Punjabi: maian Rab Rajaian | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: maian Rab Rajaian

Dalvinder Singh Grewal

Writer
Historian
SPNer
Jan 3, 2010
728
392
75
ਪੰਜਾਬ ਦੀਆਂ ਮਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦੋਂ ਮਾਝੇ ਵਾਲਿਆਂ ਨੇ ਗੁਰੂ ਗੋਬਿੰਦ ਸਿੰਘ ਨਾਲ ਪਿਛੇ ਆਉਂਦੇ ਵਜ਼ੀਰ ਖਾਨ ਨਾਲ ਆਢਾ ਲਉਣ ਤੋਂ ਇਨਕਾਰ ਕਰ ਦਿਤਾ ਤਾਂ ਮਾਈ ਭਾਗੋ ਨੇ ਲਲਕਾਰਿਆ, “ਜਿਸ ਨੇ ਗੁਰੂ ਨਾਲ ਜੁੜੇ ਰਹਿਣਾ ਹੈ ਉਹ ਵੈਰੀ ਨਾਲ ਆਢਾ ਲੈਣ ਲਈ ਅੱਗੇ ਵਧੇ” ਤੇ ਮੁਕਤਸਰ ਦੇ ਯੁੱਧ ਵਿੱਚ ਵਜ਼ੀਰ ਖਾਂ ਨੂੰ ਮਾਰ ਖਾ ਕੇ ਜਾਣਾ ਪਿਆ। ਅੱਜ ਉਹੀ ਲਲਕਾਰਾ ਪੰਜਾਬ ਦੀਆਂ ਮਾਈਆਂ ਨੇ ਸਾਰੇ ਪੰਜਾਬੀਆਂ ਨੂੰ ਮਾਰਿਆ ਹੈ ਤੇ ਵੰਗਾਰਿਆ ਹੈ ਕਿ ਸਾਰੇ ਕਿਸਾਨ ਮੋਰਚੇ ਵਿੱਚ ਅਪਣਾ ਭਰਵਾਂ ਯੋਗਦਾਨ ਦੇਣ।ਜਿਸ ਜੋਸ਼ ਤੇ ਗਿਣਤੀ ਨਾਲ ਮੋਰਚਿਆਂ ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆਂ ਹਨ ਉਹ ਕਿਸੇ ਵੀ ਕੌਮ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।

ਦਿਸੰਬਰ ਵਿੱਚ ਸਾਡਾ ਪ੍ਰੋਗ੍ਰਾਮ ਸਿੰਘੂ ਬਾਰਡਰ ਜਾਣ ਦਾ ਬਣਿਆ ਤਾਂ ਬੱਸ ਵਿੱਚ ਜ਼ਿਆਦਾਤਰ ਮੋਰਚੇ ਲਈ ਆਟਾ ਦਾਲ ਤੋਂ ਇਲਾਵਾ ਰਜਾਈਆਂ-ਕੰਬਲ-ਤ੍ਰਪਾਲਾਂ ਆਦਿ ਸਮਾਨ ਇਕੱਠਾ ਕਰਨਾ ਸੀ ਜਿਸ ਲਈ ਬੀਬੀਆਂ ਦਾ ਯੋਗਦਾਨ ਮਰਦਾਂ ਤੋਂ ਕਿਤੇ ਜ਼ਿਆਦਾ ਸੀ। ਜਦ ਦੂਜੇ ਦਿਨ ਸਵੇਰੇ ਜਾਣ ਲੱਗੇ ਤਾਂ ਜਿਨ੍ਹਾਂ ਸ਼ਹਿਰੀਆਂ ਨੇ ਪਹਿਲਾਂ ਨਾਮ ਲਿਖਾਏ ਸਨ ਉਨ੍ਹਾਂ ਵਿੱਚੋਂ ਬਹੁਤੇ ਕੋਈ ਨਾ ਕੋਈ ਮਜਬੂਰੀ ਦੱਸਕੇ ਟਲ ਗਏ। ਅਸੀਂ ਸਿਰਫ ਪੰਜ ਕੁ ਰਹਿ ਗਏ ਤਾਂ ਮਾਈਆਂ ਨੂੰ ਬੜਾ ਗੁੱਸਾ ਆਇਆ ਤੇ ਉਹ ਵੱਡੀ ਗਿਣਤੀ ਵਿਚ ਅੱਗੇ ਆਈਆਂ ਤੇ ਘੰਟੇ ਵਿਚ ਬੱਸ ਭਰ ਗਈ ਤੇ ਸਾਡੇ ਨਾਲ ਸਾਮਾਨ ਲਾਹੁਣ-ਪਹੁੰਚਾਉਣ ਵਿਚ ਪੂਰਾ ਸਹਿਯੋਗ ਦਿਤਾ।ਇਹ ਇਕ ਬੜਾ ਔਖਾ ਕੰਮ ਸੀ ਪਰ ਮਾਈਆਂ ਦੀ ਮਦਦ ਨਾਲ ਕੰਮ ਬੜਾ ਸੌਖਾ ਹੋ ਗਿਆ। ਹੈਰਾਨੀ ਦੀ ਹੋਰ ਗੱਲ ਕਿ ਮੋਰਚੇ ਵਿੱਚ ਪਹਿਲਾਂ ਹੀ ਹਾਜ਼ਰ ਮਾਈਆਂ-ਬੀਬੀਆਂ ਬਹੁਤ ਵੱਡੀ ਗਿਣਤੀ ਵਿੱਚ ਸਨ ਜਿਸ ਕਰਕੇ ਮਾਈਆਂ ਲਈ ਟਿਕਣਾ ਬੜਾ ਸੁਭਾਵਕ ਹੋ ਗਿਆ।

ਨਵੰਬਰ 2020 ਤੋਂ ਇਹ ਮਾਈਆਂ ਤਿੰਨ ਕਨੂੰਨ ਰੱਦ ਕਰਵਾਉਣ ਤੇ ਐਮ ਐਸ ਪੀ ਕਨੂੰਨੀ ਤੌਰ ਤੇ ਲਾਗੂ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਮੋਰਚੇ ਉਤੇ ਟਿਕੀਆਂ ਹੋਈਆਂ ਹਨ।ਕੜਾਕੇ ਦੀ ਠੰਢ ਤੇ ਹੱਡ ਚੀਰਦੀ ਸੀਤ ਹਵਾ ਵਿੱਚ ਵੀ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਤੇ ਉਦੋਂ ਤਕ ਡਟੇ ਰਹਿਣ ਲਈ ਬਜ਼ਿਦ ਹਨ ਜਦ ਤਕ ਮੋਰਚਾ ਫਤਹਿ ਨਹੀਂ ਹੁੰਦਾ। ਇਨ੍ਹਾਂ ਮਾਈਆਂ ਨਾਲ ਮੋਰਚੇ ਸਬੰਧੀ ਸਵਾਲ ਜਵਾਬ ਹੋਏ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਤਿੰਨਾਂ ਕਨੂੰਨਾਂ ਤੇ ਐਮ ਐਸ ਪੀ ਬਾਰੇ ਪੂਰਾ ਗਿਆਨ ਸੀ।ਲੰਗਰ ਦੀ ਤੇ ਝਾੜੂ ਪੋਚੇ ਦੀ ਮੁੱਖ ਸੇਵਾ ਵੀ ਇਨ੍ਹਾ ਮਾਈਆਂ ਨੇ ਅਪਣੇ ਸਿਰ ਲਈ ਹੋਈ ਹੈ ਜਿਸ ਕਰਕੇ ਇਨ੍ਹਾਂ ਮੋਰਚਿਆਂ ਦੇ ਲੰਗਰ ਤੇ ਸਾਫ ਸਫਾਈ ਜਗਤ ਮਸ਼ਹੂਰ ਹਨ। ਮਾਈਆਂ ਰੱਬ ਰਜਾਈਆਂ। ਪਰ ਇਹ ਤਾਂ ਹਰ ਭੁਖੇ ਦਾ ਪੇਟ ਭਰ ਰਹੀਆਂ ਹਨ, ਜਾਤ ਪਾਤ ਗੋਤ ਧਰਮ ਤੋਂ ਦੂਰ ਸਭ ਨੂੰ ਇਕੋ ਜਿਹਾ ਸਮਝਦੀਆਂ ਹਨ।

ਉਨ੍ਹਾਂ ਵਿੱਚ ਕਈ ਜਵਾਨ ਕੁੜੀਆਂ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਵੀ ਸਨ ਜੋ ਸਾਰੀਆਂ ਮਾਈਆਂ ਨੂੰ ਤਿੰਨਾਂ ਕਨੂੰਨਾਂ ਤੇ ਐਮ ਐਸ ਪੀ ਬਾਰੇ ਅਤੇ ਹੋ ਰਹੀਆਂ ਘਟਨਾਵਾਂ, ਗੱਲਾਂ ਬਾਤਾਂ ਤੇ ਹੋਰ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਦੇ ਰਹੀਆਂ ਸਨ।ਇਕ ਹੋਰ ਮਹਤੱਵ ਪੂਰਨ ਅਸਰ ਇਹ ਹੋਇਆ ਕਿ ਇਨ੍ਹਾਂ ਜਵਾਨ ਕੁੜੀਆਂ ਦੇ ਮੋਰਚੇ ਤੇ ਹੋਣ ਨਾਲ ਪੰਜਾਬੀ ਗਭਰੂਆਂ ਦਾ ਕਲਚਰ ਹੀ ਬਦਲ ਦਿਤਾ ਹੈ । ਜੋ ਅੱਗੇ ਕੁੜੀਆਂ ਨੂੰ ਅੱਖਾਂ ਪਾੜ ਪਾੜ ਕੇ ਵੇਖਦੇ ਹੁੰਦੇ ਸਨ ਹੁਣ ਬੀਬੀਆਂ ਨੂੰ ਵੇਖ ਕੇ ਨਜ਼ਰਾਂ ਝੁਕਾ ਲੈਂਦੇ ਹਨ ਤੇ ਹਰ ਥਾਂ ਪਹਿਲ ਦਿੰਦੇ ਹਨ। ਇਸ ਬਾਰੇ ਇਕ ਗੱਲ ਆਮ ਪਰਚਲਿਤ ਹੈ ਕਿ ਇਕ ਹਰਿਆਣਵੀ ਕੁੜੀ ਦੂਜੀ ਨੂੰ ਕਹਿ ਰਹੀ ਸੀ ਕਿ ਉਸ ਨੇ ਅਪਣੇ ਕੰਮ ਲਈ ਉਸ ਇਲਾਕੇ ਵਿੱਚੋਂ ਦੀ ਜਾਣਾ ਹੈ ਜਿਸ ਵਿੱਚ ਮੋਰਚੇ ਲਈ ਆਏ ਪੰਜਾਬ ਦੇ ਮੁੰਡੇ ਹੋਣਗੇ ਜਿਨ੍ਹਾਂ ਤੋਂ ਉਸ ਨੂੰ ਬਹੁਤ ਡਰ ਲਗਦਾ ਹੈ । ਸਹੇਲੀ ਨੇ ਨਾ ਜਾਣ ਦੀ ਸਲਾਹ ਦਿਤੀ। ਪਰ ਕੁੜੀ ਦਾ ਜਾਣਾ ਜ਼ਰੂਰੀ ਹੋਣ ਕਰਕੇ ਉਸ ਨੂੰ ਹੋਰ ਕੋਈ ਚਾਰਾ ਨਹੀਂ ਸੀ ਸੋ ਚਲੀ ਗਈ। ਕੁੜੀ ਜਦ ਵਾਪਿਸ ਆਈ ਤਾਂ ਉਸਦੀ ਸਹੇਲੀ ਨੇ ਤਜੁਰਬੇ ਬਾਰੇ ਪੁਛਿਆ ਤਾਂ ਕੁੜੀ ਦੀਆਂ ਅੱਖਾਂ ਵਿਚ ਅਥਰੂ ਸਨ। ਦੂਜੀ ਕੁੜੀ ਵੀ ਡਰ ਗਈ, “ਕਿਉਂ ਅਜਿਹਾ ਕੀ ਬੁਰਾ ਹੋਇਆ?” ਕੁੜੀ ਨੇ ਹੰਝੂ ਪੂੰਝਦੇ ਹੋਏ ਕਿਹਾ, “ਕੀ ਦੱਸਾਂ! ਜਦ ਮੈਂ ਮੁੰਡਿਆਂ ਵਿਚੋਂ ਦੀ ਡਰਦੀ ਡਰਦੀ ਨਿਕਲਣ ਲੱਗੀ ਤਾਂ ਮੁੰਡਿਆਂ ਨੇ ਕਿਹਾ , “ਪਾਸੇ ਹੋ ਜਾਓ ਵੀਰਿਓ ਭੇਣ ਜੀ ਨੂੰ ਜਾਣ ਦਿਓ”। ਸਾਰੇ ਹੀ ਪਾਸੇ ਹੋ ਗਏ ਤੇ ਮੈਂ ਬੇਡਰ ਚਲੀ ਗਈ। ਜਦ ਮੈਂ ਵਾਪਿਸ ਆ ਰਹੀ ਸੀ ਤਾਂ, ਦੋ ਮੁੰਡਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, “ਭੈਣ ਜੀ ਲੰਗਰ ਛਕ ਕੇ ਜਾਇਓ”। ਮੈਂ ਨਾਂਹ ਕੀਤੀ ਤਾਂ ਇਕ ਮੁੰਡੇ ਨੇ ਆਵਾਜ਼ ਦਿਤੀ, “ਹਰਸ਼ਰਨ! ਆਹ ਭੈਣ ਜੀ ਨੂੰ ਲੈ ਜਾ ਤੇ ਲੰਗਰ ਛਕਾ”। “ਆਈ ਵੀਰ ਜੀ” ਕਹਿ ਕੇ ਅੰਦਰੋਂ ਇਕ ਬਹੁਤ ਸੁੰਦਰ ਲੜਕੀ ਆਈ ਤੇ ਮੈਨੂੰ ਲੰਗਰ ਛਕਣ ਲਈ ਕਿਹਾ। ਮੈਂ ਨਾਂਹ ਨਾ ਕਰ ਸਕੀ। ਹੁਣ ਤੂੰ ਹੀ ਦਸ ਮੈਂ ਉਨ੍ਹਾਂ ਤੋਂ ਡਰਾਂਗੀ? ਉਹ ਸਭ ਵੀ ਤਾਂ ਮੇਰੇ ਭਰਾ ਵਰਗੇ ਨੇ”। ਇਹੋ ਪ੍ਰਭਾਵ ਪੰਜਾਬੀਆਂ ਨੇ ਹੁਣ ਸਾਰੇ ਹਰਿਆਣੇ ਵਿਚ ਪਾ ਦਿਤਾ ਹੈ ਜਿਸ ਕਰਕੇ ਹਰਿਆਣਵੀ ਉਨ੍ਹਾਂ ਨੂੰ ਸਲਾਹੁੰਦੇ ਨਹੀਂ ਥਕਦੇ ਤੇ ਵੱਡੇ ਭਰਾ ਕਹਿੰਦੇ ਹਨ। ਕਈ ਬੀਬੀਆਂ ਮੋਰਚੇ ਦੀ ਪੂਰੀ ਜਾਣਕਾਰੀ ਛੋਟੇ ਛੋਟੇ ਵਿਡੀਓ ਬਣਾਕੇ ਸਾਰੇ ਸੰਸਾਰ ਨੂੰ ਮੋਰਚੇ ਦੀ ਪੂਰੀ ਖੋਜ ਖਬਰ ਦੇ ਰਹੀਆਂ ਹਨ ਤੇ ਗੋਦੀ ਮੀਡੀਆ ਦੇ ਝੂਠ ਨੂੰ ਉਜਾਗਰ ਕਰਕੇ ਸੱਚ ਕੀ ਹੈ, ਦੱਸ ਰਹੀਆਂ ਹਨ।

ਕਈਆਂ ਦੇ ਤਾਂ ਪੂਰੇ ਦੇ ਪੂਰੇ ਪਰਿਵਾਰ ਮੋਰਚੇ ਤੇ ਡਟੇ ਹੋਏ ਸਨ। ਕੁਝ ਮਾਈਆਂ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਪਤੀ ਪਹਿਲੇ ਦਿਨਾਂ ਤੋਂ ਮੋਰਚੇ ਤੇ ਡਟੇ ਹੋਏ ਹਨ। ਉਹ ਜਦ ਪਹਿਲਾਂ ਮੋਰਚਾ ਪੰਜਾਬ ਵਿੱਚ ਸੀ ਉਦੋਂ ਤੋਂ ਹੀ ਮੋਰਚੇ ਵਿੱਚ ਸਨ। ਪਿੱਛੇ ਉਹ ਅਪਣੀਆਂ ਨੂੰਹਾਂ ਨੂੰ ਘਰ ਦਾ ਕੰਮ-ਕਾਰ ਸੰਭਾਲ ਕੇ ਆਈਆਂ ਹਨ ਤੇ ਮੋਬਾਈਲ ਉਤੇ ਹੀ ਅਪਣੇ ਪੋਤੇ-ਪੋਤੀਆਂ ਤੇ ਨੂੰਹਾਂ ਨਾਲ ਗੱਲ ਕਰ ਲੈਂਦੀਆਂ ਹਨ।ਜਦ ਉਨ੍ਹਾਂ ਤੋਂ ਘਰ ਵਾਪਸੀ ਬਾਰੇ ਪੁੱਛਿਆ ਤਾਂ ਜ਼ਿਆਦਾ ਤਰ ਨੇ ਇਹੋ ਕਿਹਾ,“ਮੋਦੀ ਕਾਲੇ ਕਨੂੰਨ ਵਾਪਿਸ ਲੈ ਲਵੇ ਤੇ ਐਮ ਐਸ ਪੀ ਕਨੂੰਨੀ ਬਣਾ ਦੇਵੇ ਤਾਂ ਅਸੀਂ ਚੱਲੇ ਜਾਵਾਂਗੀਆਂ”।ਮੋਰਚੇ ਪ੍ਰਤੀ ਇਤਨਾ ਸਿਰੜ-ਸਿਦਕ ਵੇਖ ਕੇ ਮੇਰਾ ਸਿਰ ਝੁਕ ਗਿਆ ਤੇ ਮੈਂ ਇਸ ਆਈ ਬਹੁਤ ਵੱਡੀ ਤਬਦੀਲੀ ਤੋਂ ਜਾਂਚ ਲਿਆ ਕਿ ਸਰਕਾਰ ਨੂੰ ‘ਦੇਰ ਆਏ ਦਰੁਸਤ ਆਏ’ ਦੇ ਕਹਾਣੇ ਮੁਤਾਬਕ ਇਹ ਕਨੂੰਨ ਰੱਦ ਹੀ ਕਰਨੇ ਪੈਣਗੇ ਤੇ ਐਮ ਐਸ ਪੀ ਕਨੂੰਨੀ ਬਣਾਉਣੀ ਪਵੇਗੀੇ ਜਿਸ ਵਿੱਚ ਇਨ੍ਹਾਂ ਮਾਈਆਂ-ਬੀਬੀਆਂ ਦਾ ਵੱਡਾ ਹੱਥ ਹੋਵੇਗਾ।
 
Last edited:

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

ਧਨਾਸਰੀ ਮਹਲਾ ੫ ਘਰੁ ੧੨ Dhansri Mehla 5 Ghar 12. SGGS 683


ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ Bandna Har Bandna Gunn Gavho Gopal Raye. Rahao


Bandna –
Devotion. Har –...

SPN on Facebook

...
Top