ਸ਼ੁਕਰਾਨਾ
ਐਸਾ ਪ੍ਰੇਮ ਚ ਮਨ ਖੋਇਆ, ਹੋਇਆ ਮਾਹੀ ਨਾਲ ਕੌਲ ਕਰਾਰ ਮੇਰਾ
ਇਹ ਸਾਰੀ ਤੇਰੀ ਦਾਨਾਈ ਏ, ਕਰਾਂ ਸ਼ੁਕਰੀਆ ਪਰਵਰਦਿਗਾਰ ਤੇਰਾ
ਮੇਰਾ ਯਾਰ ਮੇਰਾ ਪਿਆਰ ਤੂੰ ਏਂ, ਅਸਾਂ ਬੇਗਰਜ਼ ਉਲਫਤ ਬਣਾਈ ਏ
ਗਲ ਪਾ ਕੇ ਮਾਲਾ ਪਿਆਰ ਵਾਲੀ, ਤੇਰੇ ਦਰ ਤੇ ਅਲਖ ਜਗਾਈ ਏ
ਝੋਲੀ ਖਾਲੀ ਲੈ ਕੇ ਆਏ ਹਾਂ, ਭਰ ਕੇ ਲੈ ਜਾਣ ਦੀ ਆਸ ਲਗਾਈ ਏ
ਖੈਰ ਪਾ ਦੇ ਮੇਰੇ ਦਿਲਬਰਾ ਓਏ, ਤੇਰੀ ਪ੍ਰੀਤ ਚ ਵਜਦੀ ਸ਼ਹਿਨਾਈ ਏ
ਪਿਆਰ ਰੋਗ ਤੂੰ ਲਾ ਦਿੱਤਾ, ਉਹਦੀ ਕਲਮ ਚੋਂ ਹੋਵੇ ਇਜ਼ਹਾਰ ਤੇਰਾ
ਬੇਗਰਜ਼ ਪਿਆਰ ਦੇ ਰੰਗ ਰੱਤੇ, ਦੀਵਾਨੇ ਬੈਂਸ ਨੇ ਤੈਨੂੰ ਅਪਣਾਇਆ ਏ
ਤੇਰੀ ਪ੍ਰੀਤ ਚ ਉਹਨੂੰ ਰਾਹ ਲੱਭਾ, ਜਾ ਯਾਰ ਦਰ ਸੀਸ ਝੁਕਾਇਆ ਏ
ਦੀਵਾ ਬਾਲ ਚਿੱਤ ਪਿਆਰ ਵਾਲਾ, ਉਹਦੇ ਚਿੱਤ ਚਾਨਣ ਕਰਾਇਆ ਏ
ਤੇਰੀ ਪ੍ਰੀਤ ਨੇ ਐਸੀ ਝੱਲ ਮਾਰੀ, ਬਿਨਾ ਤੀਲੀ ਦੇ ਭਾਂਬੜ ਬਣਾਇਆ ਏ
ਵਾਕਣ ਅਲਲ ਮਨ ਉੜਾਈ ਜਾਵੇ, ਸਖੀ ਰੱਖ ਕੇ ਚਿੱਤ ਚ ਪਿਆਰ ਤੇਰਾ
ਲੱਗੀ ਲਾ ਕੇ ਮੁੜ ਨਾ ਬੁਝਣ ਦੇਵੇਂ, ਚੰਨਾਂ ਆਪੇ ਝੋਕਾ ਪਾਈ ਜਾਵੇਂ
ਜਿਵੇਂ ਜਿਵੇਂ ਪਿਆਰ ਦੀ ਅੱਗ ਭੜਕੇ, ਤਿਵੇਂ ਤਿਵੇਂ ਕਰੀਬ ਤੂੰ ਆਈ ਜਾਵੇਂ
ਇਕ ਮੈਂ ਚੱਲਾਂ ਦਸ ਤੂੰ ਆਵੇਂ, ਗੁਆਚੇ ਸਵਰਨ ਨੂੰ ਰਾਹ ਵਖਾਈ ਜਾਵੇਂ
ਪ੍ਰਭ ਇਸ਼ਕ ਦਾ ਜਾਦੂ ਮਾਰ ਕੇ ਤੂੰ, ਚੁੰਬਕ ਵਾਂਗ ਖਿੱਚ ਵਧਾਈ ਜਾਵੇਂ
ਪ੍ਰੀਤ ਨਿਭਦੀ ਆਪ ਮਿਟਾ ਕੇ ਈ, ਇਹੋ ਰਾਜ਼ ਸਾਜ਼ ਸਰਕਾਰ ਤੇਰਾ
ਮਾਹੀ ਤੇਰੀ ਯਾਦ ਸਤਾਉਂਦੀ ਏ, ਪਰ ਲਾ ਕੇ ਉੜ ਆਵਾਂ ਮੈਂ
ਉੜ ਅਰਸ਼ਾ ਫਿਰਾਂ ਤੈਨੂੰ ਲੱਭਦੀ, ਜਿੱਥੇ ਲੱਭੇਂ ਉਥੇ ਰੁਕ ਜਾਵਾਂ ਮੈਂ
ਬੀਬਾ ਬਣ ਕੇ ਖਾਕ ਦੁਆਰੇ ਦੀ, ਮੇਰੇ ਸੱਜਣਾਂ ਦੀ ਬਣ ਜਾਵਾਂ ਮੈਂ
ਤੇਰੇ ਦਰ ਤੇ ਬਹਿ ਕਰਾਂ ਚਾਕਰੀ, ਫਿਰ ਉਥੇ ਹੀ ਮਰ ਜਾਵਾਂ ਮੈਂ
ਤੇਰੇ ਬਾਝੋਂ ਹੁਣ ਨਾ ਝੱਟ ਲੰਘੇ, ਤੂੰ ਹੀ ਰੱਬ ਤੂੰ ਹੀ ਏਂ ਯਾਰ ਮੇਰਾ
ਹੱਥ ਰੱਖ ਕੇ ਬੈਂਸ ਦੇ ਸਿਰ ਉਤੇ, ਸਵਰਨ ਨੂੰ ਸੁਹਾਗਾ ਲਗਾ ਦਿੱਤਾ
ਪ੍ਰੀਤ ਦੀ ਝੱਲ ਪੱਖੀ, ਉਹਨੂਂ ਆਪਣੇ ਇਸ਼ਕ ਚ ਸ਼ਾਇਰ ਬਣਾ ਦਿੱਤਾ
ਫੂਕ ਮਾਰ ਕੇ ਕੰਨ ਚ ਬੈਂਸ ਦੇ, ਉਹਨੂੰ ਪ੍ਰੇਮ ਦਾ ਰਾਜ਼ ਸਮਝਾ ਦਿੱਤਾ
ਥੋੜੀ ਬਹੁਤ ਜੋ ਨਾ ਸਮਝ ਆਈ, ਉਹਨੂੰ ਯਾਰ ਨੇ ਸੱਦ ਸਮਝਾ ਦਿੱਤਾ
ਬਾਝੋਂ ਯਾਰ ਕਿਸੇ ਨ ਰੱਬ ਪਾਇਆ, ਹੋਇਆ ਯਾਰ ਸੰਗ ਇਕਰਾਰ ਤੇਰਾ
ਪੜ੍ਹਨ ਲਿਖਣ ਦੀ ਬੈਂਸ ਨਾ ਸਮਝ ਕਾਈ, ਤੂੰ ਲਿਖਣਾ ਆਪ ਸਿਖਾਇਆ ਏ
ਕਲਮ ਓਸ ਦੀ ਵਿਚ ਨਾ ਸੂਝ ਕਾਈ, ਲਿਖੇ ਜੋ ਤੂੰ ਉਹਨੂੰ ਸਮਝਾਇਆ ਏ
ਬੀਬਾ ਬੈਂਸ ਦੇ ਪੱਲੇ ਕੁਝ ਨਾ ਸੀ, ਰਾਜ਼ ਇਸ਼ਕ ਦਾ ਤੂੰ ਝੋਲੀ ਪਾਇਆ ਏ
ਕੋਈ ਨਹੀਂ ਜੱਗ ਚ ਨਿਮਾਨਣੇ ਦਾ, ਬਾਂਹ ਫੜ ਤੂੰ ਅਪਣਾ ਬਣਾਇਆ ਏ
ਸਵਰਨ ਨਿਮਾਣਾ ਕਰੇ ਸਜਦਾ, ਨਾਲੇ ਕਰੇ ਸ਼ੁਕਰੀਆ ਸਿਰਜਣਹਾਰ ਤੇਰਾ