Pauri 38 - In Panjabi Exegesis Of Jap 38 Pauri As Per Sggs | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Pauri 38 In Panjabi Exegesis Of Jap 38 Pauri As Per Sggs

Dalvinder Singh Grewal

Writer
Historian
SPNer
Jan 3, 2010
564
361
75
ਅਠੱਤੀਵੀਂ ਪਉੜੀ –ਸ਼ਬਦ ਦੀ ਟਕਸਾਲ-1
Dr Dalvinder Singh Grewal


ਆਦਿ ਸੱਚ ਤੋਂ ਚੱਲ ਕੇ ਸੱਚ ਖਂਡ ਵਿਚ ਪੁੱਜਣ ਲਈ ਪ੍ਰਾਪਤੀ ਦਾ ਸਾਧਨ ਨਾਮ ਦਸਿਆ ਹੈ। ਪ੍ਰਾਪਤੀ ਦੇ ਸਾਧਨ ਬਿਆਨਣ ਪਿਛੋਂ ਨਾਮ ਦੇ ਅਭਿਆਸ ਵਿਚ ਸ਼ੁਭ ਗੁਣ ਅਰਥਾਤ ਉਚ ਆਚਰਣ ਹੀ ਪ੍ਰਾਪਤੀ ਕਰਨੀ ਹੈ ਤੇ ਨਾਮ ਦੀ ਪਉੜੀ ਰਾਹੀਂ ਸਿਖਰ ਪਹੁੰਚਣ ਲਈ ਜਿਸ ਇਲਾਹੀ ਸ਼ਬਦ ਦੀ ਲੋੜ ਹੈ ਉਸ ਦਾ ਸੰਖੇਪ ਵਿਚ ਵਰਣਨ ੩੮ਵੀਂ ਪਉੜੀ ਵਿਚ ਮਿਲਦਾ ਹੈ।ਇਸ ਪਉੜੀ ਵਿਚ ਨਾਮ ਦਾ ਅਭਿਆਸ ਵਿਚ ਸਿਰੇ ਚੜ੍ਹਣ ਲਈ ਸ਼ੁਭ ਗੁਣਾਂ ਦੀ ਲੋੜ ਵੀ ਹੈ। ਉਚ ਆਚਰਣ ਨਾਮ ਸਿਮਰਨ ਵਿਚ ਸਹਾਈ ਹੁੰਦਾ ਹੈ।ਸ਼ੁਭ ਗੁਣਾਂ ਦੇ ਨਾਲ ਉਸ ਦੀ ਬਖਸ਼ਿਸ਼ ਦੀ ਵੀ ਲੋੜ ਹੈ ਨਾਮ ਅਭਿਆਸ ਦੀ, ਸ਼ੁਭ ਗੁਣਾ ਦੀ ਤੇ ਵਾਹਿਗੁਰੂ ਦੀ ਬਖਸ਼ਿਸ਼ ਦੀ ਜਿਸਦਾ ਜ਼ਿਕਰ ਇਸ ਪਉੜੀ ਵਿਚ ਹੈ। ਨਾਮ ਜਾਂ ਸ਼ਬਦ ਲਈ ਜਿਹੜੇ ਸ਼ੁਭ ਗੁਣਾਂ ਦੀ ਲੋੜ ਹੈ ਉਨ੍ਹਾਂ ਦਾ ਵਰਣਨ ਸੁਨਿਆਰ ਦੀ ਸੋਨੇ ਘੜਣ ਦੀ ਟਕਸਾਲ ਦੇ ਰੂਪਕਾਂ ਰਾਹੀਂ ਦਿਤਾ ਹੈ। ਨਾਮ ਰੂਪੀ ਸੋਨੇ ਨੂੰ ਸੱਚੀ ਟਕਸਾਲ ਵਿਚ ਮੋਹਰ ਬਣਾਉਣ ਦਾ ਰੂਪਕ ਬੰਨਿਆਂ ਹੈ।

ਜਤੁ ਪਾਹਾਰਾ ਧੀਰਜੁ ਸੁਨਿਆਰੁ ਅਹਰਣਿ ਮਤਿ ਵੇਦੁ ਹਥੀਆਰੁ ਭਉ ਖਲਾ ਅਗਨਿ ਤਪ ਤਾਉ
ਭਾਂਡਾ
ਭਾਉ ਅੰਮ੍ਰਿਤੁ ਤਿਤੁ ਢਾਲਿ ਘੜੀਐ ਸਬਦੁ ਸਚੀ ਟਕਸਾਲ ਜਿਨ ਕਉ ਨਦਰਿ ਕਰਮੁ ਤਿਨ ਕਾਰ
ਨਾਨਕ
ਨਦਰੀ ਨਦਰਿ ਨਿਹਾਲ ੩੮


ਉਪਮੇਅ ਉਪਮਾ ਭਾਵ ਅਰਥ

ਧੀਰਜ ਸਨਿਆਰੁ ਸਰੀਰਕ ਸਹਿਜ ਅਵਸਥਾ ਜਿਵੇਂ ਸੁਨਿਆਰ ਧੀਰਜ ਨਾਲ ਗਹਿਣੇ ਘੜਦਾ ਹੈ

ਜਤ ਪਾਹਾਰਾ (ਭੱਠੀ) ਸਰੀਰਕ ਪਵਿਤ੍ਰਤਾ, ਜਗਤ ਭੱਠੀ ਦੀ ਅਗਨ ਵਿਚ ਤਪਾਇਆ ਪਵਿਤਰ ਸਰੀਰ

ਮਤਿ ਅਹਰਣਿ ਸੁਨਿਆਰ ਦਾ ਲੋਹੇ ਵਰਗੀ ਠੋਸ ਮਤ (ਜਿਸ ਤੇ ਰੱਖ ਕੇ ਉਹ ਸੋਨੇ ਨੂੰ ਘੜਦਾ ਹੈ)

ਵੇਦ ਹਥਿਆਰੁ ਗਿਆਨ ਦਾ ਹਥਿਆਰ

ਭਉ ਖਲਾ (ਧੌਂਕਣੀ) ਰੱਬ ਦੇ ਡਰ ਦੀ ਗਰਮਾਇਸ਼, ਤੇਜ਼ੀ

ਤਪ ਅਗਨੀ ਤਾਉ ਅਗਨੀ ਸ਼ਕਤੀ ਵਾਲੀ ਰਾਮ ਨਾਮ ਦੀ ਤਪਸਿਆ

ਭਾਉ ਭਾਂਡਾ (ਕਠਾਲੀ) ਪ੍ਰਮਾਤਮਾਂ ਪ੍ਰਤੀ ਪ੍ਰੇਮ ਵਿਚ ਨਾਮ ਅੰਮ੍ਰਿਤ, ਪ੍ਰੇਮ ਦੀ ਕੁਠਾਲੀ ਭਾਂਡਾ ਹੋਵੇ

ਨਦਰ ਕ੍ਰਿਪਾਲੂ ਦੀ ਨਜ਼ਰ ਰੱਬੀ ਕ੍ਰਿਪਾ ਦ੍ਰਿਸ਼ਟੀ

ਜਿਸ ਤਰ੍ਹਾਂ ਸੁਨਿਆਰੇ ਦੀ ਭੱਠੀ ਵਿਚ ਸੋਨਾ ਢਾਲਿਆ ਜਾਂਦਾ ਹੈ ਉਸੇ ਤਰ੍ਹਾਂ ਸ਼ਬਦ ਦੀ ਘਾੜਤ ਦਾ ਬਿਆਨ ਹੈ।ਸੁਨਿਆਰੇ ਅੱਗੇ ਭੱਠੀ ਹੁੰਦੀ ਹੈ, ਭੱਠੀ ਨੂੰ ਹਵਾ ਦੇਣ ਲਈ ਧੌਂਕਣੀ ਲਗੀ ਹੁੰਦੀ ਹੈ, ਜਿਸ ਨਾਲ ਅੱਗ ਦਾ ਤਾਪ ਵਧਦਾ ਹੈ। ਵਧੇ ਤਾਪ ਉਪਰ ਕੁਠਾਲੀ ਰਖ ਕੇ ਸੋਨਾ ਢਾਲ ਲਿਆ ਜਾਂਦਾ ਹੈ, ਫਿਰ ਠੱਪੇ ਹਥੌੜੇ ਨਾਲ ਮੁਹਰਾਂ ਆਦਿ ਘੜੀਆਂ ਜਾਂਦੀਆ ਹਨ ਜੋ ਪਾਤਸ਼ਾਹੀ ਖਜ਼ਾਨੇ ਅੰਦਰ ਦਾਖਲ ਹੁੰਦੀਆਂ ਹਨ। ਇਹ ਤਸਵੀਰ ਹੈ ਜੋ ਇਥੇ ਸ਼ੁਭ ਗੁਣਾਂ ਦੀ ਖਿਚ ਕੇ ਉਸ ਵਿਚ ਨਾਮ ਦੀ ਮਰਿਆਦਾ ਦੱਸੀ ਹੈ।ਧੀਰਜ ਧਾਰ ਕੇ ਜਤ ਸਤ ਨੂੰ ਕਾਇਮ ਰਖਦਿਆਂ, ਗਿਆਨ ਨੂੰ ਗੁਰਬਾਣੀ ਜਾਂ ਸ਼ਾਸ਼ਤਰਾਂ ਦੇ ਉੋਪਦੇਸ਼ ਨੂੰ ਸੁਣ ਪੜ੍ਹ ਕੇ ਮਤ ਵਿਚ ਧਾਰਨ ਕਰਦਿਆ ਪ੍ਰਮਾਤਮਾਂ ਦੇ ਭੈ ਵਿਚ ਤਪ ਵਿਚ ਰਹਿੰਦਿਆ ਪ੍ਰੇਮ ਭਾਵਨਾਂ ਨਾਲ ਨਾਮ ਜਪਣਾ, ਸਿਮਰਨਾ, ਅਰਾਧਣਾ ਹੈ, ਇਸ ਨਾਲ ਆਪੇ ਚੌਵੀ ਕਰਾਟ ਦੇ ਸੋਨੇ ਵਾਂਗੂੰ ਸ਼ੁਧ ਹੋ ਜਾਣਾ ਹੈ।

ਜਤੁ ਪਾਹਾਰਾ ਧੀਰਜੁ ਸੁਨਿਆਰੁ

ਇਸ ਲਈ ਗੁਰੂ ਜੀ ਸਮਝਾਉਂਦੇ ਹਨ: ਹੇ ਪ੍ਰਾਣੀ! ਅਪਣੇ ਸਰੀਰ ਨੂੰ ਨਾਮ ਜਪਣ ਦਾ ਸੁਨਿਆਰੇ ਦੀ ਦੁਕਾਨ ਵਰਗਾ ਸਥਾਨ ਬਣਾ ਜਿਸ ਵਿਚ ਸ਼ਬਦ ਦੀ ਘਾੜਤ ਕਰਨੀ ਹੈ । ਸਰੀਰ ਦਾ ਜਤ ਰੱਖ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਹੋ ਕੇ 0ਮਾਇਆ ਤੋਂ ਬਚ ਕੇ ਸੁਨਿਆਰੇ ਵਰਗੀ ਧੀਰਜ ਰੱਖਕੇ ਸਹਿਜ ਵਿਚ ਹੋ ਕੇ ਨਾਮ ਜਪਣਾ ਸ਼ੁਰੂ ਕਰ। ਨਾਮ ਦਾ ਅਭਿਆਸ ਕਰਦੇ ਵੇਲੇ ਜਤ-ਸਤ ਵਿਚ ਰਹਿਣ ਦੀ ਭੱਠੀ ਹੋਵੇ, ਜਿਵੇਂ ਸੁਨਿਆਰਾ ਸੋਨੇ ਨੂੰ ਭੱਠੀ ਵਿਚ ਰੱਖ ਕੇ ਢਾਲਦਾ ਹੈ। ਜੀਵਨ ਵਿਚ ਧੀਰਜ ਰਖਣਾ, ਸਬਰ, ਸੰਤੋਖ ਵਿਚ ਜੀਵਨ ਬਤੀਤ ਕਰਨਾ, ਕਾਹਲੇ ਨਹੀਨ ਪੈਣਾ, ਸੁਨਿਆਰੇ ਦੀ ਤਰ੍ਹਾਂ ਹੋਵੇ।

ਜਤੁ:

ਇਸੇ ਵਿਸ਼ੇ ਤੇ ਗੁਰੂ ਨਾਨਕ ਦੇਵ ਜੀ ਦੀ ਰੂਪਕ ਰਾਹੀਂ ਦਿਤੀ ਇਕ ਹੋਰ ਉਦਾਹਰਣ ਪੇਸ਼ ਹੈ: ‘ਹੇ ਪ੍ਰਮਾਤਮਾਂ, ਮੈਨੂੰ ਪ੍ਰਹੇਜ਼ਗਾਰੀ ਅਤੇ ਪਵਿਤ੍ਰਤਾ ਦੇ ਚੌਲ, ਮਿਹਰਬਾਨੀ ਦੀ ਕਣਕ ਅਤੇ ਧਿਆਨ ਦੀ ਪੱਤਲ ਬਖਸ਼। ਮੇਰੇ ਲਈ ਸ਼ੁਭ ਅਮਲ ਦਾ ਦੁੱਧ ਅਤੇ ਸੰਤੁਸ਼ਟਤਾ ਦਾ ਘਿਉ ਬਣਾ ਦੇ। ਐਹੋ ਜਿਹੀ ਖੈਰ ਮੈਂ ਤੇਰੇ ਕੋਲੋਂ ਮੰਗਦਾ ਹਾਂ।ਖਿਮਾਂ ਕਰਨ ਅਤੇ ਧੀਰਜ ਸਿਦਕ ਨੂੰ ਮੇਰੀ ਦੁੱਧ ਦੇਣ ਵਾਲੀ ਗਾਂ ਬਣਾ ਦੇ ਤਾਂ ਜੋ ਮੇਰੇ ਮਨ ਦਾ ਵੱਛਾ ਸੁਖੈਨ ਹੀ ਦੁੱਧ ਪੀ ਸਕੇ।

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥ (ਪ੍ਰਭਾਤੀ ਮਹਲਾ ੧, ਪੰਨਾ ੧੩੨੯)

ਨਾਮ ਹੀ ਜਤ, ਸਤ ਤੇ ਸੰਜਮ ਦਿਵਾਉਂਦਾ ਹੈ, ਨਾਮ ਬਿਨਾਂ ਨਿਰਮਲਤਾ ਨਹੀਂ ਹੋ ਸਕਦੀ।ਉਸਦੇ ਵੱਡੇ ਭਾਗ ਹਨ ਜਿਸ ਦੇ ਮਨ ਵਿਚ ਨਾਮ ਵਸ ਗਿਆ ਹੈ ਤੇ ਸ਼ਬਦ ਦੀ ਪ੍ਰਾਪਤੀ ਹੋ ਗਈ ਹੈ। ਸਹਿਜ ਅਵਸਥਾ ਵਿਚ ਹੀ ਪ੍ਰਮਾਤਮਾਂ ਦੇ ਗੁਣ ਪ੍ਰਾਪਤ ਹੋ ਜਾਂਦੇ ਹਨ ਤੇ ਉਹ ਰੰਗਾਂ ਵਿਚ ਵਸਦਾ ਹੈ।

ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਹੋਇ ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ੧੭ ੫੦ ਸਿਰੀਰਾਗੁ ਮਹਲਾ ੩, ਪੰਨਾ ੩੩)

ਜੋ ਤਮੋ, ਰਜੋ ਸਤੋ ਵਿਚ ਫਸੇ ਹਨ ਉਹ ਇਨ੍ਹਾਂ ਤਿੰਨਾਂ ਜੋਗੇ ਹੀ ਰਹਿ ਜਾਂਦੇ ਹਨ। ਸ਼ਬਦ ਦੀ ਵੀਚਾਰ ਨਾਲ ਹੀ ਸਾਰੇ ਗਮ ਸੋਗ ਮੁੱਕਣੇ ਹਨ।ਪਵਿੱਤਰ ਸੱਚ ਹੀ ਸ਼ਬਦ ਬਣ ਸਕਦਾ ਹੈ। ਜੋਗੀ ਉਹ ਜੋ ਉਜਲ ਸੱਚ ਰਾਹੀਂ ਸ਼ਬਦ ਪ੍ਰਾਪਤ ਕਰਨ ਦੀ ਜੁਗਤ ਜਾਣਦਾ ਹੈ।ਹੇ ਵਾਹਗਿੁਰੂ! ਨੌ ਨਿਧਾਂ ਭਾਵ ਸਭ ਪ੍ਰਾਪਤੀਆਂ ਤੇਰੇ ਕੋਲੋਂ ਹੀ ਪ੍ਰਾਪਤ ਹੋਣੀਆਂ ਹਨ, ਸਭ ਕੁਝ ਕਰਨ ਯੋਗ ਇਕ ਤੂੰ ਹੀ ਹੈਂ।ਤੂੰ ਹੀ ਸਾਰੀ ਢਾਹ ਉਸਾਰੀ ਕਰਦਾ ਹੈ ਤੇ ਹੁੰਦਾ ਉਹ ਹੀ ਹੈ ਜੋ ਤੂੰ ਕਰਦਾ ਹੈਂ।ਜਤ, ਸਤ, ਸੰਜਮ ਤੇ ਸੱਚ ਪਵਿਤਰ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਅਸਲੀ ਜੋਗੀ ਤਾਂ ਤ੍ਰਿਭਵਣ ਦਾ ਪਿਆਰਾ ਪ੍ਰਮਾਤਮਾਂ ਹੈ:

ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ਸਬਦੁ ਵੀਚਾਰੈ ਚੂਕਸਿ ਸੋਗਾ ਊਜਲੁ ਸਾਚੁ ਸੁ ਸਬਦੁ ਹੋਇ ਜੋਗੀ ਜੁਗਤਿ ਵੀਚਾਰੇ ਸੋਇ ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ਥਾਪਿ ਉਥਾਪੇ ਕਰੇ ਸੁ ਹੋਗੁ ਜਤੁ ਸਤੁ ਸੰਜਮੁ ਸਚੁ ਸੁਚੀਤੁ ਨਾਨਕ ਜੋਗੀ ਤ੍ਰਿਭਵਣ ਮੀਤੁ ॥ (ਰਾਮਕਲੀ ਮਹਲਾ ੧, ਪੰਨਾ ੯੦੩)

ਜਦ ਪ੍ਰਾਣੀ ਪ੍ਰਭੂ ਦੀ ਪਨਾਹ ਲੈ ਲਵੇ ਤਦ ਉਸ ਦੇ ਇਸ ਸਰੀਰ-ਪਿੰਡ ਵਿਚ ਬਲਵਾਨ ਸੱਚ, ਸੰਤੁਸ਼ਟਤਾ, ਪਵਿਤ੍ਰਤਾ, ਦਾਨਪੁੰਨ ਅਤੇ ਸਵੈ-ਜ਼ਬਤ ਆ ਟਿਕਦੇ ਹਨ।ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰੂ ਦੀ ਬਾਣੀ ਰਾਹੀਂ ਪ੍ਰਾਣੀ ਸੁਖੈਨ ਹੋ ਜਗਤ ਦੀ ਜਿੰਦ ਜਾਨ ਪ੍ਰਮਾਤਮਾਂ ਨੁਾਲ ਮਿਲ ਜਾਂਦਾ ਹੈ ਅਤੇ ਮਾਣ-ਇਜ਼ਤ ਪਾਉਂਦਾ ਹੈ:

ਸਤੁ ਸੰਤੋਖੁ ਨਗਰ ਮਹਿ ਕਾਰੀ ਜਤੁ ਸਤੁ ਸੰਜਮੁ ਸਰਣਿ ਮੁਰਾਰੀ ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ੧੬ ੧੬ ਮਾਰੂ ਮਹਲਾ ੧, ਪੰਨਾ ੧੦੩੭)

ਧੀਰਜ

ਸਾਧੂ ਇਕ ਪ੍ਰਮਾਤਮਾਂ ਬਾਰੇ ਹੀ ਸਭ ਕਰਦਾ, ਪੜ੍ਹਦਾ ਤੇ ਸੁਣਦਾ ਹੈ। ਪ੍ਰਮਾਤਮਾਂ ਉਸ ਨੰ ਸਹਿਣਸ਼ੀਲਤਾ ਤੇ ਧਰਮ ਦੀ ਟੇਕ ਪ੍ਰਦਾਨ ਕਰਦਾ ਹੈ ਤਾਂ ਪ੍ਰਾਣੀ ਚਉਥਾ ਪਦ ਪ੍ਰਾਪਤ ਕਰ ਅਪਣੇ ਮਨ ਵਿਚ ਪਵਿਤ੍ਰਤਾ, ਸਚਾਈ ਅਤੇ ਸਵੈ-ਜ਼ਬਤ ਦੀ ਟੇਕ ਪਾਉਂਦਾ ਹੈ:

ਕਹਤਉ ਪੜਤਉ ਸੁਣਤਉ ਏਕ ਧੀਰਜ ਧਰਮੁ ਧਰਣੀਧਰ ਟੇਕ ਜਤੁ ਸਤੁ ਸੰਜਮੁ ਰਿਦੈ ਸਮਾਏ ਚਉਥੇ ਪਦ ਕਉ ਜੇ ਮਨੁ ਪਤੀਆਏ ॥ (ਧਨਾਸਰੀ ਮ: ੧, ਅਸਟਪਦੀਆਂ, ਪੰਨਾ ੬੮੬)

ਜਤ, ਸਤ, ਸੰਜਮ ਤੇ ਸੱਚ ਕਮਾਕੇ ਪੂਰੇ ਗੁਰੂ ਤੋਂ ਪ੍ਰਾਪਤ ਨਾਮ ਨੂੰ ਧਿਆਉ :

ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥ (ਮਾਝ ਮ: ੩, ਪੰਨਾ ੧੨੯)

ਜਤ, ਸਤ, ਸੰਜਮ ਤੇ ਸੱਚ ਕਮਾਕੇ ਹੀ ਸੱਚੇ ਸ਼ਬਦ ਦਾ ਰਸ ਪ੍ਰਾਪਤ ਹੁੰਦਾ ਹੈ। ਮੇਰੇ ਦਿਆਲੂ ਗੁਰੂ ਨੇ ਮੈਨੂੰ ਪ੍ਰਮਾਤਮਾਂ ਦੇ ਰੰਗ ਵਿਚ ਰੰਗ ਲਿਆ ਹੈ ਜਿਸ ਸਦਕਾ ਦਿਨ ਰਾਤ ਮੇਰੀ ਲਿਵ ਪ੍ਰਮਾਤਮਾਂ ਨਾਲ ਲੱਗੀ ਰਹਿੰਦੀ ਹੈ:

ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ
ਅਹਿਨਿਸਿ
ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥ (ਰਾਮਕਲੀ, ਮ: ੧, ਪੰਨਾ ੯੦੭)

ਜਦ ਪ੍ਰਮਾਤਮਾਂ ਨਾਲ ਸੁਰਤ ਜੁੜਦੀ ਹੈ ਤਾਂ ਸ਼ਬਦ ਦੀ ਅਨਹਤ ਧੁਨੀ ਅੰਦਰੋਂ ਹੀ ਉਠਦੀ ਹੈ।ਜਦ ਅਨਹਦ ਸ਼ਬਦ ਵਜਦਾ ਹੈ ਤਾਂ ਮਨ ਕਾਬੂ ਵਿਚ ਹੋ ਜਾਂਦਾ ਹੈ ਤੇ ਭਟਕਣ ਖਤਮ ਹੋ ਜਾਂਦੀ ਹੈ। ਸੱਚੇ ਨਾਮ ਦੀ ਪ੍ਰਾਪਤੀ ਗੁਰੂ ਦੇ ਵਚਨਾਂ ਰਾਹੀਂ ਹੀ ਪ੍ਰਾਪਤੀ ਹੁੰਦੀ ਹੈ:

ਤਿਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥ (ਸਿਰੀ ਰਾਗ, ਮ: ੧, ਪੰਨਾ ੩੧)

ਹੇ ਜੋਗੀ! ਸਤ, ਸੰਤੋਖ ਤੇ ਇਜ਼ਤ ਦੀ ਝੋਲੀ ਵਿਚ ਅੰਮ੍ਰਿਤ ਨਾਮ ਦੀ ਭਿਛਿਆ ਪਵਾ:

ਸਤੁ
ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥ (ਤੁਖਾਰੀ ਮ: ੩, ਪੰਨਾ ੯੦੮)

ਅਪਣੀ ਮਤ ਨੂੰ ਬੇਸ ਬਣਾ ਕੇ ਗਿਆਨ ਨੂੰ ਸ਼ਬਦ ਘੜਣ ਦਾ ਸਾਧਨ ਬਣਾ।ਗਿਆਨ ਰਾਹੀਂ ਪ੍ਰਮਾਤਮਾਂ ਨਾਲ ਧਿਆਨ ਲਾਉਣਾ ਸਿੱਖ ਤੇ ਮਤ ਵਿਚ ਚੰਗੀ ਤਰ੍ਹਾਂ ਧਾਰ ਲੈ ਕਿ ਤੇਰੇ ਬਚਾ ਦਾ ਇਕੋ ਇਕ ਰਸਤਾ ਨਾਮ ਹੈ । ਪ੍ਰਮਾਤਮਾਂ ਦਾ ਨਾਮ ਜਪਣ ਦਾ ਗਿਆਨ ਗ੍ਰੰਥਾਂ ਵਿਚੋਂ ਪ੍ਰਾਪਤ ਕਰ ਤੇ ਇਸ ਗਿਆਨ ਦਾ ਹਥੌੜਾ ਬਣਾਕੇ ਮੱਤ ਦੀ ਅਜਿਹੀ ਘਾੜਤ ਘੜ ਕਿ ਉਹ ਹਮੇਸ਼ਾਂ ਪ੍ਰਮਾਤਮਾਂ ਨਾਲ ਜੁੜੀ ਰਹੇ:

ਬੁੱਧੀ ਨੂੰ ਅਹਿਰਣ ਬਣਾਉਣਾ ਹੈ ਭਾਵ ਬੁੱਧੀ ਧੀਰਜ ਸੁਨਿਆਰੇ ਦੇ ਹਵਾਲੇ ਕਰ ਦੇਣੀ ਹੈ ਆਪਾ ਸਮਰਪਣ ਕਰਨਾ ਹੈ ਜਿਵੇਂ ਅਹਿਰਣ ਨੇ ਅਪਣੇ ਆਪ ਨੂੰ ਸੁਨਿਆਰੇ ਦੇ ਹਵਾਲੇ ਕੀਤਾ ਹੈ। ਬੁੱਧੀ ਧੀਰਜ ਦੇ ਹਵਾਲੇ ਹੋ ਜਾਵੇ, ਅਪਣੀ ਚਤੁਰਾਈ ਛੱਡ ਦੇਵੇ ਭਾਵ ਭਾਣੇ ਵਿਚ ਰਜ਼ਾ ਵਿਚ ਸ਼ੁਕਰ, ਸਬਰ ਵਿਚ ਰਹੇ। ਏਥੇ ਸਹਿਜ ਅਵਸਥਾ ਵਿਚ ਰਹਿਣ ਦਾ ਭਾਵ ਹੈ। ਵੇਦੁ: ਵਿਚਾਰ, ਗਿਆਨ।ਵੇਦਾਂ ਸ਼ਾਸ਼ਤਰਾਂ ਦਾ ਸਤਿ ਗਿਆਨ ਇਹ ਹਥੌੜਾ ਹੋਵੇ ਤਾਂ ਕਿ ਬੁੱਧੀ ਉਤੇ ਗਿਆਨ ਵਿਚਾਰ ਦਾ ਹਥੌੜਾ ਚਲਦਾ ਰਹੇ ਤੇ ਬੁੱਧੀ ਗਿਆਨ ਵਿਚਾਰ ਕਰਦੀ ਰਹੇ:

ਅਹਰਣਿ ਮਤਿ ਵੇਦੁ ਹਥੀਆਰੁ

ਮਤਿ

ਤੇਰਾ (ਰਾਮ) ਨਾਮ ਜ਼ੇਵਰ ਹੈ ਜੋ ਜਾਗੇ ਹੋਏ ਮਨ ਦਾ ਮਨੋਰਥ ਹੈ:

ਨਾਉ ਤੇਰਾ ਗਹਣਾ ਮਤਿ ਮਕਸੂਦੁ॥ (ਮ: ੧, ਪੰਨਾ ੧੩੨੭)

ਸਵਾਸ ਜੀਵਨ ਦਾ ਅਰੰਭ ਹਨ ਤੇ ਇਸ ਜੀਵਨ ਨੂੰ ਸਤਿਗੁਰੂ ਤੋਂ ਮਿਲੀ ਮੱਤ ਅਨੁਸਾਰ ਧਰਮ ਨਾਲ ਜਿਉਣਾ ਹੈ।ਪ੍ਰਭੂ ਗੁਰੂ ਹੈ ਜਿਸ ਦੇ ਸਿਮਰਨ ਨੂੰ ਸੇਵਕ ਅਪਣੀ ਧੁਨ ਬਣਾ ਲੈਂਦਾ ਹੈ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਰਾਮਕਲੀ ਮ:੧, ਪੰਨਾ ੯੪੩)

ਹੇ ਮਨ ਸਾਰੀਆਂ ਚਿੰਤਾਂਵਾਂ ਨੂੰ ਮਾਰ ਤੇ ਗੁਰੂ ਤੋਂ ਮਿਲੇ ਸ਼ਬਦ ਨਾਮ ਰਾਹੀਂ ਹਰੀ ਵਿਚ ਮਿਲ ਜਾ। ਹਰੀ ਦਾ ਨਾਮ ਜਪਣਾ ਹੀ ਤਤ ਗਿਆਨ ਹੈ ਤੇ ਇਸੇ ਨੂੰ ਹੀ ਅਪਣੀ ਮਤ ਵਿਚ ਭਰ ਲੈ:

ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥ (ਗੂਜਰੀ ਮਹਲਾ ਘਰੁ ੪, ਪੰਨਾ ੫੦੫)

ਹੇ ਮਨਾ! ਜੋ ਸੱਚੇ ਸਤਿਗੁਰ ਦਾ ਨਾਮ ਜਪਦੇ ਹਨ ਉਹ ਤਾਂ ਵੱਡਭਾਗੇ ਪ੍ਰਾਣੀ ਹਨ। ਜੋ ਅਪਣਾ ਮਨ ਮਾਰਦੇ ਹਨ ਉਹ ਹੀ ਅਸਲ ਵੈਰਾਗੀ ਹਨ।ਉਨ੍ਹਾਂ ਵੈਰਾਗੀਆਂ ਦੀ ਸੱਚੇ ਨਾਲ ਲਿਵ ਲੱਗ ਜਾਂਦੀ ਹੈ ਤੇ ਉਹ ਆਪਾ ਪਛਾਣ ਲੈਂਦੇ ਹਨ। ਉਨ੍ਹਾਂ ਦੀ ਮੱਤ ਠਹਿਰੀ ਹੁੰਦੀ ਹੈ ਭਾਵ ਪੱਕੀ ਹੋ ਜਾਦੀ ਹੈ ਤੇ ਨਾਮ ਨਾਲ ਇਸ ਤਰ੍ਹਾਂ ਗੂੜ੍ਹਾ ਰਿਸ਼ਤਾ ਪਾ ਲੈਂਦੀ ਹੈ ਕਿ ਨਾਮ ਨਾਲ ਜੁੜੇ ਗੁਰਮੁੱਖ ਦੇ ਮੂੰਹੋ ਰਾਮ ਨਾਮ ਸਹਿਜੇ ਹੀ ਉਚਰਦਾ ਰਹਿੰਦਾ ਹੈ।

ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥ (ਵਡਹੰਸੁ ਮਹਲਾ ੩, ਪੰਨਾ ੫੬੯)

ਹੇ ਮਨ! ਗੋਬਿੰਦ ਨੂੰ ਹਰੀ ਨੂੰ ਹਮੇਸ਼ਾ ਜਪ। ਗੁਰੂ ਤੋਂ ਮਿਲੀ ਮਤ ਨਾਲ ਹੀ ਪ੍ਰਭੂ ਨੂੰ ਲਭਿਆ ਜਾਂਦਾ ਹੈ:

ਜਪਿ ਮਨ ਗੋਬਿਦ ਮਾਧੋ ਹਰਿ ਹਰਿ ਅਗਮ ਅਗਾਧੋ ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥ (ਕਾਨੜਾ ਮਹਲਾ ੪, ਪੰਨਾ ੧੨੯੭)

ਹਮੇਸ਼ਾ ਹਰੀ ਦਾ ਗੁਣ ਗਾਵੋ, ਉਸਦੇ ਗੁਣ ਗਾਇਆ ਸਾਰੇ ਪਾਪ ਲੱਥ ਜਾਂਦੇ ਹਨ। ਗੁਰੂ ਦੀ ਦਿਤੀ ਮੱਤ ਵਲ ਅਪਣਾ ਕੰਨ ਦੇ ਭਾਵ ਗੁਰੂ ਦੀ ਮੱਤ ਨੂੰ ਧਿਆਨ ਨਾਲ ਸੁਣ ਤੇ ਹਮੇਸ਼ਾ ਹਰੀ ਦਾ ਨਾਮ ਜਪ:

ਹਰਿ ਜਸੁ ਗਾਵਹੁ ਭਗਵਾਨ ਜਸੁ ਗਾਵਤ ਪਾਪ ਲਹਾਨ ਮਤਿ ਗੁਰਮਤਿ ਸੁਨਿ ਜਸੁ ਕਾਨ ਹਰਿ ਹੋ ਹੋ ਕਿਰਪਾਨ ॥ (ਕਾਨੜਾ ਮਹਲਾ ੪ , ਪੰਨਾ ੧੨੯੭)

ਹਰੀ ਦੇ ਨਾਮ ਦੀ ਕੀਰਤੀ ਹੈ ਸਭ ਤੋਂ ਉਤਮ ਹੈ ਕਲਿਯੁਗ ਵਿਚ ਸਾਰੇ ਕੰਮਾਂ ਦਾ ਸਾਰ ਰਾਮ ਨਾਮ ਹੀ ਹੈ। ਗੁਰੂ ਤੋਂ ਮਿਲੀ ਮਤ ਅਨੁਸਾਰ ਪ੍ਰਮਾਤਮਾਂ ਦੀ ਹਮੇਸ਼ਾ ਕੀਰਤ ਕਰੋ ਰਾਮ ਨਾਮ ਗਾਵੋ ਤੇ ਉਸ ਦਾ ਨਾਮ ਹਮੇਸ਼ਾ ਅਪਣੇ ਦਿਲ ਵਿਚ ਧਾਰ ਕੇ ਰੱਖੋ:

ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥ (ਮਃ ੪, ਪੰਨਾ ੧੩੧੪)

ਗੁਰਮੁਖ ਦੀ ਜ਼ਿੰਦਗੀ ਨਾਮ ਜਪਣ ਦੇ ਕੰਮ ਵਿਚ ਲੱਗੀ ਹੋਈ ਹੈ।ਉਸਨੇ ਅਪਣੀ ਮੱਤ ਅਤੇ ਜੀਅ ਨੂੰ ਰਾਮ ਨਾਮ ਬਣਾ ਲਿਆ ਹੈ ਤੇ ਉਸਦੇ ਮੁਖ ਵਿਚੋਂ ਹਮੇਸ਼ਾ ਰਾਮ ਨਾਮ ਹੀ ਨਿਕਲਦਾ ਹੈ, (ਹਾਇ ਮਾਂ! ਜਾਂ ਹਾਇ ਜਿੰਦੇ! ਨਹੀਂ ਨਿਕਲਦਾ)।ਸੰਤੋਖ ਨੂੰ ਅਪਣਾ ਪਿਤਾ ਭਾਵ ਸੁਰਖਿਆਕਵਚ ਸਮਝ ਗੁਰੂ ਤੋਂ ਮਿਲੇ ਉਹ ਨਾਮ ਸਹਾਰੇ ਜਨਮਾਂ ਦੇ ਚੱਕਰ ਤੋਂ ਛੁਟ ਜਾਂਦਾ ਹੈ। ਰਾਮ ਨਾਮ ਤਾਂ ਵੱਡੇ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ:

ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ॥ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ॥ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ਵਡਭਾਗੀ ਮਿਲੁ ਰਾਮਾ ॥ (ਰਾਗੁ ਗਉੜੀ ਮਾਝ ਮਹਲਾ ੪, ਪੰਨਾ ੧੭੨)

ਮੱਤ ਵਿਚ ਗਿਆਨ ਦੀ ਰੋਸ਼ਨੀ ਹੋਈ ਤਾਂ ਹਰੀ ਦੇ ਨਾਮ ਨਾਲ ਲਿਵ ਲੱਗ ਗਈ। ਮਨ ਨੇ ਹਰੀ ਨੂੰ ਮੰਨ ਲਿਆ ਤਾਂ ਅੰਦਰੋਂ ਗਿਆਨ ਦੀ ਜੋਤ ਪ੍ਰਗਟ ਹੋਈ ਤੇ ਹਰੀ ਦੇ ਨਾਲ ਸਹਿਜੇ ਹੀ ਸਮਾਧੀ ਜੁੜ ਗਈ:

ਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥(ਸਾਰੰਗ ਮ:੪, ਪੰਨਾ ੧੧੯੯)

ਵੇਦ

(ਵਿਚਾਰ, ਗਿਆਨ) ਵੇਦਾਂ ਸ਼ਾਸ਼ਤਰਾਂ ਦਾ ਸਤਿ ਗਿਆਨ ਹਥੌੜਾ ਹੋਵੇ ਜੋ ਬੁਧੀ ਉਤੇ ਚਲਦਾ ਰਹੇ ਤੇ ਬੁਧੀ ਨਾਮ ਦੀ ਵਿਚਾਰ ਕਰਦੀ ਰਹੇ।ਵੇਦ ਗਿਆਨ ਦੇ ਖਜ਼ਾਨੇ ਹਨ। ਵੇਦਾਂ ਵਿਚ ਨਾਮ ਹੀ ਸਭ ਤੋਂ ਉਤਮ ਮੰਨਿਆਂ ਗਿਆ ਹੈ । ਜੋ ਵੇਦਾਂ ਵਿਚਲਾ ਨਾਮ ਗਿਆਨ ਨਹੀਂ ਪ੍ਰਾਪਤ ਕਰਦੇ ਬੇਤਾਲਿਆ ਵਾਂਗੂ ਨੱਚਦੇ ਹਨ ਭਾਵ ਭਟਕਦੇ ਰਹਿੰਦੇ ਹਨ:

ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥(ਰਾਮਕਲੀ ਮ: ੩, ਪੰਨਾ ੯੧੯)

ਕਿਤਨੇ ਹੀ ਵਿਆਖਿਆਨ ਕਰਦੇ ਕਹਿ ਕਹਿ ਕੇ ਚਲੇ ਗਏ। ਵੇਦਾਂ ਨੇ ਪ੍ਰਮਾਤਮਾਂ ਦਾ ਵਿਆਖਿਆਨ ਤਾਂ ਬਹੁਤ ਕੀਤਾ ਹੈ ਪਰ ਉਸ ਦਾ ਤਾਂ ਅੰਤ ਨਹੀਂ ਪਾਇਆ ਜਾ ਸਕਦਾ। ਸਿਰਫ ਵੇਦ ਪੜ੍ਹੇ ਤੇ ਹੀ ਨਹੀਨ ਇਸ ਪ੍ਰਾਪਤ ਗਿਆਨ ਅਨੁਸਾਰ ਪ੍ਰਮਾਤਮਾਂ ਨੂੰ ਸਮਝਣਾ ਹੈ

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਹਿ ਵਖਿਆਣ ਅੰਤੁ ਪਾਵਣਾ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ (ਮਾਝ ਮ: ੧, ਵਾਰ, ਪੰਨਾ ੧੪੮)

ਗਿਆਨ ਹੀ ਹੈ ਜੋ ਮਨ ਨੂੰ ਬੰਨ੍ਹ ਕੇ ਰਖਦਾ ਹੈ ਜਿਵੇਂ ਘੜੇ ਵਿਚ ਪਾਣੀ ਬੰਨਿ੍ਹਆਂ ਹੁੰਦਾ ਹੈ ਪਰ ਗਿਆਨ ਗੁਰੂ ਤੋਂਂ ਬਿਨਾ ਨਹੀਂ ਮਿਲ ਸਕਦਾ। ਇਸ ਸਭ ਦਾ ਭਾਵ ਵੇਦ ਗਿਆਨ ਦਾ ਖਜ਼ਾਨਾ ਤਾਂ ਹਨ ਪਰ ਉਨ੍ਹਾਂ ਨੂੰ ਪੜ੍ਹਣ ਨਾਲ ਹੀ ਸ਼ਬਦ ਦੀ ਪ੍ਰਾਪਤੀ ਨਹੀ ਹੁੰਦੀ ਸਮਝ ਤਾਂ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੋਣੀ ਹੈ:

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਹੋਇ ॥ (ਮ: ੧, ਪੰਨਾ ੪੬੯)

ਪ੍ਰਮਾਤਮਾਂ ਦਾ ਭਉੁ ਹਮੇਸ਼ਾ ਦਿਲ ਵਿਚ ਰੱਖ ਤੇ ਉਸ ਦਾ ਭਉ ਖਾ ਕੇ ਉਸ ਨਾਲ ਭਾਉ-ਪ੍ਰੇਮ ਕਰਨਾ ਸਿੱਖ ਤਾਂ ਕਿ ਉਸ ਦੇ ਨੇੜੇ ਹੋਵੇਂ ਤੇ ਉਸ ਨਾਲ ਸੰਪਰਕ ਰਹੇ ਤਾਂ ਤੇਰਾ ਭਉ ਘਟ ਹੋਵੇ ਤੇ ਭਾਉ ਹੋਰ ਵਧਦਾ ਜਾਵੇ।ਭਉ ਦੇ ਤਾਪ ਵਿਚ ਪ੍ਰਮਾਤਮਾਂ ਦਾ ਭਾਉ ਪਕਾ ਲੈ।

ਭੱਠੀ ਦੀ ਅੱਗ ਨੂੰ ਤੇਜ਼ ਕਰਨ ਲਈ ਧੌਂਕਣੀ ਰਾਹੀਂ ਹਵਾ ਦਿਤੀ ਜਾਂਦੀ ਹੈ। ਧੌਂਕਣੀ ਦੀਆਂ ਖੱਲਾਂ ਰਾਹੀਂ ਦਿਤੀ ਹਵਾ ਨੂੰ ਏਥੇ ਭਉ ਭਾਵ ਡਰ ਨਾਲ ਤੇਜ਼ ਕਰਨਾ ਹੈ। ਹਵਾ ਦੇਣ ਤੋਂ ਭਾਵ ਇਸ ਅੱਗ ਨੂੰ ਤੇਜ਼ ਕਰਨਾ ਹੈ, ਹਵਾ ਦੇ ਕੇ ਅੱਗ ਨੂੰ ਤੇਜ਼ ਕਰਨਾ ਹੈ। ਤਾਉ ਤੋਂ ਭਾਵ ਅੱਗ ਦਾ ਬਾਲਣਾ ਤੇ ਤੇਜ਼ ਕਰਨਾ ਹੈ।ਤਪ ਕਰਨ ਤੋਂ ਭਾਵ ਸਰੀਰ ਨੂੰ ਸਾਵਧਾਨ ਰੱਖਣਾ, ਆਲਸ ਨਾ ਕਰਨਾ, ਮਨ ਦੀ ਮਰਜ਼ੀ ਨਾ ਚੱਲਣ ਦੇਣੀ। ਮਨ ਦੀ ਮਰਜ਼ੀ ਦੇ ਵਿਰੁਧ ਚਲਕੇ, ਸੁੱਖ ਆਰਾਮ ਛੱਡਕੇ, ਨਾਮ ਨਾਲ ਟਿਕੇ ਰਹਿਣਾ ਤਪ ਕਰਨਾ ਹੈ ।ਮਨ ਕਹਿੰਦਾ ਹੈ ਸਵੇਰੇ ਨਹੀਂ ਉੱਠਣਾ ਪਰ ਫਿਰ ਵੀ ੳੁੱਠਣਾ ਹੈ।ਮਨ ਕਹਿੰਦਾ ਹੈ ਪਾਣੀ ਸੀਤ ਠੰਢਾ ਹੈ, ਸਰਦੀ ਲੱਗ ਜਾਏਗੀ ਇਸ ਲਈ ਇਸ਼ਨਾਨ ਨਹੀਂ ਕਰਨਾ, ਪਰ ਇਸ਼ਨਾਨ ਫਿਰ ਵੀ ਕਰਨਾ ਹੈ, ਸਤਿਸੰਗ ਵਿਚ ਬੈਠਣ ਨੂੰ ਜੀ ਨਹੀਂ ਕਰਦਾ ਪਰ ਬੈਠਣਾ ਹੈ, ਇਹ ਸਾਰਾ ਤਪ ਤਾਪਣਾ ਹੈ, ਭੱਠੀ ਵਿਚ ਅੱਗ ਬਾਲਣੀ ਹੈ:

ਅਠੱਤੀਵੀਂ
ਪਉੜੀ –ਸ਼ਬਦ ਦੀ ਟਕਸਾਲ-2

ਭਉ ਖਲਾ ਅਗਨਿ ਤਪ ਤਾਉ

ਭਉ

ਅਪਣੇ ਮਨ ਨੂੰ ਪ੍ਰਮਾਤਮਾਂ ਦਾ ਡਰ ਮੰਨਕੇ ਨਾਮ ਦੇ ਬੇੜੇ ਚੜ੍ਹਾਉ

ਭਉ ਬੇੜਾ ਜੀਉ ਚੜਾਊ ॥(ਮਾਰੂ ਮਹਲਾ ੧, ਪੰਨਾ ੯੯੦)

ਜੋ ਪ੍ਰਮਾਤਮਾਂ ਦੇ ਡਰ ਸਦਕਾ ਜੱਗ ਤੋਂ ਵੈਰਾਗ ਲੈ ਲੈਂਦਾ ਹੈ ਉਹ ਪ੍ਰਮਾਤਮਾ ਵਿਚ ਸਹਿਜ ਹੀ ਸਮਾ ਜਾਂਦਾ ਹੈ:

ਭਉ ਬੈਰਾਗਾ ਸਹਜਿ ਸਮਾਤਾ ॥ (ਮਾਰੂ ਮਹਲਾ ੧, ਪੰਨਾ ੧੦੪੦)

ਪ੍ਰਮਾਤਮਾਂ ਦੇ ਚਰਨ ਕਮਲਾਂ ਨਾਲ ਪ੍ਰੀਤ ਜੁੜ ਗਈ। ਪੂਰੇ ਗੁਰੂ ਤੋਂ ਰੱਬ ਨਾਲ; ਜੜਿਣ ਦੀ ਜੁਗਤ ਸਮਝ ਲਈ ਤਾਂ ਸਾਰੇ ਡਰ ਦਸੂਰ ਹੋ ਗਏ ਤੇ ਨਿਰਭਉ ਭਾਵ ਵਾਹਿਗੁਰੂ ਮਨ ਵਿਚ ਵਸ ਗਿਆ। ੁਜਸ ਸਦਕਾ ਅੰਮ੍ਰਿਤ ਨਾਮ ਹਰ ਰੋਜ਼ ਜਪਣ ਲੱਗ ਗਿਆ ਹਾਂ।

ਚਰਨ ਕਮਲ ਸਿਉ ਲਾਗੀ ਪ੍ਰੀਤਿ ਗੁਰ ਪੂਰੇ ਕੀ ਨਿਰਮਲ ਰੀਤਿ ਭਉ ਭਾਗਾ ਨਿਰਭਉ ਮਨਿ ਬਸੈ ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥॥ (ਰਾਮਕਲੀ ਮਹਲਾ ੫, ਪੰਨਾ ੮੯੩)

ਪ੍ਰਮਾਤਮਾਂ ਤੋਂ ਡਰ ਤੇ ੳਸਿ ਸੰਗ ਪ੍ਰੇਮ ਸਦਕਾ ਹੇ ਜੋਗੀ ਇਸ ਸਰੀਰ ਨੂੰ ਦੁਨਿਆਵੀ ਬੁਰਿਆਈਆ ਲਈ ਸੋਟੌ ਬਣਾ।

ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥ (ਤੁਖਾਰੀ ਮ: ੩, ਪੰਨਾ ੯੦੮)

ਜੋ ਸਾਰੇ ਡਰ ਦੂਰ ਕਰਨ ਵਾਲਾ ਹੈ ਉਸ ਨੂੰ ਹਮੇਸ਼ਾ ਅਪਣੇ ਹਿਰਦੇ ਵਿਚ ਧਿਆਉ:

ਭਉ
ਭੰਜਨ ਰਿਦ ਮਾਹਿ ਅਰਾਧੋ ॥ (ਰਾਮਕਲੀ ਮਹਲਾ ੫, ਪੰਨਾ ੮੯੭)

ਤਪ

ਗੁਰੂ ਨਾਨਕ ਜੀ ਫੁਰਮਾਉਂਦੇ ਹਨ ਕਿ ਜਪ, ਤਪ ਤੇ ਸੰਜਮ ਨੂੰ ਆਧਾਰ ਬਣਾਉ। ਹਰੀ ਦਾ ਨਾਮ ਵੰਡਣ ਨਾਲ ਸੁੱਖ ਪ੍ਰਾਪਤ ਹੁੰਦਾ ਹੈ ਤੇ ਭਗਤੀ ਦਾ ਭੰਡਾਰ ਮਿਲਦਾ ਹੈ:

ਜੀ ਜਪੁ ਤਪੁ ਸੰਜਮੁ ਸਚੁ ਅਧਾਰ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥ (ਗੂਜਰੀ ਅਸਟਪਦੀਆ ਮਹਲਾ ਘਰੁ ੧, ਪੰਨਾ ੫੦੩

ਅਪਣੀ ਤਪਸਿਆ ਦਾ ਕਾਗਜ਼ ਮਨ ਹੈ ਜਿਸ ਉਪਰ ਨਿਸ਼ਾਨੀ ਨਾਮ ਦੀ ਪਾਉਣੀ ਹੈ:

ਤਪੁ ਕਾਗਦੁ ਤੇਰਾ ਨਾਮੁ ਨਿਸਾਨੀ ॥ (ਮਲਾਰ ਮ: ੧, ਪੰਨਾ ੧੨੫੭)

ਸਤਿਗੁਰੂ ਦੀ ਸੇਵੀ ਬੜੀ ਹੀ ਸੁਖਾਲੀ ਹੈ, ਸੇਵਾ ਦੇ ਫਲ ਵਜੋਂ ਜੋ ਵੀ ਚਾਹੋ ਪਰਾਪਤ ਹੁੰਦਾ ਹੈ ।ਜਤ, ਤਪ ਤੇ ਸਤ ਸਦਕਾ ਸਰੀਰ ਪਵਿਤ੍ਰ ਹੁੰਦਾ ਹੈ ਜਿਸ ਲਈ ਹਰੀ ਦਾ ਨਾਮ ਹਮੇਸ਼ਾ ਮਨ ਵਿਚ ਵਸਾ ਲੈਣਾ ਹੈ।ਨਾਮ ਵਸ ਜਾਏਗਾ ਤਾਂ ਦਿਨ ਰਾਤਾ ਅਨੰਦ ਪ੍ਰਸੰਨ ਰਹੇਂਗਾ ਤੇ ਪ੍ਰਮਾਤਮਾਂ ਨੂੰ ਪ੍ਰਾਪਤ ਕਰਕੇ ਸੁੱਖ ਪਾਏਂਗਾ:

ਆਪਣੇ ਸਰੀਰ ਨੂੰ ਪ੍ਰਮਾਤਮਾਂ ਦੇ ਭਾਉ ਪ੍ਰੇਮ ਵਿਚ ਇਤਨਾ ਮਸਤ ਕਰ ਲੈ ਕਿ ਪ੍ਰਮਾਤਮਾਂ ਬਿਨਾ ਤੈਨੂੰ ਹੋਰ ਕੁਝ ਨ ਦਿਖੇ ਤੇ ਉਹ ਵੀ ਪ੍ਰਸੰਨ ਹੋ ਕੇ ਤੇਰੀ ਝੋਲੀ ਵਿਚ ਅੰਮ੍ਰਿਤ ਪਾ ਦੇਵੇ।ਪ੍ਰੇਮ ਦੇ ਭਾਂਡੇ (ਕੁਠਾਲੀ) ਵਿਚ ਅੰਮ੍ਰਿਤ ਢਾਲ।

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ

ਭਾਂਡਾ=ਕੁਠਾਲੀ। ਉਹ ਠੂਠੀ ਜਿਸ ਵਿਚ ਸੁਨਿਆਰਾ ਸੋਨੇ ਨੂੰ ਗਰਮ ਕਰਕੇ ਪਿਘਲਾ ਕੇ ਕੁਠਾਲੀ ਵਿਚ ਪਾ ਦਿੰਦਾ ਹੈ, ਫਿਰ ਠੱਪੇ ਲਾ ਕੇ ਘੜਦਾ ਹੈ, ਸਰਕਾਰੀ ਮੋਹਰ ਦਾ ਸਿੱਕਾ ਬਣਾ ਦਿੰਦਾ ਹੈ। ਭਾਉ=ਪ੍ਰੇਮ ਦੀ ਕੁਠਾਲੀ ਭਾਂਡਾ ਹੋਵੇ, ਜਿਸ ਵਿਚ ਨਾਮ ਰੂਪੀ ਸੋਨੇ ਨੂੰ ਪਾਉਣਾ ਹੈ ਭਾਵ ਪ੍ਰੇਮ ਨਾਲ ਨਾਮ ਜਪਣਾ ਹੈ। ਆਂਮ੍ਰਿਤ= ਨਾਮ ਸੋਨੇ ਨੂ ਪ੍ਰੇਮ ਕਠਿਾਲੀ ਵਿਚ ਢਾਲ ਕੇ ਪਾਉ।

ਭਾਉ

ਪ੍ਰਮਾਤਮਾਂ ਪ੍ਰਤੀ ਪ੍ਰੇਮਾ ਭਗਤੀ ਗੁਰੂ ਦੀ ਦਿਤੀ ਮੱਤ ਤੇ ਚੱਲ ਕੇ ਪਾਈ ਜਾ ਸਕਦੀ ਹੈ ਤੇ ਸ਼ਬਦ ਨਾਮ ਪ੍ਰਾਣੀ ਦੀ ਹਉਮੈ ਮਾਰ ਦਿੰਦਾ ਹੈ:

ਭਾਉ ਭਗਤਿ ਗੁਰਮਤੀ ਪਾਏ ॥ਹਉਮੈ ਵਿਚਹੁ ਸਬਦਿ ਜਲਾਏ ॥॥ ॥(ਮ ੧, ਪੰਨਾ ੧੩੪੨-੧੩੪੩)

ਜਦ ਸਤਿਗੁਰ ਤੁੱਠਦਾ ਹੈ ਤੈ ਪ੍ਰੇਮ ਦਾ ਭੋਜਨ ਪਰੋਸਦਾ ਹੈ:

ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥(ਗਉੜੀ, ਮ ੫, ਪੰਨਾ ੧੧੫)

ਸੰਸਾਰਕ ਮਮਤਾ ਨੂੰ ਸਾੜ ਸੁੱਟ ਅਤੇ ਇਸ ਦੀ ਖਾਕ ਨੂੰ ਪੀਹ ਕੇ ਸਿਆਹੀ ਬਣਾ ਅਤੇ ਅਪਣੀ ਅਕਲ ਦਾ ਵਧੀਆ ਕਾਗਜ਼ ਕਰ। ਪ੍ਰਭੂ ਦੀ ਪ੍ਰੀਤ ਨੂੰ ਅਪਣੀ ਲੇਖਣੀ ਅਤੇ ਮਨ ਨੁੰ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਨੂੰ ਵਾਹਿਗੁਰੂ ਦੀ ਵੀਚਾਰ ਨੂੰ ਲੱਖ।ਵਾਹਿਗੁਰੂ ਨਾਮ ਦੀ ਉਸਤਤ ਲਗਾਤਾਰ ਲਿਖੀ ਜਾ, ਲਿਖੀ ਜਾ ਕਿ ਉਸ ਦਾ ਨਾ ਕੋਈ ਅੰਤ ਹੈ ਨਾ ਕੋਈ ਪਾਰਾਵਾਰ:

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਪਾਰਾਵਾਰੁ ॥ (ਸਿਰੀਰਾਗੁ ਮਹਲੁ ੧, ਪੰਨਾ ੧੬)

ਅੰਮ੍ਰਿਤ

ਹਰੀ ਦਾ ਨਾਮ ਸਦਾ ਧਿਆਉਣਾ ਅਸਲੀ ਅੰਮ੍ਰਿਤ ਹੈ:

ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥ (ਮਾਝ ਮ: ੩, ਪੰਨਾ ੧੧੯)

ਅੰਮ੍ਰਿਤ ਨਾਮ ਦੇ ਅਮੁੱਕ ਭੰਡਾਰ ਨੂੰ ਸਭ ਨੂੰ ਮਿਲਕੇ ਪੀਣਾ ਚਾਹੀਦਾ ਹੈ।ਪ੍ਰਭੂ ਦਾ ਨਾਮ ਸਿਮਰੇ ਸੁੱਖ ਮਿਲਦਾ ਹੈ ਤੇ ਸਾਰੀ ਤ੍ਰੇਹ ਮਿਟ ਜਾਂਦੀ ਹੈ। ਪਾਰਬ੍ਰਹਮ ਦੀ ਸੇਵਾ ਕਰਦਿਆਂ ਕੋਈ ਭੁੱਖ ਨਹੀਂ ਰਹਿੰਦੀ। ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਤੇ ਅਮਰਾਪਦ ਪ੍ਰਾਪਤ ਹੁੰਦਾ ਹੈ।ਪ੍ਰਮਾਤਮਾਂ ਜਿਤਨਾ ਵੱਡਾ ਉਹ ਆਪ ਹੈ ਹੋਰ ਕੋਈ ਨਹੀਂ ਇਸ ਲਈ ਉਸ ਦੀ ਸ਼ਰਣ ਵਿਚ ਜਾਣਾ ਚਾਹੀਦਾ ਹੈ:

ਅੰਮ੍ਰਿਤ ਨਾਮ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥ ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਕਾਈ॥ ਸਗਲ ਮਨੋਰਥ ਪੁੰਨਿਆ ਅਮਰਾਪਦ ਪਾਈ॥ਤੁਧੁ ਜੇਵਡੁ ਤੂ ਹੈ ਪਾਰਬਰਹਮ ਨਾਨਕ ਸਰਣਾਈ॥ (ਮ ੫, ਪੰਨਾ ੩੧੮)

ਪ੍ਰਭ ਦੇ ਸਿਮਰਨ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ ਤੇ ਅੰਮ੍ਰਿਤ ਨਾਮ ਹਿਰਦੇ ਵਿਚ ਸਮਾ ਜਾਂਦਾ ਹੈ:

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ (ਸੁਖਮਨੀ, ਮਹਲਾ ੫ , ਪੰਨਾ ੨੬੩)

ਸ਼ਬਦ ਨਾਮ ਅੰਮ੍ਰਿਤ ਹੈ ਤੇ ਹਰੀ ਦੀ ਬਾਣੀ ਵੀ ਅੰਮ੍ਰਿਤ ਹੈ। ਜੇ ਸਤਿਗੁਰ ਦਾ ਧਿਆਨ ਧਰਾਂਗੇ ਤਾਂ ਸ਼ਬਦ ਨਾਮ ਹਿਰਦੇ ਵਿਚ ਵਸ ਜਾਵੇਗਾ। ਗੁਰੁ ਜੀ ਫੁਰਮਾਉਂਦੇ ਹਨ ਕਿ ਅੰਮ੍ਰਿਤ ਨਾਮ ਸਦਾ ਸੁਖਦਾਤਾ ਹੈ ਨਾਮ ਅੰਮ੍ਰਿਤ ਪੀਤਿਆਂ ਸਾਰੀਆਂ ਭੁਖਾ ਲਹਿ ਜਾਂਦੀਆਂ ਹਨ:

ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ਸਤਿਗੁਰਿ ਸੇਵਿਐ ਰਿਦੈ ਸਮਾਣੀ ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥ (ਮ: ੩, ਪੰਨਾ ੫੧੭)

ਗੁਰੂ ਦੀ ਸੇਵਾ ਸਦਕਾ ਆਪੇ ਦੀ ਪਛਾਣ ਹੁੰਦੀ ਹੈ ਤੇ ਸੁਖਾਂ ਦਾ ਦਾਤਾ ਨਾਮ ਅੰਮ੍ਰਿਤ ਮਨ ਵਿਚ ਵਸ ਜਾਂਦਾ ਹੈ ਤੇ ਦਿਨ ਰਾਤ ਨਾਮ ਬਾਣੀ ਵਿਚ ਰਤਾ ਰਹਿੰਦਾ ਹੈ:

ਗੁਰ ਸੇਵਾ ਤੇ ਆਪੁ ਪਛਾਤਾ॥ ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ਅਨਦਿਨੁ ਬਾਣੀ ਨਾਮੇ ਰਾਤਾ ॥ (ਮਹਲਾ ੫ , ਪੰਨਾ ੪੧੫)

ਕਿਸ ਤਰ੍ਹਾਂ ਵਾਹਿਗੁਰੂ ਨੂੰ ਵੇਖਾ ਕਿਵੇਂ ਉਸਦੇ ਗੁਣ ਸਲਾਹਾਂ। ਗੁਰੂ ਦੀ ਮਿਹਰ ਨਾਲ ਹੀ ਨਾਮ ਸ਼ਬਦ ਦੇ ਰਾਹੀਂ ਉਸ ਦੀ ਸਲਾਹੁਤਾ ਕੀਤੀ ਜਾ ਸਕਦੀ ਹੈ।ਵਾਹਿਗੁਰੂ ਦਾ ਭਾਣਾ ਮੰਨੀ ਜਾਵਾਂਗੇ ਤਾਂ ਨਾਮ ਅੰiੰਮ੍ਰਤ ਦੀ ਵਰਖਾ ਹੋਵੇਗੀ ਤੇ ਉਸ ਦੇ ਭਾਣੇ ਵਿਚ ਰਹਿ ਕੇ ਹੀ ਇਹ ਅੰਮ੍ਰਿਤ ਪੀਤਾ ਜਾ ਸਕਦਾ ਹੈ

ਕਿਉ ਕਰਿ ਵੇਖਾ ਕਿਉ ਸਾਲਾਹੀ ਗੁਰ ਪਰਸਾਦੀ ਸਬਦਿ ਸਲਾਹੀ ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥ (ਮ: ੩, ਪੰਨਾ ੫੧੭)

ਨਾਮ ਅੰਮ੍ਰਿਤ ਦੀ ਵਰਖਾ ਸਹਿਜ ਸੁਭਾ ਹੀ ਹੁੰਦੀ ਹੈ ਜਿਸਨੂਂ ਕੋਈ ਵਿਰਲਾ ਗੁਰਮੁਖ ਹੀ ਪਾ ਸਕਦਾ ਹੈ।ਨਾਮ ਅੰਮ੍ਰਿਤ ਪੀ ਕੇ ਤ੍ਰਿਸ਼ਨਾ ਦੀ ਪਿਆਸ ਬੁਝ ਜਾਂਦੀ ਹੈ। ਮੈ ਵਾਰੀ ਜਾਵਾਂ ਉਸ ਗੁਰਮੇਕ ਤੋਂ ਜੋ ਮੈਨੂੰ ਅੰਮ੍ਰਿਤ ਪਿਲਾਵੇਗਾ।ਜੀਭ ਹਮੇਸ਼ਾ ਨਾਮ ਅੰਮ੍ਰਿਤ ਰਸ ਚਖਦੀ ਨਾਮ ਵਿਚ ਰੰਗੀ ਰਹੇਗੀ:

ਅੰਮ੍ਰਿਤੁ ਵਰਸੈ ਸਹਜਿ ਸੁਭਾਏ ਗੁਰਮੁਖਿ ਵਿਰਲਾ ਕੋਈ ਜਨੁ ਪਾਏ ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥ (ਮ: ੩, ਪੰਨਾ ੫੧੭)

ਗੁਰਮੁਖ ਨੇ ਵਿਚਾਰ ਕੇ ਇਹੋ ਤਤ ਲਭਿਆ ਹੈ ਕਿ ਪ੍ਰਮਾਤਮਾ ਦੇ ਭੰਡਾਰੇ ਅੰਮ੍ਰਿਤ ਨਾਲ ਭਰੇ ਪਏ ਹਨ। ਸਤਿਗੁਰੂ ਨੂੰ ਸੁਵਿਆ ਧਿਆਇਆ ਬਿਨ ਕੋਈ ਵੀ ਗੁਰੂ ਕਿਰਪਾ ਬਿਨਾਂ ਇਹ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ।

ਗੁਰਮੁਖਿ ਤਤੁ ਹੈ ਬੀਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨੁ ਸਤਿਗੁਰ ਸੇਵੇ ਕੋਈ ਪਾਵੈ ਗੁਰ ਕਿਰਪਾ ਤੇ ਪਾਵਣਿਆ ॥ (ਮ: ੩, ਪੰਨਾ ੧੧੯)

ਜੋ ਸਤਿਗੁਰੂ ਧਿਆਉਂਦਾ ਹੈ ਉਹ ਜਨ ਹੀ ਸੋਂਹਦਾ ਸਜਦਾ ਹੈ ਕਿਉਂਕਿ ਅੰਮ੍ਰਿਤ ਨਾਮ ਅੰਦਰਲੇ ਮਨ ਨੂੰ ਮੋਹ ਲੈਂਦਾ ਹੈ।ਅੰਮ੍ਰਿਤ ਨਾਮ ਦੀ ਬਾਣੀ ਵਿਚ ਜਦ ਮਨ ਤਨ ਰਸ ਜਾਣ ਤਾਂ ਅੰਮ੍ਰਿਤ ਨਾਮ ਸਹਿਜੇ ਹੀ ਅੰਦਰੋਂ ਹੀ ਸੁਣਾਈ ਦੇਣ ਲੱਗ ਪੈਂਦਾ ਹੈ:

ਸਤਿਗੁਰੁ ਸੇਵੈ ਸੋ ਜਨੁ ਸੋਹੈ ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥ (ਮ: ੩, ਪੰਨਾ ੧੧੯)

ਗੁਰੂ ਦੀ ਮਿਹਰ ਸਦਕਾ ਨਾਮ ਮਨ ਵਿਚ ਵਸ ਗਿਆ ਹੈ, ਜਿਵੇੰ ਜਨਮ ਜਨਮਾਂਤਰਾਂ ਤੋਂ ਸੁਤਾ ਹੋਇਆ ਸਾਂ ਤੇ ਹੁਣ ਜਾਗ ਪਿਆ ਹਾਂ। ਪ੍ਰਭੂ ਦੀ ਬਾਣੀ ਉਚਰਿਆਂ ਅੰਮ੍ਰਿਤ ਗੁਣ ਪ੍ਰਾਪਤ ਹੁੰਦੇ ਹਨ । ਇਹ ਸੋਝੀ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ

ਗੁਰ ਪਰਸਾਦਿ ਨਾਮਿ ਮਨੁ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤਿ ਪਰਾਣੀ ॥ (ਗਉੜੀ ਗੁਆਰੇਰੀ ਮਹਲਾ ੫, ਪੰਨਾ ੧੮੪)

ਨਾਮ ਸ਼ਬਦ ਦਾ ਅੰਮ੍ਰਿਤ ਕੋਈ ਹੀ ਪੀਂਦਾ ਹੈ ਤੇ ਜੋ ਨਾਮ ਦਾ ਰਸ ਪੀਂਦਾ ਹੈ ਸੋ ਪਰਮਗਤੀ ਪ੍ਰਾਪਤ ਕਰਦਾ ਹੈ:

ਮ੍ਰਿਤ ਸਬਦੁ ਪੀਵੈ ਜਨੁ ਕੋਇ ਨਾਨਕ ਤਾ ਕੀ ਪਰਮ ਗਤਿ ਹੋਇ ੪੧ ੯੨ ॥ (ਆਸਾ ਘਰੁ ਮਹਲਾ ੫ , ਪੰਨਾ ੩੯੪)

ਨਾਮ ਜਪਣ ਵਾਲੇ ਦੇ ਪ੍ਰਮਾਤਮਾਂ ਸਾਰੇ ਦੁਸਟ ਵੈਰੀ ਮਾਰ ਦਿੰਦਾ ਹੈ ਤੇ ਅਪਣੇ ਜਨ ਦੀ ਹਮੇਸ਼ਾ ਪੈਜ ਰਖਦਾ ਹੈ। ਵੱਡੇ ਬਾਦਸ਼ਾਹ ਅਤੇ ਅਮੀਰ ਲੋਕ ਵੀ ਨਾਮ ਜਪਣ ਵਾਲੇ ਦੇ ਵੱਸ ਵਿਚ ਹੋ ਜਾਂਦੇ ਹਨ ਤੇ ਅੰਮ੍ਰਿਤ ਨਾਮ ਦਾ ਮਹਾਰਸ ਪੀਂਦੇ ਹਨ।ਇਸ ਲਈ ਨਿਰਭਉ ਹੋ ਕੇ ਭਗਵਾਨ ਦਾ ਭਜਨ ਕਰੋ ਤੇ ਸਾਧ ਸੰਗਤ ਵਿਚ ਮਿਲ ਕੇ ਵੀਚਾਰਾਂ ਕਰੋ ਤੇ ਲੋੜਵੰਦਾਂ ਨੂੰ ਦਾਨ ਦਿਉ।

ਦੁਸਟ ਦੂਤ ਪਰਮੇਸਰਿ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ਅੰਮ੍ਰਿਤ ਨਾਮ ਮਹਾ ਰਸ ਪੀਨੇ ਨਿਰਭਉ ਹੋਇ ਭਜਹੁ ਭਗਵਾਨ ਸਾਧਸੰਗਤਿ ਮਿਲਿ ਕੀਨੋ ਦਾਨੁ ॥ (ਗਉੜੀ ਮਹਲਾ ੫, ਪੰਨਾ ੨੦੧)

ਨਾਮ ਜਪਣ ਸਦਕਾ ਹੀ ਇਹ ਸਰੀਰ ਸੱਚੀ ਟਕਸਾਲ ਬਣ ਜਾਵੇਗਾ ਜਿਥੇ ਸ਼ਬਦ ਘੜੀਦਾ ਹੈ।ਇਸ ਸੱਚੀ ਟਕਸਾਲ ਵਿਚ ਨਾਮ ਰੂਪੀ ਸੋਨੇ ਨੂੰ ਪਿਘਲਾ ਕੇ ਪਾਉ ਭਾਵ ਉੱਚ ਆਚਰਣ ਦੀ ਸ਼ੁਧਤਾ ਵਿਚ ਨਾਮ ਦਾ ਅਭਿਆਸ ਕੀਤਾ ਜਾਵੇ।

ਘੜੀਐ ਸਬਦੁ ਸਚੀ ਟਕਸਾਲ

ਸ਼ਬਦ

ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥ (ਹਾਮਕਲੀ ਮ: ੧, ਪੰਨਾ ੯੩੮)

ਜਦ ਸ਼ਬਦ ਦੀ ਧੁਨ ਸੁਰਤੀ ਅੰਦਰ ਜਾਗਦੀ ਹੈ ਤੇ ਅਨਹਦ ਵਾਜੇ ਵਜ ਪੈਂਦੇ ਹਨ ਤੇ ਗੁਰੂ ਦੇ ਕੀਤੇ ਵਚਨਾ ਅਨੁਸਾਰ ਸਚੇ ਦੇ ਨਾਮ ਦੀ ਖਿਚ ਪੈਂਦੀ ਹੈ:

ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ਵਾਜੈ ਅਨਹਦੁ ਮੇਰਾ ਮਨੁ ਲੀਣਾ ਗੁਰ ਬਚਨੀ ਸਚਿ ਨਾਮਿ ਪਤੀਣਾ ॥ (ਰਾਮਕਲੀ ਮ: ੧, ਪੰਨਾ ੯੦੩)

ਜੋ ਸ਼ਬਦ ਦਾ ਸੁਆਦ ਜਾਣਦਾ ਹੈ ਤਾਂ ਆਪਾ ਵੀ ਪਛਾਣ ਲੈਂਦਾ ਹੈ ਤੇ ਸ਼ਬਦ ਨਾਮ ਦੀ ਪਵਿਤਰ ਬਾਣੀ ਬਿਆਨ ਕਰਦਾ ਹੈ। ਸੱਚੇ ਨੂੰ ਧਿਆ ਕੇ ਸਦਾ ਹੀ ਸੁੱਖ ਪ੍ਰਾਪਤ ਹੁੰਦਾ ਹੈ ਤੇ ਨਾਮ ਮਨ ਵਸਾ ਕੇ ਨੌ ਨਿਧਾਂ ਪਰਾਪਤ ਹੁੰਦੀਆਂ ਹਨ

ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ਨਿਰਮਲ ਬਾਣੀ ਸਬਦਿ ਵਖਾਣਹਿ ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥ (ਗਉੜੀ, ਮ ੫, ਪੰਨਾ ੧੧੫)

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁੋ ਮੰਨਿ ਵਸਾਏ ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥ ੫੯ ॥(ਰਾਮਕਲੀ ਮ: ੧, ਪੰਨਾ ੯੪੪)

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ (ਮ:੧, ਪੰਨਾ ੨)

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥(ਰਾਮਕਲੀ ਮ: ੧, ਪੰਨਾ ੯੪੪)

ਇਸ ਲਈ ਪ੍ਰਮਾਤਮਾਂ ਦੀ ਮਿਹਰ ਦੀ ਬੜੀ ਲੋੜ ਹੈ ਕਿਉਂਕਿ ਇਹ ਤਾਂ ਉਹ ਹੀ ਕਰ ਸਕਦਾ ਹੈ ਜਿਸ ਉਪਰ ਪ੍ਰਮਾਤਮਾਂ ਦੀ ਕ੍ਰਿਪਾ-ਦ੍ਰਿਸ਼ਟੀ ਹੈ, ਮਿਹਰ ਹੈ।

ਜੋ ਸਦਾ ਸਬਦ ਮਨ ਵਿਚ ਰਖਦੇ ਹਨ ਪ੍ਰਮਾਤਮਾਂ ਦੀ ਕਿਰਪਾ ਦਾ ਪਾਤਰ ਬਣਦੇ ਹਨ ਉਨ੍ਹਾਂ ਦੇ ਮੁਖ ਉਜਲੇ ਹਨ

ਸਬਦੁ ਕਮਾਈਐ ਖਾਈਐ ਸਾਰੁ ॥ (ਮ: ੧, ਪੰਨਾ ੯੪੪)

ਭਵਜਲੁ ਸਬਦਿ ਲੰਘਾਵਣਹਾਰੁ ੪੩ ॥ (ਮ: ੧, ਪੰਨਾ ੯੪੩)

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਮ: ੧, ਪੰਨਾ ੯੪੩)

ਏਕੁ ਸਬਦੁ ਜਿਤੁ ਕਥਾ ਵੀਚਾਰੀ ॥ (ਮ: ੧, ਪੰਨਾ ੯੪੩)

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥ (ਮ: ੧, ਪੰਨਾ ੯੪੩)

ਬਿੰਦੁ ਰਾਖਿਆ ਸਬਦੁ ਭਾਖਿਆ ਪਵਨੁ ਸਾਧਿਆ ਸਚੁ ਅਰਾਧਿਆ ॥ (ਮ: ੧, ਪੰਨਾ ੯੪੫)

ਸਚ ਭੈ ਰਾਤਾ ਗਰਬੁ ਨਿਵਾਰੈ ਏਕੋ ਜਾਤਾ ਸਬਦੁ ਵੀਚਾਰੈ ਸਬਦੁ ਵਸੈ ਸਚੁ ਅੰਤਰਿ ਹੀਆ ਤਨੁ ਮਨੁ ਸੀਤਲੁ ਰੰਗਿ ਰੰਗੀਆ ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ਨਾਨਕ ਨਦਰੀ ਨਦਰਿ ਪਿਆਰੇ ੪੭ ॥ (ਮ: ੧, ਪੰਨਾ ੯੪੩)

ਸਚੀ ਟਕਸਾਲ

ਟਕਸਾਲ= ਜਿਥੇ ਸਰਕਾਰੀ ਮੋਹਰਾਂ ਘੜੀਆਂ ਜਾਂਦੀਆ ਹਨ ਸਰਕਾਰੀ ਟਕਸਾਲ ਹੈ, ਜਿਥੇ ਵਿਦਿਆ ਜਾਂ ਗੁਰਬਾਣੀ ਦੀ ਸਿਖਿਆ ਦਿਤੀ ਜਾਂਦੀ ਹੈ ਉਹ ਵਿਦਿਆ ਦੀ ਟਕਸਾਲ ਹੈ ਪਰ ਏਥੇ ਸ਼ਬਦ ਦੀ ਸਚੀ ਟਕਸਾਲ ਹੈ ਜਿਸ ਦਾ ਭਾਵ ਜਿਥੇ ਸੱਚੇ ਦਾ ਸ਼ਬਦ (ਨਾਮ) ਘੜਿਆ ਜਾਦਾ ਹੈ, ਉਹ ਜਿਥੇ ਸਚ ਦੀ ਸਿਖਿਆ ਮਿਲਦੀ ਹੈ,

ਜਿਨ੍ਹਾਂ ਗੁਰਮੁਖਾਂ ਨੇ ਨਾਮ ਦੀ ਕਮਾਈ ਦੀ ਘਾਲ ਘਾਲੀ ਉਨ੍ਹਾਂ ਨੇ ਸਚੀ ਟਕਸਾਲ ਵਿਚ ਸ਼ਬਦ ਦੀ ਘਾੜਤ ਕੀਤੀ ਹੈ:

ਗੁਰਮੁਖਿ ਸੇਵਾ ਘਾਲਿ ਜਿਨਿ ਘਾਲੀ॥ ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥ (ਮ: ੪, ਪੰਨਾ ੧੧੩੪)

ਸ਼ਬਦ ਘੜਣ ਦੀ ਕਾਰ ਤਾਂ ਉਹ ਹੀ ਕਰ ਸਕਦੇ ਹਨ ਜਿਨ੍ਹਾਂ ਉਪਰੲ ਵਾਹਿਗੁਰੂ ਦੀ ਕ੍ਰਿਪਾ ਹੋਵੇ;

ਜਿਨ ਕਉ ਨਦਰਿ ਕਰਮੁ ਤਿਨ ਕਾਰ

ਉਸ ਉਤੇ ਵਾਹਿਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਹੁੰਦੀ ਹੈ ਤੇ ਕਿਰਪ ਦ੍ਰਿਸ਼ਟੀ ਕਰਕੇ ਪ੍ਰਮਾਤਮਾਂ ਨਿਹਾਲ ਨਿਹਾਲ ਕਰ ਦਿੰਦਾ ਹੈ:

ਨਦਰਿ ਕਰਮੁ

ਗੁਰੂ ਜੀ ਫੁਰਮਾਉਂਦੇ ਹਨ ਉਹ ਕ੍ਰਿਪਾ ਦ੍ਰਿਸ਼ਟੀ ਵਾਲਾ ਅਕਾਲ ਪੁਰਖ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਉਨ੍ਹਾਂ ਨੂੰ ਨਿਹਾਲ ਕਰਦਾ ਹੈ ਜੋ ਉਸ ਦੇ ਨਾਮ ਵਿਚ ਹਮੇਸ਼ਾ ਰੱਤੇ ਰਹਿੰਦੇ ਹਨ ਸ਼ਬਦ ਦੀ ਕਮਾਈ ਕਰਦੇ ਹਨ।

ਨਾਨਕ ਨਦਰੀ ਨਦਰਿ ਨਿਹਾਲ ੩੮

ਨਦਰੀ ਨਦਰਿ ਨਿਹਾਲ

ਜਦ ਪ੍ਰਮਾਤਮਾਂ ਦੀ ਨਦਰ ਹੋਣੀ ਹੈ ਤਾਂ ਜੀਵ ਨੇ ਨਿਹਾਲ=ਆਨੰਦ ਸਰੂਪ ਹੋ ਜਾਣਾ ਹੈ ਪਰ ਪਹਿਲੀ ਕਹੀ ਟਕਸਾਲ ਦੀ ਕਾਰ ਵੀ ਵਾਹਿਗੁਰੂ ਦੀ ਮਿਹਰ ਨਾਲ ਹੀ ਬਣਨੀ ਹੈ।

ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ਜਿ ਪੁਰਖੁ ਨਦਰਿ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ੫੨ ॥ (ਸਿਰੀਰਾਗੁ ਮਹਲਾ ੩, ਪੰਨਾ ੯੩੭)

ਕੋਈ ਉਸ ਦੀ ਰਚਣ ਸ਼ਕਤੀ ਦੇ ਪਰਤਾਪ ਨੂੰ ਅਕਥ ਕਹਿ ਕੇ ਗਾਉਂਦਾ ਹੈ।ਕੋਈ ਉਸ ਦੀਆਂ ਦਾਤਾਂ ਬਾਰੇ ਗਾਉਂਦਾ ਹੈ ਤੇ ਕੋਈ ਉਸ ਦੀ ਮਿਹਰ ਦੀ ਲੱਗੀ ਮੋਹਰ ਬਾਰੇ ਗਾਉਂਦਾ ਹੈ।ਨੀਸਾਣੁ ਦਾ ਅਰਥ ਹੈ ਮੁਹਰ ਲੱਗ ਜਾਣੀ, ਪ੍ਰਵਾਨ ਹੋ ਜਾਣਾ, ਬਖਸ਼ਿਸ਼ ਦਾ ਨੀਸਾਣ, ਚਿੰਨ੍ਹ।

ਨਦਰੀ ਕਰਮ ਪਵੈ ਨੀਸਾਣੁ॥ (ਮ: ੧, ਪੰਨਾ ੭)

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਜਾਇ॥ (ਸਿਰੀ ਮ: ੩, ਪੰਨਾ ੩੫)

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥ (ਮ:੧, ਪੰਨਾ ੨)

ਨਦਰੀ ਕਰਮੀ ਗੁਰ ਬੀਚਾਰੁ ॥(ਗਉੜੀ ਮ:੧, ਪੰਨਾ ੧੫੧)

ਜਿਸ ਦੇ ਉਪਰ ਉਸਦੀ ਮਿਹਰ ਹੈ ਉਸ ਨੂੰ ਉਹ ਅਪਣੇ ਨਾਲ ਮਿਲਾ ਲੈਂਦਾ ਹੈ:

ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ੧੩ ॥।(ਮ:੧, ਪੰਨਾ ੧੦੨੨)

ਸ਼ਚੇ ਨਾਮ ਦੇ ਗੁਣ ਪ੍ਰਮਾਤਮਾਂ ਦੀ ਨਦਰ ਸਦਕਾ ਹੀ ਪ੍ਰਾਪਤ ਹੁਂਦੇ ਹਨ:

ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ੩੪ ॥ (ਰਾਮਕਲੀ ਮ: ੧, ਪੰਨਾ ੨੬)

ਗੁਰਮੁਖ ਲਈ ਨਾਮ ਅੰਮ੍ਰਿਤ ਹੇ ਜਿਸ ਪਤਿੇ ਸਾਰੇ ਦੁੱਖ ਖਤਮ ਹੋ ਜਾਦੇ ਹਨ:

ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ॥ (ਮਃ ੩, ਪੰਨਾ ੧੨੫੦)

ਜੀਆਂ ਅੰਦਰ ਸ਼ਬਦ ਦਿਲ ਵਿਚ ਵਸਦਾ ਹੈ ਤਾਂ ਪ੍ਰਮਾਤਮਾਂ ਨਾਲ ਮੇਲ ਹੋ ਜਾਂਦਾ ਹੈ। ਸ਼ਬਦ ਬਿਨਾਂ ਤਾਂ ਜਗ ਹਨੇਰਾ ਹੈ ਜੋ ਸ਼ਬਦ ਨਾਲ ਹੀ ਪ੍ਰਗਟ ਹੁੰਦਾ ਹੈ। ਪਂਡਿਤ ਤੇ ਮੁਨੀ ਕਿਤਾਬਾਂ ਪੜ੍ਹ ਪੜ੍ਹ ਥੱਕ ਗਏ, ਭੇਖ ਕਰਦੇ ਰਹੇ, ਸਰੀਰਿਕ ਸਵਛਤਤਾ ਵਿਚ ਜੁਟੇ ਰਹੇ ਪਰ ਸ਼ਬਦ ਪ੍ਰਾਪਤ ਨਾ ਹੋਇਆ ਤੇ ਇਹ ਦੁਖੀ ਹੋ ਕੇ ਰੋਂਦੇ ਚਲੇ ਗਏ ਕਿਉਂਕਿ ਪ੍ਰਮਾਤਮਾਂ ਬਿਨਾਂ ਸ਼ਬਦ ਦੇ ਨਹੀਂ ਮਿਲਦਾ। ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਮਾਤਮਾਂ ਦੀ ਨਦਰ ਹੋਵੇਗੀ ਤਾਂ ਕਰਮਾ ਸਦਕਾ ਉਹ ਪ੍ਰਾਪਤ ਹੋ ਜਾਂਦਾ ਹੈ।

ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ॥ਬਿਨੁ ਸਬਦੈ ਜਗਿ ਆਨੇਰੁ ਹੈ ਸਬਦੇ ਪਰਗਟੁ ਹੋਇ ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ਬਿਨੁ ਸਬਦੈ ਕਿਨੈ ਪਾਇਓ ਦੁਖੀਏ ਚਲੇ ਰੋਇ ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥ (ਮਃ ੩, ਪੰਨਾ ੧੨੫੦)

ਨਾਮ ਮਾਰਗ ਵਿਚ ਸ਼ੁਭ ਗੁਣਾਂ ਦੀ ਲੋੜ ਦੱਸ ਕੇ ਫਿਰ ਨਦਰ ਕਰਮ ਦੀ ਲੋੜ ਹੈ ਭਾਵ ਉਸ ਦੀ ਬਖਸ਼ਿਸ਼ ਦੀ ਲੋੜ ਹੈ। ਆਪਣੀ ਨਾਮ ਕਮਾਈ ਦਾ ਮਾਣ ਵੀ ਅੜਿਕਾ ਪਾ ਦਿੰਂਦਾ ਹੈ, ਇਸ ਲਈ ਸ਼ੁਭ ਗੁਣ ਵੀ ਜ਼ਰੂਰੀ ਹਨ:

ਵਿਣੁ ਗਣਿ ਕੀਤੁ ਭਗਤਿ ਹੋਇ ॥੨੧॥ (ਜਪੁਜੀ ਪੰਨਾ ੪)

ਨਾਮ ਕਮਾਈ ਤੇ ਸ਼ੁਭ ਗੁਣਾਂ ਦੇ ਹੁੰਦਿਆਂ ਵi ਬਖਸ਼ਿਸ਼ ਦੀ ਲੋੜ ਹੈ। ਬਖਸ਼ਿਸ਼ ਦਾ ਪਾਤਰ ਬਣਨ ਲਈ ਇਹ ਸਭ ਕੁਝ ਕਰਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:ਅਖੀਰ ਨਦਰ, ਕ੍ਰਿਪਾ ਦ੍ਰਿਸ਼ਟੀ ਨਾਲ ਹੀ ਨਿਹਾਲ- ਨਿਹਾਲ ਹੋਣਾ ਹੈ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This Shabad is found on Page 793 of Guru Granth Sahib Maharaj, in Raag Suhi. The Shabad here is accompanied by Manmohan Singh's translation. As is typical of Bhagat Kabir Ji, he urges the human...

SPN on Facebook

...
Top