• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) ਨਵੀਆਂ ਖੋਜਾਂ - ਨਵੇਂ ਤੱਥ: "ਰਹੱਸਮਈ ਸੂਰਜੀ ਧੱਬੇ ਤੇ ਕੋਵਿਡ-19 ਮਹਾਂਮਾਰੀ"; ਲੇਖਕ: ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

Dr. D. P. Singh

Writer
SPNer
Apr 7, 2006
126
64
Nangal, India

ਨਵੀਆਂ ਖੋਜਾਂ - ਨਵੇਂ ਤੱਥ
ਰਹੱਸਮਈ ਸੂਰਜੀ ਧੱਬੇ ਤੇ ਕੋਵਿਡ-19 ਮਹਾਂਮਾਰੀ

ਡਾ. ਦੇਵਿੰਦਰ ਪਾਲ ਸਿੰਘ
1586716005661.png

ਪਿਛਲੇ ਦਿਨ੍ਹੀਂ ਯੂਨੀਵਰਸਿਟੀ ਆਫ਼ ਟੋਰਾਂਟੋ, ਕੈਨੇਡਾ ਦੇ ਫਿਜ਼ਿਕਸ ਵਿਭਾਗ ਵਿਖੇ ਫੇਰੀ ਦੌਰਾਨ, ਮੇਰੀ ਮੁਲਾਕਾਤ ਭਾਰਤ ਦੀ ਸੂਰਜੀ ਊਰਜਾ ਖੋਜ ਸੰਸਥਾ ਦੇ ਪ੍ਰਸਿੱਧ ਵਿਗਿਆਨੀ ਡਾ. ਸੁਦਰਸ਼ਨ ਚੌਧਰੀ ਨਾਲ ਹੋਈ ਜੋ ਉੱਥੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਆਏ ਹੋਏ ਸਨ। ਇਸੇ ਮੌਕੇ ਦੌਰਾਨ ਉਨ੍ਹਾਂ ਨਾਲ ਸੂਰਜ ਦੇ ਅਦਭੁੱਤ ਰਹੱਸਾਂ ਬਾਰੇ ਹੋਈ ਗੱਲਬਾਤ ਦਾ ਸਾਰ ਅੰਸ਼ ਇੰਝ ਰਿਹਾ।

ਡਾ. ਸਿੰਘ: ਸਰ! ਪਿਛਲੇ ਲੰਮੇਂ ਅਰਸੇ ਤੋਂ ਮੈਂ ਆਪ ਦੇ ਖੋਜ ਕਾਰਜਾਂ ਦਾ ਪ੍ਰਸੰਸਕ ਰਿਹਾ ਹਾਂ ਅਤੇ ਆਪ ਨੂੰ ਮਿਲਣ ਲਈ ਉਤਸਕ ਵੀ ਸਾਂ। ਅੱਜ ਸੁਭਾਗ ਵੱਸ ਆਪ ਨਾਲ ਮੁਲਾਕਾਤ ਹੋ ਹੀ ਗਈ। ਮੈਂ, ਆਪ ਵਲੋਂ ਕੀਤੀਆਂ ਗਈਆਂ ਤੇ ਕੀਤੀਆਂ ਜਾ ਰਹੀਆਂ ਖੋਜਾਂ ਬਾਰੇ ਜਾਨਣ ਦਾ ਇਛੁੱਕ ਹਾਂ।
ਡਾ. ਚੌਧਰੀ:
ਡਾ. ਸਿੰਘ! ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਮੈਂ ਤੁਹਾਡੇ ਵਿਗਿਆਨ ਸੰਚਾਰ ਕਾਰਜਾਂ ਤੋਂ ਕਾਫ਼ੀ ਪ੍ਰਭਾਵਿਤ ਹਾਂ। ਤੁਸੀਂ ਚੰਗਾ ਕੰਮ ਕਰ ਰਹੇ ਹੋ। ਮੈਨੂੰ ਤੁਹਾਡੇ ਸਵਾਲਾਂ ਦਾ ਜਵਾਬ ਦੇ ਕੇ ਖੁਸ਼ੀ ਹੋਵੇਗੀ।

ਡਾ. ਸਿੰਘ: ਸਰ! ਇਹ ਤਾਂ ਮੈਂ ਜਾਣਦਾ ਹੀ ਹਾਂ ਕਿ ਆਪ ਸਾਡੇ ਸੱਭ ਤੋਂ ਨੇੜਲੇ ਤਾਰੇ-ਸੂਰਜ ਸੰੰਬੰਧਤ ਖੋਜ ਕਾਰਜਾਂ ਵਿਚ ਜੁੱਟੇ ਹੋਏ ਹੋ। ਪਰ ਆਪ ਦੀਆਂ ਖੋਜਾਂ ਦਾ ਮੁੱਖ ਖੇਤਰ ਕੀ ਹੈ?
ਡਾ. ਚੌਧਰੀ
: ਧੰਨਵਾਦ! ਮੇਰੀ ਖੋਜ ਦਾ ਮੁੱਖ ਖੇਤਰ ਸੂਰਜ ਵਿਖੇ ਵਾਪਰ ਰਹੀਆਂ ਅਜਬ ਕ੍ਰਿਆਵਾਂ ਅਤੇ ਉਨ੍ਹਾਂ ਕਾਰਣ ਧਰਤੀ ਉੱਤੇ ਵਾਪਰ ਰਹੇ ਜਾਂ ਵਾਪਰਣ ਵਾਲੇ ਸੰਭਾਵੀ ਵਰਤਾਰਿਆ ਬਾਰੇ ਜਾਣਕਾਰੀ ਹਾਸਿਲ ਕਰਨਾ ਹੈ।

ਡਾ. ਸਿੰਘ: ਅਜਿਹੇ ਅਜਬ ਵਰਤਾਰੇ ਕਿਹੜੇ ਹਨ ਜੋ ਧਰਤੀ ਵਾਸੀਆਂ ਨੂੰ ਪ੍ਰਭਾਵਿਤ ਕਰਨ ਦੇ ਸਮਰਥ ਹਨ?
ਡਾ. ਚੌਧਰੀ:
ਦਰਅਸਲ, ਸੂਰਜ ਉੱਤੇ ਅਨੇਕ ਕਿਸਮ ਦੇ ਰਹੱਸਮਈ ਵਰਤਾਰੇ ਵਾਪਰਦੇ ਰਹਿੰਦੇ ਨੇ। ਇਨ੍ਹਾਂ ਵਿਚੋਂ ਇਕ ਹੈ ਸੂਰਜੀ ਧੱਬਿਆਂ ਦੀ ਹੌਂਦ।

ਡਾ. ਸਿੰਘ : ਡਾ. ਚੌਧਰੀ! ਇਹ ਸੂਰਜੀ ਧੱਬੇ ਕੀ ਹਨ?
ਡਾ. ਚੌਧਰੀ:
ਸੂਰਜੀ ਧੱਬਾ ਸੂਰਜ ਉੱਤੇ ਅਜਿਹੇ ਖੇਤਰ ਨੂੰ ਕਿਹਾ ਜਾਦਾ ਹੈ ਜਿਸ ਦਾ ਤਾਪਮਾਨ ਇਸ ਦੇ ਆਲੇ ਦੁਆਲੇ ਦੇ ਖੇਤਰ ਨਾਲੋਂ ਘੱਟ ਹੁੰਦਾ ਹੈ। ਇਸੇ ਕਾਰਣ ਇਹ ਖੇਤਰ ਕਾਲਾ ਨਜ਼ਰ ਆਉਂਦਾ ਹੈ।

1586717171724.png
ਡਾ. ਸਿੰਘ: ਸੂਰਜ ਤਾਂ ਆਕਾਰ ਵਿਚ ਸਾਡੀ ਧਰਤੀ ਨਾਲੋਂ 100 ਗੁਣਾ ਵੱਡਾ ਹੈ। ਕੀ ਇਹ ਸੂਰਜੀ ਧੱਬੇ, ਸੂਰਜ ਦੇ ਕਿਸੇ ਖ਼ਾਸ ਖੇਤਰ ਵਿਚ ਦਿਖਾਈ ਦਿੰਦੇ ਹਨ? ਇਨ੍ਹਾਂ ਦੀ ਸੰਖਿਆ ਤੇ ਆਕਾਰ ਕਿੰਨਾਂ ਕੁ ਹੁੰਦਾ ਹੈ?
ਡਾ. ਚੌਧਰੀ:
ਸੂਰਜੀ ਧੱਬੇ, ਆਮ ਕਰਕੇ ਜੁੱਟਾਂ ਜਾਂ ਗਰੁਪਾਂ ਦੇ ਰੂਪ ਵਿਚ ਸੂਰਜ ਦੀ ਭੂ-ਮੱਧ ਰੇਖਾ ਦੇ ਉੱਤਰ ਤੇ ਦੱਖਣ, ਦੋਨੋਂ ਪਾਸੇ ਹੀ, 40 ਡਿਗਰੀ ਤੇ 50 ਡਿਗਰੀ ਅਕਸ਼ਾਸ਼ ਰੇਖਾਵਾਂ (latitude) ਵਿਚਕਾਰਲੀ ਪੱਟੀ ਵਿਖੇ ਪ੍ਰਗਟ ਹੁੰਦੇ ਹਨ। ਇਨ੍ਹਾਂ ਦਾ ਆਕਾਰ 33 ਕਿਲੋਮੀਟਰ ਤੋਂ ਲੈ ਕੇ ਸਾਡੀ ਧਰਤੀ ਦੇ ਆਕਾਰ ਤੋਂ ਵੀ ਕਈ ਗੁਣਾ ਵੱਡਾ ਹੋ ਸਕਦਾ ਹੈ। ਸੰਨ 2004 ਵਿਚ ਤਾਂ ਇਕ ਸੂਰਜੀ ਧੱਬਾ ਸਾਡੀ ਧਰਤੀ ਤੋਂ 20 ਗੁਣਾ ਵੱਡੇ ਆਕਾਰ ਦਾ ਵੀ ਦੇਖਿਆ ਗਿਆ।

ਡਾ. ਸਿੰਘ: ਸੂਰਜ ਤਾਂ ਦਗ ਦਗ ਕਰਦਾ ਤੇਜ਼ ਤੇ ਚਮਕਦਾਰ ਰੌਸ਼ਨੀ ਦਾ ਗੋਲਾ ਹੈ ਤੇ ਇਸ ਵੱਲ ਦੇਖ ਸਕਣਾ ਤਾਂ ਸੰਭਵ ਨਹੀਂ, ਫਿਰ ਇਹ ਸੂਰਜੀ ਧੱਬੇ ਕਿਵੇਂ ਦੇਖੇ ਜਾ ਸਕਦੇ ਹਨ?
ਡਾ. ਚੌਧਰੀ:
ਇਹ ਤਾਂ ਸੱਚ ਹੈ ਕਿ ਸੂਰਜ ਵੱਲ ਸਿੱਧਿਆਂ ਦੇਖਣਾ, ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਪਰ ਵਿਸ਼ੇਸ਼ ਫਿਲਟਰਾਂ ਦੀ ਮਦਦ ਨਾਲ ਸੂਰਜ ਵੱਲ ਦੇਖ ਸਕਣਾ ਸੰਭਵ ਹੁੰਦਾ ਹੈ। ਇੰਝ ਸੂਰਜੀ ਧੱਬੇ ਵੀ ਦੇਖੇ ਜਾ ਸਕਦੇ ਹਨ।

ਡਾ. ਸਿੰਘ: ਇਹ ਸੂਰਜੀ ਧੱਬੇ ਪੈਦਾ ਕਿਵੇਂ ਹੁੰਦੇ ਨੇ?
ਡਾ. ਚੌਧਰੀ:
ਦਰਅਸਲ ਸੂਰਜ ਬਹੁਤ ਹੀ ਗਰਮ, ਤੇ ਚਾਰਜਡ ਗੈਸਾਂ ਦਾ ਗੋਲਾ ਹੈ ਜੋ ਆਪਣੇ ਧੁਰੇ ਗਿਰਦ ਤੇਜ਼ੀ ਨਾਲ ਘੁੰਮ ਰਿਹਾ ਹੈ। ਜਿਸ ਦੇ ਪ੍ਰਭਾਵ ਹੇਠ ਗਤੀਸ਼ੀਲ ਚਾਰਜਡ ਗੈਸੀ ਕਣ ਸੂਰਜ ਵਿਖੇ, ਕੁਝ ਖਾਸ ਥਾਵਾਂ ਵਿਖੇ ਵਿੰਗੇ-ਟੇਢੇ ਅਕਾਰ ਵਾਲਾ ਚੁੰਬਕੀ ਖੇਤਰ ਪੈਦਾ ਕਰ ਦਿੰਦੇ ਹਨ। ਇਸ ਚੁੰਬਕੀ ਖੇਤਰ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ। ਇਸ ਦੀ ਤਾਕਤ ਧਰਤੀ ਦੇ ਚੁੰਬਕੀ ਖੇਤਰ ਨਾਲੋਂ 2500 ਗੁਣਾ ਵਧੇਰੇ ਦੇਖੀ ਗਈ ਹੈ। ਜਿਸ ਦੇ ਚੁੰਬਕੀ ਖੇਤਰ ਦੇ ਪ੍ਰਭਾਵ ਹੇਠ ਗਰਮ ਸੂਰਜੀ ਗੈਸਾਂ ਦੇ ਪ੍ਰਵਾਹ ਵਿਚ ਤਬਦੀਲੀ ਵਾਪਰਦੀ ਹੈ। ਤੇ ਅਜਿਹੇ ਖੇਤਰ ਵਿਖੇ ਤਾਪਮਾਨ 6300 ਦਰਜਾ ਸੈਲਸੀਅਸ ਤਕ ਗਿਰ ਜਾਦਾ ਹੈ ਜਦ ਕਿ ਇਸ ਖੇਤਰ ਦੇ ਬਾਹਰ ਚੋਗਿਰਦੇ ਦੀਆਂ ਗੈਸਾਂ ਦਾ ਤਾਪਮਾਨ 10000 ਦਰਜਾ ਸੈਲਸੀਅਸ ਹੁੰਦਾ ਹੈ। ਇਸੇ ਕਾਰਣ ਇਹ ਖੇਤਰ ਕਾਲੇ ਧੱਬਿਆਂ ਵਾਂਗ ਨਜ਼ਰ ਆਉਂਦੇ ਹਨ।

ਡਾ. ਸਿੰਘ: ਕੀ ਇਹ ਗੱਲ ਸੱਚੀ ਹੈ ਕਿ ਸੂਰਜੀ ਧੱਬਿਆਂ ਦਾ ਵਰਤਾਰਾ (Sunspot cycle) ਹਰ ਗਿਆਰਾਂ ਸਾਲਾਂ ਬਾਅਦ ਦੁਬਾਰਾ ਵਾਪਰਦਾ ਹੈ?
ਡਾ. ਚੌਧਰੀ:
ਹਾਂ! ਇਹ ਸੱਚ ਹੈ ਕਿ ਸੂਰਜੀ ਧੱਬਿਆਂ ਦਾ ਵਰਤਾਰਾ ਲਗਭਗ ਹਰ ਗਿਆਰਾਂ ਸਾਲਾਂ ਦੇ ਅਰਸੇ ਬਾਅਦ ਦੁਬਾਰਾ ਵਾਪਰਦਾ ਹੈ। ਇਥੇ "ਲਗਭਗ" ਸ਼ਬਦ ਦੀ ਖ਼ਾਸ ਮਹੱਤਤਾ ਹੈ।

ਡਾ. ਸਿੰਘ: ਉਹ ਕੀ?
ਡਾ. ਚੌਧਰੀ
: ਇਸ ਦਾ ਭਾਵ ਹੈ ਕਿ ਅਸੀਂ ਸੂਰਜੀ ਧੱਬਿਆਂ ਦੇ ਭਵਿੱਖਮਈ ਵਰਤਾਰੇ ਬਾਰੇ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹਾਂ। ਅਸਲ ਵਿਚ ਸੂਰਜੀ ਧੱਬਿਆਂ ਦਾ ਜਨਮ ਸੂਰਜ ਵਿਖੇ ਵਾਪਰ ਰਹੀਆਂ ਅਨੇਕ ਕ੍ਰਿਆਵਾਂ ਦਾ ਨਤੀਜਾ ਹੁੰਦਾ ਹੈ। ਜਿਨ੍ਹਾਂ ਦੀ ਨਿਯਮਤਤਾ ਵਿਚ ਥੋੜ੍ਹੀ ਜਿਹੀ ਤਬਦੀਲੀ ਵੀ ਸੂਰਜੀ ਧੱਬਿਆਂ ਦੇ ਜਨਮ-ਕਾਲ ਨੂੰ ਪ੍ਰਭਾਵਿਤ ਕਰਨ ਦੇ ਸਮਰਥ ਹੁੰਦੀ ਹੈ।
1586716148870.png


ਡਾ. ਸਿੰਘ: ਸੂਰਜ ਤਾਂ ਸਾਡੀ ਧਰਤੀ ਤੋਂ 150 ਮਿਲੀਅਨ ਕਿਲੋਮੀਟਰ ਦੂਰੀ ਉੱਤੇ ਹੈ ਤਾਂ ਕੀ ਇੰਨ੍ਹੀਂ ਵਧੇਰੇ ਦੂਰੀ ਤੋਂ ਵੀ ਇਹ ਸੂਰਜੀ ਧੱਬੇ ਸਾਡੀ ਧਰਤੀ ਦੇ ਵਰਤਾਰਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ?
ਡਾ. ਚੌਧਰੀ:
ਜੀ! ਸੂਰਜੀ ਧੱਬੇ ਧਰਤੀ ਦੇ ਅਨੇਕ ਵਰਤਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ।

ਡਾ. ਸਿੰਘ: ਜਿਵੇਂ ਕਿ?
ਡਾ. ਚੌਧਰੀ:
ਇਹ ਧਰਤੀ ਦੇ ਚੁੰਬਕੀ ਖੇਤਰ ਵਿਚ ਵਿਘਨ ਪੈਦਾ ਕਰਨ ਦੀ ਯੋਗਤਾ ਰੱਖਦੇ ਨੇ। ਰੇਡੀਓ ਤਰੰਗਾਂ ਦੇ ਪ੍ਰਸਾਰ ਵਿਚ ਵਿਕਾਰ ਪੈਦਾ ਕਰ ਸਕਦੇ ਹਨ। ਪਾਵਰ ਗਰਿੱਡਾਂ, ਉਪ-ਗ੍ਰਹਿਆਂ (satellites) ਨਾਲ ਸੰਬੰਧ ਸਥਾਪਤੀ ਕਾਰਜਾਂ ਤੇ ਧਰੁਵੀ ਰੌਸ਼ਨੀਆਂ ਵਿਚ ਗੜਬੜ ਪੈਦਾ ਕਰਣ ਦੀ ਸਮਰਥਾ ਰੱਖਦੇ ਹਨ। ਉਦਾਹਰਣ ਲਈ ਸੰਨ 1979 ਵਿਚ ਅਮਰੀਕੀ ਪੁਲਾੜ-ਸਟੇਸ਼ਨ ਸਕਾਈਲੈਬ ਅਜਿਹੇ ਵਰਤਾਰੇ ਦਾ ਸ਼ਿਕਾਰ ਹੋ ਕੇ ਹੀ ਵਾਪਸ ਧਰਤੀ ਉੱਤੇ ਗਿਰ ਗਿਆ ਸੀ। ਸੂਰਜੀ ਧੱਬੇ, ਪੁਲਾੜ ਯਾਤਰੀਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਣ ਦੀ ਸਮਰਥਾ ਰੱਖਦੇ ਹਨ।

ਡਾ. ਸਿੰਘ: ਸਪਸ਼ਟ ਹੈ ਕਿ ਤੁਸੀਂ ਸੂਰਜ ਤੇ ਧਰਤੀ ਦੇ ਆਪਸੀ ਸੰਬੰਧਾਂ ਬਾਰੇ ਬਿਲਕੁਲ ਹੀ ਨਵੀਆਂ ਗੱਲਾਂ ਦੀ ਦੱਸ ਪਾ ਰਹੇ ਹੋ।
ਡਾ. ਚੌਧਰੀ:
ਜੀ! ਤੁਸੀਂ ਅਜਿਹਾ ਕਹਿ ਸਕਦੇ ਹੋ।

ਡਾ. ਸਿੰਘ: ਤੁਹਾਡੇ ਖੋਜ ਕਾਰਜ, ਇਸ ਖੇਤਰ ਵਿਚ ਕੰਮ ਕਰਨ ਵਾਲੇ ਹੋਰ ਮਾਹਿਰਾਂ ਨਾਲੋਂ ਕਿਵੇਂ ਭਿੰਨ ਹਨ?
ਡਾ. ਚੌਧਰੀ:
ਭਿੰਨ ਭਿੰਨ ਵਿਗਿਆਨੀ ਸੂਰਜ ਦੇ ਭਿੰਨ ਭਿੰਨ ਪੱਖਾਂ ਬਾਰੇ ਖੋਜ ਕਰਦੇ ਹਨ। ਜਿਵੇਂ ਕਿ ਕੁਝ ਵਿਗਿਆਨੀ ਸੂਰਜ ਦੀ ਸਤਹਿ ਉੱਤੇ ਵਾਪਰ ਰਹੀਆਂ ਰਸਾਇਣਕ ਕ੍ਰਿਆਵਾਂ ਤੇ ਸੰਬੰਧਤ ਊਰਜਾ ਨਿਕਾਸ ਦਾ ਅਧਿਐਨ ਕਰਦੇ ਹਨ। ਕੁਝ ਹੋਰ ਵਿਗਿਆਨੀ ਸੂਰਜ ਦੇ ਵਾਯੂਮੰਡਲ ਵਿਚ ਮੌਜੂਦ ਤੱਤਾਂ ਦੀ ਜਾਣਕਾਰੀ ਹਾਸਿਲ ਕਰਨ ਵਿਚ ਮਸਰੂਫ਼ ਹਨ। ਕਈ ਵਿਗਿਆਨੀ ਸੋਲਰ ਸੈੱਲਾਂ ਦੇ ਨਿਰਮਾਣ ਕਾਰਜਾਂ ਵਿਚ ਜੁੱਟੇ ਹਨ ਤਾਂ ਜੋ ਸੂਰਜੀ ਸ਼ਕਤੀ ਨੂੰ ਬਿਜਲੀ ਵਿਚ ਬਦਲ ਕੇ ਮਨਮਰਜ਼ੀ ਅਨੁਸਾਰ ਰੋਜ਼ਾਨਾ ਕੰਮਾਂ ਲਈ ਵਰਤਿਆ ਜਾ ਸਕੇ। ਇੰਝ ਹੀ ਮੈਂ ਧਰਤੀ ਉੱਤੇ ਨਵੇਂ ਨਵੇਂ ਵਾਇਰਸਾਂ ਜਿਵੇਂ ਕਿ ਸਵਾਇਨ ਫਲੂ ਵਾਇਰਸ H1N1, ਸਾਰਸ, ਮਰਸ, ਇਬੋਲਾ ਅਤੇ ਜ਼ੀਕਾ ਵਾਇਰਸਾਂ ਦੇ ਪੈਦਾ ਹੋਣ ਦੇ ਕਾਰਣਾਂ ਅਤੇ ਇਨ੍ਹਾਂ ਦੁਆਰਾ ਸਮੇਂ ਸਮੇਂ ਪੈਦਾ ਕੀਤੀਆਂ ਜਾ ਰਹੀਆਂ ਬੀਮਾਰੀਆਂ ਤੇ ਮਹਾਂਮਾਰੀਆਂ, ਦਾ ਸਾਡੇ ਸੂਰਜ ਉਪੱਰ ਸਮੇਂ ਸਮੇਂ ਪ੍ਰਗਟ ਹੁੰਦੇ ਸੂਰਜੀ ਧੱਬਿਆਂ ਦੇ ਘਟਨਾ-ਕ੍ਰਮ ਨਾਲ ਸੰਬੰਧਤਾ ਜਾਨਣ ਦੀ ਕੋਸ਼ਿਸ਼ ਵਿਚ ਹਾਂ।

1586716233598.png
ਡਾ. ਸਿੰਘ: ਮੈਨੂੰ ਯਾਦ ਹੀ ਕਿ ਸੰਨ 2009 ਦੌਰਾਨ ਸਵਾਇਨ ਫਲੂ ਵਾਇਰਸ (H1N1) ਨੇ ਇਕੱਲੇ ਅਮਰੀਕਾ ਵਿਖੇ ਹੀ 100 ਮਿਲੀਅਨ ਲੋਕਾਂ ਨੂੰ ਬੀਮਾਰ ਕੀਤਾ ਸੀ ਜਿਨ੍ਹਾਂ ਵਿਚੋਂ 75,000 ਮੌਤ ਦੇ ਮੂੰਹ ਵਿਚ ਚਲੇ ਗਏ। ਹੋਰ ਵਾਇਰਸਾਂ ਦੁਆਰਾ ਪੈਦਾ ਕੀਤੀਆਂ ਬੀਮਾਰੀਆਂ ਦੇ ਪ੍ਰਭਾਵ ਵੀ ਅਜਿਹੇ ਹੀ ਖਤਰਨਾਕ ਰਹੇ ਹਨ। ਤੁਸੀਂ ਇਨ੍ਹਾਂ ਵਾਇਰਸਾਂ ਦੇ ਪੈਦਾ ਹੋਣ ਦੇ ਕਾਰਣਾਂ ਨੂੰ ਲੱਭਣ ਦਾ ਜੋ ਕਾਰਜ ਕਰ ਰਹੇ ਹੋ ਉਹ ਬਹੁਤ ਹੀ ਪ੍ਰਸੰਸਾਂ ਯੋਗ ਹੈ।
ਡਾ. ਚੌਧਰੀ:
ਧੰਨਵਾਦ, ਡਾ. ਸਿੰਘ!

ਡਾ. ਸਿੰਘ: ਪਰ ਮੇਰੇ ਜ਼ਿਹਨ ਵਿਚ ਇਕ ਸਵਾਲ ਪੈਦਾ ਹੋਇਆ ਹੈ ਕਿ ਧਰਤੀ ਤੋਂ ਸੂਰਜ ਵਿਚਕਾਰ ਵਿਸ਼ਾਲ ਦੂਰੀ ਦੇ ਮੱਦੇ-ਨਜ਼ਰ, ਇਹ ਸੋਚਣਾ ਕਿ ਸੂਰਜ ਉੱਤੇ ਪੈਦਾ ਹੋਣ ਵਾਲੇ ਕਾਲੇ ਧੱਬੇ ਧਰਤੀ ਉੱਤੇ ਨਵੇਂ ਨਵੇਂ ਵਾਇਰਸਾਂ ਨੂੰ ਪੈਦਾ ਕਰਨ ਵਿਚ ਰੋਲ ਅਦਾ ਕਰ ਸਕਦੇ ਹਨ, ਬਹੁਤ ਹੀ ਹੈਰਾਨੀ ਵਾਲੀ ਗੱਲ ਹੈ। ਅਜਿਹਾ ਕਿਵੇਂ ਵਾਪਰਦਾ ਹੈ? ਚੰਗਾ ਰਹੇਗਾ ਜੇ ਤੁਸੀਂ ਇਸ ਬਾਰੇ ਥੋੜ੍ਹਾ ਵਿਸਥਾਰ ਨਾਲ ਦੱਸ ਸਕੋ।
ਡਾ. ਚੌਧਰੀ:
ਮਹਾਂਮਾਰੀਆਂ ਦੀ ਪੈਦਾਇਸ਼ ਤੇ ਸੂਰਜੀ ਧੱਬਿਆਂ ਦੇ ਆਪਸੀ ਸੰਬੰਧ ਬਾਰੇ ਸੱਭ ਤੋਂ ਪਹਿਲਾਂ ਸੰਨ 1977 ਵਿਚ ਪ੍ਰਸਿੱਧ ਵਿਗਿਆਨੀ ਹੋਪ-ਸਿੰਪਸਨ ਨੇ ਦੱਸ ਪਾਈ। ਉਸ ਨੇ ਸੁਝਾਇਆ ਕਿ ਮਨੁੱਖੀ ਇਤਹਾਸ ਵਿਚ ਫਲੂ (Influenza) ਮਹਾਂਮਾਰੀ ਅਨੇਕ ਵਾਰ ਤਦ ਫੈਲੀ ਜਦ ਸੂਰਜ ਉੱਤੇ ਸੂਰਜੀ ਧੱਬੇ ਆਪਣੀ ਚਰਮਸੀਮਾ ਦੇ ਨੇੜੇ ਸਨ। ਬਰਤਾਨੀਆਂ ਦੇ ਪ੍ਰਸਿੱਧ ਤਾਰਾ ਵਿਗਿਆਨੀਆਂ ਫਰੈੱਡ ਹੋਇਲ ਤੇ ਚੰਦਰਾ ਵਿਕਰਮਾਸਿੰਘੇ ਨੇ ਵਿਸਥਾਰਪੂਰਣ ਖੋਜ ਉਪਰੰਤ ਸੰਨ 1990 ਵਿਚ ਅਜਿਹੇ ਸੰਬੰਧ ਦੀ ਇਤਫਾਕੀਆ ਹੌਂਦ ਦੀ ਪੁਸ਼ਟੀ ਕੀਤੀ। ਸੰਨ 2016 ਵਿਚ ਚੀਨ ਦੇ ਤਿਆਨਜਿੰਨ ਸੈਂਟਰ ਫਾਰ ਡਿਸ਼ੀਜ਼ ਕੰਟ੍ਰੋਲ ਐਂਡ ਪ੍ਰੋਟੈਕਸ਼ਨ, ਦੇ ਮਾਹਿਰ ਡਾ। ਜੇ ਕਿਊ ਨੇ ਸੁਝਾਇਆ ਕਿ ਹੁਣ ਤਕ ਦਰਜ ਕੀਤੀਆਂ ਗਈਆ ਲਗਭਗ ਸਮੂੰਹ ਫਲੂ ਮਹਾਂਮਾਰੀਆਂ ਦੇ ਵਾਪਰਣ ਦਾ ਸਮਾਂ, ਸੂਰਜੀ ਧੱਬਿਆਂ ਦੀ ਚਰਮ-ਸੀਮਾ (ਅਧਿਕਤਮ ਜਾਂ ਨਿਊਨਤਮ ਮਾਤਰਾ) ਘਟਨਾ ਦੇ ਲਗਭਗ ਦੋ ਸਾਲ ਦੇ ਵਕਫ਼ੇ ਅੰਦਰ ਹੀ ਵਾਪਰਦਾ ਰਿਹਾ ਹੈ।

ਡਾ. ਸਿੰਘ: ਅਜਿਹੇ ਆਪਸੀ ਸੰਬੰਧ ਦਾ ਕੋਈ ਤਾਂ ਕਾਰਣ ਹੋਵੇਗਾ। ਕੀ ਵਿਗਿਆਨੀਆਂ ਨੇ ਇਹ ਭੇਦ ਜਾਣ ਲਿਆ ਹੈ?
ਡਾ. ਚੌਧਰੀ:
ਜਦੋਂ ਵਿਗਿਆਨੀਆਂ ਨੇ ਉਨ੍ਹਾਂ ਦਿਨ੍ਹਾਂ ਦੀ ਜਾਂਚ ਕੀਤੀ ਜਦ ਸੂਰਜੀ ਧੱਬੇ ਬਹੁਗਿਣਤੀ ਵਿਚ ਪੈਦਾ ਹੁੰਦੇ ਰਹੇ, ਤਾਂ ਉਨ੍ਹਾਂ ਨੇ ਜਾਣ ਲਿਆ ਕਿ ਇਨ੍ਹਾਂ ਦਿਨ੍ਹਾਂ ਵਿਚ ਸੂਰਜ ਤੋਂ ਨਿਕਲਦੀਆਂ ਸੂਰਜੀ ਲਾਟਾਂ (solar flares) ਦੀ
1586716482512.png
ਸੰਖਿਆ, ਅਤੇ ਸੂਰਜ ਦੇ ਬਾਹਰੀ ਭਾਗ ਤੋਂ ਗੈਸੀ ਰਿਸਾਵ (Coronal discharges) ਤੇ ਐਕਸ-ਕਿਰਨਾਂ (X-rays) ਦਾ ਨਿਕਾਸ ਬਹੁਤ ਵਧੇਰੇ ਸੀ। ਸੂਰਜੀ ਹਵਾ ਦੇ ਅੰਗ ਵਜੋਂ, ਜਦੋਂ ਇਨ੍ਹਾਂ ਐਕਸ-ਕਿਰਨਾਂ ਦੀ ਬਹੁਤਾਤ ਧਰਤੀ ਦੇ ਵਾਯੂਮੰਡਲ ਕੋਲ ਪੁੱਜਦੀ ਹੈ ਤਾਂ ਇਹ ਧਰਤੀ ਦੇ ਗੈਸੀ ਗਿਲਾਫ਼ ਦੇ ਹੇਠਲੇ ਹਿੱਸੇ ਦੁਆਰਾ ਪੂਰੀ ਤਰ੍ਹਾਂ ਜਜ਼ਬ ਕਰ ਲਈ ਜਾਂਦੀ ਹੈ। ਇਸੇ ਸੂਰਜੀ ਹਵਾ ਦਾ ਇਕ ਹੋਰ ਮਹੱਤਵਪੂਰਨ ਅੰਗ ਹੁੰਦਾ ਹੈ ਇਲੈੱਕਟ੍ਰਾਨ। ਜਿਨ੍ਹਾਂ ਦੀ ਬਦੌਲਤ ਇਨ੍ਹਾਂ ਦਿਨ੍ਹਾਂ ਵਿਚ ਧਰਤੀ ਗਿਰਦ ਚੁੰਬਕੀ ਖੇਤਰ ਦੀ ਤਾਕਤ ਵੀ ਬਹੁਤ ਵੱਧ ਜਾਂਦੀ ਹੈ। ਜਿਸ ਦੇ ਨਤੀਜੇ ਵਜੋਂ ਬਾਹਰੀ ਪੁਲਾੜ ਤੋਂ ਆ ਰਹੀਆਂ ਕਾਸਮਿਕ ਕਿਰਨਾਂ, ਪ੍ਰੋਟਾਨਾਂ ਅਤੇ ਧੂੜ ਦੇ ਚਾਰਜਡ ਕਣਾਂ ਦੀ ਬੁਛਾੜ ਦੇ ਮਾੜੇ ਪ੍ਰਭਾਵਾਂ ਤੋਂ ਸਾਡੀ ਧਰਤੀ ਪੂਰੀ ਤਰ੍ਹਾਂ ਬਚ ਜਾਂਦੀ ਹੈ।

ਡਾ. ਸਿੰਘ: ਤਾਂ ਫਿਰ ਧਰਤੀ ਉੱਤੇ ਮਹਾਂਮਾਰੀਆਂ ਦੇ ਪੈਦਾ ਹੋਣ ਦਾ ਕੀ ਕਾਰਣ ਹੈ?
ਡਾ. ਚੌਧਰੀ:
ਮਹਾਂਮਾਰੀਆਂ ਦੇ ਪੈਦਾ ਹੋਣ ਦਾ ਕਾਰਣ, ਸੂਰਜੀ ਧੱਬਿਆਂ ਦੀ ਦੂਸਰੀ ਚਰਮਸੀਮਾ (ਨਿਊਨਤਮ ਸੰਖਿਆ) ਨਾਲ ਜੁੜਿਆ ਦੇਖਿਆ ਗਿਆ ਹੈ। ਜਦ ਸੂਰਜ ਉੱਤੇ ਸੂਰਜੀ ਧੱਬਿਆਂ ਦਾ ਸੰਖਿਆ ਬਹੁਤ ਘੱਟ ਹੁੰਦੀ ਹੈ ਤਾਂ ਮਹਾਂਮਾਰੀਆਂ ਜਨਮ ਲੈਂਦੀਆਂ ਹਨ। ਸੂਰਜੀ ਧੱਬਿਆਂ ਦੀ ਨਿਊਨਤਮ ਸੰਖਿਆ ਸਮੇਂ ਸੂਰਜ ਦੇ ਬਾਹਰੀ ਭਾਗ ਤੋਂ ਗੈਸੀ ਰਿਸਾਵ ਤੇ ਐਕਸ-ਕਿਰਨਾਂ ਦਾ ਨਿਕਾਸ ਬਹੁਤ ਘੱਟ ਹੁੰਦਾ ਹੈ। ਧਰਤੀ ਤਕ ਪਹੁੰਚ ਰਹੀ ਕਮਜ਼ੋਰ ਸੂਰਜੀ ਹਵਾ ਵਿਚ ਇਲੇੱਕਟ੍ਰਾਨਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ। ਇਸ ਕਾਰਣ ਧਰਤੀ ਗਿਰਦ ਮੌਜੂਦ ਚੁੰਬਕੀ ਖੇਤਰ ਬਹੁਤ ਕਮਜ਼ੋਰ ਹੋ ਜਾਦਾ ਹੈ। ਜਿਸ ਦੇ ਫਲਸਰੂਪ ਬਾਹਰੀ ਪੁਲਾੜ ਤੋਂ ਆ ਰਹੀਆਂ ਕਾਸਮਿਕ ਕਿਰਨਾਂ, ਪ੍ਰੋਟਾਨਾਂ ਅਤੇ ਧੂੜ ਦੇ ਚਾਰਜਡ ਕਣਾਂ ਦੀ ਬੁਛਾੜ ਦੇ ਨਾਲ ਨਾਲ, ਬਾਹਰੀ ਪੁਲਾੜ ਵਿਚ ਮੌਜੂਦ ਬੈਕਟੀਰੀਆ ਤੇ ਵਾਇਰਸ ਵੀ ਧਰਤੀ ਤਕ ਪੁੱਜ ਜਾਂਦੇ ਹਨ। ਜਦੋਂ ਕਾਸਮਿਕ ਕਿਰਨਾਂ ਤੇ ਪ੍ਰੋਟਾਨ ਆਦਿ ਧਰਤੀ ਦੇ ਵਾਯੂਮੰਡਲ ਵਿਚ ਮੌਜੂਦ ਗੈਸੀ ਐਟਮਾਂ ਨਾਲ ਟਕਰਾਉਂਦੇ ਹਨ ਤਾਂ ਕਈ ਨਵੇਂ ਤੇ ਖ਼ਤਰਨਾਕ ਕਣਾਂ (ਨਿਊਟ੍ਰਾਨ ਅਤੇ ਮਿਊਨ ਆਦਿ) ਦਾ ਜਨਮ ਹੋ ਜਾਂਦਾ ਹੈ। ਧਰਤੀ ਦੀ ਸਤਿਹ ਤੋਂ ਲਗਭਗ 16-20 ਕਿਲੋਮੀਟਰ ਦੀ ਉਚਾਈ ਤਕ ਕਾਸਮਿਕ ਕਿਰਨਾਂ, ਪ੍ਰੋਟਾਨਾਂ ਤੇ ਹੋਰ ਕਣਾਂ ਦਾ ਪ੍ਰਭਾਵ ਤਾਂ ਖ਼ਤਮ ਹੋ ਜਾਂਦਾ ਹੈ। ਪਰ ਨਿਊਟ੍ਰਾਨਾਂ ਦੀ ਵੱਡੀ ਸੰਖਿਆ ਧਰਤੀ ਦੀ ਸਤਹਿ ਤਕ ਪਹੁੰਚਣ ਵਿਚ ਸਫ਼ਲ ਹੋ ਜਾਂਦੀ ਹੈ। ਜੋ ਵਾਇਰਸਾਂ ਤੇ ਸੈੱਲਾਂ ਵਿਚ ਤਬਦੀਲੀ ਪੈਦਾ ਕਰਨ ਦੇ ਸਮਰਥ ਹੁੰਦੀ ਹੈ।

ਬਰਤਾਨਵੀ ਪੁਲਾੜ-ਜੀਵ ਵਿਗਿਆਨੀ ਵਿਕਰਮਾਸਿੰਘੇ ਤੇ ਉਸ ਦੇ ਖੋਜੀ ਸਾਥੀਆਂ ਨੇ ਸੰਨ 2017 ਵਿਚ ਦੱਸ ਪਾਈ ਕਿ ਸੂਰਜੀ ਧੱਬਿਆਂ ਦੀ ਨਿਊਨਤਮ ਚਰਮਸੀਮਾ ਦੌਰਾਨ, ਨਵੇਂ ਵਾਇਰਸ ਤੇ ਬੈਕਟੀਰੀਆ ਆਦਿ ਜੋ ਧਰਤੀ ਦੇ ਕਮਜ਼ੋਰ ਚੁੰਬਕੀ ਖੇਤਰ ਨੂੰ ਚੀਰ ਸਾਡੇ ਵਾਯੂਮੰਡਲ ਦੇ ਉਪਰਲੇ ਹਿੱਸੇ (ਧਰਤੀ ਤੋਂ 50 ਕਿਲੋਮੀਟਰ ਦੀ ਉਚਾਈ) ਵਿਖੇ ਪਹੁੰਚ ਜਾਂਦੇ ਹਨ, ਉਹ ਧਰਤੀ ਦੀ ਗੁਰੂਤਾ ਖਿੱਚ ਕਾਰਣ ਹੋਲੇ ਹੋਲੇ ਹੇਠਾਂ ਵੱਲ ਆਉਣ ਲੱਗਦੇ ਹਨ। ਬਹੁਤ ਹੀ ਛੋਟੇ ਆਕਾਰ ਵਾਲੇ ਕਾਰਣ, ਉਨ੍ਹਾਂ ਨੂੰ ਧਰਤੀ ਦੀ ਸਤਹਿ ਤਕ ਪਹੁੰਚਣ ਲਈ ਕਈ ਮਹੀਨੇ ਲਗ ਜਾਂਦੇ ਹਨ। ਧਰਤੀ ਨੇੜਲੇ ਵਾਯੂਮੰਡਲ ਵਿਚਲੀਆਂ ਤੇਜ਼ ਹਵਾਵਾਂ ਤੇ ਹੋਰ ਵਰਤਾਰੇ ਵੀ ਉਨ੍ਹਾਂ ਦੀ ਧਰਤੀ ਵੱਲ ਦੀ ਯਾਤਰਾ ਨੂੰ ਪ੍ਰਭਾਵਿਤ ਕਰਦੇ ਹਨ। ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ ਵਾਇਰਸ ਸਾਡੇ ਵਾਯੂਮੰਡਲ ਦੇ ਜਿਸ ਉਪਰਲੇ ਹਿੱਸੇ ਤੋਂ ਹੇਠਾਂ ਵੱਲ ਦੀ ਯਾਤਰਾ ਆਰੰਭ ਕਰਦੇ ਹਨ ਉਥੇ ਵਾਯੂਮੰਡਲ ਕਾਫਲੀ ਪੇਤਲਾ ਹੁੰਦਾ ਹੈ। ਨਵੀਆਂ ਵਿਗਿਆਨਕ ਖੋਜਾਂ ਤੋਂ ਪਤਾ ਲੱਗਾ ਹੈ ਕਿ ਹਿਮਾਲੀਆ ਪਰਬਤਮਾਲਾ ਦੇ ਪੂਰਬ ਵੱਲ ਸਥਿਤ ਚੀਨ ਦੇ ਵਸੋਂ ਵਾਲੇ ਇਲਾਕਿਆਂ ਵਿਖੇ ਵਾਯੂਮੰਡਲ ਦਾ ਉਪਰਲਾ ਭਾਗ ਬਹੁਤ ਪੇਤਲਾ ਹੈ। ਇਸੇ ਕਾਰਣ ਇਥੇ ਨਵੇਂ ਵਾਇਰਸਾਂ ਕਾਰਣ ਬੀਮਾਰੀਆ ਦਾ ਪੈਦਾ ਹੋਣਾ ਜਾਂ ਪੁਰਾਣੇ ਵਾਇਰਸਾਂ ਕਾਰਣ ਬੀਮਾਰੀਆਂ ਦਾ ਵਾਰ ਵਾਰ ਵਾਪਰਣਾ ਅਕਸਰ ਨਜ਼ਰ ਆਉਂਦਾ ਹੈ।

1586716574228.png
ਡਾ. ਸਿੰਘ: ਕੀ ਅਜਿਹਾ ਹਰ ਵਾਰ ਸੂਰਜੀ ਧੱਬਿਆਂ ਦੀ ਨਿਊਨਤਮ ਚਰਮਸੀਮਾ ਉੱਤੇ ਪੁੱਜਣ ਨਾਲ ਹੀ ਵਾਪਰਦਾ ਹੈ ਜਾਂ ਕੋਈ ਹੋਰ ਕਾਰਣ ਵੀ ਹੋ ਸਕਦਾ ਹੈ?
ਡਾ. ਚੌਧਰੀ:
ਇਹ ਵੀ ਜ਼ਰੂਰੀ ਨਹੀਂ ਕਿ ਸੂਰਜੀ ਧੱਬਿਆਂ ਦੀ ਨਿਊਨਤਮ ਚਰਮਸੀਮਾ ਦੌਰਾਨ, ਹਰ ਵਾਰ ਹੀ ਨਵੀਂ ਮਹਾਂਮਾਰੀ ਜਾਂ ਨਵੇਂ ਰੋਗਾਣੂੰਆ ਦਾ ਵਰਤਾਰਾ ਵਾਪਰੇ, ਅਜਿਹਾ ਵਾਪਰਣ ਦੇ ਹੋਰ ਕਾਰਣ ਵੀ ਸੰਭਵ ਹਨ। ਜਿਵੇਂ ਕਿ ਧੂਮਕੇਤੂਆਂ ਤੇ ਉਲਕਾ-ਪਿੰਡਾਂ ਦੀ ਰਹਿੰਦ-ਖੂੰਹਦ, ਜੋਂ ਧਰਤੀ ਦੇ ਵਾਯੂਮੰਡਲ ਨੂੰ ਚੀਰ ਕੇ ਇਸ ਦੀ ਸਤਹਿ ਤਕ ਪਹੁੰਚਦੀ ਹੈ, ਆਪਣੇ ਨਾਲ ਕਈ ਕਿਸਮ ਦੇ ਰੋਗਾਣੂ ਲੈ ਆਂਦੀ ਹੈ। ਪ੍ਰਸਿੱਧ ਤਾਰਾ ਵਿਗਿਆਨੀਆਂ ਫਰੈੱਡ ਹੋਇਲ ਤੇ ਚੰਦਰਾ ਵਿਕਰਮਾਸਿੰਘੇ ਦਾ ਮੰਨਣਾ ਹੈ ਕਿ ਅਜਿਹਾ ਕਾਫ਼ੀ ਹੱਦ ਤਕ ਸੰਭਵ ਹੈ।

ਡਾ. ਸਿੰਘ: ਸਰ! ਜੇ ਧੂਮਕੇਤੂਆਂ ਤੇ ਉਲਕਾ ਪਿੰਡਾਂ ਦੀ ਰਹਿੰਦ-ਖੂੰਹਦ ਧਰਤੀ ਉੱਤੇ ਡਿੱਗਦੇ ਸਮੇਂ ਆਪਣੇ ਨਾਲ ਨਵੇਂ ਰੋਗਾਣੂ ਲੈ ਆਉਂਦੀ ਹੈ ਤਾਂ ਕੀ ਇਸ ਰਹਿੰਦ-ਖੂੰਹਦ ਨੂੰ ਧਰਤੀ ਉੱਤੇ ਡਿੱਗਣ ਤੋਂ ਰੋਕਿਆ ਨਹੀਂ ਜਾ ਸਕਦਾ?
ਡਾ. ਚੌਧਰੀ:
ਮਾਹਿਰਾਂ ਅਨੁਸਾਰ, ਧੂਮਕੇਤੂਆਂ ਤੇ ਉਲਕਾ ਪਿੰਡਾਂ ਦੀ ਰਹਿੰਦ-ਖੂੰਹਦ ਅਤੇ ਪੁਲਾੜੀ ਧੂੜ ਦੀ 100 ਮੀਟਰਿਕ ਟਨ ਮਾਤਰਾ ਹਰ ਰੋਜ਼ ਸਾਡੀ ਧਰਤੀ ਦੇੇ ਵਾਯੂਮੰਡਲ ਵਿਚ ਦਾਖਿਲ ਹੁੰਦੀ ਹੈ। ਇਸ ਰਹਿੰਦ-ਖੂੰਹਦ ਦੀ ਇੰਨ੍ਹੀ ਵਧੇਰੇ ਮਾਤਰਾ ਦੀ ਹਰ ਰੋਜ਼ ਜਾਂਚ ਕਰ ਸਕਣਾ ਅਸੰਭਵ ਕਾਰਜ ਹੀ ਹੈ।

ਡਾ. ਸਿੰਘ: ਇਸ ਸਦੀ ਦੇ ਪਹਿਲੇ ਦੋਨੋਂ ਦਹਾਕਿਆਂ ਦੌਰਾਨ ਮਾਨਵਤਾ ਨੂੰ ਕਈ ਗੰਭੀਰ ਖੇਤਰੀ ਬੀਮਾਰੀਆਂ ਤੇ ਕਈ ਵਾਰ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹਾ ਕਿਉਂ?
ਡਾ. ਚੌਧਰੀ:
ਸੰਨ 2002 ਤੋਂ ਸੰਨ 2017 ਦੌਰਾਨ ਸੂਰਜੀ ਧੱਬਿਆਂ ਦੀ ਹੌਂਦ ਬਹੁਤ ਹੀ ਘੱਟ ਨਜ਼ਰ ਆਈ ਹੈ। ਜਿਸ ਕਾਰਣ ਧਰਤੀ ਨੇੜਲਾ ਚੁੰਬਕੀ ਖੇਤਰ ਪਿਛਲੇ 50 ਸਾਲਾਂ ਦੌਰਾਨ ਸੱਭ ਤੋਂ ਵਧੇਰੇ ਕਮਜ਼ੋਰ ਰਿਹਾ ਹੈ। ਜਿਸ ਕਾਰਣ ਧਰਤੀ ਵਿਖੇ ਸਮੇਂ ਸਮੇਂ ਨਵੇਂ ਵਾਇਰਸਾਂ ਜਾਂ ਪੁਰਾਣੇ ਵਾਇਰਸਾਂ ਦੇ ਬਦਲੇ ਰੂਪਾਂ ਨੇ ਕਈ ਜਗਹ ਗੰਭੀਰ ਖੇਤਰੀ ਬੀਮਾਰੀਆਂ ਨੂੰ ਤੇ ਕਈ ਵਾਰ ਮਹਾਂਮਾਰੀਆਂ ਨੂੰ ਜਨਮ ਦਿੱਤਾ। ਜਿਵੇਂ ਕਿ ਸਾਰਸ-ਕਰੋਨਾ ਵਾਇਰਸ ਸੰਨ 2002 ਵਿਚ ਚੀਨ ਵਿਖੇ ਮਹਾਂਮਾਰੀ ਦਾ ਕਾਰਣ ਬਣਿਆ। ਸੰਨ 2012 ਵਿਚ ਮਰਸ-ਕਰੋਨਾ ਵਾਇਰਸ ਮੱਧ-ਪੂਰਬ ਵਿਖੇ ਪਨਪਿਆ ਤੇ ਫਿਰ ਪੂਰੇ ਵਿਸ਼ਵ ਵਿਚ ਫੈਲ ਗਿਆ। H1N1 ਵਾਇਰਸ ਨੇ ਸੰਨ 1918/19 ਦੌਰਾਨ ਫਲੂ ਮਹਾਂਮਾਰੀ ਦੇ ਰੂਪ ਵਿਚ ਅਤੇ ਸੰਨ 1976/77 ਤੇ 2009 ਦੌਰਾਨ ਖੇਤਰੀ ਤੌਰ ਉੱਤੇ ਚੀਨ, ਭਾਰਤ ਤੇ ਕਈ ਹੋਰ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ। ਸੰਨ 2017 ਵਿਚ ਇਹ ਵਾਇਰਸ ਸ੍ਰੀ ਲੰਕਾ ਅਤੇ ਨੇੜਲੇ ਦੇਸ਼ਾਂ ਵਿਖੇ ਕ੍ਰਿਆਸ਼ੀਲ ਦੇਖਿਆ ਗਿਆ। ਸੰਨ 2013 ਵਿਚ ਫਲੂ ਦਾ A H7N9 ਵਾਇਰਸ ਪਹਿਲਾਂ ਪਹਿਲ ਪੰਛੀਆਂ ਵਿਚ ਦੇਖਿਆ ਗਿਆ ਫਿਰ ਇਹ ਮਨੁੱਖਾਂ ਵਿਚ ਮਹਾਂਮਾਰੀ ਦੇ ਰੂਪ ਵਿਚ ਫੈਲ ਗਿਆ। ਸੰਨ 1976 ਵਿਚ ਇਬੋਲਾ ਵਾਇਰਸ ਪਹਿਲੀ ਵਾਰ ਜ਼ੈਰ, ਪੱਛਮੀ ਅਫ਼ਰੀਕਾ ਵਿਖੇ ਦੇਖਿਆ ਗਿਆ, ਇਹੋ ਵਾਇਰਸ ਸੰਨ 2014 ਵਿਚ ਦੁਬਾਰਾ ਪ੍ਰਗਟ ਹੋ ਕੇ ਖੇਤਰੀ ਬੀਮਾਰੀਆਂ ਦਾ ਕਾਰਣ ਬਣਿਆ। ਜ਼ੀਕਾ ਵਾਇਰਸ ਜੋ ਬੀਹਵੀਂ ਸਦੀ ਦੇ ਛੇਵੇਂ ਦਹਾਕੇ ਦੌਰਾਨ ਸਿਰਫ਼ ਖੇਤਰੀ ਬੀਮਾਰੀ ਦੇ ਕਾਰਕ ਵਜੋਂ ਹੀ ਜਾਣਿਆ ਜਾਂਦਾ ਸੀ, ਸਮੇਂ ਦੇ ਗੁਜ਼ਰਣ ਨਾਲ ਜੇਨੇਟਿਕ ਤਬਦੀਲੀ ਦੁਆਰਾ, ਨਵੇਂ ਰੂਪ ਵਿਚ, ਵਧੇਰੇ ਘਾਤਕ ਲੱਛਣਾਂ ਨਾਲ, ਫਿਰ ਸੰਨ 2015 ਵਿਚ ਸਾਹਮਣੇ ਆਇਆ।


ਡਾ. ਸਿੰਘ: ਜੇ ਸੂਰਜੀ ਧੱਬਿਆ ਦੀ ਘਾਟ ਕਾਰਣ ਧਰਤੀ ਉਪਰਲੇ ਪੁਰਾਣੇ ਵਾਇਰਸ ਦੁਬਾਰਾ ਕ੍ਰਿਆਸ਼ੀਲ ਹੋ ਜਾਂਦੇ ਹਨ, ਜਾਂ ਨਵਾਂ ਤੇ ਘਾਤਕ ਰੂਪ ਧਾਰਣ ਕਰ ਲੈਂਦੇ ਹਨ, ਤੇ ਜਾਂ ਫਿਰ ਪੁਲਾੜ ਤੋਂ ਨਵੇਂ ਵਾਇਰਸ ਧਰਤੀ ਉੱਤੇ ਪਹੁੰਚ, ਘਾਤਕ ਬਿਮਾਰੀਆਂ ਤੇ ਮਹਾਂਮਾਰੀਆ ਨੂੰ ਜਨਮ ਦਿੰਦੇ ਹਨ ਤਾਂ ਫਿਰ ਕੋਈ ਸਾਡੇ ਕੋਲ ਅਜਿਹਾ ਢੰਗ ਨਹੀਂ ਕਿ ਅਸੀਂ ਸੂਰਜ ਉੱਤੇ ਸੂਰਜੀ ਧੱਬਿਆਂ ਦੀ ਭਰਮਾਰ ਨੂੰ ਵਧਾਉਣ ਲਈ ਕੁਝ ਕਰ ਸਕੀਏ?
ਡਾ. ਚੌਧਰੀ: ਕਾਸ਼ ਅਜਿਹਾ ਸੰਭਵ ਹੋ ਸਕਦਾ। ਅਜਿਹਾ ਸੰਭਵ ਹੋ ਸਕਣ ਦੇ ਰਾਹ ਵਿਚ ਅਨੇਕ ਅੜ੍ਹਚਣਾਂ ਹਨ। ਇਕ ਤਾਂ ਸੂਰਜ ਸਾਥੋਂ ਬਹੁਤ ਹੀ ਦੂਰ ਹੈ ਲਗਭਗ 150 ਮਿਲੀਅਨ ਕਿਲੋਮੀਟਰ ਦੂਰ। ਦੂਸਰਾ ਉਹ ਅਜਿਹਾ ਅੱਗ ਦਾ ਗੋਲਾ ਹੈ ਜਿਸ ਦੀ ਸਤਹਿ ਦਾ ਤਾਪਮਾਨ 10,000 ਦਰਜਾ ਸੈਲਸੀਅਸ ਤਕ ਹੈ। ਤੀਸਰਾ ਉਸ ਦਾ ਅਕਾਰ ਧਰਤੀ ਦੇ ਆਕਾਰ ਤੋਂ ਵੀ ਲਗਭਗ 100 ਗੁਣਾ ਵੱਡਾ ਹੈ। ਅਜਿਹੀਆਂ ਹਾਲਤਾਂ ਵਿਚ ਕੋਈ ਵੀ ਮਨੁੱਖੀ ਕਾਰਜ ਸੂਰਜ ਉਪਰਲੇ ਹਾਲਾਤਾਂ ਵਿਚ ਜ਼ਰਾ ਜਿੰਨੀ ਵੀ ਤਬਦੀਲੀ ਕਰਨ ਦੇ ਸਮਰਥ ਨਹੀਂ ਹੈ।

ਡਾ. ਸਿੰਘ : ਅੱਜ ਕਲ ਕੋਵਿਡ-19 ਮਹਾਂਮਾਰੀ ਦਾ ਬਹੁਤ ਰੌਲਾ ਹੈ। ਇਸ ਦੇ ਪੈਦਾ ਹੋਣ ਦਾ ਕਾਰਣ ਕੀ ਹੈ? ਕੀ ਇਹ ਕੋਈ ਪੁਰਾਣਾ ਵਾਇਰਸ ਹੈ ਜਾਂ ਕੋਈ ਨਵਾਂ ਵਾਇਰਸ?
ਡਾ. ਚੌਧਰੀ:
ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਵਾਇਰਸ ਬਹੁਤ ਹੀ ਸੂਖਮ ਆਕਾਰ ਵਾਲੇ ਵਿਸ਼ਾਣੂ ਹੁੰਦੇ ਹਨ ਜੋ ਲਾਗ ਦੁਆਰਾ ਫੈਲਣ ਵਾਲੀਆਂ ਬੀਮਾਰੀਆਂ ਦੇ ਕਰਤਾ ਹਨ। ਵਾਇਰਸਾਂ ਦੇ ਇਕ ਖਾਸ ਗਰੁੱਪ ਨੂੰ ਕੋਰੋਨਾ ਵਾਇਰਸ ਦਾ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂ ਕਿ ਖੁਰਦਬੀਨ ਰਾਹੀਂ ਦੇਖਣ ਦੋਰਾਨ ਉਨ੍ਹਾਂ ਦੀ ਸ਼ਕਲ, ਸੂਰਜ ਦੇ ਕਰੋਨਾ (ਸੰਪੂਰਣ ਸੂਰਜੀ ਗ੍ਰਹਿਣ ਦੇ ਵਰਤਾਰੇ ਸਮੇਂ ਸੂਰਜ ਦੀ ਟਿੱਕੀ ਗਿਰਦ ਨਜ਼ਰ ਆਉਂਦਾ ਸੂਰਜੀ ਗੈਸਾਂ ਦਾ ਚਮਕੀਲਾ ਘੇਰਾ, ਜੋ ਇਕ ਮੁਕਟ ਵਾਂਗ ਲਗਦਾ ਹੈ।) ਵਰਗੀ ਦਿੱਸਣ ਕਾਰਣ, ਇਸ ਵਾਇਰਸ ਗਰੁੱਪ ਦਾ ਨਾਂ ਕਰੋਨਾ ਰੱਖਿਆ ਗਿਆ ਹੈ।
1586716610319.png


ਕੋਵਿਡ-19 ਦੀ ਮਹਾਂਮਾਰੀ, ਆਮ ਗਲਬਾਤ ਦੌਰਾਨ ਕਰੋਨਾ ਵਾਇਰਸ ਦੁਆਰਾ ਫੈਲਾਈ ਗਈ ਦੱਸੀ ਜਾਂਦੀ ਹੈ। ਦਰਅਸਲ ਇਹ ਮਹਾਂਮਾਰੀ ਇਕ ਖਾਸ ਕਿਸਮ ਦੇ ਵਿਸ਼ਾਣੂ, ਸਾਰਸ-ਕਰੋਨਾਵਾਇਰਸ-2 (SARS-CoV-2) ਦੁਆਰਾ ਫੈਲਾਈ ਗਈ ਹੈ। ਜਿਸ ਨੂੰ ਆਮ ਸ਼ਬਦਾਂ ਵਿਚ ਨੋਵਲ ਕਰੋਨਾ ਵਾਇਰਸ ਕਿਹਾ ਜਾਂਦਾ ਹੈ ਤਾਂ ਜੋ ਪਤਾ ਰਹੇ ਕਿ ਇਹ ਪੁਰਾਣੇ ਕਰੋਨਾ ਵਾਇਰਸ ਦੇ ਨਵੇਂ ਰੂਪ ਦਾ ਪ੍ਰਗਟਾ ਹੈ। ਕਰੋਨਾ ਵਾਇਰਸ ਦਾ ਇਹ ਰੂਪ ਮਨੁੱਖਾਂ ਵਿਚ ਸੰਨ 2019 ਦੋਰਾਨ ਪਹਿਲੀਵਾਰ ਦੇਖਿਆ ਗਿਆ ਹੈ।

ਕੋਵਿਡ-19 ਮਹਾਂਮਾਰੀ ਫੈਲਾਉਣ ਵਾਲਾ ਨੋਵਲ ਕਰੋਨਾ ਵਾਇਰਸ, ਸੰਨ 2003 ਵਿਚ ਸਾਰਸ ਬੀਮਾਰੀ ਫੈਲਾਉਣ ਵਾਲੇ ਕਰੋਨਾ ਵਾਇਰਸ-1 (SARS-CoV-1) ਨਾਲ ਜੇਨੈਟਿਕ ਸੰਬੰਧਤਾ ਰੱਖਦਾ ਹੈ। ਪਰ ਇਹ ਦੋਨੋਂ ਵਾਇਰਸ ਬਹੁਤ ਹੀ ਅਲੱਗ ਅਲੱਗ ਕਿਸਮ ਦੀਆਂ ਬੀਮਾਰੀਆਂ ਦੇ ਜਨਮ-ਦਾਤਾ ਹਨ। ਨੋਵਲ ਕਰੋਨਾ ਵਾਇਰਸ ਦੁਆਰਾ ਫੈਲਾਈ ਬੀਮਾਰੀ ਨੂੰ ਸੰਖੇਪ ਵਿਚ ਕੋਵਿਡ-19 ਦਾ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਕੋਵਿਡ ਸ਼ਬਦ ਕਰੋਨਾ ਵਾਇਰਸ ਡਿਸ਼ੀਜ਼ (CO-rona-VI-rus D-isease)) ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਾਇਆ ਸ਼ਬਦ ਹੈ ਅਤੇ ਇਸ ਬੀਮਾਰੀ ਨੂੰ ਪੈਦਾ ਕਰਨ ਵਾਲੇ ਵਾਇਰਸ ਦੀ ਪਛਾਣ ਸੱਭ ਤੋਂ ਪਹਿਲਾਂ ਸੰਨ 2019 ਵਿਚ ਹੀ ਹੋਈ ਸੀ। ਵਿਸ਼ਵ ਸਿਹਤ ਸੰਸਥਾ (WHO) ਨੇ ਕੋਵਿਡ-19 ਬੀਮਾਰੀ ਦੇ ਵਿਸ਼ਵ ਭਰ ਵਿਚ ਫੈਲਾਅ ਨੂੰ ਦੇਖਦੇ ਹੋਏ, 11 ਮਾਰਚ, 2020 ਨੂੰ, ਇਸ ਨੂੰ ਮਹਾਂਮਾਰੀ ਦਾ ਨਾਮ ਦੇ ਦਿੱਤਾ।

ਡਾ. ਸਿੰਘ: ਇਸ ਮਹਾਂਮਾਰੀ ਦੇ ਮਰੀਜ਼ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ?
ਡਾ. ਚੌਧਰੀ:
ਕੋਵਿਡ-19 ਬੀਮਾਰੀ ਦੇ ਮਰੀਜ਼ ਵਿਚ ਖੰਘ, ਜ਼ੁਕਾਮ, ਸਿਰਦਰਦ, ਸਾਹ ਚੜ੍ਹਣਾ, ਸਾਹ ਲੈਣ ਵਿਚ ਦਿੱਕਤ, ਅਤੇ ਬੁਖਾਰ ਆਦਿ ਲੱਛਣ ਆਮ ਦੇਖੇ ਗਏ ਹਨ। ਬਹੁਤ ਹੀ ਗੰਭੀਰ ਹਾਲਤ ਵਾਲੇ ਬੀਮਾਰਾਂ ਵਿਚ ਨਮੂਨੀਆ ਦੀ ਸ਼ਿਕਾਇਤ ਤੇ ਸਾਹ ਲੈਣ ਵਿਚ ਬਹੁਤ ਹੀ ਮੁਸ਼ਕਲ ਭਰੀ ਹਾਲਤ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਕਈ ਵਾਰ ਤਾਂ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਨੋਵਲ ਕਰੋਨਾ ਵਾਇਰਸ ਦੀ ਲਾਗ ਲੱਗਣ ਦੇ ਚੋਦਾਂ ਦਿਨ ਦੇ ਅੰਦਰ ਅੰਦਰ ਇਸ ਬੀਮਾਰੀ ਦੇ ਲੱਛਣ ਜ਼ਾਹਿਰ ਹੋਣ ਲਗਦੇ ਹਨ।

ਡਾ. ਸਿੰਘ : ਕੋਵਿਡ-19 ਮਹਾਂਮਾਰੀ ਦਾ ਪਹਿਲਾਂ ਕੇਸ ਦਸੰਬਰ 2019 ਵਿਚ ਸਾਹਮਣੇ ਆਇਆ। ਕੀ ਇਸ ਮਹਾਂਮਾਰੀ ਦਾ ਇਸ ਖਾਸ ਸਮੇਂ ਸ਼ੁਰੂ ਹੋਣਾ, ਸੂਰਜੀ ਧੱਬਿਆਂ ਦੇ ਵਰਤਾਰੇ ਨਾਲ ਵੀ ਕੋਈ ਸੰਬੰਧ ਰੱਖਦਾ ਹੈ?
ਡਾ. ਚੌਧਰੀ:
ਬੇਸ਼ਕ ਸੂਰਜੀ ਧੱਬਿਆਂ ਦੀ ਹੌਂਦ ਬਾਰੇ ਸਤਾਰਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਪਤਾ ਲੱਗਾ। ਪਰ ਸੂਰਜੀ ਧੱਬਿਆ ਦੇ ਲਗਭਗ 11 ਸਾਲਾਂ ਦੇ ਅਰਸੇ ਵਾਲੇ ਆਵਰਤੀ (periodic) ਸੁਭਾਅ ਬਾਰੇ ਤਾਰਾ ਵਿਗਿਆਨੀ ਸੈਮੂਅਲ ਹਾਇਨਰਿਕ ਸ਼ਵਾਬ ਨੇ ਸੰਨ 1843 ਵਿਚ ਦੱਸ ਪਾਈ। ਸੰਨ 1848 ਵਿਚ ਤਾਰਾ ਵਿਗਿਆਨੀ ਰੂਡੋਲਫ਼ ਵੋਲਫ ਨੇ ਸੰਨ 1755-1766 ਵਿਚ ਵਾਪਰੇ ਸੂਰਜੀ ਧੱਬਿਆਂ ਦੇ ਪੂਰੇ ਕਾਲ-ਚੱਕਰ ਨੂੰ ਪਹਿਲੇ ਕਾਲ-ਚੱਕਰ ਦਾ ਨਾਮ ਦਿੱਤਾ। ਸੰਨ 2008 ਵਿਚ ਸੂਰਜੀ ਧੱਬਿਆਂ ਦੇ ਨਿਊਨਤਮ ਨਾਲ ਆਰੰਭ ਹੋਏ ਕਾਲ-ਚੱਕਰ ਦਾ ਨੰਬਰ 24 ਸੀ।

ਪਿਛਲੇ ਸਾਲਾਂ ਦੌਰਾਨ ਅਸੀਂ ਲੰਮੇ ਅਰਸੇ ਤੋਂ ਸੂਰਜੀ ਧੱਬਿਆਂ ਦੀ ਘਾਟ ਵਾਲੇ ਵਰਤਾਰੇ ਦਾ ਸਾਹਮਣਾ ਕਰ ਰਹੇ ਸਾਂ। ਸੰਨ 2008-09 ਦੌਰਾਨ ਸੂਰਜੀ ਧੱਬਿਆਂ ਦੀ ਸੰਖਿਆ ਨਿਊਨਤਮ ਰਹੀ। ਔਸਤਨ ਤੌਰ ਉੱਤੇ ਸੂਰਜੀ ਧੱਬਿਆਂ ਦੇ ਕਾਲ-ਚੱਕਰ ਵਿਚ 180 ਸੂਰਜੀ ਧੱਬੇ ਨਜ਼ਰ ਆਉਂਦੇ ਹਨ। ਪਰ ਸੰਨ 2008 ਵਿਚ ਸ਼ੁਰੂ ਹੋਏ ਸੂਰਜੀ ਧੱਬੇ ਕਾਲ-ਚੱਕਰ-24 ਵਿਚ ਹੁਣ ਤਕ ਸਿਰਫ਼ 116 ਧੱਬੇ ਹੀ ਨਜ਼ਰ ਆਏ ਹਨ। ਫਰਵਰੀ 2020 ਦੇ ਤਾਂ ਪੂਰੇ ਮਹੀਨੇ ਦੌਰਾਨ ਕੋਈ ਵੀ ਸੂਰਜੀ ਧੱਬਾ ਨਜ਼ਰ ਨਹੀਂ ਆਇਆ। ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਸੂਰਜੀ ਧੱਬੇ ਕਾਲ-ਚੱਕਰ-25 ਇਸੇ ਸਾਲ ਦੌਰਾਨ ਸ਼ੁਰੂ ਹੋਣ ਦਾ ਅੰਦਾਜ਼ਾ ਹੈ। ਜਿਸ ਵਿਚ ਸਿਰਫ਼ 95 ਤੋਂ 130 ਸੂਰਜੀ ਧੱਬੇ ਦਿਖਾਈ ਦੇਣ ਦਾ ਅੰਦਾਜ਼ਾ ਹੈ।

ਜਿਵੇਂ ਕਿ ਸਪਸ਼ਟ ਹੀ ਹੈ ਕਿ ਅਸੀਂ ਸੂਰਜੀ ਧੱਬਿਆਂ ਦੀ ਥੋੜ੍ਹ ਵਾਲੇ ਕਾਲ ਵਿਚੋਂ ਗੁਜ਼ਰ ਰਹੇ ਹਾਂ। ਇਹ ਥੋੜ੍ਹ, ਧਰਤੀ ਨੂੰ ਕਾਸਮਿਕ ਕਿਰਨਾਂ ਦੇ ਰਹਿਮੋ-ਕਰਮ ਉੱਤੇ ਛੱਡ ਦਿੰਦੀ ਹੈ। ਜਿਸ ਦੇ ਨਤੀਜੇ ਵਜੋਂ ਧਰਤੀ ਉੱਤੇ ਨਵੇਂ ਨਵੇਂ ਵਿਸ਼ਾਣੂੰਆਂ ਦਾ ਆਗਮਨ ਹੋਣਾ, ਪੁਰਾਣੇ ਵਿਸ਼ਾਣੂੰਆਂ ਦਾ ਦੁਬਾਰਾ ਕ੍ਰਿਆਸ਼ੀਲ ਹੋ ਜਾਣਾ ਜਾ ਪੁਰਾਣੇ ਵਿਸ਼ਾਣੂੰਆਂ ਵਿਚ ਜੇਨੇਟਿਕ ਤਬਦੀਲੀਆ ਕਾਰਣ ਉਨ੍ਹਾ ਦੇ ਨਵੇਂ ਰੂਪਾਂ ਦਾ ਪੈਦਾ ਹੋ ਜਾਣਾ ਸੁਭਾਵਿਕ ਹੋ ਜਾਂਦਾ ਹੈ। ਸੰਨ 2019 ਦੇ ਪੂਰੇ ਅਰਸੇ ਦੌਰਾਨ ਸਾਡਾ ਸੂਰਜ 224 ਦਿਨ ਸੂਰਜੀ ਧੱਬਿਆਂ ਤੋਂ ਬਿਲਕੁਲ ਹੀ ਸੱਖਣਾ ਰਿਹਾ। ਨਤੀਜਾ ਸਾਡੇ ਸਾਹਮਣੇ ਹੈ ਕਿ ਅਸੀਂ ਕਰੋਨਾ ਵਾਇਰਸ ਦੇ ਨਵੇਂ ਰੂਪ ਨੋਵਲ ਕਰੋਨਾ ਵਾਇਰਸ ਦੁਆਰਾ ਫੈਲਾਈ ਗਈ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਾਂ।

ਡਾ. ਸਿੰਘ: ਕੀ ਕੋਵਿਡ-19 ਤੋਂ ਬਚਣ ਦਾ ਕੋਈ ਉਪਾਅ ਵੀ ਹੈ?
ਡਾ. ਚੌਧਰੀ:
ਕੋਵਿਡ-19 ਮਹਾਂਮਾਰੀ ਦੇ ਮਰੀਜ਼ਾਂ ਦੇ ਇਲਾਜ ਲਈ ਅਜੇ ਕੋਈ ਵੈਕਸੀਨ ਨਹੀਂ ਖੋਜਿਆ ਜਾ ਸਕਿਆ। ਇਸ ਦਿਸ਼ਾ ਵਿਚ ਯਤਨ ਲਗਾਤਾਰ ਜਾਰੀ ਹਨ। ਜਦ ਤਕ ਨੋਵਲ ਕਰੋਨਾ ਵਾਇਰਸ ਦਾ ਐਂਟੀਡੋਟ ਨਹੀਂ ਲੱਭਿਆ ਜਾਂਦਾ ਤਦ ਤਕ ਪਰਹੇਜ਼ ਹੀ ਸੱਭ ਤੋਂ ਉੱਤਮ ਰੋਕਥਾਮ ਹੈ। ਜਿਸ ਵਿਚ ਹੱਥਾਂ ਨੂੰ ਸਾਬੁਣ ਨਾਲ ਚੰਗੀ ਤਰ੍ਹਾਂ ਵਾਰ ਵਾਰ ਧੋਣਾ, ਚਿਹਰੇ, ਅੱਖਾਂ ਤੇ ਨੱਕ ਨੂੰ ਹੱਥ ਲਗਾਣ ਤੋਂ ਗੁਰੇਜ਼ ਕਰਨਾ, ਹੋਰਨਾਂ ਤੋਂ ਸਰੀਰਕ ਤੇ ਸਮਾਜਿਕ-ਦੂਰੀ ਘੱਟੋ-ਘੱਟ 6 ਫੁੱਟ ਬਣਾਈ ਰੱਖਣਾ, ਤਾਲਾ-ਬੰਦੀ ਦੇ ਨਿਯਮ ਦੀ ਪਾਲਣਾ ਕਰਨਾ, ਬਹੁਤ ਜ਼ਰੂਰੀ ਲੋੜ ਲਈ ਘਰੋਂ ਬਾਹਰ ਜਾਂਦੇ ਸਮੇਂ ਮਾਸਕ (mask) ਦਾ ਇਸਤੇਮਾਲ ਕਰਨਾ, ਕਿਸੇ ਨੂੰ ਮਿਲਣ ਸਮੇਂ ਬਿਨ੍ਹਾਂ ਹੱਥ ਮਿਲਾਏ, ਦੂਰੋਂ ਹੀ ਹੈਲੋ, ਨਮਸਤੇ, ਸਲਾਮ ਜਾਂ ਸਤਿ ਸ੍ਰੀ ਅਕਾਲ ਕਰ ਲੈਣਾ, ਆਦਿ ਬੀਮਾਰੀ ਤੋਂ ਬਚਣ ਵਿਚ ਬਹੁਤ ਮਦਦਗਾਰ ਰਹਿੰਦੇ ਹਨ। ਭੀੜ-ਭੜੱਕੇ ਵਾਲੀਆ ਥਾਵਾਂ ਉੱਤੇ ਨਾ ਜਾਣਾ, ਤਾਲਾ-ਬੰਦੀ ਦੇ ਸਮੇਂ ਦੌਰਾਨ ਘਰ ਵਿਚ ਪਾਰਟੀਆਂ ਦਾ ਆਯੋਜਨ ਕਰਨ ਤੋਂ ਗੁਰੇਜ਼ ਕਰਣਾ ਬਹੁਤ ਉਚਿਤ ਪਰਹੇਜ਼ ਹੈ।

ਡਾ. ਸਿੰਘ: ਕੀ ਅਜਿਹੇ ਕਾਰਜ ਸੰਭਵ ਨਹੀਂ ਕਿ ਅਜਿਹੀਆਂ ਮਹਾਂਮਾਰੀਆਂ ਦੇ ਪੈਦਾ ਹੋਣ ਦੀ ਸੰਭਾਵਨਾ ਹੀ ਨਾ ਹੋਵੇ?
ਡਾ. ਚੌਧਰੀ:
ਜਿਵੇਂ ਕਿ ਮਾਹਿਰਾਂ ਦੇ ਹੁਣ ਤਕ ਕੀਤੇ ਗਏ ਖੋਜ ਕਾਰਜਾਂ ਤੋਂ ਸਪਸ਼ਟ ਹੀ ਹੋ ਗਿਆ ਹੈ ਕਿ ਸੂਰਜੀ ਧੱਬਿਆਂ ਦੇ ਵਰਤਾਰੇ ਤੇ ਮਹਾਂਮਾਰੀਆਂ ਦੇ ਵਾਪਰਣ ਵਿਚ ਸਿੱਧਾ ਸੰਬੰਧ ਹੈ। ਜ਼ਾਹਿਰ ਹੈ ਕਿ ਜਿਸ ਸਮੇਂ ਸੂਰਜੀ ਧੱਬੇ ਨਿਊਨਤਮ ਮਾਤਰਾ ਵਿਚ ਹੁੰਦੇ ਹਨ, ਉਹ ਸਮਾਂ ਸਾਡੇ ਲਈ ਚੌਕਸੀ ਦਾ ਸਮਾਂ ਹੈ ਤਾਂ ਜੋ ਅਸੀਂ ਆਪਣੇ ਚੋਗਿਰਦੇ ਵਿਚ ਮੌਜੂਦ ਵਾਇਰਸਾਂ ਤੇ ਉਨ੍ਹਾਂ ਵਿਚ ਹੋ ਰਹੀਆਂ ਸੰਭਾਵੀ ਤਬਦੀਲੀਆਂ ਦੀ ਨਜ਼ਰਸਾਨੀ ਕਰਦੇ ਰਹੀਏ। ਸਾਨੂੰ ਧਰਤੀ ਦੇ ਵਾਯੂਮੰਡਲ ਦੀ 20 ਕਿਲੋਮੀਟਰ ਤੋਂ 50 ਕਿਲੋਮੀਟਰ ਵਾਲੀ ਹਵਾਈ ਪਰਤ (stratosphere) ਵਿਖੇ ਵੀ ਅਜਿਹੇ ਵਾਇਰਸਾਂ ਦੀ ਹੌਂਦ ਨੂੰ ਜਾਨਣ, ਸਮਝਣ ਤੇ ਰੋਕਥਾਮ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣ ਦੀ ਲੋੜ ਹੈ। ਤਾਂ ਜੋ ਇਹ ਵਾਇਰਸ ਧਰਤੀ ਦੀ ਸਤਹਿ ਉੱਤੇ ਪਹੁੰਚ ਮਹਾਂਮਾਰੀਆਂ ਦੇ ਜਨਮਦਾਤਾ ਨਾ ਬਣ ਸਕਣ। ਮੋਜੂਦਾ ਵਾਇਰਸਾਂ ਅਤੇ ਉਨ੍ਹਾਂ ਦੇ ਸੰਭਾਵੀ ਨਵੇਂ ਰੂਪਾਂ ਦੇ ਖਾਤਮੇ ਲਈ ਉਚਿਤ ਵੈਕਸੀਨ/ਐਂਟੀਡੋਟ ਤਿਆਰ ਕਰਨ ਦੇ ਕਾਰਜਾਂ ਨੂੰ ਜੰਗੀ ਪੱਧਰ ਉੱਤੇ ਕਰਨ ਦੀ ਲੋੜ ਹੈ ਤਾਂ ਜੋ ਇਸ ਖੂਬਸੂਰਤ ਧਰਤੀ ਉੱਤੇ ਮਨੁੱਖ ਨਰੋਆ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕੇ। ਵਿਗਿਆਨ ਦੇ ਮਾਹਿਰਾਂ ਦੀ ਸਾਰੀ ਖੋਜ ਇਸੇ ਆਸ਼ੇ ਨੂੰ ਸਮਰਪਿਤ ਹੈ।

ਡਾ. ਸਿੰਘ: ਸਰ! ਤੁਸੀਂ ਧਰਤੀ ਤੇ ਸੂਰਜ ਦੇ ਆਪਸੀ ਸੰਬੰਧਾਂ ਬਾਰੇ ਬਹੁਤ ਹੀ ਨਵੇਂ ਤੇ ਰਹੱਸਮਈ ਭੇਤਾਂ ਦੀ ਦੱਸ ਪਾਈ ਹੈ। ਸਮੂਹ ਵਿਗਿਆਨੀਆਂ ਦੀ ਸਰਬਤ ਦੇ ਭਲੇ ਵਾਲੀ ਸੋਚ ਨੂੰ ਸਲਾਮ। ਸੱਚ ਹੀ ਇਹ ਮੁਲਾਕਾਤ ਬਹੁਤ ਹੀ ਰੌਚਕ ਰਹੀ। ਬਹੁਤ ਬਹੁਤ ਧੰਨਵਾਦ!

ਉਸ ਦਿਨ ਘਰ ਨੂੰ ਵਾਪਸ ਆਉਂਦਿਆ ਮੈਂ ਕਿੰਨ੍ਹੀ ਦੇਰ ਕੁਦਰਤ ਦੇ ਅਜਬ ਕਾਰਨਾਮਿਆਂ ਬਾਰੇ ਸੋਚਦਾ ਰਿਹਾ ਤੇ ਨਾਲ ਹੀ ਹੈਰਾਨ ਵੀ ਸਾਂ ਕਿ ਕਿਵੇਂ ਵਿਗਿਆਨੀ ਆਪਣੀ ਬੇਮਿਸਾਲ ਲਗਨ, ਅਣਥੱਕ ਤੇ ਨਿਰੰਤਰ ਯਤਨਾਂ ਨਾਲ ਕੁਦਰਤ ਦੇ ਗੁੱਝੇ ਰਹੱਸਾਂ ਦਾ ਭੇਦ ਜਾਨਣ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਾਂ। ਤਾਂ ਜੋ ਧਰਤੀ ਉੱਤੇ ਮਨੁੱਖੀ ਜੀਵਨ ਸੁਖਦ ਵੀ ਹੋ ਸਕੇ ਤੇ ਚਿਰ ਸਥਾਈ ਵੀ। ਸਾਨੂੰ ਸੱਭ ਨੂੰ ਉਨ੍ਹਾਂ ਦੀ ਇਸ ਘਾਲਣਾ ਦੀ ਦਾਦ ਦੇਣੀ ਬਣਦੀ ਹੀ ਹੈ।
---------------------------------------------------------------------------------------------------------------
 
Last edited:

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top