• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਅਫਗਾਨਿਸਤਾਨ ਵਿਚ ਭਾਰਤੀ ਹਿਤਾਂ ਉਤੇ ਪਾਕਿਸਤਾਨ ਭਾਰੂ

Dalvinder Singh Grewal

Writer
Historian
SPNer
Jan 3, 2010
1,245
421
79
ਅਫਗਾਨਿਸਤਾਨ ਵਿਚ ਭਾਰਤੀ ਹਿਤਾਂ ਉਤੇ ਪਾਕਿਸਤਾਨ ਭਾਰੂ

ਡਾ: ਦਲਵਿੰਦਰ ਸਿੰਘ ਗ੍ਰੇਵਾਲ​

ਅਫਗਾਨਿਸਤਾਨ ਤੋਂ ਅਮਰੀਕਾ ਗਿਆ ਤੇ ਤਾਲਿਬਾਨ ਆ ਗਿਆ। ਤਾਲਿਬਾਨ ਆਇਆ ਤਾਂ ਅਪਣੀ ਸਰਕਾਰ ਬਣਾਈ ਭਾਵੇਂ ਆਰਜ਼ੀ । ਇਸ ਸਰਕਾਰ ਬਣਾਉਣ ਵਿਚ ਬਿਨਾ ਕਿਸੇ ਲੁੱਕ-ਲੁਕਾ ਦੇ ਪਾਕਿਸਤਾਨੀ ਆਈ ਐਸ ਆਈ ਦੇ ਜਰਨੈਲ ਹਮੀਦ ਨੇ ਆਪਣੇ ਪਸੰਦੀਦਾ ਬੰਦੇ ਮੰਤਰੀ ਮੰਡਲ ਵਿਚ ਲਵਾ ਦਿਤੇ। ਜੇ ਮੁਲਾ ਅਬਦੁਲ ਗਨੀ ਬਰਾਦਰ ਜੋ ਪ੍ਰਧਾਨਮੰਤਰੀ ਦਾ ਦਾਵੇਦਾਰ ਸੀ ਉਪ ਪ੍ਰਧਾਨ ਮੰਤਰੀ ਬਣਾਏ ਜਾਣ ਤੇ ਕੁਝ ਬੋਲਿਆ ਤਾਂ ਹਮੀਦ ਦੇ ਬੰਦੇ ਹੱਕਾਨੀ ਨੇ ਮਾਰਕੁੱਟ ਕੀਤੀ ਜਾਂ ਗੋਲੀ ਮਾਰ ਦਿਤੀ ।ਜਾਨ ਬਚ ਗਈ ਤਾਂ ਬਰਾਦਰ ਨੇ ਕੰਧਾਰ ਜਾ ਕੇ ਜਾਨ ਬਚਾਈ। ਅਫਵਾਹ ਤਾਂ ਉੱਡ ਗਈ ਸੀ ਕਿ ਬਰਾਦਰ ਹੱਕਾਨੀ ਨਾਲ ਝਗੜੇ ਵਿਚ ਮਾਰਿਆ ਗਿਆ ਹੈ ਪਰ ਬਾਦ ਵਿਚ ਉਸਨੂੰ ਅਫਵਾਹਾਂ ਰੋਕਣ ਲਈ ਅਪਣੇ ਆਪ ਹੀ ਕੰਧਾਰ ਟੀ ਵੀ ਤੇ ਆਪਾ ਪ੍ਰਗਟ ਕਰਨਾ ਪਿਆ। ਉਹ ਮੁਲਾ ਬਰਾਦਰ ਹੀ ਸੀ ਜੋ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕਨਾਂ ਨਾਲ ਸ਼ਾਂਤੀ ਵਾਰਤਾ ਕਰਦਾ ਰਿਹਾ ਤੇ ਆਖਰੀ ਸਮਝੌਤੇ ਤੇ ਦਸਤਖਤ ਵੀ ਉਸੇ ਨੇ ਹੀ ਕੀਤੇ। ਉਸੇ ਨੇ ਹੀ ਮੁਲਾ ਉਮਰ ਨਾਲ ਮਿਲ ਕੇ ਤਾਲਿਬਾਨ ਸਥਾਪਿਤ ਕੀਤੀ ਸੀ। 15 ਅਗਸਤ ਤਕ ਜਦ ਤਕ ਅਮਰੀਕੀ ਕਾਬਲ ਛੱਡ ਨਹੀਂ ਗਏ ਮੁਲਾ ਬਰਾਦਰ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਸੀ ਤੇ ਉਸ ਦੀ ਕੰਧਾਰ ਆਉਣ ਤੇ ਆਓ ਭਗਤ ਵੀ ਬੜੀ ਹੋਈ ਸੀ। ਪਰ ਜਨਰਲ ਹਮੀਦ ਦੇ ਕਾਬਲ ਪਹੁੰਚਣ ਪਿਛੋਂ ਸਾਰਾ ਪਾਸਾ ਹੀ ਪਲਟ ਗਿਆ ਜਿਸ ਨੇ ਹੀ ਹੱਕਾਨੀ ਨੂੰ ਸ਼ਹਿ ਦਿਤੀ ਸੀ।

ਇਹ ਸਿਰਾਜੁਦੀਨ ਹੱਕਾਨੀ ਵੀ ਗਰਦਾਨਿਆ ਆਤੰਕਵਾਦੀ ਹੈ ਜਿਸ ਲਈ ਅਮਰੀਕਨ ਸਰਕਾਰ ਨੇ $ 5 ਮਿਲੀਅਨ ਇਨਾਮ ਰੱਖਿਆ ਹੋਇਆ ਸੀ ਤੇ ਇਸ ਨੂੰ ਜਨਰਲ ਹਮੀਦ ਦੀ ਚਾਲ ਸਦਕਾ ਅਫਗਾਨਿਸਤਾਨ ਦਾ ਅੰਦਰੂਨੀ ਮਾਮਲਿਆਂ ਦਾ ਮਹੱਤਵ ਪੂਰਨ ਮੰਤਰੀ ਬਣ ਦਿਤਾ ਗਿਆ ਹੈ ਜਿਸ ਤਰ੍ਹਾ ਭਾਰਤ ਵਿਚ ਮੋਦੀ ਜੀ ਨੇ ਸ਼ਾਹ ਨੂੰ ਬਣਾਇਆ ਹੈ।ਸਿਰਾਜੁਦੀਨ ਹੱਕਾਨੀ ਜੰਗਜੂ ਜਲਾਲੁਦੀਨ ਹੱਕਾਨੀ ਦਾ ਪੁਤਰ ਹੈ ਜਿਸ ਨੇ ਸੰਨ 2008 ਵਿਚ ਪਾਕਿਸਤਾਨੀ ਆਈ ਐਸ ਆਈ ਦੇ ਇਸ਼ਾਰੇ ਤੇ ਭਾਰਤੀ ਅੰਬੈਸੀ ਉਤੇ ਹਮਲਾ ਕਰਵਾਇਆ ਸੀ। ਸੋ ਇਸ ਦੇ ਵੀ ਆਈ ਐਸ ਆਈ ਨਾਲ ਨੇੜੇ ਦੇ ਸਬੰਧ ਹਨ।

ਪਾਕਿਸਤਾਨ ਦੇ ਮਨ ਭਾਉਂਦੀ ਜੋ ਸਰਕਾਰ ਬਣੀ ਉਸ ਵਿਚ 70% ਉਹ ਵਜ਼ੀਰ ਹਨ ਜੋ ਅਮਰੀਕਾ ਜਾਂ ਯੂ ਐਨ ਓ ਵਲੋਂ ਆਤੰਕਵਾਦੀ ਗਰਦਾਨੇ ਜਾ ਚੁਕੇ ਹਨ। ਪ੍ਰਧਾਨ ਮੰਤਰੀ ਮੁਲਾ ਮੁਹੰਮਦ ਹਸਨ ਯੂ ਐਨ ਓ ਦੀ ਆਤੰਕਵਾਦੀ ਲਿਸਟ ਤੇ ਹੈ ਕਿਉਂਕਿ ਇਸੇ ਨੇ ਹੀ ਵੀਹ ਸਾਲ ਪਹਿਲਾਂ ਮਹਾਤਮਾ ਬੁੱਧ ਦੀ ਬੁਤ ਬਾਮੀਆਂ ਵਿਚ ਸਥਾਪਤ ਮੂਰਤੀ ਨੂੰ ਬਾਰੂਦ ਨਾਲ ਉਡਾ ਦਿਤਾ ਸੀ।ਉਹ ਪਾਕਿਸਤਾਨੀ ਆਈ ਐਸ ਆਈ ਮੁਖੀ ਜਨਰਲ ਫੈਜ਼ ਹਮੀਦ ਦੀ ਚੋਣ ਹੈ।ਜਨਰਲ ਹਮੀਦ ਇਸੇ ਲਈ ਪਾਕਿਸਤਾਨ ਤੋਂ ਕਾਬਲ ਗਿਆ ਸੀ ਕਿ ਸਾਰਾ ਮੰਤਰੀ ਮੰਡਲ ਅਜਿਹਾ ਬਣਵਾ ਸਕੇ ਜੋ ਪਾਕਿਸਤਾਨ ਦਾ ਹਿਤ ਅੱਗੇ ਰੱਖੇ। ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਭਾਰਤ ਦਾ ਭਲਾ ਕਦੇ ਨਹੀਂ ਸੋਚੇਗਾ।

ਨਵਾਂ ਸੂਚਨਾ ਮੰਤਰੀ ਖੈਰਉੱਲਾ ਸਈਅਦ ਵਲੀ ਖੈਰਖਵਾ ਦੇ ਅਲ ਕਾਇਦਾ ਅਤੇ ਉਸਾਮਾ ਬਿਨ ਲਾਦਿਨ ਨਾਲ ਨਜ਼ਦੀਕੀ ਸਬੰਧ ਦੱਸੇ ਜਾਂਦੇ ਹਨ।ਇਸ ਨੂੰ ਅਮਰੀਕਾ ਦੀ ਭੈੜੀ ਗੁਆਟਾਨਮੋ ਬੇ ਦੀ ਜੇਲ ਵਿੱਚ ਰਖਿਆ ਗਿਆ ਸੀ।ਅਮਰੀਕਾ ਨੂੰ ਅਪਣਾ ਇਕ ਅਗਵਾ ਕੀਤੇ ਸੈਨਿਕ ਬੋ ਬਰਗਦਾਹਲ ਨੂੰ ਛੁਡਵਾਉਣ ਲਈ ਇਸ ਨੂੰ ਛੱਡਣਾ ਪਿਆ ਸੀ। ਉਸੇ ਤਰ੍ਹੀ ਜਿਸਤਰ੍ਹਾਂ ਲ਼ਸ਼ਕਰ- ਇ-ਤਾਇਬਾ ਦੇ ਮੁਖੀ ਨੂੰ ਭਾਰਤੀ ਜਹਾਜ਼ ਅਗਵਾ ਕੀਤੇ ਜਾਣ ਪਿਛੋਂ ਛਡਣਾ ਪਿਆ ਸੀ।

ਖਜ਼ਾਨਾ ਮੰਤਰੀ ਮੌਲਵੀ ਹਿਦਾਇਤਉੱਲਾ ਬਦਰੀ ਵੀ ਯੂ ਐਨ ਓ ਵਲੋਂ ਗਰਦਾਨਿਆ ਆਤੰਕਵਾਦੀ ਹੈ।ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗ੍ਰੋਹਾਂ ਨਾਲ ਇਸ ਦੇ ਨਜ਼ਦੀਕੀ ਸਬੰਧ ਹਨ।ਅਫਗਾਨਿਸਤਾਨ ਦੀ ਅਮਾਦਨੀ ਦਾ ਵੱਡਾ ਜ਼ਰੀਆ ਨਸ਼ਾ ਤਸਕਰੀ ਹੈ।ਇਸ ਲਈ ਸਾਨੂੰ ਭਾਰਤ ਵਿਚ ਹੋ ਰਹੀ ਨਸ਼ਾ ਤਸਕਰੀ ਰੁਕਦੀ ਨਹੀਂ ਲਗਦੀ । ਇਸੇ ਦੀ ਤਾਜ਼ਾ ਮਿਸਾਲ ਅਡਾਨੀ ਦੀ ਬੰਦਰਗਾਹ ਤੇ 3300 ਕ੍ਰੋੜ ਦੀ ਆਈ ਨਸ਼ੇ ਦੀ ਭਾਰੀ ਖੇਪ ਹੈ ਜੋ ਪਕੜੀ ਗਈ ਹੈ। ।ਪਹਿਲਾਂ ਕਿਤਨੀਆਂ ਖੇਪਾਂ ਬਿਨਾ ਫੜੇ ਭਾਰਤ ਦੇ ਬਜ਼ਾਰਾਂ ਵਿਚ ਚਲੀਆਂ ਗਈਆਂ ਇਸ ਦਾ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ। ਅਫਵਾਹ ਤਾਂ ਇਹ ਵੀ ਹੈ ਕਿ ਭਾਰਤ ਵਿਚ ਅਡਾਨੀ ਵਰਗੇ ਵੀ ਨਸ਼ਾ ਤਸਕਰ ਹਨ ਜਿਨ੍ਹਾਂ ਨੇ ਫੜੇ ਜਾਣ ਤੇ ਇਹ ਸਾਰਾ ਕੁਝ ਦੋ ਜੀਆਂ ਦੇ ਬਜ਼ੁਰਗ ਪਰਿਵਾਰ ਸਿਰ ਮੜ੍ਹ ਦਿਤਾ ਜਿਨ੍ਹਾਂ ਦੀ ਨਾਂ ਤਾਂ ਏਨੀ ਤਾਕਤ ਹੈ ਕਿ ਇਤਨੀ ਵੱਡੀ ਖੇਪ ਖਰੀਦ ਸਕਣ ਤੇ ਨਾ ਹੀ ਉਨ੍ਹਾਂ ਕੋਲ ਕੋਈ ਸਾਧਨ ਜੋ ਅੱਗੇ ਸਪਲਾਈ ਕਰ ਸਕਣ ਜਾਂ ਵੇਚ ਸਕਣ। ਸੱਚ ਕੀ ਹੈ ਜਾਪਦਾ ਨਹੀਂ ਕਦੇ ਸਾਹਮਣੇ ਆਏਗਾ ਕਿਉਂਕਿ ਵੱਡੇ ਲੋਕਾਂ ਕੋਲ ਕਨੂੰਨੀ ਮਸ਼ੀਨਰੀ ਨਾਲ ਖੇਲ੍ਹਣ ਦੀ ਸ਼ਕਤੀ ਹੁੰਦੀ ਹੈ।

ਵੀਹ ਸਾਲ ਲੜਦੇ ਹੋਏ ਤਿੰਨ ਲੱਖ ਬੰਦਿਆਂ ਦਾ ਨੁਕਸਾਨ ਕਰਵਾ ਕੇ ਜੇ ਅਫਗਾਨਿਸਤਾਨ ਵਿਚ ਆਮ ਲੋਕਾਂ ਨੂੰ ਖੁਲ੍ਹ ਜਾਂ ਆਜ਼ਾਦੀ ਨਹੀਂ ਮਿਲੀ ਤੇ ਕੋਈ ਸ਼ਾਂਤੀ ਜਾਂ ਖੁਸ਼ਹਾਲੀ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਤੇ ਚਾਰੇ ਪਾਸੇ ਘਮਸਾਣ ਹੈ, ਘਰ ਘਰ ਦਰਦ ਹੈ ਤੇ ਭੁਖ ਮੰਡਰਾ ਰਹੀ ਹੈ ਤਾਂ ਕੀ ਪਾਕਿਸਤਾਨ ਕੋਲ ਇਸ ਦਾ ਕੋਈ ਇਲਾਜ ਹੈ? ਕੀ ਉਹ ਇਤਨੀ ਮਾਇਕ ਸਹਾਇਤਾ ਕਰ ਸਕਦਾ ਹੈ? ਕੀ ਸ਼ਰੀਅਤ ਕਨੂੰਨ ਇਸ ਹਾਲਤ ਤੋਂ ਨਜਾਤ ਦਿਵਾ ਸਕਣਗੇ? ਹਰ ਅਫਗਾਨੀ ਨਾਗਰਿਕ ਨੂੰ ਅਪਣੇ ਭਵਿਖ ਤੇ ਸਵਾਲੀਆ ਚਿੰਨ ਲੱਗੇ ਨਜ਼ਰ ਆ ਰਹੇ ਹਨ।

ਦੁਨੀਆਂ ਦੇ ਸਾਰੇ ਮੁਲਕ ਅਸਮੰਜਸ ਵਿਚ ਹਨ ਕਿ ਇਸ ਹਾਲਤ ਵਿਚ ਆਤੰਕਵਾਦੀਆਂ ਦੀ ਬਣਾਈ ਸਰਕਾਰ ਨੂੰ ਇਸ ਸੰਕਟ ਦੀ ਘੜੀ ਵਿਚ ਮਾਨਤਾ ਜਾਂ ਮਦਦ ਦੇਣ ਤਾਂ ਕਿਵੇਂ ਦੇਣ। ਅਮਰੀਕੀ ਗੱਠ ਜੋੜ ਵਾਲੇ ਦੇਸ਼ ਤਾਂ ਅਜੇ ਉਕਾ ਹੀ ਤਿਆਰ ਨਹੀਂ ਹਨ।

ਅਮਰੀਕਨ ਬੁਲਾਰੇ ਅਨੁਸਾਰ ਅਮਰੀਕਾ ਨਾਲ ਤਾਲਿਬਾਨ ਦੇ ਹੋਏ ਸਮਝੌਤੇ ਵਿਚਲੇ ਸੱਤ ਨੁਕਤਿਆਂ ਵਿਚੋਂ ਤਾਲਿਬਾਨ ਨੇ ਸਿਰਫ ਇੱਕ ਨੁਕਤੇ ਦੀ ਹੀ ਪਾਲਣਾ ਕੀਤੀ ਹੈ।ਨਾਂ ਹੀ ਉਸ ਨੇ ਸਮਤੋਲਵੀਂ ਸਰਕਾਰ ਬਣਾਈ ਹੈ, ਨਾਂ ਹੀ ਔਰਤਾਂ ਨੂੰ ਨੁਮਾਇੰਦਗੀ ਦਿਤੀ ਹੈ।ਨਾਂ ਹੀ ਅਮਨ ਕਾਇਮ ਰਖਿਆ ਹੈ ਤੇ ਨਾਂ ਹੀ ਅਲਕਾਇਦਾ ਨੂੰ ਕਾਬੂ ਕੀਤਾ ਹੈ। ਦੋ ਟਰਿਲੀਅਨ ਡਾਲਰ 20 ਸਾਲਾਂ ਦੇ ਇਸ ਜੰਗ ਵਿਚ ਖਰਚ ਕਰਕੇ, ਖੂਨੀ ਜੰਗ ਵਿਚ 2450 ਸੈਨਿਕ ਗੁਆ ਕੇ ਅਪਣੀਆ ਜ਼ਹਿਰ ਮੁਹਰੀਆਂ ਵਰਦੀਆਂ, ਅਰਬਾਂ ਡਾਲਰਾਂ ਦਾ ਜੰਗੀ ਸਮਾਨ ਜਿਨ੍ਹਾਂ ਵਿਚ ਐਮ-14 ਅਤੇ ਐਮ-16 ਰਾਈਫਲਾਂ, ਹਮਵੀਜ਼ ਟਰੱਕ, ਬਖਤਰਬੰਦ ਗੱਡੀਆਂ ਤੇ ਹੈਲੀਕਾਪਟਰ ਤਾਲਿਬਾਨਾਂ ਦੇ ਹੱਥ ਮਜ਼ਬੂਤ ਹੁੰਦੇ ਦੇਖ ਕੇ ਅਮਰੀਕਨ ਸੜ ਭੁਜ ਰਹੇ ਹਨ ਕਿ ਤਾਲਿਬਾਨਾਂ ਕੋਲ ਤਾਂ ਉਤਨੇ ਹਥਿਆਰ ਕਦੇ ਵੀ ਨਹੀਂ ਸਨ ਜਿਤਨੇ ਉਨ੍ਹਾਂ ਨੇ ਅਮਰੀਕਨਾਂ ਤੋਂ ਹਥਿਆ ਲਏ।।ਅਜੇ ਉਨ੍ਹਾ ਨੂੰ 46 ਫੌਜੀ ਹਵਾਈ ਜਹਾਜ਼ ਜੋ ਮੁਰੰਮਤ ਅਧੀਂਨ ਸਨ ਨਿਕਲਣ ਤੋਂ ਪਹਿਲਾਂ ਤਬਾਹ ਕਰਨੇ ਪਏ।ਇਸ ਤੋਂ ਇਲਾਵਾ ਅਫਗਾਨੀ ਪਾਈਲਟਾਂ ਨੇ 46 ਅਮਰੀਕਨ ਫੌਜੀ ਜਹਾਜ਼ ਉਜ਼ਬੇਕਿਸਤਾਨ ਅਤੇ ਪੰਜਸ਼ੀਰ ਵਿਚ ਜਾ ਉਤਾਰੇ।ਹੁਣ ਤਾਂ ਅਮਰੀਕੀ ਜਰਨੈਲਾਂ ਨੇ ਵੀ ਮੰਨ ਲਿਆ ਹੈ ਕਿ ਅਫਗਾਨਿਸਤਾਨ ਵਿਚ ਉਨ੍ਹਾ ਦੀ ਵੀਤਨਾਮ ਵਾਂਗ ਹੀ ਹਾਰ ਹੋਈ ਹੈ।

ਭਾਰਤ ਦੀ ਚਿੰਤਾ ਤਾਲਿਬਾਨਾਂ ਦੇ ਅੰਤਰ ਕਲਹ ਦੀ ਨਹੀਂ ਲੇਕਿਨ ਇਸ ਅੰਤਰ ਕਲਹ ਤੋਂ ਪੈਦਾ ਹੋ ਰਹੇ ਹਾਲਾਤ ਦੀ ਹੈ ਜਿਸ ਦਾ ਚੀਨ ਅਤੇ ਪਾਕਿਸਤਾਨ ਫਾਇਦਾ ਲੈਣ ਲੱਗੇ ਹੋਏ ਹਨ।

ਜਦੋਂ ਰੂਸ ਅਫਗਾਨਿਸਤਾਨ ਛੱਡ ਕੇ ਗਿਆ ਸੀ ਤਾਂ ਭਾਰਤ ਨੇ ਨਾਰਦਰਨ ਅਲਾਇੰਸ ਦਾ ਪੋੱਖ ਲਿਆ ਸੀ। ਫਿਰ ਜਦ ਅਫਗਾਨਿਸਤਾਨ ਸਰਕਾਰ ਬਣੀ ਤਾਂ ਹਿੰਦੁਸਤਾਨ ਨੇ ਦੋ ਅਰਬ ਡਾਲਰ ਅਫਗਾਨਿਸਤਾਨ ਦੇ ਤਬਾਹ ਹੋਏ ਢਾਂਚੇ ਨੂੰ ਖੜ੍ਹਾ ਕਰਨ ਵਿਚ ਲਾ ਦਿਤੇ ਜਿਸ ਵਿਚ ਇਕ ਡੈਮ, ਪਾਰਲੀਮੈਂਟ ਹਾਊਸ ਅਤੇ ਕਈ ਸ਼ਾਹ ਰਾਹ ਸ਼ਾਮਿਲ ਹਨ। ਇਨ੍ਹਾਂ ਦਾ ਹਸ਼ਰ ਕੀ ਹੁੰਦਾ ਹੈ ਇਸ ਦਾ ਭਾਰਤ ਦੀ ਸਰਕਾਰ ਨੂੰ ਆਤੰਕੀਆਂ ਦੀ ਸਰਕਾਰ ਤੋਂ ਕੋਈ ਆਸ ਨਹੀਂ । ਭਾਰਤ ਨਾਲ ਜੋ ਵਪਾਰ ਤੰਤਰ ਸੀ ਉਹ ਵੀ ਠੱਪ ਹੋ ਸਕਦਾ ਹੈ।

ਇਸ ਤੋਂ ਇਲਾਵਾ ਵਿਹਲੇ ਹੋਏ ਤਾਲਿਬਾਨੀ ਆਤੰਕਵਾਦੀ ਦੀ ਗਿੱਚੀ ਪਾਕਿਸਤਾਨ ਦੇ ਹੱਥ ਵਿਚ ਹੋਣ ਕਰਕੇ ਭਾਰਤ ਨੂੰ ਭਾਰਤ ਖਾਸ ਕਰਕੇ ਕਸ਼ਮੀਰ ਵਿਚ ਪਾਕੀ ਜਾਂ ਤਾਲਿਬਾਨੀਆ ਦੇ ਆਤੰਕ ਦਾ ਇਕ ਵੱਡਾ ਖਤਰਾ ਜ਼ਰੂਰ ਹੈ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top