• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) ਪੁਸਤਕ: "ਪਵਣੁ ਗੁਰੂ ਪਾਣੀ ਪਿਤਾ", ਲੇਖਕ: ਜਸਵੀਰ ਸਿੰਘ ਦੀਦਾਰਗੜ੍ਹ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

Dr. D. P. Singh

Writer
SPNer
Apr 7, 2006
126
64
Nangal, India
ਪਵਣੁ ਗੁਰੂ ਪਾਣੀ ਪਿਤਾ
(ਵਾਤਾਵਰਣ 'ਤੇ ਕਹਾਣੀਆਂ)

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

1576421912734.png1576421924162.png

ਪੁਸਤਕ ਦਾ ਨਾਮ: ਪਵਣੁ ਗੁਰੂ ਪਾਣੀ ਪਿਤਾ (ਵਾਤਾਵਰਣ 'ਤੇ ਕਹਾਣੀਆਂ)
ਲੇਖਕ: ਜਸਵੀਰ ਸਿੰਘ ਦੀਦਾਰਗੜ੍ਹ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ , ਬਰਨਾਲਾ, ਪੰਜਾਬ, ਇੰਡੀਆ।
ਪ੍ਰਕਾਸ਼ ਸਾਲ : 2019, ਕੀਮਤ: 200 ਰੁਪਏ; ਪੰਨੇ: 175
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ,
ਕੈਨੇਡਾ।

"ਪਵਣੁ ਗੁਰੂ ਪਾਣੀ ਪਿਤਾ" ਕਿਤਾਬ ਦਾ ਲੇਖਕ ਸ. ਜਸਵੀਰ ਸਿੰਘ ਦੀਦਾਰਗੜ੍ਹ ਪੰਜਾਬੀ ਭਾਸ਼ਾ ਦਾ ਇਕ ਨਵ-ਹਸਤਾਖਰ ਹੈ। ਸੰਨ 1979 ਵਿਚ ਜਨਮੇ ਬਾਲਕ ਜਸਵੀਰ ਨੂੰ, ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਕਾਰਨ, ਸਿੱਖ ਧਰਮ ਸੰਬੰਧਤ ਸਾਹਿਤ ਪੜ੍ਹਣ ਦਾ ਲਗਾਉ ਪੈਦਾ ਹੋ ਗਿਆ। ਸਿੱਖ ਧਰਮ ਦੇ ਵਿਭਿੰਨ ਸਕੰਲਪਾਂ ਦੀ ਪੜਚੋਲ ਅਤੇ ਗੁਰਬਾਣੀ ਦੁਆਰਾ ਕੁਦਰਤ ਨਾਲ ਸੁਮੇਲਤਾ ਦਾ ਸੁਨੇਹਾ, ਉਸ ਦੇ ਜੀਵਨ ਦਾ ਅਹਿਮ ਅੰਗ ਬਣ ਗਏ। ਪਿਛਲੇ ਦੋ ਸਾਲਾਂ ਦੌਰਾਨ ਉਸ ਨੇ ਇਨ੍ਹਾਂ ਵਿਸ਼ਿਆਂ ਸੰਬੰਧਤ ਅਨੇਕ ਕਹਾਣੀਆਂ ਰਚੀਆਂ ਜੋ ਸਮੇਂ ਨਾਲ ਹੱਥਲੀ ਕਿਤਾਬ ਦਾ ਸ਼ਿੰਗਾਰ ਬਣੀਆਂ। ਜਸਵੀਰ ਸਿੰਘ ਦੀਦਾਰਗੜ੍ਹ ਇਕ ਅਜਿਹਾ ਸ਼ਖਸ਼ ਹੈ ਜਿਸ ਨੇ ਆਪਣਾ ਜੀਵਨ ਕੁਦਰਤ ਨਾਲ ਪ੍ਰੇਮ ਵਾਲੇ ਗੁਰਮਤਿ ਸਿਧਾਤਾਂ ਦੇ ਅਮਲੀ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।

"ਪਵਣੁ ਗੁਰੂ ਪਾਣੀ ਪਿਤਾ" ਜਸਵੀਰ ਸਿੰਘ ਦੀਦਾਰਗੜ੍ਹ ਦੀ ਪਲੇਠੀ ਪੁਸਤਕ ਹੈ। ਜਿਸ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ 13 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਪੁਸਤਕ ਸਮਕਾਲੀ ਵਾਤਾਵਰਣੀ ਮਸਲਿਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਬੜੇ ਸਰਲ ਤੇ ਸਪੱਸ਼ਟਤਾ ਭਰੇ ਢੰਗ ਨਾਲ ਬਿਰਤਾਂਤ ਕਰਦੀ ਹੈ। ਧਾਰਮਿਕ ਵਿਚਾਰਧਾਰਾ ਦੇ ਧਾਰਣੀ ਲੇਖਕ ਨੇ ਇਸ ਕਿਤਾਬ ਦਾ ਸਮਰਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ ਕੁਝ ਨਾਮਵਰ ਸ਼ਖਸੀਅਤਾਂ ਦੇ ਨਾਮ ਕੀਤਾ ਹੈ। ਇਸ ਪੁਸਤਕ ਦਾ ਮੁੱਖ ਬੰਧ ਸ਼੍ਰੀਮਤੀ ਪਰਮਦੀਪ ਸੈਲ ਦੁਆਰਾ ਰਚਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਚਿੰਤਿਤ ਤੇ ਸਾਰਥਕ ਕਲਮ ਦੀ ਕੁੱਖੋਂ ਜਨਮੀਆਂ ਵਾਤਾਵਰਣ ਸੰਬੰਧਤ ਇਨ੍ਹਾਂ ਕਹਾਣੀਆਂ ਨੂੰ ਪੜ੍ਹਣ ਤੋਂ ਬਾਅਦ, ਤੁਸੀਂ ਸਹਿਜ ਨਹੀਂ ਰਹਿ ਸਕੋਗੇ, ਗਹਿਰੀ ਚਿੰਤਾ ਨਾਲ ਭਰ ਜਾਵੋਗੇ। ...........ਅਤੇ ਹੋਰ ਵੀ ਦ੍ਰਿੜਤਾ ਨਾਲ ਮਾਂ-ਕੁਦਰਤ ਦੀ ਸੇਵਾ ਵਿਚ ਜੁੱਟ ਜਾਓਗੇ। ਪੁਸਤਕ ਦੀ ਭੂਮਿਕਾ ਵਿਚ ਲੇਖਕ ਜਸਵੀਰ ਦਾ ਕਹਿਣਾ ਹੈ ਕਿ ਉਹ ਕੁਦਰਤੀ ਸਰੋਤਾਂ, ਜਿਨ੍ਹਾਂ ਬਗੈਰ ਧਰਤੀ ਉਪਰ ਜੀਵਨ ਹੌਂਦ ਸੰਭਵ ਹੀ ਨਹੀਂ ਹੈ, ਉਨ੍ਹਾਂ ਬਾਰੇ ਵਿਆਪਕ ਤੌਰ ਉੱਤੇ ਜਨ ਚੇਤਨਾ ਪੈਦਾ ਕਰਨਾ ਹੀ ਇਸ ਕਿਤਾਬ ਦਾ ਵਿਸ਼ੇਸ਼ ਮੰਤਵ ਹੈ। ਲੇਖਕ ਦਾ ਕਥਨ ਹੈ ਕਿ ਅੱਜ ਮਨੁੱਖ ਨੂੰ ਧਰਮ, ਜਾਤ ਤੇ ਫਿਰਕੇ ਆਦਿ ਦੀਆਂ ਵੰਡੀਆਂ ਤੋਂ ਇੰਨ੍ਹਾਂ ਖ਼ਤਰਾ ਨਹੀਂ ਹੈ ਜਿੰਨ੍ਹਾਂ ਕਿ ਵਾਤਾਵਰਣੀ ਸਮੱਸਿਆਵਾਂ ਦੇ ਬੁਰੇ ਪ੍ਰਭਾਵਾਂ ਤੋਂ।

ਵਾਤਾਵਰਣੀ ਮਸਲਿਆਂ ਦੀ ਸਮਕਾਲੀ ਤੇ ਭਵਿੱਖਮਈ ਗੰਭੀਰਤਾ ਨੂੰ ਸੂਖੈਨਤਾ ਨਾਲ ਸਮਝਣ ਵਾਸਤੇ ਜਸਵੀਰ ਸਿੰਘ ਦੀਦਾਰਗੜ੍ਹ ਵਲੋਂ ਰਚਿਤ ਪੁਸਤਕ "ਪਵਣੁ ਗੁਰੂ ਪਾਣੀ ਪਿਤਾ" ਇਕ ਸ਼ਲਾਘਾ ਯੋਗ ਕਦਮ ਹੈ। ਇਸ ਕਿਤਾਬ ਦੀ ਪਹਿਲੀ ਕਹਾਣੀ "ਪਾਣੀ ਪਿਤਾ" ਵਿਚ ਲੇਖਕ ਧਰਤੀ ਉੱਤੋਂ ਪਾਣੀ ਦੇ ਅਚਾਨਕ ਮੁਕ ਜਾਣ ਕਾਰਣ ਪੈਦਾ ਹੋਣ ਵਾਲੇ ਹਾਲਾਤਾਂ ਦੀ ਕਲਪਨਾ ਕਰਦਾ ਹੋਇਆ ਪਾਠਕ ਨੂੰ ਪਾਣੀ ਤੇ ਹੋਰ ਕੁਦਰਤੀ ਸਰੋਤਾਂ ਦੀ ਸੁਯੋਗ ਸਾਂਭ ਸੰਭਾਲ ਦਾ ਸੁਨੇਹਾ ਦਿੰਦਾ ਹੈ। ਕਿਤਾਬ ਦੀ ਦੂਸਰੀ ਕਹਾਣੀ "ਕਰਕ ਕਲੇਜੇ ਮਾਹਿ" ਵਿਚ ਲੇਖਕ, ਪਾਠਕ ਨੂੰ ਜ਼ਹਿਰਾਂ ਨਾਲ ਲੱਥ ਪੱਥ ਖਾਧ ਪਦਾਰਥਾਂ ਤੇ ਨਸ਼ਿਆਂ ਦੀ ਭਰਮਾਰ, ਪਾਣੀ ਦੀ ਕਿੱਲਤ ਤੇ ਤੇਜ਼ਾਬੀ ਬਾਰਸ਼ ਵਰਗੇ ਮਸਲਿਆਂ ਦੇ ਮਾੜੇ ਪ੍ਰਭਾਵਾਂ ਨਾਲ ਜਾਣੂੰ ਕਰਵਾਉਂਦਾ ਹੋਇਆ, ਆਹ ਦਾ ਨਾਅਰਾ ਮਾਰਦਾ ਹੈ ਕਿ ਅੱਜੋਕੇ ਸਮੇਂ ਵਿਚ ਲੋਕ ਸੱਚ ਦੀ ਕਦਰ ਕਰਨਾ ਹੀ ਨਹੀਂ ਜਾਣਦੇ। ਲੇਖਕ, ਕਿਤਾਬ ਦੀ ਤੀਸਰੀ ਕਹਾਣੀ "ਮਾਰੂ ਨਾਦ" ਵਿਚ, ਪਾਠਕ ਨੂੰ ਗਲੋਬਲ ਵਾਰਮਿੰਗ ਦੇ ਭਿਆਨਕ ਨਤੀਜਿਆਂ, ਤੀਬਰ ਸ਼ਹਿਰੀਕਰਨ ਕਾਰਨ ਵੱਡੇ ਪੱਧਰ ਉੱਤੇ ਵਾਪਰ ਰਹੀ ਰੁੱਖਾਂ ਦੀ ਕਟਾਈ, ਤੇ ਉਦਯੋਗਾਂ ਤੋਂ ਨਿਕਲ ਰਹੇ ਮਾਰੂ ਗੈਸੀ ਨਿਕਾਸਾਂ ਤੋਂ ਪੈਦਾ ਹੋਏ/ਹੋਣ ਵਾਲੇ ਹਾਲਾਤਾਂ ਨੂੰ ਬਹੁਤ ਹੀ ਸਰਲ ਢੰਗ ਨਾਲ ਪੇਸ਼ ਕਰਦਾ ਹੈ।

ਕਿਤਾਬ ਦੀਆਂ ਅਗਲੀ ਕਹਾਣੀ "ਕੌਫੀ ਕਲਰ ਵਾਟਰ" ਪੀਣ ਵਾਲੇ ਪਦਾਰਥਾਂ ਵਿਚ ਮਿਲਾਵਟ, ਨਿੱਜੀ ਹਸਪਤਾਲਾਂ ਦੁਆਰਾ ਇਲਾਜ ਦੇ ਨਾਂ ਉੱਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਹੋ ਰਹੀ ਲੁੱਟ ਖਸੁੱਟ, ਫਲਾਂ ਤੇ ਖਾਣਿਆਂ ਵਿਚ ਜ਼ਹਿਰੀਲੇ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਦਾ ਚਿੱਤਰਣ ਕਰਦੀ ਹੈ। "ਖੂਨ ਕੇ ਸੋਹਿਲੇ" ਨਾਮੀ ਕਹਾਣੀ ਵਿਚ ਲੇਖਕ ਸਾਨੂੰ ਮੋਬਾਇਲ ਤੇ ਇੰਟਰਨੈੱਟ ਦੇ ਚਸਕੇ ਕਾਰਣ ਪੈਦਾ ਹੋ ਰਹੇ/ਤੇ ਹੋਣ ਵਾਲੇ ਬਿਖ਼ੜੇ ਹਾਲਾਤਾਂ ਨਾਲ ਰੂਬਰੂ ਕਰਵਾਉਂਦਾ ਹੈ। "ਧਰਤੀ ਪਤਨ" ਕਹਾਣੀ ਵਿਸ਼ਵਵਿਆਪੀ ਤਾਪਮਾਨ ਵਾਧਾ ਦੇ ਭੈੜੇ ਪ੍ਰਭਾਵਾਂ ਤੇ ਰਾਜਨੀਤਕ ਨਿਸ਼ਠੁਰਤਾ ਦੇ ਨਾਲ ਨਾਲ, ਕਾਰਪੋਰੇਟ ਜਗਤ ਦੀ ਮੁਨਾਫਾਖੋਰੀ ਵਾਲੀ ਅੰਨ੍ਹੀ ਦੌੜ ਦੀ ਗੱਲ ਕਰਦੀ ਹੈ। "ਲਹੂ ਲਿਬੜੇ ਕੇਲੇ" ਕਹਾਣੀ ਨਸ਼ਿਆਂ ਦੀ ਮਾਰ ਨਾਲ ਉਜੜੇ ਪਰਿਵਾਰ ਦੀ ਦਾਸਤਾਂ ਹੈ। "ਏਤੀ ਮਾਰ ਪਈ ਕੁਰਲਾਣੈ" ਗਰੀਬੀ ਦਾ ਸ਼ਿਕਾਰ ਪਰਿਵਾਰ ਦੇ ਹਾਲਤਾਂ ਦੇ ਜ਼ਿਕਰ ਦੇ ਨਾਲ ਨਾਲ ਰੁੱਖ ਲਗਾਉਣ ਤੇ ਗਰੀਨ ਦੀਵਾਲੀ ਮਨਾਉਣ ਦਾ ਰਾਹ ਦਰਸਾਉਂਦੀ ਹੈ। "ਸਿੱਧਰੀ ਬਹੂ", ਕਹਾਣੀ ਪਾਣੀ ਦੀ ਕਿਲੱਤ ਤੇ ਇਸ ਦੀ ਵੰਡ ਲਈ ਕੀਤੇ ਗਏ ਕਤਲਾਂ ਦੀ ਵੇਦਨਾ ਦਾ ਪ੍ਰਗਟਾ ਕਰਦੀ ਹੈ। ਪਰ ਇਸ ਦੇ ਨਾਲ ਨਾਲ ਇਹ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਤੇ ਔਰਤ ਨੂੰ ਸਵੈ-ਸੁਰੱਖਿਆ ਵਾਸਤੇ ਤਿਆਰ ਬਰ ਤਿਆਰ ਰਹਿਣ ਦਾ ਆਸ਼ਾਵਾਦੀ ਸੁਨੇਹਾ ਵੀ ਦਿੰਦੀ ਹੈ।

ਕਿਤਾਬ ਦੀਆਂ ਆਖਰਲੀਆਂ ਚਾਰ ਕਹਾਣੀਆਂ ਹਨ; "ਅੰਧਰਾਤਾ", "ਅਬ ਜੂਝਨ ਕੋ ਦਾਓ", "ਕਾਲੇ ਲਿਖ਼ ਨਾ ਲੇਖ" ਅਤੇ "ਸਾਹਾਂ 'ਚ ਘੁਲੀ ਮੌਤ"। "ਅੰਧਰਾਤਾ" ਕਹਾਣੀ ਟੈਕਨਾਲੋਜੀ ਦੀ ਜੀਵਨ ਵਿਚ ਲੋੜੌਂ ਵੱਧ ਵਰਤੋਂ ਦੇ ਨੁਕਸਾਨਾਂ ਦੇ ਨਾਲ ਨਾਲ ਲੇਖਕਾਂ ਦੀ ਸਮਾਜ ਪ੍ਰਤੀ ਜੁੰਮੇਵਾਰੀ ਦੀ ਗੱਲ ਕਰਦੀ ਹੈ। ਇਹ ਕਹਾਣੀ ਸੱਚੀ ਕਿਰਤ ਤੇ ਇਮਾਨਦਾਰ ਜੀਵਨ ਜੀਊਣ ਦਾ ਸਾਕਾਰਤਮਕ ਸੁਨੇਹਾ ਵੀ ਪੇਸ਼ ਕਰਦੀ ਹੈ। "ਅਬ ਜੂਝਨ ਕੋ ਦਾਓ" ਕਹਾਣੀ ਗੁਰਬਾਣੀ ਦੇ ਕਥਨ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਦੀ ਅਜੋਕੇ ਸਮੇਂ ਵਿਚ ਸਾਰਥਕਤਾ ਤੇ ਪ੍ਰਫੁੱਲਤਾ ਲਈ ਅਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਲਈ, ਸਰਬਸਾਂਝੀਵਾਲਤਾ ਨਾਲ ਅਮਲੀ ਕਾਰਜ ਕਰਨ ਦਾ ਸੰਦੇਸ਼ ਦਿੰਦੀ ਹੈ। "ਕਾਲੇ ਲਿਖ਼ ਨਾ ਲੇਖ" ਕਹਾਣੀ ਕੁਦਰਤ ਪ੍ਰਤੀ ਮਨੁੱਖ ਦੀ ਲਾਪਰਵਾਹੀ ਦੀ ਗੱਲ ਕਰਦੇ ਹੋਏ ਰੁੱਖਾਂ ਦੀ ਮਨੁੱਖ ਨੂੰ ਦੇਣ ਦਾ ਚਰਚਾ ਕਰਦੀ ਹੈ। "ਸਾਹਾਂ 'ਚ ਘੁਲੀ ਮੌਤ" ਇਸ ਕਿਤਾਬ ਦੀ ਸੱਭ ਤੋਂ ਲੰਮੀ ਕਹਾਣੀ ਹੈ। ਜੋ ਪ੍ਰਦੂਸ਼ਣ ਦੇ ਵਿਭਿੰਨ ਪਸਾਰਾਂ ਤੇ ਭੈੜੇ ਪ੍ਰਭਾਵਾਂ ਦੀ ਦੱਸ ਪਾਉਂਦੀ ਹੈ। ਇਹ ਕਹਾਣੀ ਵਾਤਾਵਰਣ ਦੀ ਸਾਂਭ ਸੰਭਾਲ ਦੀ ਅਪੀਲ ਤੇ ਨਵੀਂ ਪੀੜ੍ਹੀ ਦਾ ਅਜਿਹੀ ਸੋਚ ਤੇ ਸੰਬੰਧਤ ਅਮਲੀ ਕਾਰਜਾਂ ਲਈ ਉਤਸ਼ਾਹ ਦੇ ਪ੍ਰਗਟਾਵੇ ਨਾਲ ਖ਼ਤਮ ਹੁੰਦੀ ਹੈ। ਲੇਖਕ ਦੀ ਪਾਠਕਾਂ ਨਾਲ ਜਾਣ ਪਛਾਣ ਕਰਵਾਉਂਦੇ ਹੋਏ ਸ. ਭੋਲਾ ਸਿੰਘ ਸੰਘੇੜਾ ਦਾ ਕਥਨ ਹੈ ਕਿ "ਇਨ੍ਹਾਂ ਕਹਾਣੀਆਂ 'ਚ ਜਸਵੀਰ ਨੇ ਮਨੁੱਖ ਦੇ ਭਵਿੱਖ ਦਾ ਇਜ਼ਹਾਰ ਕੀਤਾ ਹੈ।" ਜੋ ਕਹਾਣੀਆਂ ਪੜ੍ਹਣ ਉਪਰੰਤ, ਕਿਤਾਬ ਦੇ ਸੰਦਰਭ ਵਿਚ ਬਿਲਕੁਲ ਸਹੀ ਸਾਬਤ ਹੁੰਦਾ ਹੈ।

"ਪਵਣੁ ਗੁਰੂ ਪਾਣੀ ਪਿਤਾ" ਇਕ ਵਧੀਆ ਕਿਤਾਬ ਹੈ ਜੋ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਵਾਤਾਵਰਣ ਦੇ ਅਨੇਕ ਅੰਗਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਪੰਜਾਬੀ ਪਾਠਕਾਂ ਨੂੰ ਵਾਤਾਵਰਣੀ ਸਾਂਭ ਸੰਭਾਲ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਆਸ਼ੇ ਨਾਲ, ਲੇਖਕ ਨੇ ਸਮਾਜਿਕ ਤੇ ਵਾਤਾਵਰਣੀ ਮਸਲਿਆਂ ਦਾ ਵਿਖਿਆਨ ਕਰਦੇ ਹੋਏ, ਉਨ੍ਹਾਂ ਨੂੰ ਮਨੁੱਖੀ ਜੀਵਨ ਦੇ ਸਹੀ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ। ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਪੜ੍ਹ ਕੇ, ਇਸ ਵਿਚ ਉਪਲਬਧ ਕਰਵਾਈ ਗਈ ਜਾਣਕਾਰੀ ਤੋਂ ਲਾਭ ਉਠਾਉਣਾ ਚਾਹੀਦਾ ਹੈ। ਜਸਵੀਰ ਸਿੰਘ ਦੀਦਾਰਗੜ੍ਹ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟਤਾਪੂਰਣ ਹੈ। ਜਸਵੀਰ ਨੇ ਆਪਣੀਆਂ ਕਹਾਣੀਆਂ ਵਿਚ ਕੁਦਰਤ ਨਾਲ ਸੁਮੇਲਤਾ ਸੰਬੰਧੀ ਗੁਰਬਾਣੀ ਦੇ ਉਚਿਤ ਹਵਾਲੇ ਵੀ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਪਰ ਜਸਵੀਰ ਨੁੰ ਆਪਣੀ ਕਹਾਣੀ ਕਲਾ ਨੂੰ ਅਜੇ ਹੋਰ ਨਿਖਾਰਣ ਦੀ ਲੋੜ ਹੈ ਕਿਉਂ ਕਿ ਕਿਧਰੇ ਕਿਧਰੇ ਕਹਾਣੀਆਂ ਵਿਚ ਤੱਥਾਂ ਦੀ ਬੋਝਲਤਾ ਨਜ਼ਰ ਆਉਂਦੀ ਹੈ। ਇਸ ਲਈ ਉਸ ਨੂੰ ਵਿਸ਼ਵ ਦੇ ਸੁਪ੍ਰਸਿੱਧ ਕਹਾਣੀਕਾਰਾਂ ਦੀਆਂ ਰਚਨਾਵਾਂ ਪੜ੍ਹਣ ਦਾ ਸੁਝਾਅ ਹੈ।

ਜਸਵੀਰ ਸਿੰਘ ਦੀਦਾਰਗੜ੍ਹ ਵਾਤਾਵਰਣੀ ਮਸਲਿਆਂ ਦੇ ਸੰਚਾਰਕ/ਕਹਾਣੀਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦੀ ਇਹ ਕਿਤਾਬ ਵਾਤਾਵਰਣ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਚਹੁ-ਰੰਗੇ ਸਰਵਰਕ ਨਾਲ ਪੇਪਰ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਕਹਾਣੀ ਵਿਧਾ ਦੀ ਵਰਤੋਂ ਨਾਲ, ਸਮਕਾਲੀ ਵਾਤਾਵਰਣੀ ਹਾਲਾਤਾਂ ਬਾਰੇ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ, ਸਾਹਿਤ ਦੀਆਂ ਵਿਭਿੰਨ ਵਿਧੀਆਂ ਦੀ ਵਰਤੋਂ ਨਾਲ, ਵਾਤਾਵਰਣ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਪਵਣੁ ਗੁਰੂ ਪਾਣੀ ਪਿਤਾ" ਇਕ ਅਜਿਹੀ ਕਿਤਾਬ ਹੈ ਜੋ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਵਾਤਾਵਰਣੀ ਹਾਲਾਤਾਂ ਦਾ ਸਹੀ ਰੂਪ ਸਮਝ, ਉਨ੍ਹਾਂ ਦੀ ਉਚਿਤ ਸਾਂਭ ਸੰਭਾਲ ਦੇ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਮਨੁੱਖੀ ਹੌਂਦ ਦੀ ਚਿਰ-ਸਥਾਪਤੀ ਵਿਚ ਆਪਣਾ ਯੋਗਦਾਨ ਪਾ ਸਕਣ।

------------------------------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ।
 
Last edited:

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top