• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-9 ਭੰਗਾਣੀ

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-9

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਭੰਗਾਣੀ
ਪਾਉਂਟਾ ਸਾਹਿਬ ਵਿੱਚ 23-24 ਜੂਨ 2023 ਦੀ ਵਧੀਆ ਰਾਤ ਕੱਟ ਕੇ ਅਸੀਂ ਸਵੇਰੇ ਜਲਦੀ ਹੀ ਚਾਹ ਨਾਸ਼ਤਾ ਲੈ ਕੇ ਭੰਗਾਣੀ ਸਾਹਿਬ ਵੱਲ ਚੱਲ ਪਏ। ਸੜਕ ਏਨੀ ਵਧੀਆ ਨਹੀਂ ਤੇ ਪਿੰਡਾਂ ਵਿੱਚੋਂਂ ਦੀ ਨਿਕਲਦੀ ਸੀ। ਰਾਹ ਵਿੱਚ ਸਭ ਤੋਂ ਪਹਿਲਾਂ ਉਹ ਸਥਾਨ ਆਏ ਜਿੱਥੇ ਗੁਰੂ ਜੀ ਸਿੱਖਾਂ ਨੂੰ ਯੁੱਧ ਅਭਿਆਸ ਕਰਾਉਂਦੇ ਸਨ।ਇਸ ਦਾ ਮੁੱਖ ਕਾਰਨ ਹਾਜਾ ਭੀਮ ਚੰਦ ਦੀ ਕਿੜ ਸੀ।ਸਿਰਮੌਰ ਰਿਆਸਤ ਦੇ ਗਜ਼ਟੀਅਰ ਅਨੁਸਾਰ ਭੀਮ ਚੰਦ ਨਾਲ ਮੱਤ ਭੇਦ ਕਰਕੇ ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਹੋਣਾ ਪਿਆ ਅਤੇ ਟੋਕਾ ਚਲੇ ਗਏ। ਟੋਕਾ ਤੋਂ ਉਹ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ 'ਤੇ ਨਾਹਨ (ਸਿਰਮੌਰ ਦੀ ਰਾਜਧਾਨੀ) ਪਹੁੰਚੇ। ਅਪ੍ਰੈਲ 1685 ਵਿਚ, ਗੁਰੂ ਗੋਬਿੰਦ ਸਿੰਘ ਨੇ ਸਿਰਮੌਰ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ 'ਤੇ, ਸਿਰਮੌਰ ਰਿਆਸਤ ਵਿਚ ਆਪਣਾ ਨਿਵਾਸ ਪਾਉਂਟਾ (ਹੁਣ ਪਾਉਂਟਾ ਸਾਹਿਬ) ਵਿਚ ਤਬਦੀਲ ਕਰ ਦਿੱਤਾ। (19) ਨਾਹਨ ਤੋਂ ਉਹ ਪਾਉਂਟਾ ਵੱਲ ਚੱਲ ਪਏ। ਅਜੇ ਐਸ. ਰਾਵਤ ਦੇ ਅਨੁਸਾਰ, ਰਾਜਾ ਮੇਦਨੀ ਪ੍ਰਕਾਸ਼ ਨੇ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਦੇ ਵਿਰੁੱਧ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਗੁਰੂ ਜੀ ਨੂੰ ਆਪਣੇ ਰਾਜ ਵਿੱਚ ਬੁਲਾਇਆ।।(9) ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ 'ਤੇ, ਗੁਰੂ ਜੀ ਨੇ ਥੋੜ੍ਹੇ ਸਮੇਂ ਵਿੱਚ, ਆਪਣੇ ਪੈਰੋਕਾਰਾਂ ਦੀ ਮਦਦ ਨਾਲ ਪਾਉਂਟਾ ਵਿਖੇ ਇੱਕ ਕਿਲ੍ਹਾ ਬਣਵਾਇਆ। ਉਸ ਨੇ ਆਪਣੀ ਫੌਜ ਵਧਾਉਣੀ ਜਾਰੀ ਰੱਖੀ। ਰਾਜਾ ਫਤਿਹ ਸ਼ਾਹ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ, ਅਤੇ ਉਨ੍ਹਾਂ ਦੇ ਦਰਬਾਰ ਵਿੱਚ ਸਨਮਾਨ ਨਾਲ ਸਵਾਗਤ ਕੀਤਾ ਗਿਆ। ਗੁਰੂ ਜੀ ਨੇ ਦੋਹਾਂ ਰਾਜਿਆਂ ਵਿਚਕਾਰ ਸ਼ਾਂਤੀ ਸੰਧੀ ਕਰਵਾਈ।

ਰਾਜਾ ਭੀਮ ਚੰਦ ਦੇ ਲੜਕੇ ਦਾ ਵਿਆਹ ਰਾਜਾ ਫਤਿਹ ਸ਼ਾਹ ਦੀ ਲੜਕੀ ਨਾਲ ਹੋਣਾ ਨਿਸ਼ਚਿਤ ਹੋਇਆ ਤਾਂ ਉਸਨੇ ਆਪਣੀ ਸਜ ਧਜ ਵਿੱਚ ਵਾਧਾ ਕਰਨ ਲਈ ਤੇ ਗੁਰੂ ਜੀ ਪਾਸੋਂ ਕੁੱਝ ਕੀਮਤੀ ਵਸਤਾਂ ਹਥਿਆਉਣ ਦੇ ਇਰਾਦੇ ਨਾਲ, ਪ੍ਰਸਾਦੀ ਹਾਥੀ ਸਮੇਤ ਇਨ੍ਹਾਂ ਵਸਤਾ ਦੀ ਮੰਗ ਕੀਤੀ ਸੀ। ਇਹ ਪ੍ਰਸਾਦੀ ਹਾਥੀ ਆਸਾਮ ਦੇ ਰਾਜਾ ਰਤਨ ਰਾਏ ਨੇ ਗੁਰੂ ਜੀ ਨੂੰ ਭੇਟ ਕੀਤਾ ਸੀ ਤੇ ਨਾਲ ਬੇਨਤੀ ਵੀ ਕੀਤੀ ਸੀ ਕਿ ਇਸਨੂੰ ਕੇਵਲ ਗੁਰੂ ਜੀ ਹੀ ਵਰਤਣ। ਸੋ ਗੁਰੂ ਜੀ ਨੇ ਆਪਣੀ ਮਜਬੂਰੀ ਦੱਸਕੇ ਪ੍ਰਸਾਦੀ ਹਾਥੀ ਭੇਜਣੋ ਨਾਂਹ ਕਰ ਦਿੱਤੀ ਜਿਸ ਤੇ ਰਾਜਾ ਭੀਮ ਚੰਦ ਰੋਹ ਵਿੱਚ ਆ ਕੇ ਜੰਗ ਦੀ ਧਮਕੀ ਦੇਣ ਲੱਗਾ। ਰਾਜਾ ਫਤਿਹ ਸ਼ਾਹ ਤਾਂ ਗੁਰੂ ਜੀ ਦਾ ਸੇਵਕ ਬਣ ਗਿਆ ਸੀ ਸੋ ਉਸਨੇ ਗੁਰੂ ਜੀ ਨੂੰ ਆਪਣੀ ਲੜਕੀ ਦੀ ਸ਼ਾਦੀ ਵਿੱਚ ਹਾਜ਼ਿਰ ਹੋਣ ਦਾ ਸੱਦਾ ਦਿੱਤਾ। ਗੁਰੂ ਜੀ ਨੇ ਦੀਵਾਨ ਨੰਦ ਚੰਦ ਨੂੰ ਢਾਈ ਸੌ ਸਿੰਘਾਂ ਸਮੇਤ ਸਵਾ ਲੱਖ ਰੁਪਏ ਦਾ ਤੰਬੋਲ ਦੇ ਕੇ ਭੇਜਿਆ ਪਰ ਆਪਣੇ ਨਾ ਆ ਸਕਣ ਦੀ ਮਜ਼ਬੂਰੀ ਜ਼ਾਹਿਰ ਕੀਤੀ ਕਿਉਂਕਿ ਉਹ ਰਾਜਾ ਭੀਮ ਚੰਦ ਦੀ ਮੌਜੂਦਗੀ ਹੋਣ ਕਰਕੇ ਅਣਸੁਖਾਵਾਂ ਵਾਤਾਵਰਣ ਪੈਦਾ ਨਹੀਂ ਸਨ ਕਰਨਾ ਚਾਹੁੰਦੇ। ਸ਼ਾਮ ਵੇਲੇ ਯਮੁਨਾ ਦੇ ਕੰਢੇ ਗੁਰੂ ਜੀ ਆਪਣੇ ਮਾਮਾ ਕਿਰਪਾਲ ਚੰਦ ਨਾਲ ਰਹਿਰਾਸ ਦਾ ਪਾਠ ਕਰ ਰਹੇ ਸਨ ਕਿ ਇੱਕ ਸਿੰਘ ਨੇ ਖਬਰ ਦਿੱਤੀ ਕਿ ਰਾਜਾ ਭੀਮ ਸਿੰਘ ਜੰਝ ਸਮੇਤ ਪਾਉਂਟਾ ਸਾਹਿਬ ਦੇ ਪੱਤਣ ਵਲ ਆ ਰਿਹਾ ਹੈ। ਉਸ ਨਾਲ ਬਾਈ ਧਾਰ ਦੇ ਕਈ ਰਾਜੇ ਤੇ ਚੋਖੀਆਂ ਫੌਜਾਂ ਹਨ। ਉਨ੍ਹਾਂ ਦੇ ਇਰਾਦੇ ਨੇਕ ਨਹੀਂ ਤੇ ਉਹ ਲੰਘਦੇ ਸਮੇਂ ਗੁਰੂ ਜੀ ਦਾ ਡੇਰਾ ਲੁੱਟਣ ਦੀ ਵੀ ਨੀਅਤ ਰੱਖਦੇ ਹਨ। ਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਜੀ ਦੀ ਅਗਵਾਈ ਹੇਠ ਪੰਜ ਸੌ ਸੂਰਮੇ ਪੱਤਣ ਦੇ ਅਗੇਰੇ ਭੇਜ ਦਿੱਤੇ ਤੇ ਬਾਕੀ ਫੌਜ ਨੂੰ ਵੀ ਤਿਆਰ ਕਰ ਦਿੱਤਾ। ਗੁਰੂ ਜੀ ਨੂੰ ਤਿਆਰ ਬਰ ਤਿਆਰ ਦੇਖ ਪਹਾੜੀ ਰਾਜਿਆਂ ਦੀ ਸਕੀਮ ਸਿਰੇ ਨਾ ਚੜ੍ਹ ਸਕੀ ਤਾਂ ਉਨ੍ਹਾਂ ਗੁਰੂ ਜੀ ਕੋਲੋਂ ਪੱਤਣ ਤੋਂ ਦੀ ਲੰਘ ਜਾਣ ਦੀ ਬੇਨਤੀ ਕੀਤੀ। ਜੋ ਮੰਤਰੀ ਆਗਿਆ ਲੈਣ ਆਇਆ ਸੀ ਉਸਨੇ ਵਿਚਲੀ ਗੱਲ ਦੱਸੀ ਕਿ ਰਾਜਿਆਂ ਦੇ ਇਰਾਦੇ ਨੇਕ ਨਹੀਂ। ਉਹ ਤਾਂ ਇਰਾਦਾ ਰਖਦੇ ਹਨ ਕਿ ਪੱਤਣ ਲੰਘਦੇ ਹੀ ਗੁਰੂ ਜੀ ਦਾ ਡੇਰਾ ਲੁੱਟ ਲਿਆ ਜਾਵੇ। ਸੋ ਗੁਰੂ ਜੀ ਨੇ ਸੁਨੇਹਾ ਭੇਜ ਦਿਤਾ ਕਿ, "ਰਾਜਾ ਭੀਮ ਚੰਦ ਨੂੰ ਏਨੀਆਂ ਫੌਜਾਂ ਰਾਜੇ ਮੇਦਨੀ ਪ੍ਰਕਾਸ਼ ਦੇ ਇਲਾਕੇ ਵਿਚੋਂ ਦੀ ਲੈ ਜਾਣ ਦੀ ਆਗਿਆ ਨਹੀਂ। ਹਾਂ ਰਾਜ ਕੁਮਾਰ ਤੇ ਜੰਞ ਦੇ ਕੁੱਝ ਜਾਂਵੀ ਜ਼ਰੂਰ ਲੰਘ ਸਕਦੇ ਹਨ। " ਗੁਰੂ ਜੀ ਦਾ ਇਹ ਸੰਦੇਸ਼ਾ ਸੁਣ ਰਾਜਾ ਭੀਮ ਚੰਦ ਘਬਰਾਇਆ। ਦੂਜੇ ਪਹਾੜੀ ਰਾਜਿਆਂ, ਕੇਸਰੀ ਚੰਦ ਜਸਵਾਲੀਏ, ਗੁਪਾਲ ਗੁਲੇਰੀਏ ਅਤੇ ਕ੍ਰਿਪਾਲ ਕਟੋਚੀਏ ਆਦਿ ਨੇ ਰਾਜੇ ਭੀਮ ਚੰਦ ਨੂੰ ਹੱਲਾ ਕਰਨ ਦੀ ਸਲਾਹ ਦਿਤੀ ਪਰ ਰਾਜਾ ਭੀਮ ਚੰਦ ਰੰਗ ਵਿੱਚ ਭੰਗ ਪਾਉਣ ਦਾ ਹਾਮੀ ਨਹੀਂ ਸੀ ਤੇ ਇਹ ਕੰਮ ਵਿਆਹ ਤੋਂ ਬਾਅਦ ਕਰਨਾ ਚਾਹੁੰਦਾ ਸੀ। ਸੋ ਫੈਸਲਾ ਹੋਇਆ ਕਿ ਧਾਵਾ ਆਉਂਦੇ ਵਕਤ ਬੋਲਿਆ ਜਾਵੇ। ਗੁਰੂ ਜੀ ਨੂੰ ਇਸ ਬਾਰੇ ਹਨੇਰੇ ਵਿੱਚ ਰੱਖਣ ਦੀ ਸਲਾਹ ਨਾਲ ਆਪਣੇ ਰਾਜ ਕੁਮਾਰ ਤੇ ਕੁੱਝ ਜਾਂਞੀ ਪਾਉਂਟਾ ਸਾਹਿਬ ਦੇ ਪੱਤਣ ਦੇ ਰਾਹ ਭੇਜ ਦਿੱਤੇ ਜਿਨ੍ਹਾਂ ਨੂੰ ਗੁਰੂ ਜੀ ਨੇ ਪੂਰਾ ਸਤਿਕਾਰ ਦਿੱਤਾ ਤੇ ਆਪਣੀ ਫੌਜ ਦੀ ਸੁਰੱਖਿਆ ਹੇਠ ਸ੍ਰੀ ਨਗਰ ਗੜ੍ਹਵਾਲ ਪਹੁੰਚਾ ਦਿੱਤਾ। ਵਿਆਹ ਧੂਮ-ਧਾਮ ਨਾਲ ਹੋਇਆ ਤੇ ਜਦੋਂ ਭੱਟਾਂ ਨੇ ਇਹ ਸੁਣਾਇਆ ਕਿ ਗੁਰੂ ਜੀ ਨੇ ਸਵਾ ਲੱਖ ਰੁਪਏ ਦਾ ਤੰਬੋਲ ਭੇਜਿਆ ਹੈ ਤਾਂ ਪਹਾੜੀਏ ਰੋਹ ਵਿੱਚ ਆ ਗਏ ਅਤੇ ਰਾਜਾ ਫਤਿਹ ਸ਼ਾਹ ਨੂੰ ਗੁਰੂ ਜੀ ਦਾ ਤੰਬੋਲ ਵਾਪਿਸ ਕਰਨ ਲਈ ਮਜਬੂਰ ਕਰ ਦਿੱਤਾ। ਨਾਲ ਹੀ ਉਨ੍ਹਾਂ ਇਸ ਤੰਬੋਲ ਨੂੰ ਲੁੱਟਣ ਦੀ ਸਲਾਹ ਵੀ ਬਣਾ ਲਈ। ਦੀਵਾਨ ਨੰਦ ਚੰਦ ਨੇ ਇਹ ਗਲ ਭਾਪੀ ਤਾਂ ਤੰਬੋਲ ਸਾਂਭ ਕੇ ਵਾਪਸ ਚਾਲੇ ਪਾਏ, ਪਰ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਦੀਵਾਨ ਜੀ ਨੇ ਵਾਹਵਾ ਖੰਡਾ ਖੜਕਾਇਆ ਤੇ ਪਹਾੜੀਆਂ ਨੂੰ ਭਾਂਜ ਦਿੱਤੀ। ਸਾਰਾ ਹਾਲ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਯੁੱਧ ਦੀ ਤਿਆਰੀ ਕਰਨ ਲੱਗੇ। ਰਾਜੇ ਭੀਮ ਚੰਦ ਨੇ ਫਤਿਹ ਸ਼ਾਹ ਨੂੰ ਤੇ ਹੋਰ ਰਾਜਿਆਂ ਨੂੰ ਚੰਗਾ ਭੜਕਾ ਦਿੱਤਾ ਤੇ ਜੰਗ ਲਈ ਤਿਆਰ ਕਰ ਲਿਆ। ਸਾਰੀਆਂ ਖਬਰਾਂ ਮਿਲਣ ਤਕ ਇਹ ਸਾਫ ਜ਼ਾਹਿਰ ਹੋ ਗਿਆ ਸੀ ਕਿ ਜੰਗ ਹੋ ਕੇ ਰਹੇਗੀ। ਇਹ ਖਬਰ ਸੁਣਦੇ ਹੀ ਪੀਰ ਬੁਧੂ ਸ਼ਾਹ ਦੇ ਰਖਵਾਏ ਪੰਜ ਸੌ ਪਠਾਣ ਤੇ ਪੰਜ ਸੌ ਉਦਾਸੀ ਸਾਧੂ, ਜੋ ਗੁਰੂ ਘਰ ਦੇ ਪ੍ਰਸਾਦੇ ਛਕਦੇ ਸਨ, ਤਿੱਤਰ ਹੋ ਗਏ।

ਯੁੱਧ ਦੀ ਮਿਤੀ ਤੇ ਸਥਾਨ ਤੇ ਨਤੀਜਾ

1689041032885.png


ਭੰਗਾਣੀ ਯੁੱਧ ਮੈਦਾਨ-ਇੱਕ ਨਜ਼ਰ

ਨਤੀਜੇ ਵਜੋਂ ਸਿੱਖਾਂ ਦੀ ਜਿੱਤ ਹੋਈ(2)(3) ਭੰਗਾਣੀ ਦੀ ਲੜਾਈ 18 ਸਤੰਬਰ 1688 ਨੇ ਪਾਉਂਟਾ ਸਾਹਿਬ ਨੇੜੇ ਭੰਗਾਣੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਅਤੇ ਬਿਲਾਸਪੁਰ ਦੇ ਭੀਮ ਚੰਦ (ਕਹਲੂਰ) ਨਾਲ ਪਹਾੜੀ ਰਾਜਿਆਂ ਦੇ ਗੱਠਜੋੜ ਵਿਚਕਾਰ ਲੜੀ ਗਈ ਸੀ। ਸ਼ਿਵਾਲਿਕ ਪਹਾੜੀਆਂ ਦੇ ਰਾਜਪੂਤ ਰਾਜਿਆਂ ਦੇ ਇੱਕ ਗਠਜੋੜ ਨੇ ਬਿਲਾਸਪੁਰ ਰਿਆਸਤ ਦੇ ਭੀਮ ਚੰਦ ਦੀ ਤਰਫੋਂ ਸ਼ਮੂਲੀਅਤ ਵਿੱਚ ਹਿੱਸਾ ਲਿਆ, ਜਿਸ ਵਿੱਚ ਗੜ੍ਹਵਾਲ ਅਤੇ ਕਾਂਗੜਾ ਰਾਜ ਸ਼ਾਮਲ ਸਨ। (8) (9)
ਤਾਕਤ: ਗੁਰੂ ਸਾਹਿਬ ਕੋਲ ਪਹਿਲਾਂ ਸਿਰਫ 1,000 ਸਿੱਖ ਸਨ ਪਰ ਬੁਧੂ ਸ਼ਾਹ ਅਤੇ ਉਦਾਸੀਆਂ ਦੇ ਮਿਲਣ ਨਾਲ ਗਿਣਤੀ ਵਧ ਗਈ (4) ਪਹਾੜੀ ਰਾਜਿਆਂ ਦੀ ਸੈਨਾ ਦੀ ਗਿਣਤੀ 10,000 ਸੀ (5) ਗੁਰੂ ਗੋਬਿੰਦ ਸਿੰਘ ਦੀ ਸਵੈ-ਜੀਵਨੀ ਬਚਿਤਰ ਨਾਟਕ ਵਿੱਚ ਲੜਾਈ ਦਾ ਵਿਸਤ੍ਰਿਤ ਵਰਣਨ ਹੈ।(11)
ਗੁਰੂ ਜੀ ਕੋਲ ਆਪਣੇ ਜੁਝਾਰੂ ਅਕਾਲ ਸੈਨਾ ਦੇ ਸਿੱਖ ਸੇਵਕ ਰਹਿ ਗਏ ਸਨ ਜਿਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਸੀ। ਪਿੱਛੋਂ ਪੀਰ ਬੁੱਧੂ ਸ਼ਾਹ ਦੇ ਚੇਲੇ ਅਤੇ ਉਦਾਸੀ ਵੀ ਆ ਮਿਲੇ।ਕਮਾਂਡਰ ਅਤੇ ਆਗੂ, ਗੁਰੂ ਗੋਬਿੰਦ ਰਾਏ, ਭਾਈ ਦਇਆ ਸਿੰਘ, ਭਾਈ ਸੰਗਤ ਸਿੰਘ, ਭਾਈ ਜੀਤ ਮੱਲ, ਸ਼ਾਹ ਸੰਗਰਾਮ (ਸੰਗੋ ਸ਼ਾਹ), ਮਹਿਰੀ ਚੰਦ, ਗੰਗਾ ਰਾਮ, ਲਾਲ ਚੰਦ, ਦਇਆ ਰਾਮ, ਕ੍ਰਿਪਾਲ, ਨੰਦ ਚੰਦ, ‘ਚਾਚਾ’ ਕਿਰਪਾਲ, ਸਾiਹਬ ਚੰਦ ਸਨ।(1) ਇਹ ਪਹਿਲੀ ਲੜਾਈ ਸੀ ਜੋ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 19 ਸਾਲ ਦੀ ਉਮਰ ਵਿੱਚ ਲੜੀ ਸੀ। (8) (9) ਦੂਜੇ ਪਾਸੇ ਵਿਰੋਧ ਵਿੱਚ 16 ਪਹਾੜੀ ਰਾਜਾਂ ਦਾ ਗਠਜੋੜ, ਸੀ ਜਿਸ ਵਿੱਚ: ਕਹਿਲੂਰ, ਗੜ੍ਹਵਾਲ, ਕਾਂਗੜਾ, ਗੁਲੇਰ, ਹਿੰਡੂਰ, ਸੀਬਾ, ਜਸਵਾਨ ਆਦਿ ਸਨ। ਭੀਮ ਚੰਦ (ਕਹਿਲੂਰ), ਫਤਿਹ ਸ਼ਾਹ, ਹਰੀ ਚੰਦ, ਹਯਾਤ ਖ਼ਾਨ, ਨਜਾਬਤ ਖ਼ਾਨ, ਭੀਖਨ ਖ਼ਾਨ, ਗੁਲੇਰ ਦਾ ਰਾਜਾ ਗੋਪਾਲ (ਰਾਜ ਸਿੰਘ), ਹਰੀ ਚੰਦ (ਹਿੰਡੂਰ ਦਾ), ਮਧੂਕਰ ਸ਼ਾਹ ਡਡਵਾਲ (ਸਿਬਾ ਦਾ), ਰਾਜਾ ਜਸਵਾਨ ਸਨ।
ਜੰਗ ਲਈ ਗੁਰੂ ਜੀ ਨੇ ਭੰਗਾਣੀ ਦਾ ਮੈਦਾਨ ਚੁਣਿਆ ਜੋ ਪਾਉਂਟਾ ਸਾਹਿਬ ਤੋਂ ਯਮੁਨਾ ਦੇ ਕਿਨਾਰੇ ਉਪਰਵਾਰ 18 ਕਿਲੋ ਮੀਟਰ ਹੈ। ਸੂਹੀਏ ਨੇ ਖਬਰ ਦਿੱਤੀ ਕਿ ਪਹਾੜੀ ਫੌਜਾਂ ਬੜੀ ਭਾਰੀ ਸੰਖਿਆ ਵਿੱਚ ਸ੍ਰੀਨਗਰ (ਗੜ੍ਹਵਾਲ) ਤੋਂ ਪਾਉਂਟੇ ਵੱਲ ਵਧ ਰਹੀਆਂ ਹਨ ਤੇ ਉਨ੍ਹਾਂ ਦੇ ਮੁੱਖ ਕਮਾਂਡਰ ਹਨ, ਰਾਜਾ ਫਤਿਹ ਸ਼ਾਹ, ਹਰੀਚੰਦ, ਗਾਜ਼ੀ ਚੰਦ ਕੁਲੂ ਵਾਲਾ, ਰਾਮ ਸਿੰਘ ਜੰਮੂ ਵਾਲਾ, ਸਾਹਿਬ ਚੰਦ ਮਧੁਕਰ, ਜਸਵਾਰੀਆ, ਢਡਵਾਰੀਆ ਤੇ ਕਟੋਚੀਆ ਕ੍ਰਿਪਾਲ। ਇਸ ਤੋਂ ਬਿਨਾਂ ਹੋਰ ਵੀ ਕਈ ਪਹਾੜੀ ਰਾਜੇ ਆਪਣੀ ਆਪਣੀ ਸੈਨਾ ਸਮੇਤ ਸ਼ਾਮਿਲ ਸਨ। ਇਹ ਸੁਣ ਕੇ ਗੁਰੂ ਜੀ ਆਪ ਭੰਗਾਣੀ ਪੁੱਜੇ ਤੇ ਜੰਗ ਦੀ ਵਿਉਂਤ ਨਿਪੁੰਨਤਾ ਨਾਲ ਕੀਤੀ। ਸਿੱਖ ਫੌਜ ਦੇ ਪੰਜ ਕਮਾਂਡਰ ਥਾਪੇ ਗਏ-ਸੰਗੋ ਸ਼ਾਹ, ਗੁਲਾਬ ਰਾਇ, ਜੀਤ ਮਲ, ਗੰਗਾ ਰਾਮ ਤੇ ਮਾਹਰੀ ਚੰਦ। ਸੰਗੋ ਸ਼ਾਹ ਨੁੰ ਮੁੱਖ ਕਮਾਂਡਰੀ ਵੀ ਸੰਭਾਲੀ ਗਈ। ਇਹ ਪੰਜੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਦੇ ਸਪੁੱਤਰ ਸਨ। ਆਖਿਰ ਫਰਵਰੀ 1686 ਈ: ਵਿੱਚ ਦੋਨੋਂ ਫੌਜਾਂ ਆਹਮੋਂ ਸਾਹਮਣੇ ਹੋਈਆਂ। ਇਸ ਯੁੱਧ ਦਾ ਵਰਨਣ ‘ਬਚਿਤਰ ਨਾਟਕ’ ਦੇ ਅਠਵੇਂ ਅਧਿਆਏ ਵਿੱਚ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕੀਤਾ ਹੈ। ਪਹਿਲਾ ਹੱਲਾ ਹੋਇਆ ਤਾਂ ਵਿਉਂਤ ਬੱਧ ਸਿੱਖ ਫੌਜਾਂ ਨੇ ਟੇਕਰੀ ਤੇ ਚੜ੍ਹਦੇ ਹਜ਼ਾਰਾਂ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਏਨੇ ਨੂੰ ਪਠਾਣਾਂ ਦੀ ਬੇਈਮਾਨੀ ਦੀ ਖਬਰ ਸੁਣ ਕੇ ਪੀਰ ਬੁਧੂ ਸ਼ਾਹ ਵੀ ਸੱਤ ਸੌ ਮੁਰੀਦ ਲੈ ਕੇ ਆ ਪੁੱਜਾ ਤੇ ਉਦਾਸੀਆਂ ਦਾ ਮਹੰਤ ਕ੍ਰਿਪਾਲ ਦਾਸ ਵੀ ਆ ਕੇ ਨਾਲ ਮਿਲ ਗਿਆ। ਹੁਣ ਸਿੱਖ ਫੌਜਾਂ ਦੇ ਹੌਂਸਲੇ ਬੁਲੰਦ ਸਨ। ਪਹਿਲੇ ਹੱਲੇ ਵਿੱਚ ਸੰਗੋ ਸ਼ਾਹ ਦੇ ਸ਼ਹੀਦ ਹੋਣ ਤੇ ਗੁਰੂ ਜੀ ਨੇ ਸਾਰੀ ਫੌਜ ਦੀ ਵਾਗ ਡੋਰ ਆਪ ਸੰਭਾਲੀ। ਬਾਰ੍ਹਾਂ ਦਿਨ ਬੜੇ ਘਮਸਾਨ ਦੀ ਜੰਗ ਹੁੰਦੀ ਰਹੀ। ਪਹਾੜੀਆਂ ਵਲੋਂ ਰਾਜਾ ਹਰੀ ਚੰਦ ਹੰਡੂਰੀਆ ਤੇ ਸਾਹਬ ਚੰਦ ਖੱਤਰੀ ਬੜੀ ਬਹਾਦਰੀ ਨਾਲ ਲੜੇ। ਪਹਿਲੇ ਤਾਂ ਹਰੀਚੰਦ ਮੂਰਛਿਤ ਹੋ ਗਿਆ ਪਰ ਜਦ ਹੋਸ਼ ਵਿੱਚ ਆਇਆ ਤਾਂ ਉਸ ਨੇ ਗੁਰ ਜੀ ਨੂੰ ਸੇਧਕੇ ਤੀਰਾਂ ਦੀ ਵਰਖਾ ਕੀਤੀ। ਉਨ੍ਹਾਂ ਵਿਚੋਂ ਇੱਕ ਤੀਰ ਗੁਰੂ ਜੀ ਦੇ ਪੇਟ ਵਿੱਚ ਥੋੜ੍ਹਾ ਜਿਹਾ ਚੁਭ ਗਿਆ। ਘਾਉ ਜ਼ਿਆਦਾ ਨਹੀਂ ਸੀ। ਹਰੀਚੰਦ ਦੀ ਫੌਜ ਦੇ ਤੀਰਾਂ ਨਾਲ ਨੁਕਸਾਨ ਗੁਰੂ ਜੀ ਤੋਂ ਹੋਰ ਸਹਿ ਨਾ ਹੋਇਆ। ਜਬੈ ਬਾਣ ਲਾਗਿਉ। ਤਬੈ ਰੋਸ ਜ੍ਰਾਗਿਉ।। ਅਨੁਸਾਰ ਉਨ੍ਹਾਂ ਨੇ ਦੁਸ਼ਮਨਾਂ ਉਤੇ ਤੀਰਾਂ ਦੀ ਝੜੀ ਲਾ ਦਿੱਤੀ। ਹਰੀ ਚੰਦ ਤੀਰ ਖਾ ਕੇ ਮੂੰਹ ਭਾਰ ਡਿਗਿਆ। ਉਸਦੇ ਅਨੇਕਾਂ ਸਾਥੀ ਵੀ ਇਸ ਤੀਰਾਂ ਦੀ ਵਰਖਾ ਵਿੱਚ ਸਦਾ ਦੀ ਨੀਂਦ ਸੌਂ ਗਏ। ਹਰੀ ਚੰਦ ਦੇ ਮਰਨ ਦੀ ਦੇਰ ਸੀ ਕਿ ਦੁਸ਼ਮਣ ਦੀ ਸੈਨਾ ਵਿੱਚ ਭਗਦੜ ਮਚ ਗਈ ਤੇ ਉਹ ਰਣ ਖੇਤਰ ਖਾਲੀ ਕਰ ਗਏ। ਇਹ ਯੁੱਧ 18 ਵਿਸਾਖ 1746 ਬਿਕਰਮੀ ਨੂੰ ਫਤਹਿ ਹੋਇਆ। ਇਸ ਯੁੱਧ ਵਿੱਚ ਪਹਾੜੀਆਂ ਦੀ 20, 000 ਸੈਨਾ ਨੇ ਭਾਗ ਲਿਆ ਤੇ ਗੁਰੂ ਜੀ ਦੀ ਸੈਨਾ ਸਿਰਫ 5000 ਸੀ। ਇਤਿਹਾਸਕਾਰ ਇੰਦੂ ਭੂਸ਼ਣ ਬੈਨਰਜੀ ਅਨੁਸਾਰ ਹਰੀ ਚੰਦ ਤੇ ਫਤਿਹ ਸ਼ਾਹ ਦੋਨੋਂ ਹੀ ਇਸ ਯੁੱਧ ਵਿੱਚ ਮਾਰੇ ਗਏ ਤੇ ਦੋਹਾਂ ਦੀਆਂ ਰਾਣੀਆਂ ਉਨ੍ਹਾਂ ਦੇ ਨਾਲ ਸਤੀ ਹੋ ਗਈਆਂ, ਇਨ੍ਹਾਂ ਦੀ ਸਮਾਧ ਭੰਗਾਣੀ ਵਿੱਚ ਵੇਖੀ ਜਾ ਸਕਦੀ ਹੈ। ਗੁਰੂ ਜੀ ਵੱਲੋਂ ਬੀਬੀ ਵੀਰੋ ਦੇ ਦੋ ਪੁੱਤਰ, ਸੰਗੋ ਸ਼ਾਹ ਤੇ ਜੀਤ ਮਲ, ਪੀਰ ਬੁੱਧੂ ਸ਼ਾਹ ਦੇ ਪੁੱਤਰ ਤੇ ਇੱਕ ਭਾਈ ਤੇ ਅਨੇਕ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਜਿਸ ਭੰਗਾਣੀ ਦੀ ਥਾਂ, ਗੁਰੂ ਜੀ ਨੇ ਪਹਿਲਾ ਵੱਡਾ ਧਰਮ ਯੁੱਧ ਲੜਿਆ, ਦੇਖਣ ਲਈ ਅਸੀਂ ਬੜੇ ਕਾਹਲੇ ਪੈ ਗਏ।

ਟਾਵੇਂ ਟਾਵੇਂ ਜੰਗਲ ਸਨ ਪਰ ਆਮ ਖੇਤੀ ਹੀ ਸੀ। ਪਿੰਡਾਂ ਵਿੱਚ ਗੰਨਾ ਜ਼ਿਆਦਾ ਸੀ, ਖੇਤਾਂ ਵਿੱਚ ਹੀ ਘਰ ਆਮ ਸਨ। ਰਸਤੇ ਵਿੱਚ ਉਹ ਥਾਂ ਵੀ ਸੀ ਜਿੱਥੇ ਤਿੱਬਤ ਛੱਡਣ ਤੋਂ ਬਾਅਦ ਦਲਾਈ ਲਾਮਾ ਪਹਿਲਾਂ ਰੁਕੇ ਸਨ। ਬਹੁਤ ਸ਼ਾਨਦਾਰ ਬਿਲਡਿੰਗ ਸੀ ਤੇ ਥਾਂ ਰਮਣੀਕ। ਢਲਾਣਾਂ ਵਿੱਚੋਂ ਗੁਜ਼ਰਦੇ ਅਸੀਂ ਇੱਕ ਉੱਚੀ ਟੇਕਰੀ ਤੇ ਪਹੁੰਚੇ ਜਿੱਥੋਂ ਆਸ ਪਾਸ ਦਾ ਇਲਾਕਾ ਸਾਫ਼ ਨਜ਼ਰ ਆਉਂਦਾ ਸੀ। ਦੱਖਣ ਵੱਲ ਜਮਨਾ ਸੀ ਤੇ ਉੱਤਰ ਵੱਲ ਇੱਕ ਦੂਜੀ ਤੋਂ ਵੱਧ ਉਚੀਆਂ ਪਹਾੜੀਆਂ। ਇਹ ਟੇਕਰੀ ਅੱਲਗ ਜਿਹੀ ਹੋਣ ਕਰਕੇ ਸਾਰੇ ਇਲਾਕੇ ਤੇ ਹਾਵੀ ਸੀ ਤੇ ਇਹੋ ਥਾਂ ਗੁਰੂ ਜੀ ਨੇ ਜੰਗ ਲਈ ਚੁਣੀ ਸੀ। ਪਹਿਲਾਂ ਸਾਨੂੰ ਤੀਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਹੋਏ ਜੋ ਜਮਨਾਂ ਦੇ ਠੀਕ ਕੰਢੇ ਤੇ ਸੀ। ਇੱਥੋਂ ਜਮਨਾ ਦਾ ਦੱਖਣੀ ਕਿਨਾਰਾ ਸਾਫ ਨਜ਼ਰ ਆਉਂਦਾ ਸੀ ਤੇ ਵਿਕਾਸ ਨਗਰ ਤੇ ਐਲਬਰਟ ਨਗਰ ਤੱਕ ਨਿਗਾਹ ਰੱਖੀ ਜਾ ਸਕਦੀ ਸੀ। ਇਸ ਥਾਂ ਤੇ ਗੁਰੂ ਜੀ ਨੇ ਪਹਿਲਾ ਤੀਰ ਛੱਡਿਆ ਸੀ ਤੇ ਹਰੀ ਚੰਦ ਵੀ ਇੱਥੋਂ ਹੀ ਤੀਰ ਲਗਣ ਨਾਲ ਮਾਰਿਆ ਗਿਆ ਸੀ ਜੰਗ ਲਈ ਇਸ ਇਲਾਕੇ ਦੀ ਚੋਣ ਦੀ ਗੁਰੂ ਜੀ ਨੂੰ ਦਾਦ ਦੇਣੀ ਬਣਦੀ ਹੈ। ਮੈਂ ਇਸ ਇਲਾਕੇ ਦੀ ਫੌਜੀ ਗੁਣਾਂ ਪੱਖੋਂ ਨਿਰੀਖਿਆ ਕਰਨ ਲਗ ਪਿਆ ਤਾਂ ਇਹ ਤੱਤ ਸਾਫ਼ ਜ਼ਾਹਰ ਹੋਏ। (ਕ) ਇਹ ਦੁਸ਼ਮਣ ਦੀ ਪਹੁੰਚ, ਨਜ਼ਰ ਤੇ ਹਥਿਆਰਾਂ ਦੀ ਮਾਰ, ਤੋਂ ਬਾਹਰ ਸੀ। (ਖ) ਉਨ੍ਹਾਂ ਦਿਨਾਂ ਦੇ ਹਥਿਆਰ, ਤੀਰ, ਤਲਵਾਰ, ਤੁਫੰਗ, ਖੰਡੇ, ਛੋਟੀਆਂ ਬੰਦੂਕਾਂ ਇਸ ਥਾਂ ਤੋਂ ਬਖੂਬੀ ਇਸਤੇਮਾਲ ਕੀਤੇ ਜਾ ਸਕਦੇ ਸਨ। (ਗ) ਦੁਸ਼ਮਣ ਲਈ ਇਸ ਟੇਕਰੀ ਦੇ ਲਾਂਭੇ ਤੋਂ ਗੁਜ਼ਰਨਾ ਵੀ ਆਸਾਨ ਨਹੀਂ ਸੀ। (ਘ) ਮਾਰ ਹੇਠ ਆਏ ਦੁਸ਼ਮਣ ਲਈ ਭੱਜਣਾ ਮੁਸ਼ਕਿਲ ਸੀ। (ਚ) ਦੁਸ਼ਮਣ ਲਈ ਇਸ ਥਾਂ ਤੋਂ ਪਹੁੰਚਣਾ ਔਖਾ ਸੀ ਕਿਉਂਕਿ ਚੜ੍ਹਾਈ ਬੜੀ ਤਿੱਖੀ ਹੈ। (ਛ) ਢਲਾਣ ਤੋਂ ਦੁਸ਼ਮਣ ਲਈ ਨਿਸ਼ਾਨਾ ਬੰਨ੍ਹਣਾ ਔਖਾ ਸੀ। (ਜ) ਜਮੁਨਾ ਦਾ ਇੱਕੋ ਇੱਕ ਪੱਤਣ ਇੱਕ ਦਮ ਮਾਰ ਥੱਲੇ ਹੋਣ ਕਰਕੇ, ਜੁੜੇ ਦੁਸ਼ਮਣ ਦਾ ਨੁਕਸਾਨ ਹੋਣਾ ਸੁਭਾਵਕ ਸੀ। ਮਾਰ ਵਾਲਾ ਇਲਾਕਾ ਠੀਕ ਨਜ਼ਰਾਂ ਤੇ ਹਥਿਆਰਾਂ ਦੀ ਮਾਰ ਥੱਲੇ ਸੀ। (ਞ) ਗੁਰੂ ਜੀ ਦੀ 5000 ਫੌਜ ਲਈ ਇਹ ਜਗ੍ਹਾ ਢੁੱਕਵੀਂ ਸੀ ਤੇ ਹਰ ਪਾਸਿਓਂ ਸੁਯੋਗ ਸੁਰਖਿਆ ਕੀਤੀ ਜਾ ਸਕਦੀ ਸੀ। (ਟ) ਜਮੁਨਾ ਵਰਗੀ ਵੱਡੀ ਰੁਕਾਵਟ ਦਾ ਠੀਕ ਫਾਇਦਾ ਉਠਾਇਆ ਗਿਆ ਸੀ ਕਿਉਂਕਿ ਦੁਸ਼ਮਣ ਲਈ ਇਸ ਨੁੰ ਪਾਰ ਕਰਨਾ ਮੁਸ਼ਕਿਲ ਸੀ ਜਦ ਕਿ ਗੁਰੂ ਜੀ ਦੀ ਫੌਜ ਲਈ ਜਮਨਾ ਪਾਰ ਕਰਦੇ ਦੁਸ਼ਮਣਾਂ ਦਾ ਨਿਸ਼ਾਨ ਬੰਨ੍ਹਣਾ ਆਸਾਨ। ਇਨ੍ਹਾਂ ਤੱਥਾਂ ਤੋਂ ਸਾਫ ਜ਼ਾਹਿਰ ਸੀ ਕਿ ਗੁਰੂ ਜੀ ਨੇ ਇਸ ਥਾਂ ਦੀ ਚੋਣ ਬੜੀ ਤਕੜੀ ਫੌਜੀ ਸੂਝ ਨਾਲ ਕੀਤੀ। ਜੇ ਇਸ ਜੰਗ ਦਾ ਬਿਆਨ, ਜੋ ਬਚਿੱਤਰ ਨਾਟਕ ਤੇ ਹੋਰ ਪੁਸਤਕਾਂ ਵਿਚੋਂ ਮਿਲਦਾ ਹੈ, ਘੋਖੀਏ ਤਾਂ ਪਤਾ ਲਗਦਾ ਹੈ। (ਕ) ਇਹ ਯੁੱਧ 7 ਵਿਸਾਖ ਤੋਂ 18 ਵਿਸਾਖ ਸੰਮਤ 1746 ਤੱਕ (12 ਦਿਨ) ਰਿਹਾ। (ਖ) ਜੰਗ ਗੁਰੂ ਜੀ ਦੀ ਚੁਣੀ ਥਾਂ ਤੇ ਹੋਇਆ। (ਗ) ਗੁਰੂ ਜੀ ਦੀ ਸੈਨਾ ਦੀ ਕਮਾਨ ਗੁਰੂ ਜੀ ਦੇ ਹੱਥਾਂ ਵਿੱਚ ਸੀ ਜਦ ਕਿ ਪਹਾੜੀ ਰਾਜਿਆਂ ਦੀ ਫ਼ੌਜੀ ਕਮਾਨ ਵਿੱਚ ਏਕਤਾ ਨਹੀਂ ਸੀ। ਵੱਖ ਵੱਖ ਰਾਜੇ ਆਪਣੀ ਲੜਾਈ ਲੜਦੇ ਸਨ। (ਘ) ਗੁਰੂ ਜੀ ਤੇ ਉਨ੍ਹਾਂ ਦੀ ਫੌਜ ਦਾ ਇਰਾਦਾ ਅਣਖ ਇਜ਼ਤ ਤੇ ਧਰਮ ਬਚਾਣਾ ਸੀ। ਜਿਸ ਲਈ ਉਹ ਸਿਰ ਧੜ ਦੀ ਬਾਜ਼ੀ ਲਾਣ ਲਈ ਤਿਆਰ ਸਨ ਜਦ ਕਿ ਪਹਾੜੀਆਂ ਦਾ ਇਰਾਦਾ ਮੁੱਖ ਤੌਰ ਤੇ ਲੁੱਟ ਮਾਰ ਦਾ ਸੀ। ਲੁੱਟਣ ਆਇਆ ਆਪਣਾ ਖੂਨ ਬੇਬਸੀ ਵਿੱਚ ਡੋਲ੍ਹਣ ਲਈ ਤਿਆਰ ਹੁੰਦਾ ਹੈ ਉਂਜ ਨਹੀਂ। ਇਰਾਦੇ ਕਮਜ਼ੋਰ ਹੋਣ ਕਰਕੇ ਪਹਾੜੀਏ ਪੂਰੇ ਦਿਲ ਨਾਲ ਲੜ ਨਾ ਸਕੇ। (ਚ) ਬਾਰ੍ਹਾਂ ਦਿਨ ਦੀ ਜੰਗ ਵਿੱਚ ਗੁਰੂ ਜੀ ਦੀ ਸੈਨਾਂ ਲਈ ਰਸਦ ਛੁਪੇ ਰਸਤੇ ਆਉਂਦੀ ਰਹੀ ਜਦ ਕਿ ਪਹਾੜੀ ਰਾਜਿਆਂ ਦੀ ਰਸਦ ਦਾ ਰਾਹ ਠੀਕ ਮਾਰ ਥੱਲੇ ਹੋਣ ਕਰਕੇ ਰਸਦ ਠੀਕ ਨਹੀਂ ਸੀ ਪਹੁੰਚਦੀ। ਇਸ ਨਾਲ ਪਹਾੜੀਆਂ ਦੇ ਇਰਾਦੇ ਹੋਰ ਵੀ ਕਮਜ਼ੋਰ ਹੋ ਗਏ। (ਛ) ਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ। ਪਠਾਣਾਂ ਤੇ ਉਦਾਸੀਆਂ ਦੇ ਉਡੰਤਰ ਹੋਣ ਤੋਂ ਬਾਅਦ ਵੀ ਗੁਰੂ ਜੀ ਨੇ ਮੱਥੇ ਵੱਟ ਨਹੀਂ ਪਾਇਆ ਤੇ ਨਾ ਹੀ ਆਪਣੀ ਸੈਨਾ ਤੇ ਇਸ ਦਾ ਅਸਰ ਜ਼ਾਹਿਰ ਹੋਣ ਦਿੱਤਾ। ਸੋ ਸਾਰੀ ਸਿੱਖ ਸੈਨਾ ਦੇ ਹੌਂਸਲੇ ਵੀ ਬੁਲੰਦ ਰਹੇ। (ਜ) ਗੁਰੂ ਜੀ ਨੂੰ ਦੁਸ਼ਮਣ ਦੀ ਫੌਜ ਬਾਰੇ ਚੰਗੀ ਤੇ ਸਮੇਂ ਸਿਰ ਖਬਰ ਮਿਲਦੀ ਰਹੀ ਜਿਸ ਕਰਕੇ ਉਹ ਹਰ ਹਾਲਤ ਲਈ ਤਿਆਰ ਮਿਲਦੇ ਸਨ। (ਝ) ਸਿੱਖ ਸੈਨਾ ਦਾ ਹੌਸਲਾ ਪੀਰ ਬੁਧੂ ਸ਼ਾਹ ਦੇ ਪਠਾਣਾਂ ਅਤੇ ਮਹੰਤ ਕ੍ਰਿਪਾਲ ਦਾਸ ਦੇ ਸਾਥੀਆਂ ਦੇ ਆ ਮਿਲਣ ਤੇ ਹੋਰ ਬੁਲੰਦ ਹੋ ਗਿਆ।
1689041097150.png

ਗੁਰਦੁਆਰਾ ਤੀਰ ਸਾਹਿਬ

ਤੀਰ ਸਾਹਿਬ ਪਹੁੰਚਦਿਆਂ ਤਕਰੀਬਨ ਨੌਂ ਵੱਜ ਗਏ ਸਨ।ਅਸੀਂ ਗੁਰਦੁਆਰਾ ਸਾਹਿਬ ਜਾ ਨਤਮਸਤਕ ਹੋਏ। ਏਥੇ ਕੁੱਝ ਸੰਗਤਾਂ ਪਹਿਲਾਂ ਹੀ ਰਾਤ ਠਹਿਰੀਆਂ ਸਨ॥ ਜਿਨ੍ਹਾਂ ਵਿੱਚੋਂ ਕੁੱਝ ਚਿਰ ਸੰਗਤਾਂ ਨੇ ਕੀਰਤਨ ਕੀਤਾ, ਵਾਕ ਲਿਆ ਤੇ ਫਿਰ ਚਾਹ ਦੀ ਸੇਵਾ ਹੋਈ ਜਿਸ ਪਿੱਛੋਂ ਅਸੀਂ ਭੰਗਾਣੀ ਸਾਹਿਬ ਵੱਲ ਰਵਾਨਾ ਹੋ ਗਏ।
1689041153426.png

ਗੁਰਦੁਆਰਾ ਭੰਗਾਣੀ ਸਾਹਿਬ
ਭੰਗਾਣੀ ਸਾਹਿਬ ਤੀਰ ਸਾਹਿਬ ਤੋਂ ਫਰਲਾਂਗ ਤੇ ਹੀ ਹੈ। ਖੇਤਾਂ ਵਿਚੋਂ ਸੜਕ ਜਾਂਦੀ ਹੈ। ਜਿੱਥੇ ਪਹਿਲਾਂ ਇਤਨਿਆਂ ਦਾ ਖੂਨ ਵਗਿਆ ਸੀ ਅਜ ਕਲ੍ਹ ਉੱਥੇ ਬੜੀਆਂ ਚੰਗੀਆਂ ਫਸਲਾਂ ਖੜੀਆਂ ਹਨ। ਕਣਕ, ਮਕਈ, ਬਰਸੀਣ, ਗੰਨਾਂ ਆਦਿ ਇਸ ਧਰਤੀ ਤੇ ਬੜੇ ਹੁੰਦੇ ਹਨ। ਭਾਵੇਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿਸ਼ਾਲ ਨਹੀਂ ਪਰ ਇਸ ਸੁਹਾਣੇ ਵਾਤਾਵਰਣ ਵਿੱਚ ਇਹ ਥਾਂ ਅਤਿਅੰਤ ਹੀ ਲੁਭਾਉਣੀ ਹੈ। ਖੁਲ੍ਹੀ ਠੰਢੀ ਹਵਾ ਦੀ ਮਹਿਕ ਅੰਗ ਅੰਗ ਵਿੱਚ ਰਚਦੀ ਜਾ ਰਹੀ ਸੀ। ਏੇਥੇ ਨਾਸ਼ਤਾ ਕਰਕੇ ਅਸੀਂ ਗੁਰਦੁਆਰਾ ਰਣਥੰਬ ਸਾਹਿਬ ਵੱਲ ਵਧੇ ਜੋ ਸੜਕ ਦੇ ਦੂਜੇ ਪਾਸੇ ਸੀ। ਗੁਰਦੁਆਰਾ ਸਾਹਿਬ ਦਾ ਬੋਰਡ ਇਸ ਥਾਂ ਦਾ ਇਤਿਹਾਸ ਦਸਦਾ ਸੀ। ਏਥੇ ਗੁਰੂ ਜੀ ਨੇ ਸੰਗੋ ਸਾਹਿਬ ਨੂੰ ਸੈਨਾ ਦਾ ਕਮਾਂਡਰ ਥਾਪ ਕੇ ਕਿਹਾ ਸੀ ਕਿ "ਤੁਸੀਂ ਇਸ ਥਾਂ ਤੋਂ ਪਿੱਛੇ ਨਹੀਂ ਹਟਣਾ । ਅੱਗੇ ਵਧ ਸਕਦੇ ਹੋ।"

1689041221182.png


1689041249144.png
ਗੁਰਦੁਆਰਾ ਰਣਥੰਬ ਸਾਹਿਬ

ਗੁਰਦੁਆਰਾ ਰਣਥੰਬ ਸਾਹਿਬ ਤੋਂ ਸਾਰਾ ਮੈਦਾਨ ਸਾਫ ਨਜ਼ਰ ਆ ਰਿਹਾ ਸੀ। ਰੇਥੇ ਇੱਕ ਪਰਿਵਾਰ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਿਹਾ ਸੀ।ਏਥੇ ਤਸਵੀਰਾਂ ਲੈ ਕੇ ਅਸੀਂ ਅਗਲੇ ਪੜਾ ਕਾਲਸੀ ਵਲ ਵਧੇ ਜੋ ਏਥੋਂ ਤੇਰਾਂ ਕਿਲੋਮੀਟਰ ਸੀ ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top