• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਲਖਨੌਰ(ਅੰਬਾਲਾ):ਜਿਸ ਨੂੰ ਪਹਿਲੇ, ਛੇਵੇਂ ਅਤੇ ਨੌਵੇਂ ਗੁਰੂ ਜੀ ਦੀ ਚਰਨ ਛੁਹ ਪ੍ਰਾਪਤ ਹੈ

Dalvinder Singh Grewal

Writer
Historian
SPNer
Jan 3, 2010
1,245
421
78
ਲਖਨੌਰ(ਅੰਬਾਲਾ):ਜਿਸ ਨੂੰ ਪਹਿਲੇ, ਛੇਵੇਂ ਅਤੇ ਨੌਵੇਂ ਗੁਰੂ ਜੀ ਦੀ ਚਰਨ ਛੁਹ ਪ੍ਰਾਪਤ ਹੈ

ਡਾ ਦਲਵਿੰਦਰ ਸਿੰਘ ਗ੍ਰੇਵਾਲ: ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ​

ਲਖਨੌਰ ਸਾਹਿਬ


1677768321514.png

ਗੁਰਦੁਆਰਾ ਲਖਨੌਰ ਸਾਹਿਬ

ਗੁਰਦੁਆਰਾ ਲਖਨੌਰ ਸਾਹਿਬ ਦਾ ਨਾਮ ਲਖਨੌਰ ਪਿੰਡ ਤੋਂ ਲਿਆ ਗਿਆ ਹੈ ਜੋ ਅੰਬਾਲਾ ਸ਼ਹਿਰ ਤੋਂ 13 ਕਿਲੋਮੀਟਰ ਦੂਰ ਅੰਬਾਲਾ-ਹਿਸਾਰ ਰੋਡ ਸਥਿਤ ਹੈ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਦਾ ਜਨਮ ਇੱਥੇ ਹੋਇਆ ਸੀ। ਬਾਅਦ ਵਿੱਚ ਉਸਦੇ ਮਾਤਾ-ਪਿਤਾ ਕਰਤਾਰਪੁਰ ਸਾਹਿਬ ਚਲੇ ਗਏ, ਜਿੱਥੇ ਉਸਦਾ ਵਿਆਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੋਇਆ। ਜਦੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਾਤਾ ਗੁਜਰੀ ਬਿਹਾਰ ਦੇ ਦੌਰੇ 'ਤੇ ਸਨ, ਤਾਂ ਪਟਨਾ ਵਿਖੇ ਬਾਲ ਗੋਬਿੰਦ ਰਾਏ (ਪਿਛੋਂ ਗੁਰੂ ਗੋਬਿੰਦ ਸਿੰਘ ਜੀ) ਦਾ ਜਨਮ ਹੋਇਆ ਸੀ। ਮਾਤਾ ਗੁਜਰੀ ਜੀ ਪਟਨਾ ਠਹਿਰੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਅਸਾਮ ਚਲੇ ਗਏ। ਮਾਤਾ ਜੀ ਅਤੇ ਬਾਲ ਗੋਬਿੰਦ ਰਾਏ ਜੀ ਉਥੇ 4 ਸਾਲ ਰਹੇ ਅਤੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਦੇਸ਼ ਅਨੁਸਾਰ ਮਾਤਾ ਗੁਜਰੀ, ਬਾਲ ਗੋਬਿੰਦ ਰਾਏ ਜੀ ਅਤੇ ਮਾਤਾ ਨਾਨਕੀ ਜੀ ਪੰਜਾਬ ਲਈ ਚੱਲ ਹੋਏ ਅਤੇ ਰਸਤੇ ਵਿੱਚ ਲਖਨੌਰ ਸਾਹਿਬ ਠਹਿਰੇ। ਗੁਰੂ ਜੀ ੳਮੇਤ ਸਾਰਾ ਪਰਿਵਾਰ ਇੱਥੇ 6 ਮਹੀਨੇ ਰਿਹਾ। ਉਨ੍ਹਾਂ ਦੇ ਨਾਲ ਹੀ ਤਿੰਨ ਬਿਸਤਰੇ ਸਨ, (ਜਿਨ੍ਹਾਂ ਵਿੱਚੋਂ 2 ਬਿਸਤਰੇ ਅਜੇ ਵੀ ਇੱਥੇ ਸੁਰੱਖਿਅਤ ਹਨ), 2 ਪ੍ਰਾਂਤਾਂ ਅਤੇ ਗੁਰੂ ਸਾਹਿਬ ਦੇ ਸ਼ਸਤਰ ਸਨ ਜੋ ਅਜੇ ਵੀ ਇੱਥੇ ਸੁਰੱਖਿਅਤ ਹਨ। ਲਖਨੌਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਦਾ ਜੱਦੀ ਪਿੰਡ ਸੀ। ਚਾਰ ਸਾਲ ਦੀ ਉਮਰ ਵਿੱਚ, ਗੁਰੂ ਗੋਬਿੰਦ ਸਿੰਘ ਆਪਣੀ ਮਾਤਾ ਦੇ ਨਾਲ ਲਖਨੌਰ ਵਿੱਚ ਛੇ ਮਹੀਨੇ ਰਹੇ। ਇੱਥੇ ਬਾਲ ਗੋਬਿੰਦ ਗਤਕਾ ਬਾਜ਼ੀ, ਨੇਜਾ ਬਾਜ਼ੀ, ਢਾਲ ਤਲਵਾਰ, ਤੀਰ-ਅੰਦਾਜ਼ੀ, ਅਤੇ ਹਥਿਆਰ ਚਲਾਉਣ ਦੀ ਕਲਾ ਵਿੱਚ ਨਿਪੁੰਨ ਹੋਏ ਸਨ। ਖਿਦੋ ਖੂੰਡੀ ਵਿੱਚ ਵੀ ਮੋਹਰੀ ਰਹੇ।ਕਥਾਵਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਵੀ 1499 ਈ: ਵਿਚ ਇਸ ਸਥਾਨ 'ਤੇ ਆਏ ਸਨ। ਬਾਅਦ ਵਿਚ ਲਖਨੌਰ ਵਿਚ ਉਹ ਜਿਸ ਘਰ ਵਿਚ ਰਹਿੰਦੇ ਸਨ, ਇਕ ਪਵਿੱਤਰ ਅਸਥਾਨ ਵਜੋਂ ਸੰਭਾਲਿਆ ਗਿਆ। 18ਵੀਂ ਸਦੀ ਦੇ ਅਖੀਰਲੇ ਅੱਧ ਦੌਰਾਨ, ਘਰ ਨੂੰ ਇੱਕ ਗੁਰਦੁਆਰੇ ਵਿੱਚ ਬਦਲ ਦਿੱਤਾ ਗਿਆ ਸੀ। ਗੁਰਦੁਆਰੇ ਦੀ ਇਮਾਰਤ ਇੱਕ ਵੱਡੀ ਕੰਧ ਵਾਲੇ ਅਹਾਤੇ ਦੇ ਕੇਂਦਰ ਵਿੱਚ ਹੈ ਅਤੇ ਇਸ ਦੀਆਂ ਕੁਝ ਵਿਲੱਖਣ ਇਮਾਰਤਸਾਜ਼ੀ ਵਿਸ਼ੇਸ਼ਤਾਵਾਂ ਹਨ। ਗੁਰਦੁਆਰਾ ਲਖਨੌਰ ਸਾਹਿਬ ਦਾ ਪਤਾ: ਪਿੰਡ ਲਖਨੌਰ, ਡਾਕ ਥਰਵਾ, ਜ਼ਿਲ੍ਹਾ ਅੰਬਾਲਾ। (1,2)

ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ, "ਸ਼ਹਿਰ (ਲਖਨੌਰ) ਵਿੱਚ ਸਰਸਵਤੀ ਤੀਰਥ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕੋ ਹੀ ਗੁਰਦੁਆਰਾ ਹੈ ਜਿਸ ਦੀ ਸੇਵਾ ਭਾਈ ਉਦੈ ਸਿੰਘ ਕੈਥਲਪਤੀ ਨੇ ਕਰਵਾਈ। ਰੇਲਵੇ ਸਟੇਸ਼ਨ ਕੁਰਖੇਤਰ 18 ਮੀਲ (28.8 ਕਿਲੋਮੀਟਰ) ਪੱਛਮ ਵੱਲ ਹੈ ਤੇ ਪੱਕੀ ਸੜਕ ਗੁਰਦੁਆਰਾ ਤੱਕ ਜਾਦੀ ਹੈ।" (3) ਲਖਨੌਰ ਅੰਬਾਲਾ ਛਾਉਣੀ ਤੋਂ 6.4 ਕਿਲੋਮੀਟਰ ਪੱਛਮ ਵੱਲ ਅਤੇ ਅੰਬਾਲਾ ਸ਼ਹਿਰ ਤੋਂ 8.4 ਕਿਲੋਮੀਟਰ ਤੇ ਹੈ। ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਏਥੇ ਆਉਣ ਬਾਰੇ 'ਗੁਰੂ ਕੀਆਂ ਸਾਖੀਆਂ' ਪੰਨੇ 68-70 ਵਿੱਚ ਇਉਂ ਦਰਜ ਹੈ।(4)

"ਰਾਜਾ ਰਾਮ ਸਿੰਘ ਕਾ ਆਸਾਮੀਆਂ ਸੇ ਕਈ ਮਾਸ ਘੋਰ ਯੁਧ ਹੂਆ । ਚੜ੍ਹਦੇ ਸਾਲ 1726 ਕੋ ਰਾਜਾ ਕੀ ਫਤੇ ਹੋਈ। ਆਸਾਮੀ ਰਾਜਾ ਨੇ ਈਨ ਮੰਨ ਲਈ। ਸਤਿਗੁਰਾਂ ਦੋਹਾਂ ਧਿਰਾਂ ਦਾ ਮੇਲ ਕਰਾਇ ਦੀਆ। ਰਾਜਾ ਰਾਮ ਸਿੰਘ ਨੇ ਫਤੇ ਕੀ ਯਾਦ ਮੇਂ ਗੁਰੂ ਤੇਗ ਬਹਾਦਰ ਜੀ ਕੇ ਨਾਮ ਪਰ ਨਦੀ ਕੇ ਕਿਨਾਰੇ ਏਕ ਉੱਚਾ ਟਿੱਲਾ ਬਣਵਾਇਆ।….. ਏਕ ਦਿਵਸ ਗੁਰੂ ਜੀ ਨੇ ਰਾਜਾ ਜੀ ਸੇ ਕਹਾ,"ਤੁਸਾਂ ਅਜੇ ਠਹਿਰ ਕੇ ਆਨਾ ਹੈ ਅਸਾਂ ਕੋ ਜਾਨੇ ਦੀਜੀਏ।ਗੁਰੂ ਜੀ ਰਾਜਾ ਸੇ ਵਿਦਿਆ ਹੋਇਕੇ ਵਾਪਸ ਮਦਰ ਦੇਸ ਤਰਫ ਆਏ। ਰਾਸਤੇ ਮੇਂ ਦੀਵਾਨ ਮਤੀ ਦਾਸ ਕੋ ਭੇਜ ਪਟਨੇ ਸੇ ਸਾਰੇ ਪਰਿਵਾਰ ਕੋ ਬੁਲਾਇ ਲੀਆ। ਬਚਨ ਹੋਆ ਕ੍ਰਿਪਾਲ ਚੰਦ ਸੁਭਿੱਖੀ ਸੇ ,"ਤੁਸੀਂ ਸਾਹਿਬਜ਼ਾਦਾ ਗੋਬਿੰਦ ਦਾਸ ਕੋ ਗੈਲ ਸਭ ਕੋ ਸਾਥ ਲੈ ਕੇ ਸੀਧੇ ਲਖਨੌਰ ਮੇਂ ਜਾਨਾ ਹੈ। ਅਸਾਂ ਦਿੱਲੀ ਮੇਂ ਰਸੀਨਾ ਨਗਰ ਰਾਣੀ ਪੁਸ਼ਪਾ ਦੇਵੀ ਪਾਸ ਜਾਣਾ ਹੈ।ਵਹਾਂ ਕੁਝ ਦਿਨ ਠਹਿਰੇਂਗੇ, ਅਸਾਂ ਦਿੱਹਲੀ ਸੇ ਤੁਸਾਂ ਪੀਛੇ ਲਖਨੌਰ ਆਏ ਰਹੇ ਹਾਂ"। ਇਤਨਾ ਬਚਨ ਕਹਿਕੇ ਰਵਾਨਾ ਕੀਆ।ਗੁਰੂ ਜੀ ਪਰਿਵਾਰ ਕੋ ਲਖਨੌਰ ਕੀ ਤਰਫ ਰਵਾਨਾ ਕਰਕੇ ਆਪ ਦੀਵਾਨ ਦਰਘਾ ਮੱਲ ਆਦਿ ਦਿਹਲੀ ਸੇ ਚੱਲ ਕੇ ਸਨੇ ਸਨੇ ਰੋਹਤਕ, ਕੁਰਖੇਤਰ, ਪਹੋਵਾ, ਆਦਿ ਥਾਂਵਾਂ ਥੀਂ ਹੋਤੇ ਹੂਏ ਲਖਨੌਰ ਨਗਰੀ ਅਪਨੇ ਸਸੁਰਾਲ ਘਰ ਮੇਂ ਆਇ ਬਿਰਾਜੇ। ਭਾਈ ਮਿਹਰ ਚੰਦ ਸੁਭਿਖੀ ਨੇ ਗੁਰੂ ਜੀ ਕੇ ਆਏ ਕਾ ਬਡਾ ਆਉ ਭਗਤ ਕੀਆ।ਸਾਹਿਬਜ਼ਾਦਾ ਸ੍ਰੀ ਗੋਬਿੰਦ ਦਾਸ ਮਾਤਾ ਜੀ ਕੇ ਗੈਲ ਇਨੇ ਪਿਤਾ ਗੁਰੂ ਜੀ ਕਾ ਆਇ ਦਰਸ਼ਨ ਪਾਇਆ ।" ਸਤਿਗੁਰੂ ਜੀ ਨੇ ਕੁਝ ਕਾਲ ਲਖਨੌਰ ਮੇਂ ਨਿਵਾਸ ਕਰਕੇ ਭਾਈ ਮਿਹਰ ਚੰਦ ਸੇ ਵਿਦਾਇਗੀ ਲੀ। ਲਖਨੌਰ ਗਾਉਂ ਸੇ ਚੱਲ ਕੇ ਅੰਬਾਲਾ,ਕਬੂਲਪੁਰ ਆਦਿ ਨਗਰਾਂ ਥੀਂ ਹੋਤੇ ਹੂਏ ਆਪਨੇ ਸਾਦਕ ਨਵਾਬ ਸੈਫ ਖਾਨ ਪਾਸ ਆਇ ਬਿਸਰਾਮ ਕੀਆ। (5)



ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਦਰਜ ਹੈ, "ਗੁਰੂ ਗੋਬਿੰਦ ਦਾਸ ਤੇਗ ਬਹਾਦਰ ਜੀ ਮਹਲਾ ਨਾਮੇ ਕਾ, ਪੋਤਾ ਹਰਿਗੋਬਿੰਦ ਜੀ ਕਾ, ਪੜਪੋਤਾ ਗੁਰੂ ਅਰਜਨ ਜੀ ਕਾ ਬੰਸ ਰਾਮਦਾਸ ਜੀ ਕੀ, ਗੋਸਲ ਗੋਤਰ, ਸੋਢੀ ਖੱਤਰੀ, ਲਖਨੌਰ ਆਏ ਪਰਗਨਾ ਅੰਬਾਲਾ, ਸੰਮਤ ਸਤਾਰਾਂ ਸੌ ਸਤਾਈਸ ਅਸੂ ਮਾਸੇ ਸ਼ੁਕਲਾ ਪਖੇ ਨਾਵੀਂ ਕੇ ਦਿਹੁੰ । ਗੈਲ ਮਾਤਾ ਗੁਜਰੀ ਜੀ ਆਏ ਇਸਤਰੀ ਗੁਰੂ ਤੇਗ ਬਹਾਦਰ ਜੀ ਕੀ, ਕ੍ਰਿਪਾਲ ਚੰਦ ਆਇਆ ਬੇਟਾ ਲਾਲ ਚੰਦ ਸੁਭਿਖੀ ਕਾ, ਸਾਧੂ ਰਾਮ ਆਇਆ ਬੇਟਾ ਧਰਮੇ ਖੋਸਲੇ ਕਾ, ਚਉਪਤ ਰਾਇ ਆਇਆ ਬੇਟਾ ਪੈਰੇ ਛਿਬਰ ਕਾ, ਗੁਆਲ ਦਾਸ ਆਇਆ ਬੇਟਾ ਅੜੂ ਰਾਮ ਦੱਤ ਕਾ। ਦਸਮੀ ਕੇ ਰੋਜ਼ ਮਾਮੂੰ ਮੇਹਰ ਚੰਦ ਗੁਰੂ ਗੋਬਿੰਦ ਦਾਸ ਜੀ ਕੇ ਜ਼ਮੁਰਦੀ ਰੰਗ ਕੀ ਪੱਗ ਬੰਧਾਈ, ਸਿਰ ਬਾਰਨਾ ਕੀਆ।"(6)

ਭੱਟ ਵਹੀ ਤਲੌਡਾ ਵਿੱਚ ਦਰਜ ਹੈ, "1727 ਬਿਕਰਮੀ ਅਸੂ ਸੁਦੀ ਨਾਵਾਂ ਨਰਾਤਾ (ਸਤੰਬਰ 27, 1670) ਪਿਤਾ ਜੀ ਦੇ ਪਹਿਲੇ ਪਿੰਡ ਲਖਨੌਰ ਆਏ ਮੇਹਰ ਚੰਦ ਵੱਡੇ ਭਰਾ ਦੇ ਘਰ ਸੁਭਿਖੀ ਖਤਰੀ।ਭਾਈ ਮੇਹਰ ਚੰਦ ਨੇ ਦੁਸਹਿਰੇ ਵਾਲੇ ਰੋਜ਼ ਸਾਹਿਬਜ਼ਾਦਾ ਗੋਬਿੰਦ ਦਾਸ ਤੋਂ ਵਾਰਨਾ ਕੀਆ। ਜ਼ਮੁਰਦੀ ਰੰਗ ਦੀ ਪੋਸਾਕ ਪਹਿਨਾਈ। ਸਾਹਿਬਜ਼ਾਦੇ ਨੇ ਇੱਕ ਨਿੱਕਾ ਜਿਹਾ ਤੀਰ ਪਕੜ ਮੰਜੀ ਤੇ ਬੈਠ ਸੰਗਤਾਂ ਨੂੰ ਦੀਦਾਰ ਦਿਤੇ।(7)

ਭਾਈ ਸੰਤੋਖ ਸਿੰਘ ਕਰਤਾ ਸੂਰਜ ਪ੍ਰਕਾਸ਼ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਲਖਨੌਰ ਦੇ ਨੇੜੇ ਪੁੱਜੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸੁਨੇਹਾ ਭੇਜਿਆ "ਤੁਸੀਂ ਲਖਨੌਰ ਹੀ ਰਹਿਣਾ, ਅਨੰਦਪੁਰ ਨਾ ਜਾਣਾ" (8) ਇਸੇ ਕਰਕੇ ਗੁਰੂ ਗੋਬਿੰਦ ਸਿੰਘ ਲਖਨੌਰ ਟਿਕੇ ਰਹੇ।

ਗਿਆਨੀ ਗਿਆਨ ਸਿੰਘ "ਤਵਾਰੀਖ ਗੁਰੂ ਖਾਲਸਾ" ਵਿੱਚ ਲਿਖਦੇ ਹਨ, "ਜਦੋਂ ਪ੍ਰਗਣੇ ਦੇ ਸਿੱਖਾਂ ਨੂੰ ਖਬਰ ਹੋਈ ਤਾਂ ਸਾਹਿਬਜ਼ਾਦੇ ਲਈ ਬਰੀਕ ਚਾਵਲ, ਘ੍ਰਿਤ, ਮਿਸ਼ਰੀ, ਖੰਡ, ਸ਼ਕਰ. ਗੁੜ, ਅੰਨ ਬਸਤ੍ਰ, ਘੋੜੇ, ਸ਼ਸ਼ਤਰ, ਨਕਦੀ, ਗਹਿਣੇ ਲੈ ਕੇ ਲੱਗੇ ਆਉਣ, ਨਜ਼ਰ ਭੇਟ ਚੜ੍ਹਾਉਣ।ਸਾਹਿਬਜ਼ਾਦੇ ਦੀ ਸ਼ਕਤੀ ਚੇਸ਼ਟਾ ਅਕ੍ਰਿਤੀ ਨੂੰ ਦੇਖ ਦੇਖ ਸਿਆਣੇ ਸਿਆਣੇ ਸਿੱਖ ਇਹੋ ਨਿਸ਼ਚਾ ਕਰਦੇ ਕਿ ਇਹ ਗੁਰੂ ਆਪਣੇ ਦਾਦੇ ਵਾਂਗੂੰ ਦੁਸ਼ਟਾਂ ਦੇ ਦੰਦ ਭੰਨਣ ਵਾਲਾ ਡਾਢਾ ਜ਼ੋਰਾਵਰ ਯੋਧਾ ਹੋਵੇਗਾ।" (9)

ਲਖਨੌਰ ਪਿੰਡ ਵਿੱਚ ਖੂਹਾਂ ਦਾ ਜਲ ਖਾਰਾ ਸੀ।ਜਦੋਂ ਗੁਰੂ ਜੀ ਪਾਣੀ ਪੀਂਦੇ ਸਨ ਤਾਂ ਖਾਰਾ ਲਗਦਾ ਸੀ। ਮਾਤਾ ਜੀ ਨੇ ਪਿੰਡ ਵਾਲਿਆਂ ਕੋਲੋਂ ਪੁੱਛਿਆ ਕਿ ਕੋਈ ਮਿਠੇ ਜਲ ਦਾ ਖੂਹ ਨਹੀਂ।ਮਾਤਾ ਜੀ ਨੇ ਇੱਕ ਪੁਰਾਣੇ ਤੇ ਢੱਠੇ ਖੂਹ ਨੂੰ ਪੁਟਵਾਇਆ ਤੇ ਉਸਦਾ ਜਲ ਮਿੱਠਾ ਨਿਕਲਿਆ। ਇਹ ਖੂਹ ਹੁਣ ਤੱਕ ਪਿੰਡ ਵਿੱਚ ਉੱਘਾ ਹੈ।(10)

ਪੰਡਤ ਤਾਰਾ ਸਿੰਘ ਨਰੋਤਮ ਦੇ ਕਥਨ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਲਖਨੌਰ ਰਹਿ ਕੇ ਹੇਠ ਲਿਖੇ ਥਾਵਾਂ ਤੇ ਗਏ ਜਿਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰੇ ਬਣੇ ਹੋਏ ਹਨ।(11)



1. ਰਾਣੋ ਮਾਜਰਾ: ਲਖਨੌਰ ਸੇ ਦਸ ਕੋਸ ਉਤਰ ਗੁਰੂ ਜੀ ਲਖਨੌਰ ਸੇ ਸ਼ਿਕਾਰ ਖੇਲਨੇ ਗਏ, ਠਹਿਰੇ।

2. ਸੂਲਰ ਗ੍ਰਾਮ -ਲਖਨੌਰ ਸੇ ਛੇ ਕੋਸ ਪੱਛਮ -ਈਹਾਂ ਭੀ ਗੁਰੂ ਜੀ ਲਖਨੌਰ ਸੇ ਹੀ ਆਏ।

3. ਮਰਦੇ ਗਰਾਮ-ਲਖਨੌਰ ਸੇ ਦੋ ਕੋਸ ਈਹਾਂ ਗੁਰੂ ਜੀ ਲਖਨੌਰ ਰਹਿਤੇ ਗਏ।

4. ਭਾਣੋ ਖੇੜੀ-ਈਹਾਂ ਭੀ ਲਖਨੌਰ ਸੇ ਗਏ

5. ਅੰਬਾਲਾ ਸ਼ਹਿਰ- ਈਹਾ ਵੀ ਲਖਨੌਰ ਸੇ ਸੈਰ ਕਰਨੇ ਆਏ।



ਭਾਈ ਕਾਹਨ ਸਿੰਘ ਨਾਭਾ ਇਨ੍ਹਾਂ ਪਿੰਡਾਂ ਦੇ ਗੁਰਦੁਆਰਿਆਂ ਦਾ ਵੇਰਵਾ ਇਸ ਤਰ੍ਹਾਂ ਦਿੰਦੇ ਹਨ: (12)

ਰਾਣੋ ਮਾਜਰਾ: ਰਿਆਸਤ ਨਜ਼ਾਮਤ ਪਟਿਆਲਾ ਤਹਿਸੀਲ ਰਾਜਪੁਰਾ ਥਾਣਾ ਲਾਲੜੂ ਦਾ ਪਿੰਡ ਜੋ ਰੇਲਵੇ ਸਟੇਸ਼ਨ ਅੰਬਾਲਾ ਤੋਂ ਨੌ ਮੀਲ (14.4 ਕਿ ਮੀ) ਪੂਰਬ ਹੈ।ਇਸ ਪਿੰਡ ਉੱਤਰ ਵੱਲ ਪਾਸੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਗੁਰੂ ਸਾਹਿਬ ਪ੍ਰੇਰਨਾ ਕਰਕੇ ਇਥੇ ਬਿਰਾਜੇ ਸਨ।



ਸੂਲਰ: ਜ਼ਿਲਾ ਤਹਿਸੀਲ ਤੇ ਥਾਣਾ ਅੰਬਾਲਾ ਵਿਚ ਇੱਕ ਪਿੰਡ ਹੈ ਜਿਸ ਤੋਂ ਉੱਤਰ ਵੱਲ ਇੱਕ ਫਰਲਾਂਗ ਤੋਂ ਘੱਟ ਦੂਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਗੁਰੂ ਜੀ ਲਖਨੌਰ ਤੋਂ ਸੰਗਤਾਂ ਨੂੰ ਕਿਰਤਾਰਥ ਕਰਨ ਇਥੇ ਠਹਿਰੇ ਸਨ।



ਮਰਦੋਂ : ਜ਼ਿਲੇ ਤਹਿਸੀਲ ਤੇ ਥਾਣਾ ਅੰਬਾਲਾ ਵਿੱਚ ਇੱਕ ਪਿੰਡ ਜੋ ਰੇਲਵੇ ਸਟੇਸ਼ਨ ਮੋਹੜੀ ਤੋਂ ਤਿੰਨ ਮੀਲ (4.8 ਕਿ ਮੀ) ਦੱਖਣ-ਪੱਛਮ ਅਤੇ ਅੰਬਾਲਾ ਛਾਉਣੀ ਤੋਂ ਚਾਰ ਮੀਲ (6.4 ਕਿ ਮੀ) ਹੈ।ਇਸ ਪਿੰਡ ਤੋਂ ਉਤਰ-ਪੂਰਬ ਇਕ ਫਰਲਾਂਗ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ।ਗੁਰੂ ਜੀ ਲਖਨੌਰ ਤੋਂ ਇਥੇ ਲੋਕਾਂ ਦੇ ਉਧਾਰ ਲਈ ਆਏ। ਪਹਿਲਾਂ ਇਥੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ।ਨੌਵੇਂ ਗੁਰੂ ਜੀ ਦਾ ਦਰਬਾਰ ਤੇ ਦਸਵੇਂ ਪਾਤਸ਼ਾਹ ਜੀ ਦਾ ਮੰਜੀ ਸਾਹਿਬ ਗੁਰਦੁਆਰਾ ਹੈ।



ਭਾਣੋਂ ਖੇੜੀ: ਜ਼ਿਲਾ ਤਹਿਸੀਲ ਥਾਣਾ ਅੰਬਾਲਾ ਵਿੱਚ ਇੱਕ ਪਿੰਡ ਹੈ ਜੋ ਅੰਬਾਲਾ ਤੋਂ ਚਾਰ ਮੀਲ (6.4 ਕਿ ਮੀ) ਦੱਖਣ-ਪੱਛਮ ਹੈ। ਕੱਚਾ ਮੰਜੀ ਸਾਹਿਬ ਬਣਿਆ ਹੋਇਆ ਹੈ।ਇਸ ਤੋਂ ਪਿਛੋ ਉਤਰ ਪੱਛਮ ਪਾਸ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਬਿਰਾਜੇ ਸਨ। ਕੱਚਾ ਮੰਜੀ ਸਾਹਿਬ ਬਣਿਆ ਹੋਇਆ ਹੈ। ਵੀਹ ਬਿਘੇ ਜ਼ਮੀਨ ਪਿੰਡ ਵਲੋਂ ਲੱਗੀ ਹੋਈ ਹੈ ।



ਅੰਬਾਲਾ ਸ਼ਹਿਰ-ਸ਼ਹਿਰ ਤੋਂ ਵਾਯਵੀਂ ਲੰਭ ਵਾਲੇ ਤਾਲਾਬ ਦੇ ਕਿਨਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਗੁਰੂ ਜੀ ਲਖਨੌਰ ਤੋਂ ਸੈਰ ਤੇ ਸ਼ਿਕਾਰ ਲਈ ਇਥੇ ਬਿਰਾਜੇ ਸਨ। ਗੁਰਦੁਆਰਾ ਛੋਟਾ ਜਿਹਾ ਬਹੁਤ ਚੰਗਾ ਬਣਿਆ ਹੋਇਆ ਹੈ। ਗੁਰਦੁਆਰੇ ਨਾਲ ਇੱਕ ਜ਼ਮੀਨ ਦਾ ਟੁਕੜਾ ਹੈ ਜੋ ਸ: ਗੁਰਬਖਸ਼ ਸਿੰਘ ਨੇ ਦਿਤਾ ਹੈ। ਰੇਲਵੇ ਸਟੇਸ਼ਨ ਤੋਂ ਅੱਧ ਮੀਲ ਤੇ ਹੈ।(11) (ਪੰਨਾ 201)



ਉਪਰੋਕਤ ਪਿੰਡਾਂ ਤੋਂ ਸਿਵਾਏ ਭਾਈ ਸੰਤੋਖ ਸਿੰਘ ਨਨਹੇੜੀ ਦੇ ਉਸਥਲਾ ਪਿੰਡਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਣਾ ਦਸਦੇ ਹਨ । ਨਨਹੇੜੀ ਦਾ ਮਸੰਦ ਘੋਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਬੇਮੁਖ ਹੋ ਗਿਆ ਸੀ।ਗੁਰੂ ਜੀ ਨਨਹੇੜੀ ਆਏ ਤਾਂ ਘੋਗੇ ਨੇ ਕਈ ਵਾਰ ਬਿਨਤੀ ਕੀਤੀ ਕਿ ਨਨਹੇੜੀ ਦਾ ਪਾਣੀ ਬਹੁਤ ਸਵਾਦੀ ਅਤੇ ਨਰੋਆ ਹੈ ਆਪ ਉਥੇ ਚੱਲ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੋ ਗੁਰੂ ਜੀ ਇੱਕ ਦਿਨ ਨਨਹੇੜੀ ਗਏ।ਪਰ ਜਦੋਂ ਆਪ ਜੀ ਨੂੰ ਘੋਗੇ ਦੇ ਕਪਟ ਦਾ ਪਤਾ ਲਗਿਆ ਤਾਂ ਆਪ ਫੌਰਨ ਅੰਬਾਲੇ ਵੱਲ ਆ ਗਏ ਤੇ ਫੇਰ ਲਖਨੌਰ ਵਾਪਿਸ ਮੁੜ ਗਏ।ਇਕ ਦਿਨ ਭੁਸਥਲੇ ਪਿੰਡ ਦੀ ਥਾਂ ਤੇ ਗਏ ਤੇ ਲੁਖੀ ਪਿੰਡ ਵਾਲੇ ਰਾਜਪੁਤ ਵੀ ਸ਼ਿਕਾਰ ਖੇਡਦੇ ਖੇਡਦੇ ਉਥੇ ਆ ਪੁਜੇ।ਉਨ੍ਹਾਂ ਨੇ ਆਪਣੇ ਪੀਰ ਭੀਖਨ ਸ਼ਾਹ ਤੋਂ ਗੁਰੂ ਜੀ ਦੀ ਮਹਿਮਾ ਸੁਣੀ ਸੀ ਇਸ ਕਰਕੇ ਉਨ੍ਹਾਂ ਨੇ ਪੰਜ ਤੀਰ ਅਤੇ ਇੱਕ ਸ਼ਿਕਰਾ ਅਰਪਣ ਕੀਤਾ।ਗੁਰੂ ਸਾਹਿਬ ਨੇ ਕਿਹਾ, "ਆਬਾਦ ਰਹੋ" ਇਸ ਤਰ੍ਹਾਂ ਉਨ੍ਹਾ ਦੀ ਜਾਗੀਰ ਸਿੱਖ ਰਾਜ ਵੀ ਕਾਇਮ ਰਹੀ।(13)



ਏਸੇ ਪਿੰਡ ਭੀਖਣ ਸ਼ਾਹ ਦਾ ਗੁਰੂ ਜੀ ਦੇ ਦਰਸ਼ਨ ਦੁਬਾਰਾ ਕਰਨ ਬਾਰੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, "ਇਕ ਵਾਰੀ ਸਯਦ ਭੀਖਨ ਸ਼ਾਹ ਆਪਣੇ ਮੁਰੀਦਾਂ ਤੋਂ ਕਾਰ ਭੇਟਾ ਲੈਂਦੇ ਹੋਏ ਸਾਹਿਬਜ਼ਾਦੇ ਦੀ ਮਹਿਮਾ ਸੁਣ ਕੇ ਲਖਨੌਰ ਸਾਹਿਬ ਆਏ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਬਾਲਕਾਂ ਨਾਲ ਖਿਦੋ ਖੂੰਡੀ ਖੇਡ ਰਹੇ ਸਨ। ਗੁਰੂ ਜੀ ਨੇ ਭੀਖਨ ਸ਼ਾਹ ਨੂੰ ਵਰ ਦਿਤਾ ਸੀ ਕਿ ਤੇਰੀ ਜਾਗੀਰ ਕਾਇਮ ਰਹੇਗੀ ਜੋ ਹੁਣ ਤਕ ਕਾਇਮ ਹੈ।ਸਿੱਖ ਰਾਜ ਵੇਲੇ ਸਤਿਗੁਰਾਂ ਦੇ ਵਚਨਾਂ ਨੂੰ ਮੁੱਖ ਰੱਖਦਿਆਂ ਕਿਸੇ ਨੇ ਜ਼ਬਤ ਨਹੀਂ ਕੀਤੀ ਸੀ। (14)

ਸਾਹਿਬਜ਼ਾਦੇ ਦੇ ਖੇਡ ਦੇ ਕੌਤਕ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਤਰ੍ਹਾਂ ਬਿਆਨੇ ਹਨ:

ਸਾਹਿਬਜ਼ਾਦਾ ਅਬ ਲਖਨੌਰ। ਵਧਯੋ ਸਰੀਰ ਭਯੋ ਬਲ ਠੌਰ।……..

ਦਿਨ ਮਹਿ ਤਹਿ ਗਨ ਬਾਲਿਕ ਮੇਲ। ਵਾਹਰ ਗ੍ਰਾਮ ਢਿਗ ਖੇਲਤਿ ਖੇਲ।

ਬਿੰਦਕਿ ਡੰਡਾ ਲਹਿ ਜੁਗ ਹਾਥ।ਠੇਕਾ ਦੂਰ ਦੂਰ ਕਰ ਨਾਥ।

ਬਾਲਕ ਧਾਇ ਗਹੈ ਤਤਿਗੇ ਰਹਿ। ਪੁਨ ਡੰਡਾ ਹਰਿ ਕਿਦੁੰਕ ਪ੍ਰੇਰਹਿ।

ਕਬਹੁ ਬ੍ਰਿਛਨ ਪਰ ਚਢਿ ਚਢਿ ਕੂਦਹਿ।ਹਾਰਹਿ ਬਾਲ ਤਾਹਿ ਦ੍ਰਿਗ ਮੂਦਹਿ।

ਕਬਹੂ ਭਾਗ ਵਲਹਿ ਕਬ ਆਗੈ। ਅਧਿਕ ਭ੍ਰਮਾਵਹਿ ਹਾਥ ਨ ਲਾਗੈ।(15)



ਗਿਆਨੀ ਗਿਆਨ ਸਿੰਘ ਤੇ ਭਾਈ ਵੀਰ ਸਿੰਘ ਲਿਖਦੇ ਹਨ ਕਿ ਜਦ ਬਾਲ ਗੋਬਿੰਦ ਦਾਸ ਬਾਲਕਾਂ ਨਾਲ ਖੇਡ ਰਹੇ ਸਨ ਤਾਂ ਇੱਕ ਪੀਰ ਆਰਫ ਪਾਲਕੀ ਤੇ ਲੰਘ ਰਿਹਾ ਸੀ ਤਾਂ ਪਾਲਕੀ ਤੋਂਉਤਰ ਬੈਠਾ ਤੇ ਗੁਰੂ ਜੀ ਨੂੰ ਸਿਜਦਾ ਕੀਤਾ ੳੇ ਇਕਾਂਤ ਵਿੱਚ ਕੁਝ ਬਚਨ ਬਿਲਾਸ ਕੀਤੇ। ਗੁਰਦੁਆਰਾ ਲਖਨੌਰ ਸਾਹਿਬ ਦੇ ਰਿਤਿਹਾਸ ਵਿੱਚ ਲਿਖਿਆ ਹੈ ਕਿ ਪੀਰ ਆਰਿਫ ਦੀਨ ਕਾਬਲ ਦੇ ਰਹਿਣ ਵਾਲੇ ਸਨ ਤੇ ਕੋਟ ਕਛੂਏ ਆਪਣੇ ਮੁਰੀਦ ਨਵਾਬ ਕੋਲ ਆਏ ਹੋਏ ਸਨ।(16)



ਲਖਨੌਰ ਵਿੱਚ ਜਿਨਾਂ ਚਿੱਰ ਗੁਰੂ ਜੀ ਰਹੇ ਫਕੀਰ,ਸਾਧ ਸੰਤ ਆਪ ਨੂੰ ਆ ਕੇ ਮਿਲਦੇ ਰਹੇ। ਲਖਨੌਰ ਸਾਹਬ ਦੇ ਪ੍ਰਧਾਨ ਸੰਤ ਗੁਰਬਚਨ ਸਿੰਘ ਨੇ ਡਾ:ਕਿਰਪਾਲ ਸਿੰਘ ਨੂੰ ਦੱਸਿਆ ਕਿ ਅੰਬਾਲੇ ਦੇ ਦੋ ਫਕੀਰ ਅਲੀ ਸ਼ਾਹ ਅਤੇ ਮੁਹੰਮਦ ਸ਼ਾਹ ਆਪ ਨੂੰ ਲਖਨੌਰ ਮਿਲਣ ਆਏ ਤੇ ਸ਼ੇਰ ਮੁਹੰਮਦ ਸ਼ੇਰ ਸਢੌਰਾ ਤੋਂ ਸ਼ਾਹਾਬਾਦ ਹੁੰਦਾ ਹੋਇਆ ਲਖਨੌਰ ਆਇਆ। ਏਥੋਂ ਦੇ ਦੋ ਫਕੀਰ ਹੋਰ ਸਨ ਜਿਨ੍ਹਾ ਦੇ ਨਾਂ ਸ਼ਫੀਰ ਮੁਹੰਮਦ ਤੇ ਅਬਦੁਲ ਗਫੂਰ ਸਨ। ਕੋਟ ਕਛੂਏ ਤੋਂ ਇਕ ਫਕੀਰ ਰਹਿਮਤ ਅਲੀ ਵੀ ਬਾਲ ਗੁਰੂ ਦੇ ਦਰਸ਼ਨਾਂ ਲਈ ਆਇਆ।(17)



ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੇ ਯੁੱਧ ਪਿੱਛੋਂ ਫੇਰ ਲਖਨੌਰ ਆਏ ਤੇ ਉਸ ਵੇਲੇ ਪੀਰ ਬੁਧੂ ਸ਼ਾਹ ਸਢੌਰਾ ਉਨ੍ਹਾਂ ਦੇ ਨਾਲ ਸੀ । ਅਖੀਰ ਜਦ ਗੁਰੂ ਤੇਗ ਬਹਾਦਰ ਸਾਹਿਬ ਆ ਮਿਲੇ ਤਾਂ ਬਾਲ ਗੋਬਿੰਦ ਪਰਿਵਾਰ ਨਾਲ ਅਨੰਦਪੁਰ ਸਾਹਿਬ ਵੱਲ ਚੱਲੇ।(18)

ਗੁਰੂ ਸਾਖੀਆਂ ਅਨੁਸਾਰ, "ਨਦੀ ਸਤਲੁਧਰ ਸੇ ਪਾਰ ਹੋਇ ਕੇ ਕਰਤਾਰਪੁਰ ਜਾਇ ਪ੍ਰਵੇਸ਼ ਕੀਆ।ਯਹਾਂ ਗੁਰੂ ਜੀ ਕਾ ਸਸੁਰ ਲਾਲ ਚੰਦ ਪ੍ਰਿਥਮੇਂ ਲਖਨੌਰ ਨਗਰੀ ਕਾ ਨਿਵਾਸ ਛੋੜ ਕਰ ਯਹਾਂ ਆਇ ਰਹਾ ਥਾ।" (19) (ਪੰਨਾ 70) ਮਸੰਦ ਜੇਠਾ ਹੀ ਸਾਹਿਬਜ਼ਾਦੇ ਦੀ ਦਿਨ ਰਾਤ ਸੇਵਾ ਕਰਦਾ ਸੀ।"

ਇਸ ਤੋਂ ਸਾਫ ਜ਼ਾਹਿਰ ਹੈ ਕਿ 1. ਮਾਤਾ ਗੁਜਰੀ ਦੇ ਪਿਤਾ ੳਤੇ ਭਰਾਵਾਂ ਦਾ ਪੁਰਾਣਾ ਪਿੰਡ ਲਖਨੌਰ ਸੀ ਤੇ ਉਨ੍ਹਾਂ ਦੇ ਪਿਤਾ ਜੀ ਕੁਝ ਸਮੇਂ ਪਹਿਲਾ ਕਰਤਾਰਪੁਰ ਜਾ ਵਸੇ ਸਨ ਜਿੱਥੇ ਮਾਤਾ ਗੁਜਰੀ ਜੀ ਦੀ ਸ਼ਾਦੀ ਨੌਵੇਂ ਗੁਰੂ ਜੀ ਨਾਲ ਹੋਈ। 2. ਜਦੋਂ ਮਾਤਾ ਗੁਜਰੀ ਸਾਹਿਬਜ਼ਾਦੇ ਗੋਬਿੰਦ ਦਾਸ ਨਾਲ ਲਖਨੌਰ ਪਹੁੰਚੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਤੋਂ ਆ ਮਿਲੇ ਤਾਂ ਮਾਤਾ ਗੁਜਰੀ ਦਾ ਵੱਡਾ ਭਰਾ ਮੇਹਰ ਚੰਦ ਲਖਨੌਰ ਹੀ ਸੀ ਜਿਥੇ ਗੁਰੂ ਜੀ ਅਤੇ ਸਾਰਾ ਪਰਿਵਾਰ ਠਹਿਰਿਆ।3. ਮੇਹਰ ਚੰਦ ਨੇ ਪਰਿਵਾਰ ਅਤੇ ਸਾਹਿਬਜ਼ਾਦੇ ਦਾ ਬੜਾ ਆਦਰ ਸਤਿਕਾਰ ਕੀਤਾ। 4. ਸਾਹਿਬਜ਼ਾਦਾ ਗੋਬਿੰਦ ਦਾਸ ਜੀ ਨੇ ਹੱਥ ਵਿੱਚ ਤੀਰ ਪਕੜ ਕੇ ਆਪਣੀ ਜ਼ਿੰਦਾਦਿਲੀ, ਬਹਾਦੁਰੀ ਅਤੇ ਨਿਡਰਤਾ ਦਾ ਸਬੂਤ ਦਿਤਾ।5. ਸਾਹਿਬਜ਼ਾਦੇ ਅਤੇ ਪਰਿਵਾਰ ਦੀ ਏਥੇ ਆਉਣ ਦੀ ਤਾਰੀਖ 1727 ਬਿਕਰਮੀ ਭਾਵ 1670 ਦਿਤੀ ਹੈ । (20)

ਲਖਨੌਰ ਕੁਰਖੇਤਰ ਦੇ ਇਲਾਕੇ ਵਿੱਚ ਹੀ ਇੱਕ ਤੀਰਥ ਹੁੰਦਾ ਸੀ ਜਿਸ ਬਾਰੇ ਅਲੈਗਜ਼ੈਂਡਰ ਕਨਿੰਘਮ ਨੇ ਕੁਰਖੇਤਰ ਦੇ ਸੌ ਮੀਲ ਦੇ ਘੇਰੇ ਵਿਚਲੇ ਤੀਰਥਾਂ ਨੂੰ ਖੋਜਿਆ ਤੇ ਲਿਖਿਆ ਕਿ ਲਖਨੌਰ ਵੀ ਇਨ੍ਹਾਂ ਵਿੱਚੋਂ ਇੱਕ ਹੈ ਜਿਸ ਦਾ ਪੁਰਾਣਾ ਨਾਮ ਕਾਮੇਸ਼ਵਰ ਤੀਰਥ ਸੀ । ਗੁਰੂ ਸਾਹਿਬਾਨਾਂ ਦੀ ਯਾਦ ਵਿੱਚ ਜੋ ਗੁਰਦੁਆਰਾ ਬਣਿਆ ਹੋਇਆ ਹੈ ਉਹ ਇਕ ਪੁਰਾਣੇ ਥੇਹ ਤੇ ਹੈ । ਜਾਪਦਾ ਹੈ ਇਹੋ ਥੇਹ ਕਾਮੇਸ਼ਵਰ ਤੀਰਥ ਦਾ ਹੈ ।(21)

ਸੰਨ 1708 ਵਿੱਚ ਜਦ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚੇ ਤੇ ਯੁੱਧ ਵਿੱਚ ਸਰਹੰਦ ਦੇ ਨਵਾਬ ਵਜ਼ੀਦ ਖਾਨ ਨੂੰ ਹਰਾ ਕੇ ਤਲਵਾਰ ਦੇ ਘਾਟ ਉਤਾਰ ਕੇ ਸਾਰਾ ਸਰਹੰਦ ਸੂਬੇ ਦਾ ਇਲਾਕਾ ਅਪਣੇ ਕਬਜ਼ੇ ਵਿੱਚ ਕਰ ਲਿਆ ਤੇ ਆਪਣੇ ਸਿੱਖਾਂ ਵਿੱਚ ਵੰਡ ਦਿਤਾ। ਲਖਨੌਰ ਅਤੇ ਅੰਬਾਲੇ ਦਾ ਇਲਾਕਾ ਭਾਈ ਸੰਗਤ ਸਿੰਘ ਨੇ ਜਿਤਕੇ ਸਰਦਾਰ ਧਿਆਨ ਸਿੰਘ ਨੂੰ ਦਿਤਾ ਜਿਸਨੇ ਅੱਗੇ ਦੋ ਥਾਨੇਦਾਰ ਸਰਦਾਰ ਗੁਰਬਖਸ਼ ਸਿੰਘ ਅਤੇ ਲਾਲ ਸਿੰਘ ਨਿਯੁਕਤ ਕੀਤੇ। ਸਰਦਾਰ ਗੁਰਬਖਸ਼ ਨੇ ਗੁਰਦੁਆਰਾ ਲਖਨੌਰ ਸਾਹਿਬ ਬਣਵਾਇਆ ਜਿਸ ਲਈ ਕੋਟ ਕਛੂਏ ਦੇ ਨਵਾਬਾਂ ਦੀ ਹਵੇਲੀ ਤੋਂ ਲਿਆਕੇ ਇੱਟਾਂ, ਲੋਹਾ ਲਕੜੀ ਆਦਿ ਵਰਤਿਆ ਗਿਆ। ਗੁਰਦੁਆਰਾ ਸਾਹਿਬ ਪੁਰਾਣੀ ਥੇਹ ਉੱਤੇ ਉਚੀ ਥਾਂ ਬਣਾਇਆ ਗਿਆ ਜਿਸ ਦਾ ਆਕਾਰ ਕਿਲ੍ਹੇ ਵਰਗਾ ਸੀ।ਅੰਦਰਲਾ ਗੁੰਬਦ ਤੇ ਚਾਰ ਗੁੱਠਾਂ ਦੇ ਛੋਟੇ ਗੁੰਬਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗੁੰਬਦਾਂ ਵਾਂਗੂੰ ਸਿੱਖ ਕਲਾ ਦਾ ਨਮੂਨਾ ਪੇਸ਼ ਕਰਦਾ ਹੈ। ਪ੍ਰਕਾਸ ਅਸਥਾਂਨ ਤੱਕ ਪਹੁੰਚਣ ਲਈ 33 ਪਉੜੀਆਂ ਹਨ।ਦੂਰੋਂ ਇਸ ਗੁੰਬਦ ਦਾ ਦ੍ਰਿਸ਼ ਬਹੁਤ ਹੀ ਸੁਹਾਵਣਾ ਤੇ ਰਮਣੀਕ ਨਜ਼ਰ ਆਉਂਦਾ ਹੈ। (22)

ਸਰਦਾਰ ਗੁਰਬਖਸ਼ ਸਿੰਘ ਪਿੱਛੋਂ ਉਸਦੀ ਸਰਦਾਰਨੀ ਦਇਆ ਕੌਰ ਨੇ ਜਗੀਰ ਦਾ ਪ੍ਰਬੰਧ ਅਪਣੇ ਹੱਥਾਂ ਵਿੱਚ ਲੈ ਲਿਆ।1809 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰਾ ਇਲਾਕੇ ਅਪਣੇ ਅਧੀਨ ਕਰ ਲਿਆ।ਪਰ ਇਸੇ ਸਾਲ ਅੰਗ੍ਰੇਜ਼ਾਂ ਨਾਲ ਰੋਪੜ ਵਿਖੇ ਸੰਧੀ ਪਿੱਛੋਂ ਇਹ ਇਲਾਕਾ ਅੰਗ੍ਰੇਜ਼ ਰਾਜ ਥਲੇ ਆ ਗਿਆ ਪਰ ਇਸ ਦਾ ਪ੍ਰਬੰਧ ਮਹਾਰਾਜਾ ਪਟਿਆਲਾ ਨੂੰ ਦੇ ਦਿਤਾ ਗਿਆ।ਅੰਬਾਲਾ ਸੈਟਲਮੈਂਟ ਰਿਪੋਰਟ ਵਿੱਚ ਏ ਕਨਿੰਘਮ ਸਾਹਿਬ ਨੇ ਇਉਂ ਲਿਖਿਆ, "ਲਖਨੌਰ ਪਿੰਡ ਪਟਿਆਲੇ ਦੇ ਪ੍ਰਬੰਧ ਹੇਠ ਹੈ ਪਰ ਤਹਿਸੀਲ ਅੰਬਾਲੇ ਦੀ ਹੱਦ ਵਿੱਚ ਹੈ। ਅਸਲ ਵਿੱਚ ਇਹ 1815 ਈ: ਨੂੰ ਕੁਝ ਹੋਰ ਪਿੰਡਾਂ ਸਮੇਤ ਅੰਗ੍ਰੇਜ਼ੀ ਸਰਕਾਰ ਹੱਥ ਆਇਆ ਪਰ ਪ੍ਰਬੰਧ ਕਰਨ ਲਈ ਇਸ ਨੂੰ ਪਟਿਆਲਾ ਸ਼ਾਸ਼ਨ ਦੇ ਅਧੀਨ ਕਰ ਦਿਤਾ ਗਿਆ।1823 ਵਿਚ ਸਰਦਾਰਨੀ ਦਇਆ ਕੌਰ ਦੇ ਦਿਹਾਂਤ ਪਿੱਛੋਂ ਅੰਗ੍ਰੇਜ਼ਾਂ ਨੇ ਇਹ ਇਲਾਕਾ ਅਪਣੇ ਕਬਜ਼ੇ ਵਿੱਚ ਲੈ ਲਿਆ।(23)ਸੰਨ 1891 ਵਿੱਚ ਇਸ ਨੂੰ ਪਟਿਆਲਾ ਨਾਲ ਮਿਲਾ ਲਿਆ ਗਿਆ ਜਿਸ ਲਈ ਪਟਿਆਲੇ ਮਹਾਰਾਜੇ ਨੇ ਅੰਗ੍ਰੇਜ਼ਾਂ ਨੂੰ ਕੀਮਤ ਚੁਕਤਾ ਕੀਤੀ। ਗੁਰਦੁਆਰਾ ਸਾਹਿਬ ਦੇ ਨਾਂ ਜਗੀਰ ਹੈ ਜਿਸ ਦੀ ਆਮਦਨ ਉਦੋਂ ਤਿੰਨ ਕੁ ਹਜ਼ਾਰ ਆਉਂਦੀ ਸੀ।

ਗੁਰਦੁਆਰਾ ਲਖਨੌਰ ਸਾਹਿਬ ਵਿੱਚ ਹੇਠ ਲਿਖੇ ਸ਼ਸ਼ਤਰ ਅਤੇ ਦਸ਼ਮੇਸ਼ ਜੀਦ ਪਲੰਘ ਸੰਭਾਲੇ ਹੋਏ ਹਨ:



ਸ਼ਸ਼ਤਰ: ਦੋ ਤੀਰ, ਪਹਿਲਾ ਇੱਕ ਫੁੱਟਨੌ ਇੰਚ ਲੰਬਾ ਤੇ ਦੂਜਾ ਇੱਕ ਫੁੱਟ ਚਾਰ ਇੰਚ ਲੰਬਾ। ਦੋ ਪੇਸ਼ ਕਬਜ਼।

ਰਿਕ ਪਲੰਘ ਛੇ ਫੁੱਟ ਤਿੰਨ ਇੰਚ ਲੰਬਾ ਤੇ ਤਿੰਨ ਫੁੱਟ ਪੰਜ ਇੰਚ ਚੌੜਾ ਹੈ।ਇਸ ਨੂੰ ਤਹਿ ਕਰਕੇ ਘੋੜੇ ਦੇ ਖੁਰਗੀਨ ਵਿੱਚ ਲਿਜਾਇਆ ਜਾ ਸਕਦਾ ਹੈ। ਇਸ ਨੂੰ ਤਹਿ ਕਰਨ ਲੲi ਕਬਜ਼ੇ ਖੋਲ੍ਹਣੇ ਹੁੰਦੇ ਹਨ। ਇਹ ਗੁਰੂ ਗੋਬੰਦ ਸਿੰਘ ਲਈ ਪਟਨੇ ਤੋਂ ਸਫਰ ਲਈ ਲਿਆਂਦਾ ਗਿਆ ਸੀ।

ਗੁਰਦੁਆਰਾ ਸਾਹਿਬ ਵਿੱਚ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦੀਆਂ ਕਈ ਬੀੜਾਂ ਵੀ ਸਾਂਭੀਆਂ ਹੋਈਆਂ ਹਨ ਜੋ ਗੁਰਦੁਆਰਾ ਸਾਹਿਬ ਦੇ ਸਾਮਾਨ ਦੀ ਪੁਰਾਤਨਤਾ ਦੀ ਗਵਾਹੀ ਭਰਦੀਆਂ ਹਨ।

ਲਖਨੌਰ ਅੰਬਾਲਾ ਦੇ ਨੇੜੇ ਹੋਣ ਕਰਕੇ ਦਿੱਲੀ ਅਨੰਦਪੁਰ ਮੁੱਖ ਮਾਰਗ ਦੇ ਨੇੜੇ ਹੀ ਹੈ।

ਹਵਾਲੇ

1. 1. Gurudawara Lakhnaur Sahib | Places of Interest | Ambala | Destinations | Haryana Tourism Corporation Limited.
2. Lakhnaur Sahib | District Ambala,Government of Haryana | India
3. ਕਾਹਨ ਸਿੰਘ ਨਾਭਾ, ਮਹਾਨਕੋਸ਼, ਲਖਨੌਰ
4. ਗੁਰੂ ਕੀਆਂ ਸਾਖੀਆਂ' ਪੰਨੇ 68
5. ਉਹੀ
6. ਭੱਟ ਵਹੀ ਮੁਲਤਾਨੀ ਸਿੰਧੀ, ਗੁਰੂ ਕੀਆਂ ਸਾਖੀਆਂ, ਪੰਨਾ 69
7. ਗਿਆਨੀ ਗਰਜਾ ਸਿੰਘ, ਗੁਰੂ ਕੀਆਂ ਸਾਖੀਆਂ, ਪੰਨਾ 68-69 ("ਭੱਟ ਵਹੀ ਪਿੰਡ ਤਲੌਂਡਾ ਪਰਗਣਾ ਜੀਂਦ ਖਾਤਾ ਜਲਹਾਣੇ ਬਜਰੌਤੇ ਕਾ")
8. ਸੰਤੋਖ ਸਿੰਘ ਭਾਈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਲਦ 11, ਪੰਨਾ 4439 ਰਾਸ 12, ਅੰਸੂ 57 ਜਿਲਦ 11, ਪੰਨਾ 4438-4439
9. ਗਿਆਨੀ ਗਿਆਨ ਸਿੰਘ, ਤਵਾਰੀਖ ਖਾਲਸਾ ਰਾਜ, ਪੰਨਾ 58
10. ਖਾਲਸਾ ਐਡਵੋਕੇਟ, ਅੰਮ੍ਰਿਤਸਰ, 26 ਜੂਨ 1967 ਤੋਂ 4 ਸਿਤੰਬਰ 1967
11. ਪੰਡਤ ਤਾਰਾ ਸਿੰਘ ਨਰੋਤਮ
12. ਭਾਈ ਕਾਹਨ ਸਿੰਘ ਨਾਭਾ, ਮਹਾਨਕੋਸ਼
13. ਸੰਤੋਖ ਸਿੰਘ ਕਵੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ 12 ਅੰਸੂ 13, 1965 ਸਿੰਘ ਦਾ 11 ਪੰਨਾ 1440
14. ਗੁਰੂ ਕੀਆਂ ਸਾਖੀਆਂ, ਪੰਨਾ 201-202
15. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਲਖਨੌਰ ਸਾਹਿਬ ਦਾ ਇਤਿਹਾਸ,ਪੰਨਾ 3
16. ਗਿਆਨੀ ਗਿਆਨ ਸਿੰਘ ਤਵਾਰੀਖ ਖਾਲਸਾ, ਹਿਸਾ ਤੀਜਾ ਸੰਨ 1956, ਭਾਸ਼ਾ ਵਿਭਾਗ ਪੰਜਾਬ, ਪੰਨਾ 1444
17. ਕਿਰਪਾਲ ਸਿੰਘ, 'ਇਤਿਹਾਸ ਗੁਰਦੁਆਰਾ ਲਖਨੌਰ ਸਾਹਿਬ', ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ,ਪੰਨਾ 201.
18. ਉਹੀ
19. ਗੁਰੂ ਕੀਆਂ ਸਾਖੀਆਂ, ਪੰਨਾ 70
20. ਕਿਰਪਾਲ ਸਿੰਘ, 'ਇਤਿਹਾਸ ਗੁਰਦੁਆਰਾ ਲਖਨੌਰ ਸਾਹਿਬ', ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ, (193-207.
21. Alexander Cunnungham: Report on the Tour in the Punjab 1878-1879, pp. 97-101
22. ਕਿਰਪਾਲ ਸਿੰਘ, 'ਇਤਿਹਾਸ ਗੁਰਦੁਆਰਾ ਲਖਨੌਰ ਸਾਹਿਬ', ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ, (201-202).
23. A Kenenigton, Settlement report of Ambala district,Lahore , 1893, p.70. The case of Village lakhnour also requires notice…It originally passed to Government with some others in 1815 but was then transferred to the Jurisdiction of Patiala for administrative purposes only.
 

❤️ CLICK HERE TO JOIN SPN MOBILE PLATFORM

Top