Punjabi ਰੱਬੀ ਬਾਣੀ ਕਿੱਥੋਂ ਤੇ ਕਿਵੇਂ?

❤️ Join Members on SPNT Mobile App!

Dalvinder Singh Grewal

Writer
Historian
SPNer
Jan 3, 2010
969
412
77
ਰੱਬੀ ਬਾਣੀ ਕਿੱਥੋਂ ਤੇ ਕਿਵੇਂ?

ਡਾ: ਦਲਵਿੰਦਰ ਸਿੰਘ ਗ੍ਰੇਵਾਲ​


ਰੱਬ ਨਾ ਕਿਸੇ ਨੇ ਬੋਲਦਾ ਤੇ ਨਾ ਸੁਣਦਾ ਵੇਖਿਆ-ਸੁਣਿਆ ਹੈ।ਨਾ ਹੀ ਕਿਸੇ ਨੇ ਲਿਖਦਾ ਵੇਖਿਆ-ਸੁਣਿਆ ਹੈ। ਜੇ ਇਹ ਗੱਲ ਹੈ ਤਾਂ ਫਿਰ ਅਸੀਂ ਰੱਬੀ ਬਾਣੀ ਦੀ ਗੱਲ ਕਿਉਂ ਕਰਦੇ ਹਾਂ? ਬਾਣੀ ਤਾਂ ਕਿਸੇ ਮੁਖਾਰਬਿੰਦ ਤੋਂ ਉਚਾਰੀ ਬਾਣੀ ਜਾਂ ਬੋਲ ਹੁੰਦੇ ਹਨ ਜਿਵੇਂ ਅਸੀਂ ਗੁਰੂ ਸਾਹਿਬਾਨਾਂ ਦੀ ਉਚਾਰੀ ਜਾਂ ਲਿਖੀ ਬਾਣੀ ਨੂੰ ਗੁਰਬਾਣੀ ਕਹਿੰਦੇ ਹਾਂ।ਫਿਰ ਅਸੀਂ ਗੁਰੂਆਂ, ਸੰਤਾਂ, ਭਗਤਾਂ, ਗੁਰਮੁਖਾਂ ਦੀ ਬਾਣੀ ਨੂੰ ਰੱਬੀ-ਬਾਣੀ ਕਿਉਂ ਕਹਿੰਦੇ ਹਾਂ? ਇਸ ਤੋਂ ਇਹ ਵੀ ਸ਼ੰਕਾ ਉਤਪੰਨ ਹੋ ਸਕਦੀ ਹੈ ਕਿ ਰੱਬ ਹੈ ਵੀ ਕਿ ਨਹੀਂ ਕਿਉਂਕਿ ਉਸ ਦੀ ਹੋਂਦ ਤਾਂ ਕਿਸੇ ਨੂੰ ਨਜ਼ਰ ਹੀ ਨਹੀਂ ਆਈ।ਜਿਸ ਦੀ ਹੋਂਦ ਹੀ ਨਹੀਂ ਉਸ ਦੀ ਬਾਣੀ ਕਿਥੋਂ ਤੇ ਕਿਵੇਂ ਹੋ ਸਕਦੀ ਹੈ?

ਇਸ ਬਾਰੇ ਮੈਨੂੰ ਇੱਕ ਕਥਾ ਯਾਦ ਆਉਂਦੀ ਹੈ। ਜਦ ਗੁਰੂ ਨਾਨਕ ਦੇਵ ਜੀ ਅਰਬ ਦੇਸ਼ ਗਏ ਤਾਂ ਗੁਰੂ ਜੀ ਸ਼ਹਿਰ ਦੇ ਬਾਹਰਵਾਰ ਮਰਦਾਨੇ ਦੀ ਰਬਾਬ ਦੇ ਸੰਗੀਤ ਦੀ ਸੰਗਤ ਵਿਚ ਸ਼ਬਦ ਉਚਾਰਨ ਲੱਗੇ। ‘ਗੀਤ-ਸੰਗੀਤ? ਇਹ ਸਾਡੇ ਮੁਲਕ ਵਿਚ ਕਿੱਥੋ?’ ਲ਼ੋਕ ਇੱਟਾਂ-ਪੱਥਰ ਲੈ ਕੇ ਮਾਰਨ ਦੌੜੇ। ਸ਼ਹਿਰ ਦੇ ਵੱਡਾ ਪੀਰ ਨੂੰ ਵੀ ਇਤਲਾਹ ਹੋਈ ਤੇ ਉਹ ਵੀ ਆ ਗਿਆ। ਇੱਕ ਨੂਰਾਨੀ ਚਿਹਰੇ ਨੂੰ ਦੇਖ ਕੇ ਉਸ ਨੂੰ ਜਾਪਿਆ ਜੋ ਇਹ ਕੋਈ ਵਲੀ ਪੀਰ ਹੈ। ਉਸ ਨੇ ਇਟਾਂ-ਪੱਥਰ ਚੁੱਕੀ ਖੜ੍ਹੇ ਲੋਕਾਂ ਨੂੰ ਵਰਜਿਆ ਤੇ ਆਪ ਸਵਾਲ ਪਾਇਆ: ‘ਤੁਸੀਂ ਵੇਖਣ ਨੂੰ ਤਾਂ ਭੱਦਰ ਪੁਰਸ਼ ਲਗਦੇ ਹੋ ਪਰ ਇਹ ਕੀ? ਗੀਤ-ਸੰਗੀਤ ਕਿਉਂ? ਕੀ ਤੁਸੀਂ ਨਹੀਂ ਜਾਣਦੇ ਕਿ ਇਹ ਇਸ ਦੇਸ਼ ਵਿਚ ਵਰਜਿਤ ਹੈ?” ਗੁਰੂ ਜੀ ਨੇ ਸਾਰੇ ਹਾਲਾਤ ਨੂੰ ਭਾਂਪਿਆ ਤੇ ਢੁਕਵਾਂ ਜਵਾਬ ਦਿੰਦਿਆਂ ਕਿਹਾ, “ਮੈਂ ਤਾਂ ਰਬ ਨੂੰ ਇਬਾਦਤ ਕਰ ਰਿਹਾ ਸਾਂ। ਜਦ ਮੇਰੀ ਤਾਰ ਉਸ ਨਾਲ ਜੁੜ ਜਾਂਦੀ ਹੈ ਤਾਂ ਮੈਂ ਵਜਦ ਵਿਚ ਆ ਕੇ ਅਪਣੇ ਸ਼ਬਦ-ਸੰਗੀਤ ਰਾਹੀਂ ਉਸਦੀ ਉਸਤਤ ਗਾਉਂਦਾ ਹਾਂ। ਮੈਂ ਤਾਂ ਹੁਣ ਵੀ ਰੱਬ ਦੀ ਇਬਾਦਤ ਵਿਚ ਗੀਤ-ਸੰਗੀਤ ਰਾਹੀਂ ਅਪਣੇ ਅਨੁਭਵ ਪ੍ਰਗਟ ਕਰ ਰਿਹਾ ਸਾਂ।ਜਿਵੇਂ ਉਹ ਮੇਰੇ ਕੋਲੋਂ ਬੁਲਵਾ ਰਿਹਾ ਸੀ, ਗਵਾ ਰਿਹਾ ਸੀ, ਮੈਂ ਤਾਂ ਉਹ ਹੀ ਗਾ ਰਿਹਾ ਸਾਂ। ਮੈਂ ਉਹ ਕੁਝ ਨਹੀਂ ਗਾਉਂਦਾ ਜੋ ਉਹ ਨਹੀਂ ਗਵਾਉਂਦਾ।ਕੀ ਜੋ ਮੈਥੋਂ ਰੱਬ ਗਵਾਉਂਦਾ ਹੈ, ਉਹ ਮੈਂ ਨਾ ਗਾਵਾਂ? ਕੀ ਇਹ ਉਸ ਦੇ ਹੁਕਮ ਦੀ ਅਦੂਲੀ ਨਹੀ ਹੋਵੇਗੀ? ਇਸ ਤਰ੍ਹਾਂ ਰੱਬ ਦੇ ਹੁਕਮ ਵਿਚ ਉਸਦੇ ਹੁਕਮ ਅਨੁਸਾਰ ਇਬਾਦਤ ਕਰਨ ਨੂੰ ਕੀ ਕਿਤੇ ਗੁਨਾਹ ਮੰਨਿਆਂ ਗਿਆ ਹੈ?”

ਪੀਰ ਕੋਲ ਜਵਾਬ ਕਿਥੇ? ਉਸ ਨੂੰ ਲੱਗਿਆ ਕਿ ਇਹ ਤਾਂ ਬਹੁਤ ਪਹੁੰਚਿਆ ਫਕੀਰ ਹੈ! ਕਿਉਂ ਨਾ ਮੈਂ ਇਸ ਤੋਂ ਅਪਣੇ ਮਨ ਦੇ ਸ਼ੰਕੇ ਦੂਰ ਕਰ ਲਵਾਂ? ਸੋਚਕੇ ਉਸਨੇ ਅਪਣੇ ਗਲ ਵਿਚੋਂ ਮੋਤੀਆਂ ਦੀ ਮਾਲਾ ਗੁਰੂ ਜੀ ਅੱਗੇ ਭੇਟ ਕਰਦਿਆਂ ਸਵਾਲ ਪਾਏ: “ਜੇ ਤੁਹਾਨੂੰ ਹੁਕਮ ਰੱਬ ਤੋਂ ਆਉਂਦਾ ਹੈ ਤਾਂ ਕੀ ਇਹ ਮੰਨ ਲਈਏ ਕਿ ਰੱਬ ਹੈ? ਜੇ ਰੱਬ ਹੈ ਤਾਂ ਉਹ ਕਿੱਥੇ ਹੈ? ਕਿਵੇਂ ਹੈ? ਕੀ ਅਸੀਂ ਉਸ ਨੂੰ ਵੇਖ ਸਕਦੇ ਹਾਂ? ਜਦ ਰੱਬ ਨਹੀਂ ਸੀ ਤਾਂ ਉਦੋਂ ਕੀ ਸੀ?”

ਗੁਰੂ ਜੀ ਨੇ ਜਵਾਬ ਵਿੱਚ ਕਿਹਾ, “ਇਹ ਮਾਲਾ ਤੁਸੀਂ ਵਾਪਸ ਲੈ ਲਵੋ। ਇਹ ਮੇਰੇ ਕਿਸੇ ਕੰਮ ਦੀ ਨਹੀਂ”। ਮਾਲਾ ਨੂੰ ਝਿਜਕਦਿਆਂ ਵਾਪਿਸ ਲੈਂਦੇ ਹੋਏ ਪੀਰ ਨੇ ਕਿਹਾ, “ਸਾਇਦ ਤੁਹਾਡੇ ਕੋਲ ਮੇਰੇ ਸਵਾਲਾਂ ਦਾ ਜਵਾਬ ਨਹੀਂ ਇਸ ਲਈ ਤੁਸੀਂ ਇਹ ਮਾਲਾ ਮੈਨੂੰ ਵਾਪਸ ਕਰ ਦਿਤੀ ਹੈ”। ਗੁਰੂ ਜੀ ਹੱਸ ਪਏ ਤੇ ਆਖਣ ਲੱਗੇ, “ਅੱਛਾ ਫਿਰ! ਤੁਸੀਂ ਮੈਨੂੰ ਗਿਣ ਕੇ ਦਸੋ ਕਿ ਇਸ ਮਾਲਾ ਦੇ ਮਣਕੇ ਕਿਤਨੇ ਹਨ?” ਪੀਰ ਹੈਰਾਨ ਹੋਇਆ ਪਰ ਜਵਾਬ ਲੈਣ ਦਾ ਉਤਸੁਕ ਸੀ ਸੋ ਗਿਣਨ ਲੱਗਾ, “ਇੱਕ, ਦੋ, ਤਿੰਨ, ਚਾਰ, ਪੰਜ…” ਗੁਰੂ ਜੀ ਨੇ ਰੋਕ ਕੇ ਕਿਹਾ, “ਫਿਰ ਦੁਬਾਰਾ ਮੁੱਢ ਤੋਂ ਗਿਣੋ”। ਹੈਰਾਨ ਪੀਰ ਫਿਰ ਗਿਣਨ ਲੱਗਾ, “ਇਕ, ਦੋ,ਤਿੰਨ,ਚਾਰ..।” ਗੁਰੂ ਜੀ ਨੇ ਫਿਰ ਰੋਕ ਦਿਤਾ ਤੇ ਕਿਹਾ, “ਤੁਸੀਂ ਗਲਤ ਕਿਉਂ ਗਿਣ ਰਹੇ ਹੋ? ਠੀਕ ਗਿਣੋ ਤਾਂ”। ਘਬਰਾਇਆ ਫਕੀਰ ਪੁੱਛਣ ਲੱਗਾ, “ਠੀਕ ਹੀ ਤਾਂ ਗਿਣ ਰਿਹਾ ਹਾਂ। ਕੀ ਗਲਤ ਹੈ ਇਸ ਵਿਚ?” ਗੁਰੂ ਜੀ ਨੇ ਕਿਹਾ, “ਤੁਸੀਂ ਗਿਣਤੀ ਇੱਕ ਤੋਂ ਸ਼ੁਰੂ ਕਰਦੇ ਹੋ ਇੱਕ ਤੋਂ ਪਹਿਲਾਂ ਦੀ ਗਿਣਤੀ ਹਰ ਵਾਰ ਛੱਡ ਜਾਂਦੇ ਹੋ”। ਪੀਰ ਨੇ ਹੈਰਾਨੀ ਨਾਲ ਕਿਹਾ, “ਇਕ ਤੋਂ ਪਹਿਲਾਂ? ਇਕ ਤੋਂ ਪਹਿਲਾਂ ਤਾਂ ਕੁਝ ਨਹੀਂ?” ਗੁਰੂ ਜੀ ਹੱਸ ਪਏ, “ਫਿਰ ਤੁਸੀਂ ਮੈਥੋਂ ਕਿਉਂ ਪੁਛਦੇ ਹੋ ਕਿ ਇੱਕ ਰੱਬ ਤੋਂ ਪਹਿਲਾਂ ਕੀ ਸੀ?” ਪੀਰ ਸਮਝ ਗਿਆ।


ਗੁਰੂ ਜੀ ਨੇ ਉਚਾਰਿਆ, “੧ਓ, ਸਤਿਨਾਮੁ, ਕਰਤਾ ਪੁਰਖੁ, ਅਕਾਲ ਮੂਰਤਿ, ਅਜੂਨੀ ਸੈਭੰ, ਗੁਰਪ੍ਰਸਾਦਿ, ਜਪੁ। ਆਦਿ ਸਚੁ, ਜੁਗਾਦਿ ਸਚੁ, ਹੈਭੀ ਸਚੁ, ਨਾਨਕ ਹੋਸੀ ਭੀ ਸਚੁ”।ਪ੍ਰਮਾਤਮਾਂ ਇੱਕੋ ਇੱਕ ਹੈ।ਸਾਰੀ ਦੁਨੀਆਂ ਦਾ ਰਚਣਹਾਰਾ ਵੀ ਉਹ ਹੀ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ।ਤਾਰੇ, ਸੂਰਜ, ਚੰਦ, ਧਰਤੀਆਂ, ਸਾਗਰ, ਪਹਾੜ, ਜੀਵ ਜੰਤੂ ਸਭ ਉਸੇ ਨੇ ਹੀ ਰਚੇ ਹਨ।ਸਾਰਾ ਜਹਾਨ ਲਗਾਤਾਰ ਬਦਲਣਹਾਰਾ ਬਣਾਇਆ ਹੈ ਪਰ ਉਹ ਆਪ ਸਦਾ ਸਥਿਰ ਹੈ, ਸਦਾ ਸੱਚਾ ਹੈ, ਉਹ ਹਮੇਸ਼ਾ ਸੀ, ਹਮੇਸ਼ਾ ਹੈ, ਹਮੇਸ਼ਾ ਹੋਵੇਗਾ।ਬਾਕੀ ਸਾਰੀ ਦੁਨੀਆਂ ਬਦਲਦੀ ਰਹੇਗੀ ਪਰ ਉਹ ਹਮੇਸ਼ਾਂ ਸਥਿਰ ਸੀ ਤੇ ਸਥਿਰ ਰਹੇਗਾ। ਉਹ ਕਾਲ ਦੇ ਵਸ ਨਹੀਂ, ਜੰਮਣ ਮਰਨ ਵਿਚ ਨਹੀਂ, ਜੂਨਾਂ ਵਿਚ ਨਹੀਂ ਪੈਂਦਾ, ਕਿਉਂਕਿ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਉਹ ਤਾਂ ਅਪਣੇ ਆਪ ਤੋਂ ਹੈ ।ਸੱਚਾ ਕਰਤਾਰ ਆਦਿ ਤੋਂ ਹੈ ਸਾਰੇ ਜੁਗਾਂ ਵਿਚ ਉਹ ਹੀ ਸਭ ਥਾਂ ਸਾਰੇ ਜੀਵਾਂ ਵਿਚ ਵਿਦਿਆਮਾਨ ਹੈ, ਹੁਣ ਵੀ ਹੈ ਅਤੇ ਅੱਗੇ ਨੂੰ ਵੀ ਉਹ ਹੀ ਹੋਵੇਗਾ।ਜੇ ਰੱਬ ਨਾ ਹੁੰਦਾ ਤਾਂ ਇਹ ਰਚਨਾ ਕਿਥੋਂ ਹੋਣੀ ਸੀ? ਉਹ ਹੀ ਹੈ ਜੋ ਸਾਰੀ ਦੁਨੀਆਂ ਨੂੰ ਰਚਦਾ ਹੀ ਨਹੀਂ ਸਗੋਂ ਪਾਲਦਾ ਵੀ ਹੈ, ਸੰਭਾਲਦਾ ਵੀ ਹੈ ਤੇ ਲਗਾਤਾਰ ਬਦਲਦਾ ਵੀ ਹੈ”।

ਪੀਰ ਬੜਾ ਪ੍ਰਭਾਵਿਤ ਹੋਇਆ ਪਰ ਅਪਣੇ ਬਾਕੀ ਦੇ ਪ੍ਰਸ਼ਨਾਂ ਦੇ ਜਵਾਬ ਵੀ ਲੈਣੇ ਸਨ ।ਪੁੱਛਣ ਲੱਗਾ “ਜੇ ਉਹ ਹੈ ਤਾਂ ਉਸ ਨੂੰ ਵੇਖੀਏ ਕਿਵੇਂ?” ਗੁਰੂ ਜੀ ਨੇ ਕਿਹਾ, “ ਪੀਰ ਜੀ, ਜ਼ਰਾ ਕੁਝ ਪਲ ਅਪਣੇ ਮੁਖ ਤੇ ਨੱਕ ਨੂੰ ਹੱਥਾਂ ਨਾਲ ਪੂਰੀ ਤਰ੍ਹਾਂ ਬੰਦ ਕਰੋ ਤਾਂ। ਖੋਲਣਾ ਉਦੋਂ ਜਦੋਂ ਮੈ ਕਹਾਂ”। ਪੀਰ ਨੇ ਉਵੇਂ ਕੀਤਾ ਪਰ ਛੇਤੀ ਹੀ ਉਸ ਨੂੰ ਧੜਕਣ ਬੰਦ ਹੁੰਦੀ ਲੱਗੀ ਤਾਂ ਉਸ ਨੇ ਮੂੰਹ ਤੇ ਨੱਕ ਤੋਂ ਹੱਥ ਉਠਾ ਲਏ। ਗੁਰੂ ਜੀ ਨੇ ਪੁਛਿਆ, “ਕੀ ਹੋਇਆ ਪੀਰ ਜੀ?” ਪੀਰ ਬੋਲਿਆ, “ਅੰਦਰ ਹਵਾ ਨਹੀਂ ਜਾ ਰਹੀ ਸੀ ।ਮੈਨੂੰ ਲਗਿਆ ਇਉਂ ਮੂੰਹ ਤੇ ਨੱਕ ਬੰਦ ਰਹੇ ਤਾਂ ਮੈਂ ਹਵਾ ਤੋਂ ਬਿਨਾ ਮਰ ਜਾਵਾਂਗਾ”। ਗੁਰੂ ਜੀ ਨੇ ਕਿਹਾ,“ਹਵਾ ਕਿਥੇ ਹੈ? ਮੈਨੂੰ ਵੀ ਵਿਖਾ ਦਿਉ?” ਪੀਰ ਨੇ ਆਖਿਆ, “ਹਵਾ ਦਿਸਦੀ ਨਹੀਂ”। ਗੁਰੂ ਜੀ ਨੇ ਸਵਾਲ ਪਾਇਆ, ‘ਜੇ ਹਵਾ ਦਿਖਦੀ ਨਹੀਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਵਾ ਅੰਦਰ ਨਹੀਂ ਜਾ ਰਹੀ?’ ਪੀਰ ਨੇ ਝੱਟ ਜਵਾਬ ਦਿਤਾ, “ਅਨੁਭਵ ਰਾਹੀਂ” ਗੁਰੂ ਜੀ ਹੱਸੇ, “ਵਾਹ ਪੀਰ ਜੀ। ਜੇ ਤੁਸੀਂ ਅਨਭਵ ਨਾਲ ਹਵਾ ਵੇਖ ਲਈ ਤਾਂ ਫਿਰ ਅਨੁਭਵ ਨਾਲ ਰੱਬ ਨੂੰ ਕਿਉਂ ਨਹੀਂ ਵੇਖਿਆ?” ਪੀਰ ਨੂੰ ਸਮਝ ਆ ਗਈ। ਗੁਰੂ ਜੀ ਨੇ ਸਮਝਾਂਦਿਆ ਕਿਹਾ, “ਤੁਸੀਂ ਅਪਣੇ ਗਿਰਦ ਕੁਦਰਤ ਵੇਖ ਰਹੇ ਹੋ। ਇਹ ਸਭ ਪ੍ਰਮਾਤਮਾ ਦੀ ਰਚੀ ਹੈ।ਇਸ ਤੇ ਬਦਲਦੀਆਂ ਰੁਤਾਂ ਦੇ ਬਦਲਦੇ ਅਸਰ ਹੁੰਦੇ ਹਨ । ਗਰਮੀ ਸਰਦੀ ਬਰਸਾਤ ਬਹਾਰ, ਪਤਝੜ ਇਸ ਤੇ ਨਵੇਂ ਨਵੇਂ ਰੂਪ ਲਿਆਉਂਦੇ ਹਨ। ਪਰਮਾਤਮਾ ਇਨ੍ਹਾਂ ਸਭ ਵਿਚ ਤੇ ਸਾਰੇ ਜੀਆਂ ਅੰਦਰ ਆਪ ਬਿਰਾਜਮਾਨ ਹੈ ਤੇ ਲਗਾਤਾਰ ਆਪ ਹੀ ਤਬਦੀਲੀਆਂ ਲਿਆਉਂਦਾ ਹੈ। ਜੇ ਰੱਬ ਸਭ ਥਾਂ, ਹਰ ਇਕ ਵਿਚ ਵਸਦਾ ਹੈ ਤਾਂ ਅਸੀਂ ਉਸ ਨੂੰ ਉਸਦੀ ਕੁਦਰਤ ਵਿਚ ਕਿਉਂ ਨਹੀਂ ਵੇਖਦੇ। ਜੇ ਖਿੜਦੇ ਫੁੱਲ ਵਿਚ ਰੱਬ ਨੂੰ ਵੇਖੋਗੇ ਤਾਂ ਖੇੜਾ ਮਲੋ-ਮੱਲੀ ਮੁੱਖ ਤੇ ਆ ਜਾਵੇਗਾ ਜੇ ਕੋਇਲ ਨੂੰ ਗਾਉਂਦੇ ਸੁਣੋਗੇ ਤਾਂ ਦਿਲ ਆਮੁਹਾਰੇ ਝੂੰਮਣ ਲੱਗ ਪਵੇਗਾ। ਸੋ ਜੇ ਉਸਨੂੰ ਵੇਖਣਾ ਤੇ ਸੁਣਨਾ ਹੈ ਤਾਂ ਕੁਦਰਤ ਵਿਚ ਅਪਣੇ ਅਨੁਭਵ ਰਾਹੀਂ ਵੇਖੋ।ਸਾਰਿਆਂ ਵਿਚ ਉਸ ਰੱਬ ਨੂੰ ਜਾਣੋ।”। ਪੀਰ ਦੇ ਮੂਹੋਂ ਅਚਾਨਕ ਨਿਕਲਿਆ, “ਇਨ ਸ਼ਾ ਅੱਲਾ?” ਤੇ ਉਸਨੇ ਗੁਰੂ ਜੀ ਨੂੰ ਝੁਕਕੇ ਸਿਜਦਾ ਕੀਤਾ। ਸਾਰੇ ਤਮਾਸ਼ਬੀਨ ਧਰਤੀ ਤੇ ਲੇਟ ਕੇ ਗੁਰੂ ਜੀ ਨੂੰ ਅਪਣੀ ਅਕੀਦਤ ਪੇਸ਼ ਕਰਨ ਲੱਗੇ।

ਉਪਰਲੀ ਗਾਥਾ ਤੋਂ ਇਹ ਤਾਂ ਸਥਾਪਤ ਹੋ ਜਾਦਾ ਹੈ ਕਿ ਰੱਬ ਹੈ, ਸਭ ਨੂੰ ਰਚਦਾ, ਪਾਲਦਾ, ਸੰਭਾਲਦਾ ਤੇ ਲਗਾਤਾਰ ਬਦਲਦਾ ਰਹਿੰਦਾ ਹੈ। ਉਹ ਆਪ ਹਰ ਥਾਂ, ਹਰ ਇਕ ਵਿਚ ਵਸਦਾ ਹੈ। ਉਸਨੂੰ ਜਾਨਣ, ਵੇਖਣ, ਸਮਝਣ ਲਈ ਅਨੁਭਵ ਦੀਆਂ ਅੱਖਾਂ ਦੀ ਜ਼ਰੂਰਤ ਹੈ।ਪਰ ਜੋ ਅਸੀਂ ਰੱਬੀ ਬਾਣੀ ਕਹਿੰਦੇ ਹਾਂ ਉਹ ਕਿਵੇਂ ਹੋਈ?

ਅੰਮ੍ਰਿਤ ਵੇਲੇ ਨਹਾ ਧੋ ਕੇ ਸੱਚੇ ਸੁਚੇ ਮਨ ਨਾਲ ਉਠ ਕੇ ਸ਼ਾਂਤ ਵਾਤਾਵਰਣ ਵਿਚ ਜਦ ਉਸ ਵਲ ਧਿਆਨ ਲਾਉਂਦੇ ਹਾਂ ਤਾਂ ਉਸ ਨਾਲ ਜੁੜਣ ਦਾ ਅਨੁਭਵ ਹੁੰਦਾ ਹੈ।ਮਨ ਵਿਚ ਤਰੰਗਾਂ ਉਠਦੀਆ ਹਨ ਤੇ ਵੱਖ ਵੱਖ ਤਰ੍ਹਾਂ ਦੇ ਅਨੁਭਵ ਆਉਂਦੇ ਹਨ। ਕੋਈ ਇਸ ਨੂੰ ਭੌਰਿਆਂ ਦੀ ਗੁੰਜਾਰ ਦੇ ਰੂਪ ਵਿਚ ਸੁਣਦਾ ਹੈ, ਕਿਸੇ ਨੂੰ ਸੰਖ ਸੁਣਾਈ ਦਿੰਦਾ ਹੈ ।ਕਿਸੇ ਨੂੰ ਮ੍ਰਿਦੰਗ ਸੁਣਾਈ ਦਿੰਦੀ ਹੈ ਤੇ ਕਿਸੇ ਨੂੰ ਘੰਟਾ ਖੜਕਦਾ ਜਾਪਦਾ ਹੈ। ਇਸੇ ਤਰ੍ਹਾਂ ਕਿਸੇ ਨੂੰ ਭੇਰੀ, ਕਿਸੇ ਨੂੰ ਦੁਦੰਭੀ, ਕਿਸੇ ਨੂੰ ਸਮੁੰਦਰ ਗਰਜਣਾ ਤੇ ਕਿਸੇ ਨੂੰ ਬਦਲ ਗਰਜਦਾ ਜਾਪਦਾ ਹੈ ਤੇ ਫਿਰ ਕਿਸੇ ਵਿਲੱਖਣ ਮਹਾਂਪੁਰਸ਼ ਨੂੰ ਇਹ ਸ਼ਬਦਾਂ ਦੇ ਰੂਪ ਵਿਚ ਆਉਂਦਾ ਹੈ ਜਿਸ ਨੂੰ ਇਲਹਾਮ ਵੀ ਕਿਹਾ ਜਾਂਦਾ ਹੈ।ਇਲਹਾਮ ਤੋਂ ਭਾਵ ਏਥੇ ਰੱਬੀ-ਬਾਣੀ ਦੇ ਰੂਪ ਵਿਚ ਲਿਆ ਜਾਂਦਾ ਹੈ। ਰੱਬੀ ਵੇਲੇ ਉਸ ਨਾਲ ਜੁੜ ਕੇ ਜੋ ਸ਼ਬਦ ਉਸ ਦੀ ਜਾਂ ਉਸ ਦੀ ਕੁਦਰਤ ਦੀ ਮਹਿਮਾ ਵਿਚ ਹਿਰਦੇ ਵਿਚ ਉਤਰਦੇ ਹਨ ਉਹ ਹੀ ਰੱਬੀ ਬਾਣੀ ਆਖੇ ਜਾਂਦੇ ਹਨ,ਜੋ ਸੱਚੇ ਸੁਚੇ ਮਨ ਵਿਚ ਸੱਚੇ ਦੀ ਗੋਦ ਵਿੱਚ ਨੂਰਾਨੀ ਵਾਤਾਵਰਣ ਮੇਲ ਦੇ ਅਨੁਭਵ ਵਿਚ ਸੱਚ-ਸ਼ਬਦਾਂ ਦਾ ਰੂਪ ਧਾਰਦੇ ਹਨ। ਇਸ ਲਈ ਅਸੀਂ ਗੁਰੂਆਂ, ਪੀਰਾਂ, ਸੰਤਾਂ, ਮਹਾਤਮਾਂ ਦੀ ਬਾਣੀ ਨੂੰ ਰੱਬੀ ਬਾਣੀ ਕਹਿੰਦੇ ਹਾਂ।
 
MEET SPN ON YOUR MOBILES (TAP)

❤️ Join Members on SPNT Mobile App!

Top