• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,245
421
78
ਵਾਹਿਗੁਰੂ ਦਾ ਨਾਮ
ਡਾ: ਦਲਵਿੰਦਰ ਸਿਘ ਗ੍ਰੇਵਾਲ
ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ।
ਜੱਗ ਦੇ ਫਿਕਰੀਂ ਨਾ ਵਹਿਣਾ ਚਾਹੀਦਾ।
ਦੌਲਤਾਂ ਪਿੱਛੇ ਗੁਆ ਨਾ ਜ਼ਿੰਦਗੀ,
ਸੱਚ-ਸੁੱਚ ਤੇ ਪਿਆਰ ਗਹਿਣਾ ਚਾਹੀਦਾ।
ਸੋਚ ਬਹੁਤੀ ਕੀਤਿਆਂ ਬਣਨਾ ਏਂ ਕੀ?
ਓਸਦੀ ਮਰਜ਼ੀ 'ਚ ਰਹਿਣਾ ਚਾਹੀਦਾ।
ਸੁੱਖ ਵਿੱਚ ਨਾ ਨਾਮ ਭੁੱਲਣਾ ਚਾਹੀਦਾ,
ਦੁੱਖ ਭਾਣਾ ਮੰਨ ਸਹਿਣਾ ਚਾਹੀਦਾ।
ਰਾਤ ਸੁਹਣੀ ਸੌਂ ਕੇ ਜਿਹੜੀ ਨਿਕਲੀ,
'ਸ਼ੁਕਰ ਦਾਤਾ' ਉਠਦੇ ਕਹਿਣਾ ਚਾਹੀਦਾ।
ਚੰਗੀ ਸੰਗਤ ਉਹ, ਜੁੜੀ ਜੋ ਨਾਮ ਸੰਗ,
ਗੁਰਮੁਖਾਂ ਵਿੱਚ ਜਾ ਕੇ ਬਹਿਣਾ ਚਾਹੀਦਾ।
ਹੋਰਨਾਂ ਨੂੰ ਨਾਮ ਚਾਨਣ ਵੰਡਣਾ,
ਨਾਮ ਦਾ ਬਣਕੇ ਟਟਿਹਣਾ ਚਾਹੀਦਾ।
 

Dalvinder Singh Grewal

Writer
Historian
SPNer
Jan 3, 2010
1,245
421
78
ਜਦ ਲਿਖਦਾ ਹਾਂ ਕਵਿਤਾ ਤੇਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਲਿਖਦਾ ਹਾਂ ਕਵਿਤਾ ਤੇਰੀ, ਚੈਨ ਬੜਾ ਚਿੱਤ ਆਉਂਦਾ ਹੈ।
ਹੋਰ ਅਸਰ ਨਾ ਉਤਨਾ ਕੋਈ, ਜਿਤਨਾ ਤੇਰੇ ਨਾਉਂ ਦਾ ਹੈ।
ਗੁਰੂਆਂ ਦੀ ਇਹ ਦਿੱਤੀ ਗੁੜਤੀ, ਜੀਵਨ ਜਾਚ ਸਿਖਾ ਗਈ ਏ,
ਜਪੋ, ਜਪਾੳੇ ਨਾਮ, ਉਹ ਆਪੇ ਖੇੜਾ ਰੂਹ ਵਿੱਚ ਪਾਉਂਦਾ ਹੈ।
ਕਿਰਤ ਕਰੋ, ਵੰਡ ਛਕੋ ਹਮੇਸ਼ਾ, ਘਾਟਾ ਕਦੇ ਨਾ ਹੋਏਗਾ,
ਸੱਚ-ਸੁੱਚ ਤੇ ਪਿਆਰ ਹਰਿਕ ਦਾ, ਜੀਵਨ ਸਫਲ ਬਣਾਉਂਦਾ ਹੈ।
ਤੇਰੀ ਮਿਹਰ ਰਹੇ ਸਿਰ ਦਾਤਾ, ਹੋਰ ਕੀ ਮੈਂਨੂੰ ਚਾਹੀਦਾ,
ਤੇਰਾ ਦਿਤਾ ਸੱਭ ਕੁਝ ਪਾਇਆ, ਮਨ ਪਲ ਨਾ ਘਬਰਾਉਂਦਾ ਹੈ।
ਜਗਤ ਸਹਾਰਾ ਤੂੰ ਹੈਂ ਇਕੋ, ਸਭ ਦਾ ਪਾਲਣਹਾਰਾ ਹੈਂ,
ਜੋ ਆਖੇ ਮੈਂ ਟੱਬਰ ਪਾਲਾਂ, ਕੋਰਾ ਝੂਠ ਅਲਾਉਂਦਾ ਹੈ।
ਮਾਇਆ ਹੱਥ ਦੀ ਮੈਲ ਹੈ ਜਿਹੜੀ ਆਉਂਦੀ ਜਾਂਦੀ ਰਹਿੰਦੀ ਹੈ,
ਖਾਲੀਂ ਹਥੀਂ ਘੱਲੇ ਜੱਗ ਤੇ, ਖਾਲੀ ਹੱਥ ਭਿਜਵਾਉਂਦਾ ਹੈ।
ਮਾਣ ਕਰੋ ਨਾ ਕੀਤੇ ਦਾ ਜਾਂ, ਜੋ ਕੁਝ ਖੱਟਿਆ-ਵੱਟਿਆ ਹੈ,
ਇਹ ਸਭ ਉਸ ਦੀਆਂ ਮਿਹਰਾਂ, ਦੇਵੇ ਜਿਸ ਨੂੰ ਜਿਤਨਾ ਚਾਹੁੰਦਾ ਹੈ।
ਉਸ ਨੂੰ ਜਪਣਾ ਅਸਲ ਕਾਰ ਹੈ, ਬਾਕੀ ਗੋਰਖ ਧੰਦੇ ਨੇ,
ਗ੍ਰੇਵਾਲ ਤਾਂ ਤਾਂਹੀਉਂ ਉਸਨੂੰ ਚੱਤੋ-ਪਹਿਰ ਧਿਆਉਂਦਾ ਹੈ।
 

Dalvinder Singh Grewal

Writer
Historian
SPNer
Jan 3, 2010
1,245
421
78
ਦਾਤਾ ਤੇਰੇ ਨਾਮ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੱਜ ਮੇਰੀ ਸ਼ਾਮ ਸਾਰੀ ਦਾਤਾ ਤੇਰੇ ਨਾਮ।
ਜੱਗ ਤੇਰੇ ਨਾਮ ਤੇ ਹੈ ਹੋਇਆ ਇਲਹਾਮ।
ਜਿੱਧਰ ਵੀ ਵੇਖਾਂ ਬਸ ਦਿਸਦਾ ਏਂ ਤੂੰ,
ਏਸੇ ਲਈ ਨਾ ਜੱਗ ਤੋਂ ਮੈਂ ਹੋਇਆ ਉਪਰਾਮ।
ਸੱਚ-ਸੁੱਚ ਪਿਆਰ ਨਾਲ ਭਾਈਚਾਰਾ ਰੱਖ,
ਸਾਰਾ ਸੁੱਖ ਏਸੇ ਵਿੱਚ ਚਿੱਤ ਨੂੰ ਆਰਾਮ।
ਉਹੀਓ ਚੰਗੇ ਵੰਡਦੇ ਨੇ ਜਿਹੜੇ ਤੇਰਾ ਨਾਮ,
ਟੁੱਟੇ ਜਿਹੜੇ ਨਾਮ ਤੋਂ ਨੇ, ਧੁਰੋਂ ਬਦਨਾਮ।
ਭਉ ਚਿੱਤ ਰੱਖ, ਭਾਉ ਪਾ ਲੈ ਸੱਭ ਨਾਲ,
ਓਸਦੇ ਪ੍ਰੇਮ ਵਿੱਚ ਸੱਚਾ ਵਿਸ਼ਰਾਮ।
ਭਾਗਾਂ ਵਾਲਾ ਵੇਲਾ, ਜਦ ਉਹਦੇ ਨਾਲ ਜੁੜੇ,
ਜਿੱਥੇ ਨਾਮ ਗੂੰਜਦਾ ਹੈ, ਓਹੀਓ ਸੱਚਾ ਧਾਮ।
ਦੁਨੀਆਂ ਦੇ ਨਾਲ ਅਸੀਂ ਰੱਖਿਆ ਨਾ ਮੋਹ,
ਜਾਵਾਂਗੇ ਅਨਾਮ ਅਸੀਂ ਆਏ ਸੀ ਅਨਾਮ।
 

Dalvinder Singh Grewal

Writer
Historian
SPNer
Jan 3, 2010
1,245
421
78
ਤੇਰੇ ਵਰਗਾ ਦੁਨੀਆਂ ਉੱਤੇ ਹੋਰ ਨਹੀਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ



ਤੇਰੇ ਵਰਗਾ ਦੁਨੀਆਂ ਉੱਤੇ ਹੋਰ ਨਹੀਂ।

ਜਿਸਦੇ ਅੱਗੇ ਚਲਦਾ ਕੋਈ ਜ਼ੋਰ ਨਹੀਂ।

ਤੇਰੀ ਮਰਜ਼ੀ ਬਿਨ ਨਾ ਪੱਤਾ ਹਿਲਦਾ ਹੈ,

ਜੋ ਤੂੰ ਭਾਗੀਂ ਲਿਖਿਆ ਸੋਈ ਮਿਲਦਾ ਹੈ।

ਜੋ ਵੀ ਤੂੰ ਕਰਵਾਵੇਂ ਉਹ ਹੀ ਹੋਣਾ ਹੈ।

ਪੁੱਜੇ ਜੇ ਨਾ ਆਸ ਕਿਸ ਲਈ ਰੋਣਾ ਹੈ।

ਵੱਸ ਨਾ ਚੱਲੇ ਜੇ ਕਰ, ਤੈਨੂੰ ਯਾਦ ਕਰਾਂ,

ਤੇਰੇ ਬਿਨ ਨਾ ਹੋਰ ਕਿਸੇ ਤੋਂ ਕਦੇ ਡਰਾਂ।

ਦੁਨੀਆਂ ਤੈਨੂੰ ਲਭਦੀ ਜੰਗਲ ਬੇਲੇ ਵਿੱਚ,

ਕੋਈ ਤੈਨੂੰ ਲੱਭੇ ਜੱਗ ਦੇ ਮੇਲੇ ਵਿੱਚ।

ਮੈਂ ਤਾਂ ਤੈਨੂੰ ਅੰਦਰ ਤੋਂ ਹੀ ਤੱਕ ਲੈਨਾ।

ਕਰਕੇ ਸ਼ੁਕਰ ਤੇਰਾ ਪਰਸਾਦਾ ਛਕ ਲੈਨਾ।

ਤੇਰਾ ਦਿਤਾ ਮਿਲਦਾ ਬਹੁਤੀ ਲੋੜ ਨਹੀਂ,

ਮਿਹਰ ਤੇਰੀ ਜੇ ਹੋਵੇ ਫਿਰ ਕੋਈ ਥੋੜ ਨਹੀਂ।

ਤੇਰੇ ਨਾਂ ਨੂੰ ਜਪ ਜਪ ਮਿਲਦਾ ਚੈਨ ਸਦਾ।

ਸੁੱਖਾਂ ਵਿੱਚ ਦਿਨ ਗੂੜ੍ਹੀ ਨੀਂਦਰ ਰੈਣ ਸਦਾ।

ਹੋਰ ਤੋਂ ਲੈਣਾ ਕੀ ਜਦ ਸੱਭ ਕੁੱਝ ਤੂੰਹੀਓਂ ਏਂ ।

ਕੀ ਸੁਣਨਾ ਕੀ ਕਹਿਣਾ ਜਦ ਸੱਭ ਤੂਹੀਓਂ ਏਂ।

ਤੇਰੇ ਹੁਕਮ ਬਿਨਾ ਤਾਂ ਜੀਵਨ-ਤੋਰ ਨਹੀਂ।

ਤੇਰੇ ਵਰਗਾ ਦੁਨੀਆਂ ਉੱਤੇ ਹੋਰ ਨਹੀਂ।

ਜਿਸਦੇ ਅੱਗੇ ਚਲਦਾ ਕੋਈ ਜ਼ੋਰ ਨਹੀਂ।
 

swarn bains

Poet
SPNer
Apr 8, 2012
774
187
ਮੇਰਾ ਮੁਰਸ਼ਦ ਰੱਬ



ਛੁਪ ਕੇ ਬਹਿ ਗਿਆ ਸਾਜ ਕੇ ਜੱਗ, ਖੋਜੇ ਤੈਨੂੰ ਸਾਰਾ ਜੱਗ

ਆਸਾਂ ਕੂ ਤੈਂਢੀ ਸਾਰ ਨ ਕਾਈ, ਮੇਰਾ ਮੁਰਸ਼ਦ ਮੇਰਾ ਰੱਬ



ਬਾਵਨ ਜੁਗ ਬੈਠਾ ਘੁੱਪ ਹਨ੍ਹੇਰੇ, ਕੁਝ ਨ ਪ੍ਰਗਟੈ ਮਨ ਚ ਤੇਰੇ

ਅੰਦਰ ਬੈਠਾ ਮੁਰਸ਼ਦ ਸਾਧਿਆ, ਤਾਕ ਖ੍ਹੁਲ ਗਏ ਮਨ ਦੇ ਤੇਰੇ

ਸਭ ਤੋਂ ਪਹਿਲਾਂ ਵਕਤ ਬਣਾਇਆ, ਵਕਤ ਚਲਾਵੈ ਸਾਰਾ ਜੱਗ



ਫਿਰ ਤੁਧ ਸਾਜ ਤੀ ਮਾਇਆ, ਮਾਇਆ ਸਾਜ ਜੀਵ ਜੰਤ ਉਪਾਇਆ

ਮਾਇਆ ਬਾਝੋਂ ਜੱਗ ਨੀ ਫਲਦਾ, ਮਾਇਆ ਸਾਰਾ ਜੱਗ ਭਰਮਾਇਆ

ਬੈਂਸ, ਜੀਵ ਜੰਤ ਸਭ ਤੈਨੂੰ ਭੁੱਲ ਗਏ, ਲੋਭ ਮੋਹ ਦੇ ਪਿਛੇ ਲੱਗ



ਖਾਣ ਪਾਣ ਸਭਨਾ ਕੂ ਦੇਵੈ, ਜੰਮਣ ਵੇਲੇ ਅਲਖ ਅਭੇਵੈ

ਸਭ ਦੇ ਮਨ ਚ ਰੂਹ ਬਣ ਬੈਠਾ, ਜੋ ਖੱਟੇ ਸੋਈ ਲਿਖ ਲੇਵੈ

ਅੰਤ ਸਮੇਂ ਬਹੀ ਖੁਲ੍ਹਦੀ, ਖੱਟਿਆ ਵੱਟਿਆ ਪਰਖੈ ਸਭ



ਰੇਖ ਦੇਖ ਕਰਦੇ ਜੀਵ ਜੰਤ ਕੀ, ਮਨ ਮਹਿ ਵਸਿਆ ਆਪ

ਮਨ ਹੀ ਮਨ ਪਿਆਰ ਉਪਜਿਆ, ਮੁਰਸ਼ਦ ਕੈ ਪਰਤਾਪ

ਪਿਆਰ ਮੁਹੱਬਤ ਨਿਮਰ ਭਾਵਨਾ, ਵਿਧ ਮਿਲਣ ਕੂ ਰੱਬ



ਨਾ ਉਹ ਆਵੇ ਨਾ ਉਹ ਜਾਵੇ, ਹਰ ਮਨ ਮਹਿ ਛੁਪਿਆ ਰੱਬ

ਮੁਰਸ਼ਦ ਉਹਦਾ ਰਾਹ ਜਾਣਦਾ, ਗੁਰ ਮੁਰਸ਼ਦ ਮੇਰਾ ਪ੍ਰਭ ਰੱਬ

ਮੁਰਸ਼ਦ ਮੂਰਤ ਪ੍ਰਭ ਕੀ ਸੂਰਤ, ਮੁਰਸ਼ਦ ਦੇ ਮਨ ਵਸਦਾ ਰੱਬ



ਇਕ ਰੱਬ ਜਿਸ ਜੱਗ ਸਾਜਿਆ, ਆਪਣੇ ਭਗਤਾਂ ਬਖਸੇ ਮੁਕਤੀ

ਦੂਸਰ ਰੱਬ ਏ ਮੁਰਸ਼ਦ ਮੇਰਾ, ਜੋ ਰੱਬ ਮਿਲਣ ਦੀ ਦੱਸੈ ਜੁਗਤੀ

ਬੈਂਸ ਪੂਜ ਮੁਰਸ਼ਦ ਕੂ ਰੱਬ ਜਾਣ, ਜੋ ਮਨ ਮਹਿ ਪ੍ਰਗਟਾਵੈ ਰੱਬ
 

Dalvinder Singh Grewal

Writer
Historian
SPNer
Jan 3, 2010
1,245
421
78
ਮੈਂ ਕਿਉਂ ਮਾਣ ਕਰਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ




ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।

ਖੁਸਦੀ ਹੱਥੋਂ, ਵਸਤ ਪੁਰਾਣੀ, ਕਿਉਂ ਇਉਂ ਰੋਜ਼ ਡਰਾਂ।

ਮੈਂ ਅਣਜਾਣਾ, ਖੁਦ ਨਾ ਜਾਣਾ, ਬਣਦਾ ਫਿਰਾਂ ਸਿਆਣਾ,

ਹਰ ਪਲ ਬਦਲੇ, ਸਭ ਜੱਗ ਚੱਲੇ, ਗਾਵਾਂ ਰਾਗ ਪੁਰਾਣਾ।

ਲਾਇਆ ਡੇਰਾ, ਚੜ੍ਹੇ ਸਵੇਰਾ, ਕਿਉਂ ਨਾ ਅਗਾਂਹ ਤੁਰਾਂ।

ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।

ਰੱਬ ਦੀ ਮਾਇਆ, ਜੋ ਉਲਝਾਇਆ, ਜੱਗ ਨੂੰ ਫਿਰੇ ਭੁਆਈ।

ਸੋਚਾ ਜੱਗ ਦੀ, ਖੋਜ ਨਾਂ ਖੁਦ ਦੀ, ਫਿਰਦਾਂ ਹੋਸ਼ ਭੁਲਾਈ ।

ਰੱਬ ਰਤਨਾਗਰ, ਜਗ ਭਵ ਸਾਗਰ, ਨਾਮ ਲਏ ਤਾਂ ਤਰਾਂ।

ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।

ਯਾਦ ਉਸੇ ਦੀ, ਰਸਤਾ ਦਿੰਦੀ, ਉਸ ਨੂੰ ਕਿਉਂ ਵਿਸਾਰਾਂ।

ਹੁਕਮ ਵਜਾਵਾਂ, ਉਸ ਨੂੰ ਗਾਵਾਂ, ਯਾਦ 'ਚ ਵਕਤ ਗੁਜ਼ਾਰਾਂ।

ਧੁਰ ਦਿਲ ਅੰਦਰ, ਉਸ ਦਾ ਮੰਦਿਰ, ਉਸ ਵਿੱਚ ਨਾਮ ਭਰਾਂ।

ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।
 

Dalvinder Singh Grewal

Writer
Historian
SPNer
Jan 3, 2010
1,245
421
78
ਜੋ ਉਹ ਚਾਹੇ ਸੋਈ ਹੋਗ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ



ਦੇਖੇ ਕਰ ਕਰ ਵੱਖ ਪ੍ਰਯੋਗ।

ਹੁੰਦੇ ਸਫਲ ਤਾਂ ਜੋ ਸੰਯੋਗ।

ਬੰਦੇ ਦੇ ਵੱਸ ਸੁੱਖ ਦੁੱਖ ਕੋਈ ਨਾ

ਮਿਲਦਾ ਉਹ ਹੈ, ਜਿਸ ਦੇ ਯੋਗ।

ਉਸ ਦੇ ਹੁਕਮੋਂ ਬਾਹਰ ਹੋ ਕੇ,

ਬੰਗਲਾ ਦੌਲਤ ਬਣਦੇ ਰੋਗ।

ਖੱਟਣ ਤੁਰੇ ਵਿਦੇਸ਼ੀਂ ਸੱਜਣ,

ਸਹਿਣਾ ਔਖਾ ਦਰਦ ਵਿਯੋਗ।

ਮਾਲ ਜੋੜਿਆ, ਨਾਲ ਨਾ ਜਾਣਾ

ਤੇਰਾ ਤਾਂ ਬਸ ਪੰਛੀ-ਚੋਗ।

ਦਲਵਿੰਦਰ ਤਾਂ ਹੁਕਮ ਦਾ ਬੰਦਾ,

ਜੋ ਉਹ ਚਾਹੇ ਸੋਈ ਹੋਗ।
 

Dalvinder Singh Grewal

Writer
Historian
SPNer
Jan 3, 2010
1,245
421
78
ਸਹਿਜੇ ਸਹਿਜੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ


ਜੀਵਨ ਰੇਲ ਵਧਾਈ ਚੱਲੋ, ਸਹਿਜੇ ਸਹਿਜੇ।

ਰੱਬ ਦਾ ਸ਼ੁਕਰ ਮਨਾਈ ਚੱਲੋ, ਸਹਿਜੇ ਸਹਿਜੇ।

ਰੋੜ-ਰੇੜਕੇ, ਠਿੱਬਲ-ਠੋਲੇ, ਆਉਂਦੇ ਜਾਣੇ,

ਸੋਚ ਸਮਝ ਨਿਪਟਾਈ ਚੱਲੋ, ਸਹਿਜੇ ਸਹਿਜੇ।

ਝਗੜੇ ਝੇੜੇ, ਪੁੱਠੇ ਗੇੜੇ, ਤੋਂ ਬਚ ਬਚ ਕੇ,

ਮੰਜ਼ਿਲ ਸੇਧ ਬਣਾਈ ਚੱਲੋ, ਸਹਿਜੇ ਸਹਿਜੇ।

ਕਾਹਲੀ ਅੱਗੇ ਟੋਏ, ਏਹੋ ਕਹਿਣ ਸਿਆਣੇ,

ਤੱਤਾ ਮਨ ਸਮਝਾਈ ਚੱਲੋ, ਸਹਿਜੇ ਸਹਿਜੇ।

ਵੈਰ ਭਾਵ ਤੋਂ ਪਿਆਰ ਹੈ ਚੰਗਾ ਵਰਤ ਕੇ ਦੇਖੋ,

ਰਿਸ਼ਤੇ ਸਿਰੇ ਚੜ੍ਹਾਈ ਚੱਲੋ, ਸਹਿਜੇ ਸਹਿਜੇ।

ਅਪਣੀ ਵੀ ਤੇ ਹੋਰਾਂ ਦੀ ਵੀ ਧਿਆਨ ਚ ਰੱਖੋ,

ਰੱਬ ਤੇ ਧਿਆਨ ਟਿਕਾਈ ਚੱਲੋ ਸਹਿਜੇ ਸਹਿਜੇ।

ਸੁੱਚੀ ਕਿਰਤ ਕਮਾਓ ਸੱਚਾ ਫਲ ਪਾਉਗੇ,

ਉਸ ਦਾ ਹੁਕਮ ਪੁਗਾਈ ਚੱਲੋ, ਸਹਿਜੇ ਸਹਿਜੇ।

ਗ੍ਰੇਵਾਲ ਜੱਗ ਪ੍ਰੇਮ ਦਾ ਭੁੱਖਾ, ਮਿੱਠਾ ਬੋਲੋ

ਸਭ ਨੂੰ ਗਲ ਨਾਲ ਲਾਈ ਚੱਲੋ, ਸਹਿਜੇ ਸਹਿਜੇ।
 

Dalvinder Singh Grewal

Writer
Historian
SPNer
Jan 3, 2010
1,245
421
78
ਝੂਠ-ਸੱਚ ਦਾ ਫਰਕ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ

ਹੋ ਗਿਆ ਪ੍ਰਦੂਸ਼ਿਤ ਵਾਤਾਵਰਨ ਜਦ, ਝੂਠ-ਸੱਚ ਦਾ ਫਰਕ ਕੋਈ ਦਿਸਦਾ ਨਹੀਂ।

ਅਹੰ ਦੇ ਨ੍ਹੇਰੇ 'ਚ ਖਾਵੇ ਟੱਕਰਾਂ, ਠੋਕਰਾਂ ਖਾ ਕੇ ਵੀ ਇਹ ਸਿਖਦਾ ਨਹੀਂ।

ਭਾਲਦਾ ਸੱਚ ਰੋਜ਼ ਹੈ ਅਖਬਾਰ ਤੋਂ, ਖਬਰ ਵਿੱਚ ਪਰ ਸੱਚ ਤਾਂ ਮਿਲਦਾ ਨਹੀਂ।

ਝੂਠ ਦਾ ਪਰਚਾਰ, ਵਿਕਿਆ ਮੀਡੀਆ, ਸੱਚ ਪਬਲਿਕ ਵਿੱਚ ਹੁਣ ਵਿਕਦਾ ਨਹੀਂ।

ਗਮ ਦੇ ਹੰਝੂ ਪੂੰਝਦੇ ਦੇਖੇ ਬੜੇ, ਦਰਦ ਦਿਲ ਦਾ ਪਰ ਕੋਈ ਵੰਡਦਾ ਨਹੀਂ।

ਉਹ ਜੋ ਭੁਬੀਂ ਰੋ ਰਹੇ, ਪਾਖੰਡ ਹੈ, ਸੱਚ ਕੀ ਹੈ, ਬਾਹਰ ਉਹ ਦਿਖਦਾ ਨਹੀਂ।

ਮਹਿਫਲਾਂ ਵਿੱਚ ਖਿੜਖਿੜਾਕੇ ਬਿਗਸਦਾ, ਘਰ 'ਚ ਮੁੜਕੇ ਤੱਕਿਆ ਹਸਦਾ ਨਹੀਂ।

ਸਾਂਭ ਕੇ ਰੱਖੇ ਬੜੇ ਨੇ ਵਲਵਲੇ, ਜ਼ਲਜ਼ਲਾ ਜਦ ਉੱਠਦਾ, ਰੁਕਦਾ ਨਹੀਂ।

ਦੋਗਲਾ ਯੁਗ, ਦਿਲ ਤੇ ਮੁੱਖ ਵੱਖ ਬੋਲਦੇ, ਸਾਫ, ਸੱਚ ਸਾਦਾ ਤਾਂ ਹੁਣ ਚਲਦਾ ਨਹੀਂ।

ਯੁਗ ਨਵਾਂ ਪਹਿਚਾਣ ਦਾ, ਬਦਲ ਜਾ, ਫੋਨ ਕੋਈ ਅਣਜਾਣ ਦਾ ਚਕਦਾ ਨਹੀਂ।
 

swarn bains

Poet
SPNer
Apr 8, 2012
774
187
well written


ਸਾਹ ਲੈਣਾ

ਵਾਓ ਤੈਨੂੰ ਸਾਹ ਦਿਲਾਏ, ਹਿਸਾਬ ਛੁਪਾ ਕੇ ਰੱਖੇ

ਜਦੋਂ ਹਿਸਾਬ ਮੁੱਕ ਗਿਆ, ਸਾਹ ਆਉਣ ਤੋਂ ਰੁਕੇ


ਇਸ ਜੱਗ ਅੰਦਰ, ਕੁਛ ਭੀ ਮੁਖਤ ਨਹੀਂ ਮਿਲਦਾ

ਜੋ ਬੀਜੇਂ ਸੋਈ ਉਗਦਾ, ਜੈਸੀ ਮਿਨਤ ਤੈਸਾ ਖਿਲਦਾ

ਜੋ ਕੁਝ ਤੂੰ ਖੱਟੇਂ ਸੋਈ ਖਾਵੇਂ, ਹਿਸਾਬ ਤੇਰਾ ਜਦੋਂ ਮੁੱਕੇ

ਤੂੰ ਕਦੀ ਨ ਸੋਚਿਆ ਬੰਦਿਆ, ਕਿਵੇਂ ਸਾਹ ਤੈਨੂੰ ਆਵੇ

ਤੈਥੋਂ ਸਾਹ ਦਾ ਰਿਣ ਨ ਮੰਗੇ, ਪ੍ਰਭ ਆਪ ਵੰਡੀ ਜਾਵੇ

ਮੂਲ ਵਿਆਜ ਮੋੜਨੇ ਪੈਂਦੇ, ਹਰਿ ਦਰ ਕੋਈ ਨ ਛੁੱਟੇ

ਸੋਚਿਆ ਈ ਕਦੀ, ਤੈਨੂੰ ਖਾਣ ਪਾਣ ਕੌਣ ਪਿਆ ਦੇਵੇ

ਪਹਿਲਾਂ ਖਾਣ ਪਾਣ ਪੱਲੇ ਪਾਵੇ, ਜਨਮ ਮਗਰੋਂ ਦੇਵੇ

ਬੈਂਸ ਅਜਿਹਾ ਅਕਿਰਤਘਣ, ਹੋਵੇਂ ਦੇਣ ਵਾਲੇ ਤੇ ਗੁੱਸੇ

ਇਸ ਲਈ ਤੈਨੂੰ ਜੱਗ ਘੱਲਿਆ, ਜੰਮਣ ਦਾ ਕਰਜ਼ਾ ਲ੍ਹਾਵੇਂ

ਕੰਨਾਂ ਸਣ ਤੇ ਨੈਣਾ ਤੱਕ ਕੇ, ਤੂੰ ਬਦਲ ਲਏ ਪਰਛਾਵੇਂ

ਦੇਣ ਵਾਲਾ ਜੇ ਤੇਰੇ ਜਿਹਾ ਹੁੰਦਾ, ਤੂੰ ਮਰਨਾ ਸੀ ਭੁੱਖੇ

ਹਵਾ ਜਿਹੜੀ ਸਾਹ ਦੁਆਵੇ, ਛੁਪਾ ਕੇ ਰੱਖੇ ਹਿਸਾਬ

ਜਦੋਂ ਤੇਰਾ ਹਿਸਬ ਮੁੱਕ ਗਿਆ, ਖੁਲ੍ਹ ਜਾਵੇ ਕਿਤਾਬ

ਜਦੋਂ ਰੁੱਤ ਖਿਜ਼ਾਂ ਆ ਗਈ, ਸਭ ਪੱਤੇ ਝੜ ਜਾਣ ਸੁੱਕੇ

ਹਵਾ ਵਿਚੋਂ ਨੀਰ ਵਗਿਆ, ਜਿਥੋਂ ਜੰਮੇਂ ਸਭ ਜੀਵ

ਕੋਈ ਮੰਦਰ ਬੁੱਤ ਪੂਜਦਾ, ਰਹਿ ਭੁੱਖੇ ਮਨਾਵੇ ਈਦ

ਤੀਰਥ ਬਰਤ ਨ ਰੱਬ ਮਨਾਵੇ ਭੁੱਖੇ ਆਏ ਚੱਲੇ ਭੁੱਖੇ

ਜੰਮ ਪਲ ਕੋ ਵੱਡਾ ਹੋਇਆ, ਮਾਇਆ ਨੇ ਮਨ ਲੁੱਟਿਆ

ਸਾਹ ਰੁਕ ਜਾਣਾ ਭੌਰ ਉਡਾਣਾ, ਜਦੋਂ ਲੇਖਾ ਮੁੱਕਿਆ

ਮਾਇਆ ਮਾਈ ਸਾਥ ਨ ਦਿੱਤਾ, ਛੱਡ ਚੱਲਿਆ ਪਿੱਛੇ

ਪੌਣ ਪਾਣੀ ਤੈਨੂੰ ਜਿੰਦ ਬਖਸੀ, ਤੂੰ ਮਨ ਚ ਨਹੀਂ ਤੱਕਿਆ

ਕਦੀ ਰੱਬ ਯਾਦ ਨ ਆਇਆ ਚੇਤੇ, ਜੱਗ ਧੰਦਿਆਂ ਫਸਿਆ

ਤੂੰ ਜੋ ਕੀਤੀ ਤੇਰੇ ਸੰਗ ਹੋਣੀ, ਤੈਨੂੰ ਸਾਫ ਸਾਹਮਣੇ ਦਿਸੇ

ਸਭ ਰਿਸ਼ਤੇ ਨਾਤੇ ਮੁੱਕ ਗਏ, ਕੋਈ ਨ ਸਾਥ ਨਿਭਾਵੇ

ਨਾਮ ਰੱਬ ਦਾ ਮਨ ਵਸੌਂਉਂਦਾ, ਜੋ ਤੇਰੇ ਸੰਗ ਜਾਵੇ

ਰਾਮ ਨਾਮ ਏ ਉਤਮ ਪੂਜਾ, ਬੈਂਸ ਲਿਖੇ ਲੇਖ ਨ ਮਿਟੇ
 
Last edited:

Dalvinder Singh Grewal

Writer
Historian
SPNer
Jan 3, 2010
1,245
421
78
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।

ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਣਾ।

ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗ ਕਸਾਈਆਂ ਦਾ ਸਹਣਾ।

ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਣਾ।

This call is from your devotee, O Lord dear.

Witout you even a soft bed, I cant bear.

Living in the snakes' burrow if you really ask.

Cuts like dagger, the drink in cup and flask.

Living in a thatched hut of beloved Lord.

Is better than living in a rich's abode .
 

swarn bains

Poet
SPNer
Apr 8, 2012
774
187
well done. i read in mahan kosh that it was one of four letters sent by guru arjan dev to his father when he was sent to Lahore to attend cousin's wedding and stayed there.At rhe same time guru Gobind singh has no other punjabi poetry if this is his. sorry for the ill comment
 

swarn bains

Poet
SPNer
Apr 8, 2012
774
187
ਬਹੁਸ ਸੁਹਣੀ ਹੈ

ਸੁਣੋ ਬੇਨਤੀ ਹਰਿ ਪ੍ਰਭ ਪਿਆਰੇ,
ਗੁਰ ਮੂਰਤ ਚਿੱਤ ਵਸਾਇ ਮਨ ਹਰਿ ਹਰਿ ਨਾਮ ਚਿਤਾਰੇ
ਗੁੀ੍ਹਦੁਆਰੇ ਹਰਿ ਕੀਰਤਨ ਸੁਣੀਐ, ਬਾਝ ਗੁਰੂ ਨਹਿ ਪਾਰ ਉਤਾਰੇ
 
Last edited:

Dalvinder Singh Grewal

Writer
Historian
SPNer
Jan 3, 2010
1,245
421
78
ਆਏ ਸੀ ਅਸੀਂ ਕੱਲਮੁਕੱਲੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਆਏ ਸੀ ਅਸੀਂ ਕੱਲਮੁਕੱਲੇ, ਜਾਣਾ ਕੱਲਮੁਕੱਲੇ।

ਲੋਕਾਂ ਦੇ ਅਸੀਂ ਗੁੱਟ ਬਣਾਉਂਦੇ, ਹੋਏ ਫਿਰਦੇ ਝੱਲੇ।

ਟੱਬਰ, ਕੁਨਬੇ, ਗੋਤਾਂ, ਜਾਤਾਂ, ਅਤੇ ਕਬੀਲੇ ਹੋਏ।

ਧਰਮਾਂ ਦੇ ਵਿੱਚ ਵੰਡੇ ਬੰਦੇ ਖੂਨ ਪਿਆਸੇ ਹੋਏ।

ਰੋਜ਼-ਲੜਾਈ, ਮਾਰ-ਮਰਾਈ, ਰੁਕਦੇ ਨੇ ਕਦ ਠੱਲ੍ਹੇ।

ਆਏ ਸੀ ਅਸੀਂ ਕੱਲਮੁਕੱਲੇ, ਜਾਣਾ ਕੱਲਮੁਕੱਲੇ।

ਕੀ ਰਿਸ਼ਤੇ ਕੀ ਨਾਤੇ ਕੋਈ ਮਰਿਆਂ ਸੰਗ ਨਾ ਜਾਵੇ।

ਚੱਕ ਚੱਕ ਲੌ, ਫੂਕੋ ਛੇਤੀ, ਲਾਸ਼ ਚੋਂ ਬਦਬੂ ਆਵੇ।

ਖਾਲੀ ਹੱਥ ਜਾਣਾ ਹੈ ਜਦ ਕੁਝ ਨਹੀਂ ਰਹਿਣਾ ਪੱਲੇ।

ਆਏ ਸੀ ਅਸੀਂ ਕੱਲਮੁਕੱਲੇ, ਜਾਣਾ ਕੱਲਮੁਕੱਲੇ।

ਜਿਸ ਨੇ ਰਚਿਆ ਉਸ ਨੂੰ ਭੁੱਲੇ, ਭੁੱਲ ਗਏ ਜਿੱਥੇ ਜਾਣਾ।

ਕਿਥੋਂ ਆਏ ਕਿੱਥੇ ਜਾਣਾ ਭੁੱਲਿਆ ਅਸਲ ਟਿਕਾਣਾ।

ਉਸ ਨੂੰ ਭੁੱਲ ਕੇ ਭਟਕਣ, ਲਟਕਣ, ਜੀਵਨ ਉੱਤੇ-ਥੱਲੇ।

ਆਏ ਸੀ ਅਸੀਂ ਕੱਲਮੁਕੱਲੇ, ਜਾਣਾ ਕੱਲਮੁਕੱਲੇ।

ਜਾਣ ਲਿਆ ਜੇ ਇੱਕ ਟਿਕਾਣਾ, ਉਸ ਦੇ ਵੱਲ ਹੀ ਜਾਣਾ।

ਉਸ ਨੂੰ ਯਾਦ ਕਿਉਂ ਨਈਂ ਕਰਦੇ, ਜੇਕਰ ਉਸ ਨੂੰ ਪਾਣਾ।

ਨਾਮ ਦੀ ਚਕਰੀ ਤਨ ਮਨ ਅੰਦਰ ਉਸ ਦੇ ਨਾਂ ਦੀ ਚੱਲੇ।

ਆਏ ਸੀ ਅਸੀਂ ਕੱਲਮੁਕੱਲੇ, ਜਾਣਾ ਕੱਲਮੁਕੱਲੇ।
 

Dalvinder Singh Grewal

Writer
Historian
SPNer
Jan 3, 2010
1,245
421
78
ਰਾਤ ਟਿਕੀ ਤੇ ਮੈਂ ਜੁੜ ਬੈਠਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ

ਰਾਤ ਟਿਕੀ ਤੇ ਜਦ ਜੁੜ ਬੈਠਾ, ਅੱਜ ਮੈਂ ਤੇਰੇ ਨਾਲ।
ਤੂੰ ਹੀ ਤੂੰ ਸੀ ਅੰਦਰ ਬਾਹਰ, ਮਰ ਗਏ ਹੋਰ ਖਿਆਲ।
ਮਨ ਚਿੱਤ ਸ਼ਾਂਤ,ਜਿਉਂ ਡੂੰਘਾ ਸਾਗਰ, ਹਲਚਲ ਨਾ ਕੋਈ ਹੋਵੇ,
ਮੁੱਕ ਗਏ ਸੁਪਨੇ, ਮੁੱਕ ਗਈਆਂ ਰੀਝਾਂ, ਭੁੱਲ ਗਈ ਪੁੱਛ ਪੜਤਾਲ।
ਆਪ ਜਗਾਏ, ਖੁਦ ਸੰਗ ਲਾਏ, ਮੇਰੀ ਕੀ ਔਕਾਤ,
ਇੱਕ ਵਾਰ ਜੋ ਤੁੱਧ ਸੰਗ ਜੁੜਿਆ, ਮੁੱਕ ਗਏ ਸੱਭ ਸਵਾਲ।
ਨਾਮ ਤੇਰੇ ਦੀ ਮਹਿਮਾ ਸਦਕਾ, ਘੜੀ ਨਸੀਬ ਇਹ ਹੋਈ,
ਸੱਚੇ-ਸੁੱਚੇ ਮਨ ਸੰਗ ਜੁੜਿਆ, ਮੁੱਕ ਗਈ ਸਾਰੀ ਭਾਲ।
ਸ਼ਾਲਾ! ਏਵੇਂ ਜੋੜੀ ਰੱਖੀਂ ਵੱਖ ਕਰੀਂ ਨਾ ਪਲ ਵੀ,
ਇਹ ਤੜਕਾ, ਇਹ ਟਿਕੀ ਰਾਤ ਦਾ ਤਕਦਾ ਰਹਾਂ ਕਮਾਲ।
ਜੋ ਆਨੰਦ ਚਿੱਤ ਨੂੰ ਆਇਆ, ਹੋਵੇ ਨਹੀਂ ਬਿਆਨ,
ਇੱਛਾ ਸੱਭੇ ਪੂਰਨ ਹੋਈ, ਲੇਖੇ ਲੱਗੀ ਘਾਲ।
 

Dalvinder Singh Grewal

Writer
Historian
SPNer
Jan 3, 2010
1,245
421
78
ਮੈਂ ਨਾ ਕੋਈ ਲਿਖਾਰੀ,
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
ਮੈਂ ਨਾ ਕੋਈ ਲਿਖਾਰੀ,
ਉਹ ਲਿਖਦਾਂ ਜੋ ਆਪ ਲਿਖਾਵੇ, ਉਸ ਦੀ ਮਰਜ਼ੀ ਸਾਰੀ।
ਓਸ ਬਿਨਾ ਨਾ ਸ਼ਬਦ ਉਤਰਦੇ, ਓਸ ਬਿਨਾ ਮਨ ਸੁੰਨਾ।
ਉਹ ਆਖੇ ਤਾਂ ਕਲਮ ਵਗੇ ਫਿਰ, ਲਿਖਦਾਂ ਭਾਵ ਪਰੁੰਨਾ।
ਅੰਦਰ ਬਹਿ ਜਦ ਕਲਮ ਚਲਾਵੇ, ਰਚਨਾ ਬਣੇ ਪਿਆਰੀ।
ਮੈਂ ਨਾ ਕੋਈ ਲਿਖਾਰੀ,
ਉਹ ਲਿਖਦਾਂ ਜੋ ਆਪ ਲਿਖਾਵੇ, ਉਸ ਦੀ ਮਰਜ਼ੀ ਸਾਰੀ।
ਸਾਫ ਮਨੋਂ ਜਦ ਯਾਦ ਕਰਾਂ ਤਾਂ ਆਪੇ ਚਿੱਤ ਵਿੱਚ ਆਵੇ।
ਲਿਖਦਾ ਜਾਵਾਂ ਜੋ ਉਹ ਚਾਹੇ, ਸਭ ਕੁੱਝ ਆਪ ਲਿਖਾਵੇ।
ਉਸਦੇ ਮੋਤੀ ਅੱਖਰ ਦਿਤੇ, ਜਾਂਦੀ ਕਲਮ ਸ਼ਿੰਗਾਰੀ।
ਮੈਂ ਨਾ ਕੋਈ ਲਿਖਾਰੀ,
ਉਹ ਲਿਖਦਾਂ ਜੋ ਆਪ ਲਿਖਾਵੇ, ਉਸ ਦੀ ਮਰਜ਼ੀ ਸਾਰੀ।
ਤੇਰੇ ਸਦਕੇ ਜਾਵਾਂ ਦਾਤਾ, ਚੰਗੇ ਰਾਹ ਜੋ ਪਾਇਆ,
ਤੇਰੀ ਮਹਿਮਾ ਗਾ ਕੇ ਮੈਂ ਮਨ, ਮਾਇਆ ਤੋਂ ਹਟਵਾਇਆ,
ਅੰਗ ਅੰਗ ਵਿੱਚ ਤੇਰੀ ਊਰਜਾ, ਮਾਰਾਂ ਕਾਵਿ ਉਡਾਰੀ।
ਮੈਂ ਨਾ ਕੋਈ ਲਿਖਾਰੀ,
ਉਹ ਲਿਖਦਾਂ ਜੋ ਆਪ ਲਿਖਾਵੇ, ਉਸ ਦੀ ਮਰਜ਼ੀ ਸਾਰੀ।
ਜਦ ਤੂੰ ਮੇਰੇ ਨਾਲ ਹੈਂ ਦਾਤਾ, ਪਲ ਮੈਂ ਹੋਰ ਕਿਉਂ ਚਾਹਵਾਂ।
ਮੇਰੀ ਕਲਮ ਚ ਤੂੰ ਹੀ ਉਤਰੇਂ, ਗੀਤ ਤੇਰੇ ਹੀ ਗਾਵਾਂ।
ਆਪ ਜਪਾਂ ਤੇ ਹੋਰ ਜਪਾਵਾਂ, ਰਹੇ ਕਲਮ ਇਉਂ ਜਾਰੀ।
ਮੈਂ ਨਾ ਕੋਈ ਲਿਖਾਰੀ,
ਉਹ ਲਿਖਦਾਂ ਜੋ ਆਪ ਲਿਖਾਵੇ, ਉਸ ਦੀ ਮਰਜ਼ੀ ਸਾਰੀ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top