(In Panjabi) Exegesis Of Gurbani Based On Sri Guru Granth Sahib-2 | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Panjabi) Exegesis Of Gurbani Based On Sri Guru Granth Sahib-2

Dalvinder Singh Grewal

Writer
Historian
SPNer
Jan 3, 2010
769
392
76
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਗੁਰਬਾਣੀ ਦੀ ਵਿਆਖਿਆ-੨

ਓਅੰਕਾਰ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਓਅੰਕਾਰ ਸ਼ਬਦ ਓਅੰ+ਕਾਰ (ਆਕਾਰ) ਤੋਂ ਨਿਰਮਿਤ ਹੈ ।

ਓਅੰ

ਇਕ ਨੂੰ ਓਅੰ ਨਾਲ ਜੋੜਦੇ ਹੋਏ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਉਹ ਇਕੋ ਹੀ ਹੈ ਜੋ ਸਾਰੇ ਵਿਸ਼ਵ ਵਿਚ ਵਿਚਰ ਰਿਹਾ ਹੈ, ਉਸ ਤੋਂ ਬਿਨਾ ਨਾ ਕੋਈ ਹੋਰ ਦੂਜਾ ਹੈ ਨਾ ਦੂਜਾ ਹੋਵੇਗਾ।ਸਾਰਾ ਵਿਸ਼ਵ ਉਸ ਦਾ ਹੀ ਕੀਤਾ /ਰਚਿਆ ਹੋਇਆ ਹੈ, ਵਿਸ਼ਵ ਕਰਨ ਯੋਗ ਸਿਰਫ ਉਹ ਆਪ ਹੀ ਹੈ।ਵਿਸ਼ਵ ਕਰਤਾ ਪਰਮਾਤਮਾ ਦੀ ਸਾਧਨਾ ਸਮੇਂ ਸੱਚੇ ਸਤਿਗੁਰ ਅੱਗੇ ਨਮਸਕਾਰ ਹੈ।ਨਿਰੰਕਾਰ (ਜਿਸ ਦਾ ਕੋਈ ਆਕਾਰ ਨਹੀਂ) ਆਦਿ, ਮੱਧ ਤੇ ਅੰਤ ਆਪ ਹੀ ਹੈ।ਉਹ ਆਪ ਹੀ ਸੁੰਨ ਤੇ ਸਮਾਧੀ ਅਵਸਥਾ ਵਿਚ ਹੈ।ਅਪਣੀ ਸਿਫਤ ਉਹ ਆਪ ਹੀ ਕਰਦਾ ਹੈ ਤੇ ਆਪ ਹੀ ਸੁਣਦਾ ਹੈ।ਉਸ ਨੇ ਅਪਣੀ ਹੋਂਦ ਖੁਦ ਅਪਣੇ ਵਿਚੋਂ ਹੀ ਕੀਤੀ।ਉਹ ਆਪ ਹੀ ਅਪਣਾ ਬਾਪ ਹੈ ਆਪ ਹੀ ਅਪਣੀ ਮਾਂ ਹੈ।ਉਹ ਆਪੇ ਹੀ ਸੂਖਮ ਹੈ ਤੇ ਆਪੇ ਅਸਥੂਲ ਹੈ।ਉਸ ਦੀ ਲੀਲਾ ਬਿਆਨੀ ਨਹੀਂ ਜਾ ਸਕਦੀ।ਹੇ ਦੀਨ-ਦਿਆਲੂ ਪ੍ਰਭੂ ਕਿਰਪਾ ਕਰੋ ਕਿ ਇਹ ਮਨ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਹੋ ਰਹੇ। ਹੇ ਆਕਾਰ-ਰਹਿਤ ਪਰਮਾਤਮਾ ਸਾਰੇ ਵਿਸ਼ਵ ਦੇ ਆਕਾਰ ਤੇਰੇ ਹਨ ਜਿਨ੍ਹਾਂ ਵਿਚ ਵਸਕੇ ਤੂੰ ਆਕਾਰ ਵਾਲਾ ਹੋ ਗਿਆ ਹੈਂ ਇਸ ਤਰ੍ਹਾਂ ਤੂੰ ਨਿਰਗੁਣ ਵੀ ਹੈਂ ਤੇ ਸਰਗੁਣ ਵੀ।ਬਿਆਨਣ ਲਈ ਇਸ ਤਰ੍ਹਾਂ ਤੂੰ ਇਕੋ ਇਕ ਵੀ ਹੈ ਤੇ ਇਕ ਵਿਚ ਅਨੇਕ ਵੀ।

ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥ ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥ ੧॥ ਪਉੜੀ ॥ ਓਅੰ ਸਾਧ ਸਤਿਗੁਰ ਨਮਸਕਾਰੰ ॥ ਆਦਿ ਮਧਿ ਅੰਤਿ ਨਿਰੰਕਾਰੰ ॥ ਆਪਹਿ ਸੁੰਨ ਆਪਹਿ ਸੁਖ ਆਸਨ ॥ ਆਪਹਿ ਸੁਨਤ ਆਪ ਹੀ ਜਾਸਨ ॥ ਆਪਨ ਆਪੁ ਆਪਹਿ ਉਪਾਇਓ ॥ ਆਪਹਿ ਬਾਪ ਆਪ ਹੀ ਮਾਇਓ ॥ ਆਪਹਿ ਸੂਖਮ ਆਪਹਿ ਅਸਥੂਲਾ ॥ ਲਖੀ ਨ ਜਾਈ ਨਾਨਕ ਲੀਲਾ ॥ ੧ ॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੇ ਸੰਤਨ ਕੀ ਮਨੁ ਹੋਇ ਵਾਲਾ ॥ ਰਹਾਉ ॥ ਸਲੋਕੁ ॥ ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ॥ ੧॥ ਪਉੜੀ ॥ ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥ ਸਗਲ ਭਾਤਿ ਕਰਿ ਕਰਹਿ ਉਪਾਇਓ ॥ ਜਨਮ ਮਰਨ ਮਨ ਮੋਹੁ ਬਢਾਇਓ ॥ ਦੁਹੂ ਭਾਤਿ ਤੇ ਆਪਿ ਨਿਰਾਰਾ ॥ ਨਾਨਕ ਅੰਤੁ ਨ ਪਾਰਾਵਾਰਾ ॥ ੨ ॥(ਪੰਨਾ ੨੫੦)

ਵਿਸ਼ਵ ਕਰਤਾ ਪਰਮਾਤਮਾ ਨੇ ਅਪਣੇ ਬੋਲੋਂ ਸਾਰੇ ਆਕਾਰ ਰਚੇ ਤੇ ਸਾਰਿਆਂ ਨੂੰ ਇਕ ਸੂਤਰ ਵਿਚ ਪਰੋਇਆ।ਸਭਨਾਂ ਵਿਚ ਭਿੰਨ ਭਿੰਨ ਤਰ੍ਹਾਂ ਦੇ ਸਤੋ, ਰਜੋ ਤੇ ਤਮੋ ਗੁਣ ਭਰਕੇ ਵਿਸਥਾਰ ਕੀਤਾ ਤੇ ਇਸਤਰ੍ਹਾਂ ਨਿਰਗੁਣ ਤੋਂ ਸਰਗੁਣ ਹੋ ਦ੍ਰਿਸ਼ਟੀਗੋਚਰ ਹੋਇਆ।ਹਰ ਭਾਂਤ ਦੀ ਰਚਨਾ ਰਚੀ।ਮਾਇਆ ਮੋਹ ਪੈਦਾ ਕਰਕੇ ਮਨਾਂ ਵਿਚ ਜਨਮ ਮਰਨ ਦਾ ਭੈ ਉਪਜਾਇਆ ਪਰ ਆਪ ਜਨਮ ਮਰਨ ਤੋਂ ਕਿਨਾਰੇ ਨਿਰਾਲਾ ਰਿਹਾ।ਨਾ ਪਰਮਾਤਮਾ ਦਾ ਅੰਤ ਹੈ ਤੇ ਨਾਂ ਕੋਈ ਹੱਦ।

ਓਅੰ ਗੁਰਮੁਖਿ ਕੀਓ ਅਕਾਰਾ॥ ਏਕਹਿ ਸੂਤਿ ਪਰੋਵਨਹਾਰਾ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥ ਸਗਲ ਭਾਤਿ ਕਰਿ ਕਰਹਿ ਉਪਾਇਓ ॥ ਜਨਮ ਮਰਨ ਮਨ ਮੋਹੁ ਬਢਾਇਓ ॥ ਦੁਹੂ ਭਾਤਿ ਤੇ ਆਪਿ ਨਿਰਾਰਾ ॥ ਨਾਨਕ ਅੰਤੁ ਨ ਪਾਰਾਵਾਰਾ ॥ ੨ ॥(ਪੰਨਾ ੨੫੦)

ਇਸਤਰ੍ਹਾਂ ਓਅੰ ਪਰਮ ਪਿਤਾ ਦੀ ਭਰਪੂਰ ਵਿਆਖਿਆ ਕਰਦਾ ਸ਼ਬਦ ਹੈ ਤੇ ਉਪਰ ਦਿਤੀ ਵਿਆਖਿਆ ਨਾਲ ਸਹੀ ਢੁਕਦਾ ਹੈ।

ਕਾਰ/ਆਕਾਰ

ਸਾਰੇ ਆਕਾਰਾਂ ਦਾ ਨਿਰੰਕਾਰ ਹੀ ਨਿਰਮਾਤਾ ਹੈ।

ਨਿਰੰਕਾਰਿ ਆਕਾਰੁ ਉਪਾਇਆ ॥ (ਪੰਨਾ ੧੦੬੬)

ਸਾਰੇ ਆਕਾਰ ਭਾਵ ਸਾਰੀ ਵਿਸ਼ਵ ਰਚਨਾ ਉਸ ਦੇ ਹੁਕਮ ਅਨੁਸਾਰ ਹੀ ਰਚੇ ਗਏ, ਹੁਕਮ ਕੀ ਸੀ ਇਸ ਨੂੰ ਵਿਆਖਣਾ ਮਾਨਵੀ ਸਮਝ-ਸੂਝ ਤੋਂ ਬਾਹਰ ਹੈ ।

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ (ਪੰਨਾ ੧)

ਉਸ ਨੇ ਵੱਖ ਵੱਖ ਰੰਗਾਂ ਤੇ ਕਿਸਮਾਂ ਵਿਚ ਮਾਇਆ ਤੋਂ ਜੀਵ ਰਚਨਾ ਕੀਤੀ।ਸਾਰੀ ਰਚਨਾ ਨੂੰ ਰੱਚ ਕੇ ਨਿਹਾਰਿਆ ਜਿਸ ਵਿਚੋਂ ਉਸ ਨੂੰ ਇਸ ਅਦਭੁਤ ਰਚਨਾ ਦੀ ਵਡਿਆਈ ਜਾਪੀ। ਜੋ ਉੁਸਨੂੰ ਚੰਗਾ ਜਾਪਿਆ ਉਸ ਨੇ ਉਹ ਹੀ ਕੀਤਾ, ਜਿਸ ਨੂੰ ਦੁਬਾਰਾ ਰਚਣ ਦਾ ਹੁਕਮ ਹੀ ਨਹੀਂ ਹੋਇਆ ਭਾਵ ਕੋਈ ਵੀ ਇਕ ਰਚਨਾ ਦੂਸਰੀ ਵਰਗੀ ਨਹੀਂ ਰਚੀ।ਸੱਚਾ ਪਾਤਸ਼ਾਹ ਸਾਰੇ ਪਾਤਸ਼ਾਹਾਂ ਦੀ ਪੱਤ ਹੈ ਜੋ ਸਭ ਉਸ ਦੀ ਰਜ਼ਾ ਵਿਚ ਰਹਿੰਦੇ ਹਨ ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ । । (ਪੰਨਾ ੯)

ਕਿਹੜੇ ਵੇਲੇ, ਕਿਹੜੇ ਵਖਤ, ਕਿਹੜੀ ਤਿੱਥ (ਮਿਤੀ) ਕਿਹੜੇ ਵਾਰ ਨੂੰ ਇਹ ਰਚਨਾ ਹੋਈ? ਕਿਹੜੀ ਰੁਤੇ, ਕਿਹੜੇ ਮਹੀਨੇ ਰਚਨਾ ਹੋਈ?ਪੰਡਤਾਂ ਕੋਲ ਵੀ ਇਹ ਵੇਲਾ ਨਹੀਂ ਤੇ ਨਾਂ ਹੀ ਕਿਸੇ ਸ਼ਾਸ਼ਤ੍ਰ ਵਿਚ ਲਿਖਿਆ ਮਿਲਦਾ ਹੈ।ਤਿੱਥ, ਵਾਰ ਕਿਹੜੀ ਸੀ ਇਹ ਕੋਈ ਵੀ ਯੋਗੀ ਨਹੀਂ ਜਾਣਦਾ ਨਾ ਹੀ ਰੁੱਤ ਤੇ ਮਹੀਨੇ ਕੀ ਸੀ? ਕੋਈ ਜਾਣਦਾ ਹੈ ।ਇਹ ਤਾਂ ਉਹ ਹੀ ਕਰਤਾ ਜਾਣਦਾ ਹੈ ਜਿਸ ਨੇ ਇਹ ਸ਼੍ਰਿਸ਼ਟੀ ਰਚੀ ਹੈ:

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (ਜਪੁਜੀ )

ਉਸ ਨੇ ਜਦ ਚਾਹਿਆ ਵਿਸ਼ਵ ਦਾ ਵਿਸਥਾਰ ਕੀਤਾ ਤੇ ਜਦ ਉਸ ਨੇ ਚਾਹਿਆ ਸਾਰੇ ਵਿਸ਼ਵ ਨੂੰ ਸਮੇਟ ਲਿਆ।

ਤਿਸੁ ਭਾਵੇ ਤਾਂ ਕਰੇ ਬਿਸਥਾਰੁ॥ ਤਿਸੁ ਭਾਵੈ ਤਾਂ ਏਕੰਕਾਰ॥ (ਪੰਨਾ ੨੯੪)ਉਸ ਅਵਿਨਾਸ਼ੀ ਇਕੋ ਇਕ ਕਰਤਾ ਪ੍ਰਭੂ ਨੇ ਵਿਸ਼ਵ ਦਾ ਵਿਸਥਾਰ ਵੱਖ ਵੱਖ ਢੰਗਾਂ ਨਾਲ ਕੀਤਾ।

ਨਾਨਾ ਬਿਧਿ ਕੀਨੋ ਬਿਸਥਾਰੁ॥ ਪ੍ਰਭ ਅਬਿਨਾਸੀ ਏਕੰਕਾਰੁ॥ ਪੰਨਾ ੨੮੪

ਉਸ ਨੇ ਕਿਤਨੇ ਆਕਾਰ ਪੈਦਾ ਕੀਤੇ, ਕਿਤਨੀ ਸ੍ਰਿਸ਼ਟੀ ਰਚੀ, ਇਸ ਦਾ ਕੋਈ ਅੰਤ ਨਹੀਂ।ਉਸ ਦੇ ਅੰਤ ਦਾ ਕੋਈ ਪਾਰਾਵਾਰ ਨਹੀਂ, ਅਥਾਹ ਹੈ, ਬੇਅੰਤ ਹੈ।

ਅੰਤੁ ਨ ਜਾਪੈ ਕੀਤਾ ਆਕਾਰੁ॥ ਅੰਤੁ ਨ ਜਾਪੈ ਪਾਰਾਵਾਰੁ॥ (ਜਪੁਜੀ)

ਉਸ ਨੇ ਕਈ ਕ੍ਰੋੜਾਂ ਪਰਜਾਤੀਆਂ ਤੇ ਖੰਡ ਰਚੇ ।ਕਈ ਕ੍ਰੋੜਾਂ ਅਕਾਸ਼ ਤੇ ਬ੍ਰਹਿਮੰਡ ਰਚੇ।ਕਈ ਕ੍ਰੋੜਾਂ ਅਵਤਾਰ ਹੋਏ।ਕਈ ਜੁਗਤਾਂ ਤਰੀਕਿਆਂ ਨਾਲ ਬ੍ਰਹਿਮੰਡ ਦਾ ਵਿਸਥਾਰ ਕੀਤਾ।ਇਹ ਬ੍ਰਹਿਮੰਡੀ ਪਸਾਰਾ ਕਈ ਵਾਰ ਪਸਰਿਆ ਤੇ ਹਰ ਵਾਰ ਫਿਰ ਉਸ ਇਕੋ ਵਿਚ ਮਿਲਕੇ ਇੱਕ ਹੀ ਹੋ ਗਿਆ।ਕਈ ਕ੍ਰੋੜਾਂ ਰਚਨਾਵਾਂ ਬੜੇ ਵੱਖ ਵੱਖ ਤਰੀਕਿਆਂ ਨਾਲ ਕੀਤੀਆਂ ਜੋ ਪ੍ਰਭੂ ਤੋਂ ਨਿਕਲੇ ਤੇ ਫਿਰ ਪ੍ਰਭੂ ਵਿਚ ਹੀ ਸਮਾ ਗਏ।ਪ੍ਰਮਾਤਮਾ ਦਾ ਅੰਤ ਕੋਈ ਨਹੀਂ ਜਾਣਦਾ।ਉਹ ਅਪਣੇ ਆਪ ਵਿਚ ਹੀ ਹੈ, ਜੋ ਵੀ ਹੈ।

ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ਕਈ ਕੋਟਿ ਕੀਨੇ ਬਹੁ ਭਾਤਿ॥ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥ ੭ ॥(ਪੰਨਾ ੨੭੬)

ਜਗ ਦਾ ਸਿਰਜਣਹਾਰ ਸੁਆਮੀ ਰਚਨਾ ਕਰਨ ਪਿੱਛੋਂ ਆਪ ਸਾਰੇ ਜਲ, ਥਲ ਆਕਾਸ਼ ਵਿਚ ਸਮਾ ਗਿਆ।

ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰ॥ (ਪੰਨਾ ੨੯੬)

ਇਹ ਸਭ ਖੇਲ੍ਹ ਇਹ ਸਭ ਪਰਪੰਚ ਉਸ ਰਚਣਹਾਰੇ ਨੇ ਹੀ ਕੀਤਾ ਹੈ। ਕਰਤੇ ਹਰੀ ਨੇ ਹੀ ਇਹ ਸਾਰੀ ਕਲਾ ਧਾਰੀ ਹੈ। ਹਰੀ ਨੇ ਸਾਰੀ ਰਚਨਾ ਇਕੋ ਸੂਤਰ ਵਿਚ ਪਰੋਈ ਹੈ ਤੇ ਸਾਰੇ ਜੁਗਾਂ ਵਿਚ ਵਰਤ ਰਿਹਾ ਹੈ ਤੇ ਜਦ ਸੂਤਰ ਖਿਚ ਲੈਂਦਾ ਹੈ ਤਾਂ ਸਾਰਾ ਕੁਝ ਉਸ ਵਿਚ ਹੀ ਸਮਾ ਜਾਂਦਾ ਹੈ ਤੇ ਸਾਰਾ ਕੁਝ ਏਕੰਕਾਰ ਭਾਵ ਉਹ ਖੁਦ ਕਰਤਾ ਹੀ ਹੁੰਦਾ ਹੈ ਹੋਰ ਕੁਝ ਨਹੀਂ।

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ॥ ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ॥ (ਪੰਨਾ ੫੦੭)

ਇਸ ਲਈ ਵਰਣ ਚਿੰਨ੍ਹ ਦਾ ਕੋਈ ਮਤਲਬ ਨਹੀਂ ਇਹ ਸਾਰਾ ਪਸਾਰਾ ਸਭ ਮਿਥਿਆ ਹੈ, ਝੂਠ ਹੈ। ਰਚਣਹਾਰਾ ਜਦ ਸਾਰੀ ਖੇਲ੍ਹ ਉਜਾੜਦਾ ਹੈ ਜਾਂ ਅਪਣਾ ਸਾਂਗ ਉਤਾਰਦਾ ਹੈ ਤਾਂ ਫਿਰ ਸਭ ਖਤਮ ਹੋਕੇ ਸਿਰਫ ਇੱਕ ਏਕੰਕਾਰ ਹੀ ਰਹਿ ਜਾਂਦਾ ਹੈ:

ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਕਲ ਪਸਾਰਾ॥ ਬਣਿਤ ਨਾਨਕੁ ਜਬ ਖੇਲੁ ਉਝਾਰੇ ਤਬ ਏਕੈ ਏਕੰਕਾਰਾ॥ (ਪੰਨਾ ੯੯੯)

ਇਕ ਏਕੰਕਾਰ ਬੜਾ ਨਿਰਾਲਾ ਹੈ। ਜੰਮਣ ਮਰਨ ਤੋਂ ਦੂਰ, ਜਾਤਾਂ ਜਾਂ ਜੰਜਾਲਾਂ ਤੋਂ ਪਰੇ ਹੈ। ਉਹ ਬੇਗਮ, ਅਪਹੁੰਚ, ਬਿਨਾ ਕਿਸੇ ਰੂਪ ਜਾਂ ਰੇਖਾ ਦੇ ਹੈ।ਉਸਨੂੰ ਖੋਜਿਆ ਤਾਂ ਉਹ ਹਰ ਸਰੀਰ ਹਰ ਥਾਂ ਮਿਲਿਆ।ਜੋ ਉਸ ਦੇ ਦਰਸ਼ਨ ਕਰਵਾ ਦੇਵੇ ਉਸ ਦੇ ਬਲਿਹਾਰੇ।ਉਸ ਸੱਚੇ ਗੁਰੂ ਦੀ ਮਿਹਰ ਸਦਕਾ ਪਰਮਪਦ ਪ੍ਰਾਪਤ ਹੋ ਜਾਂਦਾ ਹੈ।

ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥ ੧ ॥ (ਪੰਨਾ ੮੩੮)

ਵਿਸ਼ਵ ਦਾ ਤਖਤ ਇਕੋ ਹੈ ਜਿਸ ਦਾ ਪਾਤਸ਼ਾਹ ਵੀ ਇਕੋ ਪ੍ਰਮਾਤਮਾ ਹੀ ਹੈ ਜੋ ਸਭ ਥਾਈਂ ਬੇਪਰਵਾਹ ਵਿਚਰ ਰਿਹਾ ਹੈ।ਜਲ-ਥਲ ਅਕਾਸ਼ ਤਿੰਨੋਂ ਉਸੇ ਦੇ ਹੀ ਰਚੇ ਹਨ।ਉਹ ਬੇਗਮ, ਅਪਹੁੰਚ ਇਕੋ ਪਰਮ ਪਿਤਾ ਪਰਮਾਤਮਾ ਹੈ:

ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥ ਤਿਸ ਕਾ ਕੀਆ ਤ੍ਰਿਭਵਣ ਸਾਰੁ॥ ਓਹੁ ਅਗਮੁ ਅਗੋਚਰੁ ਏਕੰਕਾਰ॥ (ਪੰਨਾ ੧੧੮੮)

ਜਿਸ ਸਚੇ ਏਕੰਕਾਰ ਨੇ ਸਾਰਾ ਜਗ ਰਚਿਆ ਉਸ ਹਰੀ ਦਾ ਨਾਮ ਸਿਮਰੋ:

ਹਰਿ ਸਿਮਰਿ ਏਕੰਕਾਰ ਸਾਚਾ ਸਭੁ ਜਗਤੁ ਜਿੰਨਿ ਉਪਾਇਆ॥ (ਪੰਨਾ ੧੧੧੩)

ਪਰਮਾਤਮਾ ਦਾ ਆਸਣ ਹਰ ਲੋ ਦੇ ਵਿਚ ਹੈ । ਵਿਸ਼ਵ ਰਚਦੇ ਸਮੇ ਸਾਰੀ ਵਸਤ, ਸਾਰੀ ਸ਼ਕਤੀ ਇੱਕ ਵਾਰ ਹੀ ਭਰ ਦਿਤੀ ਜੋ ਨਾ ਘਟਦੀ ਹੈ ਨਾ ਵਧਦੀ ਹੈ ਸਿਰਜਣਹਾਰਾ ਬਸ ਉਸ ਦੇ ਵੱਖ ਵੱਖ ਰੂਪ ਬਣਾ ਕੇ ਬਦਲੀ ਜਾਂਦਾ ਹੈ।ਸੱਚੇ ਪਰਮ ਪਿਤਾ ਪਰਮਾਤਮਾ ਦੀ ਇਹ ਸਭ ਕਿਰਤ ਸੱਚੀ ਹੈ।

ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥(ਜਪੁਜੀ)

ਓਅੰਕਾਰ

ਬਾਣੀ ਦਖਣੀ ‘ਓਅੰਕਾਰੁ’ ਵਿਚ ਗੁਰੁੂ ਨਾਨਕ ਦੇਵ ਜੀ ਓਅੰਕਾਰ ਦੀ ਭਰਪੂਰ ਵਿਆਖਿਆ ਕਰਦੇ ਹਨ ਤੇ ਲਿਖਦੇ ਹਨ ਕਿ ਇਕ ਪ੍ਰਭੂ ਇਕ ਓਅੰਕਾਰ ਤੋਂ ਹੀ ਬ੍ਰਹਮਾ (ਬ੍ਰਹਮਾ-ਬਿਸ਼ਨ-ਮਹੇਸ਼ ਵਿਚੋਂ ਇੱਕ ਦੇਵਤਾ) ਪੇੈਦਾ ਹੋਇਆ।ਓਅੰਕਾਰ ਤੋਂ ਹੀ ਸਾਰੇ ਮਨੁਖੀ ਮਨ ਸਾਜੇ ਗਏੇ ਹਨ।ਇੱਕ ਪ੍ਰਭੂ ਤੋਂ ਹੀ ਸਾਰੇ ਪਹਾੜ ਅਤੇ ਯੁਗ ਪੈਦਾ ਹੋਏ ਹਨ।ਇਕ ਪ੍ਰਭੂ ਨੇ ਹੀ ਸਾਰੇ ਵੇਦ ਰਚੇ ਹਨ।ਇਕ ਪ੍ਰਭੂ ਦੇ ਰਾਹੀਂ ਹੀ ਸਾਰੇ ਜਗਤ ਦਾ ਨਿਸਤਾਰਾ ਪਾਰ ਉਤਾਰਾ ਹੁੰਦਾ ਹੈ।ਇਕ ਪ੍ਰਭੂ ਦੇ ਰਾਹੀਂ ਹੀ ਵਾਹਿਗੁਰੂ ਨੂੰ ਜਾਨਣ ਵਾਲੇ ਭਵ ਸਾਗਰ ਨੁਮਾ ਜੱਗ ਤਰਦੇ ਹਨ।

ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ (ਪੰਨਾ ੯੨੯-੯੩੦)

ਇੱਕੋ ਓਅੰਕਾਰ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ।ਦਿਨ ਰਾਤ ਸਭ ਰਚੇ ।ਵਣ, ਤ੍ਰਿਣ, ਤ੍ਰਿਭਵਣ ਤੇ ਪਾਣੀ, ਚਾਰੇ ਵੇਦ, ਚਾਰੇ ਖਾਣੀਆਂ, ਸਾਰੇ ਖੰਡ, ਦੀਪ, ਸਭ ਰੋਸਨਿ ਸਭ ਇੱਕ ਪ੍ਰਭੂ ਦੇ ਹੀ ਕੀਤੇ ਹੋਏ ਹਨ। ਉਸ ਦੇ ਇਕ ਬੋਲੋਂ ਇਹ ਸਭ ਉਤਪੰਨ ਹੋਇਆ।

ਓਅੰਕਾਰਿ ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ॥ ਚਾਰਿ ਬੇਦ ਚਾਰੇ ਖਾਣੀ॥ ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ॥੧॥ (ਪੰਨਾ ੧੦੦੩)

ਇੱਕੋ ਓਅੰਕਾਰ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ।ਜੱਗ ਦਾ ਇਹ ਸਾਰਾ ਖੇਡ ਤਮਾਸ਼ਾ ਪਰਮਾਤਮਾ ਦੀ ਹੀ ਵਡਿਆਈ ਹੈ।ਉਹ ਅਪਣੇ ਆਪ ਹੀ ਸਭ ਕੁਝ ਘੜਦਾ ਹੈ ਤੇ ਆਪੇ ਹੀ ਸਾਰੀ ਭੰਨ-ਘੜ ਕਰਦਾ ਹੈ।ਬਾਜੀਗਰ ਵਾਂਗੂੰ ਉਸ ਨੇ ਬਾਜੀ ਪਾਈ ਹੈ ਜਿਸ ਦੀ ਸਮਝ ਪੂਰੇ ਗੁਰੂ ਤੋਂ ਹੀ ਪਾਈ ਜਾ ਸਕਦੀ ਹੈ।ਇਸ ਲਈ ਸੰਸਾਰ ਤੋਂ ਅਲਿਪਿਤ ਰਹਿ ਕੇ ਗੁਰੂ ਦੇ ਦਿਤੇ ਸ਼ਬਦ (ਨਾਮ) ਸੱਚੇ ਵਾਹਿਗੁਰੂ ਨਾਲ ਚਿਤ ਲਾਉਣਾ ਚਾਹੀਦਾ ਹੈ। ਹਰ ਆਕਾਰ ਬਾਜੇ ਵਜਦੇ ਹਨ ਪਰ ਧੁਨ ਵਖਰੀ ਹੁੰਦੀ ਹੈ। ਹਰ ਧੁਨ ਉਹ ਆਪ ਹੀ ਵਜਾਉਂਦਾ ਹੈ । ਹਰ ਸਰੀਰ ਵਿਚ ਇਕੋ ਤਰ੍ਹਾਂ ਦੀ ਪੌਣ ਵਗਦੀ ਹੈ ਜਿਸ ਨੂੰ ਸਾਰੇ ਮਿਲ ਕੇ ਵਜਾਉਂਦੇ ਹਨ। ਜੋ ਕਰਤਾ ਕਰਦਾ ਹੈ ਉਹ ਤਾਂ ਨਿਸ਼ਚਿਤ ਹੀ ਹੁੰਦਾ ਹੈ। ਗੁਰੂ ਤੋਂ ਸ਼ਬਦ (ਨਾਮ) ਪ੍ਰਾਪਤ ਹਉਮੈਂ ਮਿਟ ਜਾਂਦੀ ਹੈ। ਗੁਰੂ (ਵਾਹਿਗੁਰੂ) ਦੀ ਮਿਹਰ ਸਦਕਾ ਹੀ ਨਾਮ ਧਿਆਉਣ ਸਦਕਾ ਵਡਿਆਈ ਮਿਲਦੀ ਹੈ:

ਓਅੰਕਾਰਿ ਸਭ ਸ੍ਰਿਸਟਿ ਉਪਾਈ ॥ ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥ ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥ ੨ ॥ ਬਾਜੀਗਰਿ ਇਕ ਬਾਜੀ ਪਾਈ ॥ ਪੂਰੇ ਗੁਰ ਤੇ ਨਦਰੀ ਆਈ ॥ ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥ ੩ ॥ ਬਾਜਹਿ ਬਾਜੇ ਧੁਨਿ ਆਕਾਰਾ ॥ ਆਪਿ ਵਜਾਏ ਵਜਾਵਣਹਾਰਾ ॥ ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ॥ ੪ ॥ ਕਰਤਾ ਕਰੇ ਸੁ ਨਿਹਚਉ ਹੋਵੈ ॥ ਗੁਰ ਕੈ ਸਬਦੇ ਹਉਮੈ ਖੋਵੈ ॥ ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥ ੫ ॥ (ਪੰਨਾ ੧੦੬੧-੧੦੬੨)

ਹਰ ਥਾਂ ਉਹੀ ਵਾਹਿਗੁਰੂ ਰਵ ਰਿਹਾ ਹੈ ਤੇ ਸਭ ਕੁਝ ਆਖਰ ਨੂੰ ਉਸੇ ਵਿਚ ਹੀ ਸਮਾਉਣਾ ਹੈ। ਉਸ ਪ੍ਰਭੂ ਦਾ ਰੂਪ ਭਾਵੇਂ ਇਕੋ ਹੈ ਪਰ ਵਿਸ਼ਵ ਦੇ ਸਾਰੇ ਰੰਗ ਉਸੇ ਦੇ ਹੀ ਹਨ।ਹਰ ਥਾਂ ਉਸ ਦਾ ਹੀ ਹੁਕਮ ਚਲਦਾ ਹੈ।

ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ॥ ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ॥ ੪॥ (ਪੰਨਾ ੧੩੧੦)

ਗੁਰੁ ਜੀ ਫੁਰਮਾਉਂਦੇ ਹਨ ਕਿ ਮੈਂ ਤਾਂ ਉਸ ਆਦਿ ਪੁਰਖ ਪ੍ਰਮਾਤਮਾ ਨੂੰ ਜਾਣਦਾ ਹਾਂ ਜੋ ਲਿਖ ਲਿਖ ਮੇਟਣਹਾਰਾ ਹੈ ਇਸ ਨੂੰ ਮੈਂ ਮੰਨਿਆਂ ਨਹੀਂ ਸੀ। ਜਿਸ ਨੇ ਓਅੰਕਾਰ ਨੂੰ ਸਮਝ ਲਿਆ ਉਸ ਬਾਰੇ ਲਿਖਿਆ ਕੋਈ ਨਹੀਂ ਮੇਟ ਸਕਦਾ ਭਾਵ ਉਹ ਆਉਣ ਜਾਣ ਤੋਂ ਮੁਕਤ ਹੋ ਜਾਂਦਾ ਹੈ।

ਓਅੰਕਾਰ ਆਦਿ ਮੈ ਜਾਨਾ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ॥ ਓਅੰਕਾਰ ਲਖੈ ਜਉ ਕੋਈ॥ ਸੋਈ ਲਖਿ ਮੇਟਣਾ ਨ ਹੋਈ ॥ ੬ ॥(ਪੰਨਾ ੩੪੦)

ਓਅੰਕਾਰ ਇੱਕੋ ਹੈ ਉਸ ਤੋਂ ਉਤਪੰਨ ਧੁਨ ਵੀ ਇਕੋ ਹੈ ਤੇ ਉਹ ਰਾਗ ਵੀ ਇੱਕੋ ਅਲਾਪਦਾ ਹੈ। ਉਹ ਇਕ ਨੂੰ ਦੇਂਦਾ ਹੈ ਇਕ ਨੂੰ ਅਪਣੇ ਆਪ ਦੇ ਦਰਸ਼ਨ ਕਰਵਾ ਦਿੰਦਾ ਹੈ ਤੇ ਉਹ ਇਕੋ ਹੀ ਹਰ ਥਾਂ ਬਿਆਪ ਰਿਹਾ ਹੈ (ਹਾਜ਼ਿਰ ਹੈ)।

ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ॥ ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥ ੧ ॥ (ਪੰਨਾ ੮੮੫)

ਓਅੰਕਾਰ ਸ਼ਬਦ ਓਅੰ+ਕਾਰ (ਆਕਾਰ) ਤੋਂ ਨਿਰਮਿਤ ਹੈ।ਓਅੰ ਇਕੋ ਹੀ ਹੈ ਜੋ ਸਾਰੇ ਵਿਸ਼ਵ ਵਿਚ ਵਿਚਰ ਰਿਹਾ ਹੈ, ਉਸ ਤੋਂ ਬਿਨਾ ਨਾ ਕੋਈ ਹੋਰ ਦੂਜਾ ਹੈ ਨਾ ਦੂਜਾ ਹੋਵੇਗਾ।ਸਾਰਾ ਵਿਸ਼ਵ ਉਸ ਦਾ ਹੀ ਕੀਤਾ/ਰਚਿਆ ਹੋਇਆ ਹੈ, ਵਿਸ਼ਵ ਰਚਣ ਯੋਗ ਸਿਰਫ ਉਹ ਆਪ ਹੀ ਹੈ।ਹਰ ਥਾਂ ਉਹੀ ਵਾਹਿਗੁਰੂ ਰਵ ਰਿਹਾ ਹੈ ਤੇ ਸਭ ਕੁਝ ਆਖਰ ਨੂੰ ਉਸੇ ਵਿਚ ਹੀ ਸਮਾਉਣਾ ਹੈ। ਉਸ ਪ੍ਰਭੂ ਦਾ ਰੂਪ ਭਾਵੇਂ ਇਕੋ ਹੈ ਪਰ ਵਿਸ਼ਵ ਦੇ ਸਾਰੇ ਰੰਗ ਉਸੇ ਦੇ ਹੀ ਹਨ।ਹਰ ਥਾਂ ਉਸ ਦਾ ਹੀ ਹੁਕਮ ਚਲਦਾ ਹੈ।ਪਰਮਾਤਮਾ ਦਾ ਆਸਣ ਹਰ ਲੋ ਦੇ ਵਿਚ ਹੈ । ਵਿਸ਼ਵ ਰਚਦੇ ਸਮੇ ਸਾਰੀ ਵਸਤ, ਸਾਰੀ ਸ਼ਕਤੀ ਇੱਕ ਵਾਰ ਹੀ ਭਰ ਦਿਤੀ ਜੋ ਨਾ ਘਟਦੀ ਹੈ ਨਾ ਵਧਦੀ ਹੈ ਸਿਰਜਣਹਾਰਾ ਬਸ ਉਸ ਦੇ ਵੱਖ ਵੱਖ ਰੂਪ ਬਣਾ ਕੇ ਬਦਲੀ ਜਾਂਦਾ ਹੈ।ਸੱਚੇ ਪਰਮ ਪਿਤਾ ਪਰਮਾਤਮਾ ਦੀ ਇਹ ਸਭ ਕਿਰਤ ਸੱਚੀ ਹੈ। ਵਿਸ਼ਵ ਕਰਤਾ ਆਦਿ, ਮੱਧ ਤੇ ਅੰਤ ਆਪ ਹੀ ਹੈ।ਉਹ ਆਪ ਹੀ ਸੁੰਨ ਤੇ ਸਮਾਧੀ ਅਵਸਥਾ ਵਿਚ ਹੈ।ਅਪਣੀ ਸਿਫਤ ਉਹ ਆਪ ਹੀ ਕਰਦਾ ਹੈ ਤੇ ਆਪ ਹੀ ਸੁਣਦਾ ਹੈ।ਉਸ ਨੇ ਅਪਣੀ ਹੋਂਦ ਖੁਦ ਅਪਣੇ ਵਿਚੋਂ ਹੀ ਕੀਤੀ।ਉਹ ਆਪ ਹੀ ਅਪਣਾ ਬਾਪ ਹੈ ਆਪ ਹੀ ਅਪਣੀ ਮਾਂ ਹੈ।ਉਹ ਆਪੇ ਹੀ ਸੂਖਮ ਹੈ ਤੇ ਆਪੇ ਅਸਥੂਲ ਹੈ।ਉਸ ਦੀ ਲੀਲਾ ਬਿਆਨੀ ਨਹੀਂ ਜਾ ਸਕਦੀ।ਇਹ ਸਭ ਖੇਲ੍ਹ ਇਹ ਸਭ ਪਰਪੰਚ ਉਸ ਰਚਣਹਾਰੇ ਨੇ ਹੀ ਕੀਤਾ ਹੈ। ਕਰਤੇ ਹਰੀ ਨੇ ਹੀ ਇਹ ਸਾਰੀ ਕਲਾ ਧਾਰੀ ਹੈ। ਹਰੀ ਨੇ ਸਾਰੀ ਰਚਨਾ ਇਕੋ ਸੂਤਰ ਵਿਚ ਪਰੋਈ ਹੈ ਤੇ ਸਾਰੇ ਜੁਗਾਂ ਵਿਚ ਵਰਤ ਰਿਹਾ ਹੈ ਤੇ ਜਦ ਸੂਤਰ ਖਿਚ ਲੈਂਦਾ ਹੈ ਤਾਂ ਸਾਰਾ ਕੁਝ ਉਸ ਵਿਚ ਹੀ ਸਮਾ ਜਾਂਦਾ ਹੈ ਤੇ ਸਾਰਾ ਕੁਝ ਏਕੰਕਾਰ ਭਾਵ ਉਹ ਖੁਦ ਕਰਤਾ ਹੀ ਹੁੰਦਾ ਹੈ ਹੋਰ ਕੁਝ ਨਹੀਂ।ਜਿਸ ਸਚੇ ਏਕੰਕਾਰ ਨੇ ਸਾਰਾ ਜਗ ਰਚਿਆ ਉਸ ਹਰੀ ਦਾ ਨਾਮ ਸਿਮਰੋ।ਇਸ ਲਈ ਸੰਸਾਰ ਤੋਂ ਅਲਿਪਿਤ ਰਹਿ ਕੇ ਗੁਰੂ ਦੇ ਦਿਤੇ ਸ਼ਬਦ (ਨਾਮ) ਸੱਚੇ ਵਾਹਿਗੁਰੂ ਨਾਲ ਚਿਤ ਲਾਉਣਾ ਚਾਹੀਦਾ ਹੈ।ਗੁਰੂ ਤੋਂ ਸ਼ਬਦ (ਨਾਮ) ਪ੍ਰਾਪਤ ਹਉਮੈਂ ਮਿਟ ਜਾਂਦੀ ਹੈ। ਗੁਰੂ (ਵਾਹਿਗੁਰੂ) ਦੀ ਮਿਹਰ ਸਦਕਾ ਹੀ ਨਾਮ ਧਿਆਉਣ ਸਦਕਾ ਵਡਿਆਈ ਮਿਲਦੀ ਹੈ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Meanings of words given below-please feel free to correct or expand. Please put the words together and share your understanding of the shabad, how you implement the message...

SPN on Facebook

...
Top