Punjabi- Bhai Bala kalpat ki sach | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi- Bhai Bala kalpat ki sach

Dalvinder Singh Grewal

Writer
Historian
SPNer
Jan 3, 2010
642
383
75
ਭਾਈ ਬਾਲਾ-ਕਲਪਿਤ ਕਿ ਸੱਚ
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726

ਭਾਈ ਬਾਲੇ ਵਾਲੀ ਸਾਖੀ ਜੋ ਗੁਰੂ ਅੰਗਦ ਦੇਵ ਜੀ ਨੇ ਭਾਈ ਪੈੜੇ ਮੋਖੋ ਤੋਂ, ਭਾਈ ਬਾਲੇ ਦੀ ਕਥਾ ਅਨੁਸਾਰ ਲਿਖਵਾਈ, ਕਾਫੀ ਚਰਚਾ ਦਾ ਵਿਸ਼ਾ ਹੈ । ਇਸ ਦਾ ਮੁੱਖ ਕਾਰਨ ਗੁਰੂ ਨਾਨਕ ਦੇਵ ਜੀ ਦੀ ਸਹੀ ਜੀਵਨੀ ਦਾ ਰਿਕਾਰਡ ਪੂਰਨ ਠੀਕ ਹੋਣਾ ਜਾਂ ਪੂਰਾ ਨਾ ਹੋਣਾ ਇਸੇ ਸਾਖੀ ਤੋਂ ਕਾਫੀ ਪ੍ਰਭਾਵਿਤ ਹੁੰਦਾ ਹੈ । ਪਹਿਲਾਂ ਪਹਿਲ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਸਹੀ ਮੰਨ ਕੇ ਸਿੱਖ ਇਤਿਹਾਸ ਲਿਖਿਆ ਜਾਂਦਾ ਰਿਹਾ ਪਰ ਜਦ ਪ੍ਰਸਿੱਧ ਹਿਸਟੋਰੀਅਨ ਸ: ਕਰਮ ਸਿੰਘ ਹੋਰਾਂ ਭਾਈ ਬਾਲੇ ਦੀ ਹੋਂਦ ਤੇ ਹੀ “ਕਿੰਤੂ” ਕਰ ਦਿਤਾ ਤੇ ਇਹ ਆਖ ਦਿਤਾ ਕਿ ਭਾਈ ਬਾਲਾ ਨਾਂ ਦਾ ਕੋਈ ਸਾਥੀ ਗੁਰੂ ਜੀ ਨਾਲ ਹੈ ਹੀ ਨਹੀਂ ਸੀ ਤਦ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਆਧਾਰ ਵੀ ਉਖੜ ਗਿਆ । ਇਸ ਤੋਂ ਵੱਧ ਅਸਰ ਪਿਆ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਸਹੀ ਮਿਤੀ ਦਾ । ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਗੁਰੂ ਜੀ ਦਾ ਜਨਮ ਦਿਨ “ਸਮਤੁ 1526 ਮਿਤੀ ਕਤਕ ਸੁਦੀ ਪੂਰਨਮਾਸੀ । ਨਾਨਕ ਜਨਮ ਲੀਤਾ ਅਧੀ ਰਾਤ ਘੜੀ ਉਪਰਿ; ਕਾਲੂ ਵੇਦੀ ਦੇ ਘਰਿ” ਸੀ । ਪਰ ਸ: ਕਰਮ ਸਿੰਘ ਹੋਰਾਂ ਨੇ ਆਪਣੇ ਲੇਖ ‘ਕਤੱਕ ਕਿ ਵਿਸਾਖ’ ਵਿਚ (ਰਸਾਲਾ ਫੁਲਵਾੜੀ, ਅਪ੍ਰੈਲ 1926) ਤੇ ਪੁਸਤਕ ‘ਕਤੱਕ ਕਿ ਵਿਸਾਖ” ਵਿਚ ਗੁਰੂ ਜੀ ਦਾ ਜਨ “ਵੈਸਾਖ ਸ਼ੁਦੀ ਤਿੰਨ 1526 ਸੰਮਤ ਦਾ ਮੰਨਿਆ ਜੋ ਸਾਖੀ ਮਿਹਰਬਾਨ, ਪੁਰਾਤਨ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਨੂੰ ਮੁੱਖ ਰਖ ਕੇ ਮੰਨਿਆ ਗਿਆ ।
ਇਹ ਗੱਲ ਸੱਚ ਹੈ ਕਿ ਗੁਰੂ ਨਾਨਾਕ ਦੇਵ ਜੀ ਦੇ ਸਮੇਂ ਨਾ ਹੀ ਪੁਰਾਤਨ ਜਨਮ ਸਾਖੀ ਦਾ ਲੇਖਕ (ਸਮਾਂ ਸੰਮਤ 1791) ਨਾ ਹੀ ਸੋਢੀ ਮਿਹਰਬਾਨ (ਸੰਮਤ 1885 ਮਿਤੀ ਚੇਤ ਸੁਦੀ ਪੰਚਮੀ ਸ਼ੁਕਰਵਾਰ ਦੀ ਲਿਖੀ) ਤੇ ਨਾ ਹੀ ਭਾਈ ਮਨੀ ਸਿੰਘ ਹੋਰੀਂ ਹੀ ਸਨ ਇਸ ਕਰਕੇ ਉਨ੍ਹਾਂ ਦਾ ਲਿਖਿਆ ਸੌ ਫੀ ਸਦੀ ਸੱਚ ਮਨ ਲੈਣਾ, ਸਿਰਫ ਇਸ ਕਰਕੇ ਕਿ ਪਹਿਲਾਂ ਵਾਲਾ ਲੇਖਕ ਗੁਰੂ ਜੀ ਸਮੇਂ ਹੈ ਹੀ ਨਹੀਂ ਸੀ, ਠੀਕ ਨਹੀਂ ਹੈ ।
ਹੁਣ ਸਵਾਲ ਉਠਦਾ ਹੈ ਕਿ ਕੀ ਭਾਈ ਬਾਲਾ ਸਚਮੁੱਚ ਹੀ ਕਲਪਿਤ ਵਿਅਕਤੀ ਹੈ? ਭਾਈ ਬਾਲੇ ਨੂੰ ਕਲਪਿਤ ਵਿਅਕਤੀ ਕਹਿਣ ਵਾਲੇ ਸਰਦਾਰ ਕਰਮ ਸਿੰਘ ਹੋਰਾਂ ਨੇ ਜੋ ਤੱਥ ਪੇਸ਼ ਕੀਤੇ ਹਨ ਉਹ ਇਹ ਹਨ ਕਿ :
(ੳ) ਸਭ ਤੋਂ ਪੁਰਾਣੀ ਲਿਖਤ ਉਹ ਜਨਮ ਸਾਖੀ ਹੈ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ । ਇਸ ਜਨਮ ਸਾਖੀ ਵਿਚ ਸਤਿਗੁਰ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਿਸਾਖ ਸੁਦੀ ਤਿੰਨ ਹੀ ਦਿੱਤੀ ਗਈ ਹੈ ।
(ਅ) ਇਸ ਪੁਰਾਣੀ ਲਿਖਤ ਤੋਂ ਉੱਤਰ ਕੇ ਦੂਜੀ ਪੁਰਾਣੀ ਲਿਖਤ ਜੋ ਮੈਂ ਵੇਖੀ ਹੈ ਉਹ ਬਾਬਾ ਮਿਹਰਬਾਨ ਜੀ ਦੀ ਲਿੀਖ ਪੋਥੀ ਹੈ । ਬਾਬਾ ਮਿਹਰਬਾਨ ਜੀ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਦੇ ਸਮਕਾਲੀ ਸਨ । ਆਪ ਦੀ ਪੋਥੀ ਵਿਚ ਵੀ ਸਤਿਗੁਰ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਿਸਾਖ ਸੁਦੀ ਤਿੰਨ ਹੀ ਦਿਤੀ ਹੈ ।
(ੲ) ਇਸ ਤੋਂ ਬਿਨਾਂ ਭਾਈ ਮਨੀ ਸਿੰਘ ਜੀ ਦੀ ਸਾਖੀ ਵਿਚ ਵੀ ਵਿਸਾਖ ਸੁਦੀ ਤਿੰਨ ਹੀ ਹੈ ।
(ਸ) ਮਹਿਮਾ ਪ੍ਰਕਾਸ਼ ਦਾ ਪਹਿਲਾਂ ਹਿੱਸਾ ਸੰਮਤ 1826 ਬਿ: ਵਿਚ ਲਿਖਿਆ ਗਿਆ ਸੀ ਉਸ ਹਿੱਸੇ ਵਿਚ ਤਾਂ ਵੈਸਾਖ ਸੁਦੀ 3 ਤਾਰੀਖ ਮੰਨੀ ਹੈ ਪਰ ਪਿਛਲਾ ਹਿਸਾ ਜੋ ਸੰਤ 1856 ਦੇ ਲਗਭਗ ਲਿਖਿਆ ਸੀ, ਉਸ ਵਿਚ ਭਾਈ ਬਾਲੇ ਦਾ ਵੀ ਨਾਮ ਆਇਆ ਹੈ । ਇਸ ਤੋਂ ਜਾਪਦਾ ਹੈ ਕਿ ਭਾਈ ਬਾਲੇ ਦੀ ਜਨਮ ਸਾਖੀ ਦਾ ਰਿਵਾਜ ਪਿੱਛੋਂ ਚੱਲਿਆ ।
(ਹ) ਭਾਈ ਬਾਲੇ ਵਾਲੀ ਜਨਮ ਸਾਖੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਾਂ ਦੀ ਤਰਤੀਬ ਕਈ ਥਾਂਈ ਉਸੇ ਤਰ੍ਹਾਂ ਹੈ ਜਿਸ ਦਾ ਭਾਵ ਭਾਈ ਬਾਲੇ ਵਾਲੀ ਜਨਮ ਸਾਖੀ । ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਤਿਆਰ ਕੀਤਾ ਸੀ ।
(ਕ) ਪਹਿਲੀ ਪਾਤਸ਼ਾਹੀ ਤੋਂ ਬਿਨਾਂ ਦੂਜੀਆਂ ਪਾਤਸ਼ਾਹੀਆਂ ਦੇ ਸ਼ਬਦ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹਨ । ਮਸੰਦ ਸ਼ਬਦ ਸਿੱਖਾਂ ਵਿਚ ਪੰਚਮ ਪਾਤਸ਼ਾਹ ਜੀ ਦੇ ਸਮੇਂ ਪ੍ਰਚਲਤ ਹੋਇਆ ਹੈ ਪਰ ਇਹ ਸ਼ਬਦ ਵੀ ਜਨਮ ਸਾਖੀ ਵਿਚ ਮਿਲਦਾ ਹੈ ।
(ਖ)ਹੋਰ ਵੀ ਕਈ ਗੱਲਾਂ ਐਸੀਆ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਦਸ਼ਮੇਸ਼ ਜੀ ਦੇ ਸਮੇਂ ਹੀ ਲਿਖੀ ਗਈ ਹੋਵੇਗੀ ਇਸ ਤੋਂ ਪਹਿਲਾਂ ਨਹੀਂ ।
(ਗ) ਜੇ ਕਰ ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀ ਨੂੰ ਵੇਖਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਦਾ ਲਿਖਣ ਵਾਲਾ ਕੋਈ ਹਿੰਦਾਲੀਆ ਹੈ । ਜੇ ਕਰ ਬਾਬਾ ਹੰਦਾਲ ਜੀ ਦੇ ਪੁੱਤਰ ਦੀਆਂ ਪਰਚੀਆਂ ਤੇ ਇਸ ਜਨਮ ਸਾਖੀ ਨੂੰ ਰਲਾ ਕੇ ਪੜ੍ਹਿਆ ਜਾਵੇ ਤਾਂ ਸਾਫ ਸਿੱਧ ਹੋ ਜਾਂਦਾ ਹੈ ਕਿ ਇਹ ਦੋਵੇਂ ਸਾਖੀਆਂ ਇਕ ਹੀ ਕਲਮ ਦੀਆਂ ਲਿਖੀਆਂ ਹੋਈਆਂ ਹਨ, ਜਿਸ ਦਾ ਅੰਤ੍ਰੀਵ ਭਾਵ ਸਤਿਗੁਰੂ ਜੀ ਨੂੰ ਛੋਟਾ ਤੇ ਬਾਬਾ ਹੰਦਾਲ ਨੂੰ ਵੱਡਾ ਸਿੱਧ ਕਰਨਾ ਹੈ ।
(ਘ) ਇਸ ਲਈ ਕਿ ਜਨਮ-ਸਾਖੀ ਸਿੱਖਾਂ ਵਿਚ ਸਾਹਿਬ ਪ੍ਰਚੱਲਤ ਹੋ ਸਕੇ ਇਸ ਦਾ ਕਰਤਾ ਭਾਈ ਬਾਲਾ ਬਣਾਇਆ ਗਿਆ ਹੈ । ਜਿਸ ਨੂੰ ਸਤਿਗੁਰੂ ਜੀ ਦਾ ਸਾਥੀ ਬਣਾ ਦਾ ਵਧੀਕ ਪਰਮਾਣੀਕ ਬਣਾਉਣ ਦਾ ਯਤਨ ਕੀਤਾ ਗਿਆ ਪਰ ਅਸਲ ਗੱਲ ਇਹ ਹੈ ਕਿ ਭਾਈ ਬਾਲਾ ਕੋਈ ਹੋਇਆ ਹੀ ਨਹੀਂ ।
(ਙ) ਭਾਈ ਗੁਰਦਾਸ ਜੀ ਨੇ ਯਾਰਵੀਂ ਵਾਰ ਵਿਚ ਉਨ੍ਹਾਂ ਸਿੱਖਾਂ ਦੇ ਨਾਮ ਲਿਖੇ ਹਨ ਜਿਨ੍ਹਾਂ ਦਾ ਕਿਸੇ ਨਾ ਕਿਸੇ ਪਾਤਸ਼ਾਹੀ ਨਾਲ ਸਬੰਧ ਰਿਹਾ ਹੈ । ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚੋਂ ਭਾਈ ਬਾਲੇ ਦਾ ਨਾਮ ਤਾਂ ਆਉਂਦਾ ਹੈ ਪਰ ਬਾਲੇ ਦਾ ਨਾਮ ਕਿਤੇ ਨਹੀਂ ਆਉਂਦਾ । ਭਾਈ ਮਰਦਾਨੇ ਦਾ ਨਾਂ ਹਰ ਇਕ ਹੱਥ ਲਿਖਤ ਵਿਚ ਹੈ ।
(ਚ) ਭਾਈ ਬਾਲੇ ਦੀ ਕਲਪਣਾ ਹੰਦਾਲੀਆ ਨੇ ਗੁਰੂ ਜੀ ਨੂੰ ਛੁਟਿਆਉਣ ਲਈ ਹੀ ਕੀਤੀ ।
(ਛ) ਕੱਤਕ ਮਹੀਨੇ ਵਿਚ ਗੁਰੂ ਜੀ ਦਾ ਜਨਮ ਦਰਸਾਉਣਾ, ਮਹੀਨਾ ਜੋ ਹਿੰਦੂਆਂ ਵਿਚ ਭੈੜਾ ਗਿਣਿਆ ਜਾਂਦਾ ਹੈ, ਵੀ ਇਸੇ ਸਕੀਮ ਦਾ ਹਿੱਸਾ ਸੀ । ਸੋ ਭਾਈ ਬਾਲਾ ਇਕ ਕਪੋਲ ਕਲਪਿਤ ਵਸਤੂ ਹੈ ।
ਸ: ਕਰਮ ਸਿੰਘ ਹਿਸਟੋਰੀਅਨ ਦੇ ਪਿੱਛੇ ਲੱਗ ਕੇ ਪ੍ਰਸਿਧ ਇਤਿਹਾਸਕਾਰ, ਭਾਈ ਕਾਹਨ ਸਿੰਘ ਨਾਭਾ, ਪ੍ਰਿੰਸੀਪਲ ਜੋਧ ਸਿੰਘ, ਡਾ: ਤਾਰਨ ਸਿੰਘ, ਡਾ. ਗੋਪਾਲ ਸਿੰਘ ਦਰਦੀ, ਡਾ: ਹਰੀ ਰਾਮ ਗੁਪਤਾ, ਪ੍ਰੋ: ਸਾਹਿਬ ਸਿੰਘ, ਪ੍ਰੋ: ਕਰਤਾਰ ਸਿੰਘ ਸੋਢੀ, ਤੇਜਾ ਸਿੰਘ, ਪ੍ਰਿੰ: ਸਤਿਬੀਰ ਸਿੰਘ, ਪ੍ਰਿੰ: ਤੇਜਾ ਸਿੰਘ, ਪ੍ਰੋ: ਜੋਗਿੰਦਰ ਸਿੰਘ, ਸ: ਕਪੂਰ ਸਿੰਘ ਸ: ਖੁਸ਼ਵੰਤ ਸਿੰਘ, ਡਾ: ਗੁਰਬਚਨ ਸਿੰਘ ਤਾਲਿਬ, ਸ: ਹਰਨਾਮ ਸਿੰਘ ਸ਼ਾਨ, ਪ੍ਰੋ: ਸ਼ੇਰ ਸਿੰਘ ਐਮ. ਏ. ਗਿ: ਹੀਰਾ ਸਿੰਘ ਦਰਦ, ਸ: ਅਮਰ ਸਿੰਘ ਸ਼ੇਰੇ ਪੰਜਾਬ, ਸ: ਗੁਰਮੁਖ ਨਿਹਾਲ ਸਿੰਘ, ਮੈਕਾਲਫ, ਡਾ: ਗੰਡਾ ਸਿੰਘ ਆਦਿ ਨੇ ਵੀ ਭਾਈ ਬਾਲਾ ਨੂੰ ਕਲਪਿਤ ਵਿਅਕਤੀ ਮੰਨ ਲਿਆ ਤੇ ਗੁਰੂ ਜੀ ਦਾ ਜਨਮ ਦਿਨ ਦੂਸਰੀਆਂ ਜਨਮ ਸਾਖੀਆਂ ਦੇ ਆਧਾਰ ਤੇ ਵਸਾਖ ਦੀ ਤੀਜ ਸੰਮਤ 1526 ਲਿਖਿਆ ।
ਜੇ ਗਹੁ ਨਾਲ ਵਿਚਾਰੀਏ ਤਾਂ ਸ: ਕਰਮ ਸਿੰਘ ਹਿਸਟੋਰੀਆਂਨ ਦੇ ਪੇਸ਼ ਕੀਤੇ ਤੱਥਾਂ ਦੀ ਜੜ੍ਹ ਸੁਭਾਵਿਕ ਹੀ ਹਿਲ ਜਾਂਦੀ ਹੈ । ਆਉ, ਉਨ੍ਹਾਂ ਦੇ ਦਿਤੇ ਤੱਥਾਂ ਨੂੰ ਘੋਖ ਕੇ ਵੇਖੀਏ ।
(ੳ) ਸ: ਕਰਮ ਸਿੰਘ ਦਾ ਇਹ ਆਖਣਾ ਕਿ ਸਭ ਤੋਂ ਪੁਰਾਣੀ ਹੱਥ ਲਿਖਤ ਉਹ ਜਨਮ ਸਾਖੀ ਹੈ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ ਸਹੀ ਨਹੀਂ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸੂਚਕ ਪ੍ਰਸੰਗ ਗੁਰੂ ਕਾ (ਕ੍ਰਿਤ ਭਾਈ ਬਹਿਲੋ) ਵਿਚ ਇਹ ਜ਼ਿਕਰ ਹੈ :
ਗੁਰੂ ਅੰਗਦ ਪਹਿ ਬਾਲਾ ਅਇਆ ।
ਜਨਮ ਪ੍ਰਸੰਗ ਸ੍ਰ ਭਾਖ ਸੁਣਾਇਆ ।
(ਪੰਜਾਬੀ ਹੱਥ ਲਿਖਤਾਂ ਦੀ ਸੂਚੀ ਭਾਗ ਪਹਿਲਾ 1960 ਪੰਨਾ 361)
ਇਸ ਦਾ ਭਾਵ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਮੁੱਢ ਵਿਚ ਲਿਖਿਆ ਇਹ ਬਿਆਨ “ਪੋਥੀ ਲਿਖੀ ਪੈੜੇ ਮੋਖੇ ਸੁਲਤਾਨਪੁਰ ਕੇ ਖਤਰੀ” ਗੁਰੂ ਅੰਗਦ ਲਿਖਵਾਈ ਪੈੜਾ ਮੋਖਾ ਬਾਲੇ ਸੰਧੂ ਜਟੇਟੇ ਨਾਲਿ ਰਾਇ ਭੋਇ ਦੀ ਤਲਵੰਡੀ ਆਇਆ ਆਹਾ । ਗੁਰੂ ਅੰਗਦ ਜੀ ਨੇ ਢੂਢਿਕੇ ਲਧਾ ਆਹਾ । ਦੁਇ ਮਹੀਂਨੇ ਸਤਾਰਹ ਦਿਨ ਲਿਖ ਦਿਆ ਲੱਗੇ ਆਹੋ । ਜੋ ਹਕੀਕਤ ਆਹੀ ਜਿਥੇ ਜਿਥੇ ਫਿਰੇ ਆਹੇ ਤਿਥੇ ਤਿਥੇ ਦੀ ਹਕੀਕਤ ਸਹਿਜ ਨਾਲ ਭਾਈ ਬਾਲੇ ਲਿਖਾਈ । ਬਾਲੇ ਉਪਰਿ ਗੁਰੂ ਅੰਗਦੂ ਬਹੁਤੁ ਖੁਸੀ ਹੋਇਆ । ਭਾਈ ਬਾਲੇ ਅਤੇ ਮਰਦਾਨੇ ਰਬਾਬੀ ਨਾਲਿ ਫਿਰੇ ਆਹਾ ਮੋਦੀਖਾਨੇ ਦਾ ਵਖਤ ਬਾਲਾ ਨਾਲੋ ਆਹਾ ।”
(ਅ) ਗੁਰੂ ਮਹਿਮਾ ਪ੍ਰਕਾਸ਼ ਤੇ ਜਨਮ ਸਾਖੀ ਭਾਈ ਮਨੀ ਸਿੰਘ ਵਿਚ ਵੀ ਭਾਈ ਬਾਲੇ ਦਾ ਵਰਨਣ ਹੈ :
1. ਚਲੇ ਆਏ ਬਾਬਾ ਲਹਿਣਾ ਜੀ ਸੰਗ
ਬਾਲਾ ਬੁੱਢਾ ਸਾਧਾਰਨ ਰੰਗ ।
2. ਤਹਾ ਦਯਾਲ ਬਚਨ ਮੁਖ ਭਾਖਾ
ਸਾਧਾਰਨ ਬਾਲੇ ਕੋ ਆਖਾ
ਇਹ ਜੋ ਮ੍ਰਿਤਕ ਚਿਕਾ ਪਰ ਆਹਿ
ਤੁਮ ਸਭ ਦਿਨ ਕੋ ਲੀਜੈ ਖਾਇ
3. ਪੁਨ ਬਾਲਾ ਬੁਢਾ ਸਾਧਾਰਨ ਮਿਲੇ
ਅਤਿ ਪ੍ਰਸੰਨ ਨਿਜ ਗ੍ਰਿਹ ਕੋ ਚਲੇ ॥
4. ਬਾਲਾ ਸੰਧੂ ਅਉਰ ਸਭ, ਜੇਤੇ ਪ੍ਰੇਮੀ ਦਿਆਲ
ਸੁਨਿ ਪਰਮ ਧਰਮ ਬਾਬਾ ਚਲੇ, ਸਭ ਆਏ ਤਤਕਾਲ
(ੲ) ਭਾਈ ਮਨੀ ਸਿੰਘ ਹੋਰਾਂ ਨੇ ਸਫੇ 264 ਤੋਂ 564 ਤਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਰ ਥਾਵੇਂ ਭਾਈ ਬਾਲੇ ਸੰਧੂ (ਚੋਰ ਬਰਦਾਰ) ਦਾ ਜ਼ਿਕਰ ਬੜੇ ਭਾਵ-ਪੂਰਿਤ ਸ਼ਬਦਾਂ ਨਾਲ ਕੀਤਾ ਹੈ ।
(ਸ) ਭਾਈ ਬਾਲੇ ਵਾਲੀ ਸਾਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਤਰਤੀਬ ਬਾਰੇ ਇਹ ਕਹਿਣਾ ਕਿ ਭਾਈ ਬਾਲੇ ਨੇ ਤਰਤੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਲਈ ਹੈ ਕੁਝ ਜਚਦਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਭਾਈ ਬਾਲੇ ਵਾਲੀ ਸਾਖੀ ਨੂੰ ਮੁੱਖ ਰਖ ਕੇ ਵੀ ਤਾਂ ਮੰਨੀ ਜਾ ਸਕਦੀ ਹੈ । ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਦੋ ਸ਼ਬਦ ਗੁਰੂ ਅਰਜਨ ਦੇਵ ਜੀ ਦੋ ਵੀ ਹਨ । ਹੋ ਸਕਦਾ ਹੈ ਏਨਾਂ ਸ਼ਬਦਾਂ ਦਾ ਰਲਾ ਬਾਅਦ ਵਿਚ ਭਰ ਲਿਆ ਹੋਵੇ ਜਿਵੇਂ ਕਿ ਸ: ਕਰਮ ਸਿੰਘ ਹੋਰਾਂ ਨੇ ਆਪ ਵੀ ਮੰਨਿਆ ਹੈ ।
(ਕ) ਬਾਈ ਬਾਲੇ ਵਾਲੀ ਜਨਮ ਸਾਖੀ ਵਿਚ ਗੁਰੂ ਨਾਨਕ ਨੂੰ ਨੀਵਾਂ ਦਿਖਾਉਣ ਤੇ ਹਿੰਦਾਲੀਆਂ ਨੂੰ ਉਚਾ ਦਿਖਾਉਣ ਵਾਲੀ ਗੱਲ ਕਿਧਰੇ ਨਹੀਂ ਮਿਲਦੀ । ਇਸ ਲਈ ਇਹ ਕਹਿਣਾ ਕਿ ਭਾਈ ਬਾਲੇ ਦਾ ਨਾਮ ਇਸ ਲਈ ਰਖਿਆ ਗਿਆ ਤਾਂ ਕਿ ਹਿੰਦਾਲੀਆਂ ਦੀ ਬੁਰੀ ਨੀਤ ਢਕੀ ਜਾਵੇ ਤੇ ਜੋ ਉਨ੍ਹਾਂ ਲਿਖਿਆ ਭਾਈ ਬਾਲੇ ਦੇ ਨਾਂ ਤੇ ਸਭ ਸੱਚ ਮੰਨ ਲਿਆ ਜਾਵੇ ।
(ਖ) ਭਾਈ ਗੁਰਦਾਸ ਜੀ ਨੈ ਯਾਰਵੀਂ ਵਾਰ ਵਿਚ ਗੁਰੂ ਸਾਹਿਬਾਨਾਂ ਦੇ ਸਾਰੇ ਸਿੱਖਾਂ ਦੇ ਹੀ ਨਾਮ ਨਹੀਂ ਲਿਖੇ ਸਗੋਂ ਕਾਫੀ ਸਿੱਖਾਂ ਦੇ ਨਾਮ ਰਹਿ ਗਏ ਹਨ ਜਿਵੇਂ ਰਇ ਬੁਲਾਰ, ਭਾਈ ਕਮਲੀਆ, ਸਾਧਾਰਨ, ਬੂੜਾ ਕਲਾਲ, ਭਾਈ ਪੈੜਾ ਮੋਖਾ ਆਦਿ ।
(ਗ) ਭਾਈ ਬਾਲੇ ਵਾਲੀ ਜਨਮਸਾਖੀ ਵਿਚ ਮਸੰਦ ਨਾਂ ਦਾ ਸ਼ਬਦ ਕਿਤੇ ਨਹੀਂ ।
(ਘ) ਕਤੱਕ ਦੀ ਪੂਰਨਮਾਸ਼ੀ ਨੂੰ ਬੁਰਾ ਆਖਣਾ ਗਲਤ ਹੈ । ਗੁਰੂ ਜੀ ਦਾ ਜਨਮ ਕਿਸੇ ਤਿੱਥ ਤਿਉਹਾਰ ਨੂੰ ਦੇਖ ਕੇ ਨਹੀਂ ਸੀ ਹੋਇਆ । ਉਹ ਤਾਂ ਸਗੋਂ ਤਿਥ ਤਿਉਹਾਰਾਂ ਦੇ ਭਲੇ-ਮੰਦੇ ਦੇ ਭਰਮਾਂ ਵਿਚੋਂ ਦੁਨੀਆਂ ਨੂੰ ਕੱਢਣ ਆਏ ਸਨ । ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਬਹਾਦੁਰ, ਮਹਾਰਾਜਾ ਸਾਹਿਬ ਸਿੰਘ, ਆਦਿ ਸਭਨਾਂ ਦਾ ਜਨਮ ਕਤਕ ਦਾ ਹੈ ।
(ਚ) ਪੋਥੀ ਲਿਖਣ ਦਾ ਸਮਾਂ ਜੋ ਭਾਈਬਾਲੇ ਵਾਲੀ ਜਨਮ ਸਾਖੀ ਵਿਚ ਅੰਕਿਤ ਦਸਿਆ ਜਾਂਦਾ ਹੈ ਵੱਖ ਵੱਖ ਹੈ ਜਿਸ ਦਾ ਮਤਲਬ ਉਤਾਰੇ ਵੇਲੇ ਦੀ ਗਲਤੀ ਹੈ ਜਨਮ ਸਾਖੀ ਭਾਈ ਬਾਲਾ ਤੇ ਇਹ ਲਿਖਿਆ ਸਹੀ ਜਾਪਦਾ ਹੈ “ਜਨਮ ਪਤ੍ਰੀ ਬਾਬੇ ਨਾਨਕ ਜੀ ਕਿ ਲਿਖੀ ਸੰਮਤ 1598 ਥਿੱਤ ਪੰਚਮੀ 5 ਪੋਥੀ ਲਿਖੀ ਪੈੜੇ ਮੋਖੇ । ਸੁਲਤਾਨ ਪੁਰ ਦੇ ਵਸਨੀਕ ਖਤਰੇਟੇ ਨੇ, ਗੁਰੂ ਅੰਗਦ ਜੀ ਲਿਖਾਈ । ਪੈੜੇ ਮੋਖੇ ਲਿਖੀ । ਮੁਖ ਸਤਿ ਭਾਈ ਬਾਲੇ ਸੰਧੂ ਜਟੇਟੇ ਦੀ, ਰਾਇ ਭੋਇ ਦੀ ਤਲਵੰਡੀ ਆਇਆ ਆਹਾ ।........ ਮੋਦੀ ਖਾਨੇ ਦੇ ਵਖਤ ਭਾਈਬਾਲਾ ਨਾਲੇ ਆਹਾ ।” ਤੋਂ ਇਹ ਸ਼ੰਕਾ ਕਿ ਪੋਥੀ 1582 ਵਿਚ ਲਿਖੀ ਨਹੀਂ ਜਾ ਸਕਦੀ, ਦੂਰ ਹੁੰਦੀ ਹੈ । ਪੋਥੀ ਲਿਖਣ ਦਾ ਸਹੀ ਸੰਨ 1596 ਭਾਵ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਦੋ ਵਰ੍ਹੇ ਬਾਅਦ ਦਾ ਹੈ ।
(ਛ) ਬਾਬਾ ਲਖਮੀ ਚੰਦ ਸਾਹਿਬਜਾਦੇ ਸ੍ਰੀ ਗੁਰੂ ਨਾਨਕ ਜੀ ਦੀ ਜੀਵਨੀ ਲਿਖੀ ਹੈ ਜੋ ਆਮ ਲੋਕਾਂ ਦੇ ਸਾਹਮਣੇ ਨਹੀਂ ਆਈ ।
(ਜ) ਪੰਡਿਤ ਅਰਜਨ ਮੁਨੀ ਹੋਰਾਂ ਨੇ ‘ਗੁਰਦੁਆਰਾ ਦਰਪਣ’ ਵਿਚ ਗੁਰੂ ਜੀ ਦਾ ਟੇਵਾ ਦਿੰਦੇ ਹੋਏ ਲਿਖਿਆ ਹੈ ਗੁਰੂ ਨਾਨਕ ਜੀ ਕਾਲੂ ਚੰਦ ਮਹਿਤੇ ਦੇ ਘਰ ਮੇਂ ਸੰਮਤ 1526 ਬਿਕ੍ਰਮੀ ਕੋ ਕੱਤਕ ਸ਼ੁਦੀ ਪੂਰਣਮਾਸੀ ਮੇਂ ਰਾਇ ਭੋਾਇ ਦੀ ਤਲਵੰਡੀ ਮੇਂ ਇਕ ਪਹਿਰ ਰਾਤ ਰਹਿਤੇ ਮਾਤਾ ਤ੍ਰਿਪਤ ਜੀ ਦੇ ਪ੍ਰਾਦੁਰ ਭਾਵ ਹੂਆ ।” ਜਿਸ ਤੋਂ ਸਿੱਧ ਹੁਮਦਾ ਹੈ ਕਿ ਗੁਰੂ ਜੀ ਦਾ ਜਨਮ ਕਤੱਕ ਪੂਰਨਮਾਸ਼ੀ ਦਾ ਸੀ ।
(ਙ)ਉਪਰੋਕਤ ਤੱਥ ਤਾਂ ਲਿਖਤੀ ਗਵਾਹੀਆਂ ਦੇ ਆਧਾਂਰਤ ਹਨ ਪਰ ਜੋ ਸ਼ਾਹਦੀ ਲੇਕਕ ਨੇ ਆਪਣੀ ਅੱਖੀਂ ਵੇਖੀ ਹੈ ਉਸ ਤੋਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਭਾਈ ਬਾਲਾ ਗੁਰੂ ਜੀ ਦਾ ਸਾਥੀ ਸੀ । ਇਹ ਸ਼ਾਹਦੀ ਇਉਂ ਹੈ :
1. ਗੁਹਾਟੀ ਕੋਲ ਹਜੋ ਨਾਂ ਦੀ ਥਾਂ ਤੇ ਗੁਰੂ ਨਾਨਕ ਕੁੰਡ, ‘ਬਾਲਾ ਕੁੰਡ’ ਤੇ ‘ਮਰਦਾਨਾ ਕੁੰਡ’ ਜੋ ਗੁਰੂ
ਨਾਨਕ ਦੇਵ ਜੀ ਤੇ ਉਨ੍ਹਾਂ ਦੇ ਸਾਥੀਆਂ ਦੇ ਨਾਂ ਤੇ ਰੱਖੇ ਗਏ ਲੇਖਕ ਨੇ ਖੁਦ ਵੇਖੇ ।
2. ਹੋਤੀ ਮਰਦਾਨ ਦੇ ਇਲਾਕੇ ਵਿਚ ਭਾਈ ਬਾਲਾ ਦੇ ਨਾਮ ਤੇ ਵਸਿਆ ਬਾਲਾਕੋਟ ਜਿੱਥੇ ਭਾਈ
ਬਾਲੇ ਦੇ ਨਾਮ ਦਾ ਮੰਦਿਰ ਤੇ ਭਾਈ ਮਰਦਾਨੇ ਦੇ ਨਾਮ ਦਾ ਚਸ਼ਮਾ ਹੈ ਗੁਰੂ ਨਾਨਕ ਦੇਵ ਜੀ ਦਾ
ਵੀ ਯਾਦ ਸਥਾਨ ਹੈ ।
3. ਹਜ਼ਾਰੇ ਤੋਂ ਜਲਾਲਾਬਾਦ (ਅਫਗਾਨਿਸਤਾਨ) ਸੜਕ ਉਪਰ ਸੁਲਤਾਨਪੁਰ ਪਿੰਡ ਵਿਚ ਤਿੰਨ
ਫੁਹਾਰਿਆਂ ਦੇ ਨਾਮ ਭਾਈ ਬਾਲਾ, ਭਾਈ ਮਰਦਾਨਾ ਤੇ ਗੁਰੂ ਨਾਨਕ ਚਸ਼ਮਾਂ ਹਨ ।
ਉਪਰੋਕਤ ਨਿਸ਼ਾਨੀਆਂ ਤੋਂ ਸਾਫ ਜ਼ਾਹਿਰ ਹੈ ਕਿ ਗੁਰੂ ਜੀ ਨਾਲ ਬਾਲਾ ਤੇ ਮਰਦਾਨਾ ਆਸਾਮ ਵਲ ਵੀ ਨਾਲ ਸਨ ਤੇ ਅਫਗਾਨਿਸਤਾਨ ਵਲ ਵੀ ਨਾਲ । ਬਾਲਾ ਸੰਧੂ ਕੋਈ ਕਲਪਿਤ ਵਿਅਕਤੀ ਨਹੀਂ ਸੀ ਸਗੋਂ ਜੀਂਦਾ ਜਾਗਦਾ ਇਨਸਾਨ ਸੀ । ਉਸ ਬਾਰੇ ਜੋ ਤੱਥ ਮਿਲਦੇ ਹਨ ਉਹ ਇਹ ਹਨ :
“ਭਾਈ ਬਾਲਾ ਪਿੰਡ ਰਾਇ ਭੋਇ ਭੱਟੀ ਦੀ ਤਲਵੰਡੀ ਦਾ ਵਸਨੀਕ, ਭਾਈ ਚੰਦ੍ਰ ਭਾਨ ਸੰਧੂ (ਜੱਟ) ਦਾ ਪੁੱਤਰ, ਭਾਈ ਮਰਦਾਨੇ ਤੋਂ ਵੀ ਪਹਿਲਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਢੱਲਾ ਸਾਥੀ ਅਤੇ ਉਮਰ ਵਿਚ ਗੁਰੂ ਜੀ ਨਾਲੋਂ ਤਿੰਨ ਸਾਲ ਵੱਡਾ ਸੀ । ਪਿਤਾ ਕਾਲੂ ਜੀ ਨੇ ਗੁਰੂ ਜੀ ਨਾਲ ਉਸ ਨੂੰ ਬੜਾ ਅਕਲਮੰਦ, ਹਿਸਾਬ ਦਾਨ, ਸਮਝ ਬੂਝ ਵਾਲਾ ਵਿਅਕਤੀ ਸਮਝ ਕੇ ਹੀ ਸੌਦਾ ਕਰਨ ਘੱਲਿਆ ਸੀ । ਉਹ ਗੁਰੂ ਜੀ ਨਾਲ ਸਾਰੀਆਂ ਉਦਾਸੀਆਂ ਸਮੇਂ (ਸਿਵਾਇ ਸੁਮੇਰ ਪਰਬਤ ਉਦਾਸੀ ਦੇ) ਭਾਈ ਬਾਲਾ ਗੁਰੂ ਜੀ ਦੇ ਨਾਲ ਸੀ। ਚੌਥੀ ਉਦਾਸੀ ਸ਼ੁਰੂ ਹੋਣ ਤੋਂ ਪਹਿਲਾਂ ਜਦ ਭਾਈ ਬਾਲਾ ਗੁਰੂ ਜੀ ਨਾਲ ਗਿਆ ਤਾਂ ਬੇਬੇ ਨਾਨਕੀ ਤੇ ਜੈ ਰਾਮ ਨੇ ਅਪਣੇ ਜੱਗ-ਵਿਛੋੜੇ ਬਾਰੇ ਗੁਰੂ ਜੀ ਨੂੰ ਦੱਸਿਆ ਤੇ ਰੁਕਣ ਲਈ ਕਿਹਾ ਤਾਂ ਗੁਰੂ ਜੀ ਨੇ ਭਾਈ ਭਾਲੇ ਦੀ ਜ਼ਿਮੇਵਾਰੀ ਲਾਈ ਕਿ ਉਹ ਗੁਰੂ ਜੀ ਦੇ ਭੈਣ ਭਣੋਈਏ ਨੂੰ ਲਗਾਤਾਰ ਜਪੁਜੀ ਸਾਹਿਬ ਤੇ ਹੋਰ ਬਾਣੀਆਂ ਸੁਣਾਉਂਦਾ ਰਹੇ ਤੇ ਪ੍ਰਮਾਤਮਾਂ ਦੀ ਸਿਫਤ ਸਲਾਹ ਕਰਦਾ ਰਹੇ। ਜਦ ਭੈਣ ਤੇ ਭਣੋਈਏ ਦੇ ਅੰਤਿਮ ਸਸਕਾਰ ਕਰਨ ਪਿੱਛੋਂ ਗੁਰੂ ਜੀ ਕਰਤਾਰਪੁਰ ਵਲ ਰਵਾਨਾ ਹੋਣ ਲੱਗੇ ਤਾਂ ਨਵਾਬ ਦੌਲਤ ਖਾਂਨ ਨੇ ਗੁਰੂ ਜੀ ਨੂੰ ਦਰਸ਼ਨ ਦੇਣ ਦੀ ਗੁਜ਼ਾਰਿਸ਼ ਕੀਤੀ। ਦੌਲਤ ਖਾਨ ਨੇ ਕਿਹਾ, “ਮੇਰਾ ਵੀ ਹੁਣ ਬਹੁਤਾ ਸਮਾਂ ਨਹੀਂ ਰਹਿ ਗਿਆ। ਮੇਰਾ ਵੀ ਬੇਬੇ ਨਾਨਕੀ ਤੇ ਜੈ ਰਾਮ ਵਾਂਗ ਅਖੀਰੀ ਵੇਲੇ ਸਾਥ ਦੇ ਕੇ ਜਾਣਾ”। ਗੁਰੂ ਜੀ ਨੇ ਕਿਹਾ, “ਤੁਹਾਡੇ ਅਜੇ 11 ਦਿਨ ਹੋਰ ਹਨ। ਤੁਹਾਨੂੰ ਭਾਈ ਬਾਲਾ ਦਾ ਉਵੇਂ ਸਾਥ ਰਹੇਗਾ ਜਿਸ ਤਰ੍ਹਾਂ ਇਸ ਨੇ ਬੇਬੇ ਨਾਨਕੀ ਤੇ ਜੈ ਰਾਮ ਦਾ ਸਾਥ ਦਿਤਾ ਸੀ”। ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ “ਦੌਲਤ ਖਾਨ ਨੂੰ ਜਪੁਜੀ ਬਾਣੀ ਨਾਲ ਅਖੀਰੀ ਵੇਲੇ ਤਕ ਜੋੜੀ ਰੱਖਣਾ ਤੇ ਆਖਰੀ ਰਸਮਾਂ ਪੂਰੀਆਂ ਕਰਨ ਪਿਛੋਂ ਮੈਨੂੰ ਸ੍ਰੀ ਚੰਦ ਦੇ ਖੂਹ ਤੇ ਆ ਮਿਲਣਾ ਮੈਂ ਤੇਰਾ ਇੰਤਜ਼ਾਰ ਕਰਾਂਗਾ”। ਚੌਥੀ ਉਦਾਸੀ ਪਿਛੋਂ ਉਤਰੀ ਕਸ਼ਮੀਰ ਵਿਚ ਬਾਲਾਕੋਟ ਤੇ ਮੁਜ਼ਫਰਾਬਾਦ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਨੂੰ ਆਪ ਜ਼ਿਮੇਵਾਰੀ ਬਖਸ਼ੀ ਜਿੱਥੇ ਥਾਂ ਥਾਂ ਭਾਈ ਬਾਲਾ ਦੇ ਨਾਮ ਦੇ ਚਸ਼ਮੇ ਉਥੇ ਹੋਣ ਦੀ ਗਵਾਹੀ ਭਰਦੇ ਹਨ। ਗੁਰੂ ਜੀ ਦੇ ਕਰਤਾਰਪੁਰ ਵਿਖੇ ਟਿਕ ਜਾਣ ਪਿੱਛੋਂ ਰਾਇ ਭੋਇ ਦੀ ਤਲਵੰਡੀ ਜਾ ਵਸਿਆ । ਪਰ ਜਦ ਗੁਰੂ ਜੀ ਉਦਾਸੀਆਂ ਪਿੱਛੋਂ ਗਜ਼ਨੀ ਕੰਧਾਰ ਗਏ ਤਾਂ ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਸਨ।ਜਦ ਭਾਈ ਮਰਦਾਨੇ ਨੇ ਅਪਣੇ ਅੰੰਤਿਮ ਸਮੇਂ ਬਾਰੇ ਦਸਿਆ ਤਾਂ ਗੁਰੂ ਜੀ ਤੇ ਦੋਨੌਨ ਸਾਥੀ ਕੁਰਮ ਵਾਦੀ ਵਿਚ ਕੁਰਮ ਦਰਿਆ ਦੇ ਨਾਲ ਨਾਲ ਪਾਰਾਚਿਨਾਰ ਦੇ ਇਲਾਕੇ ਵਿੱਚ ਸਨ। ਮਰਦਾਨੇ ਦੇ ਸਸਕਾਰ ਵੇਲੇ ਗੁਰੂ ਜੀ ਤੇ ਭਾਈ ਬਾਲਾ ਨੇ ਅਪਣੇ ਉਪਰ ਲਏ ਸ਼ਾਲ ਭਾਈ ਮਰਦਾਨਾ ਦੀ ਮਿਰਤਕ ਦੇਹ ਤੇ ਪਾਏ ਤੇ ਸਸਕਾਰ ਕੀਤਾ ਜਿਸ ਪਿੱਛੋਂ ਗੁਰੂ ਜੀ ਭਾਈ ਬਾਲਾ ਨਾਲ ਤਲਵੰਡੀ ਪਰਤੇ ਤੇ ਭਾਈ ਮਰਦਾਨੇ ਦੇ ਬੇਟੇ ਸ਼ਹਿਜ਼ਾਦੇ ਨੂੰ ਨਾਲ ਲੈ ਕੇ ਗਏ। ਇਸ ਸਮੇਂ ਭਾਈ ਬਾਲਾ ਗੁਰੂ ਜi ਦੇ ਨਾਲ ਹੀ ਸੀ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਜਦ ਉਸ ਨੂੰ ਗੁਰੂ ਅੰਗਦ ਜੀ ਦੇ ਗੱਦੀ ਤੇ ਹੋਣ ਦਾ ਪਤਾ ਲੱਗਿਆ ਤਾਂ ਉਹ ਗੁਰੂ ਜੀ ਕੋਲ ਪਹੁੰਚਿਆ ਤੇ ਜਨਮਸਾਖੀ ਲਿਖਵਾਈ । ਉਸ ਦਾ ਅੰਤਿਮ ਸੰਸਕਾਰ ਗੁਰੂ ਅੰਗਦ ਜੀ ਨੇ ਆਪਣੇ ਹੱਥੀਂ ਕੀਤਾ ।”
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

ਜੈਤਸਰੀ ਮਹਲਾ ੫ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥

Jaitsree Mehla 5 Ghar 3 Ek Oangkar Satgur Parsad
.

ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥

Koee Janeiy Kvn Eha Jug Meet
.

Koee – One...

SPN on Facebook

...
Top