• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Jassa Singh Ramgarhia - A Great Warrior

Dalvinder Singh Grewal

Writer
Historian
SPNer
Jan 3, 2010
1,254
422
79
ਜੱਸਾ ਸਿੰਘ ਰਾਮਗੜ੍ਹੀਆ- ਮਹਾਨ ਯੋਧਾ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ

1683333076329.png

ਜੱਸਾ ਸਿੰਘ ਰਾਮਗੜ੍ਹੀਆ (1723-1803) ਦਾ ਪਿਛੋਕੜ

ਦਾਦਾ ਹਰਦਾਸ ਸਿੰਘ ਨੇ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕਿਆ ਤੇ ਬੰਦਾ ਸਿੰਘ ਅਧੀਨ ਲੜਦੇ ਹੋਏ 1716 ਈ ਸ਼ਹਾਦਤ ਪ੍ਰਾਪਤ ਕੀਤੀ ।ਪਿਤਾ ਗਿਆਨੀ ਭਗਵਾਨ ਸਿੰਘ ਦੀ ਸ਼ਹਾਦਤ 1739 ਈ ਵਿਚ ਅਫਗਾਨਾਂ ਨਾਲ ਲੜਦੇ ਹੋਏ ਹੋਈ। ਗਿਆਨੀ ਭਗਵਾਨ ਸਿੰਘ ਦੇ ਪੰਜ ਪੁਤਰ ਸਨ: ਜੈ ਸਿੰਘ, ਜੱਸਾ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ, ਤਾਰਾ ਸਿੰਘ । ਜੱਸਾ ਸਿੰਘ ਦਾ ਜਨਮ 15 ਮਈ 1723 ਈ: ਨੂੰ ਇਛੋਗਿਲ ਵਿਚ ਹੋਇਆ। ਗਿਆਨੀ ਭਗਵਾਨ ਸਿੰਘ ਦੀ ਬਹਾਦਰੀ ਸਦਕਾ ਲਹੌਰ ਦਰਬਾਰ ਨੇ ਪੰਜਾਂ ਭਰਾਵਾਂ ਨੂੰ ਪੰਜ ਪਿੰਡਾਂ ਵੱਲਾ, ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਭਾ ਦੀ ਜਗੀਰ ਦਿਤੀ। ਜੱਸਾ ਸਿੰਘ ਹਿਸੇ ਵੱਲਾ ਆਇਆ।ਜੱਸਾ ਸਿੰਘ ਨੂੰ ਪਹਿਲਾਂ ਜ਼ਕਰੀਆ ਖਾਨ ਗਵਰਨਰ ਨੇ ਲਹੌਰ ਵਿੱਚ ਰਿਸਾਲਦਾਰ ਲਾਇਆ ਜਿਥੇ ਉਹ ਸੰਨ 1746 ਤਕ ਰਿਹਾ। ਜ਼ਕਰੀਆ ਖਾਨ ਦੇ ਫੌਤ ਹੋ ਜਾਣ ਪਿੱਛੋਂ ਉਹ ਸਿੱਖਾਂ ਨਾਲ ਖੁਸ਼ਾਲ ਸਿੰਘ/ਨੰਦ ਸਿੰਘ ਦੀ ਮਿਸਲ ਵਿੱਚ ਆ ਮਿਲਿਆ ਤੇ ਫਿਰ ਇਸੇ ਮਿਸਲ ਦਾ ਆਗੂ ਬਣਿਆ।

ਪਰ ਜਦ ਪੁਤਰੀ ਮਾਰਨ ਦਾ ਇਲਜ਼ਾਮ ਲਗਿਆ ਤਾਂ ਪੰਥ ਨੇ ਛੇਕ ਦਿਤਾ ਜਿਸ ਕਰਕੇ ਅਦੀਨਾ ਬੇਗ ਅਧੀਨ ਤਹਿਸੀਲਦਾਰ ਜਾ ਲੱਗਿਆ। ਰਾਮ ਰੌਣੀ ਕਿਲ੍ਹੇ ਵਿੱਚ ਸਿੱਖ ਘਿਰੇ। ਘੇਰਾ ਪਾਉਣ ਵਾਲਿਆਂ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਵੀ ਸੀ। ਜਦ ਤਕਰੀਬਨ 500 ਵਿਚੋਂ ਤਕਰੀਬਨ 300 ਸਿੰਘ ਮਾਰੇ ਗਏ ਤਾਂ ਅੰਦਰੋਂ ਸਿੱਖਾਂ ਨੇ ਜੱਸਾ ਸਿੰਘ ਰਾਮਗੜ੍ਹੀਆ ਨੂਮ ਬਚਾਉਣ ਲਈ ਭਰਵੀਂ ਅਪੀਲ ਕੀਤੀ। ਜੱਸਾ ਸਿੰਘ ਨੇ ਛੇਕਿਆ ਜਾਣਾ ਵਾਪਿਸ ਲੈਣ ਅਤੇ ਦੁਬਾਰਾ ਪੰਥ ਵਿੱਚ ਮਿਲਾਏ ਜਾਣ ਦੀ ਸ਼ਰਤ ਰੱਖੀ ਜੋ ਸਿੱਖਾ ਨੇ ਮੰਨ ਲਈ। ਇਸ ਤਰ੍ਹਾਂ ਸਿੱਖਾਂ ਨੂੰ ਗੜ੍ਹੀ ਵਿਚੋਂ ਬਚਾਉਣ ਬਦਲੇ ਛੇਕਣ ਤੋਂ ਮਾਫੀ ਹੋਈ ਤੇ ਫਿਰ ਸਿੱਖਾਂ ਵਿੱਚ ਮਿਲ ਗਿਆ। ਰਾਮਰੌਣੀ ਕਿਲ੍ਹਾ ਬਣਵਾਇਆ ਤੇ ਰਾਮਗੜ੍ਹ ਕਿਲੇ ਦੀ ਕਮਾਨ ਸਾਂਭੀ।ਮਿਸਲ ਦਾ ਨਾਮ ਰਾਮਗੜ੍ਹੀਆ ਜੱਸਾ ਸਿੰਘ ਦੇ ਰਾਮਗੜ੍ਹ ਕਿਲ੍ਹੇ ਦੀ ਕਮਾਨ ਸਾਂਭਣ ਕਰਕੇ ਹੀ ਹੋਇਆ।

ਮਿਸਲਾਂ ਅਤੇ ਉਨ੍ਹਾ ਦੇ ਮੁਢਲੇ ਕਾਰਜ ਖੇਤਰ

ਸਭ ਤੋਂ ਵੱਡੀ ਭੰਗੀ ਮਿਸਲ ਸੀ ਜਿਸ ਦੀ ਆਮਦਨੀ ਇੱਕ ਕ੍ਰੋੜ ਰੁਪਏ ਸੀ ਤੇ ਉਸ ਕੋਲ 12,000 ਘੋੜਸਵਾਰ ਸਨ। ਦੂਜੇ ਨੰਬਰ ਤੇ ਰਾਮਗੜ੍ਹੀਆ ਮਿਸਲ ਸੀ ਜਿਸ ਦੀ ਆਮਦਨੀ 4-8 ਲੱਖ ਸੀ। ਇਸ ਦੇ 360 ਕਿਲ੍ਹੇ ਸਨ ਤੇ ਅਧੀਨ ਕਈ ਰਾਜੇ ਤੇ ਨਵਾਬ ਸਨ।ਕਨ੍ਹਈਆ ਮਿਸਲ ਦੇ 8000 ਯੋਧੇ, ਆਹਲੂਵਾਲੀਆ ਮਿਸਲ ਦਾ ਕਪੂਰਥਲਾ ਰਾਜ, ਫੂਲਕੀਆਂ ਮਿਸਲ ਦੀਆ ਫੂਲਕੀਆਂ ਰਿਆਸਤਾਂ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਡਰ ਕੇ ਅੰਗ੍ਰੇਜ਼ਾਂ ਅਧੀਨ ਅਪਣੇ ਆਪ ਨੂੰ ਬਚਾਈ ਰੱਖਿਆ । ਸ਼ੁਕਰਚਕੀਆ ਦਾ ਮਹਾਰਾਜਾ ਰਣਜੀਤ ਸਿੰਘ ਵੇਲੇ ਸਤਿਲੁਜ ਤੋਂ ਪਿਸ਼ਾਵਰ ਤੱਕ ਪੰਜਾਬ ਦਾ ਰਾਜ ਸੀ ਤੇ ਕਈ ਮਿਸਲਾਂ ਇਸ ਦੇ ਅਧੀਨ ਹੋ ਗਈਆ ਸਨ ਜਿਨ੍ਹਾਂ ਵਿੱਚ ਕ੍ਰੋੜੀਆ ਮਿਸਲ ਦੇ 12000 ਯੋਧੇ, ਡਲੇਵਾਲੀਆ ਮਿਸਲ ਦੇ 7500 ਯੋਧੇ, ਨਿਸ਼ਾਨਵਾਲੀਆਂ ਮਿਸਲ ਦੇ 12,000 ਯੋਧੇ, ਫੈਜ਼ਲਪੁਰੀਆਂ ਮਿਸਲ ਦੇ ਯੋਧੇ, ਸ਼ਹੀਦਾਂ ਮਿਸਲ ਦੇ 2000 ਘੋੜ ਸਵਾਰ ਅਤੇ ਨਕਈ ਮਿਸਲ ਦੇ 2000 ਘੋੜ ਸਵਾਰ ਸਨ।

ਮਿਸਲਾਂ ਦਾ ਪਹਿਲਾ ਇਕੱਠਾ ਵੱਡਾ ਕਾਰਜ ਧਾੜਵੀ ਅਬਦਾਲੀ ਤੋਂ ਲੁੱਟ ਦਾ ਮਾਲ ਖੋਹਣਾ ਅਤੇ 17000 ਹਿੰਦੂ ਲੜਕੀਆਂ ਨੂੰ ਅਬਦਾਲੀ ਤੋਂ ਛੁਡਾ ਕੇ ਘਰੋ-ਘਰ ਭੇਜਣ ਦਾ ਸੀ ।

1756 ਵਿਚ ਮੀਰ ਮੰਨੂ ਦੀ ਪਤਨੀ ਮੁਗਲਾਨੀ ਬੇਗਮ ਦੇ ਸੱਦੇ 'ਤੇ ਆਪਣੇ ਪੁੱਤਰ ਤੈਮੂਰ ਦੇ ਨਾਲ ਅਬਦਾਲੀ ਨੇ ਲਾਹੌਰ, ਸਰਹਿੰਦ, ਦਿੱਲੀ, ਮਥੁਰਾ, ਵਰਿੰਦਾਵਨ ਅਤੇ ਆਗਰਾ ਨੂੰ ਲੁੱਟਿਆ ਜਿੱਥੇ ਉਸਨੇ ਮਰਹੂਮ ਮੁਹੰਮਦ ਸ਼ਾਹ ਅਤੇ ਆਲਮਗੀਰ ਦੂਜੇ ਦੀਆਂ ਧੀਆਂ ਸਮੇਤ ਮਥੁਰਾ ਵਰਿੰਦਾਵਨ ਅਤੇ ਆਗਰਾ ਦੇ ਕਸਬਿਆਂ ਤੋਂ 17,000 ਲੜਕੀਆਂ ਸਮੇਤ ਔਰਤਾਂ ਨੂੰ ਗੁਲਾਮ ਬਣਾ ਲਿਆ। ਜੱਸਾ ਸਿੰਘ ਰਾਮਗੜ੍ਹੀਆ ਬਾਕੀ ਸਿੱਖ ਮਿਸਲਾਂ ਨਾਲ ਮਿਲ ਕੇ ਅਦੀਨਾ ਬੇਗ ਦੀਆਂ 20,000 ਘੋੜਸਵਾਰਾਂ ਫ਼ੌਜਾਂ ਨੂੰ ਹੁਸ਼ਿਆਰਪੁਰ ਵਿਖੇ ਹਰਾਇਆ । ਫਿਰ ਪਿੱਛੇ ਹਟਣ ਵਾਲੀਆਂ ਦੁਰਾਨੀ ਫ਼ੌਜਾਂ ਦਾ ਸਿੱਖਾਂ ਨੇ ਪਿੱਛਾ ਕੀਤਾ, ਉਨ੍ਹਾਂ ਨੂੰ ਹਰਾਇਆ ਅਤੇ ਮਥੁਰਾ, ਵ੍ਰਿੰਦਾਵਨ, ਆਗਰਾ ਅਤੇ ਦਿੱਲੀ ਤੋਂ ਫੜੀਆਂ ਗਈਆਂ 17,000 ਲੜਕੀਆਂ ਅਤੇ ਔਰਤਾਂ ਨੂੰ ਛੁਡਵਾਇਆ ਅਤੇ ਹਰੇਕ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ। ਇਹ ਰਿਹਾਈ ਵਜ਼ੀਰਾਬਾਦ ਤੋਂ 15 ਕਿਲੋਮੀਟਰ ਦੂਰ ਪਾਕਿਸਤਾਨ ਵਿੱਚ ਹੁਣ ਗੁਜਰਾਤ ਵਿੱਚ ਹੋਈ। ਜਿੱਥੇ ਇਹ ਲੜਾਈ ਹੋਈ ਉੱਥੇ ਬਹੁਤ ਸਾਰੇ ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਸ਼ਹੀਦੀ ਗੁਰਦਵਾਰਾ ਫਤਿਹਸਰ ਵਿਖੇ ਬੀਬੀਆਂ ਦੀ ਰਿਹਾਈ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਂਦਾ ਸੀ ਜੋ 1947 ਦੀ ਵੰਡ ਪਿੱਛੋਂ ਹੁਣ ਇਹ ਸਮਾਗਮ ਨਹੀਂ ਕੀਤਾ ਜਾ ਰਿਹਾ।
1683333337207.png

17000 ਹਿੰਦੂ ਲੜਕੀਆਂ ਨੂੰ ਅਬਦਾਲੀ ਦੇ ਕਬਜ਼ੇ ਤੋਂ ਛੁਡਵਾਉਣਾ ਅਤੇ ਘਰੋ ਘਰ ਪਹੁੰਚਾਉਣਾ

1683333392264.png

ਘਲੂਘਾਰਾ ਤੇ ਅਬਦਾਲੀ ਨੂੰ ਕਸੂਰ ਵਿੱਚ ਹਰਾਉਣਾ

ਅਬਦਾਲੀ ਸਿੱਖਾਂ ਦਾ ਲੜਕੀਆਂ ਛਡਾਉਣ ਅਤੇ ਉਸਦਾ ਲੁਟਿਆ ਮਾਲ ਲੁੱਟਣ ਕਰਕੇ ਉਨ੍ਹਾ ਨਾਲ ਬਹੁਤ ਨਰਾਜ਼ ਸੀ ਤੇ ਸਿੱਖਾਂ ਦਾ ਖੁਰਾ ਖੋਜ ਖਤਮ ਕਰਨਾ ਚਾਹੁੰਦਾ ਸੀ। 1763 ਵਿੱਚ ਅਬਦਾਲੀ ਨੇ ਕੁੱਪ ਰਹੀੜੇ ਵੱਡੇ ਘਲੂਘਾਰੇ ਵਿੱਚ 20,000-30,000 ਸਿੱਖ ਸ਼ਹੀਦ ਕੀਤੇ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਢਾਹ ਢੇਰੀ ਕਰ ਦਿਤਾ।

ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ ਤੇ ਹੋਰ ਸਰਦਾਰਾਂ ਨੇ ਅਬਦਾਲੀ ਨੂੰ ਕਸੂਰ ਵਿੱਚ ਜਾ ਘੇਰਿਆ ਅਤੇ ਇਕ ਮਹੀਨੇ ਦੀ ਘੇਰਾਬੰਦੀ ਪਿੱਛੋਂ ਹਰਾਇਆ ਤੇ ਅਬਦਾਲੀ ਅਤੇ ਕਸੂਰ ਲੁੱਟੇ।

ਇਸ ਪਿੱਛੋਂ ਸਿੱਖਾਂ ਨੇ ਸਰਹਿੰਦ ਜਾ ਘੇਰਿਆ ਤੇ ਨਵਾਬ ਜ਼ੈਨ ਖਾਨ ਮਾਰਕੇ ਸਰਹਿੰਦ ਲੁੱਟਿਆ। ਇਨ੍ਹਾਂ ਮੁਹਿੰਮਾਂ ਵਿਚ ਰਾਮਗੜ੍ਹੀਆ ਮਿਸਲ ਨੇ ਵਧ ਚੜ੍ਹ ਕੇ ਭਾਗ ਲਿਆ । ਸਿੱਖਾਂ ਨੂੰ ਸਬਕ ਦੇਣ ਲਈ ਮੁਗਲ ਬਾਦਸ਼ਾਹ ਨੇ ਕੁਤਬ ਖਾਨ ਨੂੰ 20,000 ਦੀ ਸੈਨਾ ਨਾਲ ਭੇਜਿਆ । ਸਿੱਖਾਂ ਨੇ ਕੁਤਬ ਖਾਨ ਨੂੰ ਹਰਾਇਆ ਅਤੇ ਮਾਰ ਮੁਕਾਇਆ ਤੇ ਮੁਗਲ ਕੈਂਪ ਲੁਟ ਲਿਆ ਜਿਸ ਵਿੱਚੋਂ 150 ਘੋੜੇ ਤੇ ਇੱਕ ਹਾਥੀ ਰਾਮਗੜੀਆ ਮਿਸਲ ਦੇ ਹੱਥ ਵੀ ਲੱਗੇ।

ਇਲਾਕਾ ਵਧਾਉਣਾ ਤੇ ਰਾਮਗੜ੍ਹੀਆ ਮਿਸਲ ਦਾ ਇਲਾਕਾ
1683333449198.png


ਅਬਦਾਲੀ ਅਤੇ ਸ਼ਾਹੀ ਫੌਜਾਂ ਹਰਾਉਣ ਪਿਛੋਂ ਮਿਸਲਾਂ ਦਾ ਪ੍ਰਭਾਵ ਵਧਿਆ ਤਾਂ ਜੱਸਾ ਸਿੰਘ ਰਾਮਗ੍ਹੜੀਆ ਨੇ ਵੀ ਇਲਾਕੇ ਜਿੱਤਣੇ ਸ਼ੁਰੂ ਕੀਤੇ।ਰਾਮਗੜ੍ਹੀਆ ਮਿਸਲ ਦੇ ਜਿੱਤੇ ਇਲਾਕੇ ਵਿੱਚ ਪਰਗਣੇ ਦੀਨਾਨਗਰ, ਬਟਾਲਾ, ਕਲਾਨੌਰ, ਮਸਤੀਵਾਲ, ਦਸੂਹਾ, ਮੇਘੋਵਾਲ, ਸ੍ਰੀ ਹਰਗੋਬਿੰਦਪੁਰ (ਰਾਜਧਾਨੀ), ਕਾਦੀਆਂ, ਘੁਮਾਣ, ਸ਼ਾਹਪੁਰ ਕੰਢੀ, ਤਲਵਾੜਾ, ਲਖਪੁਰ, ਸੰਗੂਵਾਲ, ਸ਼ਰੀਫ ਚੱਕ, ਮੱਤੇਵਾਲ (ਜਲੰਧਰ ਜ਼ਿਲਾ), ਉੜਮੁੜ ਟਾਂਡਾ, ਸਰੀਂਹ, ਮਿਆਣੀ, ਬੇਗੋਵਾਲ, ਗੜ੍ਹਦੀਵਾਲਾ, ਜ਼ਹੂਰਾ ਅਤੇ ਫਗਵਾੜੇ ਦੀਆ ਹੱਦਾਂ ਤਕ ਵਧੇ ਜਿਨ੍ਹਾਂ ਦੀ ਆਮਦਨੀ 5 ਤੋਂ 10 ਲੱਖ ਤੱਕ ਸੀ। ਇਸ ਤੋਂ ਇਲਾਵਾ • ਰਾਜਾ ਕਾਂਗੜਾ, ਨੂਰਪੁਰ, ਮੰਡੀ, ਚੰਬਾ, ਦਾਤਾਰਪੁਰ, ਜਸਵਾਲ, ਅਨਾਰਪੁਰ,ਦਿਪਾਲਪੁਰ, ਹਰੀਪੁਰ ਤੇ ਕਟੋਚ ਤੋਂ ਖਰਾਜ ਲੈਂਦਾ ਸੀ ਜਿਸ ਦੀ ਆਮਦਨੀ ਤਕਰੀਬਨ 3 ਲੱਖ ਸੀ

ਜੱਸਾ ਸਿੰਘ ਨੇ ਭਾਈ ਮਾਲੀ ਸਿੰਘ ਨੂੰ 4000 ਘੋੜਸਵਾਰਾਂ ਨਾਲ ਰਾਵੀ ਕੰਢੇ ਹਰਨਾਲਾ ਵਿੱਚ ਤੈਨਾਤ ਕੀਤਾ ਬਟਾਲਾ ਦਾ ਇਲਾਕਾ ਵੀ ਉਸ ਦੇ ਜ਼ਿਮੇ ਕੀਤਾ।ਬਾਕੀ ਤਿੰਨ ਭਾਈਆਂ ਨੂੰ ਵੀ ਵੱਖ ਇਲਾਕੇ ਤੇ ਵੱਖਰੀਆਂ ਜਗੀਰਾਂ ਦਿਤੀਆਂ।

ਆਹਲੂਵਾਲੀਆ ਅਤੇ ਰਾਮਗੜ੍ਹੀਆ ਮਿਸਲਾਂ ਵਿੱਚ ਤਣਾ

ਆਹਲੂਵਾਲੀਆ ਅਤੇ ਰਾਮਗੜ੍ਹੀਆ ਮਿਸਲਾਂ ਦੀਆਂ ਹੱਦਾਂ ਜੁੜੀਆਂ ਹੋਣ ਕਰਕੇ ਕਦੇ ਕਦੇ ਆਪਸੀ ਖਹਿਬੜਬਾਜ਼ੀ ਹੋ ਜਾਂਦੀ ਜਿਸ ਕਰਕੇ ਦੋਨਾਂ ਮਿਸਲਾਂ ਵਿੱਚ ਤਨਾਉ ਬਣਿਆ ਰਿਹਾ।ਪਰ ਜਦ ਕੋਈ ਸਿੱਖਾਂ ਦੀ ਸਾਂਝੀ ਮੁਹਿੰਮ ਹੁੰਦੀ ਤਾਂ ਸਾਰੀਆਂ ਮਿਸਲਾਂ ਨਾਲ ਇਹ ਮਿਸਲਾਂ ਵੀ ਜੁੜਦੀਆਂ ।


ਆਹਲੂਵਾਲੀਆ ਅਤੇ ਰਾਮਗੜ੍ਹੀਆ ਵਿੱਚ ਮਨ-ਮੁਟਾਵ ਤੇ ਦਿੱਲੀ ਤਖਤ ਲਈ ਲੜਾਈ

ਜਦ ਸਾਰੀਆਂ ਮਿਸਲਾਂ ਦੇ 60,000-70,000 ਸਿੱਖਾਂ ਨੇ ਦਿੱਲੀ ਤੇ ਧਾਵਾ ਕੀਤਾ ਤਾਂ ਬਾਦਸ਼ਾਹ ਨੇ ਤਖਤ ਖਾਲੀ ਕਰ ਦਿਤਾ ਜਿਸ ਉਪਰ ਜੱਸਾ ਸਿੰਘ ਆਹਲੂਵਾਲੀਆ ਬਿਰਾਜਮਾਨ ਹੋਇਆ ਜੋ ਰਾਮਗੜ੍ਹੀਆ ਨੂੰ ਚੰਗਾ ਨਹੀਂ ਲੱਗਾ। ਉਸ ਨੇ ਪੱਥਰ ਦਾ ਇਹ 6 ਫੁਟ 3 ਇੰਚ ਲੰਬਾ 4 ਫੁੱਟ 6 ਇੰਚ ਚੌੜਾ ਅਤੇ 9 ਇੰਚ ਮੋਟਾ ਤਖਤ ਜੱਸਾ ਸਿੱਘ ਰਾਮਗੜ੍ਹੀਆ ਨੇ ਹਾਥੀ ਪਿੱਛੇ ਬੰਨ੍ਹ ਕੇ ਸ੍ਰੀ ਅੰਮ੍ਰਿਤਸਰ ਰਾਮਗੜ੍ਹੀਆ ਬੁੰਗੇ ਦੇ ਅੱਗੇ ਲਿਆ ਰੱਖਿਆ ਜਿੱਥੇ ਇਹ ਹੁਣ ਵੀ ਹੈ ਜਿਸ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਿਤ ਕੀਤਾ ਗਿਆ।

ਆਹਲੂਵਾਲੀਆ ਨੂੰ ਰਾਮਗੜੀਆ ਭਰਾਵਾਂ ਨੇ ਕੈਦ ਕਰਨਾ

ਜਦ ਜੱਸਾ ਸਿੰਘ ਆਹਲੂਵਾਲੀਆ ਗੁਰਦਾਸਪੁਰ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਰਾਮਗੜ੍ਹੀਆ ਭਰਾਵਾਂ ਖੁਸ਼ਾਲ ਸਿੰਘ, ਮਾਲੀ ਸਿੰਘ ਅਤੇ ਤਾਰਾ ਸਿੰਘ ਨੇ ਉਸ ਨੂੰ ਕੈਦ ਕਰ ਲਿਆ । ਭਾਵੇਂ ਜੱਸਾ ਸਿੰਘ ਰਾਮਗੜ੍ਹੀਆ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਨਮਾਨ ਅਤੇ ਤੋਹਫਿਆਂ ਸਮੇਤ ਛੱਡ ਦਿਤਾ ਪਰ ਆਹਲੂਵਾਲੀਆ ਨੇ ਇਹ ਬੇਇਜ਼ਤੀ ਨਾ ਭੁਲਾਈ ਤੇ ਪ੍ਰਣ ਲਿਆ ਕਿ ਜਦ ਤਕ ਸਾਰੇ ਰਾਮਗੜ੍ਹੀਆ ਇਲਾਕੇ ਤੇ ਕਬਜ਼ਾ ਨਹੀਂ ਕਰ ਲੈਂਦਾ ਸਿਰ ਤੋਂ ਪਗੜੀ ਨਹੀਂ ਉਤਾਰੇਗਾ।ਉਸ ਨੇ ਹੋਰ ਮਿਸਲਾਂ ਨਾਲ ਮਿਲੲ ਕੇ ਜੱਸਾ ਸਿੰਘ ਦਾ ਇਲਾਕਾ ਘੇਰ ਲਿਆ।ਉਸ ਨਾਲ ਭੰਗੀ ਗੰਡਾ ਸਿੰਘ ਤੇ ਝੰਡਾ ਸਿੰਘ, ਕਨ੍ਹਈਆ ਜੈ ਸਿੰਘ ਤੇ ਹਕੀਕਤ ਸਿੰਘ, ਚੜ੍ਹਤ ਸਿੰਘ ਸ਼ੁਕਰਚੱਕੀਆ, ਚਮਿਆਰੀਵਾਲਾ ਨਾਹਰ ਸਿੰਘ ਤੇ ਹੋਰ ਸਰਦਾਰ ਮਿਲ ਗਏ ਤੇ ਰਾਮਗੜ੍ਹੀਆ ਇਲਾਕੇ ਤੇ ਚਾਰੇ ਪਾਸਿਓਂ ਘੇਰ ਲਿਆ।ਚਾਰ ਮਹੀਨੇ ਘੇਰੇ ਪਿੱਛੋਂ ਤਾਰਾ ਸਿੰਘ ਮਾਰਿਆ ਗਿਆ, ਖੁਸ਼ਹਾਲ ਸਿੰਘ ਜ਼ਖਮੀ ਹੋਇਆ 10,000 ਸੈਨਾ ਵਿੱਚੋਂ ਸਿਰਫ ਚਾਰ ਹਜ਼ਾਰ ਹੀ ਰਹਿ ਗਏ ਤਾਂ ਜੱਸਾ ਸਿੰਘ ਰਾਮਗੜ੍ਹੀਆ ਸਤਿਲੁਜ ਪਾਰ ਕਰਕੇ ਅਪਣੇ ਸਿੱਖਾਂ ਨਾਲ ਮਥੁਰਾ, ਆਗਰਾ ਇਲਾਕੇ ਵਿੱਚ ਚਲਾ ਗਿਆ।

ਦਿੱਲੀ ਉਦਾਲੇ ਮੁਹਿੰਮਾਂ ਤੇ ਰਾਜਪੁਤਾਨਾ ਦੇ ਇਲਾਕਿਆਂ ਵਿੱਚ ਪੰਜ ਸਾਲ

ਦਿੱਲੀ ਵਿੱਚ ਉਸਨੇ ਮੁਗਲ ਮੁਹੱਲਾ ਲੁੱਟਕੇ ਸਾੜ ਦਿਤਾ ਅਤੇ ਲਾਲ ਕਿਲ੍ਹੇ ਵਿੱਚੋਂ 4 ਤੋਪਾਂ ਚੁੱਕ ਲਈਆਂ । ਇਸ ਪਿੱਛੋਂ ਪਾਨੀਪਤ, ਕਰਨਾਲ ਜਾ ਨਿਵਾਏੇ ਅਤੇ ਮੇਰਠ ਦੇ ਨਵਾਬ ਨੂੰ ਹਰਾ ਕੇ ਹਰ ਸਾਲ 10,000 ਰੁਪਏ ਉਗਰਾਹੁਣੇ ਸ਼ੁਰੂ ਕਿਰ ਦਿਤੇ।ਭਰਤਪੁਰ, ਧੌਲਪੁਰ ਅਤੇ ਜੈਪੁਰ ਰਾਜਿਆਂ ਤੋਂ ਵੀ ਨਜ਼ਰਾਨੇ ਅਤੇ ਵੱਡੇ ਤੋਹਫੇ ਪ੍ਰਾਪਤ ਕੀਤੇ ਜਿਨ੍ਹਾਂ ਵਿਚੋਂ ਗੁਪਤੀ (ਖੂੰਡੀ ਵਿੱਚ ਤਲਵਾਰ) ਪਰਿਵਾਰ ਦੀ ਸੰਭਾਲੀ ਹੋਈ ਹੈ ਜਿਸ ਉਪਰ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਉਕਰਿਆ ਹੋਇਆ ਹੈ।

1683333496585.png


ਦਿੱਲੀ ਉਦਾਲੇ ਇਲਾਕੇ ਜੋ ਜੱਸਾ ਸਿੰਘ ਰਾਮਗੜ੍ਹੀਆ ਨੇ ਪ੍ਰਭਾਵ ਥੱਲੇ ਕੀਤੇ ਇਨ੍ਹਾਂ ਵਿੱਚ ਹਿਸਾਰ, ਹਾਂਸੀ, ਸੰਭਲ, ਚੰਦਉਸੀ, ਕਾਸ਼ਗੰਜ, ਖੁਰਜਾ, ਸਿਕੰਦਰਾ, ਮੇਰਠ, ਦਿੱਲੀ, ਪਾਨੀਪਤ, ਕਰਨਾਲ, ਭਰਤਪੁਰ, ਧੋਲਪੁਰ ਅਤੇ ਜੈਪੁਰ ।

ਬ੍ਰਾਹਮਣ ਦੀਆਂ ਦੋ ਧੀਆਂ ਰਿਹਾ ਕਰਾਉਣੀਆਂ

ਇਕ ਦਿਨ ਇਕ ਬ੍ਰਾਹਮਣ ਨੇ ਉਸ ਕੋਲ ਸ਼ਿਕਾਇਤ ਕੀਤੀ ਕਿ ਹਿਸਾਰ ਦਾ ਨਵਾਬ ਉਸ ਦੀਆਂ ਦੋ ਧੀਆਂ ਚੁੱਕ ਕੇ ਲੈ ਗਿਆ ਹੈ।ਜੱਸਾ ਸਿੰਘ ਆਤੰਕ ਅਤੇ ਜ਼ੁਲਮ ਦਾ ਹਮੇਸ਼ਾ ਵਿਰੋਧ ਕਰਦਾ ਸੀ ਤੇ ਪੀੜਤਾਂ ਦੀ ਮਦਦ ਕਰਦਾ ਸੀ।ਉਸ ਨੇ ਨਵਾਬ ਤੇ ਹਮਲਾ ਕਰਕੇ ਨਵਾਬ ਦਾ ਗਲ ਅਪਣੇ ਹਥਾਂ ਨਾਲ ਘੁਟ ਕੇ ਜਹੰਨਮ ਪਹੁੰਚਾਇਆ ਤੇ ਬ੍ਰਾਹਮਣ ਦੀਆਂ ਦੋਨੋਂ ਧੀਆਂ ਵਾਪਿਸ ਪੰਡਿਤ ਹਵਾਲੇ ਕੀਤੀਆਂ। ਕੁਝ ਬ੍ਰਾਹਮਣਾਂ ਦੇ ਉਜਰ ਉਠਾਉਣ ਤੇ ਉਸ ਨੇ ਸਾਰੇ ਬ੍ਰਹਮਣ ਇਕੱਠੇ ਕੀਤੇ ਤੇ ਸਾਰਿਆਂ ਨੂੰ ਉਨ੍ਹਾਂ ਲੜਕੀਆਂ ਹੱਥੋਂ ਭੋਜਨ ਖੁਆਇਆ।

1683333575114.png


ਹਿਸਾਰ ਦੇ ਨਵਾਬ ਦੇ ਪੁਤਰ ਸਆਦਤ ਅਲੀ ਖਾਂ ਨੂੰ ਜਿਸ ਤੋਂ 50,000 ਰੁਪੈ ਦੀ ਪੇਸ਼ਕਸ਼ ਤੇ ਨਵਾਬੀ ਸੰਭਾਲੀ ਤੇ ਇਤਨੀ ਹੀ ਰਕਮ ਹਿਸਾਰ ਨਿਵਾਸੀਆਂ ਤੋਂ ਨਜ਼ਰਾਨੇ ਦੇ ਰੂਪ ਵਿੱਚ ਲਈ।

ਦਿੱਲੀ ਉਦਾਲੇ ਖਾਲਸੇ ਦਾ ਝੰਡਾ

ਜੱਸਾਸਿੰਘ ਅਜੋਕੇ ਹਰਿਆਣਾ, ਪੱਛਮੀ ਯੁੂ ਪੀ, ਦਿੱਲੀ ਅਤੇ ਰਾਜਪੁਤਾਨਾ ਦੇ ਇਲਾਕਿਆਂ ਵਿੱਚ ਪੰਜ ਵਰੇ੍ਹ ਖਾਲਸੇ ਦਾ ਮਾਣਮਤਾ ਨਿਸ਼ਾਨ ਸਾਹਿਬ ਝੁਲਾਉਂਦਾ ਖਾਲਸਈ ਸ਼ਾਨਾਂ ਨੂੰ ਚਮਕਾਉਂਦਾ ਰਿਹਾ।

ਮੁਸ਼ਕਲ ਵਿੱਚ ਅਰਦਾਸ ਤੇ ਵਾਹਿਗੁਰੂ ਵਲੋਂ ਕ੍ਰਿਪਾ

ਮੁਸ਼ਕਲਾਂ ਵੀ ਆਈਆਂ। ਸਿਰਸਾ ਵਿੱਚ ਜਦ ਉਸ ਕੋਲ ਅਪਣੀ ਫੌਜ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਸਨ ਤਾਂ ਉਸ ਨੇ ਸੱਚੇ ਮਨ ਨਾਲ ਪ੍ਰਮ ਪਿਤਾ ਪ੍ਰਮੇਸ਼ਰ ਨੂੰ ਅਰਦਾਸ ਕੀਤੀ। ਉਸ ਦਿਨ ਪਾਣੀ ਲੈਣ ਗਏ ਕੁਹਾਰ ਦਾ ਮਟਕਾ ਖੂਹ ਵਿਚ ਡਿੱਗ ਪਿਆ ਜਿਸ ਲਈ ਬੰਦਾ ਖੂਹ ਵਿੱਚ ਉਤਾਰਨਾ ਪਿਆ ਜਿਸ ਨੇ ਖੂਹ ਵਿੱਚ ਚਾਰ ਬਕਸੇ ਸੋਨੇ ਦੀਆਂ ਮੁਹਰਾਂ ਦੇ ਦੇਖੇ ਤਾਂ ਜੱਸਾ ਸਿੰਘ ਨੂੰ ਇਤਲਾਹ ਦਿਤੀ ਜਿਸ ਨੇ ਇਹ ਸਾਰੀਆਂ ਮੁਹਰਾਂ ਤਨਖਾਹ ਦੇ ਰੂਪ ਵਿੱਚ ਫੌਜ ਨੂੰ ਵੰਡ ਦਿਤੀਆਂ।

ਪੰਜਾਬ ਵਾਪਸੀ

ਸੰਨ 1783 ਈ: ਵਿੱਚ ਸ਼ੁਕਰਚੱਕੀਆ ਅਤੇ ਕਨ੍ਹਈਆ ਮਿਸਲਾਂ ਵਿੱਚ ਖਟ-ਪਟ ਹੋ ਗਈ। ਕਨ੍ਹਈਆ ਮਿਸਲ ਤਕੜੀ ਹੋਣ ਕਰਕੇ ਮਹਾਂ ਸਿੰਘ ਨੇ ਕਿਸੇ ਤਕੜੇ ਸਾਥੀ ਦੀ ਤਲਾਸ਼ ਕੀਤੀ ਤਾਂ ਜੱਸਾ ਸਿੰਘ ਰਾਮਗੜ੍ਹੀਆ ਵਰਗਾ ਬਹਾਦਰ ਅਤੇ ਕਾਬਲ ਜਰਨੈਲ ਹੋਰ ਨਾ ਦਿਸਿਆ ਤਾਂ ਉਸੇ ਨੂੰ ਮਦਦ ਲਈ ਪੰਜਾਬ ਬੁਲਾਇਆ।ਦੂਰ-ਦਰਸ਼ੀ ਜੱਸਾ ਸਿੰਘ ਨੇ ਮਹਾਂ ਸਿੰਘ ਨੂੰ ਜਵਾਬ ਘੱਲਿਆ, “ਜੇ ਜੈ ਸਿੰਘ ਕਨ੍ਹਈਆ ਝੁਕ ਗਿਆ ਤਾਂ ਉਸ ਨੇ ਅਪਣੀ ਲੜਕੀ ਮਹਾਰਾਜਾ ਰਣਜੀਤ ਸਿੰਘ ਨਾਲ ਮੰਗ ਦੇਣੀ ਹੈ ਤੇ ਰਾਜਾ ਸੰਸਾਰ ਚੰਦ ਨੂੰ ਕਾਂਗੜਾ ਕਿਲ੍ਹਾ ਵਾਪਿਸ ਦੇ ਦੇਣਾ ਹੈ ਤੇ ਤੁਸੀਂ ਸਾਰੇ ਚੰਗੇ ਦੋਸਤ ਬਣ ਜਾਉਗੇ ਤੇ ਜੁੜ ਕੇ ਫਿਰ ਮੇਰੇ ਵਿਰੋਧੀ ਹੋ ਜਾਉਗੇ। ਇਸ ਲਈ ਮੇਰਾ ਤੁਹਾਡੇ ਮਾਮਲੇ ਵਿੱਚ ਪੈਣਾ ਫਜ਼ੂਲ ਹੈ”।ਇਸ ਜਵਾਬ ਤੇ ਮਹਾਂ ਸਿੰਘ, ਰਾਜਾ ਸੰਸਾਰ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਮਿਲ ਕੇ ਦੁਬਾਰਾ ਸੁਨੇਹਾ ਭੇਜਿਆ, “ਜੇ ਤੁਸੀਂ ਜੈ ਸਿੰਘ ਕਨ੍ਹਈਆ ਵਿਰੁਧ ਸਾਡੀ ਮੱਦਦ ਕਰੋਗੇ ਤਾਂ ਅਸੀਂ ਤੁਹਾਡੇ ਨਾਲੋਂ ਦੋਸਤੀ ਕਦੇ ਨਹੀਂ ਤੋੜਾਂਗੇ”।

ਬਟਾਲਾ ਦੁਬਾਰਾ ਲੈਣਾ

ਜੱਸਾ ਸਿੰਘ ਨੂੰ ਮਹਾਂ ਸਿੰਘ ਤੇ ਉਸਦੇ ਸਾਥੀਆਂ ਦਾ ਜਵਾਬ ਉਸਾਰੂ ਲੱਗਿਆ ਤੇ ਉਸ ਨੇ ਅਪਣੀਆ ਫੌਜਾਂ ਨਾਲ ਪੰਜਾਬ ਜਾਣ ਦੀ ਤਿਆਰੀ ਖਿੱਚ ਲਈ।ਜੱਸਾ ਸਿੰਘ ਰਾਮਗੜ੍ਹੀਆ, ਮਹਾਂ ਸਿੰਘ ਅਤੇ ਪਹਾੜੀਆਂ ਦੀਆ ਫੌਜਾਂ ਅਚਾਨਕ ਕਨ੍ਹਈਆਂ ਦੇ ਗੜ੍ਹ ਬਟਾਲੇ ਚੜ੍ਹ ਆਈਆਂ ਤੇ ਜੈ ਸਿੰਘ ਨੂੰ ਝੁਕਣ ਦਾ ਸੁਨੇਹਾ ਭੇਜਿਆ ਤੇ ਰਾਮਗੜੀਆਂ ਦੇ ਇਲਾਕੇ ਖਾਲੀ ਕਰਨ ਲਈ ਕਿਹਾ। ਉਸ ਦੇ ਨਾਂਹ ਕਹਿਣ ਤੇ ਮਹਾਂ ਸਿੰਘ, ਜੱਸਾ ਸਿੰਘ ਤੇ ਸਾਥੀਆਂ ਦੀਆਂ ਫੌਜਾਂ ਨੇ ਕਨ੍ਹਈਆ ਮਿਸਲ ਦੇ ਇਲਾਕੇ ਵਿੱਚ ਤਬਾਹੀ ਮਚਾ ਦਿਤੀ।

ਜੈ ਸਿੰਘ ਨੇ ਅਪਣੇ ਸਪੁਤਰ ਗੁਰਬਖਸ਼ ਸਿੰਘ ਥੱਲੇ 8000 ਫੌਜੀ ਮਹਾਂ ਸਿੰਘ ਦੇ ਸਾਥੀਆਂ ਨੂੰ ਰੋਕਣ ਲਈ ਭੇਜੇ ਪਰ ਗੁਰਬਖਸ਼ ਸਿੰਘ ਜੱਸਾ ਸਿੰਘ ਦੇ ਤੀਰ ਨਾਲ ਮਾਰਿਆ ਗਿਆ ਜਿਸ ਤੇ ਜੈ ਸਿੰਘ ਨੇ ਅਪਣਾ ਭੱਥਾ ਜਸਾ ਸਿੰਘ ਅੱਗੇ ਖਾਲੀ ਕਰ ਦਿਤਾ। ਜੱਸਾ ਸਿੰਘ ਨੇ ਗੁਰਬਖਸ਼ ਸਿੰਘ ਦੀ ਮੌਤ ਦਾ ਅਫਸੋਸ ਕੀਤਾ ਤੇ ਫਿਰ ਰਿਆੜਕੀ ਜਿਤਣ ਵਧ ਗਿਆ।

ਜੈ ਸਿੰਘ ਵਲੋਂ ਫਿਰ ਵਿਰੋਧ

ਇਸ ਪਿੱਛੋਂ ਜਿਸ ਤਰ੍ਹਾਂ ਜੱਸਾ ਸਿੰਘ ਰਾਮਗੜ੍ਹੀਆ ਨੇ ਸੋਚਿਆ ਤੇ ਕਿਹਾ ਸੀ ਗੱਲ ਉਵੇਂ ਹੀ ਹੋਈ।ਜੈ ਸਿੰਘ ਨੇ ਅਪਣੀ ਪੋਤਰੀ ਮਹਾਂ ਸਿੰਘ ਦੇ ਸਪੁਤਰ ਰਣਜੀਤ ਸਿੰਘ ਨੂੰ ਮੰਗ ਦਿਤੀ ਤੇ ਮਹਾਂ ਸਿੰਘ, ਸੰਸਾਰ ਚੰਦ ਤੇ ਹੋਰ ਪਹਾੜੀ ਰਾਜਿਆਂ ਨਾਲ ਮਿਲਕੇ ਬਟਾਲਾ ਘੇਰ ਲਿਆ ਪਰ 20 ਦਿਨਾਂ ਬਾਦ ਘੇਰਾ ਚੁੱਕਣਾ ਪਿਆ। ਜੈਸਿੰਘ ਪਿੱਛੋਂ ਜਦ ਸਦਾ ਕੌਰ ਨੇ ਕਨ੍ਹਈਆ ਮਿਸਲ ਦੀ ਕਮਾਨ ਸੰਭਾਲੀ ਤਾਂ ਉਸਨੇ ਅਪਣੇ ਜਵਾਈ ਰਣਜੀਤ ਸਿੰਘ, ਆਹਲੂਵਾਲੀਆ ਮਿਸਲ ਦੇ ਫਤਹਿ ਸਿੰਘ ਆਦਿ ਨਾਲ ਜੱਸਾ ਸਿੰਘ ਰਾਮਗੜ੍ਹੀਆ ਨੂੰ ਬਿਆਸ ਕੰਢੇ ਮਿਆਣੀ ਵਿੱਚ ਘੇਰ ਲਿਆ। ਕੁਦਰਤੀ ਬਿਆਸ ਵਿੱਚ ਹੜ੍ਹ ਆ ਗਿਆ ਤੇ ਕਨ੍ਹਈਆਂ ਡੇਰਾ ਰੁੜ੍ਹ ਗਿਆ। ਸੱਦਾ ਕੌਰ, ਮਹਾਰਾਜਾ ਰਣਜੀਤ ਸਿੰਘ ਆਦਿ ਵਾਪਿਸ ਗੁਜਰਾਂਵਾਲੇ ਪਹੁੰਚ ਗਏ।

ਰਣਜੀਤ ਸਿੰਘ ਦਾ ਵਿਰੋਧ

ਸੰਨ 1800 ਵਿੱਚ ਰਣਜੀਤ ਸਿੰਘ ਦੀ ਚੜ੍ਹਤ ਵੇਖਕੇ ਸਰਦਾਰਾਂ ਨੇ ਮਿਲਕੇ ਰਣਜੀਤ ਸਿੰਘ ਨੂੰ ਲਹੌਰ ਵਿੱਚ ਘੇਰਾ ਪਾ ਲਿਆ। ਭੰਗੀ, ਰਾਮਗੜ੍ਹੀਆ ਅਤੇ ਹੋਰ ਮਿਸਲਾਂ ਦੇ ਸਰਦਾਰ ਮਿਲ ਗਏ। ਜੱਸਾ ਸਿੰਘ ਰਾਮਗੜ੍ਹੀਆ ਬਜ਼ੁਰਗ ਹੋਣ ਕਰਕੇ ਉਸ ਦਾ ਪੁੱਤਰ ਜੋਧ ਸਿੰਘ ਰਾਮਗੜ੍ਹੀਆ ਇਸ ਮੁਹਿੰਮ ਵਿੱਚ ਸ਼ਾਮਿਲ ਸੀ।ਪਰ ਸਰਦਾਰ ਗੁਲਾਬ ਸਿੰਘ ਦੇ ਫੌਤ ਹੋ ਜਾਣ ਤੇ ਘੇਰਾ ਚੁੱਕ ਲਿਆ ਗਿਆ। ਇਸੇ ਸਮੇਂ 1803 ਵਿੱਚ ਜੱਸਾ ਸਿੰਘ ਵੀ ਬੁਖਾਰ ਚੜ੍ਹਣ ਕਰਕੇ ਵਾਹਿਗੁਰੂ ਨੂੰ ਪਿਆਰਾ ਹੋ ਗਿਆ ਜਿਸ ਨਾਲ ਇੱਕ ਮਹਾਨ ਦੂਰ ਸ਼ਨਾਸ਼ ਯੋਧੇ ਦੇ ਜੀਵਨ ਦਾ ਅੰਤ ਹੋਇਆ।ਉਸ ਪਿੱਛੋਂ ਮਿਸਲ ਦੀ ਕਮਾਨ ਉਸ ਦੇ ਪੁੱਤਰ ਜੋਧ ਸਿੰਘ ਨੇ ਸੰਭਾਲੀ।

ਖੂਬੀਆਂ

ਜੱਸਾ ਸਿੰਘ ਇੱਕ ਬਹਾਦਰ, ਦਰਿਆ ਦਿਲ, ਦੂਰ ਅੰਦੇਸ਼, ਸਿਆਣਾ, ਸੂਝਵਾਨ, ਤਲਵਾਰ ਦਾ ਧਨੀ, ਮੌਕਾ ਸ਼ਨਾਸ਼, ਸੁਲਝਿਆ ਆਗੂ, ਜੱਦੀ ਸਿੱਖ, ਗਰੀਬਾਂ ਦਾ ਹਮਦਰਦ, ਜ਼ੁਲਮ ਤਸ਼ਦਦ ਦੇ ਸ਼ਿਕਾਰ ਹੋਏ ਗਰੀਬਾਂ ਦੀ ਮਦਦ ਕਰਨ ਵਾਲਾ ਤੇ ਜ਼ਾਲਮਾਂ ਨੂੰ ਸਜ਼ਾਵਾਂ ਦੇਣ ਵਾਲਾ ਸੀ। ਉਸੇ ਕਰਕੇ ਮਿਸਲਾਂ ਸਮੇਂ, ਸਾਰੀਆਂ ਮਿਸਲਾਂ ਦਾ ਪਹਾੜੀ ਰਿਆਸਤਾਂ, ਉਤਰ ਪੂਰਬੀ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਯੂ ਪੀ ਤੇ ਪੂਰਬੀ ਰਾਜਪੁਤਾਨਾ ਵਿੱਚ ਸਿੱਖਾਂ ਦਾ ਦਬਦਬਾ ਬਣਿਆ ਰਿਹਾ ਤੇ ਇਹ ਕਹਿਣਾ ਵੀ ਝੂਠ ਨਹੀਂ ਹੋਵੇਗਾ ਕਿ ਜੇ ਰਣਜੀਤ ਸਿੰਘ ਮਹਾਰਾਜਾ ਬਣਿਆ ਤੇ ਫੂਲਕੀਆ ਰਿਆਸਤਾਂ ਨੇ ਲੰਬਾ ਸਮਾਂ ਰਾਜ ਕੀਤਾ ਤਾਂ ਇਸ ਵਿੱਚ ਉਸ ਦਾ ਹੱਥ ਜ਼ਾਹਿਰ ਸੀ।

ਕੁਝ ਹੋਰ ਖਾਸ ਘਟਨਾਵਾਂ

ਜਦ ਗੁਲਾਮ ਖਾਂ ਦੇ ਭਰਾ ਨਵਾਬ ਭੰਬੂ ਖਾਨ ਨੇ ਦਿੱਲੀ ਦੇ ਬਾਦਸ਼ਾਹ ਆਲਮ ਖਾਨ ਦਾ ਕਤਲ ਕਰਕੇ ਜੱਸਾ ਸਿੰਘ ਰਾਮਗੜ੍ਹੀਆ ਤੋਂ ਪਨਾਹ ਮੰਗੀ ਤਾਂ ਉਸ ਨੂੰ ਮਾਝੇ ਵਿੱਚ ਜਗੀਰ ਦੇਕੇ ਆਪਣੇ ਸੁਰਖਿਆ ਘੇਰੇ ਵਿੱਚ ਰੱਖਿਆ।

ਜਦ ਲਾਇਕ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਕੈਦ ਵਿੱਚੋਂ ਭੱਜ ਕੇ ਜੱਸਾ ਸਿੰਘ ਰਾਮਗੜ੍ਹੀਆ ਦੀ ਪਨਾਹ ਵਿੱਚ ਆਇਆ ਤਾਂ ਉਸ ਦੀ ਸੁਰਖਿਆ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਚਾਰ ਮਹੀਨੇ ਲੜਾਈ ਕੀਤੀ ।

ਕੁਝ ਹੋਰ ਖਾਸੀਅਤਾਂ

ਦਰਿਆਦਿਲੀ
: ਇਕ ਵਾਰ ਦਿੱਲੀ ਸ਼ਹਿਨਸ਼ਾਹ ਨੇ ਉਸ ਨੂੰ ਖਿਲਤ ਨਾਲ ਬਹੁਮੁਲੀਆਂ ਵਸਤਾਂ ਭੇਜੀਆਂ ਤਾਂ ਉਸ ਨੇ ਸਿਰਫ ਹਥਿਆਰ ਰੱਖਕੇ ਬਾਕੀ ਤੋਹਫੇ ਸਾਥੀਆਂ ਵਿੱਚ ਵੰਡ ਦਿਤੇ।

ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ

ਮਿਸਲ ਕਾਲ ਦੇ ਦੋ ਵੱਡੇ ਆਗੂ ਸਨ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ। ਆਹਲੂਵਾਲੀਆ ਸ: ਕਪੂਰ ਸਿੰਘ ਦੇ ਵਰੋਸਾਏ ਹੋਣ ਕਰਕੇ ਜੱਦੀ ਰੁਤਬਾ ਰਖਦੇ ਸਨ ਜਦ ਕਿ ਰਾਮਗੜ੍ਹੀਆ ਨੇ ਅਪਣੇ ਬਲ ਬੂਤੇ ਤੇ ਬਹਾਦੁਰੀ ਸਦਕਾ ਅਪਣੀ ਧਾਕ ਜਮਾਈ ਹੋਈ ਸੀ। ਜਦ ਸਾਰੀਆਂ ਮਿਸਲਾਂ ਨੇ ਇਕੱਠੇ ਫੇਸਲੇ ਲੈਣੇ ਹੁੰਦੇ ਤਾਂ ਇਨ੍ਹਾਂ ਦੋਨਾਂ ਦੀ ਮੰਨੀ ਜਾਂਦੀ । ਦੋਨਾਂ ਦੀ ਘਲੂਘਾਰਿਆ ਵਿੱਚ ਬਹਾਦੁਰੀ ਬੇਮਿਸਾਲ ਹੈ। ਆਹਲੂਵਾਲੀਆ ਪੰਜਾਬ ਤੱਕ ਸੀਮਿਤ ਰਿਹਾ ਜਦ ਕਿ ਰਾਮਗੜ੍ਹੀਆ ਨੇ ਪੰਜਾਬੋਂ ਬਾਹਰ ਹਿਮਾਚਲ, ਹਰਿਆਣਾ, ਯੂਪੀ ਰਾਜਿਸਥਾਨ, ਦਿੱਲੀ ਤੱਕ ਧਾਕ ਜਮਾਈ ਹੋਈ ਸੀ ਤੇ ਸਿੱਖ ਕੌਮ ਦੇ ਝੰਡੇ ਝੁਲਾਏ ਹੋਏ ਸਨ।ਇਸ ਤਰ੍ਹਾਂ ਜੱਸਾ ਸਿੰਘ ਰਾਮਗੜ੍ਹੀਆ ਦੀ ਪੰਥ ਪ੍ਰਤੀ ਘਾਲਣਾ ਮਹਾਨ ਹੈ।

References

• Bhagat Singh, A History of Sikh Misls, The Ramgarhia Misl, Punjabi University, Patiala, 1993, pp. 116-129

• Bute Shah, Tarikh-i-Pinjab, IV Punjabi University Library, Patiala, p.55

• Ganesh Das Badhera, Char Bagh-i-Punjab (1855), Amritsar, 1965, p.142

• Gian Singh, Twarikh Guru Khalsa, Part II, reprint, Patiala, 1970, pp.231-34Ali-ud-Din-Mufti, Ibratnama (1854), Vol I, Lahore, 1961, p.304

• Kanaihya Lal, Tarikh-i-Punjab, Lahore, 1877, p. 91

• Khushwaqat Rai, Tarikh-i-Sikhan (1811) MS, Punjabi University Library, Patiala, p.72

• Lapel Griffin, Punjab Chief, Lahore, 1865,p.170 hvwly-1

• McGregor, History of the Sikhs, I, 1846, Allahabad reprint, 1979, p.130.

• Mohammad latif, History of the Panjab, New Delhi, reprint 1964, p.343

• Mohammad Latif, History of the Punjab, 1891, Delhi 1964, p.306

• Rattan Singh Bhangu, Prachin Panth Parkash (1841) Amritsar, 1939, pp 311-315

• Sardar Sunder Sngh Ramgarhia, Annals of Ramgarhia Sardars, The Punjab Past and Present , Vol. VIII-II Oct 1974, pp. 415-427

• Sohal Lal, Suri, Umdat-ut-Twarikh, Lahore, 1885, p.18

• Suraj Singh and Darbara Singh, itihas Ramgarhian, Vol I, Lahore, 1915, p. 411

• Teja Singh Ganda Singh, A Short History of the Sikhs, Bombay, 1950, p.139
 

Attachments

  • 1683333043736.png
    1683333043736.png
    1.9 MB · Reads: 283
📌 For all latest updates, follow the Official Sikh Philosophy Network Whatsapp Channel:

Latest Activity

Top