Punjabi: ਭਾਰਤ-ਚੀਨ ਤੇਰ੍ਹਵਾਂ ਗੇੜ ਫੇਲ੍ਹ ਹੋਣ ਪਿੱਛੋਂ

Dalvinder Singh Grewal

Writer
Historian
SPNer
Jan 3, 2010
975
413
77
ਭਾਰਤ-ਚੀਨ ਤੇਰ੍ਹਵਾਂ ਗੇੜ ਫੇਲ੍ਹ ਹੋਣ ਪਿੱਛੋਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਪ੍ਰੈਲ 2020 ਵਿਚ ਚੀਨ ਨੇ ਤਿਬਤ ਤੋਂ ਆ ਕੇ ਲਦਾਖ ਹੱਦ ਉਤੇ ਭਾਰੀ ਤੈਨਾਤੀ ਕੀਤੀ ਤੇ ਲਦਾਖ-ਤਿਬਤ ਹੱਦ ਤੇ ਨੋ ਮੈਨਜ਼ ਲੈਂਡ (ਸਾਂਝਾ ਇਲਾਕਾ) ਦਾ ਸਾਰਾ ਇਲਾਕਾ ਦੱਬ ਲਿਆ ਜੋ ਭਾਰਤ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ। ਚੀਨੀਆਂ ਦੀ ਇਸ ਕਾਰਵਾਈ ਨੂੰ ਰੋਕਣ ਲਈ ਚੀਨੀ ਜਮਾਵੜੇ ਦੇ ਵਿਰੋਧ ਵਿਚ ਜਲਦੀ ਨਾਲ ਅਪਣੀਆਂ ਪੰਜਾਹ ਹਜ਼ਾਰ ਦੇ ਕਰੀਬ ਸੈਨਾਵਾਂ ਨੂੰ ਤੈਨਾਤ ਕਰਨਾ ਪਿਆ।ਚੀਨ ਟੱਸ ਤੋਂ ਮੱਸ ਨਾ ਹੁੰਦਾ ਦਿਸਿਆ ਤਾਂ ਭਾਰਤ ਨੇ ਹੱਦ ਨਾਲ ਲਗਦੀਆਂ ਪੇਗਾਂਗ ਝੀਲ ਦੇ ਦੱਖਣ ਦੀਆਂ ਪਹਾੜੀਆਂ ਉਤੇ ਅਚਾਨਕ ਕਬਜ਼ਾ ਕਰ ਲਿਆ ਜਿਸ ਤੇ ਚੀਨ ਤੜਪ ਉਠਿਆ ਤੇ ਆਪਸੀ ਗੱਲ ਬਾਤ ਲਈ ਰਾਜ਼ੀ ਹੋਇਆ।ਪਹਿਲੀਆਂ ਬਾਰਾਂ ਮੀਟਿੰਗਾਂ ਵਿਚ ਗੋਗਰਾ ਤੱਕ ਦੇ ਇਲਾਕਿਆਂ ਦਾ ਫੈਸਲਾ ਹੋ ਗਿਆ।

ਗੱਲਬਾਤ ਦਾ ਇਹ ਤੇਰਵਾਂ ਦੌਰ ਪੂਰਬੀ ਲਦਾਖ ਵਿੱਚ ਐਲਏਸੀ ਦੇ ਚੀਨ ਵਾਲੇ ਪਾਸੇ ਚੁਸ਼ੂਲ-ਮਾਲਦੋ ਹੱਦ ਤੇ ਚੱਲਿਆ।ਚੀਨੀ ਅੜੀਅਲ ਰਵਈਏ ਕਰਕੇ ਅਤੇ ਦੋ ਹਫਤੇ ਪਹਿਲਾਂ ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿਚ ਯਾਂਗਸੇ ਦੇ ਨੇੜੇ ਦੋਹਾਂ ਧਿਰਾਂ ਵਿੱਚ ਖਹਿਬੜਬਾਜ਼ੀ ਹੋਈ ਜਿਸ ਵਿਚ ਹੱਥਾ-ਪਾਈ ਵੀ ਹੋਈ ਦੱਸੀ ਜਾਂਦੀ ਹੈ ਇਸ ਗੱਲਬਾਤ ਵਿੱਚ ਤਣਾਅ ਸੀ। ਉਸ ਤੋਂ ਪਹਿਲਾਂ 30ਅਗਸਤ ਨੂੰ 100 ਚੀਨੀ ਸੈਨਿਕਾਂ ਨੇ ਉਤਰਾ ਖੰਡ ਦੇ ਬਾਰਾਹੋਤੀ ਖੇਤਰ ਵਿੱਚ ਐਲ ਏ ਸੀ ਉਲੰਘਣਾ ਕੀਤੀ ਸੀ।

ਗੱਲਬਾਤ ਤੋਂ ਪਹਿਲਾਂ ਦੇ ਇਸ ਚੀਨੀ ਹਾਵ ਭਾਵ ਤੋਂ ਸਮਝ ਲਿਆ ਗਿਆ ਸੀ ਕਿ ਚੀਨ ਹੋਰ ਸਮਝੌਤੇ ਦੇ ਹੱਕ ਵਿਚ ਨਹੀਂ ਕਿਉਂਕਿ ਉਸ ਨੂੰ ਸਾਮਰਿਕ ਮਹਤਵ ਵਾਲਾ ਇਲਾਕਾ ਮਿਲ ਗਿਆ ਹੈ ਜਿਸ ਨੂੰ ਉਹ ਕਦੇ ਵੀ ਛੱਡਣਾ ਨਹੀਂ ਚਾਹੁੰਦਾ।ਭਾਰਤ ਨੇ ਚੀਨ ਤੋਂ ਪੂਰਾ ਇਲਾਕਾ ਖਾਲੀ ਕਰਵਾਉਣ ਤੋਂ ਪਹਿਲਾਂ ਆਪਣੇ ਕਬਜ਼ੇ ਵਾਲੀਆਂ ਤਿਬਤੀ ਪਹਾੜੀਆਂ ਖਾਲੀ ਕਰਕੇ ਭਾਰੀ ਗਲਤੀ ਕਰ ਦਿਤੀ ਸੀ ਜਿਸ ਦਾ ਖਮਿਆਜ਼ਾ ਭਾਰਤ ਹੁਣ ਭੁਗਤ ਰਿਹਾ ਹੈ।ਇਸ ਲੈਫ ਜਨਰਲ ਪੱਧਰ ਦੀ ਗੱਲਬਾਤ ਵਿਚ ਭਾਰਤੀ ਪੱਖ ਨੇ ਪਟ੍ਰੋਲਿੰਗ ਪੁਆਇੰਟ 15 ਤੇ ਭਾਰਤੀ ਪਟ੍ਰੋਲ ਨੂੰ ਰੋਕਣਾ, ਦੇਪਸਾਂਗ ਅਤੇ ਦਮਚੌਕ ਦੇ ਇਲਾਕੇ ਖਾਲੀ ਕਰਨ ਬਾਰੇ ਗੱਲ ਬਾਤ ਕੀਤੀ।ਚੌਦਾਂ ਕੋਰ ਦੇ ਕੋਰ ਕਮਾਂਡਰ ਲੈਫ ਜਨਰਲ ਮੈਨਨ ਭਾਰਤ ਦੇ ਵਫਦ ਦੀ ਅਤੇ ਮੇਜਰ ਜਨਰਲ ਜ਼ਾਓ ਜ਼ਿੰਦਾਨ ਚੀਨੀ ਵਫਦ ਦੀ ਕਮਾਨ ਸੰਭਾਲ ਰਹੇ ਸਨ।

ਭਾਰਤ ਦਾ ਪੱਖ ਸੀ ਕਿ ਚੀਨ ਨੋ ਮੈਨਜ਼ ਲੈਂਡ ਦਾ ਸਾਰਾ ਇਲਾਕਾ ਖਾਲੀ ਕਰੇ ਪਰ ਚੀਨ ਇਸ ਇਲਾਕੇ ਤੇ ਅਪਣਾ ਹੱਕ ਜਮਾਉਣ ਉਤੇ ਡਟਿਆ ਹੋਇਆ ਸੀ।ਨਾਂ ਹੀ ਭਾਰਤ ਵਲੋਂ ਦਿਤੇ ਸੁਝਾ ਚੀਨ ਨੇ ਮੰਨੇ ਤੇ ਨਾ ਹੀ ਚੀਨ ਕੋਈ ਠੋਸ ਸੁਝਾ ਦੇ ਸਕਿਆ।ਇਸ ਤਰ੍ਹਾਂ ਇਹ ਸਤਾਰਾਂ ਮਹੀਨੇ ਤੋਂ ਚੱਲ ਰਹੀ ਤੇਰ੍ਹਵੇਂ ਗੇੜ ਦੀ ਗੱਲਬਾਤ ਬੇਨਤੀਜਾ ਖਤਮ ਹੋ ਗਈ।

ਭਾਰਤੀ ਸੈਨਾ ਦੇ ਬੁਲਾਰੇ ਨੇ ਸਖਤ ਲਹਿਜ਼ੇ ਵਿੱਚ ਕਿਹਾ: “ਚੀਨ ਨੇ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਸਥਿਤੀ ਨੂੰ ਬਦਲਣ ਦੀ ਇੱਕ ਪਾਸੜ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਦੋਨਾਂ ਦੇਸ਼ਾਂ ਦੀ ਸ਼ਾਂਤੀ ਭੰਗ ਹੋਈ ਹੈ।ਸ਼ਾਂਤੀ ਨੂੰ ਦੁਬਾਰਾ ਬਹਾਲ ਕਰਨ ਦਾ ਜ਼ਿਮਾ ਹੁਣ ਚੀਨ ਦਾ ਹੀ ਹੈ।ਸਾਢੇ ਅੱਠ ਘੰਟੇ ਚੱਲੀ ਇਸ ਮੀਟਿੰਗ ਵਿੱਚ ਭਾਰਤੀ ਪੱਖ ਨੇ ਬਾਕੀ ਖੇਤਰਾਂ ਨੂੰ ਸੁਲਝਾਉਣ ਲਈ ਉਸਾਰੂ ਸੁਝਾਅ ਦਿਤੇ ਪਰ ਚੀਨੀ ਪੱਖ ਸਹਿਮਤ ਨਹੀਂ ਹੋਇਆ ਅਤੇ ਨਾਂ ਹੀ ਕੋਈ ਅਗਾਂਹ ਵਧੂ ਸੁਝਾਅ ਦੇ ਸਕਿਆ।”

ਉਧਰੋਂ ਬੀਜਿੰਗ ਵਿੱਚ ਜਾਰੀ ਆਪਣੇ ਬਿਆਨ ਵਿੱਚ, ਚੀਨੀ ਪੀਐਲਏ ਦੀ ਪੱਛਮੀ ਥੀਏਟਰ ਕਮਾਂਡ ਨੇ ਦਾਅਵਾ ਕੀਤਾ ਕਿ ਭਾਰਤ ਨੇ "ਗੈਰ ਵਾਜਬ ਅਤੇ ਅਵਿਸ਼ਵਾਸੀ" ਮੰਗਾਂ 'ਤੇ ਜ਼ੋਰ ਦਿੱਤਾ, ਜਿਸ ਨਾਲ ਗੱਲਬਾਤ ਵਿੱਚ ਮੁਸ਼ਕਿਲਾਂ ਵਧੀਆਂ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਨੇ "ਸਰਹੱਦੀ ਸਥਿਤੀ ਨੂੰ ਸੌਖਾ ਅਤੇ ਠੰਡਾ ਕਰਨ ਲਈ ਅਥਾਹ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਆਪਣੀ ਇਮਾਨਦਾਰੀ ਦਾ ਪੂਰੀ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ।"

ਇਸ ਤੋਂ ਪਹਿਲਾਂ ਭਾਰਤੀ ਸੈਨਾ ਮੁਖੀ ਨੇ ਨੌ ਅਕਤੂਬਰ ਨੂੰ ਲਦਾਖ ਵਿਚ ਚੀਨੀ ਸੈਨਾਵਾਂ ਦਾ ਜ਼ਮੀਨੀ ਜਾਇਜ਼ਾ ਲੈ ਕੇ ਕਿਹਾ ਸੀ, “ਚੀਨੀਆਂ ਨੇ ਲਦਾਖ ਦੀ ਹੱਦ ਉਤੇ ਬੜੀ ਭਾਰੀ ਤੈਨਾਤੀ ਕਰ ਲਈ ਹੈ ਤੇ ਅਪਣੀਆਂ ਹੱਦਾਂ ਪੱਕੀਆਂ ਕਰ ਲਈਆਂ ਹਨ ਜਿਸ ਤੋਂ ਸਾਫ ਜ਼ਾਹਿਰ ਹੈ ਕਿ ਉਨ੍ਹਾਂ ਦਾ ਇਰਾਦਾ ਏਥੇ ਪੱਕੀ ਤਰ੍ਹਾਂ ਟਿਕਣ ਦਾ ਹੈ, ਇਸੇ ਲਈ ਸਾਨੂੰ ਵੀ ਇਥੇ ਪੱਕੇ ਅੱਡੇ ਲਾਉਣੇ ਪੈਣਗੇ। ਅਸੀਂ ਹੱਦ ਉਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਤੇ ਅਸੀਂ ਵੀ ਅਪਣੀ ਤੈਨਾਤੀ ਉਨ੍ਹਾਂ ਦੇ ਬਰਾਬਰ ਦੀ ਕੀਤੀ ਹੈ”।ਉਨ੍ਹਾਂ ਨੇ ਇਹ ਵੀ ਜ਼ਾਹਿਰ ਕੀਤਾ ਕਿ ਇਹ ਤੈਨਾਤੀ ਦੀ ਸ਼ਕਲ ਉਸੇ ਤਰ੍ਹਾਂ ਦੀ ਬਣ ਸਕਦੀ ਹੈ ਜਿਸ ਤਰ੍ਹਾਂ ਦੀ ਪਾਕਿਸਤਾਨ ਦੀ ਹੱਦ ਨਾਲ ਹੈ। ਜਿਸ ਤੋਂ ਭਾਵ ਹੈ ਗਲਵਾਨ ਵਰਗੀਆਂ ਝੜਪਾਂ ਆਮ ਹੋ ਸਕਦੀਆਂ ਹਨ ਤੇ ਇਸ ਹੱਦ ਉਤੇ ਅੱਗੇ ਨੂੰ ਸ਼ਾਂਤੀ ਰੱਖਣੀ ਅਸੰਭਵ ਹੈ ਜਿਸ ਲਈ ਕੇਂਦਰੀ ਸਰਕਾਰ ਤੋਂ ਹਿਦਾਇਤਾਂ ਮਿਲ ਚੁੱਕੀਆਂ ਹਨ।ਉਨ੍ਹਾਂ ਨੇ ਸ਼ਕ ਜ਼ਾਹਿਰ ਕੀਤੀ, “ਜਦੋਂ ਸਾਰੀ ਦੁਨੀਆਂ ਮਹਾਂਮਾਰੀ ਵਿਚ ਉਲਝੀ ਹੋਈ ਹੈ ਚੀਨ ਕਿਉਂ ਅਪਣੇ ਇਲਾਕੇ ਵਧਾਉਣ ਲੱਗਿਆ ਹੋਇਆ ਹੈ”।

ਸੱਤ ਅਕਤੂਬਰ ਨੂੰ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ, “ਲਦਾਖ ਹੱਦ ਉਤੇ ਤਣਾਅ ਚੀਨ ਦੇ ਹੱਦਾਂ ਉਤੇ ਇਕ-ਤਰਫਾ ਭਾਰੀ ਤੈਨਾਤੀ ਕਰ ਕੇ ਹੋਇਆ ਸੀ ਜਿਸ ਵਿਚ ਉਸ ਦਾ ਨੋ ਮੈਨਜ਼ ਲੈਂਡ ਦਾ ਇਲਾਕਾ ਕਬਜ਼ੇ ਵਿਚ ਲੈਣ ਪਿੱਛੋਂ ਭਾਰਤ ਨੂੰ ਭਾਰੀ ਤੈਨਾਤੀ ਕਰਨੀ ਪਈ”।

ਇਸ ਤੋਂ ਸਾਫ ਜ਼ਾਹਿਰ ਹੈ ਕਿ ਚੀਨੀ ਵਫਦ ਪਹਿਲਾਂ ਤੋਂ ਤਿਆਰ ਪਹੁੰਚ ਨਾਲ ਮੀਟਿੰਗ ਵਿਚ ਆਇਆ ਸੀ ਅਤੇ ਹਥਿਆਇਆ ਹੋਇਆ ਕੋਈ ਵੀ ਇਲਾਕਾ ਛੱਡਣ ਲਈ ਤਿਆਰ ਨਹੀਂ ਸੀ।

ਹੁਣ ਦੋਨੋਂ ਸੈਨਾਵਾਂ ਦੇ ਆਪਣੇ ਆਪਣੇ ਪੰਜਾਹ ਤੋਂ ਸੱਠ ਹਜ਼ਾਰ ਸੈਨਿਕ ਪੂਰਬੀ ਲਦਾਖ-ਤਿਬਤ ਤੇ ਤੈਨਾਤ ਹਨ। ਦੋਨਾਂ ਸੈਨਾਵਾਂ ਵਿਚ ਬੇਹੱਦ ਤਣਾਅ ਹੈ ਜਿਸ ਨੂੰ ਉਤਰਾਖੰਡ ਅਤੇ ਅਰੁਣਾਚਲ ਦੀਆਂ ਹੱਦਾਂ ਤੇ ਹੋਏ ਤਣਾਅ ਨੇ ਹੋਰ ਗੰਭੀਰ ਬਣਾ ਦਿਤਾ ਹੈ।ਦੋਨਾਂ ਦੇਸ਼ਾਂ ਦੇ ਬੁਲਾਰੇ ਅਸ਼ਾਂਤੀ ਤੇ ਤਣਾਅ ਦਾ ਦੋਸ਼ ਇੱਕ ਦੂਜੇ ਤੇ ਮੜ੍ਹ ਰਹੇ ਹਨ। ਇਸ ਹਾਲਤ ਵਿਚ ਇਸ ਹੱਦ ਦਾ ਐਲ ਏ ਸੀ ਤੋਂ ਐਲ ਓ ਸੀ ਵਿਚ ਬਦਲਣਾ ਵੀ ਸੰਭਵ ਹੈ ਜਿਸ ਨੂੰ ਭਾਰਤੀ ਸੈਨਾ ਮੁਖੀ ਨੇ ਵੀ ਸਵੀਕਾਰਿਆ ਹੈ। ਹਾਲਾਤ ਨਾਜ਼ੁਕ ਹਨ, ਅੱਗੇ ਕੀ ਹੋਏਗਾ ਕੁਝ ਕਿਹਾ ਨਹੀਂ ਜਾ ਸਕਦਾ। ਭਾਰਤ ਨੂੰ ਅਪਣੀਆਂ ਸੈਨਾਵਾਂ ਹਰ ਵਕਤ ਤਿਆਰ ਰੱਖਣੀਆਂ ਹੋਣਗੀਆਂ । ਜੇ ਹੋ ਸਕੇ ਤਾਂ ਭਾਰਤ ਨੂੰ ਚੀਨ ਵਾਂਗੂ ਚੀਨ ਦੀਆਂ ਕੁਝ ਪਹਾੜੀਆਂ ਕਬਜ਼ੇ ਵਿਚ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਪਹਿਲਾਂ ਵਾਂਗ ਅਦਲਾ-ਬਦਲੀ ਕਰਨ ਵਿਚ ਬਲ ਮਿਲੇ।ਉਪਰੋਂ ਭਾਰੀ ਬਰਫ ਵੀ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਰਸਦ ਤੇ ਬਾਰੂਦ ਜਮਾਂ ਕਰਨਾਂ ਤੇ ਠੰਢ ਤੋਂ ਬਚਾ ਕਰਨ ਦੇ ਪ੍ਰਬੰਧ ਕਰਨੇ ਵੀ ਬਹੁਤ ਲਾਜ਼ਮੀ ਹਨ ਜੋ ਭਾਰਤ ਦੀ ਕਮਜ਼ੋਰ ਹੋ ਰਹੀ ਆਰਥਿਕਤਾ ਉਤੇ ਹੋਰ ਭਾਰੂ ਪੈਣਗੇ। ਹੋਰ ਸੂਝ-ਸਮਝ ਦੀ ਲੋੜ ਹੈ ਇਹ ਮਾਮਲਾ ਹੱਲ ਕਰਨ ਦੀ।
 
MEET SPN ON YOUR MOBILES (TAP)
Top