• Welcome to all New Sikh Philosophy Network Forums!
    Explore Sikh Sikhi Sikhism...
    Sign up Log in

(in Punjabi) Exegesis Of Gurbani As Per Sri Guru Granth Sahib -Parsad

Dalvinder Singh Grewal

Writer
Historian
SPNer
Jan 3, 2010
1,254
422
79
ਪ੍ਰਸਾਦਿ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰਸਾਦਿ- ਗੁਰਬਾਣੀ ਵਿਚ ਕਿਰਪਾ, ਮਿਹਰ, ਨਦਰ, ਬਖਸ਼ਿਸ਼, ਦਿਆਲਤਾ ਆਦਿ ਭਾਵਾਂ ਵਿਚ ਹੈ ।

ਕਿਰਪਾ ਦਾ ਮਹਤਵ ਗੁਰੂ ਅਰਜਨ ਦੇਵ ਜੀ ਸੁਖਮਨੀ ਵਿਚ ਬਖੂਬੀ ਬਿਆਨਦੇ ਉਚਾਰਦੇ ਹਨ: ਹੇ ਜੀਵ ਜਿਸਦੀ ਕਿਰਪਾ ਸਦਕਾ ਤੂੰ ਧਰਤੀ ਉਤੇ ਸੁਖੀ ਵਸਦਾ ਹੈਂ, ਪੁੱਤਰ, ਭਾਈ, ਮਿੱਤਰ ਤੇ ਪਤਨੀ ਨਾਲ ਹਸਦਾ ਖੇਡਦਾ ਹੈਂ, ਜਿਸਦੀ ਕਿਰਪਾ ਸਦਕਾ ਤੂੰ ਸੀਤਲ ਜਲ ਪੀਂਦਾ ਹੈਂ, ਸੁੱਖ ਦੇਣ ਵਾਲੀ ਹਵਾ ਤੇ ਅਗਨੀ ਦਾ ਅਨਮੋਲ ਸੁੱਖ ਮਾਣਦਾ ਹੈਂ; ਜਿਸਦੀ ਕਿਰਪਾ ਸਦਕਾ ਤੂੰ ਸਭ ਪਦਾਰਥਾਂ ਦ ੇਰਸ ਭੋਗਦਾ ਹੈਂ ਤੇ ਸਾਰੇ ਸੁਖ ਦਾਇਕ ਸਮਾਨ ਸਮੇਤ ਸੁਖੀ ਵਸ ਰਿਹਾ ਹੈਂ: ਜਿਸਨੇ ਤੈਨੂੰ ਅਣਮੁਲੇ ਹੱਥ, ਪੈਰ, ਕੰਨ, ਅੱਖਾਂ ਤੇ ਜੀਭ ਦੀ ਦਾਤ ਬਖਸ਼ੀ ਹੈ ਉਸ ਨੂੰ ਵਿਸਾਰ ਕੇ ਕਿਸੇ ਹੋਰ ਨਾਲ ਪ੍ਰੀਤ ਪਾਉਂਦਾ ਹੈਂ। ਅਜਿਹੇ ਦੋਸ਼ਾਂ ਭਰੇ ਮੂਰਖ ਅਗਿਆਨੀ ਨੂੰ ਪ੍ਰਭੂ ਆਪ ਮਿਹਰ ਕਰ ਕੇ ਹਨੇਰੇ ਵਿਚੋਂ ਕੱਢ ਲੈਂਦਾ ਹੈ।

ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ॥ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ॥ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ਸੁਖਦਾਈ ਪਵਨੁ ਪਾਵਕੁ ਅਮੁਲਾ ॥ ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥ ਐਸੇ ਦੋਖ ਮੂੜ ਅੰਧ ਬਿਆਪੇ ॥ਨਾਨਕ ਕਾਢਿ ਲੇਹੁ ਪ੍ਰਭ ਆਪੇ ॥ ੨ ॥(ਪੰਨਾ ੨੬੬)

ਗੁਰੂ ਅਰਜਨ ਦੇਵ ਜੀ ਸੁਖਮਨੀ ਦੀ ਅਸਟਪਦੀ ਵਿਚ ਕ੍ਰਿਪਾਲੂ ਪਰਮਾਤਮਾ ਦੀ ਕਿਰਪਾ ਨਾਲ ਜੋ ਮੰਗੀਆਂ ਅਣਮੰਗੀਆਂ ਅਣਗਿਣਤ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਨੂੰ ਯਾਦ ਕਰਦਿਆਂ ਵਾਹਿਗੁਰੂ ਨੂੰ ਯਾਦ ਰਖਣ ਦੀ ਪ੍ਰੇਰਣਾ ਕੀਤੀ ਗਈ ਹੈ:

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ॥ਨਾਨਕ ਸਦਾ ਧਿਆਈਐ ਧਿਆਵਨ ਜੋਗ ॥ ੧ ॥ (ਪੰਨਾ ੨੬੯)

ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥ ਜਿਹ ਪ੍ਰਸਾਦਿ ਸੁਖ ਸੇਜ ਸੋਈਜੈ ॥ ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥ ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥ ਮੁਖਿ ਤਾ ਕੋ ਜਸੁ ਰਸਨ ਬਖਾਨੈ ॥ ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ ਨਾਨਕ ਪਤਿ ਸੇਤੀ ਘਰਿ ਜਾਵਹਿ ॥ ੨ ॥

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥ ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥ ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ॥ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥ ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ ਨਾਨਕ ਤਾ ਕੀ ਭਗਤਿ ਕਰੇਹ ॥ ੩ ॥

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ ਮਨ
ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ ਜਿਨਿ ਤੇਰੀ ਮਨ
ਬਨਤ ਬਨਾਈ॥ਊਠਤ ਬੈਠਤ ਸਦ ਤਿਸਹਿ ਧਿਆਈ ॥ਤਿਸਹਿ ਧਿਆਇ ਜੋ ਏਕ ਅਲਖੈ॥ਈਹਾ ਊਹਾ ਨਾਨਕ ਤੇਰੀ ਰਖੈ॥੪॥

ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥ ੫ ॥

ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥ ਜਿਹ ਪ੍ਰਸਾਦਿ ਹਸਤ ਕਰ ਚਲਹਿ॥ਜਿਹ ਪ੍ਰਸਾਦਿ ਸੰਪੂਰਨ ਫਲਹਿ॥ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥ ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥ ੬ ॥

ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥ ਜਿਹ ਪ੍ਰਸਾਦਿ ਤੇਰਾ ਪਰਤਾਪੁ ॥ ਰੇ ਮਨ ਮੂੜ ਤੂ ਤਾ ਕਉ ਜਾਪੁ ॥ ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ ਤਿਸਹਿ ਜਾਨੁ ਮਨ ਸਦਾ ਹਜੂਰੇ ॥ ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥ ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ ਨਾਨਕ ਜਾਪੁ ਜਪੈ ਜਪੁ ਸੋਇ ॥ ੭ ॥

ਅਖੀਰਲੇ ਪਦ ਵਿਚ ਗੁਰੂ ਜੀ ਸਮਝਾਉਂਦੇ ਹਨ ਕਿ ਉਹੀ ਜਨ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਉਹ ਆਪ ਜਪਾਉਂਦਾ ਹੈ, ਉਹੀ ਮਨੁਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਉਣ ਲਈ ਪ੍ਰੇਰਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ ਮਨ ਵਿਚ ਗਿਆਨ ਦਾ ਚਾਨਣ ਹੁੰਦਾ ਹੈ ਤੇ ਉਸ ਦਾ ਹਿਰਦੇ-ਰੂਪੀ ਕੰਵਲ ਫੁੱਲ ਖਿੜਦਾ ਹੈ।ਵਾਹਿਗੁਰੂ ਦੀ ਕਿਰਪਾ ਹੋਵੇਗੀ ਤਾਂ ਹੀ ਉਹ ਜੀਵ ਦੇ ਮਨ ਵਿਚ ਉਹ ਆਪ ਵਸੇਗਾ ਤੇ ਮਿਹਰਬਾਨ ਹੋਵੇਗਾ। ਪ੍ਰਭੂ ਦੀ ਮਿਹਰ ਨਾਲ ਮਨੁਖ ਦੀ ਮੱਤ ਸੁਧਰਦੀ ਹੈ । ਉਸ ਦੀ ਮਿਹਰ ਵਿਚ ਸਾਰੇ ਖਜ਼ਾਨੇ ਹਨ ਜਿਸ ਨੂੰ ਕਿਸੇ ਵੀ ਕੋਸ਼ਿਸ਼ ਨਾਲ ਨਹੀਂ ਪਰ ਉਸ ਦੀ ਸਵੱਲੀ ਨਜ਼ਰ ਨਾਲ ਹੀ ਪਾਇਆ ਜਾ ਸਕਦਾ ਹੈ:

ਆਪਿ ਜਪਾਏ ਜਪੈ ਸੋ ਨਾਉ ॥ ਆਪਿ ਗਾਵਾਏ ਸੁ ਹਰਿ ਗੁਨ ਗਾਉ ॥ ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ ਪ੍ਰਭੂ ਦਇਆ ਤੇ ਕਮਲ
ਬਿਗਾਸੁ ॥ ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ ਪ੍ਰਭ ਦਇਆ ਤੇ ਮਤਿ ਊਤਮ ਹੋਇ ॥ ਸਰਬ ਨਿਧਾਨ ਪ੍ਰਭ ਤੇਰੀ ਮਇਆ ॥ ਆਪਹੁ ਕਛੂ ਨ ਕਿਨਹੂ ਲਇਆ ॥ ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥ ਨਾਨਕ ਇਨ ਕੈ ਕਛੂ ਨ ਹਾਥ ॥ ੮ ॥ ਪੰਨਾ ੨੭੧)

ਗੁਰੂ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਤੇਰੀ ਕਿਰਪਾ ਹੋਵੇ ਤਾਂ ਹੀ ਤੇਰਾ ਨਾਮ ਜਪਿਆ ਜਾ ਸਕਦਾ ਹੈ ਤੇ ਤੇਰੇ ਦਰਬਾਰ ਵਿਚ ਸਥਾਨ ਮਿਲ ਸਕਦਾ ਹੈ। ਤੇਰੇ ਬਿਨ ਪਾਰਬ੍ਰਹਮ ਹੋਰ ਕੋਈ ਨਹੀਂ, ਸਾਰੇ ਸਦੀਵੀ ਸੁੱਖ ਤੇਰੀ ਕਿਰਪਾ ਤੇ ਹੀ ਮਿਲਦੇ ਹਨ। ਜਦ ਤੂੰ ਮਨ ਵਿਚ ਵਸ ਜਾਂਦਾ ਹੈਂ ਤਾਂ ਕੋਈ ਦੁੱਖ ਨਹੀਂ ਲਗਦਾ, ਸਾਰੇ ਭਰਮ ਤੇ ਡਰ ਹਟ ਜਾਂਦੇ ਹਨ। ਪਾਰਬ੍ਰਹਮ
ਸੰਸਾਰ ਦਾ ਸਦੀਵੀ ਸੁਆਮੀ ਹੈ ਤੇ ਹਰ ਥਾਂ ਕੋਨੇ ਬਾਰੇ ਜਾਣੀ ਜਾਣ ਹੈ।ਇਸੇ ਲਈ ਸਚੇ ਸਤਿਗੁਰੂ ਪਰਮਾਤਮਾਮੇਰੀ ਤੇਰੇ ਅਗੇ ਅਰਦਾਸ ਹੈ ਕਿ ਮੈਂਨੂੰ ਸੱਚੇ ਨਾਮ ਦੀ ਪੂੰਜੀ ਪ੍ਰਾਪਤ ਹੋਵੇ:

ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥ ੧ ॥ ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥ ੧ ॥ ਰਹਾਉ ॥ ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥ ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥ ੨ ॥ ਪਾਰਬ੍ਰਹਮ
ਅਪਰੰਪਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ੩ ॥ ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ ਨਾਨਕ ਨਾਮੁ ਮਿਲੈ
ਸਚੁ ਰਾਸਿ ॥ ੪ ॥ ੬੪ ॥ ੧੩੩ ॥ (ਪੰਨਾ ੧੯੨)

ਗੁਰੂ ਜੀ ਉਸ ਕਿਰਪਾ ਦੀ ਖਾਣ ਕਿਰਪਾਲੂ, ਦੀਨ ਦਿਆਲ ਨੂੰ ਧਿਆਉਣ ਦੀ ਤਾਕੀਦ ਕਰਦੇ ਹਨ:
ਕਿਰਪਾ ਨਿਧਿ ਕਿਰਪਾਲ ਧਿਆਵਉ।। (ਪੰਨਾ ੧੮੩)
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ।। (ਪੰਨਾ ੮੨੬)

ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਪ੍ਰਭ ਦੀ ਸਿਫਤ ਸਲਾਹ ਗਾਈ ਜਾ ਸਕਦੀ ਹੈ ਅਤੇ ਉਸ ਦਾ ਨਾਮ ਜਪਿਆ ਜਾ ਸਕਦਾ ਹੈ ਤੇ ਗੁਰ ਤੋਂ ਮਿਲੇ ਸ਼ਬਦ (ਨਾਮ) ਦੀ ਕਮਾਈ ਹੋ ਸਕਦੀ ਹੈ ਤੇ ਨਾਮ ਨਾਲ ਜੁੜ ਹੁੰਦਾ ਹੈ ਤੇ ਸਹਜੇ ਸਹਜੇ ਵਾਹਿਗੁਰੂ ਨਾਲ ਰਚ ਮਿਚ ਜਾਈਦਾ ਹੈ:
ਕਿਰਪਾ ਕਰਹਿ ਗਾਵਾ ਪ੍ਰਭ ਸੋਇ।। (ਪੰਨਾ ੨੩੨)
ਕਿਰਪਾ ਕਰਕੇ ਨਾਮ ਦ੍ਰਿੜਾਈ ।। (ਪੰਨਾ ੩੨੬)
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦਿ ਕਮਾਹਿ।। (ਪੰਨਾ ੪੬੬)
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ।। (ਪੰਨਾ ੬੫੨)
ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ।। (ਪੰਨਾ ੪੦੮)

ਗੁਰੂ ਜੀ ਵਾਹਿਗੁਰੂ ਅੱਗੇ ਦਇਆ ਦੀ ਗੁਜ਼ਾਰਿਸ਼ ਕਰਦੇ ਉਸ ਦੀ ਮਿਹਰ ਦੀ ਆਸ਼ਾ ਰਖਦੇ ਹੋਏ ਨਾਮ ਝੋਲੀ ਪਾਉਣ ਦੀ ਮੰਗ ਕਰਦੇ ਹਨ:

ਮਿਹਰ ਦਇਆ ਕਰ ਕਰਨੈਹਾਰ।। (ਪੰਨਾ ੮੯੭)
ਮਿਹਰ ਕਰੇ ਜਿਸੁ ਮਿਹਰਬਾਨੁ ਤਾ ਕਾਰਜੁ ਆਵੈ ਰਾਸਿ।। (ਪੰਨਾ ੪੪)
ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ।। (ਪੰਨਾ ੧੦੩)
ਮਿਹਰ ਕਰੇ ਤਾ ਖਸਮ ਧਿਆਈ।। (ਪੰਨਾ ੧੦੨੦)

ਪਰਮਾਤਮਾ ਦੇ ਗੁਣਾਂ ਦਾ ਸਿਮਰਨ ਕਰਨ ਲਈ ਚਿਤਾਰਦਿਆਂ ਗੁਰੂ ਅਰਜਨ ਦੇਵ ਜੀ ਉਚਾਰਦੇ ਹਨ ਜਿਸ ਨੇ ਕਿਸ ਮੂਲ ਤੋਂ ਤੇਰੀ ਕੇਹੀ ਸੁੰਦਰ ਦੇਹੀ ਰਚੀ ਹੈ, ਜਿਸਨੇ ਤੈਨੂੰ ਸਿਰਜ ਕੇ ਸੰਵਾਰਿਆ ਤੇ ਮਾਤਾ ਦੇ ਗਰਭ ਦੀ ਅੱਗ ਵਿਚ ਤੈਨੂੰ ਬਚਾ ਕੇ ਰੱਖਿਆ।ਬਾਲ ਅਵਸਥਾ ਵਿਚ ਤੈਨੂੰ ਦੁਧ ਪਿਲਾਇਆ, ਪੂਰੀ ਜਵਾਨੀ ਵਿਚ ਭੋਜਨ ਤੇ ਫਿਰ ਸੁੱਖਾਂ ਦਾ ਧਿਆਨ ਰਖਿਆ। ਬਿਰਧ ਹੋਇਆ ਤਾਂ ਅੰਗ ਸਾਕ ਸੇਵਾ ਲਈ ਲਾ ਦਿਤੇ ਜੋ ਬੈਠੇ ਬਿਠਾਏ ਦੇ ਮੂੰਹ ਵਿਚ ਬੁਰਕੀਆਂ ਪਾਉਂਦੇ ਰਹੇ। ਗੁਰੂ ਜੀ ਫੁਰਮਾਉਂਦੇ ਹਨ ਕਿ ਨਿਰਗੁਣ ਬੰਦਿਆ ਤੂੰ ਪ੍ਰਭੂ ਦੀਆਂ ਵਡਮੁਲੀਆਂ ਦੇਣਾ ਨੂੰ ਸਮਝਦਾ ਬੁਝਦਾ ਨਹੀਂ । ਤੈਨੂੰ ਤਾਂ ਪਰਮਾਤਮਾ ਆਪ ਹੀ ਬਖਸ਼ਿਸ਼ ਕਰੇ ਤਾਂ ਤੇਰਾ ਮੁਕਤੀ ਹੋਵੇ।

ਰਮਈਆ ਕੇ ਗੁਨ ਚੇਤਿ ਪਰਾਨੀ ॥ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥ ਬਿਰਧਿ ਭਇਆ ਊਪਰਿ ਮਾ॥ ੧ ॥(ਪੰਨਾ ੨੬੬)


ਪ੍ਰਭੂ ਤੋਂ ਕਿਰਪਾ ਦੀ ਦੀ ਵਾਰ ਵਾਰ ਮੰਗ ਨਾਮ ਜਪਾਉਣ, ਅਪਣੇ ਵਿਚ ਮਿਲਾਕੇ ਮੁਕਤ ਕੀਤੇ ਜਾਣ ਦੀ ਹੈ:

ਕਿਰਪਾ ਧਾਰ ਰਹੀਮ।। (ਪੰਨਾ ੮੮੫)
ਕਰਿ ਕਿਰਪਾ ਪ੍ਰਭ ਦੀਨ ਦਇਆਲਾ।। (ਪੰਨਾ ੫੬੩)
ਕਰਿ ਕਿਰਪਾ ਪ੍ਰਭ ਸੱਚੇ ਸਿਰਜਣਹਾਰ।। (ਪੰਨਾ ੧੨੫੧)
ਕਰਿ ਕਿਰਪਾ ਪ੍ਰਭ ਪਾਰਬ੍ਰਹਮ ਤੇਰਾ ਜਸ ਗਾਉ।। (ਪੰਨਾ ੪੦੫)
ਕਰਿ ਕਿਰਪਾ ਪ੍ਰਭ ਦੇਹੁ ਨਾਉ।। (ਪੰਨਾ ੧੧੯੩)
ਕਰਿ ਕਿਰਪਾ ਪ੍ਰਭ ਆਪਿ ਮਿਲਾਏ।। (ਪੰਨਾ ੨੯੫)
ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ (ਪੰਨਾ ੮੯੮)

ਪ੍ਰਸਾਦਿ- ਗੁਰਬਾਣੀ ਵਿਚ ਕਿਰਪਾ, ਮਿਹਰ, ਨਦਰ, ਬਖਸ਼ਿਸ਼, ਦਿਆਲਤਾ ਆਦਿ ਭਾਵਾਂ ਵਿਚ ਹੈ ।ਕਿਰਪਾ ਦਾ ਮਹਤਵ ਗੁਰੂ ਅਰਜਨ ਦੇਵ ਜੀ ਸੁਖਮਨੀ ਵਿਚ ਬਖੂਬੀ ਬਿਆਨਦੇ ਉਚਾਰਦੇ ਹਨ: ਹੇ ਜੀਵ ਜਿਸਦੀ ਕਿਰਪਾ ਸਦਕਾ ਤੂੰ ਧਰਤੀ ਉਤੇ ਸੁਖੀ ਵਸਦਾ ਹੈਂ, ਪੁੱਤਰ, ਭਾਈ, ਮਿੱਤਰ ਤੇ ਪਤਨੀ ਨਾਲ ਹਸਦਾ ਖੇਡਦਾ ਹੈਂ, ਜਿਸਦੀ ਕਿਰਪਾ ਸਦਕਾ ਤੂੰ ਸੀਤਲ ਜਲ ਪੀਂਦਾ ਹੈਂ, ਸੁੱਖ ਦੇਣ ਵਾਲੀ ਹਵਾ ਤੇ ਅਗਨੀ ਦਾ ਅਨਮੋਲ ਸੁੱਖ ਮਾਣਦਾ ਹੈਂ; ਜਿਸਦੀ ਕਿਰਪਾ ਸਦਕਾ ਤੂੰ ਸਭ ਪਦਾਰਥਾਂ ਦ ੇਰਸ ਭੋਗਦਾ ਹੈਂ ਤੇ ਸਾਰੇ ਸੁਖ ਦਾਇਕ ਸਮਾਨ ਸਮੇਤ ਸੁਖੀ ਵਸ ਰਿਹਾ ਹੈਂ: ਜਿਸਨੇ ਤੈਨੂੰ ਅਣਮੁਲੇ ਹੱਥ, ਪੈਰ, ਕੰਨ, ਅੱਖਾਂ ਤੇ ਜੀਭ ਦੀ ਦਾਤ ਬਖਸ਼ੀ ਹੈ ਉਸ ਨੂੰ ਵਿਸਾਰ ਕੇ ਕਿਸੇ ਹੋਰ ਨਾਲ ਪ੍ਰੀਤ ਪਾਉਂਦਾ ਹੈਂ। ਅਜਿਹੇ ਦੋਸ਼ਾਂ ਭਰੇ ਮੂਰਖ ਅਗਿਆਨੀ ਨੂੰ ਪ੍ਰਭੂ ਆਪ ਮਿਹਰ ਕਰ ਕੇ ਹਨੇਰੇ ਵਿਚੋਂ ਕੱਢ ਲੈਂਦਾ ਹੈ।ਕ੍ਰਿਪਾਲੂ ਪਰਮਾਤਮਾ ਦੀ ਕਿਰਪਾ ਨਾਲ ਜੋ ਮੰਗੀਆਂ ਅਣਮੰਗੀਆਂ ਅਣਗਿਣਤ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਨੂੰ ਯਾਦ ਕਰਦਿਆਂ ਵਾਹਿਗੁਰੂ ਨੂੰ ਯਾਦ ਰਖਣ ਦੀ ਪ੍ਰੇਰਣਾ ਕੀਤੀ ਗਈ ਹੈ।ਉਹੀ ਜਨ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਉਹ ਆਪ ਜਪਾਉਂਦਾ ਹੈ, ਉਹੀ ਮਨੁਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਉਣ ਲਈ ਪ੍ਰੇਰਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ ਮਨ ਵਿਚ ਗਿਆਨ ਦਾ ਚਾਨਣ ਹੁੰਦਾ ਹੈ ਤੇ ਉਸ ਦਾ ਹਿਰਦੇ-ਰੂਪੀ ਕੰਵਲ ਫੁੱਲ ਖਿੜਦਾ ਹੈ।ਵਾਹਿਗੁਰੂ ਦੀ ਕਿਰਪਾ ਹੋਵੇਗੀ ਤਾਂ ਹੀ ਉਹ ਜੀਵ ਦੇ ਮਨ ਵਿਚ ਉਹ ਆਪ ਵਸੇਗਾ ਤੇ ਮਿਹਰਬਾਨ ਹੋਵੇਗਾ। ਪ੍ਰਭੂ ਦੀ ਮਿਹਰ ਨਾਲ ਮਨੁਖ ਦੀ ਮੱਤ ਸੁਧਰਦੀ ਹੈ ।ਉਸ ਦੀ ਮਿਹਰ ਵਿਚ ਸਾਰੇ ਖਜ਼ਾਨੇ ਹਨ ਜਿਸ ਨੂੰ ਹੋਰ ਕਿਸੇ ਵੀ ਕੋਸ਼ਿਸ਼ ਨਾਲ ਨਹੀਂ ਪਰ ਉਸ ਦੀ ਸਵੱਲੀ ਨਜ਼ਰ ਨਾਲ ਹੀ ਪਾਇਆ ਜਾ ਸਕਦਾ ਹੈ।ਵਾਹਿਗੁਰੂ ਅੱਗੇ ਦਇਆ ਦੀ ਗੁਜ਼ਾਰਿਸ਼ ਕਰਨਾ ਤੇ ਉਸ ਦੀ ਮਿਹਰ ਦੀ ਆਸ਼ਾ ਰਖਕੇ ਨਾਮ ਝੋਲੀ ਪਾਉਣ ਦੀ ਮੰਗ ਕਰਨਾ ਤੇ ਗੁਰ ਪਸਾਦਿ ਪ੍ਰਾਪਤ ਕਰਨਾ ਹੀ ਹਰ ਸਿੱਖ ਦੀ ਲੋਚਾ ਹੈ।
 
📌 For all latest updates, follow the Official Sikh Philosophy Network Whatsapp Channel:

Latest Activity

Top