• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi) Exegesis Of Sri Guru Granth Sahib In Punjabi-3 Satinam

Dalvinder Singh Grewal

Writer
Historian
SPNer
Jan 3, 2010
1,254
422
79
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਗੁਰਬਾਣੀ ਦੀ ਵਿਆਖਿਆ-੩

ਸਤਿਨਾਮ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸਤਿਨਾਮ

ਸਤਿਨਾਮ ਪ੍ਰਭੂ/ ੧ਓ ਦਾ ਹੀ ਸੁਖਦਾਇਕ ਨਾਮ ਹੈ:

‘ਸਤਿਨਾਮੁ ਪ੍ਰਭ ਕਾ ਸੁਖਦਾਈ॥’ (ਪੰਨਾ ੨੮੪)

ਸਤਿਨਾਮ ਸਤਿ+ਨਾਮ ਦਾ ਜੋੜ ਹੈ:

ਸਤਿ

ਪ੍ਰਮਾਤਮਾ ਆਪ ਵੀ ਸੱਚਾ ਹੈ ਤੇ ਉਸੇ ਸਤਿ ਦਾ ਸਭ ਕੀਤਾ ਹੋਇਆ ਵੀ ਸੱਚ ਹੈ:

ਆਪਿ ਸਤਿ ਕੀਆ ਸਭੁ ਸਤਿ ॥ (ਪੰਨਾ ੨੮੫)

ਉਸਦਾ ਨਾਮ ਵੀ ਸਤਿ ਹੈ ਜਿਸ ਨੂੰ ਧਿਆਉਣ ਵਾਲੇ ਵੀ ਸਤਿ ਹਨ।ਪ੍ਰਮਾਤਮਾ ਆਪ ਵੀ ਸਤਿ ਹੈ ਤੇ ਜੋ ਉਸਨੇ ਧਾਰਨ ਕੀਤਾ ਹੈ ਉਹ ਵੀ ਸਭ ਸਤਿ ਹੈ। ਉਹ ਆਪ ਹੀ ਗੁਣ ਹੈ ਤੇ ਆਪੇ ਗੁਣਕਾਰੀ। ਉਸਦਾ ਸਬਦ (ਨਾਮ) ਵੀ ਸਤਿ ਹੈ ਨਾਮ ਜਪਣ ਵਾਲੇ ਵੀ ਸਤਿ ਹਨ।ਉਸ ਵਿਚ ਟਿਕਣ ਵਾਲੀ ਸੁਰਤ ਵੀ ਸਤਿ ਹੈ ਤੇ ਉਸ ਦਾ ਜਸ ਵੀ ਸਤਿ ਹੈ ਜੋ ਉਹ ਸੁਣਦਾ ਹੈ। ਜੋ ਉਸ ਦਾ ਭੇਦ ਜਾਣ ਲੈਂਦਾ ਹੈ ਉਸ ਨੂੰ ਵੀ ਸਭ ਸਤਿ ਜਾਪਦਾ ਹੈ। ਜਿਸ ਨੇ ਪ੍ਰਮਤਮਾ ਦਾ ਸਤਿ ਸਰੂਪ ਹਿਰਦੇ ਵਿਚ ਮੰਨ ਲਿਆ ਉਸ ਨੇ ਸਭ ਕਰਨ ਕਰਾਵਣ ਵਾਲੇ ਕਰਤਾ ਦਾ ਮੂਲ ਪਛਾਣ ਲਿਆ।

ਨਾਮੁ ਸਤਿ ਸਤਿ ਧਿਆਵਨਹਾਰ ॥ ਆਪਿ ਸਤਿ ਸਤਿ ਸਭ ਧਾਰੀ ॥ ਆਪੇ ਗੁਣ ਆਪੇ ਗੁਣਕਾਰੀ ॥ ਸਬਦੁ ਸਤਿ ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ ਸਤਿ ਜਸੁ ਸੁਨਤਾ ॥ ਬੁਝਨਹਾਰ ਕਉ ਸਤਿ ਸਭ ਹੋਇ॥ਨਾਨਕ ਸਤਿ ਸਤਿ ਪ੍ਰਭੁ ਸੋਇ॥ ੧ ॥ਸਤਿ ਸਰੂਪੁ ਰਿਦੈ ਜਿਨਿ ਮਾਨਿਆ॥ਕਰਨ ਕਰਾਵਨ ਤਿਨਿ ਮੂਲੁ ਪਛਾਨਿਆ।। (ਪੰਨਾ ੨੮੪-੨੮੫)

ਸਤਿ ਪੁਰਖ ਦਾ ਰੂਪ ਉਹੋ ਹੀ ਹੁੰਦਾ ਹੈ ਜਿਸ ਸਥਾਨ ਤੇ ਉਹ ਵਰਤਦਾ ਹੈ। ਸਭ ਤੋਂ ਵੱਡਾ ਤਾਂ ਕੇਵਲ ਉਹ ਸਤਿ ਪੁਰਖ ਹੀ ਹੈ। ਉਸਦੀ ਹਰ ਕਾਰ ਸੱਚੀ ਹੈ, ਉਸ ਦੀ ਬਾਣੀ ਸੱਚੀ ਹੈ।ਉਹ ਸਤਿ ਪੁਰਖ ਸਾਰੀ ਰਚਨਾ ਵਿਚ ਸਮਾਇਆ ਹੋਇਆ ਹੈ।ਉਸ ਦੇ ਸਾਰੇ ਕਰਮ ਸਤਿ ਹਨ ਉਸ ਦੀ ਸਾਰੀ ਰਚਨਾ ਸਤਿ ਹੈ।ਉਸਦਾ ਮੂਲ ਸਤਿ ਹੈ ਸੋ ਜੋ ਉਤਪਤੀ ਕਰਦਾ ਹੈ ਉਹ ਵੀ ਸਤਿ ਹੈ।ਇਹ ਸਾਰੀ ਸੱਚੀ ਕਿਰਤ ਅਤਿ ਨਿਰਮਲ ਹੈ।ਜਿਸ ਨੇ ਇਹ ਭੇਦ ਸਮਝ ਲਿਆ ਉਸ ਨੂੰ ਉਸ ਦਾ ਸਭ ਕੀਤਾ ਹੋਇਆ ਭਲਾ ਜਾਪਦਾ ਹੈ, ਇਹ ਜਾਨਣ ਵਾਲੇ ਨੂੰ ਸਤਿਨਾਮ ਸਦਾ ਸੁਖਦਾਈ ਜਾਪਦਾ ਹੈ ਤੇ ਉਸ ਸੱਚੇ ਵਿਚ ਇਹ ਵਿਸ਼ਵਾਸ਼ ਗੁਰੂ ਤੋਂ ਪ੍ਰਾਪਤ ਹੁੰਦਾ ਹੈ।

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥ ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥ ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ ॥ ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ ॥ ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥ ੬ ॥ (ਪੰਨਾ ੨੮੪)

ਪ੍ਰਮਾਤਮਾ ਹੀ ਸਾਡਾ ਸੱਚਾ ਸਥਾਈ ਸ਼ਾਹ ਅਤੇ ਮਾਲਕ ਹੈ ਅਤੇ ਹੋਰ ਸਾਰਾ ਜਗਤ ਉਸਦੇ ਵਣਜਾਰੇ ਹਨ ਜਿਨਾ ਨੇ ਏਥੇ ਪੱਕਾ ਨਹੀਂ ਰਹਿਣਾ ।ਉਹ ਤਾਂ ਨਾਮ-ਧਨ ਦਾ ਵਣਜ ਕਰਨ ਆਏ ਹਨ।

ਸਚੁ ਸਾਹ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ।। (ਆਸਾਦੀ ਵਾਰ, ਪੰਨਾ ੪੪੯)

ਉੁਸ ਸੱਚੇ ਪ੍ਰਮਾਤਮਾ ਦਾ ਨਾਮ ਸੱਚਾ ਹੈ ਉਸ ਦੇ ਹਰ ਹਿਸਾਬ ਵਿਚ ਸੱਚ ਵਸਿਆ ਹੋਇਆ ਹੈ:

ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥ (ਪੰਨਾ ੧੨੪੨)

ਉਹ ਤਾਂ ਆਦਿ ਤੋਂ ਹੀ ਸੱਚ ਹੈ, ਹਰ ਜੁਗ ਵਿਚ ਸੱਚ ਰਿਹਾ ਹੈ, ਹੁਣ ਵੀ ਸਚੁ ਹੈ ਤੇ ਅੱਗੇ ਨੂੰ ਭੀ ਸਚੁ ਹੀ ਰਹੇਗਾ।

ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥ ੧ ॥ (ਜਪੁਜੀ, ਪੰਨਾ ੧)

ਉਹ ਪੰਜ ਧਰਤੀਆਂ ਦਾ ਨਾਇਕ ਹੈ ਜਿਥੇ ਸੱਚ ਦਾ ਸਰੀਰ ਸੰਵਾਰਿਆ ਹੈ:
ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥(ਪੰਨਾ ੭੬੬)
ਗੁਰੁ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਸੱਚਾ ਹੈ ਤੇ ਉਸਦਾ ਨਾਮ ਵੀ ਸੱਚਾ ਹੈ, ਸੱਚੇ ਨਾਮ ਸਹਾਰੇ ਹੀ ਜੀਵ ਧੁਰ ਲੇਖੇ ਲਗਦਾ ਹੈ:
ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥ (ਪੰਨਾ ੧੨੪੨)
ਸੱਚੀ ਬਾਣੀ ਉਹ ਹੈ ਜੋ ਸੱਚ ਬਖਾਣਦੀ ਹੈ ਤੇ ਸੱਚੇ ਪਰਮੇਸਰ ਦੇ ਨਾਮ ਨਾਲ ਲਿਵ ਲਾਉਣ ਲਈ ਕਹਿੰਦੀ ਹੈ:

ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥ (ਪੰਨਾ ੯੧੦)

ਪ੍ਰਮਾਤਮਾ ਦੇ ਚਰਨ ਵੀ ਸਤਿ ਹਨ ਤੇ ਉਸਦੇ ਚਰਨ ਪਰਸਨਾ ਵੀ ਸਤਿ ਹੈ।ਉਸਦੀ ਪੂਜਾ ਵੀ ਸਤਿ ਹੈ ਤੇ ਉਸਦੇ ਸੇਵਾਦਾਰ ਵੀ ਸਤਿ ਹਨ।

ਚਰਨ ਸਤਿ ਸਤਿ ਪਰਸਨਹਾਰ ॥ ਪੂਜਾ ਸਤਿ ਸਤਿ ਸੇਵਦਾਰ ॥ ਦਰਸਨੁ ਸਤਿ ਸਤਿ ਪੇਖਨਹਾਰ ॥ (ਪੰਨਾ ੨੮੪)

ਨਾਮ
ਨਾਮ ਰਾਮ, ਹਰੀ, ਪ੍ਰਭੂ, ਬਿਸੰਬਰ, ਪ੍ਰਮਾਤਮਾ ਦਾ ਹੀ ਨਾਮ ਹੈ:

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ।। ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ।। (ਸੁਖਮਨੀ ੨੬੩)
ਹਰਿ ਕਾ ਨਾਮ ਜਨ ਕਾ ਰੂਪ ਰੰਗ।ਹਰਿ ਨਾਮ ਜਪਤ ਕਬ ਪਰੈ ਨ ਭੰਗੁ।(ਸੁਖਮਨੀ ੨੬੪)
ਸਿਮਰਉ ਜਾਸੁ ਬਿਸੁੰਬਰ ਏਕੈ।।ਨਾਮੁ ਜਪਤ ਅਗਨਤ ਅਨੇਕੈ।।(ਸੁਖਮਨੀ ੨੬੨)
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥ (ਪੰਨਾ ੧੨੦੨)
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥ ੧ ॥ ਸੰਤਹੁ ਗੁਰਮੁਖਿ ਪੂਰਾ ਪਾਈ ॥
ਨਾਮੋ ਪੂਜ ਕਰਾਈ ॥ ੧ ॥ (ਪੰਨਾ ੯੧੦)
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥ ੧ ॥ (ਪੰਨਾ ੧੨੦੨)

ਸਾਰੇ ਜੀਵ ਜੰਤ ਨਾਮ ਤੇ ਆਧਾਰਿਤ ਹਨ।ਖੰਡ ਬ੍ਰਹਮੰਡ ਵੀ ਨਾਮ ਤੇ ਆਧਾਰਿਤ ਹੀ ਹਨ। ਬੇਦ ਪੁਰਾਨ ਤੇ ਸਿਮ੍ਰਿਤੀਆਂ ਵੀ ਨਾਮ ਤੇ ਆਧਾਰਿਤ ਹਨ।ਸੁਨਣ, ਗਿਆਨ ਤੇ ਧਿਆਨ ਦਾ ਆਧਾਰ ਨਾਮ ਹੀ ਹੈ।ਆਕਾਸ਼ ਤੇ ਪਾਤਾਲ ਵੀ ਨਾਮ ਤੇ ਆਧਾਰਿਤ ਹਨ।ਸਾਰੇ ਆਕਾਰ ਭਾਵ ਸਾਰੀ ਰਚਨਾ ਵੀ ਨਾਮ ਤੇ ਆਧਾਰਿਤ ਹੈ।ਨਾਮ ਤੇ ਆਧਾਰਿਤ ਸਭ ਪੁਰੀਆਂ ਤੇ ਭਵਨ ਹਨ।ਨਾਮ ਸੁਣ ਕੇ ਪਾਰ ਉਤਾਰਾ ਹੋ ਜਾਂਦਾ ਹੈ।ਵਾਹਿਗੁਰੂ ਜਿਸ ਨੂੰ ਕਿਰਪਾ ਕਰਕੇ ਅਪਣੇ ਨਾਮ ਨਾਲ ਜੋੜਦਾ ਹੈ, ਉਹ ਚੌਥਾ ਪਦ ਭਾਵ ਗਤੀ/ਮੁਕਤੀ ਪਾ ਜਾਂਦਾ ਹੈ।

ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥ ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥ ੫ ॥ (ਪੰਨਾ ੨੮੪)
ਸਭ ਕੁਝ ਨਾਮ ਤੋਂ ਪੈਦਾ ਹੋਇਆ ਹੈ ਤੇ ਇਹ ਨਾਮ ਸਿਰਫ ਸਤਿਗੁਰੂ (ਪਰਮਾਤਮਾ) ਹੀ ਦਰਸਾ ਸਕਦਾ ਹੈ।ਗੁਰੁ ਤੋਂ ਮਿਲਿਆ ਸ਼ਬਦ ਭਾਵ ਵਾਹਿਗੁਰੂ ਦਾ ਨਾਮ ਬਹੁਤ ਹੀ ਮਿੱਠਾ ਰਸ ਹੈ ਜਿਸ ਦਾ ਸਵਾਦ ਚੱਖਣ ਤੋਂ ਬਿਨਾ ਨਹੀਂ ਜਾਣਿਆ ਜਾ ਸਕਦਾ।

ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ (ਪੰਨਾ ੭੫੩)

ਪਰਮਾਤਮਾ ਨੇ ਅਪਣਾ ਆਪ ਵੀ ਸਾਜਿਆ ਤੇ ਆਪ ਹੀ ਅਪਣਾ ਨਾਮ ਰਚਿਆ ।ਫਿਰ ਉਸਨੇ ਕੁਦਰਤ ਸਾਜੀ ਤੇ ਚਾਅ ਨਾਲ ਇਸ ਵਿਚ ਅਪਣਾ ਆਸਣ ਜਮਾ ਦਿਤਾ।ਪਰਮਾਤਮਾ ਆਪ ਹੀ ਦਾਤਾ ਹੈ ਤੇ ਆਪ ਹੀ ਕਰਤਾ ਉਹ ਆਪ ਹੀ ਸਭ ਨੂੰ ਦਿੰਦਾ ਹੈ ਤੇ ਸਾਰਾ ਪਸਾਰਾ ਫੈਲਾਉਂਦਾ ਹੈ:

ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ (ਪੰਨਾ ੪੬੩)

ਗੁਰੂ ਜੀ ਫੁਰਮਾਉਂਦੇ ਹਨ ਕਿ ਸੱਚੇ ਨਾਮ ਬਿਨ ਜੋ ਵੀ ਵੇਖਿਆ ਬਿਨਸਣਹਾਰ ਹੀ ਵੇਖਿਆ:

ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥ ੨ ॥ (ਪੰਨਾ ੧੪੨)

ਗੁਰੂ ਇਹੋ ਭੇਦ ਦਸਦੇ ਹਨ ਕਿ ਕਲਿਯੁਗ ਵਿਚ ਮੁਕਤੀ ਨਾਮ ਜਪਣ ਤੇ ਹੀ ਹੋਵੇਗੀ।

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ (ਪੰਨਾ ੮੩੧)

ਹਰੀ ਦਾ ਨਾਮ ਹਰੀ ਦਾ ਅੰਮ੍ਰਿਤ ਹੈ ਜਿਸ ਨੂੰ ਰਾਮ ਨਾਮ ਪਿਆਸੇ ਪੀਂਦੇ ਹਨ।ਜਦ ਹਰੀ ਆਪ ਦਿਆਲ ਹੁੰਦਾ ਹੈ ਤਾਂ ਸੱਚਾ ਸਤਿਗੁਰ ਦਇਆ ਕਰਕੇ ਆਪ ਅਪਣੇ ਨਾਲ ਮਿਲਾ ਲੈਂਦਾ ਹੈ ਤੇ ਪ੍ਰਭੂ ਪ੍ਰਾਪਤ ਜਨ ਹਰੀ ਦੇ ਨਾਮ ਦਾ ਅੰਮ੍ਰਿਤ ਚਖਦਾ ਹੈ।ਜੋ ਪ੍ਰਾਣੀ ਹਮੇਸ਼ਾ ਹਰੀ ਦੇ ਨਾਮ ਦੀ ਸੇਵਾ ਵਿਚ ਰਹਿੰਦਾ ਹੈ ਉਸਦੇ ਸਾਰੇ ਦੁਖ, ਭਰਮ ਭਉ ਖਤਮ ਹੋ ਜਾਂਦੇ ਹਨ।ਗੁਰੂ ਜੀ ਫੁਰਮਾਉਂਦੇ ਹਨ ਕਿ ਨਾਨਕ ਜਨ ਵੀ ਨਾਮ ਲੈ ਲੈ ਜਿਉਂਦਾ ਹੈ ਜਿਵੇਂ ਤਿਹਾਏ ਚਾਤ੍ਰਿਕ ਦੀ ਪਿਆਸ ਅੰਬਰੀ ਜਲ ਨਾਲ ਹੀ ਮਿਟਦੀ ਹੈ:

ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਰਿਜਸੁ ਰਾਮੁ ਪਿਆਸੀ ॥ ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥ ੧ ॥ ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥ ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜੀਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥ ੨ ॥ ੫ ॥ ੧੨ ॥ (ਪੰਨਾ ੧੨੦੨)

ਨਾਮ ਮਿਲੇ ਤੇ ਮਨ ਤ੍ਰਿਪਤ ਹੁੰਦਾ ਹੈ ਨਾਮ ਤੋਂ ਬਿਨਾ ਜੀਣਾ ਧ੍ਰਿਗ ਹੈ।ਜੇ ਕੋਈ ਗੁਰਮੁਖ ਸੱਜਣ ਮਿਲ ਕੇ ਪ੍ਰਭੂ ਦੇ ਗੁਣ ਦਸੇ ਤੇ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਕਰੇ ਤਾਂ ਉਸ ਤੋਂ ਕੁਰਬਾਨ ਜਾਵਾਂ, ਅਪਣਾ ਆਪਾ ਵਾਰ ਦਿਆਂ।ਹੇ ਮੇਰੇ ਪਿਆਰੇ ਪ੍ਰੀਤਮ ਪ੍ਰਭੂ ਜੀ! ਮੈਂ ਤਾਂ ਤੇਰਾ ਨਾਮ ਧਿਆਕੇ ਹੀ ਜਿਉਂਦਾ ਹਾਂ, ਨਾਮ ਬਿਨਾ ਜੀ ਨਹੀਂ ਹੁੰਦਾ, ਇਹ ਮੇਰੇ ਸਤਿਗੁਰ ਨੇ ਇਹ ਪੱਕਾ ਕਰ ਦਿਤਾ ਹੈ ।ਨਾਮ ਤਾਂ ਅਮੋਲਕ ਰਤਨ ਹੈ ਜੋ ਪੂਰ ਸਤਿਗੁਰ ਕੋਲ ਹੀ ਹੈ।ਉਸਦੀ ਸੇਵਾ ਵਿਚ ਲੱਗੇ ਨੂੰ ਸਤਿਗੁਰੂ ਰਤਨ ਕਢਕੇ ਪ੍ਰਕਾਸ਼ ਕਰ ਦਿੰਦਾ ਹੈ:

ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥ ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥ ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥ ੧ ॥ ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥ ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥ ੧ ॥ ਰਹਾਉ ॥ ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥ (ਪੰਨਾ ੪੦)

ਜਿਨ੍ਹਾਂ ਨੇ ਨਾਮ ਹੀ ਵਿਸਾਰ ਦਿਤਾ ਉਹ ਹੋਰ ਕਿਸੇ ਨੂੰ ਕੀ ਜਪਣਗੇ?ਉਹ ਤਾਂ ਗੰਦਗੀ ਦੇ ਕੀੜੇ ਹਨ ਜੋ ਚੋਰੀ ਦੇ ਧੰਦੇ ਵਿਚ ਉਲਝੇ ਹਨ।ਗੁਰੂ ਜੀ ਫੁਰਮਾਉਂਦੇ ਹਨ ਕਿ ਕਦੇ ਨਾਮ ਨਾ ਵਿਸਰੇ, ਬਾਕੀ ਸਾਰੇ ਲੋਭ ਲਾਲਚ ਝੂਠੇ ਹਨ:

ਜਿਨੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ॥ ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥ ੨ ॥(ਪੰਨਾ ੧੨੪੭ )

ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਤਨ ਨੂੰ ਜਾਲ ਦਿਉ ਜਿਸ ਵਿਚੋਂ ਨਾਮ ਵਿਸਰ ਗਿਆ ਹੈ।

ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ (ਪੰਨਾ ੭੮੯)

ਨਾਮ ਬਿਨਾ ਹੋਰ ਕੋਈ ਪੂਜਾ ਨਹੀਂ। ਲੋਕਾਈ ਐਵੇਂ ਭਰਮ ਵਿਚ ਭੁੱਲੀ ਫਿਰਦੀ ਹੈ । ਗੁਰਮੁਖ ਆਪਾ ਪਛਾਣ ਲੈਂਦਾ ਹੈ ਤੇ ਰਾਮ ਨਾਮ ਨਾਲ ਲਿਵ ਲਾ ਲੈਂਦਾ ਹੈ। ਪ੍ਰਮਾਤਮਾ ਆਪ ਪਵਿਤ੍ਰ ਪੂਜਾ ਕਰਵਾਉਂਦਾ ਹੈ ਤੇ ਦਿਲ-ਦਿਮਾਗ ਵਿਚ ਗੁਰਸ਼ਬਦ ਭਰਦਾ ਹੈ।

ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ॥ ੭ ॥ ਗੁਰਮੁਖਿ ਆਪ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥ ੮ ॥
ਨਾਮ ਬਿਨਾ ਜੀਵਨ ਕਿਸੇ ਕੰਮ ਦਾ ਨਹੀਂ।

ਨਾਮ ਬਿਹੂਨ ਜੀਵਨ ਕਉਨ ਕਾਮ॥ ੧ ॥ (ਪੰਨਾ ੧੮੮)

ਜਿਸ ਤਰ੍ਹਾਂ ਧਰਤੀ ਨੂੰ ਕਿਤਨੀ ਵੀ ਤਰ੍ਹਾਂ ਉਪਜਣ ਯੋਗ ਕਰ ਲਵੋ ਪਰ ਜਦ ਤਕ ਉਸ ਵਿਚ ਬੀਜ ਨਹੀਂ ਪਾਇਆ ਜਾਂਦਾ ਉਹ ਕੁਝ ਜੰਮਦੀ ਨਹੀਂ ਕੁਝ ਪੈਦਾ ਨਹੀਂ ਕਰਦੀ ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਮਨ ਵਿਚ ਪਾਏ ਬਿਨਾ ਅਭਿਮਾਨ ਨਹੀਂ ਟੁੱਟਦਾ, ਹਉਮੈਂ ਭਰੀ ਰਹਿੰਦੀ ਹੈ। ਪਾਣੀ ਰਿੜਕਣ ਵਿਚ ਚਾਹੇ ਕਿਤਨੀ ਵੀ ਮਿਹਨਤ ਕਰ ਲਵੋ, ਪਰ ਅੱਖਾਂ ਅੱਗੇ ਉਹ ਨਹੀਂ ਆਉਂਦਾ ਜੋ ਲੋੜਦੇ ਹਾਂ। ਗੁਰੂ ਨੂੰ ਮਿਲੇ ਬਿਨ ਵਾਹਿਗੁਰੂ ਦਾ ਰਾਹ ਨਹੀਂ ਮਿਲਦਾ ਉਸ ਨੇ ਕਿਥੋਂ ਮਿਲਣਾ ਹੈ? ਖੋਜ ਖੋਜ ਕੇ ਏਹੋ ਤੱਤ ਕਢਿਆ ਹੈ ਕਿ ਹਰੀ ਨਾਮ ਤੋਂ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਮਾਤਮਾ ਉਸੇ ਨੂੰ ਮਿਲਦਾ ਹੈ ਜਿਸਦੇ ਲੇਖੀਂ ਉਪਰ ਵਾਲਾ ਲਿਖ ਦਿੰਦਾ ਹੈ।

ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਹੈ ਤੁਟੈ ਨਾਹੀ ਅਭਿਮਾਨੈ ॥ ੨ ॥ ਨੀਰੁ ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ ॥ ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ ਜਗਦੀਸੈ ॥ ੩ ॥ ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ
ਜਾ ਕੈ ਲੇਖੁ ਮਥਾਮਾ ॥ ੪ ॥ (ਪੰਨਾ ੧੨੦੫)

ਸਾਧਸੰਗ ਮਿਲਕੇ ਪਰਮਾਤਮਾ ਦੇ ਗੁਣ ਗਾਉਣ ਦਾ ਅਨੰਦ ਮਾਣੋ। ਰਾਮ ਨਾਮ ਦਾ ਤੱਤ ਕੀ ਹੈ ਇਸ ਤੇ ਵੀਚਾਰ ਕਰੋ। ਇਹ ਦੁਰਲਭ ਦੇਹੀ ਦਾ ਭਲਾ ਕਰੋ। ਪ੍ਰਮਾਤਮਾ ਦੀ ਸਿਫਤ ਸਲਾਹ ਦੇ ਅੰਮ੍ਰਿਤ ਬਚਨ ਬੋਲੋ।ਪ੍ਰਾਣਾਂ ਦੇ ਤਰਨ ਦਾ ਇਹੋ ਸਹੀ ਮਾਰਗ ਹੈ।

ਸਾਧਸੰਗਿ ਮਿਲਿ ਕਰਹੁ ਅਨੰਦ ॥ ਗੁਨ ਗਾਵਹੁ ਪ੍ਰਭ ਪਰਮਾਨੰਦ ॥ ਰਾਮ ਨਾਮ ਤਤੁ ਕਰਹੁ ਬੀਚਾਰੁ ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥ ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ ਇਹੈ ਸੁਆਉ ॥ (ਪੰਨਾ ੨੯੩)

ਸਤਿਸੰਗ ਵਿਚ ਪ੍ਰਭੂ ਨਜ਼ਰ ਆਉਂਦਾ ਹੈ ਤੇ ਉਸ ਦਾ ਨਾਮ ਮਿਠਾ ਲਗਦਾ ਹੈ। ਸਾਰਾ ਵਿਸ਼ਵ ਇਕੋ ਪ੍ਰਮਾਤਮਾ ਦੇ ਅੰਦਰ ਹੀ ਹੈ । ਉਹ ਅਪਣੇ ਰੰਗ ਸਾਰੇ ਵਿਸ਼ਵ ਵਿਚ ਰਚਿਆ ਵੱਖ ਵੱਖ ਰੰਗਾਂ ਵਿਚ ਜ਼ਾਹਿਰ ਕਰਦਾ ਹੈ।ਪ੍ਰਭੂ ਦੇ ਨਾਮ ਜਪਿਆਂ ਨਉ ਨਿਧਾਂ ਪ੍ਰਾਪਤ ਹੁੰਦੀਆਂ ਹਨ। ਹਰ ਸਰੀਰ ਪਰਮਾਤਮਾ ਦਾ ਵਾਸਾ ਹੈ ਚਾਹੇ ਉਹ ਸੁੰਨ ਸਮਾਧੀ ਵਿਚ ਹੋਵੇ ਚਾਹੇ ਉਹ ਅਨਹਤ ਨਾਦ ਗੁੰਜਾ ਰਿਹਾ ਹੋਵੇ।ਉਸਦੀ ਅਚਰਜ ਵਿਸਮਾਦੀ ਅਵਸਥਾ ਨੂੰ ਬਿਆਨਿਆ ਨਹੀਂ ਜਾ ਸਕਦਾ।ਉਸ ਨੂੰ ਤਾਂ ਉਹੀ ਦੇਖ ਸਕਦਾ ਹੈ ਜਿਸ ਨੂੰ ਉਹ ਆਪ ਦਰਸ਼ਨ ਕਰਵਾਉਂਦਾ ਹੈ ਤੇ ਪ੍ਰਮਾਤਮਾ ਉਸੇ ਜੀਵ ਦੇ ਮਨ ਸੋਝੀ ਪਾਉਂਦਾ ਹੈ ।

ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥ ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥ ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥ ਸੁੰਨ ਸਮਾਧਿ ਅਨਹਤ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ॥ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥ ਨਾਨਕ ਤਿਸੁ ਜਨ ਸੋਝੀ ਪਾਏ ॥ (ਪੰਨਾ ੨੯੩)

ਇਸ ਲਈ ਸਾਨੂੰ ਵਾਰ ਵਾਰ ਪ੍ਰਭੂ ਨੂੰ ਜਪਣਾ ਚਾਹੀਦਾ ਹੈ ਤੇ ਇਸ ਮਨ ਨੂੰ ਨਾਮ ਅੰਮ੍ਰਿਤ ਨਾਲ ਸ਼ਾਂਤੀ ਦਿਵਾਉਣੀ ਚਾਹੀਦੀ ਹੈ।ਜਿਸ ਗੁਰਮੁਖ ਨੇ ਨਾਮ ਰਤਨ ਪ੍ਰਾਪਤ ਕਰ ਲਿਆ ਉਸ ਨੂੰ ਪ੍ਰਮਾਤਮਾਂ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਤੇ ਉਸ ਨੂੰ ਨਾਮ ਧਨ ਦੇ ਨਾਲ ਨਾਮ (ਪ੍ਰਭੂ) ਦਾ ਰੂਪ ਰੰਗ ਵੀ ਮਿਲ ਜਾਂਦਾ ਹੈ ਭਾਵ ਉਹ ਖੁਦ ਪ੍ਰਭੂ ਵਰਗਾ ਹੋ ਜਾਂਦਾ ਹੈ। ਜਦ ਹਰੀ ਨਾਮ ਦਾ ਸੰਗ ਮਿਲਦਾ ਹੈ ਨਾਮ ਤੋਂ ਸੁੱਖ ਪ੍ਰਾਪਤ ਹੁੰਦੇ ਹਨ। ਜੋ ਜਨ ਨਾਮ ਰਸ ਨਾਲ ਤ੍ਰਿਪਤ ਹੋ ਗਿਆ ਉਸਦੇ ਮਨ ਤਨ ਵਿਚ ਨਾਮ ਹੀ ਨਾਮ ਵਸਦਾ ਹੈ ਤੇ ਉਠਦੇ ਬਹਿੰਦੇ ਸੌਂਦੇ ਨਾਮ ਨਾਲ ਹੀ ਜੁੜਿਆ ਰਹਿੰਦਾ ਹੈ ਤੇ ਪਰਮਾਤਮਾ ਉਸਦੇ ਸਾਰੇ ਕੰਮ ਸਹੀ ਕਰ ਦਿੰਦਾ ਹੈ।

ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥ ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥ ਊਠਤ ਬੈਠਤ ਸੋਵਤ ਨਾਮ ॥ ਕਹੁ ਨਾਨਕ ਜਨ ਕੈ ਸਦ ਕਾਮ ॥ ੬ ॥ ( ਪੰਨਾ ੨੮੬)

ਪ੍ਰਮਾਤਮਾ ਦਾ ਨਾਮ ਮੰਨਣ ਨਾਲ ਉਲਟੀ ਮੱਤ ਦੀ ਥਾਂ ਚੰਗੀ ਮਤ ਆਉਂਦੀ ਹੈ ਜਿਸ ਵਚ ਉਹ ਪ੍ਰਗਟ ਹੁੰਦਾ ਹੈ।ਨਾਮ ਮੰਨਣ ਨਾਲ ਹਉਮੈ ਮਿਟਦੀ ਹੈ ਤੇ ਇਸ ਨਾਲ ਜੁੜੇ ਸਾਰੇ ਰੋਗ ਵੀ ਖਤਮ ਹੋ ਜਾਂਦੇ ਹਨ।ਨਾਮ ਮੰਨਣ ਨਾਲ ਨਾਮ ਮਨ ਵਿਚ ਉਪਜਦਾ ਹੈ ਤੇ ਸੌਖਿਆਂ ਹੀ ਸਾਰੇ ਸੁਖ ਮਿਲ ਜਾਂਦੇ ਹਨ।ਨਾਮ ਮੰਨਣ ਨਾਲ ਮਨ ਵਿਚ ਸ਼ਾਂਤੀ ਵਸਦੀ ਹੈ ਤੇ ਮਨ ਵਿਚ ਪ੍ਰਮਾਤਮਾ ਵਸਣ ਲੱਗ ਜਾਂਦਾ ਹੈ। ਨਾਮ ਉਹ ਰਤਨ ਹੈ ਜਿਸ ਨਾਲ ਗੁਰਮੁਖ ਪਰਮਾਤਮਾ ਨੂੰ ਧਿਆਉਂਦਾ ਹੈ।

ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥ ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥ ਨਾਇ ਮੰਨਿਐ ਸਾਂਤਿ ਉਪਜੈ ਹਰਿ ਮੰਨਿ ਵਸਾਇਆ ॥ ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥ ੧੧ ॥ (ਪੰਨਾ ੧੨੪੨)

ਨਾਮ ਮੰਨਣ ਨਾਲ ਅਪਣੀ ਸੁਰਤ (ਸੋਝੀ- ਮੈਂ ਕੀ ਹਾਂ, ਕਿਉਂ ਹਾਂ, ਕੀ ਕਰਨਾ ਹੈ ਆਦਿ ਦੀ ਸੋਝੀ) ਜਾਗਦੀ ਹੈ ਤੇ ਨਾਮ ਨਾਲ ਹੀ ਸਭ ਕਰਨ ਸਮਝਣ ਦੀ ਹਰ ਅਕਲ ਮਿਲਦੀ ਹੈ।ਨਾਮ ਮੰਨਣ ਨਾਲ ਪਰਮਾਤਮਾ ਦੀ ਸਿਫਤ ਸਲਾਹ ਦਾ ਗਾਇਨ ਹੁੰਦਾ ਹੈ ਤੇ ਨਾਮ ਪ੍ਰਾਪਤੀ ਦਾ ਸੁਖ ਮਿਲਦਾ ਹੈ।ਨਾਮ ਮੰਨਣ ਨਾਲ ਸਾਰੇ ਭਰਮ ਕੱਟ ਜਾਦੇ ਹਨ ਤੇ ਫਿਰ ਕੋਈ ਦੁੱਖ ਨਹੀਂ ਹੁੰਦਾ।ਨਾਮ ਮੰਨਣ ਨਾਲ ਤੇ ਉਸ ਦੀ ਸਿਫਤ ਸਲਾਹ ਕਰਨ ਨਾਲ ਪਾਪਾਂ ਭਰੀ ਮੱਤ ਧੋਈ ਜਾਂਦੀ ਹੈ।ਨਾਮ ਪੂਰੇ ਗੁਰੂ ਤੋਂ ਮਿਲਦਾ ਹੈ ਜੋ ਉਹ ਆਪ ਪ੍ਰਮਾਤਮਾ ਹੀ ਦਿੰਦਾ ਹੈ।

ਨਾਇ ਮੰਨਿਐ ਸੁਰਤਿ ਉਪਜੈ ਨਾਮੇ ਮਤਿ ਹੋਈ॥ ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥ ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥ ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥ ੧੨ ॥ (ਪੰਨਾ ੧੨੪੨)

ਨਿਰਲੇਪ ਵਾਹਿਗੁਰੂ ਨੂੰ, ਜੋ ਬਿਆਨੋਂ ਪਰੇ ਹੈ, ਕਿਸ ਤਰ੍ਹਾਂ ਬਖਾਣੀਏਂ। ਨਿਰਲੇਪ ਵਾਹਿਗੁਰੂ ਤਾਂ ਤੁਹਾਡੇ ਨਾਲ ਹੀ ਹੈ ਉਸ ਨੂੰ ਲਭਣਾ ਕੀ ਔਖਾ ਹੈ। ਨਿਰਲੇਪ ਵਾਹਿਗੁਰੂ ਤਾਂ ਸਭਨੀਂ ਥਾਈਂ ਵਰਤਦਾ ਵਸਦਾ ਹੈ ।ਪੂਰਾ ਗੁਰੂ ਤੁਹਾਡੇ ਹਿਰਦੇ ਵਿਚੋਂ ਹੀ ਉਸਦੇ ਦਰਸ਼ਨ ਕਰਵਾ ਦਿੰਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਜਦ ਉਸ ਪਰਮਾਤਮਾ ਦੀ ਬਖਸ਼ਸ਼ ਭਰੀ ਨਜ਼ਰ ਪੈਂਦੀ ਹੈ ਤਾਂ ਪੂਰਾ ਗੁਰੂ ਮਿਲ ਜਾਂਦਾ ਹੈ:

ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥ ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥ ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥ ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥ ੧੩ ॥ (ਪੰਨਾ ੧੨੪੨)

ਜਦ ਪ੍ਰਭੂ ਨਾਮ ਮਨ ਵਸ ਜਾਂਦਾ ਹੈ ਤੇ ਉਸਦੀ ਸਿਫਤ ਸਲਾਹ ਕਰੀਦੀ ਹੈ ਤਾਂ ਪ੍ਰਭੂ ਨਾਮਲੇਵਾ ਉਪਰ ਹਮੇਸ਼ਾ ਖੁਸ਼ ਹੁੰਦਾ ਹੈ ਤੇ ਸੁਖ ਵੰਡਦਾ ਪ੍ਰਭੂ, ਨਾਮਲੇਵਾ ਨੂੰ ਲਾਹਾ ਪ੍ਰਦਾਨ ਕਰਦਾ ਹੈ। ਨਾਮ ਤੋਂ ਬਿਨਾ ਤਾਂ ਸਾਰੇ ਸੰਸਾਰ ਵਿਚ ਦੁੱਖ ਹੀ ਦੁੱਖ ਹੈ। ਬੜੇ ਦੁਨਿਆਵੀ ਕਰਮ ਕਮਾਉਣ ਤੇ ਵੀ ਵਿਕਾਰ ਵਧਦਾ ਹੈ। ਜੇ ਨਾਮ ਨਹੀਂ ਜਪਿਆ ਤਾਂ ਸੁੱਖ ਕਿਵੇਂ ਪ੍ਰਾਪਤ ਹੋਵੇਗਾ, ਨਾਮ ਬਿਨਾ ਤਾਂ ਦੁੱਖ ਹੀ ਮਿਲਦਾ ਹੈ।

ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥ ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥ ੬ ॥ ਬਿਨੁ ਨਾਵੈ ਸਭ ਦੁਖੁ ਸੰਸਾਰਾ ॥ ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥ ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥ ੭ ॥ (ਪੰਨਾ ੧੦੬੧)

ਪ੍ਰਮਾਤਮਾ ਆਪ ਹੀ ਸੱਚਾ ਹੈ। ਉਹ ਸਭ ਨੂੰ ਪੈਦਾ ਵੀ ਕਰਦਾ ਹੈ ਤੇ ਖਪਾਉਂਦਾ ਵੀ ਹੈ।ਗੁਰਮੁਖ ਪ੍ਰਮਾਤਮਾਂ ਨੂੰ ਹਮੇਸ਼ਾਂ ਸਲਾਹੁੰਦਾ ਹੈ ਤੇ ਸੱਚੇ ਨੂੰ ਮਿਲ ਕੇ ਸੁੱਖ ਪਾਉਂਦਾ ਹੈ।(ਪੰਨਾ ੧੦੬੨)

ਆਪਿ ਸਿਰੰਦਾ ਸਚਾ ਸੋਈ ॥ ਆਪਿ ਉਪਾਇ ਖਪਾਏ ਸੋਈ ॥ ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥ ੧੪ ॥ (ਪੰਨਾ ੧੦੬੨)
ਹੇ ਪ੍ਰਭੂ! ਜੋ ਵੀ ਮੇਰਾ ਹੈ ਉਹ ਸਭ ਤੇਰਾ ਹੈ ਜੋ ਤੂੰ ਆਪ ਹੀ ਰਚਿਆ ਹੈ।ਸਭ ਜੀਅ ਜੰਤ ਤੇਰੇ ਹੀ ਰਚੇ ਹਨ। ਗੁਰੁ ਜੀ ਕਹਿੰਦੇ ਹਨ ਕਿ ਹੇ ਮਾਨਵ ਪ੍ਰਭੂ ਦਾ ਨਾਮ ਹਮੇਸ਼ਾ ਦਿਲ ਵਿਚ ਰੱਖ ਤੇ ਗੁਰੂ ਦੀ ਇਹ ਮੱਤ ਮਨ ਵਸਾ ਲੈ।

ਸਭਿ ਮੇਰਾ ਤੇਰਾ ਤੁਧੁ ਆਪੇ ਕੀਆ ॥ ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥ ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥ ੧੬ ॥ (ਪੰਨਾ ੧੦੬੧-੧੦੬੨)

ਪ੍ਰਭੂ ਤ ਹੀ ਸਭ ਕੁਝ (ਸ੍ਰਿਸ਼ਟੀ) ਹੋਈ ਹੈ। ਪ੍ਰਭੂ ਦਾ ਨਾਮ ਸੱਚੇ ਸਤਿਗੁਰੂ ਬਿਨਾ ਹੋਰ ਕਿਤੋਂ ਨਹੀਂ ਮਲੂਮ ਹੁੰਦਾ।

ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ।(ਪੰਨਾ ੭੫੩)

ਹਰੀ ਦਾ ਨਾਮ ਸੱਚਾ ਕਰਕੇ ਜਾਣੀਏ ਤੇ ਗੁਰੂ ਦੇ ਪਿਆਰੇ ਬਣ ਕੇ ਰਹੀਏ। ਪ੍ਰਮਾਤਮਾ ਦੀ ਸੱਚੀ ਵਡਿਆਈ ਗੁਰੂ ਰਾਹੀਂ ਹੀ ਮਿਲਦੀ ਹੈ ਤੇ ਸਚੇ ਵਾਹਿਗੁਰੂ ਦਾ ਨਾਮ ਵੀ ਗੁਰੂ ਦੇ ਪਿਆਰ ਪਾਇਆਂ ਹੀ ਪ੍ਰਾਪਤ ਹੁੰਦਾ ਹੈ। ਇਕੋ ਸੱਚਾ ਵਾਹਿਗੁਰੂ ਸਾਰਿਆਂ ਵਿਚ ਵਰਤਦਾ ਹੈ ਇਹ ਤੱਥ ਵਿਰਲਾ ਹੀ ਵੀਚਾਰਦਾ ਹੈ। ਪ੍ਰਮਾਤਮਾ ਜੇ ਆਪੇ ਮੇਲਦਾ ਹੈ ਤਾਂ ਬਖਸ਼ ਵੀ ਦਿੰਦਾ ਹੈ ਤੇ ਸੱਚੀ ਭਗਤੀ ਨੂੰ ਸੰਵਾਰ ਦਿੰਦਾ ਹੈ। ਹਰ ਪਾਸੇ ਸੱਚਾ ਪ੍ਰਮਾਤਮਾ ਵਸਦਾ ਹੈ ਇਸਨੂੰ ਕੋਈ ਗੁਰਮੁਖ ਹੀ ਸਮਝ ਸਕਦਾ ਹੈ।ਜੰਮਣਾ ਤੇ ਮਰਣਾ ਹੁਕਮੋ ਹੀ ਵਰਤਦਾ ਹੈ ਤੇ ਇਹ ਤੱਥ ਗੁਰਮੁਖ ਆਪ ਹੀ ਪਛਾਣ ਸਕਦਾ ਹੈ।
 
📌 For all latest updates, follow the Official Sikh Philosophy Network Whatsapp Channel:

Latest Activity

Top