋਇਆ ਅਤੇ ਲੋੜ ਪੈਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਇਸਮਾਇਲਪੁਰ ਤੋਂ ਹੀ ਲਿਆਉਣੀ ਪੈਂਦੀ ਹੈ। ਸੰਗਤ ਵਿਚੋਂ ਜਦੋਂ ਕੋਈ ਅਖੰਡ ਪਾਠ ਜਾਂ ਕੀਰਤਨ ਕਰਵਾਉਂਦਾ ਹੈ ਤਾਂ ਇੱਥੇ ਰੌਣਕ ਹੁੰਦੀ ਹੈ।(ਪਰਮਵੀਰ ਸਿੰਘ ਡਾ: ਗੁਰੂ ਤੇਗ ਬਹਾਦਰ ਜੀ, ਜੀਵਨ, ਮਹਿਮਾ ਅਤੇ ਚਰਨ ਛੋਹ ਅਸਥਾਨ, 2022, ਪੰਨਾ 183)
ਦੌਲਤਪੁਰ ਮਾਲੀਆਂ
ਇਸ ਇਲਾਕੇ ਵਿਚ ਦੌਲਤਪੁਰ ਨਾਂ ਦੇ ਹੋਰ ਪਿੰਡ ਵੀ ਮੌਜੂਦ ਹਨ ਪਰ ਜਿਹੜਾ ਪਿੰਡ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਨਾਲ ਸੰਬੰਧਿਤ ਹੈ ਉਸ ਨੂੰ ਦੌਲਤਪੁਰ ਮਾਲੀਆਂ ਕਿਹਾ ਜਾਂਦਾ ਹੈ। ਅੰਬਾਲਾ ਸਹਾਰਨਪੁਰ ਰੇਲਵੇ ਲਾਈਨ ਤੇ ਮੁਸਤਫਾਬਾਦ ਰੇਲਵੇ ਸਟੇਸ਼ਨ ਤੋਂ ਸਾਢੇ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਰਸਵਤੀ ਨਦੀ ਕਿਨਾਰੇ ਕੁਟੀਆ ਬਣੀ ਹੋਈ ਹੈ ਜਿੱਥੇ ਕਿ ਗੁਰੂ ਤੇਗ ਬਹਾਦਰ ਜੀ ਦਾ ਚਰਨ ਛੋਹ ਪ੍ਰਾਪਤ ਅਸਥਾਨ ਹੈ। ਬਾਬਾ ਟਹਿਲ ਸਿੰਘ, ਬਾਬਾ ਕਪੂਰ ਸਿੰਘ, ਬਾਬਾ ਸ਼ਾਮ ਸਿੰਘ, ਬਾਬਾ ਤੁਨਿਆ ਰਾਮ ਦੀਆਂ ਇੱਥੇ ਸਾਮਾਧਾਂ ਬਣੀਆਂ ਹੋਈਆਂ ਹਨ।
ਸ. ਅਮਰੀਕ ਸਿੰਘ ਪੁੱਤਰ ਸ. ਜੀਵਨ ਸਿੰਘ ਇਥੋਂ ਨੇੜੇ ਹੀ ਪਿੰਡ ਫਰੀਦਪੁਰ ਵਿਖੇ ਰਹਿੰਦੇ ਹਨ ਜਿਹੜੇ ਕਿ ਇਸ ਅਸਥਾਨ ਸੰਬੰਧੀ ਕਾਫੀ ਜਾਣਕਾਰੀ ਰੱਖਦੇ ਹਨ ਅਤੇ ਇਹਨਾਂ ਕੋਲ ਇਸ ਅਸਥਾਨ ਨਾਲ ਸੰਬੰਧਿਤ ਬਹੁਤ ਸਾਰੇ ਮਹੱਤਵਪੂਰਨ ਕਾਗਜ਼ ਵੀ ਮੌਜੂਦ ਹਨ। ਇਹਨਾਂ ਵਿਚ ਬਾਬਾ ਖੁਦਾ ਸਿੰਘ ਦੀ ਗੱਦੀ ਦੇ ਵਾਰਸ ਬਾਬਾ ਨੰਦ ਸਿੰਘ ਦਾ 24.03.1964 ਦਾ ਇਕ ਹਲਫ਼ਨਾਮਾ ਵੀ ਮੌਜੂਦ ਹੈ ਜਿਸ ਵਿਚ ਇਸ ਅਸਥਾਨ ਦੇ ਗੱਦੀਦਾਰਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਹ ਅਸਥਾਨ ਨਿਰਮਲੇ ਸੰਤਾਂ ਦੀ ਸੇਵਾਖ਼ਸੰਭਾਲ ਵਿਚ ਸੀ। ਇਸ ਬਿਆਨ ਅਨੁਸਾਰ ਬਾਬਾ ਖੁਦਾ ਸਿੰਘ ਦੇ ਵਰੋਸਾਏ ਹੋਏ ਇਹ ਮਹੰਤ ਇੱਥੋਂ ਦੇ ਸੇਵਾਦਾਰ ਸਨ:1. ਮਹੰਤ ਹਰੀ ਸਿੰਘ (ਡਾ. ਫ਼ੌਜਾ ਸਿੰਘ ਨੇ ਇਹਨਾਂ ਦਾ ਨਾਂ ਮਹੰਤ ਹੀਰਾ ਸਿੰਘ ਨਿਰਮਲਾ ਲਿਖਿਆ ਹੈ।) 2. ਮਹੰਤ ਟਹਿਲ ਸਿੰਘ, 3. ਮਹੰਤ ਕਪੂਰ ਸਿੰਘ, 4. ਮਹੰਤ ਅਮਰ ਸਿੰਘ
ਸਿੱਖ ਸਰੋਤਾਂ ਵਿਚ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਬਾਬਾ ਖੁਦਾ ਸਿੰਘ ਨਿਰਮਲਾ ਸੰਪ੍ਰਦਾਇ ਨਾਲ ਸੰਬੰਧਿਤ ਸਨ। ਇਹਨਾਂ ਦਾ ਜਨਮ 1777 ਵਿਚ ਕੁਰਕਸ਼ੇਤਰ ਜ਼ਿਲ੍ਹੇ ਦੇ ਸ਼ਯਾਮਗੜ੍ਹ ਪਿੰਡ ਵਿਖੇ ਭਾਈ ਨੱਥਾ ਸਿੰਘ ਦੇ ਘਰ ਹੋਇਆ ਸੀ। ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦੇ ਨੌਰੰਗਾਬਾਦ ਦੇ ਰਹਿਣ ਵਾਲੇ ਬਾਬਾ ਬੀਰ ਸਿੰਘ ਦੇ ਇਹ ਚੇਲੇ ਬਣੇ। 1861 ਵਿਚ ਇਹ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ ਸਨ ਅਤੇ ਨੌਰੰਗਾਬਾਦ ਵਿਖੇ ਇਹਨਾਂ ਦੀ ਯਾਦਗਾਰ ਬਣੀ ਹੋਈ ਹੈ।
ਮੌਜੂਦਾ ਸਮੇਂ ਵਿਚ ਇਹ ਅਸਥਾਨ ਸਰਸਵਤੀ ਕੁਟੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਪਿੰਡ ਦਾ ਸਾਬਕਾ ਸਰਪੰਚ ਰਾਮ ਕਿਸ਼ਨ ਇੱਥੋਂ ਦੀ 11 ਮੈਂਬਰੀ ਕਮੇਟੀ ਦਾ ਪ੍ਰਧਾਨ ਹੈ। ਇਹਨਾਂ ਨੇ ਦੱਸਿਆ ਕਿ ਬਾਬਾ ਕਪੂਰ ਸਿੰਘ ਇਹਨਾਂ ਦੇ ਦਾਦੇ ਦੇ ਤਾਏ ਦਾ ਲੜਕਾ ਸੀ ਅਤੇ ਇਸ ਨਿਰਮਲ ਕੁਟੀਆ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਜ਼ਮੀਨ ਹੋਣ ਬਾਰੇ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ।ਫਰਵਰੀ 2016 ਵਿਚ ਇਸ ਅਸਥਾਨ ਤੇ ਝਗੜਾ ਹੋਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਥੋਂ ਚੁੱਕ ਕੇ ਯਮੁਨਾ ਨਗਰ ਦੇ ਡੇਰਾ ਸੰਤ ਪੁਰਾ ਵਿਖੇ ਪਹੁੰਚਾ ਦਿੱਤਾ ਗਿਆ ਸੀ। ਦੌਲਤਪੁਰ ਮਾਲੀਆਂ, ਭਗਵਾਨਪੁਰਾ, ਸਾਰਨ ਅਤੇ ਉਚਾ ਚੰਦਨ ਪਿੰਡਾਂ ਦੀ ਜ਼ਮੀਨ ਅਤੇ ਇਤਿਹਾਸਿਕ ਸਰੋਤਾਂ ਦੇ ਹਵਾਲੇ ਇਸ ਅਸਥਾਨ ਦਾ ਸੰਬੰਧ ਸਿੱਖੀ ਨਾਲ ਸਿਧ ਕਰਦੇ ਹਨ ਅਤੇ ਆਲੇ-ਦੁਆਲੇ ਵੱਸਦੀ ਸਿੱਖ ਸੰਗਤ ਇਸ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਹੈ।(ਪਰਮਵੀਰ ਸਿੰਘ ਡਾ: ਗੁਰੂ ਤੇਗ ਬਹਾਦਰ ਜੀ, ਜੀਵਨ, ਮਹਿਮਾ, ਚਰਨ ਛੋਹ ਅਸਥਾਨ, 2022 ਪੰਨਾ,184)
ਸੋਢਲ-ਸੁਢੈਲ
ਮੌਜੂਦਾ ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ ਵਿਚ ਪੈਂਦੇ ਜਗਾਧਰੀ ਨਗਰ ਤੋਂ ਲਗਪਗ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਸ ਪਿੰਡ ਵਿਖੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਜੀ ਦੀ ਯਾਦ ਦਿਵਾਉਂਦਾ ਹੈ।ਇਸ ਦੇ ਨਾਲ ਹੀ ਸੁਢੈਲ ਪਿੰਡ ਸਥਿਤ ਹੈ ਜਿਹੜਾ ਕਿ ਇਸ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਇਹਨਾਂ ਦੋਵਾਂ ਪਿੰਡਾਂ ਨੂੰ ਸਾਂਝੇ ਤੌਰ ਤੇ ਸੋਢਲ-ਸੁਢੈਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਏਥੇ ਵਣਜਾਰੇ ਸਿੱਖ ਮਿਲੇ । ਉਨ੍ਹਾਂ ਪਾਸ ਖੰਡ ਭਰੀ ਹੋਈ ਸੀ ਪੁਛਣ ਤੇ ਉਨ੍ਹਾਂ ਨੇ ਜੌਂ ਭਰੇ ਹੋਏ ਦੱਸੇ ਤਾਂ ਬਚਨ ਹੋਇਆ ਜੌਂ ਹੀ ਹੋਣਗੇ ਜਦ ਉਹ ਜੈਪੁਰ ਆਕੇ ਵੇਚਣ ਲੱਗੇ ਤਾਂ ਜੌਂ ਹੀ ਨਿਕਲੇ।ਉਨ੍ਹਾਂ ਪਛਤਾਕੇ ਗੁਰੂ ਜੀ ਦੇ ਚਰਨ ਆ ਫੜੇ। ਗੁਰੂ ਜੀ ਨੇ ਬਚਨ ਕੀਤਾ, "ਖੰਡ ਦੇ ਭਾ ਵਿਕ ਜਾਣਗੇ" ਤਾਂ ਕੁਦਰਤ ਨਾਲ ਪੋਹ ਚੜ੍ਹਦੇ ਬਰਖਾ ਹੋਈ ਤਾਂ ਜੌਂ ਬੀਜਣ ਲਈ ਚਾਰ ਸੇਰ ਪਕੇ ਵਿਕ ਗਏ ।
ਜੂਨ 1931 ਵਿਚ ਭਾਈ ਧੰਨਾ ਸਿੰਘ ਨੇ ਇਸ ਗੁਰਧਾਮ ਦੇ ਦਰਸ਼ਨ ਕੀਤੇ ਸਨ ਉਸ ਸਮੇਂ ਭਾਈ ਪੂਰਨ ਸਿੰਘ ਇੱਥੋਂ ਦੇ ਸੇਵਾਦਾਰ ਸਨ। ਇਹਨਾਂ ਤੋਂ ਇਲਾਵਾ ਭਾਈ ਹੁਸ਼ਿਆਰ ਸਿੰਘ, ਭਾਈ ਗੁਪਾਲ ਸਿੰਘ, ਭਾਈ ਅਨੂਪ ਸਿੰਘ, ਭਾਈ ਬਰਿਆਮ ਸਿੰਘ, ਭਾਈ ਮਨਫੂਲ ਸਿੰਘ ਆਦਿ ਇਸ ਗੁਰਧਾਮ ਨਾਲ ਜੁੜੇ ਹੋਏ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਇਸ ਗੁਰਧਾਮ ਦਾ ਪ੍ਰਬੰਧ ਕਰਦੀ ਹੈ। ਸਥਾਨਿਕ 5 ਮੈਂਬਰੀ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਸਵਰਨ ਸਿੰਘ 100 ਸਾਲ ਪੂਰੇ ਕਰ ਚੁੱਕੇ ਹਨ। 1982 ਤੋਂ ਇਹ ਇਸ ਗੁਰਦੁਆਰਾ ਸਾਹਿਬ ਦੀ ਸੇਵਾਖ਼ਸੰਭਾਲ ਕਰ ਰਹੇ ਹਨ। ਇਹਨਾਂ ਨੇ ਦੱਸਿਆ ਕਿ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਪਿਤਾ ਸ. ਰਣਧੀਰ ਸਿੰਘ 1955 ਤੋਂ ਲੈ ਕੇ 1982 ਤੱਕ ਇਸ ਗੁਰਧਾਮ ਦੀ ਸੇਵਾ ਸੰਭਾਲ ਕਰਦੇ ਰਹੇ ਹਨ। ਉਹਨਾਂ ਦੇ ਯਤਨਾਂ ਸਦਕਾ ਹੀ ਇਹ ਗੁਰਧਾਮ ਭਾਈ ਪੂਰਨ ਸਿੰਘ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਇਆ ਸੀ। ਸ. ਸਵਰਨ ਸਿੰਘ ਨੇ ਇਕ ਪੁਰਾਤਨ ਗਿਰਦਾਵਰੀ ਦਿਖਾਈ ਜਿਸ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਹ ਜ਼ਮੀਨ ਮਹਿਤਾਬ ਕੌਰ ਦੀ ਪੱਤੀ ਵਿਚ ਪੈਂਦੀ ਸੀ ਅਤੇ 12 ਜੂਨ 1887 ਤੋਂ ਪਹਿਲਾਂ ਦੀ ਮਾਫੀ ਚੱਲੀ ਆਉਂਦੀ ਹੈ।
ਪਹਿਲਾਂ ਇੱਥੇ ਦੋ ਕਮਰੇ ਸਨ ਜਿਨ੍ਹਾਂ ਵਿਚੋਂ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਅਤੇ ਦੂਜੇ ਵਿਚ ਗ੍ਰੰਥੀ ਸਿੰਘ ਦੀ ਰਿਹਾਇਸ਼ ਸੀ। 1969 ਵਿਚ ਇੱਥੇ ਇਕ ਨਵਾਂ ਦਰਬਾਰ ਹਾਲ ਬਣਾਇਆ ਗਿਆ ਅਤੇ 2013 ਵਿਚ ਇਸ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ। 2008 ਵਿਚ ਲੰਗਰ ਹਾਲ ਅਤੇ ਕੁੱਝ ਨਵੇਂ ਰਿਹਾਇਸੀ ਕਮਰਿਆਂ ਦੀ ਉਸਾਰੀ ਕੀਤੀ ਗਈ। ਮੌਜੂਦਾ ਸਮੇਂ ਵਿਚ ਗੁਰਦੁਆਰਾ ਸਾਹਿਬ ਦੀ 4 ਏਕੜ ਜ਼ਮੀਨ ਤੇ ਦਰਬਾਰ ਹਾਲ, ਲੰਗਰ ਹਾਲ, ਦਰਸ਼ਨੀ ਡਿਉੜ੍ਹੀ, 7 ਰਿਹਾਇਸ਼ੀ ਕਮਰੇ, ਤਿੰਨ ਸਟਾਫ਼ ਕਵਾਟਰ ਆਦਿ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦੇ ਨਾਂ 38 ਏਕੜ ਵਾਹੀ ਯੋਗ ਜ਼ਮੀਨ ਠੇਕੇ ਤੇ ਦਿੱਤੀ ਜਾਂਦੀ ਹੈ।(ਪਰਮਵੀਰ ਸਿੰਘ ਡਾ: ਗੁਰੂ ਤੇਗ ਬਹਾਦਰ ਜੀ, ਜੀਵਨ, ਮਹਿਮਾ ਅਤੇ ਚਰਨ ਛੋਹ ਅਸਥਾਨ, 2022, ਪੰਨਾ 174)
ਗੁਰਦੁਆਰਾ ਰਤਨਪੁਰਾ
ਰਤਨਪੁਰਾ ਜ਼ਿਲ੍ਹਾ ਅੰਬਾਲਾ ਥਾਣਾ ਜਗਾਧਰੀ ਵਿੱਚ ਰੇਲਵੇ ਸਟੇਸ਼ਨ ਜਗਾਧਰੀ ਤੋਂ ਦੱਖਣ ਨੂੰ 4 ਕਿਲੋਮੀਟਰ ਤੇ ਹੈ ਏਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਹੈ। ਸ੍ਰੀ ਗੁਰੂ ਜੀ ਨੇ ਬੂੜੀਏ ਨੂੰ ਜਾਂਦੇ ਚਰਨ ਪਾਏ ਹਨ, ਮੰਜੀ ਸਾਹਿਬ ਬਣਿਆ ਹੋਇਆ ਹੈ।(ਮਾਲਵਾ ਇਤਿਹਾਸ, 76)
ਬੂੜੀਆ
ਗੁਰੂ ਤੇਗ ਬਹਾਦੁਰ ਜੀ ਰਤਨਪੁਰੇ ਤੋਂ ਚੱਲ ਕੇ ਬੂੜੀਏ ਠਹਿਰੇ ਤੇ ਏਥੋਂ ਅੱਗੇ ਰਾਜਾ ਘਾਟ ਗਏ।ਬੂੜੀਆ ਜ਼ਿਲਾ ਅੰਬਾਲਾ ਦੀ ਜਗਾਧਰੀ ਤਹਿਸੀਲ ਵਿੱਚ ਜਗਾਧਰੀ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਤੇ ਹੈ।ਬੂੜੀਏ ਤੋਂ ਉੱਤਰ-ਪੱਛਮ ਜਗਾਧਰੀ ਵਾਲੀ ਪੱਕੀ ਸੜਕ ਦੇ ਕਿਨਾਰੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਗੁਰਦੁਆਰਾ ਹੈ। ਗੁਰ ਦਰਬਾਰ ਅਤੇ ਰਹਿਣ ਦੇ ਮਕਾਨ ਬਣੇ ਹੋਏ ਹਨ । ਰਈਸ ਬੂੜੀਏ ਵਲੋਂ ਗੁਰਦੁਆਰੇ ਦੇ ਨਾਉਂ ਜ਼ਮੀਨ ਵੀ ਹੈ। ਜਿਸ ਦਾ ਪ੍ਰਬੰਧ ਹੁਣ ਲੋਕਲ ਕਮੇਟੀ ਕੋਲ ਹੈ।ਇਸ ਗੁਰਦੁਆਰੇ ਤੋਂ ਦੱਖਣ ਵੱਲ ਸੂਰਜ ਕੁੰਡ ਨਾਮਕ ਹਿੰਦੂਆਂ ਦਾ ਪ੍ਰਸਿਧ ਮੰਦਿਰ ਵੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਵੀ ਗਏ ਦੱਸੇ ਜਾਂਦੇ ਹਨ। (ਮਾਲਵਾ ਇਤਿਹਾਸ, 76)
ਗੁਰਦੁਆਰਾ ਬੂੜੀਆ ਤਸਵੀਰ 4.2
ਰਾਜਾ ਘਾਟ
ਬੂੜੀਏ ਤੋਂ ਚੱਲ ਕੇ ਤਿੰਨ ਬੋਹੜਾਂ ਹੇਠ ਦੁਪਹਿਰ ਨੂੰ ਠਹਿਰੇ ਤੇ ਸੰਗਤ ਨੂੰ ਤਾਰਿਆ । ਬੋਹੜ ਹੁਣ ਤੱਕ ਹਨ।
ਦਰਾਜਪੁਰ
ਜਗਾਧਰੀ ਤੋਂ 8 ਕਿਲੋਮੀਟਰ ਤੇ ਏਥੇ ਦਰਾਜਪੁਰ ਇੱਕ ਰਾਤ ਰਹੇ । ਇੱਕ ਜਿਮੀਂਦਾਰ ਨੇ ਚੰਗੀ ਸੇਵਾ ਕਰਕੇ ਸੰਤਾਨ ਮੰਗੀ, ਬਚਨ ਹੋਇਆ ਇੱਕ ਤੋਂ ਇਕੀਸ, ਸੋ ਹੁਣ ੳਸੇ ਦੀ ਸੰਤਾਨ ਦੇ ਇੱਕੀ ਘਰ ਵਸਦੇ ਹਨ ਥੜੇ ਤੇ ਉਹੀ ਦੀਵਾ ਝਾੜੂ ਕਰਦੇ ਹਨ। ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆ ਹਨ।
ਚੰਨਣੇ ਪਿੰਡ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਨਦੀ ਕਿਨਾਰੇ ਹਰਨ ਦਾ ਸ਼ਿਕਾਰ ਕੀਤਾ। ਉਸ ਥਾਂ ਹੁਣ ਸੰਤ ਰਹਿੰਦੇ ਹਨ ਤੇ ਇਸਨੂੰ ਕੁਟੀ ਬੋਲਦੇ ਹਨ। ਆਮਦਨ ਚੜ੍ਹਤ ਦੀ ਹੈ।
ਸਾਂਤਲਸਰ
ਕਨਖਲ ਤੋਂ 2 ਕਿਲੋਮੀਟਰ ਤੇ ਹੈ। ਏਥੇ ਇਕ ਮੰਗਲ ਨਾਮ ਦਾ ਲੁਹਾਰ ਗੁਰੂ ਜੀ ਤੋਂ ਸਿੱਖ ਧਾਰਨ ਕਰਕੇ ਪ੍ਰਮਾਰਥ ਪਾਇਆ। ਪਿੰਡ ਹੁਣ ਮਾਫੀ ਹੈ।
ਯਾਤਰੀਆਂ ਦਾ ਇਹ ਸੰਗ ਹੌਲੀ ਹੌਲੀ ਪੈਦਲ ਤੁਰਦਾ ਤੇ ਥਾਂ ਥਾਂ ਪੜਾ ਕਰਦਾ ਚਾਰ ਪੰਜ ਮਹੀਨੇ ਬਾਦ ਹਰਿਦੁਆਰ ਪਹੁੰਚਿਆ ਜਿਸ ਬਾਰੇ ਪੰਡਾ ਵਹੀ ਵਿੱਚ ਦਰਜ ਹੈ, "ਲਿਖਤੇ ਤੇਗ ਬਹਾਦਰ ਬੇਟਾ ਗੁਰੂ ਹਰਗੋਬਿੰਦ ਜੀ ਕਾ ਬਾਸੀ ਕੀਰਤਪੁਰ ਤਅੱਲਕਾ ਰਾਜ ਕਹਿਲੂਰ ਸੰਮਤ ਸਤਰਾਂ ਸੈ ਤੇਰਸ ਮਾਘ ਮਾਸ ਕੀ ਪੂਰਨਮਾਸ਼ੀ ਕੇ ਦਿਵਸ ਸ੍ਰੀ ਗੰਗਾ ਜੀ ਆਏ। ਸਾਥ ਮਾਤਾ ਨਾਨਕੀ ਜੀ ਆਏ, ਸਾਥ ਇਸਤਰੀ ਮਾਤਾ ਗੁਜਰੀ ਜੀ ਆਈ ਸਣੇ ਸੰਗੀ ਸਾਥੀਆਂ ਸੁਖ ਦੇ ਇਸ਼ਨਾਨ।" (9) 29 ਮਾਰਚ 1657 ਨੂੰ ਇਹ ਸਾਰੀ ਸੰਗਤ ਹਰਿਦੁਆਰ ਸੀ ।
ਹਰਿਦਵਾਰ ਵਿਚ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਅਸਥਾਨ ਨਹੀਂ। ਗੁਰੂ ਜੀ ਤੇ ਸਾਰੀ ਸੰਗਤ ਗੰਗਾ ਘਾਟ ਤੇ ਗਏ ਸਨ ਤੇ ਉਸ ਅਸਥਾਨ ਦੇ ਵੀ ਦਰਸ਼ਨ ਕੀਤੇ ਜਿਥੇ ਗੁਰੂ ਨਾਨਕ ਦੇਵ ਜੀ ਨੇ ਪਾਂਡਿਆਂ ਨੂੰ ਮਨਘੜੰਤ ਰੀਤੀਆਂ ਤੋਂ ਰੋਕਿਆ ਤੇ ਫਿਰ ਦੂਸਰੇ ਗੁਰੂ ਸਾਹਿਬਾਨ ਵੀ ਆਏ। ਪਰ ਇਸ ਲੇਖਕ ਨੂੰ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਮਿਲਿਆ। ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਦੋ ਗੁਰਦੁਆਰੇ ਸਨ ਜਿਨ੍ਹਾਂ ਦੀ ਯਾਤਰਾ ਇਸ ਲਿਖਾਰੀ ਨੇ ਪੰਜਾਹ ਕੁ ਵਰ੍ਹੇ ਪਹਿਲਾਂ ਕੀਤੀ ਸੀ ।ਇਕ ਗੰਗਾ ਘਾਟ ਤੇ ਸੀ ਤੇ ਦੂਜਾ ਨਾਨਕ ਬਾੜੀ ਵਿੱਚ । ਪਰ ਜਦ ਇਕ ਸਾਲ ਪਹਿਲਾਂ ਇਸ ਲਿਖਾਰੀ ਨੇ ਦੁਬਾਰਾ ਯਾਤ੍ਰਾ ਕੀਤੀ ਤਾਂ ਗੰਗਾ ਘਾਟ ਵਾਲੇ ਗੁਰਦਵਾਰੇ ਦੀ ਥਾਂ ਉਤਰਾਖੰਡ ਦੀ ਸਰਕਾਰ ਨੇ ਸਰਕਾਰੀ ਬਿਲਡਿੰਗ ਬਣਾ ਦਿਤੀ ਸੀ ਅਤੇ ਨਾਨਕ ਬਾੜੀ ਵਾਲਾ ਗੁਰਦੁਆਰਾ ਕਿਰਾਏਦਾਰਾਂ ਨੇ ਅਪਣੇ ਕਬਜ਼ੇ ਵਿੱਚ ਕਰਕੇ ਮੰਦਿਰ ਵਿੱਚ ਬਦਲ ਦਿਤਾ ਸੀ। ਗੁਰੂ ਅਮਰਦਾਸ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਰਿਸ਼ੀਕੇਸ਼ ਵੱਲ ਹਰਿਦੁਆਰੋਂ ਹਟ ਕੇ ਹਨ।
ਇਸ ਤੋਂ ਅੱਗੇ ਇਸ ਵਹੀਰ ਨੂੰ ਪ੍ਰਚਾਰ ਲਈ ਟੋਲੀਆਂ ਵਿਚ ਵੰਡ ਦਿਤਾ ਗਿਆ ਤੇ ਆਸ ਪਾਸ ਦੇ ਪਿੰਡਾਂ ਵਿੱਚ ਧੁਰੰਧਰ ਪ੍ਰਚਾਰ ਸ਼ੁਰੂ ਕਰ ਦਿਤਾ। ਪੰਡਾ ਵਹੀ ਖੇਮ ਚੰਦ, (10) ਹਰਿਦਆਲ (11) ਅਤੇ ਸੇਵਾ ਸਿੰਘ ਦਾ ਸ਼ਹੀਦ ਬਿਲਾਸ (12) ਦਸਦੇ ਹਨ ਕਿ ਭਾਈ ਦਿਆਲਾ ਜੀ ਦੀ ਟੋਲੀ ਆਸ ਪਾਸ ਦੇ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਦੁਬਾਰਾ 17 ਮਈ 1659 ਨੂੰ ਹਰਿਦੁਆਰ ਪਹੁੰਚੇ। (10,11,12 ) (ਪਰਮਵੀਰ ਸਿੰਘ ਡਾ: ਗੁਰੂ ਤੇਗ ਬਹਾਦਰ ਜੀ, ਜੀਵਨ, ਮਹਿਮਾ ਅਤੇ ਚਰਨ ਛੋਹ ਅਸਥਾਨ, 2022, ਪੰਨਾ 180)
ਕਨਖਲ ਹਰਦਵਾਰ
ਏਥੇ ਪਹਿਲਾਂ ਗੁਰੂ ਅਮਰਦਾਸ ਜੀ ਆਏ ਸਨ। ਉਸ ਸਥਾਨ ਦੇ ਦਰਸ਼ਨ ਕਰ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕਰਕੇ ਸੰਗਤਾਂ ਨੂੰ ਨਾਮ ਦਾਨ ਤੇ ਸੱਚ ਨਾਲ ਜੁੜਣ ਦੇ ਉਪਦੇਸ਼ ਦਿਤੇ। ਗੁਰੂ ਕੀਆਂ ਸਾਖੀਆਂ ਅਨੁਸਾਰ ਹਰਿਦੁਆਰ ਤੋਂ ਅਗਲੀ ਯਾਤਰਾ ਗੜ੍ਹ ਮੁਕਤੇਸ਼ਰ, ਨੀਮਖਾਰ, ਲਖਨਊ, ਇਲਾਹਾਬਾਦ, ਮਿਰਜ਼ਾਪੁਰ, ਕਾਸ਼ੀ (ਬਨਾਰਸ), ਸਾਸਾਰਾਮ, ਗਯਾ, ਪਟਨਾ, ਸ਼ਾਹਜ਼ਾਦਪੁਰ, ਮਥੁਰਾਪੁਰ, ਢਾਕਾ, ਪਟਨਾ, ਦਿੱਲੀ ਤੇ ਬਕਾਲਾ ਦੀ ਬਣਦੀ ਹੈ।(13)
ਗੁਰਦੁਆਰਾ ਗੁਰੂ ਤੇਗ ਬਹਾਦਰ ਗੜ੍ਹ ਮੁਕਤੇਸ਼ਵਰ-ਤਸਵੀਰ 4.3
ਗੜ੍ਹਮੁਕਤੇਸ਼ਵਰ, ਮੇਰਠ ਦੇ ਨੇੜੇ ਹਾਪੁੜ ਸ਼ਹਿਰ ਦੇ ਬਿਲਕੁਲ ਬਾਹਰ, ਅਤੇ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ ਦੀ ਤਹਿਸੀਲ ਹੈ। ਗੜ੍ਹਮੁਕਤੇਸ਼ਵਰ ਇੱਕ ਪ੍ਰਾਚੀਨ ਸਥਾਨ ਹੈ ਜਿਸਦਾ ਜ਼ਿਕਰ ਭਾਗਵਤ ਪੁਰਾਣ ਅਤੇ ਮਹਾਂਭਾਰਤ ਵਿੱਚ ਮਿਲਦਾ ਹੈ। ਅਜਿਹੇ ਦਾਅਵੇ ਹਨ ਕਿ ਇਹ ਪਾਂਡਵਾਂ ਦੀ ਰਾਜਧਾਨੀ, ਪ੍ਰਾਚੀਨ ਹਸiਤਨਾਪੁਰ ਦਾ ਹਿੱਸਾ ਸੀ। ਕਸਬੇ ਦਾ ਨਾਮ ਮੁਕਤੇਸ਼ਵਰ ਮਹਾਦੇਵ ਦੇ ਮੰਦਿਰ ਤੋਂ ਲਿਆ ਗਿਆ ਹੈ, ਜੋ ਦੇਵੀ ਗੰਗਾ ਨੂੰ ਸਮਰਪਿਤ ਹੈ ਜਿਸਦੀ ਚਾਰ ਮੰਦਰਾਂ ਵਿੱਚ ਪੂਜਾ ਕੀਤੀ ਜਾਂਦੀ ਹੈ। (14) ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੜ੍ਹ ਮੁਕਤੇਸ਼ਵਰ ਦਾ ਸਬੰਧ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੈ ਜੋ ਆਸਾਮ ਤੋਂ ਵਾਪਸ ਆਉਂਦੇ ਸਮੇਂ ਵੀ ਇੱਥੇ ਆਏ ਸਨ।
ਸਥਾਨਕ ਵਿਸ਼ਵਾਸ ਅਨੁਸਾਰ, ਰਾਜਾ ਨਖ ਨੂੰ ਰੰਭਾ ਦੁਆਰਾ ਸਰਾਪ ਦੇ ਕੇ ਇੱਕ ਸੱਪ ਬਣਾ ਦਿਤਾ । ਇਹ ਸੱਪ ਨਖ ਖੂਹ ਵਿੱਚ ਰਹਿੰਦਾ ਸੀ। ਗੁਰੂ ਤੇਗ ਬਹਾਦਰ ਜੀ ਨੇ ਇਸ ਸੱਪ ਨੂੰ ਮੁਕਤ ਕੀਤਾ ਅਤੇ ਰੰਭਾ ਦਾ ਸਰਾਪ ਦੂਰ ਕੀਤਾ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ। ਇੱਥੇ ਮਨਾਇਆ ਜਾਣ ਵਾਲਾ ਮੁੱਖ ਗੁਰਪੁਰਬ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਹਰ ਮਹੀਨੇ ਅਮਾਵਸ ਵਾਲੇ ਦਿਨ ਆਸ-ਪਾਸ ਦੇ ਇਲਾਕਿਆਂ ਤੋਂ ਲਗਭਗ 400 ਤੋਂ 500 ਸਿੱਖ ਇੱਥੇ ਇਕੱਠੇ ਹੁੰਦੇ ਹਨ। (15) ਏਥੋਂ ਅੱਗੇ ਮੁਰਾਦਾਬਾਦ ਅਤੇ ਬਰੇਲੀ ਹੁੰਦੇ ਹੋਏ ਨੀਮਖਾਰ ਪਹੁੰਚੇ।
ਨੀਮਖਾਰ
ਨੈਮੀਸ਼ਰਨ ਨੂੰ ਨੀਮਸਾਰ ਜਾਂ ਨੀਮਖਾਰ ਵੀ ਕਿਹਾ ਜਾਂਦਾ ਹੈ। ਇਹ ਉੱਤਰ ਪ੍ਰਦੇਸ਼ ਵਿੱਚ ਲਖਨਊ ਦੇ ਨੇੜੇ ਜ਼ਿਲਾ ਸਿਤਾਰਪੁਰ ਵਿੱਚ ਸਥਿਤ ਹੈ। ਹਿੰਦੂ ਗ੍ਰੰਥ ਇਸਨੂੰ ਭਗਵਾਨ ਬ੍ਰਹਮਾ, ਭਗਵਾਨ ਵਿਸ਼ਨੂੰ, ਦੇਵੀ ਸਤੀ ਅਤੇ ਭਗਵਾਨ ਸ਼ਿਵ ਨਾਲ ਜੋੜਦੇ ਹਨ । ਨੈਮੀਸ਼ਰਨ ਗੰਗਾ ਨਦੀ ਦੀ ਸਹਾਇਕ ਨਦੀ ਗੋਮਤੀ ਦੇ ਕਿਨਾਰੇ ਸਥਿਤ ਹੈ। ਨਮਿਸ਼ਨਾਥ ਦੇਵਰਾਜ ਮੰਦਿਰ ਉੱਤਰ ਪ੍ਰਦੇਸ਼ ਵਿੱਚ ਸਥਿਤ ਵਿਸ਼ਨੂੰ ਨੂੰ ਸਮਰਪਿਤ ਇੱਕ ਹਿੰਦੂ ਮੰਦਰ ਹੈ। ਇਹ ਮੰਦਰ ਮਹੱਤਵਪੂਰਨ ਪੁਰਾਤਨਤਾ ਦਾ ਮੰਨਿਆ ਜਾਂਦਾ ਹੈ। ਇਸ ਮੰਦਰ ਨੂੰ ਵਿਸ਼ਨੂੰ ਦੇ ਅੱਠ ਮੰਦਰਾਂ ਵਿੱਚੋਂ ਇੱਕ ਵਜੋਂ ਗਿਣਿਆ ਜਾਂਦਾ ਹੈ ਜੋ ਸਵੈ-ਪ੍ਰਗਟ ਹੁੰਦਾ ਹੈ । ਪਵਿੱਤਰ ਸਰੋਵਰ ਚੰਕਰ ਕੁੰਡਾ ਮੰਦਰ ਨਾਲ ਜੁੜਿਆ ਹੋਇਆ ਹੈ ਅਤੇ ਇਹ ਇੱਕ ਤੀਰਥ ਸਥਾਨ ਹੈ ਜਿੱਥੇ ਲੋਕ ਤਿਉਹਾਰਾਂ ਦੇ ਮੌਕਿਆਂ ਦੌਰਾਨ ਇਸ਼ਨਾਨ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਰਿਸ਼ੀ ਨਾਰਦ ਨੇ ਤਿੰਨਾਂ ਸੰਸਾਰਾਂ ਵਿੱਚ ਸਭ ਤੋਂ ਉੱਤਮ ਤੀਰਥ ਦੀ ਖੋਜ ਕੀਤੀ ਸੀ। ਉਹ ਸ਼ਿਵ ਦੇ ਨਿਵਾਸ ਸਥਾਨ ਕੈਲਾਸ ਗਿਆ, ਫਿਰ ਵਿਸ਼ਨੂੰ ਦਾ ਨਿਵਾਸ ਖੀਰ ਸਾਗਰ ਗਿਆ ਅਤੇ ਅੰਤ ਵਿੱਚ ਨਮੀਸ਼ਾ ਜੰਗਲ ਵਿੱਚ ਜਲ ਸਰੀਰ ਵਿੱਚ ਉਤਰਿਆ।(16,17) ਇਹ ਸਥਾਨ ਲਖਨਊ ਤੋਂ ਉੱਤਰ-ਪੱਛਮ ਦਿਸ਼ਾ ਵਿੱਚ ਲਗਭਗ 90 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਲਖਨਊ ਤੋਂ ਲਗਭਗ 3-3.5 ਘੰਟਿਆਂ ਵਿੱਚ ਪਹੁੰਚਿਆ ਜਾ ਸਕਦਾ ਹੈ। ਇਹ ਸੰਦੀਲਾ ਰੇਲਵੇ ਸਟੇਸ਼ਨ ਤੋਂ 42 ਕਿਲੋਮੀਟਰ ਦੂਰ ਹੈ। ਨੀਮਖਾਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।
ਗੁਰਦੁਆਰਾ ਗੁਰੂ ਤੇਗ ਬਹਾਦਰ ਨੀਮਸਾਰ-ਤਸਵੀਰ 4.4
ਲਖਨਊ
ਲਖਨਊ ਦੇ ਸਭ ਤੋਂ ਪਵਿੱਤਰ ਗੁਰਦੁਆਰਿਆਂ ਵਿੱਚੋਂ, 300 ਸਾਲ ਤੋਂ ਵੱਧ ਪੁਰਾਣਾ ਗੁਰਦੁਆਰਾ ਨਾਦਾਨ ਮਹਿਲ ਦੇ ਮਕਬਰੇ ਤੋਂ ਕੁਝ ਮਿੰਟਾਂ ਦੀ ਦੂਰੀ 'ਤੇ ਯਾਹੀਆਗੰਜ ਸ਼ਹਿਰ ਦੇ ਸਭ ਤੋਂ ਜ਼ਿਆਦਾ ਭੀੜ ਭਰੇ ਬਾਜ਼ਾਰਾਂ ਵਿੱਚੋਂ ਇੱਕ ਵਿੱਚ ਸਥਿਤ ਹੈ, ਜ਼ਿਆਦਾਤਰ ਅਸਥਾਨ ਦਾ ਪੁਨਰ ਨਿਰਮਾਣ ਕੀਤਾ ਗਿਆ ਹੈ, ਗੁਰੂ ਗ੍ਰੰਥ ਸਾਹਿਬ ਨੂੰ ਉਸੇ ਸਥਾਨ 'ਤੇ ਰੱਖਿਆ ਗਿਆ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਤਿੰਨ ਦਿਨ ਠਹਿਰੇ ਸਨ ਅਤੇ ਸਿਮਰਨ ਕੀਤਾ ਸੀ। ਹਰ ਸਾਲ, ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਗੁਰੂ ਤੇਗ ਬਹਾਦਰ ਜਯੰਤੀ 'ਤੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੇ ਹਨ ਅਤੇ 10ਵੇਂ ਸਿੱਖ ਗੁਰੂ ਅਤੇ ਉਨ੍ਹਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੀ ਗਈ ਪਵਿੱਤਰ ਰਚਨਾ 'ਚੰਡੀ ਦੀ ਵਾਰ' ਦੀ ਪਹਿਲੀ ਪਉੜੀ ਦਾ ਉਚਾਰਨ ਕਰਕੇ ਉਨ੍ਹਾਂ ਨੂੰ ਯਾਦ ਕਰਦੇ ਹਨ। “ਕੀਰਤਨ ਅਤੇ ਭਾਈਚਾਰਕ ਤਿਉਹਾਰ ਜਸ਼ਨਾਂ ਦਾ ਹਿੱਸਾ ਹਨ। ਗ੍ਰੰਥੀ ਅਤੇ ਰਾਗੀ ਗੁਰਦੁਆਰਾ ਪਾਉਂਟਾ ਸਾਹਿਬ, ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਹਨ। ਗੁਰਦਵਾਰਾ ਯਾਹੀਆਗੰਜ ਦੇ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਮੇਂ ਸਾਢੇ ਸੱਤ ਵਜੇ ਪਾਲਕੀ 'ਤੇ ਪੰਜ ਕੁਇੰਟਲ ਫੁੱਲ ਚੜ੍ਹਾਏ ਜਾਣਗੇ। ਆਪਣੇ ਜੀਵਨ ਦੌਰਾਨ, ਗੁਰੂ ਤੇਗ ਬਹਾਦਰ ਨੇ ਨਵੇਂ ਪ੍ਰਚਾਰ ਕੇਂਦਰਾਂ ਦੀ ਸਥਾਪਨਾ ਅਤੇ ਪੁਰਾਣੇ ਨੂੰ ਨਵਿਆਉਣ ਦੁਆਰਾ ਧਰਮ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਕਈ ਤੀਰਥ ਯਾਤਰਾਵਾਂ ਕੀਤੀਆਂ। ਅਜਿਹੀ ਹੀ ਇੱਕ ਯਾਤਰਾ 'ਤੇ, ਉਹ 1670 ਵਿੱਚ ਪੰਜਾਬ ਦੇ ਅਨੰਦਪੁਰ ਸਾਹਿਬ ਵਾਪਸ ਆਉਂਦੇ ਸਮੇਂ ਲਖਨਊ ਗਏ ਸਨ।" ਗੁਰਦੁਆਰੇ ਦੇ ਅਧਿਕਾਰੀਆਂ ਦੇ ਅਨੁਸਾਰ, 17ਵੀਂ ਸਦੀ ਵਿੱਚ, ਯਾਹੀਆਗੰਜ ਬਹੁਤ ਸਾਰੇ ਕਾਯਸਥਾਂ ਅਤੇ ਉਦਾਸੀਆਂ ਨੇ ਆਬਾਦ ਕੀਤਾ ਸੀ। ਸਕੱਤਰ ਸਿੰਘ ਨੇ ਕਿਹਾ “ਜਿਸ ਸਥਾਨ ਉੱਤੇ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਹੈ ਇਹ ਇਲਾਕਾ ਜਿਆਦਾਤਰ ਉਦਾਸੀਆਂ ਦੇ ਕਬਜ਼ੇ ਵਿੱਚ ਸੀ। ਜਿੱਥੇ ਭਾਈਚਾਰੇ ਦੇ ਲੋਕ ਭਜਨ-ਕੀਰਤਨ ਕਰਦੇ ਸਨ ਇੱਕ ਛੋਟਾ ਜਿਹਾ ਕਮਰਾ ਸੀ, । ਗੁਰੂ ਜੀ ਦੀ ਫੇਰੀ ਤੋਂ ਬਾਅਦ, ਗੁਰਦੁਆਰੇ ਦਾ ਨੀਂਹ ਪੱਥਰ ਉਦਾਸੀ ਭਾਈਚਾਰੇ ਦੇ ਅਤੇ ਗੁਰੂ ਤੇਗ ਬਹਾਦਰ ਜੀ ਦੇ ਭਰਾ ਬਾਬਾ ਗੁਰਦਿੱਤਾ ਦੁਆਰਾ ਰੱਖਿਆ ਗਿਆ ਸੀ।ਬਾਅਦ ਵਿੱਚ, ਸ਼ਹਿਰ ਵਿੱਚ ਰਹਿਣ ਵਾਲੇ ਇੱਕ ਸੰਤ ਭਾਈ ਬਾਲਾ ਨੇ ਚਾਰਜ ਸੰਭਾਲ ਲਿਆ। (18)
ਗੁਰਦੁਆਰਾ ਗੁਰੂ ਤੇਗ ਬਹਾਦੁਰ, ਯਹੀਆ ਗੰਜ ਲਖਨਊ ਤਸਵੀਰ-4.5
ਗੁਰਦੁਆਰਾ ਲਖਨਊ ਵਿੱਚ ਪਾਲਕੀ ਤੇ ਹੁਕਮਨਾਮੇ ਤਸਵੀਰ-4.6
ਜੌਨਪੁਰ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਸ਼ਹਿਰ, ਜੋ ਗੋਮਤੀ ਨਦੀ ਦੇ ਕੰਢੇ 'ਤੇ ਸਥਿਤ ਹੈ, ਜਿੱਥੇ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਤਪ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਜੀ (ਬੜੀ ਸੰਗਤ) ਹੈ।
ਗੁਰਦੁਆਰਾ ਬੜੀ ਸੰਗਤ ਜੌਨਪੁਰ ਤਸਵੀਰ-4.7
ਜਦੋਂ ਗੁਰੂ ਤੇਗ ਬਹਾਦਰ ਜੀ 1665 ਵਿੱਚ ਪੰਜਾਬ ਤੋਂ ਭਾਰਤ ਦੇ ਪੂਰਬੀ ਭਾਗਾਂ ਦੀ ਯਾਤਰਾ ਕਰਦੇ ਹੋਏ ਲੰਘੇ, ਤਦ ਗੁਰਦੁਆਰੇ ਬੜੀ ਸੰਗਤ ਜੌਨਪੁਰ ਵਿੱਚ ਇੱਕ ਸਿੱਖ ਸੰਗਤ ਹੋਂਦ ਵਿੱਚ ਸੀ । ਸੁਰੀਲੇ ਗਾਇਕ ਭਾਈ ਗੁਰਬਖਸ਼ ਨੇ ਜੌਨਪੁਰ ਦੀ ਸੰਗਤ ਸਮੇਤ, ਵਾਰਾਨਸੀ ਵਿਖੇ ਗੁਰੂ ਜੀ ਨੂੰ ਬੁਲਾਵਾ ਭੇਜਿਆ। ਉਸਦੇ ਮਨਮੋਹਕ ਕੀਰਤਨ ਦੀ ਪ੍ਰਸ਼ੰਸਾ ਵਿੱਚ, ਗੁਰੂ ਜੀ ਨੇ ਉਸਨੂੰ ਇੱਕ ਮ੍ਰਿਦੰਗ ਦਿੱਤੀ। ਉਸ ਦਿਨ ਤੋਂ ਜੌਨਪੁਰ ਦੀ ਸੰਗਤ ਨੂੰ ਮ੍ਰਿਦੰਗ ਵਾਲੀ ਸੰਗਤ ਕਿਹਾ ਜਾਣ ਲੱਗਾ। ਪਟਨਾ ਤੋਂ ਪੰਜਾਬ ਪਰਤਦੇ ਸਮੇਂ ਗੁਰੂ ਤੇਗ ਬਹਾਦਰ ਜੀ ਜੌਨਪੁਰ ਵਿਖੇ ਭਾਈ ਗੁਰਬਖਸ਼ ਜੀ ਕੋਲ ਕੁਝ ਸਮਾਂ ਠਹਿਰੇ। ਗੁਰੂ ਜੀ ਦੀ ਫੇਰੀ ਦੀ ਯਾਦ ਵਿੱਚ ਉਹ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਜੀ ਧਿਆਨ ਵਿੱਚ ਬੈਠੇ ਸਨ ਇੱਕ ਥੜ੍ਹਾ ਬਣਾਇਆ ਗਿਆ ਸੀ। ਬਾਅਦ ਵਿੱਚ ਇਸ ਅਸਥਾਨ ਉੱਤੇ ਇੱਕ ਗੁਰਦੁਆਰਾ ਉਸਾਰਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਕ ਆਇਤਾਕਾਰ ਹਾਲ ਵਿਚ ਹੈ। ਇੱਕ ਵੱਖਰੇ ਛੋਟੇ ਕਮਰੇ ਦੇ ਅੰਦਰ ਬਣਿਆ ਥੜਾ ਗੁਰੂ ਜੀ ਦੇ ਤਪ ਅਸਥਾਨ ਨੂੰ ਦਰਸਾਉਂਦਾ ਹੈ।
ਬਹੁਤ ਸਾਰੇ ਲੋਕ, ਖਾਸ ਤੌਰ 'ਤੇ ਔਰਤਾਂ, ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਇੱਥੇ ਆਉਂਦੀਆਂ ਹਨ। ਗੁਰਦੁਆਰੇ ਤੋਂ ਦੂਰ ਦਰਿਆ ਦੇ ਕੰਢੇ ਰੇਤਲੇ ਟਿੱਲੇ ਦੇ ਉੱਪਰ, ਇੱਕ ਤੰਗ ਖੂਹ ਦੇ ਕੋਲ ਇੱਕ ਖੰਡਰ ਝੌਂਪੜੀ ਹੈ। ਇਹ ਝੌਂਪੜੀ ਅਤੇ ਇਸ ਦੇ ਆਲੇ-ਦੁਆਲੇ ਕਰੀਬ ਦੋ ਏਕੜ ਜ਼ਮੀਨ ਮਾਲ ਪਿੰਡ ਚੱਚਕਪੁਰ ਵਿੱਚ ਅੱਜ ਵੀ ਗੁਰਦੁਆਰਾ ਬੜੀ ਸੰਗਤ ਦੇ ਨਾਂ ’ਤੇ ਹੈ। ਸਥਾਨਕ ਪਰੰਪਰਾ ਅਨੁਸਾਰ, ਇਹ ਉਹ ਸਥਾਨ ਸੀ ਜਿੱਥੇ ਗੁਰੂ ਜੀ ਜੌਨਪੁਰ ਵਿਖੇ ਆਪਣੇ ਠਹਿਰਨ ਦੌਰਾਨ ਸਵੇਰੇ ਨਦੀ ਵਿੱਚ ਇਸ਼ਨਾਨ ਕਰਦੇ ਸਨ ਅਤੇ ਫਿਰ ਧਿਆਨ ਵਿੱਚ ਬੈਠਦੇ ਸਨ। ਜੌਨਪੁਰ ਵਿੱਚ ਇੱਕ ਹੋਰ ਤੀਰਥ ਅਸਥਾਨ ਹੁੰਦਾ ਸੀ ਜਿਸ ਨੂੰ ਛੋਲੀ ਸੰਗਤ ਕਿਹਾ ਜਾਂਦਾ ਸੀ। ਇਹ ਰਾਓ ਮੰਡਲ ਮੁਹੱਲੇ ਵਿੱਚ ਇੱਕ ਨਿੱਜੀ ਘਰ ਵਿੱਚ ਸਥਿਤ ਸੀ। 1960 ਦੇ ਦਹਾਕੇ ਦੇ ਅੱਧ ਵਿ~ਚ ਇਸ ਘਰ ਦੇ ਆਖ਼ਰੀ ਸਿੱਖ ਵਸਨੀਕ, ਸਰਦਾਰ ਜਵਾਹਰ ਸਿੰਘ ਦੀ ਮੌਤ ਤੱਕ, ਇਹ ਅਸਥਾਨ ਇਕ ਸੰਗਤ ਵਜੋਂ ਕੰਮ ਕਰਦਾ ਰਿਹਾ ਸੀ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ। ਇਸ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪੁਰਾਣੀ ਹੱਥ ਲਿਖਤ ਕਾਪੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਸਟੀਲ ਦਾ ਤੀਰ ਸੀ। ਇਹ ਦੋਵੇਂ ਹੁਣ ਗੁਰਦੁਆਰਾ ਬੜੀ ਸੰਗਤ ਵਿੱਚ ਰੱਖੇ ਗਏ ਹਨ। ਅਸਲ ਵਿੱਚ, ਉਸ ਗੁਰਦੁਆਰੇ ਵਿੱਚ ਦੋ ਹੱਥ ਲਿਖਤ ਬੀੜਾਂ ਹਨ, ਜਿਨ੍ਹਾਂ ਵਿੱਚੋਂ ਇੱਕ 1742 ਬਿਕਰਮੀ (ਈਸਵੀ 1685) ਵਿੱਚ ਅਤੇ ਦੂਜੀ 1801 ਬਿਕਰਮੀ (1744 ਈਸਵੀ) ਵਿੱਚ ਲਿਖੀ ਗਈ । (19. ਇਨਸਾਈਕਲੋਪੀਡੀਆ ਸਿਖਿਇਜ਼ਮ, ਜੌਨਪੁਰ )
ਇਲਾਹਾਬਾਦ, ਮਿਰਜ਼ਾਪੁਰ, ਕਾਸ਼ੀ (ਬਨਾਰਸ), ਸਾਸਾਰਾਮ, ਗਯਾ, ਪਟਨਾ, ਢਾਕਾ ਤੇ ਪਟਨਾ ਬਾਰੇ ਵਿਸਥਾਰ ਗੁਰੂ ਜੀ ਦੀ ਦੂਜੀ ਯਾਤਰਾ ਵਿੱਚ ਦਿੱਤਾ ਗਿਆ ਹੈ।ਸ਼ਾਹਜ਼ਾਦਪੁਰ ਅਤੇ ਮਥੁਰਾਪੁਰ ਵਿੱਚ ਗੁਰਦੁਆਰਾ ਸਾਹਿਬ ਨਹੀਂ ਮਿਲੇ।
ਸਾਹਿਬਜ਼ਾਦਾ ਤੇਗ ਬਹਾਦੁਰ ਦੂਸਰੀ ਟੋਲੀ ਨਾਲ ਹਰਿਦੁਆਰ ਦੇ ਆਸ ਪਾਸ ਦੇ ਇਲਾਕਿਆਂ ਤੋਂ ਅੱਗੇ ਗੜ੍ਹ ਮੁਕਤੇਸ਼ਵਰ, ਨੀਮਖਾਰ (ਜ਼ਿਲਾ ਸੀਤਾਪੁਰ, ਉਤਰ ਪ੍ਰਦੇਸ਼ (20,21) ਆਦਿਕ ਨਗਰਾਂ ਵਿਚ ਸਿੱਖੀ ਪ੍ਰਚਾਰ ਕਰਦੇ ਹੋਏ ਅਤੇ ਤ੍ਰਿਬੈਣੀ ਪ੍ਰਯਾਗ (ਇਲਾਹਾਬਾਦ) ਪਹੁੰਚੇ (22,23,24) । ਭੱਟ ਵਹੀ ਦੱਖਣੀ ਮੁਤਾਬਕ ਆਪਦਾ ਵਹੀਰ 19 ਅਪ੍ਰੈਲ 1661 ਨੂੰ ਪ੍ਰਯਾਗ ਵਿਖੇ ਸੀ (25)।ਮਿਰਜ਼ਾਪੁਰ ਆਦਿ ਤੋਂ ਹੋ ਕੇ ਦੋ ਕੁ ਮਹੀਨਿਆਂ ਪਿੱਛੋਂ ਇਹ ਪ੍ਰਚਾਰ ਵਹੀਰ 21 ਜੂਨ 1661 ਈ: (ਸੰਮਤ 1718 ਬਿ: ਹਾੜ ਸੁਦੀ 5) ਨੂੰ ਪਰਿਵਾਰ ਸਹਿਤ ਕਾਸ਼ੀ (ਬਨਾਰਸ) ਵਿੱਚ ਸਨ। ਇਥੋਂ ਸਾਸਾਰਾਮ ਆਦਿਕ ਥਾਵਾਂ ਤੋਂ ਹੁੰਦੇ ਹੋਏ ਵਹੀਰ ਗਯਾ ਤੇ ਫਿਰ ਪਟਨਾ ਪਹੁੰਚੀ (26, 27,28) ਗਯਾ ਵਿਚ ਗੁਰੂ ਹਰਗੋਬਿੰਦ ਜੀ ਦਾ ਪੁਰਾਣਾ ਸਿੱਖ ਭਾਈ ਜੈਤਾ ਸੇਠ ਮਿਲਿਆ ਜਿਸ ਨੇ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਪਰਿਵਾਰ ਤੇ ਸਿੱਖਾਂ ਨੂੰ ਅਪਣੇ ਸ਼ਹਿਰ ਪਟਣੇ ਲੈ ਗਿਆ।ਪਟਣੇ ਹੀ ਪੋਹ ਸੁਦੀ 7 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। (29,30,31) ਪਟਨੇ ਪਹੁੰਚਕੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਦੇ ਸੰਗਠਨ ਅਤੇ ਸਿੱਖੀ ਪ੍ਰਚਾਰ ਵਿੱਚ ਰੁੱਝ ਗਏ।ਬਾਲ ਗੋਬਿੰਦ ਦੇ ਜਨਮ ਸਮੇਂ ਵੀ ਉਹ ਪਟਨੇ ਵਿਚ ਨਹੀਂ ਸਨ।
ਸ਼ਾਹਜ਼ਾਦਪੁਰ ਤੋਂ ਗੁਰੂ ਜੀ ਮਥੁਰਾਪੁਰ ਵੀ ਗਏ ਤੇ ਉਥੇ ਧਰਮਸਾਲ ਵੀ ਬਣਵਾਈ ਸੀ।ਮਥੁਰਾਪੁਰ ਤੋਂ ਪਦਮਾ ਨਦੀ ਪਾਰ ਕਰਕੇ ਢਾਕੇ ਗਏ । (32) 6 ਅਕਤੂਬਰ 1661 ਨੂੰ ਗੁਰੂ ਹਰਿ ਰਾਇ ਜੀ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤਿ ਸਮਾਏ । ਗੁਰੂ ਹਰ ਰਾਇ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਖਬਰ ਉਨ੍ਹਾਂ ਨੂੰ ਪਟਣੇ ਮਿਲੀ ਤਾਂ ਉਹ ਅਫਸੋਸ ਕਰਨ ਲਈ ਪੰਜਾਬ ਨੂੰ ਵਾਪਿਸ ਮੁੜੇ। ਉਨ੍ਹਾਂ ਦੇ ਨਾਲ ਮਾਤਾ ਨਾਨਕੀ ਜੀ, ਮਾਤਾ ਹਰੀ ਜੀ ਅਤੇ ਦੀਵਾਨ ਦਰਗਾ ਮੱਲ ਆਦਿ ਮੁਖੀ ਸਿੱਖ ਸਨ।ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਨੂੰ ਭਾਈ ਦਿਆਲ ਦਾਸ ਦੀ ਦੇਖ ਭਾਲ ਅਧੀਨ ਪਟਨੇ ਛੱਡ ਆਏ ਸਨ। (33) ਪ੍ਰਯਾਗ ਹੁੰਦੇ ਹੋਏ ਸੰਮਤ 1720 ਬਿਕਰਮੀ ਚੇਤ ਸੁਦੀ 5 ਬੁਧਵਾਰ ਨੂੰ ਦਿੱਲੀ ਪਹੁੰਚੇ ਅਤੇ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਰਾਇਸੀਨਾ ਦਿੱਲੀ ਵਿੱਚ ਤਿੰਨ ਦਿਨ ਠਹਿਰੇ। (34) ਦਿੱਲੀ ਵਿੱਚ ਹੀ ਉਨ੍ਹਾਂ ਨੇ ਮਾਤਾ ਸੁਲੱਖਣੀ ਅਤੇ ਮਾਤਾ ਬੱਸੀ ਸੁਪਤਨੀ ਬਾਬਾ ਗੁਰਦਿਤਾ ਜੀ ਨਾਲ ਅਫਸੋਸ ਪ੍ਰਗਟ ਕੀਤਾ ਅਤੇ ਬਾਦਸ਼ਾਹ ਨੂੰ ਮਿਲਣ ਆਏ, ਗੁਰੂ ਹਰਿ ਕਿਸ਼ਨ ਜੀ ਦੇ ਦਰਸ਼ਨ ਕਰ ਕੇ ਬਕਾਲੇ ਚਲੇ ਗਏ। (35)
ਹਵਾਲੇ
1. ਭੱਟ ਵਹੀ ਪੂਰਬੀ ਦੱਖਣੀ, ਗੁਰੂ ਕੀਆਂ ਸਾਖੀਆਂ, ਸਾਖੀ 13
2. ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਪੰਨਾ 74 ਅਤੇ 81
3. ਭੱਟ ਵਹੀ ਤਲਉਂਡਾ ਪਰਗਣਾ ਜੀਂਦ, ਗੁਰੂ ਕੀਆਂ ਸਾਖੀਆਂ, ਸੰ: ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਲੋਅਰ ਮਾਲ ਪਟਿਆਲਾ, 1986, ਪੰਨਾ 12
4. ਕਲਾਲ, ਕੋਇਰ ਸਿੰਘ, ਗੁਰ ਬਿਲਾਸ ਪਾਤਸ਼ਾਹੀ 10, ਪੰਨਾ 24;
5. ਸੁੱਖਾ ਸਿੰਘ, ਭਾਈ, ਗੁਰ ਬਿਲਾਸ ਪਾਤਸ਼ਾਹੀ 10, ਲਾਲਚੰਦ ਮਾਣਕ ਟਾਹਲਾ ਪੁਸਤਕਾਂ ਵਾਲੇ, ਲੁਹਾਰੀ ਦਰਵਾਜ਼ਾ, ਲਾਹੌਰ, 1912, ਪੰਨਾ 19)
6. ਭੱਟ ਵਹੀ ਤਲੁੳਂਡਾ ਪਰਗਣਾ ਜੀਦ,
7. ਕੋਇਰ ਸਿੰਘ ਕਲਾਲ ਜੀ ਨੇ ਵੀ ਹਰਿਦੁਆਰ ਜਾਣ ਦਾ ਜ਼ਿਕਰ ਕੀਤਾ ਹੈ।
8. ਸ਼ਹੀਦ ਬਿਲਾਸ, ਗਿਆਨੀ ਗਰਜਾ ਸਿੰਘ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 1961, ਪੰਨਾ 25
9. ਪੰਡਾ ਵਹੀ ਭਵਾਨੀ ਦਾਸ, ਹਵੇਲੀ ਸੋਢੀਆਂ, ਹਰਿਦੁਆਰ
10 ਪੰਡਾ ਵਹੀ ਖੇਮ ਚੰਦ,
11. ਪੰਡਾ ਵਹੀ ਹਰਿਦਆਲ
12. ਸੇਵਾ ਸਿੰਘ ਸ਼ਹੀਦ ਬਿਲਾਸ
13 ਗੁਰੂ ਕੀਆਂ ਸਾਖੀਆਂ, ਸੰ ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਲੋਅਰ ਮਾਲ ਪਟਿਆਲਾ, 1986, ਪੰਨਾ 12-13
14. "About Us". Nagar Palika Parishad Garhmukteshwar. Archived from the original on 2 April 2015.Retrieved 13 August 2016.
15.
http://www.discoversikhism.com/sikh_gurdwaras/ gurdwar a_sri_guru_tegh_ bahadur_sahib_garhmuktes hwar.html
16. ਐੱਮ. ਐੱਸ., ਰਮੇਸ਼ (2000), 108 ਵੈਸ਼ਨਵੀ ਦਿਵਿਆ ਦੇਸਮ ਮਲਾਈ ਨਾਡੂ ਅਤੇ ਵਦਾ ਨਾਡੂ ਵਿੱਚ ਦਿਵਿਆ ਦੇਸਾਂ ਤਿਰੁਮਲਾਈ—ਤਿਰੁਪਤੀ ਦੇਵਸਥਾਨਮ, ਪੰਨਾ 188.
17. ਅਈਅਰ, ਪੀ.ਵੀ. ਜਗਦੀਸ (1991), ਦੱਖਣ ਭਾਰਤੀ ਗੁਰਦੁਆਰੇ: ਚਿੱਤਰਿਤ। ਨਵੀਂ ਦਿੱਲੀ: ਏਸ਼ੀਅਨ ਐਜੂਕੇਸ਼ਨਲ ਸਰਵਿਸਿਜ਼ ਪੰਨਾ 540. ISBN 81-206-0151-3.
18. Aditi Singh, 350 years ago, 9th Guru meditated here, Times of India, April 24, 2019
19. ਇਨਸਾਈਕਲੋਪੀਡੀਆ ਸਿਖਿਇਜ਼ਮ, ਜੌਨਪੁਰ
20. ਕਲਾਲ, ਕੋਇਰ ਸਿੰਘ, ਪੰਨਾ 24,
21. ਸੁੱਖਾ ਸਿੰਘ ਪੰਨਾ 24
22. ਦਸਮ ਗ੍ਰੰਥ, ਪੰਨਾ 56,
23. ਕਲਾਲ, ਕੋਇਰ ਸਿੰਘ, ਪੰਨਾ 24,
24.. ਸੁੱਖਾ ਸਿੰਘ, ਪੰਨਾ 24
25. ਭੱਟ ਵਹੀ ਦੱਖਣੀ, ਗੁਰੂ ਕੀਆਂ ਸਾਖੀਆਂ, ਸੰ ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਲੋਅਰ ਮਾਲ ਪਟਿਆਲਾ, 1986, ਪੰਨਾ 12-13
26. ਭੱਲਾ ਸਰੂਪ ਦਾਸ, ਮਹਿਮਾ ਪ੍ਰਕਾਸ਼ (ਕਵਿਤਾ) ਭਾਗ ਦੂਜਾ ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1971, ਪੰਨਾ 698-704,
27. ਕੋਇਰ ਸਿੰਘ ਕਲਾਲ, ਪੰਨਾ 24
28. ਸੁੱਖਾ ਸਿੰਘ, ਪੰਨਾ 19
29. ਭੱਟ ਵਹੀ ਪੂਰਬੀ ਦੱਖਣੀ,
30. ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਪੰਨਾ 99
31. ਗੁਰੂ ਕੀਆਂ ਸਾਖੀਆਂ, ਸਾਖੀ 13
32. ਮਹਿਮਾ ਪ੍ਰਕਾਸ਼, ਪੰਨਾ 718
33. ਗੁਰੂ ਕੀਆਂ ਸਾਖੀਆਂ, ਸਾਖੀ 16
34. ਭੱਟ ਵਹੀ ਪੂਰਬੀ ਦੱਖਣੀ
35. ਗੁਰੂ ਕੀਆਂ ਸਾਖੀਆਂ, ਸਾਖੀ 17 jkm