you are very kind to me thank u
here is one for u
ਜਾਗ
ਦੁੱਧ ਜੰਮੇਂ ਜਾਗ ਲਗਾ ਕੇ, ਰੱਬ ਮੰਨੇਂ ਯਾਰ ਮਨਾ ਕੇ
ਪਿਆਰ ਯਾਰ ਦਾ ਭੇਦ ਰੱਬ ਦਾ, ਖ੍ਹੋਲੇ ਚੇਟਕ ਲਾ ਕੇ
ਗੁੜ੍ਹਤੀ ਏ ਇਕ ਜਾਗ ਅਜਿਹਾ, ਜੰਮਣ ਸਮੇਂ ਬੱਚੇ ਕੂ ਦੇਵੋ
ਗੁਰ ਮੰਤ੍ਰ ਸਾਈ ਦੀਖਿਆ, ਜਨ ਮਨ ਖੋਜਣ ਅਲਖ ਅਭੇਵੋ
ਕਿਰਤ ਕਮਾਈ ਪਿਛਲੇ ਜਨਮ ਦੀ, ਲਿਖੈ ਮੱਥੇ ਲੀਕਾਂ ਲਾ ਕੇ
ਮਲਯਾਗਰ ਮਹਿਕ ਏ ਗੁੜ੍ਹਤੀ, ਵਣ iਤਣ ਜਾਗ ਲਗਾ ਦੇਵੇ
ਸਾਈ ਜਾਗ ਜਗਤ ਵਿਚ ਜਾਦੂ, ਹਰ ਪੱਤੇ ਮਹਿਕ ਸਮਾ ਦੇਵੇ
ਹਰ ਜਾ ਹਰਿ ਸਾ ਬਣਤ ਬਣਾਈ, ਮਨ ਸਮਝੇ ਜਾਗ ਲਗਾ ਕੇ
ਪਾਰਸ ਪਰਸ ਜਾਇ ਪਰਸੀਐ, ਤਾਂਬਾ ਸਵਰਨ ਬਣ ਆਵੈ
ਪਾਕੁਠਾਲੀ ਜਾਗ ਲਾਏ ਪਾਰਖ, ਸਵਰਨ ਕੁੰਦਨ ਬਣ ਜਾਵੈ
ਸਾਈ ਜਾਗ ਜਨ ਮਨ ਭਾਇ, ਛੱਡੇ ਮੁਗਧ ਕੂ ਸਾਧ ਬਣਾ ਕੇ
ਇਸ਼ਕ ਮਜਾਜ਼ੀ ਇਸ਼ਕ ਹਕੀਕੀ, ਸੋ ਜਾਣੈ ਜਿਸ ਤਨ ਬੀਤੀ
ਮਨ ਭੰਗ ਕਿਸੈ ਤਨ ਭੰਗ, ਹਰ ਇਕ ਮਨ ਦੀ ਅਪਣੀ ਨੀਤੀ
ਪਰ ਇਸ਼ਕ ਅਵੱਲੜਾ ਡਾਕੂ ਏ, ਲੁੱਟ ਲੈਂਦਾ ਚਿੱਤ ਭਰਮਾ ਕੇ
jਜੋ ਦਿਲ ਦੇ ਕੇ ਯਾਰ ਮਨਾਵੇ, ਸੇਈ ਭੇਦ ਚਿੱਤ ਦਾ ਪਾਵੇ
ਯਾਰ ਪਿਆਰ ਸਿਰ ਹੱਥ ਰੱਖ, ਮੁਰੀਦਾਂ ਦੇ ਚਿੱਤ ਸਮਾਵੇ
ਛੁਪ ਚਿੱਤ ਚ ਬੋਹਿਥ ਛੇੜਦਾ, ਮੁੜ ਛੱਡੇ ਪਾਰ ਲੰਘਾ ਕੇ
ਰੱਬ ਪਾਉਣਾ ਕੋਈ ਜਾਦੂ ਨਹੀਂ, ਕੇਵਲ ਮਨ ਸਿੱਧਾ ਕਰਨਾ
ਜਾਗ ਲਗਾ ਕੇ ਪਿਆਰ ਪਾ ਕੇ, ਗੁਰ ਕੀਰਤਿ ਜਿਉਂਦੇ ਮਰਨਾ
ਮਨ ਨੀਵਾਂ ਮਤ ਊਚ ਬਣਾਵੈ, ਮਾਹੀ ਮੂਰਤ ਚਿੱਤ ਵਸਾ ਕੇ
ਚਿੱਤ ਚ ਸੂਰਤ ਮਨ ਚ ਮੂਰਤ, ਵਸ ਜਾਵੇ ਜਦੋਂ ਜਾਗ ਲੱਗੇ
ਸਭ ਰਿਸਤੇ ਨਾਤੇ ਛੱਡ ਬੈਂਸ, ਚਰਾਗ ਚਿੱਤ ਦਾ ਜਗਣ ਲੱਗੇ
ਦੋ ਰੂਹਾਂ ਇਕ ਮਿਕ ਹੋ ਜਾਵਣ, ਛੱਡੈ ਯਾਰ ਕੂ ਯਾਰ ਬਣਾ ਕੇ
ਇਸ਼ਕ ਅਜਿਹਾ ਡਾਕੂ ਏ, ਲੁੱਟ ਲੈਂਦਾ ਅਖੀਆਂ ਖੁਲ੍ਹੀਆਂ ਨੂੰ
ਚਿੱਤ ਮਾਹੀ ਮਾਹੀ ਗਾਉਣ ਲੱਗੇ, ਪਰ ਸੀ ਦੇਂਦਾ ਏ ਬੁਲ੍ਹੀਆਂ ਨੂੰ
ਕਰੈ ਤੰਗ ਇਸ਼ਕ ਚੜ੍ਹੇ ਰੰਗ ਇਸ਼ਕ, ਛੱਡੈ ਬੰਦੇ ਨੂੰ ਰੱਬ ਬਣਾ ਕੇ
ਬਾਵਨ ਜੁਗ ਨ੍ਹੇਰੇ ਵਿਚ ਬੈਠਾ, ਮੁੜ ਰੱਬ ਮੁਰਸ਼ਦ ਧਿਆਇਆ
ਪਿਆਰ ਪਾ ਕੇ ਯਾਰ ਮਨਾ ਕੇ,ਖੁਦ ਰੱਬ ਹੋਂਦ ਵਿਚ ਆਇਆ
ਰੱਬ ਮਨਾਉਣਾ ਯਾਰ ਤੋਂ ਸੌਖਾ, ਪਰ ਯਾਰ ਮੰਨੇਂ ਆਪ ਮਿਟਾ ਕੇ
ਜੱਗ ਚਲਾਉਣ ਕੂ ਮਜ਼੍ਹਬ ਬਣਾਏ, ਇਸ ਵਿਚ ਭੇਦ ਨ ਕਾਈ
ਮਜ਼੍ਹਬ ਚੋਂ ਕਿਸੈ ਰੱਬ ਨ ਪਾਇਆ, ਬੈਂਸ ਨੇ ਸੱਚੀ ਆਖ ਸੁਣਾਈ
ਨਵੇਂ ਮਜ਼੍ਹਬ ਨਿੱਤ ਉਠ ਖਲੋਂਦੇ, ਪਿਛਲਿਆਂ ਤੇ ਦੂਸ਼ਣ ਲਾ ਕੇ
ਯਾਰ ਮਨਾ ਕੇ ਰੱਬ ਮੰਨਦਾ, ਯਾਰ ਮੰਨੇਂ ਪਿਆਰ ਚ ਮਰ ਕੇ
ਬੈਂਸ ਨੂੰ ਯਾਰ ਦਾ ਪਿਆਰ ਸਤਾਵੇ, ਲਿਖਦਾ ਏ ਡਰ ਡਰ ਕੇ
ਜੱਗ ਆਸ਼ਿਕਾਂ ਦਵੇ ਤਸੀਹੇ, ਬੈਂਸ, ਤੂੰ ਰੱਖੀਂ ਇਸ਼ਕ ਛੁਪਾ ਕੇ
ਜਾਗ ਲਾ ਜਿਉਂ ਦੁੱਧ ਜੰਮਦਾ, ਤਿਵੇਂ ਯਾਰ ਮਨਾ ਰੱਬ ਮੰਨਦਾ
ਰੱਬ ਯਾਰ ਨੇ ਦੋਵੇਂ ਇਕੋ, ਤੂੰ ਯਾਰ ਮਨਾਉਣੋ ਕਿਉਂ ਸੰਗਦਾ
ਯਾਰ ਰੱਬ ਚ ਭੇਦ ਨਾ ਕਾਈ, ਪਰ ਖੁਲ੍ਹਦਾ ਜਾਗ ਲਗਾ ਕੇ