• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) Travels Of Guru Nanak In Punjab 5

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-5

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਹੋਵਾਲ

ਗੁਰੂ ਨਾਨਕ ਦੇਵ ਜੀ ਸਾਹੋਵਾਲ ਆਏ ਜੋ ਕਿ ਸਿਆਲਕੋਟ ਤੋ 8 ਕਿਲਮੀਟਰ ਦੀ ਦੂਰੀ ਤੇ ਹੈ । ਏਥੇ ਗੁਰੂ ਜੀ ਕੁਝ ਦਿਨ ਤਲਾਬ ਦੇ ਨੇੜੇ ਬੇਰ ਦੇ ਦਰਖਤ ਥਲੇ ਰਹੇ ਜਿਸ ਨੂੰ ਪਿਛੋਂ ਇਕ ਸਰੋਵਰ ਦਾ ਰੂਪ ਦਿਤਾ ਗਿਆ ਜੋ ਨਾਨਕਸਰ ਨਾਮ ਨਾਲ ਪ੍ਰਸਿਧ ਹੈ। ਇਥੇ ਜੋ ਯਾਦਗਰ ਸਥਿਤ ਹੈ ਉਸਨੂੰ ਵੀ ਗੁਰਦਵਾਰਾ ਨਾਨਕਸਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ । ਪੁਰਾਣਾ ਬੇਰ ਦਾ ਦਰਖਤ ਜੋ ਗੁਰਦੁਆਰਾ ਕੰਪਲੈਕਸ ਵਿਚ ਮੋਜੂਦ ਸੀ ਬਟਵਾਰੇ ਵੇਲੇ ਨੁਕਸਾਨਿਆ ਗਿਆ ਸੀ ਅਤੇ ਹੁਣ ਇਸ ਦੀ ਹੋਂਦ ਚਿੰਤਾ ਦਾ ਵਿਸ਼ਾ ਹੈ।



ਪਸਰੂਰ ਅਤੇ ਮਿੱਠਣ ਦਾ ਕੋਟਲਾ

ਗੁਰੂ ਨਾਨਕ ਦੇਵ ਜੀ ਇਸ ਤੋ ਬਾਅਦ ਪਸਰੂਰ ਅਤੇ ਮਿੱਠਣ ਦੇ ਕੋਟਲੇ ਵੱਲ ਰਵਾਨਾ ਹੋਏ ਜਿਥੇ ਮਿਠਣ ਸ਼ਾਹ ਦੇ ਹੰਕਾਰ ਨੂੰ ਸਾਂਤ ਕੀਤਾ ਲੋਕਾ ਦੇ ਵਿਚਾਰਾਂ ਨੂੰ ਬਦਲ ਕੇ ਪ੍ਰਮਾਤਮਾਂ ਨਾਲ ਜੋੜਿਆ। ਮਿਠਣ ਸ਼ਾਹ ਹਿੰਦੂਆਂ ਨੂੰ ਮੁਰਦਿਆਂ ਦਾ ਸਸਕਾਰ ਨਹੀਂ ਸੀ ਕਰਨ ਦਿੰਦਾ ਤੇ ਦਬਣ ਲਈ ਕਹਿੰਦਾ ਸੀ । ਗੁਰੂ ਨਾਨਕ ਨੇ ਮਿਠਣ ਸ਼ਾਹ ਤੇ ਹਾਜ਼ਰ ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਵੱਖਰੇ ਵੱਖਰੇ ਰਸਤਿਆਂ ਬਾਰੇ ਦਸਿਆ ਅਤੇ ਮਿਰਤਕ ਦੇਹ ਨੂੰ ਦਬਾਉਣ ਦੀ ਥਾਂ ਵਾਤਾਵਰਨ ਨੂੰ ਸ਼ੁਧ ਰਖੱਣ ਦੇ ਮੰਤਵ ਨਾਲ ਅਗਨ ਭੇਟ ਕਰਨ ਦੇ ਫਾਇਦੇ ਦੱਸੇ । ਗੁਰੂ ਸਾਹਿਬ ਦੇ ਗੱਲ ਮਿਠਣ ਸ਼ਾਹ ਤੇ ਸਾਰੇ ਹਾਜ਼ਰ ਲੋਕ ਸਮਝ ਗਏ । ਇਸ ਪਿਛੋਂ ਹਿੰਦੂਆ ਨੂੰ ਮਿਰਤਕ ਦੇਹਾਂ ਨੂੰ ਅਗਨ ਭੇਟ ਕਰਨ ਦੀ ਆਗਿਆ ਮਿਲ ਗਈ ।

ਮਾਣਕ ਦੇਕੇ, ਲਾਹੌਰ

1576151006365.png


ਗੁਰਦੁਆਰਾ ਪਹਿਲੀ ਪਾਤਸ਼ਾਹੀ, ਮਾਣਕ ਦੇਕੇ, ਲਾਹੌਰ



ਪਿੰਡ ਮਾਨਕ ਦੇਕੇ ਕਸੂਰ ਜਿਲ੍ਹੇ ਦੇ ਚੂਨੀ ਤਹਿਸੀਲ ਵਿਖੇ ਸਥਿਤ ਹੈ ਜੋ ਕਿ ਕੰਗਨਪੁਰ ਰੇਲਵੇ ਸਟੇਸ਼ਨ ਤੋ 2 ਕਿਲਮੀਟਰ ਦੀ ਦੂਰੀ ਤੇ ਹੈ । ਪਿੰਡ ਦੇ ਲੋਕਾਂ ਨੇ ਪਹਿਲਾਂ ਤਾਂ ਗੁਰੂ ਸਾਹਿਬ ਦਾ ਸਵਾਗਤ ਕੀਤਾ ਪਰ ਬਾਅਦ ਵਿਚ ਠੱਠਾ-ਮਜ਼ਾਕ ਉਡਾਇਆ । ਗੁਰੂ ਨਾਨਕ ਦੇਵ ਜੀ ਨੇ ਪਿੰਡ ਛੱਡ ਦਿਤਾ ਅਤੇ ਪਿੰਡ ਤੋ ਬਾਹਰ ਇਕ ਜਗ੍ਹਾ ਤੇ ਡੇਰਾ ਪਾ ਕੇ ਰਹਿਣ ਲਗੇ। ਕੁਝ ਪਿੰਡ ਵਾਲਿਆ ਨੂੰ ਗੁਰੂ ਜੀ ਤੋਂ ਪਿੰਡੋਂ ਬਾਹਰ ਰਹਿਣ ਦਾ ਕਾਰਣ ਪੁਛਿਆ ਤਾਂ ਗੁਰੂ ਜੀ ਨੰ ਕਿਹਾ ਕਿ ਉਹ ਪਾਜੀ ਹਨ ਜੋ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਹਨ। ਇਸ ਪਿਛੋਂ ਇਸ ਪਿੰਡ ਦਾ ਨਾਮ ‘ਪਾਜੀ’ ਪੈ ਗਿਆ।ਜਿਥੇ ਗੁਰੂ ਸਾਹਿਬ ਨੇ ਡੇਰਾ ਲਾਇਆ ਉਸ ਦਾ ਨਾਮ ਮਾਣਕ ਪੈ ਗਿਆ ਅਤੇ ਉਹ ਇਕ ਵਡਾ ਪਿੰਡ ਬਣ ਗਿਆ ਤੇ ਹੁਣ ਇਕ ਪੱਕੀ ਸੜਕ ਉਸ ਪਿੰਡ ਨੂੰ ਜਾਂਦੀ ਹੈ ।ਗੁਰੂ ਦੀ ਯਾਦ ਵਿਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਬਣਿਆ ਜੋ 82 ਘੁਮਾਂ ਜ਼ਮੀਨ ਵਿਚ ਸਥਿਤ ਇਕ ਵਿਸ਼ਾਲ ਕਪਲੈਕਸ ਸੀ ਜਿਸ ਵਿਚ 1947 ਦੀ ਵੰਡ ਤੋ ਪਹਿਲਾ ਬਾਰਾਦਰੀ, ਦਿਵਾਨ ਹਾਲ ਅਤੇ ਗੁਰਦਵਾਰੇ ਦੀ ਦੇਖ ਭਾਲ ਕਰ ਵਾਲੇ ਉਦਾਸੀ ਸਾਧੂਆਂ ਦੀਆਂ ਸਮਾਧਾਂ ਸਨ । ਗੁਰਦੁਆਰਾ ਹੁਣ ਹੋਂਦ ਵਿਚ ਨਹੀ ਹੈ ਅਤੇ ਗੁੰਬਦ ਵੀ ਢਹਿ ਗਿਆ ਹੈ।


ਗੁਰਦੁਆਰਾ ਛੋਟਾ ਨਨਕਾਣਾ, ਹੁਜਰਾ ਸ਼ਾਹ ਮੁਕੀਮ, ਉਕਾੜਾ

ਹੁਜਰਾ ਸਾਹਿਬ ਮੁਕੀਮ ਤੋ ਬਗਾ ਅਵਾਨ ਵੱਲ ਜਾਂਦੀ ਸੜਕ ਉਤੇ ਸ਼ਹਿਰ ਤੋਂ ਲਗਭਗ ਇਕ ਕਿਲਮੀਟਰ ਦੀ ਦੁੂਰੀ ਤੇ ਸਥਿਤ ਗੁਰਦੁਆਰਾ ਛੋਟਾ ਨਨਕਾਣਾ ਹੈ । ਗੁਰੂ ਨਾਨਕ ਦੇਵ ਜੀ ਮਾਣਕ ਦੇ ਤੋਂ ਚਲਦੇ ਹੋਏ ਇਸ ਸਥਾਨ ਤੇ ਆਏ । ਇਕ ਸਮਂੇ ਇਹ ਬੜਾ ਸੁੰਦਰ ਗੁਰ ਅਸਥਾਨ ਸੀ ਪਰ ਹੁਣ ਉਥੇ ਕੇਵਲ ਖੇਤ ਹੀ ਹਨ । ਭਾਵੇਂ ਕਿ ਇਥੋਂ ਦੀ ਮੁਸਲਮਾਨ ਅਬਾਦੀ ਇਸ ਨੂੰ ਛੋਟੇ ਨਨਕਾਣੇ ਦੇ ਨਾਮ ਨਾਲ ਜਾਣਦੀ ਹੈ। ਇਸ ਪਿੰਡ ਵਿੱਚ 9.5 ਘੁਮਾਂ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਤੇ ਹੈ। ਇਸ ਤੋ ਇਲਾਵਾ ਗੁਰਦੁਆਰਾ ਸਾਹਿਬ ਦੀ ਹੋਰ ਵੀ ਕਈ ਪਿੰਡਾਂ ਵਿਚ ਜ਼ਮੀਨ ਹੇੈ । ਹੁਣ ਇਕ ਬੋਹੜ ਅਤੇ ਇਕ ਖੂਹ ਗੁਰੂ ਸਾਹਿਬ ਦੇ ਫੇਰੀ ਦੀ ਯਾਦ ਕਰਵਾਉਂਦੇ ਹਨ ।



ਛਾਂਗਾ ਮਾਂਗਾ

1576151046498.png


ਗੁਰਦੁਆਰਾ ਨਾਨਕਿਆਣਾ ਸਾਹਿਬ, ਮਾਂਗਾ

ਇਸ ਤੋ ਅੱਗੇ ਉਹ ਛਾਂਗਾ ਮਾਂਗਾ ਪਿੰਡ ਦੇ ਬਾਹਰ ਜੰਗਲ ਵਿੱਚ ਠਹਿਰੇ ਜਿਥੇੋ ਗੁਰਦੁਆਰਾ ਨਨਕਾਣਾ ਤਲਾਬ ਬਣਿਆ । ਛਾਂਗਾ ਮਾਂਗਾ ਲਾਹੌਰ ਦੇ ਦੱਖਣ ਪਛਮ ਵਿਚ 40 ਕਿਲਮੀਟਰ ਦੀ ਦੂਰੀ ਤੇ ਹੈ ਅਤੇ ਲਾਹੌਰ-ਮੁਲਤਾਲ ਹਾਈਵੇ ਤੇ ਪੈਂਦਾ ਹੈ । ਗੁਰੂ ਸਾਹਿਬ ਤਲਵੰਡੀ ਤੋ ਮੁੜਦੇ ਹੋਏ ਸੁਲਤਾਨ ਪੂਰ ਜਾਂਦੇ ਹੋਏ ਇਸ ਸਥਾਨ ਤੇ ਆਏ।ਇਕ ਸਾਧੂ ਰਾਜਸੰਤ ਨੂੰ ਇਸ ਸਥਾਨ ਤੇ ਗਿਆਨ ਪ੍ਰਾਪਤ ਹੋਇਆ ।ਸਿੱਖ ਰਾਜ ਵੇਲੇ ਗੁਰਦੁਆਰਾ ਸਾਹਿਬ ਦੇ ਨਾਮ 135 ਏਕੜ ਜ਼ਮੀਨ ਸੀ ਜੋ 1947 ਦੀ ਵੰਡ ਪਿਛੋਂ ਜਸਟਿਸ ਮੌਲਵੀ ਮੁਸ਼ਤਾਕ ਦੇ ਪਰਿਵਾਰ ਦੇ ਕਬਜ਼ੇ ਵਿਚ ਹੈ।

ਪਾਕਪਟਨ

ਜਦ ਗੁਰੂ ਨਾਨਕ ਦੇਵ ਜੀ ਪਾਕਪਟਨ ਪਹੁੰਚੇ, ਤਦ ਸ਼ੇਖ ਇਬਰਾਹਮ ਫਰੀਦ ਸਾਨੀ ਪਾਕਪਟਨ ਵਿਚ ਖਾਨਕਾਹ ਦੇ 12ਵਂੇ ਸ਼ੇਖ ਫਰੀਦ ਸਯਦਾ ਨਸ਼ੀਨ ਸਨ । ਜਦੋ ਗੁਰੂ ਨਾਨਕ ਦੇਵ ਜੀ ਉਨ੍ਹਾˆ ਨੰੁੰੂ ਮਿਲੇ, ਤਾਂ ਉਹ ਬੜੇ ਜਵਾਨ ਅਤੇ ਅਪਣੀ ਸਮਝਦਾਰੀ ਲਈ ਜਾਣੇ ਜਾˆਦੇ ਸਨ । ਜਦ ਕਸਬੇ ਤਂੋ ਬਾਹਰ ਗੁਰੂ ਨਾਨਕ ਸਾਹਿਬ ਨੇ ਬਾਣੀ ਦਾ ਉਚਾਰਣ ਕੀਤਾ,“ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ੲੈਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥ (ਮਲ੍ਹਾਰ ਵਾਰ ਪੰਨਾ 1291) ਜੋ ਇਬਰਾਹਮ ਦੇ ਇਕ ਚੇਲੇ ਕਮਾਲ ਨੇ ਇਹ ਸੁਣਿਆਂ ਜੋ ਲਕੜਾਂ ਇਕੱਠੀਆਂ ਕਰਨ ਆਇਆ ਹੋਇਆ ਸੀ ।ਸ਼ਬਦ ਸੁਣ ਕੇ ਕਮਾਲ ਗੁਰੂ ਨਾਨਕ ਦੇਵ ਜੀ ਕੋਲ ਗਿਆ ਤੇ ਇਸ ਸ਼ਬਦ ਦਾ ਅਰਥ ਪੁਛਿਆ । ਗੁਰੂ ਸਾਹਿਬ ਨੇ ਸਮਝਾਇਆ ਕਿ ‘ਸਾਰੀ ਦੁਨੀਆਂ ਦੇ ਲੇਖ ਲਿਖਣ ਵਾਲਾ ਤਾਂ ਇਕੋ ਪ੍ਰਮਾਤਮਾਂ ਹੀ ਹੈ । ਜੇ ਉਹ ਇਕ ਹੀ ਸਭ ਦਾ ਰਚਣਹਾਰਾ ਤੇ ਭਾਗ ਉਲੀਕਣ ਵਾਲਾ ਹੈ ਤਾਂ ਫਿਰ ਦੁਨੀਆਂ ਦੂਜਿਆਂ ਨੂੰ ਕਿਉਂ ਮੰਨਦੀ ਪੂਜਦੀ ਫਿਰਦੀ ਹੈ?” ਗੁਰੂ ਜੀ ਦੇ ਬੜੇ ਪਿਆਰ ਨਾਲ ਸਮਝਾਏ ਇਨ੍ਹਾਂ ਸ਼ਬਦ ਅਰਥਾਂ ਨੇ ਕਮਾਲ ਦਾ ਮਨ ਮੋਹ ਲਿਆ ਤਾਂ ਉਸ ਸ਼ੇਖ ਇਬਰਾਹਮ ਕੋਲ ਗੁਰੂ ਜੀ ਦੀ ਪ੍ਰਸੰਸਾ ਕਰਦਿਆਂ ਕਿਹਾ, “ਮੈਂ ਅਜ ਇਕ ਮਹਾਨ ਸੰਤ ਦੇ ਦਰਸ਼ਨ ਕੀਤੇ ਹਨ ਜੋ ਲਗਦਾ ਤਾਂ ਹਿੰਦੂ ਹੈ ਪਰ ਉਸ ਦੇ ਵਿਚਾਰ ਕੁਰਾਨ ਅਨੁਸਾਰ ਹਨ। ਉਹ ਵੀ ਇਕ ਅੱਲਾ ਬਾਰੇ ਹੀ ਗਾਉਂਦਾ ਹੈ ਤੇ ਸਭ ਨੂੰ ਉਸੇ ਕਲਮ ਦੀ ਲੇਖਣੀ ਦਸਦਾ ਹੈ ਉਵੇਂ ਜਿਵੇਂ ਕੁਰਾਨ ਵਿਚ ਲਿਖਿਆ ਹੈ।ਉਸ ਦੇ ਮੁੱਖ ਤੇ ਅੰਤਾਂ ਦਾ ਜਲਾਲ ਹੈ ਜਿਸ ਤੋਂ ਜ਼ਾਹਿਰ ਹੈ ਕਿ ਉਸਨੂੰ ਅੱਲਾ ਦੀ ਪ੍ਰਾਪਤੀ ਹੋ ਗਈ ਹੈ” ।ਇਹ ਸੁਣ ਕੇ ਸ਼ੇਖ ਇਬਰਾਹਮ ਸੋਚਾਂ ਵਿਚ ਪੈ ਗਿਆ, “ਹਿੰਦੂ ਨੂੰ ਅੱਲਾ ਦੀ ਪ੍ਰਾਪਤੀ ਕਿਵੇਂ ਹੋ ਗਈ?” ਅਪਣਾ ਸ਼ਕ ਦੂਰ ਕਰਨ ਲਈ ਉਸਨੇ ਕਮਲ ਨੂੰ ਗੁਰੂ ਨਾਨਕ ਦੇਵ ਜੀ ਤੋਂ ਇਕ ਸਵਾਲ ਪੁੱਛਣ ਲਈ ਕਿਹਾ, “ਪ੍ਰਮਾਤਮਾਂ ਇਕ ਹੈ ਪਰ ਰਸਤੇ ਦੋ ਹਨ ਹਿੰਦੂ ਅਤੇ ਮੁਸਲਿਮ। ਇਨ੍ਹਾਂ ਵਿੱਚੋਂ ਕਿਹੜਾ ਰਸਤਾ ਅੱਲਾ ਤਕ ਪਹੁੰਚਾਉਂਦਾ ਹੈ ਜਿਸ ਨੂੰ ਅਪਣਾਈਏ ਤੇ ਕਿਸ ਰਸਤੇ ਨੂੰ ਨਕਾਰੀਏ?” ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿਤਾ, “ਪ੍ਰਮਾਤਮਾਂ ਇਕ ਹੈ ।ਉਸ ਦਾ ਰਸਤਾ ਵੀ ਇਕੋ ਹੈ ਤੇ ਉਹ ਹੈ ਸੱਚ ਦਾ । ਸੱਚ ਅਪਣਾਉ ਤੇ ਝੂਠ ਨਕਾਰੋ”। ਜਵਾਬ ਤੋਂ ਪ੍ਰਭਾਵਿਤ ਹੋ ਕੇ ਸ਼ੇਖ ਇਬਰਾਹਮ ਇਕ ਦਮ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਚਲ ਪਏ । ਪਹੁੰਚ ਕੇ ਸ਼ੇਖ ਇਬਰਾਹਮ ਨੇ ਗੁਰੂ ਜੀ ਨੂੰ ਸਿੱਧਾ ਸਵਾਲ ਪਾਇਆ, “ਤੁਸੀਂ ਹਿੰਦੂ ਹੋ ਯਾ ਮੁਸਲਮਾਨ?” । ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿਤਾ, “ਜੇ ਮੈ ਕਿਹਾ ਕਿ ਮੈ ਹਿੰਦੂ ਹਾˆ ਤਾਂ ਇਹ ਝੂਠ ਹੋਵੇਗਾ।ਮੈ ਮੁਸਲਿਮ ਵੀ ਨਹੀ ਹਾˆ” । ਅੱਗੇ ਬੋਲੇ “ਹਿੰਦੂ ਅਤੇ ਮੁਸਲਮਾਨ ਦਾ ਸਰੀਰ ਤੇ ਰਤ ਇਕੋ ਪਦਾਰਥ ਦਾ ਬਣੇ ਹੋਏ ਹਨ । ਇਸ ਲਈ ਮੈਨੂੰ ਦੋਨਾਂ ਵਿਚ ਕੋਈ ਫਰਕ ਨਜ਼ਰ ਨਹੀ ਆਉˆਦਾ। ਇਕੋ ਪ੍ਰਮਾਤਮਾਂ ਹੀ ਸਾਰੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਵਸਦਾ ਹੈ । ਇਕੋ ਪ੍ਰਮਾਤਮਾਂ ਸਭ ਦੇ ਕਰਮਾਂ ਨੂੰ ਵਾਚਦਾ ਹੈ । ਜੋ ਉਸ ਇਕ ਪ੍ਰਮਾਤਮਾਂ ਨੂੰ ਸਚਾਈ ਅਤੇ ਇਮਾਨਦਾਰੀ ਨਾਲ ਧਿਆਉਂਦਾ ਹੈ ਉਹ ਹੀ ਉਸ ਤੋ ਗਿਆਨ ਅਤੇ ਪਿਆਰ ਪ੍ਰਾਪਤ ਕਰਦਾ ਹੈ । ਹਿੰਦੂ ਅਤੇ ਮੁਸਲਮਾਨ ਦੇ ਚੰਗੇ ਗੁਣਾਂ ਦੀ ਪ੍ਰਮਾਤਮਾਂ ਵੱਲੋ ਤਾਰੀਫ ਹੁੰਦੀ ਹੈ ਅਤੇ ਗਲਤ ਕੰਮਾˆ ਲਈ ਨਿਖੇਧੀ ਵੀ ਜਿਸ ਲਈ ਉਸ ਨੂੰ ਸਜ਼ਾ ਵੀ ਭੁਗਤਨੀ ਪੈˆਦੀ ਹੈ । ਮੈਂ ਪ੍ਰਮਾਤਮਾਂ ਦਾ ਚਾਕਰ ਹਾˆ ਅਤੇ ਪ੍ਰਮਾਤਮਾਂ ਦੇ ਸਚੇ ਭਗਤਾਂ ਦਾ ਭਾਈ ਹਾˆ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧ ਰਖਦੇ ਹੋਣ ਇਸ ਦਾ ਨਾ ਪ੍ਰਮਾਤਮਾ ਨੂੰ ਤੇ ਨਾ ਮੈਨੂੰ ਕੋਈ ਫਰਕ ਨਹੀ ਪੈˆਦਾ । ਇਥੇ ਮੈਂ ਇਹ ਵੀ ਦਸ ਦਿਆਂ ਕਿ ਜਦ ਪ੍ਰਮਾਤਮਾ ਨੇ ਇਨਸਾਨ ਬਣਾਏ ਤਾਂ ਉਸ ਵੇਲੇ ਕੋਈ ਧਰਮ ਨਹੀਂ ਸੀ ਕਿਉਂਕਿ ਪ੍ਰਮਾਤਮਾ ਤਾਂ ਸਭ ਦਾ ਸਾਂਝਾ ਹੈ ਧਰਮ ਤਾਂ ਇਨਸਾਨ ਨੇ ਬਾਦ ਵਿਚ ਬਣਾ ਲਏ ਤੇ ਹੋਰ ਵੀ ਬਣਾਈ ਜਾਵੇਗਾ ਤੇ ਲੋਕਾਂ ਨੂੰ ਫਿਰਕਿਆਂ ਵਿਚ ਵੰਡੀ ਜਾਏਗਾ। ਪਰ ਪ੍ਰਮਾਤਮਾਂ ਲਈ ਕੋਈ ਧਰਮ ਅਪਣਾ ਨਹੀਂ ਉਹ ਤਾਂ ਸਭ ਨੂੰ ਇਕੋ ਜਿਹਾ ਪਿਆਰ ਕਰਦਾ ਹੈ”। ਸ਼ੇਖ ਇਬਰਾਹਮ ਗੁਰੂ ਜੀ ਦੇ ਜਵਾਬ ਨੇ ਕੀਲ ਲਿਆਤੇ ਫਿਰ ਉਸ ਨੇ ਕਈ ਦਿਨ ਗੁਰੂ ਸਾਹਿਬ ਦੀ ਸੇਵਾ ਕੀਤੀ । ਇਹ ਕਿਹਾ ਜਾˆਦਾ ਹੈ ਕਿ ਆਸਾ ਦੀ ਵਾਰ ਦੀ ਰਚਨਾ ਵੀ ਇਸੇ ਸਥਾਨ ਤੇ ਸ਼ੇਖ ਫਰੀਦ ਦੀ ਬੇਨਤੀ ਤੇ ਕੀਤੀ । ਆਦਿ ਗ੍ਰੰਥ ਦੀ ਰਚਨਾ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਆਸਾ ਦੀ ਵਾਰ ਪਾਕਪਟਨ ਤੋਂ ਹੀ ਪ੍ਰਾਪਤ ਕੀਤਾ । ਸੇਖ ਇਬਰਾਹਮ ਨੇ ਸ਼ੇਖ ਫਰੀਦ ਦੀਆਂ ਰਚਨਾਵਾਂ ਦੀ ਇਕ ਸਹੀ ਕਾਪੀ ਗੁਰੂ ਨਾਨਕ ਦੇਵ ਸਾਹਿਬ ਨੂੰ ਦਿਤੀ ਜੋ ਗੁਰੂ ਸਾਹਿਬ ਨੇ ਸੰਭਾਲ ਕੇ ਰੱਖੀ । ਗੁਰੂ ਨਾਨਕ ਦੇਵ ਸਾਹਿਬ ਨੇ ਸੁਹਰਾਵਰਦੀ ਸਿਲਸਿਲਾ ਦੇ ਸੰਤਾਂ ਨਾਲ ਵੀ ਏਥੇ ਹੀ ਧਾਰਮਿਕ ਚਰਚਾ ਵੀ ਕੀਤੀ ।

ਗੁਰਦੁਆਰਾ ਨਾਨਕਸਰ, ਪਾਕਪਟਨ ਸ਼ਹਿਰ

ਪਾਕਪਟਨ ਸ਼ਹਿਰ ਦੇ ਬਾਹਰਲੇ ਪਾਸੇ ਸਮਾਧਾਂ ਵਿਚ ਗੁਰੂ ਨਾਨਕ ਨਾਲ ਸਬੰਧਤ ਗੁਰਦੁਆਰਾ ਸੀ ਜਿਸਨੂੰ ਉਦਾਸੀ ਸੰਤ ਸੰਭਾਲਦੇ ਸਨ।ਹਜ਼ਾਰ ਘੁਮਾਂ ਜ਼ਮੀਨ ਇਸ ਪਵਿਤਰ ਇਮਾਰਤ ਦਾ ਨਾਮ ਹਨ । ਗੁਰਦੁਆਰਾ ਅਤੇ ਸਮਾਧ ਹੁਣ ਢਹਿ ਢੇਰੀ ਹੋ ਗਏ ਹਨ ਤੇ ਇਸ ਸਥਾਨ ਤੇ ਹੁਣ ਬਾਬਾ ਫਰੀਦ ਸ਼ਕਰਗੰਜ ਕਾਲਜ ਹੈ । ਇਸ ਦੀ ਨੱਵੀ ਇਮਾਰਤ ਬਨਣ ਤੋ ਪਹਿਲਾਂ ਕਾਲਜ ਗੁਰਦੁਆਰੇ ਦੀ ਇਮਾਰਤ ਵਿੱਚ ਹੀ ਸੀ, ਜੋ ਕਿ ਗੁਰਦੁਆਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਦੇ ਢਹਿਣ ਤੋਂ ਪਿਛੋਂ ਬਣਾਈ ਗਈ ।

ਟਿਬਾ ਨਾਨਕਸਰ ਚੱਕ ਨੰ: 38 ਐਸ.ਪੀ.

ਪਾਕਪਟਨ ਤੋ 6 ਕਿਲਮੀਟਰ ਦੀ ਦੂਰੀ ਤੇ ਟਿਬਾ ਨਾਨਕਸਰ ਚੱਕ ਨੰ: 38 ਐਸ.ਪੀ. ਹੈ ਜੋ ਰੇਲਵੇ ਸਟੇਸ਼ਨ ਦੇ ਨਜਦੀਕ ਹੀ ਹੈ ਜਿਥੇ ਗੁਰੂ ਨਾਨਕ ਦੇਵ ਜੀ ਇਬਰਾਹਮ ਫਰੀਦ ਸਾਨੀ ਕੋਲ ਗੁਰੂ ਜੀ ਠਹਿਰੇ ਸਨ ।ਏਥੇ ਇਕ ਦੋ ਮੰਜਿਲੀ ਬਿਲਡਿਗ ਹੁਣ ਵੀ ਹੈ । ਵੰਡ ਤੋ ਬਾਅਦ ਇਸ ਜਗ੍ਹਾ ਤੇ ਜਿਸ ਪਰਿਵਾਰ ਨੇ ਇਹ ਥਾਂ ਮੱਲਿਆ ਹੁਣ ਇਸ ਜਗ੍ਹਾ ਨੂੰ ਸਾਲਾਨਾ ਮੇਲਾ ਲਗਾਉਣ ਲਈ ਵਰਤਦੇ ਹਨ । ਪਿੰਡ ਦਾ ਨਾਮ ਹੁਣ ਵੀ ਨਾਨਕ ਟਿਬਾ ਹੈ । ਸਾਹੀਵਾਲ ਦੇ ਪਖਤੂਨ ਸਿੱਖ ਨੇ ਨਾਨਕ ਟਿਬਾ ਗੁਰਦੁਆਰਾ ਵਿਖੇ ਇਕ ਕਮਰੇ ਨੂੰ ਦੁਬਾਰਾ ਬਣਾਇਆ ਹੈ । ਬਾਕੀ ਗੁਰਦੁਆਰਾ ਸਾਹਿਬ ਦੀ ਹਾਲਤ ਬੜੀ ਖਰਾਬ ਹੈ ਅਤੇ ਮੁਰੰਮਤ ਦੀ ਲੋੜ ਹੈ । ਇਸ ਸਥਾਨ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਕਿਉਂਕਿ ਇਸ ਸਥਾਨ ਦਾ ਪੰਜਾਬ ਦੇ ਇਤਿਹਾਸ ਵਿੱਚ ਬੜਾ ਮਹਤਵਪੂਰਨ ਸਥਾਨ ਹੈ ।


ਟਿੱਬਾ ਅਬੋਹਰ 1 ਈ.ਬੀ.

ਪਾਕਪਟਨ ਤੋਂ 30 ਕਿਲਮੀਟਰ ਦੀ ਦੂਰੀ ਤੇ ਰੰਗਸ਼ਾਹ ਦੇ ਨਜ਼ਦੀਕ ਪਾਕਪਟਨ-ਆਰਿਫਵਾਲਾ ਸੜਕ ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਦਿਵਾਉˆਦਾ ਇਕ ਸੁੰਦਰ ਬਣਿਆ ਗੁਰਦੁਆਰਾ ਸਾਹਿਬ ਸੀ। ਗੁਰਦੁਆਰੇ ਕੋਲ ਪੜੋਸੀ ਪਿੰਡਾਂ ਦੀ ਇਕ ਵੱਡੀ ਜਗੀਰ ਅਤੇ 12 ਘੁਮਾਂ ਦੇ ਕਰੀਬ ਜ਼ਮੀਨ ਹੈ ।



ਚਾਵਲੀ ਮਸਾਇਕ (ਜ਼ਿਲਾ ਮੁਲਤਾਨ)

1576151146132.png


ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚਾਵਲੀ ਮਸਾਇਕ (ਜ਼ਿਲਾ ਮੁਲਤਾਨ)


ਸ਼ੇਖ ਇਬਰਾਹਮ ਦੇ ਜਿਗਰੀ ਦੋਸਤ ਚਾਵਲੀ ਮਸ਼ਾਇਕ ਦੇ ਦੀਵਾਨ ਨੂੰ ਜਦ ਪਤਾ ਲੱਗਿਆ ਕਿ ਨਾਨਕ ਦਰਵੇਸ਼ ਇਬਰਾਹਮ ਕੋਲ ਰਹਿ ਰਿਹਾ ਹੈ ਤਾਂ ਖਾਸ ਤੌਰ ਤੇ ਮਿਲਣ ਆਇਆ, ਬਚਨ-ਬਿਲਾਸ ਕੀਤੇ ਤੇ ਗੁਰੂ ਨਾਨਕ ਦੇਵ ਜੀ ਨੂੰ ਮੁਲਤਾਨ ਆਉਣ ਲਈ ਸੱਦਾ ਦਿਤਾ ਜੋ ਗੁਰੂ ਜੀ ਨੇ ਸਵੀਕਾਰ ਕੀਤਾ ਅਤੇ ਮੁਲਤਾਨ ਜਾ ਕੇ ਚਾਵਲੀ ਮਸ਼ਾਇਕ ਦੇ ਦੀਵਾਨ ਦੇ ਘਰ ਠਹਿਰੇ ਜਿਸਨੇ ਅਪਣੇ ਘਰ ਨੂੰ ਬਦਲ ਕੇ ਗੁਰੂ ਸਾਹਿਬ ਦੇ ਯਾਦਗਾਰੀ ਸਥਾਨ ਬਣਾ ਦਿਤਾ ਜਿਸਨੂੰ ਹੁਣ ਵੀ ਪਾਕਿਸਤਾਨ ਸਰਕਾਰ ਨੇ ਇਤਾਹਿਸਕ ਗੁਰਦੁਆਰੇ ਦੇ ਰੂਪ ਵਿੱਚ ਸੰਭਾਲ ਕੇ ਰੱਖਿਆ ਹੈ । ਇਥੇ ਹਰ ਸਾਲ ਮੇਲਾ ਲਗਦਾ ਹੈ ਜਿਸ ਵਿੱਚ ਗੁਰੂ ਸਾਹਿਬ ਦੇ ਫੇਰੀ ਨੂੰ ਯਾਦ ਕੀਤਾ ਜਾਂਦਾ ਹੈ । ਇਕ ਛੋਟਾ ਗੁਰਦੁਆਰਾ ਗੁਰੂ ਨਾਨਕ ਦੇਵ ਸਾਹਿਬ ਦੀ ਇਥੇ ਦੀ ਫੇਰੀ ਦੀ ਯਾਦ ਕਰਵਾਉˆਦੀ ਹੈ । ਇਹ ਪਵਿਤਰ ਜਗ੍ਹਾ ਚੱਕ ਨੰ: 317 ਈ ਬੀ ਵਿਖੇ ਸਥਿਤ ਹੈ ਜੋ ਕਿ ਬੂਰੇਵਾਲਾ-ਸਾਹੋਕੀ ਸੜਕ ਤੇ ਹੈ । ਇਹ ਥਾਂ ਚੱਕ ਦੀਵਾਨ ਸਾਹਿਬ ਚਾਵਲੀ ਮਸਾਇਕ ਜਾਂ ਚੱਕ ਹਾਜੀ ਸ਼ੇਰ ਮੁਹੰਮਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।ਸ਼ੇਖ ਬਹਾਉਦੀਨ ਜ਼ਕਰੀਆ ਸੁਹਰਾਵਰਦੀ ਇਸ ਇਲਾਕੇ ਵਿਚ ਧਾਰਮਿਕ ਪ੍ਰਭਾਵ ਰਖਦਾ ਸੀ।ਗੁਰੂ ਨਾਨਕ ਦੇਵ ਜੀ ਨੇ ਸੁਹਰਾਵਰਦੀ ਸਿਲਸਿਲੇ ਦੇ ਲੋਕਾਂ ਨਾਲ ਬਚਨ ਬਿਲਾਸ ਕੀਤੇ ਤੇ ਸਨਮਾਨ ਤੇ ਪ੍ਰਭਾਵ ਵਧਾਇਆ।ਇਸ ਇਲਾਕੇ ਵਿਚ ਬੂਰੇਵਾਲ ਰੇਲਵੇ ਸਟੇਸ਼ਨ ਤੋਂ ਬੱਸ ਇਸ ਪਿੰਡ ਨੂੰ ਜਾਂਦੀ ਹੈ । ਲੋਕ ਇਸ ਨੂੰ ਹੁਣ ਵੀ ਗੁਰੂ ਨਾਨਕ ਜੀ ਦੇ ਤਪ ਸਥਾਨ ਦੇ ਨਾਮ ਨਾਲ ਜਾਣਦੇ ਹਨ । ਹੁਣ ਇਕ ਮੁਸਲਿਮ ਪਰਿਵਾਰ ਇਸ ਸਥਾਨ ਦੀ ਦੇਖਭਾਲ ਕਰਦਾ ਹੈ ।ਏਥੋਂ ਮੁਲਤਾਨ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਤੁਲੰਭੇ ਵਲ ਵਧੇ।

ਮਹਮੂਦਪੂਰ

ਪਿੰਡ ਤੋਂ 2 ਕਿਲਮੀਟਰ ਦੀ ਦੂਰੀ ਤੇ ਗੁਰੂ ਨਾਨਕ ਦੇਵ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਹੈ ਜਿਥੇ ਗੁਰੂ ਸਾਹਿਬ ਦੀ ਚਿਸ਼ਤੀ ਸਮਨ ਨਾਲ ਵਿਚਾਰ ਹੋਈ ਸੀ । ਇਸ ਸਥਾਨ ਦੀ ਦੇਖਭਾਲ ਉਦਾਸੀ ਕਰਦੇ ਸਨ ਪਰ ਹੁਣ ਇਸ ਦੀ ਦੇਖ ਭਾਲ ਨਹੀਂ ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top