• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-1

Dalvinder Singh Grewal

Writer
Historian
SPNer
Jan 3, 2010
1,245
421
78
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-1

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਸਭ ਤੋਂ ਵੱਡੇ ਪੈਦਲ ਯਾਤਰੀ ਮੰਨੇ ਜਾਂਦੇ ਹਨ। ਜੋ ਇਤਿਹਾਸਕ ਤੱਥ ਸਾਹਮਣੇ ਆਏ ਹਨ ਉਨ੍ਹਾਂ ਅਨੁਸਾਰ ਗੁਰੂ ਜੀ ਦੀ ਪੂਰੇ ਭਾਰਤ ਦੇ ਭ੍ਰਮਣ ਤੋਂ ਇਲਾਵਾ ਏਸ਼ੀਆ ਦੇ ਸਾਰੇ ਦੇਸ਼, ਯੂਰਪ ਤੇ ਅਫਰੀਕਾ ਤਕ ਦੀ ਗਵਾਹੀ ਮਿਲਦੀ ਹੈ । ਸੰਨ 1498 ਈ: ਤੋਂ ਲੈ ਕੇ ਸੰਨ 1524 ਈ: ਤਕ ਦਾ ਸਮਾਂ ਇਨ੍ਹਾਂ ਯਾਤਰਾਵਾਂ ਦਾ ਹੈ ਜਿਨ੍ਹਾਂ ਨੂੰ ਗੁਰੂ ਜੀ ਦੀਆਂ ਚਾਰ ਉਦਾਸੀਆਂ, ਪੂਰਬ, ਦੱਖਣ, ਉਤਰ ਤੇ ਪੱਛਮ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।
ਉਦਾਸੀ ਦਾ ਭਾਵ ਮਾਇਆ-ਮੋਹ ਤੋਂ ਉਦਾਸ ਹੋ ਕੇ ਕੀਤੀ ਯਾਤਰਾ। ਮਾਇਆ-ਮੋਹ ਦਾ ਤਿਆਗ ਉਨ੍ਹਾਂ ਨੇ ਵੇਈਂ ਪ੍ਰਵੇਸ਼ ਤੇ ਰੱਬੀ-ਗਿਆਨ ਹੋਣ ਤੋਂ ਬਾਦ ਕੀਤਾ ਜਦੋਂ ਉਨ੍ਹਾਂ ਨੂੰ ਅੰਤਰਯਾਮਤਾ ਰਾਹੀਂ ਗਿਆਨ ਹੋਇਆ ਕਿ ਸਾਰੀ ਦੁਨੀਆਂ ਦਾ ਰਚਿਤਾ ਇਕ ਹੀ ਹੈ। ਸਾਰੇ ਉਸੇ ਦੇ ਹੀ ਰਚੇ ਹੋਣ ਕਰਕੇ ਆਪਸ ਵਿਚ ਭਾਈ ਬੰਦ ਹਨ ਇਸ ਸਭ ਦੀ ਬਰਾਬਰੀ ਧੁਰ ਦਰਗਾਹੋਂ ਲਿਖੀ ਹੋਈ ਹੈ। ਊਚ-ਨੀਚ, ਅਮੀਰ-ਗਰੀਬ, ਜਾਤ-ਪਾਤ, ਧਰਮ ਆਦਿ ਦੇ ਬਖੇੜੇ ਤਾਂ ਮੋਹ-ਮਾਇਆ ਅਧੀਨ ਇਨਸਾਨ ਦੇ ਅਪਣੇ ਘੜੇ ਹੋਏ ਹਨ। ਪਰਮਾਤਮਾਂ ਨੇ ਨਾ ਹਿੰਦੂ ਤੇ ਨਾ ਮੁਸਲਮਾਨ ਧਰਮ ਬਣਾਏ। ‘ਨਾਂ ਕੋ ਹਿੰਦੂ ਨਾ ਮੁਸਲਮਾਨ’ ਦਾ ਨਾਹਰਾ ਉਨ੍ਹਾਂ ਵੇਈਂ ਤੋਂ ਬਾਹਰ ਆਉਣ ਤੇ ਦਿਤਾ।

ਜਿਨ੍ਹਾਂ ਪੈਗੰਬਰਾਂ ਤੇ ਬੁਧੀ ਜੀਵੀਆਂ ਰਾਹੀਂ ਇਨ੍ਹਾਂ ਧਰਮਾਂ ਦਾ ਮੁੱਢ ਬੰਨਿਆਂ ਤੇ ਫਿਰ ਅਸੂਲ ਬਣਾਏ ਗਏ ਉਹ ਜੀਵਾਂ ਦੀ ਭਲਾਈ ਲਈ ਬਣਾਏ ਗਏ ਉਹ ਮੋਹ ਮਾਇਆ ਤੋਂ ਬਾਹਰੇ ਸਨ ਪਰ ਉਨ੍ਹਾਂ ਉਤੇ ਅਮਲ ਕਰਨ ਦੀ ਥਾਂ ਉਨ੍ਹਾਂ ਧਰਮਾਂ ਦੇ ਪੁਜਾਰੀਆਂ ਨੇ ਇਨ੍ਹਾਂ ਨੂੰ ਅਪਣੀ ਕਮਾਈ ਤੇ ਸ਼ਕਤੀ ਦਾ ਸਾਧਨ ਬਣਾ ਲਿਆ ਤੇ ਜਿਨ੍ਹਾਂ ਬੁਰਾਈਆਂ ਤੋਂ ਦੂਰ ਰਹਿਣ ਲਈ ਇਹ ਬਣਾਏ ਗਏ ਉਨ੍ਹਾਂ ਬੁਰਾਈਆਂ ਦਾ ਹੀ ਇਸਤੇਮਾਲ ਕਰ ਮੋਹ ਮਾਇਆ ਦੇ ਅਜਿਹੇ ਜਾਲ ਬੁਣੇ ਗਏ ਜਿਨ੍ਹਾਂ ਵਿਚ ਫਸੀ ਆਮ ਜੰਤਾ ਫਸੀ ਜੰਤਾ ਤੜਪਣ ਲੱਗੀ।ਅੰਤਰਯਾਮਤਾ ਰਾਹੀਂ ਮਿਲੇ ਹੁਕਮ ਅਨੁਸਾਰ ਗੁਰੂ ਜੀ ਨੇ ਇਸ ਅੰਧਕਾਰ ਵਿਚ ਫਸੀ ਜੰਤਾ ਨੂੰ ਸੱਚ ਦਰਸਾਉਣ ਤੇ ਰੂਹਾਨੀ ਗਿਆਨ ਦਾ ਚਾਨਣ ਦੇਣ, ਕੁਰਾਹੇ ਪਾਉਂਦੇ ਪੁਜਾਰੀਆਂ ਪੰਡਿਤਾਂ, ਕਾਜ਼ੀਆਂ, ਮੁਲਾਂ, ਰਾਜਿਆਂ ਤੇ ਅਧਿਕਾਰੀਆਂ ਨੂੰ ਇਸ ਵਲੋਂ ਰੋਕਕੇ ਸੱਚ ਤੇ ਸੱਚੇ ਨਾਲ ਜੋੜਣ ਦੀ ਮੁਹਿੰਮ ਸ਼ੁਰੂ ਕੀਤੀ। ਸਾਰਾ ਜਹਾਨ ਹੀ ਇਸ ਭਰਮ ਜਾਲ ਦਾ ਸ਼ਿਕਾਰ ਹੋ ਜਾਣ ਕਰਕੇ ਗੁਰੂ ਜੀ ਨੇ ਸਾਰੇ ਵਿਸ਼ਵ ਨੂੰ ਹੀ ਅਪਣੀ ਕਰਮਭੂਮੀ ਬਣਾ ਲਿਆ ਤੇ ਪੂਰੇ ਛੱਬੀ ਵਰ੍ਹੇ ਭ੍ਰਮਣ ਕਰਕੇ ਝੂਠ ਉਘਾੜਣ, ਸੱਚ ਸਮਝਾਉਣ ਤੇ ਸੱਚੇ ਨਾਲ ਜੋੜਣ ਲਈ ਮਨੁਖਤਾ ਦੀ ਬਰਾਬਰੀ, ਭਾਈਵਾਲਤਾ, ਸਾਂਝੀਵਾਲਤਾ. ‘ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ’ ਦਾ ਸੰਦੇਸ਼ ਘਰ ਘਰ ਪਹੁੰਚਾਇਆ ਤੇ ਵਹਿਮਾਂ-ਭਰਮਾਂ, ਝੂਠੀਆਂ ਰੀਤੀ-ਰਿਵਾਜਾਂ ਤੇ ਮਨਮਤਾਂ ਤੋਂ ਵਰਜਿਆ। ਮੁਲਾਂ-ਕਾਜ਼ੀਆਂ, ਬ੍ਰਾਹਮਣਾਂ-ਪੰਡਿਤਾਂ ਦੇ ਭਰਮ ਜਾਲ, ਰਾਜਿਆਂ-ਹਾਕਮਾਂ ਦੇ ਤਸ਼ਦਦ, ਜ਼ੁਲਮ, ਜ਼ੋਰ-ਜਬਰਦਸਤੀ ਤੋਂ ਰੋਕਿਆ ਤੇ ਸੰਗੀਤ ਰਾਹੀਂ ਸ਼ਬਦਾਂ ਨੂੰ ਇਨਸਾਨੀ ਰੂਹਾਂ ਦੀਆਂ ਅੰਦਰਲੀਆਂ ਤੰਦਾਂ ਹਿਲਾ ਕੇ ਅਮਲ ਕਰਨ ਵਲ ਮੋੜਿਆ।

ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਨੂੰ ਇਸ ਦਿਤੇ ਸੰਦੇਸ਼ੇ ਸਦਕਾ ਉਨ੍ਹਾਂ ਦੇ ਕ੍ਰੋੜਾਂ ਪੈਰੋਕਾਰ ਬਣੇ ਜਿਨ੍ਹਾਂ ਨੂੰ ਨਾਨਕ-ਪੰਥੀ ਤੇ ਸਿੱਖ ਵਜੋਂ ਜਾਣਿਆ ਗਿਆ ਤੇ ਪਿਛੋਂ ਉਨ੍ਹਾਂ ਦੀ ਚਲਾਈ ਗੁਰੱਗਦੀ ਰਾਹੀਂ ਤੇ ਸਥਾਪਿਤ ਮੰਜੀਆਂ ਰਾਹੀਂ ਇਨ੍ਹਾਂ ਆਸ਼ਿਆਂ ਦਾ ਪ੍ਰਚਾਰ ਵਧਦਾ ਹੀ ਜਾ ਰਿਹਾ ਹੈ ਤੇ ਗੁਰੂ ਦੇ ਸਿਖਾਂ ਦੀ ਗਿਣਤੀ ਵਧਦੀ ਤੇ ਫੈਲਦੀ ਜਾ ਰਹੀ ਹੈ ਪਰ ਅਫਸੋਸ ਕਿ ਨਾਨਕਪੰਥੀਆਂ ਦਾ ਨਾਤਾ ਟੁੱਟਦਾ ਜਾ ਰਿਹਾ ਹੈ।

ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿਖੇ ਹੋਇਆ ਜਿਸ ਦਿਹਾੜੇ ਨੂੰ ਇਸ ਵਰ੍ਹੇ ਸਾਢੇ ਪੰਜ ਸੌ ਸਾਲ ਹੋਣ ਤੇ ਸਮੁਚੇ ਵਿਸ਼ਵ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਚੜ੍ਹਦੇ ਸਾਲ ਤੋਂ ਹੀ ਥਾਂ ਥਾਂ ਪ੍ਰੋਗਰਾਮ ਉਲੀਕੇ ਤੇ ਮਨਾਏ ਜਾ ਰਹੇ ਹਨ।ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਿੱਖ ਤੇ ਹੋਰ ਧਾਰਮਿਕ ਸੰਸਥਾਵਾਂ ਤੇ ਦੇਸਾਂ-ਪ੍ਰਦੇਸ਼ਾਂ ਦੀਆਂ ਰਿਆਸਤੀ ਸਰਕਾਰਾਂ ਵੀ ਇਸ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਬੜਾ ਉਤਸ਼ਾਹ ਵਿਖਾ ਰਹੀਆਂ ਹਨ।ਸੰਗਤਾਂ ਵਿਚ ਵੀ ਇਕ ਨਵੀਂ ਰੂਹ ਵੇਖੀ ਗਈ ਹੈ।

ਇਸ ਸ਼ੁਭ ਦਿਹਾੜੇ ਨੂੰ ਸਮਰਪਿਤ ਹੋਣ ਦੀ ਇਛਾ ਅਨੁਸਾਰ ਇਸ ਲੇਖਕ ਨੇ ਪਹਿਲਾਂ ਸਾਰੇ ਬਾਹਰਲੇ ਮੁਲਕਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਸਤਾਰਾਂ ਛੋਟੀਆਂ ਪੁਸਤਕਾਂ ਵਿਦੇਸ਼ ਮੰਤ੍ਰਾਲੇ ਦੀ ਮੰਗ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਛਪਾਈਆਂ ਗਈਆਂ ਤੇ ਫਿਰ ਇਕ ਕਾਫੀ ਟੇਬਲ ਬੁੱਕ ‘ਲਾਈਫ ਐਂਡ ਟ੍ਰੈਵਲਜ਼ ਆਫ ਗੁਰੂ ਨਾਨਕ ਦੇਵ ਜੀ’ ਲਈ ਤਿਆਰ ਕੀਤੀ ਜੋ ਸ਼੍ਰੋਮਣੀ ਕਮੇਟੀ ਦੇ ਗੋਲਡਨ ਆਫਸੈਟ ਪ੍ਰੈਸ ਵਿਚ ਛਪਾਈ ਅਧੀਨ ਹੈ। ਸਿੰਘ ਬ੍ਰਦਰਜ਼ ਵਲੋਂ ਦੋ ਭਾਗਾਂ ਵਿਚ ਹਜ਼ਾਰ ਕੁ ਪੰਨਿਆਂ ਦੀ ‘ਗਲੋਬਲ ਟ੍ਰੇਵਲਜ਼ ਆਫ ਗੁਰੂ ਨਾਨਕ ਦੇਵ ਜੀ’ ਦੀ ਪ੍ਰੂਫ ਰੀਡਿੰਗ ਚਾਲੂ ਹੈ ਜੋ ਲੇਖਕ ਦੀ ਪਿਛਲੇ ਚਾਲੀ ਕੁ ਸਾਲਾਂ ਦੀ ਖੋਜ ਦਾ ਨਿਚੋੜ ਹੈ। ਪ੍ਰੰਤੂ ਲੇਖਕ ਨੂੰ ਜਾਪਿਆ ਕਿ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਭ੍ਰਮਣ ਵਿਚ ਕਾਫੀ ਕੁਝ ਰਹਿ ਗਿਆ ਹੈ ਜਿਸ ਨੂੰ ਪੂਰਾ ਕਰਨ ਦੀ ਇਛਾ ਨੂੰ ਟਰਬਨ ਟ੍ਰੈਵਲਜ਼ ਦੇ ਨਾਮ ਨਾਲ ਜਾਣੇ ਜਾਂਦੇ ਦਿੱਲੀ ਦੇ ਸ: ਅਮਰਜੀਤ ਸਿੰਘ ਚਾਵਲਾ ਨੂੰ ਪੂਰਾ ਕਰਨ ਦਾ ਸੱਦਾ ਮਿਲਆ ਜਿਸ ਵਿਚ ਉਹ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ ਛੂਹਣ ਲਈ ਸਾਰੇ ਵਿਸ਼ਵ ਦੇ ਭਰਮਣ ਲਈ ਉਤਸੁਕ ਸਨ। ਉਨ੍ਹਾਂ ਨੇ ਅਪਣੀ ਕਾਰ ਰਾਹੀਂ ਪਹਿਲਾਂ ਦਿੱਲੀ ਤੋਂ ਲੰਡਨ ਤਕ ਪੂਰੇ ਏਸ਼ੀਆ ਤੇ ਯੁਰਪ ਦੀ 50,000 ਕਿਲੋਮੀਟਰ ਦੀ ਯਾਤਰਾ ਕੀਤੀ ਸੀ । ਉਨ੍ਹਾਂ ਨੇ ਜਦ ਨਾਲ ਚੱਲਣ ਦਾ ਸੱਦਾ ਦਿਤਾ ਤਾਂ ਬਿਨਾ ਝਿਜਕ ਦਾਸ ਨੇ ਪ੍ਰਵਾਣ ਕੀਤਾ ਜਿਸ ਲਈ ਸਵਿਟਜ਼ਰਲੈਂਡ ਤੇ ਕੈਨੇਡਾ ਵਿਚ ਵਿਸ਼ਵ ਕਾਨਫ੍ਰੰਸਾਂ ਦੇ ਪ੍ਰਬੰਧਕਾਂ ਤੋਂ ਨਾ ਸ਼ਾਮਿਲ ਹੋ ਸਕਣ ਦੀ ਮਾਫੀ ਮੰਗੀ । ਮਹੀਨੇ ਤੋਂ ਉਪਰ ਸਰਦਾਰ ਚਾਵਲਾ ਸਾਹਿਬ ਨਾਲ ਮਿਲਕੇ ਸਾਰੇ ਸਫਰ ਦੀ ਯੋਜਨਾ ਉਲੀਕੀ ਤੇ ਲੋੜੀਂਦੇ ਮਿਲਾਪ ਸਥਾਪਿਤ ਕੀਤੇ ਤੇ ਆਖਿਰ ਇਹ ਯਾਤਰਾ ਪਹਿਲੀ ਜੁਲਾਈ ਤੋਂ ਗੁਰਦਵਾਰਾ ਨਾਨਕ ਪਿਆਉ ਤੋਂ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਭਾਰਤ-ਦੌੜਾਕ ਧਰਮਿੰਦਰ ਕੁਮਾਰ ਜੋ ਪੇਸ਼ੇ ਵਜੋਂ ਇੰਜਨੀਅਰ ਹਨ ਤੇ ਬੰਗਲੌਰ ਵਿਚ ਉਨ੍ਹਾਂ ਦਾ ਕਾਰੋਬਾਰ ਹੈ, ਨੇ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਯਾਤਰਾ ਤਕਰੀਬਨ 60-70 ਕਿਲੋਮੀਟਰ ਰੋਜ਼ ਭੱਜ ਕੇ ਪੂਰੀ ਕਰ ਲਈ ਸੀ ਤੇ ਦੂਸਰੀ ਉਦਾਸੀ ਦੱਖਣ ਵਲ ਤਕਰੀਬਨ ਅੱਧੀ ਕੁ ਕਰ ਚੁਕੇ ਸਨ ਜਿਨ੍ਹਾਂ ਤੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਥਾਨਾਂ ਦੀ ਕਾਫੀ ਪੜਤਾਲ ਹੋ ਚੁਕੀ ਸੀ ਇਸ ਲਈ ਸਾਡੀ ਟੀਮ ਜੋ ਸੱਤ ਜਣਿਆਂ ਦੀ ਸੀ ਤੇ ਜਿਸ ਲਈ ਪੀਟੀਸੀ ਤੇ ਹੋਰ ਚੈਨਲਾਂ ਨੇ ਲਗਾਤਾਰ ਪ੍ਰਸਾਰਿਤ ਕਰਨ ਦੀ ਹਾਮੀ ਭਰੀ ਸੀ ਤਾਂ ਕਿ ਸੰਗਤਾਂ ਨੂੰ ਹਰ ਗੁਰੂ ਨਾਨਕ ਸਥਾਨ ਦੇ ਰੂ- ਬ-ਰੂ ਕਰਵਾਇਆ ਜਾਵੇ। ਨਾਲ ਹੀ ਨਾਲ ਸਾਰੀਆਂ ਯਾਤ੍ਰਾਵਾਂ ਦੀ ਫਿਲਮ ਵੀ ਬਣਾਉਣੀ ਸ਼ੁਰੂ ਹੋਈ ਤਾਂ ਕਿ ਅੱਗੇ ਲਈ ਕਿਤਾਬੀ ਇਤਿਹਾਸਕਾਰਾਂ ਦੇ ਸਾਹਮਣੇ ਠੋਸ ਜ਼ਮੀਨੀ ਤੱਥ ਹੋਣ।
ਸਾਰੇ ਜਗਤ ਤੇ ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਦੀ ਖੋਜ ਕਰਦੇ ਹੋਏ ਸਾਡੀ ਲੇਹ ਲਦਾਖ ਦੀ ਯਾਤਰਾ ਦਾ ਅਨੁਭਵ ਬੜਾ ਹੀ ਰੋਚਿਕ ਹੈ। ਇਹ ਯਾਤਰਾ ਇਸ ਲਿਖਾਰੀ ਨੇ 30 ਜੂਨ 2019 ਨੂੰ ਸ: ਅਮਰਜੀਤ ਸਿੰਘ ਚਾਵਲਾ ਟਰਬਨ ਟ੍ਰੈਵਲਰ ਨਾਲ ਦਿੱਲੀ ਤੋਂ ਸ਼ੁਰੂ ਕੀਤੀ ਸੀ। ਪੜਾ ਅਨੁਸਾਰ ਅਸੀਂ ਪਹਿਲਾ ਪੜਾ ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ ਚੱਲ ਕੇ ਨਾਨਕ ਪਿਆਉ, ਹਲਦੌਰ. ਬਿਜਨੌਰ, ਕਾਸ਼ੀਪੁਰ ਤਕ ਦਾ ਸੀ। ਫਿਰ ਦੂਜੇ ਪੜਾ ਵਿਚ ਕਾਸ਼ੀਪੁਰ ਤੋਂ ਨਾਨਕਮਤਾ ਤੇ ਰੀਠਾ ਸਾਹਿਬ 2 ਜੁਲਾਈ ਤਕ ਜਾਣਾ ਸੀ।ਤੀਜਾ ਪੜਾ ਸ੍ਰੀਨਗਰ ਗੜ੍ਹਵਾਲ, ਨੈਨੀਤਾਲ, ਹਲਦਵਾਨੀ ਤੋਂ ਹੁੰਦੇ ਹੋਏ ਬਾਘੇਸ਼ਵਰ 4 ਜੁਲਾਈ ਨੂੰ ਪਹੁੰਚਣਾ ਸੀ ।ਸ੍ਰੀਨਗਰ ਗੜ੍ਹਵਾਲ ਤੋਂ ਅੱਗੇ 6 ਜੁਲਾਈ ਨੂੰ ਕੋਟਦੁਆਰ ਰਾਹੀਂ ਹਰਿਦੁਆਰ ਜਾ ਠਹਿਰਨਾ ਸੀ। ਹਰਿਦੁਆਰ ਤੋਂ ਦੇਹਰਾਦੂਨ, ਮਾਹੀਸਰ, ਜੌਹੜਸਰ, ਪਿੰਜੌਰ, ਕਾਲਕਾ ਹੁੰਦੇ ਹੋਏ 8 ਜੁਲਾਈ ਨੂੰ ਕੀਰਤਪੁਰ ਸਾਹਿਬ ਜਾ ਠਹਿਰਨਾ ਸੀ।ਕੀਰਤਪੁਰ ਤੋਂ ਬਿਲਾਸਪੁਰ, ਸੁਕੇਤ ਸੁਰਿੰਦਰਨਗਰ ਹੁੰਦੇ ਹੋਏ 10 ਜੁਲਾਈ ਨੂੰ ਮੰਡੀ ਪਹੁੰਚਣਾ ਸੀ।ਮੰਡੀ ਤੋਂ ਰਵਾਲਸਰ, ਭੁੰਤਰ, ਹੁੰਦੇ ਹੋਏ 12 ਜੁਲਾਈ 2019 ਨੂੰ ਮਨੀਕਰਨ ਪਹੁੰਚਣਾ ਸੀ।ਅੱਗੇ ਮਨੀਕਰਨ ਤੋਂ ਭੁੰਤਰ, ਕੁਲੂ, ਮਨਾਲੀ, ਰੋਹਤਾਂਗ, ਕੇਲਾਂਗ, ਹੇਮਸ ਗੋਂਫਾ ਹੁੰਦੇ ਹੋਏ 14 ਜੁਲਾਈ 2019 ਨੂੰ ਲੇਹ ਪਹੁੰਚਣਾ ਸੀ।ਲੇਹ ਤੋਂ ਅੱਗੇ ਕਾਰਗਿਲ, ਸ੍ਰੀਨਗਰ, ਮਟਨ ਪਹਿਲਗਾਮ ਦੀ ਯਾਤ੍ਰਾ 18 ਜੁਲਾਈ ਤਕ ਦੀ ਸੀ। ਮਨੀਕਰਨ ਤੱਕ ਦੀ ਯਾਤਰਾ ਦਾ ਵਿਸਥਾਰ ਵੱਖ ਦਿਤਾ ਗਿਆ ਹੈ ਜੋ ਅਸੀਂ ਭਾਰੀ ਬਾਰਿਸ਼, ਜੰਗਲੀ ਜਾਨਵਰਾਂ ਦੇ ਭੈ ਅਤੇ ਰਾਹਾਂ ਦੀਆਂ ਭੁੱਲ ਭੁਲਈਆਂ ਨਾਲ ਨਿਪਟਦੇ ਹੋਏ ਲਗਭੱਗ ਤਹਿ ਸਮੇਂ ਅਨੁਸਾਰ ਹੀ ਕਰ ਲਿਆ ਸੀ।ਸਾਡੀ ਯਾਤਰਾ ਦਾ ਮੁਖ ਵਿਸ਼ਾ ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਦੀ ਖੋਜ ਦਾ ਤੇ ਵਿਡੀਓ ਬਣਾ ਕੇ ਰਿਕਾਰਡ ਪੱਕਾ ਕਰਨਾ ਸੀ।ਟਰਬਨ ਟ੍ਰੈਵਲ ਦੇ ਕਾਫਲੇ ਨਾਲ ਇਹ ਲਿਖਾਰੀ ਕੁਲੂ-ਮਨਾਲੀ ਦੇ ਰਸਤੇ 2019 ਜੁਲਾਈ ਵਿਚ ਲੇਹ ਪਹੁੰਚਿਆ।ਸਾਡੀ ਯਾਤਰਾ ਯੋਜਨਾ ਸਾਰੀ ਦੁਨੀਆਂ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਰ ਥਾਂ ਤੇ ਜਾ ਕੇ ਖੋਜ ਕਰਨ ਦੀ ਸੀ ਤੇ ਇਹ ਯਾਤਰਾ ਉਸੇ ਸਿਲਸਿਲੇ ਦਾ ਹਿਸਾ ਸੀ।ਅਸੀਂ ਪੰਜਾਬ, ਹਰਿਆਣਾ, ਦੱਖਣੀ ਉਤਰਪ੍ਰਦੇਸ਼, ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦਾ ਸਫਰ ਕਰ ਚੁਕੇ ਸਾਂ।ਇਸ ਲੇਖ ਵਿੱਚ ਮਨੀਕਰਨ ਤੋਂ ਲੇਹ ਤੇ ਕਾਰਗਿਲ ਦੀ ਯਾਤ੍ਰਾ ਦਾ ਵਰਨਣ ਕੀਤਾ ਗਿਆ ਹੈ ।
 

❤️ CLICK HERE TO JOIN SPN MOBILE PLATFORM

Top