• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਭਾਈ ਬਾਲਾ-ਕਲਪਿਤ ਕਿ ਸੱਚ

dalvinder45

SPNer
Jul 22, 2023
652
36
79
ਭਾਈ ਬਾਲਾ-ਕਲਪਿਤ ਕਿ ਸੱਚ

-ਡਾ. ਦਲਵਿੰਦਰ ਸਿੰਘ ਗ੍ਰੇਵਾਲ

1925, ਬਸੰਤ ਐਵਿਨਿਊ , ਲੁਧਿਆਣਾ- ਮੁਬਾਈਲ 9815366726

ਭਾਈ ਬਾਲੇ ਵਾਲੀ ਸਾਖੀ ਜੋ ਗੁਰੂ ਅੰਗਦ ਦੇਵ ਜੀ ਨੇ ਭਾਈ ਪੈੜੇ ਮੋਖੋ ਤੋਂ, ਭਾਈ ਬਾਲੇ ਦੀ ਕਥਾ ਅਨੁਸਾਰ ਲਿਖਵਾਈ, ਕਾਫੀ ਚਰਚਾ ਦਾ ਵਿਸ਼ਾ ਹੈ । ਇਸ ਦਾ ਮੁੱਖ ਕਾਰਨ ਗੁਰੂ ਨਾਨਕ ਦੇਵ ਜੀ ਦੀ ਸਹੀ ਜੀਵਨੀ ਦਾ ਰਿਕਾਰਡ ਪੂਰਨ ਠੀਕ ਹੋਣਾ ਜਾਂ ਪੂਰਾ ਨਾ ਹੋਣਾ ਇਸੇ ਸਾਖੀ ਤੋਂ ਕਾਫੀ ਪ੍ਰਭਾਵਿਤ ਹੁੰਦਾ ਹੈ । ਪਹਿਲਾਂ ਪਹਿਲ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਸਹੀ ਮੰਨ ਕੇ ਸਿੱਖ ਇਤਿਹਾਸ ਲਿਖਿਆ ਜਾਂਦਾ ਰਿਹਾ ਪਰ ਜਦ ਪ੍ਰਸਿੱਧ ਹਿਸਟੋਰੀਅਨ ਸ: ਕਰਮ ਸਿੰਘ ਹੋਰਾਂ ਭਾਈ ਬਾਲੇ ਦੀ ਹੋਂਦ ਤੇ ਹੀ “ਕਿੰਤੂ” ਕਰ ਦਿਤਾ ਤੇ ਇਹ ਆਖ ਦਿਤਾ ਕਿ ਭਾਈ ਬਾਲਾ ਨਾਂ ਦਾ ਕੋਈ ਸਾਥੀ ਗੁਰੂ ਜੀ ਨਾਲ ਹੈ ਹੀ ਨਹੀਂ ਸੀ ਤਦ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਆਧਾਰ ਵੀ ਉਮੜ ਗਿਆ । ਇਸ ਤੋਂ ਵੱਧ ਅਸਰ ਪਿਆ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਸਹੀ ਮਿਤੀ ਦਾ । ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਗੁਰੂ ਜੀ ਦਾ ਜਨਮ ਦਿਨ “ਸਮਤੁ 1526 ਮਿਤੀ ਕਤਕ ਸੁਦੀ ਪੂਰਨਮਾਸੀ । ਨਾਨਕ ਜਨਮ ਲੀਤਾ ਅਧੀ ਰਾਤ ਘੜੀ ਉਪਰਿ; ਕਾਲੂ ਵੇਦੀ ਦੇ ਘਰਿ” ਸੀ । ਪਰ ਸ: ਕਰਮ ਸਿੰਘ ਹੋਰਾਂ ਨੇ ਆਪਣੇ ਲੇਖ ‘ਕਤੱਕ ਕਿ ਵਿਸਾਖ’ ਵਿਚ (ਰਸਾਲਾ ਫੁਲਵਾੜੀ, ਅਪ੍ਰੈਲ 1926) ਤੇ ਪੁਸਤਕ ‘ਕਤੱਕ ਕਿ ਵਿਸਾਖ” ਵਿਚ ਗੁਰੂ ਜੀ ਦਾ ਜਨਮ “ਵੈਸਾਖ ਸ਼ੁਦੀ ਤਿੰਨ 1526 ਸੰਮਤ ਦਾ ਮੰਨਿਆ ਜੋ ਸਾਖੀ ਮਿਹਰਬਾਨ, ਪੁਰਾਤਨ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਨੂੰ ਮੁੱਖ ਰਖ ਕੇ ਮੰਨਿਆ ਗਿਆ ।
1717423546052.png


ਇਹ ਗੱਲ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਨਾ ਹੀ ਪੁਰਾਤਨ ਜਨਮ ਸਾਖੀ ਦਾ ਲੇਖਕ (ਸਮਾਂ ਸੰਮਤ 1791) ਨਾ ਹੀ ਸੋਢੀ ਮਿਹਰਬਾਨ (ਸੰਮਤ 1885 ਮਿਤੀ ਚੇਤ ਸੁਦੀ ਪੰਚਮੀ ਸ਼ੁਕਰਵਾਰ ਦੀ ਲਿਖੀ) ਤੇ ਨਾ ਹੀ ਭਾਈ ਮਨੀ ਸਿੰਘ ਹੋਰੀਂ ਹੀ ਸਨ ਇਸ ਕਰਕੇ ਉਨ੍ਹਾਂ ਦਾ ਲਿਖਿਆ ਸੌ ਵੀ ਸਦੀ ਸੱਚ ਮਨ ਲੈਣਾ, ਸਿਰਫ ਇਸ ਕਰਕੇ ਕਿ ਪਹਿਲਾਂ ਵਾਲਾ ਲੇਖਕ ਗੁਰੂ ਜੀ ਸਮੇਂ ਹੈ ਹੀ ਨਹੀਂ ਸੀ, ਠੀਕ ਨਹੀਂ ਹੈ ।

ਹੁਣ ਸਵਾਲ ਉਠਦਾ ਹੈ ਕਿ ਕੀ ਭਾਈ ਬਾਲਾ ਸਚਮੁੱਚ ਹੀ ਕਲਪਿਤ ਵਿਅਕਤੀ ਸੀ? ਭਾਈ ਬਾਲੇ ਨੂੰ ਕਲਪਿਤ ਵਿਅਕਤੀ ਕਹਿਣ ਵਾਲੇ ਸਰਦਾਰ ਕਰਮ ਸਿੰਘ ਹੋਰਾਂ ਨੇ ਜੋ ਤੱਥ ਪੇਸ਼ ਕੀਤੇ ਹਨ ਉਹ ਇਹ ਹਨ ਕਿ :

(ੳ) ਸਭ ਤੋਂ ਪੁਰਾਣੀ ਲਿਖਤ ਉਹ ਪੁਰਾਤਨ ਜਨਮ ਸਾਖੀ ਹੈ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ । ਇਸ ਜਨਮ ਸਾਖੀ ਵਿਚ ਸਤਿਗੁਰ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਿਸਾਖ ਸੁਦੀ ਤਿੰਨ ਹੀ ਦਿੱਤੀ ਗਈ ਹੈ ।

(ਅ) ਇਸ ਪੁਰਾਣੀ ਲਿਖਤ ਤੋਂ ਉੱਤਰ ਕੇ ਦੂਜੀ ਪੁਰਾਣੀ ਲਿਖਤ ਜੋ ਮੈਂ ਵੇਖੀ ਹੈ ਉਹ ਬਾਬਾ ਮਿਹਰਬਾਨ ਜੀ ਦੀ ਲਿਖੀ ਪੋਥੀ ਹੈ । ਬਾਬਾ ਮਿਹਰਬਾਨ ਜੀ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਦੇ ਸਮਕਾਲੀ ਸਨ । ਆਪ ਦੀ ਪੋਥੀ ਵਿਚ ਵੀ ਸਤਿਗੁਰ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਿਸਾਖ ਸੁਦੀ ਤਿੰਨ ਹੀ ਦਿਤੀ ਹੈ ।

(ੲ)ਇਸ ਤੋਂ ਬਿਨਾਂ ਭਾਈ ਮਨੀ ਸਿੰਘ ਜੀ ਦੀ ਸਾਖੀ ਵਿਚ ਵੀ ਵਿਸਾਖ ਸੁਦੀ ਤਿੰਨ ਹੀ ਹੈ।

(ਸ) ਮਹਿਮਾ ਪ੍ਰਕਾਸ਼ ਦਾ ਪਹਿਲਾਂ ਹਿੱਸਾ ਸੰਮਤ 1826 ਬਿ: ਵਿਚ ਲਿਖਿਆ ਗਿਆ ਸੀ ਉਸ ਹਿੱਸੇ ਵਿਚ ਤਾਂ ਵੈਸਾਖ ਸੁਦੀ 3 ਤਾਰੀਖ ਮੰਨੀ ਹੈ ਪਰ ਪਿਛਲਾ ਹਿਸਾ ਜੋ ਸੰਮਤ 1856 ਦੇ ਲਗਭਗ ਲਿਖਿਆ ਸੀ, ਉਸ ਵਿਚ ਭਾਈ ਬਾਲੇ ਦਾ ਵੀ ਨਾਮ ਆਇਆ ਹੈ । ਇਸ ਤੋਂ ਜਾਪਦਾ ਹੈ ਕਿ ਭਾਈ ਬਾਲੇ ਦੀ ਜਨਮ ਸਾਖੀ ਦਾ ਰਿਵਾਜ ਪਿੱਛੋਂ ਚੱਲਿਆ ।

(ਹ) ਭਾਈ ਬਾਲੇ ਵਾਲੀ ਜਨਮ ਸਾਖੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਾਂ ਦੀ ਤਰਤੀਬ ਕਈ ਥਾਂਈ ਉਸੇ ਤਰ੍ਹਾਂ ਹੈ ਜਿਸ ਦਾ ਭਾਵ ਭਾਈ ਬਾਲੇ ਵਾਲੀ ਜਨਮ ਸਾਖੀ ਪੰਜਵੇਂ ਪਾਤਸ਼ਾਹ ਜੀ ਦੇ ਲਿਖਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਿੱਛੋਂ ਦਾ ਹੈ ।

(ਕ) ਪਹਿਲੀ ਪਾਤਸ਼ਾਹੀ ਤੋਂ ਬਿਨਾਂ ਦੂਜੀਆ ਪਾਤਸ਼ਾਹੀਆਂ ਦੇ ਸ਼ਬਦ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹਨ । ਮਸੰਦ ਸ਼ਬਦ ਸਿੱਖਾਂ ਵਿਚ ਪੰਚਮ ਪਾਤਸ਼ਾਹ ਜੀ ਦੇ ਸਮੇਂ ਪ੍ਰਚਲਤ ਹੋਇਆ ਹੈ ਪਰ ਇਹ ਸ਼ਬਦ ਵੀ ਜਨਮ ਸਾਖੀ ਵਿਚ ਮਿਲਦਾ ਹੈ ।

(ਖ) ਹੋਰ ਵੀ ਕਈ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਦਸ਼ਮੇਸ਼ ਜੀ ਦੇ ਸਮੇਂ ਹੀ ਲਿਖੀ ਗਈ ਹੋਵੇਗੀ ਇਸ ਤੋਂ ਪਹਿਲਾਂ ਨਹੀਂ ।

(ਗ) ਜੇ ਕਰ ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀ ਨੂੰ ਵੇਖਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਦਾ ਲਿਖਣ ਵਾਲਾ ਕੋਈ ਹੰਦਾਲੀਆ ਹੈ । ਜੇ ਕਰ ਬਾਬਾ ਹੰਦਾਲ ਜੀ ਦੇ ਪੁੱਤਰ ਦੀਆਂ ਪਰਚੀਆਂ ਤੇ ਇਸਜਨਮ ਸਾਖੀ ਨੂੰ ਰਲਾ ਕੇ ਪੜ੍ਹਿਆ ਜਾਵੇ ਤਾਂ ਸਾਫ ਸਿੱਧ ਹੋ ਜਾਂਦਾ ਹੈ ਕਿ ਇਹ ਦੋਵੇਂ ਸਾਖੀਆਂ ਇਕ ਹੀ ਕਲਮ ਦੀਆਂ ਲਿਖੀਆਂ ਹੋਈਆਂ ਹਨ, ਜਿਸ ਦਾ ਅੰਤ੍ਰੀਵ ਭਾਵ ਸਤਿਗੁਰੂ ਜੀ ਨੂੰ ਛੋਟਾ ਤੇ ਬਾਬਾ ਹੰਦਾਲ ਨੂੰ ਵੱਡਾ ਸਿੱਧ ਕਰਨਾ ਹੈ ।

(ਘ) ਇਸ ਲਈ ਕਿ ਜਨਮ-ਸਾਖੀ ਸਿੱਖਾਂ ਵਿਚ ਪ੍ਰਚੱਲਤ ਹੋ ਸਕੇ ਇਸ ਦਾ ਕਰਤਾ ਭਾਈ ਬਾਲਾ ਬਣਾਇਆ ਗਿਆ ਹੈ । ਜਿਸ ਨੂੰ ਸਤਿਗੁਰੂ ਜੀ ਦਾ ਸਾਥੀ ਬਣਾ ਦਾ ਵਧੀਕ ਪਰਮਾਣੀਕ ਬਣਾਉਣ ਦਾ ਯਤਨ ਕੀਤਾ ਗਿਆ ਪਰ ਅਸਲ ਗੱਲ ਇਹ ਹੈ ਕਿ ਭਾਈ ਬਾਲਾ ਕੋਈ ਹੋਇਆ ਹੀ ਨਹੀਂ ।

(ਙ) ਭਾਈ ਗੁਰਦਾਸ ਜੀ ਨੇ ਯਾਰਵੀਂ ਵਾਰ ਵਿਚ ਉਨ੍ਹਾਂ ਸਿੱਖਾਂ ਦੇ ਨਾਮ ਲਿਖੇ ਹਨ ਜਿਨ੍ਹਾਂ ਦਾ ਕਿਸੇ ਨਾ ਕਿਸੇ ਪਾਤਸ਼ਾਹੀ ਨਾਲ ਸਬੰਧ ਰਿਹਾ ਹੈ । ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚੋਂ ਭਾਈ ਬਾਲੇ ਦਾ ਨਾਮ ਤਾਂ ਆਉਂਦਾ ਹੈ ਪਰ ਬਾਲੇ ਦਾ ਨਾਮ ਕਿਤੇ ਨਹੀਂ ਆਉਂਦਾ । ਭਾਈ ਮਰਦਾਨੇ ਦਾ ਨਾਮ ਹਰ ਇਕ ਹੱਥ ਲਿਖਤ ਵਿਚ ਹੈ ।

(ਚ) ਭਾਈ ਬਾਲੇ ਦੀ ਕਲਪਣਾ ਹੰਦਾਲੀਆ ਨੇ ਗੁਰੂ ਜੀ ਨੂੰ ਛੁਟਿਆਉਣ ਲਈ ਹੀ ਕੀਤੀ ।

(ਛ) ਕੱਤਕ ਮਹੀਨੇ ਵਿਚ ਗੁਰੂ ਜੀ ਦਾ ਜਨਮ ਦਰਸਾਉਣਾ, ਮਹੀਨਾ ਜੋ ਹਿੰਦੂਆਂ ਵਿਚ ਭੈੜਾ ਗਿਣਿਆ ਜਾਂਦਾ ਹੈ, ਵੀ ਇਸੇ ਸਕੀਮ ਦਾ ਹਿੱਸਾ ਸੀ । ਸੋ ਬਾਈ ਬਾਲਾ ਇਕ ਕਪੋਲ ਕਲਪਿਤ ਵਸਤੂ ਹੈ ।

ਸ: ਕਰਮ ਸਿੰਘ ਹਿਸਟੋਰੀਅਨ ਦੇ ਪਿੱਛੇ ਲੱਗ ਕੇ ਪ੍ਰਸਿਧ ਇਤਿਹਾਸਕਾਰ, ਭਾਈ ਕਾਹਨ ਸਿੰਘ ਨਾਭਾ, ਪ੍ਰਿੰਸੀਪਲ ਜੋਧ ਸਿੰਘ, ਡਾ: ਤਾਰਨ ਸਿੰਘ, ਡਾ. ਗੋਪਾਲ ਸਿੰਘ ਦਰਦੀ, ਡਾ: ਹਰੀ ਰਾਮ ਗੁਪਤਾ, ਪ੍ਰੋ: ਸਾਹਿਬ ਸਿੰਘ, ਪ੍ਰੋ: ਕਰਤਾਰ ਸਿੰਘ ਸੋਢੀ, ਤੇਜਾ ਸਿੰਘ, ਪ੍ਰਿੰ: ਸਤਿਬੀਰ ਸਿੰਘ, ਪ੍ਰਿੰ: ਤੇਜਾ ਸਿੰਘ, ਪ੍ਰੋ: ਜੋਗਿੰਦਰ ਸਿੰਘ, ਸ: ਕਪੂਰ ਸਿੰਘ ਸ: ਖੁਸ਼ਵੰਤ ਸਿੰਘ, ਡਾ: ਗੁਰਬਚਨ ਸਿੰਘ ਤਾਲਿਬ, ਸ: ਹਰਨਾਮ ਸਿੰਘ ਸ਼ਾਨ, ਪ੍ਰੋ: ਸ਼ੇਰ ਸਿੰਘ ਐਮ. ਏ. ਗਿ: ਹੀਰਾ ਸਿੰਘ ਦਰਦ, ਸ: ਅਮਰ ਸਿੰਘ ਸ਼ੇਰੇ ਪੰਜਾਬ, ਸ: ਗੁਰਮੁਖ ਨਿਹਾਲ ਸਿੰਘ, ਮੈਕਾਲਫ, ਡਾ: ਗੰਡਾ ਸਿੰਘ ਆਦਿ ਨੇ ਵੀ ਭਾਈ ਬਾਲਾ ਨੂੰ ਕਲਪਿਤ ਵਿਅਕਤੀ ਮੰਨ ਲਿਆ ਤੇ ਗੁਰੂ ਜੀ ਦਾ ਜਨਮ ਦਿਨ ਦੂਸਰੀਆਂ ਜਨਮ ਸਾਖੀਆਂ ਦੇ ਆਧਾਰ ਤੇ ਵਸਾਖ ਦੀ ਤੀਜ ਸੰਮਤ 1526 ਲਿਖਿਆ ।

ਜੇ ਗਹੁ ਨਾਲ ਵਿਚਾਰੀਏ ਤਾਂ ਸ: ਕਰਮ ਸਿੰਘ ਹਿਸਟੋਰੀਅਨ ਦੇ ਪੇਸ਼ ਕੀਤੇ ਤੱਥਾਂ ਦੀ ਜੜ੍ਹ ਸੁਭਾਵਿਕ ਹੀ ਹਿਲ ਜਾਂਦੀ ਹੈ । ਆਉ, ਉਨ੍ਹਾਂ ਦੇ ਦਿਤੇ ਤੱਥਾਂ ਨੂੰ ਘੋਖ ਕੇ ਵੇਖੀਏ ।

(ੳ) ਸ: ਕਰਮ ਸਿੰਘ ਦਾ ਇਹ ਆਖਣਾ ਕਿ ਸਭ ਤੋਂ ਪੁਰਾਣੀ ਹੱਥ ਲਿਖਤ ਉਹ ਜਨਮ ਸਾਖੀ ਹੈ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ ਸਹੀ ਨਹੀਂ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸੂਚਕ ਪ੍ਰਸੰਗ ਗੁਰੂ ਕਾ (ਕ੍ਰਿਤ ਭਾਈ ਬਹਿਲੋ) ਵਿਚ ਇਹ ਜਿਕਰ ਹੈ :

ਗੁਰੂ ਅੰਗਦ ਪਹਿ ਬਾਲਾ ਅਇਆ ।
ਜਨਮ ਪ੍ਰਸੰਗ ਸੁ ਭਾਖ ਸੁਣਾਇਆ ।
(ਪੰਜਾਬੀ ਹੱਥ ਲਿਖਤਾਂ ਦੀ ਸੂਚੀ ਭਾਗ ਪਹਿਲਾ 1960 ਪੰਨਾ 361)

ਇਸ ਦਾ ਭਾਵ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਮੁੱਢ ਵਿਚ ਲਿਖਿਆ ਇਹ ਬਿਆਨ “ਪੋਥੀ ਲਿਖੀ ਪੈੜੇ ਮੋਖੇ ਸੁਲਤਾਨਪੁਰ ਕੇ ਖਤਰੀ” ਗੁਰੂ ਅੰਗਦ ਲਿਖਵਾਈ । ਪੈੜਾ ਮੋਖਾ ਬਾਲੇ ਸੰਧੂ ਜਟੇਟੇ ਨਾਲਿ ਰਾਇ ਭੋਇ ਦੀ ਤਲਵੰਡੀ ਆਇਆ ਆਹਾ । ਗੁਰੂ ਅੰਗਦ ਜੀ ਨੇ ਢੂਢਿਕੇ ਲਧਾ ਆਹਾ । ਦੁਇ ਮਹੀਂਨੇ ਸਤਾਰਹ ਦਿਨ ਲਿਖ ਦਿਆ ਲੱਗੇ ਆਹੋ । ਜੋ ਹਕੀਕਤ ਆਹੀ ਜਿਥੇ ਜਿਥੇ ਫਿਰੇ ਆਹੇ ਤਿਥੇ ਤਿਥੌ ਦੀ ਹਕੀਕਤ ਸਹਿਜ ਨਾਲ ਭਾਈ ਬਾਲੇ ਲਿਖਾਈ । ਬਾਲੇ ਉਪਰਿ ਗੁਰੂ ਅੰਗਦੂ ਬਹੁਤੁ ਖੁਸੀ ਹੋਇਆ । ਭਾਈ ਬਾਲੇ ਅਤੇ ਮਰਦਾਨੇ ਰਬਾਬੀ ਨਾਲਿ ਫਿਰੇ ਆਹਾ ਮੋਦੀਖਾਨੇ ਦੇ ਵਖਤ ਬਾਲਾ ਨਾਲੋ ਆਹਾ ।”

(ਅ) ਗੁਰੂ ਮਹਿਮਾ ਪ੍ਰਕਾਸ਼ ਤੇ ਜਨਮ ਸਾਖੀ ਭਾਈ ਮਨੀ ਸਿੰਘ ਵਿਚ ਵੀ ਭਾਈ ਬਾਲੇ ਦਾ ਵਰਨਣ ਹੈ :

1. ਚਲੇ ਆਏ ਬਾਬਾ ਲਹਿਣਾ ਜੀ ਸੰਗ । ਬਾਲਾ ਬੁੱਢਾ ਸਾਧਾਰਨ ਰੰਗ ।
2. ਤਹਾ ਦਯਾਲ ਬਚਨ ਮੁਖ ਭਾਖਾ ।ਸਾਧਾਰਨ ਬਾਲੇ ਕੋ ਆਖਾ।
ਇਹ ਜੋ ਮ੍ਰਿਤਕ ਚਿਖਾ ਪਰ ਆਹਿ।ਤੁਮ ਸਭ ਦਿਨ ਕੋ ਲੀਜੈ ਖਾਇ।
3. ਪੁਨ ਬਾਲਾ ਬੁਢਾ ਸਾਧਾਰਨ ਮਿਲੇ ।ਅਤਿ ਪ੍ਰਸੰਨ ਨਿਜ ਗ੍ਰਿਹ ਕੋ ਚਲੇ ॥
4. ਬਾਲਾ ਸੰਧੂ ਅਉਰ ਸਭ, ਜੇਤੇ ਪ੍ਰੇਮੀ ਦਿਆਲ। ਸੁਨਿ ਪਰਮ ਧਰਮ ਬਾਬਾ ਚਲੇ, ਸਭ ਆਏ ਤਤਕਾਲ।

(ੲ) ਭਾਈ ਮਨੀ ਸਿੰਘ ਹੋਰਾਂ ਨੇ ਸਫੇ 264 ਤੋਂ 564 ਤਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਰ ਥਾਵੇਂ ਭਾਈ ਬਾਲੇ ਸੰਧੂ (ਚੌਰ ਬਰਦਾਰ) ਦਾ ਜ਼ਿਕਰ ਬੜੇ ਭਾਵ-ਪੂਰਿਤ ਸ਼ਬਦਾਂ ਨਾਲ ਕੀਤਾ ਹੈ ।

(ਸ) ਭਾਈ ਬਾਲੇ ਵਾਲੀ ਸਾਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਤਰਤੀਬ ਬਾਰੇ ਇਹ ਕਹਿਣਾ ਕਿ ਭਾਈ ਬਾਲੇ ਨੇ ਤਰਤੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਲਈ ਹੈ ਕੁਝ ਜਚਦਾ ਨਹੀਂ । ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਭਾਈ ਬਾਲੇ ਵਾਲੀ ਸਾਖੀ ਨੂੰ ਮੁੱਖ ਰਖ ਕੇ ਵੀ ਤਾਂ ਮੰਨੀ ਜਾ ਸਕਦੀ ਹੈ । ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਦੋ ਸ਼ਬਦ ਗੁਰੂ ਅਰਜਨ ਦੇਵ ਜੀ ਦੋ ਵੀ ਹਨ । ਹੋ ਸਕਦਾ ਹੈ ਏਨਾਂ ਸ਼ਬਦਾਂ ਦਾ ਰਲਾ ਬਾਅਦ ਵਿਚ ਕਰ ਲਿਆ ਹੋਵੇ ਜਿਵੇਂ ਕਿ ਸ: ਕਰਮ ਸਿੰਘ ਹੋਰਾਂ ਨੇ ਆਪ ਵੀ ਮੰਨਿਆ ਹੈ ।

(ਕ) ਬਾਈ ਬਾਲੇ ਵਾਲੀ ਜਨਮ ਸਾਖੀ ਵਿਚ ਗੁਰੂ ਨਾਨਕ ਨੂੰ ਨੀਵਾਂ ਦਿਖਾਉਣ ਤੇ ਹਿੰਦਾਲੀਆਂ ਨੂੰ ਉਚਾ ਦਿਖਾਉਣ ਵਾਲੀ ਗੱਲ ਕਿਧਰੇ ਨਹੀਂ ਮਿਲਦੀ । ਇਸ ਲਈ ਇਹ ਕਹਿਣਾ ਕਿ ਭਾਈ ਬਾਲੇ ਦਾ ਨਾਮ ਇਸ ਲਈ ਰਖਿਆ ਗਿਆ ਤਾਂ ਕਿ ਹਿੰਦਾਲੀਆਂ ਦੀ ਬੁਰੀ ਨੀਤ ਢਕੀ ਜਾਵੇ ਤੇ ਜੋ ਉਨ੍ਹਾਂ ਲਿਖਿਆ ਭਾਈ ਬਾਲੇ ਦੇ ਨਾਂ ਤੇ ਸਭ ਸੱਚ ਮੰਨ ਲਿਆ ਜਾਵੇ ।

(ਖ) ਭਾਈ ਗੁਰਦਾਸ ਜੀ ਨੇ ਯਾਰਵੀਂ ਵਾਰ ਵਿਚ ਗੁਰੂ ਸਾਹਿਬਾਨਾਂ ਦੇ ਸਾਰੇ ਸਿੱਖਾਂ ਦੇ ਹੀ ਨਾਮ ਨਹੀਂ ਲਿਖੇ ਸਗੋਂ ਕਾਫੀ ਸਿੱਖਾਂ ਦੇ ਨਾਮ ਰਹਿ ਗਏ ਹਨ ਜਿਵੇਂ ਰਇ ਬੁਲਾਰ, ਭਾਈ ਕਮਾਲੀਆ, ਸਾਧਾਰਨ, ਬੂੜਾ ਕਲਾਲ, ਭਾਈ ਪੈੜਾ ਮੋਖਾ ਆਦਿ ।

(ਗ) ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਮਸੰਦ ਨਾਂ ਦਾ ਸ਼ਬਦ ਕਿਤੇ ਨਹੀਂ ।

(ਘ) ਕਤੱਕ ਦੀ ਪੂਰਨਮਾਸ਼ੀ ਨੂੰ ਬੁਰਾ ਆਖਣਾ ਗਲਤ ਹੈ । ਗੁਰੂ ਜੀ ਦਾ ਜਨਮ ਕਿਸੇ ਤਿੱਥ ਤਿਉਹਾਰ ਨੂੰ ਦੇਖ ਕੇ ਨਹੀਂ ਸੀ ਹੋਇਆ । ਉਹ ਤਾਂ ਸਗੋਂ ਤਿਥ ਤਿਉਹਾਰਾਂ ਦੇ ਭਲੇ-ਮੰਦੇ ਦੇ ਭਰਮਾਂ ਵਿਚੋਂ ਦੁਨੀਆਂ ਨੂੰ ਕੱਢਣ ਆਏ ਸਨ । ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਬਹਾਦੁਰ, ਮਹਾਰਾਜਾ ਸਾਹਿਬ ਸਿੰਘ, ਆਦਿ ਸਭਨਾਂ ਦਾ ਜਨਮ ਕਤਕ ਦਾ ਹੈ ।

(ਚ) ਪੋਥੀ ਲਿਖਣ ਦਾ ਸਮਾਂ ਜੋ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਅੰਕਿਤ ਦਸਿਆ ਜਾਂਦਾ ਹੈ ਵੱਖ ਵੱਖ ਹੈ ਜਿਸ ਦਾ ਮਤਲਬ ਉਤਾਰੇ ਵੇਲੇ ਦੀ ਗਲਤੀ ਹੈ ਜਨਮ ਸਾਖੀ ਭਾਈ ਬਾਲਾ ਤੇ ਇਹ ਲਿਖਿਆ ਸਹੀ ਜਾਪਦਾ ਹੈ “ਜਨਮ ਪਤ੍ਰੀ ਬਾਬੇ ਨਾਨਕ ਜੀ ਕਿ ਲਿਖੀ ਸੰਮਤ 1598 ਥਿੱਤ ਪੰਚਮੀ 5 ਪੋਥੀ ਲਿਖੀ ਪੈੜੇ ਮੋਖੇ । ਸੁਲਤਾਨ ਪੁਰ ਦੇ ਵਸਨੀਕ ਖਤਰੇਟੇ ਨੇ, ਗੁਰੂ ਅੰਗਦ ਜੀ ਲਿਖਾਈ । ਪੈੜੇ ਮੋਖੇ ਲਿਖੀ । ਮੁਖ ਸਤਿ ਭਾਈ ਬਾਲੇ ਸੰਧੂ ਜਟੇਟੇ ਦੀ, ਰਾਇ ਭੋਇ ਦੀ ਤਲਵੰਡੀ ਆਇਆ ਆਹਾ ।........ ਮੋਦੀ ਖਾਨੇ ਦੇ ਵਖਤ ਭਾਈ ਬਾਲਾ ਨਾਲੇ ਆਹਾ ।” ਤੋਂ ਇਹ ਸ਼ੰਕਾ ਕਿ ਪੋਥੀ ਸੰਮਤ 1598 ਵਿਚ ਲਿਖੀ ਨਹੀਂ ਜਾ ਸਕਦੀ, ਦੂਰ ਹੁੰਦੀ ਹੈ । ਪੋਥੀ ਲਿਖਣ ਦਾ ਸਹੀ ਸੰਮਤ 1598 ਭਾਵ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਦੋ ਵਰ੍ਹੇ ਬਾਅਦ ਦਾ ਹੈ ।

(ਛ) ਬਾਬਾ ਲਖਮੀ ਚੰਦ ਸਾਹਿਬਜਾਦੇ ਨੇ ਸ੍ਰੀ ਗੁਰੂ ਨਾਨਕ ਜੀ ਦੀ ਜੀਵਨੀ ਲਿਖੀ ਹੈ ਜੋ ਆਮ ਲੋਕਾਂ ਦੇ ਸਾਹਮਣੇ ਨਹੀਂ ਆਈ ।

(ਜ) ਪੰਡਿਤ ਅਰਜਨ ਮੁਨੀ ਹੋਰਾਂ ਨੇ ‘ਗੁਰਦੁਆਰਾ ਦਰਪਣ’ ਵਿਚ ਗੁਰੂ ਜੀ ਦਾ ਟੇਵਾ ਦਿੰਦੇ ਹੋਏ ਲਿਖਿਆ ਹੈ, “ਗੁਰੂ ਨਾਨਕ ਜੀ ਕਾਲੂ ਚੰਦ ਮਹਿਤੇ ਦੇ ਘਰ ਮੇਂ ਸੰਮਤ 1526 ਬਿਕ੍ਰਮੀ ਕੋ ਕੱਤਕ ਸ਼ੁਦੀ ਪੂਰਣਮਾਸੀ ਮੇਂ ਰਾਇ ਭੋਾਇ ਦੀ ਤਲਵੰਡੀ ਮੇਂ ਇਕ ਪਹਿਰ ਰਾਤ ਰਹਿਤੇ ਮਾਤਾ ਤ੍ਰਿਪਤ ਜੀ ਦੇ ਉਦਰ ਭਾਵ ਹੂਆ ।” ਜਿਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਜੀ ਦਾ ਜਨਮ ਕਤੱਕ ਪੂਰਨਮਾਸ਼ੀ ਦਾ ਸੀ ।

(ਙ) ਉਪਰੋਕਤ ਤੱਥ ਤਾਂ ਲਿਖਤੀ ਗਵਾਹੀਆਂ ਦੇ ਆਧਾਰਤ ਹਨ ਪਰ ਜੋ ਸ਼ਾਹਦੀ ਲੇਖਕ ਨੇ ਆਪਣੀ ਅੱਖੀਂ ਵੇਖੀ ਹੈ ਉਸ ਤੋਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਭਾਈ ਬਾਲਾ ਗੁਰੂ ਜੀ ਦਾ ਸਾਥੀ ਸੀ । ਇਹ ਸ਼ਾਹਦੀ ਇਉਂ ਹੈ :

1. ਗੁਹਾਟੀ ਕੋਲ ਹਜੋ ਨਾਂ ਦੀ ਥਾਂ ਤੇ ਗੁਰੂ ਨਾਨਕ ਕੁੰਡ, ‘ਬਾਲਾ ਕੁਡ’ ਤੇ ‘ਮਰਦਾਨਾ ਕੁੰਡ’ ਜੋ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਸਾਥੀਆਂ ਦੇ ਨਾਂ ਤੇ ਰੱਖੇ ਗਏ ਲੇਖਕ ਨੇ ਖੁਦ ਵੇਖੇ ਹਨ।

2. ਹੋਤੀ ਮਰਦਾਨ ਦੇ ਇਲਾਕੇ ਵਿਚ ਭਾਈ ਬਾਲਾ ਦੇ ਨਾਮ ਤੇ ਵਸਿਆ ਬਾਲਾਕੋਟ ਜਿੱਥੇ ਭਾਈ ਬਾਲੇ ਦੇ ਨਾਮ ਦਾ ਮੰਦਿਰ ਤੇ ਭਾਈ ਮਰਦਾਨੇ ਦੇ ਨਾਮ ਦਾ ਚਸ਼ਮਾ ਹੈ ਗੁਰੂ ਨਾਨਕ ਦੇਵ ਜੀ ਦਾ ਵੀ ਯਾਦ ਸਥਾਨ ਹੈ ।

3. ਹਜ਼ਾਰੇ ਤੋਂ ਜਲਾਲਾਬਾਦ (ਅਫਗਾਨਿਸਤਾਨ) ਸੜਕ ਉਪਰ ਸੁਲਤਾਨਪੁਰ ਪਿੰਡ ਵਿਚ ਤਿੰਨ ਫੁਹਾਰਿਆਂ ਦੇ ਨਾਮ ਭਾਈ ਬਾਲਾ, ਭਾਈ ਮਰਦਾਨਾ ਤੇ ਗੁਰੂ ਨਾਨਕ ਚਸ਼ਮਾਂ ਹਨ ।

ਉਦਾਸੀਆਂ ਵਿੱਚ ਭਾਈ ਬਾਲਾ

ਇਹ ਵੀ ਸਵਾਲ ਉਠਦਾ ਹੈ ਕਿ “ਕੀ ਭਾਈ ਬਾਲਾ ਜੀ ਗੁਰੁ ਜੀ ਨਾਲ ਉਦਾਸੀਆਂ ਤੇ ਨਾਲ ਗਏ?” ਇਸ ਬਾਰੇ ਜਨਮ ਸਾਖੀ ਭਾਈ ਮਨੀ ਸਿੰਘ ਵਾਲੀ ਨੇ ਸ਼ਪਸ਼ਟ ਕਰ ਹੀ ਦਿੱਤਾ ਹੈ। ਗੁਰੁ ਨਾਨਕ ਦੇਵ ਜੀ ਪਹਿਲੀਆਂ ਦੋ ਉਦਾਸੀਆਂ ਅਤੇ ਪੱਛਮ ਦੀ ਉਦਾਸੀ ਵੇਲੇ ਗੁਰੂ ਜੀ ਦੇ ਨਾਲ ਨਹੀਂ ਸਨ ਅਤੇ ਤੀਜੀ ਉਦਾਸੀ ਵੇਲੇ ਗੁਰੁ ਜੀ ਨਾਲ ਸਨ। ਇਸ ਦੀ ਸ਼ਾਹਦੀ ਭਾਈ ਧੰਨਾ ਸਿੰਘ ਚਹਿਲ ਦੀ ਜ਼ਮੀਨੀ ਖੋਜ ਤੇ ਅਧਾਰਿਤ ਗੁਰ ਤੀਰਥ ਸਾਈਕਲ ਯਾਤਰਾ ਵਿੱਚ ਵਿੱਚ ਬਖੂਬੀ ਦਿਤੀ ਗਈ ਹੈ।

ਇਸ ਇਲਾਕੇ ਵਿੱਚ ਭਾਈ ਬਾਲੇ ਜੀ ਦੇ ਅਸਥਾਨ ਬਹੁਤ ਹਨ ਕਾਰਨ ਇਹ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਤਿੱਬਤ ਦੇਸ਼ ਦੀ ਤੇ ਪਹਾੜੀ ਯਾਤਰਾ ਕਰਦੇ ਸਨ ਤਾਂ ਸੁਲਤਾਨਪੁਰ ਵਿਖੇ ਬੀਬੀ ਨਾਨਕੀ ਜੀ ਨੇ ਆਪਣੇ ਭਰਾ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ । ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਚੱਲਦਿਆਂ ਹੋਏ ਇਸ ਇਲਾਕੇ ਵਿੱਚ ਪਹੁੰਚੇ ਤਾਂ ਭਾਈ ਬਾਲੇ ਜੀ ਨੂੰ ਤੇ ਮਰਦਾਨੇ ਨੂੰ ਛੱਡ ਕੇ ਆਪ ਸੁਲਤਾਨਪੁਰ ਆਪਣੀ ਭੈਣ ਬੀਬੀ ਨਾਨਕੀ ਜੀ ਨੂੰ ਜਾ ਮਿਲੇ ਸਨ। ਤਾਂ ਫਿਰ ਜਿਤਨਾ ਚਿਰ ਗੁਰੂ ਜੀ ਨਹੀਂ ਆਏ ਸਨ ਤਾਂ ਇਸ ਇਲਾਕੇ ਵਿੱਚ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਯਾਤਰਾ ਦੋਨਾਂ ਜਣਿਆਂ ਨੇ ਖੂਬ ਤੇ ਕੀਤੀ ਸੀ ਪਰਚਾਰ ਵੀ । ਜਿਸ ਜਗ੍ਹਾ ਗਏ ਉਸੇ ਜਗ੍ਹਾ ਚਸ਼ਮੇ ਬਣਾਉਂਦੇ ਗਏ ਕਿਉਂਕਿ ਇਸ ਇਲਾਕੇ ਵਿੱਚ ਸਿਵਾਏ ਦਰਿਆ ਤੋਂ ਜਾਂ ਕਿਸੇ ਪਹਾੜ ਵਿੱਚੋਂ ਨਿਕਲਿਆ ਹੋਇਆ ਜਲ ਹੋਰ ਕਿਤੇ ਨਹੀਂ ਮਿਲਦਾ ਹੈ। ਜਦ ਇਸ ਇਲਾਕੇ ਵਿੱਚ ਦੋਨਾਂ ਜਣਿਆਂ ਨੇ ਖੂਬ ਰਟਨ ਕੀਤਾ ਸੀ ਤਾਂ ਫਿਰ ਗੁਰੂ ਜੀ ਨੇ ਦੋਨਾਂ ਜਣਿਆਂ ਨੂੰ ਬਾਲਾਕੋਟ ਦੇ ਜੰਗਲ ਵਿੱਚ ਦਰਿਆ ਕੰਧਾਰ ਦੇ ਕੰਢੇ ਤੇ ਆ ਕੇ ਮਿਲੇ ਸਨ। ਇਸੇ ਕਾਰਨ ਪਿੰਡ ਬਾਲਾਕੋਟ ਭਾਈ ਬਾਲਾ ਜੀ ਦੇ ਨਾਮ ਤੇ ਹੀ ਵਸਿਆ ਹੈ । ਇਸ ਇਲਾਕੇ ਵਿੱਚ ਭਾਈ ਬਾਲੇ ਜੀ ਦੇ ਅਸਥਾਨ ਤੇ ਚਸ਼ਮੇ ਬਣੇ ਹੋਏ ਹਨ । ਭਾਈ ਬਾਲਾ ਜੀ ਤੇ ਮਰਦਾਨਾ ਜੀ ਦੀਆਂ ਜਗ੍ਹਾ ਸਾਰੀਆਂ ਮੁਸਲਮਾਨਾਂ ਦੇ ਕਬਜ਼ੇ ਵਿੱਚ ਹਨ। ਮੁਸਲਮਾਨ ਭਾਈ ਬਾਲਾ ਪੀਰ ਕਰਕੇ ਮੰਨਦੇ ।(ਧੰਨਾ ਸਿੰਘ ਚਹਿਲ ਗੁਰ ਤੀਰਥ ਸਾਈਕਲ ਯਾਤਰਾ 11 ਜੂਨ 1932 ਪੰਨਾ 451-452) (17)

ਸ਼ਹਿਰ ਮੁਜ਼ੱਫਰਾਬਾਦ (ਹੁਣ ਪਾਕਿਸਤਾਨ) ਵਿੱਚ ਖੱਤਰੀਆਂ ਦੇ ਮਹੱਲੇ ਵਿੱਚ ਸਹਿਜਧਾਰੀ ਸਿੱਖਾਂ ਦੇ ਵਿੱਚ ਭਾਈ ਬਾਲਾ ਜੀ ਦਾ ਇੱਕ ਸਥਾਨ ਹੈ ਜੋ ਕਿ ਚੌਂਤਰਾ ਬਣਾ ਕੇ ਉੱਪਰ ਗੋਲ ਜੈਸੀ ਗੁਮਟੀ ਬਣੀ ਹੋਈ ਹੈ। ਉੱਪਰ ਟੀਨ ਦਾ ਛੱਪੜਾ ਬਣਿਆ ਹੋਇਆ ਹੈ। ਸ਼ਹਿਰ ਦੇ ਲੋਕ ਹਿੰਦੂ ਭਾਈ ਬਾਲੇ ਦੀ ਜਗ੍ਹਾ ਕਰਕੇ ਮੰਨਦੇ ਹਨ ।
ਦੂਜਾ ਭਾਈ ਬਾਲੇ ਦੀ ਇੱਕ ਜਗ੍ਹਾ ਹੋਰ ਹੈ ਇਸੇ ਮਹੱਲੇ ਦੇ ਵਿੱਚ ਪੰਡਿਤ ਲੋਕ ਨਾਥ ਤੇ ਨੰਦ ਲਾਲ ਜੀ ਦੇ ਘਰ ਇੱਕ ਖੂਹੀ ਦੀ ਸ਼ਕਲ ਵਿੱਚ ਚਸ਼ਮਾ ਬਣਿਆ ਹੋਇਆ ਹੈ ਜਿਸ ਦਾ ਜਲ ਛੇ ਹੱਥ ਲੰਬਾਈ ਪੁਰ ਹੈ ਤੇ ਤਕਰੀਬਨ ਦੋ ਹੱਥ ਡੂੰਘਾ ਹੈ। ਪਹਿਲਾਂ ਜਲ ਉੱਤੇ ਹੁੰਦਾ ਸੀ ਪਰ ਘਰ ਵਾਲਿਆਂ ਨੇ ਲਾਲਚ ਕੀਤਾ ਕਿ ਡੂੰਘਾ ਕਰ ਲਵੋ ਕਿ ਜਲ ਬਹੁਤ ਹੋ ਜਾਏਗਾ ਪਰ ਜਦੋਂ ਛੇ ਹੱਥ ਪੁੱਟ ਚੁੱਕੇ ਤਦ ਵੀ ਜਲ ਪਹਿਲੇ ਜਿਤਨਾ ਹੀ ਰਿਹਾ ਜਾਂ ਜਿਤਨਾ ਅੱਜ ਕੱਲ ਮੌਜੂਦ ਹੈ ਇਨਾਂ ਪੰਡਤਾਂ ਦੇ ਵਡੇਰੇ ਭਾਈ ਬਾਲੇ ਜੀ ਨੂੰ ਤੇ ਮਰਦਾਨੇ ਜੀ ਨੂੰ ਆਪਣੇ ਘਰ ਪ੍ਰਸ਼ਾਦ ਛਕਾਉਣ ਵਾਸਤੇ ਲੈ ਗਏ ਸਨ ਤਾਂ ਜਿਸ ਵਕਤ ਪ੍ਰਸ਼ਾਦ ਛਕਣ ਲੱਗੇ ਤਾਂ ਹਾਲੇ ਜਲ ਦਰਿਆ ਤੋਂ ਨਹੀਂ ਆਇਆ ਸੀ ਕਿਉਂਕਿ ਦਰਿਆ ਕੁਝ ਫਰਕ ਨਾਲ ਸੀ।

ਚੜਾਈ ਅਤੇ ਉਤਰਾਈ ਹੋਣ ਕਰਕੇ ਪਾਣੀ ਲਿਆਉਣ ਲਈ ਬਹੁਤ ਸਮਾਂ ਲੱਗ ਗਿਆ ਤਾਂ ਭਾਈ ਬਾਲੇ ਜੀ ਨੇ ਜਗ੍ਹਾ ਪਟਵਾ ਕੇ ਜਲ ਕੱਢਿਆ ਉਸੇ ਦਿਨ ਤੋਂ ਭਾਈ ਬਾਲੇ ਜੀ ਦੇ ਨਾਮ ਤੇ ਚਸ਼ਮਾ ਮਸ਼ਹੂਰ ਹੋ ਗਿਆ । ਤੀਜੀ ਜਗ੍ਹਾ ਭਾਈ ਬਾਲੇ ਜੀ ਦੀ ਸ਼ਹਿਰ ਤੋਂ ਬਾਹਰ ਪਾਸ ਹੀ ਸ਼ਾਇਦ ਇਹ ਦੱਖਣ ਦੀ ਤਰ੍ਹਾਂ ਹੈ ਜੋ ਕਿ ਮੋਟਰਾਂ ਦੀ ਸੜਕ ਦੇ ਉੱਤੇ ਹੀ ਸੜਕ ਤੋਂ ਦੱਖਣ ਦੀ ਤਰਫ ਤੇ ਮੰਦਰ ਰਘੂਨਾਥ ਜੀ ਦੇ ਪਾਸ ਹੀ ਚੜ੍ਹਦੇ ਦੀ ਤਰਫ ਹੈ ਤੇ ਸ਼ਹਿਰ ਦੇ ਤੇ ਦਰਿਆ ਕ੍ਰਿਸ਼ਨ ਗੰਗਾ ਦੇ ਵਿਚਾਲੇ ਹੀ ਭਾਈ ਲਾਲੇ ਭਾਈ ਬਾਲੇ ਜੀ ਦਾ ਚਸ਼ਮਾ ਹੈ। ਹਿੰਦੂ ਤੇ ਮੁਸਲਮਾਨ ਪਾਣੀ ਭਰਦੇ ਹਨ ਇਹ ਮੰਦਰ ਕਰਨਲ ਗੰਡੂ ਦਾ ਕਰਕੇ ਮਸ਼ਹੂਰ ਹੈ। ਗੰਡੂ ਨੇ ਹੀ ਮੰਦਰ ਬਣਵਾਇਆ ਸੀ । ਜੋ ਰਾਜੇ ਗੁਲਾਬ ਜੀ ਨੇ ਰਘੂਨਾਥ ਜੀ ਦਾ ਮੰਦਰ ਬਣਵਾਇਆ ਸੀ ਉਹ ਤਾਂ ਸ਼ਹਿਰ ਵਿੱਚ ਹੈ । ਇਸ ਚਸ਼ਮੇ ਦਾ ਤੇ ਪੰਡਤਾਂ ਦੇ ਘਰ ਵਾਲੇ ਘਰ ਸ਼ਹਿਰ ਵਾਲੇ ਚਸ਼ਮੇ ਦਾ ਜਲ ਦੋਵਾਂ ਦਾ ਇੱਕ ਸਾਰ ਹੀ ਘੱਟ ਹੁੰਦਾ ਹੈ ਤੇ ਇੱਕ ਸਾਰੀ ਜਿਆਦਾ ਹੋ ਜਾਂਦਾ ਹੈ । ਦੋਨੇ ਚਸ਼ਮੇ ਇੱਕ ਦੂਜੇ ਨਾਲ ਸਬੰਧ ਰੱਖਦੇ ਹਨ।ਸਿਵਾਏ ਭਾਈ ਬਾਲੇ ਜੀ ਦੇ ਚਸ਼ਮੇ ਤੋਂ ਸ਼ਹਿਰ ਦੇ ਵਿੱਚ ਹੋਰ ਕੋਈ ਐਸਾ ਜਗ੍ਹਾ ਨਹੀਂ ਹੈ ਜੋ ਕਿ ਖੂਹ ਤੇ ਚਸ਼ਮਾ ਹੋਵੇ ।

ਚੌਥੀ ਜਗ੍ਹਾ ਸ਼ਹਿਰ ਤੋਂ ਇੱਕ ਮੀਲ ਤੇ ਪੱਛਮ ਵੀ ਤਰਫ ਮੋਟਰਾਂ ਦੀ ਸੜਕ ਦੇ ਉੱਤੇ ਐਬਟਾਬਾਦ ਨੂੰ ਜਾਂਦੀ ਹੈ ਉਸ ਉਤੇ ਭਾਈ ਬਾਲੇ ਜੀ ਦਾ ਇੱਕ ਚਸ਼ਮਾ ਹੈ ਜੋ ਕਿ ਮੁਸਲਮਾਨਾਂ ਦੇ ਕਬਜ਼ੇ ਵਿੱਚ ਹੈ। ਮੁਸਲਮਾਨਾਂ ਨੇ ਤਜਾਰਤ ਬਣਾਈ ਹੋਈ ਹੈ। ਚਸ਼ਮੇ ਦੇ ਤੇ ਸ਼ਹਿਰ ਦੇ ਵਿਚਾਲੇ ਕ੍ਰਿਸ਼ਨ ਗੰਗਾ ਵਗ ਰਹੀ ਹੈ ।

ਪੰਜਵੀਂ ਜਗ੍ਹਾ ਭਾਈ ਬਾਲੇ ਜੀ ਦਾ ਜੋ ਚਸ਼ਮਾ ਹੈ । ਸ਼ਹਿਰ ਦੇ ਉੱਤਰ ਪੱਛਮ ਦੀ ਗੁੱਠ ਵਿੱਚ ਛੇ ਮੀਲ ਤੇ ਪਿੰਡ ਘੋੜੀ ਹੈ ਪਿੰਡ ਘੋੜੀ ਤੋਂ ਉਤਰ ਦੀ ਤਰਫ ਇੱਕ ਮੀਲ ਤੇ ਭਾਈ ਬਾਲੇ ਜੀ ਦਾ ਚਸ਼ਮਾ ਹੈ ਜਿੱਥੇ ਮੁਸਲਮਾਨਾਂ ਦਾ ਪਹਿਰਾ ਹੈ ।ਡਾਕਖਾਨਾ ਤੇ ਤਹਿਸੀਲ ਜ਼ਿਲਾ ਮੁਜ਼ਫਾਬਾਦ ਤੇ ਰਿਆਸਤ ਕਸ਼ਮੀਰ ਹੈ ।

ਛੇਵੀਂ ਜਗ੍ਹਾ ਕਸਬਾ ਛਨਕਿਆਰੀ ਵਿੱਚ ਹੈ ਜੋ ਕਿ ਮਾਨਸੇਰਾ ਤੋਂਙ ਦਸ ਮੀਲ ਤੇ ਸ਼ਹਿਰ ਵਫਾਂ ਦੇ ਪਾਸ ਹੀ ਹੈ । ਇਹ ਛਨਕਿਆਰੀ ਵਿਖੇ ਖਾਲਸੇ ਦੇ ਰਾਜ ਦੀ ਬਾਰਾਂਦਰੀ ਦੇ ਪਾਸ ਹੀ ਬਾਲੇ ਜੀ ਦਾ ਇੱਕ ਚਸ਼ਮਾ ਹੈ ਇਸ ਜਗ੍ਹਾ ਸਿੰਘਾਂ ਦੇ ਰਾਜ ਦਾ ਇੱਕ ਗੁਰਦੁਆਰਾ ਵੀ ਹੈ ਜਿੱਥੇ ਬਹੁਤ ਬੇਅਦਬੀ ਹੋ ਰਹੀ ਹੈ ।

ਭਾਈ ਬਾਲੇ ਜੀ ਦੇ ਇਸ ਚਸ਼ਮੇ ਦੇ ਬਾਰੇ ਚ ਭਾਈ ਕਿਸ਼ਨ ਸਿੰਘ ਜੀ ਜੋ ਕਿ ਗੁਰਦੁਆਰਾ ਹਰਗੋਬਿੰਦ ਸਾਹਿਬ ਹਰਗੋਵਿੰਦਪੁਰਾ ਛੇਵੇਂ ਪਿਤਾ ਜੀ ਦੇ ਪਾਸ ਆਪਣੇ ਘਰ ਪਿੰਡ ਨਲੂਸ਼ੀ ਵਿਖੇ ਰਹਿੰਦਾ ਸੀ ਉਹਨਾਂ ਦੀ ਜ਼ੁਬਾਨੀ ਪਤਾ ਲੱਗਾ ਹੈ ਕਿ ਬਾਲਾਕੋਟ ਕਸਬੇ ਵਿੱਚ ਭਾਈ ਬਾਲੇ ਜੀ ਦਾ ਚਸ਼ਮਾ ਦਾ ਸਥਾਨ ਹੈ ਜੋ ਕਿ ਮੁਸਲਮਾਨਾਂ ਦੇ ਕਬਜ਼ੇ ਵਿੱਚ ਹੈ।ਇਥੇ ਭਾਈ ਮਰਦਾਨੇ ਜੀ ਦਾ ਵੀ ਸਥਾਨਹੁੰਦਾ ਸੀ ਜੋ ਕਿ ਅੱਜ ਕੱਲ ਬੰਦ ਹੋ ਚੁੱਕਾ। ਏਥੇ ਭਾਈ ਬਾਲੇ ਦੇ ਚਸ਼ਮੇ ਦੇ ਸਵਾਏ ਕੋਈ ਹੋਰ ਚਸ਼ਮਾ ਨਹੀਂ ਹੈ । ਚਸ਼ਮੇ ਦੇ ਤੇ ਸ਼ਹਿਰ ਦੇ ਵਿਚਾਲੇ ਕ੍ਰਿਸ਼ਨ ਗੰਗਾ ਵਗ ਰਹੀ ਹੈ।(ਧੰਨਾ ਸਿੰਘ ਚਹਿਲ ਗੁਰ ਤੀਰਥ ਸਾਈਕਲ ਯਾਤਰਾ 11 ਜੂਨ 1932 ਪੰਨਾ 451-452) (17)

ਇੱਕ ਹੋਰ ਸ਼ਾਹਦੀ ਭਾਈ ਬਾਲਾ ਦੇ ਅਸਾਮ ਵਿਚ ਹੋਣ ਦੀ ਡਾ: ਅਰਜਨ ਸਿੰਘ ਮਾਨ ਨੇ ਅਪਣੀ ਪੁਸਤਕ ਵਿੱਚ ਦਿਤੀ ਹੈ:
“ਉਹ (ਗੁਰੂ ਨਾਨਕ ਦੇਵ ਜੀ) ਮਤਸੇਧਵਜ (ਹਜੋ, ਗਵਾਹਾਟੀ ਦੇ ਨੇੜੇ) ਗਏ, ਜਿੱਥੇ ਭਗਵਾਨ ਵਿਸ਼ਨੂੰ ਦੇ ਸਨਮਾਨ ਵਿੱਚ ਇੱਕ ਮੰਦਰ ਮੌਜੂਦ ਹੈ। ਮਰਦਾਨਾ ਕੁੰਡ ਅਤੇ ਬਾਲਾ ਕੁੰਡ ਗੁਰੂ ਜੀ ਦੇ ਇਸ ਸਥਾਨ 'ਤੇ ਆਉਣ ਦੀ ਯਾਦ ਦਿਵਾਉਂਦੇ ਹਨ”। ਡਾ: ਅਰਜਨ ਸਿੰਘ ਮਾਨ, “ਗੁਰੂ ਤੇਗ ਬਹਾਦਰ ਅਤੇ ਅਸਾਮ ਪ੍ਰਦੇਸ਼, ਪੰਨਾ 179” (18)

ਇਨ੍ਹਾਂ ਸੱਭ ਤੋਂ ਜ਼ਾਹਿਰ ਹੈ ਕਿ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਨਾਲ ਗਏ। ਸੋ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿੱਚ ਭਾਈ ਬਾਲਾ ਬਾਰੇ ਲਿਖਿਆ ਪਰਵਾਨ ਕਰਨਾ ਬਣਦਾ ਹੈ।

ਉਪਰੋਕਤ ਨਿਸ਼ਾਨੀਆਂ ਤੋਂ ਸਾਫ ਜ਼ਾਹਿਰ ਹੈ ਕਿ ਗੁਰੂ ਜੀ ਨਾਲ ਬਾਲਾ ਤੇ ਮਰਦਾਨਾ ਆਸਾਮ ਵਲ ਵੀ ਨਾਲ ਸਨ ਤੇ ਤੀਜੀ ਉਦਾਸੀ ਵੇਲੇ ਵੀ ਨਾਲ ਸਨ। ਬਾਲਾ ਸੰਧੂ ਕੋਈ ਕਲਪਿਤ ਵਿਅਕਤੀ ਨਹੀਂ ਸੀ ਸਗੋਂ ਜੀਂਦਾ ਜਾਗਦਾ ਇਨਸਾਨ ਸੀ ।

ਗੁਰੁ ਨਾਨਕ ਦੇਵ ਜੀ ਦਾ ਸਾਥੀ ਭਾਈ ਬਾਲਾ ਭਾਈ ਬਾਲਾ ਜਨਮਸਾਖੀ ਕਰਕੇ ਤਾਂ ਪ੍ਰਸਿੱਧ ਤਾਂ ਹੈ ਹੀ ਪਰ ਉੁਸ ਦੀਆਂ ਯਾਦਗਾਰਾਂ ਨੂੰ ਵੇਖਿਆ ਜਾਵੇ ਤਾਂ ਉਸ ਦਾ ਸਿੱਖ ਇਤਿਹਾਸ ਵਿੱਚ ਭਾਈ ਮਰਦਾਨੇ ਵਾਂਗ ਵੱਖਰਾ ਸਥਾਨ ਹੈ ।

ਭਾਈ ਬਾਲਾ ਦੀ ਹੋਂਦ

ਡਾ: ਤ੍ਰਿਲੋਚਨ ਸਿੰਘ ਨੇ ਉਠਾਏ ਗਏ ਕੁਝ ਨੁਕਤਿਆਂ ਨੂੰ ਇਹ ਕਹਿ ਕੇ ਗਿਣਿਆ ਹੈ ਕਿ ਮਹਿਮਾ ਪ੍ਰਕਾਸ਼ ਅਤੇ ਮਨੀ ਸਿੰਘ ਜਨਮਸਾਖੀ ਦੋਵੇਂ ਭਾਈ ਬਾਲਾ ਦਾ ਜ਼ਿਕਰ ਕਰਦੇ ਹਨ।(5) ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਭਾਈ ਬਹਿਲੋ ਦੁਆਰਾ ਲਿਖੇ ਗਏ ਸੂਚਕ ਪ੍ਰਸੰਗ ਵਿੱਚ ਭਾਈ ਬਾਲਾ ਦਾ ਹੋਰ ਜ਼ਿਕਰ ਹੈ। ਭਾਈ ਬਹਿਲੋ ਕਹਿੰਦੇ ਹਨ, " ਪਵਿੱਤਰ ਨਗਰੀ ਖਡੂਰ ਵਿਖੇ, ਬਾਲਾ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ, ਗੁਰੂ ਅੰਗਦ, ਨੇ, ਆਪਣੇ ਹੱਥਾਂ ਨਾਲ, ਸੰਸਕਾਰ ਕੀਤਾ।" (6) ਉਹ ਇਹ ਨੁਕਤਾ ਵੀ ਉਠਾਉਂਦਾ ਹੈ ਕਿ ਭਾਈ ਬਾਲਾ ਦਾ ਪਰਿਵਾਰ ਅਜੇ ਵੀ ਨਨਕਾਣਾ ਸਾਹਿਬ ਵਿੱਚ ਰਹਿ ਰਿਹਾ ਹੈ ਅਤੇ ਬਾਲਾ ਦੀ ਸਮਾਧ ਖਡੂਰ ਸਾਹਿਬ ਵਿੱਚ ਮੌਜੂਦ ਹੈ। ਐਚ.ਐਸ. ਸਿੰਘਾ, ਅਨੁਸਾਰ ਕੁਝ ਵਿਦਵਾਨਾਂ ਦਾ ਦਲੀਲ ਹੈ ਕਿ ਭਾਈ ਬਾਲਾ ਇੱਕ ਸੱਚਾ ਵਿਅਕਤੀ ਸੀ, ਹਾਲਾਂਕਿ ਜਨਮਸਾਖੀ ਭਾਈ ਬਾਲਾ ਨੂੰ ਹੰਦਾਲੀਆਂ ਅਤੇ ਹੋਰਾਂ ਵਰਗੇ ਪਾਖੰਡੀ ਸੰਪਰਦਾਵਾਂ ਦੁਆਰਾ ਭ੍ਰਿਸ਼ਟ ਕੀਤਾ ਗਿਆ ਸੀ।(7) ਜਨਮਸਾਖੀਆਂ ਦਾ ਸਭ ਤੋਂ ਪੁਰਾਣਾਾਈ ਮੌਜੂਦਾ ਬਾਲਾ ਸੰਸਕਰਣ 1525 ਦਾ ਹੈ ਪਰ ਡਬਲਯੂ.ਐਚ. ਮੈਕਲਿਓਡ ਇਸਦਾ ਖੰਡਨ ਕਰਦਾ ਹੈ। (8)

ਭਾਈ ਬਾਲਾ ਦੀ ਹੋਂਦ ਬਾਰੇ, ਖਾਸ ਕਰਕੇ ਸਿੱਖ ਅਕਾਦਮਿਕ ਖੇਤਰ ਵਿੱਚ ਕਾਫ਼ੀ ਚਰਚਾ ਹੋਈ ਹੈ। ਆਧੁਨਿਕ ਖੋਜਕਰਤਾਵਾਂ ਨੇ ਭਾਈ ਬਾਲਾ ਦੀ ਹੋਂਦ ਦੀ ਪਛਾਣ ਵੀ ਓਤਨੀ ਹੀ ਸ਼ਕ ਦੇ ਦਾਇਰੇ ਵਿਚ ਲਿਆ ਖੜ੍ਹੀ ਕੀਤੀ ਹੈ ਜਿਤਨੀ ਭਾਈ ਬਾਲਾ ਜਨਮ ਸਾਖੀ ਦੀ ਪ੍ਰਮਾਣਿਕਤਾ । ਭਾਈ ਬਾਲਾ ਦਾ ਜ਼ਿਕਰ ਨਾ ਤਾਂ ਭਾਈ ਗੁਰਦਾਸ ਜੀ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਬਹੁਤ ਸਾਰੇ ਸਿੱਖਾਂ ਦੇ ਨਾਮ ਦਰਜ ਕੀਤੇ ਹਨ ਅਤੇ ਨਾ ਹੀ ਪੁਰਾਤਨ ਜਨਮ ਸਾਖੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਦੇ ਲੇਖਕਾਂ ਦੁਆਰਾ, ਜੋ ਕਿ ਬਾਲਾ ਜਨਮ ਸਾਖੀ ਤੋਂ ਵੀ ਪੁਰਾਣੀ ਹੈ, (ਸਭ ਤੋਂ ਪੁਰਾਣੀ ਉਪਲਬਧ ਹੱਥ-ਲਿਖਤ 1658 ਦੀ ਹੈ) ।(9)ਇਸ ਦੇ ਕਾਰਨ ਹਨ:

ਭਾਈ ਗੁਰਦਾਸ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਪ੍ਰਮੁੱਖ ਚੇਲਿਆਂ ਨੂੰ ਸੂਚੀਬੱਧ ਕੀਤਾ ਹੈ (ਆਪਣੀ 11ਵੀਂ ਵਾਰ ਵਿੱਚ) ਭਾਈ ਬਾਲਾ ਦੇ ਨਾਂ ਦਾ ਜ਼ਿਕਰ ਨਹੀਂ ਕਰਦੇ (ਇਹ ਇੱਕ ਅਣਗਹਿਲੀ ਹੋ ਸਕਦੀ ਹੈ, ਕਿਉਂਕਿ ਉਹ ਰਾਏ ਬੁਲਾਰ ਦਾ ਵੀ ਜ਼ਿਕਰ ਨਹੀਂ ਕਰਦੇ)। ਉਂਜ ਭਾਈ ਮਨੀ ਸਿੰਘ ਦੀ ਭਗਤ ਰਤਨਵਾਲੀ, ਜਿਸ ਵਿਚ ਭਾਈ ਗੁਰਦਾਸ ਦੀ ਸੂਚੀ ਵਾਲੀ ਹੀ ਸੂਚੀ ਹੈ, ਪਰ ਹੋਰ ਵਿਸਥਾਰ ਸਹਿਤ, ਭਾਈ ਬਾਲਾ ਦਾ ਵੀ ਜ਼ਿਕਰ ਨਹੀਂ ਹੈ। ਹੋਰ ਵੀ ਕਈ ਵਿਗਾੜ ਹਨ, ਜਿਨ੍ਹਾਂ ਨੂੰ ਡਾ: ਕਿਰਪਾਲ ਸਿੰਘ ਨੇ ਆਪਣੀ ਪੰਜਾਬੀ ਰਚਨਾ 'ਜਨਮਸਾਖੀ ਪਰੰਪਰਾ' ਵਿੱਚ ਦਰਸਾਇਆ ਹੈ। (10) (11)

ਵਿਲਾਇਤ ਵਾਲੀ ਜਨਮ ਸਾਖੀ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਟਾਕਰਾ ਕੀਤਿਆਂ ਪਤਾ ਲੱਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਬੋਲੀ ਉਸਦੇ ਟਾਕਰੇ ਤੇ ਨਵੀਨ ਹੈ ਜਿਵੇਂ ਵਿਲਾਇਤ ਵਾਲੀ ਜਨਮ ਸਾਖੀ ਵਿੱਚ ਪਏ ਬਾਲੇ ਨੂੰ ਬਾਡੀ ਸੁਤ ਕਿਹਾ । ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਭਾਈ ਬਾਲੇ ਨੂੰ ਸੰਧੂ ਜਾਤ ਦਾ ਜੱਟ ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਸਾਥੀ ਦੱਸਿਆ ਹੈ ਪਰ ਇਸ ਦੀ ਪੁਸ਼ਟੀ ਕਿਸੇ ਹੋਰ ਜਨਮ ਸਾਖੀ ਵਿੱਚੋਂ ਨਹੀਂ ਹੁੰਦੀ । (12)

ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਸਾਥੀ ਮਰਦਾਨੇ ਦਾ ਕਥਨ ਤਾਂ ਹੈ ਪਰ ਬਾਲੇ ਦਾ ਨਹੀਂ ਭਾਈ ਗੁਰਦਾਸ ਦੀ ਗਿਆਰਵੀਂ ਵਾਰ ਵਿੱਚ ਪਹਿਲੇ ਛੇ ਗੁਰੂਆਂ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ ਦੇ ਨਾਂ ਦੱਸੇ ਹਨ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਨਾਵਾਂ ਵਿੱਚ ਭਾਈ ਬਾਲੇ ਦਾ ਨਾਂ ਨਹੀਂ । ਵਿਲਾਇਤ ਵਾਲੀ ਜਨਮ ਸਾਖੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਵੀ ਭਾਈ ਬਾਲੇ ਦਾ ਕਥਨ ਨਹੀਂ ਆਉਂਦਾ ਇਸ ਤਰ੍ਹਾਂ ਕਿਸੇ ਪੁਰਾਤਨ ਸਰੋਤ ਤੋਂ ਭਾਈ ਬਾਲੇ ਦੀ ਹੋਂਦ ਬਾਰੇ ਪੁਸ਼ਟੀ ਨਹੀਂ ਹੁੰਦੀ । ਇਹ ਸਭ ਮੰਨਦੇ ਹਨ ਕਿ ਗੁਰੂ ਨਾਨਕ ਸਾਹਿਬ ਕੋਲ ਭਾਈ ਲਹਿਣਾ ਜੀ ਘੱਟੋ ਘੱਟ ਤਿੰਨ ਸਾਲ ਵੱਧ ਤੋਂ ਵੱਧ ਸੱਤ ਅੱਠ ਸਾਲ ਰਹੇ ਇਸ ਲਈ ਗੁਰੂ ਨਾਨਕ ਸਾਹਿਬ ਦੇ ਸਭ ਪ੍ਰਸਿੱਧ ਸਿੱਖਾਂ ਨੂੰ ਜਾਣਦੇ ਹੋਣਗੇ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਉਹ ਭਾਈ ਬਾਲੇ ਨੂੰ ਨਹੀਂ ਜਾਣਦੇ ਸਨ ਅਤੇ ਭਾਈ ਬਾਲਾ ਗੁਰੂ ਸਾਹਿਬ ਨੂੰ ਨਹੀਂ ਜਾਣਦਾ ਸੀ ਭਾਈ ਬਾਲੇ ਦੀ ਜਨਮ ਸਾਖੀ ਅਤੇ ਆਰੰਭਿਕ ਸ਼ਬਦ ਇਹ ਸਪਸ਼ਟ ਕਰ ਦਿੰਦੇ ਹਨ ਕਿ ਨਾ ਭਾਈ ਬਾਲਾ ਗੁਰੂ ਅੰਗਦ ਨੂੰ ਜਾਣਦਾ ਸੀ ਤੇ ਨਾ ਗੁਰੂ ਅੰਗਦ ਜੀ ਭਾਈ ਬਾਲੇ ਨੂੰ । (12)
ਭਾਈ ਸੰਧੂ ਬਾਲੀ ਸੰਧੂ ਨੂੰ ਇਹ ਚਾਹ ਸੀ ਜੇ ਗੁਰੂ ਪ੍ਰਗਟ ਹੋਵੇ ਤਾਂ ਦਰਸ਼ਨ ਜਾਈਏ ਬਾਲੇ ਸੰਧੂ ਸੁਣਿਆ ਜੋ ਗੁਰੂ ਨਾਨਕ ਇੱਕ ਖਤਰੇਟਾ ਅੰਗਦ ਹੈ ਉਸਨੇ ਬਾਪ ਚਲਿਆ ਬਾਪ ਥਾਪ ਚੱਲਿਆ ਹੈ ਜਾਤ ਤ੍ਰਹੁਣ ਹੈ ਪਰ ਜਾਣੀ ਦਾ ਨਹੀਂ ਕਿਹੜੇ ਥਾਉ ਛਪ ਬੈਠਾ ਹੈ ਖਬਰ ਸੁਣੀ ਖਡੂਰ ਖਹਿਰਿਆਂ ਦੀ ਵਿੱਚ ਬੈਠਾ ਹੈ ਇਹ ਸੁਣ ਕੇ ਬਾਲਾ ਸੰਧੂ ਗੁਰੂ ਅੰਗਦ ਦੇ ਦਰਸ਼ਨ ਆਇਆ ਜੋ ਕਿਛੁ ਸਖਤ ਆਹੀ ਸੋ ਭੇਟ ਲੈ ਆਇਆ ਢੂਢ ਲੱਧੋਸ ਅੱਗੇ ਦੇਖੈ ਤਾ ਗੁਰੂ ਅੰਗਦ ਬੈਠਾ ਬਾਣ ਵਟਦਾ ਹੈ ਬਾਲੇ ਸੰਧੂ ਜਾਏ ਮੱਥਾ ਟੇਕਿਆ ਅੱਗੋਂ ਗੁਰੂ ਅੰਗਦ ਬੋਲਿਆ ਆਓ ਭਾਈ ਸਤ ਕਰਤਾਰ ਬੈਠੋ ਜੀਙ ਗੁਰੂ ਅੰਗਦ ਵਾਣ ਬਟਣੋ ਰਹਿ ਗਿਆ ਗੁਰੂ ਅੰਗਦ ਬਾਲੇ ਨੂੰ ਪੁੱਛਣ ਕੀਤਾ ਭਾਈ ਸਿੱਖ ਕਿੱਥੋਂ ਆਇਓ ਕਿਉਂ ਕਰਿ ਆਵਣ ਹੋਇਆ ਹੈ ਕੌਣ ਹੁੰਦੇ ਹੋ ਤਾਂ ਭਾਈ ਬਾਲੇ ਸੰਧੂ ਹੱਥ ਜੋੜੇ ਗੁਰੂ ਜੀਙ ਹੁੰਦਾ ਹਾਂ ਜੇ ਟੇਟਾ ਨਾਉ ਹੈ ਬਾਲਾ ਸੰਧੂ ਵਤਨ ਰਾਏ ਭੋਏ ਦੀ ਤਲਵੰਡੀ ਹੈ। ਪਿਆਰੇ ਲਾਲ ਕਪੂਰ ਵਾਲੀ ਜਨਮ ਸਾਖੀ ਪਤਰਾ ਅੰਤਕਾ 221 । (13)

ਕਰਮ ਸਿੰਘ ਕੱਤਕ ਕੇ ਵਿਸਾਖ ਵਿੱਚ ਪੰਨੇ 240 ਤੇ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਸਮਸ 1732 ਭਾਵ 1675 ਈਸਵੀ ਵਿੱਚ ਗੱਦੀ ਉੱਤੇ ਬੈਠੇ ਸਨ ਇਸ ਲਈ ਇਹ ਜੰਗ ਚੰਗੇ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਪਹਿਲਾਂ ਨਹੀਂ ਬਣੀ ਆਪ ਦੇ ਅਖੀਰਲੇ ਸਮੇਂ ਵਿੱਚ ਬਣੀ ਹੋਏਗੀ। (ਕੱਤਕ ਕਿ ਵਿਸਾਖ ਕਰਮ ਸਿੰਘ ਪੰਨਾ 240 (14)

ਭਾਈ ਬਾਲਾ ਦੀ ਮੌਤ 1544 ਵਿੱਚ ਖਡੂਰ ਸਾਹਿਬ ਵਿਖੇ ਹੋਈ। ਗੁਰਦੁਆਰਾ ਤਪਿਆਣਾ ਸਾਹਿਬ ਦੇ ਅਹਾਤੇ ਦੇ ਅੰਦਰ ਇੱਕ ਯਾਦਗਾਰੀ ਥੜਾ, ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ ਸੀ। ਗੁਰਦੁਆਰੇ ਵਿੱਚ ਇੱਕ ਉੱਚੇ ਥੜ੍ਹੇ ਉੱਤੇ ਇੱਕ ਵਰਗਾਕਾਰ ਹਾਲ ਬਣਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚਿੱਟੇ ਸੰਗਮਰਮਰ ਦੇ ਤਖਤ ਤੇ ਬਿਰਾਜਮਾਨ ਹੈ। ਇੱਕ ਸਜਾਵਟੀ ਸੋਨੇ ਦੀ ਪਲੇਟਿਡ ਚੋਟੀ ਦੇ ਨਾਲ ਇੱਕ ਕਮਲ ਗੁੰਬਦ ਅਤੇ ਇੱਕ ਛੱਤਰੀ ਦੇ ਆਕਾਰ ਦਾ ਅੰਤਮ ਹਾਲ ਦੇ ਸਿਖਰ 'ਤੇ ਹੈ, ਜਿਸ ਦੇ ਹਰੇਕ ਕੋਨੇ ਦੇ ਉੱਪਰ ਇੱਕ ਵਰਗ ਆਕਾਰ ਦਾ ਗੁੰਬਦ ਵਾਲਾ ਕਿਓਸਕ ਵੀ ਹੈ। ਹਾਲ ਦੇ ਸਾਹਮਣੇ, ਇਕ ਏਕੜ ਵਿਚ ਇੱਟਾਂ ਦੇ ਬਣੇ ਅਹਾਤੇ ਦੇ ਵਿਚਕਾਰ, ਸਰੋਵਰ ਹੈ। ਇੱਕ ਯਾਦਗਾਰੀ ਗੁਰਦੁਆਰਾ ਭਾਈ ਬਾਲਾ ਤਪਿਆਣਾ ਸਾਹਿਬ ਖਡੂਰ ਸਾਹਿਬ ਵਿੱਚ ਹੈ।
1717423638527.png

ਗੁਰਦੁਆਰਾ ਭਾਈ ਬਾਲਾ ਤਪਿਆਣਾ ਸਾਹਿਬ ਖਡੂਰ ਸਾਹਿਬ

1717423703534.png
1717423829535.png

1. ਸਮਾਧ ਭਾਈ ਬਾਲਾ ਜੀ ਤਪਿਆਣਾ ਸਾਹਿਬ ਖਡੂਰ ਸਾਹਿਬ 2.ਭਾਈ ਬਾਲਾ ਦਾ ਦਾਹ ਸੰਸਕਾਰ ਚਿਤਰ 1825–1849:

ਭਾਈ ਬਾਲਾ ਜੀ ਦੇ ਨਾਮ ਤੇ ਸਮਾਧ ਅਤੇ ਗੁਰਦੁਆਰਾ ਸਾਹਿਬ ਖਡੂਰ ਦੇ ਮਹਤੱਵਪੂਰਨ ਸਥਾਨ ਤੇ ਹੋਣ ਦੇ ਤੱਥ ਜ਼ਾਹਿਰਾ ਸਬੂਤ ਹਨ ਕਿ ਭਾਈ ਬਾਲਾ ਸੰਧੂ ਦੀ ਹੋਂਦ ਨਕਾਰੀ ਨਹੀਂ ਜਾ ਸਕਦੀ। ਨਾ ਹੀ ਉਸ ਦਾ ਮਹਤਵ ਨਕਾਰਿਆ ਜਾ ਸਕਦਾ ਹੈ ਕਿਉਂਕਿ ਮਹਤਵਪੂਰਨ ਗੁਰਦਆਰਾ ਸਾਹਿਬ ਦੇ ਅਹਾਤੇ ਦੇ ਅੰਦਰ ਯਾਦਗਾਰੀ ਥੜਾ, ਇੱਕ ਮਹਤਵਪੂਰਨ ਵਿਅਕਤੀ ਦੀ ਹੋਂਦ ਦੀ ਨਿਸ਼ਾਨਦੇਹੀ ਕਰਦਾ ਹੈ ।

ਗੁਰਦਵਾਰਾ ਸ਼੍ਰੀ ਤਪਿਆਣਾ ਸਾਹਿਬ ਖਡੂਰ ਸਾਹਿਬ ਸ਼ਹਿਰ, ਤਰਨਤਾਰਨ ਜਿਲ੍ਹਾ ਵਿੱਚ ਸਥਿਤ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਬਹਿ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਗਾਉਂਦੇ ਸਨ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਆਦੇਸ਼ਾਂ ਨਾਲ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਭਾਈ ਬਾਲਾ ਜੀ ਦੁਆਰਾ ਇੱਥੇ ਲਿਖੀ ਗਈ ਸੀ। ਜਦੋਂ ਜਨਮ ਸਾਖੀ ਸੰਪੂਰਨ ਹੋਈ ਤਾਂ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਕਿ ਉਹ ਸੱਚਖੰਡ ਜਾਣ ਦੀ ਇਜਾਜ਼ਤ ਦੇਣ ਕਿਉਂਕਿ ਉਹ ਹੁਣ ਬਹੁਤ ਬੁੱਢੇ ਹੋ ਚੁੱਕੇ ਸਨ। ਜਦੋਂ ਭਾਈ ਬਾਲਾ ਜੀ ਸੱਚਖੰਡ ਲਈ ਰਵਾਨਾ ਹੋਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ। (15)

ਭਾਈ ਬਾਲਾ ਜਨਮਸਾਖੀ ਵਿਚ ਵੀ ਕਈ ਭਾਸ਼ਾਵਾਂ ਦੀਆਂ ਅਸੰਗਤੀਆਂ ਹਨ। ਉਦਾਹਰਨ ਲਈ, ਬਾਲਾ ਜਨਮਸਾਖੀ ਵਿੱਚ ਸਿੱਖ ਨਮਸਕਾਰ 'ਵਾਹਿਗੁਰੂ ਜੀ ਕੀ ਫਤਹਿ' ਦੀ ਵਰਤੋਂ ਕੀਤੀ ਜਾਂਦੀ ਹੈ, ਹਾਲਾਂਕਿ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਦੇ ਰਾਜ ਦੌਰਾਨ ਹੀ ਮਸ਼ਹੂਰ ਹੋਇਆ ਸੀ। (16)

ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ

ਪ੍ਰਚਲਿਤ ਮਾਨਤਾ ਦੇ ਅਨੁਸਾਰ, ਭਾਈ ਬਾਲਾ, ਗੁਰੂ ਨਾਨਕ ਦੇਵ ਜੀ ਦਾ ਜੀਵਨ ਭਰ ਦਾ ਸਾਥੀ ਸੀ ਜੋ ਚੰਦਰ ਭਾਨ ਦਾ ਪੁੱਤਰ ਸੀ, ਜੋ ਤਲਵੰਡੀ ਰਾਏ ਭੋਇ ਦੇ ਹਿੰਦੂ ਜੱਟ ਵਜੋਂ ਜਾਣਿਆ ਜਾਂਦਾ ਹੈ। ਨਨਕਾਣਾ ਸਾਹਿਬ ਹੁਣ ਪਾਕਿਸਤਾਨ ਪੰਜਾਬ ਵਿੱਚੋਂ ਖਿੱਚੀ ਗਈ ਲਕੀਰ ਦੇ ਕਿਨਾਰੇ ਡਿੱਗਿਆ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਧਾਰਮਿਕ ਲੀਹਾਂ 'ਤੇ ਦੋ ਦੇਸ਼ਾਂ ਵਿੱਚ ਵੰਡ ਦਿੱਤਾ।

ਭਾਈ ਬਾਲਾ ਗੁਰੂ ਨਾਨਕ ਦੇਵ ਜੀ ਤੋਂ ਤਿੰਨ ਸਾਲ ਵੱਡੇ ਸਨ ਤੇ, ਦੋਵੇਂ ਤਲਵੰਡੀ ਵਿੱਚ ਬਚਪਨ ਵਿੱਚ ਇਕੱਠੇ ਖੇਡੇ ਸਨ। ਤਲਵੰਡੀ ਤੋਂ ਉਹ ਗੁਰੂ ਜੀ ਦੇ ਨਾਲ ਸੁਲਤਾਨਪੁਰ ਆਏ ਜਿੱਥੇ ਉਹ ਆਪਣੇ ਪਿੰਡ ਪਰਤਣ ਤੋਂ ਪਹਿਲਾਂ ਕਾਫ਼ੀ ਸਮਾਂ ਗੁਰੂ ਜੀ ਦੇ ਨਾਲ ਰਿਹਾ। (1)

ਬਾਲਾ ਜਨਮ ਸਾਖੀ ਦੇ ਅਨੁਸਾਰ, ਭਾਈ ਬਾਲਾ ਰਾਏ ਬੁਲਾਰ ਦੇ ਕਹਿਣ 'ਤੇ ਤਲਵੰਡੀ ਤੋਂ ਗੁਰੂ ਨਾਨਕ ਦੇਵ ਜੀ ਨਾਲ ਰਵਾਨਾ ਹੋਇਆ । ਸੁਲਤਾਨਪੁਰ ਛੱਡ ਕੇ ਸੈਦਪੁਰ ਵਿਖੇ ਭਾਈ ਲਾਲੋ ਦੇ ਘਰ ਤੇ ਵਿਦੇਸ਼ ਯਾਤਰਾਵਾਂ 'ਤੇ ਗੁਰੂ ਜੀ ਦੇ ਨਾਲ ਰਿਹਾ। । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਨੂੰ ਆਪਣੇ ਜੱਦੀ ਪਿੰਡ ਤਲਵੰਡੀ ਤੋਂ ਖਡੂਰ ਆਉਣ ਅਤੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਸੁਣਾਉਣ ਲਈ ਸੱਦਾ ਦਿੱਤਾ। ਮਹਿਮਾ ਪ੍ਰਕਾਸ਼ ਵਿੱਚ ਇਸ ਦਾ ਜ਼ਿਕਰ ਹੈ। ਹਵਾਲਾ ਵਜੋਂ: "ਗੁਰੂ ਅੰਗਦ ਦੇਵ ਜੀ ਨੇ ਇੱਕ ਦਿਨ ਭਾਈ ਬੁੱਢਾ ਨਾਲ ਗੱਲ ਕੀਤੀ, 'ਗੁਰੂ ਨਾਨਕ ਦੇਵ ਜੀ ਦੇ ਨਾਲ ਦੂਰ-ਦੂਰ ਦੀਆਂ ਯਾਤਰਾਵਾਂ 'ਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਸਿੱਖਾਂ ਨੂੰ ਲੱਭੋ, ਜਿਨ੍ਹਾਂ ਨੇ ਉਨ੍ਹਾਂ ਦਾ ਉਪਦੇਸ਼ ਸੁਣਿਆ ਅਤੇ ਇਸ 'ਤੇ ਵਿਚਾਰ ਕੀਤਾ, ਅਤੇ ਜੋ ਵਾਪਰੀਆਂ ਬਹੁਤ ਸਾਰੀਆਂ ਅਜੀਬ ਘਟਨਾਵਾਂ ਦੇ ਗਵਾਹ ਸਨ, ਉਨ੍ਹਾਂ ਤੋਂ ਸਾਰੀਆਂ ਸਥਿਤੀਆਂ ਬਾਰੇ ਜਾਣਕਾਰੀ ਲਵੋ ਤੇ ਸੁਰੱਖਿਅਤ ਕਰੋ ਅਤੇ ਇੱਕ ਸੰਗ੍ਰਹਿ ਤਿਆਰ ਕਰੋ ।' (2)

ਬਾਲਾ ਦੁਆਰਾ ਸੁਣਾਏ ਗਏ ਕਿੱਸੇ ਗੁਰਮੁਖੀ ਅੱਖਰਾਂ ਵਿੱਚ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਇੱਕ ਹੋਰ ਸਿੱਖ, ਭਾਈ ਪੈੜੇ ਮੋਖੋ ਦੁਆਰਾ ਦਰਜ ਕੀਤੇ ਗਏ ਸਨ। ਨਤੀਜਾ ਇਹ ਨਿਕਲਿਆ ਜੋ ਭਾਈ ਬਾਲੇ ਵਾਲੀ ਜਨਮ ਸਾਖੀ ਵਜੋਂ ਜਾਣਿਆ ਜਾਂਦਾ ਹੈ,(3) (ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਜੀਵਨ ਬਿਰਤਾਂਤ)।

ਭਾਈ ਬਾਲਾ ਦੀ ਮੌਤ 1544 ਵਿੱਚ ਖਡੂਰ ਸਾਹਿਬ ਵਿਖੇ ਹੋਈ। ਗੁਰਦੁਆਰਾ ਤਪਿਆਣਾ ਸਾਹਿਬ ਦੇ ਅਹਾਤੇ ਦੇ ਅੰਦਰ ਇੱਕ ਯਾਦਗਾਰੀ ਥੜਾ, ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ ਸੀ।(4)

ਇਨ੍ਹਾਂ ਇਕੱਤਰ ਕੀਤੇ ਗਏ ਪਰਮੁੱਖ ਸਿੱਖਾਂ ਵਿੱਚ ਭਾਈ ਬਾਲਾ ਮੁੱਖ ਸਨ ਕਿਉਂਕਿ ਭਾਈ ਮਰਦਾਨਾ ਅਤੇ ਭਾਈ ਮੂਲਾ ਇਸ ਤੋਂ ਪਹਿਲਾਂ ਸੁਰਗਵਾਸ ਹੋ ਚੁੱਕੇ ਸਨ, ਤੇ ਸ਼ੀਹਾਂ ਛੀਂਬਾ ਤੇ ਹਸੂ ਲੁਹਾਰ ਦੇ ਮਿਲਣ ਦਾ ਜ਼ਿਕਰ ਨਹੀਂ ।

ਡਾ: ਤ੍ਰਿਲੋਚਨ ਸਿੰਘ ਨੇ ਉਠਾਏ ਗਏ ਕੁਝ ਨੁਕਤਿਆਂ ਨੂੰ ਇਹ ਕਹਿ ਕੇ ਗਿਣਿਆ ਹੈ ਕਿ ਮਹਿਮਾ ਪ੍ਰਕਾਸ਼ ਅਤੇ ਮਨੀ ਸਿੰਘ ਜਨਮਸਾਖੀ ਦੋਵੇਂ ਭਾਈ ਬਾਲਾ ਦਾ ਜ਼ਿਕਰ ਕਰਦੇ ਹਨ।(5) ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਭਾਈ ਬਹਿਲੋ ਦੁਆਰਾ ਲਿਖੇ ਗਏ ਸੂਚਕ ਪ੍ਰਸੰਗ ਵਿੱਚ ਭਾਈ ਬਾਲਾ ਦਾ ਹੋਰ ਜ਼ਿਕਰ ਹੈ। ਭਾਈ ਬਹਿਲੋ ਕਹਿੰਦੇ ਹਨ, " ਪਵਿੱਤਰ ਨਗਰੀ ਖਡੂਰ ਵਿਖੇ, ਬਾਲਾ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ, ਗੁਰੂ ਅੰਗਦ, ਨੇ, ਆਪਣੇ ਹੱਥਾਂ ਨਾਲ, ਸੰਸਕਾਰ ਕੀਤਾ।" (6) ਉਹ ਇਹ ਨੁਕਤਾ ਵੀ ਉਠਾਉਂਦਾ ਹੈ ਕਿ ਭਾਈ ਬਾਲਾ ਦਾ ਪਰਿਵਾਰ ਅਜੇ ਵੀ ਨਨਕਾਣਾ ਸਾਹਿਬ ਵਿੱਚ ਰਹਿ ਰਿਹਾ ਹੈ ਅਤੇ ਬਾਲਾ ਦੀ ਸਮਾਧ ਖਡੂਰ ਸਾਹਿਬ ਵਿੱਚ ਮੌਜੂਦ ਹੈ। ਐਚ.ਐਸ. ਸਿੰਘਾ, ਅਨੁਸਾਰ ਕੁਝ ਵਿਦਵਾਨਾਂ ਦਾ ਦਲੀਲ ਹੈ ਕਿ ਭਾਈ ਬਾਲਾ ਇੱਕ ਸੱਚਾ ਵਿਅਕਤੀ ਸੀ, ਹਾਲਾਂਕਿ ਜਨਮਸਾਖੀ ਭਾਈ ਬਾਲਾ ਨੂੰ ਹੰਦਾਲੀਆਂ ਅਤੇ ਹੋਰਾਂ ਵਰਗੇ ਪਾਖੰਡੀ ਸੰਪਰਦਾਵਾਂ ਦੁਆਰਾ ਭ੍ਰਿਸ਼ਟ ਕੀਤਾ ਗਿਆ ਸੀ।(7) ਜਨਮਸਾਖੀਆਂ ਦਾ ਸਭ ਤੋਂ ਪੁਰਾਣਾ ਮੌਜੂਦਾ ਬਾਲਾ ਸੰਸਕਰਣ 1525 ਦਾ ਹੈ ਪਰ ਡਬਲਯੂ.ਐਚ. ਮੈਕਲਿਓਡ ਇਸਦਾ ਖੰਡਨ ਕਰਦਾ ਹੈ। (8)

ਭਾਈ ਬਾਲਾ ਬਚਪਨ ਵਿੱਚ ਤਾਂ ਸਾਥ ਰਹੇ ਪਰ ਪਹਿਲੀਆਂ ਦੋ ਉਦਾਸੀਆਂ ਵੇਲੇ ਨਾਲ ਨਹੀਂ ਸਨ ਜਿਸ ਬਾਰੇ ਜਨਮ ਸਾਖੀ ਭਾਈ ਮਨੀ ਸਿੰਘ ਵਿੱਚ ਦਰਜ ਹੈ । ਬਾਬੇ ਕਹਿਆ, “…. ਦੁਇ ਦਿਸਾ ਦੀ ਉਦਾਸੀ ਕਰ ਆਏ ਹਾਂ ਅਤੇ ਦੁਇ ਦਿਸਾ ਦੀ ਰਹਿੰਦੀ ਹੈ”। ਤਾਂ ਕਾਲੂ ਨੇ ਮੱਥਾ ਟੇਕਿਆ ਅਰ ਕਹਿਆ ‘ਕਿ ਜੋ ਕੁਝ ਉਹ ਕਰਨਗੇ ਸੋ ਹਮਰੇ ਭਲੇ ਦੀ ਗੱਲ ਹੀ ਕਰਨਗੇ” ਤਾਂ ਕਾਲੂ ਵਿਦਾ ਹੋਇਆ ਅਰ ਬਾਲਾ ਅਤੇ ਮਰਦਾਨਾ ਉਥੋਂ ਨਾਲ ਤੁਰੇ ਅਰ ਬਾਬੇ ਨੂੰ ਦੋਹਾਂ ਆਣ ਮੱਥਾ ਟੇਕਿਆ ਤਾਂ ਬਚਨ ਹੋਇਆ, “ਬਾਲਿਆ ਤੂੰ ਸਾਡੇ ਨਾਲ ਚਲੇਂਗਾ ਕਿ ਘਰ ਜਾਵੇਂਗਾ।“ਤਾਂ ਬਾਬੇ ਨੂੰ ਬਾਲੇ ਕਹਿਆ , “ਜੀ ਮੈ ਅੱਗੇ ਹੀ ਭੁੱਲਾ ਹਾਂ ਜੋ ਮੈਂ ਤੁਹਾਡੇ ਨਾਲ ਨਹੀਂ ਗਿਆ”। ਤਾਂ ਬਚਨ ਹੋਇਆ “ਬਾਲਿਆ ਚੱਲ ਉੱਤਰ ਦੀ ਉਦਾਸੀ ਕਰ ਆਈਏ”। ਤਾਂ ਬਾਲਾ ਤੇ ਮਰਦਾਨਾ ਨਾਲ ਦੋਵੇਂ ਚਲੇ।“ਡਾ: ਕਿਰਪਾਲ ਸਿੰਘ (ਸੰ) ਜਨਮ ਸਾਖੀ ਪਰੰਪਰਾ, ਅੰਤਿਕਾ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਪੰਨਾ 364) (9) ਜਦ ਕਰਤਾਰਪੁਰ ਵਸਾਇਆ ਤਦ ਭਾਈ ਬਾਲਾ ਅਤੇ ਮਰਦਾਨਾ ਕਰਤਾਰਪੁਰ ਵਿੱਚ ਗੁਰੂ ਜੀ ਨਾਲ ਸਨ। ਤਦ ਮਰਦਾਨੇ ਆਖਿਆ, “ਜੀ ਮਹਾਰਾਜ ਤੁਸੀਂ ਸ੍ਰੀ ਚੰਦ ਅਰ ਲਖਮੀ ਦਾਸ ਨੂੰ ਏਥੇ ਰੱਖੋ”। ਤਾਂ ਫਿਰ ਬਾਬੇ ਆਖਿਆ, ਹੇ ਬਾਲਾ ਤੂੰ ਜਾਇ ਕਰ ਸ੍ਰੀ ਚੰਦ ਅਰ ਲਖਮੀ ਦਾਸ ਨੂੰ ਏਥੇ ਲੈ ਆਉ ਅਤੇ ਮਰਦਾਨੇ ਨੂੰ ਆਖਿਆ, “ਅਪਣੇ ਟੱਬਰ ਨੂੰ ਏਥੇ ਲਿਆਓ” ਤਾਂ ਦੋਨੋ ਵਿਦਾ ਕੀਤੇ ।(9)

ਭਾਈ ਬਾਲਾ ਚੌਥੀ ਉਦਾਸੀ ਵੇਲੇ ਵੀ ਗੁਰੁ ਨਾਨਕ ਦੇਵ ਜੀ ਨਾਲ ਨਹੀਂ ਸਨ, ਮਰਦਾਨੇ ਆਖਿਆ, “ਬਾਬਾ ਜੀ ਤੁਸੀਂ ਸਾਰੀ ਪਰਿਥਮੀ ਡਿਠੀ ਪਰ ਮੱਕਾ ਮਦੀਨਾ ਨਾ ਡਿਠਾ”। ਤਾਂ ਬਾਬੇ ਆਖਿਆ ਕਿ “ਚਲ ਮਰਦਾਨਿਆ ਤੈਨੂੰ ਮੱਕਾ ਮਦੀਨਾ ਵਿਖਾਲ ਲਿਆਈਏ” ਅਤੇ ਬਾਲੇ ਨੂੰ ਆਖਿਆ ਕਿ ‘ਹੇ ਬਾਲੇ ਜੇਕਰ ਅਸੀਂ ਮਾਤਾ ਪਿਤਾ ਤੋਂ ਪੁਛਦੇ ਹਾਂ ਤਾਂ ਉਹ ਸਾਨੂੰ ਜਾਣ ਨਹੀਂ ਦੇਣਗੇ।ਤਾਂ ਤੇ ਤੂੰ ਉਨ੍ਹਾਂ ਨੂੰ ਪਿੱਛੋਂ ਦੱਸੀਂ ਅਤੇ ਸ਼ਬਦ ਦੀ ਚਰਚਾ ਕਰਕੇ ਉਨ੍ਹਾਂ ਨੂੰ ਪਰਚਾਈ ਰੱਖੀਂ”। ਸੋ ਇਹ ਕਹਿ ਕਰ ਬਾਬਾ ਜੀ ਅਤੇ ਮਰਦਾਨਾ ਉਥੋਂ ਤੁਰੇ। (ਡਾ: ਕਿਰਪਾਲ ਸਿੰਘ ਸੰ: ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਪੰਨਾ 376) (9) ਗੁਰੁ ਜੀ ਭਾਈ ਮੂਲੇ ਨੂੰ ਮੱਕੇ ਦੀ ਚੌਥੀ ਉਦਾਸੀ ਵੇਲੇ ਭਾਈ ਮੂਲੇ ਨੂੰ ਲੈ ਕੇ ਜਾਣਾ ਚਾਹੁੰਦੇ ਸਨ ਪਰ ਘਰ ਵਾਲਿਆਂ ਨੇ ਉਸ ਨੂੰ ਛੁਪਇਆ ਤਾਂ ਸੱਪ ਡੰਗਣ ਕਰਕੇ ਉਸ ਦੀ ਮੌਤ ਹੋਈ।(ਡਾ: ਕਿਰਪਾਲ ਸਿੰਘ ਸੰ: ਜਨਮ ਸਾਖੀ ਭਾਈ ਮਨੀ ਸਿੰਘ ਪੰਨਾ 376) (9)

ਸੋ ਇਕ ਤੀਜੀ ਉਦਾਸੀ ਹੀ ਸੀ ਜਿਸ ਬਾਰੇ ਭਾਈ ਬਾਲੇ ਦਾ ਗੁਰੁ ਜੀ ਨਾਲ ਜਾਣ ਦਾ ਉਲੇਖ ਮਿਲਦਾ ਹੈ ਜਿਸ ਬਾਰੇ ਪਹਿਲਾਂ ਦਿਤਾ ਗਿਆ ਹੈ।
ਇਨ੍ਹਾਂ ਸੱਭ ਤੋਂ ਜ਼ਾਹਿਰ ਹੈ ਕਿ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਨਾਲ ਗਏ। ਸੋ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿੱਚ ਭਾਈ ਬਾਲਾ ਬਾਰੇ ਲਿਖਿਆ ਪਰਵਾਨ ਕਰਨਾ ਬਣਦਾ ਹੈ।

ਜਨਮਸਾਖੀ ਵਿੱਚ ਰਲਾ ਅਤੇ ਅਸੰਗਤੀਆਂ
ਭਾਈ ਬਾਲਾ ਦੀ ਹੋਂਦ ਬਾਰੇ ਤਾਂ ਸ਼ਪਸ਼ਟ ਹੋ ਗਿਆ ਕਿ ਭਾਈ ਬਾਲਾ ਸੰਧੂ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ। ਪਰ ਇਹ ਵਿਚਾਰ ਸ਼ਪਸ਼ਟ ਕਰਨਾ ਹੈ ਕਿ ਕੀ ਜਨਮ ਸਾਖੀ ਭਾਈ ਬਾਲਾ ਨੇ ਲਿਖਵਾਈ? ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਗੁਰੁ ਅੰਗਦ ਜੀ ਨੇ ਭਾਈ ਬਾਲਾ ਸਮੇਤ ਹੋਰ ਸਜਣ ਵੀ ਬੁਲਾਏ ਸਨ ਜੋ ਗੁਰੁ ਸਾਹਿਬ ਦੇ ਨਜ਼ਦੀਕ ਸਨ। ਗੁਰੁ ਅੰਗਦ ਦੇਵ ਜੀ ਵੀ ਗੁਰੂ ਸਾਹਿਬ ਨਾਲ ਕਰਤਾਰਪੁਰ ਵਿਖੇ ਕਾਫੀ ਸਮਾਂ ਨਾਲ ਰਹੇ। ਇਨ੍ਹਾਂ ਸਾਰਿਆਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਹੀ ਇਹ ਜਨਮਸਾਖੀ ਗਰੂ ਅੰਗਦ ਦੇਵ ਜੀ ਨੇ ਪੈੜਾ ਮੋਖਾ ਹੱਥੀਂ ਲਿਖਵਾਈ। ਪਰ ਜੋ ਬਾਅਦ ਵਿੱਚ ਪਾਠਕਾਂ ਸਾਹਮਣੇ ਆਈ ਉਹ ਇਹ ਪੈੜੇ ਮੋਖੇ ਵਾਲੀ ਸਾਖੀ ਨਹੀਂ ਸੀ ਬਲਕਿ ਇਸ ਜਨਮਸਾਖੀ ਨੁੰ ਹੰਦਾਲ ਨੇ ਰਲਾ ਪਾਕੇ ਅਪਣੀ ਵਡਿਆਈ ਭਰ ਕੇ ਤੇ ਗੁਰੁ ਜੀ ਦੇ ਸਾਥੀਆਂ ਨੂੰ ਨੀਵਾਂ ਦਿਖਾਕੇ ਨਵੇਂ ਰੂਪ ਵਿੱਚ ਸਿੱਖਾਂ ਸਾਹਮਣੇ ਰੱਖੀ। ਇਸ ਜਨਮਸਾਖੀ ਵਿੱਚ ਅਸੰਗਤੀਆਂ ਵੀ ਇਸੇ ਕਰਕੇ ਆਈਆਂ ਹਨ। ਇਸੇ ਲਈ ਇਸ ਜਨਮਸਾਖੀ ਵਿੱਚੋਂ ਸੰਗਤੀਆਂ ਤੇ ਇਹ ਪਾਇਆ ਹੋਇਆ ਰਲਾ ਕਢਣਾ ਬਹੁਤ ਜ਼ਰੁਰੀ ਹੈ ਜੋ ਇੱਕ ਪਾਰਖੂ ਖੋਜੀ ਹੀ ਕਰ ਸਕਦਾ ਹੈ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਖਾਰ ਸਕੇ। ਇਸ ਲੇਖ ਦੇ ਦੂਜੇ ਭਾਗ ਵਿੱਚ ਇਨ੍ਹਾਂ ਅਸੰਗਤੀਆਂ ਅਤੇ ਰਲਾ ਨੂੰ ਨਿਖੇੜਿਆ ਗਿਆ ਹੈ।

ਭਾਈ ਬਾਲਾ ਜਨਮਸਾਖੀ ਵਿੱਚ ਅਸੰਗਤੀਆਂ ਅਤੇ ਰਲਾ ਬਾਰੇ ਵੱਖਰੇ ਲੇਖ ਵਿੱਚ ਦਿਤਾ ਗਿਆ ਹੈ।

ਹਵਾਲੇ

1. ਮੈਕਾਲਿਫ, ਮੈਕਸ ਆਰਥਰ, ਸਿੱਖ ਰਿਲੀਜਨ, ਆਕਸਫੋਰਡ, 1909,

2. ਮੈਕਲਿਓਡ, ਡਬਲਯੂ.ਐਚ., ਗੁਰੂ ਨਾਨਕ ਅਤੇ ਸਿੱਖ ਧਰਮ, ਆਕਸਫੋਰਡ, 1968, ਮੈਕਲਿਓਡ, ਡਬਲਯੂ. ਐਚ. (1980), ਅਰਲੀ ਸਿੱਖ ਪਰੰਪਰਾ: ਜਨਮ-ਸਾਖੀਆਂ ਦਾ ਅਧਿਐਨ, ਆਕਸਫੋਰਡ: ਕਲਾਰੇਂਡਨ ਪ੍ਰੈਸ, ਪੀ. 15. ISBN 0-19-826532-8. OCLC 5100963

3. ਹਰਬੰਸ ਸਿੰਘ, ਗੁਰੂ ਨਾਨਕ ਅਤੇ ਸਿੱਖ ਧਰਮ ਦੇ ਮੂਲ, ਬੰਬਈ, 1969

4. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ, ਪਟਿਆਲਾ, 1969

5. ਸਿੰਘ, ਤ੍ਰਿਲੋਚਨ ਡਾ. ਗੁਰੂ ਨਾਨਕ: ਸਿੱਖ ਧਰਮ ਦੇ ਸੰਸਥਾਪਕ: ਇੱਕ ਜੀਵਨੀ (PDF)। ਪੰਨਾ 492-494.

7. ਸਿੰਘਾ, ਐਚ.ਐਸ. (2000)। ਸਿੱਖ ਧਰਮ ਦਾ ਐਨਸਾਈਕਲੋਪੀਡੀਆ। ਹੇਮਕੁੰਟ ਪ੍ਰੈਸ ਪੀ. 28. ISBN 9788170103011. 19 ਅਗਸਤ 2022 ਨੂੰ ਪ੍ਰਾਪਤ ਕੀਤਾ ਗਿਆ।

8. ਮੈਕਲਿਓਡ, ਡਬਲਯੂ. ਐਚ. (1980)। ਮੁੱਢਲੀ ਸਿੱਖ ਪਰੰਪਰਾ: ਜਨਮ-ਸਾਖੀਆਂ ਦਾ ਅਧਿਐਨ। ਆਕਸਫੋਰਡ: ਕਲਾਰੇਂਡਨ ਪ੍ਰੈਸ। ਪੀ. 16. ISBN 0-19-826532-8. OCLC 5100963

9. ਡਾ: ਕਿਰਪਾਲ ਸਿੰਘ (ਸੰ ਜਨਮ ਸਾਖੀ ਭਾਈ ਮਨੀ ਸਿੰਘ ਪੰਨਾ 375

10. ਮੈਕਸ ਆਰਥਰ ਮੈਕਾਲਿਫ, 1909

11. ਸਿੰਘ, ਭੂਪੇਂਦਰ (23 ਦਸੰਬਰ 2022), ਬਾਬਾ ਨਾਨਕ ਸ਼ਾਹ ਫਕੀਰ (ਪਹਿਲਾ ਸੰਸਕਰਨ)। ਬਲੂ ਰੋਜ਼ ਪਬਲਿਸ਼ਰਜ਼ ਪੀ. 23. ISBN 9789357046602।

12. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ, ਪਟਿਆਲਾ, 1969 pMnw xvii-xviii

13. ਪਿਆਰੇ ਲਾਲ ਕਪੂਰ ਵਾਲੀ ਜਨਮ ਸਾਖੀ ਪਤਰਾ ਅੰਤਕਾ 221

14. ਕੱਤਕ ਕਿ ਵਿਸਾਖ ਕਰਮ ਸਿੰਘ ਪੰਨਾ 240

15. ਮੈਕਲਿਓਡ, ਡਬਲਯੂ. ਐਚ. (1980), ਅਰਲੀ ਸਿੱਖ ਪਰੰਪਰਾ: ਜਨਮ-ਸਾਖੀਆਂ ਦਾ ਅਧਿਐਨ, ਆਕਸਫੋਰਡ: ਕਲਾਰੇਂਡਨ ਪ੍ਰੈਸ, ਪੀ. 15. ISBN 0-19-826532-8. OCLC 5100963

16. ਮੈਕਲਿਓਡ, ਡਬਲਯੂ.ਐਚ., ਗੁਰੂ ਨਾਨਕ ਅਤੇ ਸਿੱਖ ਧਰਮ, ਆਕਸਫੋਰਡ, 1968, p49

17 ਧੰਨਾ ਸਿੰਘ ਚਹਿਲ ਗੁਰ ਤੀਰਥ ਸਾਈਕਲ ਯਾਤਰਾ 11 ਜੂਨ 1932 ਪੰਨਾ 451-452.

18. ਡਾ: ਅਰਜਨ ਸਿੰਘ ਮਾਨ, “ਗੁਰੂ ਤੇਗ ਬਹਾਦਰ ਅਤੇ ਅਸਾਮ ਪ੍ਰਦੇਸ਼, ਪੰਨਾ 179”
 
Top