• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi Sargun Sarup Brahm As Per Gurbani-3

Dalvinder Singh Grewal

Writer
Historian
SPNer
Jan 3, 2010
1,245
421
78
ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-੩
ਡਾ ਦਲਵਿੰਦਰ ਸਿੰਘ ਗ੍ਰੇਵਾਲ

ਬ੍ਰਹਮ, ਨਿਊਨ-ਬ੍ਰਹਮ ਜਾਂ ਸਗੁਣ ਬ੍ਰਹਮ ਨੂੰ ਈਸ਼ਵਰ ਵੀ ਕਿਹਾ ਜਾਂਦਾ ਹੈ ਜੋ ਨਿਰਗੁਣ ਤੋਂ ਸਰਗੁਣ, ਪਾਰਬ੍ਰਹਮ ਤੋਂ ਬ੍ਰਹਮ ਸ਼੍ਰਿਸ਼ਟੀ ਰਚਨਾ ਨਾਲ ਹੋਇਆ।ਬ੍ਰਹਮ ਆਪਣੇ ਰਚੇ ਬ੍ਰਹਮੰਡ ਵਿਚ ਵਸਦਾ ਹੈ, ਇਸ ਨੂੰ ਉਸ ਦਾ ਸਰੀਰ ਕਿਹਾ ਜਾ ਸਕਦਾ ਹੈ। ਬ੍ਰਹਮੰਡ ਉਸ ਵਿਚ ਹੈ ਤੇ ਉਹ ਬ੍ਰਹਮੰਡ ਵਿਚ ਹੈ। ਬ੍ਰਹਮੰਡ ਤੇ ਬ੍ਰਹਮ ਦੀ ਇਕਰੂਪਤਾ ਜਾਂ ਅਭੇਦਤਾ ਦਾ ਇਹੀ ਕਾਰਨ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ:

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ। (ਰਾਮਕਲੀ ਅਨੰਦ )

ਉਹ ਸਰਬਵਿਆਪਕ ਸਦਾ ਸਥਾਪਤ ਹੈ।ਸਾਰਾ ਪਸਾਰਾ ਉਸੇ ਦਾ ਹੀ ਹੈ ।ਹਰ ਜੀ ਅੰਦਰ ਵਸਦਾ ਹੈ।ਹਾਜ਼ਰਾ ਹਜ਼ੂਰ ਹੈ (ਪੂਰਨ, ਭਰਪੂਰ, ਆਪੇ ਆਪਿ, ਹਾਦਰਾ ਹਦੂਰ, ਸਰਬ-ਵਿਆਪੀ, ਸਰਬ-ਸਮਾਣਾ, ਸਰਬ-ਨਿਵਾਸੀ, ਸਰਬਤ੍ਰ ਰਮਣਂ)
ਸਰਬੁ ਬਿਆਪਿਤ ਪੂਰਨ ਧਨੀ॥(ਗਉੜੀ ਮ: ੫, ਪੰਨਾ ੧੮੨)

ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮੑਾਰੀ ॥ ੨ ॥ (ਰਾਗੁ ਬਿਲਾਵਲੁ ਮਹਲਾ ੧, ਪੰਨਾ ੭੯੫)
ਗਾਵੈ ਕੋ ਵੇਖੈ ਹਾਦਰਾ ਹਦੂਰਿ॥(ਜਪੁਜੀ)
ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ॥ (ਵਾਰ ਸਾਰੰਗ ਮ: ੩, ਪੰਨਾ ੧੨੩੭)
ਸਰਬੀ ਥਾਈ ਵੇਪਰਵਾਹੁ॥(ਬਸੰਤਰ ਮ: ੧, ਪੰਨਾ ੧੧੮੮)
ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ॥ (ਬਿਹਾਗੜਾ ਮ: ੫, ਪੰਨਾ ੫੪੨)
ਸਰਬੇ ਰਵਿ ਰਹਿਆ ਸੁਖ ਦਾਤਾ॥(ਮਾਰੂ ਮ: ੪, ਪੰਨਾ ੧੦੭੦)
ਸਭ ਮਹਿ ਪਸਰਿਆ ਬ੍ਰਹਮ ਪਸਾਰਾ॥(ਗਊ ਕਬੀਰ, ਪੰਨਾ ੩੨੯)
ਸਭ ਮਹਿ ਰਵਿਆ ਸਾਹਿਬੁ ਏਕ॥(ਭੈਰਉ ਮ: ੫, ਪੰਨਾ ੧੧੪੭)
ਸਭ ਮਹਿ ਵਰਤੈ ਏਕੋ ਸੋਈ॥ (ਮਾਰੂ ਮ: ੩, ਪੰਨਾ ੧੨੭)
ਸਰਬ ਨਿਵਾਸੀ ਸਦਾ ਅਲੇਪਾ ਤੋਹਿ ਸੰਗ ਸਮਾਈ॥(ਪੰਨਾ ੬੮੪)
ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ॥
ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥ ੭ ॥ (ਮਲਾਰ ਮਹਲਾ ੧, ਪੰਨਾ ੧੨੭੩)

ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥ ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਅਬਿਨਾਸ ॥ ਸਦਾ ਸਦਾ ਸਦਾ ਦਇਆਲ ॥ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥ ੮ ॥ ੯ ॥ (ਸਲੋਕ, ਗਉੜੀ ਮ: ੫, ਪੰਨਾ ੨੭੫)

ਉਹ ਅਬਿਨਾਸੀ ਹੈ ਉਸ ਦਾ ਅੰਤ ਕਦੇ ਨਹੀੰ ਹੁੰਦਾ।

ਓਹ ਅਬਿਨਾਸੀ ਰਾਇਆ॥

ਉਸ ਨੂੰ ਉਸ ਦੀ ਰਚਨਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸਭਨਾਂ ਜੀਆਂ ਵਿਚ ਉਸ ਇਕ ਦਾ ਵਾਸ ਹੈ ਤੇ ਉਹ ਹੀ ਸਭ ਜੀਵਾਂ ਦੀ ਸ਼ਕਤੀ ਹੈ ਤੇ ਸੱਤਾ ਦਿੰਦਾ ਹੈ

ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥ (ਸਿਰੀਰਾਗੁ ਮਹਲਾ ੫, ਪੰਨਾ ੪੬)

ਗੁਰੂ ਦੀ ਮਿਹਰ ਸਦਕਾ ਉਸ ਨੂੰ ਅੰਦਰ ਹੀ ਪ੍ਰਕਾਸ ਹੋਇਆ ਦੇਖਿਆ, ਮਾਣਿਆ ਤੇ ਸਮਾਇਆ ਜਾ ਸਕੀਦਾ ਹੈ। ਇਸ ਲਈ ਉਸ ਪਰਮਾਤਮਾ ਦi ਕ੍ਰਿਪਾ ਜ਼ਰੂਰੀ ਹੈ

ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ॥
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥ (ਸਿਰੀਰਾਗੁ ਮਹਲਾ ੫, ਪੰਨਾ ੪੬)

ਬ੍ਰਹਮ ਸਿਰਜਣਹਾਰ, ਕਰਣਹਾਰ, ਸਵਾਰਣਹਾਰ, ਸਿਰੰਦਾ ਕਰਤਾ ਹੈ, ਸਾਰਾ ਵਿਸ਼ਵ ਉਸੇ ਤੋਂ ਉਤਪੰਨ ਹੋਇਆ ਹੈ:

ਤੂੰ ਸਚਾ ਸਿਰਜਣਹਾਰ ਅਲਕ ਸਿਰੰਦਿਆ॥(ਪੰਨਾ ੬੮੮)
ਬ੍ਰਹਮ ਬਿੰਦ ਤੇ ਸਭ ਉਤਪਾਤੀ॥ (ਗਉੜੀ ਕਬੀਰ, ਪੰਨਾ ੩੨੪)

ਉਸ ਨੂੰ ੧ਓ, ਓਅੰਕਾਰ, ਕਰਤਾਰ, ਕਾਦਰ, ਕਰਨ-ਕਾਰਣ, ਕਰੀਮ, ਸਰਬ ਪ੍ਰਤਿਪਾਲ, ਰਹੀਮ, ਖਾਲਿਕ, ਪ੍ਰਾਣ-ਦਾਤਾ, ਪਰਾਣਪਤਿ, ਆਦਿ ਵੀ ਕਿਹਾ ਗਿਆ ਹੈ।ਕਾਰਜ ਕਾਰਣ ਵਸ ਚਲਦੇ ਬ੍ਰਹਮੰਡ ਤੇ ਮਾਇਕ ਸੰਸਾਰ ਦਾ ਸੁਆਮੀ ਹੈ।

ਕਾਰਨ ਕਰਨ ਕਰੀਮ ॥ ਸਰਬ ਪ੍ਰਤਿਪਾਲ ਰਹੀਮ ॥ (ਰਾਮਕਲੀ ਮ:੫, ਪੰਨਾ ੮੯੫-੮੯੬)
ਖਾਲਕੁ ਰਵਿ ਰਹਿਆ ਸਰਬ ਠਾਈ ॥ ੧ ॥ (ਰਾਮਕਲੀ ਮ: ੫, ਪੰਨਾ ੮੯੫-੮੯੬)
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰ ਕਰੀਮੁ॥ (ਸਿਰੀ ਮ: ੧, ਪੰਨਾ ੬੪)
ਕਵਣ ਗੁਨ ਪ੍ਰਾਨ ਪਤਿ ਮਿਲਉ ਮੇਰੀ ਮਾਈ॥(ਪੰਨਾ ੨੦੪)
ਸਰਬਤ ਰਵਿਆ॥ (ਪੰਨਾ ੮੦)

ਉਹ ਅਲਖ ਹੈ, ਅਪਾਰ ਹੈ, ਸਰਬ-ਸ਼ਕਤੀਮਾਨ ਹੈ ਤੇ ਸਰਬ ਗਿਆਤਾ ਹੈ।

ਅਲਹ ਅਲਖ ਅਪਾਰ ॥ ਖੁਦਿ ਖੁਦਾਇ ਵਡ ਬੇਸੁਮਾਰ॥ ੧ ॥ (ਰਾਮਕਲੀ ਮ: ੫, ਪੰਨਾ ੮੯੫)
ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮੑਾਰੀ ॥ (ਰਾਗੁ ਬਿਲਾਵਲੁ ਮਹਲਾ ੧, ਪੰਨਾ ੭੯੫)

ਹੋਰ ਜੀਵਾਂ ਜਾਂ ਪੁਰਸ਼ਾਂ ਤੋਂ ਵਖਰਾ ਇਕੋ ਉਹ ਪੁਰਖ ਹੈ ਜਿਹੜਾ ਸਾਰੇ ਬ੍ਰਹਮੰਡ ਨੂੰ ਸਿਰਜਦਾ ਹੈ।ਸਾਰੀ ਰਚਨਾ ਨੂੰ ਸਿਰਜਦਾ ਹੈ:

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ (ਮਾਰੂ ਮਹਲਾ ੧, ਪੰਨਾ ੧੦੩੫)

ਉਹ ਇਕ ਅਜਿਹਾ ਪੁਰਸ਼ ਹੈ ਜੋ ਆਦਿ ਤੋਂ ਹੈ (ਆਦਿ ਪੁਰਖ) ਅਤੇ ਜੋ ਸਰਬਪ੍ਰਵੇਸ਼ਕ ਅਤੇ ਅਮਰ ਅਨੰਤ ਹੈ (ਸਤਪੁਰਖ), ਜੋ ਪੈਦਾ ਕਰਨ ਵਾਲਾ ਹੈ (ਕਰਤਾ ਪੁਰਖ) ਜੋ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ (ਅਕਾਲ ਪੁਰਖ) ੳਤੇ ਜੋ ਮਾਇਆ ਦੀ ਪਕੜ ਤੋਂ ਬਾਹਰ ਹੈ (ਨਿਰੰਜਨ ਪੁਰਖ)।ਉਸ ਬ੍ਰਹਮ ਤੋਂ ਛੁੱਟ ਹੋਰ ਕੋਈ ਵਖਰੀ ਸਦੀਵੀ ਹਸਤੀ ਨਹੀਂ ਹੈ। ਉਹ ਹੀ ਰਚਨਹਾਰ ਹੈ ਤੇ ਇਸ ਲਈ ਵਿਸ਼ਵ ਦਾ ਬ੍ਰਹਮੰਡ ਦਾ ਸਵਾਮੀ ਹੈ, ਸਾਹਿਬ ਹੈ, ਮਾਲਿਕ ਹੈ, ਰਾਜਾ ਹੈ ਪਾਤਸ਼ਾਹ ਹੈ। ਜੀਵ ਜਾਂ ਪੁਰਸ਼ ਉਸ ਤੋਂ ਉਤਪੰਨ ਹੁੰਦੇ ਹਨ।

ਆਦਿ ਪੁਰਖ ਅਪਰੰਪਰ ਦੇਵ॥ (ਪੰਨਾ ੧੮੭)
ਆਦਿ ਜੁਗਾਦਿ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ॥ (ਪੰਨਾ ੪੩੭)
ਪੁਰਖੁ ਪੂਰਨ ਸਾਖਹ ਦਾਤਾ ਸੰਗਿ ਬਸਤੋ ਨੀਤ॥(ਪੰਨਾ ੧੦੦੬)
ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ॥ (ਪੰਨਾ ੪੫੮)
ਰੂਪ ਸਤਿ ਜਾ ਕਾ ਅਸਥਾਨ॥ ਪੁਰਖ ਸਤਿ ਕੇਵਲ ਪਰਧਾਨ॥ (ਪੰਨਾ ੧੧੪੮)
ਕਰਤੈ ਪੁਰਖ ਤਾਲੁ ਦਿਵਾਇਆ॥ ਪਿਛੈ ਲਗਿ ਚਲੀ ਮਾਇਆ॥ (ਪੰਨਾ ੬੨੫)
ਅਕਾਲ ਪੁਰਖ ਅਗਾਧਿ ਬੋਧ॥ (ਪੰਨਾ ੨੧੨)
ਪੁਰਖ ਨਿਰੰਜਨ ਸਿਰਜਨਹਾਰ॥ ਜੀੳ ਜੰਤ ਦੇਵੈ ਆਹਾਰ॥ (ਪੰਨਾ ੧੧੪੮)
ਅਕਲਿ ਨਿਰੰਜਨ ਪੁਰਖੁ ਅਗਮੁ ਅਪਾਰੀਐ॥ਸਚੋ ਸਚਾ ਸਚੁ ਸਚੁ ਨਿਹਾਰੀਐ॥ (ਪੰਨਾ ੫੧੮)
ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ॥(ਪੰਨਾ ੯੭੫)
ਪਾਰਬ੍ਰਹਮ ਅਪਰੰਪਰ ਸੁਆਮੀ॥ (ਪੰਨਾ ੧੯੨)ਸਵਾਮੀ
ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ॥ ਅਗਮ ਅਗੋਚਰ ਅਪਰ ਅਪਾਰਾ ਪਾਰਬ੍ਰਹਮ ਪਰਧਾਨੋ॥ (ਪੰਨਾ ੧੮੭)
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ॥ (ਪੰਨਾ ੬੭੩)
ਏਕੋ ਤਖਤੁ ਏਕੋ ਪਾਤਿਸ਼ਾਹ॥ ਸਰਬੀ ਥਾਈ ਬੇਪਰਵਾਹੁ॥ (ਪੰਨਾ ੧੧੮੮)

ਬ੍ਰਹਮ ਜੀਵ ਤੇ ਪਾਰਬ੍ਰਹਮ ਦਾ ਰਿਸ਼ਤਾ ਅਟੁੱਟ ਹੈ, ਬ੍ਰਹਮ ਦੇ ਅੰਦਰ ਹੀ ਹਨ ਸਾਰੇ ਜੀਵ ਕੋਈ ਵੀ ਬਾਹਰ ਨਹੀਂ ਤੇ ਹਰ ਜੀਵ ਦੇ ਅਂਦਰ ਪਾਰਬ੍ਰਹਮ ਜੋਤੀ ਰੂਪ ਵਸਦਾ ਹੈ:

ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮ॥ (ਗਉੜੀ ਮ: ੫, ਪੰਨਾ ੨੮੭)

ਪਰਮਾਤਮਾ ਪਾਰਬ੍ਰਹਮ, ਜਿਸਦਾ ਨਾ ਆਦਿ ਹੈ ਨਾ ਅੰਤ ਅਪਣੇ ਆਪ ਨੂੰ ਨਿਊਨ ਬ੍ਰਹਮ ਦੇ ਰੂਪ ਵਿਚ ਪਰਗਟ ਕਰਦਾ ਹੈ ਜਿਥੇ ਉਹ ਸਿਰਜਣ, ਪ੍ਰਤਿਪਾਲਨ ਅਤੇ ਸੰਹਾਰ ਦੀਆਂ ਕਿਰਿਆਵਾਂ ਨੂੰ ਇਕੋ ਰੂਪ ਬ੍ਰਹਮ ਰੂਪ ਵਿਚ ਪੂਰਾ ਕਰਦਾ ਹੈ ਨਾ ਕਿ ਹਿੰਦੂ ਧਰਮ ਅਨੁਸਾਰ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਤਿੰਨ ਵੱਖ ਰੂਪਾਂ ਵਿਚ।

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ (ਜਪੁਜੀ, ਪਉੜੀ ੩੦)

ਜਗਤ ਦਾ ਅੰਤ ਹੋ ਜਾਣ ਤੇ ਤ੍ਰਿਮੂਰਤੀ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਤਿੰਨ ਰੂਪਾਂ ਦਾ ਕੀ ਮਹਤਵ ਰਹਿੰਦਾ ਹੈ? ਇਹ ਕਿਹਾ ਜਾਂਦਾ ਹੈ ਕਿ ਬ੍ਰਹਮ ਜਦ ਅਪਣੀ ਰਚਨਾ ਸਮੇਟ ਲੈਂਦਾ ਹੈ ਤਾਂ ਇਨ੍ਹਾਂ ਦੇਵਤਿਆਂ ਦੀ ਹੋਂਦ ਹੀ ਨਹੀਂ ਰਹਿੰਦੀ।ਇਸ ਆਧਾਰ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦੇਵੀ ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ ਹੈ।ਇਸੇ ਲਈ ਸਿੱਖ ਧਰਮ ਇਕ ਈਸ਼ਵਰਵਾਦ ਵਿਚ ਯਕੀਨ ਰਖਦਾ ਹੈ।

ਉਹ ਸਰਬ ਗੁਣ ਸੰਪੰਨ ਹੈ

ਗੁਣ ਨਿਧਾਨ ਹਰਿ ਨਾਮਾ॥ (ਸੋਰਠਿ ਮ: ੫, ਪੰਨਾ ੫੨੧)
ਗੁਣ ਅਮੋਲਕ ਪਾਇ ਨ ਜਾਹਿ॥(ਆਸਾ ਮ: ੩, ਪੰਨਾ ੩੬੧)

ਗੁਣਾਂ ਦੀ ਖਾਣ ਦੇ ਰੂਪ ਵਿਚ ਚਿਤਰਿਆ ਗਿਆ ਹੈ (ਗੁਣਨਿਧਾਨ, ਗੁਣਤਾਸ, ਗੁਣੀ ਗਹੂਰ, ਬੇਮੁਹਤਾਜ)

ਗੁਣਿ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ॥(ਗੂਜਰੀ ਮ: ੫, ਪੰਨਾ ੫੦੨)
ਗੁਣ ਅਪਾਰ ਪ੍ਰਭ ਪਰਮਾਨੰਦਾ॥ (ਸੂਹੀ ਮ: ੫, ਪੰਨਾ ੭੪੦)
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ॥ (ਸੋਰਠ ਮ: ੫, ਪੰਨਾ ੬੧੨)
ਗੁਣ ਅਵਗੁਣ ਕਾ ਏਕੋ ਦਾਤਾ ਗੁਰਮਖਿ ਵਿਰਲਾ ਜਾਤਾ ਹੇ॥ (ਮਾਰੂ ਮ: ੩, ਪੰਨਾ ੧੦੫੨)
ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੋ ਕਰਤਾਰਿ॥(ਮਾਰੂ ਮ: ੩, ਪੰਨਾ ੧੦੯੨)
ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ॥ਧਨਾਸਰੀ ਮ: ੫, ਪੰਨਾ ੬੮੩)
ਅਧਿਆਤਮਿਕ ਹਰਿ ਗੁਣਤਾਸੁ ਮਨਿ ਜਪਹਿ ਏਕੁ ਮੁਰਾਰਿ॥ (ਪੰਨਾ ੩੮)
ਬੇਮੁਤਾਜ ਨਹੀ ਕਿਛੁ ਕਾਣਿ॥ (ਪੰਨਾ ੮੯੭)

ਉਸ ਦੇ ਗੁਣ ਗਾਉਣ ਨਾਲ ਅੰਤਰ ਪ੍ਰਕਾਸ਼ ਹੋ ਜਾਂਦਾ ਹੈ, ਅਉਗੁਣ ਧੋਤੇ ਜਾਂਦੇ ਹਨ, ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਖੇੜਾ ਵਸਦਾ ਹੈ ਤੇ ਪਰਮਾਤਮਾ ਦੇ ਘਰ ਸਹਿਜ ਵਾਸਾ ਹੋ ਜਾਂਦਾ ਹੈ।
ਉਸਦੇ ਗੁਣ ਗਾਉਣ ਨਾਲ ਹੀ ਅਪਣਾ, ਜਗਤ ਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ ਹੈ, ਮਨ ਅੰਦਰ ਪ੍ਰਕਾਸ਼ ਹੋ ਜਾਂਦਾ ਹੈ:

ਗੁਣ ਗਾਵਤ ਹੋਵਤ ਪਰਗਾਸ॥(ਰਾਮਕਲੀ ਮ: ੫, ਪੰਨਾ ੯੦੧)

ਉਸ ਦੇ ਗੁਣ ਗਾਉਣ ਨਾਲ ਅੰਦਰ ਦੇ ਸਾਰੇ ਔਗੁਣ ਧੋਤੇ ਜਾਂਦੇ ਹਨ:

ਗੁਣ ਕਉ ਧਾਵੈ ਅਵਗਣ ਧੋਵੈ॥(ਆਸਾ ਮ: ੧, ਪੰਨਾ ੪੧੪)

ਜੀਵ ਨੂੰ ਇਹ ਗੁਣ ਸਿਰਫ ਪਰਮਾਤਮਾ ਹੀ ਦਿੰਦਾ ਹੈ

ਗੁਣ ਕਾ ਦਾਤਾ ਸਚਾ ਸੋਈ॥(ਮਾਰੂ ਮ: ੩, ਪੰਨਾ ੧੦੫੫)

ਪ੍ਰਭ ਦੇ ਗੁਣ ਗਾਉਣ ਤੇ ਉਸ ਨੂੰ ਧਿਆਉਣ ਨਾਲ ਸਾਰੀਆਂ ਇਛਾਵਾਂ ਪੀਰੀਆਂ ਹੋ ਜਾਂਦੀਆਂ ਹਨ:

ਗੁਣ ਗਾਇ ਪ੍ਰਭ ਧਿਆਇ ਸਾਚਾ ਸਗਲ ਇਛਾ ਪਾਈਐ॥(ਸੂਹੀ ਮ: ੫, ਪੰਨਾ ੭੮੨)

ਜਦ ਸੱਚੇ ਪਰਮ ਪੁਰਖ ਪਰਮਾਤਮਾ ਨੂੰ ਭਾਉਂਦਾ ਹੈ ਤਾਂ ਉਹ ਅਪਣੇ ਗੁਣ ਗਵਾਉਂਦਾ ਹੈ ਜਿਸ ਸਦਕਾ ਜੀਵ ਦਾ ਮਨ ਹਮੇਸ਼ਾ ਖਿੜਿਆ ਰਹਿੰਦਾ ਹੈ:

ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ॥ (ਧਨਾਸਰੀ ਮ:੪, ਪੰਨਾ ੬੯੦)

ਇਸ ਲਈ ਸਾਨੂੰ ਪਰਮਾਤਮਾ ਦੇ ਗੁਣ ਨਿਤ ਨਿਤ ਗਾਉਣੇ ਚਾਹੀਦੇ ਹਨ:

ਗੁਣ ਗਾਵਹੁ ਨਿਤ ਨਿਤ ਭਗਵੰਤ॥(ਮਲਾਰ ਮ: ੫, ਪੰਨਾ ੧੨੭੧)

ਉਸ ਦੇ ਗੁਣ ਗਾਇਆਂ ਜੀਵ ਸੁਖ ਵਿਚ ਕੁਦਰਤਨ ਸੁਭਾਵਕੀ ਹੀ ਨਿਵਾਸ ਕਰ ਲੈਂਦਾ ਹੈ

ਗੁਣ ਗਾਵੈ ਸੁਖ ਸਹਜਿ ਨਿਵਾਸੁ॥ (ਓਅੰ ਮ: ੧, ਪੰਨਾ ੯੩੨)

ਪਰਮਾਤਮਾ ਕੋਈ ਭੁੱਲ ਨਹੀਂ ਕਰਦਾ ਤੇ ਜਿਸ ਵਿਚ ਕੋਈ ਨੁਕਸ ਨਹੀਂ (ਅਮਰ, ਅਬਿਨਾਸੀ, ਅਟਲੁ, ਅਡੋਲੁ, ਅਤੋਲੁ, ਅਮੋਲ, ਅਗਮ, ਅਗੋਚਰ, ਅਛਲ, ਅਜੋਨੀ, ਅਸਥਿਰ, ਅਪਰੰਪਰ, ਅਭੁੱਲ, ਅਲਖ, ਅਛੱਲ, ਅਭੰਗ, ਅਛੇਦ)।

ਭੁਲਣ ਅੰਦਰਿ ਸਭਿ ਕੋ ਅਭੁਲੁ ਗੁਰੂ ਕਰਤਾਰ॥ (ਸਿਰੀ ਰਾਗ ਮ: ੧, ਪੰਨਾ ੬੧)
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥(ਫ੍ਰਭਾ ਮ:੧, ਪੰਨਾ ੧੪੨੧)
ਅਮਰ ਅਡੋਲੁ ਅਮੋਲੁ ਅਪਾਰਾ ਗੁਰਿ ਪੂਰੇ ਸਚੁ ਪਾਈਐ॥(ਸੂਹੀ ਮ: ੧ ਪੰਨਾ ੭੬੫)
ਅਮਰੁ ਅਡੋਲੁ ਅਪਾਰਾ, ਅਮੋਲਕੁ ਹਰਿ ਅਸਥਿਰ ਥਾਨ ਸੁਹਾਇਆ॥ (ਮਾਰੂ ਮ: ੧, ਪੰਨਾ ੧੦੩੯)
ਅਟਲੁ ਅਡੋਲੁ ਅਤੋਲੁ ਮਰਾਰੇ॥ ਖਿਨ ਮਹਿ ਫੇਰਿ ੳਸਾਰੇ॥ (ਮਾਰੂ ਮ:੧, ਪੰਨਾ ੧੦੩੪)
ਅਪਰੰਪਰ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ॥ (ਤੁਖਾਰੀ ਮ:੧, ਪੰਨਾ ੧੧੧੨)
ਅਪਰੰਪਰ ਅਗਮ ਅਗੋਚਰ ਗੁਰਮਖਿ ਆਪਿ ਤੁਲਾਏ ਅਤੁਲੁ ਤੋਲਿ॥ (ਬਸੰਤਰ ਮ: ੧, ਪੰਨਾ ੧੧੭੦)
ਅਬਿਨਾਸੀ ਪ੍ਰਭ ਆਪੇ ਆਪਿ॥ (ਗਉੜੀ ਮ: ੫, ਪੰਨਾ ੨੮੨)
ਅਮਰ ਅਜੋਨੀ ਅਸਥਿਰ ਜਾਪੈ ਸਾਰਾ ਮਹਲੁ ਚਿਰਾਣਾ॥ (ਤੁਖਾਰੀ ਮ: ੧, ਪੰਨਾ ੧੧੧੨)
ਅਮਰ ਅਜੋਨੀ ਜਾਤਿ ਨ ਜਾਲਾ॥ (ਬਿਲਾਵਲ ਮ: ੧, ਪੰਨਾ ੮੩੮)
ਅਲਖ ਨ ਲਖੀਐ ਅਗਮੁ ਅਜੋਨੀ ਤੂ ਨਾਥਾਂ ਨਾਥਣਹਾਰਾ॥ (ਮਲਾਰ, ਮ: ੧, ਪੰਨਾ ੧੨੫੫)
ਉਲਟਿ ਭੇਦ ਮਨੁ ਬੇਦਿਓ ਪਾਇਓ ਅਭੰਗ ਅਛੇਦ॥(ਪੰਨਾ ੩੪੦)

ਪਰਮਾਤਮਾ ਚਾਨਣ ਹੈ, ਨੂਰ ਹੈ (ਪਰਕਾਸ਼, ਜੋਤਿ)।

ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸਦੇ ਚਾਨਣ ਜਗ ਮਹਿ ਚਾਨਣ ਹੋਇ॥(ਧਨਾਸਰੀ ਮ: ੧, ਪੰਨਾ ੧੩)
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ॥ (ਸਿਰੀ ਮ:੧, ਪੰਨਾ ੫੫)
ਜੋਤੀ ਅੰਤਰਿ ਬ੍ਰਹਮ ਅਨੂਪੁ॥ (ਰਾਮਕਲੀ ਕਬੀਰ, ਪੰਨਾ ੯੭੨)
ਜੋਤੀ ਅੰਦਰਿ ਧਰਿਆ ਪਸਾਰੁ॥(ਰਾਮਕਲੀ ਕਬੀਰ, ਪੰਨਾ ੯੭੨)
ਜੋਤਿ ਕੀ ਜਾਤਿ ਜਾਤਿ ਕੀ ਜੋਤੀ॥ (ਗਉੜੀ ਕਬੀਰ, ਪੰਨਾ ੩੨੫)
ਜੋਤੀ ਜਾਤੀ ਗਣਤ ਨ ਆਵੈ॥(ਬਿਲਾਵਲ ਮ: ੧, ਪੰਨਾ ੮੩੯)

ਪਰਮਾਤਮਾ ਸਰਵ ਸ਼੍ਰੇਸ਼ਟਿ ਅਤੇ ਪਵਿਤਰ ਹੈ (ਪਵਿਤਰ, ਪੁਨੀਤ, ਪਾਵਨ, ਪਾਕ),

ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ॥(ਗਉੜੀ ਮ:੫, ਪੰਨਾ ੨੭੯)
ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ॥ (ਆਸਾ ਮ: ੫, ਪੰਨਾ ੪੫੬)
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ॥ (ਤਿਲੰਗ ਮ: ੫, ਪੰਨਾ ੭੨੪)
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥ (ਤਿਲੰਗ ਕਬੀਰ, ਪੰਨਾ ੭੨੭)

ਜੋ ਖੂਬਸੂਰਤ ਹੈ (ਸੁੰਦਰ, ਸੁਹਾਣ, ਗਉਹਰ, ਲਾਲ, ਗੁਲਾਲ, ਰਤਨਾਗਰ),

ਸਿਆਮ ਸੁੰਦਰ ਤਜਿ ਨੀਦ ਕਿਉ ਆਈ॥(ਸੂਹੀ ਮ:੫, ਪੰਨਾ ੭੪੫)+
ਸਤੁ ਸੁਹਾਣੁ ਸਦਾ ਮਨਿ ਚਾਉ॥ (ਜਪੁਜੀ ਮ: ੧, ਪੰਨਾ ੪)
ਤੁਮ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ॥ ( ਸੂਹੀ ਮ: ੫, ਪੰਨਾ ੭੭੯)
ਲਾਲ ਗੋਪਾਲ ਦਇਆਲ ਰੰਗੀਲੇ॥(ਮਾਝ ਮ: ੫, ਪੰਨਾ ੯੯)
ਲਾਲ ਨਿਹਾਲੀ ਫੂਲ ਗੁਲਾਲਾ॥ (ਗਉੜੀ ਮ: ੧, ਪੰਨਾ ੨੨੫)
ਹਰਿ ਹਰਿ ਨਾਮ ਸਿਮਰਿ ਰਤਨਾਗਰ॥ (ਸੂਹੀ ਮ: ੫, ਪੰਨਾ ੭੪੪)

ਜੋ ਸਰਬ ਸਮਰਥ ਹੈ (ਸਰਬ-ਸ਼ਕਤੀਮਾਨ, ਸਮਰੱਥ, ਅਸੁਰ ਸੰਘਾਰ, ਅਕਲ-ਕਲਾ, ਭੁਜ-ਬਲ)

ਤੁਮ ਸਮਰਥ ਸਦਾ ਸੁਖ ਦਾਤੇ॥ (ਮਾਝ ੫, ਪੰਨਾ ੯੯)
ਅਸੁਰ ਸੰਘਾਰੈ ਸੁਖਿ ਵਸੇ ਜੋ ਤਿਸੁ ਭਾਵੈ ਸੋ ਹੋਇ॥(ਸਿਰੀ ਮ: ੩, ਪੰਨਾ ੩੦)
ਸੁਖ ਦਾਤਾਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰ॥ (ਸਿਰੀ ਮ: ੧, ਪੰਨਾ ੫੯)
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ॥ ੨॥ (ਸੋਰਠਿ ਮ:੧, ਪੰਨਾ ੫੯੭)
ਭੁਜਬਲ ਬੀਰ ਬ੍ਰਹਮ ਸੁਖਸਾਗਰ ਗਰਤ ਪਰਤ ਗਹਿਲੇਹੁ ਅੰਗੁਰੀਆ॥ (ਗਉੜੀ ਮ: ੫, ਪੰਨਾ ੨੦੩)

ਜੋ ਸਰਬ-ਗਿਆਤਾ ਹੈ (ਜਾਣੋਈ, ਜਾਨਣਹਾਰ, ਗਿਆਨ ਸਰ, ਦਾਨਾ ਬੀਨਾ)

ਜਨ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥ (ਆਸਾ ਮ: ੪, ਪੰਨਾ ੧੧)
ਪਾਰਬ੍ਰਹਮ ਪਰਮੇਸਰੋ ਸਭ ਬਿਧਿ ਜਾਨਣਹਾਰ॥(ਗਉੜੀ ਮ: ੫, ਪੰਨਾ ੩੦੦)
ਗੁਰੂ ਸਾਧੂ ਅੰਮ੍ਰਿਤ ਗਿਆਨਸਰਿ ਨਾਇਣੁ॥ (ਭੈਰਉ ਮ: ੪, ਪੰਨਾ ੧੧੩੪)
ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ॥ (ਬਿਹਾਗੜਾ ਮ: ੪, ਪੰਨਾ ੫੫੬)

ਜੋ ਕਦੀਮੀ ਕਾਰਣ ਤੇ ਸਾਰ ਤੱਤ ਹੈ (ਮੂਲ, ਤੱਤ),

ਮੂਲਿ ਲਾਗੇ ਸੇ ਜਨ ਪਰਵਾਣੁ॥(ਆਸਾ ਮ:੩, ਪੰਨਾ ੩੬੨)
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ॥ (ਗੂਜਰੀ ਮ: ੫, ਪੰਨਾ ੫੧੯)
ਜਤ ਕਤ ਦੇਖਉ ਤਤ ਰਹਿਆ ਸਮਾਇ॥ (ਗਉੜੀ ਮ: ੫, ਪੰਨਾ ੧੯੩)

ਕਰਤਾ ਦੀ ਸ਼੍ਰਿਸ਼ਟੀ ਸਿਰਜਣ, ਚਲਾਉਣ, ਵਧਾਉਣ, ਮਿਟਾਉਣ ਤੇ ਦੁਬਾਰਾ ਸਿਰਜਣ ਕਿਰਿਆ:

ਉਹ ਅਪਣੇ ਆਪ ਬਾਰੇ ਆਪ ਹੀ ਕਹਿ ਸਕਦਾ ਹੈ ਤੇ ਆਪ ਹੀ ਸੁਣਦਾ ਹੈ। ਉਹ ਜਗਤ ਦਾ ਕਰਤਾ ਹੈ , ਪ੍ਰਤਿਪਾਲਕ ਹੈ ਤੇ ਵਿਨਾਸ਼ਕ ਵੀ।ਉਸ ਤੋਂ ਹੀ ਸਭ ਕੁਝ ਉਪਜਦਾ ਹੈ ਤੇ ਉਸ ਵਿਚ ਹੀ ਸਭ ਸਮਾ ਜਾਂਦਾ ਹੈ ਉਸ ਤੋਂ ਵਖਰਾ ਕੁਝ ਵੀ ਨਹੀਂ।ਉਸ ਨੇ ਸਾਰੇ ਵਿਸ਼ਵ ਨੂੰ ਇਕ ਧਾਗੇ ਵਿਚ ਪਰੋ ਕੇ ਰਖਿਆ ਹੋਇਆ ਹੈ।

ਸਭੁ ਕਰਤਾ ਸਭੁ ਭੁਗਤਾ ॥ ੧ ॥ ਰਹਾਉ ॥ ਸੁਨਤੋ ਕਰਤਾ ਪੇਖਤ ਕਰਤਾ ॥ ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ ਓਪਤਿ ਕਰਤਾ ਪਰਲਉ ਕਰਤਾ ॥ ਬਿਆਪਤ ਕਰਤਾ ਅਲਿਪਤੋ ਕਰਤਾ ॥ ੧ ॥ ਬਕਤੋ ਕਰਤਾ ਬੂਝਤ ਕਰਤਾ ॥ ਆਵਤੁ ਕਰਤਾ ਜਾਤੁ ਭੀ ਕਰਤਾ ॥ ਨਿਰਗੁਨ ਕਰਤਾ ਸਰਗੁਨ ਕਰਤਾ ॥ ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥ ੨ ॥ ੧ ॥ ਰਾਗੁ ਗੋਂਡ ਮਹਲਾ ੫, ਪੰਨਾ ੮੬੨)

ਆਪਿ ਕਥੈ ਆਪਿ ਸੁਨਨੈਹਾਰੁ ॥ ਆਪਹਿ ਏਕੁ ਆਪਿ ਬਿਸਥਾਰੁ ॥ ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ ਆਪਨੈ ਭਾਣੈ ਲਏ ਸਮਾਏ ॥ ਤੁਮ ਤੇ ਭਿੰਨ ਨਹੀ ਕਿਛੁ ਹੋਇ ॥ ਆਪਨ ਸੂਤਿ ਸਭੁ ਜਗਤੁ ਪਰੋਇ ॥ ॥(ਸੁਖਮਨੀ, ਮ:੫, ਅਸਟਪਦੀ, ਪੰਨਾ ੨੯੨-੨੯੩)

ਉਹ ਸਾਰੀ ਸ਼੍ਰਿਸ਼ਟੀ ਦਾ ਇਕੋ ਇਕ ਕਰਣ ਤੇ ਕਾਰਣ ਹੈ ਹੋਰ ਕੋਈ ਨਹੀਂ।

ਕਰਣ ਕਾਰਣ ਪ੍ਰਭ ਏਕੁ ਹੈ ਦੂਸਰ ਨਾਹੀ ਕੋਇ॥(ਗਉੜੀ ਮ: ੫, ਪੰਨਾ ੨੭੬)
ਕਰਣਹਾਰ ਮੇਰੇ ਪ੍ਰਭ ਏਕ॥ (ਰਾਮਕਲੀ ਮ: ੫, ਪੰਨਾ ੮੯੪)
ਕਰਣ ਕਾਰਣ ਸਮਰਥ ਅਪਾਰਾ ਅਵਰੁ ਨ ਦੂਜਾ ਕੋਈ॥(ਧਨਾਸਰੀ ਮ: ੩, ਪੰਨਾ ੬੬੬)

ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥ ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥ ੧ ॥ ਪਉੜੀ ॥ ਓਅੰ ਸਾਧ ਸਤਿਗੁਰ ਨਮਸਕਾਰੰ ॥ ਆਦਿ ਮਧਿ ਅੰਤਿ ਨਿਰੰਕਾਰੰ ॥ ਆਪਹਿ ਸੁੰਨ ਆਪਹਿ ਸੁਖ ਆਸਨ ॥ ਆਪਹਿ ਸੁਨਤ ਆਪ ਹੀ ਜਾਸਨ ॥ ਆਪਨ ਆਪੁ ਆਪਹਿ ਉਪਾਇਓ ॥ ਆਪਹਿ ਬਾਪ ਆਪ ਹੀ ਮਾਇਓ ॥ ਆਪਹਿ ਸੂਖਮ ਆਪਹਿ ਅਸਥੂਲਾ ॥ ਲਖੀ ਨ ਜਾਈ ਨਾਨਕ ਲੀਲਾ ॥ ੧ ॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥ ਰਹਾਉ ॥ ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੦)

ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥ ੧ ॥ ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥ ੧ ॥ ਰਹਾਉ ॥ ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥ ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥ ੨ ॥ ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥ ੩ ॥ ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥ ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥ ੪ ॥ ੫ ॥ (ਆਸਾ ਮਹਲਾ ੧, ਪੰਨਾ ੩੫੦)

ਪੁਰਸ਼ ਤੇ ਪ੍ਰਕ੍ਰਿਤੀ ਉਸੇ ਦੇ ਸਾਜੇ ਹੋਏ ਹਨ:

ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲ॥ (ਸਿਰੀ, ਮ: ੧, ਪੰਨਾ ੨੧)

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥ ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥ ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥ ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥ ੨੬ ॥(ਰਾਮਕਲੀ ਮ: ੩ ਅਨੰਦ, ਪੰਨਾ ੯੨੦)

ਮਾਇਆ ਤੇ ਮੋਹ ਵੀ ਉਸੇ ਨੇ ਪੈਦਾ ਕੀਤੇ ਹਨ:

ਨਿਰੰਕਾਰਿ ਆਕਾਰੁ ਉਪਾਇਆ ॥ ਮਾਇਆ ਮੋਹੁ ਹੁਕਮਿ ਬਣਾਇਆ ॥
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥ ੧ ॥ ਮਾਰੂ ਮਹਲਾ ੩, ਪੰਨਾ ੧੦੬੬)

ਉਹ ਤਿੰਨ ਗੁਣਾਂ ਵਾਲੀ ਪ੍ਰਕ੍ਰਿਤੀ ਨੂੰ ਪੈਦਾ ਕਰਦਾ ਹੈ।ਤ੍ਰੈ ਗੁਣ ਵੀ ਉਸ ਦੇ ਹੁਕਮ ਤੋਂ ਹੀ ਉਪਜੇ ਹਨ:

ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭੁ ਮਾਇਆ॥ (ਭਗਤ ਕਬੀਰ)
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ ਮਾਰੂ ਮਹਲਾ ੩, ਪੰਨਾ ੧੦੬੬)

ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥ ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥ ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥ ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥ ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥ ੧ ॥ ਸਲੋਕ ਮਹਲਾ ੨ ॥ ॥(ਵਾਰ ਸਾਰੰਗ, ਮ: ੪, ਪੰਨਾ ੧੨੩੭)

ਪੰਜ ਤੱਤ ਵੀ ਉਸ ਤੋਂ ਹੀ ਉਤਪਤ ਹੋਏ:

ਪੰਚ ਭੂ ਨਾਇਕੋ ਆਪਿ ਸਿਰੰਦ ਜਿਨਿ ਸਚ ਕਾ ਪਿੰਡੁ ਸਵਾਰਿਆ॥ (ਸੂਹੀ ਛੰਤ, ਮ: ੧, ਪੰਨਾ ੭੬੬)
ਪੰਚ ਤਤ ਰਚਿ ਜੋਤਿ ਨਿਵਾਜਿਆ॥ (ਪ੍ਰਭ ਮ: ੫, ਪੰਨਾ ੧੩੩੭)
ਪੰਚ ਤਤੁ ਕਾ ਰਚਨੁ ਰਚਾਨਾ॥ (ਮਾਰੂ ਮ: ੫, ਪੰਨਾ ੪੭੭)

ਦੇਵੀ ਦੇਵਤਿਆਂ ਦਾ ਰਚਿਤਾ ਵੀ ਉਹ ਹੀ ਹੈ:

ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥ ੧ ॥ (ਰਾਮਕਲੀ ਮਹਲਾ ੧, ਦਖਣੀ ਓਅੰਕਾਰੁ, ਪੰਨਾ ੯੨੮)

ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ॥ ਦੇਵੀ ਦੇਵ ਉਪਾਏ ਵੇਸਾ॥ਜੋਤੀ ਜਾਤੀ ਗਣਤ ਨਾ ਆਵੈ॥ ਜਿਨਿ ਸਾਜੀ ਸੋ ਕਮਿਤਿ ਪਾਵੈ॥
ਕੀਮਤਿ ਪਾਇ ਰਹਿਆ ਭਰਪੂਰਿ॥ ਕਿਸੁ ਨੇੜੇ ਕਿਸੁ ਆਖਾ ਦੂਰਿ॥ (ਬਿਲਾਵਲੁ ਮ: ੧ ਪੰਨਾ ੮੩੯)

ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥ ਦਸ ਅਵਤਾਰੀ ਰਾਮੁ ਰਾਜਾ ਆਇਆ ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ ਈਸ ਮਹੇਸੁਰੁ ਸੇਵ ਤਿਨੑੀ ਅੰਤੁ ਨ ਪਾਇਆ ॥ ਸਚੀ ਕੀਮਤਿ ਪਾਇ ਤਖਤੁ ਰਚਾਇਆ ॥ ਦੁਨੀਆ ਧੰਧੈ ਲਾਇ ਆਪੁ ਛਪਾਇਆ ॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥ ੩ ॥(ਵਾਰ ਮਲਾਰ ਮ:੨, ਪੰਨਾ ੧੨੭੯)

ਨਿਰੰਜਨ

ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ (ਜਪੁਜੀ)

ਉਹ ਅਪਣੇ ਆਪ ਨਿਰ ਅੰਜਨ (ਮਾਇਆ ਤੋਂ ਰਹਿਤ) ਹੈ।ਪਰਮਾਤਮਾ ਇਨ੍ਹਾਂ ਤਿਨਾਂ ਸਰੂਪਾਂ ਤੋਂ ਰਹਿਤ ਤੇ ਪਾਵਨ ਸ਼ੁਧ ਸਰੂਪ ਹੈ।ਉਸ ਦੇ ਗੁਣ ਰਜ ਤਮ ਸਤ ਇਨ੍ਹਾਂ ਤਿਨਾਂ ਗੁਣਾਂ ਤੋਂ ਬਾਹਰੇ ਹਨ।ਉਹ ਕਿਸੇ ਮੁੱਲ ਨਾਲ ਹੱਥ ਨਹੀਂ ਆ ਸਕਦੇ।ਪ੍ਰਮਾਤਮਾ ਦੇ ਗੁਣ ਅਮੁਲ ਹਨ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪੈ ਸਕਦਾ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top