Literature - ਕੋਵਿਡ-19 ਕਾਰਣ ਪੈਦਾ ਹੋਏ ਹਾਲਾਤਾਂ ਬਾਰੇ ਕਹਾਣੀ; "ਤਾਲਾ-ਬੰਦੀ", ਕਹਾਣੀਕਾਰ : ਡਾ. ਡੀ. ਪੀ. ਸਿੰਘ, ਕੈਨੇਡਾ | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਕੋਵਿਡ-19 ਕਾਰਣ ਪੈਦਾ ਹੋਏ ਹਾਲਾਤਾਂ ਬਾਰੇ ਕਹਾਣੀ; "ਤਾਲਾ-ਬੰਦੀ", ਕਹਾਣੀਕਾਰ : ਡਾ. ਡੀ. ਪੀ. ਸਿੰਘ, ਕੈਨੇਡਾ

drdpsn

Writer
SPNer
Apr 7, 2006
74
55
Nangal, India
ਕੋਵਿਡ-19 ਕਾਰਣ ਪੈਦਾ ਹੋਏ ਹਾਲਾਤਾਂ ਬਾਰੇ ਕਹਾਣੀ

ਤਾਲਾ-ਬੰਦੀ

ਡਾ. ਡੀ. ਪੀ. ਸਿੰਘ, ਕੈਨੇਡਾ

1586047056303.png

ਅਪ੍ਰੈਲ ਮਹੀਨੇ ਦੇ ਮੁੱਢਲੇ ਦਿਨ ਸਨ। ਬਸੰਤ ਰੁੱਤ ਦੀ ਹਲਕੀ ਹਲਕੀ ਠੰਢ ਚਾਰੇ ਪਾਸੇ ਫੈਲੀ ਹੋਈ ਸੀ। ਸੂਰਜ ਕਾਫ਼ੀ ਦੇਰ ਪਹਿਲਾਂ ਦਾ ਡੁੱਬ ਚੁੱਕਾ ਸੀ। ਹਨੇਰੇ ਦੀ ਚਾਦਰ ਵਿਚ ਲਿਪਟਿਆ ਸ਼ਹਿਰ ਬਿਲਕੁਲ ਸ਼ਾਂਤ ਸੀ। ਖ਼ਾਮੋਸ਼ ਵਹਿ ਰਹੇ ਸਤਲੁਜ ਦਰਿਆ ਦੀ ਚਾਂਦੀ ਰੰਗੀ ਸਤਹਿ ਤੋਂ ਟਕਰਾ ਕੇ ਆ ਰਹੀ ਚੰਦ ਚਾਨਣੀ ਦੀ ਲਿਸ਼ਕੋਰ ਅਜਬ ਮਾਇਆ ਜਾਲ ਪੈਦਾ ਕਰ ਰਹੀ ਸੀ। ਵਿਕਾਸ ਨੂੰ ਸਦਾ ਇਸ ਨਜ਼ਾਰੇ ਦੀ ਤਾਂਘ ਰਹਿੰਦੀ ਸੀ। ਅਜਿਹੇ ਸਮੇਂ ਦਰਿਆ ਦੇ ਨਾਲ ਨਾਲ ਵਲ-ਵਲੇਵੇਂ ਖਾਂਦੀ ਪਗਡੰਡੀ ਉੱਤੇ ਦੇਰ ਤਕ ਘੁੰਮਣਾ, ਸਿੱਲੀ ਸਿੱਲੀ ਨਰਮ ਘਾਹ ਉੱਤੇ ਨੰਗੇ ਪੈਰ ਤੁਰਦੇ ਰਹਿਣਾ, ਉਸਦੀ ਪਹਿਲੀ ਪਸੰਦ ਸੀ। ਪਿਛੇ ਕਈ ਸਾਲਾਂ ਤੋਂ ਇਹ ਉਸ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ।

ਪਰ ਪਿਛਲੇ ਤਿੰਨ ਹਫਤਿਆਂ ਤੋਂ ਉਹ ਘਰ ਵਿਚ ਬੰਦ ਸੀ। ਸਰਕਾਰ ਵਲੋਂ ਨੋਵਲ ਕਰੋਨਾ ਵਾਇਰਸ ਕਾਰਣ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾ ਬੰਦੀ ਕਾਰਣ। 31 ਦਸੰਬਰ 2019 ਵਿਚ ਜਦੋਂ ਚੀਨ ਵਿਖੇ ਨੋਵਲ ਕਰੋਨਾ ਵਾਇਰਸ ਕਾਰਣ ਪਹਿਲੇ ਬੀਮਾਰ ਦੀ ਖ਼ਬਰ ਸਾਹਮਣੇ ਆਈ ਤਾਂ ਕੋਈ ਨਹੀਂ ਸੀ ਜਾਣਦਾ ਕਿ ਅਗਲੇ ਢਾਈ ਮਹੀਨਿਆਂ ਵਿਚ ਇਹ ਬੀਮਾਰੀ ਵਿਆਪਕ ਰੂਪ ਧਾਰਨ ਕਰ ਲਵੇਗੀ। ਮਾਰਚ 2020 ਦੇ ਦੂਜੇ ਹਫ਼ਤੇ ਵਿਸ਼ਵ ਸਿਹਤ ਸੰਸਥਾ ਨੇ ਇਸ ਬੀਮਾਰੀ ਨੂੰ ਮਹਾਂਮਾਰੀ ਹੋਣ ਦਾ ਐਲਾਨ ਕਰ ਦਿੱਤਾ। ਹੁਣ ਤਕ ਇਹ ਬੀਮਾਰੀ ਵਿਸ਼ਵ ਦੇ ਲਗਭਗ 200 ਦੇਸ਼ਾਂ ਵਿਚ ਫੈਲ ਚੁੱਕੀ ਸੀ। ਸੁਰੂ ਤੋਂ ਹੀ ਵਿਸ਼ਵ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਬੀਮਾਰੀ ਦਾ ਮੁਕਾਬਲਾ ਕਰਨ ਲਈ ਆਪੋ ਆਪਣੇ ਢੰਗਾਂ ਨਾਲ ਉਪਰਾਲੇ ਆਰੰਭ ਕਰ ਲਏ ਸਨ। ਪਰ ਇਸ ਬੀਮਾਰੀ ਦਾ ਉਚਿਤ ਇਲਾਜ ਅਜੇ ਤਕ ਕਿਸੇ ਕੋਲ ਵੀ ਨਹੀਂ ਸੀ।

1586089363242.png
ਲਗਭਗ 1.4 ਬਿਲੀਅਨ ਆਬਾਦੀ ਵਾਲੇ ਭਾਰਤ ਦੇਸ਼ ਵਿਚ, ਇਸ ਬੀਮਾਰੀ ਦਾ ਮੁਕਾਬਲਾ ਕਰਨ ਲਈ, ਨਾ ਤਾਂ ਸਹੀ ਉਪਚਾਰ ਸੁਵਿਧਾਵਾਂ ਉਪਲਬਧ ਸਨ ਤੇ ਨਾ ਹੀ ਸਹੀ ਰੋਕਥਾਮ ਨੀਤੀ। ਅਜਿਹੀ ਬਿਪਦਾ ਨਾਲ ਨਿਬੜਣ ਲਈ ਜਿਥੇ ਦੇਸ਼ ਵਿਖੇ ਮੈਡੀਕਲ ਸਹੂਲਤਾਂ ਦੀ ਵੱਡੀ ਘਾਟ ਸੀ ਉੱਥੇ ਲੋੜੀਂਦੇ ਯੰਤਰਾਂ ਤੇ ਮਾਹਿਰਾਂ ਦੀ ਵੀ ਵੱਡੀ ਲੋੜ ਸੀ। ਇਸ ਲੋੜ ਪੂਰਤੀ ਲਈ ਦੇਸ਼ ਤਿਆਰ ਨਹੀਂ ਜਾਪ ਰਿਹਾ ਸੀ। ਇਸੇ ਦੌਰਾਨ, ਦੇਸ਼ ਵਿਖੇ ਬਹੁਤ ਹੀ ਹਾਸੋ ਹੀਣੇ ਵਰਤਾਰੇ ਨਜ਼ਰ ਆਉਣ ਲੱਗੇ। ਦੇਸ਼ ਦੀ ਇਕ ਪ੍ਰਮੁੱਖ ਪਾਰਟੀ ਦੇ ਕਿਸੇ ਗਊ-ਭਗਤ ਨੇਤਾ ਨੇ ਦਾਅਵਾ ਕਰ ਮਾਰਿਆ ਕਿ ਗਾਂ ਦਾ ਮੂਤਰ ਕਰੋਨਾ ਵਾਇਰਸ ਤੋਂ ਬਚਾਉ ਦੀ ਤਾਕਤ ਰੱਖਦਾ ਹੈ ਤਾਂ ਦੇਸ਼ ਦੇ ਅਨੇਕ ਸ਼ਹਿਰਾਂ ਤੇ ਨਗਰਾਂ ਦੇ ਛੋਟੇ-ਮੋਟੇ ਕੱਦ ਵਾਲੇ ਨੇਤਾਵਾਂ ਨੇ, ਆਪਣੀ ਪਾਰਟੀ ਦੇ ਕੱਦਾਵਰ ਨੇਤਾਵਾਂ ਦੀ ਨਜ਼ਰ ਵਿਚ ਪਛਾਣ ਬਨਾਉਣ ਲਈ ਜਨ-ਸੇਵਾ ਦੇ ਬਹਾਨੇ "ਫਰੀ ਗੋ-ਮੂਤਰ ਸੇਵਨ" ਸਮਾਗਮਾਂ ਦਾ ਆਯੋਜਨ ਆਰੰਭ ਲਿਆ। ਬੇਸ਼ਕ ਅਜਿਹੇ ਸੇਵਨ ਨਾਲ ਕਈ ਲੋਕਾਂ ਦੇ ਬੀਮਾਰ ਹੋਣ ਦੀਆਂ ਖ਼ਬਰਾ ਵੀ ਸਾਹਮਣੇ ਆਈਆਂ। ਪਰ ਅੰਧ-ਭਗਤੀ ਦੇ ਮਾਹੌਲ ਵਿਚ ਅਜਿਹੇ ਸਮਾਗਮਾਂ ਦਾ ਦੌਰ ਗਰਮ ਹੀ ਰਿਹਾ। ਨੇਤਾਗਿਰੀ ਦੀ ਇਸ ਦੌੜ ਵਿਚ ਭਲਾ ਹੋਰ ਨੇਤਾ ਵੀ ਕਿਵੇਂ ਪਿੱਛੇ ਰਹਿੰਦੇ।

1586047285883.png
ਅਜਿਹੇ ਹੀ ਇਕ ਹੋਰ ਨੇਤਾ ਨੇ ਦਾਅਵਾ ਕਰ ਦਿੱਤਾ ਕਿ ਬਰੈੱਡ ਉੱਤੇ ਗਊ ਦਾ ਗੋਹਾ ਲਗਾ ਕੇ ਖਾਣ ਨਾਲ ਬੀਮਾਰੀ ਤੋਂ ਬਚਣਾ ਸੰਭਵ ਹੈ, ਕਿਸੇ ਹੋਰ ਦਾ ਦਾਅਵਾ ਸੀ ਕਿ ਪੂਰੇ ਸਰੀਰ ਉੱਤੇ ਗਊ ਦੇ ਗੋਹੇ ਦਾ ਲੇਪ ਕਰੋਨਾ ਵਾਇਰਸ ਦਾ ਸ਼ਰਤੀਆ ਇਲਾਜ ਹੈ। ਜਿਸ ਲਈ ਗਊ-ਗੋਬਰ ਲੇਪ ਇਸ਼ਨਾਨ ਦੀ ਸੁਵਿਧਾ ਆਮ ਉਪਲਬਧ ਕਰਾਏ ਜਾਣ ਦੀ ਮੰਗ ਜ਼ੋਰ ਫੜ ਗਈ। ਇਕ ਗਊ-ਭਗਤ ਦੀ ਕੰਪਨੀ ਨੇ ਤਾਂ ਕਰੋਨਾ ਬਿਮਾਰੀ ਦੇ ਇਲਾਜ ਦੇ ਰਾਮਬਾਣ ਵਜੋਂ "ਸੁੱਧ ਗਊ-ਮੂਤਰ" ਤੇ "ਸ਼ੁੱਧ ਗਊ-ਗੋਬਰ" ਸੀਲ-ਬੰਦ ਬੋਤਲਾਂ ਵਿਚ ਵੇਚਣਾ ਸ਼ੁਰੂ ਕਰ ਦਿੱਤਾ। ਇਕ ਹੋਰ ਕੰਪਨੀ ਨੇ ਗਊ ਮੂਤਰ ਤੇ ਗੋਬਰ ਅਧਾਰਿਤ ਸ਼ੈਂਪੂ, ਸਾਬੁਣ, ਆਫਟਰ-ਸ਼ੇਵ, ਦੰਤ-ਮੰਜਨ ਤੇ ਟੁੱਥ-ਪੇਸਟ ਤਕ ਮਾਰਕਿਟ ਵਿਚ ਲਿਆ ਉਤਾਰੇ। ਕਰੋਨਾ ਨੂੰ ਦੇਸ਼ ਵਿਚੋਂ ਭਜਾਉਣ ਲਈ ਪੁਜਾਰੀਆਂ ਨੇ ਥਾਂ ਥਾਂ ਹਵਨਾਂ ਦਾ ਆਯੋਜਨ ਆਰੰਭ ਕਰ ਲਿਆ। ਇਸ ਨਾਲ ਕਰੋਨਾ ਨੂੰ ਤਾਂ ਫ਼ਰਕ ਨਾ ਪਿਆ ਪਰ ਪੁਜਾਰੀਆਂ ਦੀ ਚੰਗੀ ਉਗਰਾਹੀ ਹੋ ਗਈ। ਕਿਧਰੇ ਤਾਲੀਆਂ ਤੇ ਥਾਲੀਆਂ ਵਜਾ ਕੇ ਕਰੋਨਾ ਦਾ ਵਿਰੋਧ ਕੀਤਾ ਗਿਆ ਤੇ ਕਿਧਰੇ ਮੋਮਬੱਤੀਆਂ ਤੇ ਦੀਵੇ ਜਗਾ ਕੇ। ਸੋਸ਼ਲ ਤੇ ਪ੍ਰਿੰਟ ਮੀਡੀਆ ਉੱਤੇ, ਰਾਤੋ-ਰਾਤ ਪੈਦਾ ਹੋਏ ਦੇਸੀ ਮਾਹਿਰਾਂ ਨੇ ਦੇਸੀ ਨੁਸਖਿਆਂ ਦੀ ਭਰਮਾਰ ਨਾਲ ਜਨਤਾ ਨੂੰ ਭੰਬਲਭੂਸੇ ਵਿਚ ਪਾ ਰੱਖਿਆ ਸੀ। ਅਜਿਹੇ ਅਜੀਬੋ-ਗਰੀਬ ਵਰਤਾਰਿਆਂ ਨੇ, ਵਿਗਿਆਨ ਤੇ ਟੈਕਨਾਲੋਜੀ ਦੇ ਮਾਹਿਰਾਂ ਦੀ ਸੱਭ ਤੋਂ ਵੱਡੀ ਸੰਖਿਆ ਵਾਲਾ ਦੇਸ਼ ਹੋਣ ਦਾ ਦਾਅਵਾ ਕਰਨ ਵਾਲੇ ਭਾਰਤ ਦੀ ਦਸ਼ਾ ਵਿਸ਼ਵ ਭਰ ਵਿਚ ਹਾਸੋ-ਹੀਣੀ ਬਣਾ ਦਿੱਤੀ।

ਸਰਕਾਰ ਵਲੋਂ ਐਲਾਨੀਆਂ ਸਾਵਧਾਨੀਆਂ ਖਾਸ ਕਰ ਸਮਾਜਿਕ-ਦੂਰੀ ਬਣਾਈ ਰੱਖਣ, ਮਾਸਕ ਦੀ ਉਚਿਤ ਵਰਤੋਂ ਕਰਣ ਤੇ ਹੱਥਾਂ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨ ਆਦਿ ਬਾਰੇ ਬੇਸ਼ਕ ਕੁਝ ਲੋਕਾਂ ਦਾ ਵਿਵਹਾਰ ਉਤਸ਼ਾਹ ਜਨਕ ਸੀ ਪਰ ਲੋਕਾਂ ਦੀ ਬਹੁਗਿਣਤੀ, ਇਸ ਬਾਰੇ ਸੁਯੋਗ ਜਾਣਕਾਰੀ ਦੀ ਘਾਟ ਕਰ ਕੇ ਜਾਂ ਫਿਰ ਲਾਪਰਵਾਹੀ ਕਾਰਣ, ਉਦਾਸੀਨ ਹੀ ਰਹੀ। ਸਾਵਧਾਨੀਆਂ ਨੂੰ ਅੱਖੋ-ਪ੍ਰੋਖੇ ਕਰਦੇ ਲੋਕਾਂ ਦੇ ਹਜ਼ੂਮ ਬੀਮਾਰੀ ਦੇ ਫੈਲਾਅ ਦਾ ਸਾਧਨ ਨਾ ਬਣ ਜਾਣ, ਇਹ ਦੇਖਦੇ ਹੋਏ ਸਰਕਾਰ ਨੇ ਕਈ ਜਗਹ ਕਰਫ਼ਿਊ ਵੀ ਲਗਾਇਆ। ਪਰ ਹਾਲਤ ਵਿਚ ਬਹੁਤਾ ਸੁਧਾਰ ਨਾ ਹੋਇਆ। ਸਰਕਾਰ ਵਲੋਂ, ਮੈਡੀਕਲ ਸਮੁਦਾਇ ਦੀ ਹੌਂਸਲਾ ਅਫ਼ਜਾਈ ਲਈ, ਜਨ-ਸਾਧਾਰਣ ਨੂੰ ਆਪਣੇ ਘਰਾਂ ਵਿਚੋਂ ਤਾਲੀਆਂ ਤੇ ਥਾਲੀਆਂ ਵਜਾ ਕੇ, ਆਭਾਰ ਪ੍ਰਗਟ ਕਰਨ ਦੇ ਐਲਾਨ ਨੂੰ ਲੋਕਾਂ ਢੋਲ-ਢਮੱਕੇ ਤੇ ਜਲੂਸ ਦੇ ਰੂਪ ਵਿਚ ਮਨਾਇਆ। ਜਿਸ ਦੇ ਨਤੀਜੇ ਵਜੋਂ ਸਰਕਾਰ ਨੇ ਤਾਲਾ-ਬੰਦੀ ਦਾ ਸਖ਼ਤ ਨਿਰਣਾ ਕਰ ਲਿਆ। ਤਾਲਾ-ਬੰਦੀ ਦੇ ਐਲਾਨ ਹੁੰਦੇ ਹੀ ਲੋਕਾਂ ਵਿਚ ਜਮਾਂਖੋਰੀ ਦਾ ਚਲਣ ਸਿਖ਼ਰ ਛੋਹ ਗਿਆ। ਖਾਧ-ਪਦਾਰਥਾਂ ਦੀਆਂ ਕੀਮਤਾਂ ਆਸਮਾਨ ਛੂੰਹਣ ਲੱਗੀਆਂ। ਲੋਕੀ ਰੋਜ਼-ਮਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਤੜਪਣ ਲੱਗੇ। ਬੇਸ਼ਕ ਕਈ ਸਵੈ-ਸੇਵੀ ਸੰਸਥਾਵਾਂ ਨੇ ਆਪੋ-ਆਪਣੀ ਹੈਸੀਅਤ ਅਨੁਸਾਰ ਇਸ ਸੰਕਟ ਨੂੰ ਹਰਨ ਕਰਨ ਵਿਚ ਯੋਗਦਾਨ ਪਾਇਆ ਪਰ ਬਹੁਤੀਆਂ ਸਵੈ-ਸੇਵੀ ਸੰਸਥਾਵਾਂ ਸਵੈ-ਪ੍ਰਚਾਰ ਵੱਲ ਵਧੇਰੇ ਤੇ ਨਿਸ਼ਕਾਮ ਸੇਵਾ ਵੱਲ ਘੱਟ ਰੁਚਿਤ ਸਨ।

ਤਾਲਾਬੰਦੀ ਦੇ ਸਰਕਾਰੀ ਐਲਾਨ ਨੂੰ ਪਹਿਲਾਂ-ਪਹਿਲ ਤਾਂ ਪੁਲਿਸ ਨੇ ਨਰਮੀ ਨਾਲ ਅਮਲ ਵਿਚ ਲਿਆਣ ਦੀ ਕੋਸ਼ਿਸ਼ ਕੀਤੀ ਪਰ ਅਨੇਕ ਲੋਕਾਂ ਵਲੋਂ ਤਾਲਾਬੰਦੀ ਦੇ ਲਗਾਤਾਰ ਉਲੰਘਣ ਨੇ ਸਰਕਾਰ ਤੇ ਪੁਲਿਸ ਨੁੰ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਬਹੁਤ ਵਾਰ ਲੋੜ੍ਹੀਂਦੀਆਂ ਵਸਤਾਂ ਜਾਂ ਦਵਾਈਆਂ ਦੀ ਲੋੜ ਪੂਰਤੀ ਲਈ ਲੋਕ ਅਕਸਰ ਤਾਲਾਬੰਦੀ ਦੀ ਉਲੰਘਣਾ ਕਰ ਜਾਂਦੇ। ਫਲਸਰੂਪ ਕਰਫ਼ਿਊ ਜਾਂ ਤਾਲਾਬੰਦੀ ਦਾ ਉਲੰਘਣ ਕਰਨ ਵਾਲੇ ਲੋਕਾਂ ਨੂੰ ਪੁਲਿਸ ਵਲੋਂ ਜ਼ਲੀਲ ਕਰਨ, ਬੈਠਕਾਂ ਕਢਾਉਣ, ਡਾਗਾਂ ਮਾਰਨ, ਨੱਕ ਨਾਲ ਲੀਕਾਂ ਕਢਾਉਣ ਦੀਆਂ ਖ਼ਬਰਾਂ ਆਮ ਆਉਣ ਲੱਗੀਆ। ਸਰਕਾਰ ਨੇ ਵੀ ਸਖ਼ਤ ਕਦਮ ਚੁੱਕਦੇ ਹੋਏ ਤਾਲਾਬੰਦੀ ਦਾ ਉਲੰਘਣ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਤੇ ਗ੍ਰਿਫ਼ਤਾਰ ਕਰਨ ਦੇ ਹੱਕ ਪੁਲਿਸ ਨੂੰ ਦੇ ਦਿੱਤੇ।

ਤਾਲਾਬੰਦੀ ਨੂੰ ਲਗਭਗ ਤਿੰਨ ਹਫ਼ਤੇ ਹੋ ਚੁੱਕੇ ਸਨ ਤੇ ਹਾਲਾਤ ਵਿਚ ਕੋਈ ਸੁਧਾਰ ਨਜ਼ਰ ਨਹੀਂ ਸੀ ਆ ਰਿਹਾ। ਘਰਾਂ ਵਿਚ ਬੰਦ ਲੋਕ ਬਾਹਰ ਨਿਕਲਣ ਦਾ ਬਹਾਨਾ ਭਾਲ ਰਹੇ ਸਨ। ਕਈ ਜਗਹ ਘਰੇਲੂ ਹਿੰਸਾ ਦੇ ਕੇਸ ਵੀ ਨਜ਼ਰ ਆਉਣ ਲੱਗੇ ਸਨ। ਦੇਸ਼ ਵਿਚ ਕਰੋਨਾ ਵਾਇਰਸ ਕਾਰਣ ਬੀਮਾਰ ਲੋਕਾਂ ਦੀ ਵੱਧ ਰਹੀ ਗਿਣਤੀ ਦੇ ਮੱਦੇ-ਨਜ਼ਰ ਸਰਕਾਰ ਵਲੋਂ ਤਾਲਾ-ਬੰਦੀ ਦੇ ਅਰਸੇ ਵਿਚ ਵਾਧਾ ਕੀਤਾ ਜਾਣਾ ਸਪਸ਼ਟ ਨਜ਼ਰ ਆ ਰਿਹਾ ਸੀ। ਵਿਕਾਸ ਅਜਿਹੇ ਹੀ ਦੁਖਦਾਈ ਹਾਲਾਤਾਂ ਦਾ ਸ਼ਿਕਾਰ ਸੀ।

ਅੱਜ ਸਵੇਰ ਤੋਂ ਹੀ ਉਸ ਨੂੰ ਅਚੱਵੀ ਲੱਗੀ ਹੋਈ ਸੀ ਘਰੋਂ ਬਾਹਰ ਜਾਣ ਦੀ, ਤੇ ਆਪਣਾ ਮਨਪਸੰਦ ਨਜ਼ਾਰਾ ਦੇਖਣ ਦੀ। ਆਪਣੇ ਘਰ ਵਿਚ ਇਕੱਲਾ ਉਹ ਤਿੰਨ ਹਫ਼ਤੇ ਤੋਂ ਬੰਦ ਸੀ। ਕੋਈ ਭਲਾ ਟੈਲੀਫੋਨ, ਟੀਵੀ ਜਾਂ ਕਿਤਾਬਾਂ ਨਾਲ ਕਿੰਨ੍ਹਾਂ ਚਿਰ ਮੱਥਾ ਮਾਰ ਸਕਦਾ ਹੈ। ਆਖਰਕਾਰ, ਮਨੁੱਖ ਸਮਾਜਿਕ ਜੀਵ ਹੀ ਤਾਂ ਹੈ ਤੇ ਹੋਰਨਾਂ ਦੀ ਸੰਗਤ ਭਾਲਦਾ ਹੈ। ਜੇ ਮਨੁੱਖੀ ਸੰਗਤ ਦੀ ਸੰਭਾਵਨਾ ਨਹੀਂ ਤਾਂ ਘੱਟੋ-ਘੱਟ ਕੁਦਰਤ ਦੀ ਸੰਗਤ ਮਾਨਣ ਦੀ ਤਾਂ ਇਜ਼ਾਜ਼ਤ ਹੋਣੀ ਹੀ ਚਾਹੀਦੀ ਹੈ। ਕੁਦਰਤ ਦੀ ਸੰਗਤ ਕਰਨ ਵਿਚ ਤਾਂ ਸਮਾਜਿਕ-ਦੂਰੀ ਬਣਾਈ ਰੱਖਣ ਦੇ ਨਿਯਮ ਦੀ ਉਲੰਘਣਾ ਨਹੀਂ ਹੋ ਸਕਦੀ, ਉਸ ਸੋਚਿਆ। ਚਲੋਂ, ਦਿਨ੍ਹੇ ਨਾ ਸਹੀ, ਰਾਤ ਨੂੰ ਬਾਹਰ ਕਿਸੇ ਨੂੰ ਮਿਲਣ ਦੀ ਸੰਭਾਵਨਾ ਤਾਂ ਸਿਫ਼ਰ ਹੀ ਹੋਵੇਗੀ। ਅਜਿਹੀ ਹਾਲਤ ਵਿਚ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਹੋਵੇਗਾ। ਇਸੇ ਦਲੀਲ ਦੇ ਮੱਦੇ-ਨਜ਼ਰ ਉਸ ਨੇ ਰਾਤ ਨੂੰ ਦਰਿਆ ਕਿਨਾਰੇ ਆਪਣੇ ਮਨਪੰਸਦੀਦਾ ਸਥਾਨ ਦੀ ਸੈਰ ਦਾ ਫੈਸਲਾ ਕਰ ਹੀ ਲਿਆ।

ਰਾਤ ਦੇ ਸਾਢੇ ਨੋਂ ਵੱਜ ਰਹੇ ਸਨ। ਜਿਵੇਂ ਹੀ ਉਹ ਘਰੋਂ ਬਾਹਰ ਨਿਕਲਿਆ। ਹਲਕੀ ਹਲਕੀ ਚੰਨ ਚਾਨਣੀ ਨੇ ਆਲਾ ਦੁਆਲਾ ਰੁਸ਼ਨਾਇਆ ਹੋਇਆ ਸੀ। ਚੰਨ ਚਾਨਣੀ ਵਿਚ ਦੂਰ ਤੱਕ ਨਜ਼ਰ ਆ ਰਹੀ ਸਲੇਟੀ ਰੰਗੀ ਫੁੱਟਪਾਥ ਉੱਤੇ ਉਸ ਝਾਤ ਮਾਰੀ। ਕਿਧਰੇ ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ। ਉਸ ਸੁੱਖ ਦਾ ਸਾਹ ਲਿਆ। ਅਗਲੇ ਪਲ ਉਹ ਲੰਮੇ ਲੰਮੇ ਕਦਮ ਪੁੱਟਦਾ, ਸਤਲੁਜ ਦਰਿਆ ਵੱਲ ਜਾਂਦੇ ਰਾਹ ਲਈ ਤੁਰ ਪਿਆ। ਠੰਢੀ ਠੰਢੀ ਹਵਾ ਦੀਆਂ ਲਹਿਰਾਂ ਉਸ ਦੇ ਚਿਹਰੇ ਨੂੰ ਸਹਿਲਾ ਰਹੀਆਂ ਸਨ।

ਪਿਛਲੇ ਸਾਲਾਂ ਦੌਰਾਨ, ਉਹ ਇਸ ਰਸਤੇ ਉੱਤੋਂ ਹਜ਼ਾਰਾਂ ਵਾਰ ਲੰਘਿਆ ਸੀ। ਕਈ ਕਈ ਘੰਟੇ ਦੀ ਸੈਰ ਬਾਅਦ, ਉਹ ਅੱਧੀ ਰਾਤ ਨੂੰ ਘਰ ਮੁੜਦਾ। ਰਸਤੇ ਵਿਚ ਕਾਲੀਆਂ ਬਾਰੀਆਂ ਵਾਲੀਆਂ ਝੁੱਗੀਆਂ ਤੇ ਮਕਾਨ ਨਜ਼ਰ ਪੈਂਦੇ, ਜਿਨ੍ਹਾ ਕੋਲੋਂ ਲੰਘਣਾ ਕਿਸੇ ਕਬਰਸਿਤਾਨ ਵਿਚੋਂ ਲੰਘਣ ਵਾਂਗ ਸੀ। ਬਿਲਕੁਲ ਚੁੱਪ-ਚਾਂ। ਕਦੇ ਕਦੇ ਕੋਈ ਜੁਗਨੂੰ ਇਨ੍ਹਾਂ ਬਾਰੀਆਂ ਦੇ ਹਨੇਰੇ ਵਿਚ ਟਿਮਟਿਮਾਂਦਾ ਨਜ਼ਰ ਪੈ ਜਾਂਦਾ। ਕਿਧਰੇ ਕਿਸੇ ਬਾਰੀ ਦੇ ਹਟੇ ਹੋਏ ਪਰਦੇ ਕਾਰਣ, ਕਮਰੇ ਦੀਆਂ ਅੰਦਰੂਨੀ ਦੀਵਾਰਾਂ ਉੱਤੇ ਕੋਈ ਸਲੇਟੀ ਰੰਗੀ ਪ੍ਰਛਾਈ ਨਜ਼ਰ ਪੈਦੀ। ਕਿਧਰੇ ਕਿਸੇ ਖੁੱਲੀ ਖਿੜਕੀ 'ਚੋਂ ਹਲਕੀ ਹਲਕੀ ਘੁਸਰ-ਮੁਸਰ ਕੰਨ੍ਹੀ ਪੈਂਦੀ। ਵਿਕਾਸ ਇਕ ਪਲ ਲਈ ਰੁਕਦਾ, ਫੁਸਫੁਸਾਹਟ ਵੱਲ ਬਿਨ੍ਹਾਂ ਧਿਆਨ ਦਿੱਤੇ, ਆਲੇ ਦਆਲੇ ਦੇਖਦਾ ਤੇ ਪਥਰੀਲੀ ਸੜਕ ਉੱਤੇ ਬਗੈਰ ਆਵਾਜ਼ ਕੀਤੇ ਤੁਰ ਪੈਂਦਾ।

ਕਾਫ਼ੀ ਅਰਸਾ ਪਹਿਲਾਂ ਉਸ ਨੇ ਰਾਤ ਨੂੰ ਚਹਿਲ ਕਦਮੀ ਲਈ ਸਨਿਕਰ ਪਾਣੇ ਸ਼ੁਰੂ ਕਰ ਦਿੱਤੇ ਸਨ। ਜਦ ਉਹ ਸਖਤ ਅੱਡੀ ਵਾਲੇ ਬੂਟ ਪਾਂਦਾ ਸੀ, ਪੈਰਾਂ ਦੇ ਖੜਾਕ ਕਾਰਣ ਕਈ ਵਾਰ ਕੁੱਤਿਆਂ ਦੇ ਝੁੰਡ ਭੌਂਕਦੇ ਹੋਏ, ਉਸ ਦੇ ਨਾਲ ਨਾਲ ਚੱਲਣ ਲਗਦੇ। ਜਿਸ ਕਾਰਣ ਰਾਹ ਨੇੜਲੇ ਘਰਾਂ ਵਾਲੇ ਡਰ ਜਾਂਦੇ ਕਿ ਪਤਾ ਨਹੀਂ ਕਿਹੜਾ ਬੰਦਾ ਅੱਧੀ ਰਾਤ ਨੂੰ ਬੇਵਜਹ ਤੁਰਿਆ ਫ਼ਿਰਦਾ ਹੈ। ਉਸ ਸ਼ਾਮ, ਉਸ ਨੇ ਦਰਿਆ ਦੇ ਨਾਲ ਨਾਲ ਉੱਤਰ ਦਿਸ਼ਾ ਵੱਲ ਆਪਣੀ ਸੈਰ ਸ਼ੁਰੂ ਕਰ ਲਈ। ਕੁਝ ਦੇਰ ਬਆਦ ਫੁੱਟਪਾਥ ਤੋਂ ਉੱਤਰ ਉਸ ਘਾਹ ਵਾਲੀ ਪਗਡੰਡੀ ਫੜ ਲਈ। ਰੁਮਕ ਰਹੀ ਹਵਾ, ਰੁੱਖਾਂ ਦੇ ਪੱਤਿਆਂ ਵਿਚ ਹਲਕੀ ਹਲਕੀ ਸਰਸਰਾਹਟ ਪੈਦਾ ਕਰ ਰਹੀ ਸੀ। ਨਰਮ ਸਨਿਕਰਾਂ ਦਾ, ਗੁਦਗੁਦੀ ਘਾਹ ਉੱਤੇ ਦਬਾਅ ਮਹਿਸੂਸ ਕਰਦੇ ਉਸ ਨੇ ਤਸੱਲੀ ਜਿਹੀ ਮਹਿਸੂਸ ਕੀਤੀ। ਹੋਲੇ ਹੋਲੇ ਗੁਣਗੁਣਾਂਦਾ, ਕਦੇ ਹੇਠਾਂ ਗਿਰੇ ਕਿਸੇ ਪੱਤੇ ਨੂੰ ਚੁੱਕ, ਚੰਦ ਚਾਨਣੀ ਵਿਚ ਨਿਹਾਰਦਾ, ਤੇ ਬਸੰਤ ਦੇ ਮੌਸਮ ਦੀਆਂ ਵੰਨ-ਸੁਵੰਨੀਆਂ ਮਹਿਕਾਂ ਦਾ ਆਨੰਦ ਮਾਣਦਾ, ਉਹ ਆਪਣੀ ਹੀ ਦੁਨੀਆਂ ਵਿਚ ਗੁਆਚ ਗਿਆ ਸੀ।

ਸੱਭ ਪਾਸੇ ਚੁੱਪ ਦਾ ਮਾਹੌਲ ਸੀ। ਕਿਸੇ ਪਹਾੜੀ ਵਾਦੀ ਦੇ ਅੰਬਰ ਵਿਚ ਉੱਡ ਰਹੇ ਬਾਜ਼ ਦੀ ਤੈਰ ਰਹੀ ਛਾਂ ਵਾਂਗ, ਉਸ ਦੀ ਛਾਂ ਸ਼ਾਂਤਮਈ ਮਾਹੌਲ ਵਿਚ ਚਲ ਰਹੀ ਸੀ। ਦੂਰ ਪਰੇ ਪਹਾੜੀ ਟੀਸੀ ਉੱਤੇ ਬਣੇ ਘਰ 'ਚੋਂ ਹਾਸੇ ਦੀ ਹਲਕੀ ਹਲਕੀ ਫ਼ੁਹਾਰ ਹਵਾ ਦੀਆਂ ਲਹਿਰਾਂ ਸੰਗ ਤੈਰਦੀ ਸੁਣਾਈ ਦਿੱਤੀ। ਉਹ ਠਿਠਕਿਆ ਤੇ ਪਲ ਕੁ ਲਈ ਰੁਕਿਆ। ਕੁਝ ਹੋਰ ਸੁਣਾਈ ਨਾ ਦੇਣ ਉੱਤੇ ਫਿਰ ਚਲ ਪਿਆ। ਪਹਾੜੀ ਪਗਡੰਡੀ ਦੇ ਓਬੜ-ਖਾਬੜ ਰਾਹ ਉੱਤੇ ਉਸ ਨੂੰ ਠੋਕਰ ਲੱਗੀ, ਪਰ ਉਹ ਸੰਭਲ ਗਿਆ।

1586047358959.png

ਫਿਰ ਸਤਲੁਜ ਦੇ ਲਿਸ਼ਕਾਂ ਮਾਰਦੇ ਪਾਣੀਆਂ ਕੋਲ, ਸਿੱਲੇ ਸਿੱਲੇ ਘਾਹ ਉੱਤੇ, ਨਿੰਮੀ ਨਿੰਮੀ ਠੰਢ ਦਾ ਆਨੰਦ ਮਾਣਦੇ ਉਹ ਪਤਾ ਨਹੀਂ ਕਿੰਨ੍ਹੀ ਕੁ ਦੇਰ ਬੈਠਾ ਰਿਹਾ, ਆਪਣੇ ਖਿਆਲਾਂ ਵਿਚ ਗੁਆਚਾ ਹੋਇਆ। ਮਾਹੌਲ ਦੀ ਦਿਲਕਸ਼ੀ ਨੇ ਜਿਵੇਂ ਉਸ ਨੂੰ ਬੰਨ੍ਹ ਲਿਆ ਸੀ। ਅਚਾਨਕ ਹੀ ਉਸ ਦੀ ਨਜ਼ਰ ਹੱਥ-ਘੜੀ ਉੱਤੇ ਪਈ। ਰਾਤ ਦੇ 11.45 ਵੱਜ ਚੁੱਕੇ ਸਨ। ਉਸ ਨੂੰ ਘਰ ਵਾਪਸ ਮੁੜਣ ਦਾ ਖਿਆਲ ਆਇਆ। ਉਹ ਅਣਮਣੇ ਮਨ ਨਾਲ ਉੱਠਿਆ ਤੇ ਹੌਲੇ ਹੌਲੇ ਵਾਪਸ ਤੁਰ ਪਿਆ। ਪਿਛਲੇ ਸਾਲਾਂ ਦੌਰਾਨ, ਦਿਨ ਜਾਂ ਰਾਤ ਦੇ ਸਮੇਂ, ਇਸ ਰਾਹ ਉੱਤੇ ਘੁੰਮਦਿਆਂ ਉਸ ਨੂੰ ਕਦੇ ਵੀ ਕੋਈ ਨਹੀਂ ਸੀ ਮਿਲਿਆ, ਇਕ ਵੀ ਰਾਹੀ ਨਹੀਂ।

ਹੋਲੇ ਹੋਲੇ ਪੈਰਾਂ ਹੇਠੋਂ ਘਾਹ ਦਾ ਮਖ਼ਮਲੀ ਗੱਦਾ ਗਾਇਬ ਹੋ ਗਿਆ। ਤੇ ਉਹ ਉਸ ਚੁਰਸਤੇ 'ਚ ਪਹੁੰਚ ਗਿਆ ਜਿਥੇ ਦੋ ਮੁਖ ਸੜਕਾਂ ਇਕ ਦੂਜੇ ਨੂੰ ਮਿਲ ਰਹੀਆਂ ਸਨ। ਪਹਿਲੇ ਦਿਨ੍ਹਾਂ ਵਿਚ, ਇਸ ਚੁਰਸਤੇ ਵਿਖੇ ਕਾਰਾਂ, ਬੱਸਾਂ, ਤੇ ਟਰੱਕਾਂ ਆਦਿ ਦਾ ਜਮਘਟ ਲੱਗਾ ਰਹਿੰਦਾ ਸੀ। ਵਾਹਣਾਂ ਤੋਂ ਨਿਕਲ ਰਿਹਾ ਧੂੰਆਂ, ਭੌਂਪੂਆਂ ਦੀਆਂ ਭਿੰਨ ਭਿੰਨ ਆਵਾਜ਼ਾਂ, ਤੇ ਲੋਕਾਂ ਦਾ ਰੋਲਾ ਰੱਪਾ ਆਲੇ ਦੁਆਲੇ ਦੇ ਮਾਹੌਲ ਨੂੰ ਗੜਬੜਾ ਜਾਂਦਾ ਸੀ। ਪਰ ਹੁਣ, ਇਹ ਸੜਕਾਂ, ਚੰਨ ਚਾਨਣੀ ਵਿਚ, ਸੁੱਕੀ ਨਦੀ ਦੇ ਪੱਥਰਾਂ ਜੜੇ ਤਲ ਵਾਂਗ ਜਾਪ ਰਹੀਆਂ ਸਨ।

ਚੁਰਸਤੇ ਦਾ ਘੁੰਮੇਟਾ ਪੂਰਾ ਕਰ, ਉਹ ਘਰ ਵੱਲ ਜਾ ਰਹੇ ਰਾਹ ਉੱਤੇ ਜਾ ਪੁੱਜਾ। ਅਜੇ ਉਹ ਆਪਣੇ ਘਰ ਵੱਲ ਨੂੰ ਜਾਂਦੀ ਗਲੀ ਦੇ ਮੋੜ ਕੋਲ ਹੀ ਪੁੱਜਿਆ ਸੀ ਕਿ ਇਕ ਕਾਰ ਅਚਾਨਕ ਮੋੜ ਮੁੜੀ ਤੇ ਉਸ ਨੇ ਉਸ ਉੱਤੇ ਤੇਜ਼ ਰੌਸ਼ਨੀ ਫ਼ੋਕਸ ਕਰ ਦਿੱਤੀ। ਇਕ ਪਤੰਗੇ ਦੇ ਰੌਸ਼ਨੀ ਵੱਲ ਖਿੱਚੇ ਜਾਣ ਵਾਂਗ, ਹੱਕਾ-ਬੱਕਾ ਹੋ, ਉਹ ਉਸ ਰੋਸ਼ਨੀ ਵੱਲ ਖਿੱਚਿਆ ਗਿਆ।

ਇਕ ਖਰਵ੍ਹੀ ਆਵਾਜ਼ ਸੁਣਾਈ ਦਿੱਤੀ।

"ਕੌਣ ਹੈ ਤੂੰ? ਖੜ੍ਹਾ ਰਹਿ ਜਿਥੇ ਹੈਂ। ਹਿੱਲਣਾ, ਬਿਲਕੁਲ ਨਹੀਂ।"

ਉਹ ਰੁਕ ਗਿਆ।

"ਹੱਥ ਖੜ੍ਹੇ ਕਰ ਉਪਰ ਵੱਲ। ਨਹੀਂ ਤਾਂ ਗੋਲੀ ਮਾਰ ਦਊ।" ਪੁਲਿਸ ਵਾਲੇ ਦੇ ਖਰਵ੍ਹੇ ਬੋਲ ਸਨ।

ਪਿਛਲੇ ਦਿਨ੍ਹੀਂ ਤਾਲਾ-ਬੰਦੀ ਕਾਰਣ, ਲੋਕ ਘਰੋਂ-ਘਰੀ ਹੋਣ ਕਾਰਣ, ਕਿਧਰੇ ਵੀ ਚੋਰੀ ਜਾਂ ਲੁੱਟ-ਖੋਹ ਦੀ ਕੋਈ ਵੀ ਵਾਰਦਾਤ ਸੁਣਾਈ ਨਹੀਂ ਸੀ ਦਿੱਤੀ। ਪਰ ਫਿਰ ਵੀ ਪੁਲਿਸ ਰਾਤ ਨੂੰ ਖਾਲੀ ਸੜਕਾਂ ਉੱਤੇ ਅਕਸਰ ਗੇੜਾ ਮਾਰਦੀ ਰਹਿੰਦੀ ਸੀ।

"ਕੀ ਨਾਂ ਏ ਤੇਰਾ?" ਪੁਲਿਸ ਵਾਲੇ ਦੇ ਰੁੱਖੇ ਬੋਲ ਸਨ।

ਅੱਖਾਂ ਵਿਚ ਪੈ ਰਹੀ ਤੇਜ਼ ਰੌਸ਼ਨੀ ਕਾਰਣ ਉਸ ਨੂੰ ਪੁਲਿਸ ਵਾਲਾ ਸਾਫ਼ ਸਾਫ਼ ਨਜ਼ਰ ਨਹੀਂ ਸੀ ਆ ਰਿਹਾ।

"ਵਿਕਾਸ ਸ਼ਰਮਾ।"

"ਉੱਚੀ ਬੋਲ!" ਰੋਹਬ ਭਰੀ ਆਵਾਜ਼ ਸੁਣਾਈ ਦਿੱਤੀ।

"ਵਿਕਾਸ ਸ਼ਰਮਾ।"

"ਕੀ ਕੰਮ ਕਰਦਾ ਏਂ?"

"ਜੀ! ਕਵੀ ਹਾਂ।"

"ਕੋਈ ਕੰਮ ਨਹੀਂ ਕਰਦਾ।" ਪੁਲਿਸ ਵਾਲਾ ਬੁੜਬੁੜਾਇਆ।

ਕਾਰ ਦੀ ਤੇਜ਼ ਰੌਸ਼ਨੀ ਵਿਚ ਉਹ ਇੰਝ ਨਜ਼ਰ ਆ ਰਿਹਾ ਸੀ ਜਿਵੇਂ ਕਿ ਉਹ ਕਿਸੇ ਅਜਾਇਬ ਘਰ ਦਾ ਨਮੂਨਾ ਹੋਵੇ।

"ਤੁਸੀਂ ਅਜਿਹਾ ਕਹਿ ਸਕਦੇ ਹੋ।" ਵਿਕਾਸ ਦੇ ਬੋਲ ਸਨ।

ਉਸ ਨੇ ਪਿਛਲੇ ਕਈ ਸਾਲਾਂ ਤੋਂ ਕੁਝ ਵੀ ਨਹੀਂ ਸੀ ਲਿਖਿਆ। ਮੈਗਜ਼ੀਨ ਤੇ ਕਿਤਾਬਾਂ ਹੁਣ ਵਿਕਦੀਆਂ ਨਹੀਂ ਸਨ। ਮਕਬਰਿਆਂ ਵਰਗੇ ਘਰਾਂ ਵਿਚ ਲੋਕ, ਰਾਤ ਸਮੇਂ, ਟੈਲੀਵਿਯਨ ਤੋਂ ਨਿਕਲ ਰਹੀ ਰੰਗ-ਬਰੰਗੀ ਮੱਧਮ ਰੌਸ਼ਨੀ ਵਿਚ, ਮੁਰਦਿਆ ਵਾਂਗ ਬੈਠੇ ਪਰੋਸੇ ਜਾ ਰਹੇ ਪ੍ਰੋਗਰਾਮਾਂ ਨੂੰ ਬੇਦਿਲੀ ਨਾਲ ਦੇਖਦੇ ਰਹਿੰਦੇ ਸਨ।

"ਕੋਈ ਕੰਮ ਨਹੀਂ ਕਰਦਾ।" ਫੁੰਕਾਰੇ ਵਰਗੀ ਆਵਾਜ਼ ਸੀ। "ਇਥੇ ਕੀ ਕਰ ਰਿਹਾ ਏਂ ਇਸ ਵਕਤ?"

"ਸੈਰ ਕਰ ਰਿਹਾ ਸਾਂ।" ਵਿਕਾਸ ਦੇ ਬੋਲ ਸਨ।

"ਸੈਰ ਕਰ ਰਿਹਾ ਸੀ?"

"ਜੀ ਹਾਂ।" ਉਹ ਬੋਲਿਆ। ਪਰ ਉਸ ਦਾ ਚਿਹਰਾ ਬੇਹਿੱਸ ਜਾਪ ਰਿਹਾ ਸੀ।

"ਸੈਰ! ਸਿਰਫ਼ ਸੈਰ ਜਾਂ ਕੁੱਝ ਹੋਰ!"

"ਜੀ ਸਿਰਫ਼ ਸੈਰ!"

"ਸੈਰ! ਕਿਥੇ? ਕਿਉਂ?"

"ਤਾਜ਼ੀ ਹਵਾ ਲੈਣ ਲਈ।..........ਚਾਨਣੀ ਰਾਤ ਦਾ ਨਜ਼ਾਰਾ ਦੇਖਣ ਲਈ।"

"ਤੇਰਾ ਪਤਾ?"

" ਜੀ! ਪੰਦਰਾਂ, ਅਜੀਤ ਨਗਰ।"

"ਵਿਕਾਸ ਸ਼ਰਮਾ! ਤੇਰੇ ਘਰ ਏਅਰ ਕੰਡੀਸ਼ਨਰ ਹੈ ਤੇ ਠੰਢੀ ਹਵਾ ਵੀ। ਕਿਉਂ ਹੈ ਨਾ?"

"ਜੀ"

"ਤੇ ਤੇਰੇ ਘਰ ਟੈਲੀਵਿਜ਼ਨ ਵੀ ਹੈ ਨਜ਼ਾਰੇ ਦੇਖਣ ਲਈ?"

"ਨਹੀਂ।"

"ਨਹੀਂ?" ਇਲਜ਼ਾਮੀ ਭਾਵ ਵਾਲੀ ਚਰਮਰੀ ਜਿਹੀ ਚੁੱਪ ਸੀ। "ਕੀ ਤੂੰ ਸ਼ਾਦੀ-ਸ਼ੁਦਾ ਏਂ?"

"ਨਹੀਂ।" ਉਹ ਬੋਲਿਆ।

"ਸ਼ਾਦੀ-ਸ਼ੁਦਾ ਨਹੀਂ।" ਤੇਜ਼ ਰੌਸ਼ਨੀ ਦੇ ਓਹਲੇ ਖੜ੍ਹੇ ਪੁਲਿਸ ਵਾਲੇ ਦੇ ਬੋਲ ਸਨ।

ਤਾਰਿਆਂ ਜੜ੍ਹੇ ਆਸਮਾਨ ਵਿਚ ਚੰਨ ਕਾਫ਼ੀ ਉੱਚਾ ਨਜ਼ਰ ਆ ਰਿਹਾ ਸੀ। ਸਲੇਟੀ ਰੰਗੇ ਘਰ ਚੁੱਪ-ਚਾਪ ਸਨ।

"ਕਦੇ ਮੌਕਾ ਹੀ ਨਹੀਂ ਮਿਲਿਆ।" ਹਲਕਾ ਜਿਹਾ ਮੁਸਕਰਾਂਦੇ ਵਿਕਾਸ ਬੋਲਿਆ।

"ਚੁੱਪ ਰਹਿ! ਜਦ ਤਕ ਕੁਝ ਪੁੱਛਿਆ ਨਹੀਂ ਜਾਂਦਾ।"

ਠੰਢੀ ਰਾਤ ਵਿਚ ਵਿਕਾਸ ਚੁੱਪ ਚਾਪ ਖੜ੍ਹਾ ਸੀ।

"ਸਿਰਫ਼ ਸੈਰ ਕਰ ਰਿਹਾ ਸੀ ਤੂੰ?"

"ਜੀ।"

"ਪਰ ਤੂੰ ਇਸ ਦਾ ਕਾਰਣ ਨਹੀਂ ਦੱਸਿਆ?"

"ਮੈਂ ਦੱਸਿਆ ਤਾਂ ਸੀ ਜੀ, ਹਵਾ-ਖੋਰੀ ਲਈ।"

"ਕਿੰਨੇ ਦਿਨ੍ਹਾਂ ਤੋਂ ਅਜਿਹਾ ਕਰ ਰਿਹਾ ਹੈ?"

"ਪਿਛਲੇ ਸਾਲਾਂ ਵਿਚ ਲਗਭਗ ਹਰ ਰੋਜ਼, ਪਰ ਤਾਲਾ-ਬੰਦੀ ਦੌਰਾਨ ਪਹਿਲੀ ਵਾਰ।"

ਪੁਲਿਸ ਦੀ ਕਾਰ ਗਲੀ ਦੇ ਠੀਕ ਵਿਚਕਾਰ ਖੜ੍ਹੀ ਸੀ। ਇਸ ਦੇ ਰੇਡੀਓ ਸੈੱਟ ਦੀ ਭਿੰਨਭਿਨਾਹਟ ਲਗਾਤਾਰ ਜਾਰੀ ਸੀ।

"ਠੀਕ ਹੈ।" ਪੁਲਿਸ ਵਾਲੇ ਦੇ ਬੋਲ ਸਨ।

"ਬੱਸ! ਜਾਂ ਹੋਰ ਕੁਝ?" ਵਿਕਾਸ ਨੇ ਨਿਮਰ ਭਾਵ ਨਾਲ ਪੁੱਛਿਆ।

"ਹੂੰ!.......ਇਧਰ ਆ।" ਖੁਸ਼ਕ ਜਿਹੇ ਬੋਲ ਸੁਣਾਈ ਦਿੱਤੇ।

ਅਚਾਨਕ ਦਰਵਾਜ਼ਾ ਖੁੱਲਣ ਦੀ ਚਰਮਰਾਹਟ ਸੁਣਾਈ ਦਿੱਤੀ। ਪੁਲਿਸ ਕਾਰ ਦਾ ਪਿਛਲਾ ਦਰਵਾਜ਼ਾ ਖੁੱਲ ਚੁੱਕਾ ਸੀ।

"ਚੱਲ! ਬੈਠ।"

"ਠਹਿਰੋ! ਮੈਂ ਤਾਂ ਕੁਝ ਗਲਤ ਨਹੀਂ ਕੀਤਾ।"

"ਬੈਠਦਾ ਕਿ ਦੱਸਾਂ ਤੈਨੂੰ।" ਗੁੱਸੇ ਤੇ ਰੋਹਬ ਭਰੀ ਆਵਾਜ਼ ਸੀ।

"ਪਰ ਮੇਰਾ ਜੁਰਮ ਕੀ ਹੈ?"

"ਚੱਲ ਥਾਣੇ ਚੱਲ ਸੱਭ ਪਤਾ ਲਗ ਜਾਵੇਗਾ।"

"ਪਰ ਕਿਉਂ?"

"ਬਾਹਲਾ ਅਣਜਾਣ ਨਾ ਬਣ। ਤੂੰ ਕਾਨੂੰਨ ਦੀ ਉਲੰਘਣਾ ਕੀਤੀ ਹੈ।"

"ਕਿਹੜੀ ਉਲੰਘਣਾ?

"ਹੱਛਾ! ਜਾਨਣਾ ਚਾਹੁੰਣਾ ਹੈ ਤਾਂ ਸੁਣ।........ਪਹਿਲਾਂ ਤਾਂ ਤੂੰ ਅੱਧੀ ਰਾਤ ਵੇਲੇ ਕੰਧਾਂ-ਕੋਠੇ ਟੱਪਦਾ ਫੜ੍ਹਿਆ ਗਿਆ ਏ। ਦੂਸਰਾ ਤੇਰਾ ਕਸੂਰ ਹੈ ਤਾਲਾਬੰਦੀ ਦੀ ਉਲੰਘਣਾ, ਤੀਸਰਾ ਕਸੂਰ ਹੈ ਕਾਨੂੰਨੀ ਕੰਮ ਵਿਚ ਰੁਕਾਵਟ ਤੇ ਮੌਕੇ ਦੇ ਅਫ਼ਸਰ ਨਾਲ ਜਵਾਬ-ਤਲਬੀ, ਚੌਥਾ.........ਚੋਰੀ ਜਾਂ ਕਤਲ ਦਾ ਇਰਾਦਾ ਵੀ ਹੋ ਸਕਦਾ ਹੈ।"

"ਮੇਰਾ ਤਾਂ ਅਜਿਹਾ ਕੋਈ .........." ਬੋਲ ਅਜੇ ਉਸ ਦੇ ਮੂੰਹ ਵਿਚ ਹੀ ਸਨ, ਕਿ ਪੁਲਿਸ ਵਾਲੇ ਨੇ ਅੱਗੇ ਵੱਧ, ਉਸ ਨੂੰ ਕਾਲਰ ਤੋਂ ਫੜ੍ਹ ਕਾਰ ਵੱਲ ਖਿੱਚ ਲਿਆ।

ਉਹ ਲੜਖੜਾ ਗਿਆ। ਗੁੱਸੇ ਨਾਲ ਭਰੇ ਪੀਤੇ ਪੁਲਿਸ ਵਾਲੇ ਨੇ ਉਸ ਨੂੰ ਧੱਕਾ ਦੇ ਕਾਰ ਦੀ ਪਿਛਲੀ ਸੀਟ ਉੱਤੇ ਸੁੱਟ ਦਿੱਤਾ ਤੇ ਕਾਰ ਦਾ ਦਰਵਾਜ਼ਾ ਪੂਰੇ ਜ਼ੋਰ ਨਾਲ ਠਾਹ ਮਾਰਿਆ। ਠਾਹ ਦੀ ਉੱਚੀ ਆਵਾਜ਼ ਰਾਤ ਦੇ ਸੰਨਾਟੇ ਨੂੰ ਚੀਰ ਗਈ। ਨੇੜਲੇ ਕੁਝ ਕੁ ਘਰਾਂ ਦੀਆਂ ਬੱਤੀਆਂ ਜਗ ਪਈਆਂ, ਪਰ ਬਾਹਰ ਕੋਈ ਨਾ ਨਿਕਲਿਆ।

ਕਾਰ ਦੀ ਪਿਛਲੀ ਸੀਟ ਉੱਤੇ ਡਿੱਗੇ ਵਿਕਾਸ ਨੂੰ, ਆਲੇ ਦੁਆਲੇ ਫੈਲੀ ਪਸੀਨੇ, ਸ਼ਰਾਬ ਤੇ ਸਿਗਰਟਾਂ ਦੀ ਬਦਬੂ ਨੇ ਘੇਰ ਲਿਆ ਸੀ। ਕਾਰ ਦੀ ਸਖ਼ਤ ਸੀਟ ਉਸ ਨੂੰ ਡਾਢੀ ਅਸੁਖਾਂਵੀ ਲਗ ਰਹੀ ਸੀ। ਇਹ ਸਚਮੁੱਚ ਹੀ ਕਿਸੇ ਮਿੰਨੀ ਜੇਲ ਵਿਚ ਬੰਦ ਹੋਣ ਵਰਗਾ ਅਹਿਸਾਸ ਸੀ।

"ਜੇ ਤੇਰਾ ਕੋਈ ਵਾਕਿਫ਼ ਤੇਰੀ ਜ਼ਮਾਨਤ ਦੇ ਸਕੇ।" ਰੁੱਖੀ ਆਵਾਜ਼ ਦੇ ਬੋਲ ਸਨ। "ਤਾਂ .........."

"ਪਰ, ਤੁਸੀਂ ਮੈਨੂੰ ਲਿਜਾ ਕਿੱਥੇ ਰਹੇ ਹੋ?"
1586047390988.png


"ਸਦਰ ਥਾਣਾ।" ਪੁਲਿਸ ਮੈਨ ਡਰਾਇਵਰ ਸੀਟ ਉੱਤੇ ਬੈਠਦਿਆਂ ਬੋਲਿਆ।

ਕਾਰ ਦੇ ਸਟਾਰਟ ਹੋਣ ਦੀ ਆਵਾਜ਼ ਸੁਣਾਈ ਦਿੱਤੀ।

ਤੇ ਅਗਲੇ ਹੀ ਪਲ ਆਪਣੀਆਂ ਮੱਧਮ ਹੈੱਡ-ਲਾਇਟਾਂ ਨਾਲ, ਰਾਤ ਦੇ ਹਨੇਰੇ ਨੂੰ ਚੀਰਦੀ ਇਕ ਕਾਰ ਸੜਕ ਉੱਤੇ ਦੌੜ੍ਹੀ ਜਾ ਰਹੀ ਸੀ।
-------------------------------------------------------------------------------------------------------------------------------------
 
Last edited:

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This shabad is by Guru Nanak Dev ji, and is found on Ang 1331 of Sri Guru Granth Sahib ji. Some of the key words have been translated for you, but you may have a better translation. Some words...

SPN on Facebook

...
Top