• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Panjabi Final Shlok Jap Banee Exegesis As Per Sggs

Dalvinder Singh Grewal

Writer
Historian
SPNer
Jan 3, 2010
1,245
421
78
ਪਵਣੁ ਗੁਰੂ ਪਾਣੀ ਪਿਤਾ

Col Dr Dalvinder Singh Grewal

ਜਪੁਜੀ ਸਾਹਿਬ ਦੇ ਅਰੰਭ ਵਿਚ ਗੁਰੂ ਨਾਨਕ ਦੇਵ ਜੀ ‘ੴ ਤੋਂ ਗੁਰਪ੍ਰਸਾਦਿ ਤੱਕ ਮੰਗਲਾ-ਚਰਨ ਦੁਆਰਾ ਅਕਾਲ-ਪੁਰਖ ਗੁਣ-ਨਿਧਾਨ ਵਾਹਿਗੁਰੂ ਦਾ ਗੁਣਾਤਮਿਕ ਦਰਸ਼ਨ ਕਰਵਾਉਂਦੇ ਹਨ ਤੇ ਪ੍ਰਮਾਤਮਾਂ ਦਾ ਨਾਮ ਜਪਣ ਦੀ ਹਿਦਾਇਤ ਕਰਦੇ ਹਨ ਜਿਸ ਪਿਛੋਂ ਇਕ ਸਲੋਕ ਦਰਜ ਕੀਤਾ ਹੈ ‘ਸਚੁ’ ਬਾਰੇ : ਫਿਰ ੩੮ ਪਉੜੀਆਂ ਹਨ ਤੇ ਅਖ਼ੀਰ ਵਿੱਚ “ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।” ਵਾਲਾ ਸਲੋਕ ਹੈ । ਇਹ ਸਲੋਕ ਦੂਜੀ ਪਾਤਸ਼ਾਹੀ ਦੇ ਨਾਮ ਹੇਠਾਂ ਮਾਝ ਰਾਗ ਵਿਚ ਪੰਨਾਂ ੨੪੬ ਉਪਰ ਵੀ ਆਇਆ ਹੈ। ਕੇਵਲ ਉਥੇ ਫਰਕ ਇਹ ਹੈ ਕਿ ‘ਦਿਵਸੁ’ ਦੀ ਥਾਂ ‘ਦਿਨਸੁ’ ਹੈ ਅਤੇ ‘ਹੋਰ ਕੇਤੀ ਛੁਟੀ ਨਾਲਿ’ ਲਿਖਿਆ ਹੈ।

‘ਆਦਿ ਸਚੁ, ਜੁਗਾਦਿ ਸਚੁ’ ਵਾਲਾ ਅਰੰਭਕ ਸਲੋਕ ਜਪੁਜੀ ਸਾਹਿਬ ਦੀ ਭੂਮਿਕਾ ਹੈ, ਜਿਸ ਰਾਹੀਂ ਜਪੁ ਬਾਣੀ ਦਾ ਮਨੋਰਥ ਪ੍ਰਗਟ ਕੀਤਾ ਗਿਆ ਹੈ। ਉਹ ਹੈ ਮਨੁਖਤਾ ਨੂੰ ਸਦਾ ਥਿਰ ਅਕਾਲ ਪੁਰਖ ਦੇ ਜਪੁ ਅਥਵਾ ਸਿਮਰਨ ਰਾਹੀਂ ਸੱਚਖੰਡ-ਵਾਸੀ ਸਚਿਆਰ ਬਣ ਕੇ ਜੀਊਣ ਦੀ ਕੁਦਰਤੀ ਜੁਗਤਿ ਸਮਝਾਉਣਾ। ੩੮ ਪਉੜੀਆਂ ਉਸ ਜੁਗਤਿ ਦੀਆਂ ਵਿਸ਼ੇਸ਼ ਵਿਆਖਿਆ ਕਰਦੀਆਂ ਹਨ। ਸਾਹਿਤਕ ਭਾਸ਼ਾ ਵਿੱਚ ਅਰੰਭਕ ਸਲੋਕ ਨੂੰ ਉਪਕ੍ਰਮ ਅਤੇ ਅਖੀਰਲੇ ਸਲੋਕ ਨੂੰ ਉਪਸੰਹਾਰ ਆਖਿਆ ਜਾਂਦਾ ਹੈ, ਜਿਸ ਵਿੱਚ ਸਾਰੀ ਰਚਨਾ ਦਾ ਸਾਰੰਸ਼ ਦਿੱਤਾ ਹੁੰਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਜਪੁਜੀ ਸਾਹਿਬ ਦਾ ਅਖ਼ੀਰਲਾ ਸਲੋਕ ਜਪੁਜੀ ਸਾਹਿਬ ਦਾ ਸਾਰ-ਤੱਤ ਹੈ। ਸੰਸਾਰ ਦੇ ਜੀਵਾਂ ਦੀ ਉਤਪਤੀ, ਪਾਲਣਾ, ਚੰਗੇ ਮੰਦੇ ਕਰਮਾਂ ਦਾ ਵਿਚਾਰ, ਜੀਵਨ ਦੀ ਸਫਲਤਾ ਆਦਿ ਵਿਸ਼ਿਆਂ ਦਾ ਵਰਨਣ ਕੀਤਾ ਹੈ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ
ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।”


ਇਸ ਗੁਰਵਾਕ ਰਾਹੀਂ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਜਗਤ ਲਈ ਪਵਣ ਅਰਥਾਤ ਹਵਾ ਇਉਂ ਹੈ, ਜਿਵੇਂ ਆਤਮਕ ਤੌਰ ਤੇ ਜ਼ਿੰਦਾ ਰਹਿਣ ਲਈ ਗੁਰੂ। ਕਿਉਂਕਿ, ਜੀਵਾਂ ਅੰਦਰ ਚੱਲਣ ਵਾਲੇ ਪ੍ਰਾਣ, ਪਵਣ ਦਾ ਹੀ ਇੱਕ ਰੂਪ ਹਨ, ਜਿਨ੍ਹਾਂ ਤੋਂ ਬਿਨਾਂ ਸਰੀਰਕ ਤਲ ਤੇ ਜ਼ਿੰਦਾ ਰਹਿ ਸਕਣਾ ਅਸੰਭਵ ਹੈ। ਪਉਣ ਨਾ ਹੋਵੇ ਤਾਂ ਸਾਹ ਲੈਣ ਬਿਨਾਂ ਜੀਵ ਤੁਰੰਤ ਮਰ ਜਾਣ। ਜਗਤ ਖੇਲ੍ਹ ਵਿਚ ਜੀਵ ਪ੍ਰਮਾਤਮਾਂ ਦੀ ਬਣਾਈ ਖੇਡ ਦਾ ਮੁਹਰਾ ਹੈ। ਪਉਣ ਪਾਣੀ ਤੇ ਅਗਨੀ ਨੂੰ ਮੇਲ ਕੇ ਜੀਵਾਂ ਨੂੰ ਤਿਆਰ ਕੀਤਾ ਗਿਆ ਹੈ:

ਪਉਣੁ ਪਾਣੀ ਅਗਨੀ ਮਿਲਿ ਜੀਆ॥ (ਮਾਰੂ ਮ: ੧, ਪੰਨਾ ੧੦੨੬)

ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ॥ ਤੁਖਾਰੀ, ਮ: ੧੧੧੩)

ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ॥ (ਮਾਰੂ ੧, ਪੰਨਾ ੧੦੨੦)

ਪ੍ਰਾਣੀਆਂ ਦੇ ਸਰੀਰਾਂ ਅਤੇ ਸਾਜਾਂ ਆਦਿਕ ਰਾਹੀਂ ਪੈਦਾ ਹੋਣ ਵਾਲੀ ਜਿਤਨੀ ਵੀ ਸ਼ਬਦ ਧੁਨੀ ਹੈ, ਭਾਵੇਂ ਜੀਵਾਂ ਦੀਆਂ ਅਵਾਜ਼ਾਂ ਹੋਣ ਤੇ ਹੋਰ ਗੱਲ-ਬਾਤ ਹੋਵੇ ਅਤੇ ਭਾਵੇਂ ਰਾਗ ਨਾਦ ਹੋਣ, ਸਭ ਦਾ ਅਧਾਰ ਹਵਾ ਹੈ। ਜੇ ਹਵਾ ਨਾ ਹੋਵੇ ਤਾਂ ਕਿਸੇ ਤਰ੍ਹਾਂ ਦੀ ਕੋਈ ਅਵਾਜ਼ ਪੈਦਾ ਹੀ ਨਹੀਂ ਹੋ ਸਕਦੀ ਅਤੇ ਨਾ ਹੀ ਅਵਾਜ਼ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਹੈ।

ਜਿਵੇਂ ਗੁਰੂ ਦੇ ਗਿਆਨ ਤੋਂ ਬਿਨਾਂ ਜੀਵ ਆਤਮਾ ਮੁਰਦਾ ਹੈ, ਪਉਣ ਉਹ ਗੁਰੂ ਹੈ, ਜੋ ਸਰੀਰਾਂ ਵਿਚ ਜੀਵਨ ਭਰਦੀ ਹੈ।ਪਵਨ ਹੀ ਹੈ ਜੋ ਗੁਰੂ ਰੂਪ ਬਣ ਕੇ ਸਾਰੀਆਂ ਸੂਝ ਸ਼ਕਤੀਆਂ ਪ੍ਰਦਾਨ ਕਰਦੀ ਹੈ ਤੇ ਸੋਚਣ ਲਾਉਂਦੀ ਹੈ, ਜੀਵਨ ਦਾ ਉਦੇਸ਼ ਤੇ ਉਪਦੇਸ਼ ਦਿੰਦੀ ਹੈ ਤੇ ਸਾਰਾ ਜੀਵਨ ਮੁਕਤੀ ਗਿਆਨ ਦਿੰਦੀ ਹੈ। ਗਿਆਨ ਸ਼ਬਦ ਰਾਹੀਂ ਹੁੰਦਾ ਹੈ, ਸਰੀਰ ਰਾਹੀਂ ਨਹੀਂ। ਸ਼ਬਦ ਦੀ ਉਤਪਤੀ ਪਉਣ ਤੋਂ ਹੈ।ਇਸ ਲਈ ਪਹਿਲੀ ਸਟੇਜ ਵਿਚ ਜਦ ਸ਼ਬਦ ਪ੍ਰਾਪਤੀ ਤੋੰ ਪਹਿਲਾਂ ਅਚੇਤ ਅਵਸਥਾ ਵਿਚ ਹਰੇਕ ਜੀਵ ਨੂੰ ਸਾਧਾਰਣ ਗਿਆਨ ਹਵਾ ਰਾਹੀਂ ਹੀ ਹੁੰਦਾ ਹੈ। ਜਿਵੇਂ ਇਕ ਪਸ਼ੂ ਨੂੰ ਪਾਣੀ ਪੀਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਇਕ ਸੰਕੇਤਕ ਸ਼ਬਦ ‘ਛੀ’ ਵਰਤਿਆ ਜਾਂਦਾ ਹੈ ਕਿ ਮੈਨੂੰ ਪਾਣੀ ਪੀਣ ਲਈ ਪ੍ਰੇਰਿਆ ਜਾ ਰਿਹਾ ਹੈ। ਜਿਵੇਂ ਤੱਤੀ ਠੰਢੀ ਹਵਾ ਦਾ ਗਿਆਨ ਮਨੁੱਖ ਨੂੰ ਹਵਾ ਤੋਂ ਹੋ ਜਾਂਦਾ ਹੈ ਇਸੇ ਤਰ੍ਹਾਂ ਸ਼ੁਧ ਸ਼ਬਦ ਰਾਹੀਂ ਮਨੁਖ ਨੂੰ ਹਵਾ ਤੋਂ ਸ਼ੁਧ ਗਿਆਨ ਮਿਲਦਾ ਹੈ।ਤੇ ਫਿਰ ਬ੍ਰਹਮ ਸ਼ਬਦ ਤੋਂ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ।ਗੁਰਬਾਣੀ ਦੇ ਰੂਪ ਵਿੱਚ ਜਿਤਨੇ ਵੀ ਸ਼ਬਦ ਗੁਰੂ ਸਾਹਿਬਾਨ ਤੇ ਵਖ ਵਖ ਭਗਤ-ਜਨਾਂ ਵਲੋਂ ਉਚਾਰਨ ਕੀਤੇ ਗਏ ਹਨ, ਉਹ ਵੀ ਹਵਾ ਦੇ ਸਹਾਰੇ ਹੀ ਪ੍ਰਗਟ ਹੋਏ ਹਨ।

ਪਾਣੀ ਪਿਤਾ ਹੈ, ਪਾਣੀ ਤੋਂ ਵੀਰਜ ਤੇ ਰਕਤ ਬਣਦੇ ਹਨ ਤੇ ਵੀਰਜ, ਰਕਤ ਤੋਂ ਸਰੀਰ। ਇਸੇ ਲਈ ਕਿਹਾ ਗਿਆ ਹੈ:

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ॥ (ਆਸਾ ਮ: ੧, ਪੰਨਾ ੪੭੨)

ਇਸੇ ਲਈ ਪਾਣੀ ਨੂੰ ਪਿਤਾ ਕਿਹਾ ਗਿਆ ਹੈ। ਮਹਾਨ ਧਰਤੀ ਮਾਤਾ ਹੈ, ਅੰਨ ਆਦਿ ਦੇ ਕੇ ਜੀਵਾਂ ਨੂੰ ਆਪਣੀ ਗੋਦ ਵਿਚ ਸਹਾਰਾ ਦੇ ਕੇ ਪਾਲਦੀ ਹੈ।ਹਵਾ ਗੁਰੂ, ਜਲ ਬਾਬਲ, ਅਤੇ ਜ਼ਮੀਨ ਜਿਸ ਦਾ ਪੇਟ ਸਾਨੂੰ ਲੋੜੀਂਦੀਆਂ ਵਸਤਾਂ ਦਿੰਦਾ ਹੈ ਧਰਤੀ ਸਾਡੀ ਵੱਡੀ ਅੰਮਾਂ ਜਾਣੀ ਜਾਂਦੀ ਹੈ ਪਾਣੀ ਜਗਤ ਲਈ ਇਉਂ ਹੈ, ਜਿਵੇਂ ਪ੍ਰਾਣੀਆਂ ਲਈ ਪਿਤਾ ਅਤੇ ਧਰਤੀ ਇਉਂ ਹੈ, ਜਿਵੇਂ ਮਹਾਨ ਮਾਤਾ। ਮਹਾਨ ਧਰਤੀ ਵੱਡੀ ਅੰਮਾਂ ਵਾਂਗੂੰ ਖਾਣ ਨੂੰ, ਪੀਣ ਨੂੰ, ਰਹਿਣ ਨੂੰ ਪਹਿਨਣ ਨੂੰ, ਖੇਡਣ ਨੂੰ, ਮਲ੍ਹਣ ਨੂੰ ਦਿੰਦੀ ਹੈ ਤੇ ਵੱਡੀ ਬੇਬੇ ਵਾਂਗੂੰ ਪੂਰਾ ਧਿਆਨ ਰੱਖਕੇ ਜੀਵਨ ਸਾਰਥਕ ਬਣਾਉਂਦੀ ਹੈ। ਕਿਉਂਕਿ, ਜਿਵੇਂ ਪਿਤਾ ਅਤੇ ਮਾਤਾ ਦੇ ਸਰੀਰਕ ਸੰਜੋਗ ਤੋਂ ਜੀਵਾਂ ਦਾ ਜਨਮ ਹੁੰਦਾ ਹੈ, ਮਾਂ ਆਪਣੀ ਕੁਖ ਵਿੱਚ ਬੱਚੇ ਨੂੰ ਪਾਲਦੀ ਹੈ। ਤਿਵੇਂ ਹੀ ਪਾਣੀ ਅਤੇ ਧਰਤੀ ਦੇ ਸੰਜੋਗ ਤੋਂ ਹੀ ਜੀਵਾਂ ਦੀ ਉਤਪਤੀ ਤੇ ਪਾਲਣਾ ਦਾ ਸਿਲਸਲਾ ਚਲਦਾ ਹੈ।
ਮਨੁਖੀ ਸਰੀਰ ਦਾ ਪੁਤਲਾ ਵੀ ਤਾਂ ਪਿਤਾ ਦੇ ਵੀਰਜ ਰੂਪ ਪਾਣੀ ਅਤੇ ਮਾਂ ਦੀ ਰਕਤ ਰੂਪ ਮਿੱਟੀ ਦੇ ਮੇਲ ਤੋਂ ਹੀ ਹੋਂਦ ਵਿੱਚ ਆਇਆ ਹੈ, ਜਿਹੜਾ ਪ੍ਰਾਣਾਂ ਦੇ ਰੂਪ ਵਿੱਚ ਹਵਾ ਦੇ ਥੰਮਾਂ ਉਤੇ ਖੜਾ ਹੈ ‘ਪਾਣੀ ਪਿਤਾ ਜਗਤ ਕਾ, ਫਿਰਿ ਪਾਣੀ ਸਭੁ ਖਾਇ।। (ਮ:੪, ਪੰਨਾ ੧੨੪੦) ਗੁਰਵਾਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਤ ਹੈ। ਪਵਨ, ਪਾਣੀ, ਅਗਨੀ, ਧਰਤੀ ਤੇ ਅਕਾਸ਼ ਆਦਿਕ ਤੱਤਾਂ ਦੇ ਸੁਮੇਲ ਵਾਲੇ ਜਗਤ ਦੇ ਤ੍ਰਿਗੁਣੀ ਖੇਲ ਵਿੱਚ, ਹੁਕਮੀ ਪ੍ਰਭੂ ਆਪ ਹੀ ਹੁਕਮ ਰੂਪ ਹੋ ਕੇ ਇਹ ਸਾਰਾ ਖੇਲ ਖੇਡ ਰਿਹਾ ਹੈ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ (ਮ: ੧, ਪੰਨਾ ੯੪੩)

ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ (ਮ: ੧, ਪੰਨਾ ੫੦੪)

ਪਉਣੁ ਗੁਰੂ ਪਾਣੀ ਪਿਤ ਜਾਤਾ॥ ਉਦਰ ਸੰਜੋਗੀ ਧਰਤੀ ਮਾਤਾ॥ ( ਮਾਰੂ ਸੋਲਹੇ ਮ:੧, ਪੰਨਾ ੧੦੨੧)

ਪਉਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋ ਖੇਲੁ ਤਮਾਸਾ ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ਧਰਤਿ ਉਪਾਇ ਧਰੀ ਧਰਮ ਸਾਲਾ ਉਤਪਤਿ ਪਰਲਉ ਆਪਿ ਨਿਰਾਲਾ ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥ (ਮ: ੧, ਪੰਨਾ ੧੦੦੩)

ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ

ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥ (ਮ: ੧, ਪੰਨਾ ੮੮੪)
ਕਿਉਂਕਿ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸਿਖਿਆ ਸੁਣ ਕੇ ਸਮਝ ਆ ਜਾਂਦੀ ਹੈ ਕਿ ਪਵਣ, ਪਾਣੀ, ਅਗਨੀ ਅਤੇ ਧਰਤੀ ਤੇ ਅਕਾਸ਼ ਆਦਿਕ ਤੱਤਾਂ ਦੇ ਸੁਮੇਲ ਵਾਲੇ ਜਗਤ ਦੇ ਇਸ ‘ਤ੍ਰਿਗੁਣੀ ਖੇਲ ਵਿੱਚ, ਹੁਕਮੀ ਪ੍ਰਭੂ ਆਪ ਹੀ ਹੁਕਮ ਰੂਪ ਹੋ ਕੇ ਇਹ ਸਾਰਾ ਖੇਲ ਖੇਡ ਰਿਹਾ ਹੈ। ਦਿਨ ਤੇ ਰਾਤ ਦੋਵੇਂ ਦਾਈ ਤੇ ਦਾਇਆ ਹਨ ਜਿਨ੍ਹਾਂ ਨੂੰ ਉਹ ਦਾਈਆਂ ਦੁਕੜੇ ਦੀ ਖੇਡ ਖਿਡਾਂਦਾ ਹੈ।

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ

ਵੱਡੇ ਘਰਾਣਿਆਂ ਵਿੱਚ ਬੱਚਿਆਂ ਨੂੰ ਦਿਨ ਵੇਲੇ ਖਿਡਾਉਣ ਅਤੇ ਸੈਰ ਆਦਿਕ ਕਰਾਉਣ ਲਈ ਖਿਡਾਵਾ ਰੱਖਿਆ ਹੁੰਦਾ ਹੈ, ਜਿਸ ਨੂੰ ਦਾਇਆ ਕਿਹਾ ਜਾਂਦਾ ਹੈ। ਰਾਤ ਵੇਲੇ ਬੱਚਿਆਂ ਨੂੰ ਸੁਲਾਉਣ ਅਤੇ ਦੁੱਧ ਆਦਿਕ ਪਿਲਾਉਣ ਲਈ ਨੌਕਰਾਣੀ ਰੱਖੀ ਜਾਂਦੀ ਹੈ, ਉਸ ਨੂੰ ਦਾਈ ਕਿਹਾ ਜਾਂਦਾ ਹੈ। ਹਜ਼ੂਰ ਦਾ ਕਥਨ ਹੈ ਕਿ ਪ੍ਰਭੂ ਪਾਤਸ਼ਾਹ ਦੀ ਸੰਤਾਨ ਜਗਤ ਦੇ ਜੀਵਾਂ ਲਈ ‘ਦਿਵਸ ਰਾਤ ਦੁਇ ਦਾਈ ਦਾਇਆ’ ਹਨ। ਭਾਵ, ਦਿਨ ਤੇ ਰਾਤ ਦੋਵੇਂ ਦਾਈ ਅਤੇ ਦਾਇਆ ਦੇ ਰੂਪ ਵਿੱਚ ਖਿਡਾਵੇ ਹਨ, ਜਿਨ੍ਹਾਂ ਦੀ ਗੋਦ ਵਿੱਚ ‘ਖੇਲੇ ਸਗਲ ਜਗਤ’; ਸਾਰਾ ਸੰਸਾਰ ਖੇਲ ਰਿਹਾ ਹੈ। ਦਿਨ ਵੇਲੇ ਜੀਅ-ਜੰਤ ਕਈ ਤਰ੍ਹਾਂ ਦੇ ਕਿਰਿਆ ਕਰਮ ਕਰਦੇ ਹਨ ਅਤੇ ਰਾਤ ਨੂੰ ਅਰਾਮ ਕਰਨ ਲਈ ਸੌਂਦੇ ਹਨ।

ਰੈਣ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ॥ (ਮਾਰੂ ੧, ਪੰਨਾ ੧੦੨੧)

ਗੁਰੂ ਨਾਨਕ ਦੇਵ ਜੀ ਨੇ ਰਾਗ ਮਾਰੂ ਦੇ ਇੱਸ ਸ਼ਬਦ ਰਾਹੀਂ ਜਪਜੀ ਸਾਹਿਬ ਦੇ ਇਸ ਸ਼ਲੋਕ ਵਿੱਚਲੀ ਪਹਿਲੀ ਤੁਕ ਦੀ ਵਿਆਖਿਆ ਕਰਦਿਆਂ ਇਹ ਰਾਜ਼ ਖੋਲਿਆ ਹੈ ਕਿ ਪਵਣ, ਪਾਣੀ ਤੇ ਧਰਤੀ ਆਦਿਕ, ਜੋ ਸਰੀਰਕ ਪੱਖ ਤੋਂ ਸਾਡੀ ਹੋਂਦ ਦਾ ਆਧਾਰ ਜਾਪਦੇ ਹਨ, ਅਸਲ ਵਿੱਚ ਇਨ੍ਹਾਂ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਗਤ ਦਾ ਇਹ ਸਾਰਾ ਖੇਲ, ਖੇਲ ਰਿਹਾ ਹੈ। ਇਹ ਸਾਰੀ ਖੇਡ ਪ੍ਰਮਾਤਮਾਂ ਨੇ ਰਚਾਈ ਹੈ, ਜਿਸ ਵਿਚ ਰਾਤ ਤੇ ਦਿਨ ਛੂਹਾ ਛੁਹਾਈ ਖੇਡ ਰਹੇ ਹਨ ਤੇ ਨਾਲ ਹੀ ਸਾਰਾ ਜਗਤ ਵੀ ਖੇਡੀ ਜਾ ਰਿਹਾ ਹੈ।

ਪ੍ਰਮਾਤਮਾਂ ਨੇ ਇਸ ਖੇਲ੍ਹ ਵਿਚ ਸਭ ਨੂੰ ਕਿਸੇ ਨਾ ਕਿਸੇ ਕਾਰੇ ਲਾਇਆ ਹੈ ਤੇ ਸਭ ਨੂੰ ਆਪੋ ਆਪਣੇ ਕਾਰਜ ਨਿਭਾਉਣ ਦਾ ਹੁਕਮ ਹੈ। ਬੜੇ ਆਪਣਾ ਕੰਮ ਬੜੀ ਤਨਦੇਹੀ ਜੀ ਜਾਨ ਨਾਲ ਨਿਭਾਉਂਦੇ ਹਨ ਤੇ ਬੜੇ ਉਹ ਵੀ ਹਨ ਜੋ ਦਿਤੀ ਜ਼ਿਮੇਵਾਰੀ ਸਹੀ ਨਹੀੰ ਨਿਭਾਉਂਦੇ।ਕਈ ਚੰਗੇ ਕਰਮ ਕਰਦੇ ਹਨ ਤੇ ਕਈ ਬੁਰੇ। ਜੀਵਾਂ ਦੇ ਕੀਤੇ ਬੁਰੇ ਤੇ ਭਲੇ ਕੰਮ ਧਰਮ-ਕਰਮ ਦੀ ਤਕੜੀ ਤੇ ਤੋਲੇ ਜਾਂਦੇ ਹਨ।ਇਕ ਮਿਥ ਅਨੁਸਾਰ ਚਿਤਰ ਗੁਪਤ ਉਨ੍ਹਾਂ ਦੇ ਚੰਗੇ ਮਾੜੇ ਕੰਮਾਂ ਦਾ ਲਗਾਤਾਰ ਹਿਸਾਬ ਰੱਖ ਰਿਹਾ ਹੈ ਤੇ ਸਾਰਿਆਂ ਦੇ ਕੱਚੇ ਪੱਕੇ ਚਿਠੇ ਧਰਮ ਰਾਜ ਅੱਗੇ ਪੇਸ਼ ਕਰਦਾ ਹੈ ਜੋ ਸਾਰੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਵਾਚ ਕੇ ਉਸ ਦੇ ਸਾਰੇ ਕਰਮਾਂ ਦਾ ਨਿਚੋੜ ਕਢਦਾ ਹੈ ਤੇ ਫੈਸਲਾ ਦਿੰਦਾ ਹੈ ਕਿ ਇਸ ਨਾਲ ਅਗੋਂ ਕੀ ਕੀਤਾ ਜਾਵੇ:

ਚੰਗੈ ਮੰਦੈ ਆਪ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ॥ (ਰਾਮਕਲੀ ਮ: ੩, ਪੰਨਾ ੯੫੦)

ਸਾਨੂੰ ਬੋਧ ਹੋ ਜਾਣਾ ਜ਼ਰੂਰੀ ਹੈ ਕਿ ਇੱਕ ਓਹ ਹੀ ਹੈ ਸਾਰੀ ਸ੍ਰਿਸ਼ਟੀ ਦਾ ਮੂਲ ਹੈ । ਇੱਕ ਓਹ ਹੀ ਹੈ ਸੰਸਾਰ ਰੂਪ ਦਰਖ਼ਤ ਦਾ ਬੀਜ ਰੂਪ ਮੁੱਢ। ਇਸ ਲਈ ਜ਼ਰੂਰੀ ਹੈ ਕਿ ਸਾਡੇ ਜੀਵਨ ਵਿਹਾਰ ਵਿਚੋਂ ਰੱਬੀ ਗੁਣਾਂ ਦੇ ਝਲਕਾਰੇ ਵੱਜਣ। ਕਿਉਂਕਿ, ਫਲ ਵਿਚੋਂ ਬੀਜਕ ਗੁਣਾਂ ਦਾ ਪ੍ਰਗਟਾ ਹੋਣਾ ਸੁਭਾਵਿਕ ਹੈ। ਅਸਲ ਵਿੱਚ ਇਹੀ ਹੈ ਗੁਰਮਤਿ ਅਨੁਸਾਰ ਰਾਮ-ਨਾਮ ਪ੍ਰਗਾਸ, ਇਹੀ ਹੈ ਰੱਬੀ ਮਿਲਾਪ ਅਥਵਾ ਰੱਬ ਦਾ ਹਿਰਦੇ ਵਿੱਚ ਪ੍ਰਗਟ ਹੋਣਾ।

ਇਸ ਪ੍ਰਕਾਰ ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੀ ਹਸਤੀ ਹੋਂਦ ਦੇ ਵਿਖਰੇਵੇਂ ਦੀ ਹਉਮੈ ਵਾਲੀ ਕੂੜ ਦੀ ਪਾਲ ਨੂੰ ਢਾਹ ਕੇ ਜਿਹੜਾ ਮਨੁਖ ਰੱਬੀ ਹੋਂਦ ਦੇ ਵਿਸ਼ਵਾਸ਼ ਅਤੇ ਉਹਦੀ ਹਜ਼ੂਰੀ ਦੇ ਅਹਿਸਾਸ ਵਿੱਚ ਜਿਊਂਦਾ ਹੈ, ਉਸ ਕੋਲੋਂ ਕਿਸੇ ਵੀ ਖੇਤਰ ਵਿੱਚ ਕੋਈ ਅਜਿਹਾ ਬੁਰਾ ਕੰਮ ਹੋਣਾ ਅਸੰਭਵ ਹੋ ਜਾਂਦਾ ਹੈ, ਜਿਸ ਕਾਰਨ ਉਸ ਨੂੰ ਰੱਬੀ ਹਜ਼ੂਰੀ ਵਿੱਚ ਸ਼ਰਮਿੰਦਗੀ ਉਠਾਉਣੀ ਪਵੇ। ਕਿਉਂਕਿ, ਜਗਤ ਦਾ ਖੇਲ ਚਲਾ ਰਹੇ ਪਵਣ, ਪਾਣੀ ਤੇ ਧਰਤੀ ਆਦਿਕ ਅੰਗਾਂ ਦੁਆਰਾ ਉਸ ਨੂੰ ਕਈ ਤਰ੍ਹਾਂ ਰੱਬੀ-ਗੁਣ ਪ੍ਰਗਟ ਹੁੰਦੇ ਜਾਪਦੇ ਹਨ। ਅਜਿਹੇ ਕੁਦਰਤੀ ਅੰਗਾਂ ਨੂੰ ਉਹ ਸਧਾਰਨ ਪਦਾਰਥ ਦੇਖਣ ਦੀ ਥਾਂ ਸ੍ਰਿਸ਼ਟੀ ਦੇ ਮੂਲ ਅਕਾਲ-ਪੁਰਖ ਦਾ ਰੂਪ ਦੇਖਦਾ ਹੈ। ਦਿਨ ਅਤੇ ਰਾਤ ਉਸ ਨੂੰ ਆਪਣੇ ਕੀਤੇ ਕੰਮਾਂ ਦੇ ਗਵਾਹ ਦਿਸਣ ਲਗਦੇ ਹਨ। ਸੋ ਅਜਿਹੀ ਦਿਬ-ਦ੍ਰਿਸ਼ਟੀ ਹੋਣ ਕਰਕੇ ਜਿਥੇ ਉਹ ਭੈੜੇ ਕੰਮਾਂ ਤੋਂ ਬਚਿਆ ਰਹਿੰਦਾ ਹੈ; ਉਥੇ ਉਹ, ਪਵਣ ਤੋਂ ਰੱਬੀ ਰਜ਼ਾ ਵਿੱਚ ਚੱਲਦਿਆਂ ਸਮਾਨਤਾ ਅਤੇ ਕਿਸੇ ਦੀ ਮੁੱਠੀ ਵਿੱਚ ਬੰਦ ਨਾ ਹੋਣ ਦੀ ਭਾਵਨਾ ਦਾ ਗੁਣ, ਪਾਣੀ ਤੋਂ ਨਿਮਰਤਾ ਤੇ ਨਿਰਮਲਤਾ ਦਾ ਗੁਣ ਅਤੇ ਧਰਤੀ ਤੋਂ ਧੀਰਜ, ਖਿਮਾਂ ਤੇ ਸਹਿਨ-ਸ਼ੀਲਤਾ ਆਦਿਕ ਦੈਵੀ-ਗੁਣ ਗ੍ਰਹਿਣ ਕਰਕੇ ਜੀਊਣ ਲਈ ਯਤਨਸ਼ੀਲ ਰਹਿੰਦਾ ਹੈ।

ਭਗਤ ਕਬੀਰ ਜੀ ਦਾ ਕਥਨ ਹੈ ਕਿ ਐਸੀ ਰਹਿਤ ਰਹਿ ਕੇ ਮੈਂ ਹਰੀ ਦੇ ਪਾਸ ਰਹਿੰਦਾ ਹੈ। ਭਾਵ, ਆਪਣੇ ਆਪ ਨੂੰ ਹਰੀ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਮਹਿਸੂਸ ਕਰਦਾ ਹਾਂ। ਇਸ ਪ੍ਰਕਾਰ ਨਾਮ ਧਿਆਉਂਦਾ ਹੋਇਆ ਸਹਿਜ ਅਵਸਥਾ ਅਜਿਹੇ ਘਰ ਵਿੱਚ ਟਿਕ ਜਾਂਦਾ ਹੈ, ਜਿਥੇ ਮਨ ਦੇ ਭਟਕਣ ਦੀ ਕੋਈ ਸੰਭਾਵਨਾ ਹੀ ਨਹੀਂ ਰਹਿੰਦੀ। ਭਗਤ ਜੀ ਨੇ ਆਪਣੀ ਰਚਨਾ ਵਿੱਚ ਪਾਣੀ ਲਈ ਅਪ, ਅਗਨੀ ਲਈ ਤੇਜ, ਹਵਾ ਲਈ ਬਾਇ ਅਤੇ ਧਰਤੀ ਲਈ ਪ੍ਰਿਥਮੀ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੇ ਅੰਮ੍ਰਿਤ ਬਚਨ ਹਨ:
ਅਪੁ, ਤੇਜੁ, ਬਾਇ, ਪ੍ਰਿਥਮੀ ਆਕਾਸਾ।। ਐਸੀ ਰਹਤ ਰਹਉ ਹਰਿ ਪਾਸਾ।। ਕਹੈ ਕਬੀਰ ਨਿਰੰਜਨ ਧਿਆਵਉ।। ਤਿਤੁ ਘਰਿ ਜਾਉ ਜਿ ਬਹੁਰਿ ਆਵਉ।। ੪।। ੧੮।। (ਗਉੜੀ, ਭਗਤ ਕਬੀਰ, ਪੰਨਾ ੩੨੭)

ਦੁਨੀਆਂ ਚਲਾਉਣ ਲਈ ਜਿਥੇ ਚੰਗੇ ਕੰਮ ਜ਼ਰੂਰੀ ਹਨ ਉਥੇ ਮਾੜੇ ਕੰਮਾਂ ਦੀ ਵੀ ਜ਼ਰੂਰਤ ਹੁੰਦੀ ਹੈ।ਚੰਗੇ ਕੰਮ ਕਿਸ ਨੇ ਕਰਨੇ ਹਨ ਤੇ ਮਾੜੇ ਕਿਸ ਨੇ ਇਸ ਦੀ ਜ਼ਿਮੇਵਾਰੀ ਵੀ ਪ੍ਰਮਾਤਮਾਂ ਆਪ ਹੀ ਲਾਉਂਦਾ ਹੈ:

ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ।।

ਸਚਾ ਸਾਹਿਬ, ਸਾਚ ਨਾਇ ਗੁਰਵਾਕ ਅਨੁਸਾਰ ਗੁਰੂ ਦੇ ਸਮਨੁਖ ਹੋ ਕੇ ਜੀਊਣ ਵਾਲੇ ਵਡਭਾਗੀ ਬੰਦੇ ਅੰਦਰ, ਅਕਾਲਪੁਰਖ ਦੀ ਸਰਬ ਵਿਆਪਕ ਹੋਂਦ ਦਾ ਭਰੋਸਾ ਹੋਣ ਕਰਕੇ ਅਜਿਹਾ ਨਿਰਮਲ ਭਉ ਬਣਿਆ ਰਹਿੰਦਾ ਹੈ ਕਿ ਧਰਮਰਾਜ ਮਾਲਕ ਪ੍ਰਭੂ ਦੀ ਹਜ਼ੂਰੀ ਵਿੱਚ ਜੀਵਾਂ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ, ਚੰਗੇ ਤੇ ਮੰਦੇ ਕੰਮਾਂ ਨੂੰ ਵਿਚਾਰਦਾ ਹੈ। ਧਰਮੁ ਲਫ਼ਜ਼ ਇਥੇ ਧਰਮਰਾਜ ਦੇ ਅਰਥਾਂ ਵਿੱਚ ਮਾਨਵੀਕਰਨ ਅਲੰਕਾਰ ਵਿੱਚ ਵਰਤਿਆ ਹੈ। ਜਿਸ ਦਾ ਭਾਵ ਇਹ ਹੈ ਕਿ ਅਕਾਲ ਪੁਰਖ ਵਲੋਂ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਹੁਕਮ ਰੂਪੀ ਮਹਾਂ ਨਿਯਮ ਅਨੁਸਾਰ ਚੰਗੇ ਕੰਮ ਦਾ ਚੰਗਾ ਫਲ ਅਤੇ ਮੰਦੇ ਕੰਮ ਦਾ ਮੰਦਾ ਫਲ ਜੀਵਾਂ ਨੂੰ ਨਾਲੋ ਨਾਲ ਹੀ ਮਿਲੀ ਜਾਂਦਾ ਹੈ।

ਜਿਵੇਂ ਕੋਈ ਧਰਤੀ ਵਿੱਚ ਜੈਸਾ ਬੀਜੇ, ਵੈਸਾ ਹੀ ਉਹ ਫਲ ਖਾਂਦਾ ਹੈ। ਜ਼ਹਿਰ ਖਾ ਲਏ ਤਾਂ ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਵੀ ਉਸ ਦਾ ਤਤਕਾਲ ਮਰਨਾ ਅਵਸ਼ਕ ਹੈ। ਕਿਉਂਕਿ, ਰੱਬੀ ਹਜ਼ੂਰੀ ਵਿੱਚ ਨਿਬੇੜਾ, ਕਿਸੇ ਦੀਆਂ ਗੱਲਾਂ ਸੁਣ ਕੇ ਨਹੀਂ ਹੁੰਦਾ, ਕਰਮਾਂ ਅਨੁਸਾਰ ਹੁੰਦਾ ਹੈ। ਅਸਲ ਵਿੱਚ ਇਹੀ ਕਾਰਣ ਹੈ ਕਿ ਧਰਮੀ ਮਨੁਖ ਐਸਾ ਮੰਦਾ ਕੰਮ, ਮੂਲੋਂ ਹੀ ਨਹੀਂ ਕਰਦਾ, ਜਿਸ ਕਰਕੇ ਮਾਲਕ ਪ੍ਰਭੂ ਦੀ ਹਜ਼ੂਰੀ ਵਿੱਚ ਉੱਜਲ ਮੁਖ ਹੋਣ ਦੀ ਥਾਂ ਸ਼ਰਮਿੰਦਾ ਹੋਣਾ ਪਵੇ। ਕਿਉਂਕਿ, ਗੁਰਮੁਖ ਹੋਣ ਕਰਕੇ ਉਸ ਨੂੰ ਇਹ ਸੋਝੀ ਹੋ ਜਾਂਦੀ ਹੈ:

ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ।।

ਗੁਰੂ ਦੇ ਸਨਮੁਖ ਰਹਿਣ ਵਾਲੇ ਦਾ ਨਿਰਣੇ-ਜਨਕ ਵਿਸ਼ਵਾਸ ਹੁੰਦਾ ਹੈ ਕਿ ਕੁਦਰਤ ਅੰਦਰਲੇ ਤੱਤਾਂ ਦੇ ਰੂਪ ਵਿੱਚ ਅਕਾਲ ਪੁਰਖ ਆਪ ਹੀ ਸਾਡੀ ਜ਼ਿੰਦਗੀ ਦਾ ਸਾਰਾ ਖੇਲ, ਖੇਲ ਰਿਹਾ ਹੈ।

ਗੁਰਬਾਣੀ ਦਾ ਵਿਚਾਰ ਪੂਰਵਕ ਪਾਠ ਕਰਨ ਵਾਲੇ ਸਤਿਸੰਗੀ ਜਾਣਦੇ ਹਨ ਕਿ ਜਪਜੀ ਸਾਹਿਬ ਰਾਹੀਂ ਦਰਸਾਈ ਗਈ ਉਹ ਸਰਬਸਾਂਝੀ, ਸਰਬਦੇਸ਼ੀ, ਸਰਬਕਾਲੀ ਤੇ ਸਰਲਤਾ ਭਰਪੂਰ ਸਹਜਮਈ ਜੀਵਨ ਜੁਗਤਿ ਹੈ: ਰੱਬੀ ਹੁਕਮ ਦੁਆਰਾ “ਰਾਤੀ ਰੁਤੀ ਥਿਤੀ ਵਾਰ।। ਪਵਣ ਪਾਣੀ ਅਗਨੀ ਪਾਤਾਲ।।”(ਜਪੁਜੀ ਪਉੜੀ ੩੪) ਦੇ ਰੂਪ ਵਿੱਚ ਬਣੀ ਜਗਤ ਦੀ ਬਣਤਰ, ਜਿਸ ਵਿੱਚ ਧਰਤੀ ਥਾਪ ਰੱਖੀ ਹੈ ਧਰਮਸ਼ਾਲ, ਉਸ ਵਿੱਚ ‘ਹੁਕਮੀ ਹੁਕਮ ਚਲਾਏ ਰਾਹੁ’ ਦੇ ਮੁਖਵਾਕ ਮੁਤਾਬਿਕ ਜਗਤ ਦੇ ਵਖ ਵਖ ਕੁਦਰਤੀ ਅੰਗਾਂ ਨੂੰ ਆਪੋ ਆਪਣੇ ਰਾਹ ਉਤੇ ਚਲਾਈ ਜਾ ਰਹੇ ਹੁਕਮ (ਕੁਦਰਤੀ ਨਿਯਮ) ਨੂੰ ਸਮਝਦਿਆਂ, ਕੁਦਰਤੀ ਅੰਗਾਂ ਚੋਂ ਪ੍ਰਗਟ ਹੁੰਦੇ ਰੱਬੀ ਗੁਣਾਂ ਨੂੰ ਗ੍ਰਹਿਣ ਕਰਕੇ ਜੀਊਣਾ। ਇਹੀ ਹੈ ਰੱਬੀ ਹੁਕਮ ਨੂੰ ਬੁੱਝਣਾ ਤੇ ਹੁਕਮ ਰਜ਼ਾਈ ਚੱਲਣਾ, ਜਿਸ ਦੀ ਬਦੌਲਤ ਸਾਡੇ ਅੰਦਰਲੀ ਹਉਮੈ ਰੂਪ ਕੂੜ ਦੀ ਕੰਧ ਟੁੱਟ ਜਾਂਦੀ ਹੈ ਅਤੇ ਅਸੀਂ ਰੱਬ-ਰੂਪ ਸਚਿਆਰ ਹੋ ਕੇ ਮਾਲਕ ਪ੍ਰਭੂ ਦੀ ਪਾਰਖੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਾਂ।

ਆਪਣੇ ਕਰਮਾ ਕਰਕੇ ਕਈ ਜੀਵ ਰਬ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਰੱਬ ਤੋਂ ਦੂਰ ਹੋ ਜਾਂਦੇ ਹਨ। ਭਾਵ, ਰੱਬ ਦੀ ਨੇੜਤਾ ਅਤੇ ਰੱਬ ਤੋਂ ਦੂਰੀ, ਸਾਡੇ ਜੀਵਨ ਵਿਹਾਰ ਤੇ ਨਿਰਭਰ ਕਰਦੀ ਹੈ, ਨਾ ਕਿ ਸਾਡੀਆਂ ਧਾਰਮਿਕ ਗੱਲਾਂ, ਧਾਰਮਿਕ ਲਿਬਾਸ ਅਤੇ ਮਿਥੇ ਹੋਏ ਵਿਖਾਵੇ ਦੇ ਧਾਰਮਿਕ ਕਰਮਕਾਂਡਾਂ ਉਪਰ। ਦਿਤੀ ਜ਼ਿਮੇਵਾਰੀ ਅਨੁਸਾਰ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ ਤੇ ਵਿਚਾਰ ਕੀਤੀ ਜਾਂਦੀ ਹੈ ਕਿ ਇਸਦਾ ਨਤੀਜਾ ਕੀ ਹੈ ਤੇ ਇਸ ਦਾ ਅਗੋਂ ਕੀ ਕਰਨਾ ਹੈ:

ਕਰਮੀ ਕਰਮੀ ਹੋਇ ਵੀਚਾਰੁ।ਸਚਾ ਆਪਿ ਸਚਾ ਦਰਬਾਰੁ॥ (ਜਪੁਜੀ ਪੰਨਾ ੭)

ਕੋਈ ਤਾਂ ਆਪਣੇ ਠੀਕ ਤਰ੍ਹਾਂ ਜ਼ਿਮੇਵਾਰੀ ਨਾਲ ਨਿਭਾਏ ਕਰਮਾਂ ਦੁਆਰਾ ਨਿਰੰਕਾਰ ਦੇ ਨੇੜੇ ਹੋ ਜਾਂਦਾ ਹੈ ਕੋਈ ਦੂਰ। ਗੁਰੂ ਦਾ ਸਿੱਖ ਗੁਰਮੁਖ ਰਾਤ ਦਿਨ ਪ੍ਰਮਾਤਮਾਂ ਦੇ ਰੰਗ ਵਿਚ ਹੀ ਰੰਗਿਆ ਰਹਿੰਦਾ ਹੈ ਤੇ ਪ੍ਰਮਾਤਮਾਂ ਨੂੰ ਹਮੇਸ਼ਾ ਅਪਣੇ ਸੰਗ ਸਮਝਦਾ ਹੈ। ਉਹ ਪ੍ਰਮਾਤਮਾਂ ਦੀ ਕਿਰਪਾ ਲਈ ਅਰਦਾਸ ਕਰਦਾ ਹੈ ਤੇ ਸੰਤਾਂ ਦੀ ਨਾਮ ਜਪਣ ਵਾਲਿਆਂ ਦੀ ਧੂੜ ਮੱਥੇ ਲਾਉਂਦਾ ਹੈ:

ਰੈਣ ਦਿਨਸੁ ਰਹੈ ਇਕ ਰੰਗਾ॥ ਪ੍ਰਭ ਕਉ ਜਾਣੈ ਸਦ ਹੀ ਸੰਗਾ॥

ਪਾਰਬ੍ਰਹਮ ਮੋਹਿ ਕਿਰਪਾ ਕੀਜੈ।ਧੂਰਿ ਸੰਤਨ ਕੀ ਨਾਨਕ ਦੀਜੈ॥ (ਗਉੜੀ ਗੁਆਰੇਰੀ ਮ: ੫, ਪੰਨਾ ੧੮੧)

ਗੁਰਮੁਖ ਅਪਣੀ ਸਾਰੀ ਸੋਚ ਵਿਚਾਰ ਕੁਦਰਤ ਦੇ ਅਸੂਲਾਂ ਅਨੁਸਾਰ ਢਾਲ ਲੈਂਦਾ ਹੈ ਤੇ ਪ੍ਰਮਾਤਮਾਂ ਦੀ ਰਚਨਾ ਵਿਚ ਉਸ ਦੀ ਰਚੀ ਖੇਲ ਦਾ ਯੋਗ ਹਿਸਾ ਬਣਦਾ ਹੈ:

ਗੁਰਮੁਖਿ ਧਰਤੀ, ਗੁਰਮੁਖਿ ਪਾਣੀ।। ਗੁਰਮੁਖਿ, ਪਵਣੁ ਬੈਸੰਤਰੁ ਖੇਲੈ ਵਿਡਾਣੀ।। (ਮਾਝ ਮ:੩, ਪੰਨਾ ੧੧੭ )

ਸਤਿਗੁਰਾਂ ਦਾ ਨਿਰਣਾ ਹੈ ਕਿ ਐਸੀ ਸੋਝੀ ਰੱਖਣ ਵਾਲਾ ਗੁਰਮੁਖ, ਵਿਕਾਰਾਂ ਦੇ ਟਾਕਰੇ ਜੀਵਨ ਖੇਲ ਦੀ ਬਾਜ਼ੀ ਜਿੱਤ ਜਾਂਦਾ ਹੈ ਅਤੇ ਪ੍ਰਭੂ ਦੇ ਦਰ ਪ੍ਰਵਾਨ ਚੜ੍ਹਦਾ ਹੈ।

ਹਰਿ ਆਪੇ ਖੇਲੈ, ਆਪੇ ਦੇਖੈ; ਹਰਿ ਆਪੇ ਰਚਨੁ ਰਚਾਇਆ।।

ਜਨ ਨਾਨਕ, ਗੁਰਮੁਖਿ ਜੋ ਨਰੁ ਖੇਲੈ; ਸੋ, ਜਿਤ ਬਾਜੀ ਘਰਿ ਆਇਆ।। ੪।। (ਬਸੰਤਰ, ਮ:੫, ਪੰਨਾ ੧੧੮੫ )

ਉਠਦਿਆਂ-ਬਹਿੰਦਿਆਂ, ਚਲਦਿਆਂ-ਫਿਰਦਿਆਂ, ਖਾਂਦਿਆਂ-ਪੀਂਦਿਆਂ, ਜਾਗਦਿਆਂ-ਸੁਤਿਆਂ ਅਤੇ ਕਿਰਤਕਾਰ ਕਰਦਿਆਂ, ਸਵਾਸ-ਸਵਾਸ ਨਾਮ ਜਪਣ ਅਥਵਾ ਨਾਮ-ਸਿਮਰਨ ਵਿੱਚ ਜੀਣ ਦਾ ਸਬਕ ਸਾਨੂੰ ਗੁਰੂ ਰਾਹੀਂ ਜਪੁਜੀ ਵਿਚ ਮਿਲਿਆ ਹੈ।ਜਪੁਜੀ ਸਾਹਿਬ ਵਿੱਚ ਸਮਝਾਈ ਜੀਵਨ ਜੁਗਤਿ ਤੋਂ ਇਲਾਵਾ, ਹੋਰ ਕੋਈ ਐਸੀ ਵਿਧੀ-ਵਿਧਾਨ ਅਰਥਾਤ ਜੁਗਤੀ ਨਹੀਂ, ਜਿਸ ਦੀ ਬਦੌਲਤ ਅੱਠੇ ਪਹਿਰ ਰੱਬੀ ਯਾਦ ਵਿੱਚ ਜੀਵਿਆ ਜਾ ਸਕੇ। ਨਾਮ ਧਿਆਇਆ ਜਾ ਸਕੇ। ਜਿਸ ਦੀ ਬਦੌਲਤ ਜ਼ਿੰਦਗੀ ਦੀ ਸਾਰੀ ਮਸ਼ੱਕਤ ਭਰੀ ਘਾਲਣਾ ਰੱਬੀ ਹਜ਼ੂਰੀ ਵਿੱਚ ਪ੍ਰਵਾਨ ਚੜ੍ਹੇ।

ਜਪੁ-ਜੀ ਸਾਹਿਬ ਵਿੱਚ ਨਾਮ ਦਾ ਗਿਆਨ, ਪ੍ਰਾਪਤ ਕਰਨ ਤੇ ਫਿਰ ਨਾਮ ਬਾਣੀ ਦੇ ਲਗਾਤਾਰ ਅਭਿਆਸ ਰਾਹੀਂ ਮਿਹਨਤ ਮੁਸ਼ਕਤ ਕਰਕੇ ਪ੍ਰਮਾਤਮਾਂ ਦੀ ਮਿਹਰ ਦੀ ਨਜ਼ਰ ਪ੍ਰਾਪਤ ਕਰਦੇ ਹਾਂ ਸਾਨੂੰ ਅਗਾਧ ਅਨੰਦ ਪ੍ਰਾਪਤ ਹੁੰਦਾ ਹੈ ਤੇ ਮੁਖੜਿਆਂ ਉਪਰ ਇਕ ਵਿਸ਼ੇਸ਼ ਜਲਵਾ ਹੁੰਦਾ ਹੈ, ਮੁਖ ਉਜਲਾ ਹੁੰਦਾ ਹੈ।ਜਿਨ੍ਹਾਂ ਨੇ ਨਾਮ ਧਿਆਇਆ ਹੈ ਤੇ ਜੋ ਸੇਵਾ ਘਾਲ ਕੇ ਦੁਨੀਆਂ ਤੋਂ ਗਏ ਹਨ ਉਨ੍ਹਾਂ ਦੇ ਮੁਖ ਉਜਲੇ ਹਨ, ਭਾਵ ਉਹ ਸੁਰਖਰੂ ਹਨ ਬੇਫਿਕਰ ਹਨ। ਉਹ ਅਸਲੀ ਮਸਕਤ ਘਾਲ ਗਏ ਹਨ ਮਿਲੀਆਂ ਜ਼ਿਮੇਵਾਰੀਆਂ ਪੂਰੀ ਤਰ੍ਹਾਂ ਨਿਭਾ ਗਏ ਹਨ। ਉਨ੍ਹਾਂ ਦੀ ਸੰਗਤ ਨਾਲ ਹੋਰ ਕਿਤਨਿਆਂ ਨੇ ਹੀ ਮੁਕਤੀ ਪਾਈ ਹੈ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ

ਸਦਾ ਹੀ ਨਾਮ ਜਪਣਾ, ਨੇਮ ਨਾਲ ਨਾਮ ਜਪਣਾ ਉਸ ਪ੍ਰਮਾਤਮਾਂ ਦੀ ਕਿਰਪਾ ਦਾ ਪਾਤਰ ਬਣਾਉਂਦਾ ਹੈ

ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ॥ਨੇਮ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ॥

(ਆਸਾ ਮ: ੫, ਪੰਨਾ ੩੯੯)

ਜੋ ਹਰ ਸਾਹ ਨਾਲ ਹਰ ਗਿਰਾਹੀ ਮੂੰਹ ਵਿਚ ਪਾਉਣ ਵੇਲੇ ਪ੍ਰਮਾਤਮਾਂ ਦਾ ਨਾਮ ਜਪਦੇ ਹਨ ਤੇ ਹਰੀ ਦਾ ਨਾਮ ਮਨ ਵਿਚ ਰਖਦੇ ਹਨ ਉਹ ਹੀ ਅਸਲੀ ਸੰਤ ਹਨ ਗੁਰਮੁਖ ਹਨ ਜੋ ਰਬ ਦੇ ਨੇੜੇ ਹਨ:

ਜਿਨਾ ਸਾਸਿ ਗਿਰਾਸਿ ਵਿਸਰੈ ਹਰਿਨਾਮਾਂ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੇਈ ਸੰਤੁ॥

(ਵਾਰ ਗਉੜੀ ਮ: ੫, ਪੰਨਾ ੩੧੩)

ਇਹੋ ਜਿਹੇ ਗੁਰਮੁਖ ਆਪ ਵੀ ਨਾਮ ਲਗਾਤਾਰ ਜਪਦੇ ਰਹਿੰਦੇ ਹਨ ਤੇ ਨਾਲ ਬਾਕੀਆਂ ਨੂੰ ਨਾਮ ਜਪਣ ਵਾਲੇ ਪਾਸੇ ਲਾਉਂਦੇ ਹਨ।

ਆਪ ਜਪਹੁ ਅਵਰਹ ਨਾਮ ਜਪਾਵਹੁ॥ (ਗਉੜੀ ਮ: ੫, ਪੰਨਾ੨੯੦)

ਲਗਾਤਾਰ ਨਾਮ ਜਪਣ ਸਦਕਾ ਉਨ੍ਹਾਂ ਦਾ ਆਪਣਾ ਵੀ ਪਾਰ ਉਤਾਰਾ ਹੁੰਦਾ ਹੈ ਉਹ ਹੋਰਾਂ ਦਾ ਵੀ ਪਾਰ ਉਤਾਰਾ ਕਰਵਾ ਦਿੰਦੇ ਹਨ:

ਗੁਰਮਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ॥ (ਸੋਰਠਿ ਮ: ੫, ਪੰਨਾ ੬੦੮)

ਸੋ, ਜਿਨ੍ਹਾਂ ਵਡਭਾਗੀ ਮਨੁਖਾਂ ਨੇ ਜਪੁਜੀ ਸਾਹਿਬ ਦੇ ਆਰੰਭਕ ਸੁਆਲ ‘ਕਿਵ ਸਚਿਆਰਾ ਹੋਈਐੱ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਮੰਨ ਕੇ ਨਾਮ ਧਿਆਇਆ, ਭਾਵ ਰੱਬ ਨੂੰ ਸਦਾ ਆਪਣੇ ਧਿਆਨ ਵਿੱਚ ਰੱਖ ਕੇ ‘ਜੋ ਤੁਧ ਭਾਵੈ ਸਾਈ ਭਲੀਕਾਰ ਦਾ ਇਲਾਹੀ ਗੀਤ ਗਾਉਂਦਿਆਂ ਸਰਬਤ ਦੇ ਭਲੇ ਵਾਲੇ ਨੇਕ ਕੰਮ ਕੀਤੇ, ਉਹ ਵਿਕਾਰਾਂ ਤੋਂ ਬਚ ਕੇ ਆਪਣੀ ਮਿਹਨਤ ਨੂੰ ਸਫਲ ਕਰ ਗਏ। ਕਿਉਂਕਿ, ਜ਼ਿੰਦਗੀ ਦੀ ਐਸੀ ਖੇਲ ਹਰੀ ਅਕਾਲਪੁਰਖ ਨੂੰ ਪਿਆਰੀ ਲਗਦੀ ਹੈ। ਇਹੀ ਕਾਰਨ ਹੈ ਕਿ ਅਕਾਲਪੁਰਖ ਦੇ ਸਰਬ ਵਿਆਪਕ ਦਰ-ਘਰ ਦੇ ਹੁਕਮ ਰੂਪ ਵਰਤਾਰੇ ਨੂੰ ਸਮਝਣ ਤੇ ਸਮਝਾਉਣ ਵਾਲੇ ਜਗਤ ਗੁਰੁ, ਗੁਰੁ ਨਾਨਕ ਦੇਵ ਜੀ ਜਪੁਜੀ ਸਾਹਿਬ ਦੇ ਅੰਤਲੇ ਤੇ ਸਾਰੰਸ਼ ਸਲੋਕ ਦੀ ਅੰਤਲੀ ਤੁਕ ਵਿੱਚ ਐਲਾਨ ਕਰਦੇ ਹਨ:

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ (ਜਪੁਜੀ, ਸਲੋਕੁ, ਮ: ੧, ਪੰਨਾ ੮)

ਗੁਰੁ ਜੀ ਫੁਰਮਾਉਂਦੇ ਹਨ ਕਿ ਜਗਤ ਦੀ ਬਣਤਰ ਅੰਦਰਲੀ ਕੁਦਰਤੀ ਸਚਾਈ ਤੇ ਨਿਆਂ ਭਰਪੂਰ ਵਰਤਾਰੇ ਨੂੰ ਸਮਝ ਕੇ ਨਾਮ ਜਪਣ ਅਥਵਾ ਸਿਮਰਨ ਕਰਨ ਵਾਲੇ ਜੀਵਾਂ ਦੇ ਮੁਖ ਧਰਮ ਦਾ ਨਿਆਉਂ ਕਰਨ ਵਾਲੇ ਅਕਾਲ ਪੁਰਖ ਦੇ ਸਾਹਮਣੇ ਉੱਜਲੇ ਹੁੰਦੇ ਹਨ ਤੇ ਐਸੇ ਸਚਿਆਰ ਮਨੁਖਾਂ ਦੀ ਬਦੌਲਤ ਹੋਰ ਵੀ ਕਈਆਂ ਦਾ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ।

ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੇ ਦਰਬਾਰਿ॥

(ਸਲੋਕ ਮ: ੪, ਪੰਨਾ ੧੪੨੨)

 

swarn bains

Poet
SPNer
Apr 8, 2012
774
187
ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ.
my translation of the slok is as follows in sggs translation
the life has been creaated by mixing water and earth by adding culture of air. as day and night begin and end; the same way the whole creattion takes birht and dies. good or bad whatever they do is watched and accounted for in God's court. you get what you earn, some early the others late. Those who recite੍ God's name intently have attained salvation and many more have accompanied them. i want to hear your comments, i have heard some before because it does not give with other people's translations.
 

Dalvinder Singh Grewal

Writer
Historian
SPNer
Jan 3, 2010
1,245
421
78
Mine description of Japuji is a detailed explanation entirely based on Gurbani. Japuji is well explained in hymns of other Gurus, Saints and Bhagat's as well showing its continuity.

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ

In short, it means that God created the universe through energy and a system is created through a regular change in which all the creation, acts as is guided by Him. All the minds and bodies are controlled and directed by air; further change is controlled by sperm (Beeraj) and blood as elements of water which help develop the nature as well, and the earth acts as the great mother for all the beings for their existence. The change in the sun and movement of the earth bring in days and nights and the entire universe plays the game of change. What is good or bad is only be judged by God's calculators. Actions of each person are judged, maybe now or at a later stage. Those who recite God's Name have done the real labour and go through all hardships. They are Jeevan Mukat as can be judged from their glowing faces.
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top