- Jan 3, 2010
- 1,254
- 422
- 79
ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-6
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
22 ਜੂਨ 2023 ਦੀ ਸ਼ਾਮ ਦੇ ਤਕਰੀਬਨ ਤਿੰਨ ਕੁ ਵੱਜੇ ਸਨ ਜਦ ਅਸੀਂ ਰਾਇਪੁਰ ਰਾਣੀ ਤੋਂ ਟੋਕਾ ਸਾਹਿਬ ਲਈ ਚੱਲੇ ।ਸਫਰ 24 ਕਿਲੋਮੀਟਰ , ਤਕਰੀਬਨ 35 ਕੁ ਮਿੰਟ ਦਾ ਸੀ ਜੋ ਕੋਹਰਾ-ਭੂਰਾ, ਨਰਾਇਣਗੜ੍ਹ, ਉੱਜਲ ਮਾਜਰੀ ਤੋਂ ਰੂਨ ਨਦੀ ਦਾ ਪੁਲ ਪਾਰ ਕਰਕੇ ਗੁਰਦੁਆਰਾ ਤਕ ਦਾ ਸੀ। ਨਰਾਇਣਗੜ੍ਹ ਤੱਕ ਤਾਂ ਸ਼ਾਹਰਾਹ ਸੀ ਪਰ ਅੱਗੇ ਪਿੰਡਾਂ ਦੀ ਸੜਕ ਸੀ।
ਰਾਇਪੁਰ ਰਾਣੀ ਤੋਂ ਗੁਰਦੁਆਰਾ ਸ੍ਰੀ ਟੋਕਾ ਸਾਹਿਬ
ਟੋਕਾ ਸਾਹਿਬ ਦਾ ਸੁਨਹਿਰੀ ਦੁਆਰ
ਸਾਢੇ ਤਿੰਨ ਕੁ ਵਜੇ ਅਸੀਂ ਰੂਨ ਪੁਲ ਪਾਰ ਕਰਕੇ ਟੋਕਾ ਸਾਹਿਬ ਦੇ ਸੁਨਹਿਰੀ ਦੁਆਰ ਰਾਹੀਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਕੇ ਸਭ ਤੋਂ ਪਹਿਲਾਂ ਹੱਥ ਪੈਰ ਧੋਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਚਰਨ ਨਿਵਾਏ। ਫਿਰ ਮੈਂ ਦਫਤਰ ਵਿਚ ਚਲਾ ਗਿਆ ਤੇ ਟੈਲੀਫੋਨ ਉਤੇ ਮਿਲੀ ਕਮਰੇ ਦੀ ਬੁਕਿੰਗ ਬਾਰੇ ਦੱਸਿਆ ਤਾਂ ਉਥੋਂ ਦੇ ਮੈਨੇਜਰ ਸਾਹਿਬ ਨੇ ਪੁਛਿਆ ਕਿ ਤੁਹਾਡਾ ਏਥੇ ਰਹਿਣ ਦਾ ਪੱਕ ਕਿਸ ਨੰਬਰ ਤੇ ਹੋਇਆ ਸੀ ਕਿਉਂਕਿ ਉਨ੍ਹਾਂ ਨੇ ਤਾਂ ਕਿਸੇ ਨੂੰ ਕਮਰੇ ਬਾਰੇ ਕੋਈ ਪੱਕਾ ਨਹੀਂ ਕੀਤਾ। ਮੈਂ ਮੁਬਾਈਲ ਵਿੱਚੋਂ ਨੰਬਰ ਕੱਢਣ ਲੱਗਿਆ ਤਾਂ ਉਥੇ ਬੈਠੇ ਇੱਕ ਹੋਰ ਸ਼ਖਸ਼ ਨੇ ਮੈਨੂੰ ਰੋਕ ਦਿਤਾ ਤੇ ਕਿਹਾ ਕਿ "ਇਹ ਫੋਨ ਨੰਬਰ ਪੁਰਾਣੇ ਪ੍ਰਧਾਨ ਦਾ ਹੋਣਾ ਹੈ ਜੋ ਸਾਥੋਂ ਬਿਨਾ ਪੁਛੇ ਸਭ ਨੂੰ ਹਾਂ ਕਰ ਦਿੰਦਾ ਹੈ। ਉਸੇ ਨੇ ਹੀ ਹਾਂ ਕਰ ਦਿੱਤੀ ਹੋਵੇਗੀ ਪਰ ਉਸ ਨੂੰ ਇਸ ਦਾ ਹੱਕ ਨਹੀਂ ਸੀ" ਮੇਰੇ ਲਈ ਇਹ ਨਵੀ ਮੁਸੀਬਤ ਸੀ। ਮੈਂ ਨਾਢਾ ਸਾਹਿਬ ਤੋਂ ਇਸ ਲਈ ਚੱਲਿਆ ਸਾਂ ਕਿ ਟੋਕਾ ਸਾਹਿਬ ਵਿਚ ਤਾਂ ਕਮਰਾ ਪੱਕਾ ਹੈ ਹੀ ਪਰ ਇਹ ਨਵੀਂ ਮੁਸੀਬਤ ਕਿਉਂ? ਪਰ ਉਸ ਸ਼ਖਸ਼ ਨੇ ਕਿਹਾ," ਤੁਸੀਂ ਫਿਕਰ ਨਾ ਕਰੋ। ਫੌਜੀ ਕਰਨਲ ਹੋ ਮੈਂ ਵੀ ਕਪਤਾਨ ਰਿਟਇਰਡ ਹਾਂ ਤੇ ਇਸ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਹਾਂ।" ਉਸ ਨੇ ਅਪਣੇ ਕਰਮਚਾਰੀ ਨੂੰ ਬੁਲਾਇਆ ਤੇ ਮੇਰੇ ਲਈ ਇੱਕ ਏ ਸੀ ਕਮਰਾ ਅਲਾਟ ਕਰ ਦਿਤਾ।ਫਿਰ ਚਾਹ ਮੰਗਵਾ ਕੇ ਅਪਣੇ ਗੁਰੁਦੁਆਰੇ ਸਾਹਿਬ ਬਾਰੇ ਅਤੇ ਸੈਨਿਕ ਜੀਵਨ ਬਾਰੇ ਗੱਲਾਂ ਕਰਨ ਲੱਗੇ।
ਉਹ ਚਾਹੁੰਦੇ ਸਨ ਕਿ ਟੋਕਾ ਸਾਹਿਬ ਬਾਰੇ ਕੋਈ ਭਰੋਸੇ ਯੋਗ ਪੁਸਤਿਕਾ ਹਿੰਦੀ, ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਤਿਆਰ ਕੀਤੀ ਜਾਵੇ ਜਿਸ ਲਈ ਮੈਂ ਭਰੋਸਾ ਦਿਵਾਇਆ।ਏਥੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਇਨਸਾਈਕਲੋਪੀਡੀਆ ਇਨਚਾਰਜ ਪ੍ਰੋਫੈਸਰ ਪਰਮਵੀਰ ਸਿੰਘ ਜੀ ਵੀ ਪਹਿਲਾਂ ਅਏ ਸਨ ਤੇ ਉਨ੍ਹਾਂ ਦਾ ਟੋਕਾ ਸਾਹਿਬ ਬਾਰੇ ਅਜੀਤ ਵਿੱਚ ਲੇਖ ਛਪਿਆ ਵੀ ਸੀ। ਏਨੇ ਨੂੰ ਕਮਰਾ ਵੀ ਤਿਆਰ ਹੋ ਗਿਆ ਤੇ ਅਸੀਂ ਅਪਣੀ ਕਾਰ ਕਮਰੇ ਦੇ ਅੱਗੇ ਹੀ ਪਾਰਕ ਕਰ ਦਿਤੀ। ਕਮਰਾ ਰਹਿਣ ਲਈ ਠੀਕ ਠਾਕ ਸੀ।
ਅਸੀਂ ਅਪਣਾ ਸਮਾਨ ਕਮਰੇ ਵਿੱਚ ਟਿਕਾ ਕੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਸਾਹਿਬ ਨਾਲ ਸਬੰਧਤ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਨਿਕਲੇ। ਖਾਸ ਕਰਕੇ ਤਪ ਅਸਥਾਨ, ਭੋਰਾ ਸਾਹਿਬ, ਸਰੋਵਰ, ਸ਼ਹੀਦ-ਸਸਕਾਰ ਅਸਥਾਨ, ਜਾਮਣਾਂ ਜਿਨ੍ਹਾਂ ਨਾਲ ਗੁਰੂ ਜੀ ਘੋੜੇ ਬੰਨਦੇ ਸਨ, ਅੰਬ ਜੋ ਗੁਰੂ ਜੀ ਨੇ ਆਪ ਲਾਇਆ ਸੀ, ਬਾਂਸ ਜੋ ਗੁਰੂ ਜੀ ਦੇ ਕੇਸਾਂ ਨਾਲ ਸਬੰਧਤ ਦੱਸੇ ਜਾਦੇ ਸਨ, ਉਹ ਪੁਰਾਤਨ ਖੂਹ ਜੋ ਗੁਰੁ ਜੀ ਨੇ ਆਪ ਖੁਦਵਾਇਆ ਸੀ ਤੇ ਸ਼ਿਲਾਲੇਖ ਜੋ ਜੱਸਾ ਸਿੰਘ ਆਹਲੂਵਾਲੀਆ ਦੀ ਏਥੇ ਆਉਣ ਦੀ ਯਾਦ ਵਿੱਚ ਸੀ।ਇਸ ਸਭ ਦੇ ਦਰਸ਼ਨ ਕਰਾਉਣ ਲਈ ਕਿਸੇ ਜਾਣਕਾਰ ਨਾਲ ਭੇਜਣ ਲਈ ਬਿਨੈ ਕੀਤੀ ਤਾਂ ਇਕ ਬਿਰਧ ਨੂੰ ਸਾਡੇ ਨਾਲ ਲਾ ਦਿਤਾ ਗਿਆ। ਜਾਣ ਤੋਂ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਬਾਰੇ ਪ੍ਰਧਾਨ ਸਾਹਿਬ ਦਾ ਇਤਿਹਾਸ ਤੇ ਪ੍ਰਬੰਧ ਦਾ ਵਿਸਥਾਰ ਮੋਬਾਈਲ ਉਤੇ ਵਿਡੀਓ ਰਿਕਾਰਡ ਕਰ ਲਿਆ।
ਗੁਰਦੁਆਰਾ ਟੋਕਾ ਸਾਹਿਬ ਦਾ ਇਤਿਹਾਸ ਜੋ ਮੈਂ ਪ੍ਰਧਾਨ ਸਾਹਿਬ ਤੋਂ ਸੁਣਿਆ ਤੇ ਜੋ ਪਹਿਲਾਂ ਪੜ੍ਹਿਆ ਘੋਖਿਆ ਉਸ ਦਾ ਵਿਸਥਾਰ ਦੇਣਾ ਜ਼ਰੂਰੀ ਹੈ।
ਟੋਕਾ ਪਿੰਡ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਤੇ ਜ਼ਿਲਾ ਅੰਬਾਲਾ, ਤਹਿਸੀਲ ਥਾਣਾ ਨਾਰਾਇਣ ਗੜ੍ਹ ਵਿੱਚ ਸਥਿਤ ਹੈ । ਪਿੰਡ ਤੋਂ ਇਕ ਮੀਲ ਪੱਛਮ ਵੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟੋਕਾ ਸਾਹਿਬ ਹੈ ਜੋ ਇਲਾਕੇ ਨਾਹਨ ਅੰਦਰ ਹੈ। ਗੁਰਦੁਆਰਾ ਟੋਕਾ ਸਾਹਿਬ ਵਿਖੇ ਇਕ ਸ਼ਾਨਦਾਰ ਗੁਰਦੁਆਰਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਿਚ ਸਥਾਪਿਤ ਕੀਤਾ ਗਿਆ ਹੈ, ਜਿੱਥੇ ਗੁਰੂ ਜੀ 1685 ਵਿਚ ਅਤੇ ਫਿਰ 1688 ਵਿਚ ਇੱਥੇ 12 ਦਿਨ ਠਹਿਰੇ ਸਨ।
ਇਸ ਥਾਂ ਇਨ੍ਹਾਂ ਰੰਘੜਾਂ ਨੇ ਸ੍ਰੀ ਗੁਰੂ ਸਾਹਿਬ ਜੀ ਦੇ ਲਸ਼ਕਰ ਦੇ ਊਠ ਚੁਰਾ ਲਏ ।ਜਦੋਂ ਸਿੱਖ ਸਿਪਾਹੀਆਂ ਨੂੰ ਪਤਾ ਲੱਗਾ ਕਿ ਊਠ ਗਾਇਬ ਹਨ, ਤਾਂ ਉਨ੍ਹਾਂ ਨੇ ਗੁਰੂ ਗੋਬਿੰਦ ਰਾਏ ਨੂੰ ਸੂਚਿਤ ਕੀਤਾ। ਗੁਰੂ ਜੀ ਨੇ ਪਿੰਡ ਦੇ ‘ਰੰਘੜਾਂ' ਨੂੰ ਊਠਾਂ ਬਾਰੇ ਪੁੱਛਿਆ ਪਰ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਊਠ ਨਹੀਂ ਚੁਰਾਏ। ਇਹ ਕਹਿਕੇ ਉਹ ਵਾਪਸ ਆਪਣੇ ਪਿੰਡ ਚਲੇ ਗਏ।
ਪਿੰਡ ਟੋਕਾ ਤੋਂ ਕੁਝ ਦੂਰੀ ‘ਤੇ ‘ਲਾਹਾ' ਨਾਂ ਦਾ ਇੱਕ ਹੋਰ ਪਿੰਡ ਹੈ ਜੋ ਨਰਾਇਣਗੜ੍ਹ-ਰਾਏਪੁਰ ਰਾਣੀ ਸੜਕ ’ਤੇ ਸਥਿਤ ਹੈ। ਇਸ ਦੇ ਜ਼ਿਆਦਾਤਰ ਵਸਨੀਕ ਗਰੀਬ ਲੋਕ ਸਨ। ਗੁਰੂ ਜੀ ਨੇ ਉਹਨਾਂ ਨੂੰ ਆਪਣੇ ਡੇਰੇ ਵਿੱਚ ਬੁਲਾਇਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਭਿਖਾਰੀਆਂ ਦੇ ਭੇਸ ਵਿੱਚ ਰੰਘੜਾਂ ਦੇ ਪਿੰਡ ਜਾ ਕੇ ਇਹ ਵੇਖਣ ਕਿ ਗੁਰੂ ਜੀ ਦੇ ਊਠ ਟੋਕਾ ਪਿੰਡ ਵਿੱਚ ਹਨ ਜਾਂ ਨਹੀਂ। ਪਿੰਡ 'ਲਾਹਾ' ਦਾ ਇੱਕ ਗਰੀਬ ਨਿਵਾਸੀ ਭਿਖਾਰੀ ਬਣ ਕੇ ਪਿੰਡ 'ਟੋਕਾ' ਗਿਆ। ਉਸ ਨੇ ਗੁਰੂ ਜੀ ਦੇ ਦੋਵੇਂ ਊਠ ਪਿੰਡ ਵਿਚ ਦੇਖੇ ਤਾਂ ਉਹ ਗੁਰੂ ਜੀ ਕੋਲ ਵਾਪਸ ਆਇਆ ਅਤੇ ਦੱਸਿਆ ਕਿ ਪਿੰਡ ਟੋਕਾ ਵਿੱਚ ਦੋਵੇਂ ਊਠ ਬੰਨ੍ਹੇ ਹੋਏ ਹਨ। ਹੁਣ ਗੁਰੂ ਜੀ ਨੇ ਪਿੰਡ ਟੋਕਾ ਦੇ ‘ਰੰਘੜਾਂ’ ਨੂੰ ਫਿਰ ਬੁਲਾਇਆ। 'ਰੰਘੜ' ਹੁਣ ਡਰੇ ਹੋਏ ਸਨ ਕਿਉਂਕਿ ਉਨ੍ਹਾਂ ਦਾ ਅਪਰਾਧ ਉਜਾਗਰ ਅਤੇ ਸਾਬਤ ਹੋ ਚੁੱਕਾ ਸੀ। ਰੰਘੜ ਨੇਤਰਾਂ ਤੋਂ ਅੰਨ੍ਹੇ ਹੋ ਗਏ ਤਾਂ ਗੁਰੂ ਜੀ ਦੇ ਚਰਨੀ ਆ ਪਏ । ਗੁਰੂ ਜੀ ਨੇ ਵਚਨ ਕੀਤਾ, "ਤੁਹਾਡੀ ਕੁਲ ਦੇ ਸਾਰੇ ਅੰਨ੍ਹੇ ਹੋ ਕੇ ਮਰਣਗੇ ਅਤੇ ਵਿਉਪਾਰ ਵਿੱਚ ਸਦਾ ਘਾਟਾ ਪਾਉਂਦੇ ਰਹੋਗੇ।" (ਧੰਨਾ ਸਿੰਘ ਚਹਿਲ, ਸਾਈਕਲ ਯਾਤਰਾ 17 ਜੂਨ 1934, ਪੰਨਾ 169) ਗੁਰੂ ਜੀ ਨੇ ਕਿਹਾ, “ਪਿੰਡ ‘ਲਾਹਾ' ਦੇ ਵਸਨੀਕਾਂ ਨੂੰ ਹਮੇਸ਼ਾ ‘ਲਾਹਾ ਖਟਣਗੇ ਅਤੇ ‘ਟੋਕਾ' ਦੇ ਵਾਸੀਆਂ ਨੂੰ ‘ਟੋਟਾ' ਰਹੇਗਾ । ਪਿੰਡ ਦਾ ਨਾਂ 'ਟੋਟਾ' ਕਰਕੇ ਪ੍ਰਸਿੱਧ ਹੋਇਆ। ਲਾਹਾ ਪਿੰਡ ਸੜਕ ਤੇ ਘੁੱਗ ਵਸਦਾ ਹੈ ।
ਗੁਰਦੁਆਰਾ ਟੋਕਾ ਸਾਹਿਬ
ਗੁਰਦੁਆਰਾ ਟੋਕਾ ਸਾਹਿਬ ਇਕ ਵਿਲੱਖਣ ਗੁਰਦੁਆਰਾ ਹੈ। ਗੁਰਦੁਆਰਾ ਸਾਹਿਬ ਦਾ ਕੁਦਰਤੀ ਮਾਹੌਲ ਅਤੇ ਇਲਾਕੇ ਦੀ ਘੱਟ ਆਬਾਦੀ ਕਰਕੇ ਇਹ ਬਹੁਤ ਹੀ ਸ਼ਾਂਤ ਸਥਾਨ ਹੈ। ਗੁਰਦੁਆਰਾ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸਥਿਤ ਹੈ, ਪਰ ਸਭ ਤੋਂ ਨਜ਼ਦੀਕੀ ਪਿੰਡ ਟੋਟਾ, ਦੱਖਣ-ਪੂਰਬ ਵੱਲ ਇੱਕ ਕਿਲੋਮੀਟਰ ਦੂਰ, ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਹੈ। ਮੀਆਂਪੁਰ ਤੋਂ ਉੱਥੇ ਪਹੁੰਚਣ ਲਈ ਤੁਹਾਨੂੰ ਰੂਨ ਨਦੀ ਪਾਰ ਕਰਨੀ ਪੈਂਦੀ ਹੈ। ਇਹ ਨਰਾਇਣਗੜ੍ਹ ਤੋਂ ਲਗਭਗ 20 ਕਿਲੋਮੀਟਰ ਦੂਰ ਹੈ।
ਗੁਰਦੁਆਰਾ ਟੋਕਾ ਸਾਹਿਬ
ਗੁਰਦੁਆਰਾ ਟੋਕਾ ਸਾਹਿਬ ਨਾਲ 150 ਵਿਘੇ ਜ਼ਮੀਨ ਰਿਆਸਤ ਨਾਹਨ ਵਲੋਂ ਅਤੇ ਮੀਰਪੁਰ ਵਿਚ ਆਹਲੂਵਾਲੀਏ ਜਾਗੀਰਦਾਰਾਂ ਵੱਲੋਂ ਹੈ । ਸੌ ਵਿੱਘਾ ਤਾਂ ਗੁਰਦੁਆਰੇ ਦੇ ਆਲੇ ਦੁਆਲੇ ਹੈ ਤੇ 50 ਵਿੱਘੇ ਜ਼ਿਲਾ ਅੰਬਾਲਾ ਵਿੱਚ ਹੈ । (ਰਿਆਸਤ ਪਟਿਆਲਾ ਤੋਂ 100 ਰੁਪਈਏ ਸਾਲਾਨਾ ਮਿਲਦੇ ਸਨ) (ਧੰਨਾ ਸਿੰਘ ਚਹਿਲ, ਪੰਨਾ 169) ਜੋ ਹੁਣ ਨਹੀਂ ਮਿਲਦੇ।
ਰੇਲਵੇ ਸਟੇਸ਼ਨ ਬਰਾੜੇ ਤੋਂ 30 ਮੀਲ ਉੱਤਰ ਹੈ ਅਤੇ ਨਾਹਨ ਤੋਂ 8 ਕੋਹ ਹੈ। ਪੁਜਾਰੀ ਅਕਾਲੀ ਸਿੰਘ ਜੀ ਹੈ। ਜੇਠ ਸੁਦੀ 10 ਨੂੰ ਜੋੜ ਮੇਲਾ ਲਗਦਾ ਹੈ ।(ਸੰਤ ਵਿਸਾਖਾ ਸਿੰਘ, ਮਾਲਵਾ ਇਤਿਹਾਸ,ਪੰਨਾ 122)
ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਵਰਾਂਡੇ ਨਾਲ ਘਿਰੇ ਇਕ ਮਾਮੂਲੀ ਛੱਤ ਵਾਲੇ ਮਕਾਨ ਵਿੱਚ ਸੀ। ਇੱਥੇ ਇੱਕ ਨਿਹੰਗ ਦੀ ਝੌਂਪੜੀ ਸੀ ਜੋ ਗੁਰਦੁਆਰੇ ਦੀ ਸੇਵਾ ਸੰਭਾਲ ਕਰਦਾ ਸੀ।(ਧੰਨਾ ਸਿੰਘ ਚਹਿਲ, ਪੰਨਾ 169) ਹੁਣ ਟੋਕਾ ਸਾਹਿਬ ਦੇ ਰੂਪ ਵਿੱਚ ਇੱਕ ਵੱਡਾ ਹਾਲ ਹੈ। ਫਿਰ ਇੱਕ ਮੈਨੇਜਮੈਂਟ ਟਰੱਸਟ ਬਣਾਇਆ ਗਿਆ ਸੀ ਜੋ ਹੁਣ ਗੁਰਦੁਆਰਿਆਂ ਦੀਆਂ ਰਹੁ-ਰੀਤੀਆਂ ਅਤੇ ਕੰਮਕਾਜ ਨੂੰ ਨਿਯੰਤਰਿਤ ਕਰਦਾ ਹੈ। ਏਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਗੁਰੂਆਂ ਨਾਲ ਸਬੰਧਤ ਦਿਹਾੜਿਆਂ 'ਤੇ ਵੀ ਭਾਰੀ ਇਕੱਠ ਹੁੰਦਾ ਹੈ। ਹਰ ਸਾਲ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਟਰੱਕਾਂ, ਟਰੈਕਟਰਾਂ, ਵੈਨਾਂ ਅਤੇ ਹੋਰ ਵਾਹਨਾਂ ਵਿੱਚ ਭਰਕੇ ਸੰਗਤ ਇੱਥੇ ਆਉਂਦੀ ਹੈ। ਦਰਬਾਰ ਸਾਹਿਬ ਦੇ ਅਸਥਾਨ ਦੀ ਚਰਨ ਛੋਹ ਪ੍ਰਾਪਤ ਕਰਨ ਲਈ ਰੁਨ ਨਦੀ ਨੂੰ ਪਾਰ ਕਰਨਾ ਪੈਂਦਾ ਹੈ ਜਿਸ ਉਤੇ ਹੁਣ ਗੁਰਦੁਆਰਾ ਸਾਹਿਬ ਦੀ ਮਦਦ ਨਾਲ ਇਕ ਸੁੰਦਰ ਪੁਲ ਬਣਾ ਦਿਤਾ ਗਿਆ ਹੈ। ਹੁਣ ਇੱਥੇ ਇੱਕ ਸਰੋਵਰ ਸਾਹਿਬ, ਇੱਕ ਵੱਡਾ ਲੰਗਰ ਹਾਲ, ਇੱਕ ਗੋਬਰ ਗੈਸ ਪਲਾਂਟ ਅਤੇ ਇੱਕ ਸੜਕ (ਫਿਰੋਜ਼ਪੁਰ ਤੋਂ ਰੂਣ ਨਦੀ ਉੱਤੇ) ਕੈਪਟਨ ਫਤiਹ ਸਿੰਘ ਦੇ ਕਾਰਜਕਾਲ ਵਿੱਚ ਬਣੀ ਹੈ। ਟੋਕਾ ਪਿੰਡ ਅਜੇ ਵੀ ਮੌਜੂਦ ਹੈ। ਪਿੰਡ ਟੋਕਾ ਦੀ ਜ਼ਮੀਨ ’ਤੇ ਗੁਰਦੁਆਰਾ ਬਣਿਆ ਹੋਣ ਕਰਕੇ ਇਸ ਦਾ ਨਾਂ ‘ਗੁਰਦੁਆਰਾ ਟੋਕਾ ਸਾਹਿਬ' ਰੱਖਿਆ ਗਿਆ ਹੈ। ਗੁਰੂ ਕਾ ਲੰਗਰ ਸਦਾਬਰਤ ਹੈ ਜਿੱਥੇ ਸਾਰੀ ਸੰਗਤ ਨੂੰ ਭੋਜਨ ਪਰੋਸਿਆ ਜਾਂਦਾ ਹੈ। ਲੰਗਰ ਛਕਣ ਤੋਂ ਬਾਅਦ, ਸੰਗਤਾਂ ਵਰਤੇ ਜਾਣ ਲਈ ਭਾਂਡੇ ਸਾਫ਼ ਕਰਕੇ ਅਤੇ ਇਸਨੂੰ ਵਾਪਸ ਟਿਕਾਉਂਦੀ ਹੈ । ਇਸ ਸਥਾਨ ਵਿੱਚ ਦਾਖਲ ਹੋਣ ਲਈ ਸਿਰ ਢੱਕਣ ਅਤੇ ਠੀਕ ਪਹਿਰਾਵਾ ਪਹਿਨਣ ਦੀ ਲਾਜ਼ਮੀ ਹੈ।
ਸਾਡਾ ਰਾਹਨੁਮਾ ਸਾਨੂੰ ਸਭ ਤੋਂ ਪਹਿਲਾਂ ਉਨ੍ਹਾਂ ਜਾਮਣਾਂ ਦੇ ਰੁਖਾਂ ਵੱਲ ਲੈ ਗਿਆ ਜਿਥੇ ਗੁਰੂ ਜੀ ਅਪਣੇ ਘੋੜੇ ਬੰਨਿਆਂ ਕਰਦੇ ਸਨ। ਪੰਜ ਜਾਮਣਾਂ ਦੇ ਰੁੱਖ ਸਨ ਜਿਨ੍ਹਾਂ ਵਿੱਚੋਂ 2 ਤਾਂ ਸੁੱਕ ਚੁੱਕੇ ਸਨ ਤੇ ਬਾਕੀ ਤਿੰਨ ਹਰੇ ਭਰੇ ਸਨ।
ਫੋਟੋ ਗੁਰੂ ਜੀ ਦੇ ਲਾਏ ਜਾਮਣਾਂ ਦੇ ਦਰਖਤ
ਫਿਰ ਉਹ ਸਾਨੂੰ ਉਸ ਸਰੋਵਰ ਦੇ ਕੰਢੇ ਲੈ ਗਿਆ ਜੋ ਪਹਿਲਾਂ ਤਲਾਬ ਸੀ ਤੇ ਜਿੱਥੇ ਗੁਰੂ ਸਾਹਿਬ ਇਸ਼ਨਾਨ ਕਰਿਆ ਕਰਦੇ ਸਨ ।ਪਰ ਹੁਣ ਉਹ ਤਲਾਬ ਸੁੰਦਰ ਸਰੋਵਰ ਬਣਿਆ ਹੋਰਿਆ ਸੀ ਜਿਸ ਦੇ ਗਿਰਦੇ ਪਰਿਕਰਮਾਂ ਬਣੀ ਹੋਈ ਸੀ।
ਫੋਟੋ ਸਰੋਵਰ
ਅੱਗੇ ਸਾਨੂੰ ਉਸਨੇ ਉਸ ਸਥਾਨ ਦੇ ਦਰਸ਼ਨ ਕਰਵਾਏ ਜਿੱਥੇ ਦੋ ਸਿੰਘ ਜੋ ਭੰਗਾਣੀ ਦੇ ਯੁੱਧ ਵਿੱਚ ਜ਼ਖਮੀ ਹੋ ਗਏ ਸਨ ਤੇ ਇਥੇ ਉਨ੍ਹਾਂ ਨੇ ਪ੍ਰਾਣ ਤਿਆਗੇ ਸਨ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਦਾ ਸਸਕਾਰ ਅਪਣੇ ਹੱਥੀਂ ਕੀਤਾ ਸੀ। ਉਸ ਥਾਂ ਹੁਣ ਸਰੋਵਰ ਕਿਨਾਰੇ ਇੱਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਸੀ।
ਸਰੋਵਰ ਕਿਨਾਰੇ ਸ਼ਾਨਦਾਰ ਗੁਰਦੁਆਰਾ ਸ਼ਹੀਦਾਂ
ਅੱਗੇ ਸਾਨੂੰ ਉਹ ਖੂਹ ਵਿਖਾਇਆ ਗਿਆ ਜੋ ਗੁਰੂ ਜੀ ਨੇ ਆਪ ਲਗਵਾਇਆ ਸੀ ਤੇ ਜਿੱਸ ਦੀ ਮੁਰੰਮਤ ਸਰਦਾਰ ਫਤਹਿ ਸਿੰਘ ਆਹਲੂਵਾਲੀਏ ਨੇ ਕਰਵਾਈ ਸੀ ਜਿਸ ਬਾਰੇ ਇੱਕ ਬੋਰਡ ਵੀ ਲੱਗਿਆ ਹੋਇਆ ਸੀ ਤੇ ਖੂਹ ਦੀ ਦੀਵਾਰ ਉਤੇ ਇੱਕ ਸ਼ਿਲਾ ਲੇਖ ਵੀ ਲਿਖਿਆ ਹੋਇਆ ਸੀ। ਫਤਹਿ ਸਿੰਘ ਵਾਲੀਏ ਦਾ ਇਸ ਥਾਂ ਨਾਲ ਸਬੰਧ ਸੁਣ ਕੇ ਮੈਂਨੂੰ ਮਾਣਕ ਟਬਰਾ ਦੇ ਆਹਲੂਵਾਲੀਆਂ ਦਾ ਖਿਆਲ ਆ ਗਿਆ ਤੇ ਮੈਂ ਉਸ ਨੂੰ ਮਾਣਕ ਟਬਰਾ ਅਤੇ ਇਸ ਥਾਂ ਆਏ ਆਏ ਫਤਹਿ ਸਿੰਘ ਆਹਲੂਵਾਲੀਆ ਦਾ ਕੁਝ ਸਬੰਧ ਹੋਣ ਬਾਰੇ ਪੁੱਛ ਗਿਛ ਕੀਤੀ ਪਰ ਸ਼ਾਇਦ ਇਸ ਬਾਰੇ ਤਾਂ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਅਸੀ ਇਨ੍ਹਾਂ ਸਭ ਦੀਆਂ ਫੋਟੋਆਂ ਲਈ ਜਾ ਰਹੇ ਸਨ।
ਫੋਟੋ ਗੁਰੂ ਕਾ ਖੂਹ
ਫੋਟੋ ਸ਼ਿਲਾਲੇਖ
ਉਸ ਤੋਂ ਅੱਗੇ ਉਹ ਸਾਨੂੰ ਬਣ ਰਹੇ ਵਿਸ਼ਾਲ ਭਵਨ ਦੇ ਅੰਦਰ ਲੈ ਗਿਆ ਜਿਸ ਬਾਰੇ ਉਸ ਨੇ ਦੱਸਿਆ ਕਿ ਇਸ ਨਵੇਂ ਭਵਨ ਦੀ ਇਮਾਰਤ ਉਤੇ ਬੜੇ ਜ਼ੋਰ ਸ਼ੋਰ ਨਾਲ ਕਾਰਜ ਹੋ ਰਿਹਾ ਹੈ ਜੋ ਸਾਲ ਛੇ ਮਹੀਨੇ ਵਿੱਚ ਪੂਰਾ ਹੋ ਜਾਵੇਗਾ।
ਗੁਰਦੁਆਰਾ ਸਾਹਿਬ ਦੀ ਨਵੀ ਬਣ ਰਹੀ ਇਮਾਰਤ
ਫਿਰ ਉਹ ਸਾਨੂੰ ਨਵੇਂ ਭਵਨ ਦੇ ਥੱਲੜੀ ਤਹਿ ਤੇ ਬਣ ਰਹੇ ਵਿਸ਼ਾਲ ਭੋਰਾ ਸਾਹਿਬ ਲੈ ਗਿਆ। ਥੱਲੇ ਉਤਰਨ ਵਿੱਚ ਕੁਝ ਔਖਿਆਈ ਜ਼ਰੂਰ ਹੋਈ ਪਰ ਹੌਸਲਾ ਰੱਖ ਕੇ ਅਸੀਂ ਨਵੇਂ ਬਣ ਰਹੇ ਭੋਰਾ ਸਾਹਿਬ ਦੇ ਦਰਸ਼ਨ ਕਰ ਸਕੇ ਜਿਥੇ ਗੁਰੂ ਜੀ ਬਾਰਾਂ ਦਿਨ ਟਿਕੇ ਸਨ।
ਨਵੇਂ ਬਣ ਰਹੇ ਭੋਰਾ ਸਾਹਿਬ ਦੀ ਫੋਟੋ
ਏਥੇ ਅਪਣੇ ਸ਼ਰਧਾ ਦੇ ਫੁੱਲ ਭੇਟ ਕਰਕੇ ਸਾਨੂੰ ਉਸ ਨੇ ਉਨ੍ਹਾਂ ਜ਼ਮੀਨਾਂ ਤੇ ਨਜ਼ਰ ਪਵਾਈ ਜਿਸ ਦੀ ਖੇਤੀ ਗੁਰਦੁਆਰਾ ਸਾਹਿਬ ਅਧੀਨ ਹੋ ਰਹੀ ਸੀ ਤੇ ਅੰਬਾਂ ਦਾ ਬਾਗ ਵੀ ਸੀ। ਸ: ਧੰਨਾ ਸਿੰਘ ਚਹਿਲ ਨੇ ਇਨ੍ਹਾਂ ਅੰਬਾਂ ਦੇ ਬਾਗ ਦੇ ਅੰਬ ਚੂਸ ਕੇ ਇਨ੍ਹਾਂ ਦੇ ਬੜੇ ਮਿੱਠੇ ਹੋਣ ਦੀ ਪ੍ਰਸੰਸਾ ਕੀਤੀ ਸੀ। ਪਰ ਹੁਣ ਕਿਤੇ ਅੰਬ ਲੱਗੇ ਨਾ ਦਿਸੇ ਭਾਵੇਂ ਕਿ ਸਾਡੇ ਵੀ ਉਨ੍ਹਾਂ ਮਿੱਠੇ ਅੰਬਾਂ ਨੂੰ ਚੂਸਣ ਤੇ ਦਿਲ ਕਰ ਆਇਆ ਸੀ।
ਗੁਰਦੁਆਰਾ ਸਾਹਿਬ ਦੀ ਜ਼ਮੀਨ ਅਤੇ ਅੰਬਾਂ ਦਾ ਬਾਗ
ਬਾਗ ਦੇ ਦੂਜੇ ਪਾਸੇ ਹੋਰ ਰੁੱਖਾਂ ਵਿਚਕਾਰ ਬਾਂਸਾਂ ਦਾ ਝੁੰਡ ਸੀ ਜਿਸ ਬਾਰੇ ਚਰਚਾ ਸੀ ਕਿ ਇਹ ਗੁਰੂ ਜੀ ਦੇ ਵਾਹ ਕਟ ਸੁਟੇ ਹੋਏ ਕੇਸਾਂ ਵਿੱਚੋਂ ਪੈਦਾ ਹੋਏ ਸਨ। ਸਾਡੇ ਰਾਹਨੁਮਾ ਨੇ ਇਸ ਗੱਲ ਨੂੰ ਨਕਾਰਦਿਆ ਕਿਹਾ ਕਿ ਇਹ ਕਹਾਣੀ ਮਨਘੜੰਤ ਜਾਪਦੀ ਹੈ। ਇਹ ਨਵੇਂ ਬਾਂਸ ਤਾਂ ਉਸ ਨੇ ਆਪ ਪੁਰਾਣੇ ਬਾਂਸਾਂ ਨੂੰ ਪੁੱਟ ਕੇ ਏਥੇ ਲਾਏ ਸਨ। ਅੱਗੇ ਬਾਗ ਦੇ ਕਿਨਾਰੇ ਕਿਨਾਰੇ ਉਹ ਸਾਨੂੰ ਉਸ ਥਾਂ ਲੈ ਗਿਆ ਜਿਥੇ ਉਹ ਅੰਬ ਦਾ ਦਰਖਤ ਸੀ ਜਿਸ ਨੂੰ ਗੁਰੂ ਜੀ ਨੇ ਆਪ ਲਾਇਆ ਸੀ। ਇਹ ਅੰਬ ਦਾ ਦਰਖਤ ਅੱਧ ਟੁੱਟੀ ਹਾਲਤ ਵਿੱਚ ਸੀ ਜਿਸ ਦੀ ਸਾਂਭ ਸੰਭਾਲ ਦੀ ਜ਼ਰੂਰਤ ਸੀ। ਮੁੱਢ ਪੁਰਾਣਾ ਜ਼ਰੂਰ ਸੀ ਜਿਸ ਤੋਂ ਇਸ ਦਾ ਗੁਰੁ ਜੀ ਦੇ ਵੇਲੇ ਹੋਣ ਦਾ ਕਿਹਾ ਜਾਣਾ ਸਹੀ ਲੱਗ ਰਿਹਾ ਸੀ।
ਗੁਰੂ ਜੀ ਦੁਆਰਾ ਲਾਇਆ ਅੰਬ ਦਾ ਦਰਖਤ
ਇਸ ਪਿੱਛੋਂ ਉਸ ਨੇ ਸਾਨੂੰ ਸਰੋਵਰ ਦੀਆ ਪਰਿਕਰਮਾਂ ਦਾ ਚੱਕਰ ਲਗਵਾਇਆ ਜਿੱਥੇ ਕਿਸੇ ਖਾਸ ਮਿੱਟੀ ਦੇ ਬਣੇ ਬੜੇ ਸੁਹਣੇ ਚਿਤਰ ਸਨ ਜੋ ਸਿੱਖਾਂ ਦਾ ਇਤਿਹਾਸ ਦਰਸਾਉਂਦੇ ਸਨ ਜਿਨ੍ਹਾਂ ਨੂੰ ਇੱਕ ਬਜ਼ੁਰਗ ਬਾਬੇ ਨੇ ਆਪ ਲਗਵਾਇਆ ਸੀ। ਉਸ ਨੇ ਇਹ ਕਿਥੋਂ ਬਣਵਾਏ ਤੇ ਕਿਵੇਂ ਲਗਵਾਏ ਇਸ ਬਾਰੇ ਸਾਡਾ ਰਾਹਨੁਮਾ ਦੱਸ ਨਾ ਸਕਿਆ।ਇਸ ਤਰ੍ਹਾਂ ਦੇ ਬੁੱਤ ਅਸੀਂ ਪਹਿਲਾਂ ਲੰਮੇ ਜੱਟਪੁਰੇ ਵੇਖੇ ਸਨ।ਸਰੋਵਰ ਦੀ ਪਰਿਕਰਮਾ ਤੋਂ ਬਾਹਰ ਆ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਪਾਰਕ ਵਿੱਚ ਆ ਗਏ ਜੋ ਬੜੇ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ।
ਗੁਰਦੁਆਰਾ ਸਾਹਿਬ ਦਾ ਸੁੰਦਰ ਪਾਰਕ
ਪਾਰਕ ਤੋਂ ਬਾਹਰ ਨਿਕਲ ਅਸੀਂ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਵਿੱਚ ਇੱਕ ਛੋਟੇ ਗੇਟ ਰਾਹੀਂ ਉਸ ਅਸਥਾਨ ਵੱਲ ਵਧੇ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਸੀ।ਅਗੇ ਸੜਕ ਪਾਰ ਕਰਕੇ ਗੁਰੂ ਜੀ ਦੇ ਤਪ ਅਸਥਾਨ ਦਾ ਗੇਟ ਸੀ। ਇਹ ਸੜਕ ਤੇ ਹੀ ਅਸੀਂ ਅਗਲੇ ਦਿਨ ਨਾਹਨ ਜਾਣਾ ਸੀ। ਸੜਕ ਭਾਵੇਂ 18-20 ਕੁ ਫੁੱਟ ਸੀ ਪਰ ਵਧੀਆ ਲੁੱਕ ਪੈਣ ਕਰਕੇ ਸ਼ਾਨਦਾਰ ਲਗਦੀ ਸੀ।
ਗੁਰਦੁਆਰਾ ਤਪ ਅਸਥਾਨ ਦਾ ਗੇਟ
ਗੁਰਦੁਆਰਾ ਤਪ ਅਸਥਾਨ ਇੱਕ ਛੋਟੀ ਪਹਾੜੀ ਤੇ ਸੀ ਜਿਸ ਤੇ ਜਾਣ ਲਈ 300-400 ਗਜ਼ ਸਿੱਧੀ ਚੜ੍ਹਾਈ ਚੜ੍ਹਣੀ ਸੀ। ਅਸੀਂ ਬਿਨਾ ਦਮ ਲਏ ਕੁਦਰਤ ਭਰਪੂਰ ਬਹੁਤ ਹੀ ਸ਼ਾਂਤ ਅਸਥਾਨ ਤੇ ਪਹੁੰਚ ਗਏ ਜਿੱਥੇ ਗੁਰਦਆਰਾ ਤਪ ਅਸਥਾਨ ਸੀ । ਅੱਗੇ ਬੜਾ ਉੱਚਾ ਨਿਸਾਨ ਸਾਹਿਬ ਬੜੀਆਂ ਸ਼ਾਨਾਂ ਨਾਲ ਲਹਿਰਾ ਰਿਹਾ ਸੀ। ਛੋਟੇ ਗੁਰਦਆਰਾ ਸਾਹਿਬ ਦੇ ਬਾਹਰ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਤਦਸਵੀਰ ਲੱਗੀ ਹੋਈ ਸੀ ਅਤੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਜਿਸ ਅੱਗੇ ਅਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ।ਏਸੇ ਅਸਥਾਨ ਤੇ ਗੁਰੂ ਜੀ ਨੇ 12 ਦਿਨ ਤਪੱਸਿਆ ਕੀਤੀ। ਬਾਹਰ ਸੂਰਜ ਢਲਦਾ ਜਾ ਰਿਹਾ ਸੀ ਪਰ ਸਾਫ ਵਾਤਾਵਰਣ ਵਿੱਚ ਉਸ ਦੀ ਲਾਲੀ ਦੀ ਆਭਾ ਵੀ ਵਿਲੱਖਣ ਸੀ। ਚਾਰੇ ਪਾਸੇ ਪਹਾੜੀਆਂ ਹੀ ਪਹਾੜੀਆਂ ਨਜ਼ਰ ਆ ਰਹੀਆਂ ਸਨ ਜਿਨ੍ਹਾਂ ਉਤੇ ਕੁਦਰਤ ਮਿਹਰਬਾਨ ਸੀ। ਜੀ ਕਰਦਾ ਸੀ ਇਥੇ ਹੀ ਟਿਕ ਜਾਈਏ। ਗੁਰੂ ਸਾਹਿਬ ਨੇ ਅਪਣੇ ਤਪ ਲਈ ਕਿਤਨਾ ਸੁੰਦਰ ਅਸਥਾਨ ਲਭਿਆ ਸੀ!
ਗੁਰਦੁਆਰਾ ਤਪ ਅਸਥਾਨ
ਗੁਰਦੁਆਰਾ ਤਪ ਅਸਥਾਨ ਦੇ ਦਰਸ਼ਨ ਕਰਕੇ ਪਰਤਦਿਆਂ ਸੂਰਜ ਛੁਪਣ ਲੱਗਾ ਸੀ ਤੇ ਰਹਿਰਾਸ ਸ਼ੁਰੂ ਹੋ ਗਈ ਸੀ।ਪੰਜ ਇਸ਼ਨਾਨਾਂ ਕਰ ਅਸੀਂ ਸਿੱਧੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕ ਕੇ ਰਹਿਰਾਸ ਸਾਹਿਬ ਵਿੱਚ ਸ਼ਾਮਿਲ ਹੋ ਗਏ। ਗ੍ਰੰਥੀ ਸਿੰਘ ਦੀ ਆਵਾਜ਼ ਵਿੱਚ ਬੜਾ ਰਸ ਸੀ । ਰਹਿਰਾਸ ਸਾਹਿਬ ਪਿੱਛੋਂ ਅਰਦਾਸ ਹੋਈ, ਵਾਕ ਲਿਆ ਗਿਆ ਤੇ ਉਸੇ ਗ੍ਰੰਥੀ ਸਿੰਘ ਨੇ ਕੀਰਤਨ ਵੀ ਕੀਤਾ। ਇਹੋ ਜਿਹੇ ਵਿਕੋਲਿਤਰੇ ਸਥਾਨ ਤੇ ਇੱਕ ਗ੍ਰੰਥੀ ਸਿੰਘ ਵਿੱਚ ਇਹ ਸਾਰੇ ਗੁਣ ਹੋਣੇ ਜ਼ਰੂਰੀ ਹਨ ਤਾਂ ਹੀ ਅਸੀਂ ਹਰ ਗੁਰਦੁਆਰਾ ਸਾਹਿਬ ਵਿੱਚ ਵਿਧੀ ਅਨੁਸਾਰ ਸਾਰੀ ਰਹਿਤ ਮਰਿਆਦਾ ਦਾ ਪਾਲਣ ਕਰ ਸਕਦੇ ਹਾਂ। ਅਫਸੋਸ ਇਹ ਸੀ ਕਿ ਰਹਿਰਾਸ ਵੇਲੇ ਸੰਗਤ ਨਾ ਮਾਤਰ ਹੀ ਸੀ। ਜੋ ਹੋਰ ਯਾਤਰੀ ਵੀ ਆਏ ਸਨ ਉਹ ਵੀ ਰਹਿਰਾਸ ਵਿੱਚ ਸ਼ਾਮਿਲ ਨਹੀਂ ਹੋਏ। ਮੈਨੇਜਰ ਸੰਧੂ ਸਾਹਿਬ ਪੂਰੇ ਕੰਪਲੈਕਸ ਨੂੰ ਚੈਕ ਕਰਨ ਤੋਂ ਬਾਅਦ ਫਿਊਜ਼ ਬਲਬਾਂ, ਲਾਈਟਾਂ ਤੇ ਏ.ਸੀ. ਅਪਣੀ ਨਿਗਰਾਨੀ ਥੱਲੇ ਠੀਕ ਕਰਵਾ ਰਹੇ ਸਨ। ਸੁੱਖ ਆਸਨ ਤੋਂ ਬਾਅਦ ਅਸੀਂ ਲੰਗਰ ਵੱਲ ਚੱਲੇ ਗਏ। ਉਥੇ ਵੀ ਮੈਨੇਜਰ ਸਾਹਿਬ ਲੰਗਰ ਦਾ ਪ੍ਰਬੰਧ ਖੁਦ ਹੀ ਵੇਖਣ ਲੱਗੇ ਹੋਏ ਸਨ।ਲੰਗਰ ਦਾ ਪ੍ਰਬੰਧ ਵੀ ਸ਼ਾਨਦਾਰ ਸੀ। ਇਕੋ ਇੱਕ ਗੁਰਦੁਆਰਾ ਸੀ ਜਿੱਥੇ ਸਾਨੂੰ ਲੰਗਰ ਪਿੱਛੋਂ ਪੀਣ ਨੂੰ ਦੁੱਧ ਵੀ ਮਿਲ ਗਿਆ ਸੀ। ਲੰਗਰ ਛਕਣ ਤੋਂ ਬਾਅਦ ਅਸੀਂ ਕਮਰੇ ਵਲ ਵਧੇ ਤਾਂ ਸਾਢੇ ਅੱਠ ਤੋਂ ਉਪਰ ਸਮਾਂ ਹੋ ਗਿਆ ਸੀ। ਮੈਨੇਜਰ ਸਾਹਿਬ ਉਸ ਸਮੇਂ ਸਕੂਟਰ ਤੇ ਅਪਣੇ ਪਿੰਡ ਨੂੰ ਜਾ ਰਹੇ ਸਨ ਜੋ ਏਥੋਂ ਸੱਤ ਅੱਠ ਕਿਲੋਮੀਟਰ ਸੀ। ਅਪਣੇ ਕਾਰਜ ਪ੍ਰਤੀ ਅਤੇ ਗੁਰੂ ਘਰ ਪ੍ਰਤੀ ਇਤਨੀ ਸ਼ਰਧਾ ਨਾਲ ਸੇਵਾ ਅੱਜ ਕੱਲ ਦੇ ਸਮੇਂ ਵਿੱਚ ਘੱਟ ਹੀ ਮਿਲਦੀ ਹੈ। ਕਮਰਾ ਏ ਸੀ ਹੋਣ ਕਰਕੇ ਤੇ ਥੱਕੇ ਹੋਣ ਕਰਕੇ ਸਾਨੂੰ ਨੀਂਦ ਜਲਦੀ ਆ ਗਈ ਤੇ ਦੂਸਰੇ ਦਿਨ ਜਦ ਅੱਖ ਖੁਲ੍ਹੀ ਤਾਂ ਛੇ ਵੱਜ ਚੁੱਕੇ ਸਨ।ਥੋੜੀ ਥੋੜੀ ਬਾਰਸ਼ ਸ਼ੁਰੂ ਹੋ ਗਈ ਸੀ। ਫਟਾ ਫਟ ਗੁਸਲ ਪਾਣੀ, ਦੰਦਾਂ ਦੀ ਸਫਾਈ ਅਤੇ ਇਸ਼ਨਾਨ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਨਤਮਸਤਕ ਹੋਏ।ਵਾਕ ਪਿੱਛੋਂ ਕੀਰਤਨ ਸੁਣ ਅਸੀਂ ਲੰਗਰ ਵਿੱਚੋਂ ਨਾਸ਼ਤਾ ਲਿਆ ਤੇ ਅਪਣੇ ਅਗਲੇ ਸਫਰ ਨਾਹਨ ਦੇ ਰਾਹ ਪੈ ਗਏ।
ਹਵਾਲੇ
1. www.amritworld.com
2. thesikhencyclopedia.com
3. ਵਿਕੀਮੈਪੀਆ 'ਤੇ ਗੁਰਦੁਆਰਾ ਸਾਹਿਬ