• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi) ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ - ਡਾ. ਸੋਲਮਨ ਨਾਜ਼ ਨਾਲ ਇਕ ਮੁਲਾਕਾਤ; ਮੁਲਾਕਾਤ ਕਰਤਾ - ਡਾ. ਡੀ. ਪੀ. ਸਿੰਘ

Dr. D. P. Singh

Writer
SPNer
Apr 7, 2006
126
64
Nangal, India


ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ - ਡਾ. ਸੋਲਮਨ ਨਾਜ਼ ਨਾਲ ਇਕ ਮੁਲਾਕਾਤ

ਮੁਲਾਕਾਤ ਕਰਤਾ - ਡਾ. ਡੀ. ਪੀ. ਸਿੰਘ
ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਕੈਨੇਡਾ


1579743976170.png

ਡਾ. ਸੋਲਮਨ ਨਾਜ਼ ਅਤੇ ਡਾ. ਡੀ. ਪੀ. ਸਿੰਘ ਮੁਲਾਕਾਤ ਦੌਰਾਨ

ਡਾ. ਸੋਲਮਨ ਨਾਜ਼ ਇਕ ਬਹੁਪੱਖੀ ਸਖਸ਼ੀਅਤ ਦਾ ਨਾਂ ਹੈ। ਪਿਛਲੇ ਲਗਭਗ ਛੇ ਦਹਾਕਿਆ ਤੋਂ ਹੀ ਉਹ ਸਮਾਜਿਕ, ਸਾਹਿਤਕ, ਪੱਤਰਕਾਰੀ ਤੇ ਧਾਰਮਿਕ ਕਾਰਜਾਂ ਵਿਚ ਤਹਿ ਦਿਲੋਂ ਜੁੜੇ ਹੋਏ ਹਨ। ਜਿਥੇ ਉਨ੍ਹਾਂ ਧਾਰਮਿਕ ਖੇਤਰ ਵਿਚ ਅਮਰੀਕਾ ਦੀ ਵਿਲੱਖਣ ਯੂਨੀਵਰਸਿਟੀ ਤੋਂ ਧਰਮ ਦਾ ਤੁਲਨਾਤਮਿਕ ਅਧਿਅਨ ਵਿਸ਼ੇ ਸੰਬੰਧੀ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕਰ ਕੇ, ਲੰਮੇ ਅਰਸੇ ਤਕ ਮਸੀਹੀ ਸਮੁਦਾਇ ਦੇ ਧਾਰਮਿਕ ਰਹਿਨੁਮਾ ਵਜੋਂ ਅਹਿਮ ਰੋਲ ਅਦਾ ਕੀਤਾ ਹੈ। ਉਥੇ ਉਹ ਮਸੀਹੀਅਤ ਦੇ ਅਮਲੀ ਰੂਪ ਨੂੰ ਆਪਣੇ ਜੀਵਨ ਦਾ ਮੂਲ-ਅੰਗ ਬਣਾ, ਹਰ ਲੋੜਵੰਦ ਦੀ ਤਨ, ਮਨ ਅਤੇ ਧੰਨ ਨਾਲ ਹਮੇਸ਼ਾਂ ਮਦਦ ਕਰਦੇ ਰਹੇ ਹਨ।

ਸਾਹਿਤਕ ਖੇਤਰ ਵਿਚ ਅਨੇਕ ਸੰਚਾਰ ਮਾਧਿਅਮਾਂ ਖਾਸਕਰ ਅਖਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਆਦਿ ਰਾਹੀਂ ਉਹ ਸਮਾਜਿਕ ਮਸਲਿਆਂ ਨੂੰ ਉਭਾਰਣ ਤੇ ਉਨ੍ਹਾਂ ਦੇ ਸਹੀ ਹਲਾਂ ਬਾਰੇ ਸਾਨੂੰ ਸੱਭ ਨੂੰ ਸੁਚੇਤ ਕਰਦੇ ਰਹੇ ਹਨ। ਭਾਵੇਂ ਇਹ ਮਸਲਾ ਧਾਰਮਿਕ ਕੱਟੜਤਾ ਦੇ ਮਾੜੇ ਪ੍ਰਭਾਵਾਂ ਦਾ ਹੋਵੇ, ਜਾਂ ਫਿਰ ਸਮਾਜਿਕ ਨਾਇਨਸਾਫੀ ਦਾ, ਵਾਤਵਰਣੀ ਚੇਤਨਾ ਪ੍ਰਸਾਰ ਦੀ ਗੱਲ ਹੋਵੇ ਜਾਂ ਫਿਰ ਆਰਥਿਕ ਤੇ ਰਾਜਨੀਤਕ ਮੁੱਦਿਆ ਦਾ ਵਿਚਾਰ ਚਰਚਾ ਹੋਵੇ, ਡਾ. ਨਾਜ਼ ਦਾ ਯੋਗਦਾਨ ਇਨ੍ਹਾਂ ਖੇਤਰਾਂ ਵਿਚ ਹਮੇਸ਼ਾਂ ਹੀ ਵਿਲੱਖਣ ਰਿਹਾ ਹੈ।

ਉਨ੍ਹਾਂ ਦੇ ਬਹੁ-ਖੇਤਰੀ ਤੇ ਬਹੁ-ਦਿਸ਼ਾਵੀ ਕਾਰਜਾਂ ਵਿਚੋਂ ਉਨ੍ਹਾਂ ਦਾ ਲੋਕਾਂ ਪ੍ਰਤਿ ਅਮਲੀ ਸੇਵਾ-ਭਾਵ ਰੱਖਣਾ, ਖਾਸ ਤੌਰ ਉੱਤੇ ਪ੍ਰਭਾਵਿਤ ਕਰਦਾ ਹੈ। ਭਾਵੇਂ ਕੋਈ ਨਵਾਂ ਆਇਆ ਇੰਮੀਗਰੈਂਟ ਹੋਵੇ, ਜਾਂ ਫਿਰ ਘਰੇਲੂ ਹਿੰਸਾ ਦਾ ਮਸਲਾ, ਕਿਧਰੇ ਕੋਈ ਬਜ਼ੁਰਗ ਸਾਥੀ ਇੱਕਲਤਾ ਦਾ ਸ਼ਿਕਾਰ ਹੋਵੇ ਜਾਂ ਫਿਰ ਕੋਈ ਸੱਜਣ ਪਰਵਾਸ ਦੀਆਂ ਮੁਸ਼ਕਲਾਂ ਨਾਲ ਜੂੰਝ ਰਿਹਾ ਹੋਵੇ, ਡਾ. ਨਾਜ਼ ਬਿਨ੍ਹਾਂ ਕਿਸੇ ਲਗ-ਲਗਾਵ ਜਾਂ ਵਿਤਕਰੇ ਦੇ ਹਮੇਸ਼ਾਂ ਅਜਿਹੇ ਸਾਥੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਤਤਪਰ ਹੀ ਨਹੀਂ ਰਹਿੰਦੇ ਸਗੋਂ ਆਪਣੀ ਪੂਰੀ ਲਗਨ ਅਤੇ ਮਿਹਨਤ ਨਾਲ ਇਨ੍ਹਾਂ ਸਮੱਸਿਆਵਾਂ ਦੇ ਹੱਲ ਹੋਣ ਤਕ ਯਤਨਸ਼ੀਲ ਰਹਿੰਦੇ ਹਨ।

ਸਾਹਿਤਕ ਖੇਤਰ ਵਿਚ ਉਨ੍ਹਾਂ ਦੀ ਪਹਿਚਾਣ ਨਾਜ਼ੁਕ ਅਹਿਸਾਸਾਂ ਨਾਲ ਰੱਤੇ ਕਵੀ ਤੇ ਗਜ਼ਲਗੋ ਹੋਣ ਦੇ ਨਾਲ ਨਾਲ ਸਿਰਮੋਰ ਵਾਰਤਾਕਾਰ ਤੇ ਸੰਪਾਦਕ ਵਜੋਂ ਪਰਪੱਕ ਹੈ। ਵਰਨਣਯੋਗ ਹੈ ਕਿ ਉਨ੍ਹਾਂ ਦੀ ਸਮਕਾਲੀ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਕ ਮਸਲਿਆ ਸੰਬੰਧਤ ਪਕੜ੍ਹ ਬਹੁਤ ਹੀ ਪੀਡੀ ਹੈ। ਵਾਰਤਾਕਾਰ ਵਜੋਂ ਜਿਥੇ ਉਹ ਈਸਾਈ ਧਰਮ, ਇਸਲਾਮ ਅਤੇ ਸਿੱਖ ਧਰਮ ਦੇ ਅਹਿਮ ਮੁੱਦਿਆ ਬਾਰੇ ਬਹੁਤ ਹੀ ਪਾਰਖੂ ਦ੍ਰਿਸ਼ਟੀਕੋਣ ਦੇ ਧਾਰਣੀ ਹਨ, ਉਥੇ ਉਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਦੇ ਸਮਕਾਲੀ ਸਰੋਕਾਰਾਂ ਨੂੰ ਸੰਚਾਰ ਮਾਧਿਅਮਾਂ ਰਾਹੀਂ ਸੰਬੰਧਤ ਅਧਿਕਾਰੀਆਂ ਤੇ ਸਰਕਾਰਾਂ ਤਕ ਪਹੁੰਚਾਣ ਵਿਚ ਵਿਸ਼ੇਸ਼ ਰੋਲ ਅਦਾ ਕੀਤਾ ਹੈ।

ਹੋਰ ਤਾਂ ਹੋਰ, ਵਿਸ਼ਵ ਭਰ ਵਿਚ, ਜਿਥੇ ਕਿਤੇ ਵੀ ਘੱਟ ਗਿਣਤੀ ਸਮੁਦਾਇ ਦੇ ਲੋਕ, ਬਹੁਗਿਣਤੀ ਸਮੁਦਾਇ ਦੀ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੁੰਦੇ ਹਨ, ਡਾ. ਨਾਜ਼ ਅਜਿਹੇ ਅਨਿਆਂ ਦੇ ਵਿਰੋਧ ਵਿਚ ਆਵਾਜ਼ ਉਠਾਉਣ ਵਿਚ ਕਦੇ ਵੀ ਪਿੱਛੇ ਨਹੀਂ ਰਹੇ। ਕ੍ਰਿਸਟੀਅਨ ਰਿਵਿਊ ਮੈਗਜ਼ੀਨ ਦੇ ਮੁੱਖ ਸੰਪਾਦਕ ਦਾ ਵਿਲੱਖਣ ਰੋਲ ਨਿਭਾਉਂਦੇ ਹੋਏ, ਡਾ. ਨਾਜ਼ ਨੇ ਅਜਿਹੇ ਸਰੋਕਾਰਾਂ ਨੂੰ ਵਿਸ਼ਵ ਭਰ ਦੀਆਂ ਸਰਕਾਰਾਂ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਨੂੰ, ਅਜਿਹੀਆਂ ਅਮਾਨਵੀ ਘਟਨਾਵਾਂ ਦੇ ਸਹੀ ਹੱਲ ਲਈ ਪ੍ਰੇਰਿਤ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਨਿੱਜੀ ਤਜਰਬੇ ਅਤੇ ਵਿਚਾਰਾਂ ਨੂੰ ਜਾਨਣ ਦੀ ਉਤਸੁਕਤਾ ਹਰ ਪਾਠਕ ਦੇ ਹਿਰਦੇ ਅੰਦਰ ਠਾਠਾਂ ਮਾਰਦੀ ਹੋਵੇਗੀ। ਇਸੇ ਮੰਤਵ ਨੂੰ ਪੂਰਨ ਕਰਨ ਲਈ ਡਾ. ਸੋਲਮਨ ਨਾਜ਼ ਹੁਰਾਂ ਪਾਸੋਂ ਪ੍ਰਸਤੁਤ ਵਿਚਾਰ ਲੜੀ ਪੇਸ਼ ਕੀਤੀ ਜਾ ਰਹੀ ਹੈ:

ਡਾ. ਸਿੰਘ: ਆਪ ਨੂੰ ਸਾਹਿਤਕ ਚੇਟਕ ਕਿਵੇਂ ਲੱਗੀ? ਕੀ ਅਜਿਹਾ ਵਿੱਦਿਅਕ ਪ੍ਰਾਪਤੀ ਸਮੇਂ ਵਾਪਰਿਆ? ਕਿਹੜੇ ਲੇਖਕਾਂ ਨੇ ਪ੍ਰਭਾਵਿਤ ਕੀਤਾ?
ਡਾ. ਨਾਜ਼: ਡੀ. ਪੀ. ਜੀਓ। ਅਸਲ ਵਿਚ ਸਾਹਿਤ ਅਤੇ ਏਸ ਨਾਲ ਮੋਹ ਕੋਈ ਹਾਦਸਾ ਨਹੀਂ ਸੀ, ਮੇਰੇ ਵਿਰਸੇ ਅੰਦਰ ਹੀ ਸੀ! ਮੇਰੇ ਪਿਤਾ ਜੀ ਫ਼ਾਰਸੀ ਅਤੇ ਉਰਦੂ ਜ਼ਬਾਨ ਦੇ ਨਾਮਵਰ ਸ਼ਾਇਰ ਸਨ ਅਤੇ ਐਫ਼ ਸੀ ਕਾਲਜ ਲਾਹੌਰ ਵਿਖੇ ਪ੍ਰੋਫ਼ੈਸਰ ਸਨ। ਭਾਰਤ ਦੀ ਵੰਡ ਮਗਰੋਂ ਪੰਜਾਬ ਦੇ ਅਨੇਕ ਪ੍ਰਮੁੱਖ ਸ਼ਾਇਰ ਜਿਵੇਂ ਕਿ ਫੈਜ਼ ਅਹਿਮਦ ਫ਼ੈਜ਼ ਅਤੇ ਹਫ਼ੀਜ਼ ਜਲੰਧਰੀ (ਜਿਸ ਨੇ ਪਾਕਿਸਤਾਨ ਦਾ ਤਰਾਨਾ ਵੀ ਲਿਖਿਆ) ਲਹਿੰਦੇ ਪੰਜਾਬ ਚਲੇ ਗਏ। ਛੇਤੀ ਹੀ ਅਰਸ਼ ਮਲਸੀਆਨੀ, ਤੇ ਜੋਸ਼ ਮਲਸੀਆਨੀ ਦਿੱਲੀ ਚਲੇ ਗਏ ਤੇ ਜੋਸ਼ ਮਲਸੀਆਨੀ ਨੇ ਆਲ ਇੰਡੀਆ ਰੇਡੀਓ ਸਟੇਸ਼ਨ ਵਿਖੇ ਨੌਕਰੀ ਕਰ ਲਈ। ਇੱਕ ਹੋਰ ਨਾਮਵਰ ਹਸਤੀ ਜੋ ਜਲੰਧਰ ਛਾਉਣੀ ਵਿਖੇ ਰਿਹਾਇਸ਼ ਰੱਖਦੇ ਸਨ, ਉਹ ਸਨ ਜਨਾਬ ਗੁਰਬਖ਼ਸ਼ ਸਿੰਘ ਮਖ਼ਮੂਰ ਜਲੰਧਰੀ, ਜੋ ਮੇਰੇ ਪਿਤਾ ਜੀ ਦੇ ਉਸਤਾਦ ਸਨ। ਇਹ ਸਾਰੀਆਂ ਨਾਮਵਰ ਹਸਤੀਆਂ ਅਸਲ ਵਿੱਚ ਹਜ਼ਰਤ ਜਨਾਬ ਦਾਗ ਦਹਿਲਵੀ ਦੀ ਹੀ ਸ਼ਗਿਰਦ ਵਾੜੀ ਦੇ ਫੁੱਲ ਸਨ। ਹੁਣ ਤੁਸੀਂ ਆਸਾਨੀ ਨਾਲ ਕਹਿ ਸਕਦੇ ਹੋ ਕਿ ਮੈਨੂੰ ਮਾਨ ਹੈ ਕਿ ਮੈਂ ਦਾਗ਼ ਦਹਿਲਵੀ ਦੇ ਗੁਲਦਸਤੇ ਦੀ ਸ਼ਾਖ਼ ਦੀ ਪਿਉਂਦ ਹਾਂ।

ਇਹ ਵੀ ਜ਼ਰੂਰੀ ਬਣਦਾ ਹੈ ਕਿ ਮੇਰੀ ਅੱਜ ਦੀ ਗ਼ਜ਼ਲ ਗੋਈ ਉਰਦੂ ਜ਼ਬਾਨ ਦਾ ਬਹੁਤ ਅਸਰ ਕਬੂਲਦੀ ਹੈ। ਇੱਕ ਅਣਛਪੀ ਉਰਦੂ ਜ਼ਬਾਨ ਦੀ ਕਿਤਾਬ ਛੇਤੀ ਹੀ ਆਪ ਦੀ ਨਜ਼ਰ ਹੋਵੇਗੀ। ਹੈਰਾਨੀ ਭਰਿਆ ਹਾਦਸਾ ਇਹ ਹੈ ਕਿ ਜਦ ਮੈਂ ਸਕੂਲ ਜਾਣ ਲੱਗਾ, ਉਰਦੂ ਜ਼ਬਾਨ ਦਾ ਮੁਲਸਮਾਨਾ ਦੀ ਬੋਲੀ ਸਮਝ ਕੇ ਦਫ਼ਨ ਕਫ਼ਨ ਹੋ ਚੁਕਿਆ ਸੀ। ਮੈਂ ਫ਼ਾਰਸੀ ਅਤੇ ਉਰਦੂ ਜ਼ੁਬਾਨ ਅਪਣੇ ਪਿਤਾ ਕੋਲੋਂ ਹੀ ਸਿਖੀ ਹੈ।

ਇਹ ਜ਼ਰੂਰ ਹੈ ਕਿ ਛੋਟੀ ਉਮਰੇ ਹੀ ਅਪਣੇ ਪਿਤਾ ਦੇ ਨਾਲ ਇਨ੍ਹਾਂ ਨਾਮਵਰ ਅਜ਼ੀਮ ਹਸਤੀਆਂ ਨੂੰ ਮਿਲਣ ਦਾ ਇਤਫ਼ਾਕ ਹੁੰਦਾ ਰਿਹਾ ਹੈ। ਮਿਸਾਲ ਵਜੋਂ ਪ੍ਰੋ. ਮੋਹਨ ਸਿੰਘ ਜੀ ਨੂੰ ਅਪਣੇ ਪਿਤਾ ਨਾਲ ਜਲੰਧਰ ਮਿਲਣ ਦਾ ਕਈ ਵਾਰ ਮੌਕਾ ਮਿਲਿਆ। ਦੀਦੀ ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ, ਬਲਰਾਜ ਸਾਹਨੀ (ਜਿਸ ਨੂੰ ਮੈਂ ਤਾਊ ਆਖਦਾ ਸੀ), ਸਾਹਿਬ ਸਿੰਘ ਅਤੇ ਪੂਰਨ ਸਿੰਘ ਮੇਰੇ ਪਿਤਾ ਜੀ ਦੇ ਨਿੱਜੀ ਦੋਸਤ ਸਨ ਅਤੇ ਇਹਨਾ ਨੂੰ ਕੋਲ ਬੈਠ ਕੇ ਵੇਖਿਆ ਹੈ। ਅਸਰ ਕਬੂਲਦਾ ਰਿਹਾ ਹਾਂ।

ਡਾ: ਸਾਹਿਬ ਰਹੀ ਗੱਲ ਪੰਜਾਬੀ ਭਾਸ਼ਾ ਨਾਲ ਮੋਹ ਦੀ, ਜਦ ਮੈਂ ਬੀ. ਏ. ਕਰ ਰਿਹਾ ਸੀ, ਕੋਈ 1960-61 ਦੀ ਗੱਲ ਹੋਣੀ ਹੈ, ਇਹ ਅਸਰ ਉਨ੍ਹਾਂ ਸ਼ਖਸੀਅਤਾਂ ਦਾ ਹੀ ਸਮਝ ਲਵੋ ਕਿ ਮੈਂ ਬੀ. ਏ. (ਆਨਰਜ਼) ਪੰਜਾਬੀ ਭਾਸ਼ਾ ਵਿਚ ਹੀ ਕੀਤੀ! ਸੋਚਦਾ ਸੀ ਕਿ ਪੰਜਾਬੀ ਬੋਲੀ ਅੰਦਰ ਐਮ. ਏ. ਕਰਾਂ! ਆਲ਼ੇ ਦੁਆਲ਼ੇ ਦਾ ਪ੍ਰਭਾਵ, ਚੰਗਾ ਹੋਵੇ ਭਾਵੇ ਮਾੜਾ, ਹਰ ਵਿਅਕਤੀ ਕਬੂਲਦਾ ਹੈ! ਇੱਕ ਦੋਸਤ ਕਹਿਣ ਲੱਗਾ ਪੰਜਾਬੀ ਦੀ ਐਮ. ਏ. ਕਰਕੇ ਕੀ ਕਰੇਂਗਾ, ਲੋਕਾਂ ਫੇਰ ਵੀ ਗਿਆਨੀ ਜੀ ਆਖਣਾ ਹੈ! ਸਾਰੇ ਪੰਜਾਬ ਅੰਦਰ, ਅੰਗ੍ਰੇਜ਼ੀ ਭਾਸ਼ਾ ਵਿੱਚ ਤੇਰੇ ਵਧੇਰੇ ਨੰਬਰ ਹਨ, ਏਸ ਕਰਕੇ ਅੰਗ੍ਰੇਜ਼ੀ ਭਾਸ਼ਾ ਅੰਦਰ ਐਮ. ਏ. ਕਰ ਲੈ, ਕਿਤੇ ਆਈ. ਏ. ਐਸ. ਕਰਕੇ ਡੀ. ਸੀ. ਲੱਗ ਸਕੇਗਾ। ਇਹ ਖੁਲਾਸਾ ਬਾਦ ਵਿੱਚ ਖੁੱਲ੍ਹਿਆ ਕਿ ਡੀ. ਸੀ. ਲੱਗਣ ਲਈ ਡਿਗਰੀਆਂ, ਡਿਪਲੋਮੇ ਨਹੀਂ, ਕੁਝ ਹੋਰ ਵੀ ਚਾਹੀਦਾ ਹੈ।

ਸੰਨ 1968 ਵਿਚ ਜਦ ਇੰਗਲੈਂਡ ਆਇਆ, ਸਭ ਤੋਂ ਵੱਡਾ ਮਸਲਾ ਕੰਮ ਲੱਭਣ ਦਾ ਸੀ। ਵਧੇਰੇ ਕਰਕੇ ਭਾਰਤੀ ਪੜ੍ਹੇ ਲਿਖੇ ਜਾਂ ਤੇ ਪੋਸਟਮੈਨ ਦੀ ਜਾਂ ਬੱਸ ਕੰਡਕਟਰ ਦੀ ਨੌਕਰੀ ਤੇ ਫ਼ਿੱਟ ਹੁੰਦੇ ਸਨ, ਪਰ ਕੁਝ ਅਜੀਬ ਹਾਦਸਾ ਸਮਝ ਲਵੋ, ਇੱਕ ਅੰਗ੍ਰੇਜ਼ ਦੋਸਤ ਦੀ ਸਿਫ਼ਾਰਸ਼ ਨਾਲ ਇੰਗਲੈਂਡ ਦੇ ਵੱਡੇ ਡੇਲੀ ਅਖ਼ਬਾਰ "ਗਾਰਡੀਅਨ" ਅੰਦਰ ਮਾਮੂਲੀ ਜੇਹੀ ਨੌਕਰੀ ਮਿਲ ਗਈ। ਕੁਝ ਹੀ ਸਮੇ ਅੰਦਰ ਮੈਂ ਪੱਤਰਕਾਰ ਦੇ ਦਰਜੇ ਤਕ ਪੁੱਜ ਗਿਆ। ਰਿਹਾ ਸਵਾਲ ਪੰਜਾਬੀ ਬੋਲੀ ਅੰਦਰ ਲਿਖਣ ਦਾ, ਸ਼ੌਕੀਆ ਤੌਰ ਤੇ ਕਦੀ ਕਦੀ ਦੇਸ ਪਰਦੇਸ ਜਾਂ ਅਵਤਾਰ ਜੰਡਿਆਲਵੀ ਦੇ ਹਫ਼ਤਾਵਾਰ ਅਖਬਾਰ ਸੰਦੇਸ਼ ਅੰਦਰ ਲਿਖਦਾ ਸੀ। ਪਰ ਇਹ ਬਾਖੂਬੀ ਜਾਣਦਾ ਸੀ ਕਿ ਪੰਜਾਬੀ ਵਿਚ ਲਿਖ ਕੇ ਰੋਟੀ ਰੋਜ਼ੀ ਦਾ ਰੁਜ਼ਗਾਰ ਨਹੀਂ ਚਲ ਸਕਦਾ। ਏਸ ਕਰਕੇ ਮੇਰੇ ਲਿਖਣ ਦਾ ਮਾਧਿਅਮ ਅੰਗ੍ਰੇਜ਼ੀ ਹੀ ਰਿਹਾ ਸੀ।

ਡਾ. ਸਿੰਘ: ਆਪ ਨੇ ਵਿਦਿੱਅਕ ਖੇਤਰ ਵਿਚ ਕੀ ਕੀ ਮੱਲਾ ਮਾਰੀਆਂ ?
ਡਾ. ਨਾਜ਼: ਜਿਵੇਂ ਮੈਂ ਪਹਿਲਾਂ ਬਿਆਨ ਕੀਤਾ ਹੈ ਸਾਹਿਤਕਾਰੀ, ਸ਼ਾਇਰੀ ਅਤੇ ਪੱਤਰਕਾਰੀ ਮੈਨੂੰ ਗੁੜ੍ਹਤੀ ਵਿਚ ਹੀ ਮਿਲੀ। ਤਹਿਸੀਲ ਨਕੋਦਰ ਦਾ ਪੱਛਮੀ ਭਾਗ ਸਭ ਤੋਂ ਪਛੜ੍ਹਿਆ ਹੋਇਆ ਇਲਾਕਾ ਸੀ। ਕਹਿ ਲਵੋ ਏਸ ਨੂੰ ਦਰਿਆ ਸਤਲੁਜ ਦਾ ਬੇਟ ਜਾਂ ਮੰਡ ਆਖਦੇ ਸਨ। ਜੇ ਮੇਰੀ ਸੂਚਨਾ ਸਹੀ ਹੋਵੇ ਤਾਂ ਮੇਰੇ ਤੋਂ ਪਹਿਲੀ ਪੀੜ੍ਹੀ (ਮੇਰੇ ਪਿਤਾ ਜੀ ਅਤੇ ਚਾਚਾ ਜੀ) ਏਸ ਸਾਰੇ ਮੰਡ ਦੇ ਇਲਾਕੇ ਅੰਦਰ ਪਹਿਲੇ ਪੜ੍ਹੇ ਲਿਖੇ ਯੁਗ ਪੁਰਸ਼ ਸਨ। ਮੇਰੇ ਪਿਤਾ ਜੀ ਐਫ਼. ਸੀ. ਕਾਲਜ, ਲਾਹੌਰ ਵਿਖੇ ਫ਼ਾਰਸੀ ਦੇ ਪ੍ਰੋਫੈਸਰ ਸਨ, ਆਖਿਰ ਵਿਚ ਉਹ ਬੀ. ਬੀ. ਸੀ., ਲੰਡਨ ਤੋਂ ਉਰਦੂ ਅਤੇ ਹਿੰਦੀ ਦੀਆਂ ਖਬਰਾਂ ਦੇ ਰੇਡੀਓ ਪ੍ਰਸਾਰਨ ਦੇ ਹੋਸਟ ਸਨ। ਇਸ ਪ੍ਰਕਾਰ ਹੀ ਚਾਚਾ ਜੀ ਐਲ. ਐਸ. ਐਮ. ਐਫ਼. ਕਰਕੇ ਬ੍ਰਿਟਸ਼ ਆਰਮੀ ਦੇ ਮੈਡੀਕਲ ਕੋਰ ਦੇ ਕੈਪਟਨ ਰਹੇ ਹਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਡੇ ਘਰ ਅੰਦਰ ਵਿੱਦਿਆ ਦਾ ਚਸ਼ਮਾ ਵਹਿ ਰਿਹਾ ਸੀ, ਪਰ ਮੇਰਾ ਅਪਣਾ ਰੁਝਾਨ ਪੜ੍ਹਾਈ ਲਿਖਾਈ ਤੋਂ ਉਕਾ ਹੀ ਅਵੇਸਲਾ ਸੀ। ਇੰਝ ਕਹਿ ਲਵੋ, ਸਕੂਲ ਅਤੇ ਪੜ੍ਹਾਈ ਤੋਂ ਸਖ਼ਤ ਨਫ਼ਰਤ ਸੀ। ਸਕੂਲ ਅਤੇ ਟੀਚਰ ਅੱਜ ਵੀ ਮੈਨੂੰ ਪਸੰਦ ਨਹੀਂ। ਬੇਸ਼ਕ ਸਾਰੀ ਉਮਰ ਮੈਂ ਆਪ ਵੀ ਟੀਚਰ ਰਿਹਾ ਹਾਂ ਅਤੇ ਕੈਨੇਡਾ ਕ੍ਰਿਸਚੀਅਨ ਕਾਲਸ, ਜੋ ਯੋਰਕ ਯੂਨੀਵਰਸਟੀ ਦਾ ਭਾਗ ਹੈ, ਏਸ ਦੇ ਧਾਰਮਿਕ ਵਿਭਾਗ ਦਾ ਮੁੱਖੀ ਵੀ ਰਿਹਾ ਹਾਂ। ਦੋਹਾਂ ਬੇਟਿਆਂ ਨੂੰ ਸਕੂਲ ਛੱਡ ਕੇ ਅਤੇ ਲੈ ਕੇ ਆਉਣ ਦੀ ਡਿਊਟੀ ਮੇਰੀ ਹੁੰਦੀ ਸੀ, ਫਿਰ ਵੀ ਰੋਜ਼ ਸੋਚਦਾ ਸੀ ਕਿ ਏਸ ਤੋਂ ਵੱਡੀ ਸਜ਼ਾ ਸਵੇਰੇ ਸਵੇਰੇ ਕੀ ਹੋ ਸਕਦੀ ਹੇ ਕਿ ਇੱਕ ਬੱਚੇ ਨੂੰ ਸਕੂਲ ਦੇ ਕੈਦਖਾਨੇ ਅੰਦਰ ਬੰਦ ਕੀਤਾ ਜਾਵੇ।

ਮੇਰੇ ਖਿਆਲ ਅੰਦਰ ਮੈਂ ਕੋਈ 11-12 ਸਾਲ ਦਾ ਹੋਵਾਂਗਾ, ਜਦ ਮੈਂ ਸਕੂਲ ਜਾਣ ਲੱਗਾ। ਸਿੱਧਾ ਅੱਠਵੀਂ ਜਮਾਤ ਅੰਦਰ! ਸੋਚਦਾ ਹਾਂ, ਵਿੱਦਿਆ ਹਜ਼ਾਰਾਂ ਸਾਲਾਂ ਦਾ ਮਣਾਮੂੰਹੀ ਖ਼ਜ਼ਾਨਾ ਲਈ ਬੈਠੀ ਹੈ। ਸਕੂਲ ਅੰਦਰ ਅਧਿਆਪਕ, ਹਰ ਬੱਚੇ ਅੰਦਰ, ਕੇਵਲ ਇੱਕ ਸਿਆਣੇ ਚੋਭੇ ਵਾਂਗਰ ਭਾਲਦਾ ਹੀ ਹੈ ਬਾਹਰੋਂ ਏਸ ਅੰਦਰ ਪਿਉਂਦ ਨਹੀਂ ਕਰਦਾ। ਵਿੱਦਿਆ ਪਛਾਣ ਕਰਵਾਉਣਾ ਹੈ, ਕੋਈ ਘੋਲ਼ ਕਰਵਾਉਣਾ ਜਾਂ ਮਿਸ਼ਰਣ ਪਿਲਾਉਣਾ ਨਹੀਂ। ਦਸਵੀ ਜਮਾਤ ਅਪਣੇ ਪਿੰਡ ਨੇੜਲੇ ਖਾਲਸਾ ਹਾਈ ਸਕੂਲ ਨੰਗਲ ਅੰਬੀਆਂ ਤੋ ਪਾਸ ਕੀਤੀ। ਏਸ ਹੀ ਸਕੂਲ ਅੰਦਰ ਐਮ. ਏ. ਕਰਨ ਮਗਰੋਂ ਦੋ ਸਾਲ ਅੰਗ੍ਰੇਜ਼ੀ ਭਾਸ਼ਾ ਦਾ ਟੀਚਰ ਵੀ ਰਿਹਾ। ਫੇਰ ਇੱਕ ਸਾਲ ਪਬਲਿਕ ਹਾਇਰ ਸੈਂਕੰਡਰੀ ਸਕੂਲ ਸ਼ਾਹ ਕੋਟ ਅੰਦਰ ਵੀ ਅਧਿਆਪਕ ਦੇ ਤੌਰ ਤੇ ਅੰਗ੍ਰੇਜ਼ੀ ਪੜ੍ਹਾਈ ਅਤੇ 6 ਜੁਲਾਈ 1968 ਨੂੰ ਇੰਗਲੈਂਡ ਆ ਡੇਰਾ ਲਾਇਆ।

ਡਾ. ਸਿੰਘ: ਆਪਣੇ ਪ੍ਰੋਫੈਸ਼ਨਲ ਸਫ਼ਰ ਬਾਰੇ ਜਾਣੂ ਕਰਵਾਓ, ਨੌਕਰੀ ਦੀ ਸ਼ੁਰੂਆਤ ਕਿੱਥੋਂ ਹੋਈ? ਕੀ ਕੀ ਸੇਵਾ ਨਿਭਾਈ ਤੇ ਕਿਥੇ ਕਿਥੇ?
ਡਾ. ਨਾਜ਼: ਅਜ਼ਾਦ ਸੋਚ ਹੋਣ ਕਰਕੇ ਸਰਕਾਰੇ ਦਰਬਾਰੇ ਵਿਚਾਰ ਧਾਰਾ ਦਾ ਟਕਰਾਓ ਹੀ ਰਿਹਾ! ਆਈ. ਏ.ਐਸ. ਤਕ ਦਾ ਇਮਤਿਹਾਨ ਤੇ ਬੜੀ ਕਾਮਯਾਬੀ ਨਾਲ ਪਾਸ ਕਰ ਲਿਆ, ਪਰ ਇੰਟਰਵਿਊ ਮੇਰੇ ਵੱਸ ਦਾ ਰੋਗ ਨਹੀਂ ਸੀ! ਸੰਨ 1962 ਦੀ ਨਕਸਲਬਾੜੀ ਲਹਿਰ ਦਾ ਸਰਗਰਮ ਕਾਰਕੁੰਨ ਹੋਣ ਕਰਕੇ ਸਰਕਾਰੀ ਨੌਕਰੀ ਦੇ ਸਾਰੇ ਦਰਵਾਜ਼ੇ ਬੰਦ ਹੀ ਸਨ ਮੇਰੇ ਲਈ! ਸਿਵਾਏ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਲੱਗਣ ਦੇ ਹੋਰ ਕੋਈ ਚਾਰਾ ਨਹੀਂ ਸੀ। ਨਕਸਲਬਾੜੀ ਵਿਚਾਰਧਾਰਾ ਕਾਰਨ ਸਮੇਂ ਦੀ ਸਰਕਾਰ ਦੀ ਅੱਖ ਦਾ ਕੋਕੜੂ ਸਾਂ, ਆਖਰਕਾਰ ਦੇਸ਼ ਬਦਰ ਹੋ ਜਾਣ ਤੋਂ ਵਧ ਹੋਰ ਕੋਈ ਚਾਰਾ ਨਹੀਂ ਸੀ।

ਦੂਜੇ ਪਾਸੇ ਪੱਛਮੀ ਸਰਕਾਰਾਂ ਦਾ ਵੀ ਇਹ ਇੱਕ ਅਹਿਮ ਏਜੰਡਾ ਹੀ ਸੀ ਕਿ ਤੀਜੀ ਧਿਰ ਦੇ ਵਿਕਾਸਸ਼ੀਲ ਦੇਸ਼ਾਂ ਦੇਂ ਵਿਦਵਾਨ ਅਤੇ ਵਿਗਿਆਨੀ ਲੋਕਾਂ ਨੂੰ ਅਪਣੇ ਦੇਸ਼ਾਂ ਅੰਦਰ ਭਰਤੀ ਕਰੋ। ਨਤੀਜੇ ਵਜੋਂ ਏਸ ਘਾਟ ਕਾਰਨ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਅਪਣੇ ਆਪ ਹੀ ਡਾਵਾਂ ਡੋਲ ਹੋ ਜਾਣਗੀਆਂ। ਅੱਜ ਵੀ ਕੈਨੇਡਾ, ਯੂ. ਕੇ. ਅਤੇ ਯੂ. ਐਸ. ਏ. ਅੰਦਰ ਯੂਨੀਵਰਸਟੀਆਂ ਦੇ ਮੁੱਖੀ, ਆਮ ਕਰਕੇ ਭਾਰਤੀ ਮੂਲ ਦੇ ਵਿਗਿਆਨ ਅਤੇ ਗਿਆਨ ਦੇ ਮਾਹਿਰ ਹੀ ਹਨ। ਇਨ੍ਹਾਂ ਦੇਸ਼ਾਂ ਵਿਚ ਵੱਡੇ ਵੱਡੇ ਡਾਕਟਰ ਅਤੇ ਤਕਨੀਕੀ ਮਾਹਿਰ ਵੀ ਤੀਜੀ ਧਿਰ ਦੇ ਦੇਸ਼ਾਂ ਦੇ ਮਾਹਿਰ ਲੋਕ ਹੀ ਹਨ। ਇਨ੍ਹਾਂ ਦੇਸ਼ਾਂ ਅੰਦਰ ਜੇ ਤੁਸੀਂ ਉੱਚੀ ਕੋਟੀ ਦੇ ਮਾਹਿਰ ਗੁਣੀ ਗਿਆਨੀ ਹੋ, ਅਲੱਗ ਧਾਰਮਿਕ ਵਿਚਾਰ, ਵੱਖਰੀ ਨਸਲ ਜਾਂ ਰੰਗ ਵਾਲੇ ਹੋ, ਅਤੇ ਭਿੰਨ ਸਿਆਸੀ ਵਿਚਾਰਧਾਰਾ ਰੱਖਦੇ ਹੋ ਤਾਂ ਵੀ ਸਰਕਾਰਾਂ ਆਪ ਦੇ ਰਾਹ ਅੰਦਰ ਕੋਈ ਰੁਕਾਵਟ ਪੈਦਾ ਨਹੀਂ ਕਰਦੀਆਂ। ਇੰਗਲੈਂਡ, ਮੇਰੀ ਕਰਮ ਭੂਮੀ ਬਣ ਗਈ, ਇਥੋਂ ਦੇ ਵੱਡੇ ਅਖਬਾਰ ਗਾਰਡੀਅਨ ਦਾ ਮੈਂ 5 ਸਾਲ ਪੱਤਰਕਾਰ ਰਿਹਾ ਹਾਂ। ਮੇਰੇ ਜੀਵਨ ਪੰਧ ਅੰਦਰ ਏਸ ਨੌਕਰੀ ਦਾ ਇੱਕ ਅਹਿਮ ਰੋਲ ਸੀ, ਜਿਸ ਨੇ ਮਿਡਲ ਈਸਟ, ਅਫ਼ਗ਼ਾਨਿਸਤਾਨ, ਅਫ਼ਰੀਕਾ ਅਤੇ ਰੂਸ ਤਕ ਦੀਆਂ ਸੈਰਾਂ ਕਰਵਾਈਆਂ। ਸੋਚਦਾ ਹਾਂ ਮੇਰੇ ਲਈ ਸਭ ਤੋਂ ਵੱਡੀ ਯੂਨੀਵਰਸਟੀ ਇਨ੍ਹਾਂ ਦੇਸ਼ਾਂ ਦੀ ਯਾਤਰਾ ਹੀ ਸੀ। ਇਨ੍ਹਾਂ ਸਾਲਾਂ ਅੰਦਰ ਮੇਰੀ ਵਿਚਾਰਧਾਰਾ ਜੋ ਕੁਝ ਵੀ ਅੱਜ ਹੈ, ਵਿਦੇਸ਼ੀ ਕੌਮਾਂ ਅਤੇ ਦੇਸ਼ਾਂ ਨੇ ਹੀ ਘੜ੍ਹੀ ਹੈ। ਇਨ੍ਹਾਂ ਦੇਸ਼ਾਂ ਦੀਆਂ ਸਿਆਸੀ, ਸਮਾਜੀ ਅਤੇ ਧਾਰਮਿਕ ਵਿਚਾਰਧਾਰਾਵਾਂ ਮੇਰੀ ਅੱਜ ਦੀ ਸੋਚ ਤੇ ਗਹਿਰਾ ਅਸਰ ਰੱਖਦੀਆਂ ਹਨ।

ਡਾ. ਸਿੰਘ: ਆਪ ਨੇ ਐਮ. ਏ. ਦੀ ਪੜ੍ਹਾਈ ਅੰਗਰੇਜ਼ੀ ਵਿਸ਼ੇ ਵਿਚ ਕੀਤੀ । ਪੀਐਚ. ਡੀ. ਦੇ ਅਧਿਐਨ ਤੇ ਖੋਜ ਕਾਰਜ ਵੀ ਅੰਗਰੇਜ਼ੀ ਭਾਸ਼ਾ ਵਿਚ ਹੀ ਕੀਤੇ। ਪਰ ਆਪ ਨੇ ਆਪਣੇ ਰਚਨਾ ਕਾਰਜ ਮੁੱਖ ਤੌਰ ਉੱਤੇ ਪੰਜਾਬੀ ਭਾਸ਼ਾ ਵਿਚ ਹੀ ਕੀਤੇ ਹਨ। ਪੰਜਾਬੀ ਭਾਸ਼ਾ ਵਿਚ ਲੇਖਣ ਕਾਰਜਾਂ ਬਾਰੇ ਸਬੱਬ ਕਿਉਂ ਤੇ ਕਿਵੇਂ ਬਣਿਆ?
ਡਾ. ਨਾਜ਼: ਬਹੁਤ ਵੱਡਾ ਅਤੇ ਗਹਿਰਾ ਸਵਾਲ ਹੈ ਆਪ ਦਾ! ਸੰਨ 1985 ਵਿੱਚ ਮੈਂ ਕੈਨੇਡਾ ਦੇਸ਼ ਅੰਦਰ ਪ੍ਰਵਾਸ ਕੀਤਾ। ਭਾਰਤ ਅੰਦਰ, ਸਿੱਖ ਕੌਮ ਲਈ ਇਹ ਬੜੇ ਹੀ ਮੰਦਭਾਗੀ ਦਿਹਾੜੇ ਸਨ। ਸੰਨ 1984 ਦੇ ਘਲੂਘਾਰੇ ਦੌਰਾਨ ਹਰਿਮੰਦਰ ਸਾਹਿਬ ਤੇ ਟੈਂਕਾਂ ਅਤੇ ਫੌਜੀ ਹਮਲਾ, ਦਿੱਲੀ ਅੰਦਰ ਸਿੱਖਾਂ ਦੀ ਮਿਥ ਕੇ ਨਸਲਕੁਸ਼ੀ, ਮੇਰੀ ਸਾਈਕੀ ਉੱਤੇ ਅਮਿਟ ਅਤੇ ਗਹਿਰਾ ਅਸਰ ਛੱਡ ਗਈ। ਕਿਸੇ ਕੌਮ ਨੂੰ ਖਤਮ ਕਰਨ ਦਾ ਅਤੇ ਤਵਾਰੀਖ ਦੇ ਪੰਨਿਆਂ ਅੰਦਰ ਦਫ਼ਨ ਕਰ ਦੇਣ ਦਾ, ਜਰਵਾਣਿਆਂ ਕੋਲ ਇੱਕੋ ਇਕ ਵਾਹਿਦ ਹਥਿਆਰ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਦਾ ਧਰਮ, ਬੋਲੀ ਅਤੇ ਸਮਾਜਿਕ ਹੋਂਦ ਖੋਹ ਲਈ ਜਾਵੇ। ਇ ਨ੍ਹਾਂ ਹਾਲਤਾਂ ਅੰਦਰ ਸ਼ਿਕਾਰ ਹੋਈਆਂ ਨਸਲਾਂ ਜਾਂ ਕੌਮਾਂ ਦਾ ਸਵੈਮਾਨ ਅਤੇ ਨਿੱਜੀ ਹੋਂਦ ਖਤਮ ਹੋ ਕੇ ਰਹਿ ਜਾਂਦੀ ਹੈ।

ਮੇਰੇ ਖਿਆਲ ਅੰਦਰ ਇਹ ਘਟਨਾ ਸਿੱਖ ਧਰਮ, ਨਸਲ, ਬੋਲੀ ਅਤੇ ਪੰਜਾਬੀਅਤ, ਸਮੁੱਚੇ ਤੌਰ 'ਤੇ ਪੰਜਾਬੀ ਸਭਿਆਚਾਰ ਅਤੇ ਸਭਿੱਅਤਾ ਦੀ ਹਸਤੀ ਨੂੰ ਪਸਤ ਕਰਨ ਦਾ ਵੱਡਾ ਵਾਕਿਆ ਸੀ। ਇਸ ਵਾਰਦਾਤ ਨੇ ਮੇਰੇ ਲਿਖਣ ਦੀ ਪ੍ਰੀਭਾਸ਼ਾ ਬਦਲ ਕੇ ਰੱਖ ਦਿੱਤੀ। "ਸਿੱਖ ਨੂੰ ਸਵੈਮਾਨ ਦਿਓ" ਪੰਜਾਬੀ ਡੇਲੀ ਅਖਬਾਰ ਅੰਦਰ ਕੋਈ 7 ਅਜੇਹੇ ਹੀ ਛਪੇ ਲੇਖ ਸਨ। ਕਈ ਸੌ ਸਫੇ ਬਣ ਜਾਣਗੇ ਜੇ ਮੈਂ ਏਸ ਵਿਸ਼ੇ ਤੇ ਲਿਖਣਾ ਅਰੰਭ ਕਰ ਦਿਆਂ। ਕੇਵਲ ਏਨਾ ਹੀ ਕਹਾਂਗਾ ਕਿ ਲਗਾਤਾਰ ਪੰਜਾਬੀ ਅੰਦਰ ਲਿਖਣ ਦਾ ਦ੍ਰਿੜ ਇਰਾਦਾ ਅਤੇ ਵਿਸ਼ਵਾਸ ਦਾ ਕਾਰਣ ਕੇਵਲ ਅਤੇ ਕੇਵਲ ਪੰਜਾਬੀਅਤ, ਪੰਜਾਬੀ ਤੇ ਸਿਖ ਧਰਮ ਲਈ ਜਾਗ੍ਰਤੀ, ਮੇਰਾ ਅੱਵਲ ਫ਼ਰਜ਼ ਬਣ ਗਿਆ ਅਤੇ ਹੁਣ ਵੀ ਹੈ। ਬੇਪਤ ਹੋਏ ਲੋਕਾਂ ਲਈ ਵੰਗਾਰ! 19 ਸਾਲ ਇੰਗਲੈਂਡ ਵਸੇਵੇ ਦੌਰਾਨ ਪੰਜਾਬੀ ਵਿਚ ਕੋਈ ਖਾਸ ਦੇਣ ਨਹੀਂ, ਪਰ 1985 ਤੋਂ ਅੱਜ ਤਕ ਦੇ 35 ਸਾਲਾਂ ਦੇ ਸਫ਼ਰ ਦੌਰਾਨ ਵਧੇਰੇ ਕਰਕੇ ਪੰਜਾਬੀ ਵਿਚ ਹੀ ਲਿਖਿਆ ਤੇ ਹੁਣ ਵੀ ਇਸੇ ਭਾਸ਼ਾ ਵਿਚ ਲਿਖਦਾ ਹਾਂ।

ਡਾ. ਸਿੰਘ: ਆਪ ਨੇ ਮੌਲਿਕ ਰਚਨਾ ਕਾਰਜ ਵੀ ਕੀਤੇ ਜਾਂ ਸਿਰਫ਼ ਪੱਤਰਕਾਰੀ ਹੀ ਆਪ ਦੀ ਦਿਲਚਸਪੀ ਦਾ ਮੁੱਖ ਖੇਤਰ ਰਿਹਾ?
ਡਾ. ਨਾਜ਼: ਸੱਚ ਇਹ ਹੈ ਕਿ ਪੱਤਰਕਾਰੀ ਕੇਵਲ ਕਿਸੇ ਸਮੇਂ ਦੀਆਂ ਘਟਨਾਵਾਂ ਅਤੇ ਲੋਕਾਂ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਵਤੀਰੇ ਦੇ ਪ੍ਰਗਟਾ ਨੂੰ ਹੀ ਕਿਹਾ ਜਾ ਸਕਦਾ ਹੈ। ਇਹ ਇੱਕ ਤਵਾਰੀਖੀ ਸੱਚ ਦਾ ਨਾਂ ਹੈ।ਇਹ ਸੱਚ ਸਦੀਵੀ ਅਤੇ ਚਿਰਜੀਵੀ ਨਹੀਂ ਹੁੰਦਾ। ਛੇਤੀ ਹੀ ਤਵਾਰੀਖੀ ਪੰਨਿਆ ਅੰਦਰ ਦਫ਼ਨ ਹੋ ਜਾਂਦਾ ਹੈ। ਜ਼ਖ਼ਮ ਮਿਟ ਜਾਂਦੇ ਹਨ, ਪਰ ਲੱਗੇ ਫੱਟ ਨਿਸ਼ਾਨਦੇਹੀ ਤਾਂ ਕਰਦੇ ਹਨ, ਪਰ ਜ਼ਖ਼ਮਾਂ ਦੀ ਚੀਸ ਮੁੱਕ ਜਾਂਦੀ ਹੈ। ਪੱਤਰਕਾਰੀ ਕੌਮਾਂ, ਸਭਿਆਤਾਵਾਂ, ਅਤੇ ਦੇਸ਼ਾਂ ਦਾ ਤਵਾਰੀਖੀ ਰਿਕਾਰਡ ਹੈ। ਜਦ ਕਿ ਮੌਲਿਕ ਲਿਖਾਰੀ ਅਤੇ ਸਾਹਿਤਕਾਰ ਕੌਮਾਂ ਦੀ ਸਮਾਜਿਕ ਜੀਵਨ ਗਾਥਾ ਦਾ ਚਿਤ੍ਰਕਾਰ/ਨਕਸ਼ਨਿਗਾਰ ਹੁੰਦਾ ਹੈ। ਜੋ ਅਮਿਟ ਅਤੇ ਅਮਰ ਹੋਣ ਕਰਕੇ ਪੀੜ੍ਹੀ ਦਰ ਪੀੜ੍ਹੀ ਲਿਸ਼ਕੋਰ ਮਾਰਦਾ ਰਹਿੰਦਾ ਹੈ। ਖਾਸ ਕਰ ਜੇ ਪੱਤਰਕਾਰ ਸੁਹਿਰਦ ਅਤੇ ਸੱਚਾਈ ਦੀ ਪਹਿਰੇਦਾਰੀ ਕਰਨ ਦੀ ਹੈਸੀਅਤ ਵੀ ਰੱਖਦਾ ਹੋਵੇ ਤਾਂ। ਇਬਨ ਬਤੂਤਾ ਮਰਾਕੋ ਦਾ ਪਹਿਲਾ ਪੱਤਰਕਾਰ ਸਫ਼ੀਰ ਸੀ ਜੋ ਭਾਰਤ ਆਇਆ । ਇਲਮੀਅਤ ਦਾ ਸਰਚਸ਼ਮਾ ਹੋਣ ਕਰਕੇ ਉਹ ਭਾਰਤ ਅੰਦਰ ਜੱਜ ਤਕ ਦਾ ਔਹਦੇਦਾਰ ਵੀ ਰਿਹਾ। "ਰਾਜੇ ਸੀਹ ਮੁਕਦਮ ਕੁਤੇ" ਕਹਿਣ ਵਾਲਾ ਅਤੇ "ਪਾਪ ਕੀ ਜੰਞ ਲੈ ਕਾਬਲਹੁ ਧਾਇਆ" ਕਹਿਣ ਵਾਲਾ ਬਾਬਾ ਵੀ ਕਿਸੇ ਵੇਲੇ ਸੱਚ ਅਤੇ ਹੱਕ ਦੀ ਪਹਿਰੇਦਾਰੀ ਕਰਦਾ ਹੋਇਆ ਪੱਤਰਕਾਰੀ ਦਾ ਸਫ਼ੀਰ ਸੀ।

ਡਾ. ਸਿੰਘ: ਆਪ ਨੇ ਆਪਣੇ ਵਿਚਾਰਾਂ ਦੇ ਪ੍ਰਸਾਰ ਲਈ ਜਨ ਸੰਚਾਰ ਮਾਧਿਅਮਾਂ (ਅਖਬਾਰਾਂ, ਰੇਡੀਓ ਅਤੇ ਟੈਲੀਵਿਯਨ) ਦੀ ਬਹੁਤ ਹੀ ਸੁਚੱਜੀ ਵਰਤੋਂ ਕੀਤੀ ਹੈ। ਇਨ੍ਹਾਂ ਖੇਤਰਾਂ ਵਿਚ ਆਪ ਵਲੋਂ ਪਾਏ ਪੂਰਨਿਆਂ ਬਾਰੇ ਵਿਸਥਾਰ ਨਾਲ ਦੱਸੋ ਜੀ।
ਡਾ. ਨਾਜ਼: ਡਾ ਸਾਹਿਬ! ਮੇਰਾ ਪੱਤਰਕਾਰੀ ਦਾ ਰੁਝਾਨ, ਅਸਲ ਵਿੱਚ 1960-61 ਅੰਦਰ, ਜਦ ਮੈਂ ਬੇਰਿੰਗ ਕ੍ਰਿਸਚੀਅਨ ਕਾਲਜ ਵਿਖੇ ਪੜ੍ਹਦਾ ਸੀ, ਕਾਲਜ ਦੇ ਮੈਗਜ਼ੀਨ "ਦੀਪ ਸ਼ਿਖਾ" ਦਾ ਐਡੀਟਰ ਹੋਣ 'ਤੇ ਹੀ ਉਗਮਿਆ। ਗੌਰਮਿੰਟ ਕਾਲਜ, ਲੁਧਿਆਣਾ ਵਿਖੇ ਐਮ. ਏ. ਕਰਦਿਆਂ ਸਮੇ ਮੈਂ ਇੱਕ ਨਾਮਵਰ ਲਿਖਾਰੀ, ਅਮਰੀਕਨ ਸਾਹਿਤਕਾਰ ਤੇ ਪੱਤਰਕਾਰ, ਪਰਮਜੀਤ ਕੁਮਾਰ ਜੀ ਦੇ ਸੰਪਰਕ ਕਾਰਣ "ਗਾਰਡੀਅਨ"(ਅੰਗ੍ਰੇਜ਼ੀ) ਹਫ਼ਤਾਵਾਰ ਦਾ ਪੱਤਰਕਾਰ ਲੱਗ ਗਿਆ। ਜੋ ਮੁਸ਼ਕਲ ਨਾਲ ਇਕ ਸਾਲ ਹੀ ਚੱਲਿਆ ਹੋਵੇਗਾ।

ਦੁਖਾਂਤ ਇਹ ਸੀ ਕਿ ਇਹ ਅਮਰੀਕਨ ਭੱਦਰ ਪੁਰਸ਼ ਭਾਰਤੀ ਸਾਈਕੀ ਅੰਦਰ ਫ਼ਿਟ ਨਾ ਹੋ ਸਕਿਆ। ਪਰ ਮੈਂ ਸੋਚਦਾ ਹਾਂ, ਕਿ ਪੱਤਰਕਾਰੀ ਖੇਤਰ ਬਾਰੇ ਮੇਰੇ ਉੱਪਰ ਪਰਮਜੀਤ ਕੁਮਾਰ ਦਾ ਗਹਿਰਾ ਅਸਰ ਪਿਆ। ਇੰਗਲੈਂਡ ਵਿਚ ਪੱਤਰਕਾਰੀ ਦੀ ਨੌਕਰੀ ਦਾ ਸੁਭਾਗ ਵੀ ਪਰਮਜੀਤ ਕੁਮਾਰ ਦੀ ਸਿਫ਼ਾਰਿਸ਼ ਨਾਲ ਹੀ ਬਣਿਆ। ਟੀ. ਵੀ. ਅਤੇ ਰੇਡੀਓ ਸਟੇਸ਼ਨ ਵਿਖੇ ਕੰਮ ਕਰਨ ਸਮੇ ਕੋਈ ਨੌਕਰੀ ਲਭਣ ਦੀ ਵਧੇਰੇ ਖੇਚਲ ਨਹੀਂ ਕਰਨੀ ਪਈ। ਕੋਈ 15 ਸਾਲ ਟੀ. ਵੀ. ਅਤੇ ਰੇਡੀਓ ਸਟੇਸ਼ਨ ਵਿਖੇ ਹੋਸਟ ਜਾਂ ਐਂਕਰ ਦਾ ਕੰਮ ਕੀਤਾ ਹੈ। ਜਿਸ ਅੰਦਰ ਵਿਭਿੰਨ ਸਿਆਸੀ, ਸਮਾਜਿਕ, ਅਤੇ ਆਰਥਿਕ ਮਸਲਿਆਂ ਬਾਰੇ ਅਸਰ ਭਰਪੂਰ ਕੋਮੈਟਸ ਅੰਗ੍ਰੇਜ਼ੀ,ਉਰਦੂ, ਹਿੰਦੀ ਅਤੇ ਪੰਜਾਬੀ ਬੋਲੀ ਰਾਹੀਂ ਦੇਂਦਾ ਰਿਹਾ ਹਾਂ। ਬੇਸ਼ਕ ਏਸ ਅੰਦਰ ਕੋਈ ਝੂਠ ਵਾਲੀ ਗੱਲ ਨਹੀਂ ਕਿ ਸ਼ੁਹਰਤ ਦੇ ਨਾਲ ਨਾਲ ਮੇਰੀ ਨਿੱਜੀ ਆਰਥਿਕ ਮਸਲਿਆਂ ਦੀ ਪੂਰਤੀ ਵੀ ਬਾਖੂਬੀ ਤਸੱਲੀਬਖ਼ਸ਼ ਰਹੀ।

ਡਾ. ਸਾਹਿਬ! ਪੱਤਰਕਾਰੀ, ਟੀ. ਵੀ. ਅਤੇ ਰੇਡੀਓ ਦੇ ਮਾਧਿਅਮ ਦੀ ਲਿਸ਼ਕੋਰ ਕਿਸੇ ਵੀ ਪੱਤਰਕਾਰ ਨੂੰ ਵੇਖਦੇ ਹੀ ਵੇਖਦੇ ਅਸਮਾਨ ਦਾ ਚਮਕਦਾ ਤਾਰਾ ਤਾਂ ਬਣਾ ਸਕਦੀ ਹੈ, ਪਰ ਪੱਤਰਕਾਰੀ ਸਦੀਵੀ ਅਤੇ ਚਿਰਜੀਵੀ ਲਿਖਤ ਨਹੀਂ ਹੁੰਦੀ। ਉਹ ਇੱਕ ਟੁੱਟਦੇ ਤਾਰੇ ਵਰਗੀ ਹੁੰਦੀ, ਸਮੇਂ ਅੰਦਰ ਸਦੀਵੀ ਅਸਰ ਨਹੀਂ ਛੱਡਦੀ। ਵਕਤੀ ਅਸਰ ਕਬੂਲਦੀ ਹੈ ਅਤੇ ਮਰ ਜਾਂਦੀ ਹੈ। ਜਿਥੇ ਕਿ ਸਾਹਿਤਕਾਰੀ ਸਦੀਵੀ ਅਤੇ ਅਮਿਟ ਲਕੀਰ ਧਰਤੀ ਤੇ ਖਿੱਚ ਜਾਂਦੀ ਹੈ, ਜੋ ਅਮਰ ਅਸਰ ਦਾ ਪ੍ਰਗਟਾ ਹੁੰਦਾ ਹੈ। ਸੰਖੇਪ ਵਿਚ ਇਹ ਕਹਿ ਲਵੋ ਕਿ ਪੱਤਰਕਾਰੀ ਨੇ ਸ਼ੁਹਰਤ ਅਤੇ ਦੌਲਤ ਜ਼ਰੂਰ ਦਿੱਤੀ ਹੈ, ਪਰ ਮੇਰੇ ਮਨ ਅਤੇ ਰੂਹ ਨੂੰ ਛੂੰਹਦੀਆਂ ਕੱਚੀਆਂ ਤੰਦਾਂ ਕਵਿਤਾ ਅਤੇ ਸਾਹਿਤਕਾਰੀ ਹੀ ਹੈ।

ਡਾ. ਸਿੰਘ: ਸਾਹਿਤ ਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਆਪ ਦੇ ਅਹਿਮ ਯੋਗਦਾਨ ਨੇ ਅਨੇਕ ਲੇਖਕਾਂ/ਪੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਖੇਤਰਾਂ ਵਿਚ ਵਾਪਰੇ ਕੁਝ ਦਿਲਚਸਪ/ਯਾਦਗਾਰੀ ਕਿੱਸਿਆਂ ਬਾਰੇ ਜਾਨਣਾ ਚਾਹਾਂਗਾ।
ਡਾ. ਨਾਜ਼: ਮੇਰੇ ਖਿਆਲ ਅੰਦਰ ਮੇਰੇ ਹਾਣ ਦਾ ਪੰਜਾਬੀ ਅਖਬਾਰੀ/ ਰੇਡੀਓ ਤੇ ਟੀ. ਵੀ. ਮਾਧਿਅਮ ਅਜੇ ਪੁੰਗਰਾਂਦ ਦੀ ਸਟੇਜ ਅੰਦਰ ਹੀ ਸੀ। ਇਹੋ ਹੀ ਇੱਕ ਵੱਡਾ ਕਾਰਣ ਸੀ ਕਿ ਮੈਂ ਅਪਣੇ ਜੀਵਨ ਦਾ ਸਫ਼ਰ ਅੰਗਰੇਜ਼ੀ ਪੱਤਰਕਾਰੀ ਨਾਲ ਕੀਤਾ। ਇਹ ਆਪ ਨੇ ਠੀਕ ਕਿਹਾ ਕਿ ਮੇਰੇ ਤੋਂ ਛੋਟੀ ਪੀੜ੍ਹੀ ਦੇ ਜਵਾਨ ਅਸਰ ਜ਼ਰੂਰ ਕਬੂਲਦੇ ਹਨ। ਪਰ ਇਹ ਦੁਖਾਂਤ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਪੰਜਾਬੀ ਬੋਲੀ ਨਾਲ ਰਿਸ਼ਤਾ ਟੁੱਟ ਚੁੱਕਾ ਹੈਂ ਅਤੇ ਉਹ ਅੰਗਰੇਜ਼ੀ ਮੀਡੀਏ ਦੇ ਸ਼ਿਕਾਰ ਹੋ, ਸਾਡੇ ਸਮਾਜ ਦਾ ਅੰਗ ਨਹੀਂ ਰਹੇ। ਸੱਚ ਇਹ ਵੀ ਹੈ, ਕਿ ਪੰਜਾਬੀ ਉਨ੍ਹਾਂ ਦੀ ਮਾਂ ਬੋਲੀ ਨਹੀਂ। ਰਹੀ ਗੱਲ ਸੰਪਰਕ ਦੀ, ਮੇਰੇ ਖਿਆਲ ਅੰਦਰ ਅਜੋਕੀ ਪੀੜ੍ਹੀ ਦੇ ਜਵਾਨ ਬੱਚੇ ਸਾਡੇ ਨਾਲੋਂ ਬੁਰੀ ਤਰਾਂ ਟੁੱਟ ਗਏ ਹਨ। ਉਹ ਖੁੱਦ ਨੂੰ ਬਹੁਤ ਸਿਆਣੇ ਅਤੇ ਜਾਣਕਾਰੀ ਦਾ ਕੰਪਿਊਟਰ ਸਮਝਦੇ ਹਨ, ਪਰ ਅਕਲ, ਦਾਨਾਈ ਅਤੇ ਹਿਕਮਤ ਤੋਂ ਖਾਲੀ ਹਨ।

ਆਪ ਜਾਣਦੇ ਹੀ ਹੋ ਕਿ ਮੈਂ ਐਮ. ਐਸ. ਸੀ. ਕੌਂਸਲਿੰਗ ਦਾ ਅਦਾਲਤ ਵੱਲੋ ਸਲਾਹਕਾਰ (ਕੌਂਸਲਰ) ਵੀ ਹਾਂ ਅਤੇ ਹੁਣ ਵੀ ਅਜੋਕੇ ਟੁੱਟੇ ਭੱਜੇ ਸਮਾਜ ਦੀ ਗੰਢ ਤੁੱਪ ਕਰਦਾ ਰਹਿੰਦਾ ਹਾਂ। ਵਾਰਤਾ ਏਸ ਪ੍ਰਕਾਰ ਹੈ ਕਿ ਸਾਡੇ ਏਰੀਏ ਦੇ ਇੱਕ ਟੱਬਰ ਨੇ ਅਪਣੇ ਬੇਟੇ ਨੂੰ ਸਲਾਹ ਦੇਣ ਲਈ ਸੱਦਾ ਦਿੱਤਾ। ਅਸਲ ਵਿੱਚ ਏਸ ਕਾਕਾ ਜੀ ਦਾ ਪਿਤਾ ਜੀ, ਭਾਰਤ ਵਿਖੇ, ਮੇਰਾ ਵਿੱਦਿਆਰਥੀ ਵੀ ਰਿਹਾ ਹੈ। ਇਸੇ ਲਈ ਉਸ ਨੇ ਆਪਣਾ ਘਰੇਲੂ ਮਸਲਾ ਸੁਲਝਾਉਣ ਵਾਸਤੇ ਮੇਰੇ ਤਕ ਪਹੁੰਚ ਕੀਤੀ ਸੀ। ਓਸ ਦਾ ਬੇਟਾ, ਯੋਰਕ ਯੂਨੀਵਰਸਟੀ ਦਾ ਵਿੱਦਿਆਰਥੀ ਸੀ, ਤੇ ਅਪਣੇ ਨਾਲ ਪੜ੍ਹਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੇ ਦੇ ਮਾਤਾ, ਪਿਤਾ ਅਤੇ ਭੈਣ ਵੀ ਸਮਝਾਉਣ ਵਿਚ ਅਸਫ਼ਲ ਰਹੇ ਕਿ ਜਲਦੀ ਨਾ ਕਰੋ, ਪਹਿਲਾਂ ਪੈਰਾਂ ਉੱਤੇ ਖੜੇ ਹੋਣ ਦੇ ਯੋਗ ਹੋ ਜਾਵੋ, ਫਿਰ ਵਿਆਹ ਕਰਵਾ ਲੈਣਾ। ਪਰ ਕਾਕਾ ਜੀ ਵਿਆਹ ਕਰਵਾਉਣ ਲਈ ਬਜ਼ਿਦ ਸਨ। ਜਦ ਵਿਆਹ ਕਰਵਾਉਣ ਵਾਲੇ ਕਾਕਾ ਜੀ ਘਰ ਦੀ ਪਹਿਲੀ ਮੰਜ਼ਿਲ ਵਿਖੇ ਆਪਣੇ ਕਮਰੇ ਵਿਚੋਂ ਨਹਾ ਧੋ ਕੇ, ਲਿਸ਼ਕ ਪੁਸ਼ਕ ਕੇ, ਹੇਠ ਸਾਡੇ ਕੋਲ ਆਏ, ਮੈਂ ਸੁਭਾਵਿਕ ਹੀ ਕਿਹਾ ਕਾਕਾ ਜੀ ਅਪਣੀ ਚੈਕ ਬੁੱਕ ਵੀ ਨਾਲ ਲੈ ਲਵੀਂ। ਬੈਂਕੁਅਟ ਹਾਲ ਵਾਲਿਆ ਘੱਟੋ ਘੱਟ 20 ਹਜ਼ਾਰ ਡਾਲਰ ਐਡਵਾਂਸ ਮੰਗਣੇ ਹਨ। ਕਾਕਾ ਜੀ ਬੜੇ ਧੀਮੀ ਜੇਹੀ ਆਵਾਜ਼ ਨਾਲ ਆਖਣ ਲੱਗੇ, ਜੀ ਪੈਸੇ ਤੇ ਮੇਰੇ ਕੋਲ ਨਹੀਂ, ਉਹ ਤੇ ਡੈਡ ਕੋਲ ਹੀ ਹੁੰਦੇ ਹਨ। ਮੈਂ ਆਖਿਆ ਕਾਕਾ ਜੀ ਵਿਆਹ ਆਪ ਕਰਵਾ ਰਹੇ ਹੋ ਕਿ ਡੈਡ। ਕੀ ਡੈਡ ਤੇਰਾ ਏ. ਟੀ. ਐਮ. ਮਸ਼ੀਨ ਹੀ ਹੈ ਕਿ ਕੁਝ ਹੋਰ ਵੀ। ਲੰਮੀ ਗੱਲ ਨੂੰ ਛੋਟੇ ਕਰਦੇ ਹੋਏ ਕੇਵਲ ਏਨਾ ਹੀ ਆਖਾਂਗਾ ਕਿ ਮਸਲਾ ਦੋ ਮਿੰਟ ਅੰਦਰ ਹੀ ਹੱਲ ਹੋ ਗਿਆ।

ਡਾ. ਸਿੰਘ: ਸਰ! ਆਪ ਜੀ ਦੀਆਂ ਹੁਣ ਤਕ ਕਿੰਨ੍ਹੀਆਂ ਪੁਸਤਕਾਂ ਛਪ ਚੁੱਕੀਆਂ ਹਨ ਤੇ ਕਿਹੜ੍ਹੀਆਂ ਕਿਹੜ੍ਹੀਆਂ? ਕੋਈ ਛਪਾਈ ਅਧੀਨ ਵੀ ਹੈ? ਕ੍ਰਿਪਾ ਕਰ ਕੇ ਵਿਸਥਾਰ ਸਹਿਤ ਦੱਸੋ।
ਡਾ. ਨਾਜ਼: ਕੇਵਲ ਇੱਕ ਹੀ ਕਿਤਾਬ ਪੰਜਾਬੀ ਅੰਦਰ ਗਜ਼ਲ, ਨਜ਼ਮ ਅਤੇ ਆਮ ਕਵਿਤਾ ਦਾ ਸੰਗ੍ਰਹਿ ਮੇਰੇ ਕੋਲ ਹੈ। ਉਰਦੂ ਦੀ ਗਜ਼ਲ ਗੋਈ ਅਤੇ ਨਜ਼ਮ ਦਾ 160 ਲਿਖਤਾਂ ਦਾ ਖੁਲਾਸਾ ਲਾਹੌਰ ਵਿਖੇ ਸੰਨ 1969 ਵਿਚ ਛੱਪਿਆ ਸੀ। ਮੇਰੇ ਲਗਭਗ 120 ਚੌਣਵੇਂ ਸੰਪਾਦਕੀ ਲੇਖ, ਜੋ ਪੰਜਾਬੀ ਡੇਲੀ ਅਖਬਾਰ ਵਿਚ ਛੱਪੇ, ਅਜੇ ਕਿਤਾਬੀ ਰੂਪ ਵਿਚ ਛਪਾਈ ਅਧੀਨ ਹਨ। ਮੇਰਾ ਕਾਲਮ "ਕਿੱਸਾ ਗਧਿਆਂ ਦਾ", ਜੋ ਹਾਸ ਰਸ ਭਰਭੂਰ, ਸਿਆਸੀ ਤੇ ਸਮਾਜਿਕ ਟਕੋਰਾਂ/ਵਿਅੰਗ ਹਨ, ਪੰਜਾਬੀ ਡੇਲੀ ਅਖਬਾਰ ਵਿਚ ਪੂਰਾ ਸਾਲ ਭਰ ਛੱਪਦੇ ਰਹੇ ਹਨ। ਮੇਰੀ ਕਿਤਾਬ "ਸੰਗਤ", ਜੋ ਕੋਈ 370 ਲੇਖਾਂ ਦਾ ਸੰਗ੍ਰਹਿ ਹੈ, ਨਿੱਜੀ ਤੌਰ ਤੇ ਮੇਰੀ ਪਸੰਦ ਦਾ ਗਹਿਣਾ ਹੈ। ਅੰਗਰੇਜ਼ੀ ਭਾਸ਼ਾ ਵਿਚ ਰਚਿਤ ਤਿੰਨ ਕਿਤਾਬਾਂ, ਮੇਰੇ ਦੁਆਰਾ ਬਾਈਬਲ ਦੀ ਵਿਆਖਿਆ ਅਤੇ ਮੇਰੇ ਭਾਸ਼ਣਾਂ ਦਾ ਸੰਗ੍ਰਹਿ ਹਨ। ਇੱਕ ਹੋਰ ਕਿਤਾਬ, ਰੇਡੀਓ ਅਤੇ ਟੀਵੀ ਦੁਆਰਾ ਪ੍ਰਸਾਰਿਤ ਮੇਰੇ 170 ਭਾਸ਼ਣਾਂ ਨੂੰ ਸਮੋਈ ਬੈਠੀ ਹੈ। ਟੈਲੀਵਿਯਨ ਦੁਆਰਾ ਪ੍ਰਸਾਰਿਤ ਮੇਰੇ ਲਗਭਗ 300 ਭਾਸ਼ਣ ਹਨ, ਜੋ ਸੀ. ਡੀਜ਼/ਵਿਡਿਓ ਦੇ ਰੂਪ ਵਿਚ ਮੌਜੂਦ ਹਨ। ਇਹ ਵਿਡਿਓ, ਧਰਮ, ਸਮਾਜ ਅਤੇ ਸਿਆਸਤ ਬਾਰੇ ਮੇਰੇ ਵਿਚਾਰਾਂ/ ਕਾਮੈਂਟਰੀ ਦਾ ਮੁਜ਼ਾਹਿਰਾ ਕਰਦੇ ਹਨ। ਬਹੁਤ ਕੁਝ ਛੱਪਣ ਵਾਲਾ ਹੈ। ਮੇਰੇ ਚਲੇ ਜਾਣ ਮਗਰੋਂ ਛਾਪ ਲੈਣਾ, ਕਿਤੇ ਸਵੈਮਾਨ ਅੰਦਰ ਘੁਮੰਡੀ ਨਾ ਹੋ ਜਾਵਾਂ। ਜਿਸ ਕਿਤਾਬ ਤੇ ਅਪਣੇ ਜੀਵਨ ਵਿਚ ਮਾਨ ਮਹਿਸੂਸ ਕਰਦਾ ਹਾਂ, ਉਹ ਹੈ "ਸਹਿਜੇ ਰਚਿਓ ਖਾਲਸਾ" ਪ੍ਰੋ: ਹਰਿੰਦਰ ਮਹਿਬੂਬ ਦਾ ਕੋਈ 1300 ਪੰਨਿਆਂ ਦਾ ਸਿੱਖ ਧਰਮ ਤੇ ਸਿਧਾਂਤਿਕ ਫ਼ਲਸਫ਼ਾ। ਮੈਂ ਏਸ ਦਾ ਅੰਗਰੇਜ਼ੀ ਬੋਲੀ ਵਿਚ ਉਲੱਥਾ ਕਰ ਦਿੱਤਾ ਹੈ। ਇਹ ਕਾਰਜ ਕੋਈ ਢਾਈ ਸਾਲ ਅੰਦਰ ਸਿਰੇ ਚੜ੍ਹਿਆ। ਪਰ ਅਜੇ ਛੱਪ ਨਹੀਂ ਸਕਿਆ। ਮੇਰੇ ਖਿਆਲ ਅੰਦਰ ਸੰਪੂਰਨਤਾ ਕਦੀ ਵੀ ਨਹੀਂ ਹੁੰਦੀ, ਅਧੂਰਾਪਨ ਅਪਣੇ ਆਪ ਅੰਦਰ ਹਰ ਇੱਕ ਕਿਰਦਾਰ ਦਾ ਅਪਣਾ ਚਿੱਤਰ ਹੈ।

ਡਾ. ਸਿੰਘ: ਰਚਨਾਵਾਂ ਨੂੰ ਛਪਵਾਉਣ ਲਈ ਕਿਨ੍ਹਾਂ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਡਾ. ਨਾਜ਼: ਜੀਵਨ ਅੰਦਰ ਆਰਥਿਕਤਾ ਹਰ ਰਾਹ ਦੀ ਮੰਜ਼ਿਲ ਦਾ ਵੱਡਾ ਪਹਿਲੂ ਹੁੰਦਾ ਹੈ। ਬੇਸ਼ਕ ਬਹੁਤੇ ਮੰਦੇ ਵਾਲਾ ਕੋਈ ਸੰਕਟ ਨਹੀਂ ਸੀ ਪਰ ਪਿਤਾ ਜੀ ਦੇ ਤੁਰ ਜਾਣ ਮਗਰੋ ਚਾਰ ਭੈਣਾਂ ਦੀ ਪੜ੍ਹਾਈ ਅਤੇ ਵਿਆਹ ਸ਼ਾਦੀ ਦੀ ਜ਼ੁੰਮੇਵਾਰੀ, ਛੋਟੇ ਭਰਾ ਦਾ ਛੇਤੀ ਤੁਰ ਜਾਣਾ ਅਤੇ ਉਸ ਦੀ ਜੀਵਨ ਸਾਥਨ ਅਤੇ ਤਿੰਨ ਬੱਚਿਆਂ ਦੀ ਜ਼ੁੰਮੇਵਾਰੀ ਮੇਰੇ ਸਿਰ ਤੇ ਆਰਥਿਕ ਬੋਝ ਸੀ, ਜੋ ਮੈਂ ਬਾਖੂਬੀ ਪੂਰਾ ਕੀਤਾ। ਬਾਕੀ ਮਜ਼ਬੂਰੀ ਤੇ ਤਾਂ ਹੁੰਦੀ, ਜੇ ਕੁਝ ਛਾਪਣ ਦੀ ਲਾਲਸਾ ਹੁੰਦੀ! ਮਜਬੂਰੀ ਅੰਦਰ ਕਿਸੇ ਦੀ ਵੀ ਜੀ ਹਜੂਰੀ ਮੇਰੇ ਕੋਲੋਂ ਹੋ ਨਹੀਂ ਸਕਦੀ!

ਡਾ. ਸਿੰਘ: ਆਪ ਜੀ ਨੂੰ ਮਿਲੇ ਸਨਮਾਨਾਂ ਬਾਰੇ ਜਾਨਣ ਦਾ ਇਛੁੱਕ ਹਾਂ।
ਡਾ. ਨਾਜ਼: ਜੀ, ਮੈਂ ਵਧੇਰੇ ਕਰਕੇ ਭਾਰਤ ਚੋਂ ਬਦਰ ਹੋਣ ਸਦਕਾ, ਪਛਾਣ ਤੋਂ ਬਾਹਰ ਹੀ ਰਿਹਾ ਹਾਂ। ਬੇਸ਼ਕ ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ ਦੇ ਨਾਮ-ਇਕਰਾਮਾਂ ਦੀਆਂ ਘਰ ਅੰਦਰ ਅਣਗਿਣਤ ਨਿਸ਼ਾਨੀਆਂ ਹਨ। ਮੇਰੀ ਇੱਕ ਉਪਾਸ਼ਕ ਕਾਵਿਤਰੀ, ਜਿਸ ਨੂੰ ਮੈ ਅੱਜੇ ਤਕ ਨਹੀਂ ਵੇਖਿਆ, ਇੱਕ ਗ਼ਜ਼ਲ ਪੜ੍ਹ ਕੇ ਆਖਦੀ ਹੈ "ਜੇ ਮੇਰੇ ਵੱਸ ਅੰਦਰ ਹੋਵੇ, ਇਹ ਇਕ ਅਜਿਹੀ ਗ਼ਜ਼ਲ ਹੈ ਜੋ ਨੋਬਲ ਪ੍ਰਾਈਜ਼ ਦੀ ਹੱਕਦਾਰ ਹੈ"। ਸੋਚਦਾ ਹਾਂ ਮੇਰਾ ਨੋਬਲ ਪ੍ਰਾਈਜ਼ ਮੈਨੂੰ ਓਸ ਦਿਨ ਮਿਲ ਗਿਆ ਸੀ। ਇੱਕ ਅਜੀਬ ਜਿਹੀ ਖ਼ਬਰ ਮਿਲੀ ਹੈ ਕਿ ਮੇਰਾ ਇੱਕ ਵਕੀਲ ਦੋਸਤ/ਵਿੱਦਆਰਥੀ ਮੇਰੇ ਉੱਪਰ "ਗੁਰੂਦੇਵ" ਕਿਤਾਬ ਸੰਗ੍ਰਹਿ ਛਾਪ ਰਿਹਾ ਹੈ, ਜਿਸ ਅੰਦਰ ਉਹ ਕੁਝ ਹੀ ਸ਼ਾਮਿਲ ਹੈ ਜੋ ਲੋਕ ਮੇਰੀ ਬਾਬਤ ਸੋਚਦੇ, ਸਮਝਦੇ ਅਤੇ ਲਿਖਦੇ ਹਨ। ਉਂਝ ਤੇ ਸਨਮਾਨ ਦੀ ਗੱਲ ਕਰੀਏ ਤਾਂ ਅੱਜ ਤਕ ਤਿੰਨ ਆਨਰੇਰੀ ਡਾਕਟਰੇਟ ਡਿਗਰੀਆਂ (ਮਗਿੱਲ ਯੂਨੀਵਰਸਿਟੀ, ਕਿਊਬੈੱਕ, ਵਿਕਟੋਰੀਆ ਯੂਨੀਵਰਸਿਟੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਅਤੇ ਫਰੈਜ਼ਨੋ ਸੈਮੀਨਰੀ ਕਾਲਜ, ਯੂ. ਐਸ. ਵਲੋਂ), 17 ਸਨਮਾਨ ਪੱਤਰ, ਅਲੱਗ ਅਲੱਗ ਅਮਰੀਕਨ ਅਤੇ ਕੈਨੇਡੀਅਨ ਯੂਨੀਵਰਸਟੀਆਂ ਤੋ ਮਿਲ ਚੁੱਕੇ ਹਨ। ਪਰ ਮੈਂ ਸਮਝਦਾ ਹਾਂ ਕਿ ਮੇਰਾ ਸਭ ਤੋਂ ਵੱਡਾ ਸਨਮਾਨ ਤਾਂ ਉਹ ਲੋਕ ਹਨ ਜੋ ਮੇਰੇ ਚਾਹਵਾਨ ਹਨ, ਮੇਰੇ ਸਿਰ ਦਾ ਤਾਜ ਹਨ।

ਡਾ. ਸਿੰਘ: ਆਪ ਜੀ ਨੂੰ ਆਪਣੇ ਵਿਭਿੰਨ ਕਾਰਜ ਖੇਤਰਾਂ (ਧਾਰਮਿਕ, ਸਮਾਜਿਕ, ਸਹਿਤਕ, ਪੱਤਰਕਾਰੀ, ਰੇਡੀਓ ਤੇ ਟੀਵੀ ਹੋਸਟ ਆਦਿ) ਵਿਚੋਂ ਕਿਹੜਾ ਕਾਰਜ ਖੇਤਰ ਸੱਭ ਤੋਂ ਵਧੇਰੇ ਪਸੰਦ ਹੈ ਅਤੇ ਕਿਉਂ?
ਡਾ. ਨਾਜ਼: ਵੇਖੋ ਡੀ. ਪੀ. ਜੀ! ਹਰ ਵਰਗ ਦਾ ਅਪਣਾ ਅਪਣਾ ਕਿਰਦਾਰ ਹੈ, ਕਾਰਜ ਖੇਤਰ ਹੈ। ਪੱਤਰਕਾਰੀ ਸੱਚ ਅਤੇ ਝੂਠ ਦੇ ਤੂਫ਼ਾਨ ਵਿਚਕਾਰ ਡਾਵਾਂ ਡੋਲੇ ਖਾਂਦੀ ਕਿਸ਼ਤੀ ਦਾ ਨਾਂ ਹੈ, ਤੁਸੀਂ ਇੱਕ ਮਲਾਹ ਵਾਂਗਰ ਬੇੜੇ ਦੇ ਦੁਖਾਂਤ ਦੀ ਰਾਹਗੀਰੀ ਕਰਦੇ ਹੋ। ਕਿਨਾਰੇ ਤੇ ਵਾਹ ਵਾਹ ਕਰਦੇ ਲੋਕਾਂ ਦੀਆਂ ਉੱਲਰਦੀਆਂ ਬਾਹਾਂ, ਤੁਹਾਡੀ ਜਿੱਤ ਦਾ ਸ਼ਿੰਗਾਰ ਹੁੰਦੀਆਂ ਹਨ। ਦੌਲਤ ਅਤੇ ਸ਼ੁਹਰਤ ਤੁਹਾਡੇ ਪੈਰ ਚੁੰਮਦੀ ਹੈ (ਇਥੇ ਮੈਂ ਪੱਛਮੀ ਲੋਕਾਂ ਦੀ ਅੰਗ੍ਰੇਜ਼ੀ ਭਾਸ਼ਾ ਵਾਲੀ ਪੱਤਰਕਾਰੀ ਦੀ ਗੱਲ ਕਰ ਰਿਹਾ ਹਾਂ)। ਰਹੀ ਗੱਲ ਸਾਹਿਤ ਦੇ ਲੇਖਕਾਂ, ਕਹਾਣੀਕਾਰਾਂ ਅਤੇ ਕਵੀਆਂ ਦੀ, ਪਹਿਲਾਂ ਤਾਂ ਸਾਲਾਂ ਬਧੀ ਮਿਹਨਤ ਕਰਕੇ ਕਿਤਾਬ ਲਿਖੋ। ਫੇਰ ਅਪਣੇ ਪੱਲਿਉਂ ਪੈਸੇ ਲਾ ਕੇ ਛਪਾਓ, ਫੇਰ ਕੈਨੇਡਾ ਲਈ ਭਾਰਤ ਤੋਂ ਸ਼ਿੱਪਿੰਗ ਕਰਵਾਓ, ਮੁੜ 3000 ਡਾਲਰ ਖਰਚ ਕੇ ਏਸ ਦੀ ਝੁੰਡ ਚੁਕਵਾਈ ਕਰਾਓ ਅਤੇ ਆਖਿਰ ਵਿੱਚ ਕਿਤਾਬ ਫਰੀ ਵੰਡੋ! ਮੇਰੇ ਖਿਆਲ ਅੰਦਰ ਇਹ ਇੱਕ ਕਵੀ ਜਾਂ ਲਿਖਾਰੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਜੋ ਕੌਮ ਅਪਣੇ ਬੁੱਧੀਜੀਵੀਆਂ ਦਾ ਸਤਿਕਾਰ ਨਹੀਂ ਕਰਦੀ, ਬਹੁਤ ਦੇਰ ਤਕ ਜੀਂਦੀ ਨਹੀਂ ਰਹਿ ਸਕਦੀ।

ਰਹੀ ਗੱਲ ਸਕਰੀਨ ਅਤੇ ਰੇਡੀਓ ਮੀਡੀਆ ਦੀ, ਮੇਰਾ ਅਪਣਾ ਖਿਆਲ ਹੈ ਕਿ ਸੋਸ਼ਲ ਮੀਡੀਏ ਦੀ ਵਰਤੋਂ, ਅੱਜ ਦੇ ਸਮਾਜ ਦਾ ਅਟੁੱਟ ਅੰਗ ਹੈ। ਮੈ ਰੱਜ ਕੇ ਏਸ ਨੂੰ ਵਰਤਦਾ ਹਾਂ, ਤੇ ਮਾਣਿਆ ਹੈ। ਏਸ ਗੱਲ ਦਾ ਜ਼ਰੂਰ ਦੁੱਖ ਹੈ ਕਿ ਸਾਡੇ ਰੇਡੀਓ ਅਤੇ ਟੀ. ਵੀ. ਹੋਸਟ ਉਹ ਕੁਝ ਨਹੀਂ ਹਨ, ਜੋ ਹੋਣਾ ਚਾਹੀਦੇ ਸਨ। ਫਿਰ ਵੀ ਅੱਜ ਦੇ ਸਮੇਂ ਅੰਦਰ ਕਿਤਾਬੀ ਸੱਭਿਆਚਾਰ ਨਾਲੋਂ ਅੱਜ ਦੇ ਇਲੈਕਟ੍ਰਾਨਿਕ ਮੀਡੀਏ ਦੀ ਵਰਤੋਂ ਦਾ ਹਾਮੀ ਹਾਂ।

ਡਾ. ਸਿੰਘ: ਸਰ ! ਕੀ ਤੁਸੀਂ ਵਾਰਤਕ ਤੋਂ ਇਲਾਵਾ ਹੋਰ ਸਾਹਿਤਕ ਵਿਧਾਵਾਂ ਵਿਚ ਵੀ ਕਲਮਕਾਰੀ ਕੀਤੀ ਹੈ?
ਡਾ. ਨਾਜ਼: ਅਸਲ ਗੱਲ ਇਹ ਹੈ ਕਿ ਵਾਰਤਕ ਵਿਧੀ ਤੁਹਾਡੇ ਸਪਸ਼ਟ ਰੂਪ ਦਾ ਵਰਨਣ ਹੈ, ਸਮਾਜਿਕ ਤੇ ਆਰਥਿਕ ਵਤੀਰੇ ਦਾ ਪ੍ਰਤਖ ਰੂਪ ਹੈ (A manifested reality in words)। ਕਵਿਤਾ ਮੇਰੇ ਜਜ਼ਬਾਤ, ਕਲਪਨਾ, ਪਿਆਰ, ਨਿਰਾਸ਼ਤਾ, ਹਾਰ, ਹਾਸੇ, ਖੁਸ਼ੀਆਂ, ਰੂਹ ਦਾ ਉਹ ਅਦਿੱਖ, ਅਨੂਪ ਸਰੂਪ ਹੈ, ਜਿਸ ਦੀ ਆਵਾਜ਼ ਨਹੀਂ ਹੁੰਦੀ, ਪਰ ਰੂਹ ਆਪ ਅਤੇ ਸਾਫ਼ ਬੋਲਦੀ ਹੈ। ਏਸ ਨੂੰ ਰੂਹ ਦੀ ਆਵਾਜ਼ ਹੀ ਕਹਿ ਸਕਦੇ ਹਾਂ। ਇਹ ਭਾਗ ਮੇਰੀ ਰੂਹ ਹੈ ਜਾਨ ਹੈ। ਮੇਰੀ ਕਵਿਤਾ ਹੈ। ਕਵਿਤਾ ਸ਼ਾਇਦ ਏਸ ਕਰਕੇ ਹੀ ਵਾਰਤਕ ਨਾਲੋਂ ਕੱਦ ਕਾਠ ਅੰਦਰ ਵੱਡੀ ਹੈ। ਵਾਰਤਕ ਦਿੱਖ ਜਿਸਮ ਧਾਰੀ ਵਸਤੂਆਂ ਦੇ ਰੂਪ ਦਾ ਵਿਖਾਵਾ ਹੈ, ਪਰ ਕਵਿਤਾ ਕੋਲ ਕੋਈ ਵਸਤੂ ਰੂਪ ਨਹੀਂ ਹੁੰਦਾ, ਉਹ ਅਦਿੱਖ ਨੂੰ ਦਿੱਖ ਰੂਪ ਬਖ਼ਸ਼ਦੀ ਹੈ, ਪੈਦਾ ਕਰਦੀ ਹੈ। ਉਹ ਜਿਸਮ ਨੂੰ ਉਕਰਦੀ ਹੈ, ਬੇਆਵਾਜ਼ ਨੂੰ ਆਵਾਜ਼ ਦੇਂਦੀ, ਅਦਿਖ ਭਵਿਸ਼ ਕਾਲ 'ਚੋ ਤਸਵੀਰਾਂ ਘੜਦੀ ਹੈ, ਭਵਿਸ਼ ਉਲੀਕਦੀ ਹੈ, ਏਸ ਕਰਕੇ ਹੀ ਕਵਿਤਾ ਪੈਗੰਬਰੀ ਦਾ ਹੀ ਦੂਜਾ ਨਾਂ ਹੈ। ਬਾਬਾ ਨਾਨਕ ਇੱਕ ਕਵੀ ਹੈ, ਜੋ ਪੈਗੰਬਰੀ ਦਾ ਰੂਪ ਹੈ! ਅੱਜ 27 ਮਿਲੀਅਨ ਨਾਨਕ ਪੰਥੀ ਓਸ ਨਾਨਕ ਦੀ ਪੈਦਾਇਸ਼ ਨਜ਼ਰ ਪੈਂਦੀ ਹੈ! ਸਾਹਿਤ ਦਾ ਇੱਕ ਹੋਰ ਭਾਗ ਵੀ ਹੈ ਜੋ ਅੱਜ ਦੀ ਵਿਗਿਆਨਕ ਸੋਚ ਦੀ ਉਪਜ ਹੈ। ਆਪ ਏਸ ਨੂੰ ਵਿਗਿਆਨਕ ਸਾਹਿਤ ਵੀ ਆਖ ਸਕਦੇ ਹੋ। ਬੇਸ਼ਕ ਭਾਰਤ ਅੰਦਰ ਏਸ ਰੁਚੀ ਦੇ ਬਹੁਤ ਘੱਟ ਲਿਖਾਰੀ ਹਨ। ਅੱਜ ਦੀ ਸਾਇੰਸ ਦੀਆਂ ਕਾਢਾਂ, ਦੇ ਪੱਛਮੀ ਲਿਖਾਰੀ ਹੀ ਇਸ ਸੰਕਲਪ ਦੇ ਮੋਢੀ ਤੇ ਪੇਸ਼ਾਵਰ ਸਨ। ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਵਿਗਿਆਨਕ ਸੋਚ ਨੂੰ ਆਪਣੀਆਂ ਰਚਨਾਵਾਂ ਵਿਚ ਥਾਂ ਦੇਵਾਂ।

ਡਾ. ਸਿੰਘ: ਆਪ ਦੇ ਵਿਚਾਰ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਮੌਲਿਕ ਸਾਹਿਤਕ ਰਚਨਾਵਾਂ, ਹੋਰਨਾਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਤੁਲਨਾ ਵਿਚ ਕਿਹੜਾ ਸਥਾਨ ਰੱਖਦੀਆਂ ਹਨ?
ਡਾ. ਨਾਜ਼: ਮੈਂ ਸੋਚਦਾ ਹਾਂ ਤੁਲਨਾ ਤੇ ਨਹੀਂ ਕੀਤੀ ਜਾ ਸਕਦੀ, ਫਿਰ ਵੀ ਕੁਝ ਅਜੇਹੇ ਹਾਲਾਤ ਹਨ ਕਿ ਰੂਸ ਅੰਦਰ ਨਾਵਲਿਸਟ ਵਧੇਰੇ ਕਰਕੇ ਅਜੇਹੇ ਪੈਦਾ ਹੋਏ ਹਨ ਜਿਸ ਦਾ ਕੋਈ ਮੁਕਾਬਲਾ ਜਾਂ ਤੁਲਨਾ ਬਾਕੀ ਸੰਸਾਰ ਦੇ ਸਾਹਿਤ ਅੰਦਰ ਹੋ ਹੀ ਨਹੀਂ ਸਕਦੀ। ਮਿਸਾਲ ਵਜੋਂ ਟੋਲਸਟਾਏ, ਦੋਸਤਅਵਸਕੀ, ਸੋਲਜ਼ੋ ਨੀਚਹ ਵਰਗੇ ਨਾਵਲਿਸਟ, ਜਿਨ੍ਹਾਂ ਦੀ ਕੋਈ ਬਰਾਬਰਤਾ ਨਹੀਂ। ਏਸ ਪ੍ਰਕਾਰ ਹੀ ਅੰਗਰੇਜ਼ੀ ਭਾਸ਼ਾ ਵਿਚ, ਇੰਗਲੈਂਡ ਦੇ ਕਵੀ, ਸ਼ੈਕਸਪੀਅਰ, ਬਾਇਰਨ, ਪੀ. ਬੀ. ਸ਼ੈਲੇ, ਤੇ ਕੀਟਸ ਵਰਗੇ, ਜੋ ਰੋਮਾਂਟਿਕ ਕਵਿਤਾ ਦੇ ਲਾਸਾਨੀ ਕਵੀ ਮੰਨੇ ਜਾਂਦੇ ਹਨ, ਸਾਰੇ ਸੰਸਾਰ ਅੰਦਰ ਕਵਿਤਾ ਦੇ ਬਾਬਾ ਬੋਹੜ ਹਨ।ਨਵੇਂ ਪੰਜਾਬੀ ਸਾਹਿਤ ਦੀਆਂ ਲਗਰਾਂ ਮੇਰੇ ਵੇਖਦੇ ਵੇਖਦੇ ਹੀ ਪੁੰਗਰੀਆਂ ਅਤੇ ਜਵਾਨੀ ਚੜ੍ਹੀਆਂ ਹਨ। ਜਦ ਮੈਂ ਬੀ. ਏ. ਕਰ ਰਿਹਾ ਸੀ, ਪੰਜਾਬੀ ਮੇਰੀ ਆਨਰਜ਼ ਦਾ ਵਿਸ਼ਾ ਸੀ। ਹੀਰ ਵਾਰਿਸ ਸ਼ਾਹ ਤੋਂ ਵਧ ਹੋਰ ਕੁਝ ਨਹੀਂ ਸੀ ਨਜ਼ਰ ਆਉਂਦਾ। ਤੇ ਜਾਂ ਫਿਰ ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ। ਵੇਖਦੇ ਹੀ ਵੇਖਦੇ ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਦੌਰ ਜਵਾਨੀ ਚੜ੍ਹਿਆ। ਸ਼ਿਵ ਬਟਾਲਵੀ, ਐਸ. ਮੀਸ਼ਾ ਮੇਰੇ ਹਾਣ ਅੰਦਰ ਰੋਮਾਂਟਿਕ ਕਵਿਤਾ ਦੀ ਜਾਨ ਜਿਗਰ ਬਣੇ ਹਨ। ਸਵਾਲ ਕਿਸੇ ਸਾਹਿਤ ਅੰਦਰ ਏਸ ਦਲੀਲ ਦਾ ਨਹੀਂ ਕਿ ਕਿੰਨੀਆਂ ਲਿਖਤਾਂ ਬੋਲੀ ਦੀ ਝੋਲੀ ਅੰਦਰ ਪਈਆ! ਸਵਾਲ ਇਹ ਨਹੀਂ ਕਿ "ਕਿੰਨਾ" ਲਿਖਿਆ ਗਿਆ? ਸਵਾਲ ਇਹ ਹੈ ਕਿ "ਕੀ" ਲਿਖਿਆ ਗਿਆ? ਗੁਰੂ ਗਰੰਥ ਸਾਹਿਬ 1430 ਪੰਨਿਆ ਦੀ ਸਿੱਖ ਧਰਮ ਦੀ ਰੂਹਾਨੀ ਕਿਤਾਬ (Holy Scripture) ਹੈ, ਕਹਿ ਨਹੀਂ ਸਕਦਾ ਕਿੰਨੇ ਲੱਖਾਂ ਲੋਕ 24 ਘੰਟੇ ਹਰ ਰੋਜ਼ ਏਸ ਨੂੰ ਪੜ੍ਹਦੇ ਹਨ। ਪੰਜਾਬੀ ਬੋਲੀ ਅੰਦਰ ਲਿਖਿਆ ਇਹ ਗਰੰਥ ਸਾਰੇ ਸੰਸਾਰ ਦੀਆਂ ਬੋਲੀਆਂ ਅੰਦਰ ਸਭ ਤੋਂ ਮਹਾਨ ਕਾਵਿ ਲਿਖਤ ਹੈ!

ਡਾ. ਸਿੰਘ: ਪੱਤਰਕਾਰੀ ਅਤੇ ਜਨ ਸੰਚਾਰ ਮਾਧਿਅਮਾਂ ਦੀ ਵਰਤੋਂ ਦੌਰਾਨ ਆਪ ਦੇ ਪ੍ਰਮੱਖ ਸਰੋਕਾਰ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਪਹਿਲੂਆਂ ਨਾਲ ਸੰਬੰਧਤ ਹਨ। ਕੀ ਸਮਾਜ ਨੂੰ ਅਜਿਹੇ ਸਰੋਕਾਰਾਂ ਪ੍ਰਤੀ ਚੇਤੰਨ ਕਰਨ ਲਈ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਦੇ ਨਾਲ-ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ?
ਡਾ. ਨਾਜ਼: ਡਾ: ਸਾਹਿਬ! ਪੱਤਰਕਾਰੀ ਤੇ ਜਨ ਸੰਚਾਰ ਐਨਾ ਤੇਜ਼ ਰਫ਼ਤਾਰੀ ਨਾਲ ਫੈਲਾਅ ਦੇ ਪੱਧਰ ਤੇ ਹੈ, ਕਹਿ ਲਵੋ ਕਿ ਹੜ੍ਹ ਆਇਆ ਪਿਆ ਹੈ। ਇੰਝ ਕਹਿ ਲਵੋ ਕਿ "ਜਾਣਕਾਰੀ" ਤਾਂ ਹੈ ਪਰ ਲੋਕਾਂ ਅੰਦਰ "ਗਿਆਨਕਾਰੀ" ਨਹੀਂ। ਯੂਨੀਵਰਸਟੀਆਂ ਨੇ ਅਪਣਾ ਰੋਲ ਨਹੀਂ ਨਿਭਾਇਆ। ਡਿਗਰੀਆਂ ਤਾਂ ਮੂਲੀਆਂ, ਗਾਜਰਾਂ ਵਾਂਗਰ ਵਿਕੀਆਂ ਹਨ, ਪਰ ਸਿੱਖਿਆਰਥੀ ਵਿੱਦਿਆਹੀਣ ਹੀ ਰਹੇ। ਪੰਜਾਬੀ ਅੰਤਰ-ਰਾਸ਼ਟਰੀ ਕਾਨਫ੍ਰੈਂਸਾ ਪੰਜਾਬ ਅੰਦਰ ਕੋਈ 8-9 ਹੋਈਆਂ, ਪਰ ਕੋਈ ਟੀਚਾ ਅਤੇ ਮਕਸਦ ਹੱਲ ਨਾ ਹੋਇਆ। ਅਜੇਹੀ ਹੀ ਇੱਕ ਕਾਨਫ੍ਰੈਂਸ ਅੰਦਰ ਬੋਲਦਿਆਂ ਕੋਈ 250 ਬੁੱਧੀ ਜੀਵੀਆਂ ਨੂੰ ਸੰਬੋਧਨ ਕਰਦਿਆਂ ਮੈਂ ਆਖਿਆ ਸੀ "ਐਥੇ ਕੈਨੇਡਾ ਅੰਦਰ , ਅੱਜ ਦੇ ਏਸ ਸਮਾਗਮ ਅੰਦਰ ਇੱਕ ਅਜੇਹੀ ਬੀਬਾ ਬੈਠੀ ਹੈ, ਜੋ ਅਪਣੀ ਪੀਐਚ. ਡੀ. ਪੰਜਾਬੀ ਗਾਲ਼ਾਂ ਤੇ ਕਰਕੇ ਆਈ ਹੈ! ਕੀ ਪੰਜਾਬੀ ਯੂਨੀਵਰਸਟੀ, ਪਟਿਆਲਾ ਕੋਲ ਪੀਐਚ. ਡੀ. ਕਰਵਾਉਣ ਲਈ "ਪੰਜਾਬੀ ਗਾਲਾਂ" ਦੇ ਵਿਸ਼ੇ ਤੋਂ ਬਗੈਰ ਬਾਕੀ ਸਾਰੇ ਵਿਸ਼ੇ ਦਿਹਾਂਤ ਵੱਸ ਹੋ ਗਏ ਸਨ?" ਅੱਜ ਦੇ ਵਿੱਦਿਆਲੇ ਅਜੇਹੀ ਖੋਜ ਦੇ ਘਾੜੇ ਹਨ। ਸੰਸਕ੍ਰਿਤ ਦਾ ਇੱਕ ਸ਼ਲੋਕ ਹੈ "ਵਿੱਦੁਤੇ ਸੋ ਚਿੱਤਰਮ" ਜੋ ਵੇਖੋਗੇ, ਸੋ ਵਾਹੋਗੇ। ਸਰਕਾਰੀ ਢਾਂਚਾ ਅਤੇ ਵਿੱਦਿਆਲੇ ਦਰੁਸਤ ਕਰ ਲਵੋ, ਲੋਕ ਬਦਲ ਜਾਣਗੇ, ਜਾਗ ਜਾਣਗੇ।

ਡਾ. ਸਿੰਘ: ਵਿਗੜ ਰਹੇ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਵਾਤਾਵਰਣ ਦਾ ਮੂਲ ਕਾਰਕ ਆਪ ਕਿਸ ਨੂੰ ਮੰਨਦੇ ਹੋ? ਵੱਡਾ ਦੋਸ਼ੀ ਕੌਣ ਹੈ ?
ਡਾ. ਨਾਜ਼: ਡੀ. ਪੀ. ਜੀ! ਸਾਰੇ ਦਾ ਸਾਰਾ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਢਾਂਚਾ ਇੱਕ ਜ਼ਹਿਨੀ ਗੁਲਾਮੀ ਦਾ ਕੈਦੀ ਹੈ। ਏਸ ਪ੍ਰਕਾਰ ਵੀ ਵੇਖਿਆ ਜਾ ਸਕਦਾ ਹੈ। ਸਾਰੇ ਦਾ ਸਾਰਾ ਰਜਨੀਤਕ ਢਾਂਚਾ ਇਸ ਤਰਾਂ ਹੈ ਜਿਵੇਂ ਤੁਸੀ ਇੱਕ ਉਲਟੀ ਕੀਤੀ ਤਿਕੋਣ ਤੇ ਖੜੇ ਹੋਵੋ। ਏਹ ਤਿਕੋਣ ਦੇ ਦੋ ਜ਼ਾਵੀਏ ਹਨ (1) ਪ੍ਰਬੰਧਕ ਪਹਿਲੂ (2) ਤਕਨੀਕੀ ਪਹਿਲੂ ਅਤੇ (3) ਤੀਜਾ ਭਾਗ ਹੈ ਨੈਤਿਕਤਾ । ਜੋ ਏਸ ਉਲਟੀ ਤਿਕੋਣ ਦਾ ਹੇਠਲਾ ਕੋਣ ਹੈ, ਜਿਸ ਉਪਰ ਉਪਰਲੇ ਦੋਵੇ ਕੋਣ ਨਿਰਭਰ ਹਨ। ਸੰਤੁਲਿਤ ਹਾਲਤ ਅੰਦਰ ਖੜੇ ਹਨ। ਏਸ ਨੈਤਿਕਤਾ ਦੇ ਡਾਵਾਂ ਡੋਲ ਹੋ ਜਾਣ ਤੇ ਸੰਤੁਲਨ ਕਾਇਮ ਨਹੀਂ ਰਹਿ ਸਕਦਾ। ਢੈਹ ਢੇਰੀ ਹੋ ਜਾਂਦਾ ਹੈ। ਇਹ ਤਿੰਨੋ ਹਾਲਤਾਂ ਇੱਕ ਦੂਜੇ ਤੇ ਨਿਰਭਰ ਹਨ, ਕੋਈ ਵੱਡੀ ਛੋਟੀ ਨਹੀਂ। ਅੱਜ ਭਾਰਤ ਦੀ ਹਾਲਤ ਡਾਵਾਂ ਡੋਲ ਨਹੀਂ, ਸਗੋਂ ਢੈਹ ਢੇਰੀ ਹੈ। ਰਹੀ ਗੱਲ ਪੱਤਰਕਾਰੀ ਦੀ, ਆਪ ਜਾਣਦੇ ਹੋ, ਸ਼ਬਦ ਪੀਲੀ ਪੱਤਰਕਾਰੀ! ਹੁਣ ਤੇ ਕਈ ਰੰਗਾਂ ਦੀ ਹੈ। ਚਿੱਟੀ, ਹਰੀ, ਭਗਵੀਂ ਨੀਲੀ ਅਤੇ ਪਤਾ ਨਹੀਂ ਕੀ ਕੀ। ਅੱਜ ਦੇ ਮਹਾਜ਼ ਤੇ ਸਾਰੇ ਦਾ ਸਾਰਾ ਮੀਡੀਆਂ ਭਗਵੇਂ ਰੰਗ ਅੰਦਰ ਰੰਗਿਆ ਗਿਆ ਹੈ। ਜੇ ਕੋਈ ਇੱਕਾ ਦੁਕਾ ਇਨ੍ਹਾਂ ਦੇ ਉਲਟ ਬੋਲਦਾ ਹੈ, ਓਸ ਨੂੰ ਰਾਹ ਦਾ ਰੋੜਾ ਸਮਝ ਕੇ ਹਟਾ ਦਿੱਤਾ ਜਾਂਦਾ ਹੈ, ਮਿਟਾ ਦਿੱਤਾ ਜਾਂਦਾ ਹੈ। ਪਿਛਲੇ ਕੋਈ ਪੰਜ ਸਾਲ ਹੋਏ, ਕੈਨੇਡਾ ਅੰਦਰ ਇੱਕ ਨਵੀ ਮਹਾਂਭਾਰਤ ਜਾਂ ਰਮਾਇਣ ਦੀ ਜੰਗ ਚਲੀ ਸੀ। ਏਸ ਨੂੰ ਮੈਂ ਪੱਤਰਕਾਰੀ ਦੀ ਥਾਂ ਛਿੱਤਰਕਾਰੀ ਦਾ ਨਾਂ ਦਿੱਤਾ ਸੀ। ਪੱਤਰਕਾਰੀ ਨਹੀ, ਸਾਡੀ ਜ਼ਮੀਰ ਵਿਕ ਗਈ ਹੈ।

ਡਾ. ਸਿੰਘ: ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਪ੍ਰਦੂਸ਼ਣ ਤੋਂ ਬਚਣ ਲਈ ਸਰਕਾਰੀ, ਨਿੱਜੀ ਅਤੇ ਗੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ-ਕਿਹੜੇ ਉਪਾਓ ਅਤੇ ਸਮਾਧਾਨ ਹਨ?
ਡਾ. ਨਾਜ਼: ਮੈਂ ਨਿਰਾਸ਼ਾ ਵਾਦੀ ਨਹੀ, ਬਕੌਲ ਆਪ ਦੇ "ਹਰ ਸੰਘਰਸ਼ ਤੇ ਤਬਾਹੀ ਅੰਦਰੋ ਮਨੁੱਖਤਾ ਅਤੇ ਇਹ ਧਰਤੀ ਖੂਬਸੂਰਤ ਹੋ ਕੇ ਹੀ ਨਿੱਕਲੀ ਹੈ। ਤੋੜ ਅਤੇ ਮੁੜ-ਜੋੜ ਸਿਹਤਮੰਦ ਜੀਵੰਤ ਹੋਂਦ ਦੀ ਅਤੁੱਟ ਕਾਰੀਗਰੀ ਹੈ।" ਹੈਰਾਨੀ ਇਹ ਹੈ ਕਿ ਮਨੁਖ ਨੇ ਅਜੇ ਤਕ ਤਵਾਰੀਖੀ ਬਰਬਾਦੀ ਤੋਂ ਸਿੱਖਿਆ ਕੁਝ ਨਹੀਂ।ਸੱਭਿਅਤਾਵਾਂ ਬਣਦੀਆਂ, ਮਿਟਦੀਆਂ ਆਈਆਂ ਹਨ। ਹੁਣ ਵੀ ਅਜੇਹਾ ਹੋਵੇਗਾ। ਪਰ ਏਸ ਬਰਬਾਦੀ ਦਾ ਅੱਜ ਕੋਈ ਕੁਵਿੱਕ ਫ਼ਿਕਸ ਨਜ਼ਰ ਨਹੀਂ ਪੈਂਦਾ। ਸਿਆਸੀ ਪਹਿਲੂ ਬੁਰੀ ਤਰਾਂ ਉਲਝ ਗਿਆ ਹੈ, ਆਰਥਿਕਤਾ ਸੰਭਾਲ ਤੋਂ ਬਾਹਿਰ ਹੈ, ਭੁਖ ਮਰੀ ਦਾ ਜਾਲ ਹਰ ਦੇਸ਼ ਨੂੰ ਅਪਣੇ ਕਬਜ਼ੇ ਅੰਦਰ ਜਕੜ ਰਿਹਾ ਹੈ। ਨਾ ਕੇਵਲ ਧਰਤੀ, ਆਕਾਸ਼, ਪਾਣੀ ਤੇ ਹਵਾ ਵੀ ਪ੍ਰਦੂਸ਼ਣ ਦੀ ਜਕੜ ਅਧੀਨ ਹੈ, ਸਮੁੱਚੀ ਮਨੁਖੀ ਸੋਚ, ਹੀ ਪ੍ਰਦੂਸ਼ਿਤ ਹੋ ਗਈ ਜਾਪਦੀ ਹੈ।

ਡਾ. ਸਿੰਘ: ਪੰਜਾਬੀ ਭਾਸ਼ਾ ਵਿਚ ਮੌਜੂਦਾ ਹੋ ਚੁੱਕੇ / ਹੋ ਰਹੇ ਸਾਹਿਤਕ /ਪੱਤਰਕਾਰੀ ਕਾਰਜਾਂ ਬਾਰੇ ਤੁਹਾਡੇ ਕੀ ਵਿਚਾਰ ਹਨ?
ਡਾ. ਨਾਜ਼: ਡਾ: ਡੀ ਪੀ ਸਿੰਘ ਜੀ! ਐਨੀ ਇਸ਼ਤਿਹਾਰ ਬਾਜ਼ੀ ਅਤੇ ਫੈਲਾਅ ਅੱਜ ਤਕ ਅਪਣੀ ਸੁਰਤ ਅੰਦਰ ਕਦੇ ਨਹੀਂ ਵੇਖਿਆ, ਕਦੀ ਨਹੀਂ ਸੁਣਿਆ। ਜੋ ਅੱਜ ਦੇ ਮੀਡੀਆਂ ਸੰਚਾਰ ਅਧੀਨ ਪੰਜਾਬੀ ਬੋਲੀ ਦਾ ਵਿਕਾਸ ਹੋ ਰਿਹਾ ਹੈ। ਚੰਗਾ ਰੁਝਾਣ ਹੈ। ਸੋਚ ਇਹ ਵੀ ਮੰਗ ਕਰਦੀ ਹੈ ਕਿ ਇਹ ਸਭ ਕੁਝ ਹੋਸ਼ ਅੰਦਰ ਹੈ ਕਿ ਜੋਸ਼ ਅੰਦਰ! ਹਰ ਜਣਾ ਖਣਾ ਪੰਜਾਬੀ ਕਾਨਫ਼ਰੈਂਸਾਂ, ਇਲੈਕਸ਼ਨ ਨਾਲੋਂ ਵੱਧ ਜ਼ੋਰ ਲਾ ਕੇ, ਅੱਡੀਆਂ ਭਾਰ ਹੋਇਆ ਅੰਤਰ-ਰਾਸ਼ਟਰੀ ਸਮਾਗਮ ਕਰਵਾਈ ਜਾ ਰਿਹਾ ਹੈ! ਮੈਂ ਕੋਈ ਅਜੇਹੇ ਵਾਤਾਵਰਣ ਦਾ ਵਿਰੋਧੀ ਨਹੀਂ, ਪਰ ਇਸ ਸਾਰੀ ਡੌਂਡੀ ਪਿੱਟਣ ਦਾ ਮੰਤਵ ਅਤੇ ਮੂਲ ਮੁੱਦਾ ਕੀ ਹੈ? ਹਰ ਸਾਲ ਕੋਈ 200 ਬੁੱਧੀਜੀਵੀ ਭਾਰਤ ਤੋਂ ਕੈਨੇਡਾ ਸਾਨੂੰ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨ ਆਉਂਦੇ ਹਨ। ਦੁਖਾਂਤ ਇਹ ਹੈ ਕਿ ਇਹਨਾ ਦੇ ਅਪਣੇ ਬੱਚੇ ਇੰਗਲਿਸ਼ ਮੀਡੀਅਮ ਸਕੂਲਾਂ ਅੰਦਰ ਪੜ੍ਹਦੇ ਹਨ। ਭਾਈਓ, ਸਾਡੇ ਬੱਚਿਆਂ ਦੀ ਤਾਂ ਪੰਜਾਬੀ ਮਾਂ ਬੋਲੀ ਵੀ ਨਹੀਂ ਹੈ! ਸਾਡੇ ਬੱਚਿਆਂ ਨੂੰ ਪੰਜਾਬੀ ਲੋਰੀਆਂ ਨਾ ਦਿਓ, ਅਸੀਂ ਜਾਣਦੇ ਹਾਂ ਅਪਣੇ ਬੱਚਿਆਂ ਨੂੰ ਕਿਵੇ ਵਰਚਾਉਣਾ ਹੈ। ਇਨ੍ਹਾਂ ਬੁੱਧੀਜੀਵੀਆਂ ਦਾ ਆਉਣ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਸਰਕਾਰੀ ਖ਼ਰਚੇ ਉੱਤੇ ਬਾਹਰਲੇ ਮੁਲਖਾਂ ਵਿਚ ਛੁੱਟੀਆਂ ਕੱਟਣ ਦਾ। ਪੰਜਾਬੀ ਮਾਂ-ਬੋਲੀ ਦੀ ਝੋਲੀ ਅੱਡੀ ਦੀ ਅੱਡੀ ਤੇ ਲੀਰੋ ਲੀਰ ਹੀ ਰਹਿ ਜਾਂਦੀ ਹੈ।

ਡਾ. ਸਿੰਘ: ਅਜੋਕੇ ਸਮੇਂ ਵਿਚ ਸੰਪੂਰਨ ਵਿਸ਼ਵ ਇਕ ਗਲੋਬਲ ਵਿਲਿਜ਼ ਬਣ ਚੁੱਕਾ ਹੈ। ਆਪ ਦੇ ਵਿਚਾਰ ਅਨੁਸਾਰ ਇਨ੍ਹਾਂ ਨਵੇਂ ਹਾਲਾਤਾਂ ਵਿਚ ਪੰਜਾਬੀ ਭਾਸ਼ਾ ਵਿਚ ਰਚਿਤ ਸਾਹਿਤ / ਪੱਤਰਕਾਰੀ ਪਾਠਕਾਂ ਦੀ ਰਾਹਨੁਮਾਈ ਲਈ ਕਿਵੇਂ ਸਹਾਇਕ ਸਿੱਧ ਹੋ ਸਕਦੇ ਹਨ?
ਡਾ. ਨਾਜ਼: ਗਲੋਬਲੀਕਰਣ ਅਤੇ ਗਲੋਬਲ ਵਿਲਿਜ਼ ਹੋਣ ਦੀ ਨੇੜਤਾ ਬਹੁਤ ਲਾਭਦਾਇਕ ਅਤੇ ਇਕਮਿਕਤਾ ਜ਼ਰੂਰ ਪੈਦਾ ਕਰਦੀ ਹੈ। ਰੰਗ, ਨਸਲ, ਰਾਸ਼ਟਰਵਾਦ ਅਤੇ ਧਰਮ ਦੀਆਂ ਦੀਵਾਰਾਂ ਟੁੱਟਦੀਆਂ ਹਨ, ਪਰ ਏਸ ਦੇ ਨਾਲ ਨਾਲ ਇੱਕ ਕੁਦਰਤੀ ਅਸੂਲ ਇਹ ਵੀ ਹੈ ਵੱਡੀਆਂ ਮੱਛੀਆਂ, ਛੋਟੀਆਂ ਮੱਛੀਆਂ ਨੂੰ ਨਿਗਲ਼ ਜਾਂਦੀਆਂ ਹਨ। ਛੋਟੀਆਂ ਬੋਲੀਆਂ, ਕਲਚਰ ਅਤੇ ਧਰਮ ਵੱਡੇ ਮਗਰਮੱਛਾਂ ਦਾ ਸ਼ਿਕਾਰ ਹੋ ਗਏ ਹਨ। ਛੋਟੀਆਂ ਜਾਂ ਸੂਬਾਈ ਬੋਲੀਆਂ ਦਾ ਭਵਿਸ਼ ਖਤਰੇ ਅੰਦਰ ਹੈ। ਏਸ ਕਰਕੇ ਹੀ ਯੂਨੈਸਕੋ (UNSECO) ਵਰਗੀਆਂ ਏਜੰਸੀਆਂ ਬੋਲੀਆਂ ਅਤੇ ਕਲਚਰ ਨੂੰ ਬਚਾਉਣ ਲਈ ਸਰਗਰਮ ਹਨ।

ਡਾ. ਸਿੰਘ: ਆਪ ਪੰਜਾਬੀ ਭਾਸ਼ਾ ਦੇ ਮੰਨੇ-ਪ੍ਰਮੰਨੇ ਕਵੀ ਤੇ ਗਜ਼ਲਗੋ ਹੋ। ਸਾਹਿਤ ਰਚਨਾ ਕਾਰਜਾਂ ਖਾਸ ਕਰ ਕਵਿਤਾ ਤੇ ਗਜ਼ਲ ਰਚਨਾ ਕਾਰਜਾਂ ਲਈ ਕਿਹੜੇ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ?
ਡਾ. ਨਾਜ਼: ਗ਼ਜ਼ਲ, ਕਵਿਤਾ ਦਾ ਖੂਬਸੂਰਤ ਅੰਗ ਹੈ। ਕਵਿਤਾ ਸਮੁਚੇ ਕਾਵਿ ਸਾਗਰ ਨੂੰ ਕਿਹਾ ਜਾ ਸਕਦਾ ਹੈ, ਪਰ ਗ਼ਜ਼ਲ ਏਸ ਕਾਵਿ ਖੇਤਰ ਦੀ ਵਿਧੀ ਅੰਦਰ ਵਿਚਰਦੀ ਹੈ, ਜੋ ਬੜੀ ਹੀ ਮੁਕੱਦਸ ਅਤੇ ਮਖ਼ਸੂਸ ਤਰੀਕੇ ਨਾਲ ਸ਼ਬਦਾਂ ਅਤੇ ਰਾਗ ਦੀ ਲੈਅ ਰਾਹੀਂ ਸੁਰ ਅਤੇ ਤਾਲ ਦਾ ਸੁਮੇਲ ਹੈ। ਫ਼ਾਰਸੀ ਬੋਲੀ ਦੀ ਇਸ ਕਿਸਮ ਦੀ ਸ਼ਾਇਰੀ ਨੂੰ ਰਾਗਾਂ ਅੰਦਰ ਢਾਲਿਆ ਜਾਂਦਾ ਹੈ। ਉਰਦੂ ਬੋਲੀ ਅੰਦਰ ਮਹਾਨ ਗ਼ਜ਼ਲਗੋ ਪੈਦਾ ਹੋਏ ਹਨ, ਪਰ ਏਸ ਵਿਧੀ ਦਾ ਅਸਰ ਪੰਜਾਬੀ ਬੋਲੀ ਵਿਚ ਘੱਟ ਨਜ਼ਰ ਆਉਂਦਾ ਹੈ। ਵੀਹਵੀਂ ਸਦੀ ਦੇ ਮਧਕਾਲ ਅੰਦਰ ਪ੍ਰੋ: ਮੋਹਨ ਸਿੰਘ ਨੂੰ ਹੀ ਅਜਿਹਾ ਸਾਹਿਤਕਾਰ ਕਹਿ ਸਕਦੇ ਹਾਂ। ਬੈਹਰ ਅਤੇ ਖਾਸ ਲਫ਼ਜ਼ਾਂ ਦੀ ਅਣਹੋਂਦ ਕਰਕੇ, ਪਾਬੰਦੀਆਂ, ਸੰਕੋਚ ਦੀਆਂ ਵਿਧੀਆਂ ਅੰਦਰ ਬੰਦ ਪੰਜਾਬੀ ਗਜ਼ਲਕਾਰੀ ਸਿਖ਼ਰਾਂ ਤਕ ਅਜੇ ਤਕ ਵੀ ਨਹੀਂ ਪੁੱਜੀ। ਮਿਸਾਲ ਵਜੋਂ ਜੇ ਕੋਈ ਗ਼ਜ਼ਲਕਾਰ ਸ਼ਬਦ "ਮਜ਼ਹੱਬ" ਦਾ ਉਚਾਰਣ ਨਿਭਾ ਰਿਹਾ ਹੈ ਅਤੇ ਅਪਣੀ ਗ਼ਜ਼ਲ ਅੰਦਰ ਉਚਾਰਣ ਕਰਦਾ ਹੈ"ਮਜ਼ਬ" ਕੁਦਰਤੀ ਹੀ ਬੈਹਰ ਗਲਤ ਹੋ ਜਾਵੇਗੀ! ਏਸ ਕਰਕੇ ਬੋਲੀ ਅਤੇ ਸ਼ਬਦਾਂ ਦਾ ਉਚਾਰਣ ਅਤੇ ਸ਼ੁੱਧਤਾ ਬਹੁਤ ਲਾਜ਼ਮੀ ਹੈ।

ਡਾ. ਸਿੰਘ: ਆਪ ਦੇ ਵਿਚਾਰ ਅਨੁਸਾਰ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ / ਪੱਤਰਕਾਰੀ ਦੇ ਵਿਸ਼ੇ ਪੱਖੋਂ ਪ੍ਰਮੁੱਖ ਝੁਕਾਅ ਕਿਹੜੇ ਕਿਹੜੇ ਹਨ? ਕ੍ਰਿਪਾ ਕਰ ਕੇ ਵਿਸਥਾਰ ਨਾਲ ਸਮਝਾਓ।
ਡਾ. ਨਾਜ਼: ਸਾਹਿਤਕਾਰੀ ਬੇਸ਼ਕ ਉਹ ਕਵਿਤਾ, ਵਾਰਤਕ, ਕਹਾਣੀ ਜਾਂ ਤਵਾਰੀਖੀ ਪਹਿਲੂ ਹੋਵੇ, ਇੰਝ ਲਗਦਾ ਹੈ ਕਿ ਏਸ ਦਾ ਲਿਖਣਾ ਪੜ੍ਹਨਾ ਫ਼ੈਸ਼ਨ ਤੋਂ ਬਾਹਰ ਹੋ ਗਿਆ ਹੈੇ। ਵਾਟਅੱਪ, ਮੈਸਜ, ਈ ਮੇਲ, ਫ਼ੇਸ ਬੁੱਕ ਨੇ ਅਪਣੀ ਪਛਾਣ ਵਧੇਰੇ ਬਣਾ ਲਈ ਹੈ। ਟੀ. ਵੀ. ਅਪਣੇ ਆਪ ਅੰਦਰ ਇੱਕ ਧਰਮ ਵਾਂਗਰ ਪੂਜਿਆ ਜਾਣ ਵਾਲਾ ਮਾਧਿਅਮ ਬਣ ਕੇ ਰਹਿ ਗਿਆ ਹੈ। ਅਖ਼ਬਾਰ ਨਵੀਸੀ ਅਤੇ ਏਸ ਦੇ ਲਿਖਾਰੀ, ਅਕਾਲੀ ਦਲ ਦੀਆਂ ਕਰਤੂਤਾਂ ਜਾਂ ਕਾਂਗਰਸ ਦੇ ਕਲੇਸ਼ ਤੋਂ ਬਗੈਰ ਹੋਰ ਕੁਝ ਨਹੀਂ ਲਿਖਦੇ। ਹਰ ਜੰਮਦੀ ਕੁੜੀ ਮਾਡਲ ਜਾਂ ਐਕਟਰੈਸ ਬਣਨਾ ਚਾਹੁੰਦੀ ਹੈ, ਮੁੰਡੇ ਐਕਟਰ ਜਾਂ ਸਿਆਸੀ ਰਾਹਬਰ। ਏਸ ਪਿਛੇ ਜੋ ਮਾਨਸਿਕਤਾ ਕੰਮ ਕਰ ਰਹੀ ਹੈ, ਉਹ ਹੈ ਕਿ ਵੱਧ ਤੋਂ ਵੱਧ ਧੰਨਵਾਨ ਕਿਵੇਂ ਬਣੀਏ ਤੇ ਸ਼ੁਹਰਤ ਕਿਵੇਂ ਖੱਟੀ ਜਾਵੇ। ਕੁਰੱਪਟ ਸਰਕਾਰਾਂ, ਕੁਰੱਪਟ ਸਮਾਜ ਅਜੇਹੇ ਹੀ ਲੋਕ ਪੈਦਾ ਕਰਨਗੇ ਜਿੰਨਾਂ ਦਾ ਲਿਖਾਈ ਪੜ੍ਹਾਈ ਅਤੇ ਵਿਦਵਤਾ ਨਾਲ ਕੋਈ ਸਬੰਧ ਨਹੀਂ ਹੈ। ਵੇਖੋ ਕਿੰਨੀ ਹਾਸੋਹੀਣੀ ਹਾਲਤ ਹੈ, ਜੇ ਤਾਂ ਮੇਰੀ ਫ਼ੇਸ ਬੁੱਕ ਤੇ ਕੋਈ ਫ਼ਲਸਫ਼ੇ ਵਾਲੀ ਨੋਕ ਝੋਕ ਹੈ, ਓਸ ਨੂੰ ਪੜ੍ਹਣ ਵਾਲੇ ਕੇਵਲ ਪੰਜ ਸੱਤ ਲੋਕ ਹੀ ਹੁੰਦੇ ਹਨ, ਜੇ ਉਹ ਪੋਸਟ ਚਲੰਤਰ ਹਲਕੀ ਫੁਲਕੀ ਗੱਲ ਹੈ, ਏਸ ਦੇ ਸ਼ਲਾਘਾਕਾਰ, ਕਈ ਸੌ ਤਕ ਪੁੱਜ ਜਾਂਦੇ ਹਨ। ਇਹ ਹਾਲਤ ਹੈ,ਸਾਡੇ ਲਿਖਾਰੀਆਂ ਦੀ ਅਤੇ ਪੜ੍ਹਣ ਵਾਲਿਆਂ ਦੀ।

ਡਾ. ਸਿੰਘ: ਸਮਕਾਲੀ ਪੰਜਾਬੀ ਸਾਹਿਤਕਾਰਾਂ/ ਪੱਤਰਕਾਰਾਂ ਵਿਚੋਂ ਆਪ ਕਿਸ ਕਿਸ ਦੀ ਕਿਹੜੀ ਵਿਸ਼ੇਸ਼ਤਾ ਤੋਂ ਪ੍ਰਭਾਵਿਤ ਹੋ?
ਡਾ. ਨਾਜ਼: ਡਾਕਟਰ ਸਾਹਿਬ! ਪ੍ਰੋ. ਹਰਦਿਆਲ ਸਾਗਰ ਇੱਕ ਅਜੇਹਾ ਕਾਵਿ ਸਾਗਰ ਹੈ ਕਿ ਮੈਂ ਉਸ ਦੀਆਂ ਕਵਿਤਾਵਾਂ ਦੇ ਅੰਦਰ ਡੁੱਬ ਜਾਂਦਾ ਹਾਂ। ਉਸ ਦੀਆਂ ਤਸ਼ਬੀਹਾਂ ਅਤੇ ਅਲੰਕਾਰ ਅਛੂਤੇ ਅਤੇ ਅਪਹੁੰਚ ਹੁੰਦੇ ਹਨ। ਓਸ ਦੇ ਸੀਨੇ ਅੰਦਰ ਲੋਕ ਦਰਦ ਅਤੇ ਦੇਸ਼ ਦੀ ਨਿਘਰਦੀ ਹਾਲਤ ਦਾ ਦਰਦ ਸਿਮਟਿਆ ਪਿਆ ਹੈ । ਸਾਗਰ ਦੀ ਛੱਲ ਹੈ ਉਸ ਦੀ ਕਾਵਿ ਰਚਨਾ। ਕਵੀ ਸੁਰਜੀਤ ਪਾਤਰ ਦਾ ਮੈਂ ਦੇਰ ਤੋਂ ਸ਼ਰਧਾਲੂ ਹਾਂ ਅਤੇ ਪੜ੍ਹਦਾ ਆਇਆ ਹਾਂ। ਕਹਾਣੀ ਅਤੇ ਨਾਵਲਿਸਟ ਦੀ ਪਦਵੀ ਮੈਂ ਬਲਬੀਰ ਸਿੰਘ ਮੋਮੀ ਨੂੰ ਦੇਂਦਾ ਹਾਂ। ਕੈਨੇਡਾ ਅੰਦਰ ਵੱਸਦਾ ਸੁਰਜਨ ਜ਼ੀਰਵੀ ਮੇਰਾ ਪਸੰਦੀਦਾ ਪੱਤਰਕਾਰ ਹੈ। ਪਿਆਰਾ ਦੋਸਤ ਹੈ। ਨਵਤੇਜ ਭਾਰਤੀ ਬਹੁਤ ਹੀ ਸੁਹਿਰਦ ਕਵੀ ਹੈ। ਏਸ ਦੀ ਕਾਵਿ ਕਿਆਰੀ ਦੇ ਹਰ ਫੁੱਲ ਦਾ ਅਲੱਗ ਰੰਗ, ਰੂਪ ਅਤੇ ਮਹਿਕ ਮਾਣਦਾ ਹਾਂ। ਸਵਰਗੀ ਇਕਬਾਲ ਰਾਮੂਵਾਲੀਆ ਬਹੁਤ ਸੁੰਦਰ ਲਿਖਾਰੀ, ਮਹਾਨ ਕਵੀ, ਸਾਹਿਤਕਾਰ ਅਤੇ ਪੱਤਰਕਾਰੀ ਖੇਤਰ ਦਾ ਘੁਲਾਟੀਆ ਸੀ ਮੇਰਾ ਯਾਰ। ਅੱਜ ਵੀ ਮੇਰਾ ਯਾਰ ਹੈ।

ਡਾ. ਸਿੰਘ: ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘੱਟ ਕੇ ਸ਼ੋਸ਼ਲ ਮੀਡੀਆਂ ਨਾਲ ਵੱਧ ਰਿਹਾ ਹੈ। ਪਾਠਕਾਂ ਨੂੰ ਸਾਹਿਤ ਨਾਲ ਜੋੜਣ ਲਈ ਕੋਈ ਹੱਲ?
ਡਾ. ਨਾਜ਼: ਏਸ ਦਾ ਕੋਈ ਹੱਲ ਨਹੀਂ ਸਿਵਾਏ ਏਸ ਦੇ ਕਿ ਸਾਡੀਆਂ ਕਵਿਤਾਵਾਂ ਅਤੇ ਕਹਾਣੀਆਂ ਸੋਸ਼ਲ ਮੀਡੀਏ ਦਾ ਸ਼ਿੰਗਾਰ ਬਣ ਜਾਣ।

ਡਾ. ਸਿੰਘ: ਡਾ. ਸਾਹਿਬ! ਆਪ ਇੱਕੀਵੀਂ ਸਦੀ ਦੀ ਪੱਤਰਕਾਰਿਤਾ ਦੀ ਪ੍ਰਸੰਗਿਕਤਾ ਵਿਚ ਪੰਜਾਬੀ ਪੱਤਰਕਾਰੀ ਦੀ ਸਥਿਤੀ ਦਾ ਮੁਲਾਂਕਣ ਕਿਵੇਂ ਕਰਨਾ ਚਾਹੋਗੇ?
ਡਾ. ਨਾਜ਼: ਬਹੁਤ ਸੁੰਦਰ ਸਵਾਲ ਹੈ। ਆਪ ਨੇ ਦੁੱਖਦੀ ਰਗ ਉੱਤੇ ਹੱਥ ਰੱਖ ਕਈ ਤਰਬਾਂ ਹਿਲਾਈਆਂ ਹਨ, ਪਰ ਏਸ ਤੋਂ ਪਹਿਲੋਂ ਇਹ ਸਮਝਣ ਦੀ ਲੋੜ ਹੈ ਕਿ ਕੀ ਪੰਜਾਬੀ ਮੀਡੀਆ ਏਸ ਹਾਲਤ ਵਿੱਚ ਹੈ ਕਿ ਏਸ ਦੀ ਤੁਲਨਾ ਮੁਖ ਧਾਰਾ ਦੇ ਮੀਡੀਆ ਨਾਲ ਕੀਤੀ ਜਾ ਸਕੇ? ਦੂਜਾ ਸਵਾਲ ਹੈ ਕਿ ਆਪ ਕੈਨੇਡੀਅਨ ਪੰਜਾਬੀ ਮੀਡੀਏ ਦੀ ਗੱਲ ਕਰਦੇ ਹੋ ਕਿ ਪੰਜਾਬ ਅੰਦਰ ਦੇ ਮੀਡੀਏ ਦੀ, ਜਿਸ ਨੂੰ ਆਮ ਕਰਕੇ ਮੁੰਡੀਰ ਹੀ ਕਹਿ ਸਕਦੇ ਹਾਂ। ਇਹ ਇੱਕ ਅਜੀਬ ਕਿਸਮ ਦੀ ਮਾਫ਼ੀਆ ਪਨੀਰੀ ਹੈ ਜੋ ਹਰ ਸਿਆਸੀ ਪਾਰਟੀ ਦੀ ਰਖੇਲ ਹੈ। ਆਪ ਹੈਰਾਨ ਹੋਵੋਗੇ, ਬੇਸ਼ਕ ਟੋਰਾਂਟੋ, ਪੰਜਾਬੀ ਅਖ਼ਬਾਰਾਂ ਦੇ ਪ੍ਰਕਾਸ਼ਨ, ਹਫ਼ਤਾਵਾਰ ਟੀਵੀ ਸ਼ੋਅ, ਡੇਲੀ ਸ਼ੋਅ ਅਤੇ ਰੋਜ਼ਾਨਾ ਰੇਡੀਓ ਸ਼ੋਅ ਦੇ ਪ੍ਰਸਾਰਨਾਂ ਦਾ ਕੇਂਦਰ ਹੈ, ਪਰ ਸਿਵਾਏ ਡਾ: ਬਲਵਿੰਦਰ ਸਿੰਘ ਦੇ ਕੋਈ ਵੀ ਪੱਤਰਕਾਰੀ ਨਹੀਂ ਪੜ੍ਹਿਆ ਤੇ ਨਾ ਹੀ ਮਾਹਿਰ ਹੈ। ਏਸ ਕਰਕੇ ਪੱਤਰਕਾਰੀ ਕੈਨੇਡਾ ਅੰਦਰ ਬੜੇ ਹੀ ਨੀਵੇਂ ਪੱਧਰ ਤੇ ਹੈ। ਰਹੀ ਦਲੀਲ ਬੇਦਾਗ਼ ਅਤੇ ਬੇਬਾਕ ਪੱਤਰਕਾਰੀ ਦੀ, ਸਾਰੇ ਦੇ ਸਾਰੇ ਅਖ਼ਬਾਰ, ਟੀਵੀ ਅਤੇ ਰੇਡੀਓ ਸ਼ੋਅ ਇਸ਼ਤਿਹਾਰਾਂ ਤੇ ਨਿਰਭਰ ਹਨ। ਏਸ ਕਰਕੇ ਇਨ੍ਹਾਂ ਦੇ ਨਿਰਮਾਤਾ/ਸਪੋਂਸਰਾਂ ਦੀ ਅਧੀਨਗੀ ਅੰਦਰ ਅਖਬਾਰ ਨਵੀਸ ਆਜ਼ਾਦ ਨਹੀਂ ਹੈ। ਜੇ ਕੋਈ ਕੋਝਾ ਸਮਾਜੀ, ਸਿਆਸੀ ਅਤੇ ਧਾਰਮਿਕ ਮਸਲਾ ਪੈਦਾ ਵੀ ਹੋ ਜਾਂਦਾ ਹੈ, ਅਖਬਾਰ ਨਵੀਸ ਜਾਂ ਪੱਤਰਕਾਰ ਆਜ਼ਾਦ ਬਿਆਨਬਾਜ਼ੀ ਤੋਂ ਸੰਕੋਚ ਕਰਦਾ ਹੈ, ਕਿ ਕਿਧਰੇ ਇਸ਼ਤਿਹਾਰ ਬੰਦ ਨਾ ਹੋ ਜਾਵੇ। ਪੰਜਾਬੀ ਮੀਡੀਆ ਵੱਡੇ ਵੇਗ ਦੇ ਇੰਗਲਿਸ਼ ਮੀਡੀਏ ਅੰਦਰ ਕੋਈ ਹੈਸੀਅਤ ਨਹੀਂ ਰੱਖਦਾ, ਸਿਫ਼ਰ ਦੇ ਬਰਾਬਰ ਹੀ ਹੈ।

ਡਾ. ਸਿੰਘ: ਵੀਹਵੀਂ ਸਦੀ ਦੀ ਤੁਲਨਾ ਵਿਚ ਆਪ ਨੇ ਇੱਕੀਵੀਂ ਸਦੀ ਦੇ ਸਮਾਜਿਕ, ਰਾਜਨੀਤਕ, ਸਭਿੱਆਚਾਰਕ ਤੇ ਧਾਰਮਿਕ ਮਾਹੌਲ ਵਿਚ ਕਿਹੜੇ ਕਿਹੜੇ ਪਰਿਵਰਤਨ ਨੋਟ ਕੀਤੇ ਹਨ?
ਡਾ. ਨਾਜ਼: ਬਹੁਤ ਇੰਨਕਲਾਬੀ ਤਬਦੀਲੀ ਹੋਈ ਹੈ। ਸੰਨ 1968 ਵਿਚ ਇੰਗਲੈਂਡ ਪੁੱਜਿਆ ਸਾਂ। ਕੇਵਲ ਇੱਕ ਪੰਜਾਬੀ ਅਖਬਾਰ ਹਫ਼ਤਾਵਾਰ "ਦੇਸ ਪ੍ਰਦੇਸ" ਛੱਪਦਾ ਸੀ। ਤਦ ਅਜੇ ਕੈਨੇਡਾ, ਅਮਰੀਕਾ ਅੰਦਰ ਕੋਈ ਪੰਜਾਬੀ ਅਖ਼ਬਾਰ ਨਹੀਂ ਸੀ। ਵੇਖਦੇ ਵੇਖਦੇ ਅਵਤਾਰ ਜੰਡਿਆਲਵੀ ਨੇ ਦੂਜਾ ਅਖਬਾਰ "ਸੰਦੇਸ਼" ਸ਼ੁਰੂ ਕੀਤਾ। ਅੱਜ ਦੀ ਹਾਲਤ ਇਹ ਹੈ ਕਿ ਪੱਛਮੀ ਦੇਸ਼ਾਂ ਵਿਚ ਰੋਜ਼ਾਨਾ ਤੇ ਹਫ਼ਤਾਵਾਰ ਅਖਬਾਰ, ਮਾਸਿਕ ਤੇ ਤਿਮਾਹੀ ਮੈਗਜ਼ੀਨ, ਡੇਲੀ ਰੇਡੀਓ ਤੇ ਟੀਵੀ ਸ਼ੋਅ, ਅਤੇ ਇੰਟ੍ਰਨੈਟ ਸ਼ੋਅ ਐਨੇ ਵਧ ਗਏ ਹਨ, ਕਿ ਪੰਜਾਬ ਅੰਦਰ ਵੀ ਐਨੇ ਨਹੀਂ ਹੋਣੇ। ਇਹ ਚੰਗਾ ਰੁਝਾਣ ਹੈ। ਏਸ ਅੰਦਰੋਂ ਇੱਕ ਦਿਨ ਚੰਗੀ ਕੁਆਲਟੀ ਪੁੰਗਰੇਗੀ। ਪੱਛਮੀ ਸਭਿਅਤਾ ਅੰਦਰ ਸਾਡੀ ਦੂਜੀ ਪੀੜ੍ਹੀ ਦੇ ਬੱਚੇ ਅੱਜ ਉੱਚ ਦਰਜੇ ਦੀਆਂ ਪੱਦਵੀਆਂ ਤੇ ਪੁੱਜ ਚੁੱਕੇ ਹਨ। ਕੈਨੇਡਾ ਅੰਦਰ ਅੱਜ ਪੰਜਾਬੀ ਮੂਲ ਦੇ ਐਮ. ਪੀ. ਛਾਏ ਪਏ ਹਨ। ਐਨੇ ਐਮ. ਪੀ. ਪੰਜਾਬ ਅੰਦਰ ਨਹੀਂ ਹੋਣੇ ਜਿੰਨੇ ਕੈਨੇਡਾ ਅੰਦਰ ਹਨ। 19 ਪੰਜਾਬੀ ਐਮ. ਪੀ. ਅੱਜ ਕੈਨੇਡਾ ਦੀ ਸੰਸਦ ਵਿਚ ਮੌਜੂਦ ਹਨ। ਜਗਮੀਤ ਸਿੰਘ, ਕੈਨੇਡਾ ਦੀ ਤੀਸਰੀ ਪਰਮੁੱਖ ਪਾਰਟੀ ਐਨ. ਡੀ. ਪੀ. ਦਾ ਪ੍ਰਧਾਨ ਹੈ। ਇਹ ਸਾਰੀ ਤਬਦੀਲੀ ਪਿਛਲੀ ਸਦੀ ਦੇ ਮਧਕਾਲ ਅੰਦਰ ਹੀ ਹੋਈ ਵੇਖਦੇ ਹਾਂ।

ਡਾ. ਸਿੰਘ: ਆਪ ਆਪਣੇ ਮੁੱਢਲੇ ਜੀਵਨ ਦੌਰਾਨ ਖੱਬੇ ਪੱਖੀ ਵਿਚਾਰਧਾਰਾ ਤੋਂ ਬਹੁਤ ਹੀ ਪ੍ਰਭਾਵਿਤ ਰਹੇ ਹੋ। ਆਪ ਇਸ ਵਿਚਾਰਧਾਰਾ ਦੇ ਪ੍ਰਸਾਰ/ਪ੍ਰਚਾਰ ਸੰਬੰਧਤ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹੋ। ਆਮ ਕਰ ਕੇ ਅਜਿਹਾ ਪ੍ਰਚਲਿਤ ਹੈ ਕਿ ਖੱਬੇ ਪੱਖੀ ਵਿਚਾਰਧਾਰਾ ਦੇ ਅਨੁਯਾਈ ਮੁੱਖ ਤੌਰ ਉੱਤੇ ਨਾਸਤਕ ਹੁੰਦੇ ਹਨ, ਅਤੇ ਧਰਮ ਦੇ ਮੁੱਖ ਥੰਮਾਂ ਜਿਵੇਂ ਕਿ ਰੱਬੀ ਹੌਂਦ, ਆਸਥਾ,ਆਦਿ ਨੂੰ ਮੰਨਣ ਤੋਂ ਮੁਨਕਰ ਹੁੰਦੇ ਹਨ। ਪਰ ਸਮੇਂ ਨਾਲ, ਆਪ ਮਸੀਹੀ ਪਾਦਰੀ ਦੇ ਰੂਪ ਵਿਚ ਧਾਰਮਿਕ ਰਹਿਨੁਮਾ ਦਾ ਕਿਰਦਾਰ ਨਿਭਾਉਣ ਵਲ ਰੁਚਿਤ ਹੋ ਗਏ। ਆਪ ਵਿਚ ਅਜਿਹੇ ਬਦਲਾਵ ਦੇ ਕੀ ਕਾਰਣ ਰਹੇ?
ਡਾ. ਨਾਜ਼: ਏਸ ਤਬਦੀਲੀ ਦਾ ਮੁਖ ਕਾਰਣ ਸੰਨ 1968 ਅੰਦਰ ਇੰਗਲੈਂਡ ਅੰਦਰ ਪ੍ਰਵਾਸ ਹੀ ਹੋ ਸਕਦਾ ਹੈ। ਇੰਗਲੈਂਡ ਅੰਦਰ ਸੱਤਰਵੇਂ ਦਹਾਕੇ ਦੇ ਪਹਿਲੇ ਭਾਗ ਅੰਦਰ ਸਾਰੇ ਯੂਰਪ, ਮਿਡਲ ਈਸਟ ਅਤੇ ਰੂਸ ਅੰਦਰ ਅੰਗ੍ਰੇਜ਼ੀ ਅਖਬਾਰ ਦਾ ਪੱਤਰਕਾਰ ਹੋਣ ਕਰਕੇ ਰੱਜ ਕੇ ਦੇਸ਼-ਬਦੇਸ਼ ਦਾ ਸਫ਼ਰ ਕੀਤਾ। ਇਹਨਾ ਦੇਸ਼ਾਂ ਦੀਆਂ ਆਰਥਿਕ ਹਾਲਤਾਂ ਅਤੇ ਸਿਆਸੀ ਪਹਿਲੂ ਨੂੰ ਬਹੁਤ ਕਰੀਬ ਹੋ ਕੇ ਵੇਖਿਆ। ਦੋ ਵਿਸ਼ੇਸ਼ ਘਟਨਾਵਾਂ ਦਾ ਵਰਨਣ ਕਰਨਾ ਲਾਜ਼ਮੀ ਬਣਦਾ ਹੈ। ਇੱਕ ਇਹ ਹੈ ਕਿ ਰੂਸ ਅੰਦਰ ਦੋ ਵਾਰੀ, ਕੋਈ 5 ਮਹੀਨੇ ਦੀ ਪੋਸਟਿੰਗ ਅੰਦਰ, ਨਾ ਕੇਵਲ ਵੇਖਿਆ ਪਰ ਗੌਹ ਨਾ ਵਿਚਰ ਕੇ ਵੇਖਆ, ਅਤੇ ਮਹਿਸੂਸ ਕੀਤਾ, ਕਿ 2 ਅਕਤੂਬਰ 1918 ਦਾ ਰੂਸੀ ਇੰਨਕਲਾਬ ਅੱਧੀ ਸਦੀ ਦੇ ਗੁਜ਼ਰ ਜਾਣ ਬਾਅਦ ਵੀ ਗਰੀਬੀ ਦਾ ਹੱਲ ਨਾ ਲੱਭ ਸਕਿਆ। ਸਾਰਾ ਪੂਰਬੀ ਯੂਰਪ ਐਨਾ ਹੀ ਗਰੀਬ ਸੀ, ਜਿੰਨੇ ਤੀਜੀ ਧਿਰ ਦੇ ਨਵੇਂ ਨਵੇਂ ਆਜ਼ਾਦ ਹੋਏ ਦੇਸ਼ ਸਨ। ਲੋਕ ਅੱਜ ਵੀ ਅਜੇਹੀ ਹਾਲਤ ਦਾ ਸ਼ਿਕਾਰ ਹਨ।

ਰਹੀ ਗੱਲ ਪੱਛਮੀ ਯੂਰਪ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ! ਮਾਰਕਸ ਵਾਦ ਨੇ ਜੋ ਸੁਨਿਹਰੀ ਖ਼ੁਆਬ ਲੋਕਾਂ ਲਈ ਵੇਖੇ ਸਨ, ਇਨ੍ਹਾਂ ਦੇਸ਼ਾਂ ਦੇ ਪੂੰਜੀਵਾਦ ਸਰਮਾਏਦਾਰਾਂ ਨੇ ਪਹਿਲੋਂ ਹੀ ਅਪਣੇ ਕਿਰਤੀਆਂ ਨੂੰ ਪ੍ਰਦਾਨ ਕਰ ਦਿੱਤੇ ਸਨ। ਪੱਛਮੀ ਸੰਸਾਰ ਦਾ ਆਰਥਿਕ ਢਾਂਚਾ, ਇੰਨਸਾਫ਼ ਪਸੰਦੀ, ਹੱਕਾਂ ਦੀ ਰਖਵਾਲੀ ਅਤੇ ਲੋਕ ਰਾਜ ਦਾ ਪ੍ਰਸਾਰਣ ਬਹੁਤ ਹੱਦ ਤੀਕ ਮਨੁੱਖ ਅਤੇ ਇਸਤ੍ਰੀ ਦੇ ਹੱਕਾਂ ਦਾ ਰੱਖਵਾਲਾ ਬਣਦਾ ਹੈ।

ਬਹੁਤ ਹੱਦ ਤੀਕ ਧਰਮ ਦੇ ਫ਼ਿਲਾਸਫ਼ਰ, ਗਿਆਨੀ ਅਤੇ ਵਿਦਵਾਨ ਪਾਦਰੀ ਲੋਕ ਹੀ ਸਨ। ਅਕਫ਼ੋਰਡ, ਕੈਂਬ੍ਰਿਜ਼ ਵਰਗੀਆਂ ਯੂਨੀਵਰਸਟੀਆਂ ਦਾ ਚਾਲਕ ਧਰਮ ਹੀ ਸੀ। ਅੱਜ ਦੇ ਲੋਕ ਰਾਜ ਦਾ ਨੀਹ ਪੱਥਰ ਧਰਮ ਹੀ ਸੀ। ਯੂਨੀਅਨਜ਼, ਸਕੂਲ, ਹਸਪਤਾਲ, ਵੈਲਫੇਅਰ ਸੋਸ਼ਲ ਸਰਵਿਸਜ਼, ਇਹ ਸਾਰਾ ਕੁਝ ਧਰਮ ਦੀ ਹੀ ਬੁਨਿਆਦ, ਬੁਣਤਰ ਅਤੇ ਬਣਤਰ ਹੈ। ਅਜੇਹੇ ਸਮਾਜ ਦਾ ਅਸਰ ਮੇਰੇ ਧਰਮ ਵੱਲ ਮੋੜ ਦਾ ਗੰਭੀਰ ਕਾਰਣ ਰਿਹਾ। ਐਥੋ ਤਕ ਕਿ "ਦਾਸ ਕੈਪੀਟਲ" ਮਾਰਕਸਵਾਦ ਦਾ ਨੀਂਹ ਪੱਥਰ ਬਾਈਬਲ ਦੀ ਇਕ ਆਇਤ ਦਾ ਅਸਰ ਕਬੂਲਦਾ ਹੈ। ਰਹੀ ਦਲੀਲ ਕਿ ਧਰਮ ਬੇਦਲੀਲਾ ਅਤੇ ਮੰਤਕ ਰਹਿਤ ਹੈ, ਪਤਾ ਨਹੀਂ ਉਹ ਕਿਹੜੇ ਧਰਮ ਦੀ ਗੱਲ ਕਰਦੇ ਹਨ। ਮੇਰੇ ਧਰਮ ਗਰੰਥਾਂ ਅੰਦਰ ਇਹ ਨਾਸਤਕ ਫ਼ਲਸਫਾ ਕਿਤੇ ਨਜ਼ਰ ਨਹੀਂ ਪੈਂਦਾ। ਜਿਸ ਪੋਥੀ "ਕਹੌਤਾਂ" ਦਾ ਵਰਨਣ ਕਰਨ ਲੱਗਾਂ ਹਾਂ, ਉਹ ਮਸੀਹ ਤੋਂ ਕੋਈ 600 ਸਾਲ ਪਹਿਲਾਂ ਲਿਖੀ ਗਈ। ਵਰਨਣ ਏਸ ਪ੍ਰਕਾਰ ਹੈ ; "ਅਜੇ ਧਰਤੀ ਦੀ ਨੀਂਹ ਨਹੀਂ ਸੀ ਪਈ। ਨਾ ਹੀ ਸਮੁੰਦਰਾਂ ਦੇ ਪਾਣੀਆਂ ਦੀ ਹੱਦ ਬੰਦੀ ਹੋਈ ਸੀ ਅਤੇ ਨਾ ਹੀ ਪਹਾੜਾਂ ਨੇ ਜਨਮ ਲਿਆ ਸੀ। ਮੈ "ਦਾਨਾਈ"(ਯਾਹੁਵੇ ਅਦੁਨਾਏ - ਇਬਰਾਨੀ, ਯਹੂਦੀ ਭਾਸ਼ਾ ਦਾ ਸ਼ਬਦ) ਹਾਂ ਅਤੇ ਮੇਰਾ ਨਾਂ ਅਕਲ, ਵਿਦਵਤਾ ਹੈ। ਜੋ ਕੁਝ ਵੀ ਪੈਦਾ ਹੋਇਆ, ਏਸ ਹਿਕਮਤ ਦੀ ਹੁਨਰਕਾਰੀ ਹੈ। ਹਿਕਮਤ ਹੀ ਪ੍ਰਭੂ ਹੈ, ਖੁਦਾ ਹੈ ।"

ਡਾ. ਸਿੰਘ: ਧਾਰਮਿਕ ਖੇਤਰ ਵਿਚ ਆਪ ਵਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਬਾਰੇ ਚਾਨਣਾ ਪਾਓ ਜੀ?
ਡਾ. ਨਾਜ਼: ਮੈਂ ਧਰਮ ਸੰਬੰਧਤ ਅੱਧੇ ਘੰਟੇ ਦਾ ਟੀਵੀ ਪ੍ਰੋਗਰਾਮ ਹਰ ਹਫ਼ਤੇ ਕੋਈ 15 ਸਾਲ ਕੀਤਾ ਹੈ, ਸੋਚਦਾ ਹਾਂ ਕਿ ਇਹ ਕੋਈ 350 ਸੈਲੋਲਾਈਡ ਆਡੀਓ/ਵਿਯੂਅਲ ਕਿਤਾਬਾਂ ਬਣਦੀਆਂ ਹਨ। ਹੁਣ ਵੀ ਹਰ ਹਫ਼ਤੇ ਸਿਆਸੀ, ਸਮਾਜਿਕ ਅਤੇ ਧਾਰਮਿਕ ਮਸਲਿਆਂ ਬਾਰੇ ਟੀਵੀ ਸ਼ੋਅ ਪ੍ਰਸਾਰਿਤ ਕਰਦਾ ਹਾਂ। ਪੰਜਾਬ ਅੰਦਰ ਅਤੇ ਬਾਕੀ ਦੇ ਸੂਬਿਆਂ ਅੰਦਰ ਲੋਕ ਮੈਨੂੰ ਬੁਲਾਉਂਦੇ ਹਨ। ਅਸਲ ਵਿੱਚ ਸਾਰੇ ਕੈਨੇਡਾ ਅੰਦਰ ਸਾਊਥ ਏਸ਼ੀਅਨ ਚਰਚਜ਼ ਦਾ ਨੀਂਹ ਪੱਥਰ ਮੇਰੇ ਟੀਵੀ ਸ਼ੋਅ ਹੀ ਸਨ । ਅੱਜ ਦੇ ਸਮੇਂ ਅੰਦਰ ਇਨ੍ਹਾਂ ਸਾਊਥ ਏਸ਼ੀਅਨ ਚਰਚਜ਼ ਦੀ ਗਿਣਤੀ ਕੋਈ 120 ਦੇ ਕਰੀਬ ਹੈ।

ਡਾ. ਸਿੰਘ: ਸਮਾਜਿਕ ਅਤੇ ਸਭਿਆਚਾਰਕ ਕੁਰੀਤੀਆਂ ਨੂੰ ਘੱਟ ਕਰਨ / ਖਤਮ ਕਰਨ ਵਿਚ ਆਪ ਅਜੋਕੇ ਸਮੇਂ ਦੌਰਾਨ ਸਾਹਿਤ, ਪੱਤਰਕਾਰਤਾ ਤੇ ਧਰਮ ਦਾ ਕੀ ਯੋਗਦਾਨ ਮੰਨਦੇ ਹੋ?
ਡਾ. ਨਾਜ਼: ਪੱਤਰਕਾਰ ਅਤੇ ਪ੍ਰਚਾਰਕ, ਜੇ ਕੌਮ ਨੂੰ ਸਮਾਜਿਕ ਅਤੇ ਸਿਆਸੀ ਸੇਧ ਨਹੀਂ ਦੇਂਦੇ, ਉਹ ਅਪਣਾ ਦੀਨਵੀ ਫ਼ਰਜ਼ ਨਹੀਂ ਨਿਭਾਉਂਦੇ। ਅਸਲ ਗੱਲ ਇਹ ਹੈ ਕਿ ਜੇ ਕੋਈ ਵੀ ਕਲਾ, ਲਿਖਤ, ਧਰਮ, ਸਾਹਿਤਕਾਰੀ ਜਾਂ ਪੱਤਰਕਾਰੀ ਦਾ ਮੂਲ ਮੰਤਵ ਉਤਪੰਨਤਾ ਨਹੀਂ ਹੈ, ਉਹ ਇੱਕ ਨਿਪੁੰਸਿਕ ਕਾਰਾਗਰੀ ਕਹੀ ਜਾ ਸਕਦੀ ਹੈ। ਜੇ ਪੱਤਰਕਾਰ ਜਾਂ ਤਵਾਰੀਖ ਦੇ ਘਾੜੇ ਹੀ ਉਤਪੰਨਤਾ ਦੇ ਦਾਤੇ ਹਨ, ਇਹ ਉਨ੍ਹਾਂ ਦਾ ਹੀ ਅੱਵਲ ਫ਼ਰਜ਼ ਹੈ ਕਿ ਉਹ ਬਚਪਨ ਅਤੇ ਜਵਾਨੀ ਦੇ ਵੀ ਨਿਗਾਹਬਾਨ ਬਨਣ। ਲੋੜ ਹੈ ਕਿ ਨਿੱਜੀ ਮੁਫ਼ਾਦ ਨੂੰ ਤਿਆਗਿਆ ਜਾਵੇ।

ਡਾ. ਸਿੰਘ: ਪੰਜਾਬੀ ਪੱਤਰਕਾਰਾਂ ਦੁਆਰਾ, ਹੁਣ ਤਕ ਛਾਪੇ ਗਏ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸਭਿਆਚਾਰਕ ਸਰੋਕਾਰਾਂ ਅਤੇ ਅਜੋਕੀ ਸਥਿਤੀ ਵਿਚ ਆਪ ਕੋਈ ਵਿੱਥ ਮਹਿਸੂਸ ਕਰਦੇ ਹੋ?
ਡਾ. ਨਾਜ਼: ਅੱਜ ਦੀ ਪੱਤਰਕਾਰੀ ਅਤੇ ਲਿਖਤ ਅੰਦਰ ਲੋਭ, ਨਿੱਜਵਾਦ ਅਤੇ ਇਸ਼ਤਿਹਾਰਬਾਜ਼ੀ ਪ੍ਰਧਾਨ ਹੈ। ਵਾਸਤਵਿਕਤਾ ਦਾ ਸੱਚ ਰੂਪ ਲਿਖਤ ਅੰਦਰੋਂ ਖੰਭ ਲਾ ਕੇ ਉੱਡ ਗਿਆ ਹੈ।

ਡਾ. ਸਿੰਘ: ਆਪ ਆਮ ਲੋਕਾਂ, ਨੌਜਵਾਨਾਂ, ਉਭਰਦੇ ਲੇਖਕਾਂ ਅਤੇ ਖੋਜੀਆਂ ਨੂੰ ਸਾਹਿਤਕ/ ਧਾਰਮਿਕ ਵਿਰਸੇ ਨਾਲ ਜੁੜਣ ਤੇ ਇਸ ਦੀ ਸਾਂਭ ਸੰਭਾਲ ਹਿਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਡਾ. ਨਾਜ਼: ਜਿਵੇਂ ਮੈ ਆਖਿਆ ਹੈ, ਕਿਸੇ ਵੀ ਕੌਮ ਦਾ ਸਭ ਤੋਂ ਵੱਡਾ ਖ਼ਿਜ਼ਾਨਾ ਏਸ ਦੀ ਬੋਲੀ ਅਤੇ ਲੇਖਕ ਹੁੰਦੇ ਹਨ। ਜੋ ਕੌਮ ਅਪਣੇ ਲੇਖਕ ਅਤੇ ਬੋਲੀ ਦੀ ਸਾਂਭ ਸੰਭਾਲ ਨਹੀਂ ਕਰ ਸਕਦੀ, ਉਹ ਸਫ਼ਾ-ਏ-ਹਸਤੀ ਤੋਂ ਮਿਟ ਜਾਂਦੀ ਹੈ। ਕਿਸੇ ਵੀ ਕੌਮ ਦੀ ਬੋਲੀ ਖੋਹ ਲਵੋ, ਉਹ ਖਤਮ ਹੋ ਜਾਵੇਗੀ। ਬੜੇ ਸੂਖ਼ਮ ਤਰੀਕਾਕਾਰ ਅੰਦਰ ਪੰਜਾਬ ਦਾ ਸਾਰਾ ਕਲਚਰ, ਧਰਮ ਅਤੇ ਬੋਲੀ ਖਤਰੇ ਅੰਦਰ ਹੈ।

ਡਾ. ਸਿੰਘ : ਸਮਕਾਲੀ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ, ਤਕਨਾਲੋਜੀ ਨਾਲ ਲੈਸ ਹੈ, ਫ਼ਿਰ ਕਿਉਂ ਉਹ ਸਾਹਿਤ ਪਠਣ ਕਾਰਜਾਂ ਪ੍ਰਬੰਧੀ ਉਦਾਸੀਨਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ?
ਡਾ. ਨਾਜ਼: ਅੱਜ ਦੇ ਦੌਰ ਅੰਦਰ ਨੌਜਵਾਨ ਵਰਗ ਜਾਣਕਾਰੀ ਪੱਖੋਂ ਤਾਂ ਬਹੁਤ ਨਿਪੁੰਨ ਅਤੇ ਕਾਰੀਗਰ ਹੈ, ਪਰ ਕਲਾਕਾਰੀ ਪੱਖੋਂ ਨਹੀਂ। ਨਿੱਜਵਾਦ, ਗੈਰਵਾਜਬ ਮੁਕਾਬਲਾਬਾਜ਼ੀ ਅਤੇ ਮਾਦਾ ਪ੍ਰਸਤੀ ਨੇ ਉਸ ਨੂੰ ਅਪਣੇ ਆਪ, ਅਪਣੇ ਸਮਾਜ ਅਤੇ ਰਹਿਣ ਸਹਿਣ ਦੇ ਢੰਗ ਤਰੀਕੇ ਤੋਂ ਨਿਰਾਸ਼ ਕਰ ਦਿਤਾ ਹੈ।

ਡਾ. ਸਿੰਘ : ਸਰ! ਧਾਰਮਿਕ ਮਾਹਿਰ, ਪੱਤਰਕਾਰ ਅਤੇ ਸਾਹਿਤਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਧਾਰਮਿਕ ਮਾਹਿਰ ਅਤੇ ਲੇਖਕ ਹਮੇਸ਼ਾਂ ਸਮਾਂਤਰ ਕਾਰਜ਼ਸ਼ੀਲ ਰਹਿੰਦੇ ਹਨ ਜਾਂ ਸਮੇਂ ਸਮੇਂ ਕੋਈ ਇਕ ਵਧੇਰੇ ਭਾਰੂ ਵੀ ਹੋ ਜਾਂਦਾ ਹੈ?
ਡਾ. ਨਾਜ਼: ਗੱਲ ਬੜੀ ਗਹਿਰੀ ਹੈ! ਮੈਂ ਕੋਈ ਕਾਮਿਲ ਇਨਸਾਨ ਤਾਂ ਨਹੀਂ ਹਾਂ, ਪਰ ਅਜੇ ਤਕ ਏਸ ਦੌੜ ਅੰਦਰ ਹਾਂ ਕਿ ਸੰਪੂਰਣਤਾ ਦੀ ਪ੍ਰੀਭਾਸ਼ਾ ਜਾਣ ਸਕਾਂ। ਸੋਚਦਾ ਹਾਂ, ਹਰ ਮਨੁੱਖ ਅਤੇ ਇਸਤ੍ਰੀ ਅਪਣੇ ਆਪ ਵਿਚ ਇਕ ਗ੍ਰਹਿ ਹੈ, ਜਿਵੇਂ ਇਹ ਧਰਤੀ ਹੀ ਸਮਝ ਲਵੋ। ਇਸ ਦੀ ਖੋਜ, ਏਸ ਦੇ ਰਸਾਇਣਕ ਅਤੇ ਭੌਤਿਕ ਗੁਣਾਂ ਦੀ ਖੋਜ, ਤੱਤ ਅਤੇ ਸਤ ਦੀ ਪਛਾਣ ਕਰਨਾ ਲਾਜ਼ਮੀ ਹੈ। ਇਸ ਪ੍ਰਕਾਰ ਹੀ ਹਰ ਪੁਰਸ਼ ਕਵੀ ਵੀ ਹੈ, ਗਵਈਆ ਵੀ, ਲਿਖਾਰੀ ਵੀ, ਪੱਤਰਕਾਰ ਵੀ, ਸ਼ਿਲਪਕਾਰ ਵੀ, ਤੇ ਕਲਾਕਾਰ ਵੀ। ਹਰ ਕਰਤਾ ਦਾ ਕਿਰਦਾਰ ਹੁੰਦਾ ਹੈ। ਉਹ ਵਿਗਿਆਨੀ ਹੈ, ਰਾਜਨੀਤਕ ਖੋਜੀ ਵੀ ਹੈ, ਧਾਰਮਿਕ ਵੀ ਹੈ ਅਤੇ ਅਧਰਮੀ ਵੀ। ਇਹ ਸੱਭ ਕੁਝ ਨਾਲ ਨਾਲ ਹੀ ਚਲਦਾ ਹੈ। ਜੋ ਵੀ ਚੰਗੀਆਂ ਮਾੜੀਆਂ ਖੂਬੀਆਂ ਹੈਣ, ਉਨ੍ਹਾਂ ਦਾ ਕਰਤਾ ਹੈ।

ਡਾ. ਸਿੰਘ: ਨਾਜ਼ ਸਾਹਿਬ ! ਆਪ ਦੀ ਪਕੜ੍ਹ ਜਿੰਨ੍ਹੀ ਇਕ ਧਾਰਮਿਕ ਮਾਹਿਰ ਦੇ ਤੌਰ ਤੇ ਸਮਰਥ ਹੈ, ਓਨ੍ਹੀ ਹੀ ਲੇਖਕ/ ਪੱਤਰਕਾਰ/ ਟੀਵੀ ਹੋਸਟ ਦੇ ਰੂਪ ਵਿਚ ਵੀ ਹੈ, ਪਰ ਆਪ ਨੂੰ ਇਨ੍ਹਾਂ ਸਾਰੇ ਰੂਪਾਂ ਵਿਚੋਂ ਕਿਹੜਾ ਰੂਪ ਵਧੇਰੇ ਪਸੰਦ ਹੈ ਅਤੇ ਕਿਉਂ?
ਡਾ. ਨਾਜ਼: ਏਸ ਸਵਾਲ ਦਾ ਸਬੰਧ ਪਹਿਲਾਂ ਪੁੱਛੇ ਸਵਾਲ ਨਾਲ ਹੀ ਹੈ। ਮੈ ਇੱਕ ਅਧੂਰੀ ਕਹਾਣੀ ਹਾਂ। ਏਸ ਅੰਦਰ ਕਈ ਪਾਤਰ ਹਨ, ਨਾਇਕ ਨਾਇਕਾਵਾਂ, ਵੱਡੇ ਛੋਟੇ, ਸੁਹਣੇ ਕੋਝੇ। ਸਮਝਦਾ ਹਾਂ ਕਿ ਮੈਂ ਇੱਕ ਪਹਾੜ ਉੱਤੇ ਖੜ੍ਹਾ ਸਾਗਰ ਦੀਆਂ ਲਹਿਰਾਂ ਦੀ ਗਿਣਤੀ ਤੇ ਸਮੁੰਦਰ ਦੀ ਅਥਾਹ ਗਹਿਰਾਈ ਨੂੰ ਬੁੱਕਾਂ ਭਰ ਭਰ ਮਿਣ ਤੋਲ ਰਿਹਾ ਹਾਂ। ਬੱਸ ਇੱਕ ਸਵਾਂਤ ਬੂੰਦ ਵਾਂਗ ਕਿਸੇ ਸਿੱਪ ਦੀ ਦੀ ਤਲਾਸ਼ ਵਿੱਚ ਹਾਂ, ਸ਼ਾਇਦ ਕੋਈ ਮੋਤੀ ਬਣ ਸਕਾਂ!

ਡਾ. ਸਿੰਘ: ਰਾਜਨੀਤਕ ਮਸਲਿਆ ਉੱਤੇ ਆਪ ਦੀ ਪਕੜ੍ਹ ਬਹੁਤ ਪੀੜ੍ਹੀ ਹੈ । ਕੈਨੇਡਾ ਦੇ ਰਾਜਨੀਤਕ ਮਸਲਿਆ (ਖਾਸ ਕਰ ਪਰਵਾਸ ਨੀਤੀ ਅਤੇ ਸਿੱਖਿਆ ਨੀਤੀ) ਬਾਰੇ ਆਪ ਦੇ ਕੀ ਵਿਚਾਰ ਹਨ?
ਡਾ. ਨਾਜ਼: ਮੇਰੇ ਖਿਆਲ ਅੰਦਰ ਅੱਜ ਦੇ ਹਾਲਾਤ ਪ੍ਰਸਪਰ ਨਿਰਭਰਤਾ ਦੇ ਅਸੂਲ ਅਨੁਸਾਰ ਕਾਇਮ ਹਨ। ਨਿੱਜੀ ਤੌਰ ਤੇ ਮਿਣੇ ਤੋਲੇ ਨਹੀਂ ਜਾ ਸਕਦੇ। ਪ੍ਰਵਾਸ ਏਸ ਦਹਾਕੇ ਦਾ ਸਭ ਤੋਂ ਵੱਡਾ ਵਿਸ਼ਵ-ਵਿਆਪੀ ਆਰਥਿਕ ਮਸਲਾ ਹੈ। ਏਸ ਬਾਰੇ ਸੰਨ 2005 ਵਿਚ "ਪੰਜਾਬੀ ਡੇਲੀ" ਅਖਬਾਰ ਦੇ ਸੰਪਾਦਕੀ ਲੇਖ ਵਿਚ ਛੱਪੀਆਂ ਮੇਰੀਆਂ ਕੁਝ ਸਤਰਾਂ ਏਸ ਪ੍ਰਕਾਰ ਸਨ "ਆਉਣ ਵਾਲੇ ਦਹਾਕੇ ਅੰਦਰ ਲੋਕ ਧੱਕੇ ਨਾਲ ਕੈਨੇਡਾ ਅੰਦਰ ਦਾਖਿਲ ਹੋਣਗੇ। ਸਭ ਤੋਂ ਵੱਡਾ ਸੰਕਟ ਬੇਰੁਜ਼ਗਾਰੀ ਹੋਵੇਗੀ। ਗਰੀਬ ਦੇਸ਼ਾਂ ਅੰਦਰ ਸਿਆਸੀ ਬਦਅਮਨੀ ਅਤੇ ਡਾਵਾਂ ਡੋਲ ਸਰਕਾਰਾਂ ਕਾਰਣ ਕੈਨੇਡਾ ਅੰਦਰ ਪ੍ਰਵਾਸ ਦਾ ਹੋਣਾ ਲਾਜ਼ਮੀ ਤੈਅ ਹੈ, ਪਰ ਇਹ ਏਸ ਹੱਦ ਤਕ ਪ੍ਰਵਾਨਿਤ ਨਹੀਂ ਹੋਣਾ ਚਾਹੀਦਾ ਕਿ ਸਾਡੇ ਅਪਣੇ ਦੇਸ਼ ਦੀ ਆਰਥਿਕਤਾ ਡਾਵਾਂ ਡੋਲ ਹੋ ਜਾਵੇ। ਧਰਮਾਂ ਅਤੇ ਕਲਚਰ ਦਾ ਸੁਮੇਲ ਸੋਹਣਾ ਹੈ, ਪਰ ਪਹਿਲੇ ਬਣੇ ਹੋਏ ਕਲਚਰ ਨੂੰ ਢਾਹ ਕੇ ਅਜਿਹਾ ਪ੍ਰਵਾਨ ਨਹੀਂ ਹੋਣਾ ਚਾਹੀਦਾ। ਅਜੋਕੇ ਕਲਚਰਾਂ ਦੇ ਟਕਰਾ ਦਾ ਮੈ ਵਿਰੋਧੀ ਹਾਂ। ਇੰਜ ਕਹਿ ਲਵੋ ਕਿ ਸੰਨ 2020 ਅੰਦਰ ਦੇਸ਼ਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਕੀ ਅਸੀਂ ਏਸ ਧਰਤੀ ਨੂੰ ਜੀਵੰਤ ਰੱਖਣਾ ਹੈ ਕਿ ਨਹੀਂ।

ਡਾ. ਸਿੰਘ: ਮਸੀਹੀ ਤੇ ਹਿੰਦੂ ਭਾਈਚਾਰੇ ਦੇ ਨਾਲ ਨਾਲ ਆਪ ਦੀ ਸਿੱਖ ਭਾਈਚਾਰੇ ਵਿਚ ਵੀ ਪਛਾਣ ਵਿਲੱਖਣ ਹੈ। ਇਨ੍ਹਾਂ ਭਾਈਚਾਰਿਆਂ ਦੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਮਸਲਿਆ ਬਾਰੇ ਆਪ ਬਹੁਤ ਹੀ ਬੇਬਾਕੀ ਨਾਲ ਲਿਖਦੇ ਰਹੇ ਹੋ। ਕੀ ਕਦੇ ਆਪਣੇ ਇਸ ਬੇਬਾਕਪਣ ਕਾਰਣ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ?
ਡਾ. ਨਾਜ਼: ਮੇਰਾ ਖਿਆਲ ਹੈ ਕਿ ਮੇਰੇ ਵਿਚਾਰਾਂ ਦੀ ਵਿਰੋਧਤਾ ਏਸ ਕਰਕੇ ਕਦੇ ਵੀ ਨਹੀਂ ਹੋਈ, ਕਿਉਂ ਕਿ ਮੈਂ ਤੱਥਾਂ ਤੇ ਅਧਾਰਿਤ ਗੱਲ ਕਰਨ ਦਾ ਵਿਸ਼ਵਾਸੀ ਹਾਂ। ਬਹਿਸ ਕਰਨ ਲਈ ਨਹੀਂ ਲਿਖਦਾ। ਇਹ ਵੀ ਇੱਕ ਲਿਖਾਰੀ/ਪੜਚੋਲ ਕਰਤਾ ਲਈ ਲਾਜ਼ਮੀ ਬਣਦਾ ਹੈ ਕਿ ਉਹ ਲੋਕਾਂ ਦੇ ਜਜ਼ਬਾਤ ਨਾਲ ਖਿਲਵਾੜ ਨਾ ਕਰੇ। ਇਹ ਵੀ ਦਲੀਲ ਹੈ ਕਿ ਕੈਨੇਡਾ ਅੰਦਰ ਸਮਾਜ ਪੜ੍ਹੀ ਲਿਖੀ ਹੈ। ਤਰਕ ਅਤੇ ਦਾਰਸ਼ਨਿਕਤਾ ਨੂੰ ਸਮਝਦੇ ਹਨ। ਜੇ ਢਾਹ ਦੇਣਾ, ਕੇਵਲ ਬਰਬਾਦੀ ਲਈ ਹੀ ਹੈ, ਪਰ ਉਸਾਰੀ ਲਈ ਕੋਈ ਕਦਮ ਨਹੀਂ, ਮੈਂ ਏਸ ਨੂੰ ਬਗਾਵਤ ਆਖਦਾ ਹਾਂ।

ਡਾ. ਸਿੰਘ: ਸਰ ! ਆਪ "ਪੀਸ ਆਨ ਅਰਥ ਸੰਸਥਾ" ਦੇ ਬਾਨੀ ਚੇਅਰਮੈਨ ਹੋ। ਇਸ ਸੰਸਥਾ ਦੇ ਮੁੱਖ ਆਦੇਸ਼ਾਂ ਬਾਰੇ ਅਤੇ ਇਸ ਵਲੋਂ ਸਮਾਜ ਭਲਾਈ ਲਈ ਕੀਤੇ ਗਏ/ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸੋ ਜੀ?
ਡਾ. ਨਾਜ਼: "ਪੀਸ ਆਨ ਅਰਥ" ਸੰਸਥਾ ਸੰਨ 2001 ਅੰਦਰ ਹੋਂਦ ਵਿੱਚ ਆਈ। ਇਹ ਬੜਾ ਹੀ ਵਿਸ਼ਾਲ ਮਸਲਾ ਹੈ। ਪਿਛਲੇ ਦਿਨ੍ਹੀਂ ਇੱਕ ਭੱਦਰ ਪੁਰਸ਼ ਨੇ ਪੁੱਛਿਆ, ਕੀ ਸਾਰੇ ਸੰਸਾਰ ਅੰਦਰ ਤੁਸੀਂ ਅਮਨ ਚੈਨ ਪੈਦਾ ਕਰ ਸਕਦੇ ਹੋ? ਮੇਰਾ ਜਵਾਬ ਸੀ, ਸ਼ਾਇਦ ਨਹੀਂ! ਫੇਰ ਵੀ ਮੈਂ ਕੁਝ ਕਰ ਤੇ ਰਿਹਾ ਹਾਂ। ਜਿੱਤ ਨੇ ਮੇਰੇ ਕੋਈ ਪੈਰ ਨਹੀਂ ਚੁੰਮੇ, ਪਰ ਮੇਰਾ ਵਿਸ਼ਵਾਸ ਹੈ, ਮੈਂ ਹਾਰਿਆ ਨਹੀਂ। ਸਾਰੇ ਅਮਰੀਕਾ ਅਤੇ ਕੈਨੇਡਾ ਦੀਆਂ ਯੂਨੀਵਰਸਟੀਆਂ, ਸੰਸਥਾਵਾਂ ਅਤੇ ਚਰਚਾਂ ਅੰਦਰ ਏਸ ਸੰਸਾਰਿਕ ਅਮਨ ਦਾ ਪੈਗਾਮ ਸੈਂਕੜੇ ਹਜ਼ਾਰਾਂ ਭਾਸ਼ਣਾਂ ਰਾਹੀਂ ਪੁੱਜਦਾ ਕੀਤਾ ਹੈ। ਲਗਾਤਾਰ 13 ਸਾਲ ਟੀਵੀ ਤੇ ਰੇਡੀਓ ਮਾਧਿਅਮਾਂ, ਲੇਖਾਂ ਅਤੇ ਸੰਪਾਦਕੀਆਂ ਨਾਲ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਜਿੰਨਾ ਵੀ ਕੁਝ ਹੋਇਆ, ਏਸ ਖਿਲਾਅ ਅੰਦਰ ਕੋਈ ਅਮਨ ਦਾ ਸੁਨੇਹਾ ਤੇ ਜ਼ਰੂਰ ਪੁੱਜਦਾ ਕੀਤਾ ਹੈ! ਮੇਰਾ ਫ਼ਰਜ਼ ਹੈ, ਹਲ ਵਾਹੁਣਾ, ਸੁਹਾਗਾ ਮਾਰਨਾ, ਬੀਜ ਸੁੱਟਣੇ, ਫ਼ਸਲ ਕਦੋਂ ਤੇ ਕਿਵੇਂ ਪੁੰਗਰੇਗੀ, ਇਹ ਮੇਰਾ ਕੰਮ ਨਹੀਂ, ਕਿਸੇ ਹੋਰ ਦਾ ਹੈ। "ਵਚਨ ਬੇਕਾਰ ਨਹੀਂ ਜਾਂਦਾ"।

ਇਸੇ ਸੰਬੰਧ ਵਿਚ ਇਕ ਵਾਕਿਆ ਵਰਨਣ ਕਰਨਾ ਚਾਹਾਂਗਾ। ਇੱਕ ਵਾਰ ਜੰਗਲ ਵਿਚ ਭਿਅੰਕਰ ਅੱਗ ਲੱਗ ਗਈ, ਬਹੁਤ ਪੰਛੀ ਜਾਨਵਰ ਮਰ ਗਏ। ਇੱਕ ਚਿੜ੍ਹੀ ਦਾ ਹੌਸਲਾ ਅਤੇ ਕਰਤਵ ਵੇਖੋ, ਕਿ ਕੋਲ ਵਗਦੀ ਨਦੀ ਅੰਦਰੋਂ ਚੁੰਝ ਭਰੇ ਅਤੇ ਬਚਦੀ ਬਚਾਉਂਦੀ ਅੱਗ ਦੇ ਭਾਂਬੜ ਉੱਤੇ ਸੁੱਟ ਆਵੇ। ਸਾਰਾ ਦਿਨ ਏਸ ਕਾਰਜ ਅੰਦਰ ਲੱਗੀ ਰਹੀ। ਸ਼ਾਮ ਪੈਣ ਤੇ ਕੁਝ ਉੱਲੂਆਂ ਨੇ ਪੁੱਛਿਆ, ਕਮਲ਼ੀਏ! ਇਹ ਤੂੰ ਕੀ ਕਰ ਰਹੀ ਹੈਂ? ਕੀ ਤੇਰੀ ਚੁੰਝ ਦੇ ਇੱਕ ਤੁਬਕੇ ਨਾਲ ਅੱਗ ਬੁਝ ਜਾਊ? ਚਿੜੀ, ਉੱਲੂਆਂ ਦੀਆਂ ਮਸ਼ਕਰੀਆਂ ਤੋ ਖਫ਼ਾ ਹੋ ਕੇ ਬੋਲੀ, ਇਹ ਮੈਂ ਵੀ ਜਾਣਦੀ ਹਾਂ, ਅੱਗ ਨਹੀਂ ਬੁਝ ਸਕਦੀ। ਪਰ ਤਵਾਰੀਖ ਅੰਦਰ ਇਹ ਸੁਨਿਹਰੀ ਅੱਖਰਾਂ ਅੰਦਰ ਲਿਖਿਆ ਜਾਵੇਗਾ ਕਿ ਕਿਸੇ ਚਿੜ੍ਹੀ ਅੰਦਰ ਅੱਗ ਬੁਝਾਉਣ ਦਾ ਹੌਸਲਾ ਸੀ, ਬਲ ਸੀ! ਮੇਰਾ ਮੱਥਾ, ਐਟਮੀ ਸ਼ਕਤੀਆਂ ਨਾਲ ਟੱਕਰ ਲੈਣ ਦਾ ਹੈ। ਮੇਰਾ ਅਟੱਲ ਹੌਸਲਾ ਹੈ, ਵਿਸ਼ਵਾਸ ਹੈ ਕਿ ਜੋ ਪਨੀਰੀ ਮੈਂ ਬੀਜ ਜਾਵਾਂਗਾ, ਓਸ ਨੂੰ ਇੱਕ ਦਿਨ ਫਲ ਜ਼ਰੂਰ ਲਗਣਗੇ । ਆਮੀਨ !!

ਡਾ. ਸਿੰਘ: ਗੱਲਬਾਤ ਚੰਗੀ ਰਹੀ। ਇੰਟਰਵਿਊ ਲਈ ਸਮਾਂ ਦੇਣ ਲਈ ਧੰਨਵਾਦ ਸਰ!
 
Last edited:

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top