Punjabi- Kargil Yudh vich Sikh Jawana di Veerta Special on Kargil day

Dalvinder Singh Grewal

Writer
Historian
SPNer
ਕਾਰਗਿਲ ਯੁੱਧ ਵਿੱਚ ਸਿੱਖ ਜਵਾਨਾਂ ਦੀ ਦੇਣ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ, ਗੁਰਤੇਜ ਸਿੰਘ ਗ੍ਰੇਵਾਲ
1925, ਬਸੰਤ ਐਵੇਨਿਊ, ਲੁਧਿਆਣਾ, 919815366726

ਜੁਲਾਈ ਸੰਨ 2018 ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਦੀ ਖੋਜ ਵਿਚ ਲੇਹ ਤੋਂ ਕਾਰਗਿਲ ਦਿਵਸ ਤੇ ਕਾਰਗਿਲ ਪਹੁੰਚਿਆ।ਕਾਰਗਿਲ ਵਿੱਚ ਗੁਰਦਵਾਰਾ ਚਰਨ ਕਮਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਪਣੀ ਸ਼ਰਧਾ ਦੇ ਫੁਲ ਭੇਟ ਕਰ ਕੇ ਦਰਾਸ ਪਹੁੰਚਿਆ ਜਿੱਥੇ ਕਾਰਗਿਲ ਵਾਰ ਮੈਮੋਰੀਅਲ ਬਣਿਆ ਹੋਇਆ ਹੈ ਤੇ ਜਿਸ ਵਿੱਚ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ ।

ਗੁਰਦਵਾਰਾ ਚਰਨ ਕਮਲ ਸਾਹਿਬ, ਕਾਰਗਿਲ ਕਾਰਗਿਲ ਦਿਵਸ ਦਰਾਸ

ਕਾਰਗਿਲ ਦਾ ਇਹ ਖੇਤਰ ਕਸ਼ਮੀਰ ਦੇ ਉਤਰੀ ਭਾਗ ਵਿੱਚ ਸ੍ਰੀਨਗਰ ਤੋਂ ਲੇਹ ਜਾਂਦੇ ਮੁੱਖ ਮਾਰਗ ਨਾਲ ਲਗਦਾ ਹੈ ਤੇ ਸਾਰਾ ਹੀ ਪਹਾੜੀ ਖੇਤਰ ਹੈ। ਜੁਲਾਈ ਦੇ ਇਸ ਦਿਨ ਭਾਰਤ ਨੇ ਪਾਕਿਸਤਾਨੀਆਂ ਵਲੋਂ ਭੇਜੇ ਸਿਵਲੀਅਨ ਆਤੰਕਵਾਦੀਆਂ ਦੇ ਭੇਸ ਵਿੱਚ ਭੇਜੇ ਫੌਜੀਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਘੇਰੇ ਵਿੱਚ ਲੈ ਕੇ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਸੀ।

ਪਾਕਿਸਤਾਨੀਆਂ ਦਾ ਮੁੱਖ ਇਰਾਦਾ ਮੁਸ਼ਕੋਹ, ਦਰਾਸ, ਕਾਕਸਾਰ, ਕਾਰਗਿਲ, ਬਟਾਲਿਕ ਵਿੱਚੋਂ ਦੀ ਜਾਂਦੇ ਤੇ ਲੇਹ ਨੂੰ ਮਿਲਾਉਂਦੇ ਇਸ ਸ਼ਾਹ ਮਾਰਗ ਨੂੰ ਨਾਲ ਲਗਦੀਆਂ ਮੁੱਖ ਪਹਾੜੀਆਂ ਟਾਈਗਰ ਹਿੱਲ, ਤੋਲੋਲਿੰਗ ਆਦਿ ਨੂੰ ਕਬਜ਼ੇ ਵਿੱਚ ਲੈਣਾ ਤੇ ਫਿਰ ਇਸ ਮਾਰਗ ਉਪਰ ਨਜ਼ਰ ਰੱਖਣਾ,ਆਉਂਦੀ ਜਾਂਦੀ ਕਾਨਵਾਈ ਤੇ ਗੋਲਾਬਾਰੀ ਕਰਨਾ ਤੇ ਇਸ ਮਾਰਗ ਨੂੰ ਨਕਾਰਾ ਕਰਕੇ ਕਸ਼ਮੀਰ ਵਾਦੀ ਨਾਲੋਂ ਲੇਹ ਨੂੰ ਤੋੜਣਾ ਸੀ। ਪਾਕਿਸਤਾਨ ਨੇ ਅਪਣੇ ਸੈਨਿਕਾਂ ਤੋਂ ਆਤੰਕ ਵਾਦੀਆਂ ਦੇ ਭੇਸ ਵਿੱਚ ਮਈ 1999 ਵਿੱਚ ਘੁਸ-ਪੈਠ ਕਰਵਾਈ ਤੇ ਫਿਰ ਇਨ੍ਹਾਂ ਪਹਾੜੀਆਂ ਤੇ ਬੰਕਰ ਬਣਾ ਲਏ। ਇਹ ਹਰਕਤ ਜਦ ਭਾਰਤੀ ਸੈਨਾ ਦੀ ਨਜ਼ਰ ਪਈ ਤਦ ਤਕ ਪਾਕਿਸਤਾਨੀਆਂ ਨੇ ਇਨ੍ਹਾਂ ਪਹਾੜੀਆਂ ਤੇ ਪੱਕੇ ਪੈਰ ਕਰ ਲਏ ਸਨ।ਭਾਰਤੀ ਸੈਨਾ ਨੇ ਯੋਜਨਾ ਅਨੁਸਾਰ ਇਨ੍ਹਾਂ ਪਹਾੜੀਆਂ ਤੇ ਪਾਕਿਸਤਾਨੀ ਸੈਨਿਕਾਂ ਨੂੰ ਬੁਰੀ ਮਾਰ ਮਾਰੀ । ਜ਼ਿਆਦਾ ਤਰ ਪਾਕਿਸਤਾਨੀ ਮਾਰੇ ਗਏ ਪਰ ਜੋ ਬਚੇ, ਉਹ ਘੇਰ ਲਏ ਪਰ ਅਮਰੀਕਾ ਦੀ ਵਿਚੋਲਿਗੀ ਤੇ ਉਨ੍ਹਾਂ ਨੂੰ ਜਾਣ ਲਈ ਰਸਤਾ ਦੇ ਦਿਤਾ ਗਿਆ। ਪਾਕਿਸਤਾਨ ਦੀ ਇਹ ਨਾਪਾਕ ਹਰਕਤ ਇਸਤਰ੍ਹਾਂ ਨਾਕਾਮਯਾਬ ਕਰ ਦਿਤੀ ਗਈ ਤੇ ਯੁੱਧ ਮੈਦਾਨ ਭਾਰਤ ਦੇ ਹੱਥ ਲੱਗਾ।

ਇਸ ਯੁੱਧ ਵਿੱਚ ਉਤਰੀ ਕਮਾਂਡ ਦੀ 15 ਕੋਰ ਦੀਆਂ 121 ਇੰਡੀਪੈਂਡੈਂਟ ਬ੍ਰੀਗੇਡ, 8 ਮਾਉਂਟੇਨ ਡਿਵੀਯਨ ਦੀਆਂ 56 ਤੇ 79 ਮਾਉਂਟਨ ਬ੍ਰਗੇਡ ਤੇ 50 ਇੰਡੀਪੈਂਡੈਂਟ ਪਾਰਾ ਬ੍ਰੀਗੇਡ ਅਤੇ 3 ਇਨਫੈਨਟਰੀ ਡਿਵੀਯਨ ਦੀਆਂ 70 ਇਨਫੈਂਟਰੀ ਬ੍ਰੀਗੇਡ ਅਤੇ 102 ਇੰਡੀਪੈਂਡੈਟ ਇਨਫੈਂਟਰੀ ਬ੍ਰਗੇਡ ਸ਼ਾਮਿਲ ਸਨ । ਤੋਪਖਾਨੇ ਦੀਆਂ ਵੀ ਦੋ ਬ੍ਰਗੇਡਾਂ ਸਨ ।

ਪੰਜਾਬ ਦੀਆਂ ਦੋ ਸਿੱਖ ਰਜਮੈਂਟਾਂ ਵਿਚ 8 ਅਤੇ 11 ਸਿੱਖ ਰਜਮੈਂਟ ਅਤੇ 14 ਸਿੱਖ ਐਲ ਆਈ ਰਜਮੈਂਟ ਅਤੇ ਦੋ ਪੰਜਾਬ ਰਜਮੈਂਟਾਂ 3 ਪੰਜਾਬ ਅਤੇ 13 ਪੰਜਾਬ ਨੇ ਵੀ ਅੱਗੇ ਹੋ ਕੇ ਦੁਸ਼ਮਣ ਨੂੰ ਬੁਰੀ ਤਰ੍ਹਾਂ ਲਤਾੜਣ ਵਿੱਚ ਅਪਣਾ ਯੋਗਦਾਨ ਪਾਇਆ। ਸਿੱਖ, ਸਿੱਖ ਐਲ ਆਈ ਤੇ ਪੰਜਾਬ ਰਜਮੈਂਟਾਂ ਭਾਰਤ ਦੇ ਸਭ ਤੋਂ ਵੱਧ ਯੁੱਧ ਅਵਾਰਡ ਪ੍ਰਾਪਤ ਕਰਨ ਵਾਲੀਆਂ ਰਜਮੈਟਾਂ ਹਨ।

ਸਿੱਖ ਰਜਮੈਂਟ ਨੇ 2 ਪਰਮ ਵੀਰ ਚੱਕਰ, 8 ਮਹਾਂਵੀਰ ਚੱਕਰ, 64 ਵੀਰ ਚੱਕਰ, 4 ਅਸ਼ੋਕ ਚੱਕਰ, 14 ਵਿਕਟੋਰੀਆ ਕਰਾਸ, 21 ਭਾਰਤੀ ਆਰਡਰ ਆਫ ਮੈਰਿਟ ਤੋਂ ਇਲਾਵਾ ਹੋਰ ਬੜੇ ਇਨਾਮ ਪ੍ਰਾਪਤ ਕੀਤੇ।ਸਿੱਖ ਐਲ ਆਈ ਰਜਮੈਂਟ ਨੇ ਇੱਕ ਅਸ਼ੋਕ ਚੱਕਰ, 5 ਮਹਾਂਵੀਰ ਚੱਕਰ, 6 ਕੀਰਤੀ ਚੱਕਰ, 23 ਵਰਿ ਚੱਕਰ, 13 ਸ਼ੋਰਿਆ ਚੱਕਰ ਤੇ 300 ਤੋਂ ਉੱਪਰ ਹੋਰ ਇਨਾਮ ਪ੍ਰਾਪਤ ਕੀਤੇ।ਪੰਜਾਬ ਰਜਮੈਂਟ ਨੇ ਵਿਕਟੋਰੀਆ ਕਰਾਸ- 21, ਮਿਲਟ੍ਰੀ ਕ੍ਰਾਸ 187, ਪਦਮ ਭੂਸ਼ਣ-2, ਪਦਮ ਸ਼੍ਰੀ- 1, ਮਹਾਂ ਵੀਰ ਚੱਕਰ-18, ਕਿੰਗਜ਼ ਕ੍ਰਾਸ-18, ਪੀ ਵੀ ਐਸ ਐਮ ਆਦਿ 20, ਵੀਰ ਚੱਕਰ 69 ਤੇ ਹੋਰ ਮਾਨ ਸਨਮਾਨ 500 ਤੋਂ ਪ੍ਰਾਪਤ ਕੀਤੇ ਹਨ। ਗਲਵਾਨ ਵਾਦੀ ਵਿੱਚ ਚੀਨ ਨੂੰ ਸਬਕ ਸਿਖਾਉਣ ਵਾਲਿਆਂ ਵਿਚ ਤਿੰਨ ਪੰਜਾਬ ਰਜਮੈਂਟ ਹੀ ਸੀ ਜਿਸ ਦੇ ਸਿਪਾਹੀ ਗੁਰਤੇਜ ਸਿੰਘ ਨੇ ਇਕੱਲੇ ਹੀ 12 ਚੀਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਇਕ ਮਿਸਾਲ ਕਾਇਮ ਕੀਤੀ ਤੇ ਪਰਮ ਵੀਰ ਚੱਕਰ ਦਾ ਹੱਕਦਾਰ ਬਣਿਆ ਆਸ ਹੈ ਜਲਦੀ ਹੀ ਐਲਾਨ ਹੋਵੇਗਾ।

ਉਸ ਵੇਲੇ ਹਮਲੇ ਲਈ ਦੋ ਬ੍ਰੀਗੇਡਾਂ ਅੱਗੇ ਸਨ। ਬ੍ਰੀਗੇਡੀਅਰ ਐਮ ਪੀ ਐਸ ਬਾਜਵਾ 192 ਬ੍ਰੀਗੇਡ ਦੀ ਕਮਾਨ ਕਰ ਰਹੇ ਸਨ।ਬ੍ਰੀਗੇਡੀਅਰ ਦੇਵਿੰਦਰ ਸਿੰਘ 70 ਇਨਫੈਨਟਰੀ ਬ੍ਰੀਗੇਡ ਦੀ ਕਮਾਨ ਕਰ ਰਹੇ ਸਨ। ਦੋਵੇਂ ਸਿੱਖ ਅਫਸਰ ਸਨ । 3 ਇਨਫੈਂਟਰੀ ਡਿਵੀਯਨ ਦੀ ਕਮਾਨ ਮੇਜਰ ਜਨਰਲ ਮੁਹਿੰਦਰ ਪੁਰੀ ਕਰ ਰਹੇ ਸਨ ਜੋ ਪੰਜਾਬੀ ਸਨ। ਚੀਫ ਆਫ ਆਰਮੀ ਸਟਾਫ ਜਨਰਲ ਮਲਿਕ ਵੀ ਪੰਜਾਬੀ ਸਨ।ਬ੍ਰੀਗੇਡੀਅਰ ਬਾਜਵਾ ਨੂੰ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਦਾ ਸੀ ।

ਬ੍ਰੀਗੇਡੀਅਰ ਬਾਜਵਾ ਟਾਈਗਰ ਹਿੱਲ
ਟਾਈਗਰ ਹਿੱਲ ਉਤੇ ਹਮਲੇ ਲਈ ਉਸ ਨੂੰ ਦੋ ਬਟਾਲੀਅਨਾਂ 8 ਸਿੱਖ ਤ 18 ਗ੍ਰੀਨੇਡੀਅਰ ਦਿਤੀਆਂ ਗਈਆਂ। ਬ੍ਰੀਗੇਡੀਅਰ ਬਾਜਵਾ ਦੇ ਲਿਖਣ ਅਨੁਸਾਰ ‘ਮੈਂ ਟਾਈਗਰ ਹਿੱਲ ਤੇ ਹਮਲੇ ਲਈ ਸਭ ਤੋਂ ਔਖਾ ਰਸਤਾ ਸਿੱਧੀ ਚੜ੍ਹਾਈ ਵਾਲਾ ਚੁਣਿਆ… 8 ਸਿੱਖ ਨੂੰ ਇਸ ਸੱਭ ਤੋਂ ਔਖੇ ਕੰਮ ਲਈ ਅੱਗੇ ਲਾਇਆ ਤੇ ਕਮਾਨ ਅਫਸਰ ਨੂੰ ਕਿਹਾ ਕਿ ਇਹ ਸਿੱਖਾਂ ਦੀ ਇਜ਼ਤ ਦਾ ਸਵਾਲ ਹੈ। ਪਹਿਲੀ ਟੁਕੜੀ ਲਈ ਅਸੀਂ 52 ਆਦਮੀ ਚੁਣੇ ਜਿਨ੍ਹਾਂ ਵਿਚ ਦੋ ਅਫਸਰ ਤੇ ਦੋ ਸੂਬੇਦਾਰ ਸ਼ਾਮਿਲ ਸਨ।ਇਹ 52 ਬਹਾਦਰ ਇਤਨੀ ਦਲੇਰੀ ਨਾਲ ਲੜੀ ਕਿ ਇਨ੍ਹਾਂ ਨੇ ਤਾਂ ਯੁੱਧ ਦਾ ਨਕਸ਼ਾ ਹੀ ਬਦਲ ਕੇ ਰੱਖ ਦਿਤਾ। ਤੋਪਖਾਨਾ ਖਾਸ ਕਰਕੇ ਬੋਫੋਰ ਨੇ ਸਾਡੇ ਇਸ ਔਖੇ ਸਮੇਂ ਵਿੱਚ ਬੜੀ ਮਦਦ ਕੀਤੀ ਕਿਉਂਕਿ ਸਾਡੇ ਜਵਾਨ ਦੁਸ਼ਮਣ ਦੀ ਰਾਈਫਲ, ਐਲ ਐਮ ਜੀ ਅਤੇ ਐਮ ਐਮ ਜੀ ਦੀ ਸਿੱਧੀ ਮਾਰ ਥੱਲੇ ਸਨ ।ਜੇ ਉਹ ਪੱਥਰ ਵੀ ਰੋੜ੍ਹ ਦਿੰਦੇ ਤਾਂ ਵੀ ਸਾਡੇ ਜਵਾਨਾਂ ਦਾ ਬੇਹਦ ਨੁਕਸਾਨ ਹੋਣਾ ਸੀ ਪਰ ਇਨ੍ਹਾਂ ਜਵਾਨਾਂ ਨੇ ਬੜੀ ਸ਼ੇਰ-ਦਿਲੀ ਵਿਖਾਈ ਤੇ ਵਰ੍ਹਦੇ ਗੋਲੇ-ਗੋਲੀਆਂ ਵਿੱਚ ਲਗਾਤਾਰ ਵਧਦੇ ਉਸ ਸਿਖਰ ਤੇ ਪਹੁੰਚ ਗਏ’।
ਦੁਸ਼ਮਣ ਨੇ ਉਨ੍ਹਾਂ ਉਤੇ ਜਵਾਬੀ ਹਮਲੇ ਕੀਤੇ ਜਿਸ ਕਰਕੇ ਉਨ੍ਹਾਂ ਵਿੱਚੋਂ 14 ਜਵਾਨੀ ਸ਼ਹੀਦ ਤੇ ਕਈ ਜ਼ਖਮੀ ਹੋ ਗਏ।ਦੋਨੋਂ ਅਫਸਰ ਜ਼ਖਮੀ ਹੋ ਗਏ ਤੇ ਦੋਨੋਂ ਸੂਬੇਦਾਰ ਸ਼ਹੀਦ ਹੋ ਗਏ।ਬ੍ਰੀਗੇਡੀਅਰ ਬਾਜਵਾ ਨੇ ਲਿਖਿਆ ਕਿ ‘ਜਦੋਂ ਪਾਕਿਸਤਾਨੀ ਜਵਾਬੀ ਹਮਲਾ ਹੋ ਰਿਹਾ ਸੀ ਤਾਂ 8 ਸਿੱਖ ਦੇ ਸੂਬੇਦਾਰ ਨੇ ਮੈਨੂੰ ਦੱਸਿਆ ਕਿ ਇਕ ਬਹੁਤ ਉੱਚਾ ਲੰਬਾ ਪਾਕਿਸਤਾਨੀ ਅਪਣੇ ਬੰਦਿਆਂ ਨੂੰ ਲਗਾਤਾਰ ਭੜਕਾਉਂਦਾ ਹੋਇਆ ਦੁਬਾਰਾ ਹਮਲੇ ਲਈ ਹਲਾ ਸ਼ੇਰੀ ਦੇ ਰਿਹਾ ਹੈ ਜਿਸ ਕਰਕੇ ਉਚਾਈ ਤੇ ਟਿਕਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਮੈਂ ਉਸ ਨੂੰ ਦੱਸਿਆ ਕਿ ਇਹ ਉਨ੍ਹਾ ਦਾ ਅਫਸਰ ਹੈ ਜਿਸ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਕਿ ਜਵਾਬੀ ਹਮਲੇ ਖਤਮ ਹੋ ਸਕਣ। ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਉਨ੍ਹਾਂ ਦੇ ਜਵਾਬੀ ਹਮਲੇ ਇਤਨੇ ਜ਼ੋਰਦਾਰ ਸਨ ਕਿ ਸਾਡੇ ਸਿੱਖ ਸੂਰਬੀਰ ਚੋਟੀ ਤੋਂ ਕਦੇ ਵੀ ਉਖੜ ਸਕਦੇ ਸਨ। ਪਰ ਸਾਡੇ ਯੋਧਿਆਂ ਨੇ ਇਕ ਜ਼ੋਰ ਦਾ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ ਤੇ ਦੁਸ਼ਮਣ ਤੇ ਟੁੱਟ ਪਏ। ਸਭ ਤੋਂ ਪਹਿਲਾਂ ਉਸ ਪਾਕਿਸਤਾਨੀ ਅਫਸਰ ਨੂੰ ਮਾਰਿਆ ਤੇ ਫਿਰ ਬਾਕੀਆਂ ਨੂੰ ਖਦੇੜਿਆ ਜੋ ਸਾਡੀ ਲਈ ਖਾਲੀ ਮੈਦਾਨ ਛੱਡ ਗਏ।ਉਸ ਪਾਕਿਸਤਾਨੀ ਅਫਸਰ ਦਾ ਨਾਮ ਕੈਪਟਨ ਕਰਨਲ ਸ਼ੇਰ ਖਾਂ ਸੀ। ਮੈਂ ਉਸ ਦੀ ਅਤੇ ਅਪਣੇ ਸਿੱਖ ਯੋਧਿਆਂ ਦੀ ਬਹਾਦੁਰੀ ਬਾਰੇ ਜੀ ਓ ਸੀ ਨੂੰ ਰਿਪੋਰਟ ਦਿਤੀ। ਹੋਰ ਹਮਲੇ ਹੁੰਦੇ ਦੇਖਕੇ ਮੈਂ ਉਨ੍ਹਾਂ ਦੀ ਮਦਦ ਲਈ 18 ਗ੍ਰੀਨੇਡੀਅਰ ਦੀ ਘਟਕ ਪਾਰਟੀ ਭੇਜੀ ।18 ਗ੍ਰੀਨੇਡੀਅਰ ਲਈ ਹੁਣ ਉਪਰ ਪਹੁੰਚਣਾ ਮੁਸ਼ਕਲ ਨਹੀਂ ਸੀ ਕਿਉਂਕਿ ਸਿੱਖ ਪਲਟਨ ਨੇ ਉਪਰ ਬੇਸ ਬਣਾ ਲਿਆ ਸੀ।ਉਪਰ ਪਹੁੰਚ ਜੇ ਉਨ੍ਹਾਂ ਨੇ ਪਾਕੀਆਂ ਤੇ ਭਰਵਾਂ ਹੱਲਾ ਬੋਲਿਆ ਤੇ ਇਸ ਅਚਾਨਕ ਹੋਏ ਹੱਲੇ ਵਿੱਚ ਪਾਕਿਸਤਾਨੀ ਠਹਿਰ ਨਾ ਸਕੇ ਤੇ ਜ਼ਿਆਦਾ ਤਰ ਮਾਰੇ ਗਏ। ਇਸ ਤਰ੍ਹਾਂ ਅਸੀਂ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਪਾਕਿਸਤਾਨੀਆਂ ਤੋਂ ਖੋਹ ਲਿਆ ਤੇ ਜਿੱਤ ਸਾਡੇ ਹੱਥ ਲੱਗੀ। ਸਿੱਖ ਜਵਾਨਾਂ ਦੇ ਬੇਸ ਤੋਂ 18 ਗ੍ਰੀਨੇਡੀਅਰ ਨੇ ਆਪਣੀ ਜਿੱਤ ਦਾ ਝੰਡਾ ਬੁਲੰਦ ਕਰ ਦਿਤਾ ਤੇ ਹਰ ਟੀ ਵੀ ਫਿਲਮ ਵਿੱਚ ਉਨ੍ਹਾਂ ਦਾ ਹੀ ਨਾਂ ਗੂੰਜਣ ਲੱਗ ਪਿਆ ਤੇ ਸੱਭ ਇਸ ਨੂੰ ਭੁੱਲ ਗਏ ਕਿ ਸਿਖਰ ਤੇ ਪਹਿਲਾਂ ਪਹੁੰਚਣ ਤੇ ਬੇਸ ਬਣਾਉਣ ਵਾਲੇ ਸਿੱਖ ਜਵਾਨ ਹੀ ਸਨ ਜਿਨ੍ਹਾਂ ਨੇ ਇਸ ਜਿੱਤਦੀ ਨੀਂਹ ਰੱਖੀ ਸੀ।ਡਾਕੂਮੈਂਟਰੀ ਬਣੀ ਤਾਂ ਇਨ੍ਹਾਂ ਦਾ ਕੋਈ ਜ਼ਿਕਰ ਨਾ ਹੋਣ ਕਰਕੇ ਬੜਾ ਅਫਸੋਸ ਹੋਇਆ।
ਇਸੇ ਤਰ੍ਹਾਂ ਪੰਜਾਬ ਦੀਆਂ ਦੂਜੀਆਂ ਪਲਟਣਾਂ ਨੇ ਵੀ ਯੁੱਧ ਵਿਚ ਬਹਾਦੁਰੀ ਦਿਖਾਈ ਜਿਸਦਾ ਵਿਸਥਾਰ ਇਹ ਲੇਖ ਲੰਬਾ ਹੋਣ ਦੇ ਡਰੋਂ ਨਹੀਂ ਦਿਤਾ ਗਿਆ।
ਕਾਰਗਿਲ ਦੇ ਯੁੱਧ ਵਿੱਚ ਜੋ ਪੰਜਾਬ ਦੇ ਸ਼ਹੀਦ ਹੋਏ ਉਨਾਂ ਦੇ ਨਾਮ ਇਸ ਪਰਕਾਰ ਹਨ:
8 ਸਿੱਖ-ਸੂਬੇਦਾਰ ਕਰਨੈਲ ਸਿੰਘ-ਵੀਰ ਚੱਕਰ, ਨਾਇਕ ਰਣਜੀਤ ਸਿੰਘ-ਸੈਨਾ ਮੈਡਲ, ਸੂਬੇਦਾਰ ਜੋਗਿੰਦਰ ਸਿੰਘ- ਸੈਨਾ ਮੈਡਲ, ਨਾਇਕ ਬਹਾਦਰ ਸਿੰਘ- ਸੈਨਾ ਮੈਡਲ; ਸਿਪਾਹੀ ਮੇਜਰ ਸਿੰਘ-ਸੈਨਾ ਮੈਡਲ, ਹਵਲਦਾਰ ਦੇਸਾ ਸਿੰਘ, ਹਵਲਦਾਰ ਅਜਾਇਬ ਸਿੰਘ, ਨਾਇਕ ਨਿਰਮਲ ਸਿੰਘ, ਨਾਇਕ ਬਲਦੇਵ ਸਿੰਘ, ਹਵਲਦਾਰ ਵਿਕਰਮ ਸਿੰਘ, ਸਿਪਾਹੀ ਕੁਲਵਿੰਦਰ ਸਿੰਘ, ਸਿਪਾਹੀ ਤਰਲੋਚਨ ਸਿੰਘ, ਸਿਪਾਹੀ ਦਰਸ਼ਨ ਸਿੰਘ, ਸਿਪਾਹੀ ਸੁਰਜੀਤ ਸਿੰਘ, ਸਿਪਾਹੀ ਜਸਵਿੰਦਰ ਸਿੰਘ, ਸਿਪਾਹੀ ਗੁਰਮੇਲ ਸਿੰਘ, ਸਿਪਾਹੀ ਜੀਵਨ ਸਿੰਘ, ਸਿਪਾਹੀ ਰਸ਼ਵਿੰਦਰ ਸਿੰਘ, ਸਿਪਾਹੀ ਸੁਖਵਿੰਦਰ ਸਿੰਘ, ਸਿਪਾਹੀ ਸੁਖਵਿੰਦਰ ਸਿੰਘ ਦੋ। 14 ਸਿੱਖ-ਸਿਪਾਹੀ ਬੂਟਾ ਸਿੰਘ।
ਹੋਰ ਪਲਟਣਾਂ ਦੇ ਪੰਜਾਬੀ ਸ਼ਹੀਦ:ਮੇਜਰ: ਹਰਮਿੰਦਰ ਪਾਲ ਸਿੰਘ, ਜੇ ਡੀ ਐਸ ਧਾਲੀਵਾਲ, ਕੇ ਜੀ ਸਿੰਘ; ਸੂਬੇਦਾਰ: ਨੌਨਿਹਾਲ ਸਿੰਘ ਭੁੱਲਰ, ਕੁਲਦੀਪ ਸਿੰਘ, ਸੁੱਚਾ ਸਿੰਘ, ਦਲਜੀਤ ਸਿੰਘ; ਨਾਇਬ ਸੂਬੇਦਾਰ ਕਮਿਲ ਸਿੰਘ; ਹਵਲ ਦਾਰ ਕਮਲਦੇਵ ਸਿੰਘ, ਤਰਸੇਮ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਕਰਮ ਸਿੰਘ,ਗਿਆਨ ਸਿੰਘ; ਲਾਂਸ ਹਵਲਦਾਰ ਬਲਦੇਵ ਸਿੰਘ, ਨਾਇਕ ਪੂਰਨ ਸਿੰਘ, ਸੁਚਾ ਸਿੰਘ, ਪਰਮਜੀਤ ਸਿੰਘ, ਸਿਕੰਦਰ ਸਿੰਘ ; ਲਾਂਸ ਨਾਇਕ- ਬਲਵਿੰਦਰ ਸਿੰਘ, ਰਜਿੰਦਰ ਸਿੰਘ, ਦਲਵੀਰ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਰਣਬੀਰ ਸਿੰਘ; ਸਿਪਾਹੀ ਗੁਰਮੇਜ ਸਿੰਘ, ਪਵਨ ਸਿੰਘ, ਜਸਕਰਨ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ, ਗੁਰਮੇਲ ਸਿੰਘ, ਦਲਜੀਤ ਸਿੰਘ; ਪੀ ਟੀ ਏ ਹਰਵਿੰਦਰ ਸਿੰਘ, ਗੋਪਾਲ ਸਿੰਘ, ਗ੍ਰੀਨੇਡੀਅਰ ਗੁਰੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਅਤੇ ਹੋਰ।
ਕਾਰਗਿਲ ਮੈਦਾਨ ਨੂੰ ਭਾਰਤ ਅਪਣੇ ਹੱਕ ਵਿੱਚ ਕਰਨ ਤੇ ਪਾਕਿਸਤਾਨ ਨੂੰ ਕਰਾਰੀ ਮਾਤ ਦੇਣ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਜਿਸ ਨੂੰ ਉਜਾਗਰ ਕਰਨ ਤੇ ਢੁਕਦਾ ਮਾਨ ਸਨਮਾਨ ਦੇਣਾ ਜ਼ਰੂਰੀ ਹੈ।
 

Attachments

  • Tiger Hill Kargil.jpg
    Tiger Hill Kargil.jpg
    4.2 MB · Reads: 668
  • Brig Bajwa.jpg
    Brig Bajwa.jpg
    5.6 KB · Reads: 154
Last edited:
Top