• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਚੰਗੇ ਦਿਨ-ਬੁਰੇ ਦਿਨ

Dalvinder Singh Grewal

Writer
Historian
SPNer
Jan 3, 2010
1,377
427
80
ਚੰਗੇ ਦਿਨ-ਬੁਰੇ ਦਿਨ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਪਣੀ ਸੁਪਤਨੀ ਗੁਰਚਰਨ ਕੌਰ ਨਾਲ ਭੁਟਾਨ-ਅਰੁਣਾਂਚਲ ਨਾਲ ਲਗਦੇ ਆਸਾਮ ਦੇ ਪਹਾੜੀ ਇਲਾਕੇ ਵਿੱਚ ਗਰਮੀਆਂ ਦਾ ਇਕ ਮਹੀਨਾ ਕੱਟ ਕੇ ਵਾਪਸ ਪਰਤਿਆ ਹਾਂ। ਹਰਿਆਵਲ ਨਾਲ ਸਰੋ-ਸਬਜ਼, ਆਕਸੀਜਨ ਨਾਲ ਲਬੋ-ਲਬ, ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਸ ਇਲਾਕੇ ਦੇ ਚਾਹ ਬਾਗਾਂ ਦੀਆਂ ਨਸ਼ੀਲ਼ੀਆਂ ਹਵਾਵਾਂ ਮਾਨਣ ਦਾ ਸੁਭਾਗਾ ਸਮਾਂ ਚਿੱਤ-ਪਟਲ ਤੇ ਛਾਇਆ ਹੋਇਆ ਹੋਣ ਪਿੱਛੋਂ, ਪੱਥਰੀਲੇ, ਕੰਕਰੀਲੇ ਸ਼ਹਿਰ-ਸੜਕਾਂ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਪਰਤਿਆ ਹਾਂ ਤਾਂ ਆਉਂਦੇ ਹੀ ਬੁਖਾਰ ਨੇ ਘੇਰ ਲਿਆ। ਬੁਖਾਰ ਘੱਟ ਹੋਇਆ ਤਾਂ ਦਸਤਾਂ ਦੀ ਝੜੀ ਲੱਗ ਗਈ। ਦਵਾਈਆਂ ਖਾਂਦਿਆਂ ਗੈਸਾਂ ਸਿਰ ਚੜ੍ਹ ਗਈਆਂ ਤਾਂ ਸਿਰ ਦਰਦੀ ਸ਼ੁਰੂ ਹੋ ਗਈ। ਅਜੇ ਆਪਣੇ ਦੁੱਖ ਦਰਦ ਨਾਲ ਜੂਝ ਹੀ ਰਿਹਾ ਸਾਂ ਕਿ ਇਹੋ ਸਿਲਸਿਲਾ ਮੇਰੀ ਧਰਮ ਪਤਨੀ ਨਾਲ ਵੀ ਸ਼ੁਰੂ ਹੋ ਗਿਆ ਜਿਸ ਦੀ ਗ੍ਰਿਫਤ ਵਿੱਚ ਉਹ ਹਾਲੇ ਵੀ ਤੜਪ ਰਹੀ ਹੈ ।

ਅਾਸਾਮ ਦੀ ਹਰੀ ਧਰਤੀ ਉੱਤੇ ਤਾਂ ਰੋਜ਼ ਸਵੇਰੇ ਵੱਡੇ ਮੈਦਾਨ ਦੇ ਗਿਰਦੇ ਸੈਰ ਕਰਦੇ ਪਰਬਤਾਂ ਉੱਤੇ ਉਮਡਦੇ ਬੱਦਲਾਂ ਨੂੰ ਨਿਹਾਰਦੇ ਅਸੀਂ ਰੋਜ ਸਵੇਰੇ-ਸ਼ਾਮ ਚਾਰ-ਪੰਜ ਕਿਲੋਮੀਟਰ ਬੜੇ ਚਾਅ ਨਾਲ ਕੱਢ ਲੈਂਦੇ ਸਨ। ਸਾਨੂੰ ਆਪਣਾ ਅਸੀਓਂ ਟੱਪਣਾ ਵੀ ਨਹੀਂ ਦੁਖਦਾ ਸੀ ਤੇ ਇੱਕ ਤਾਜ਼ਾ ਰੂਹ ਸਾਡੇ ਦਿਲੋਂ ਦਿਮਾਗ ਤੇ ਛਾਈ ਰਹਿੰਦੀ ਸੀ । ਪਰ ਇੱਥੇ ਤਾਂ ਬਾਹਰ ਨਿਕਲਦੇ ਹੀ ਦੁਰਗੰਧ ਤੇ ਸੀਵਰੇਜ ਤੋਂ ਨਿਕਲਿਆ ਪਾਣੀ ਬਦਬੂਆਂ ਛੱਡਦਾ ਸਹਿ ਨਹੀਂ ਸੀ ਹੋ ਰਿਹਾ । ਇਹ ਵੀ ਸਾਨੂੰ ਦੱਸਿਆ ਗਿਆ ਕਿ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਮਿਲਣ ਕਰਕੇ ਹੀ ਇਹ ਬੁਖਾਰ, ਦਸਤ ਸਿਰ ਦਰਦ ਤੇ ਹੋਰ ਬਿਮਾਰੀਆਂ ਲੱਗੀਆਂ ਹਨ ਜੋ ਸਾਰੀ ਕਲੋਨੀ ਵਿੱਚ ਫੈਲੀਆਂ ਹੋਈਆਂ ਹਨ। ਉਪਰੋਂ ਮੀਂਹ ਵੀ ਲਗਾਤਾਰ ਪੈਣ ਕਰਕੇ ਸਾਰੀਆਂ ਗਲੀਆਂ-ਨਾਲੀਆਂ ਪਾਣੀ ਨਾਲ ਭਰੀਆਂ ਹੋਈਆਂ ਹਨ। ਨਿਕਾਸੀ ਸਹੀ ਨਾ ਹੋਣ ਕਰਕੇ ਸੀਵਰੇਜ ਤੇ ਪੀਣ ਵਾਲੀਆਂ ਪਾਈਪਾਂ ਦਾ ਪਾਣੀ ਘੁਲ-ਮਿਲ ਗਿਆ ਹੈ ਜਿਸ ਕਰਕੇ ਸਾਰੀ ਕਲੋਨੀ ਨੂੰ ਪ੍ਰਦੂਸ਼ਿਤ ਪਾਣੀ ਪੀਣਾ ਪੈ ਰਿਹਾ ਹੈ ਜੋ ਸਾਰੀਆਂ ਬਿਮਾਰੀਆਂ ਦਾ ਘਰ ਹੈ ਤੇ ਜਿਸ ਕਰਕੇ ਆਂਢੀ ਗੁਆਂਢੀ ਵੀ ਬਿਮਾਰ ਹੋ ਗਏ ਹਨ ।

ਪੰਚਾਇਤ ਦਫਤਰ ਜਾ ਕੇ ਮਹੱਲੇ ਵਾਲਿਆਂ ਨੇ ਧਰਨਾ ਦਿੱਤਾ ਤਾਂ ਕਿ ਪੀਣ ਵਾਲੇ ਪਾਣੀ ਨੂੰ ਸੀਵਰੇਜ ਪਾਈਪਾਂ ਤੋਂ ਦੂਰ ਕੀਤਾ ਜਾਵੇ ਪਰ ਇਡਾ ਵੱਡਾ ਕੰਮ ਜਿਸ ਵਿੱਚ ਪਾਈਪਾਂ ਦੀ ਬਦਲੀ ਜ਼ਰੂਰੀ ਹੈ ਪੰਚਾਇਤ ਦੇ ਵੱਸ ਨਹੀਂ ਕਿਉਂਕਿ ਉਨ੍ਹਾਂ ਕੋਲ ਤਾਂ ਪੰਚਾਇਤ ਚਲਾਉਣ ਜੋਗੇ ਫੰਡ ਵੀ ਨਹੀਂ। ਕਾਲੋਨਾਈਜਰ ਜਿਸ ਨੇ ਛੋਟੀਆਂ ਪਾਈਪਾਂ ਪਾਕੇ ਅਪਣਾ ਬੁੱਤਾ ਸਾਰਿਆ ਹੈ ਇਕ ਕਤਲ ਕੇਸ ਕਰਕੇ ਜੇਲ ਵਿੱਚ ਹੈ ਇਸ ਬਾਰੇ ਉਸ ਤੋਂ ਵੀ ਕੋਈ ਆਸ ਨਹੀਂ ਕੀਤੀ ਜਾ ਸਕਦੀ।ਸਾਰੇ ਮੁਹੱਲੇ ਵਾਲਿਆਂ ਨੇ ਸਰਕਾਰੇ-ਦਰਬਾਰੇ ਅਰਜ਼ ਗੁਜ਼ਾਰੀ ਤਾਂ ਅੱਗੋਂ ਜਵਾਬ ਮਿਲਿਆ, “ਇਹ ਤਾਂ ਇੱਕ ਵੱਡਾ ਪ੍ਰੋਬਲਮ ਹੈ ਜੋ ਕਾਲੋਨਾਈਜਰ ਦਾ ਹੀ ਪਾਇਆ ਹੋਇਆ ਹੈ । ਸੀਵਰੇਜ ਪਾਈਪਾਂ ਬਦਲਨੀਆਂ ਤਾਂ ਪੰਚਾਇਤ ਦੇ ਫੰਡਾਂ ਵਿੱਚੋਂ ਨਹੀਂ ਹੋ ਸਕਣਗੀਆਂ ਤੇ ਉਨ੍ਹਾਂ ਨੇ ਹੱਥ ਖੜੇ ਕਰ ਦਿੱਤੇ ਹਨ । ਕਾਲੋਨਾਈਜਰ ਤਾਂ ਜੇਲ ਵਿੱਚ ਹੈ ਕਿਉਂਕਿ ਉਸਨੇ ਆਪਣੇ ਸਾਥੀ ਬਿਲਡਰ ਦੇ ਕਤਲ ਲਈ ਸੁਪਾਰੀ ਦਿੱਤੀ ਸੀ ਪਰ ਪਤਾ ਲੱਗਣ ਤੇ ਪਹਿਲਾਂ ਹੀ ਫੜਿਆ ਗਿਆ ਤੇ ਜਿਨਾਂ ਨੂੰ ਸੁਪਾਰੀ ਦਿੱਤੀ ਸੀ ਉਹ ਵੀ ਫੜੇ ਗਏ ਤੇ ਦਿੱਤੇ ਹੋਏ ਸਪਾਰੀ ਦੇ ਪੈਸੇ ਵੀ ਫੜੇ ਗਏ । ਅੰਨ੍ਹਾਂ ਲਾਲਚ ਇੱਕ ਇਨਸਾਨ ਨੂੰ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਵਾ ਦਿੰਦਾ ਹੈ ।

ਜਦ ਮੈਂ ਅਸਾਮ ਦੀ ਖੁੱਲੀ ਹਵਾ, ਸਵੱਛ ਪਾਣੀ, ਹਰਿਆਵਲ ਦੇ ਮੇਲੇ ਦੀ ਨੂੰ ਯਾਦ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਵਿਕਾਸ ਦੀ ਮਾਰ ਵਿੱਚ ਆ ਕੇ ਆਪਣੀ ਸੁਖ-ਸੁਵਿਧਾ ਦਾ ਤੌਰ ਤਰੀਕਾ ਬਦਲ ਲਿਆ ਹੈ; ਹੱਸਦੀ ਖੇਡਦੀ ਜ਼ਿੰਦਗੀ ਨੂੰ ਆਪ ਹੀ ਮੌਤ ਦੇ ਰਾਹ ਤੇ ਤੋਰ ਲਿਆ ਹੈ ਜਿਸਦੇ ਲਈ ਅਸੀਂ ਖੁਦ ਹੀ ਜਿੰਮੇਵਾਰ ਹਾਂ। ਅਸੀਂ ਆਪਣੇ ਹੱਸਦੇ-ਵਸਦੇ ਪਿੰਡੋਂ ਸ਼ਹਿਰ ਦੀ ਸੁੱਖ-ਸੁਵਿਧਾ ਦੇ ਖਿੱਚੇ ਜ਼ਮੀਨਾਂ ਵੇਚ ਕੇ ਕੋਠੀਆਂ ਖਰੀਦ ਲਈਆਂ ਬਿਨਾਂ ਸੋਚੇ ਕਿ ਇਹ ਤਾਂ ਜਰਮਾਂ ਅਤੇ ਜੁਰਮਾਂ ਦੇ ਘਰ ਹਨ ਜਿਨ੍ਹਾਂ ਨੇ ਸਾਡੀਆਂ ਅੱਜ ਦੀਆਂ ਖੇਡਦੀਆਂ ਜ਼ਿੰਦਗੀਆਂ ਬਦਲ ਦੇਣੀਆਂ ਹਨ । ਹੁਣ ਜੀ ਕਰਦਾ ਹੈ ਕਿ ਇਹ ਸ਼ਹਿਰੀ ਕੋਠੀ ਨੂੰ ਛੱਡ ਕੇ ਉਨ੍ਹਾਂ ਭੁਟਾਨ-ਅਰੁਣਾਚਲ ਨਾਲ ਜੁੜੇ ਆਸਾਮ ਦੇ ਇਲਾਕੇ ਵਿੱਚ ਜਾ ਵਸੀਏ ਤਾਂ ਕਿ ਜੀਵਨ ਦੇ ਜੋ ਦੋ ਦਿਨ ਬਚੇ ਹਨ ਉਹ ਚੰਗੀ ਤਰ੍ਹਾਂ ਜੀ ਸਕੀਏ।

ਅਸਾਮ ਦੇ ਇਲਾਕੇ ਦੇ ਲੋਕ ਜ਼ਿਆਦਾਤਰ ਬਾਂਸਾਂ ਜਾਂ ਲੱਕੜੀ ਤੋਂ ਬਣਾਏ ਝੁੱਗੀਆਂ ਨੁਮਾ ਘਰਾਂ ਵਿੱਚ ਰਹਿੰਦੇ ਹਨ; ਇਕ ਦੋ ਕਮਰਿਆਂ ਵਿੱਚ ਛੋਟੇ ਵੱਡੇ ਪਰਿਵਾਰ ਵਸੇ ਹੋਏ ਹਨ । ਖੇਤਾਂ ਵਿੱਚ ਜੋ ਮਿਲਦਾ ਹੈ ਉਸ ਤੇ ਗੁਜ਼ਾਰਾ ਕਰ ਲੈਂਦੇ ਹਨ । ਨਾ ਬਹੁਤੇ ਦਾ ਲਾਲਚ ਹੈ ਤੇ ਨਾ ਕੋਈ ਅਹੁਦੇ-ਅਮੀਰੀ ਦੀ ਚਾਹ ਹੈ । ਆਪਸ ਵਿੱਚ ਖੁਲ੍ਹ ਕੇ ਹੱਸ ਖੇਡ ਲੈਂਦੇ ਹਨ ਤੇ ਸੋਹਣੇ ਦਿਨ ਕੱਢ ਰਹੇ ਹਨ । ਉਹਨਾਂ ਦੇ ਝੁੱਗੀ ਨਵਾਂ ਘਰਾਂ ਵਿੱਚ ਸ਼ਾਂਤੀ ਤੇ ਖੜਕਦੇ ਹਾਸੇ ਸੁਣਦੇ ਸਾਂ ਖੁਦ ਵੀ ਹੱਸਣ ਨੂੰ ਦਿਲ ਕਰਨਾ ਆਉਂਦਾ ਸੀ। ਕਮਾਈ ਦੇ ਸਾਧਨ ਦੀ ਗੱਲ ਇੱਕ ਬਜ਼ੁਰਗ ਮਾਈ ਤੋਂ ਪੁੱਛੀ ਜੋ ਵੱਡੇ ਮੈਦਾਨ ਨਾਲ ਨਾਲ ਵਗਦੇ ਨਾਲੇ ਵਿੱਚੋਂ ਸਵੇਰੇ ਸਵੇਰੇ ਕੁਝ ਹਰਾ ਵੱਢ ਕੇ ਲਿਆਈ ਸੀ । ਪੁੱਛਿਆ ਤਾਂ ਉਸਨੇ ਆਪਣੇ ਥੈਲੇ ਵਿੱਚੋਂ ਹਰਿਆਵਲ ਨੂੰ ਵਿਖਾਇਆ ਤਾਂ ਪੁੱਛਿਆ, “ਇਸ ਦਾ ਕੀ ਕਰੋਗੇ?” “ਇਹ ਬੜੀ ਮਹਿੰਗੀ ਸਬਜ਼ੀ ਹੈ ਸਾਹਬ। ਇਤਨੀ ਕੁ ਸਬਜ਼ੀ ਪ00 ਰੁਪਏ ਦੀ ਵਿਕ ਜਾਏਗੀ ਤੇ ਸਾਡਾ ਇਸੇ ਦੇ ਨਾਲ ਦੋ ਦਿਨ ਦਾ ਗੁਜ਼ਾਰਾ ਹੋ ਜਾਏਗਾ ਇਸੇ ਲਈ ਮੈਂ ਸਿਰਫ ਇਤਨੀ ਹੀ ਤੋੜ ਕੇ ਲਿਆਉਨੀ ਹਾਂ ਤੇ ਰੋਜ਼ ਇਸੇ ਤਰ੍ਹਾਂ ਸਾਡਾ ਘਰ ਚੱਲ ਜਾਂਦਾ ਹੈ”। ਮੈਂ ਹੈਰਾਨ ਸਾਂ ਕਿ ਜਿਸ ਨਾਲੇ ਦੇ ਨਾਲ ਨਾਲ ਮੈਂ ਰੋਜ਼ ਸੈਰ ਕਰਦਾ ਸਾਂ ਇਤਨੇ ਕੀਮਤੀ ਪਦਾਰਥਾਂ ਨਾਲ ਭਰਿਆ ਪਿਆ ਹੈ ਜਿਸ ਨਾਲ ਇਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਹੋਈ ਜਾਂਦਾ ਹੈ। ਸਾਡੇ ਸ਼ਹਿਰ ਵਿੱਚ ਤਾਂ ਇਹੋ ਜਿਹਾ ਕੋਈ ਵੀ ਸਾਧਨ ਨਹੀਂ ਜੋ ਸਾਡੀ ਇੱਕ ਡੰਗ ਦੀ ਰੋਟੀ ਵੀ ਦੇ ਸਕੇ। ਉਨ੍ਹਾਂ ਦਾ ਖੁੱਲ ਕੇ ਹੱਸਣਾ ਤੇ ਸਾਡਾ ਘੁੱਟ ਘੁੱਟ ਕੇ ਜਿਉਣ ਦਾ ਇਹੋ ਰਾਜ਼ ਹੈ। ਤਾਂ ਹੀ ਮੈਂ ਹੁਣ ਅਗਲੇ ਸਾਲ ਦੀਆਂ ਬੱਚਿਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਿਹਾ ਹਾਂ ਜਦ ਮੈਂ ਪੋਤੇ-ਪੋਤੀਆਂ ਨਾਲ ਗਰਮੀਆਂ ਵਿੱਚ ਆਪਣੇ ਬੇਟੇ ਕੋਲ ਮਹੀਨੇ ਦੋ ਮਹੀਨੇ ਕੱਢ ਕੇ ਜ਼ਿੰਦਗੀ ਦੇ ਕੁਝ ਚੰਗੇ ਹੋਰ ਦਿਨ ਵੇਖ ਸਕਾਂਗਾ।


 
📌 For all latest updates, follow the Official Sikh Philosophy Network Whatsapp Channel:
Top