• Welcome to all New Sikh Philosophy Network Forums!
    Explore Sikh Sikhi Sikhism...
    Sign up Log in

An Account Of Wife Of Banda Singh Bahadur - Princess Rattan Kaur (in Punjabi)

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਰਾਜਕੁਮਾਰੀ ਰਤਨ ਕੌਰ

ਬੰਦਾ ਸਿੰਘ ਬਹਾਦਰ ਦੇ ਸਾਥੀ ਸਿੰਘਾਂ ਨੂੰ ਸ਼ਹੀਦ ਕਰਦਿਆਂ ਨੂੰ ਅੱਖੀਂ ਦੇਖ ਕੇ ਜਿਹੜਾ ਪੱਤਰ 10 ਮਾਰਚ, 1716 ਨੂੰ ਜੌਹਨ ਸਰਮਨ ਅਤੇ ਐਡਵਰਡ ਸਟੀਫਨਸਨ ਨੇ ਕਲਕੱਤੇ ਵਿਖੇ ਆਪਣੇ ਬੌਸ ਨੂੰ ਲਿਖਿਆ ਸੀ ਉਸ ਵਿਚ ਦੱਸਿਆ ਗਿਆ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਅਤੇ 780 ਸਿੰਘਾਂ ਸਮੇਤ ਫੜ ਲਿਆ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਅਤੇ ਉਸ ਦਾ ਇਕੋ-ਇਕ ਪੁੱਤਰ ਵੀ ਉਸ ਦੇ ਨਾਲ ਸੀ। ਇਹ ਪੱਤਰ ਇਤਿਹਾਸਕ ਤੌਰ ਤੇ ਬਹੁਤ ਵੱਡੀ ਸਮਕਾਲੀ ਗਵਾਹੀ ਹੈ। ਇਸ ਸਮਕਾਲੀ ਗਵਾਹੀ ਦੀ ਪਰੋੜ੍ਹਤਾ ਇਕ ਹੋਰ ਸਮਕਾਲੀ ਗਵਾਹੀ ਵੀ ਕਰ ਰਹੀ ਹੈ। ਇਹ ਸਮਕਾਲੀ ਗਵਾਹੀ ਹੈ ਬਾਦਸ਼ਾਹ ਦੇ ਆਪਣੇ ਸ਼ਾਹੀ ਦਰਬਾਰ ਦੀਆਂ ਖ਼ਬਰਾਂ ਛਾਪਣ ਵਾਲੇ ਉਸ ਸਮੇਂ ਦੇ ਅਖ਼ਬਾਰ। ਇਨ੍ਹਾਂ ਨੂੰ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਕਿਹਾ ਜਾਂਦਾ ਹੈ। 13 ਦਸੰਬਰ, 1715 ਦੇ ਅਖ਼ਬਾਰ ਵਿਚ ਉਸ ਖ਼ਬਰ ਨੂੰ ਛਾਪਿਆ ਗਿਆ ਸੀ ਜਿਸ ਰਾਹੀਂ ਬਾਦਸ਼ਾਹ ਨੂੰ ਇਤਮਾਦ-ਉਦ-ਦੌਲਾ ਮੁਹੰਮਦ ਅਮੀਨ ਖਾਨ ਨੇ ਦੱਸਿਆ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਅਤੇ ਇਕ ਹਜ਼ਾਰ ਦੇ ਕਰੀਬ ਸਾਥੀਆਂ ਸਮੇਤ ਫੜ ਲਿਆ ਗਿਆ ਹੈ।8 ਜੂਨ, 1716 ਨੂੰ ਬਾਦਸ਼ਾਹ ਫਾਰੁੱਖ਼ਸ਼ੀਅਰ ਨੇ ਹੁਕਮ ਦਿੱਤਾ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਤਿਰਪੋਲੀਆ ਕਿਲ੍ਹੇ ਵਿਚੋਂ ਕੱਢ ਕੇ ਅਤੇ ਖ਼ਵਾਜਾ ਕੁਤਬਦੀਨ ਬਖ਼ਤਿਆਰ ਕਾਕੀ ਦੀ ਮਜ਼ਾਰ ਕੋਲ ਲਿਜਾ ਕੇ ਮਾਰ ਦਿੱਤਾ ਜਾਵੇ। ਇਹ ਹੁਕਮ 9 ਜੂਨ, 1716 ਦੇ ਅਖ਼ਬਾਰ ਵਿਚ ਛਪਿਆ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਮਾਰਨ ਸਮੇਂ ਪਹਿਲਾਂ ਉਸ ਦੇ ਪੁੱਤਰ ਨੂੰ ਮਾਰਿਆ ਜਾਵੇ। ਫਿਰ ਬੰਦਾ ਸਿੰਘ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਜਾਣ, ਫਿਰ ਉਸ ਦੀ ਜੀਭ ਨੂੰ ਮੂੰਹ ਵਿਚੋਂ ਖਿੱਚ ਕੇ ਕੱਢ ਦਿੱਤਾ ਜਾਵੇ ਅਤੇ ਫਿਰ ਉਸ ਦੀ ਚਮੜੀ ਨੂੰ ਉਧੇੜ ਕੇ ਹੱਡਾਂ ਨਾਲੋਂ ਅਲੱਗ ਕਰ ਦਿੱਤਾ ਜਾਵੇ। ਇਸ ਹੁਕਮ ਦੀ ਪੂਰੀ ਤਾਮੀਲ ਕੀਤੀ ਗਈ ਸੀ। 9 ਜੂਨ, 1716 ਨੂੰ ਇਹ ਸਾਰੀ ਕਾਰਵਾਈ ਕਰ ਕੇ ਬਾਦਸ਼ਾਹ ਨੂੰ ਇਸ ਸਭ ਕੁੱਝ ਤੋਂ ਜਾਣੂੰ ਕਰਵਾਇਆ ਗਿਆ ਸੀ। ਇਹ ਖ਼ਬਰ 10 ਜੂਨ, 1716 ਦੇ ਅਖ਼ਬਾਰਾਂ ਵਿਚ ਇਉਂ ਛਾਪੀ ਗਈ ਸੀ। ‘‘ਬਾਦਸ਼ਾਹ ਨੂੰ ਲਿਖ ਕੇ ਪੇਸ਼ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਹੁਕਮਾਂ ਅਨੁਸਾਰ ਇਬਰਾਹਿਮ-ਉਦ-ਦੀਨ ਖਾਨ, ਮੀਰ-ਏ-ਆਤਿਸ਼ ਅਤੇ ਸਰਬਰਾਹ ਖਾਨ ਕੋਤਵਾਲ ਬਾਗ਼ੀ ਬੰਦੇ ਨੂੰ ਉਸ ਦੇ ਪੁੱਤਰ ਸਮੇਤ ਅਤੇ ਅਠਾਰਾਂ ਹੋਰ ਸੀਨੀਅਰ ਸਾਥੀਆਂ ਸਮੇਤ ਤਿਰਪੋਲੀਆ ਕਿਲ੍ਹੇ ਵਿਚੋਂ ਕੱਢ ਕੇ ਖ਼ਵਾਜਾ ਕੁਤਬਦੀਨ ਦੀ ਮਜ਼ਾਰ ਕੋਲ, ਜਿਹੜੀ ਕਿ ਖ਼ੋਜਾ ਫਾਤੂ ਦੇ ਤਲਾਅ ਕੋਲ ਹੈ, ਲੈ ਗਏ ਸਨ। ਉੱਥੇ ਲੈ ਜਾ ਕੇ ਪਹਿਲਾਂ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪੁੱਤਰ ਨੂੰ ਮਾਰਿਆ ਗਿਆ ਸੀ। ਉਸ ਤੋਂ ਬਾਅਦ ਉਸ ਬਾਗ਼ੀ ਨੂੰ ਬੇਅੰਤ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ। ਉਸ ਦੇ ਸਰੀਰ ਦੇ ਇਕ-ਇਕ ਜੋੜ ਨੂੰ ਤੋੜ ਦਿੱਤਾ ਗਿਆ ਸੀ। ਉਸ ਦੇ ਸਾਥੀਆਂ ਨੂੰ ਵੀ ਮਾਰ ਦਿੱਤਾ ਗਿਆ ਸੀ।’’ਉਕਤ ਸਮਕਾਲੀ ਗਵਾਹੀਆਂ ਇਸ ਕਰ ਕੇ ਦਿੱਤੀਆਂ ਗਈਆਂ ਹਨ ਕਿ ਇਹ ਗੱਲ ਇਤਿਹਾਸਕ ਤੌਰ ਤੇ ਨਿਸ਼ਚਤ ਹੋ ਸਕੇ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਫੜਿਆ ਗਿਆ ਸੀ ਅਤੇ ਉਸ ਦੇ ਪਰਿਵਾਰ ਨੂੰ ਹੀ ਉਸ ਦੇ ਨਾਲ ਕੈਦ ਕਰ ਕੇ ਰੱਖਿਆ ਗਿਆ ਸੀ। ਸ਼ਹੀਦ ਹੋਣ ਸਮੇਂ ਵੀ ਬੰਦਾ ਸਿੰਘ ਬਹਾਦਰ ਦਾ ਪਰਿਵਾਰ ਉਸ ਦੇ ਨਾਲ ਸੀ। ਉਸ ਦੇ ਪੁੱਤਰ ਨੂੰ ਤਾਂ ਉਸ ਨੂੰ ਮਾਰਨ ਤੋਂ ਪਹਿਲਾਂ ਹੀ ਉਸ ਦੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ ਸੀ ਅਤੇ ਉਸ ਦੀ ਪਤਨੀ ਨੂੰ ਉੱਥੇ ਹਰ ਸਮੇਂ ਬਿਠਾ ਕੇ ਰੱਖਿਆ ਗਿਆ ਸੀ। ਭਾਵ ਕਿ ਉਸ ਦੀ ਪਤਨੀ ਨੇ ਉਕਤ ਸਾਰਾ ਖ਼ੂਨੀ ਸਾਕਾ ਆਪਣੀ ਅੱਖੀਂ ਦੇਖਿਆ ਸੀ।ਅਸਲੀ ਵਿਸ਼ੇ ਵਲ ਆਉਣ ਤੋਂ ਪਹਿਲਾਂ ਇਕ ਸੰਖੇਪ ਜਿਹੀ ਚਰਚਾ ਉਸ ਲਿਖਤ ਬਾਰੇ ਕਰ ਲੈਣੀ ਚਾਹੀਦੀ ਹੈ ਜਿਸ ਨੂੰ ਪੰਥਕ ਹਲਕਿਆਂ ਵਿਚ ਬੜੀ ਹੀ ਉੱਚ ਪਾਏ ਦੀ ਲਿਖਤ ਮੰਨਿਆ ਗਿਆ ਹੈ। ਇਹ ਲਿਖਤ ਹੈ ਰਤਨ ਸਿੰਘ ਭੰਗੂ ਦੀ ਪ੍ਰਾਚੀਨ ਪੰਥ ਪ੍ਰਕਾਸ਼। ਇਸ ਵਿਚ ਬੰਦਾ ਸਿੰਘ ਬਹਾਦਰ ਦੇ ਪੰਜ ਵਿਆਹ ਹੋਏ ਦੱਸੇ ਗਏ ਹਨ। ਪਹਿਲਾ ਵਿਆਹ ਉਸ ਨੇ ਕਿਸੇ ਡੇਰੇ ਦੀ ਸੰਤਣੀ ਨਾਲ ਕਰਵਾਇਆ ਗਿਆ ਦੱਸਿਆ ਹੈ। ਇਹ ਤੀਵੀਂ ਧਾਗੇ-ਤਵੀਤ ਕਰਦੀ ਸੀ ਅਤੇ ਮੁੰਡੇ ਹੋਣ ਦਾ ਵਰ ਦਿੰਦੀ ਸੀ। ਇਸ ਤੋਂ ਬਾਅਦ ਭੰਗੂ ਅਨੁਸਾਰ ਬੰਦੇ ਨੇ ਦੋ ਵਿਆਹ ਕੁੱਲੂ ਵਿਖੇ ਕਰਵਾਏ ਸਨ। ਭੰਗੂ ਦੱਸਦਾ ਹੈ ਕਿ ਕੁੱਲੂ ਦੇ ਰਾਜੇ ਨੇ ਬੰਦੇ ਨੂੰ ਵਿਆਹਾਂ ਦੇ ਲਾਲਚ ਵਿਚ ਪਰਚਾ ਲਿਆ ਸੀ ਅਤੇ ਉਸ ਦੇ ਦੋ ਵਿਆਹ ਕਰ ਦਿੱਤੇ ਸੀ। ਇੱਥੇ ਬੰਦਾ ਤਿੰਨ ਸਾਲ ਤਕ ਰਿਹਾ ਸੀ। ਇੱਥੇ ਹੀ ਬੰਦੇ ਦੇ ਇਕ ਪੁੱਤਰ ਹੋ ਗਿਆ ਸੀ। ਫਿਰ ਇਕ ਹੋਰ ਥਾਂ ਤੇ ਭੰਗੂ ਲਿਖਦਾ ਹੋਇਆ ਕਹਿ ਰਿਹਾ ਹੈ ਕਿ ਬੰਦੇ ਨੇ ਚਾਰ ਤੀਵੀਂਆਂ ਹੋਰ ਰੱਖ ਲਈਆਂ ਸਨ। ਇਸ ਕਰ ਕੇ ਉਹ ਜਤ-ਸਤ ਤੋਂ ਹਾਰ ਗਿਆ ਸੀ।ਔਰ ਤ੍ਰਿਯਾ ਬੰਦੇ ਕਈ ਚਾਰ। ਇਸ ਕਰ ਜਤੋਂ ਬੰਦਾ ਗਯੋ ਹਾਰ।ਭੰਗੂ ਲਿਖਦਾ ਹੈ ਕਿ ਜਦੋਂ ਮਾਤਾ ਸੁੰਦਰੀ ਨੇ ਬੰਦੇ ਨੂੰ ਪੰਥ ਵਿਚੋਂ ਖ਼ਾਰਜ ਕਰ ਦਿੱਤਾ ਸੀ ਤਾਂ ਉਸੇ ਸਮੇਂ ਤੋਂ ਬੰਦੇ ਦਾ ਦਿਮਾਗ਼ ਹਿੱਲ ਗਿਆ ਸੀ। ਫਿਰ ਬੰਦੇ ਨੇ ਮੰਡੀ ਤੋਂ ਇਕ ਰੰਡੀ ਮੰਗਵਾ ਕੇ ਉਸ ਨਾਲ ਵਿਆਹ ਕਰ ਲਿਆ ਸੀ। ਉਹ ਸਾਰਾ ਦਿਨ ਸਿਰ ਹਿਲਾਉਂਦਾ ਰਹਿੰਦਾ ਸੀ ਅਤੇ ਮੂ਼ਹੋਂ ਬਕ-ਬਕ ਕਰਦਾ ਰਹਿੰਦਾ ਸੀ। ਉਸ ਦੀ ਸਮਝ ਕੁਛ ਨਹੀਂ ਸੀ ਆਉਂਦੀ।
ਜਬ ਮਾਤਾ ਸਰਾਪ ਕਰ ਦੀਆ। ਬਯਾਕੁਲ ਬੰਦਾ ਤਿਸ ਦਿਨ ਤੇ ਥੀਆ।
ਮੰਡੀ ਤੇ ਇਕ ਰੰਡੀ ਮੰਗਾਈ। ਨਾਲ ਆਪਣੇ ਸੋ ਪਰਨਾਈ।
ਬੰਦੇ ਥੇ ਦੁਇ ਕਰੇ ਬਿਆਹੁ। ਤੌ ਬੰਦੇ ਜਤ ਲਯੋ ਗਵਾਇ।
ਸਿਹੜ ਕਰੈ ਔ ਸੀਸ ਹਿਲਾਵੈ। ਮੂਹੋਂ ਬਕੈ ਕਛੁ ਸਮਝ ਨ ਆਵੈ।
ਇਮ ਬੰਦੇ ਕੀ ਅਕਲ ਬਿਕਾਈ। ਸਿੰਘਨ ਸੇਤੀ ਬਾਦ ਕਰਾਈ।ਭੰਗੂ ਸਿਰਫ਼ ਇੱਥੇ ਹੀ ਬੱਸ ਨਹੀਂ ਕਰਦਾ। ਉਹ ਨਾ ਹੀ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਹੋਇਆ ਸਮਝਦਾ ਹੈ ਅਤੇ ਨਾ ਹੀ ਉਸ ਦੇ ਪੁੱਤਰ ਨੂੰ। ਭੰਗੂ ਅਨੁਸਾਰ ਬੰਦਾ ਦਿੱਲੀ ਵਿਚੋਂ ਆਪਣੇ ਜੰਤਰਾਂ-ਮੰਤਰਾਂ ਸਹਾਰੇ ਬਾਹਰ ਜਿਉਂਦਾ ਹੀ ਭੱਜ ਗਿਆ ਸੀ। ਇਉਂ ਉਹ ਜੰਮੂ ਦੇ ਰਿਆਸੀ ਡੇਰੇ ਵਾਲੀ ਥਾਂ ਤੇ ਪਹੁੰਚ ਗਿਆ ਸੀ। ਉੱਥੇ ਜਾ ਕੇ ਉਸ ਨੇ ਧੱਕੇ ਨਾਲ ਇਕ ਹੋਰ ਵਿਆਹ ਕਰਵਾ ਲਿਆ ਸੀ। ਇੱਥੇ ਉਸ ਦੇ ਇੱਕ ਪੁੱਤਰ ਹੋਇਆ। ਭੰਗੂ ਬੰਦੇ ਦੀ ਜ਼ਬਰਦਸਤ ਆਚਰਨ-ਸ਼ਿਕਨੀ ਕਰਦਾ ਹੋਇਆ ਲਿਖਦਾ ਹੈ ਕਿ ਇਕ ਪੁੱਤਰ ਉਸ ਨੇ ਆਪਣੀ ਨੌਕਰਾਣੀ ਦੇ ਵੀ ਕਰ ਦਿੱਤਾ ਸੀ।ਸੁਨੋ ਸਾਖੀ ਅਬ ਔਰ ਇਕ ਜਿਮ ਬੰਦੋ ਕੀਓ ਬਿਆਹ।
ਭਏ ਜੁ ਪੁੱਤਰ ਦੁਇ ਉਸੈ ਤੇਊ ਸੋਢੀ ਬੰਸ ਸਦਾਹਿ।...
ਤੌ ਬੰਦੇ ਘਰ ਬੇਟਾ ਭਯੋ। ਔਰ ਦਾਸੀ ਕੈ ਬੀ ਇਕ ਠਯੋ।
ਤੌ ਦਾਸੀ ਸੁਤ ਖੇਡਤ ਆਯੋ। ਬੰਦੇ ਜੀ ਉਸ ਯੌਂ ਫਰਮਾਯੋ।
ਤੂੰ ਭੀ ਖੇਡ ਜਾ ਭਾਈਅਨ ਸਾਥ। ਯੌ ਸੁਨ ਦਾਸੀ ਬੋਲੀ ਬਾਤ।ਇਸ ਤਰ੍ਹਾਂ ਰਤਨ ਸਿੰਘ ਭੰਗੂ ਵਰਗੇ ਲੇਖਕਾਂ ਵੱਲੋਂ ਪਾਏ ਗਏ ਭੁਲੇਖਿਆਂ ਨਾਲ ਬੰਦਾ ਸਿੰਘ ਬਹਾਦਰ ਦੀ ਐਸੀ ਆਚਰਨ-ਸ਼ਿਕਨੀ ਕੀਤੀ ਗਈ ਹੈ ਕਿ ਉਸ ਦੇ ਜੀਵਨ ਦਾ ਗ੍ਰਹਿਸਤੀ ਪੱਖ ਵੀ ਦਾਗ਼ੀ ਹੋ ਕੇ ਰਹਿ ਗਿਆ ਹੈ। ਦੇਖਿਆ ਜਾ ਸਕਦਾ ਹੈ ਕਿ ਸਮਕਾਲੀ ਗਵਾਹੀਆਂ ਜਿਹੜੀਆਂ ਕਿ ਗੈਰ-ਸਿੱਖਾਂ ਦੀਆਂ ਹਨ, ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਪਰਿਵਾਰ ਦੀ ਕੁਰਬਾਨੀ ਨੂੰ ਸਥਾਪਤ ਕਰਦੀਆਂ ਹਨ। ਪਰ ਰਤਨ ਸਿੰਘ ਭੰਗੂ ਜੈਸੇ ਸਿੱਖ ਲੇਖਕ ਉਸ ਦੀ ਹੱਦੋਂ-ਵੱਧ ਆਚਰਣ-ਸ਼ਿਕਨੀ ਕਰਦੇ ਹਨ। ਇਤਿਹਾਸਕ ਗਵਾਹੀਆਂ ਅਨੁਸਾਰ ਉਸ ਦਾ ਇਕੋ ਵਿਆਹ ਸੀ ਅਤੇ ਇਕੋ ਹੀ ਪੁੱਤਰ ਸੀ। ਵਿਆਹ ਚੰਬੇ ਰਿਆਸਤ ਦੀ ਰਾਜਕੁਮਾਰੀ ਨਾਲ ਹੋਇਆ ਸੀ ਅਤੇ ਪੁੱਤਰ ਅਜੈ ਸਿੰਘ ਸੀ। ਇਸ ਵਿਆਹ ਬਾਰੇ ਜੋ ਮੈਂ ਖੋਜ ਕੀਤੀ ਹੈ ਉਸ ਦੀ ਗਾਥਾ ਇਸ ਤਰ੍ਹਾਂ ਹੈ:ਮੈਂ ਨਵੰਬਰ 1982 ਵਿਚ ਫ਼ੀਲਡ ਇਨਵੈਸਟੀਗੇਟਰ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਤਰਾਵਾਂ ਦਾ ਸਰਵੇਖਣ ਕਰਨ ਲਈ ਮੰਡੀ ਅਤੇ ਰਵਾਲਸਰ ਗਿਆ ਹੋਇਆ ਸੀ। ਉੱਥੇ ਮੈਨੂੰ ਰਵਾਲਸਰ ਗੁਰਦੁਆਰੇ ਦਾ ਉਸ ਸਮੇਂ ਦਾ ਪ੍ਰਧਾਨ ਅਵਤਾਰ ਸਿੰਘ ਮਿਲਿਆ। ਇਹ ਮੰਡੀ ਸ਼ਹਿਰ ਦਾ ਕੱਪੜੇ ਦਾ ਵਪਾਰੀ ਸੀ। ਇਸ ਨੇ ਮੈਨੂੰ ਉੱਥੋਂ ਦੇ ਸਥਾਨਕ ਗੁਰਦੁਆਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਅਤੇ ਇਹ ਮੈਨੂੰ ਹਿਮਾਚਲ ਦੇ ਚੰਬਾ ਸ਼ਹਿਰ ਵਿਚ ਵੀ ਲੈ ਗਿਆ ਸੀ। ਉੱਥੇ ਜਾ ਕੇ ਅਸੀਂ ਰਾਜੇ ਦੇ ਮਹਿਲ ਦੇਖਣ ਗਏ। ਮਹਿਲਾਂ ਵਿਚ ਇਕ ਹਾਲ ਵਿਚ ਕੁੱਝ ਪੱਥਰ ਦੇ ਬੁੱਤ ਪਏ ਸਨ। ਉੱਥੋਂ ਦੇ ਸੇਵਾਦਾਰ ਨੇ ਸਾਨੂੰ ਸਾਰੇ ਮਹਿਲ ਦਿਖਾਏ ਅਤੇ ਉੱਥੇ ਪਏ ਬੁੱਤਾਂ ਬਾਰੇ ਵੀ ਜਾਣਕਾਰੀ ਦਿੱਤੀ। ਦੋ ਬੁੱਤ ਖ਼ਾਸ ਕਿਸਮ ਦੇ ਸਨ। ਇਕ ਬੁੱਤ ਨੂੰ ਉਹ ਉੱਥੋਂ ਦੀ ਕੋਈ ਸਤੀ ਹੋਈ ਰਾਜਕੁਮਾਰੀ ਦਾ ਦੱਸਦਾ ਸੀ ਅਤੇ ਦੂਸਰਾ ਬੁੱਤ ਖੁੱਲ੍ਹੇ ਕੇਸਾਂ ਅਤੇ ਦਾੜ੍ਹੇ ਵਾਲੇ ਪੁਰਸ਼ ਦਾ ਸੀ ਜਿਸ ਨੂੰ ਉਹ ਕਿਸੇ ਮਹਾਨ ਰਿਸ਼ੀ ਦਾ ਬੁੱਤ ਦੱਸਦਾ ਸੀ। ਉਸ ਦੇ ਅਨੁਸਾਰ ਇਸ ਰਿਸ਼ੀ ਨੂੰ ਬਾਦਸ਼ਾਹ ਨੇ ਤਸੀਹੇ ਦੇ ਕੇ ਮਰਵਾ ਦਿੱਤਾ ਸੀ ਅਤੇ ਇਹ ਰਾਜਕੁਮਾਰੀ ਉਸ ਦੇ ਵਿਯੋਗ ਵਿਚ ਪਿੱਛੋਂ ਸਤੀ ਹੋ ਗਈ ਸੀ।ਮੈਨੂੰ ਉਸ ਸਮੇਂ ਇਤਿਹਾਸ ਦੀ ਕੋਈ ਡੂੰਘੀ ਸਮਝ ਨਹੀਂ ਸੀ। ਇਸ ਲਈ ਮੈਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਅਣਗੌਲਿਆ ਕਰ ਦਿੱਤਾ ਸੀ। 2002 ਵਿਚ ਮੈਂ ਆਪਣੇ ਵਿਭਾਗ ਦਾ ਮੁਖੀ ਬਣ ਗਿਆ ਸੀ। ਇਸ ਸਮੇਂ ਤਕ ਮੇਰਾ ਤਨ-ਮਨ ਇਤਿਹਾਸ ਦੇ ਅਧਿਐਨ ਵਿਚ ਲੁਪਤ ਹੋ ਗਿਆ ਸੀ। ਮੈਂ ਬੰਦਾ ਸਿੰਘ ਬਹਾਦਰ ਦਾ ਅਧਿਐਨ ਕਰ ਰਿਹਾ ਸੀ ਅਤੇ ਇਸ ਵਿਚ ਮੇਰੀ ਬਹੁਤ ਜ਼ਿਆਦਾ ਰੁਚੀ ਸੀ। ਮੈਨੂੰ ਇਸ ਸਮੇਂ ਮੇਰੇ 1982 ਵਾਲੇ ਚੰਬੇ ਦੇ ਦੌਰੇ ਦਾ ਚੇਤਾ ਆਇਆ। ਮੈਂ ਦੁਬਾਰਾ ਫਿਰ ਚੰਬੇ ਦਾ ਮਹਿਲ ਅਤੇ ਉੱਥੇ ਪਏ ਬੁੱਤ ਦੇਖਣ ਲਈ ਅਕਤੂਬਰ 2003 ਵਿਚ ਗਿਆ ਸੀ। ਮੇਰੀ ਸਲਾਹ ਸੀ ਕਿ ਇਸ ਵਾਰ ਮੈਂ ਉਨ੍ਹਾਂ ਬੁੱਤਾਂ ਦੀਆਂ ਅਤੇ ਮਹਿਲਾਂ ਦੀਆਂ ਫ਼ੋਟੋਆਂ ਲੈ ਕੇ ਆਵਾਂਗਾ। ਪਰ ਮੈਂ ਜਦੋਂ ਚੰਬੇ ਗਿਆ ਤਾਂ ਉਸ ਪੁਰਾਣੇ ਮਹਿਲ ਨੂੰ ਦੇਖਣ ਤੋਂ ਬੰਦ ਕੀਤਾ ਹੋਇਆ ਸੀ। ਮੈਂ ਸ਼ਹਿਰ ਵਿਚੋਂ ਕਿਸੇ ਪੁਰਾਣੇ ਬਜ਼ੁਰਗ ਦੀ ਤਲਾਸ਼ ਕਰਨ ਲਈ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਪਹਿਲੀ 1982 ਵਾਲੀ ਘਟਨਾ ਨੂੰ 21 ਸਾਲ ਹੋ ਗਏ ਸਨ। ਆਖ਼ਰ ਉਸੇ ਸੇਵਾਦਾਰ ਨਾਲ ਅਚਾਨਕ ਮੁਲਾਕਾਤ ਹੋ ਗਈ ਜਿਸ ਨੇ 1982 ਵਿਚ ਸਾਨੂੰ ਮਹਿਲ ਅਤੇ ਬੁੱਤ ਦਿਖਾਏ ਸਨ। ਉਸ ਸਮੇਂ ਤਾਂ ਮੈਂ ਉਸ ਨੂੰ ਕੋਈ ਸਵਾਲ-ਜਵਾਬ ਨਹੀਂ ਕੀਤਾ ਸੀ ਕਿਉਂਕਿ ਮੈਨੂੰ ਇਤਿਹਾਸ ਦੀ ਕੋਈ ਜ਼ਿਆਦਾ ਸਮਝ ਨਹੀਂ ਸੀ ਪਰ ਇਸ ਵਾਰ ਮੈਂ ਉਸ ਨੂੰ ਸਵਾਲ ਤੇ ਸਵਾਲ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਪੂਰੀ ਦਿਹਾੜੀ ਦੇਵਾਂਗਾ ਪਰ ਉਹ ਮੈਨੂੰ ਸਾਰਾ ਚੰਬਾ ਅਤੇ ਉਹ ਪੁਰਾਣੇ ਬੁੱਤ ਦਿਖਾ ਦੇਵੇ। ਉਸ ਨੇ ਮੈਨੂੰ ਦੱਸਿਆ ਕਿ ਉਹ ਸਾਰੇ ਬੁੱਤ ਉੱਥੋਂ ਚੁੱਕ ਲਏ ਗਏ ਹਨ ਅਤੇ ਮਹਿਲ ਬੰਦ ਕਰ ਦਿੱਤੇ ਗਏ ਹਨ। ਪਰ ਕਹਾਣੀ ਉਨ੍ਹਾਂ ਦੀ ਇਉਂ ਹੈ:ਇਹ ਜਿਹੜੀ ਸਤੀ ਹੋਈ ਰਾਜਕੁਮਾਰੀ ਦਾ ਬੁੱਤ ਸੀ ਉਸ ਨੂੰ ਚੰਬਾ ਦੇ ਰਾਜੇ ਦਾ ਖ਼ਾਨਦਾਨ ਇਕ ਦੇਵੀ ਸਮਝ ਕੇ ਪੂਜਾ ਕਰਦਾ ਸੀ। ਜਿਹੜਾ ਰਿਸ਼ੀ ਸੀ ਉਹ ਉਸ ਦਾ ਪਤੀ ਸੀ ਅਤੇ ਉਸ ਨੂੰ ਬਾਦਸ਼ਾਹ ਨੇ ਬਹੁਤ ਤਸੀਹੇ ਦੇ ਕੇ ਮਾਰ ਦਿੱਤਾ ਸੀ। ਪਿੱਛੋਂ ਇਹ ਰਾਜਕੁਮਾਰੀ ਉਸ ਨਾਲ ਹੀ ਸਤੀ ਹੋ ਗਈ ਸੀ। ਚੰਬਾ ਦੇ ਰਾਜੇ ਦਾ ਖ਼ਾਨਦਾਨ ਸਮਝਦਾ ਸੀ ਕਿ ਇਸ ਰਾਜਕੁਮਾਰੀ ਅਤੇ ਰਿਸ਼ੀ ਦੇ ਬੁੱਤਾਂ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਸੰਕਟ ਟਲ ਜਾਂਦਾ ਹੈ। ਪਿੱਛੋਂ ਕਿਸੇ ਵਜ੍ਹਾ ਕਰ ਕੇ ਇਨ੍ਹਾਂ ਬੁੱਤਾਂ ਨੂੰ ਜਨਤਾ ਤੋਂ ਓਹਲੇ ਕਰ ਦਿੱਤਾ ਗਿਆ ਸੀ। ਹੁਣ ਕੋਈ ਪਤਾ ਨਹੀਂ ਕਿ ਉਹ ਬੁੱਤ ਕਿਥੇ ਹਨ।ਬੰਦਾ ਸਿੰਘ ਬਹਾਦਰ ਨੇ ਚੰਬੇ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਇਕ ਪੁੱਤਰ ਵੀ ਹੋਇਆ ਸੀ। ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਭਾਵੇਂ ਬੰਦਾ ਸਿੰਘ ਦੀ ਧਰਮ-ਪਤਨੀ ਬਾਰੇ ਕੋਈ ਵੇਰਵਾ ਨਹੀਂ ਮਿਲਦਾ ਪਰ ਕੁੱਝ ਅਸਪਸ਼ਟ ਜਿਹੀ ਜਾਣਕਾਰੀ ਇਹ ਮਿਲਦੀ ਹੈ ਕਿ ਉਹ ਪਿੱਛੋਂ ਆਤਮ-ਹੱਤਿਆ ਕਰ ਗਈ ਸੀ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਤੇ ਉਸ ਦੀ ਧਰਮ-ਪਤਨੀ ਦਾ ਸਬੰਧ ਉਨ੍ਹਾਂ ਬੁੱਤਾਂ ਨਾਲ ਜੁੜਦਾ ਸੀ। ਅਗਲੀ ਲੋੜ ਸੀ ਮੈਨੂੰ ਉਸ ਰਾਜਕੁਮਾਰੀ ਦੇ ਨਾਂ ਦਾ ਪਤਾ ਕਰਨ ਦੀ। ਉਸ ਸੇਵਾਦਾਰ ਨੇ ਦੱਸਿਆ ਕਿ ਉਸ ਬੁੱਤ ਵਾਲੀ ਰਾਜਕੁਮਾਰੀ ਨੂੰ ਰਤਨਾ ਦੇਵੀ ਕਿਹਾ ਜਾਂਦਾ ਸੀ। ਅੱਜ ਕੱਲ੍ਹ ਵੀ ਅਤੇ ਮੁੱਢ-ਕਦੀਮੋਂ ਵੀ ਚੰਬੇ ਸ਼ਹਿਰ ਵਿਚ ਸਿੱਖ ਧਰਮ ਨੂੰ ਜਾਣਨ ਵਾਲਾ ਤੇ ਸਮਝਾਉਣ ਵਾਲਾ ਕੋਈ ਨਹੀਂ ਹੈ। ਉੱਥੋਂ ਦੇ ਲੋਕਾਂ ਦਾ ਸਿੱਖ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਕਰ ਕੇ ਉਨ੍ਹਾਂ ਬੁੱਤਾਂ ਦੇ ਨਾਂ ਅਤੇ ਸੰਕਲਪ ਉਨ੍ਹਾਂ ਨੇ ਆਪਣੇ ਆਪ ਹੀ ਸਥਾਪਤ ਕਰ ਲਏ ਹਨ। ਇਨ੍ਹਾਂ ਗੱਲਾਂ ਵਿਚੋਂ ਹੀ ਮੈਂ ਇਹ ਜਾਣਕਾਰੀ ਕੱਢੀ ਹੈ ਕਿ ਰਾਜਕੁਮਾਰੀ ਦਾ ਨਾਂ ਰਤਨਾ ਸੀ ਅਤੇ ਬੰਦਾ ਸਿੰਘ ਬਹਾਦਰ ਨਾਲ ਵਿਆਹ ਹੋਣ ਉਪਰੰਤ ਇਸ ਦਾ ਨਾਂ ਰਤਨ ਕੌਰ ਰੱਖ ਦਿੱਤਾ ਗਿਆ ਸੀ। ਕੁਦਰਤੀ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਨੇ ਆਪਣੀ ਪਤਨੀ ਨੂੰ ਵੀ ਅੰਮ੍ਰਿਤ ਛਕਣ ਲਈ ਕਿਹਾ ਹੋਵੇਗਾ ਅਤੇ ਇਸ ਤਰ੍ਹਾਂ ਉਹ ਰਤਨ ਕੌਰ ਬਣ ਗਈ ਸੀ। ਇਹ ਤਾਂ ਸਾਰੀ ਕਹਾਣੀ ਹੈ ਇਕ ਅੰਦਾਜ਼ੇ ਅਨੁਸਾਰ ਤੀਲਾ-ਤੀਲਾ ਇਕੱਠਾ ਕਰ ਕੇ ਇਕ ਪਿਛੋਕੜ ਸਥਾਪਤ ਕਰਨ ਦੀ। ਅਗਲੀਆਂ ਗੱਲਾਂ ਸਾਡੇ ਲੇਖਕਾਂ ਦੀਆਂ ਲਿਖਤਾਂ ਵਿਚੋਂ ਲਈਆਂ ਗਈਆਂ ਹਨ ਜਿਨ੍ਹਾਂ ਦੀ ਰੌਸ਼ਨੀ ਵਿਚ ਬੰਦਾ ਸਿੰਘ ਬਹਾਦਰ ਦੇ ਵਿਆਹ ਦਾ ਇਤਿਹਾਸਕ ਵਰਣਨ ਬਣ ਜਾਂਦਾ ਹੈ।ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਦਾ ਚੰਬੇ ਦੀ ਰਾਜਕੁਮਾਰੀ ਹੋਣ ਦਾ ਸਭ ਤੋਂ ਪਹਿਲਾ ਵੇਰਵਾ ਭਾਈ ਸੰਤੋਖ ਸਿੰਘ ਨੇ ਆਪਣੀ ਲਿਖਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੌਧਵੀਂ ਜਿਲਦ ਵਿਚ ਦਿੱਤਾ ਹੈ।ਤਬ ਚੰਬਿਆਲ ਗਿਰੇਸ਼ੁਰ ਤ੍ਰਾਸਾ। ਦੇਖਯੋ ਸਭ ਕੋ ਕਰਤਿ ਬਿਨਾਸਾ।
ਹੁਤੀ ਸੁੰਦਰੀ ਦੋਹਿਤਾ ਤਿਸ ਕੀ। ਚੰਦ੍ਰ ਮੁਖੀ ਕਟ ਛੀਨੀ ਜਿਸ ਕੀ।
ਕਮਲ ਪਾਂਖਰੀ ਆਂਖ ਬਿਸਾਲੀ। ਮਾਨਹੁ ਕਾਮ ਨੇ ਸੂਰਤ ਢਾਲੀ।
ਉਨਤ ਕੁਚਾ ਪੀਨ ਮ੍ਰਿਦ ਬੋਲ। ਮੁਕਰ ਬਦਨ ਜੁਗ ਲਸਤਿ ਕਪੋਲ।
ਜਿਸ ਕੋ ਹੇਰਤਿ ਬਿਰਮਹਿ ਜੋਗੀ। ਗਿਣਤੀ ਕਹਾਂ ਜਿ ਲੰਪਟ ਭੋਗੀ।
ਕਜਰਾਰੇ ਮ੍ਰਿਗ ਨੈਣ ਸਵਾਰੇ। ਹਾਥ ਕਮਲ ਮਹਿੰਦੀ ਅਹੁਨਾਰੇ।
ਤਿਸ ਕੋ ਡੋਰੇ ਮਹਿਂ ਬੈਠਾਇ। ਸੰਗ ਸਖੀਗਨ ਲਯ ਤਰੁਨਾਇ।ਇਨ੍ਹਾਂ ਕਵਿਤਾ ਮਈ ਤੁਕਾਂ ਦੇ ਜੇਕਰ ਸਰਲ ਅਰਥ ਕਰ ਕੇ ਲਿਖੀਏ ਤਾਂ ਇਸ ਦਾ ਮਤਲਬ ਬਣਦਾ ਹੈ, ‘‘ਚੰਬੇ ਦਾ ਰਾਜਾ ਇਹ ਦੇਖ ਕੇ ਘਬਰਾ ਗਿਆ ਸੀ ਕਿ (ਬੰਦਾ ਸਿੰਘ ਨੇ) ਸਾਰੀਆਂ ਰਿਆਸਤਾਂ ਦਾ ਬਿਨਾਸ ਕਰ ਦਿੱਤਾ ਹੈ। ਉਸ ਦੀ ਦੋਹਤੀ ਬਹੁਤੀ ਸੁੰਦਰ ਸੀ। ਉਸ ਦਾ ਚੰਦਰਮਾ ਜੈਸਾ ਮੁਖ ਅਤੇ ਕਮਲ ਦੇ ਫੁੱਲ ਦੀ ਤਰ੍ਹਾਂ ਖਿੜੀਆਂ ਉਸ ਦੀਆਂ ਅੱਖਾਂ, ਇਉਂ ਲਗਦੀਆਂ ਸਨ ਜਿਵੇਂ ਕਿ ਸੱਚਮੁੱਚ ਹੀ ਕਾਮ-ਦੇਵਤੇ ਨੇ ਉਸ ਰਾਹੀਂ ਰੂਪ ਧਾਰ ਲਿਆ ਹੋਵੇ। ਉਸ ਦੀਆਂ ਲੰਮੀਆਂ ਲੱਤਾਂ, ਮਿੱਠੇ ਬੋਲ ਅਤੇ ਨਰਮ ਸਰੀਰ ਐਸਾ ਸੀ ਜਿਸ ਨੂੰ ਦੇਖ ਕੇ ਜੋਗੀ ਵੀ ਕਾਮੁਕ ਹੋ ਸਕਦੇ ਸੀ। ਇਕ ਜੋਗੀ ਕੀ, ਉਸ ਉੱਪਰ ਤਾਂ ਅਨੇਕਾਂ ਜੋਗੀ ਮੋਹਿਤ ਹੋ ਸਕਦੇ ਸਨ। ਮ੍ਰਿਗ ਨੈਣਾਂ ਵਾਲੀ, ਵਾਲਾਂ ਵਿਚ ਕਜਰਾ ਸਜਾਉਣ ਵਾਲੀ ਅਤੇ ਮਹਿੰਦੀ ਨਾਲ ਰੰਗੇ ਹੱਥਾਂ ਵਾਲੀ ਇਸ ਅਤੀ ਸੁੰਦਰ ਲੜਕੀ ਨੂੰ ਰਾਜਾ ਡੋਲੇ ਵਿਚ ਬਿਠਾ ਕੇ, ਉਸ ਦੀਆਂ ਸਖੀਆਂ-ਸਹੇਲੀਆਂ ਦੇ ਸੰਗ, ਖ਼ੁਦ ਲੈ ਕੇ ਆਇਆ ਸੀ।’’ਇਹ ਭਾਈ ਸੰਤੋਖ ਸਿੰਘ ਦਾ ਆਪਣਾ ਢੰਗ ਹੈ ਕਿਸੇ ਪ੍ਰਸੰਗ ਨੂੰ ਵਰਣਨ ਕਰਨ ਦਾ। ਇਹ ਵੀ ਕਿ ਭਾਵੇਂ ਇਹ ਸਾਰਾ ਵਰਣਨ ਭਾਈ ਸੰਤੋਖ ਸਿੰਘ ਨੇ ਇਕ ਨਾਂਹ ਮੁਖੀ ਪਹੁੰਚ ਵਾਲਾ ਹੀ ਰੱਖਿਆ ਹੈ ਪਰ ਇਸ ਵਰਣਨ ਤੋਂ ਚੰਬੇ ਦੇ ਰਾਜੇ ਦੀ ਲੜਕੀ ਜਾਂ ਦੋਹਤੀ ਦੀ ਗੱਲ ਤਾਂ ਸਾਬਤ ਹੁੰਦੀ ਹੈ। ਇਸੇ ਗੱਲ ਦੀ ਕਨ੍ਹਈਆ ਲਾਲ ਨੇ ਸਿੱਧੇ ਤੌਰ ਤੇ ਹੀ ਇਉਂ ਲਿਖ ਕੇ ਪਰੋੜ੍ਹਤਾ ਕਰ ਦਿੱਤੀ ਹੈ। ਕਨ੍ਹਈਆ ਲਾਲ ਲਿਖਦਾ ਹੈ ਕਿ ‘‘ਉਸ (ਬੰਦੇ) ਨੇ ਚੰਬੇ ਦੇ ਰਾਜੇ ਦੀ ਲੜਕੀ ਨਾਲ ਵਿਆਹ ਕਰ ਲਿਆ ਤੇ ਘਰ ਗ੍ਰਹਿਸਤੀ ਬਣ ਗਿਆ।’’ ਮੈਕਾਲਿਫ਼ ਨੇ ਲਿਖਿਆ ਹੈ ਕਿ ‘‘ਚੰਬੇ ਦੇ ਰਾਜੇ ਨੇ ਬੰਦਾ ਸਿੰਘ ਬਹਾਦਰ ਨੂੰ ਖ਼ੁਸ਼ ਕਰਨ ਲਈ ਇਕ ਬਹੁਤ ਹੀ ਖ਼ੂਬਸੂਰਤ ਲੜਕੀ ਪੇਸ਼ ਕੀਤੀ। ਕਾਲੇ ਵੱਡੇ ਨੈਣਾਂ ਵਾਲੀ ਇਸ ਲੜਕੀ ਦੇ ਅੰਗ ਸੁਡੌਲ ਅਤੇ ਸੁੰਦਰ ਸਨ। ਉਹ ਇੰਨੀ ਖ਼ੂਬਸੂਰਤ ਸੀ ਕਿ ਕਈ ਇਤਿਹਾਸਕਾਰਾਂ ਨੇ ਤਾਂ ਉਸ ਨੂੰ ਸਾਖ਼ਸ਼ਾਤ ਪਿਆਰ ਦੀ ਦੇਵੀ ਦਾ ਹੀ ਰੂਪ ਮੰਨਿਆ ਹੈ।’’ (‘‘The Raja of Chamba, in order to conciliate him, sent him a supremely beautiful girl. She had large eyes, her limbs were graceful and delicate, and she is described by the enthusiastic chronicler as the very image of the goddess of love.’’)ਇਸ ਰਾਜਕੁਮਾਰੀ ਦੇ ਹੁਸਨ ਦੀ ਚਰਚਾ ਸਾਰੀਆਂ ਪਹਾੜੀ ਰਿਆਸਤਾਂ ਵਿਚ ਅਤੇ ਮੁਗਲ ਦਰਬਾਰ ਤਕ ਵੀ ਪਹੁੰਚੀ ਹੋਈ ਸੀ। ਬੰਦਾ ਸਿੰਘ ਬਹਾਦਰ ਦੀ ਉਮਰ ਇਸ ਵੇਲੇ (1711) ਤਕ ਤਕਰੀਬਨ 41 ਸਾਲਾਂ ਦੀ ਸੀ। ਬੰਦਾ ਸਿੰਘ ਬਹਾਦਰ ਅਜੇ ਤੱਕ ਕੁਆਰਾ ਹੀ ਸੀ। ਕੁਦਰਤੀ ਗੱਲ ਸੀ ਕਿ ਜਦੋਂ ਬਾਕੀ ਸਭ ਪਹਾੜੀ ਰਿਆਸਤਾਂ ਸਮੇਤ ਚੰਬਾ ਰਿਆਸਤ ਵੀ ਖਾਲਸੇ ਦੇ ਤਹਿਤ ਹੋ ਗਈ ਸੀ ਤਾਂ ਖਾਲਸੇ ਨੇ ਇਹ ਪ੍ਰਸਤਾਵ ਰੱਖਿਆ ਕਿ ਚੰਬੇ ਦੀ ਰਾਜਕੁਮਾਰੀ ਦੀ ਸੁੰਦਰਤਾ ਦੇ ਚਰਚੇ ਹਨ ਇਸ ਲਈ ਉਨ੍ਹਾਂ ਦੇ ਨੇਤਾ ਨੂੰ ਚੰਬੇ ਦੀ ਰਾਜਕੁਮਾਰੀ ਨਾਲ ਹੀ ਸ਼ਾਦੀ ਕਰ ਲੈਣੀ ਚਾਹੀਦੀ ਹੈ। ਖ਼ਾਲਸਾ ਰਹਿਤ ਮਰਯਾਦਾ ਅਨੁਸਾਰ ਹਰ ਸਿੱਖ ਨੂੰ ਗ੍ਰਹਿਸਤੀ ਜੀਵਨ ਜੀਣਾ ਚਾਹੀਦਾ ਹੈ। ਇਸ ਦੀ ਰੌਸ਼ਨੀ ਵਿਚ ਖਾਲਸੇ ਨੇ ਗੁਰਮਤਾ ਕੀਤਾ ਕਿ ਬੰਦਾ ਸਿੰਘ ਬਹਾਦਰ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਅਤੇ ਚੰਬੇ ਦੇ ਰਾਜੇ ਦੀ ਲੜਕੀ ਦਾ ਵਿਆਹ ਹੋਇਆ। ਇਸ ਵਿਆਹ ਵਿਚੋਂ 1711 ਦੇ ਅਖੀਰ ਵਿਚ ਇਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਅਜੈ ਸਿੰਘ ਰੱਖਿਆ ਗਿਆ। ਬੰਦਾ ਸਿੰਘ ਬਹਾਦਰ ਦਾ ਪਰਿਵਾਰ ਹਰ ਸਮੇਂ ਹੀ ਉਸ ਦੇ ਨਾਲ ਰਹਿੰਦਾ ਸੀ। ਗੁਰਦਾਸ ਨੰਗਲ ਦੇ ਘੇਰੇ ਸਮੇਂ ਵੀ ਇਹ ਪਰਿਵਾਰ (ਮਾਂ-ਪੁੱਤ) ਉੱਥੇ ਹੀ ਸਨ। ਉੱਥੋਂ ਹੀ ਬਾਕੀ ਸਿੱਖ ਸਰਦਾਰਾਂ ਨਾਲ ਇਹ ਰਾਜਕੁਮਾਰੀ ਅਤੇ ਉਸ ਦਾ ਨੰਨ੍ਹਾ-ਪੁੱਤਰ ਵੀ ਫੜੇ ਗਏ ਸਨ। ਜਦੋਂ ਸਾਰੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ ਸੀ ਤਾਂ ਇਨ੍ਹਾਂ ਮਾਂ-ਪੁੱਤ ਨੂੰ ਬੰਦਾ ਸਿੰਘ ਬਹਾਦਰ ਤੋਂ ਅਲੱਗ ਹਾਥੀ ਉੱਪਰ ਬਿਠਾਇਆ ਗਿਆ ਸੀ। ਰਾਜਕੁਮਾਰੀ ਦੀ ਨਿਗਰਾਨੀ ਲਈ ਕੁੱਝ ਔਰਤਾਂ ਵੀ ਉਸ ਹਾਥੀ ਉੱਪਰ ਬਠਾਈਆਂ ਗਈਆਂ ਸਨ। ਦਿੱਲੀ ਪਹੁੰਚਣ ਉਪਰੰਤ ਜਦੋਂ ਸਭ ਨੂੰ ਬਾਦਸ਼ਾਹ ਸਾਹਮਣੇ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਬੰਦਾ ਸਿੰਘ ਦੇ ਸਾਥੀ ਸਿੰਘਾਂ ਨੂੰ ਤਾਂ ਅਲੱਗ ਤੌਰ ਤੇ ਦਿੱਲੀ ਦੇ ਪੁਰਾਣੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਜਾਵੇ, ਬੰਦਾ ਸਿੰਘ ਅਤੇ ਉਸ ਦੇ ਅਠਾਰਾਂ ਸੀਨੀਅਰ ਸਾਥੀਆਂ ਨੂੰ ਤਿਰਪੋਲੀਆ ਕਿਲ੍ਹੇ ਵਿਚ ਬੰਦ ਕਰ ਦਿੱਤਾ ਜਾਵੇ ਅਤੇ ਬੰਦਾ ਸਿੰਘ ਦੀ ਧਰਮ-ਪਤਨੀ ਅਤੇ ਪੁੱਤਰ ਨੂੰ ਬਾਦਸ਼ਾਹ ਦੀ ਮਾਂ ਦੇ ਮਹਿਲ ਵਿਚ ਭੇਜ ਦਿੱਤਾ ਜਾਵੇ।ਜਿਸ ਦਿਨ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਣਾ ਸੀ ਉਸ ਦਿਨ, ਉਸ ਦੀ ਪਤਨੀ ਰਾਜਕੁਮਾਰੀ ਰਤਨ ਕੌਰ ਅਤੇ ਪੁੱਤਰ ਅਜੈ ਸਿੰਘ ਨੂੰ ਵੀ ਉਸ ਦੇ ਸਾਹਮਣੇ ਬਿਠਾਇਆ ਗਿਆ। ਪੁਰਾਣੇ ਕਿਲ੍ਹੇ ਵਿਚਲੇ ਸਿੱਖ ਕੈਦੀ ਤਾਂ 100-100 ਕਰ ਕੇ ਹਰ ਰੋਜ਼ ਦੇ ਹਿਸਾਬ ਨਾਲ ਪਹਿਲੋਂ ਹੀ ਖ਼ਤਮ ਕਰ ਦਿੱਤੇ ਗਏ ਸਨ। ਹੁਣ ਸਿਰਫ਼ ਰਹਿ ਗਏ ਸਨ ਬੰਦਾ ਸਿੰਘ ਦਾ ਉਕਤ ਪਰਿਵਾਰ ਅਤੇ ਅਠਾਰਾਂ ਸੀਨੀਅਰ ਸਾਥੀ। ਮੁਗਲ ਹਕੂਮਤ ਦਾ ਮਨੋਰਥ ਸਭ ਤੋਂ ਵੱਧ ਇਹ ਸੀ ਕਿ ਕਿਸੇ ਵੀ ਤਰੀਕੇ ਨਾਲ ਜੇਕਰ ਬੰਦਾ ਸਿੰਘ ਬਹਾਦਰ ਨੂੰ ਡਰਾ ਕੇ ਅਤੇ ਸਿੱਖ ਧਰਮ ਤੋਂ ਥਿੜਕਾ ਕੇ ਇਸਲਾਮ ਵਿਚ ਲਿਆਂਦਾ ਜਾ ਸਕੇ ਤਾਂ ਇਹ ਪਰਾਪਤੀ ਬੰਦਾ ਸਿੰਘ ਨੂੰ ਖ਼ਤਮ ਕਰਨ ਨਾਲੋਂ ਵੀ ਜ਼ਿਆਦਾ ਵੱਡੀ ਹੋਣੀ ਸੀ। ਜੇਕਰ ਗੁਰੂ ਗੋਬਿੰਦ ਸਿੰਘ ਜੈਸੇ ਮਹਾਨ ਰਹਿਬਰ ਰਾਹੀਂ ਨਿਯੁਕਤ ਕੀਤਾ ਗਿਆ ਨੇਤਾ ਧਰਮ ਤੋਂ ਹਾਰ ਜਾਂਦਾ ਸੀ ਤਾਂ ਇਸ ਨਾਲ ਉਸ ਲਹਿਰ ਦੀਆਂ ਜੜ੍ਹਾਂ ਹੀ ਹਿੱਲ ਜਾਣੀਆਂ ਸਨ। ਜੇਕਰ ਲਹਿਰ ਦਾ ਨੇਤਾ ਆਪਣੇ ਧਰਮ ਵਿਚ ਪੱਕਾ ਰਹਿ ਕੇ ਸ਼ਹੀਦ ਹੋ ਜਾਂਦਾ ਹੈ ਤਾਂ ਇਸ ਨਾਲ ਲਹਿਰ ਸਗੋਂ ਹੋਰ ਪਕੇਰੀ ਹੋ ਜਾਦੀ ਹੈ। ਇਸ ਲਈ ਮੁਗਲ ਹਕੂਮਤ ਸਾਹਮਣੇ ਵੱਡੀ ਗੱਲ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਧਰਮ ਤੋਂ ਥਿੜਕਾਉਣ ਦੀ ਸੀ।ਇਸ ਦੀ ਪੂਰਤੀ ਲਈ ਪਹਿਲਾਂ ਸਾਰੇ ਕੈਦੀ ਸਿੰਘ ਕਤਲ (ਸ਼ਹੀਦ) ਕੀਤੇ ਗਏ ਸਨ। ਇਸ ਸਮੇਂ ਜਦੋਂ ਕਿ ਬੰਦਾ ਸਿੰਘ ਬਹਾਦਰ, ਉਸ ਦੀ ਪਤਨੀ ਤੇ ਪੁੱਤਰ, ਅਤੇ ਅਠਾਰਾਂ ਸੀਨੀਅਰ ਸਾਥੀ ਇਕੱਠੇ ਬਿਠਾਏ ਗਏ ਸਨ ਤਾਂ ਬੰਦਾ ਸਿੰਘ ਨੂੰ ਡਰਾਉਣ-ਧਮਕਾਉਣ ਲਈ ਉਸ ਦੇ ਸਾਹਮਣੇ ਉਸ ਦੇ ਅਠਾਰਾਂ ਸਾਥੀ ਸਿੰਘਾਂ ਨੂੰ ਜਿਤਨਾ ਵੀ ਤੜਫਾ-ਤੜਫਾ ਕੇ ਮਾਰਿਆ ਜਾ ਸਕਦਾ ਸੀ ਉਤਨਾ ਹੀ ਤੜਫਾ ਕੇ ਮਾਰਿਆ ਗਿਆ ਸੀ। ਮੁੱਖ ਮਨੋਰਥ ਬੰਦਾ ਸਿੰਘ ਦੇ ਮਨ ਵਿਚ ਦਹਿਸ਼ਤ ਬਿਠਾਉਣ ਦੀ ਸੀ। ਜਦੋਂ ਅਧਿਕਾਰੀਆਂ ਅਤੇ ਬਾਦਸ਼ਾਹ ਨੇ ਦੇਖਿਆ ਕਿ ਬੰਦਾ ਸਿੰਘ ਤੇ ਇਨ੍ਹਾਂ ਦੇ ਮਾਰੇ ਜਾਣ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਸ ਦੇ ਸਾਹਮਣੇ ਉਸ ਦੇ ਸਾਢੇ ਚਾਰ ਕੁ ਸਾਲਾਂ ਦੇ ਪੁੱਤਰ ਨੂੰ ਪੇਸ਼ ਕੀਤਾ ਗਿਆ। ਕਿਹਾ ਗਿਆ ਕਿ ਜਾਂ ਤਾਂ ਇਸਲਾਮ ਕਬੂਲ ਕਰੋ ਨਹੀਂ ਤਾਂ ਤੇਰੇ ਪੁੱਤਰ ਨੂੰ ਉਸੇ ਤਰ੍ਹਾਂ ਤੜਫਾ ਕੇ ਮਾਰਿਆ ਜਾਵੇਗਾ ਜਿਸ ਤਰ੍ਹਾਂ ਉਸ ਦੇ ਅਠਾਰਾਂ ਸਾਥੀਆਂ ਨੂੰ ਮਾਰਿਆ ਗਿਆ ਹੈ। ਨਤੀਜਾ ਇਸ ਦਾ ਵੀ ਇਹੋ ਹੀ ਹੋਇਆ ਕਿ ਬੰਦਾ ਸਿੰਘ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਗਿਆ ਸੀ। ਹੁਣ ਪਿੱਛੇ ਰਹਿ ਗਏ ਸਨ ਬੰਦਾ ਸਿੰਘ ਬਹਾਦਰ ਅਤੇ ਉਸ ਦੀ ਧਰਮ-ਪਤਨੀ ਰਤਨ ਕੌਰ। ਉਕਤ ਸਾਰੇ ਸਾਕੇ, ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕੀਤੇ ਗਏ ਸਨ ਉਸੇ ਤਰ੍ਹਾਂ ਰਾਜਕੁਮਾਰੀ ਰਤਨ ਕੌਰ ਦੀਆਂ ਅੱਖਾਂ ਸਾਹਮਣੇ ਵੀ ਇਹੀ ਭਿਆਨਕ ਦ੍ਰਿਸ਼ ਵਾਪਰੇ ਸਨ।ਅਜੈ ਸਿੰਘ ਨੂੰ ਮਾਰ ਦੇਣ ਬਾਅਦ ਵੀ ਜਦੋਂ ਬੰਦਾ ਸਿੰਘ ਟੱਸ ਤੋਂ ਮੱਸ ਨਹੀਂ ਹੋਇਆ ਸੀ ਜਿਹੜੀ ਕਿ ਉਸ ਲਈ ਸਭ ਤੋਂ ਵੱਡੀ ਸੱਟ ਸੀ ਤਾਂ ਮੁਗਲ ਅਧਿਕਾਰੀਆਂ ਨੇ ਪੂਰੇ ਗ਼ੁੱਸੇ ਨਾਲ ਬੰਦਾ ਸਿੰਘ ਨੂੰ ਸਬਕ ਸਿਖਾਉਣ ਦੀ ਗੱਲ ਸੋਚੀ। ਉਸ ਦੇ ਸਰੀਰ ਦੇ ਮਾਸ ਨੂੰ ਨੋਚਿਆ ਗਿਆ, ਹੱਡ-ਪੈਰ ਤੋੜੇ ਅਤੇ ਕੱਟੇ ਗਏ। ਜਿਵੇਂ ਕਿ ਇਸ ਲੇਖ ਦੇ ਆਰੰਭ ਵਿਚ ਸਮਕਾਲੀ ਗਵਾਹੀਆਂ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਪਹਿਲਾਂ ਬੰਦਾ ਸਿੰਘ ਦੀ ਜੀਭ ਨੂੰ ਖਿੱਚ ਕੇ ਕੱਢਿਆ ਗਿਆ ਸੀ ਕਿਉਂਕਿ ਉਹ ਬਾਦਸ਼ਾਹ ਅਤੇ ਕਾਜ਼ੀ ਨੂੰ ਬਹੁਤ ਗਾਲ੍ਹਾਂ ਕੱਢ ਰਿਹਾ ਸੀ। ਜੀਭ ਕੱਢਣ ਤੋਂ ਬਾਅਦ ਉਸ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ। ਇਸ ਤਰ੍ਹਾਂ ਜਦੋਂ ਬੰਦਾ ਸਿੰਘ ਦੇ ਸਰੀਰ ਵਿਚ ਤੋੜਨ-ਕੱਟਣ ਨੂੰ ਕੁਛ ਵੀ ਨਹੀਂ ਬਚਿਆ ਸੀ ਤਾਂ ਉਹ ਆਪਣੇ ਸੁਆਸ ਪੂਰੇ ਕਰ ਕੇ ਇਤਿਹਾਸ ਦੀ ਬਹੁਤ ਵੱਡੀ ਸ਼ਹਾਦਤ ਪ੍ਰਾਪਤ ਕਰ ਗਿਆ ਸੀ।ਕਰਮ ਸਿੰਘ ਹਿਸਟੋਰੀਅਨ, ਜਿਸ ਨੂੰ ਪੰਥ ਹਲਕਿਆਂ ਵਿਚ ਬਹੁਤ ਵੱਡਾ ਸਿੱਖ ਹਿਸਟੋਰੀਅਨ ਅਤੇ ਪਰਸ਼ੀਅਨ ਲਿਖਤਾਂ ਦਾ ਵੱਡਾ ਗਿਆਤਾ ਤੇ ਖੋਜੀ ਮੰਨਿਆ ਗਿਆ ਹੈ, ਨੇ ਲਿਖਿਆ ਹੈ ਕਿ ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਮੌਤ ਤੋਂ ਡਰਦੀ ਇਸਲਾਮ ਕਬੂਲ ਕਰ ਗਈ ਸੀ। ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ : ‘‘ਬੰਦੇ ਨੇ ਇਨ੍ਹਾਂ ਦੁੱਖਾਂ ਨੂੰ ਬੜੀ ਬਹਾਦਰੀ ਨਾਲ ਝੱਲਿਆ ਅਤੇ ਭਜਨ ਵਿਚ ਮਗਨ ਹੋਏ ਸੰਤ ਵਾਂਗ ਸ਼ਾਂਤ ਚਿਤ ਬੈਠਾ ਰਿਹਾ। ਪਰ ਉਸ ਦੀ ਔਰਤ ਇਹ ਗੱਲ ਵੇਖ ਨਾ ਸਕੀ ਅਤੇ ਜਦ ਫੇਰ ਕਹਿਆ ਗਿਆ ਕਿ ਜੇਕਰ ਮੁਸਲਮਾਨ ਹੋ ਜਾਉ ਤਾਂ ਛੱਡ ਦਿੱਤੇ ਜਾਉਗੇ। ਤਦ ਉਸ ਨੇ ਮੁਸਲਮਾਨ ਹੋਣਾ ਕਬੂਲ ਕਰ ਲਿਆ। ਇਸ ਵਿਚ ਢਿੱਲ ਕਾਹਦੀ ਹੋਣੀ ਸੀ। ਉਸੇ ਵੇਲੇ ਮੁਸਲਮਾਨੀ ਕਰ ਕੇ ‘ਦਖਣੀ ਬੇਗਮ’ ਦੇ ਹਵਾਲੇ ਕੀਤੀ ਗਈ, ਜਿਸ ਨੇ ਉਸ ਦੀ ਖ਼ਾਹਿਸ਼ ਮੂਜਬ ਆਪਣੇ ਪਾਸੋਂ ਸਾਮਾਨ ਦੇ ਕੇ ਉਸ ਨੂੰ ਹੱਜ ਕਰਨ ਲਈ ਮੱਕੇ ਵਲ ਘੱਲ ਦਿੱਤਾ ਸੀ।’’ ਕਿਤਨਾ ਵੱਡਾ ਕੁਫਰ ਹੈ ਜੋ ਪੰਥਕ ਹਲਕਿਆਂ ਦੇ ਇਸ ਵੱਡੇ ਹਿਸਟੋਰੀਅਨ ਨੇ ਤੋਲਿਆ ਹੈ। ਇਸ ਨੇ ਤਾਂ ਬੰਦਾ ਸਿੰਘ ਬਹਾਦਰ ਨੂੰ ਵੀ ਗੈਰ-ਅੰਮ੍ਰਿਤਧਾਰੀ ਲਿਖਿਆ ਹੈ ਅਤੇ ਉਸ ਨੂੰ ਆਪਣੀ ਸਾਰੀ ਲਿਖਤ ਵਿਚ ਸਿਰਫ਼ ਅੱਧੇ ਨਾਂ ਨਾਲ ਹੀ ਲਿਖਿਆ ਹੈ। ਇਕ ਵਾਰ ਵੀ ਉਸ ਦੇ ਨਾਂ ਨਾਲ ‘ਸਿੰਘ’ ਨਹੀਂ ਲਿਖਿਆ। ਮੈਨੂੰ ਤਾਂ ਹੈਰਾਨੀ ਉਨ੍ਹਾਂ ਪੰਥਕ ਹਲਕਿਆਂ ਤੇ ਆਉਂਦੀ ਹੈ ਜਿਹੜੇ ਇਸ ਨੂੰ ਸਿੱਖ ਹਿਸਟੋਰੀਅਨ ਤੇ ਵੱਡਾ ਖੋਜੀ ਸਮਝਦੇ ਹਨ।ਇਹ ਸੋਚਣ ਵਾਲੀ ਅਤੇ ਤਰਕ-ਭਰਭੂਰ ਗੱਲ ਹੈ ਕਿ ਜੇਕਰ ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਨੇ ਇਸਲਾਮ ਹੀ ਕਬੂਲ ਕਰਨਾ ਸੀ ਤਾਂ ਉਸ ਨੇ ਇਹ ਕਦਮ ਆਪਣੇ ਨੰਨ੍ਹੇ-ਪੁੱਤਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਹੀ ਚੁੱਕ ਲੈਣਾ ਸੀ ਤਾਂ ਕਿ ਘੱਟੋ-ਘੱਟ ਉਸ ਦੇ ਪੁੱਤਰ ਦੀ ਤਾਂ ਜਾਨ ਬਚ ਸਕਦੀ ਸੀ। ਜਿਹੜੀ ਮਾਂ ਆਪਣੇ ਪੁੱਤਰ ਨੂੰ ਤੜਫ਼ਦਾ ਹੋਇਆ ਸਹਿ ਸਕਦੀ ਸੀ ਉਹ ਤਾਂ ਆਪਣੇ ਪੁੱਤਰ ਦੇ ਮਾਰੇ ਜਾਣ ਬਾਅਦ ਕਦੇ ਵੀ ਜਿਊਂਦੀ ਰਹਿਣ ਦੀ ਇੱਛਾ ਨਹੀਂ ਕਰੇਗੀ। ਮਾਂ ਸਿਫ਼ਰ ਇਕੋ ਹਾਲਤ ਵਿਚ ਹੀ ਜਿਉਂਦਾ ਰਹਿਣ ਦੀ ਇੱਛਾ ਕਰ ਸਕਦੀ ਹੈ ਜੇਕਰ ਉਸ ਦਾ ਪੁੱਤਰ ਜਿਉਂਦਾ ਰਹੇ। ਪੁੱਤਰ ਦੀ ਮੌਤ ਦੇ ਸਾਹਮਣੇ ਕੋਈ ਵੀ ਮਾਂ ਜਿਊਂਦੀ ਨਹੀਂ ਰਹਿ ਸਕਦੀ। ਮਾਤਾ ਗੁਜਰੀ ਜੀ ਵੀ ਆਪਣੇ ਦੋ ਨੰਨ੍ਹੇ-ਪੋਤਰਿਆਂ ਦੀ ਸ਼ਹਾਦਤ ਦੇ ਬਾਅਦ ਜਿਉਂਦੇ ਨਹੀਂ ਰਹਿ ਸਕੇ ਸਨ। ਇਹ ਤਾਂ ਇਕ ਤਰਕ ਹੈ। ਦੂਜੀ ਗੱਲ ਹੈ ਮੌਕੇ ਦੀਆਂ ਗਵਾਹੀਆਂ ਦੀ। ਕਿਸੇ ਵੀ ਸਮਕਾਲੀ ਗਵਾਹੀ ਵਿਚ, ਜਿਸ ਵਿਚ ਵੀ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਪੁੱਤਰ ਦੇ ਮਾਰੇ ਜਾਣ ਦੀ ਜਾਣਕਾਰੀ ਹੈ, ਬੰਦਾ ਸਿੰਘ ਦੀ ਧਰਮ-ਪਤਨੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਜੇਕਰ ਬੀਬੀ ਰਤਨ ਕੌਰ ਡਰ ਕੇ ਇਸਲਾਮ ਕਬੂਲ ਕਰ ਗਈ ਹੁੰਦੀ ਤਾਂ ਹਕੂਮਤ ਲਈ ਇਹ ਖ਼ਬਰ ਬਹੁਤ ਵੱਡੀ ਹੋਣੀ ਸੀ। ਇਸ ਖ਼ਬਰ ਨੂੰ ਹਕੂਮਤ ਨੇ ਬਹੁਤ ਵੱਡੇ ਪੱਧਰ ਤੇ ਨਸਰ ਕਰਨਾ ਸੀ। ਪਰ ਇਹ ਹੋਇਆ ਨਹੀਂ ਸੀ। ਇਹ ਵੀ ਗੱਲ ਦੇਖਣ ਵਾਲੀ ਹੈ ਕਿ ਤਸੀਹੇ ਦਿੱਤੇ ਜਾ ਰਹੇ ਬੰਦਿਆਂ ਕੋਲ ਬੈਠਾ ਵਿਅਕਤੀ, ਤਸੀਹਿਆਂ ਨੂੰ ਦੇਖ ਕੇ, ਤਸੀਹੇ ਦਿੱਤੇ ਜਾ ਰਹੇ ਵਿਅਕਤੀ ਨਾਲੋਂ ਜ਼ਿਆਦਾ ਤੰਗ ਹੁੰਦਾ ਹੈ। ਤਸੀਹੇ ਸਹਿ ਰਿਹਾ ਵਿਅਕਤੀ ਤਾਂ ਬੇਹੋਸ਼ ਹੋ ਜਾਂਦਾ ਹੈ। ਪਰ ਇਨ੍ਹਾਂ ਨੂੰ ਦੇਖ ਰਿਹਾ ਵਿਅਕਤੀ ਨਾ ਹੀ ਬੇਹੋਸ਼ ਹੁੰਦਾ ਹੈ ਤੇ ਨਾ ਹੀ ਉੱਥੋਂ ਉੱਠ ਕੇ ਜਾ ਸਕਦਾ ਹੈ।ਇਸਲਾਮੀ ਸ਼ਰ੍ਹਾ ਅਨੁਸਾਰ ਬੱਚੇ ਅਤੇ ਔਰਤ ਨੂੰ ਮਾਰਿਆ ਨਹੀਂ ਜਾ ਸਕਦਾ ਪਰ ਰਾਜਨੀਤਕ ਤਾਕਤ ਵਿਚ ਨਸ਼ਈ ਹੋਏ ਮੁਗਲ ਅਧਿਕਾਰੀਆਂ ਨੇ ਬੰਦਾ ਸਿੰਘ ਬਹਾਦਰ ਨੂੰ ਡਰਾਉਣ-ਧਮਕਾਉਣ ਲਈ ਉਸ ਦੇ ਨੰਨ੍ਹੇ-ਪੁੱਤਰ ਨੂੰ ਤਾਂ ਮਾਰ ਦਿੱਤਾ ਸੀ ਜਿਸ ਦੀ ਖ਼ਬਰ ਨੂੰ ਉਹ ਰੋਕ ਵੀ ਨਹੀਂ ਸਕੇ ਸਨ ਪਰ ਕਿਉਂਕਿ ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਨੇ ਆਪਣੀ ਜਾਨ ਕੁੱਝ ਸਮਾਂ ਪਿੱਛੋਂ ਦਿੱਤੀ ਸੀ ਇਸ ਲਈ ਉਸ ਦੀ ਮੌਤ ਦੀ ਖ਼ਬਰ ਨੂੰ ਛੁਪਾ ਲਿਆ ਗਿਆ ਸੀ। ਬੀਬੀ ਰਤਨ ਕੌਰ ਦੀ ਮੌਤ ਬਾਰੇ ਦੋ ਕਿਸਮ ਦੀ ਜਾਣਕਾਰੀ ਮਿਲਦੀ ਹੈ। ਇਕ ਮੁਤਾਬਿਕ ਤਾਂ ਇਹ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਆਪਣੇ ਪੁੱਤਰ ਦੀ ਮੌਤ ਬਾਅਦ ਵੀ ਅਟੱਲ ਅਤੇ ਅਡੋਲ ਦੇਖ ਕੇ ਬਾਦਸ਼ਾਹ ਵੀ ਦੋਚਿੱਤੀ ਵਿਚ ਪੈ ਗਿਆ ਸੀ। ਸਮਕਾਲੀ ਗਵਾਹੀਆਂ ਅਨੁਸਾਰ ਬਾਦਸ਼ਾਹ ਨੇ ਅੰਤਿਮ ਸਮੇਂ ਬੰਦਾ ਸਿੰਘ ਬਹਾਦਰ ਨਾਲ ਬੜੀਆਂ ਹੀ ਫ਼ਲਸਫ਼ਾਨਾ ਗੱਲਾਂ ਕੀਤੀਆਂ ਸਨ। ਇਨ੍ਹਾਂ ਗੱਲਾਂ ਦੀ ਜਾਣਕਾਰੀ ਤਾਂ ਮੈਂ ਕਿਸੇ ਹੋਰ ਥਾਂ ਤੇ ਦਿਆਂਗਾ ਹੁਣ ਤਾਂ ਸਿਰਫ਼ ਮੈਂ ਇਨ੍ਹਾਂ ਦਾ ਵੈਸੇ ਹੀ ਵੇਰਵਾ ਦੇ ਰਿਹਾ ਹਾਂ। ਬਾਦਸ਼ਾਹ ਨੂੰ ਬੰਦਾ ਸਿੰਘ ਨਾਲ ਗੱਲੀਂ ਪੈਣ ਦੇ ਮਾਮਲੇ ਨੂੰ ਉੱਥੇ ਖੜੇ ਕਾਜ਼ੀ ਨੇ ਰੋਕ ਦਿੱਤਾ ਸੀ। ਪਰ ਜਦੋਂ ਬੰਦਾ ਸਿੰਘ ਬਹਾਦਰ ਸਭ ਤਸੀਹੇ ਸਹਿੰਦਾ ਹੋਇਆ ਆਪਣੇ ਸੁਆਸ ਪੂਰੇ ਕਰ ਗਿਆ ਸੀ ਤਾਂ ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਤੇ ਅਧਿਕਾਰੀ ਬੰਦਾ ਸਿੰਘ ਬਹਾਦਰ ਦੇ ਸਰੀਰ ਦੇ ਟੁਕੜਿਆਂ ਨੂੰ ਉੱਥੇ ਬੈਠੇ ਦੇਖਦੇ ਹੀ ਰਹੇ ਸਨ। ਮੁਹੰਮਦ ਅਮੀਨ ਖਾਨ ਚੀਨ ਬਹਾਦਰ, ਜਿਸ ਨੇ ਮੁੱਢ ਤੋਂ ਲੈ ਕੇ ਅਖੀਰ ਤਕ ਬੰਦਾ ਸਿੰਘ ਬਹਾਦਰ ਨੂੰ ਆਪਣੀ ਕਸਟੱਡੀ ਵਿਚ ਰੱਖਿਆ ਸੀ, ਨੇ ਬਾਦਸ਼ਾਹ ਦੇ ਗੰਭੀਰ ਚਿਹਰੇ ਦੀ ਰਮਜ਼ ਨੂੰ ਸਮਝ ਕੇ, ਬੰਦਾ ਸਿੰਘ ਬਹਾਦਰ ਦੇ ਖਿੰਡੇ ਹੋਏ ਅਤੇ ਕੱਟ ਹੋਏ ਟੁਕੜਿਆਂ ਨੂੰ, ਸਮੇਤ ਉਸ ਦੇ ਪੁੱਤਰ ਦੀ ਲਾਸ਼ ਦੇ, ਇਕੱਠਿਆਂ ਕਰ ਕੇ ਇਕ ਬਖ਼ਸ਼ੇ ਵਿਚ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਨੂੰ ਪਹਿਰੇਦਾਰਾਂ ਦੀ ਨਿਗਰਾਨੀ ਹੇਠ, ਪਾਲਕੀ ਵਿਚ ਬਿਠਾ ਕੇ ਬਾਦਸ਼ਾਹ ਦੀ ਮਾਂ ਦੇ ਮਹਿਲਾਂ ਵਲ ਰਵਾਨਾ ਕਰ ਦਿੱਤਾ ਸੀ। ਰਸਤੇ ਵਿਚ ਜਾਂਦਿਆਂ ਬੀਬੀ ਰਤਨ ਕੌਰ ਨੇ ਆਪਣੇ ਪਹਿਰੇਦਾਰਾਂ ਵਿਚੋਂ ਕਿਸੇ ਇਕ ਦੀ ਕਟਾਰ ਕਿਸੇ ਤਰੀਕੇ ਨਾਲ ਲੈ ਕੇ ਆਪਣੇ ਪੇਟ ਵਿਚ ਖੋਭ ਲਈ ਸੀ। ਇਉਂ ਰਾਜਕੁਮਾਰੀ ਰਤਨ ਕੌਰ ਨੇ ਉਸ ਕਟਾਰ ਨਾਲ ਰਸਤੇ ਵਿਚ ਹੀ ਆਪਣੀ ਆਤਮ-ਹੱਤਿਆ ਕਰ ਲਈ ਸੀ।ਦੂਜੀ ਜਾਣਕਾਰੀ ਮੁਤਾਬਿਕ, ਰਾਜਕੁਮਾਰੀ ਨੂੰ ਬਾਦਸ਼ਾਹ ਦੀ ਮਾਂ ਦੇ ਪਾਸ ਭੇਜ ਦਿੱਤਾ ਸੀ। ਉੱਥੇ ਉਸ ਨੇ ਬਾਦਸ਼ਾਹ ਦੀ ਮਾਂ ਦਾ ਵਿਸ਼ਵਾਸ ਜਿੱਤ ਕੇ ਆਪਣੇ-ਆਪ ਨੂੰ ਮਹਿਲਾਂ ਵਿਚ ਤੁਰਨ-ਫਿਰਨ ਦੀ ਖੁੱਲ੍ਹ ਪ੍ਰਾਪਤ ਕਰ ਲਈ ਸੀ। ਇਕ ਦਿਨ ਇਸੇ ਤਰ੍ਹਾਂ ਤੁਰਦੀ-ਫਿਰਦੀ ਨੇ ਉਨ੍ਹਾਂ ਮਹਿਲਾਂ ਵਿਚਲੇ ਇਕ ਖੂਹ ਵਿਚ ਹੀ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ। ਰਾਜਕੁਮਾਰੀ ਦੇ ਇਸ ਤਰ੍ਹਾਂ ਖੂਹ ਵਿਚ ਛਾਲ ਮਾਰ ਕੇ ਮਰ ਜਾਣ ਨਾਲ ਬਾਦਸ਼ਾਹ ਦੀ ਮਾਂ ਵੀ ਉਨ੍ਹਾਂ ਮਹਿਲਾਂ ਵਿਚ ਨਹੀਂ ਰਹੀ ਸੀ। ਰਾਜਕੁਮਾਰੀ ਦੀ ਮੌਤ ਨਾਲ ਇਹ ਦੋ ਗੱਲਾਂ ਸਬੰਧਿਤ ਹਨ। ਸਿੱਟਾ ਇਨ੍ਹਾਂ ਦਾ ਇਹ ਹੀ ਹੈ ਕਿ ਰਾਜਕੁਮਾਰੀ ਰਤਨ ਕੌਰ ਵੀ ਆਪਣੇ ਪਤੀ ਅਤੇ ਪੁੱਤਰ ਦੀ ਸ਼ਹਾਦਤ ਬਾਅਦ ਆਪਣੀ ਜਾਨ ਵਾਰ ਗਈ ਸੀ। ਇਸ ਕਰ ਕੇ ਇਸ ਰਾਜਕੁਮਾਰੀ ਦਾ ਵੀ ਨਾਂ ਮਹਿਰੌਲੀ ਵਿਖੇ ਹੋਏ ਸ਼ਹੀਦਾਂ ਦੀ ਸੂਚੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ।
*********


ਡਾ. ਸੁਖਦਿਆਲ ਸਿੰਘhttp://unewstoday.com/viewnews.php?id=743
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
The sheer volume of "dirt" that Bhanggu shovels onto banda singh is unbelievable....he calls banda a womaniser, prostitute cohabitor, polygamist of the worst order...blah blah blah...imho thats the clearest indictment that Banda did upset a entire bunch of people including the mughals of course...he claims that when Mata sundree wife of Guru gobind singh ji allegedly "excommunicated" banda from the panth (sounds so familiar doesnt it...) he became MAD and kept shaking his head and muttering nonsense while womanising with known loose women..!! BEAT THAT !! Even the latest excommunicatee Prof Darshan Singh hasnt got that much HATRED spewed against him...
And to admit that we SIKHS have been basing our Sikh history on such bigots as Bhanggu...without a whimper.....we have been debasing our greatest Martyr....
 

❤️ CLICK HERE TO JOIN SPN MOBILE PLATFORM

Top