• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi Gurdwaras In Sikkim

Dalvinder Singh Grewal

Writer
Historian
SPNer
Jan 3, 2010
1,245
421
78
ਗੁਰਦਵਾਰਾ ਗੁਰੂਡਾਂਗਮਾਰ ਦਾ ਬੋਧ-ਸਥਾਨ ਵਿਚ ਬਦਲਣ ਤੇ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਿਕਿਮ ਹਾਈ ਕੋਰਟ ਵਿਚ ਕੇਸ ਦਾ ਹੁਣ ਤਕ ਦਾ ਸੱਚ-1

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਗੁਰੂ ਨਾਨਕ ਦੇਵ ਜੀ (1469-1539 ਈਸਵੀ) ਨੇ ਅੰਧਵਿਸ਼ਵਾਸ਼, ਭਰਮਾਂ ਤੇ ਵਹਿਮਾਂ ਦੇ ਹਨੇਰੇ ਵਿਚ ਫਸੀ ਤੇ ਜਬਰ-ਜ਼ੁਲਮ ਥੱਲੇ ਦਬੀ ਲੋਕਾਈ ਨੂੰ ਸੱਚ, ਹੱਕ, ਇਨਸਾਫ, ਪਿਆਰ, ਭਰਾਤਰੀਵਾਦ, ਬਰਾਬਰਤਾ ਤੇ ਸਹੀ ਸਦਾਚਾਰਕ ਕਦਰਾਂ ਕੀਮਤਾਂ ਦਾ ਸੁਨੇਹਾ ਦੇਣ ਲਈ ਵਿਸ਼ਵ-ਭ੍ਰਮਣ ਕੀਤਾ ਜਿਸ ਨੂੰ ਚਾਰ ਮੁੱਖ ਉਦਾਸੀਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਤੀਸਰੀ ਉਦਾਸੀ ਜਿਸ ਨੂੰ ਸੁਮੇਰ ਉਦਾਸੀ, ਉੱਤਰ ਉਦਾਸੀ ਤੇ ਪਰਬਤ ਯਾਤਰਾ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਸੰਨ 1515 ਤੋਂ 1518 ਈਸਵੀ ਵਿਚ ਕੀਤੀ ਮੰਨੀ ਗਈ ਹੈ ਜਿਸ ਵਿਚ ਉਹ ਪੰਜਾਬ ਕਰਤਾਰਪੁਰ ਸਾਹਿਬ ਤੋਂ ਸ਼ੁਰੂ ਹੋ ਕੇ, ਹਿਮਾਚਲ ਪ੍ਰਦੇਸ਼, ਉਤਰਾਂਚਲ ਪ੍ਰਦੇਸ਼, ਤਿੱਬਤ, ਉੱਤਰ ਪ੍ਰਦੇਸ਼, ਨੇਪਾਲ, ਸਿਕਿਮ, ਭੁਟਾਨ, ਅਰੁਣਾਚਲ, ਚੀਨ, ਕਸ਼ਮੀਰ ਆਦਿ ਤੋਂ ਹੁੰਦੇ ਹੋਏ ਫਿਰ ਕਰਤਾਰਪੁਰ ਪਹੁੰਚੇ ।

ਜਿਥੇ ਜਿਥੇ ਗੁਰੂ ਨਾਨਕ ਦੇਵ ਜੀ ਗਏ ਉਨ੍ਹਾਂ ਦੀ ਯਾਦ ਵਿਚ ਗੁਰਦਵਾਰਾ ਸਾਹਿਬ ਬਣਦੇ ਗਏ, ਕੁਝ ਪਹਿਲਾਂ ਤੇ ਕੁਝ ਬਾਦ ਵਿਚ ਬਣੇ। ਇਨ੍ਹਾਂ ਵਿਚੋਂ ਸਿਕਿਮ ਵਿਚ ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਤੇ ਗੁਰਦਵਾਰਾ ਚੁੰਗਥਾਂਗ ਹਨ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਧੁਰ ਉਤਰੀ ਸਿਕਿਮ ਤੇ ਗੀਆਗਾਂਗ ਪਠਾਰ ਤੇ ਸਥਿਤ ਗੁਰੂ ਡਾਂਗਮਾਰ ਝੀਲ (17100 ਫੁੱਟ) ਜਿਸ ਵਿਚੋਂ ਤੀਸਤਾ ਦਰਿਆ ਅਪਣਾ ਜਲ ਲੈਂਦਾ ਹੈ, ਚੁੰਗਥਾਂਗ ਵਿਚ ਸਥਿਤ ਪੱਥਰ ਸਾਹਿਬ, ਪੱਥਰ ਉਪਰ ਚਰਨ ਚਿੰਂਨ੍ਹ ਤੇ ਚਸ਼ਮਾ, ਦਰਖਤ ਬਣੀ ਖੂੰਡੀ (ਆਸਾ) ਤੇ ਚੌਲਾਂ ਦਾ ਖੇਤ ਅਤੇ ਲਾਚਿਨ ਵਿਚ ਤਿਬਤ ਰਾਜੇ ਵਲੋਂ ਭੇਟ ਵਸਤਰ, ਪੱਥਰ ਉਪਰ ਗੁਰੂ ਜੀ ਦੇ ਚਰਨ ਚਿੰਂਨ ਤੇ ਕਮੰਡਲ ਸ਼ਾਮਿਲ ਹਨ।

clip_image002.jpg


ਸਿਲੀਗੁੜ੍ਹੀ ਤੋਂ ਗੁਰੂ ਡਾਂਗਮਾਰ ਤਕ ਸਾਰੇ ਰਸਤਿਆਂ ਦੇ ਫਾਸਲੇ ਦਾ ਨਕਸ਼ਾ


ਗੁਰੂ ਡਾਂਗਮਾਰ ਸਾਹਿਬ ਚੰਗਥਾਂਗ ਤੋਂ 92 ਕਿਲੋਮੀਟਰ ਹੈ ਤੇ ਐਸ ਯੂ ਵੀ ਰਾਹੀਂ ਚਾਰ ਕੁ ਘੰਟੇ ਲੱਗ ਜਾਂਦੇ ਹਨ। ਚੁੰਗਥਾਂਗ ਗੰਗਟੌਕ ਤੋਂ 80 ਕਿਲੋਮੀਟਰ ਹੈ ਤੇ ਸਵਾ ਤਿੰਨ ਘੰਟੇ ਲੱਗਦੇ ਹਨ। ਗੰਗਟੋਕ ਸਿਲੀਗੁੜੀ ਤੋਂ ਉੱਤਰ ਵੱਲ ਤਕਰੀਬਨ 116 ਕਿਲੋਮੀਟਰ ਹੈ ਤੇ ਤਕਰੀਬਨ 4 ਘੰਟੇ ਲਗ ਜਾਂਦੇ ਹਨ। ਸਿਲੀਗੁੜੀ ਤੋਂ ਇਕ ਰਾਹ ਸਿੰਗਤਾਮ ਰਾਹੀਂ ਸਿਧਾ ਚੁੰਗਥਾਂਗ ਵੀ ਜਾਂਦਾ ਹੈ ਜੋ 166 ਕਿਲੋਮੀਟਰ ਲੰਬਾ ਪਹਾੜੀ ਰਸਤਾ ਹੈ ਤੇ ਛੇ ਘੰਟੇ ਲੱਗ ਜਾਂਦੇ ਹਨ। ਭੁਚਾਲ ਆਉਣ ਕਰਕੇ ਪਹਾੜੀ ਰਸਤਾ ਤੇ ਸੜਕਾਂ ਟੁੱਟੀਆਂ ਹੋਣ ਕਰਕੇ ਗੰਗਟੌਕ ਤੋਂ ਚੁੰਗਥਾਂਗ ਜਾਣ ਲਈ ਐਸ ਯੂ ਵੀ ਰਾਹੀ 4 ਘੰਟੇ ਤੇ ਉਸ ਤੋਂ ਅੱਗੇ ਗੁਰੂ ਡਾਂਗਮਾਰ ਜਾਣ ਲਈ ਪੰਜ ਘੰਟੇ ਲੱਗ ਜਾਂਦੇ ਹਨ । ਏਥੇ ਗੁਰੂ ਨਾਨਕ ਦੇਵ ਜੀ ਨੇਪਾਲ ਤੋਂ ਪਹਾੜੀ ਰਸਤੇ ਹੀ ਆਏ ਸਨ। ਇਨ੍ਹਾਂ ਪਹਾੜੀਆਂ ਵਿਚ ਇਕ ਦੇ ਨਾਮ ਨਾਲ ਨਾਨਕ ਨਾਮ ਅਜੇ ਵੀ ਲੱਗਿਆ ਹੋਇਆ ਹੈ।

clip_image004.jpg
clip_image006.jpg
clip_image008.jpg


ਗੁਰੂ ਡਾਂਗਮਾਰ ਦਾ ਨਕਸ਼ਾ

clip_image010.jpg


ਚੁੰਗਥਾਂਗ ਦਾ ਨਕਸ਼ਾ

(ੳਪਰੋਕਤ ਨਕਸ਼ੇ ਡਾ: ਅਨੁਰਾਗ ਸਿੰਘ ਦੇ ਧੰਨਵਾਦ ਸਹਿਤ)


ਏਥੇ ਜਾਣ ਲਈ ਦਿੱਲੀ ਤੋਂ ਹਵਾਈ ਜਹਾਜ਼ ਜਾਂ ਰਾਜਧਾਨੀ ਜਾਂ ਨਾਰਥ ਈਸਟ ਐਕਸਪ੍ਰੈਸ ਰਾਹੀਂ ਸਿਲੀਗੁੜੀ ਪਹੁੰਚ ਸਕਦੇ ਹਾਂ। ਸਿਲੀਗੁੜ੍ਹੀ ਹੋਟਲ ਜਾਂ ਗੁਰਦਵਾਰਾ ਸਾਹਿਬ ਵਿੱਚ ਰਹਿਣ ਦਾ ਵਧੀਆ ਬੰਦੋਬਸਤ ਹੈ। ਦੂਸਰੇ ਦਿਨ ਗੰਗਟੌਕ ਪਹੁੰਚ ਕੇ ਗੁਰਦਵਾਰਾ ਸਾਹਿਬ ਜਾਂ ਤਿੱਬਤ ਹੋਟਲ ਆਦਿ ਵਿੱਚ ਰਾਤ ਗੁਜ਼ਾਰੀ ਜਾ ਸਕਦੀ ਹੈ। ਅਗਲੇ ਦਿਨ ਜੀਪ iਕਰਾਏ ਤੇ ਲੈ ਕੇ ਜਾਂ ਬੱਸ ਰਾਹੀਂ ਚੁੰਗਥਾਂਗ ਸ਼ਾਮ ਤਕ ਪਹੁੰਚ ਸਕਦੇ ਹੋ। ਫਿਰ ਜੀਪ ਜਰੀਏ ਅਗਲੇ ਦਿਨ ਹੀ ਲਚਿਨ, ਥਾਂਗੂ ਤੇ ਗੁਰੂ ਡਾਂਗਮਾਰ ਦੇ ਦਰਸ਼ਨ ਹੋ ਸਕਦੇ ਹਨ। ਇਕ ਦਿਨ ਹੋਰ ਹੋਵੇ ਤਾਂ ਲਾਚੁੰਗ ਤੇ ਤੱਤੇ ਪਾਣੀ ਦੇ ਚਸ਼ਮੇ ਵੀ ਵੇਖੇ ਜਾ ਸਕਦੇ ਹਨ।

ਗੁਰਦਵਾਰਾ ਗੁਰੂਡਾਂਗਮਾਰ ਸਾਹਿਬ ਦੇ ਦਰਸ਼ਨ ਦਾਸ ਨੇ ਪਹਿਲੀ ਵਾਰ ਸੰਨ 1987 ਵਿਚ ਕੀਤੇ ਜਿਸ ਦਾ ਭਾਵ ਇਹ ਉਸ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ।ਗੁਰਦਵਾਰਾ ਚੁੰਗਥਾਂਗ ਸਾਹਿਬ ਦੇ ਦਰਸ਼ਨ ਸੰਨ 1970 ਵਿਚ ਕੀਤੇ ਜਿਸ ਦੇ ਬਾਰੇ ਉਥੋਂ ਦੇ ਸਰਪੰਚ ਨੇ ਸੰਨ 1965 ਈਸਵੀ ਵਿਚ ਬਣੇ ਹੋਣ ਦੀ ਦਾਸ ਨੂੰ ਸ਼ਾਹਦੀ ਭਰੀ।

ਸਿਲੀਗੁੜ੍ਹੀ (ਬੰਗਾਲ) ਦੇ ਨਾਲ ਲਗਦੇ ਉਤਰੀ ਪ੍ਰਦੇਸ਼ ਸਿiਕਮ ਸਾਡੀ ਨਵੀਂ ਕਰਮ-ਭੂਮੀ ਸੀ। ਇਸ ਪ੍ਰਦੇਸ਼ ਵਿਚ ਮੈਨੂੰ ੧੯੭੦-੭੧ ਵਿਚ ਤੇ ਫਿਰ ੧੯੮੭-੧੯੯੨ ਵਿੱਚ ਰਹਿਣ ਅਤੇ ਆਉਣ ਜਾਣ ਦਾ ਅਵਸਰ ਪ੍ਰਾਪਤ ਹੋਇਆ। ਸਿiਕਮ, ਹਿਮਾਲਿਆ ਦੀ ਗੋਦੀ ਵਿੱਚ ਨੇਪਾਲ, ਤਿੱਬਤ, ਭੁਟਾਨ ਤੇ ਉੱਤਰੀ ਬੰਗਾਲ ਵਿਚਕਾਰ ਘਿਰਿਆ ਭਾਰਤ ਦਾ ਇਕ ਛੋਟਾ ਜਿਹਾ ਰਾਜ ਹੈ। ਸਿiਕਮ ਦੇ ਗੁਰਦਵਾਰਿਆਂ ਬਾਰੇ ਖੋਜ ਮੈਂ ਸੰਨ ੧੯੮੭ ਵਿਚ ਅਰੰਭੀ ਜਿਸ ਦੇ ਸਿਲਸਿਲੇ ਵਿਚ ਮੈਂ ਸਿਕਿਮ ਦੇ ਦੂਰ ਦਰਾਜ਼ ਇਲਾਕਿਆਂ ਦੀ ਯਾਤਰਾ ਕੀਤੀ। ਇੰਡੀਅਨ ਇੰਸਟੀਚਿਊਟ ਆਫ ਤਿੱਬਤਾਲੋਜੀ, ਗੰਗਟੌਕ, ਦੇ ਡਾਇਰੈਕਟਰ ਨਾਲ ਗੁਰੂ ਜੀ ਦੀ ਤਿੱਬਤ ਤੇ ਸਿਕਿਮ ਯਾਤਰਾ ਬਾਰੇ ਬੜੇ ਵਿਸਥਾਰ ਨਾਲ ਗੱਲਾਂ ਹੋਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿiਕਮ ਯਾਤਰਾ ਬਾਰੇ ਠੋਸ ਸਬੂਤ ਉਹ ਕੋਈ ਨਹੀਂ ਦੇ ਸਕੇ ਪਰ ਇਸ ਗੱਲ ਤੇ ਉਹ ਵੀ ਸਹਿਮਤ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਪਰਬਤੀ ਇਲਾਕਿਆਂ ਵਿਚ ਆਏ ਜ਼ਰੂਰ ਸਨ। ਉਨ੍ਹਾਂ ਨੂੰ ਜਦ ਗਿਆਨੀ ਗਿਆਨ ਸਿੰਘ, ਖਜ਼ਾਨ ਸਿੰਘ, ਗਿਆਨੀ ਲਾਲ ਸਿੰਘ, ਮੇਜਰ ਐਨ ਐਸ ਈਸ਼ਰ, ਸ: ਸੁਰਿੰਦਰ ਸਿੰਘ ਆਈ ਡੀ ਐਸ ਏ ਭਾਈ ਕਾਹਨ ਸਿੰਘ ਨਾਭਾ, ਡਾ:ਗੰਡਾ ਸਿੰਘ, ਡਾ:ਹਰਬੰਸ ਸਿੰਘ, ਡਾ: ਸੁਰਿੰਦਰ ਸਿੰਘ ਕੋਹਲੀ (ਟ੍ਰੈਵਲਜ਼ ਆਫ ਗੁਰੂ ਨਾਨਕ, ਪੰਜਾਬ ਯੂਨੀ, 1969, 1978 ਰੀਪ੍ਰਿੰਟ) ਡਾ: ਤਰੋਲਚਨ ਸਿੰਘ, ਆਦਿ ਦੀਆਂ ਕਿਤਾਬਾਂ ਤੇ ਲੇਖ ਦਿਖਾਏ ਤੇ ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਇਧਰ ਦੀ ਯਾਤਰਾ ਦਾ ਗਿਆਨ ਤਾਂ ਹੈ ਪਰ ਉਨ੍ਹਾਂ ਕੋਲ ਵਿਸਥਾਰ ਨਹੀਂ ।' ਉਨ੍ਹਾਂ ਚੁੰਗਥਾਂਗ ਤੇ ਹੋਰ ਇਲਾਕਿਆਂ ਵਿਚ ਖ਼ੁਦ ਜਾਕੇ ਗੁਰੂ ਜੀ ਬਾਰੇ ਹੋਰ ਗਿਆਨ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ।

ਦੂਸਰੇ ਦਿਨ ਦਾ ਮੇਰਾ ਉੱਤਰੀ ਸਿਕਿਮ ਵਿਚ ਗੀਆਂਗਾਂਗ ਤੇ ਗੁਰੂਡਾਂਗਮਾਰ ਝੀਲ ਵੱਲ ਜਾਣ ਦਾ ਪ੍ਰੋਗਰਾਮ ਸੁਣਕੇ ਉਹ ਬੜੇ ਖੁਸ਼ ਹੋਏ ਪਰ ਉਨ੍ਹਾਂ ਦਾ ਮੇਰੇ ਨਾਲ ਜਾਣਾ ਸੰਭਵ ਨਾ ਹੋ ਸਕਿਆ। ਗੰਗਟੌਕ ਤੋਂ ਚੱਲਕੇ ਦੂਸਰੇ ਦਿਨ ਸਵੇਰੇ ਸਵੇਰੇ ਜਦ ਆਪਣੀ ਜੀਪ ਪਨਾਗਲਾ ਦੇ ਮੋੜ ਤੇ ਰੋਕੀ ਤਾਂ ਅੱਗੇ ਦਾ ਨਜ਼ਾਰਾ ਦੇਖਕੇ ਇਕ ਦਮ ਅਹਿਲ ਹੋ ਗਿਆ। ਕਿਤਨਾ ਸੁੰਦਰ ਮਨਮੋਹਣਾ ਪਿਆਰਾ ਦ੍ਰਿਸ਼ ਸੀ। ਸਾਹਮਣੇ ਕੰਚਨਜੰਗਾ ਦੀ ਬਰਫਾਂ ਢਕੀ ਦੁੱਧ ਚਿਟੀ ਚੋਟੀ ਤੇ ਥੱਲੇ ਹਰੇ ਭੂਸ਼ਣਾਂ ਵਿਚ ਲਿਪਟੀ ਤੀਸਤਾ ਵਾਦੀ ਜਿਸ ਨੂੰ ਸੋਨ ਕਿਰਨਾਂ ਬੜੇ ਪਿਆਰ ਨਾਲ ਲਿਸ਼ਕਾ ਚਮਕਾ ਕੇ ਜਿਵੇਂ ਪਾਲਣੇ ਵਿੱਚ ਝੁਲਾ ਰਹੀਆਂ ਹੋਣ। ਰੱਬੀ ਨਜ਼ਾਰਾ ਸੀ ਨਿਰਾ। ਸਿਕਿਮ ਵਿਚ ਅਪ੍ਰੈਲ ਤੋਂ ਜੁਲਾਈ ਤੱਕ ਸੂਰਜ ਦਾ ਦਿਖ ਜਾਣਾ ਇਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਨ੍ਹੀਂ ਦਿਨੀਂ ਬੱਦਲ ਅਤੇ ਧੁੰਦ ਹਮੇਸ਼ਾ ਆਪਣਾ ਗਲਬਾ ਪਾਈ ਰਖਦੇ ਹਨ। ਥੋੜ੍ਹਾ ਰੁਕ ਕੇ ਅਤੇ ਜੀ ਭਰਕੇ ਨਜ਼ਾਰਾ ਲੈਣ ਪਿੱਛੋਂ ਦਿਲ ਅੱਗੇ ਵਿਛੀ ਹੋਈ ਇਸ ਰੰਗੀਨ ਵਾਦੀ ਦਾ ਹੁਸਨ ਮਾਨਣ ਲਈ ਕਾਹਲਾ ਪੈ ਗਿਆ।

ਫੋਦੌਗ, ਮੰਗਨ, ਚੁੰਗਥਾਂਗ, ਲਾਚਿਨ, ਥਾਂਗੂ ਹੁੰਦੇ ਹੋਏ ਅਸੀਂ ਗੀਆਗੌਂਗ ਤੋਂ ਅਸੀਂ ਗੁਰੂ ਡਾਂਗਮਾਰ ਝੀਲ ਵੱਲ ਵਧੇ। ਪੱਥਰਾਂ ਵਿੱਚ ਉੱਭੜ-ਖਾਭੜ ਰਾਹ ਤੇ ਕਿੱਧਰੇ ਤੀਸਤਾ ਵਿੱਚ ਜੰਮੀ ਬਰਫ਼ ਉਪਰੋਂ ਦੀ ਲੰਘਦਿਆਂ ਅਸੀਂ ਇੱਕ ਵਿਸ਼ਾਲ ਵਾਦੀ ਵਿਚ ਆ ਗਏ ਜੋ ਤਿੱਬਤ ਨਾਲ ਲਗਦੀ ਸੀ। ਚਾਰੇ ਪਾਸੇ ਪਹਾੜੀਆਂ ਬਰਫਾਂ ਨਾਲ ਢੱਕੀਆਂ ਹੋਈਆਂ ਸਨ। ਠੰਢੀ ਠੰਢੀ ਹਵਾ ਸੀਨਾ ਚੀਰਦੀ ਜਾਂਦੀ ਸੀ। ਅਸੀਂ ਜੋ ਸਾਹ ਵੀ ਲੈਂਦੇ ਸਾਂ ਉਹ ਵੀ ਮੁੱਛਾਂ ਉੱਪਰ ਬਰਫ ਬਣਕੇ ਜੰਮ ਜਾਂਦਾ ਸੀ ਜਿਸ ਨੂੰ ਲਾਹੁੰਦਿਆਂ ਲਾਹੁੰਦਿਆਂ ਹੋਂਠ ਲਾਲ ਹੋ ਗਏ ਸਨ। ਨੱਕ ਦੀਆਂ ਕੂੰਬਲੀਆਂ ਵੀ ਲਾਲੋ-ਲਾਲ ਹੋ ਗਈਆਂ ਸਨ। ਹੱਥ ਸੁੰਨ ਹੋ ਗਏ ਸਨ। ਏਥੇ ਤਾਪਮਾਨ ਮਨਫੀ ੩੫0 ਸੈਂਟੀਗ੍ਰੇਡ ਤਕ ਚਲਾ ਜਾਂਦਾ ਹੈ। ਗੁਰੂ ਡਾਂਗਮਾਰ ਝੀਲ ਲਈ ਰਸਤਾ ਤੀਸਤਾ ਦਰਿਆ ਦੇ ਨਾਲ ਜਾਂਦਾ ਹੈ। ਤਕਰੀਬਨ ਚਾਰ ਘੰਟੇ ਪੈੱਦਲ ਚੱਲ, ੨੦ ਕੁ ਕਿਲੋਮੀਟਰ ਦਾ ਸਫਰ ਤਹਿ ਕਰਕੇ ਅਸੀਂ ਬਰਫਾਂ ਢਕੇ ਪਰਬਤਾਂ ਦੀ ਗੋਦ ਵਿੱਚ ਬੈਠ ਇੱਕ ਵਿਸ਼ਾਲ ਤਕਰੀਬਨ ਇਕ ਕਿਲੋਮੀਟਰ ਦੇ ਅਰਧ ਵਿਆਸ ਦੀ ਸੁੰਦਰ ਝੀਲ ਦੇ ਕਿਨਾਰੇ ਪਹੁੰਚ ਗਏ। ਤਿੱਬਤ ਠੀਕ ਸਾਹਮਣੇ ਸੀ। ਇਸ ਝੀਲ ਦੀ ਉਚਾਈ ੧੮,੦੦੦ ਫੁੱਟ ਸੀ ਤੇ ਨਾਲ ਲੱਗਦੀਆਂ ਪਹਾੜੀਆਂ ੨੦,੫੦੦ ਫੁੱਟ ਉੱਚੀਆਂ ਸਨ। ਠੰਢੀ ਹਵਾ ਸੀਨਾ ਚੀਰ ਰਹੀ ਸੀ। ਇਸ ਪਵਿਤਰ ਝੀਲ ਦਾ ਰੰਗ ਬਰਫ ਨਾਲ ਢਕੀ ਹੋਣ ਕਰਕੇ ਸਫੈਦ ਸੀ ਪਰ ਜਿਸ ਥਾਂ ਗੁਰੂ ਜੀ ਨੇ ਡਾਂਗ ਮਾਰੀ ਸੀ ਉਸ ਥਾਂ ਨੀਲਾ-ਹਰਾ ਪਾਣੀ ਝਿਲਮਿਲਾ ਰਿਹਾ ਸੀ । ਜਲ ਛੂਹ ਕੇ ਇਉਂ ਲਗਦਾ ਸੀ ਜਿਵੇਂ ਮਨ ਸਭ ਦੁੱਖ ਦਰਦਾਂ ਤੇ ਚਿੰਤਾਵਾਂ ਤੋਂ ਮੁਕਤ ਹੋ ਗਿਆ ਹੋਵੇ।

ਝੀਲ ਦੇ ਕਿਨਾਰੇ ਇਕ ਛੋਟਾ ਜਿਹਾ ਗੁਰਦਵਾਰਾ ਵੇਖ ਕੇ ਹੈਰਾਨੀ ਹੋਈ। ਨਿਸ਼ਾਨ ਸਾਹਿਬ ਝੂਲ ਰਿਹਾ ਸੀ। ਇਕ ਛੋਟੀ ਜਿਹਾ ਕਮਰਾ ਸੀ ਜਿਸਦੀਆਂ ਪੱਥਰਾਂ ਦੀਆਂ ਦੀਵਾਰਾਂ ਸਨ ਤੇ ਉਪਰ ਪਾਈ ਟਿਨ ਸ਼ੀਟਾਂ ਦੀ ਛੱਤ ਸੀ। ਅੰਦਰ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਸਥਾਪਿਤ ਸੀ। ਇਨ੍ਹਾਂ ਚਰਵਾਹਿਆਂ ਦੇ ਦਸਣ ਮੁਤਾਬਕ ਇਹ ਗੁਰੂ ਨਾਨਕ ਲਾਮਾ ਦਾ ਸਥਾਨ ਸੀ ਤੇ ਇਹ ਝੀਲ ਦਾ ਨਾਂ ਵੀ ਗੁਰੂ ਜੀ ਦੇ ਨਾਮ ਉਤੇ ਹੀ ਗੁਰੂ ਡਾਂਗਮਾਰ ਝੀਲ ਪਿਆ ਸੀ।ਜਿਵੇਂ ਕਿ ਦੱਸਿਆ ਗਿਆ ਸੀ: ਸ੍ਰੀ ਗੁਰੂ ਨਾਨਕ ਦੇਵ ਜੀ ਗੀਆਗਾਂਗ ਪਲਾਟੋ ਵਿੱਚ ਦੀ ਜਦ ਏਥੇ ਪਹੁੰਚੇ ਤਾਂ ਏਥੋਂ ਦੇ ਯਾਕ ਚਰਵਾਹੇ ਉਨ੍ਹਾਂ ਦੇ ਦਰਸ਼ਨਾਂ ਨੂੰ ਆਏ।

ਚਰਵਾਹਿਆਂ ਨੇ ਗੁਰੂ ਜੀ ਨੂੰ ਪਹੁੰਚਿਆ-ਮਹਾਂਪੁਰਖ ਜਾਣ ਉਨ੍ਹਾਂ ਨੂੰ ਅਪਣੀਆਂ ਤਕਲੀਫਾਂ ਤੋਂ ਛੁਟਕਾਰਾ ਦਿਵਾਉਣ ਲਈ ਬੇਨਤੀ ਕੀਤੀ। ਉਨ੍ਹਾਂ ਦੀ ਪਹਿਲੀ ਤਕਲੀਫ ਸੀ ਸਰਦੀਆਂ ਵਿਚ ਪਾਣੀ ਜੰਮ ਜਾਣ ਕਰਕੇ ਪਾਣੀ ਦੀ ਘਾਟ ਤੇ ਦੂਜਾ ਸੀ ਉਚਾਈ ਕਰਕੇ ਘੱਟ ਹਵਾ ਤੇ ਬੱਚੇ ਨਾ ਜਨਮ ਸਕਣ ਵਰਗੀ ਮੁਸੀਬਤ।
ਪਰਬਤਾਂ ਦੀ ਯਾਤਰਾ ਸਮੇਂ ਗੁਰੂ ਨਾਨਕ ਸਾਹਿਬ ਆਪਣੇ ਕੋਲ ਲੰਬੀ ਡਾਂਗ ਰੱਖਦੇ ਸਨ। ਪਰਬਤਾਂ ਦੀ ਚੜ੍ਹਾਈ ਸਮੇਂ ਡਾਂਗ ਜਾਂ ਲਾਠੀ ਕੱਚੀ ਪਈ ਤਾਜ਼ਾ ਬਰਫ ਉਤੇ ਚੱਲਣ ਲਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਤਾਜ਼ਾ ਬਰਫ ਉੱਤੇ ਆਦਮੀ ਇੱਕ ਦਮ ਧੱਸ ਜਾਂਦਾ ਹੈ ਜਿਸ ਵਿਚੋਂ ਨਿੱਕਲਣ ਲਈ ਸਹਾਰੇ ਦੀ ਜ਼ਰੂਰਤ ਪੈਦੀ ਹੈ। ਇਸ ਲਾਠੀ ਤੇ ਭਾਰ ਪਾ ਕੇ ਧੁਸਿਆ ਆਦਮੀ ਆਪਣੇ ਆਪ ਨੂੰ ਬਰਫ਼ ਵਿਚੋਂ ਕੱਢ ਸਕਦਾ ਹੈ। ਚੜ੍ਹਾਈਆਂ ਚੱੜ੍ਹਦੇ ਵੇਲੇ ਵੀ ਇਹ ਡਾਂਗ ਬੜੀ ਮੱਦਦ ਕਰ ਸਕਦੀ ਹੈ ਜਿੱਸ ਦਾ ਸਹਾਰਾ ਲੈ ਕੇ ਚੱੜ੍ਹਣ-ਉੱਤਰਨ ਵਿੱਚ ਸਹਾਰਾ ਮਿਲਦਾ ਹੈ। ਜਦ ਵੀ ਤੁਸੀਂ ਹੇਮ ਕੁੰਟ ਸਾਹਿਬ ਜਾਂ ਕਿਸੇ ਹੋਰ ਪਰਬਤ ਉਤੇ ਜਾਵੋ ਤਾਂ ਤੁਸੀਂ ਇੱਕ ਡਾਂਗ ਆਪਣੇ ਨਾਲ ਜ਼ਰੂਰ ਲਵੋਗੇ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਡਾਂਗ ਆਪਣੇ ਸੱਜੇ ਹੱਥ ਵਿਚ ਫੜੀ ਹੋਈ ਹੋਵੇਗੀ। ਜਲ ਦੀ ਤਲਾਸ਼ ਵਿੱਚ ਉਹ ਝੀਲ ਦੇ ਕਿਨਾਰੇ ਪਹੁੰਚੇ। ਝੀਲ ਤਾਂ ਇੱਕ ਬਰਫੀਲਾ ਮੈਦਾਨ ਬਣੀ ਹੋਈ ਸੀ ਜਿਸ ਉਤੇ ਸੌਖਿਆਂ ਹੀ ਤੁਰਿਆ ਫਿਰਿਆ ਜਾ ਸਕਦਾ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਝੀਲ ਨੂੰ ਪਰਖਿਆ । ਸਾਰੇ ਚਰਵਾਹੇ ਉਤਸੁਕਤਾ ਨਾਲ ਗੁਰੂ ਨਾਨਕ ਦੇਵ ਜੀ ਦੇ ਉਦਾਲੇ ਆ ਖੜ੍ਹੇ ਹੋਏ। ਇਕ ਥਾਂ-ਟੋਹ ਪਰਖ ਕੇ ਗੁਰੂ ਨਾਨਕ ਦੇਵ ਜੀ ਨੇ ਝੀਲ ਦੀ ਬਰਫ ਵਿੱਚ ਡਾਂਗ ਨੂੰ ਸਿੱਧਾ ਗੱਡ ਦਿੱਤਾ। ਵਾਹ! ਥੱਲਿਓਂ ਸਾਫ, ਸਵੱਛ, ਨਿਰਮਲ ਜਲ ਨਿੱਕਲ ਆਇਆ। ਚਰਵਾਹੇ ਖੁਸ਼ੀ ਵਿਚ ਨੱਚਣ ਲੱਗੇ ਤੇ ਗੁਰੂ ਜੀ ਦੇ ਇਸ ਕ੍ਰਿਸ਼ਮੇ ਤੋਂ ਵਾਰੇ ਵਾਰੇ ਜਾਣ ਲੱਗੇ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਹ ਮਹਾਂ-ਮਾਨਵ ਜ਼ਰੂਰ ਹੀ ਰੱਬ ਦਾ ਭੇਜਿਆ ਦੂਤ ਹੈ, ਜਿਸ ਦੀ ਰੱਬ ਤਕ ਰਸਾਈ ਹੈ।

ਚਰਵਾਹਿਆਂ ਦੇ ਦੁੱਖਾਂ ਦੀਆਂ ਪੰਡਾਂ ਭਾਰੀਆਂ ਸਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਉਸ ਵਾਹਿਗੁਰੂ ਦੀ ਰਜ਼ਾ ਵਿਚ ਰਹਿਕੇ ਉਸਦੇ ਦਿੱਤੇ ਦੁੱਖ-ਸੁੱਖ ਸਹਿਣ-ਮਾਨਣ ਦਾ ਗਿਆਨ ਦਿੱਤਾ।ਇੱਕ ਚਰਵਾਹੇ ਨੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਖਾਨਦਾਨਾਂ ਵਿੱਚ ਵਾਧਾ ਨਹੀਂ ਹੋ ਰਿਹਾ। ਪਰਬਤਾਂ ਉੱਤੇ ਮਰਦਾਂ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਬੜੀ ਘੱਟ ਹੋ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਦੇ ਔਲਾਦ ਬੜੀ ਘੱਟ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਰ ਦਿਤਾ ਕਿ ਜੋ ਕੋਈ ਇਸ ਝੀਲ ਦਾ ਜਲ ਛਕੇਗਾ ਉਸ ਵਿੱਚ ਅਥਾਹ ਪਵਿੱਤਰ ਰੱਖੋਗੇ ਸ਼ਕਤੀ ਭਰ ਜਾਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀਆਂ ਨੇ ਇਸ ਝੀਲ ਦਾ ਨਾਂ ਗੁਰੂ ਡਾਂਗਮਾਰ ਰੱਖਿਆ । ਗੁਰੂ ਜੀ ਨੇ ਹਦਾਇਤ ਕੀਤੀ ਕਿ ਜੇ ਇਸ ਝੀਲ ਦੀ ਪਵਿਤਰਤਾ ਕਾਇਮ ਰਖੋਗੇ ਤਾਂ ਇਸ ਦੀਆਂ ਦਾਤਾਂ ਦਾ ਅਨੰਦ ਮਾਣੋਗੇ। ਜੇ ਇਸ ਨੂੰ ਅਪਵਿੱਤਰ ਕੀਤਾ ਤਾਂ ਇਸ ਦੇ ਜਲ ਵਿਚੋਂ ਸ਼ਕਤੀ ਖਤਮ ਹੋ ਜਾਵੇਗੀ। ਚਰਵਾਹਿਆਂ ਦੀਆਂ ਝੁੱਗੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕੁੱਝ ਦਿਨ ਗੁਜ਼ਾਰ ਕੇ ਗੀਆਗਾਂਗ ਪਲਾਟੋ ਰਾਹੀਂ ਥਾਂਗੂ ਵੱਲ ਵਧ ਗਏ। ਚਰਵਾਹੇ ਉਨ੍ਹਾਂ ਦੀ ਯਾਦ ਵਿਚ ਗੁਆਚ ਗਏ। ਉਸ ਦਿਨ ਤੋਂ ਉਸ ਝੀਲ

ਦਾ ਨਾਮ ਗੁਰੂ-ਡਾਂਗਮਾਰ ਪੈ ਗਿਆ
upload_2018-4-23_7-56-37.png

Various stages of Development of Gurdwara Gurdongmar: Gurdwara from 1987- 1993 113

upload_2018-4-23_8-1-10.png


ਗੁਰੂ ਡਾਂਗਮਾਰ ਦੀਆਂ ਤਸਵੀਰਾਂ। ਉਹ ਥਾਂ ਵੀ ਦਿਸਦਾ ਹੈ ਜਿਥੇ ਸਾਰਾ ਸਾਲ ਪਾਣੀ ਨਹੀਂ ਜੰਮਦਾ

ਗੀਆਗਾਂਗ ਵਾਦੀ ਦਾ ਸਫਰ ਕਰਕੇ ਜਦ ਅਸੀਂ ਇਸ ਪਵਿੱਤਰ ਝੀਲ ਕੰਢੇ ਪਹੁੰਚੇ ਤਾਂ ਇਸਦਾ ਕੁਝ ਹਿੱਸਾ ਬਰਫ਼ ਨਾਲ ਢੱਕਿਆ ਹੋਇਆ ਸੀ। ਕੁੱਝ ਕੁ ਹਿੱਸੇ ਵਿੱਚ ਪਵਿੱਤਰ ਨੀਲਾ ਜਲ ਡਲਕਾਂ ਮਾਰਦਾ ਸੀ ਜਿੱਸ ਵਿੱਚ ਆਸੇ ਪਾਸੇ ਦੀਆਂ ਬਰਫੀਲੀਆਂ ਚੋਟੀਆਂ ਦਾ ਸਾਇਆ ਇਕ ਰੱਬੀ ਦ੍ਰਿਸ਼ ਪੇਸ਼ ਕਰਦਾ ਸੀ।ਇਸ ਪਵਿੱਤਰ ਝੀਲ ਵਿਚੋਂ ਪਹਿਲਾਂ ਇੱਕ ਤਿੱਪ ਹੋਠਾਂ ਨਾਲ ਛੁਹਾਈ ।ਜਦ ਇਸ ਦਾ ਜਲ ਅੰਦਰ ਪਹੁੰਚਿਆ ਤਾਂ ਇੱਕ ਅਨੋਖੀ ਝਰਨਾਹਟ ਛਿੜ ਗਈ। ਇਤਨਾਂ ਠੰਢਾ ਤੇ ਸ਼ਕਤੀ ਭਰਿਆ ਜਲ! ਅੱਖਾਂ ਹੀ ਖੁੱਲ੍ਹ ਗਈਆਂ। ਚਿਹਰੇ ਤੇ ਛਿੱਟੇ ਪਾਉਂਦਿਆਂ, ਖਿਆਲ ਆਇਆ ਕਿ ਕਿਉਂ ਨਾ ਇਸ ਪਵਿੱਤਰ ਜਲ ਵਿੱਚ ਇਸ਼ਨਾਨ ਕੀਤਾ ਜਾਵੇ, ਪਰ ਫਿਰ ਇਸ ਖਿਆਲ ਨਾਲ ਕਿ ਇਸ ਪਵਿੱਤਰ ਜਲ ਵਿਚ ਜੇ ਇਸ਼ਨਾਨ ਕੀਤਾ ਤਾਂ ਇਹ ਅਪਵਿੱਤਰ ਹੋ ਜਾਵੇਗਾ, ਇਸ਼ਨਾਨ ਦਾ ਇਰਾਦਾ ਤਿਆਗ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਯਾਦ ਕਰਨ ਲਈ ਚੌਕੜਾ ਮਾਰਕੇ ਧਿਆਨ ਧਰਿਆ ਤਾਂ ਜਾਪਿਆ ਜਿਓਂ ਚਾਰੇ ਪਾਸੇ ਸਵਰਗੀ ਨਜ਼ਾਰਾ ਹੋਵੇ। ਇਕ ਅਨੋਖਾ ਅਨੰਦ, ਇਕ ਅਨੂਠਾ ਨਸ਼ਾ ਛਾ ਗਿਆ ਤੇ ਮੇਰੇ ਮੂੰਹੋਂ ਅਛੋਪਲੇ 'ਧੰਨ ਨਿਰੰਕਾਰ, ਧੰਨ ਨਿਰੰਕਾਰ' ਨਿਕਲਦਾ ਰਿਹਾ; ਨਿਰੰਕਾਰ ਜਿਸ ਦਾ ਪਾਸਾਰਾ ਸਿਰਫ ਉਸਦਾ ਆਪਣਾ ਹੈ, ਜਿਸਦੀ ਹੋਂਦ ਬੇਵਜੂਦੀ ਹੈ ਪਰ ਹਰ ਥਾਂ ਪ੍ਰਗਟ ਹੈ ਜਿਸ ਦੀ ਛੁਹ ਕਰਮਾਂ ਵਾਲੇ ਹੀ ਮਾਣ ਸਕਦੇ ਹਨ। ਜੋ ਪਲ ਉਸ ਸੱਚੇ ਨਾਲ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਸਦਕਾ ਲੰਘੇ ਉਹ ਤਾਂ ਹਮੇਸ਼ਾ ਲਈ ਅਭੁੱਲ ਹਨ। ਗਦ ਗਦ ਮਨ ਨਾਲ ਸਾਰੀ ਝੀਲ ਦੀ ਪਰਿਕਰਮਾ ਕੀਤੀ ਜੋ ਤਕਰੀਬਨ ਤਿੰਨ ਕਿਲੋਕੀਟਰ ਦੇ ਘੇਰੇ ਵਿਚ ਸੀ। ਫਿਰ ਕੁੱਝ ਚਿਰ ਬੈਠਕੇ ਦਾਤੇ ਦੀ ਮਹਿਮਾਂ ਨਿਹਾਰਦੇ ਰਹੇ।

ਸਮਾਂ ਥੋੜ੍ਹਾ ਹੋਣ ਕਰਕੇ ਤੇ ਅਗਲੀ ਜ਼ਿੰਮੇਵਾਰੀ ਨਿਭਾਉਣ ਖ਼ਾਤਰ ਅਸੀਂ ਚੜ੍ਹਾਈ ਚੜ੍ਹਨੀ ਸੀ। ਝੀਲ ਉੱਪਰਲੀ ਪਹਾੜੀ ਉੱਪਰ ਪਹੁੰਚਣਾ ਸੀ ਜੋ ਤਕਰੀਬਨ 2000 ਫੁੱਟ ਦੀ ਹੋਰ ਸਿੱਧੀ ਚੜ੍ਹਾਈ ਸੀ। ਝੀਲ ਦੇ ਜਲ ਨੇ ਸਰੀਰ ਵਿਚ ਪਤਾ ਨਹੀਂ ਕਿਹੋ ਜਿਹੀ ਅਥਾਹ ਸ਼ਕਤੀ ਭਰ ਦਿੱਤੀ ਕਿ ਜਿਸ ਪਰਬਤ ਉਤੇ ਚੜ੍ਹਣ ਲਈ ਆਮ ਆਦਮੀ ਨੂੰ ੭-੮ ਘੰਟੇ ਲੱਗਦੇ ਸਨ ਉਸ ਉੁੱਪਰ ਅਸੀਂ ਢਾਈ ਘੰਟੇ ਵਿਚ ਹੀ ਪਹੁੰਚ ਗਏ। ਇਸ ਪਹਾੜੀ ਤੋਂ ਆਸੇ ਪਾਸੇ ਦੇ ਇਲਾਕੇ ਉਤੇ ਬੜੀ ਚੰਗੀ ਤਰ੍ਹਾਂ ਨਿਗਾਹ ਰੱਖੀ ਜਾ ਸਕਦੀ ਸੀ। ਬਰਫੀਲੀਆਂ ਚੋਟੀਆਂ ਦਾ ਏਨਾਂ ਪਸਾਰਾ ਦੇਖ ਕੇ ਇੰਜ ਲਗਦਾ ਸੀ ਜਿਵੇਂ ਸਾਰੀ ਦੁਨੀਆਂ ਸਫੇਦ ਗਿਲਾਫ ਪਹਿਨੀ ਹੋਈ ਹੋਵੇ।

ਏਥੋਂ ਤਿੱਬਤ ਦੇ ਇਲਾਕੇ ਉਤੇ ਵੀ ਬੜੀ ਚੰਗੀ ਝਾਤ ਪੈਂਦੀ ਸੀ ਤੇ ਦੁਸ਼ਮਣਾਂ ਦੀ ਸੰਭਾਵਿਤ ਪਹੁੰਚ ਨੂੰ ਨਿਗਾਹ ਤੇ ਗੋਲਾਬਾਰੀ ਦੀ ਮਾਰ ਜਰੀਏ ਰੋਕਿਆ ਜਾ ਸਕਦਾ ਸੀ। ਇਹ ਇਕ ਚੰਗੀ ਨਿਗਾਹ ਬਾਨ ਚੋਂਕੀ ਸੀ ਜਿਸ ਤੋਂ ਗੀਆਗਾਂਗ ਪਲਾਟੋ ਤੇ ਲਾਚੁੰਗ ਵਾਦੀ ਦੋਨਾਂ ਨੂੰ ਜਾਣ ਵਾਲੇ ਰਸਤਿਆਂ ਦੀ ਚੰਗੀ ਦੇਖ ਭਾਲ ਹੋ ਸਕਦੀ ਸੀ। ਏਸ ਚੌਕੀ ਨੂੰ ਸਥਾਈ ਚੌਕੀ ਦੇ ਤੌਰ ਤੇ ਸਥਾਪਿਤ ਕਰਕੇ ਅਸੀਂ ਦਿਨ ਢਲੇ ਵਾਪਿਸ ਉੱਤਰੇ। ਉੱਤਰਦਿਆਂ ਸਾਨੂੰ ਮੁਸ਼ਕਿਲ ਨਾਲ ਇਕ ਘੰਟਾ ਲੱਗਿਆ। ਇਸ ਝੀਲ ਦੇ ਪਵਿੱਤਰ ਜਲ ਦੀ ਇਕ ਤਿੱਪ ਪੀ ਕੇ ਵਾਪਿਸ ਚੱਲ ਪਏ। ਹੈਰਾਨੀ ਦੀ ਗੱਲ ਇਹ ਕਿ ਇਸ ਜਲ ਨੂੰ ਛਕਣ ਪਿਛੋਂ ਅਸੀਂ ਇਤਨੀ ਉਚਾਈ ਚੜ੍ਹੇ ਤੇ ਤਕਰੀਬਨ ਸਾਰਾ ਦਿਨ ਬਿਨਾਂ ਕੁੱਝ ਖਾਧੇ-ਪੀਤੇ ਗੁਜ਼ਾਰਿਆ ਪਰ ਭੁੱਖ ਉੱਕਾ ਹੀ ਨਹੀਂ ਲੱਗੀ। ਸ਼ਕਤੀ ਵੀ ਉਵੇਂ ਬਰਕਰਾਰ ਰਹੀ।

ਪਲਟਣ ਵਿੱਚ ਆਪਣੇ ਟਿਕਾਣੇ ਤੇ ਆਏ ਤਾਂ ਸ਼ਾਮੀਂ ਸਾਡੇ ਬ੍ਰੀਗੇਡ ਕਮਾਂਡਰ ਬ੍ਰੀਗੇਡੀਅਰ ਸਚਦੇਵ ਹੋਰਾਂ ਨਾਲ ਗੱਲ ਚੱਲੀ। ਉਹ ਇਸ ਝੀਲ ਬਾਰੇ ਉਤਸੁਕ ਹੋਏ ਤੇ ਇਸ ਝੀਲ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਵਾਰਾ ਸਾਹਿਬ ਨੂੰ ਵਧੀਆ ਬਣਾਉਣ ਦੀ ਪਲਾਨ-ਬਣ-ਗਈ। ਇੱਕ ਪੋਣਾ ਵੀ ਬਣਾਉਣਾ ਜ਼ਰੂਰੀ ਸੀ ਜਿਸ ਵਿਚ ਆਇਆ ਗਿਆ ਇਸ਼ਨਾਨ ਕਰ ਸਕੇ ਤਾਂ ਕਿ ਝੀਲ ਦਾ ਜਲ ਅਪਵਿੱਤਰ ਨਾ ਹੋਵੇ।

ਦੂਸਰੇ ਦਿਨ ਬ੍ਰੀਗੇਡੀਅਰ ਸਚਦੇਵਾ ਸਾਹਿਬ ਨਾਲ ਉਸ ਝੀਲ ਦੇ ਦਰਸ਼ਨ ਕਰਨ ਦਾ ਮੌਕਾ ਦੁਬਾਰਾ ਮਿਲਿਆ। ਇੱਕ ਅਨਹਦ ਨਾਦ ਵਿਚ ਗੜੂੰਦੇ ਸਵਰਗੀ ਨਜ਼ਾਰੇ ਮਾਣਦੇ ਪਰਤਦੇ ਅਸੀਂ ਇਹੋ ਸਲਾਹਾਂ ਕਰਦੇ ਆਏ ਕਿ ਇਸ ਥਾਂ ਗੁਰਦਵਾਰਾ ਸਾਹਿਬ ਤੇ ਇਸ਼ਨਾਨ ਘਰ ਕਿਵੇਂ ਤਿਆਰ ਕੀਤੇ ਜਾਣ।

ਹੋਰ ਸਿੱਖ ਜਗਿਆਸੂ ਅਫਸਰ ਵੀ ਨਾਲ ਮਿਲ ਗਏ ਤੇ ਇਹ ਤਹਿ ਹੋਇਆ ਕਿ ਝੀਲ ਉੱਪਰ ਵਾਲੀ ਪਹਾੜੀ ਜਿੱਥੇ ਇਕ ਕੰਪਨੀ ਲਾਉਣੀ ਨਿਸ਼ਚਿਤ ਹੋਈ ਹੈ ਪੰਜਾਬ ਪਲਟਣ ਨੂੰ ਭੇਜਿਆ ਜਾਵੇ ਤੇ ਉਥੇ ਇਕ ਓ ਪੀ ਪੋਸਟ ਵੀ ਹੋਵੇ। ਇਹ ਤਾਂ ਉਸ ਪਰਬਤ ਦੀ ਸਾਰਥਿਕ ਮਹੱਤਤਾ ਨੂੰ ਵੇਖ ਕੇ ਕੀਤਾ ਗਿਆ ਸੀ।

ਕੰਮ ਛੇਤੀ ਹੀ ਸ਼ੁਰੂ ਹੋ ਗਿਆ ਤੇ ਵੀ ਵਿੱਚੋ-ਵਿੱਚ ਇਕ ਗੁਰਦਵਾਰਾ ਸਾਹਿਬ ਤੇ ਇਕ ਇਸ਼ਨਾਨ ਘਰ ਬਣਾ ਲਏ ਗਏ। ਦੇਖ ਰੇਖ ਲਈ ਪੰਜਾਬ ਰੈਜਮੈਂਟ ਦੇ ਜਵਾਨ ਨਿਯੁਕਤ ਹੋਏ। ਮੈਂ ਆਪਣੀ ਡਿਊਟੀ ਉਸ ਚੋਟੀ ਤੇ ਲਗਵਾ ਲੈਂਦਾ ਤੇ ਗੁਰਦਵਾਰਾ ਬਣਨ ਵਿਚ ਜੋ ਉੱਪਰ ਵਾਲੇ ਦਾ ਹੁਕਮ ਹੋਇਆ, ਹਿੱਸਾ ਪਾਉਂਦਾ ਰਿਹਾ। ਵੱਡਾ ਗੁਰਦਵਾਰਾ ਸਾਹਿਬ ਬਣਨ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਨੀ ਸੀ ਜਿਸ ਲਈ ਅਸੀਂ ਸਿੱਲੀਗੁੱੜੀਓਂ ਜਾ ਕੇ ਇਕ ਬੀੜ ਹੈਲੀਕਾਪਟਰ ਰਾਹੀਂ ਲੈ ਆਏ। ਕੋਰ ਕਮਾਂਡਰ ਜਨਰਲ ਜੇ ਐਮ ਸਿੰਘ ਨੇ ਇਸ ਗੁਰਦਵਾਰਾ ਸਾਹਿਬ, ਮਾਰਗ ਤੇ ਹੈਲੀਪੈਡ ਆਦਿ ਬਨਵਾਣ ਵਿਚ ਖਾਸ ਦਿਲਚਸਪੀ ਲਈ। ਦੁਨੀਆਂ ਦੇ ਸਭ ਤੋਂ ਵੱਡੇ ਹੈਲੀਕਾਪਟਰ ਐਮ ਆਈ ੨੬ ਲਈ ਵੱਡਾ ਹੈਲੀਪੈਡ ਬਣ ਗਿਆ ਤਾਂ ਕਿ ਐਮ ਆਈ ੨੬ ਬੜੀ ਅਸਾਨੀ ਨਾਲ ਉੱਤਰ ਸਕਣ।ਗੀਆਗਾਂਗ ਤਕ ਪੱਕੀ ਸੜਕ ਵੀ ਬਣ ਗਈ ਜਿਸ ਦਾ ਨਾਂ ਗੁਰੂ ਨਾਨਕ ਮਾਰਗ ਰੱਖਿਆ ਗਿਆ।

ਗੁਰਦਵਾਰਾ ਸਾਹਿਬ ਤਕ ਵੀ ਪੱਕੀ ਸੜਕ ਬਣ ਗਈ।ਜਿਉਂ ਜਿਉਂ ਪਲੈਟੋ ਵਿੱਚ ਸੈਨਾ ਵਧਦੀ ਗਈ, ਝੀਲ ਉਪਰ ਆਉਣ ਵਾਲੇ ਯਾਤਰੂ ਵਧਦੇ ਗਏ।
ਚਾਹ ਪਾਣੀ ਦਾ ਸਮਾਨ ਵੀ ਇਸ ਗੁਰਦਵਾਰਾ ਸਾਹਿਬ ਵਿੱਚ ਰੱਖ ਦਿੱਤਾ ਗਿਆ ਤਾਂ ਕਿ ਯਾਤਰੂ ਠੰਢ ਦੇ ਮੌਕੇ ਇਥੇ ਆਪਣੇ ਆਪ ਨੂੰ ਗਰਮ ਰੱਖ ਸਕਣ । ਮੈਨੂੰ ਯਾਦ ਹੈ ਕਿ ਪਰਬਤ ਉੱਪਰ ਜਾਣ ਲਈ ਮੈਂ ਇਸ ਪਵਿੱਤਰ ਝੀਲ ਦੀ ਜਲ ਦੀ ਸਿਰਫ ਇਕ ਬੂੰਦ ਹੀ ਛਕਦਾ ਸਾਂ ਤੇ ਸਾਰਾ ਦਿਨ ਹੋਰ ਕੁੱਝ ਨਹੀਂ ਸੀ ਲੈਂਦਾ ਪਰ ਮੇਰੇ ਵਿਚ ਸ਼ਕਤੀ ਉਵੇਂ ਬਰਕਰਾਰ ਰਹਿੰਦੀ। ਨਾ ਹੀ ਕਮਜ਼ੋਰੀ ਮੇਰੇ ਨੇੜੇ ਢੁਕੀ ਤੇ ਨਾ ਹੀ ਪਹਾੜੀ ਉਪਰ ਚੜ੍ਹਣ ਦਾ ਜਾਨ-ਜੋਖੋਂ ਭਰਿਆ ਕੰਮ ਮੈਨੂੰ ਕਦੇ ਔਖਾ ਜਾਪਿਆ।

ਇਸ ਪਵਿੱਤਰ ਝੀਲ ਦੀ ਮਸ਼ਹੂਰੀ ਸਾਰੀ ਸੈਨਾ ਵਿਚ ਫੈਲ ਗਈ। ਪਵਿੱਤਰ ਜਲ ਨੂੰ ਪਹਿਲਾਂ ਬੋਤਲਾਂ ਵਿਚ ਤੇ ਫਿਰ ਜੈਰੀਕੇਨਾਂ ਵਿਚ ਭਰਕੇ ਲਿਜਾਇਆ ਜਾਣ ਲੱਗ ਪਿਆ ਤੇ ਯਾਤਰੂ ਇਸ਼ਨਾਨ ਵੀ ਝੀਲ ਵਿਚ ਕਰਨ ਲੱਗ ਪਏ ਜਿਸ ਕਰਕੇ ਇਸ ਝੀਲ ਦੀ ਪਵਿੱਤਰਤਾ ਭੰਗ ਹੋਣ ਦਾ ਖਤਰਾ ਪੈਦਾ ਹੋ ਗਿਆ। ਹੋਰ ਤਾਂ ਹੋਰ ਇਸ ਝੀਲ ਦੀ ਜਲ ਦੀ ਸ਼ਕਤੀ ਦਾ ਏਨਾਂ ਪਰਚਾਰ ਹੋਇਆ ਕਿ ਡਰਾਈਵਰ ਆਪਣੇ ਰੇਡੀਏਟਰ ਵਿੱਚ ਜਲ ਦੀ ਬੂੰਦ ਪਾਉਂਦੇ ਤੇ ਮੰਨਦੇ ਕਿ ਰੇਡੀਏਟਰ ਦਾ ਪਾਣੀ ਮਾਈਨਸ ਤੀਹ ਡਿਗਰੀ ਟੈਂਪਰੇਚਰ ਵਿੱਚ ਵੀ ਨਹੀਂ ਜੰਮਦਾ ।

ਗੰਗਟੋਕ ਤੋਂ ਗੀਆਗਾਂਗ ਤਕ ਫੌਜੀ ਬੱਸ ਚੱਲ ਪਈ ਜਿਸ ਦਾ ਨਾਮ ਗੁਰੂਡਾਂਗਮਾਰ ਐਕਸਪ੍ਰੈਸ ਰੱਖਿਆ ਗਿਆ। ਏਸੇ ਪਲੈਟੋ ਉੱਪਰ ਦੁਨੀਆਂ ਦਾ ਸਭ ਤੋਂ ਉਚਾ ਗੋਲਫ ਕੋਰਸ ਵੀ ਬਣ ਗਿਆ। ਅਠਾਰਾਂ ਹਜ਼ਾਰ ਫੁੱਟ ਦੀ ਉਚਾਈ ਤੇ ਏਨਾ ਕੁਝ ਚਾਰ ਪੰਜ ਸਾਲਾਂ ਵਿਚ ਹੋ ਜਾਣਾ ਅਸੰਭਵ ਨੂੰ ਸੰਭਵ ਬਣਾਏ ਜਾਣ ਦਾ ਕ੍ਰਿਸ਼ਮਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਸਦਕਾ ਹੀ ਹੋ ਸਕਿਆ। ਯਾਤਰੂਆਂ ਦੀ ਗਿਣਤੀ ਏਨੀ ਵਧ ਗਈ ਕਿ ਝੀਲ ਦਾ ਜਲ ਗੰਧਲਾ ਹੋਣਾ ਸ਼ੁਰੂ ਹੋ ਗਿਆ ਤੇ ਇਹ ਖਤਰਾ ਪੈਦਾ ਹੋ ਗਿਆ ਕਿ ਗੁਰੂ ਡਾਂਗਮਾਰ ਝੀਲ ਦੀ ਪਵਿੱਤਰਤਾ ਬਰਕਰਾਰ ਨਹੀ ਰਹੇਗੀ।

ਇਹ ਦੇਖਦੇ ਹੋਏ ਏੇਥੇ ਜਾਣ ਵਾਲੇ ਯਾਤਰੂਆਂ ਉਪਰ ਪਾਬੰਦੀ ਲਾਈ ਗਈ। ਪਰ ਇਹ ਪਾਬੰਦੀ ਵਧਦੇ ਵਧਦੇ ਇਤਨੀ ਵਧ ਗਈ ਕਿ ਇਥੇ ਜਾਣਾ ਹੀ ਮੁਸ਼ਕਿਲ ਹੋ ਗਿਆ। ਅੱਜ-ਕੱਲ੍ਹ ਇਸ ਝੀਲ ਤਕ ਜਾਣ ਲਈ ਸੈਨਾ ਮੁੱਖਿਆਲੇ ਤੋਂ ਅਤੇ ਸਿਕਿਮ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।

ਅਗਸਤ-ਸਤੰਬਰ ਤੇ ਅਕਤੂਬਰ ਤਿੰਨ ਮਹੀਨੇ ਤੇ ਫਿਰ ਅੱਧ ਮਾਰਚ ਤੇ ਅੱਧ ਅਪਰੈਲ ਤਕਰੀਬਨ ਇੱਕ ਮਹੀਨਾ ਏਥੇ ਰਹਿਣ ਦਾ ਮੌਕਾ ਮਿਲਦਾ ਰਿਹਾ ਕਿਉਂਕਿ ਬਾਕੀ ਸਾਰਾ ਸਾਲ ਏਥੇ ਭਾਰੀ ਬਰਫ ਪਈ ਰਹਿੰਦੀ ਹੈ ਤੇ ਆਉਣ ਜਾਣ ਦੇ ਰਸਤੇ ਬੰਦ ਹੋ ਜਾਂਦੇ ਹਨ। ਇਹੋ ਸਮਾਂ ਹੀ ਹੈ ਜਦ ਏਥੇ ਯਾਤਰੂ ਜਾ ਸਕਦੇ ਹਨ। ਸੰਨ ੧੯੯੨ ਤਕ ਏਸ ਖੇਤਰ ਵਿਚ ਰਿਹਾ ਤੇ ਗੁਰੂ ਜੀ ਦੀ ਮਿਹਰ ਸਦਕਾ ਝੀਲ ਤੱਕ ਮੋਟਰ ਗੱਡੀਆਂ ਦਾ ਵਧੀਆ ਰਸਤਾ, ਵੱਡੇ ਹੈਲੀਕਾਪਟਰਾਂ ਦਾ ਹੈਲੀਪੈਡ ਤੇ ਇਕ ਸੁੰਦਰ ਗੁਰਦਵਾਰਾ ਇਸ ਥਾਂ ਬਣਾ ਦਿੱਤੇ ਗਏ।

ਇਨ੍ਹਾਂ ਸੱਤਾਂ ਦਿਨਾਂ ਵਿਚ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਬਤ ਯਾਤਰਾ ਬਾਰੇ ਅਪਣੀ ਅਧੂਰੀ ਖੋਜ ਨੂੰ ਅੱਗੇ ਤੋਰਨ ਲੱਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਏਧਰ ਦੀ ਯਾਤਰਾ ਸਬੰਧੀ ਜੋ ਪੜ੍ਹਿਆ, ਸੁਣਿਆਂ ਤੇ ਦੇਖਿਆ ਸੀ, ਉਸ ਤੋਂ ਇਹ ਤਾਂ ਯਕੀਨ ਹੋ ਗਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ ਅਪਣੀ ਸੁਮੇਰ ਯਾਤਰਾ ਪਿਛੋਂ ਸਿਕਿਮ ਆਏ ਸਨ।

ਲਾਚਿਨ

ਚੁੰਗਥਾਂਗ ਦੇ ਸਥਾਨ ਤੇ ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਲਾਚਿਨ ਰਾਹੀਂ ਹੀ ਚੁੰਗਥਾਂਗ ਪਹੁੰਚੇ ਸਨ। ਲਾਚਿਨ ਉਹ ਕਿਹੜੇ ਰਸਤੇ ਪਹੁੰਚੇ ਸਨ ਤੇ ਏਥੇ ਕੀ ਕੀ ਘਟਨਾਵਾਂ ਤੇ ਥਾਵਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਬੰਧ ਸੀ, ਇਹ ਜਾਣਨ ਲਈ ਮੈਂ ਉਥੋਂ ਦੇ ਲਾਮਿਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ।

ਲਾਚਿਨ ਗੋਂਫਾ (ਲਾਮਾ ਮੰਦਿਰ) ਜਿਥੇ ਸ੍ਰੀ ਗੁਰੂ ਨਾਨਕ ਦੇਵ ਦੀਆਂ ਵਸਤਾਂ ਸੰਭਾਲੀਆਂ ਹੋਈਆਂ ਹਨ।

ਮੈਨੂੰ ਉਥੋਂ ਦੇ ਮੁੱਖ ਗੋਂਫਾ (ਲਾਮਾ ਮੰਦਿਰ) ਤੇ ਉਸ ਦੇ ਪੁਜਾਰੀ ਬਾਰੇ ਦੱਸਿਆ ਗਿਆ ਸੀ ਕਿ ਉਹ ਲਾਮਾ ਪੁਜਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਾਚਿਨ ਯਾਤਰਾ ਬਾਰੇ ਕੁੱਝ ਜ਼ਰੂਰ ਜਾਣਦਾ ਸੀ। ਮੇਰੇ ਨਾਲ ਇਕ ਤਿੱਬਤੀ ਲੜਕਾ ਸੀ ਜਿਸਨੂੰ ਮੈਂ ਦੁਭਾਸ਼ੀਏ ਦੇ ਤੌਰ ਤੇ ਵਰਤ ਰਿਹਾ ਸਾਂ। ਚੜ੍ਹਾਈ ਚੜ੍ਹਦੇ ਅਸੀਂ ਉੁਸ ਗੋਂਫੇ ਵਿੱਚ ਪਹੁੰਚੇ ਜੋ ਪਰਬਤ ਦੀ ਗੁੱਠੇ, ਲਾਚਿਨ ਦੇ ਉੱਤਰ ਵੱਲ, ਇਕ ਛੋਟੇ ਜਿਹੇ ਰਸਤੇ ਦੇ ਅਖੀਰ ਤੇ ਬਣਿਆਂ ਹੋਇਆ ਸੀ। ਉੱਚੇ ਬਾਂਸਾਂ ਤੇ ਝੂਲਦੇ ਚਿੱਟੇ ਬੋਧੀ ਝੰਡਿਆਂ ਉੱਤੇ ਤਿੱਬਤੀ ਭਾਸ਼ਾ ਵਿਚ ਲਿਖਿਆ, ਓਮ ਮਨੀ ਪਦਮੇ ਹਮ, ਹਵਾ ਵਿਚ ਲਹਿਰਾਉਂਦੇ ਦੂਰੋਂ ਦੂਰੋਂ ਦੇਖੇ ਜਾ ਸਕਦੇ ਸਨ, ਜੋ ਸਾਡੇ ਰਾਹਨੁਮਾ ਸਨ।

ਅਸੀਂ ਇੱਕ ਚਾਰ ਦੀਵਾਰੀ ਦਾ ਦਵਾਰ ਨਿੱਕਲ ਕੇ ਇੱਕ ਅਤਿ ਸੁੰਦਰ ਵਿਸ਼ਾਲ ਭਵਨ ਅੱਗੇ ਆ ਗਏ ਜਿੱਥੇ ਉੱਥੋਂ ਦਾ ਮੁੱਖ ਲਾਮਾ ਸਾਨੂੰ ਖੁੱਲ੍ਹੇ ਦਿਲ ਨਾਲ ਮਿਲਿਆ। ਉਹ ਤਿੱਬਤੀ ਮੂਲ ਦਾ ਸੀ ਪਰ ਏਧਰ ਉਸਦੇ ਬਜ਼ੁਰਗ ਆਕੇ ਵਸ ਗਏ ਸਨ ਜੋ ਕਦੇ ਤਿੱਬਤ ਚਲੇ ਜਾਂਦੇ ਤੇ ਫਿਰ ਸਿਕਿਮ ਪਰਤਦੇ ਰਹੇ। ਤਿੱਬਤ ਦੀ ਹੱਦ ਨੇੜੇ ਹੀ ਸੀ ਸੰਨ ੧੯੬੨ ਤੋਂ ਪਹਿਲਾਂ ਉਨ੍ਹਾਂ ਉੁੱਤੇ ਤਿੱਬਤ ਆਉਣ ਜਾਣ ਦੀ ਕੋਈ ਬਹੁਤੀ ਰੋਕ ਟੋਕ ਨਹੀਂ ਸੀ ਤੇ ਉਹ ਲੋੜ ਅਨੁਸਾਰ ਅਪਣਾ ਥਾਂ ਬਦਲਦੇ ਰਹਿੰਦੇ ਸਨ। ਭਾਰਤ-ਚੀਨ ਦੀ ੧੯੬੨ ਦੀ ਜੰਗ ਪਿਛੋਂ ਉਹ ਏਧਰ ਹੀ ਟਿੱਕ ਗਏ ਸਨ ਕਿਉਂਕਿ ਹੱਦਾਂ ਉੱਤੇ ਸਖਤਾਈ ਸ਼ੁਰੂ ਹੋ ਗਈ ਸੀ ਤੇ ਉਹ ਹੁਣ ਖੁੱਲ੍ਹਮ-ਖੁੱਲ੍ਹਾ ਤਿੱਬਤ ਨਹੀਂ ਸਨ ਜਾ ਸਕਦੇ ਪਰ ਤਿੱਬਤ ਨਾਲ ਉਨ੍ਹਾਂ ਦਾ ਮੋਹ ਉਵੇਂ ਬਰਕਰਾਰ ਸੀ।

ਉਸ ਨੂੰ ਮੈ ਦੁਭਾਸ਼ੀਏ ਰਾਹੀਂ ਅਪਣੇ ਉਸ ਥਾਂ ਆਉਣ ਦਾ ਮਕਸਦ ਦੱਸਿਆ ਤੇ ਬੇਨਤੀ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜੋ ਜਾਣਦਾ ਸੀ ਉਸ ਤੋਂ ਸਾਨੂੰ ਜਾਣੂ ਕਰਾਵੇ। ਉਹ ਮੇਰਾ ਮਕਸਦ ਜਾਣ ਕੇ ਬੜਾ ਖੁਸ਼ ਹੋਇਆ ਤੇ ਹੋਰ ਖੁੱਲ੍ਹ ਗਿਆ। ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਬਾਰੇ ਜੋ ਦੱਸਿਆ ਉਹ ਚੁੰਗਥਾਂਗ ਲਾਮਾ ਦੇ ਬਿਆਨ ਨਾਲ ਤਕਰੀਬਨ ਮੇਲ ਖਾਂਦਾ ਸੀ। ਉਸ ਅਨੁਸਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਸਾਕਿਆ ਮੱਠ ਹੁੰਦੇ ਹੋਏ ਗੁਰੂ ਡਾਂਗਮਾਰ ਤੇ ਥਾਂਗੂ ਪਿਛੋਂ ਲਾਚਿਨ ਪਹੁੰਚੇ ਸਨ। ਏਸ ਇਲਾਕੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ (ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹ ਨਾਨਕ ਲਾਮਾ ਕਹਿੰਦਾ ਸਨ) ਦੀ ਯਾਦ ਵਿਚ ਬੜੇ ਸਥਾਨ ਹਨ।

ਗੋਂਫਾ ਵੱਲ ਇਸ਼ਾਰਾ ਕਰਦਿਆਂ ਉਸ ਦੱਸਿਆ ਕਿ ਏਥੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਗਾਰੀ ਵਸਤਾਂ ਸੰਭਾਲ ਕੇ ਰਖੀਆਂ ਹੋਈਆਂ ਹਨ। ਇਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਤਿੱਬਤ ਦੇ ਰਾਜੇ ਵਲੋਂ ਭੇਟ ਕੀਤੇ ਗਏ ਉੁਹ ਵਸਤਰ ਵੀ ਹਨ ਜੋ ਤਿੱਬਤੀ ਰਾਜੇ ਨੇ ਸਾਕਿਆ ਵਿਖੇ ਭੇਟ ਕੀਤੇ ਸਨ । ਗੁਰੂ ਜੀ ਦਾ ਕਮੰਡਲ ਤੇ ਇਕ ਪੱਥਰ ਉਤੇ ਛਪੇ ਗੁਰੂ ਜੀ ਦੇ ਚਰਨ ਛਾਪ ਵੀ ਸੰਭਾਲੇ ਪਏ ਹਨ।

ਚਰਨ ਛਾਪ ਬਾਰੇ ਦੱਸਦਿਆਂ ਉਸ ਕਿਹਾ ਕਿ ਇਹ ਚਰਨ ਛਾਪ ਪਹਿਲਾਂ ਥਾਂਗੂ ਦੇ ਨੇੜੇ ਇਕ ਪੱਥਰ ਉਤੇ ਸਨ। ਇਸ ਪੱਥਰ ਦੀ ਅਸੀਂ ਪੂਜਾ ਕਰਨ ਜਾਂਦੇ ਹੁੰਦੇ ਸਾਂ ਪਰ ਸੜਕ ਬਣਾਉਣ ਵਾਲੇ ਗਰਿਫ ਦੇ ਜਵਾਨਾਂ ਨੂੰ ਇਸ ਬਾਰੇ ਪਤਾ ਨਹੀਂ ਸੀਂ । ਉਨ੍ਹਾਂ ਨੇ ਸੜਕ ਬਣਾਉਣ ਵੇਲੇ ਇਸ ਪੱਥਰ ਨੂੰ ਬਰੂਦ ਨਾਲ ਉੱਡਾ ਦਿਤਾ। ਜਦ ਅਸੀਂ ਇਸ ਥਾਂ ਦੀ ਪੂਜਾ ਲਈ ਪਹੁੰਚੇ ਤਾਂ ਪੱਥਰ ਨੂੰ ਗਾਇਬ ਪਾਇਆ। ਅਸੀਂ ਬਹੁਤ ਦੁੱਖੀ ਹੋਏ ਤੇ ਸਾਰੇ ਲੋਕ ਇਕੱਠੇ ਗੁਰੂ ਜੀ ਦੇ ਚਰਨ ਚਿੰਨ੍ਹਾਂ ਲਈ ਬੜੀ ਉਤਸੁਕਤਾ ਨਾਲ ਭਾਲ ਕਰਨ ਲੱਗੇ।

ਆਖਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛਾਪ ਵਾਲੇ ਪੱਥਰ ਦਾ ਹਿੱਸਾ ਤੀਸਤਾ ਨਦੀ ਵਿਚੋਂ ਮਿਲਿਆ ਜਿਸ ਨੂੰ ਉੱਥੋਂ ਲਿਆਕੇ ਗੋਂਫਾ ਵਿਚ ਸਥਾਪਿਤ ਕੀਤਾ ਗਿਆ। ਇੰਜ ਪੱਥਰ ਤੇ ਠੁੱਕਰੇ ਚਰਨ ਛਾਪ ਦੀ ਹੁਣ ਇਸ ਗੋਂਫਾ ਵਿਚ ਵਿਧੀਵਤ ਪੂਜਾ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦ ਥਾਂਗੂ ਤੋਂ ਏਥੇ ਆਏ ਤੇ ਕੁੱਝ ਚਿਰ ਉਸ ਪਹਾੜੀ ਉਤੇ ਰਹੇ ਜਿਥੇ ਗੋਂਫਾ ਹੈ ਤਾਂ ਇੱਥੋਂ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੜੀ ਆਓ ਭਗਤ ਕੀਤੀ। ਗੁਰੂ ਨਾਨਕ ਦੇਵ ਜੀ ਨੇ ਰਾਜੇ ਦੇ ਭੇਟ ਕੀਤੇ ਵਸਤਰ ਤੇ ਕਮੰਡਲ ਏਥੋਂ ਦੇ ਲੋਕਾਂ ਨੂੰ ਦੇ ਦਿੱਤੇ।ਸ੍ਰੀ ਗੁਰੂ ਨਾਨਕ ਦੇਵ ਜੀ ਛੇਤੀ ਹੀ ਇਸ ਪੂਰੇ ਇਲਾਕੇ ਵਿੱਚ ਜਾਣੇ ਜਾਣ ਲੱਗੇ ਤੇ ਉਨ੍ਹਾਂ ਦੀ ਮਾਨਤਾ ਹੋਣ ਲੱਗੀ। ਬਾਦ ਵਿੱਚ ਜਦ ਇਹ ਗੋਂਫਾ ਬਣਿਆ ਤਾਂ ਇਕ ਕਮੰਡਲ, ਬਸਤਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਇਥੋਂ ਦੀ ਪੂਜਾ ਦਾ ਮੁੱਖ ਅੰਸ਼ ਬਣ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਾਨਕ ਲਾਮਾ ਦੇ ਰੂਪ ਵਿਚ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਇਥੋਂ ਦੇ ਲੋਕ ਬੜੀ ਸ਼ਰਧਾ ਨਾਲ ਪੂਜਾ ਕਰਦੇ ਹਨ।'

ਉਸ ਤੋਂ ਪ੍ਰਾਪਤ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਏਧਰ ਦੀ ਯਾਤਰਾ ਤੇ ਯਾਦ ਚਿੰਨ੍ਹਾਂ ਦੀ ਜਾਣਕਾਰੀ ਮੇਰੇ ਲਈ ਇਕ ਚਾਅ ਦਾ ਮੌਕਾ ਸੀ। ਮੈਂ ਬੜਾ ਉਤਸਕ ਸਾਂ ਕਿ ਉਨ੍ਹਾਂ ਯਾਦਗਾਰੀ ਚਿਨ੍ਹਾਂ ਦੇ ਦਰਸ਼ਨ ਕਰਾਂ ਜੋ ਗੁਰੂ ਜੀ ਨਾਲ ਸਬੰਧਤ ਦੱਸੇ ਗਏ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛਾਪ ਇੱਕ ਪੱਥਰ ਉੱਤੇ ਉੱਕਰੀ ਹੋਈ ਸੀ। ਛਾਪ ਬਿਲਕੁੱਲ ਸਾਫ ਸੀ ਤੇ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਇਹ ਚਰਨ ਚਿੰਨ ਇਨਸਾਨੀ ਪੈਰਾਂ ਦੇ ਹੀ ਹਨ ।

ਉੱਪਰ ਦਿਤੀ ਤਸਵੀਰ ਵਿੱਚ ਇਹ ਸਾਫ ਦੇਖਿਆ ਜਾ ਸਕਦਾ ਹੈ । ਗੁਰੂ ਜੀ ਦੇ ਇਹ ਚਰਨ ਛਾਪ ਗੁਰੂ ਜੀ ਦੇ ਬਾਕੀ ਵੇਖੀਆਂ ਚਰਨ ਛਾਪਾਂ ਨਾਲ ਮਿਲਦੇ ਹਨ। ਅਪਣੇ ਸਿਰ ਨੂੰ ਗੁਰੂ ਜੀ ਦੇ ਇਸ ਚਰਨ ਛਾਪ ਨੂੰ ਛੁਹਾ ਮੈਂ ਆਪਣੇ ਆਪ ਨੂੰ ਇੱਕ ਨਵੀਂ ਰੂਹ ਨਾਲ ਭਰਿਆ ਮਹਿਸੂਸ ਕੀਤਾ ਜਿਵੇਂ ਕੁਝ ਅਨੋਖਾ, ਕੁੱਝ ਅਨੂਠਾ ਪ੍ਰਾਪਤ ਕੀਤਾ ਹੋਵੇ।

ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਮੰਡਲ ਵੀ ਪਈ ਸੀ। ਇਹ ਕਮੰਡਲ ਵੀ ਬੜੀ ਚੰਗੀ ਤਰ੍ਹਾਂ ਸੰਭਾਲੀ ਹੋਈ ਸੀ ਤੇ ਤਕਰੀਬਨ ਇੱਕ ਆਮ ਗੜਵੇ ਤੋਂ ਦੁੱਗਣੀ ਸੀ। ਲੱਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜਲ ਖਾਤਰ ਇਸ ਕਮੰਡਲ ਦੀ ਵਰਤੋਂ ਕਰਦੇ ਰਹੇ ਹੋਣ। ਜਨਮ ਸਾਖੀਆਂ ਵਿਚ ਦਿੱਤੇ ਗਏ ਵਰਣਨਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਉਸ ਦੇ ਸਾਥੀਆਂ ਕੋਲ ਕਮੰਡਲ ਹੋਣ ਦਾ ਕਿਧਰੇ ਵੀ ਵਰਨਣ ਨਹੀਂ ਮਿਲਦਾ। ਸ਼ਾਇਦ ਇਹ ਕਮੰਡਲ ਗੁਰੂ ਜੀ ਨੇ ਇਸ ਇਲਾਕੇ ਵਿੱਚ ਪਾਣੀ ਲਈ ਖਾਸ ਤੌਰ ਤੇ ਨਾਲ ਲਿਆ ਹੋਵੇ ਜਾਂ ਫਿਰ ਇਥੋਂ ਦੇ ਵਾਸੀਆਂ ਨੇ ਹੀ ਇਸ ਨੂੰ ਦੂਸਰੀਆਂ ਯਾਦਗਾਰੀ ਵਸਤਾਂ ਨਾਲ ਸ਼ਾਮਿਲ ਕਰ ਦਿਤਾ ਹੋਵੇ। ਇਹ ਤੱਥ ਹੋਰ ਖੋਜ ਦਾ ਮੁਹਤਾਜ ਹੈ।

ਜਿਸ ਗੋਂਫਾ ਵਿਚ ਇਹ ਵਸਤਾਂ ਸਨ ਇਹ ਇਕ ਵਿਸ਼ਾਲ ਦੁਮੰਜ਼ਿਲਾ ਭਵਨ ਸੀ। ਗੂੜ੍ਹੇ ਰੰਗਾਂ ਵਿਚ ਕੀਤੀ ਤਿੱਬਤੀ ਕਲਾਕਾਰੀ ਹਰ ਦੀਵਾਰ ਉਤੇ ਆਪਣੇ ਕਮਾਲ ਵਿਖਾ ਰਹੀ ਸੀ। ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ ਇਨ੍ਹਾਂ ਦੀਵਾਰਾਂ ਉਤੇ ਛਾਪੇ ਹੋਏ ਸਨ। ਪਰ ਉਸ ਲਾਮੇ ਨੇ ਗੁਰੂ ਜੀ ਨਾਲ ਸਬੰਧਤ ਕਿਸੇ ਚਿੱਤਰ ਦਾ ਵਰਨਣ ਨਹੀਂ ਕੀਤਾ । ਉਸ ਦੱਸਿਆ ਕਿ ਜ਼ਿਆਦਾ ਚਿਤਰ ਬੋਧ ਜਾਤਕ ਕਥਾਵਾਂ ਨਾਲ ਸਬੰਧਿਤ ਹਨ। ਸ੍ਰੀ ਗੁਰੂ ਨਾਨਕ ਨਾਲ ਸਬੰਧਤ ਚਿੱਤਰ ਲਾਚੁੰਗ ਦੇ ਗੋਂਫਾ ਵਿਚ ਹਨ ਜਿਨ੍ਹਾਂ ਨੂੰ ਹਰ ਦੀਵਾਰ ਤੇ ਤਿੱਬਤੀ ਪੇਂਟਿੰਗ ਵਿਚ ਚਿੱਤਰਿਆ ਗਿਆ ਹੈ।

ਤਿੱਬਤ ਦੇ ਰਾਜੇ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤੇ ਵਸਤਰ

ਲਾਮੇ ਨੇ ਵੀ ਬੜੇ ਚਾਅ ਨਾਲ ਸਾਨੂੰ ਸਭ ਤੋਂ ਪਹਿਲਾਂ ਉਹ ਥਾਂ ਵਿਖਾਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਸਤਰ ਸੰਭਾਲੇ ਹੋਏ ਸਨ। ਸ਼ੀਸ਼ ਮਹਿਲ ਨੁਮਾ ਕਮਰੇ ਦੇ ਬਾਹਰੋਂ ਹੀ ਗੁਰੂ ਜੀ ਨਾਲ ਸਬੰiਧਤ ਇਨ੍ਹਾਂ ਵਸਤਰਾਂ ਦੇ ਦਰਸ਼ਨ ਕੀਤੇ ਜਾ ਸਕਦੇ ਸਨ। ਮੁੱਖ ਤੌਰ ਤੇ ਇੱਕ ਲੰਬਾ ਚੋਗਾ ਸੀ ਜਿਸ ਤੇ ਨੀਲੀ ਕਢਾਈ ਸੀ। ਨੀਲੇ ਤੇ ਲਾਲ ਰੰਗ ਦੇ ਪਹਿਰਣ ਚੋਗੇ ਉੱਪਰੋਂ ਪਾਉਣ ਲਈ ਸਨ।

ਇਨ੍ਹਾਂ ਵਸਤਰਾਂ ਨੂੰ ਬੜੀ ਸ਼ਰਧਾ ਤੇ ਧਿਆਨ ਨਾਲ ਸੰਭਾਲਿਆ ਗਿਆ ਸੀ। ਇਨ੍ਹਾਂ ਵਸਤਰਾਂ ਦੀ ਛੂਹ ਨਾਲ ਜਿਵੇਂ ਮੈਂ ਆਪਣੇ ਆਪ ਨੂੰ ਧੰਨ ਸਮਝਿਆ। ਇਨ੍ਹਾਂ ਵਸਤਰਾਂ ਦੀਆਂ ਤਸਵੀਰਾਂ ਲਈਆਂ ਜੋ ਨਾਲ ਦਿਤੇ ਚਿਤਰਾਂ ਵਿਚ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਵਸਤਰਾਂ ਦੇ ਬੇਸ਼ਕੀਮਤੀ ਹੋਣ ਦਾ ਤੇ ਕਾਰੀਗਰੀ ਦੇ ਕਮਾਲ ਦੇ ਪਤਾ ਵੇਖਿਆਂ ਤੇ ਹੀ ਲੱਗ ਸਕਦਾ ਹੈ। ਨਿਰਸੰਦੇਹ ਇਹ ਵਸਤਰ ਕਿਸੇ ਰਾਜੇ ਦੇ ਹੀ ਭੇਟ ਕੀਤੇ ਹੋ ਸਕਦੇ ਹਨ ਕਿਉਂਕਿ ਏਧਰ ਲੋਕ ਏਨੇ ਅਮੀਰ ਨਹੀਂ ਕਿ ਇਤਨੇ ਮਹਿੰਗੇ ਵਸਤਰ ਬਣਾ ਸਕਣ। ਪਰ ਧੰਨ ਗੁਰੂ ਜੀ ਜਿਨ੍ਹਾਂ ਨੇ ਇਨ੍ਹਾਂ ਮਹਿੰਗੇ ਵਸਤਰਾਂ ਨੂੰ ਵੀ ਆਮ ਲੋਕਾਂ ਨੂੰ ਭੇਟ ਕਰ ਦਿਤਾ ਤੇ ਆਪ ਪਹਿਨਣਾ ਠੀਕ ਨਾ ਸਮਝਿਆ।

ਫਿਰ ਉਸ ਨੇ ਸਾਨੂੰ ਵਿਸ਼ਾਲ ਮੂਰਤੀਆਂ ਦੇ ਦਰਸ਼ਨ ਕਰਵਾਏ। ਇਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਤਕਰੀਬਨ ਅੱਠ ਫੁੱਟ ਦੀ ਵਿਸ਼ਾਲ ਮੂਰਤੀ ਵੀ ਸਥਾਪਤ ਸੀ ਜਿਸ ਦਾ ਚਿੱਤਰ ਵੀ ਥੱਲੇ ਦਰਜ ਹੈ। ਗੁਰੂ ਨਾਨਕ ਦੇਵ ਜੀ ਨੂੰ ਜਿਸ ਰੂਪ ਵਿਚ ਵਿਖਾਇਆ ਗਿਆ ਹੈ ਉਹ ਤਿੱਬਤੀ ਧਾਰਣਾ ਅਨੁਸਾਰ ਹੈ ਨਾ ਕਿ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਕਿਆਸ ਕੇ ਸ: ਸੋਭਾ ਸਿੰਘ ਆਰਟਿਸਟ ਨੇ ਚਿੱਤਰ ਬਣਾਇਆ ਸੀ ਜੋਂ ਅਜ ਕਲ ਹਰ ਸਿੱਖ ਘਰ ਦਾ ਸ਼ਿੰਗਾਰ ਹੈ। ਇਹ ਚਿੱਤਰ ਜਿਆਦਾਤਰ ਬੋਧੀ ਸਾਧੂਆਂ ਵਰਗਾ ਸੀ। ਪਰ ਕੇਸਾਂ ਦੀ ਹੋਂਂਦ ਇਸ ਮੂਰਤੀ ਦੀ ਬਾਕੀ ਮੂਰਤੀਆਂ ਨਾਲੋਂ ਵਿਲੱਖਣਤਾ ਜ਼ਾਹਿਰ ਕਰਦੀ ਸੀ।

ਲਾਚਿਨ ਗੋਂਫਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸ਼ਰਧਾ ਸੁਮਨ ਭੇਟ ਕਰ ਉਹ ਸਾਨੂੰ ਉਸ ਥਾਂ ਲੈ ਗਿਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਮੰਡਲ ਤੇ ਚਰਨ ਛਾਪ ਸੰਭਾਲੇ ਪਏ ਸਨ। ਇਸ ਵਿਸ਼ਾਲ ਭਵਨ ਦੇ ਮੁੱਖ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਨ੍ਹਾਂ ਵਸਤਾਂ ਨੂੰ ਸਾਰੇ ਗੋਂਫਾ ਦੇ ਮੁੱਖ ਪੂਜ ਅਸਥਾਨ ਤੇ ਰੱਖਿਆ ਗਿਆ ਸੀ।

ਲਾਚਿਨ ਗੋਂਫਾ ਵਿਚ ਹੱਥ ਲਿਖਤਾਂ ਤੇ ਹੋਰ ਵਸਤਾਂ ਦੀ ਸੰਭਾਲ।

ਉਸ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਵੀ ਦਰਜ ਹੈ ਤੇ ਉਹ ਕੋਸ਼ਿਸ਼ ਕਰੇਗਾ ਕਿ ਉਹ ਕਿਤਾਬਾਂ ਲੱਭ ਸਕੇ। ਇਹ ਕਿਤਾਬਾਂ ਤਿੱਬਤ ਵਿਚ ਵੀ ਹਨ ।

ਉਸ ਨੇ ਥਾਂਗੂ ਗੋਂਫਾ ਬਾਰੇ ਦੱਸਿਆ ਕਿ ਥਾਂਗੂ ਗੋਂਫਾ ਪਹਾੜੀ ਦੀ ਗੁੱਠੇ ਇਕ ਨਗ ਦੀ ਤਰ੍ਹਾਂ ਜੜਿਆ ਹੋਇਆ ਸੀ ਜਿਥੋਂ ਤਕ ਜਾਣ ਲਈ ਲਾਚਿਨ ਦੀ ਦੱਖਣੀ ਵੱਖੀ ਵਲੋਂ ਦੀ ਪਰਬਤ ਕੱਟ ਕੇ ਇਕ ਕੱਚੀ ਸੜਕ ਬਣੀ ਹੋਈ ਹੈ। ਇਹ ਇਥੋਂ ਦਾ ਮੁਖ ਗੋਂਫਾ ਹੈ। ਪੁੱਛ-ਪੜਤਾਲ ਮਗਰੋਂ ਆਸਾਨੀ ਨਾਲ ਉੇਥੇ ਪਹੁੰਚਿਆ ਜਾ ਸਕਦਾ ਹੈ।

ਪੁਜਾਰੀ ਲਾਮੇ ਨੇ ਥਾਂਗੂ ਬਾਰੇ ਹੋਰ ਦੱਸਦਿਆਂ ਕਿਹਾ ਕਿ ਉਥੋਂ ਦੇ ਮੁੱਖ ਗੋਂਫੇ ਵਿੱਚ ਗੁਰੂ ਨਾਨਕ ਦੀ ਯਾਦ ਵਿਚ ਇਕ ਹਜ਼ਾਰ ਇਕ ਮੂਰਤੀਆਂ ਰੱਖੀਆਂ ਗਈਆਂ ਹਨ ਤੇ ਇਕ ਛੋਟੇ ਮੱਠ ਅੰਦਰ ਵੀ ਗੁਰੂ ਨਾਨਕ ਦੇਵ ਜੀ ਦੀਆਂ ੧੦੦੧ ਮੁਰਤੀਆਂ ਸੰਭਾਲੀਆਂ ਹੋਈਆਂ ਹਨ।

ਗੁਰੂ ਡਾਂਗਮਾਰ ਬਾਰੇ ਦੱਸਦਿਆਂ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਝੀਲ ਵਿਚ ਡਾਂਗ ਮਾਰ ਕੇ ਪਾਣੀ ਕੱਢਣ ਦੀ ਗਾਥਾ ਨੂੰ ਹੀ ਦਸਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਥਾਨ ਉੱਪਰ ਆਉਣ ਦੀ ਮਿਤੀ ਨੂੰ ਮੇਲੇ ਦੇ ਰੂਪ ਵਿਚ ਮਨਾਉਂਦੇ ਹਨ ਤੇ ਝੀਲ ਤੇ ਆਸ ਪਾਸ ਦੀਆਂ ਪਹਾੜੀਆਂ ਉਪਰ ਬੋਧੀ ਝੰਡੇ ਝੁਲਾਉਂਦੇ ਹਨ।

ਮੈਂ ਜਿਤਨਾ ਚਿਰ ਲਾਚਿਨ ਰਿਹਾ ਤੇ ਜਦ ਵੀ ਦੁਬਾਰਾ ਲਾਚਿਨ ਆਇਆ ਹਰ ਵਾਰ ਗੋਂਫਾ ਵਿੱਚ ਗਿਆ ਤੇ ਗੁਰੂ ਜੀ ਦੇ ਯਾਦਗਾਰੀ ਚਿੰਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਲਾਚਿਨ ਤੋਂ ਜੌੜੇ ਪੁਲ ਹੁੰਦੇ ਹੋਏ ਗੁਰੂ ਨਾਨਕ ਚੁੰਗਥਾਂਗ ਪਹੁੰਚੇ।

ਸੰਨ 2015 ਤੇ ਫਿਰ ਸੰਨ 2016 ਵਿਚ ਸਿਕਿਮ ਜਾਣ ਦਾ ਅਵਸਰ ਮਿਲਿਆ ਤੇ ਅਸੀਂ ਜਦ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਯਾਦਗਾਰੀ ਵਸਤੂਆਂ ਦੇ ਦਰਸ਼ਨ ਕਰਨੇ ਚਾਹੇ ਤਾਂ ਦੋਨੋਂ ਵਾਰ ਹੀ ਸਾਨੂੰ ਟਾਲ ਦਿਤਾ ਗਿਆ। ਪਿੱਛੋਂ ਚੁੰਗਥਾਂਗ ਦੇ ਹੈਡ ਗ੍ਰੰਥੀ ਨੇ ਦੱਸਿਆ ਕਿ ਹੁਣ ਗੋਂਫਾ ਵਾਲੇ ਕਿਸੇ ਵੀ ਸਿੱਖ ਨੂੰ ਇਨ੍ਹਾਂ ਸਿੱਖ ਇਤਿਹਾਸ ਨਾਲ ਜੁੜੀਆਂ ਦੇ ਦਰਸ਼ਨ ਨਹੀਂ ਕਰਵਾਏ ਜਾ ਰਹੇ।ਮੇਰੇ ਨਾਲ ਦੂਜੀ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਮੈਬਰ ਸਨਪਰ ਉਨ੍ਹਾਂ ਨੂੰ ਵੀ ਦਰਸ਼ਨ ਨਹੀਂ ਕਰਵਾਏ ਗਏ। ਪਰਤਦੇ ਹੋਏ ਅਸੀਂ ਚੁੰਗਥਾਂਗ ਆ ਰਹੇ ਤੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕੀਤੇ। ਚੁੰਗਥਾਂਗ 1970 ਵਿਚ ਪਹਿਲਾਂ ਆਇਆਂ ਸਾਂ ਤੇ ਹੁਣ ਇਹ ਤੀਜੀ ਯਾਤਰਾ ਸੀ।


ਚੁੰਗਥਾਂਗ

ਲਾਚਿਨ ਤੋਂ ਜੌੜੇ ਪੁਲ ਹੁੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਚੁੰਗਥਾਂਗ ਪਹੁੰਚੇ। ਏਥੇ ਪਹੁੰਚਕੇ ਗੁਰੂ ਜੀ ਨੇ ਇਕ ਟਿੱਲੇ ਤੇ ਆ ਡੇਰਾ ਲਾਇਆ ਤਾਂ ਆਸ ਪਾਸ ਦੀਆਂ ਝੁੱਗੀਆਂ ਵਿਚੋਂ ਲੋਕੀ ਆ ਗੁਰੂ ਜੀ ਉਦਾਲੇ ਖੜ੍ਹੇ ਹੋਏ ਕਿਉਂਕਿ ਏਸ ਥਾਂ ਬਾਹਰੋਂ ਕਿਸੇ ਪੁਰਸ਼ ਦਾ ਆਉਣਾ ਤੇ ਉਹ ਵੀ ਕਿਸੇ ਦੂਸਰੇ ਮੁਲਕ ਦੇ ਰਹਿਣ ਵਾਲੇ ਦਾ ਇਕ ਅਜੀਬ ਗੱਲ ਸੀ। ਗੁਰੂ ਜੀ ਅਜੇ ਲੋਕਾਂ ਨਾਲ ਗੱਲਬਾਤ ਲਈ ਤਿਆਰ ਹੀ ਹੋ ਰਹੇ ਸਨ ਕਿ ਪਾਸ ਵਾਲੀ ਪਹਾੜੀ ਤੇ ਬੈਠਾ ਦੈਂਤ ਨੁਮਾ ਮਾਨਵ ਗੁਰੂ ਜੀ ਦਾ ਏਥੇ ਆਉਣਾ ਆਪਣੇ ਇਲਾਕੇ ਵਿਚ ਦਖਲ ਸਮਝ ਬੈਠਾ। ਉਹ ਕਿਵੇਂ ਜਾਣਦਾ ਕਿ ਗੁਰੂ ਜੀ ਤਾਂ ਨਾਮ ਦਾਨ ਵੰਡਣ ਆਏ ਹਨ ਕੁਝ ਲੈਣ ਨਹੀਂ ਸਨ ਆਏ ਆਪਣੇ ਇਲਾਕੇ ਵਿਚ ਨਵੇਂ ਦਖਲ ਨੂੰ ਉਹ ਜਰ ਨਾ ਸਕਿਆ ਤੇ ਉਸਨੇ ਇਕ ਵਿਸ਼ਾਲ ਪੱਥਰ ਗੁਰੂ ਜੀ ਵੱਲ ਵਗਾਹਿਆ।

ਉਪਰੋਂ ਭਿਆਨਕ ਪੱਥਰ ਆਉਂਦਾ ਦੇਖ ਗੁਰੂ ਜੀ ਦੇ ਸਾਥੀ ਅਤੇ ਉਥੋਂ ਦੇ ਵਾਸੀ ਸਭ ਘਬਰਾ ਗਏ। ਪਰ ਗੁਰੂ ਜੀ ਨੇ ਆਉਂਦੇ ਪੱਥਰ ਨੂੰ ਉਂਗਲੀ ਨਾਲ ਇਕ ਪਾਸੇ ਝਟਕਾ ਦਿੱਤਾ। ਪੱਥਰ ਦੂਜੇ ਪਾਸੇ ਧਰਤੀ ’ਤੇ ਜਾ ਟਿਕਿਆ। ਗੁਰੂ ਜੀ ਨੇ ਨੇੜੇ ਹੀ ਆਪਣੀ ਖੂੰਡੀ ਗੱਡ ਕੇ ਆਖਿਆ ‘‘ਹੁਣ ਤਾਂ ਅਸੀਂ ਏਥੇ ਹੀ ਟਿਕਾਂਗੇ’ ਤੇ ਸਾਥੀਆਂ ਸਮੇਤ, ਪੱਥਰ ਨੂੰ ਉੱਚੀ ਥਾਂ ਜਾਣ ਉਸ ਪੱਥਰ ਉਪਰ ਜਾ ਬੈਠੇ।

ਪੱਥਰ ਉੱਪਰ ਚੜ੍ਹਦਿਆਂ ਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਪੱਥਰ ਉਪਰ ਪੱਕੇ ਪੈ ਗਏ। ਦਰਸ਼ਕ ਤੇ ਸਾਥੀ ਗੁਰੂ ਜੀ ਦੇ ਚਰਨੀਂ ਡਿੱਗ ਪਏ। ਕੁਝ ਚਿਰ ਟਿਕ ਕੇ ਗੁਰੂ ਜੀ ਨੇ ਆਪਣੇ ਕੇਲੇ ਦੇ ਪੱਤੇ ਵਿਚ ਸੰਭਾਲੇ ਚਾਵਲ ਕੱਢੇ ਤੇ ਛਕਣ ਲੱਗੇ। ਕੇਲੇ ਦੇ ਪੱਤੇ ਤੇ ਚਾਵਲ ਉਸ ਥਾਂ ਲਈ ਬਿਲਕੁੱਲ ਨਵੇਂ ਸਨ। ਲੋਕਾਂ ਨੇ ਬਿਨਤੀ ਕੀਤੀ ‘‘ਮਹਾਰਾਜ ਏਥੇ ਤਾਂ ਕੁਝ ਨਹੀਂ ਹੁੰਦਾ’ ਗੁਰੂ ਜੀ ਨੇ ਉਸੇ ਵੇਲੇ ਚਾਵਲਾਂ ਦਾ ਉਸੇ ਇਲਾਕੇ ਵਿਚ ਛਿੱਟਾ ਮਾਰਿਆ ਤੇ ਕੇਲੇ ਦੇ ਪੱਤੇ ਨੇੜੇ ਹੀ ਦੱਬ ਦਿੱਤੇ। ਉਸ ਦਿਨ ਤੋਂ ਇਸ ਵਾਦੀ ਵਿਚ ਚਾਵਲਾਂ ਦੀ ਖੇਤੀ ਤੇ ਕੇਲੇ ਦੀ ਉਪਜ ਸ਼ੁਰੂ ਹੋ ਗਈ। ਜਿਸ ਖੇਤ ਵਿਚ ਗੁਰੂ ਜੀ ਨੇ ਚਾਵਲ ਖਿੰਡਾਏ ਉਹ ਖੇਤ ਹੁਣ ਹਮੇਸ਼ਾ ਹਰਾ ਭਰਾ ਰਹਿੰਦਾ ਹੈ। ਇਸ ਰਾਜ ਦਾ ਨਾਮ ਬੜਾ ਚਿਰ ਚਾਉਲਾਂ ਦੀ ਵਾਦੀ ਨਾਲ ਮਸ਼ਹੂਰ ਰਿਹਾ ਹੈ ਜਿਸ ਨੂੰ ਅੱਜਕੱਲ੍ਹ ਸਿਕਿਮ ਕਿਹਾ ਜਾਣ ਲੱਗ ਪਿਆ ਹੈ।

ਇਕ ਬੁੱਢੀ ਮਾਈ ਨੇ ਬਿਨੈ ਕੀਤੀ, ‘‘ਗੁਰੂ ਜੀ ਮੈਂ ਬੜੀ ਬਿਰਧ ਹਾਂ। ਪਾਣੀ ਏਥੋਂ ਬੜੀ ਦੂਰ ਹੈ। ਘਰ ਇਕੱਲੀ ਹਾਂ। ਪਾਣੀ ਢੋਆ ਨਹੀਂ ਜਾਂਦਾ ਕੋਈ ਉਪਾ।’ ਜਿਸ ਪੱਥਰ ਤੇ ਗੁਰੂ ਜੀ ਬੈਠੇ ਸਨ ਉਸ ਦਾ ਇਕ ਕੋਨਾ ਗੁਰੂ ਜੀ ਨੇ ਹੱਥਾਂ ਨਾਲ ਫਰੋਲਿਆ। ਈਸ਼ਵਰ ਦੀ ਮਰਜ਼ੀ! ਇਕ ਝਰਨਾ ਉਛਲਿਆ ਤੇ ਸਾਰੇ ਸੀਤਲ ਜਲ ਪੀਣ ਲਈ ਨੱਸੇ। ਗੁਰੂ ਜੀ ਉਸ ਇਲਾਕੇ ਦੇ ਵਾਸੀਆਂ ਲਈ ਰੱਬ ਵਾਂਗ ਹੋ ਨਿਬੜੇ। ਗੁਰੂ ਜੀ ਦੋ ਦਿਨ ਰਹਿ ਕੇ ਅੱਗੇ ਵਧ ਗਏ ਪਰ ਉਨ੍ਹਾਂ ਦੀ ਚਰਨ ਛੂਹ ਵਾਸੀਆਂ ਲਈ ਨਿਆਮਤ ਹੋ ਗਈ। ਉਨ੍ਹਾਂ ਨੇ ਉਸ ਥਾਂ ਕੋਲ ਪੱਥਰ ਦੇ ਕਿਨਾਰੇ ਉਨ੍ਹਾਂ ਗੋਂਫਾ (ਲਾਮਾ ਮੰਦਿਰ) ਬਣਾ ਦਿੱਤਾ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਮੂਰਤੀ ਰੂਪ ਵਿਚ ਸ਼ੁਰੂ ਕਰ ਦਿੱਤੀ।

ਪੱਥਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਦੀ ਪੁਰਾਤਨ ਤਸਵੀਰ।

ਚੁੰਗਥਾਂਗ ਤੋਂ ਗੁਰੂ ਜੀ ਲਾਚੁੰਗ ਵਾਦੀ ਵੱਲ ਵਧੇ। ਬਰਫ ਤੇ ਠੰਢੇ ਪਾਣੀ ਕਰਕੇ ਏਥੋਂ ਦੇ ਲੋਕ ਕਦੇ ਨਹਾਉਂਦੇ ਨਹੀਂ ਸਨ। ਗੁਰੁ ਜੀ ਨੇ ਏਥੇ ਪੱਥਰ ਹਟਾਕੇ ਤੱਤੇ ਪਾਣੀ ਦਾ ਚਸ਼ਮਾਂ ਕੱਢਿਆ, ਜਿੱਥੇ ਯਾਤਰੂ ਦਰਸ਼ਨਾਂ ਲਈ ਆਉਂਦੇ ਰਹਿੰਦੇ ਹਨ। ਏਥੋਂ ਗੁਰੂ ਜੀ ਲਾਚੁੰਗ ਗੋਂਫਾ ਵੀ ਗਏ ਜਿਥੇ ਗੁਰੂ ਜੀ ਦੀ ਤਿੱਬਤ ਯਾਤਰਾ ਦੇ ਦ੍ਰਿਸ਼ ਦੀਵਾਰਾਂ ਤੇ ਬਣਾਏ ਹੋਏ ਹਨ। ਲਾਚੁੰਗ ਵਾਦੀ ਤੋਂ ਗੁਰੂ ਜੀ ਤਿੱਬਤ ਵਿਚੋਂ ਦੀ ਹੁੰਦੇ ਹੋਏ ਭੂਟਾਨ ਗਏ।'

ਗੁਰਦਵਾਰਾ ਸਾਹਿਬ ਦਾ ਵਿਸ਼ਾਲ ਗੇਟ ਨਵਾਂ ਨਵਾਂ ਬਣਿਆ ਸੀ ਜਿਸਦੀ ਨੀਂਹ ਏਥੋਂ ਦੇ ਲੋਕਲ ਐਮ ਐਲ ਏ ਨੇ ਰੱਖੀ ਸੀ। ਗੇਟ ਤੋਂ ਗੁਰਦਵਾਰਾ ਸਾਹਿਬ ਵੱਲ ਜਾਂਦਿਆਂ ਅਸੀਂ ਉਨ੍ਹਾਂ ਧਾਨ ਦੇ ਖੇਤਾਂ ਨੂੰ ਨਿਹਾਰ ਰਹੇ ਸਾਂ ਜਿਨ੍ਹਾਂ ਦਾ ਬੀਜ ਕਦੇ ਗੁਰੂ ਜੀ ਨੇ ਆਪਣੇ ਹੱਥੀਂ ਬੀਜਿਆ ਸੀ। ਰਸਤੇ ਦੇ ਦੋਨੀਂ ਪਾਸੀਂ ਬੋਧੀ ਝੰਡੇ ਲਹਿਰਾ ਰਹੇ ਸਨ ਜਿਨ੍ਹਾਂ ਉੱਪਰ ਓਮ ਮਨੀ ਪਦਮੇ ਹਮ' ਛਾਪਿਆ ਹੋਇਆ ਸੀ। ਅੱਗੇ ਇੱਕ ਪਾਸੇ ਗੁਰਦਵਾਰਾ ਸਾਹਿਬ ਸੀ ਜਿਸਦੇ ਇਕ ਕੋਨੇ ਇੱਕ ਗੋਂਫਾ (ਲਾਮਾ ਮੰਦਿਰ) ਸੀ। ਗੋਂਫਾ ਦੇ ਪਿੱਛੇ ਉਹੋ ਵਿਸ਼ਾਲ ਪੱਥਰ ਸੀ ਜਿਸਨੇ ਗੁਰੂ ਜੀ ਦੀ ਚਰਨ ਛੁਹ ਪ੍ਰਾਪਤ ਕੀਤੀ ਸੀ। ਗੋਂਫਾ ਦੇ ਅੱਗੇ ਇੱਕ ਤਿੱਬਤੀ ਬਜ਼ੁਰਗ ਔਰਤ ਹੱਥ ਜੋੜਕੇ ਮਿਲੀ ਤੇ ਸਾਨੂੰ ਗੋਂਫਾ (ਮੰਦਰ) ਆਉਣ ਦਾ ਸੱਦਾ ਦਿਤਾ।

ਗੁਰਦਵਾਰਾ ਨਾਨਕ ਲਾਮਾ ਚੁੰਗਥਾਂਗ ਸਿਕਿਮ ਦਾ ਮੁੱਖ ਦਵਾਰ।

ਸ਼ੁੱਭ ਜਾਣ ਅਸੀਂ ਉਸ ਛੋਟੇ ਜਿਹੇ ਗੋਂਫਾ ਦੇ ਅੰਦਰ ਗਏ। ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਤੇ ਤਸਵੀਰ, ਮਹਾਤਮਾ ਬੁੱਧ ਤੇ ਪਦਮਾਂ ਸੰਭਵ ਦੀਆਂ ਮੂਰਤੀਆਂ ਬਰਾਬਰ ਸਥਾਪਿਤ ਸਨ। ਸ਼ਰਧਾ ਸਹਿਤ ਮੱਥਾ ਟੇਕਕੇ ਅਸੀਂ ਉਸ ਪੱਥਰ ਵੱਲ ਵਧੇ ਇਸ ਵਿਸ਼ਾਲ ਪੱਥਰ ਦੇ ਸਿਖਰ ਤੇ ਨਿਸ਼ਾਨ ਸਾਹਿਬ ਪੂਰੀ ਸ਼ਾਨ ਨਾਲ ਝੂਲ ਰਿਹਾ ਸੀ। ਗੁਰੂ ਜੀ ਦੇ ਚਰਨਾਂ ਦੇ ਨਿਸ਼ਾਨ ਸਾਫ ਨਜ਼ਰ ਆ ਰਹੇ ਸਨ । ਇੱਕ ਚਰਨ-ਛਾਪ ਤੋਂ ਦੂਸਰੀ ਚਰਨ-ਛਾਪ ਤੱਕ ਫਾਸਲਾ ਇੱਕ ਕਦਮ ਦਾ ਸੀ। ਪੱਥਰ ਦੀ ਪਰਕਰਮਾ ਕਰ ਅਸੀਂ ਉਸੇ ਛੋਟੇ ਝਰਨੇ ਦੀ ਥਾਂ ਪਹੁੰਚੇ ਜਿਸ ਨੂੰ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਜ਼ਾਹਿਰ ਕੀਤਾ ਸੀ। ਬੂੰਦ ਬੂੰਦ ਟਪਕ ਕੇ ਵਹਿੰਦਾ ਨਿਰਮਲ ਠੰਡਾ ਜਲ ਇਕ ਝਰਨੇ ਦਾ ਰੂਪ ਧਾਰਨ ਕਰ ਗਿਆ ਸੀ। ਮੁਖ ਮਸਤਕ ਨੂੰ ਜਲ ਛੁਹਾ ਅਸੀਂ ਗੁਰਦਵਾਰਾ ਸਾਹਿਬ ਵੱਲ ਵਧੇ। ਦਿਲ ਭਰਕੇ ਤਸਵੀਰਾਂ ਲਈਆਂ । ਗੁਰਦਵਾਰਾ ਸਾਹਿਬ ਦੇ ਵਿਹੜੇ ਵਿਚ ਬਾਬੇ ਦੀ ਗੱਡੀ ਖੂੰਡੀ ਰੁੱਖ ਬਣੀ ਹੋਈ ਹਵਾਵਾਂ ਨਾਲ ਝੂਲ ਰਹੀ ਸੀ।

ਜਿਸ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਸਨ।


ਪੱਥਰ ਸਾਹਿਬ ਉਪਰ ਪਦ-ਚਿੰਨ੍ਹ ਤੇ ਚਸ਼ਮਾ ਸਾਹਿਬ 1987 ਵਿਚ

1. ਚੁੰਗਥਾਂਗ ਪੱਥਰ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ। 2. ਚੁੰਗਥਾਂਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਡੀ ਖੂੰਡੀ ਤੋਂ ਵਧਿਆ ਬ੍ਰਿਛ 3. cwvl KyqI 1987 ਵਿਚ

ਏਥੇ ਬਣੇ ਗੁਰਦਵਾਰਾ ਸਾਹਿਬ ਅੰਦਰ ਲਿਖਿਆ ਇਤਿਹਾਸ ਪੜ੍ਹਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲਿਆ ਅਤੇ ਬਾਹਰ ਆ ਕੇ ਆਸੇ ਪਾਸੇ ਦਾ ਕੁਦਰਤੀ ਨਜ਼ਾਰਾ ਮਾਣਿਆਂ। ਚਾਰੇ ਪਾਸੇ ਗਗਨ ਚੁੰਭੀ ਚੋਟੀਆਂ, ਨੇੜੇ ਥੱਲੇ ਡੂੰਘਾਈ ਵਿੱਚ ਰਵਾਂ ਵਗਦੀਆਂ ਦੋ ਨਦੀਆਂ ਦਾ ਸੁਮੇਲ, ਠੀਕ ਸਾਹਮਣੇ ਚੌਲਾਂ ਦੇ ਲਹਿਲਹਾਂਦੇ ਖੇਤ ਜਿਨ੍ਹਾਂ ਵਿੱਚ ਸਿਰ ਕੱਢੀ ਝੂਮਦੇ ਕੇਲਿਆਂ ਦੇ ਸਮੂਹ, ਸਭ ਕੁੱਝ ਇਸ ਤਰ੍ਹਾਂ ਲਗਦਾ ਸੀ ਜਿਵੇਂ ਰੱਬ ਨੇ ਇਹ ਨਜ਼ਾਰਾ ਵਿਹਲੇ ਵੇਲੇ ਬੈਠ ਕੇ ਤਿਆਰ ਕੀਤਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਤਾ ਨਹੀਂ ਕਿਸ ਕਿਸ ਧਰਤੀ ਨੂੰ ਭਾਗ ਲਾ ਦਿੱਤੇ, ਜਿਸ ਦਾ ਸਿੱਖ ਇਤਿਹਾਸ ਅਜੇ ਤੱਕ ਪੂਰਾ ਅਧਿਅੈਨ ਨਹੀਂ ਕਰ ਸਕਿਆ। ਇੱਥੇ ਸਮਾਂ ਕਾਫੀ ਹੋ ਗਿਆ ਸੀ ਤੇ ਅਗਲੇ ਟਿਕਾਣੇ ਦੀ ਖਿੱਚ ਵੀ ਆ ਪਈ ਸੀ ਇਸ ਲਈ ਨਾ ਚਾਹੁੰਦੇ ਹੋਏ ਵੀ ਇਥੋਂ ਚਾਲੇ ਪਾਉਣੇ ਪਏ ਪਰ ਇਹ ਇਰਾਦਾ ਲੈਕੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਬਾਕੀ ਸਥਾਨਾਂ ਨੂੰ ਵੀ ਖੋਜਣ ਦਾ ਉਪਰਾਲਾ ਕੀਤਾ ਜਾਵੇਗਾ।


ਖੂੰਡੀ ਸਾਹਿਬ 2002 ਤੇ 2015

ਪਹਿਲਾਂ ਪਰਕਾਸ਼ ਇਕ ਵੱਖ ਕਮਰੇ ਵਿਚ ਹੁੰਦਾ ਸੀ

ਨਵਾਂ ਗੁਰਦਵਾਰਾ ਸਾਹਿਬ ਜਿਸ ਵਿਚ ਪ੍ਰਕਾਸ਼ ਸਤੰਬਰ 2016 ਵਿਚ ਹੋਇਆ ਕਾਰ ਸੇਵਾ ਰਾਹੀਂ ਬਣਾਇਆ

ਨਵਾਂ ਗੁਰਦਵਾਰਾ ਸਾਹਿਬ ਜਿਸ ਵਿਚ ਪ੍ਰਕਾਸ਼ ਸਤੰਬਰ 2016 ਵਿਚ ਹੋਇਆ ਉਸ ਤੋਂ ਪਹਿਲਾਂ ਪਰਕਾਸ਼ ਇਕ ਵੱਖ ਕਮਰੇ ਵਿਚ ਹੁੰਦਾ ਸੀ । ਮਨ ਵਿਚ ਦੁਹਰਾਂਦਿਆਂ ਅਸੀਂ ਚੁੰਗਥਾਂਗ ਗੁਰਦੁਵਾਰਾ ਸਾਹਿਬ ਦੇ ਦੁਆਰ ਤਕ ਪਹੁੰਚ ਗਏ। ਗੁਰਦੁਵਾਰਾ ਸਾਹਿਬ ਦਾ ਵਿਸ਼ਾਲ ਗੇਟ ਨਵਾਂ ਨਵਾਂ ਬਣਿਆ ਸੀ। ਜਿਸਦੀ ਨੀਂਹ ਏਥੋਂ ਦੇ ਲੋਕਲ ਐਮ.ਐਲ.ਏ. ਨੇ ਰੱਖੀ ਸੀ। ਗੇਟ ਤੋਂ ਗੁਰਦੁਵਾਰਾ ਸਾਹਿਬ ਵੱਲ ਜਾਂਦਿਆਂ ਅਸੀਂ ਉਨ੍ਹਾਂ ਧਾਨ ਦੇ ਖੇਤਾਂ ਨੂੰ ਨਿਹਾਰ ਰਹੇ ਸਾਂ ਜਿਨ੍ਹਾਂ ਦਾ ਬੀਜ ਕਦੇ ਗੁਰੂ ਜੀ ਨੇ ਆਪਣੇ ਹੱਥੀਂ ਬੀਜਿਆ ਸੀ। ਰਸਤੇ ਦੇ ਦੋਨੀਂ ਪਾਸੀਂ ਬੋਧੀ ਝੰਡੇ ਲਹਿਰਾ ਰਹੇ ਸਨ ਜਿਨ੍ਹਾਂ ਉਪਰ ‘ਓਮ ਮਨੀ ਪਦਮੇ ਹਮ’ ਛਾਪਿਆ ਹੋਇਆ ਸੀ। ਅੱਗੇ ਇਕ ਪਾਸੇ ਗੁਰਦੁਵਾਰਾ ਸਾਹਿਬ ਸੀ ਜਿਸਦੇ ਕਿ ਕੋਨੇ ਇਕ ਗੋਂਫਾ (ਲਾਮਾ ਮੰਦਿਰ) ਸੀ। ਗੋਂਫਾ ਦੇ ਪਿੱਛੇ ਉਹੋ ਵਿਸ਼ਾਲ ਪੱਥਰ ਸੀ ਜਿਸਨੇ ਗੁਰੂ ਜੀ ਦੀ ਚਰਨ-ਛੂਹ ਪ੍ਰਾਪਤ ਕੀਤੀ ਸੀ। ਗੋਂਫਾ ਦੇ ਅੱਗੇ ਇਕ ਤਿੱਬਤੀ ਬਜ਼ੁਰਗ ਔਰਤ ਹੱਥ ਜੋੜਕੇ ਮਿਲੀ ਤੇ ਸਾਨੂੰ ਗੋਂਫਾ (ਮੰਦਰ) ਆਉਣ ਦਾ ਸੱਦਾ ਦਿੱਤਾ।

ਸ਼ੁਭ ਜਾਣ ਅਸੀਂ ਛੋਟੇ ਜਿਹੇ ਗੋਂਫਾ ਦੇ ਅੰਦਰ ਗਏ। ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਤੇ ਤਸਵੀਰ, ਮਹਾਤਮਾ ਬੁੱਧ ਤੇ ਪਦਮਾਂ ਸੰਭਵ ਦੀਆਂ ਮੂਰਤੀਆਂ ਬਰਾਬਰ ਸਥਾਪਿਤ ਸੀ। ਸ਼ਰਧਾ ਸਹਿਤ ਮੱਥਾ ਟੇਕ ਅਸੀਂ ਉਸ ਪੱਥਰ ਵਲ ਵਧੇ ਜਿਸ ਉੱਤੇ ਗੁਰੂ ਨਾਨਕ ਜੀ ਦੇ ਚਰਨ-ਚਿੰਨ੍ਹ ਸਨ। ਇਸ ਵਿਸ਼ਾਲ ਪੱਧਰ ਦੇ ਸਿਖਰ ਤੇ ਨਿਸ਼ਾਨ ਸਾਹਿਬ ਪੂਰੀ ਸ਼ਾਨ ਨਾਲ ਝੂਲ ਰਿਹਾ ਸੀ। ਗੁਰੂ ਜੀ ਦੇ ਚਰਨਾਂ ਦੇ ਨਿਸ਼ਾਨ ਸਾਫ ਨਜ਼ਰ ਆ ਰਹੇ ਸਨ ਇਕ ਚਰਨ-ਛਾਪ ਤੋਂ ਦੂਸਰੀ ਚਰਨ-ਛਾਪ ਤਕ ਫਾਸਲਾ ਇਕ ਕਦਮ ਦਾ ਸੀ। ਪੱਥਰ ਦੀ ਪਰਕਰਮਾ ਕਰ ਅਸੀਂ ਉਸੇ ਛੋਟੇ ਝਰਨੇ ਦੀ ਥਾਂ ਪਹੁੰਚੇ ਜਿਸਨੂੰ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਜ਼ਾਹਿਰ ਕੀਤਾ ਸੀ।

ਬੂੰਦ ਬੂੰਦ ਟਪਕ ਕੇ ਵਹਿੰਦਾ ਨਿਰਮਲ ਠੰਡਾ ਜਲ ਇਕ ਝਰਨਾ ਰੂਪ ਧਾਰਨ ਕਰ ਗਿਆ ਸੀ। ਮੁੱਖ ਮਸਤਕ ਨੂੰ ਜਲ ਛੁਹਾ ਅਸੀਂ ਗੁਰਦੁਵਾਰਾ ਸਾਹਿਬ ਵੱਲ ਵਧੇ। ਤਸਵੀਰਾਂ ਦਿਲ ਭਰਕੇ ਲਈਆਂ। ਗੁਰਦੁਵਾਰਾ ਸਾਹਿਬ ਦੇ ਵਿਹੜੇ ਵਿਚ ਬਾਬੇ ਦੀ ਗੱਡੀ ਖੂੰਡੀ ਰੁੱਖ ਬਣੀ ਹੋਈ ਹਵਾਵਾਂ ਨਾਲ ਝੂਲ ਰਹੀ ਸੀ। ਗੁਰਦੁਵਾਰਾ ਸਾਹਿਬ ਅੰਦਰ ਲਿਖਿਆ ਇਤਿਹਾਸ ਪੜ੍ਹਕੇ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲਿਆ।

ਬਾਹਰ ਆ ਕੇ ਆਸੇ ਪਾਸੇ ਦਾ ਕੁਦਰਤੀ ਨਜ਼ਾਰਾ ਮਾਣਿਆ। ਚਾਰੇ ਪਾਸੇ ਗਗਨ ਚੁੰਭੀ ਚੋਟੀਆਂ, ਨੇੜੇ ਥੱਲੇ ਡੂੰਘਾਈ ਵਿਚ ਰਵਾਂ ਵਗਦੀਆਂ ਦੋ ਨਦੀਆਂ ਦਾ ਸੁਮੇਲ, ਠੀਕ ਸਾਹਮਣੇ ਚੌਲਾਂ ਦੇ ਲਹਿਲਹਾਂਦੇ ਖੇਤ ਜਿਨ੍ਹਾਂ ਵਿਚ ਸਿਰ ਕੱਢੀ ਝੂਮਦੇ ਕੇਲਿਆਂ ਦੇ ਸਮੂਹ, ਸਭ ਕੁਝ ਇਸ ਤਰ੍ਹਾਂ ਲਗਦਾ ਸੀ ਜਿਵੇਂ ਰੱਬ ਨੇ ਇਹ ਨਜ਼ਾਰਾ ਵਿਹਲੇ ਵੇਲੇ ਬੈਠ ਕੇ ਤਿਆਰ ਕੀਤਾ ਹੋਵੇ । ਇਹ ਸਮਾਂ ਕਾਫੀ ਹੋ ਗਿਆ ਸੀ ਤੇ ਅਗਲੇ ਟਿਕਾਣੇ ਦੀ ਖਿੱਚ ਵੀ ਆ ਪਈ ਸੀ ਇਸ ਲਈ ਨਾ ਚਾਹੁੰਦੇ ਹੋਏ ਵੀ ਇਥੋਂ ਚਾਲੇ ਪਾਉਣੇ ਪਏ ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top