• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
652
36
79
ਜਦ ਉਠਦੀ ਹੱਕ ਦੀ ਅਵਾਜ਼

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਦ ਉਠਦੀ ਹੱਕ ਦੀ ਅਵਾਜ਼
ਮਿਲ ਬਹਿੰਦੇ ਹੱਕ ਮਾਰਨ ਵਾਲੇ ਲੱਭਣ ਲਈ ਇਲਾਜ।
ਪਹਿਲਾਂ ਖੁਦ ਧਮਕਾਉਂਦੇ ਕਹਿੰਦੇ ਬੰਦ ਕਰੋ ਇਹ ਰਾਗ।
ਸਾਡੀ ਤਾਕਤ, ਸਾਡੀ ਕਿਸਮਤ, ਚੰਗੇ ਸਾਡੇ ਭਾਗ।
ਜਿਸ ਜੋਗੇ ਹੋ ਤੁਸੀਂ ਉਹੋ ਹੀ ਪਾਉਣਾ ਤੁਸੀਂ ਖਰਾਜ
ਜਦ ਉਠਦੀ ਹੱਕ ਦੀ ਅਵਾਜ਼
ਝੁਕਣ ਨਾ ਜਦ ਜਾਬਰ ਦੇ ਅੱਗੇ, ਕਰਦੇ ਬੋਲ ਬੁਲੰਦ
ਵਰਤਣ ਉਹ ਸਰਕਾਰੀ ਤੰਤਰ, ਜੇਲ੍ਹੀਂ ਕਰਦੇ ਬੰਦ।
ਜੇਲਾਂ ਚੋਂ ਵੀ ਬੋਲ ਜੇ ਗੂੰਜਣ ਲੱਭਣ ਹੋਰ ਇਲਾਜ।
ਜਦ ਉਠਦੀ ਹੱਕ ਦੀ ਅਵਾਜ਼।
ਟੱਬਰਾਂ ਦੇ ਟੱਬਰ ਫਿਰ ਉਜੜਣ, ਪਿੰਡ ਦੇ ਪਿੰਡ ਢਹਿੰਦੇ।
ਮਾਇਆ ਲੈ ਇੰਨਕਾਊਂਟਰ ਕਰਦੇ, ਜੋ ਵੀ ਬਾਕੀ ਰਹਿੰਦੇ।
ਕਹਿੰਦੇ ਹੁਣ ਨਾ ਬੋਲੂ ਕੋਈ, ਕੀਤਾ ਪੱਕਾ ਕਾਜ।
ਜਦ ਉਠਦੀ ਹੱਕ ਦੀ ਅਵਾਜ਼।
ਕਹਿੰਦੇ ਕਬਰਾਂ ਬੋਲਦੀਆਂ ਨੇ ਰਹਿਣ ਗੂੰਜਦੇ ਬੋਲ।
ਮੋਇਆਂ ਦੀਆਂ ਰੂਹਾਂ ਨਾ ਟਿਕਦੀਆਂ ਜਾਬਰ ਲੈਂਦੀਆ ਟੋਲ੍ਹ।
ਜੱਗ ਜਾਬਰ ਨੂੰ ਖਾਕ ਮਿਲਾਏ ਜਦ ਖੁਲ੍ਹਦੇ ਨੇ ਰਾਜ਼।
ਜਦ ਉਠਦੀ ਹੱਕ ਦੀ ਅਵਾਜ਼।
 

dalvinder45

SPNer
Jul 22, 2023
652
36
79
ਜੀਵਨ-ਮੁਕਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਇੰਦਰੀਆਂ ਤੋਂ ਮਨ ਹੈ ਉਤਮ, ਮਨ ਤੋਂ ਉਤਮ ਬੁੱਧੀ।
ਬੁੱਧੀ ਤੋਂ ਰੂਹ ਉਤਮ ਹੁੰਦੀ, ਰੂਹ ਤੋਂ ਸ਼ਕਤੀ ਸ਼ੁੱਧੀ।
ਸ਼ਕਤੀ ਰਚੇ ਸੋ ਸਭ ਤੋਂ ਉਤਮ, ਉਸ ਸੰਗ ਜੋੜੋ ਨਾਤਾ।
ਰੂਹ ਹੋ ਜਾਂਦੀ ਸਭ ਤੋਂ ਉਤਮ, ਜੋ ਉਸ ਦੇ ਵਿਚ ਰੁੱਧੀ।
ਇੰਦਰੀਆਂ ਨੂੰ ਵੱਸ ਕਰ, ਮਨ ਤੇ ਕਾਬੂ ਪਾ।
ਹੁੰਦੀ ਉਦੋਂਂ ਵਿਵੇਕ ਬੁੱਧ, ਸ਼ੁਧ ਹੁੰਦਾ ਹਿਰਦਾ।
ਚਿੰਤਨ-ਮਨਨ ਤੇ ਸਮਝਿਆ, ਨਾਮ ਮਨ ਸ਼ੁਧ ਕਰਦਾ।
ਨਾਮ ਜਪੋ ਉਸ ਸੰਗ ਜੁੜੋ, ਮਿਲਣ ਦਾ ਸੱਚ ਰਸਤਾ।
ਇੰਦਰੀਆਂ ਵੱਸ, ਮਨ ਸਥਿਰ, ਬੁੱਧ ਵਿਕਾਰੋਂ ਦੂਰ।
ਰੂਹ ਰਹਿੰਦੀ ਉਸ ਵਿਚ ਰਮੀ, ਰਹਿੰਦਾ ਸਦਾ ਸਰੂਰ।
ਮੈਂ ਤੂੰ ਦਾ ਨਾ ਭੇਦ ਫਿਰ, ਸਭ ਕੁਝ ਤੂੰ ਹੀ ਤੂੰ।
ਜੀਵਨ-ਮੁਕਤ ਹੈ ਇਸ ਤਰ੍ਹਾਂ, ਮਨ ਸੀਤਲ, ਤਨ ਤੂਰ।
ਅਸਲੀ ਯੋਗ ਇਸੇ ਨੂੰ ਕਹੀਏ, ਤਪ ਉਸ ਸੰਗ ਜੁੜਵਾਵੇ।
ਸਾਸ ਸਾਸ ਉਸ ਨੂੰ ਹੀ ਜਪਣਾ, ਤਨ ਤੋਂ ਮਨ ਵਿਛੜਾਵੇ।
ਬੁੱਧੀ ਸ਼ੁਧ ਨਾਮ ਸੰਗ ਕਰਕੇ, ਵਿਸ਼ੇ ਵਿਕਾਰ ਮਿਟਾਵੇ।
ਉਹ ਹੀ ਉਹ ਸੰਗ ਰੂਹ ਵਿਚ ਹੋਵੇ, ਜੀਵਨ-ਮੁਕਤ ਕਹਾਵੇ।
 

dalvinder45

SPNer
Jul 22, 2023
652
36
79
ਨਾਲ ਕੀ ਲਿਜਾਣਾ ਕੀ ਤੂੰ ਲੈ ਕੇ ਆਇਆ ਸੀ।

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾਲ ਕੀ ਲਿਜਾਣਾ ਕੀ ਤੂੰ ਲੈ ਕੇ ਆਇਆ ਸੀ।
ਜਿਵੇਂ ਰੱਬ ਰੱਖਦਾ ਹੈ ਓਸੇ ਹਾਲੀ ਜੀ।
ਖੱਟੀ ਚੱਲ, ਵੰਡੀ ਚੱਲ, ਰੱਬ ਦੇਈ ਜਾਊ।
ਜਿਹੜਾ ਜੀਹਦੇ ਭਾਗ ਵਿਚ ਉਹ ਤਾਂ ਉਹ ਹੀ ਖਾਊ।
ਅਪਣਾ ਕੀ ਜਿਹੜਾ ਤੁਸੀ ਸਾਂਭੀ ਜਾਂਦੇ ਜੀ॥
ਨਾਲ ਕੀ ਲਿਜਾਣਾ ਕੀ ਤੂੰ ਲੈ ਕੇ ਆਇਆ ਸੀ।
ਜਿਵੇਂ ਰੱਬ ਰੱਖਦਾ ਹੈ ਓਸੇ ਹਾਲੀ ਜੀ।
ਹੱਕ ਮਾਰ ਖਾਂਦੇ ਉਹ ਨੇ ਪੁੱਠੀ ਮਾਰ ਖਾਂਦੇ॥
ਅੱਗਾ ਵੀ ਗਵਾਂਦੇ ਨੇ ਉਹ ਪਿੱਛਾ ਵੀ ਗਵਾਂਦੇ।
ਜ਼ਹਿਰ ਉਗਾਉਗੇ ਤਾਂ ਜ਼ਹਿਰ ਮਿਲੂਗੀ।
ਨਾਲ ਕੀ ਲਿਜਾਣਾ ਕੀ ਤੂੰ ਲੈ ਕੇ ਆਇਆ ਸੀ।
ਜਿਵੇਂ ਰੱਬ ਰੱਖਦਾ ਹੈ ਓਸੇ ਹਾਲੀ ਜੀ।
ੳਪਣੇ ਬਣਾ ਲਓ ਸਾਰੇ ਰੱਬ ਦੇ ਨੇ ਰੂਪ।
ਰੱਬ ਦੀ ਕਿਰਤ ਤਾਂ ਕਮਾਲ ਦੀ ਅਨੂਪ।
ਭੇਦ ਭਾਵ ਰੱਖਦਾ ਨਾ ਕਿਸੇ ਨਾਲ ਵੀ।
ਨਾਲ ਕੀ ਲਿਜਾਣਾ ਕੀ ਤੂੰ ਲੈ ਕੇ ਆਇਆ ਸੀ।
ਜਿਵੇਂ ਰੱਬ ਰੱਖਦਾ ਹੈ ਓਸੇ ਹਾਲੀ ਜੀ।
ਸਬਰ ਦਾ ਫਲ ਹੁੰਦਾ ਮਿੱਠਾ ਸਦਾ ਹੀ।
ਖਿੱਚਾਖੋਹੀ ਨਰਕ ਬਣਾਵੇ ਜ਼ਿੰਦਗੀ।
ਮਿਲ ਵੰਡ ਖਾਣ ਦਾ ਸਵਾਦ ਵਾਹਵਾ ਜੀ।
ਨਾਲ ਕੀ ਲਿਜਾਣਾ ਕੀ ਤੂੰ ਲੈ ਕੇ ਆਇਆ ਸੀ।
ਜਿਵੇਂ ਰੱਬ ਰੱਖਦਾ ਹੈ ਓਸੇ ਹਾਲੀ ਜੀ।
 

dalvinder45

SPNer
Jul 22, 2023
652
36
79
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ ।
ਨਾਮ ਸੰਗ ਮੈਂ ਜੁੜ ਗਿਆਂ, ਤੇਰੀ ਮਿਹਰ ਹੈ।
ਜਗ ਦੇ ਵਣ-ਬੇਲੇ ‘ਚ ਨਾ ਰੁਲਣਾ ਪਿਆ।
ਅੰਦਰੋਂ ਹੀ ਤੂੰ ਤਾਂ ਮੈਂਨੂੰ ਮਿਲ ਗਿਆ।
ਵਿਚ ਬੈਠਾ ਦੇਖਦਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ ।
ਨਾਮ ਤੇਰੇ ਬਿਨ ਤਾਂ ਕੇਝ ਸੁਝਦਾ ਨਹੀਂ।
ਮਾਇਆ ਪਿਛੇ ਮਨ ਤਾਂ ਹੁਣ ਲੁਝਦਾ ਨਹੀਂ।
ਅੰਦਰੋਂ ਵੀ ਸ਼ਾਂਤ ਹਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ ।
ਜੋ ਵੀ ਹੋਈ ਜਾ ਰਿਹੈ ਤੇਰਾ ਹੁਕਮ ਹੈ।
ਗੀਤ ਇਹ ਮਨ ਆ ਰਿਹੈ ਤੇਰਾ ਹੁਕਮ ਹੈ।
ਮੈਂ ਕੀ ਪਾਣੀਹਾਰ ਹਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ ।
ਜਦ ਤਰੰਗਾਂ ਉਠਦੀਆਂ, ਮਨ ਖਿਚਦੀਆਂ।
ਆਖ ਜੀ ਆਇਆਂ ਉਮੰਗਾਂ ਵਿਛਦੀਆਂ।
ਮੇਲ ਧੁਰ ਦਾ ਲੋਚਦਾਂ, ਤੇਰੀ ਮਿਹਰ ਹੈ।
ਮਿਲ ਗਿਐਂ ਤਾਂ ਚੈਨ ਹੈ ਹੁਣ ਸਬਰ ਹੈ।
ਤੁਧ ਬਿਨਾ ਨਾ ਜਗ ਦੀ ਰੱਖੀ ਖਬਰ ਹੈ।
ਹੋ ਕੇ ਤੇਰਾ ਰਹਿ ਗਿਆਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ ।
ਮਿਲਣ ਤੇਰੇ ਦਾ ਅਨੰਦ ਵਾਹ! ਕੀ ਕਹਾਂ?
ਮੂਕ ਮੰਤ੍ਰ-ਮੁਗਧ ਮਾਣੀ ਜਾ ਰਿਹਾਂ।
ਜੀ ਕਰੇ ਪਲ ਨਾਂ ਹਟਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ ।
 

dalvinder45

SPNer
Jul 22, 2023
652
36
79
ਉੱਚਾ ਜੀਵਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੇ ਚਾਹੀਦਾ ਜੀਵਨ ਉੱਚਾ,
ਰਹਿਣਾ ਸਿੱਖ ਸੱਚਾ ਤੇ ਸੁੱਚਾ।
ਜੇ ਲੋੜੇਂ ਖੁਸ਼ੀਆਂ ਅੰਦਰੂਨੀ,
ਸਭ ਨੂੰ ਕਰੀਂ ਮੁਹਬੱਤ ਦੂਣੀ।
ਜੇ ਚਾਹੀਦਾ ਪਰਮ ਆਨੰਦ,
ਜੋੜ ਲੈ ਉਸ ਸੰਗ ਪੱਕੀ ਤੰਦ।
ਕਰ ਲੈ ਮਨ ਸੋਚਾਂ ਤੋਂ ਖਾਲੀ,
ਭਰ ਲੈ ਇਸ ਵਿਚ ਜਗਤ ਦਾ ਵਾਲੀ।
ਹਰ ਪਲ ਉਸ ਵਲ ਧਿਆਨ ਲਗਾ ਲੈ,
ਮੋਹ ਮਾਇਆ ਤੋਂ ਦੂਰ ਹਟਾ ਲੈ।
ਉਸ ਸੰਗ ਲਿਵ ਲੱਗ ਜਾਵੇ ਤੇਰੀ,
ਮੁੱਕ ਜਾਵੇਗੀ ਮੇਰੀ ਮੇਰੀ।
ਹੋ ਜਾਏ ਸਭ ਤੇਰਾ ਤੇਰਾ,
ਚਾਨਣ ਫੈਲੇ, ਮੁਕੇ ਨ੍ਹੇਰਾ।
ਹਰ ਥਾਂ, ਹਰ ਜੀ, ਉਹ ਹੀ, ਉਹ ਹੀ,
ਸਮਝੇਂ ਮਿਤਰ ਸਭਨਾਂ ਨੂੰ ਹੀ।
ਪਿਆਰ ਹੀ ਪਿਆਰ ਚੁਫੇਰੇ ਵਸਦਾ,
ਹਰ ਫੁੱਲ, ਪੱਤੀ ਉਹ ਹੀ ਹਸਦਾ।
ਉਹ ਤੇ ਮੈਂ ਦਾ ਭੇਦ ਮਿਟੇ ਜਦ।,
ਹਰ ਥਾਂ ਪਿਆਰ, ਆਨੰਦ ਰਸੇ ਤਦ।
ਉਸ ਸੰਗ ਜੁੜਿਆਂ ਦੇ ਪਲ ਵਸਲੀ,
ਜੀਵਨ ਦਾ ਇਹ ਭੇਦ ਹੈ ਅਸਲੀ।
 

dalvinder45

SPNer
Jul 22, 2023
652
36
79
ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ


ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਕਿਸ ਨੂੰ ਸੁਣਾਵਾਂ ਮੇਰਾ ਕਿਸੇ ਤੇ ਨਾ ਜੋਰ।
ਤੂੰ ਹੀ ਤੂੰ ਏ ਆਸਰਾ ਸਹਾਰਾ ਮੇਰੀ ਓਟ।
ਨਾਮ ਤੂੰ ਜਪਾ ਲੈ ਦਿੱਲੋਂ ਕੱਢ ਸਾਰੀ ਖੋਟ।
ਪਾਸ ਤੂੰ ਬੁਲਾ ਲੈ ਖਿੱਚ ਤੇਰੇ ਹੱਥ ਡੋਰ।
ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਚਲਦਾ ਹੁਕਮ ਤੇਰਾ ਜੱਗ ਤੇ ਹਮੇਸ਼।
ਪਹੁੰਚਦੇ ਨੇ ਰੂਹ ਨੂੰ ਤੇਰੇ ਦਿੱਤੇ ਹੋਏ ਸੰਦੇਸ਼।
ਕਦੇ ਚੁੱਪ ਚਾਪ ਕਦੇ ਪਾਉਂਦੇ ਡਾਢਾ ਸ਼ੋਰ।
ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਸਾਰੇ ਜੀਆਂ ਵਿੱਚ ਤੇਰਾ ਵਾਸਾ ਇਕ ਤੋਰ।
ਸਾਰੇ ਨੇ ਪਿਆਰੇ ਤੇਰੇ ਸਾਰੇ ਨਾ ਦੁਲਾਰ।
ਜਗ ਸਾਰਾ ਤੁੰ ਹੀ ਏ ਸਾਰਾ ਤੇਰਾ ਏ ਸ਼ਿੰਗਾਰ।
ਤੂੰ ਹੀ ਤੂੰ ਏ ਸਾਰੇ ਕਣ ਕਣ ਪੋਰ ਪੋਰ।
ਵਾਹਿਗੁਰੂ ਤੇਰੇ ਬਿਨਾਂ ਮੇਰਾ ਨਾ ਕੋਈ ਹੋਰ।
ਤੇਰਿਆਂ ਪਿਆਰਿਆਂ ਨੂੰ ਕਰਾਂ ਮੈਂ ਪਿਆਰ।
ਇਨ੍ਹਾਂ ਵਿੱਚੋਂ ਦੇਖਦਾ ਮੈਂ ਤੇਰੀ ਹੀ ਨੁਹਾਰ।
ਇਨ੍ਹਾਂ ਸੰਗ ਇੱਕ ਮਿੱਕ ਮਿਲੀ ਤੇਰੀ ਡੋਰ।
ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
 

dalvinder45

SPNer
Jul 22, 2023
652
36
79
ਭਲਾ ਮੈਨੂੰ ਕੀ ਪਤਾ, ਤੇਰੀ ਕਿੰਨੀ ਕੁ ਏ ਥਾਹ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ


ਭਲਾ ਮੈਨੂੰ ਕੀ ਪਤਾ, ਤੇਰੀ ਕਿਤਨੀ ਕੁ ਥਾਹ
ਕੀਕੂੰ ਜਾਣਾ, ਤੂੰ ਹੀ ਦਸ, ਤੇਰਾ ਕਿਤਨਾ ਕੁ ਫੈਲਾ।
ਕਿੱਥੇ ਮੇਰੀ ਏ ਸਮਝ, ਜਾਣਾ ਤੇਰੀ ਮੈਂ ਰਮਜ਼।
ਤੈਨੂੰ ਜਾਂਦਾ ਕਿਹੜਾ ਰਾਹ, ਆਪੇ ਦਸ ਦੇ ਭਲਾ।
ਜਦੋਂ ਹੋਵਾਂ ਨਿੰਮੋਝੂਣਾ, ਆਪੇ ਦਿਨਾਂ ਏ ਹਲੂਣਾ।
ਪਹਿਲੇ ਪਹਿਰ ਜਗਾ, ਦੇਨੈ ਕਲਮਾਂ ਫੜਾ।
ਨਾਂ ਮੈਂ ਜਾਣਾ ਕੀ ਮੈਂ ਲਿਖਾਂ, ਭਲਾ ਕਿੱਥੋਂ ਮੈਂ ਇਹ ਸਿੱਖਾਂ।
ਤੇਰੀ ਰਹਿਮਤ ਭਲਾ, ਕੀਕੂੰ ਵਰ੍ਹਦੀ ਅਥਾਹ।
ਜਦੋਂ ਰੂਹ ਨੂੰ ਝੰਜੋੜਂੇ, ਸਾਰੀ ਅਕਲ ਨਿਚੋੜੇਂ।
ਆਪੇ ਚਲਦਾ ਵਹਾ, ਤੇਰੇ ਸਾਹੀਂ ਪਾ ਕੇ ਸਾਹ।
ਨਾ ਤੂੰ ਕਰ ਮਜ਼ਬੂਰ, ਨਾ ਤੂੰ ਰੱਖ ਏਨਾ ਦੂਰ।
ਹੁੰਦਾ ਸਹਿ ਨਾ ਫਾਸਲਾ, ਮੈਨੂੰ ਰੱਖ ਨਾ ਜੁਦਾ।
ਚੰਗੀ ਲੱਗਦੀ ਨਹੀਂ ਹੋਂਦ, ਤੂੰ ਮਿਟਾ ਦੇ ਸਾਰੀ ਰੋਂਦ।
ਵਿੱਚ ਆਪਣੇ ਮਿਲਾ, ਸਾਰੇ ਫਾਸਲੇ ਮਿਟਾ।
ਆਪੇ ਦਿਲ ਦੀ ਸਮਝ, ਤੂੰ ਤਾਂ ਜਾਣਦੈਂ ਰਮਜ਼।
ਕੀਹਨੂੰ ਆਖਾਂ ਮੈਂ ਸੁਣਾ, ਤੂੰ ਹੀ ਬੋਲ, ਤੂੰ ਹੀ ਰਾਹ।
ਭਲਾ ਮੈਨੂੰ ਕੀ ਪਤਾ, ਤੇਰੀ ਕਿੰਨੀ ਕੁ ਏ ਥਾਹ।
ਕਿਵੇਂ ਜਾਣਾ ਤੂੰ ਹੀ ਦਸ, ਤੇਰਾ ਕਿੰਨਾ ਕੁ ਫੈਲਾ।
 

dalvinder45

SPNer
Jul 22, 2023
652
36
79
ਜਦ ਪੈਂਦੀ ਏ ਗੂੰਜ ਇਲਾਹੀ
ਦਲਵਿੰਦਰ ਸਿੰਘ ਗ੍ਰੇਵਾਲ


ਜਦ ਪੈਂਦੀ ਏ ਗੂੰਜ ਇਲਾਹੀ, ਛਾ ਜਾਂਦੀ ਏ ਬੇਪਰਵਾਹੀ।
ਕੁਝ ਵੀ ਫਿਰ ਆਪਣਾ ਨਹੀਂ ਰਹਿੰਦਾ, ਜੋ ਕੁਝ ਕਹਿੰਦਾ ਓਹੀ ਓ ਕਹਿੰਦਾ।
ਵਗਦੀ ਕਲਮ ਨਾ ਰੁਕੇ ਸਿਆਹੀ, ਜਦ ਪੈਂਦੀ ਏ ਗੂੰਜ ਇਲਾਹੀ।
ਓਹੀ ਓ ਦਿਸਦਾ ਏ ਚੌਫੇਰੇ, ਭੁਲ ਜਾਂਦੇ ਸਭ ਤੇਰੇ ਮੇਰੇ।
ਵਧਦਾ ਜਾਂਦਾ ਉਸ ਵਲ ਰਾਹੀ, ਜਦ ਪੈਂਦੀ ਏ ਗੂੰਜ ਇਲਾਹੀ।
ਕੀ ਮੈਂ ਜਾਣਾ ਕਿੱਥੇ ਜਾਣਾ, ਰਾਹ ਵੀ ਓਹੀ, ਓੁਹੀ ਟਿਕਾਣਾ।
ਦੇਵੇ ਅੰਦਰ ਬਾਹਰ ਗਵਾਹੀ, ਜਦ ਪੈਂਦੀ ਏ ਗੂੰਜ ਇਲਾਹੀ।
ਨਾ ਮੈਂ ਏਥ,ੇ ਨਾ ਮੈਂ ਓਥੇ, ਨਾ ਕੁਝ ਬਚਤ ਨਾ ਕੁਝ ਸੋਥੇ।
ਸਭ ਵਰਤੀਂਦਾ ਮੇਰਾ ਮਾਹੀ, ਜਦ ਪੈਂਦੀ ਏ ਗੂੰਜ ਇਲਾਹੀ।
ਸਦਕੇ ਜਾਵਾਂ ਤੇਰੀਆਂ ਮੇਹਰਾਂ, ਲੱਗੀਆਂ ਹੋਈਆਂ ਲਹਿਰਾਂ ਬਹਿਰਾਂ।
ਚਾਅ ਚੜ੍ਹ ਜਾਂਦਾ ਉਦੋਂ ਸਦਾ ਹੀ, ਜਦ ਪੈਂਦੀ ਏ ਗੂੰਜ ਇਲਾਹੀ।
ਕੁਝ ਵੀ ਘੱਟ ਨਹੀਂ ਸਭ ਪੂਰਾ, ਜੋ ਸਮਝੇ ਨਾ, ਉਹੀ ਅਧੂਰਾ।
ਉਹ ਪੂਰਨ ਜੋ ਤੇਰਾ ਸ਼ੈਦਾਈ, ਜਦ ਪੈਂਦੀ ਏ ਗੂੰਜ ਇਲਾਹੀ।
ਜਿਸ ਨੇ ਆਪਾ ਆਪ ਮਿਟਾਇਆ, ਉਸ ਨੇ ਹੀ ਏ ਤੈਨੂੰ ਪਾਇਆ।
ਉਸਦੀ ਮਰਜ਼ੀ ਮਿਟਣਾ ਭਾਈ, ਜਦ ਪੈਂਦੀ ਏ ਗੂੰਜ ਇਲਾਹੀ।
 

dalvinder45

SPNer
Jul 22, 2023
652
36
79
ਤੇਰੇ ਨਾਮ ਦੇ ਸਹਾਰੇ
ਦਲਵਿੰਦਰ ਸਿੰਘ ਗ੍ਰੇਵਾਲ

ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਤੇਰੇ ਬੰਦੇ ਨੇ ਉਹ ਚੰਗੇ, ਤੇਨੂੰ ਊਹੋ ਨੇ ਪਿਆਰੇ।
ਯਾਦ ਤੇਰੀ ਹਰ ਵੇਲੇ, ਹੈ ਧਿਆਨ ਤੇਰੇ ਵੱਲ,
ਜੱਗ-ਕਾਰ ਹੋਈ ਜਾਵੇ, ਪਰ ਵਿਚਿਲਤ ਨਾ ਪਲ,
ਹੁੰਦਾ ਸਾਰਾ ਕੁੱਝ ਅੱਛਾ, ਕੰਮ ਠੀਕ ਹੁੰਦੇ ਸਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਜਿਹੜਾ ਤੇਰੇ ਨਾਲ ਜੁੜੇ, ਉਹਦਾ ਕੁੱਝ ਵੀ ਨਾ ਥੁੜੇ,
ਸਦਾ ਤੇਰੇ ਵਲ ਵਧੇ, ਖੱਬੇ, ਸੱਜੇ ਨਾ ਉਹ ਮੁੜੇ,
ਇਕ ਸੇਧ ਤੇਰੇ ਵਲ, ਤੇ ਧਿਆਨ ਪਹਿਰ ਚਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਜਿਨ੍ਹੀਂ ਦਿਲੀਂ ਤੇਰੀ ਖਿੱਚ, ਵੱਖ ਚਾਅ ਹੈ ਉਨ੍ਹਾਂ ਵਿਚ,
ਰਹਿੰਦੇ ਤੇਰੇ ਰੰਗ ਰੰਗੇ, ਕਦੇ ਹੁੰਦੇ ਨਹੀਓਂ ਜਿੱਚ,
ਹਰ ਪਾਸੇ ਪਾਉਣ ਜਿੱਤ, ਉਹ ਤਾਂ ਕਦੇ ਵੀ ਨਾ ਹਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਲੜ ਲਾ ਲੈ ਸੱਚੇ ਸਾਈਂ, ਮੀਂਹ ਤੂੰ ਮਿਹਰ ਦਾ ਪਵਾਈਂ,
ਨਾਤਾ ਜੱਗ ਦਾ ਭੁਲਾਈਂ, ਮਾਇਆ ਮੋਹ ਨੂੰ ਤੁੜਵਾਈਂ,
‘ਮੈਂ’ ਤੋਂ ‘ਤੂੰ ਹੀ’ ਬਣ ਜਾਵਾਂ, ਹੋਣ ਤੇਰੇ ਜੋ ਦੀਦਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਤੇਰੇ ਬੰਦੇ ਨੇ ਉਹ ਚੰਗੇ, ਤੇਨੂੰ ਊਹੋ ਨੇ ਪਿਆਰੇ।
 

dalvinder45

SPNer
Jul 22, 2023
652
36
79
ਜੱਗ ਨਾਲ ਮੋਹ
ਦਲਵਿੰਦਰ ਸਿੰਘ ਗ੍ਰੇਵਾਲ

ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਏਨਾ ਜੱਗ ਨਾਲ ਮੋਹ ਕਿਉਂੇ ਪਵਾਇਆ ਹੋਇਆ ਦਾਤਾ?
ਏਨਾ ਮਾਇਆ ‘ਚ ਪਿਆਰ, ਰਿਸ਼ਤੇ ਨਾਤੇ ਦਾ ਖਿਲਾਰ,
ਰੱਖੇਂ ਚੱਕਰਾਂ ‘ਚ ਪਾ ਕੇ, ਏਡਾ ਜੱਗ ਦਾ ਪਸਾਰ,
ਸਭ ਦੇਖਦੈਂ ਤੂੰ, ਹਰ ਥਾਂ ਸਮਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਕਿਤੇ ਰਾਮ ਤੂੰ ਰਹੀਮ, ਗਾਡ, ਵਾਹਿਗੁਰੂ, ਕਰੀਮ,
ਤੇਰੇ ਨਾਵਾਂ ਦਾ ਨਾ ਅੰਤ, ਇਹ ਕੀ ਤੇਰੀ ਏ ਸਕੀਮ,
ਜੱਗ ਧਰਮਾਂ ਦੇ ਨਾਂ ਤੇ ਲੜਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਕੋਈ ਵੱਡਾ ਕੋਈ ਛੋਟਾ, ਕੋਈ ਖਰਾ ਕੋਈ ਖੋਟਾ,
ਕਿਤੇ ਲੱਗੇ ਨੇ ਭੰਡਾਰ, ਕਿਤੇ ਰਹਿੰਦਾ ਸਦਾ ਟੋਟਾ,
ਏਨੇ ਵਿਤਕਰੇ ਕਿਉਂ ਭੇਦ-ਭਾਵ ਪਾਇਆ ਹੋਇਆ ਦਾਤਾ?
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਕੀ ੲੁ ਝੂਠ ਕੀੲ ਸੱਚ, ਕੀ ਏ ਸੋਨਾ, ਕੀ ਏ ਕੱਚ,
ਕਿਤੇ ਕੋਇਲੇ ਦੀ ਦਲਾਲੀ, ਕਿਤੇ ਬੈਠਾ ਚੂਨੇ ਗੱਚ,
ਤੇਰੀ ਬਣਤਰ ਦਾ ਖੇਲ ਕੀ ਰਚਾਇਆ ਹੋਇਆ ਦਾਤਾ?
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਜੇ ਤੂੰ ਵਸਿਆ ਏਂ ਸਾਰੇ, ਸਾਰੇ ਤੈਨੂੰ ਜੇ ਪਿਆਰੇ,
ਕਿਉਂ ਲੜਾਵੇਂ ਜੰਗਾਂ ਲਾਵੇਂ, ਜਾਂਦੇ ਨਿਰਦੋਸ਼ ਮਾਰੇ,
ਕੈਸਾ ਸਿਸਟਮ ਨਿਆਂ ਦਾ ਬਣਾਇਆ ਹੋਇਆ ਦਾਤਾ?
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਜਿਹੜਾ ਚੱਲੇ ਤੇਰੇ ਭਾਣੇ, ਤੇਰੇ ਰੰਗ ਉਹ ਹੀ ਮਾਣੇ,
ਜਿਹੜਾ ਜੱਗ ‘ਚ ਗੁਆਚਾ, ਉਹ ਕੀ ਮਾਇਆ ਤੇਰੀ ਜਾਣੇ?
ਨਾਮ ਆਪ ਹੀ ਤੂੰ ਲੋਕਾਂ ਨੂੰ ਭੁਲਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਮੇਰੀ ਇਕੋ ਅਰਜ਼ੋਈ, ਦੇਦੇ ਦੀਦ ਲਾਹ ਕੇ ਲੋਈ,
ਸਭ ਕੱਢਦੇ ਭੁਲੇਖੇ, ਮੁੜ ਆਵੇ ਬੁੱਧ ਖੋਈ,
ਦਿਸੇਂ ਸੱਭ ਵਿਚ ‘ਤੂੰ ਹੀ ਤੂੰ’ ਸਮਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਏਨਾ ਜੱਗ ਨਾਲ ਮੋਹ ਕਿਉਂੇ ਪਵਾਇਆ ਹੋਇਆ ਦਾਤਾ?
 

dalvinder45

SPNer
Jul 22, 2023
652
36
79
ਜੁੜਿਆਂ ਦੇ ਭਾਗ ਖੁਲ੍ਹਦੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਿਛੁੜੇ ਨੇ ਖਾਕ ਰੁਲਦੇ, ਜੁੜਿਆਂ ਦੇ ਭਾਗ ਖੁਲ੍ਹਦੇ।
ਹੋਵੇ ਜੇ ਮਿਹਰ ਤੇਰੀ, ਸੁਕੇ ਵੀ ਫਲਦੇ ਫੁਲਦੇ।
ਹੈ ਕੌਣ ਤੇਰੇ ਵਰਗਾ? ਥਾਹ ਤੇਰੀ ਕੌਣ ਜਾਣੇ?
ਲ਼ੱਭਣ ਜੋ ਨਿਕਲੇ, ਆਖਿਰ, ਜੰਗਲ-ਪਹਾੜ ਰੁਲਦੇ।
ਇਹ ਭਟਕਣਾਂ ਨਾਂ ਮੁੱਕੇ, ਨਾ ਸਮਝ ਆਵੇ ਤੇਰੀ,
ਜੋ ਜਾਣ ਲੈਂਦੇ ਤੈਨੂੰ, ਉਹ ਤਾਂ ਬੋਲਣਾ ਵੀ ਭੁਲਦੇ।
ਅਪਣੀ ਪਛਾਣ ਔਖੀ, ਨਾ ਸਮਝ ਹੋਵੇ ਮਾਇਆ,
ਅੰਦਰ ਤੇ ਬਾਹਰ ਇੱਕੋ, ਵਿੱਚੋਂ ਹੀ ਭੇਦ ਖੁਲ੍ਹਦੇ।
ਵਾਹ!ਕਿਰਤ ਤੇਰੀ ਅਚਰਜ, ਵਿਚ ਸਜਿਆ ਆਪ ਤੂੰ ਹੀ,
ਸਭ ਚਲਦੇ ਚਲਦੇ ਨਿਕਲੇ, ਕੁਝ ਮਸਤ ਕੁਝ ਨੇ ਘੁਲਦੇ।
ਰੱਖ ਮਿਹਰ ਮੇਰੇ ਸਾਈਆਂ, ਰੱਖ ਜੋੜ ਅਪਣੇ ਚਰਨੀਂ,
ਇਹ ਸਾਹ ਨਾਂ ਸਾਂਭ ਹੁੰਦੇ, ਪਲ ਪਲ ਨੇ ਜਾਂਦੇ ਡੁਲ੍ਹਦੇ।
ਵਿਛੁੜੇ ਨੇ ਖਾਕ ਰੁਲਦੇ, ਜੁੜਿਆਂ ਦੇ ਭਾਗ ਖੁਲ੍ਹਦੇ।
ਹੋਵੇ ਜੇ ਮਿਹਰ ਤੇਰੀ, ਸੁਕੇ ਵੀ ਫਲਦੇ ਫੁਲਦੇ।
 

dalvinder45

SPNer
Jul 22, 2023
652
36
79
ਏਕੰਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਏਕੰਕਾਰ, ਧੰਨ ਨਿਰੰਕਾਰ।


ਸਤਿਨਾਮ ਜੀ, ਸਤਿ ਕਰਤਾਰ।
ਸਾਰੇ ਜੱਗ ਦਾ ਕਰਤਾ ਜੋ,
ਵਿਸ਼ਵ ਦਾ ਹੈ ਉਹ ਹੀ ਆਧਾਰ।
ਸਾਰੀ ਵਸਤ ਦਾ ਰਚਿਤਾ ਹੈ,
ਜੋ ਪਾਇਆ ਸੋ ਏਕਾ ਵਾਰ।
ਹੁਕਮ ਉਦ੍ਹੇ ਵਿਚ ਸਾਰੇ ਨੇ,
ਉਸਦੀ ਨਜ਼ਰੇ ਹਰ ਆਕਾਰ।
ਚਲੋ-ਚਲੀ ਦਾ ਸਿਸਟਮ ਵਾਹ!
ਹਰ ਕੋਈ ਏਥੇ ਚੱਲਣਹਾਰ।
ਇਕੋ ਸੱਚ ਜੋ, ਉਹ ਹੀ ਸੱਚ,
ਦੁਨੀਆਂ ਝੂਠੀ ਬਿਨਸਨਹਾਰ।
ਬਿੰਦੂ ਜੀਵ ਕੀ ਜਾਣੇ ਸੱਚ,
ਪਾਵੇ ਕੀਕੂੰ ਪਾਰਾਵਾਰ?
ਰੱਖੀਂ ਮਿਹਰ ਇਹੋ ਅਰਜ਼ੋਈ,
ਦੇ ਦੇ ਇੱਕੋ ਨਾਮ ਆਧਾਰ।
ਏਕੰਕਾਰ, ਧੰਨ ਨਿਰੰਕਾਰ।
ਸਤਿਨਾਮ ਤੂੰ ਸਤਿ ਕਰਤਾਰ।
 

dalvinder45

SPNer
Jul 22, 2023
652
36
79
ਜੁੜ ਬੈਠਾ ਅੱਜ ਤੇਰੇ ਨਾਲ

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਾਤ ਟਿਕੀ ਤੇ ਜਦ ਜੁੜ ਬੈਠਾ ਅੱਜ ਮੈਂ ਤੇਰੇ ਨਾਲ।

ਤੂੰ ਹੀ ਤੂੰ ਸੀ ਅੰਦਰ ਬਾਹਰ, ਮਰ ਗਏ ਹੋਰ ਖਿਆਲ।

ਮਨ-ਚਿੱਤ ਸ਼ਾਂਤ ਜਿਉਂ ਗਹਿਰਾ ਸਾਗਰ,ਹੋਵੇ ਨਾ ਕੋਈ ਹਲਚਲ,

ਮੁੱਕ ਗਏ ਸੁਪਨੇ, ਮੁੱਕ ਗਈਆਂ ਰੀਝਾਂ, ਮੁੱਕ ਗਏ ਸੱਭ ਸਵਾਲ।

ਆਪ ਜਗਾਵੇਂ, ਖੁਦ ਸੰਗ ਲਾਵੇਂ , ਮੇਰੀ ਕੀ ਔਕਾਤ,

ਇਕ ਵਾਰ ਜੋ ਤੁੱਧ ਸੰਗ ਜੁੜਿਆ, ਮੁੱਕ ਗਈ ਸਾਰੀ ਭਾਲ।

ਨਾਮ-ਕਮਾਈ ਸਦਕਾ ਹੁੰਦੀ, ਨੂਰੀ ਘੜੀ ਨਸੀਬ,

ਸੱਚੇ ਸੁੱਚੇ ਮਨ ਸੰਗ ਜੁੜਿਆਂ, ਟੁੱਟਦੇ ਜੱਗ ਦੇ ਜਾਲ।

ਜੋ ਆਨੰਦ ਚਿੱਤ ਨੂੰ ਆਇਆ,ਕੀਕੂੰ ਕਰਾਂ ਬਿਆਨ,

ਇੱਛਾ ਸੱਭੇ ਪੂਰਨ ਹੋਈ ਲੇਖੇ ਲੱਗੀ ਘਾਲ।

ਸ਼ਾਲਾ ਏਵੇਂ ਜੋੜ ਕੇ ਰੱਖੀਂ, ਵੱਖ ਕਰੀਂ ਨਾ ਪਲ ਵੀ,

ਇਹ ਤੜਕਾ, ਇਹ ਟਿਕੀ ਰਾਤ ਦਾ, ਤਕਦਾ ਰਹਾਂ ਕਮਾਲ।
 

dalvinder45

SPNer
Jul 22, 2023
652
36
79
ਇੱਕੋ-ਇੱਕ ਹੀ ਹੈ ਹਰ ਥਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲਇੱਕੋ-ਇੱਕ ਹੀ ਹੈ ਹਰ ਥਾਂ।

ਉਸ ਨੂੰ ਦੇ ਲਓ ਕੋਈ ਨਾਂ।

ਕਹਿ ਲਓ ਅੱਲਾ ਕਹਿ ਲਓ ਰਾਮ

ਗਾਡ ਵਾਹਿਗੁਰੂ ਜਾਂ ਸਤਿਨਾਮ।

ਸੱਭ ਦੇ ਅੰਦਰ ਸੱਭ ਦੇ ਬਾਹਰ,

ਹਰ ਦਿਲ ਵਿੱਚ ਹੈ ਉਸ ਦੀ ਠਾਹਰ।

ਸਾਰੇ ਜੱਗ ਨੂੰ ਆਪ ਚਲਾਏ,

ਜੋ ਚਾਹੇ ਉਹ ਹੀ ਕਰਵਾਏ।

ਸੂਰਜ ਚੰਦ ਧਰਤੀਆਂ ਤਾਰੇ,

ਘੁੰਮਦੇ ਉਸ ਦੇ ਹੁਕਮ ਚ ਸਾਰੇ।

ਹੁਕਮ ਬਿਨਾ ਨਾ ਪੱਤਾ ਹਿਲਦਾ,

ਜੋ ਉਹ ਦੇਵੇ ਸੋਈ ਮਿਲਦਾ।

ਸਾਰਾ ਜੱਗ ਕਰਮਾਂ ਵਿੱਚ ਪਾਇਆ,

ਚੰਗਾ ਮੰਦਾ ਭਾਗੀਂ ਆਇਆ।

ਸੱਭ ਦੀ ਮੰਜ਼ਿਲ ਉਸ ਘਰ ਜਾਣਾ,

ਸੱਭ ਦਾ ਊਹੋ ਅਸਲ ਟਿਕਾਣਾ,

ਸੱਚਾ-ਸੁੱਚਾ ਮਨ ਘਰ ਉਸ ਦਾ,

ਸੱਭ ਤੋਂ ਉੱਚਾ ਹੈ ਦਰ ਉਸਦਾ।

ਉਸ ਨੂੰ ਪਾਉਣਾ ਨਾਮ ਕਮਾਉਣਾ,

ਉਸ ਨੂੰ ਚੱਤੋ ਪਹਿਰ ਧਿਆਉਣਾ।
 

dalvinder45

SPNer
Jul 22, 2023
652
36
79
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਣਾ ਸਿੱਖੋ ਖੁਲ੍ਹ ਕੇ, ਵਧਾਓ ਨਾ ਪਾਬੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ।

ਵੰਡੋ ਪ੍ਰੇਮ, ਕਰੋ ਭਲਾ, ਯਾਦ ਰੱਖੋ ਰੱਬ ਨੂੰ,

ਛੱਡੋ, ਨਸ਼ਾ, ਵੱਢੀ, ਠੱਗੀ, ਮਿੱਠਾ ਬੋਲੋ ਸੱਭ ਨੂੰ॥

ਹੋਰਾਂ ਨੂੰ ਦਿਖਾਉਣਾ ਨੀਵਾਂ ਆਦਤਾਂ ਨੇ ਗੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਹਿੰਮਤ ਤੇ ਹੌਸਲੇ ਦੇ ਨਾਲ ਵਧੀ ਜਾਣਾ ਜੀ,

ਵੱਢੀ, ਠੱਗੀ, ਚੋਰੀ, ਬਦੀ, ਕੁਝ ਨਾ ਵਧਾਣਾ ਜੀ।

ਨਸ਼ਿਆਂ ਸਹਾਰੇ ਜੀਣਾ ਸੋਚਾਂ ਸਿਰੋਂ ਮੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਚੰਗੇ ਚੁਣੋ ਬੇਲੀ ਤੇ ਨਿਭਾਓ ਸਿਰੇ ਯਾਰੀਆਂ,

ਚੁਗਲੀ ਤੇ ਨਿੰਦਾ ਤਾਂ ਨੇ ਬੁਰੀਆਂ ਬਿਮਾਰੀਆਂ।

ਨਿਗਾਹ ਹੱਕ ਹੋਰ ਦੇ ਤੇ ਨੀਤਾਂ ਦੱਸੇ ਮੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਗੁੱਸਾ ਗਿੱਲਾ ਭੁਲੋ ਸਿੱਖੋ ਪਿਆਰ ਦੀ ਮੁਹਾਰਨੀ,

ਰਿਸ਼ਤਿਆਂ ਦਾ ਮਾਣ ਦਿੰਦਾ ਟੁੱਟਣ ਪਰਿਵਾਰ ਨੀ,

ਭਲੇ ਘਰੀਂ ਤਾਹਨੇ ਮਿਹਣੇ ਗਾਲਾਂ ਨਾ ਸੁਹੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਪੈਸਿਆਂ ਦੀ ਠਾਠ ਵਿੱਚ ਖੋਵੋ ਨਾ ਇਮਾਨ ਜੀ।

ਵੱਡਾ ਉਹ ਹੀ ਜਿਹੜਾ ਹੋਵੇ ਚੰਗਾ ਇਨਸਾਨ ਜੀ।

ਏਕਤਾ ਬਣਾਵੇ, ਨਾ ਵਧਾਵੇ ਕਦੇ ਵੰਡੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਚੰਗੀ ਰੂਹ ਤਾਂ ਭਲਾ ਸਰਬਤ ਦਾ ਏ ਮੰਗਦੀ।

ਕਰਨੀ ਸਹਾਇਤਾ ਚਾਹੀਏ ਸਦਾ ਲੋੜਵੰਦ ਦੀ,

ਦੇਖ ਕੇ ਅਪਾਹਜ ਨਾ ਕੱਢੋ ਐਵੇਂ ਦੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਆਪੇ ਨੂੰ ਪਛਾਣੋ, ਮੂਲ ਅਪਣੇ ਨੂੰ ਜਾਣ ਲਓ।

ਆਏ ਜੋ ਕਰਨ ਸੋ ਇਰਾਦਾ ਪੱਕਾ ਠਾਣ ਲਓ।

ਤਾਰਾਂ ਬਾਹਰ ਅੰਦਰ ਜਾਣ ਸੇਧ ਚ ਨਿਗੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
 

dalvinder45

SPNer
Jul 22, 2023
652
36
79
I found my God

Dr Dalvinder Singh Grewal

Not knowing where God did reside.
Whether he is inside or outside.
I read scriptures and a commentary.
I meditated on Knowledge elementary.
But could not find God inside me.
I was astonished where could He be.
Heard cuckoo singing sweet coo hu cu
Melodious sound pure and true.
As if God's voice entered in me.
God is not so far I could see.
I entered the park; found roses smell
Found God’s existence in nature as well.
Walked to the fields, found dancing crop
To enjoy the cool breeze, I did stop
So pleasant to cheeks, its touch like balm
God sent this breeze to enjoy real calm
I walked home, found destitute at gate.
Soiled clothes and hunger as his fate
I got him in my house and washed with care
Gave new clothes and food to eat and spare.
He in turn Blessed, "God is really in you."
Wow! God is inside me and outside too!
Back in home I helped my wife
In her daily chores to reduce her strife
She cooked with love and without any haste
God was so kind to give me this taste
I thanked her, she blushed, became red
“God in you has woken up”, she said
This is how I found my Real God
It is all true but may look quite odd.
I found him in touch, in sight and smell
In hearing sound; in tasting food as well.
God is everywhere, my dear you try
Answers to all your what, where and why.
 
Last edited:

dalvinder45

SPNer
Jul 22, 2023
652
36
79
ਰੱਬ ਦਾ ਨਾਂ

ਦਲਵਿੰਦਰ ਸਿੰਘ ਗ੍ਰੇਵਾਲਲੈਂਦਾ ਨਾ ਤੂੰ ਰੱਬ ਦਾ ਨਾਂ।

ਐਵੇਂ ਫਿਰੇਂ ਉਡਾਂਦਾ ਕਾਂ।

ਉਮਰ ਤਾਂ ਤਨ ਤੇ ਭਾਰੀ ਹੈ

ਹਿੰਮਤ ਕਰਨੋਂ ਹਾਰੀ ਹੈ।

ਯਾਦ ਕਰੇਂ ਹੁਣ ਮੋਈ ਮਾਂ ।

ਲੈਂਦਾ ਨਾ ਤੂੰ ਰੱਬ ਦਾ ਨਾਂ।

ਰੱਬ ਸੰਗ ਧਿਆਨ ਲਗਾਂਦਾ ਨਾਂ।

ਜੀਵਨ ਲੇਖੇ ਲਾਂਦਾ ਨਾਂ।

ਅੰਦਰ ਤੇਰੇ ਤਾਂ ਭਾਂ ਭਾਂ।

ਲੈਂਦਾ ਨਾ ਤੂੰ ਰੱਬ ਦਾ ਨਾਂ।

ਦੁਨੀਆਂਦਾਰੀ ਝੰਝਟ ਹੈ।

ਚਿੰਤਾ ਰੋਗ ਵੀ ਮਰਘਟ ਹੈ।

ਜੇ ਮਨ ਸ਼ਾਂਤ ਨਾ, ਚਿੰਤਾ ਤਾਂ।

ਲੈਂਦਾ ਨਾਂ ਤੂੰ ਰੱਬ ਦਾ ਨਾਂ।

ਮਾਇਆ ਮੋਹ ਕਿਉਂ ਮਰ ਖਪਣਾ।

ਅੰਮ੍ਰਿਤ ਵੇਲੇ ਨਾ ਜਪਣਾ,

ਦਿਲ ਜੁੜਦਾ ਹੈ ਜਦ ਚੁੱਪ ਚਾਂ।

ਲੈਂਦਾ ਨਾਂ ਤੂੰ ਰੱਬ ਦਾ ਨਾਂ।

ਬਾਹਰ ਨਾਂ ਉਸ ਨੂੰ ਭਾਲਣ ਜਾ।

ਧਿਆਨ ਲਗਾ ਰੱਬ ਅੰਦਰ ਪਾ।

ਵਸਦਾ ਹੈ ਉਹ ਤਾਂ ਹਰ ਥਾਂ।

ਲੈਂਦਾ ਨਾਂ ਤੂੰ ਰੱਬ ਦਾ ਨਾਂ।

 

dalvinder45

SPNer
Jul 22, 2023
652
36
79
ਕੁੱਝ ਤਾਂ ਸੋਚ ਪ੍ਰਾਣੀ।

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੁੱਝ ਤਾਂ ਸੋਚ ਪ੍ਰਾਣੀ।

ਜਿਸ ਦੇਹ ਦੇ ਮੋਹ ਜਾਲ ਚ ਫਸਿਐਂ, ਇੱਕ ਦਿਨ ਅਗਨ ਸਮਾਣੀ।

ਰੂਹ ਤੇਰੀ ਤਾਂ ਜੋਤ ਹੈ ਰੱਬ ਦੀ, ਜੇ ਪਦ ਅਮਰ ਦਾ ਪਾਉਣਾ।

ਸੱਚੀ ਸੁੱਚੀ ਰੱਖ ਹਮੇਸ਼ਾ, ਉਸ ਦੇ ਗੁਣ ਅਪਣਾਉਣਾ।

ਕਾਮ, ਕ੍ਰੋਧ, ਹੰਕਾਰ, ਲੋਭ, ਮੋਹ, ਵਿੱਚ ਉਲਝਾ ਨਾ ਤਾਣੀ ।

ਕੁੱਝ ਤਾਂ ਸੋਚ ਪ੍ਰਾਣੀ।

ਵੈਰ ਵਿਰੋਧ ਛੱਡ, ਪਿਆਰ ਵਧਾ ਲੈ, ਸਾਰੇ ਉਸ ਦੇ ਜਾਏ।

ਜਿਉਂ ਜਿਉਂ ਚਾਹੇ, ਤਿਉਂ ਤਿਉਂ ਉਸਨੇ, ਸਾਰੇ ਧੰਦੀਂ ਲਾਏ ।

ਹੁਕਮ ਉਸੇ ਦਾ ਸੱਭ ਜੱਗ ਚਲਦਾ, ਹੁਕਮ ਚ ਉੁਮਰ ਲੰਘਾਣੀ ।

ਕੁੱਝ ਤਾਂ ਸੋਚ ਪ੍ਰਾਣੀ।

ਸਭਨਾਂ ਜੀਆਂ ਕਾ ਇਕੁ ਦਾਤਾ, ਵਿਸਰ ਕਦੇ ਨਾ ਜਾਣਾ,

ਜੋ ਹੁੰਦਾ ਸਭ ਊਹੋ ਕਰਾਵੇ, ਤੈਨੂੰ ਕਾਹਦਾ ਮਾਣਾ।

ਭਲਾ ਸਬਸ ਦਾ ਸੋਚ ਹਮੇਸ਼ਾ ਭਲਾ ਇਸੇ ਵਿੱਚ ਜਾਣੀਂ।

ਕੁੱਝ ਤਾਂ ਸੋਚ ਪ੍ਰਾਣੀ।

ਸ਼ਾਂਤ ਰਹੇਂਗਾ, ਸੁੱਖ ਭੋਗੇਂਗਾ, ਨਾਮ ਜਪੇਂ ਤਾਂ ਮੁਕਤੀ।

ਉਸ ਨੂੰ ਹਰ ਦਮ ਚਿੱਤ ਵਿੱਚ ਰੱਖਣਾ ਏਹੋ ਸੱਚੀ ਭਗਤੀ।

ਮਾਰਗ ਜੋ ਅਪਣਾਣਾ ਕਿਹੜਾ, ਦਸਦੀ ਏ ਗੁਰਬਾਣੀ।

ਕੁੱਝ ਤਾਂ ਸੋਚ ਪ੍ਰਾਣੀ।
 

dalvinder45

SPNer
Jul 22, 2023
652
36
79
ਦਿਲ ਦੀ ਅੱਗ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਦਿਲ ਚ ਜਦ ਤੱਕ ਅੱਗ ਸੀ ਬਲਦੀ ਰਹੀ।

ਆਪ-ਹੁਦਰੀ ਜ਼ਿੰਦਗੀ ਚਲਦੀ ਰਹੀ।

ਯਖ ਜੰਮਣ ਰੱਤ ਵਿੱਚ ਜਦ ਲੱਗ ਪਈ,

ਹੁਕਮ-ਹਦਾਇਤ ਤੇ ਇਹ ਫਿਰ ਢਲਦੀ ਰਹੀ।

ਅੱਗ ਤੇ ਯਖ ਜ਼ਿੰਦਗੀ ਦਾ ਭਾਗ ਨੇ,

ਅੱਜ ਦੀ ਹੈ ਅੱਜ ਕਲ੍ਹ ਦੀ ਕਲ੍ਹ ਰਹੀ।

ਗਲਤੀਆਂ ਫਿਤਰਤ ਹੈ ਇਨਸਾਨ ਦੀ,

ਫਿਕਰ ਕਿਉਂ ਚੰਗੀ-ਬੁਰੀ ਗੱਲ ਦੀ ਰਹੀ।

ਜੀਣ ਦਾ ਮਤਲਬ ਤਾਂ ਬਸ ਚਲਦੇ ਰਹੋ,

ਮੰਜ਼ਿਲ ਨੇੜੇ ਆਣ ਵੀ ਟਲਦੀ ਰਹੀ।

ਰੱਬ ਭਰੋਸੇ ਜੀਣ ਬਿਨ ਚਾਰਾ ਨਹੀਂ,

ਮਿਹਨਤ ਕੁੱਝ ਟੁੱਟੀ ਤੇ ਕੁੱਝ ਫਲਦੀ ਰਹੀ।

ਆਦਮੀ ਦੇ ਅਪਣੇ ਵੱਸ ਕੁੱਝ ਨਹੀਂ

ਢਲਦੀ ਉਮਰ ਇਹੋ ਸੁਨੇਹ ਘਲਦੀ ਰਹੀ।

ਉੱਠ ਪਉ ਕੰਮ ਲੱਗ, ਹੁਣ ਦਲਵਿੰਦਰਾ

ਹੋਸ਼ ਭੁੱਲ, ਛੱਡ ਸੋਚ, ਨਾ ਗੱਲ ਫਲ ਦੀ ਰਹੀ।
 

dalvinder45

SPNer
Jul 22, 2023
652
36
79
ਸਭ ਨੇ ਮਰਨਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਵੀ ਮਰਨਾ ਤੂੰ ਵੀ ਮਰਨਾ, ਸਭਨਾਂ ਨੇ ਹੈ ਮਰਨਾ।

ਜੁੇ ਮਰਨਾ ਹੈ ਨਿਸ਼ਚਿਤ ਫਿਰ ਕਿਉਂ, ਮਰਨੋਂ ਯਾਰੋ ਡਰਨਾ।

ਗਿਣਵੇਂ ਦਿਨ ਜੋ ਜੀਣ ਲਈ ਨੇ, ਜੀਵੋ ਜੀ, ਜੀ ਭਰਕੇ,

ਹਰ ਪਲ ਖਿੜਕੇ ਚਾਅ ਵਿੱਚ ਨਿਪਟੋ, ਦਿਤਾ ਕਾਰਜ ਕਰਕੇ।

ਮਹਿਲ ਮੁਨਾਰੇ ਜੋ ਨੇ ਉਸਾਰੇ,ਇਹ ਤਾਂ ਪੱਕਾ ਘਰ ਨਾ,

ਮੈਂ ਵੀ ਮਰਨਾ ਤੂੰ ਵੀ ਮਰਨਾ, ਸਭਨਾਂ ਨੇ ਹੈ ਮਰਨਾ।

ਮੇਰੀ ਮੇਰੀ ਕੀ ਕਰਦਾ ਏਂ ਏਥੇ ਕੁੱਝ ਨਈਂ ਤੇਰਾ,

ਨਾਲ ਲਿਆਇਆ ਕੁੱਝ ਨਾ ਸੀ ਜੋ ਨਾਲ ਜੋ ਜਾਣਾ ਸ਼ੇਰਾ।

ਖਾਲੀ ਹੱਥ ਜੇ ਜਾਣਾ ਹੈ ਤਾਂ ਜੋੜ ਜੋੜ ਕੀ ਕਰਨਾ?

ਮੈਂ ਵੀ ਮਰਨਾ ਤੂੰ ਵੀ ਮਰਨਾ, ਸਭਨਾਂ ਨੇ ਹੈ ਮਰਨਾ।

ਇਸ ਦੁਨੀਆਂ ਤੇ ਚੰਦ ਦਿਨਾਂ ਲਈ ਜੇਕਰ ਤੇਰਾ ਵਾਸਾ,

ਐਸਾ ਚੰਗਾ ਕਰ ਜਾ ਜਿਸਦਾ ਸਭ ਨੂੰ ਰਹੇ ਅਸਾਸਾ।

ਮਾੜੇ ਕੰਮ ਕਰੇਂਗਾ ਤੇਰਾ ਰੁਲ ਜਾਊ ਮਰਨਾ ਵਰਨਾ।

ਮੈਂ ਵੀ ਮਰਨਾ ਤੂੰ ਵੀ ਮਰਨਾ, ਸਭਨਾਂ ਨੇ ਹੈ ਮਰਨਾ।

ਆਉਣ ਜਾਣ ਦਾ ਚੱਕਰ ਮਾੜਾ, ਜੂਨ ਭਟਕਦੇ ਰਹਿਣਾ

ਪਤਾ ਨਹੀਂ ਕਿਸ ਜੂਨ ਚ ਕਿਹੜਾ ਕਸ਼ਟ ਪਊਗਾ ਸਹਿਣਾ,

ਚੰਗਾ ਆਉਣ ਜਾਣ ਤੋਂ ਮੁਕਤੀ, ਪਲ ਨਾ ਉਨੂੰ ਵਿਸਰਨਾ

ਮੈਂ ਵੀ ਮਰਨਾ ਤੂੰ ਵੀ ਮਰਨਾ, ਸਭਨਾਂ ਨੇ ਹੈ ਮਰਨਾ।

ਜਿੱਥੇ ਤੇਰਾ ਅਸਲੀ ਵਾਸਾ ਧਿਆ ਲੈ ਸਿਰਜਣਹਾਰਾ।

ਜੇ ਚਾਹੁਨੈ ਛੁਟਕਾਰਾ ਫੜ ਲੈ ਇਕੋ ਨਾਮ ਸਹਾਰਾ ।

ਰਾਮ ਨਾਮ ਹੀ ਤੇਰਾ ਸਹਾਰਾ, ਜੇ ਹੈ ਭਵਜਲ ਤਰਨਾ।

ਮੈਂ ਵੀ ਮਰਨਾ ਤੂੰ ਵੀ ਮਰਨਾ, ਸਭਨਾਂ ਨੇ ਹੈ ਮਰਨਾ।
 
Top