• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi Exegesis Of Gurnbani Based On Sri Guru Granth Sahib-Sachu

Dalvinder Singh Grewal

Writer
Historian
SPNer
Jan 3, 2010
1,254
422
79
ਸਚੁ (ਸਦੀਵੀਸੱਚ)

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੁ ਨਾਨਕ ਜੀ ਫੁਰਮਾਉਂਦੇ ਹਨ ਕਿ ਵਾਹਿਗੁਰੂ ਸੱਚਾ ਹੈ ਭਾਵ ਅਟੱਲ ਹੈ ਬਦਲਣਹਾਰ ਨਹੀਂ । ‘ਆਦਿ’ ਭਾਵ ਜਦ ਸਮਾਂ ਸਥਾਨ ਦੀ ਹੋਂਦ ਤੇ ਮਹਤਵ ਨਹੀਂ ਸੀ ਤੇ ਯੁਗ ਸ਼ੁਰੂ ਨਹੀਂ ਸੀ ਹੋਏ, ਉਹ ਉਦੋਂ ਵੀ ਸੀ। ਜਦ ਯੁਗ ਸ਼ੁਰੂ ਹੋਏ ਉਦੋਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਨੂੰ ਵੀ ਨਿਸਚੇ ਹੀ ਉਸੇ ਦੀ ਹੋਂਦ ਹੋਵੇਗੀ।

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੧ ॥ (ਜਪੁਜੀ ਸਲੋਕ, ਪੰਨਾ ੧)

ਵਾਹਿਗੁਰੂ ਸਦੀਵ ਹੀ ਸੱਚਾ ਹੈ । ਉਹ ਸਭ ਸੱਚ ਹੈ ਤੇ ਸੱਚਾ ਹੈ ਉਸਦਾ ਨਾਮ। ਜਿਸ ਨੇ ਸ਼੍ਰਿਸ਼ਟੀ ਸਾਜੀ ਹੈ ਉਹ ਹੈ ਤੇ ਹੋਵੇਗਾ ਭੀ। ਸ਼੍ਰਿਸ਼ਟੀ ਦਾ ਅੰਤ ਵੀ ਹੋ ਜਾਵੇਗਾ ਤਾਂ ਵੀ ਉਹ ਹੋਵੇਗਾ।

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ, ਸਾਚੀ ਨਾਈ।।

ਹੈ ਭੀ ਹੋਸੀ, ਜਾਇ ਨ ਜਾਸੀ, ਰਚਨਾ ਜਿਨ ਰਚਾਈ।। ( ਸੋਦਰੁ, ਪੰਨਾ ੯)

ਪ੍ਰਭੂ ਹਮੇਸ਼ਾ ਸਤਿ ਹੈ। ਉਸ ਨੂੰ ਕੋਈ ਗੁਰੂ ਦੀ ਮਿਹਰ ਪਵੇ ਤਾਂ ਹੀ ਬਖਾਣ ਸਕਦਾ ਹੈ। ਉਹ ਆਪ ਸਚੁ ਹੈ ਤੇ ਉਸਦਾ ਕੀਤਾ ਹੋਇਆ ਵੀ ਸਭ ਸੱਚ ਹੈ। ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਆਪਾ ਮੰਥਨ ਕਰਕੇ ਉਸਨੂੰ ਜਾਣ ਸਕਦਾ ਹੈ:

ਸਤਿ ਸਤਿ ਸਤਿ ਪ੍ਰਭੁ ਸੁਆਮੀ ॥ ਗੁਰ ਪਰਸਾਦਿ ਕਿਨੈ ਵਖਿਆਨੀ ॥ ਸਚੁ ਸਚੁ ਸਚੁ ਸਭੁ ਕੀਨਾ ॥ ਕੋਟਿ ਮਧੇ ਕਿਨੈ ਬਿਰਲੈ ਚੀਨਾ ॥ (ਪੰਨਾ ੨੭੯)

ਉਹ ਸੱਚਾ ਤੇ ਸੁੰਦਰ ਹੈ ਅਤੇ ਪਰਮ ਅਨੰਦ ਸਦਾ ਉਸਦੇ ਅੰਦਰ ਵਸਦਾ ਹੈ।

ਸਤਿ ਸੁਹਾਣੁ ਸਦਾ ਮਨਿ ਚਾਉ।।(ਜਪੁਜੀ ਪਉੜੀ ੨੧,ਪੰਨਾ ੪)

ਵੱਡੇ ਬਾਦਸ਼ਾਹਾਂ ਦੇ ਸਿਰ ਉਤੇ ਵੀ ਸੱਚਾ ਸਾਹਿਬ ਹੈ ਹੋਰ ਕੋਈ ਦੂਜਾ ਨਹੀਂ।

ਸਿਰ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥ ੧ ॥ (ਪੰਨਾ ੧੦੭੩)

ਹੇ ਪ੍ਰਭੂ ਤੇਰਾ ਨਾਮ ਸੱਚਾ ਹੈ ਅਤੇ ਸੱਚਾ ਹੈ ਤੇਰੇ ਨਾਮ ਦਾ ਸਿਮਰਨ।ਸੱਚਾ ਹੈ ਤੇਰਾ ਮਹਿਲ ਤੇ ਸੱਚਾ ਹੈ ਤੇਰੇ ਨਾਮ ਦਾ ਵਣਜ।ਮਿਠਾ ਹੈ ਤੇਰੇ ਨਾਮ ਦਾ ਵਪਾਰ, ਦਿਨ ਰਾਤ ਤੇਰੀ ਭਗਤੀ ਲਾਹੇਵੰਦੀ ਹੈ।ਨਾਮ ਦੇ ਵਪਾਰ ਬਿਨਾ ਮੈਨੂੰ ਹੋਰ ਕੋਈ ਵਪਾਰ ਨਹੀਂ ਖਿਆਲ ਹੀ ਨਹੀਂ ਆਉਂਦਾ।ਹਰ ਪਲ ਵਾਹਿਗੁਰੂ ਦੇਨਾਮ ਨਾਲ ਜੁੜਿਆ ਰਹਿਣਾ ਹੈ।ਸੱਚੇ ਸਾਹਿਬ ਦੀ ਦਇਆ ਕਰਕੇ ਮੇਰੇ ਕਰਮਾਂ ਦਾ ਲੇਖਾ ਪਰਖਿਆ ਹੈ ਤੇ ਪੂਰੇ ਕਰਮਾਂ ਸਦਕਾ ਅਪਣੀ ਨਦਰ ਬਖਸ਼ੀ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਸੱਚੇ ਵਾਹਿਗੁਰੂ ਦੇ ਨਾਮ ਦਾ ਮਹਾ ਰਸ ਪੂਰੇ ਗੁਰੂ ਰਾਹੀਂ ਪ੍ਰਾਪਤ ਕੀਤਾ ਹੈ।

ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥ ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥ ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ॥ ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ॥ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥ ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥ ੪ ॥ ੨ ॥(ਪੰਨਾ ੨੪੩)

ਜੋ ਸਤਿਗੁਰ ਦੀ ਸੇਵਾ ਕਰਦਾ ਹੈ ਵੱਡੇ ਭਾਗਾਂ ਵਾਲਾ ਹੈ। ਸਹਿਜ ਸੁਭਾ ਸੱਚੇ ਨਾਲ ਸੱਚੀ ਲਿਵ ਲਗ ਜਾਂਦੀ ਹੈ।ਸਚੋ ਸੱਚ ਕਮਾਉਗੇ ਤਾਂ ਸਚੇ ਨਾਲ ਮੇਲ ਹੋ ਜਾਵੇਗਾ।ਜਿਸ ਨੂੰ ਸੱਚਾ ਦਿੰਦਾ ਹੈ ਸੋ ਸੱਚੇ ਦਾ ਨਾਮ ਪਾਉਂਦਾ ਹੈ। ਜਦ ਅੰਦਰ ਸੱਚ ਵਸਦਾ ਹੈ ਤਾਂ ਸਾਰੇ ਭਰਮ ਖਤਮ ਹੋ ਜਾਂਦੇ ਹਨ।ਸੱਚੇ ਜੀਵ ਦਾ ਪਰਮਾਤਮਾ ਆਪ ਹੈ ਜਿਸ ਨੂੰ ਉਹ ਸਚੁ ਦਿੰਦਾ ਹੈ ਸੋ ਉਸਨੂੰ ਪਾ ਲੈਂਦਾ ਹੈ।ਉਹ ਆਪ ਹੀ ਸਭਨਾਂ ਦਾ ਕਰਤਾ ਹੈ।ਉਹੋ ਹੀ ਜੀਵ ਉਸ ਬਾਰੇ ਜਾਣ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਬੁਝਾਉਂਦਾ ਹੈ। ਆਪੇ ਹੀ ਉਹ ਬਖਸ਼ਦਾ ਹੈ ਅਤੇ ਆਪੇ ਹੀ ਮੇਲ ਮਿਲਾਉਂਦਾ ਹੈ।

ਸਤਿਗੁਰੁ ਸੇਵਹਿ ਸੇ ਵਡਭਾਗੀ ॥ ਸਹਜ ਭਾਇ ਸਚੀ ਲਿਵ ਲਾਗੀ ॥ ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥ ੬ ॥ ਜਿਸ ਨੋ ਸਚਾ ਦੇਇ ਸੁ ਪਾਏ ॥ ਅੰਤਰਿ ਸਾਚੁ ਭਰਮੁ ਚੁਕਾਏ ॥ ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥ ੭ ॥ ਆਪੇ ਕਰਤਾ ਸਭਨਾ ਕਾ ਸੋਈ ॥ ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥ ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ॥ ੮ ॥(ਪੰਨਾ ੧੦੬੩)

ਸੱਚਾ ਤਾਂ ਹਰ ਥਾਂ ਵਸ ਰਿਹਾ ਹੈ ਜਿਸ ਨਾਲ ਲਿਵ ਲਾਉਣੀ ਹੈ।ਗਿਆਨ ਵਿਹੂਣੇ ਲੋਕੀ ਥਾਂ ਥਾਂ ਭਟਕ ਰਹੇ ਹਨ। ਜਿਸ ਨੇ ਸ਼ਬਦ ਗੁਰੂ ਰਾਹੀਂ ਨਿਰਭਉ ਸੱਚੇ ਸਤਿਗੁਰੂ ਨੂੰ ਜਾਣ ਲਿਆ, ਸੱਚਾ ਉਸਦੀ ਜੋਤ ਨੂੰ ਅਪਣੀ ਜੋਤ ਵਿਚ ਮਿਲਾ ਲੈਂਦਾ ਹੈ:

ਗਿਆਨ ਵਿਹੂਣੀ ਭਵੈ ਸਬਾਈ ॥ ਸਾਚਾ ਰਵਿ ਰਹਿਆ ਲਿਵ ਲਾਈ ॥ ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ।। (ਪੰਨਾ ੧੦੩੪)

ਸੱਚੇ ਪਰਮਾਤਮਾ ਦੀ ਸਿਫਤ ਸਲਾਹ ਸੱਚੀ ਹੈ ਸੋ ਸੱਚੇ ਦੀ ਸੱਚੀ ਸਿਫਤ ਸਲਾਹ ਕਰ।ਨਿਰਾਲਾ ਪਰਮ ਪੁਰਖ ਪਰਮਾਤਮਾ ਸੱਚਾ ਹੈ। ਉਸ ਸੱਚੇ ਨੂੰ ਸੇਵੋਗੇ ਤਾਂ ਮਨ ਵਿਚ ਸੱਚ ਵਸ ਜਾਵੇਗਾ। ਉਹ ਸੱਚੋ-ਸੱਚੁ ਹਰੀ ਤੁਹਾਡਾ ਰਖਵਾਲਾ ਹੋਵੇਗਾ। ਜਿਨ੍ਹਾਂ ਨੇ ਸੱਚੇ- ਸੱਚ ਨੂੰ ਅਰਾਧਿਆ ਹੈ ਉਹ ਸਚੇ ਵਾਹਿਗੁਰੂ ਨੂੰ ਜਾ ਮਿਲੇ ਹਨ।ਜਿਨ੍ਹਾਂ ਨੇ ਸੱਚੋ-ਸੱਚੁ ਨੂੰ ਨਹੀਂ ਸੇਵਿਆ ਉਹ ਮੂੜ੍ਹ ਬੇਤਾਲੇ ਮਨਮੁਖ ਹਨ, ਮੂਹੋਂ ਆਲ-ਪਤਾਲ ਬੋਲਦੇ ਹਨ (ਏਧਰ ਓਧਰ ਦੀਆਂ ਗੱਲਾਂ ਕਰਦੇ ਹਨ) ਜਿਵੇਂ ਨਸ਼ੇ ਵਿਚ ਸ਼ਰਾਬੀ ਬੋਲਦੇ ਹਨ:

ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ॥ ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥ ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥ ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥ ੧¬੯ ॥ (ਪੰਨਾ ੩੧੧)

ਸੱਚਾ ਸੱਚੁ, ਜਿਸ ਨੇ ਦਿਨ ਰਾਤ ਬਣਾਏ ਹਨ, ਉਸ ਨੂੰ ੳੇਸ ਦੀ ਰਚੀ ਕੁਦਰਤ ਰਾਹੀਂ ਜਾਣਿਆ ਜਾ ਸਕਦਾ ਹੈ। ਉਸ ਸੱਚੇ ਦੀ ਸਿਫਤ ਸਲਾਹ ਹਮੇਸ਼ਾ ਲਗਾਤਾਰ ਕਰਨੀ ਚਾਹੀਦੀ ਹੈ, ਉਸ ਦੀ ਵਡਿਆਈ ਲਗਾਤਾਰ ਉਚਾਰਨੀ ਚਾਹੀਦੀ ਹੈ।ਸੱਚੇ ਪਰਮਾਤਮਾ ਦੀ ਸਿਫਤ ਸਲਾਹ ਸੱਚੀ ਹੈ; ਉਸ ਸੱਚੇ ਦੇ ਸੱਚ ਦੀ ਕੀਮਤ ਕੋਈ ਨਹੀਂ ਪਾ ਸਕਦਾ। ਜਦ ਪੂਰਾ ਸਤਿਗੁ੍ਰੂ ਮਿਲਦਾ ਹੈ ਤਾਂ ਉਹ ਸੱਚੇ ਪਰਮਾਤਮਾ ਦੇ ਸਾਹਵੇਂ ਦਰਸ਼ਨ ਕਰਵਾ ਦਿੰਦਾ ਹੈ।ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨੂੰ ਸਲਾਹਿਆ ਹੈ ਉਨ੍ਹਾਂ ਦੀ ਹਰ ਭੁੱਖ ਮਿਟ ਜਾਦੀ ਹੈ:

ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ॥ ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥ ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥ ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥ ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥ ੨੩ ॥ (ਪੰਨਾ ੩੧੩)

ਸਚੇ ਸੱਚੁ ਦੇ ਉਹ ਜਨ ਭਗਤ ਹਨ ਜੋ ਸੱਚੁ-ਸੱਚੇ ਦੀ ਅਰਾਧਨਾ ਕਰਦੇ ਹਨ।ਜਿਨ੍ਹਾਂ ਗੁਰਮੁਖਾਂ ਨੇ ਉਸਨੂੰ ਖੋਜਿਆ ਹੈ ਤਿਨ੍ਹਾਂ ਨੇ ਉਸਨੂੰ ਅੰਦਰੋਂ ਹੀ ਲੱਭ ਲਿਆ ਹੈ। ਜਿਨ੍ਹਾਂ ਨੇ ਸੱਚੇ ਸੱਚ ਸਹਿਬ ਨੂੰ ਮਨੋਂ ਸਵਿਆ ਹੈ ਉਨ੍ਹਾਂ ਨੇ ਕਾਲ ਨੂੰ ਮਾਰ ਲੀਤਾ ਹੈ, ਸਾਧ ਲਿਆ ਹੈ।ਸੱਚੁ ਸੱਚਾ ਸੱਭ ਤੋਂ ਵੱਡਾ ਹੈ ਜੋ ਸੱਚੁ ਨੂੰ ਸੇਂਵਦੇ ਹਨ ਉਹ ਸੱਚ ਨਾਲ ਮਿਲ ਜਾਂਦੇ ਹਨ। ਸੱਚੁ ਸੱਚੇ ਦੇ ਸ਼ਾਬਾਸ਼ੇ ਜੋ ਸੱਚੀ ਸੇਵਾ ਨੂੰ ਫਲ ਲਾਉਂਦਾ ਹੈ:

ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ॥ ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥ ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕ ਮਾਰਿ ਤਿਨੀ ਸਾਧਿਆ ॥ ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥ ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥ ੨੨ ॥ ਸਲੋਕ ਮਃ ੪ ॥ (ਪੰਨਾ ੩੧੫)

ਸੱਚ ਅਪਣੇ ਨਾਲ ਮੇਲ ਖੁਦ ਕਰਾਉਂਦਾ ਹੈ; ਇਹ ਮੇਲ ਸ਼ਬਦ (ਨਾਮ) ਰਾਹੀਂ ਹੀ ਹੁੰਦਾ ਹੈ।ਜੇ ਉਸ ਨੂੰ ਭਾਵੇ ਤਾਂ ਉਹ ਜੀਵ ਨੂੰ ਸਹਿਜ ਅਵਸਥਾ ਵਿਚ ਸਮਾ ਦਿੰਦਾ ਹੈ। ਤ੍ਰਿਭਵਣ (ਭਾਵ ਆਕਾਸ਼, ਧਰਤੀ ਤੇ ਪਾਤਾਲ) ਵਿਚ ਉਸ ਦੀ ਹੀ ਜੋਤ ਧਰੀ ਹੈ ਪਰਮੇਸ਼ਵਰ ਬਿਨਾ ਹੋਰ ਦੂਜਾ ਕਿਤੇ ਕੋਈ ਨਹੀਂ।ਅਸੀਂ ਉਸ ਵਾਹਿਗੁਰੂ ਦੇ ਚਾਕਰ ਹਾਂ ਇਸ ਲਈ ਸਾਨੂੰ ਸੇਵਾ ਉਸੇ ਦੀ ਹੀ ਕਰਨੀ ਬਣਦੀ ਹੈ।ਅਲਖ ਅਭੇਵ ਪਰਮਾਤਮਾ ਤਾਂ ਸ਼ਬਦ (ਨਾਮ) ਨਾਲ ਹੀ ਪਤੀਜਦਾ ਹੈ। ਕਰਤਾਰ ਭਗਤਾਂ ਲਈ ਗੁਣਕਾਰੀ ਹੈ; ਜਦ ਉਸ ਦੀ ਵਡਿਆਈ ਕਰਾਂਗੇ ਤਾਂ ਉਹ ਬਖਸ਼ ਲਵੇਗਾ।ਸੱਚੇ ਦੇ ਘਰ ਕੋਈ ਟੋਟਾ ਨਹੀਂ; ਉਹ ਤਾਂ ਦੇਈ ਜਾਦਾ ਹੈ। ਹੈਰਾਨੀ ਤਾਂ ਇਹ ਹੈ ਕਿ ਕੱਚੇ ਲੋਕ (ਜੋ ਪਰਮਾਤਮਾ ਨਾਲ ਨਹੀਂ ਜੁੜਦੇ, ਮਨਮੁੱਖ) ਏਨਾ ਕੁੱਝ ਲੈ ਲੈ ਕੇ ਵੀ ਮੁੱਕਰ ਜਾਂਦੇ ਹਨ ਉਸ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ। ਉਹ ਨਾ ਅਪਣਾ ਮੂਲ ਬੁੱਝਦੇ ਹਨ ਤੇ ਨਾ ਨਾਮ ਜਪਕੇ ਪਰਮਾਤਮਾ ਨੂੰ ਰਿਝਾਉਂਦੇ ਹਨ; ਐਵੇਂ ਹੋਰ ਭਰਮਾਂ ਵਹਿਮਾਂ ਵਿਚ ਭੁੱਲੇ ਫਿਰਦੇ ਹਨ।

ਮਾਰੂ ਮਹਲਾ ੧ ॥ ਸਾਚੈ ਮੇਲੇ ਸਬਦਿ ਮਿਲਾਏ ॥ ਜਾ ਤਿਸੁ ਭਾਣਾ ਸਹਜਿ ਸਮਾਏ ॥ ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥ ੧ ॥ ਜਿਸ ਕੇ ਚਾਕਰ ਤਿਸ ਕੀ ਸੇਵਾ ॥ ਸਬਦਿ ਪਤੀਜੈ ਅਲਖ ਅਭੇਵਾ ॥ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥ ੨ ॥ ਦੇਦੇ ਤੋਟਿ ਨ ਆਵੈ ਸਾਚੇ ॥ ਲੈ ਲੈ ਮੁਕਰਿ ਪਉਦੇ ਕਾਚੇ ॥ ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥ ੩ ॥ (ਪੰਨਾ ੧੦੨੪)

ਆਦਿ ਤੋਂ, ਯੁਗਾਂ ਯੁਗਾਂ ਤੋਂ ਉਹ ਜੁਗੋ ਜੁਗ ਵਿਚਰਦਾ ਹੈ ਪਰ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ।ਰਾਮ ਸਭ ਵਿਚ ਲਗਾਤਾਰ ਰਮ ਰਿਹਾ ਹੈ ਤੇ ਉਸ ਦਾ ਰੂਪ ਉਸ ਦੀ ਰਚਨਾ ਰਾਹੀਂ ਹੀ ਬਖਾਨਿਆ ਜਾ ਸਕਦਾ ਹੈ:

ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ॥ ਸਰਬ ਨਿਰੰਤਰਿ ਰਾਮੁ ਰਹਿਆ ਰਵ ਐਸਾ ਰੂਪੁ ਬਖਾਨਿਆ ॥ ੧ ॥ (ਪੰਨਾ ੧੩੫੧)

ਜੋ ਆਦਿ ਤੋਂ ਹੈ ਸਾਰੇ ਜੁਗਾਂ ਵਿਚ ਹੈ ਹੁਣ ਵੀ ਹੈ ਅਤੇ ਅਗੇ ਨੂੰ ਵੀ ਹੋਵੇਗਾ ਉਸ ਦੇ ਸਿਮਰਨ ਦੁਆਰਾ ਬੰਦੇ ਦੇ ਫਿਕਰ ਤੇ ਭਰਮ ਦੂਰ ਹੋ ਜਾਂਦੇ ਹਨ। ਉਸ ਸੱਚੇ ਪਾਤਸ਼ਾਹ ਨੂੰ ਦਿਨ ਰਾਤ ਸਲਾਮਾਂ ਹੂੰਦੀਆਂ ਹਨ ।ਗੁਰੂ ਦੀ ਦਿਤੀ ਮੱਤ ਰਾਹੀਂ ਹੀ ਉਸ ਦੀ ਸੱਚੀ ਵਡਿਆਈ ਤੇ ਨਾਮ ਨਾਲ ਲਿਵ ਲਗ ਸਕਦੀ ਹੈ। ਗੁਰੂ ਜੀ ਫੁਰਮਾਉਂਦੇ ਹਨ: ਵਾਹਿਗੁਰੂ ਤਾਰਨਹਾਰਾ ਹੈ ਉਸੇ ਦਾ ਨਾਮ ਜਪੋ; ਅੰਤ ਨੂੰ ਊਹੋ ਹੀ ਸਹਾਈ ਹੋਵੇਗਾ।

ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ॥ ੧੪ ॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥ ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥ ੧੫ ॥ ੧ ॥ ੧੮ ॥ (ਪੰਨਾ ੧੦੩੯)

ਆਦਿ ਜੁਗਾਦਿ ਸਮੇਂ ਤੋਂ ਸੱਚੇ ਵਾਹਿਗੁਰੂ ਦੀ ਅਵਸਥਾ

ਕਿਤਨੇ ਹੀ ਦਿਨ ਉਹ ਗੁਪਤ ਅਖਵਾਉਂਦਾ ਰਿਹਾ।ਕਿਤਨੇ ਹੀ ਦਿਨ ਉਹ ਸੁੰਨ ਸਮਾਇਆ ਰਿਹਾ। ਕਿਤਨੇ ਹੀ ਦਿਨ ਉਹ ਧੂੰਧੂਕਾਰ ਵਿਚ ਰਿਹਾ ਜਿਥੋਂ ਕਰਤਾ ਆਪ ਪ੍ਰਗਟ ਹੋਇਆ।

ਕੇਤੜਿਆ ਦਿਨ ਗੁਪਤੁ ਕਹਾਇਆ॥ ਕੇਤੜਿਆ ਦਿਨ ਸੁੰਨਿ ਸਮਾਇਆ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥ ੧੨ ॥ (ਪੰਨਾ ੧੦੮੧)

ਹੇ ਮੇਰੇ ਬੇਅੰਤ ਤੇ ਬੇਮਿਸਾਲ ਪ੍ਰਭੂ! ਤੂੰ ਐਨ ਅਰੰਭ ਤੋਂ ਹੈਂ ਤੂੰ ਯੁਗਾਂ ਦੇ ਅਰੰਭ ਤੋਂ ਹੈਂ।ਹੇ ਪਰਾ ਪੂਰਬਲੇ ਪਵਿਤ੍ਰ ਪ੍ਰਭੂ! ਤੂੰ ਮੇਰਾ ਪਿਆਰਾ ਮਾਲਿਕ ਹੈਂ। ਮੈਂ ਸਤਿਪੁਰਖ ਨਾਲ ਮਿਲਣ ਦੇ ਰਸਤੇ ਨੂੰ ਸੋਵਦਾ ਹਾਂ : ਅਪਣੇ ਅੰਦਰ ਹੀ ਸਤਿਪੁਰਖ ਨਾਲ ਬਿਰਤੀ ਜੋੜਦਾ ਹਾਂ । ਅਨੇਕ ਯੁਗ ਕਾਲਾਬੋਲਾ ਹਨ੍ਹੇਰਾ ਹੀ ਸੀ ਤੇ ਸਿਰਜਣਹਾਰ ਸਵਾਮੀ ਸਮਾਧੀ ਲਾਈ ਬੈਠਾ ਸੀ।ਤਦ ਕੇਵਲ ਤੇਰਾ ਸਚਾ ਨਾਮ ਤੇਰੀ ਸੱਚੀ ਪ੍ਰਭੂਸਤਾ ਅਤੇ ਤੇਰੇ ਸੱਚੇ ਰਾਜਸਿੰਘਾਸਣ ਦੀ ਵਿਸ਼ਾਲਤਾ ਹੀ ਸੀ:

ਮਾਰੂ ਮਹਲਾ ੧ ॥ ਆਦਿ ਜੁਗਾਦੀ ਅਪਰ ਅਪਾਰੇ ॥ਆਦਿ ਨਿਰੰਜਨ ਖਸਮ ਹਮਾਰੇ ॥ ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥ ੧ ॥ ਕੇਤੜਿਆ ਜੁਗ ਧੁੰਧੂਕਾਰੈ ॥ ਤਾੜੀ ਲਾਈ ਸਿਰਜਣਹਾਰੈ ॥ ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥ ੨ ॥(ਪੰਨਾ ੧੦੨੩)

ਅਣਗਿਣਤ ਯੁਗਾਂ ਤਕ ਘੁੱਪ ਹਨੇਰਾ ਸੀ।ਕੋਈ ਜ਼ਮੀਨ ਨਹੀਂ ਸੀ ਨਾ ਕੋਈ ਅਸਮਾਨ। ਨਾ ਕੋਈ ਦਿਨ ਸੀ ਨਾ ਕੋਈ ਰਾਤ;ਨਾ ਕੋਈ ਚੰਦ ਸੀ ਨਾ ਕੋਈ ਸੂਰਜ ਕੇਵਲ ਪ੍ਰਮਾਤਮਾ ਹੀ ਸੀ ਜੋ ਸੁੰਨ ਸਮਾਧੀ ਵਿਚ ਸੀ।ਨਾ ਉਤਪਤੀ ਸੀ ਨਾਂ ਖਾਣੀਆਂ ਸਨ: ਨਾ ਬੋਲੀ ਸੀ, ਨਾ ਹਵਾ ਸੀ ਤੇ ਨਾ ਜਲ ਸੀ। ਨਾ ਕੋਈ ਰਚਨਾ ਰਚੀ ਜਾ ਰਹੀ ਸੀ ਨਾ ਕੋਈ ਪਹਿਲੀ ਰਚਨਾ ਖਤਮ ਹੋ ਰਹੀ ਸੀ, ਨਾ ਆਵਾਗਮਨ ਦਾ ਚੱਕਰ ਸੀ। ਨਾ ਕੋਈ ਮਹਾਂਦੀਪ ਸਨ, ਨਾ ਕੋਈ ਪਤਾਲ ਸਨ; ਨਾ ਸੱਤ ਸਮੁੰਦਰ, ਨਾ ਦਰਿਆ ਹੀ ਸਨ ਤੇ ਨਾ ਸੀ ਵਗਦਾ ਪਾਣੀ। ਉਦੋਂ ਨਾ ਕੋਈ ਉਪਰਲਾ, ਵਿਚਕਾਰਲਾ ਜਾਂ ਹੇਠਲਾ ਮੰਡਲ ਸੀ, ਨਾ ਨਰਕ ਸੀ, ਨਾ ਸੁਰਗ, ਨਾ ਮੌਤ ਸੀ ਨਾ ਵਕਤ। ਨਾ ਜੰਮਣ ਮਰਨ ਸੀ ਨਾ ਆਉਣ ਜਾਣ ਦੇ ਫੇਰੇ। ਨਾ ਕੋਈ ਬ੍ਰਹਮਾ ਸੀ ਨਾ ਕੋਈ ਮਹੇਸ਼ ਤੇ ਨਾ ਕੋਈ ਵਿਸ਼ਨੂ।ਉਸ ਸੁਆਮੀ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ। ਨਾ ਨਾਰੀ ਸੀ ਨਾ ਪੁਰਖ ਨਾ ਜਨਮ ਸੀ ਨਾ ਜ਼ਾਤ ਨਾ ਕੋਈ ਦੁੱਖ ਭਰਦਾ ਸੀ ਨਾ ਸੁੱਖ ਮਾਣਦਾ ਸੀ।

ਮਾਰੂ ਮਹਲਾ ੧ ॥ ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ ੧ ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥ ੨ ॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥ ੩ ॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥ ੪ ॥ (ਪੰਨਾ ੧੦੩੫)

ਇਸ ਘੁੱਪ ਹਨੇਰੇ ਵਿਚ ਅਨੇਕਾਂ ਯੁਗ ਵਿਚ ਗੁਜ਼ਰੇ ।ਪ੍ਰਭੂ ਕੱਲਮ-ਕੱਲਾ ਘੁੱਪ ਹਨੇਰੇ ਵਿਚ ਬਿਰਾਜਮਾਨ ਸੀ । ਉਦੌਂ ਧੰਧੀਂ ਫਸਿਆ ਜਗਤ ਪਸਾਰਾ ਹੋਂਦ ਵਿਚ ਨਹੀਂ ਸੀ ਆਇਆ।ਇਸ ਤਰ੍ਹਾਂ ਛੱਤੀ ਯੁਗ ਬੀਤ ਗਏ।ਜਿਸ ਤਰ੍ਹਾਂ ਉਸ ਨੂੰ ਭਾਉਂਦਾ ਤਿਵੇਂ ਸਭ ਹੁੰਦਾ ਰਿਹਾ। ਉਸਦਾ ਕੋਈ ਸ਼ਰੀਕ ਤਾਂ ਹੈ ਨਹੀਂ ਸੀ ਉਹ ਹਰ ਥਾਂ ਆਪ ਹੀ ਹਦ-ਬੰਦੀ ਰਹਿਤ ਬੇਅੰਤ ਪਸਾਰੇ ਵਿਚ ਸੀ।

ਮਾਰੂ ਮਹਲਾ ੧ ॥ ਕੇਤੇ ਜੁਗ ਵਰਤੇ ਗੁਬਾਰੈ ॥ ਤਾੜੀ ਲਾਈ ਅਪਰ ਅਪਾਰੈ ॥ ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥ ੧ ॥ ਜੁਗ ਛਤੀਹ ਤਿਨੈ ਵਰਤਾਏ ॥ਜਿਉ ਤਿਸੁ ਭਾਣਾ ਤਿਵੈ ਚਲਾਏ ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥ ੨ ॥(ਪੰਨਾ ੧੦੩੫)

ਜਦ ਉਸ ਦੇ ਦਿਲ ਆਇਆ ਤਾਂ ਉਸ ਨੇ ਜਗਤ ਦੀ ਰਚਨਾ ਕੀਤੀ ਤੇ ਬਿਨਾ ਥੰਮਾਂ ਵਾਲਾ ਆਕਾਸ਼ ਬਣਾ ਦਿਤਾ।

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥ (ਪੰਨਾ ੧੦੩੬)

ਉਸ ਨੇ ਖੰਡ, ਬ੍ਰਹਿਮੰਡ ਤੇ ਪਾਤਾਲ ਬਣਾਉਣੇ ਸੁਰੂ ਕੀਤੇ ਤੇ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿਚ ਆ ਗਿਆ। ਕੋਈ ਵੀ ਉਸ ਦਾ ਅੰਤ ਨਹੀਂ ਜਾਣਦਾ।ਉਸ ਦੀ ਸਮਝ ਪੂਰੇ ਗੁਰੂ ਰਾਹੀਂ ਹੀ ਹੁੰਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਕਮਾਲ ਹਨ ਜੋ ਸੱਚੇ ਦਾ ਜੱਸ ਗਾਉਂਦੇ ਵਿਸਮਾਦ ਵਿਚ ਗੜੂੰਦੇ ਹਨ:

ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫ ॥ ਤਾ ਕਾ ਅੰਤੁ ਨ ਜਾਣੈ ਕੋਈ ॥ਪੂਰੇ ਗੁਰ ਤੇ ਸੋਝੀ ਹੋਈ॥ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ (ਪੰਨਾ ੧੦੩੬)

ਚਾਰ ਯੁਗਾਂ ਵਿਚ

ਬੇਅੰਤ ਪ੍ਰਮਾਤਮਾ ਨੇ ਅਪਣੀ ਸਾਰੀ ਸ਼ਕਤੀ ਸਮੇਟ ਕੇ ਸੁੰਨ ਸਮਾਧੀ ਲਾਈ ਹੋਈ ਸੀ।ਅੰਤ ਰਹਿਤ ਬੇਮਿਸਾਲ ਪ੍ਰਭੂ ਨਿਰਲੇਪ ਨਿਰਾਲਾ ਹੋ ਕੇ ਸਮਾਧੀ ਵਿਚ ਰਿਹਾ। ਫਿਰ ਉਸ ਨੇ ਕੁਦਰਤ ਰਚੀ ਤੇ ਆਪ ਅਪਣੀ ਰਚਨਾ ਵਿਚ ਆਪਾ ਵੇਖਦਾ ਰਿਹਾ ਹੈ ਅਤੇ ਅਪਣੀ ਗੁਪਤ ਸ਼ਕਤੀ ਤੋਂ ਉਨ੍ਹਾਂ ਵਿਚ ਰੂਹਾਂ ਭਰੀ ਜਾਂਦਾ ਹੈ।ਅਪਣੇ ਨਿਰਗੁਣ ਵਿਅਕਤੀਤਵ ਤੋਂ ਉਸ ਨੇ ਹਵਾ ਅਤੇ ਜਲ ਰਚੇ।ਸੰਸਾਰ ਪੈਦਾ ਕਰਕੇ ਉਸ ਨੇ ਮਾਨਵ ਮਨ ਨੂੰ ਸਰੀਰ ਦੇ ਕਿਲ੍ਹੇ ਦਾ ਰਾਜਾ ਨੀਯਤ ਕੀਤਾ।ਅੱਗ, ਪਾਣੀ ਤੇ ਜੀਵਾਂ ਅੰਦਰ ਵਾਹਿਗੁਰੂ ਦਾ ਹੀ ਨੂਰ ਹੈ । ਹੇ ਵਾਹਿਗੁਰੂ! ਤੇਰੀ ਸ਼ਕਤੀ, ਤੇਰਾ ਨਿਰਗੁਣ ਵਿਅਕਤੀਤਵ, ਤੇਰੀ ਰਚਨਾ ਅੰਦਰ ਟਿਕਿਆ ਹੋਇਆ ਹੈ। ਨਿਰਗੁਣ ਪ੍ਰਭੂ ਤੋਂ ਹੀ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਪੈਦਾ ਹੋਏ ਹਨ (ਉਹ ਖੁਦ ਰੱਬ ਨਹੀਂ, ਰੱਬ ਦੇ ਰਚੇ ਹੋਏ ਪ੍ਰਾਣੀ ਹਨ)। ਨਿਰਗੁਣ ਪ੍ਰਭੂ ਤੋਂ ਹੀ ਸਾਰੇ ਯੁਗ ਉਤਪੰਨ ਹੋਏ ਹਨ। ਪੂਰਨ ਪੁਰਸ਼ ਹੀ ਪਰਮਾਤਮਾ ਦੀ ਇਸ ਅਵਸਥਾ ਨੂੰ ਸੋਚਦਾ ਸਮਝਦਾ ਹੈ ਜਿਸ ਨੂੰ ਮਿਲ ਕੇ ਸਾਰੇ ਸ਼ੰਕੇ ਨਵਿਰਤ ਹੋ ਜਾਂਦੇ ਹਨ।ਵਾਹਿਗੁਰੂ ਦੀ ਅਸੀਮ ਸ਼ਕਤੀ ਤੋਂ ਹੀ ਸੱਤ ਸਮੁੰਦਰ ਅਸਥਾਪਨ ਹੋਏ ਹਨ।ਜਿਸ ਨੇ ਸਾਰਾ ਵਿਸ਼ਵ ਰਚਿਆ ਉਹ ਆਪ ਹੀ ਵਿਸ਼ਵ ਬਾਰੇ ਸੋਚਦਾ-ਵਿਚਾਰਦਾ ਹੈ।ਜੋ ਆਤਮਾ ਗੁਰੂ ਦੀ ਦਇਆ ਸਦਕਾ ਸਾਧ ਸੰਗਤ ਦੇ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦੀ ਹੈ ਉਹ ਮੁੜ ਕੇ ਜੂਨਾਂ ਵਿਚ ਨਹੀਂ ਪੈਂਦੀ। ਨਿਰਗੁਣ ਵਾਹਿਗੁਰੂ ਤੋਂ ਹੀ ਸੂਰਜ ਅਤੇ ਆਸਮਾਨ ਉਤਪੰਨ ਹੋਏ ਹਨ।ਉਸ ਦਾ ਪ੍ਰਕਾਸ਼ ਸਮੂਹ ਹੀ ਤਿੰਨਾਂ ਲੋਆਂ ਅੰਦਰ ਰਮਿਆ ਹੋਇਆ ਹੈ।ਨਿਰਗੁਣ ਸਰੂਪ ਵਾਹਿਗੁਰੂ ਅਦ੍ਰਿਸ਼ਟ, ਅਨੰਤ ਅਤੇ ਪਾਵਨ ਪਵਿਤ੍ਰ ਹੈ ਅਤੇ ਨਿਰਾਲਾ ਹੋ ਕੇ ਸਮਾਧੀ ਵਿਚ ਲੀਨ ਹੈ।

ਮਾਰੂ ਮਹਲਾ ੧ ॥ ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥ ੧ ॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥ ੨ ॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸੁੰਨੇ ਵਰਤੇ ਜੁਗ ਸਬਾਏ ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥ ੩ ॥ ਸੁੰਨਹੁ ਸਪਤ ਸਰੋਵਰ ਥਾਪੇ ॥ ਜਿਨਿ ਸਾਜੇ ਵੀਚਾਰੇ ਆਪੇ ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥ ੪ ॥ ਸੁੰਨਹੁ ਚੰਦੁ ਸੂਰਜੁ ਗੈਣਾਰੇ ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥ ੫ ॥(ਪੰਨਾ ੧੦੩੭)

ਇਸ ਤਰ੍ਹਾਂ ਚਾਰ ਯੁਗਾਂ ਵਿਚ ਅਦ੍ਰਿਸ਼ਟ ਸੁਆਮੀ ਵਿਚਰਿਆ। ਸਾਰਿਆਂ ਸਰੀਰਾਂ ਤੇ ਹਿਰਦਿਆਂ ਵਿਚ ਉਹ ਰਮ ਗਿਆ।ਕੱਲ਼ਮਕੱਲਾ ਪਰਮਾਤਮਾ ਸਾਰੇ ਯੁਗਾਂ ਵਿਚ ਸਮਾਇਆ ਰਿਹਾ ਹੈ।ਇਸ ਦੀ ਸਮਝ ਵਿਰਲੇ ਗੁਰਮੁਖ ਨੂੰ ਹੀ ਹੋ ਸਕਦੀ ਹੈ।ਵੀਰਜ ਤੇ ਰੱਤ ਦੇ ਮਿਲਾਪ ਤੋਂ ਵਾਹਿਗੁਰੂ ਨੇ ਸਰੀਰ ਰਚੇ।ਹਵਾ, ਜਲ ਅਤੇ ਅੱਗ ਨਾਲ ਜੀਅ ਰਚੇ।ਉਹ ਮਨ-ਮੰਦਿਰ ਵਿਚ ਆਪ ਹੀ ਖੇਡਾਂ ਰਚਣ ਲੱਗ ਪਿਆ ਤੇ ਜੀਵ ਉਦਾਲੇ ਮੋਹ ਮਾਇਆ ਦਾ ਪਸਾਰਾ ਫੈਲਾ ਦਿਤਾ।ਮਾਤਾ ਦੇ ਪੇਟ ਅੰਦਰ ਜੀਵ ਉਲਟਾ ਲਟਕਦਾ ਵਾਹਿਗੁਰੂ ਦੀ ਬੰਦਗੀ ਕਰਦਾ ਇਸ ਸਥਿਤੀ ਤੋਂ ਮੁਕਤੀ ਦੀ ਮੰਗ ਕਰਦਾ ਰਿਹਾ।ਦਿਲਾਂ ਦੀਆਂ ਜਾਨਣਹਾਰਾ ਪ੍ਰਮਾਤਮਾ ਹੀ ਸਭ ਕੁਝ ਜਾਣਦਾ ਹੈ।ਮਾਤਾ ਦੇ ਪੇਟ ਅੰਦਰ ਹਰ ਸਾਹ ਨਾਲ ਬੰਦਾ ਅਪਣੇ ਹਿਰਦੇ ਅੰਦਰ ਸੱਚੇ ਨਾਮ ਦਾ ਸਿਮਰਨ ਕਰਦਾ ਸੀ।ਉਹ ਚਾਰ ਉਤਮ ਦਾਤਾਂ ਲੈਣ ਲਈ ਜਗਤ ਵਿਚ ਆਇਆ ਅਤੇ ਉਸਨੂੰ ਪਰਮਾਤਮਾ ਦੀ ਮਾਇਆ ਦੇ ਗ੍ਰਹਿ ਵਿਚ ਨਿਵਾਸ ਮਿਲਿਆ।ਜਦ ਬੰਦਾ ਉਸ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ ਤਾਂ ਉਹ ਬਾਜ਼ੀ ਹਾਰ ਜਾਂਦਾ ਹੈ, ਸੱਚ ਤੋਂ ਅੰਨ੍ਹਾਂ ਹੋਇਆ ਉਹ ਨਾਮ ਨੂੰ ਤਿਆਗ ਦਿੰਦਾ ਹੈ।

ਗੁਪਤੇ ਬੂਝਹੁ ਜੁਗ ਚਤੁਆਰੇ ॥ ਘਟਿ ਘਟਿ ਵਰਤੈ ਉਦਰ ਮਝਾਰੇ ॥ ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥ ੩ ॥ ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥ ਪਉਣੁ ਪਾਣੀ ਅਗਨੀ ਮਿਲਿ ਜੀਆ ॥ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥ ੪ ॥ ਗਰਭ ਕੁੰਡਲ ਮਹਿ ਉਰਧ ਧਿਆਨੀ ॥ ਆਪੇ ਜਾਣੈ ਅੰਤਰਜਾਮੀ ॥ ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ॥ ੫ ॥ ਚਾਰਿ ਪਦਾਰਥ ਲੈ ਜਗਿ ਆਇਆ ॥ ਸਿਵ ਸਕਤੀ ਘਰਿ ਵਾਸਾ ਪਾਇਆ ॥ ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥ ੬ ॥ (ਪੰਨਾ ੧੦੨੬-੧੦੨੭)

ਅਜੋਕੇ ਯੁਗਾਂ ਦੀ ਲੜੀ ਦਾ ਅਰੰਭ
ਫਿਰ ਯੁਗ ਸ਼ੁਰੂ ਹੋਏ ਤਾਂ ਸਤਿਯੁਗ ਵੇਲੇ ਮਾਨਵੀ ਸਰੀਰਾਂ ਵਿਚ ਸੱਤ ਤੇ ਸੰਤੋਖ ਸੀ।ਉਦੋਂ ਲੋਕੀ ਸੱਚੇ ਨਾਮ ਰਾਹੀਂ ਸੱਚੇ ਪਰਮਾਤਮਾ ਨਾਲ ਜੁੜੇ ਰਹਿੰਦੇ ਸਨ। ਸੱਚਾ ਵਾਹਿਗੁਰੂ ਸੱਚ ਦੀ ਕਸੌਟੀ ਤੇ ਲੋਕਾਂ ਨੂੰ ਪਰਖਦਾ ਸੀ ਤੇ ਸੱਚੇ ਹੁਕਮ ਦਿੰਦਾ ਸੀ।ਪੂਰਾ ਸਤਿਗੁਰ ਸਤਿ ਤੇ ਸੰਤੋਖੀ ਹੈ, ਜੋ ਗੁਰੂ੍ਰੂ ਦਾ ਸ਼ਬਦ ਮਂੰਨੇ ਉਹ ਹੀ ਹਿੰਮਤ ਵਾਲਾ ਹੈ। ਸੱਚੇ ਵਾਹਿਗੁਰੂ ਦੇ ਦਰਬਾਰ ਜਿੱਥੇ ਸੱਚਾ ਵਸਦਾ ਹੈ ਹੁਕਮ ਮੰਨਣਾ ਤੇ ਰਬ ਦੀ ਰਜ਼ਾ ਵਿਚ ਰਹਿਣਾ ਹੁੰਦਾ ਹੈ।ਸਤਿਯੁਗ ਵਿਚ ਹਰ ਕੋਈ ਸੱਚ ਬੋਲਦਾ ਸੀ ਅਤੇ ਕੇਵਲ ਉਹ ਹੀ ਸੱਚਾ ਜਾਣਿਆ ਜਾਂਦਾ ਸੀ ਜੋ ਸੱਚ ਦੀ ਕਮਾਈ ਕਰਦਾ ਸੀ॥ਮਨੁਖਾਂ ਦੇ ਹਿਰਦਿਆਂ ਅਤੇ ਮੁੱਖਾਂ ਤੇ ਸੱਚ ਸੀ ਅਤੇ ਗੁਰਾਂ ਦੀ ਦਇਆ ਸਦਕਾ ਸੱਚ ਉਨ੍ਹਾਂ ਦਾ ਸਹਾਈ-ਸਖਾ ਹੋਣ ਕਰਕੇ ਉਨ੍ਹਾਂ ਦਾ ਡਰ ਸੰਦੇਹ ਸਭ ਦੂਰ ਹੋਇਆ ਹੋਇਆ ਸੀ।

ਸਤਜੁਗਿ ਸਤੁ ਸੰਤੋਖੁ ਸਰੀਰਾ ॥ ਸਤਿ ਸਤਿ ਵਰਤੈ ਗਹਿਰ ਗੰਭੀਰਾ ॥ ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥ ੩ ॥ ਸਤ ਸੰਤੋਖੀ ਸਤਿਗੁਰੁ ਪੂਰਾ ॥ ਗੁਰ ਕਾ ਸਬਦੁ ਮਨੇ ਸੋ ਸੂਰਾ ॥ ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥ ੪ ॥ ਸਤਜੁਗਿ ਸਾਚੁ ਕਹੈ ਸਭੁ ਕੋਈ ॥ ਸਚਿ ਵਰਤੈ ਸਾਚਾ ਸੋਈ ॥ ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥ ੫ ॥ (ਪੰਨਾ ੧੦੨੩)

ਤ੍ਰੇਤੇ ਯੁਗ ਵੇਲੇ ਧਰਮ ਈਮਾਨ ਦੀ ਸ਼ਕਤੀ ਦੂਰ ਹੋ ਗਈ।ਧਰਮ ਦੇ ਤਿੰਨ ਪੈਰ ਰਹਿ ਗਏ ਭਾਵ ਦਵੈਤ ਭਾਵ ਕਰਕੇ ਧਰਮ ਦਾ ਚੌਥਾ ਪੈਰ ਨਿਕਲ ਗਿਆ।ਜੋ ਗੁਰਮੁਖ ਹੁੰਦੇ ਸਨ ਉਹ ਸੱਚਾ ਨਾਮ ਜਪਦੇ ਸਨ ਤੇ ਮਨਮੁਖ ਬੇਫਾਇਦਾ ਬਰਬਾਦ ਹੋ ਜਾਂਦੇ ਸਨ।ਂਅਧਰਮੀ ਪ੍ਰਭੂ ਦੇ ਦਰਬਾਰ ਵਿਚ ਕਦੇ ਵੀ ਕਾਮਯਾਬ ਨਹੀਂ ਹੁੰਦਾ। ਨਾਮ ਤੋਂ ਬਿਨਾ ਅੰਤਰਆਤਮਾ ਕਿਵੇਂ ਖੁਸ਼ ਹੋ ਸਕਦੀ ਹੈ?ਕਰਮਾਂ ਦੇ ਬੰਨ੍ਹੇ ਹੋਏ ਲੋਕੀ ਆਉਂਦੇ ਤੇ ਚਲੇ ਜਾਂਦੇ।ਉਹ ਕੁਝ ਵੀ ਜਾਣਦੇ ਸਮਝਦੇ ਨਹੀਂ।

ਤ੍ਰੇਤੈ ਧਰਮ ਕਲਾ ਇਕ ਚੂਕੀ॥ ਤੀਨਿ ਚਰਣ ਇਕ ਦੁਬਿਧਾ ਸੂਕੀ ॥ ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥ ੬ ॥ ਮਨਮੁਖਿ ਕਦੇ ਨ ਦਰਗਹ ਸੀਝੈ ॥ ਬਿਨੁ ਸਬਦੈ ਕਿਉ ਅੰਤਰੁ ਰੀਝੈ ॥ ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥ ੭ ॥ (ਪੰਨਾ ੧੦੨੩)

ਦੁਆਪਰ ਯੁਗ ਵਿਚ ਬੰਦਿਆਂ ਵਿਚ ਰਹਿਮ ਅੱਧਾ ਰਹਿ ਗਿਆ। ਕੋਈ ਇਕ ਅੱਧਾ ਗੁਰਮੁਖ ਹੀ ਆਪਾ ਪਛਾਣ ਕੇ ਪ੍ਰਮਾਤਮਾ ਦਾ ਨਾਮ ਜਪਦਾ ਸੀ।ਧਰਮ ਈਮਾਨ ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ।ਸਿਰਫ ਗੁਰਮੁਖ ਹੀ ਪ੍ਰਮਾਤਮਾ ਦੇ ਨਾਮ ਜਪਕੇ ਉਸ ਤਕ ਪਹੁੰਚਦੇ ਸਨ।ਰਾਜੇ ਅਪਣੇ ਕਿਸੇ ਮਨੋਰਥ ਲਈ ਹੀ ਸ਼ੁਭ ਕਾਰਜ ਕਰਦੇ ਸਨ ਤੇ ਕਿਸੇ ਉਮੀਦ ਨਾਲ ਬੱਝੇ ਉਹ ਪੁੰਨ ਦਾਨ ਕਰਦੇ ਸਨ ਪ੍ਰੰਤੂ ਵਾਹਿਗੁਰੂ ਦਾ ਨਾਮ ਜਪੇ ਵਗੈਰ ਉਨ੍ਹਾਂ ਨੂੰ ਮੁਕਤੀ ਨਹੀਂ ਮਿਲ ਸਕਦੀ ਸੀ ਸੋ ਉਹ ਹੋਰ ਕਰਮ-ਕਾਂਡਾਂ ਵਿਚ ਉਲਝ ਗਏ। ਕਰਮ-ਕਾਂਡਾਂ ਦੁਆਰਾ ਉਹ ਮੁਕਤੀ ਦੀ ਇੱਛਾ ਰਖਦੇ ਸਨ ਪਰ ਮੁਕਤੀ ਪ੍ਰਮਾਤਮਾ ਦੇ ਨਾਮ ਸਿਫਤ ਸਲਾਹ ਨਾਲ ਹੀ ਹੋ ਸਕਦੀ ਸੀ। ਗੁਰਾਂ ਤੋਂ ਪ੍ਰਾਪਤ ਨਾਮ ਬਿਨਾ ਮੁਕਤੀ ਨਹੀਂ ਸੀ ਹੋਣੀ ਪਖੰਡਾਂ ਦੁਆਰਾ ਜੀਵ ਜੂਨੀਆਂ ਵਿਚ ਭਟਕਦਾ ਰਹਿੰਦਾ ਹੈ।ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ। ਉਹ ਹੀ ਛੁਟਦੇ ਹਨ ਜੋ ਨੇਕ ਕਰਮ ਕਮਾਉਂਦੇ ਹਨ।ਦਿਨ ਰਾਤ ਬੰਦਗੀ ਵਾਲੇ ਬੰਦੇ ਸਾਈਂ ਦੀ ਬੰਦਗੀ ਵਿਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਅਪਣੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ।ਕਈ ਕਠਿਨ ਜਪ ਤਪ ਕਰਦੇ ਤੇ ਤੀਰਥੀਂ ਇਸ਼ਨਾਨ ਕਰਦੇ ਹਨ।ਜਿਸ ਤਰ੍ਹਾਂ ਵਾਹਿਗੁਰੂ ਚੰਗਾ ਲਗਦਾ ਹੈ ਦੁਨੀਆਂ ਉਸੇ ਤਰ੍ਹਾਂ ਚਲਦੀ ਹੈ।ਹੱਠ ਤਪ ਤੇ ਕਰਮ ਕਾਂਡ ਰਾਹੀਂ ਪਰਮਾਤਮਾ ਖੁਸ਼ ਨਹੀਂ ਹੁੰਦੀ।ਗੁਰ-ਪ੍ਰਮੇਸ਼ਵਰ ਬਾਝੋਂ ਭਲਾ ਕਦੇ ਕਿਸੇ ਨੂੰ ਇਜ਼ਤ ਪ੍ਰਾਪਤ ਹੋਈ ਹੈ?

ਦਇਆ ਦੁਆਪੁਰਿ ਅਧੀ ਹੋਈ ॥ ਗੁਰਮੁਖਿ ਵਿਰਲਾ ਚੀਨੈ ਕੋਈ ॥ ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥ ੮ ॥ ਰਾਜੇ ਧਰਮੁ ਕਰਹਿ ਪਰਥਾਏ ॥ ਆਸਾ ਬੰਧੇ ਦਾਨੁ ਕਰਾਏ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥ ੯ ॥ਕਰਮ ਧਰਮ ਕਰਿ ਮੁਕਤਿ ਮੰਗਾਹੀ ॥ ਮੁਕਤਿ ਪਦਾਰਥੁ ਸਬਦਿ ਸਲਾਹੀ ॥ ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥ ੧੦ ॥ ਮਾਇਆ ਮਮਤਾ ਛੋਡੀ ਨ ਜਾਈ ॥ ਸੇ ਛੂਟੇ ਸਚੁ ਕਾਰ ਕਮਾਈ ॥ ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥ ੧੧ ॥ ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥ ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥ ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥ ੧੨ ॥ (ਪੰਨਾ ੧੦੨੩)

ਅਜੋਕਾ ਯੁਗ (ਕਲਿਯੁਗ)
ਕਲਿਯੁਗ ਵਿਚ ਸਿਰਫ ਇਕ ਸ਼ਕਤੀ ਹੀ ਰਹਿ ਗਈ।ਪੂਰੇ ਗੁਰੂ ਬਿਨਾਂ ਇਹ ਬਿਆਨੀ ਨਹੀਂ ਜਾ ਸਕਦੀ।ਅਧਰਮੀ ਝੂਠ ਦੀ ਖੇਡ ਖੇਡਦੇ ਹਨ, ਸਤਿਗੁਰ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ।ਸਤਿਗੁਰ ਬੇ-ਪਰਵਾਹ ਸਿਰਜਣਹਾਰ ਹੈ।ਉਸ ਨੂੰ ਨਾ ਮੌਤ ਦਾ ਡਰ ਹੈ ਨਾਂ ਲੋਕਾਂ ਦੀ ਮੁਥਾਜੀ। ਜੋ ਪ੍ਰਮਾਤਮਾ ਦੀ ਸਾੇਵਾ ਕਰਦਾ ਹੈ ਉਹ ਅਮਰ ਹੋ ਜਾਂਦਾ ਹੈ ਅਤੇ ਉਸ ਮਨੂੰ ਮੌਤ ਦਾ ਦੁੱਖ ਨਹੀਨ ਰਹਿੰਦਾ। ਕਰਤਾਰ ਗੁਰਾਂ ਵਿਚ ਆਪ ਵਸਦਾ ਹੈ।ਗੁਰੂ ਦੀ ਕ੍ਰਿਪਾ ਦੁਆਰਾ ਅਸੰਖਾਂ ਦੇ ਪਾਰ ਉਤਾਰੇ ਹੋ ਜਾਂਦੇ ਹਨ।ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਆਂ ਦਾ ਦਾਤਾਰ ਹੈ, ਉਹ ਨਿਰਭਉ ਹੈ ਤੇ ਉਸ ਵਿਚ ਕੋਈ ਮੈਲ ਨਹੀਂ।ਹਰ ਕੋਈ ਪ੍ਰਭੂ ਦੇ ਭੰਡਾਰੀ ਗੁਰੂ ਤੋਂ ਖੈਰ ਮੰਗਦਾ ਹੈ।ਪ੍ਰਭੂ ਪਵਿਤ੍ਰ ਅਗਾਧ ਅਤੇ ਬੇਅੰਤ ਹੈ।ਗੁਰੂ ਜੀ ਸੱਚ ਫੁਰਮਾਉਂਦੇ ਹਨ ਕਿ ਸਭ ਵਾਹਗਿੁਰੂ ਤੋਂ ਹੀ ਮਿਲਣਾ ਹੈ ਤੇ ਉਸ ਦੀ ਰਜ਼ਾ ਵਿਚ ਰਹਿ ਕੇ ਉਸ ਦੇ ਨਾਮ ਦੀ ਮੰਗ ਹੀ ਸਹੀ ਹੈ।

ਕਲੀ ਕਾਲ ਮਹਿ ਇਕ ਕਲ ਰਾਖੀ ॥ ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥ ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥ ੧੩ ॥ ਸਤਿਗੁਰੁ ਵੇਪਰਵਾਹੁ ਸਿਰੰਦਾ ॥ ਨਾ ਜਮ ਕਾਣਿ ਨ ਛੰਦਾ ਬੰਦਾ ॥ ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥ ੧੪ ॥ ਗੁਰ ਮਹਿ ਆਪੁ ਰਖਿਆ ਕਰਤਾਰੇ ॥ ਗੁਰਮੁਖਿ ਕੋਟਿ ਅਸੰਖ ਉਧਾਰੇ ॥ ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥ ੧੫ ॥ ਸਗਲੇ ਜਾਚਹਿ ਗੁਰ ਭੰਡਾਰੀ ॥ ਆਪਿ ਨਿਰੰਜਨੁ ਅਲਖ ਅਪਾਰੀ ॥ ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥ ੧੬ ॥ ੪ ॥ (ਪੰਨਾ ੧੦੩੬)

ਸੰੰਸਾਰ ਨੂੰ ਅਪਣੇ ਆਪ ਰਚ ਕੇ ਵਾਹਿਗੁਰੂ ਸੰਸਾਰ ਤੋਂ ਨਿਰਾਲਾ ਰਹਿੰਦਾ ਹੈ ਤੇ ਉਸ ਨੇ ਅਪਣਾ ਸੱਚਾ ਟਿਕਾਣਾ ਸਥਾਪਿਤ ਕੀਤਾ ਹੈ।ਦਿਆਲੂ ਸੱਚੇ ਸਤਿਗੁਰ ਨੇ ਅਪਣਾ ਸੱਚਾ ਟਿਕਾਣਾ ਸਥਾਪਿਤ ਕੀਤਾ ਹੈ। ਹਵਾ, ਜਲ ਅਤੇ ਅੱਗ ਨੂੰ ਇਕੱਠੇ ਬੰਨ੍ਹ ਕੇ ਉਸ ਨੇ ਜੀਵ ਦੀ ਦੇਹ ਦਾ ਕਿਲ੍ਹਾ ਰਚਿਆ ਹੈ ਤੇ ਇਸ ਨੂੰ ਨੌ ਦਰਵਾਜ਼ੇ ਲਾਏ ਹਨ ਤੇ ਦਸਵਾਂ ਅਦ੍ਰਿਸ਼ਟ ਰਖਿਆ ਜਿਥੇ ਉਸ ਨੇ ਅਪਣਾ ਟਿਕਾਣਾ ਕੀਤਾ ਹੈ।ਪ੍ਰਭੂ ਪ੍ਰਸ਼ੰਸਕ ਨੂੰ ਸੱਤੇ ਸਮੂੰਦਰ ਵਾਹਿਗੁਰੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਨਿਰਮਲ ਹਨ ਅਤੇ ਗੁਰਮੁੱਖ ਵਿਚ ਕੋਈ ਮੈਲ ਨਹੀਂ ਦਿਸਦੀ। ਦੀਪਕ ਨੁਮਾ ਰੋਸਨਿ ਬਿਖੇਰਦੇ ਸੂਰਜ ਚੰਦ ਵਿਚ ਪਰਕਾਸ਼ ਪ੍ਰਮਾਤਮਾ ਦਾ ਹੀ ਹੈ ਜਿਨ੍ਹਾਂ ਨੂੰ ਰਚਕੇ ਵਾਹਿਗੁਰੂ ਅਪਣੀ ਪ੍ਰਭੂਤਾ ਨੂੰ ਮਾਣਦਾ ਹੈ। ਜੋਤ-ਸਰੂਪ ਦਾਤਾ ਸਭ ਨੂੰ ਸੁੱਖ ਵੰਡਦਾ ਹੈ ਤੇ ਉਸ ਸੱਚੇ ਨੂੰ ਮਿਲਕੇ ਜੀਵ ਸੋਭਾ ਪਾਉਂਦਾ ਹੈ।

ਮਾਰੂ ਮਹਲਾ ੧ ॥ ਆਪੇ ਆਪੁ ਉਪਾਇ ਨਿਰਾਲਾ ॥ ਸਾਚਾ ਥਾਨੁ ਕੀਓ ਦਇਆਲਾ ॥ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥ ੧ ॥ ਨਉ ਘਰੁ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥ ੨ ॥ ਰਵਿ ਸਸਿ ਦੀਪਕ ਜੋਤਿ ਸਬਾਈ ॥ ਆਪੇ ਕਰਿ ਵੇਖੈ ਵਡਿਆਈ ॥ ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥ ੩ ॥(ਪੰਨਾ ੧੦੩੮)

ਹੇ ਵਾਹਿਗੁਰੂ ਤੂੰ ਇਕੋ ਇਕ ਨਿਰਾਲਾ ਰਾਜਾ ਹੈਂ ਜੋ ਅਪਣੇ ਲੋਕਾਂ ਦੇ ਕਾਰਜ ਆਪ ਹੀ ਸੰਵਾਰਦਾ ਹੈ।ਤੂੰ ਅਮਰ, ਅਡੋਲ, ਅਪਾਰ ਅਮੋਲਕ ਹੈ ਤੇ ਤੇਰਾ ਸੁੰਦਰ ਟਿਕਾਣਾ ਅਸਥਿਰ ਹੈ ਜੋ ਹਰ ਜੀਵ ਵਿਚ ਹੈ। ਤੇਰੀ ਨਗਰੀ ਜੀਵ ਦੀ ਦੇਹੀ ਹੈ ਜੋ ਬੜੀ ਉਤਮ ਬਣਾਈ ਹੈ ਜਿਸ ਵਿਚ ਪਰਮ ਪਵਿਤਰ ਪੰਚਾਂ ਦੀ ਪਰਧਾਨੀ ਹੈ ਜਿਨ੍ਹਾਂ ਉਪਰ ਅਫੁਰ ਸਮਾਧੀ ਵਿਚ ਨਿਰਾਲਾ ਏਕੰਕਾਰ ਸਥਿਤ ਹੈ।ਸਿਰਜਣਹਾਰ ਨੇ ਦੇਹੀ ਨੂੰ ਨੌਂ ਦਰਵਾਜੇ ਲਾਏ ਹਨ ਤੇੁ ਦਸਵੇਂ ਵਿਚ ਨਿਰਲੇਪ, ਨਿਰਾਲਾ, ਲਾਸਾਨੀ ਪਰਮਾਤਮਾ ਬੰਦੇ ਨੂੰ ਅਪਣਾ ਆਪ ਦਰਸਾਉਂਦਾ ਹੈ।ਪ੍ਰਭੂ ਦਾ ਦਰਬਾਰ ਸੱਚਾ ਹੈ ਜਿਥੋਂ ਉਹ ਸੱਚੇ ਫੁਰਮਾਨ ਅਤੇ ਪਰਵਾਨੇ ਜਾਰੀ ਕਰਦਾ ਹੈ।ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜੀਵ ਨੂੰ ਉਸ ਪਰਮ ਪਿਤਾ ਪਰਮਾਤਮਾ ਨੂੰ ਅਪਣੇ ਅੰਦਰੋਂ ਹੀ ਖੋਜ ਕੇ ਰਾਮ ਨਾਮ ਜ਼ਰੀਏ ਉਸ ਨੂੰ ਪਾਉਣਾ ਚਾਹੀਦਾ ਹੈ। ਵਾਹਿਗੁਰੂ ਸਰਵ-ਵਿਆਪਕ, ਪਵਿਤਰ ਤੇ ਸੁਜਾਨ ਹੈ, ਉਹ ਇਨਸਾਫ ਕਰਦਾ ਹੈ ਅਤੇ ਉਸਦਾ ਗਿਆਨ ਗੁਰੂ ਦੇ ਗਿਆਨ ਵਿਚੋਂ ਮਿਲਦਾ ਹੈ।ਕਾਮ ਕ੍ਰੋਧ ਹਉਮੈਂ ਤੇ ਲੋਭ ਨੂੰ ਉਹ ਗਿਚੀਓਂ ਫੜ ਕੇ ਮਾਰ ਸੁਟਦਾ ਹੈ।ਰੂਪ ਰੰਗ ਰਹਿਤ ਵਾਹਿਗੁਰੂ ਸੱਚੇ ਅਸਥਾਨ ਅੰਦਰ ਵਸਦਾ ਹੈ ਕੇਵਲ ਉਹ ਹੀ ਉਸ ਦਾ ਨਾਮ ਜਪਦਾ ਹੈ ਜੋ ਆਪੇ ਦੀ ਪਛਾਣ ਕਰਦਾ ਹੈ।ਸੱਚੇ ਮੰਦਿਰ ਅੰਦਰ ਵਸਦਾ ਸਾਹਿਬ ਬੰਦੇ ਨੂੰ ਆਵਾਗੌਣ ਤੋਂ ਮੁਕਤ ਕਰਾਂਦਾ ਹੈ।

ਤੂ ਏਕੰਕਾਰੁ ਨਿਰਾਲਮੁ ਰਾਜਾ ॥ ਤੂ ਆਪਿ ਸਵਾਰਹਿ ਜਨ ਕੇ ਕਾਜਾ ॥ ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥ ੨ ॥ ਦੇਹੀ ਨਗਰੀ ਊਤਮ ਥਾਨਾ ॥ ਪੰਚ ਲੋਕ ਵਸਹਿ ਪਰਧਾਨਾ ॥ ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥ ੩ ॥ ਦੇਹੀ ਨਗਰੀ ਨਉ ਦਰਵਾਜੇ ॥ ਸਿਰਿ ਸਿਰਿ ਕਰਣੈਹਾਰੈ ਸਾਜੇ ॥ ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥ ੪ ॥ ਪੁਰਖੁ ਅਲੇਖੁ ਸਚੇ ਦੀਵਾਨਾ ॥ ਹੁਕਮਿ ਚਲਾਏ ਸਚੁ ਨੀਸਾਨਾ ॥ ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥ ੫ ॥ ਸਰਬ ਨਿਰੰਜਨ ਪੁਰਖੁ ਸੁਜਾਨਾ ॥ ਅਦਲੁ ਕਰੇ ਗੁਰ ਗਿਆਨ ਸਮਾਨਾ ॥ ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥ ੬ ॥ ਸਚੈ ਥਾਨਿ ਵਸੈ ਨਿਰੰਕਾਰਾ ॥ ਆਪਿ ਪਛਾਣੈ ਸਬਦੁ ਵੀਚਾਰਾ ॥ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥ ੭ ॥ (ਪੰਨਾ ੧੦੩੯)

ਮੈਂ ਜਿਧਰ ਵੀ ਵੇਖਦਾ ਹਾਂ ਮੈਨੂੰ ਦੀਨ ਦਿਆਲ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ।ਕ੍ਰਿਪਾਲੂ ਪ੍ਰਭੂ ਆਉਣ ਜਾਣ ਦੇ ਚਕਰਾਂ ਤੋਂ ਬਾਹਰ ਹੈ।ਸਾਰਿਆਂ ਜੀਵਾਂ ਅੰਦਰ ਉਹ ਗੈਬੀ ਤਰੀਕੇ ਨਾਲ ਸਮਇਆ ਹੋਇਆ ਹੈ ਪਰ ਆਪ ਨਿਰਲੇਪ ਰਹਿੰਦਾ ਹੈ।ਜਗ ਉਸ ਦਾ ਪ੍ਰਤੀਬਿੰਬ ਹੈ, ਉਸ ਦਾ ਅਪਣਾ ਕੋਈ ਮਾਂ ਬਾਪ ਨਹੀਂ, ਨਾ ਉਸ ਦਾ ਕੋਈ ਭੈਣ ਭਰਾ ਹੈ ਕਿਉਂਕਿ ਉਹ ਜਨਮ ਮਰਨ ਵੰਸ਼ ਜਾਤ ਰਿਸ਼ਤੇ ਨਾਤੇ ਤੋਂ ਬਾਹਰ ਹੈ। ਮੇਰੇ ਜੀ ਨੂੰ ਉਹ ਹੁਣ ਚੰਗਾ ਲੱਗਣ ਲੱਗ ਪਿਆ ਹੈ। ਹੇ ਵਾਹਿਗੁਰੂ ਤੂਂ ਅਵਿਨਾਸ਼ੀ ਹੈ, ਸਦਾ ਸਦਾ ਹੈਂ ਕਿਉਂਕਿ ਤੇਰੇ ਉਪਰ ਕੋਈ ਕਾਲ ਨਹੀਂ, ਮੌਤ ਨਹੀਂ।ਤੇਰੇ ਬਾਰੇ ਕਿਵੇਂ ਬਿਆਨਾਂ; ਤੂੰ ਬਿਆਨੋਂ ਬਾਹਰ ਹੈਂ ਅਪਹੁੰਚ ਹੈ ਤੇ ਨਿਰਲੇਪ ਹੈਂ। ਤੂੰ ਸੱਚਾ, ਸੰਤੁਸ਼ਟ ਤੇ ਪਰਮ ਸ਼ੀਤਲ ਹੈਂ ਇਸ ਲਈ ਇਨਸਾਨ ਦੀ ਤੇਰੇ ਨਾਲ ਲਿਵ ਸ਼ਾਂਤ ਅਤੇ ਠੰਢੇ ਸੁਭਾੳੇ ਨਾਲ ਹੀ ਲੱਗ ਸਕਦੀ ਹੈ।

ਮਾਰੂ ਮਹਲਾ ੧ ॥ ਜਹ ਦੇਖਾ ਤਹ ਦੀਨ ਦਇਆਲਾ ॥ ਆਇ ਨ ਜਾਈ ਪ੍ਰਭੁ ਕਿਰਪਾਲਾ ॥ ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥ ੧ ॥ ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥ ਨਾ ਤਿਸੁ ਭੈਣ ਨ ਭਰਾਉ ਕਮਾਇਆ ॥ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥ ੨ ॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥ ੩ ॥ (ਪੰਨਾ ੧੦੩੮)

ਆਦਿ ਵਿਚ ਵੀ ਤੇ ਅੰਤ ਵਿਚ ਵੀ ਪ੍ਰਮਾਤਮਾ ਸੰਪੂਰਨ ਹੈ ਤਿਸ ਬਿਨ ਹੋਰ ਕੋਈ ਨਹੀਂ।ਜੋ ਕਰਤਾ ਕਰਦਾ ਹੈ ਸੋਈ ਹੁੰਦਾ ਹੈ

ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥(ਪੰਨਾ ੬੭੫)
ਆਦਿ ਅੰਤਿ ਮਧਿ ਪ੍ਰਭੁ ਸੋਈ ॥ ਆਪੇ ਕਰਤਾ ਕਰੇ ਸੁ ਹੋਈ ॥ (ਪੰਨਾ ੧੦੮੫)

ਵਾਹਿਗੁਰੂ ਹੀ ਕੇਵਲ ਸੱਚਾ ਹੈ ਹੋਰ ਕੋਈ ਨਹੀਂ ਜਿਸ ਨੇ ਸੰਸਾਰ ਰਚਿਆ ਹੈ ਤੇ ਓੜਕ ਨੂੰ ਉਹ ਹੀ ਇਸ ਦਾ ਅੰਤ ਕਰੇਗਾ।

ਸਾਚਾ ਸਚੁ ਸੋਈ ਅਵਰੁ ਨ ਕੋਈ॥ਜਿਨਿ ਸਿਰਜੀ ਤਿਨ ਹੀ ਫੁਨਿ ਗੋਈ॥ (ਪੰਨਾ ੧੦੨੦)

ਉਸ ਨੇ ਜੀਵਾਂ ਦੇ ਆਉਣ ਜਾਣ ਦਾ ਇੱਕ ਖੇਲ੍ਹ ਬਣਾਇਆ ਤੇ ਮਾਇਆ ਅਪਣੀ ਆਗਿਆਕਾਰ ਬਣਾ ਲਈ। ਉਹ ਸਭ ਵਿਚ ਜਾ ਵਸਿਆ ਪਰ ਸਭ ਤੋਂ ਅਲਿਪਤ ਹੀ ਰਹਿੰਦਾ ਹੈ। ਜੋ ਕੁਝ ਕਹਿਣਾ ਹੈ ਉਹ ਸਭ ਆਪ ਹੀ ਕਹਿੰਦਾ ਹੈ।ਹਰ ਕੋਈ ਉਸ ਦੇ ਹੁਕਮ ਨਾਲ ਇਸ ਦੁਨੀਆਂ ਤੇ ਆਉਂਦਾ ਹੈ ਤੇ ਜਦ ਹੁਕਮ ਹੁੰਦਾ ਹੈ ਤੁਰ ਜਾਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਅਪਣੇ ਆਪ ਵਿਚ ਸਮਾ ਲੈਂਦਾ ਹੈ:

ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥ ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥ ੬ ॥ (ਪੰਨਾ ੨੯੪)

ਉਸ ਨੇ ਕਈ ਵਾਰ ਜਗਤ ਦਾ ਪਾਸਾਰ ਕੀਤਾ, ਕਈ ਜੁਗਤਾਂ ਨਾਲ ਜਗਤ ਦਾ ਵਿਸਥਾਰ ਕੀਤਾ ਪਰ ਉਹ ਆਪ ਹਮੇਸ਼ਾ ਇੱਕ ਹੀ ਰਿਹਾ। ਉਸ ਨੇ ਕਈ ਕ੍ਰੋੜ ਜੀਵ ਕਈ ਤਰੀਕਿਆਂ ਨਾਲ ਪੈਦਾ ਕੀਤੇ ਜੋ ਸਾਰੇ ਪ੍ਰਭੂ ਤੋਂ ਹੀ ਹੋਏ ਤੇ ਫਿਰ ਪ੍ਰਭੂ ਵਿਚ ਸਮਾ ਗਏ।ਉਸ ਦਾ ਅੰਤ ਕੋਈ ਨਹੀਂ ਜਾਣਦਾ, ਗੁਰੂ ਜੀ ਫੁਰਮਾਉਂਦੇ ਹਨ ਪ੍ਰਭੂ ਅਪਣੇ ਆਪ ਵਿਚ ਹੀ ਸਭ ਕੁਝ ਹੈ।

ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥ ੭ ॥ (ਪੰਨਾ ੨੭੬)

ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਨੇ ਰਚਨਾ ਬੜੀਆਂ ਵਿਧੀਆ ਨਾਲ ਅਨੇਕਾਂ ਪ੍ਰਕਾਰ ਰਚੀ।ਉਸ ਨੇ ਕਈ ਕ੍ਰੋੜ ਪੌਣ ਪਾਣੀ ਤੇ ਅਗਨੀਆਂ ਰਚੇ, ਕਈ ਕ੍ਰੋੜ ਦੇਸ ਤੇ ਭੂ ਮੰਡਲ ਰਚੇ, ਕਈ ਕ੍ਰੋੜ ਚੰਦ ਸੂਰਜ ਤੇ ਗ੍ਰਹਿ ਰਚੇ ਕਈ ਕ੍ਰੋੜ ਜੀਵਾਂ ਦੀਆਂ ਖਾਣੀਆਂ ਹਨ ਅਤੇ ਕਈ ਕ੍ਰੋੜ ਧਰਤੀ ਦੇ ਖੰਡ ਹਨ, ਕਈ ਕ੍ਰੋੜ ਅਕਾਸ਼ ਤੇ ਬ੍ਰਹਿਮੰਡ ਹਨ:

ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥ ੧ ॥ (ਪੰਨਾ ੨੭੫)
ਅਨਿਕ ਬਿਸਥਾਰ ਏਕ ਤੇ ਭਏ ॥ ਏਕੁ ਅਰਾਧਿ ਪਰਾਛਤ ਗਏ ॥ (ਪੰਨਾ ੨੮੯)
ਕਈ ਕੋਟਿ ਪਵਣ ਪਾਣੀ ਬੈਸੰਤਰ ॥ ਕਈ ਕੋਟਿ ਦੇਸ ਭੂ ਮੰਡਲ ॥ ਕਈ ਕੋਟਿ ਸਸੀਅਰ ਸੂਰ ਨਖੵਤ੍ਰ ॥(ਪੰਨਾ ੨੭੫)
ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ (ਪੰਨਾ ੨੭੭)
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥ ੧ ॥ (ਪੰਨਾ ੨੯੬)

ਉਹ ਆਪ ਵੀ ਸੱਚਾ ਹੈ ਤੇ ਉਸ ਦਾ ਕੀਤਾ ਵੀ ਸਭ ਸੱਚ ਹੈ । ਸਾਰੀ ਉਤਪਤੀ ਪ੍ਰਭੂ ਤੋਂ ਹੀ ਹੋਈ ਹੈ। ਜਦ ਉਸਦਾ ਜੀ ਕਰਦਾ ਹੈ ਵਿਸਥਾਰ ਕਰਦਾ ਹੈ ਤੇ ਜਦ ਜੀ ਕਰੇ ਸਭ ਸਮੇਟ ਕੇ ਏਕੰਕਾਰ ਹੋ ਜਾਂਦਾ ਹੈ:

ਆਪਿ ਸਤਿ ਕੀਆ ਸਭੁ ਸਤਿ ॥ ਤਿਸੁ ਪ੍ਰਭ ਤੇ ਸਗਲੀ ਉਤਪਤਿ ॥ ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥ (ਪੰਨਾ ੨੯੪)

ਸਾਰੀ ਰਚਨਾ ਨੂੰ ਇਕ ਸੂਤਰ ਵਿਚ ਪਰੋਇਆ । ਉਸਨੂੰ ਜੋ ਭਾਉਂਦਾ ਹੈ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ:

ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥ ੩ ॥ (ਪੰਨਾ ੨੭੬)

ਜਦ ਉਸਦਾ ਜੀ ਕੀਤਾ ਸਾਰੀ ਸਮਗਰੀ ਸਮੇਟ ਲਈ ਤੇ ਫਿਰ ਇਕ ਹੋ ਗਿਆ ਤੇ ਜਦ ਜੀ ਕੀਤਾ ਵਿਸਥਾਰ ਕਰ ਲਿਆ।ਜੀ ਕੀਤਾ ਤਾਂ ਹੋਰ ਸ਼੍ਰਿਸ਼ਟੀ ਰਚ ਲਈ ਤੇ ਜੀ ਕੀਤਾ ਤਾਂ ਅਪਣੇ ਵਿਚ ਸਮਾ ਲਈ। ਪ੍ਰਮਾਤਮਾ ਤੋਂ ਵੱਖ ਕੁਝ ਵੀ ਨਹੀਂ ਹੁੰਦਾ। ਸਾਰਾ ਜਗਤ ਇਕ ਸੂਤਰ ਵਿਚ ਪਰੋਇਆ ਹੋਇਆ ਹੈ। ਜਿਸ ਨੂੰ ਇਹ ਭੇਦ ਵਾਹਿਗੁਰੂ ਆਪ ਬੁਝਾਉਂਦਾ ਹੈ ਸਚੁ ਨਾਮ ਉਹੀ ਜਨ ਪਾਉਂਦਾ ਹੈ:

ਆਪਹਿ ਏਕੁ ਆਪਿ ਬਿਸਥਾਰੁ ॥ ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ ਆਪਨੈ ਭਾਣੈ ਲਏ ਸਮਾਏ ॥ ਤੁਮ ਤੇ ਭਿੰਨ ਨਹੀ ਕਿਛੁ ਹੋਇ ॥ ਆਪਨ ਸੂਤਿ ਸਭੁ ਜਗਤੁ ਪਰੋਇ ॥ ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ ਸਚੁ ਨਾਮੁ ਸੋਈ ਜਨੁ ਪਾਏ ॥ (ਪੰਨਾ ੨੯੨)

ਵਾਹਿਗੁਰੂ ਸੱਚਾ ਹੈ ਭਾਵ ਅਟੱਲ ਹੈ ਬਦਲਣਹਾਰ ਨਹੀਂ । ‘ਆਦਿ’ ਭਾਵ ਜਦ ਸਮਾਂ ਸਥਾਨ ਦੀ ਹੋਂਦ ਤੇ ਮਹਤਵ ਨਹੀਂ ਸੀ ਤੇ ਯੁਗ ਸ਼ੁਰੂ ਨਹੀਂ ਸੀ ਹੋਏ, ਉਹ ਉਦੋਂ ਵੀ ਸੀ। ਜਦ ਯੁਗ ਸ਼ੁਰੂ ਹੋਏ ਉਦੋਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਨੂੰ ਵੀ ਨਿਸਚੇ ਹੀ ਉਸੇ ਦੀ ਹੋਂਦ ਹੋਵੇਗੀ।ਵਾਹਿਗੁਰੂ ਸਦੀਵ ਹੀ ਸੱਚਾ ਹੈ । ਉਹ ਸਭ ਸੱਚ ਹੈ ਤੇ ਸੱਚਾ ਹੈ ਉਸਦਾ ਨਾਮ। ਜਿਸ ਨੇ ਸ਼੍ਰਿਸ਼ਟੀ ਸਾਜੀ ਹੈ ਉਹ ਹੈ ਤੇ ਹੋਵੇਗਾ ਭੀ। ਸ਼੍ਰਿਸ਼ਟੀ ਦਾ ਅੰਤ ਵੀ ਹੋ ਜਾਵੇਗਾ ਤਾਂ ਵੀ ਉਹ ਹੋਵੇਗਾ।ਪ੍ਰਭੂ ਹਮੇਸ਼ਾ ਸਤਿ ਹੈ।ਉਹ ਆਪ ਸਚੁ ਹੈ ਤੇ ਉਸਦਾ ਕੀਤਾ ਹੋਇਆ ਵੀ ਸਭ ਸੱਚ ਹੈ। ਉਹ ਸੱਚਾ ਤੇ ਸੁੰਦਰ ਹੈ ਅਤੇ ਪਰਮ ਅਨੰਦ ਸਦਾ ਉਸਦੇ ਅੰਦਰ ਵਸਦਾ ਹੈ।ਵੱਡੇ ਬਾਦਸ਼ਾਹਾਂ ਦੇ ਸਿਰ ਉਤੇ ਵੀ ਸੱਚਾ ਸਾਹਿਬ ਹੈ ਹੋਰ ਕੋਈ ਦੂਜਾ ਨਹੀਂ।

ਹੇ ਪ੍ਰਭੂ ਤੇਰਾ ਨਾਮ ਸੱਚਾ ਹੈ ਅਤੇ ਸੱਚਾ ਹੈ ਤੇਰੇ ਨਾਮ ਦਾ ਸਿਮਰਨ।ਸੱਚਾ ਹੈ ਤੇਰਾ ਮਹਿਲ ਤੇ ਸੱਚਾ ਹੈ ਤੇਰੇ ਨਾਮ ਦਾ ਵਣਜ।ਮਿਠਾ ਹੈ ਤੇਰੇ ਨਾਮ ਤੇ ਤੇਰੇ ਨਾਮ ਦਾ ਵਪਾਰ, ਦਿਨ ਰਾਤ ਤੇਰੀ ਭਗਤੀ ਲਾਹੇਵੰਦੀ ਹੈ।ਨਾਮ ਦੇ ਵਪਾਰ ਬਿਨਾ ਮੈਨੂੰ ਹੋਰ ਕੋਈ ਵਪਾਰ ਨਹੀਂ ਖਿਆਲ ਹੀ ਨਹੀਂ ਆਉਂਦਾ।ਹਰ ਪਲ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿਣਾ ਹੈ।ਸੱਚੇ ਸਾਹਿਬ ਦੀ ਦਇਆ ਕਰਕੇ ਮੇਰੇ ਕਰਮਾਂ ਦਾ ਲੇਖਾ ਪਰਖਿਆ ਹੈ ਤੇ ਪੁੂਰੇ ਕਰਮਾ ਸਦਕਾ ਅਪਣੀ ਨਦਰ ਬਖਸ਼ੀ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਸੱਚੇ ਵਾਹਿਗੁਰੂ ਦੇ ਨਾਮ ਦਾ ਮਹਾ ਰਸ ਪੂਰੇ ਗੁਰੂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜੋ ਸਤਿਗੁਰ ਦੀ ਸੇਵਾ ਕਰਦਾ ਹੈ ਵੱਡੇ ਭਾਗਾਂ ਵਾਲਾ ਹੈ। ਸਹਿਜ ਸੁਭਾ ਸੱਚੇ ਨਾਲ ਸੱਚੀ ਲਿਵ ਲਗ ਜਾਂਦੀ ਹੈ।ਸਚੋ ਸੱਚ ਕਮਾਉਗੇ ਤਾਂ ਸਚੇ ਨਾਲ ਮੇਲ ਹੋ ਜਾਵੇਗਾ।ਜਿਸ ਨੂੰ ਸੱਚਾ ਦਿੰਦਾ ਹੈ ਸੋ ਸੱਚੇ ਦਾ ਨਾਮ ਪਾਉਂਦੇ ਹਨ। ਜਦ ਅੰਦਰ ਸੱਚ ਵਸਦਾ ਹੈ ਤਾਂ ਸਾਰੇ ਭਰਮ ਖਤਮ ਹੋ ਜਾਂਦੇ ਹਨ।ਸੱਚੇ ਜੀਵ ਦਾ ਪਰਮਾਤਮਾ ਆਪ ਹੈ ਜਿਸ ਨੂੰ ਉਹ ਸਚੁ ਦਿੰਦਾ ਹੈ ਸੋ ਉਸਨੂੰ ਪਾ ਲੈਂਦਾ ਹੈ।ਸੱਚਾ ਹਰ ਥਾਂ ਵਸ ਰਿਹਾ ਹੈ ਉਸੇ ਨਾਲ ਲਿਵ ਲਾਉਣੀ ਹੈ। ਜਿਸ ਨੇ ਸ਼ਬਦ ਗੁਰੂ ਰਾਹੀਂ ਨਿਰਭਉ ਸੱਚੇ ਸਤਿਗੁਰੂ ਨੂੰ ਜਾਣ ਲਿਆ, ਸੱਚਾ ਉਸਦੀ ਜੋਤ ਨੂੰ ਅਪਣੀ ਜੋਤ ਵਿਚ ਮਿਲਾ ਲੈਂਦਾ ਹੈ। ਸੱਚੇ ਪਰਮਾਤਮਾ ਦੀ ਸਿਫਤ ਸਲਾਹ ਸੱਚੀ ਹੈ ਸੋ ਸੱਚੇ ਦੀ ਸੱਚੀ ਸਿਫਤ ਸਲਾਹ ਕਰ।ਨਿਰਾਲਾ ਪਰਮ ਪੁਰਖ ਪਰਮਾਤਮਾ ਸੱਚਾ ਹੈ। ਉਸ ਸੱਚੇ ਨੂੰ ਸੇਵੋਗੇ ਤਾਂ ਮਨ ਵਿਚ ਸੱਚ ਵਸ ਜਾਵੇਗਾ। ਉਹ ਸੱਚੋ-ਸੱਚੁ ਹਰੀ ਤੁਹਾਡਾ ਰਖਵਾਲਾ ਹੋਵੇਗਾ। ਜਿਨ੍ਹਾਂ ਨੇ ਸੱਚੇ-ਸੱਚ ਨੂੰ ਅਰਾਧਿਆ ਹੈ ਉਹ ਸੱਚੇ ਵਾਹਿਗੁਰੂ ਨੂੰ ਜਾ ਮਿਲੇ ਹਨ।ਜਿਨ੍ਹਾਂ ਨੇ ਸੱਚੇ-ਸੱਚੁ ਨੂੰ ਨਹੀਂ ਸੇਵਿਆ ਉਹ ਮੂੜ੍ਹ ਬੇਤਾਲੇ ਮਨਮੁਖ ਹਨ, ਮੂਹੋਂ ਆਲ-ਪਤਾਲ ਬੋਲਦੇ ਹਨ (ਏਧਰ ਓਧਰ ਦੀਆਂ ਗੱਲਾਂ ਕਰਦੇ ਹਨ) ਜਿਵੇਂ ਨਸ਼ੇ ਵਿਚ ਸ਼ਰਾਬੀ ਬੋਲਦੇ ਹਨ: ।

ਸੱਚੇ-ਸੱਚੁ ਨੂੰ, ਜਿਸ ਨੇ ਦਿਨ ਰਾਤ ਬਣਾਏ ਹਨ, ੳੇਸ ਦੀ ਰਚੀ ਕੁਦਰਤ ਰਾਹੀਂ ਜਾਣਿਆ ਜਾ ਸਕਦਾ ਹੈ। ਉਸ ਸੱਚੇ ਦੀ ਸਿਫਤ ਸਲਾਹ ਹਮੇਸ਼ਾ ਲਗਾਤਾਰ ਕਰਨੀ ਚਾਹੀਦੀ ਹੈ, ਉਸ ਦੀਆਂ ਵਡਿਆਈ ਲਗਾਤਾਰ ਉਚਾਰਨੀ ਚਾਹੀਦੀ ਹੈ।ਸੱਚੇ ਪਰਮਾਤਮਾ ਦੀ ਸਿਫਤ ਸਲਾਹ ਸੱਚੀ ਹੈ; ਉਸ ਸੱਚੇ ਦੇ ਸੱਚ ਦੀ ਕੀਮਤ ਕੋਈ ਨਹੀਂ ਪਾ ਸਕਦਾ। ਜਦ ਪੂਰਾ ਸਤਿਗੁ੍ਰੁਰੂ ਮਿਲਦਾ ਹੈ ਤਾਂ ਉਹ ਸੱਚੇ ਪਰਮਾਤਮਾ ਦੇ ਸਾਹਵੇਂ ਦਰਸ਼ਨ ਕਰਵਾ ਦਿੰਦਾ ਹੈ।ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨੂੰ ਸਲਾਹਿਆ ਹੈ ਉਨ੍ਹਾਂ ਦੀ ਹਰ ਭੁੱਖ ਮਿਟ ਜਾਦੀ ਹੈ। ਸਚੇ ਸੱਚੁ ਦੇ ਉਹ ਜਨ ਭਗਤ ਹਨ ਜੋ ਸੱਚੁ-ਸੱਚੇ ਦੀ ਅਰਾਧਨਾ ਕਰਦੇ ਹਨ।ਜਿਨ੍ਹਾਂ ਗੁਰਮੁਖਾਂ ਨੇ ਉਸਨੂੰ ਖੋਜਿਆ ਹੈ ਤਿਨ੍ਹਾਂ ਨੇ ਉਸਨੂੰ ਅੰਦਰੋਂ ਹੀ ਲੱਭ ਲਿਆ ਹੈ। ਜਿਨ੍ਹਾਂ ਨੇ ਸੱਚੇ ਸੱਚ ਸਹਿਬ ਨੂੰ ਮਨੋਂ ਸਵਿਆ ਹੈ ਉਨ੍ਹਾਂ ਨੇ ਕਾਲ ਨੂੰ ਮਾਰ ਲੀਤਾ ਹੈ, ਸਾਧ ਲਿਆ ਹੈ।ਸੱਚੁ ਸੱਚਾ ਸੱਭ ਤੋਂ ਵੱਡਾ ਹੈ ਜੋ ਸੱਚੁ ਨੂੰ ਸੇਂਵਦੇ ਹਨ ਉਹ ਸੱਚ ਨਾਲ ਮਿਲ ਜਾਂਦੇ ਹਨ। ਸੱਚੁ ਸੱਚੇ ਦੇ ਸ਼ਾਬਾਸ਼ੇ ਜੋ ਸੱਚੀ ਸੇਵਾ ਨੂੰ ਫਲ ਲਾਉਂਦਾ ਹੈ। ਸੱਚ ਅਪਣੇ ਨਾਲ ਮੇਲ ਖੁਦ ਕਰਾਉਂਦਾ ਹੈ; ਇਹ ਮੇਲ ਸ਼ਬਦ (ਨਾਮ) ਰਾਹੀਂ ਹੀ ਹੁੰਦਾ ਹੈ।

ਜਦ ਯੁਗ ਸ਼ੁਰੂ ਹੋਏ ਤਾਂ ਸਤਿਯੁਗ ਵੇਲੇ ਮਾਨਵੀ ਸਰੀਰਾਂ ਵਿਚ ਸੱਤ ਤੇ ਸੰਤੋਖ ਸੀ।ਉਦੋਂ ਲੋਕੀ ਸੱਚੇ ਨਾਮ ਰਾਹੀਂ ਸੱਚੇ ਪਰਮਾਤਮਾ ਨਾਲ ਜੁੜੇ ਰਹਿੰਦੇ ਸਨ। ਸੱਚਾ ਵਾਹਿਗੁਰੂ ਸੱਚ ਦੀ ਕਸੌਟੀ ਤੇ ਲੋਕਾਂ ਨੂੰ ਪਰਖਦਾ ਸੀ ਤੇ ਸੱਚੇ ਹੁਕਮ ਦਿੰਦਾ ਸੀ।ਪੂਰਾ ਸਤਿਗੁਰ ਸਤਿ ਤੇ ਸੰਤੋਖੀ ਹੈ, ਜੋ ਗੁਰੂ੍ਰੂ ਦਾ ਸ਼ਬਦ ਮਂੰਨੇ ਉਹ ਹੀ ਹਿੰਮਤ ਵਾਲਾ ਹੈ। ਸੱਚੇ ਵਾਹਿਗੁਰੂ ਦੇ ਦਰਬਾਰ ਜਿੱਥੇ ਸੱਚਾ ਵਸਦਾ ਹੈ ਹੁਕਮ ਮੰਨਣਾ ਤੇ ਰਬ ਦੀ ਰਜ਼ਾ ਵਿਚ ਰਹਿਣਾ ਹੁੰਦਾ ਹੈ।ਸਤਿਯੁਗ ਵਿਚ ਹਰ ਕੋਈ ਸੱਚ ਬੋਲਦਾ ਸੀ ਅਤੇ ਕੇਵਲ ਉਹ ਹੀ ਸੱਚਾ ਜਾਣਿਆ ਜਾਂਦਾ ਸੀ ਜੋ ਸੱਚ ਦੀ ਕਮਾਈ ਕਰਦਾ ਸੀ॥ਮਨੁਖਾਂ ਦੇ ਹਿਰਦਿਆਂ ਅਤੇ ਮੁੱਖਾਂ ਤੇ ਸੱਚ ਸੀ ਅਤੇ ਗੁਰਾਂ ਦੀ ਦਇਆ ਸਦਕਾ ਸੱਚ ਉਨ੍ਹਾਂ ਦਾ ਸਹਾਈ-ਸਖਾ ਹੋਣ ਕਰਕੇ ਉਨ੍ਹਾਂ ਦਾ ਡਰ ਸੰਦੇਹ ਸਭ ਦੂਰ ਹੋਇਆ ਹੋਇਆ ਸੀ।

ਤ੍ਰੇਤੇ ਯੁਗ ਵੇਲੇ ਧਰਮ ਈਮਾਨ ਦੀ ਸ਼ਕਤੀ ਦੂਰ ਹੋ ਗਈ।ਧਰਮ ਦੇ ਤਿੰਨ ਪੈਰ ਰਹਿ ਗਏ ਭਾਵ ਦਵੈਤ ਭਾਵ ਕਰਕੇ ਧਰਮ ਦਾ ਚੌਥਾ ਪੈਰ ਨਿਕਲ ਗਿਆ।ਜੋ ਗੁਰਮੁਖ ਹੁੰਦੇ ਸਨ ਉਹ ਸੱਚਾ ਨਾਮ ਜਪਦੇ ਸਨ ਤੇ ਮਨਮੁਖ ਬੇਫਾਇਦਾ ਬਰਬਾਦ ਹੋ ਜਾਂਦੇ ਸਨ।ਂਅਧਰਮੀ ਪ੍ਰਭੂ ਦੇ ਦਰਬਾਰ ਵਿਚ ਕਦੇ ਵੀ ਕਾਮਯਾਬ ਨਹੀਂ ਹੁੰਦਾ। ਨਾਮ ਤੋਂ ਬਿਨਾ ਅੰਤਰਆਤਮਾ ਕਿਵੇਂ ਖੁਸ਼ ਹੋ ਸਕਦੀ ਹੈ?ਕਰਮਾਂ ਦੇ ਬੰਨ੍ਹੇ ਹੋਏ ਲੋਕੀ ਆਉਂਦੇ ਤੇ ਚਲੇ ਜਾਂਦੇ ਹਨ।ਉਹ ਕੁਝ ਵੀ ਜਾਣਦੇ ਸਮਝਦੇ ਨਹੀਂ।

ਦੁਆਪਰ ਯੁਗ ਵਿਚ ਬੰਦਿਆਂ ਵਿਚ ਰਹਿਮ ਅੱਧਾ ਰਹਿ ਗਿਆ। ਕੋਈ ਇਕ ਅੱਧਾ ਗੁਰਮੁਖ ਹੀ ਆਪਾ ਪਛਾਣ ਕੇ ਪ੍ਰਮਾਤਮਾ ਦਾ ਨਾਮ ਜਪਦਾ ਸੀ।ਧਰਮ ਈਮਾਨ ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ।ਸਿਰਫ ਗੁਰਮੁਖ ਹੀ ਪ੍ਰਮਾਤਮਾ ਦੇ ਨਾਮ ਜਪਕੇ ਉਸ ਤਕ ਪਹੁੰਚਦੇ ਸਨ।ਰਾਜੇ ਅਪਣੇ ਕਿਸੇ ਮਨੋਰਥ ਲਈ ਹੀ ਸ਼ੁਭ ਕਾਰਜ ਕਰਦੇ ਸਨ ਤੇ ਕਿਸੇ ਉਮੀਦ ਨਾਲ ਬੱਝੇ ਉਹ ਪੁੰਨ ਦਾਨ ਕਰਦੇ ਸਨ ਪ੍ਰੰਤੂ ਵਾਹਿਗੁਰੂ ਦਾ ਨਾਮ ਜਪੇ ਵਗੈਰ ਉਨ੍ਹਾਂ ਨੂੰ ਮੁਕਤੀ ਨਹੀਂ ਮਿਲ ਸਕਦੀ ਸੀ ਸੋ ਉਹ ਹੋਰ ਕਰਮ-ਕਾਂਡਾਂ ਵਿਚ ਉਲਝ ਗਏ। ਕਰਮ-ਕਾਂਡਾਂ ਦੁਆਰਾ ਉਹ ਮੁਕਤੀ ਦੀ ਇੱਛਾ ਰਖਦੇ ਸਨ ਪਰ ਮੁਕਤੀ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਨਾਲ ਹੀ ਹੋ ਸਕਦੀ ਸੀ। ਗੁਰਾਂ ਤੋਂ ਪ੍ਰਾਪਤ ਨਾਮ ਬਿਨਾ ਮੁਕਤੀ ਨਹੀਂ ਸੀ ਹੋਣੀ। ਪਖੰਡਾਂ ਦੁਆਰਾ ਜੀਵ ਜੂਨੀਆਂ ਵਿਚ ਭਟਕਦਾ ਰਹਿੰਦਾ ਹੈ।ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ। ਉਹ ਹੀ ਛੁਟਦੇ ਹਨ ਜੋ ਨੇਕ ਕਰਮ ਕਮਾਉਂਦੇ ਹਨ।ਦਿਨ ਰਾਤ ਬੰਦਗੀ ਵਾਲੇ ਬੰਦੇ ਸਾਈਂ ਦੀ ਬੰਦਗੀ ਵਿਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਅਪਣੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ।ਕਈ ਕਠਿਨ ਜਪ ਤਪ ਕਰਦੇ ਤੇ ਤੀਰਥੀਂ ਇਸ਼ਨਾਨ ਕਰਦੇ ਹਨ।ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲਗਦਾ ਹੈ ਦੁਨੀਆਂ ਉਸੇ ਤਰ੍ਹਾਂ ਚਲਦੀ ਹੈ।ਹੱਠ ਤਪ ਤੇ ਕਰਮ ਕਾਂਡ ਰਾਹੀਂ ਪਰਮਾਤਮਾ ਖੁਸ਼ ਨਹੀਂ ਹੁੰਦਾ।ਗੁਰ-ਪ੍ਰਮੇਸ਼ਵਰ ਬਾਝੋਂ ਭਲਾ ਕਦੇ ਕਿਸੇ ਨੂੰ ਇਜ਼ਤ ਪ੍ਰਾਪਤ ਹੋਈ ਹੈ?

ਕਲਿਯੁਗ ਵਿਚ ਸਿਰਫ ਇਕ ਸ਼ਕਤੀ ਹੀ ਰਹਿ ਗਈ।ਪੂਰੇ ਗੁਰੂ ਬਿਨਾਂ ਇਹ ਬਿਆਨੀ ਨਹੀਂ ਜਾ ਸਕਦੀ।ਅਧਰਮੀ ਝੂਠ ਦੀ ਖੇਡ ਖੇਡਦੇ ਹਨ, ਸਤਿਗੁਰ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ।ਸਤਿਗੁਰ ਬੇ-ਪਰਵਾਹ ਸਿਰਜਣਹਾਰ ਹੈ।ਪ੍ਰਭੂ ਪਵਿਤ੍ਰ ਅਗਾਧ ਅਤੇ ਬੇਅੰਤ ਹੈ।ਉਸ ਨੂੰ ਨਾ ਮੌਤ ਦਾ ਡਰ ਹੈ ਨਾਂ ਲੋਕਾਂ ਦੀ ਮੁਥਾਜੀ। ਜੋ ਪ੍ਰਮਾਤਮਾ ਦੀ ਸੇਵਾ ਕਰਦਾ ਹੈ ਉਹ ਅਮਰ ਹੋ ਜਾਂਦਾ ਹੈ ਅਤੇ ਉਸ ਨੂੰ ਮੌਤ ਦਾ ਦੁੱਖ ਨਹੀਂ ਰਹਿੰਦਾ। ਕਰਤਾਰ ਗੁਰਾਂ ਵਿਚ ਆਪ ਵਸਦਾ ਹੈ।ਗੁਰੂ ਦੀ ਕ੍ਰਿਪਾ ਦੁਆਰਾ ਅਸੰਖਾਂ ਦੇ ਪਾਰ ਉਤਾਰੇ ਹੋ ਜਾਂਦੇ ਹਨ।ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਆਂ ਦਾ ਦਾਤਾਰ ਹੈ, ਉਹ ਨਿਰਭਉ ਹੈ ਤੇ ਉਸ ਵਿਚ ਕੋਈ ਮੈਲ ਨਹੀਂ।ਹਰ ਕੋਈ ਪ੍ਰਭੂ ਦੇ ਭੰਡਾਰੀ ਗੁਰੂ ਤੋਂ ਖੈਰ ਮੰਗਦਾ ਹੈ।ਗੁਰੂ ਜੀ ਸੱਚ ਫੁਰਮਾਉਂਦੇ ਹਨ ਕਿ ਸਭ ਵਾਹਿਗੁਰੂ ਤੋਂ ਹੀ ਮਿਲਣਾ ਹੈ ਤੇ ਉਸ ਦੀ ਰਜ਼ਾ ਵਿਚ ਰਹਿ ਕੇ ਉਸ ਦੇ ਨਾਮ ਦੀ ਮੰਗ ਹੀ ਸਹੀ ਹੈ। ਸੰੰਸਾਰ ਨੂੰ ਅਪਣੇ ਆਪ ਰਚ ਕੇ ਵਾਹਿਗੁਰੂ ਸੰਸਾਰ ਤੋਂ ਨਿਰਾਲਾ ਰਹਿੰਦਾ ਹੈ ਤੇ ਉਸ ਨੇ ਅਪਣਾ ਸੱਚਾ ਟਿਕਾਣਾ ਸਥਾਪਿਤ ਕੀਤਾ ਹੈ।ਹਵਾ, ਜਲ ਅਤੇ ਅੱਗ ਨੂੰ ਇਕੱਠੇ ਬੰਨ੍ਹ ਕੇ ਉਸ ਨੇ ਜੀਵ ਦੀ ਦੇਹ ਦਾ ਕਿਲ੍ਹਾ ਰਚਿਆ ਹੈ ਤੇ ਇਸ ਨੂੰ ਨੌ ਦਰਵਾਜ਼ੇ ਲਾਏ ਹਨ ਪਰ ਦਸਵਾਂ ਅਦ੍ਰਿਸ਼ਟ ਰਖਿਆ ਜਿਥੇ ਉਸ ਨੇ ਅਪਣਾ ਟਿਕਾਣਾ ਕੀਤਾ ਹੈ।ਪ੍ਰਭੂ ਪ੍ਰਸ਼ੰਸਕ ਲਈ ਸੱਤੇ ਸਮੂੰਦਰ ਵਾਹਿਗੁਰੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਨਿਰਮਲ ਹਨ ਅਤੇ ਗੁਰਮੁੱਖ ਵਿਚ ਕੋਈ ਮੈਲ ਨਹੀਂ ਦਿਸਦੀ। ਦੀਪਕ ਨੁਮਾ ਰੋਸ਼ਨੀ ਬਿਖੇਰਦੇ ਸੂਰਜ ਚੰਦ ਵਿਚ ਪਰਕਾਸ਼ ਪ੍ਰਮਾਤਮਾ ਦਾ ਹੀ ਹੈ ਜਿਨ੍ਹਾਂ ਨੂੰ ਰਚਕੇ ਵਾਹਿਗੁਰੂ ਅਪਣੀ ਪ੍ਰਭੂਤਾ ਨੂੰ ਮਾਣਦਾ ਹੈ। ਜੋਤ-ਸਰੂਪ ਦਾਤਾ ਸਭ ਨੂੰ ਸੁੱਖ ਵੰਡਦਾ ਹੈ ਤੇ ਉਸ ਸੱਚੇ ਨੂੰ ਮਿਲਕੇ ਜੀਵ ਸੋਭਾ ਪਾਉਂਦਾ ਹੈ।

ਉਸ ਸੱਚੇ ਪਾਤਸ਼ਾਹ ਨੂੰ ਦਿਨ ਰਾਤ ਸਲਾਮਾਂ ਹੂੰਦੀਆਂ ਹਨ ।ਗੁਰੂ ਦੀ ਦਿਤੀ ਮੱਤ ਰਾਹੀਂ ਹੀ ਉਸ ਦੀ ਸੱਚੀ ਵਡਿਆਈ ਤੇ ਨਾਮ ਨਾਲ ਲਿਵ ਲਗ ਸਕਦੀ ਹੈ। ਗੁਰੂ ਜੀ ਫੁਰਮਾਉਂਦੇ ਹਨ: ਵਾਹਿਗੁਰੂ ਤਾਰਨਹਾਰਾ ਹੈ ਉਸੇ ਦਾ ਨਾਮ ਜਪੋ; ਅੰਤ ਨੂੰ ਊਹੋ ਹੀ ਸਹਾਈ ਹੋਵੇਗਾ।ਆਦਿ ਅੰਤ ਵਿਚ ਪ੍ਰਮਾਤਮਾ ਹੀ ਸੰਪੂਰਨ ਹੈ ਤਿਸ ਬਿਨ ਹੋਰ ਕੋਈ ਨਹੀਂ।ਜੋ ਕਰਤਾ ਕਰਦਾ ਹੈ ਸੋਈ ਹੁੰਦਾ ਹੈ।ਵਾਹਿਗੁਰੂ ਹੀ ਕੇਵਲ ਸੱਚਾ ਹੈ ਹੋਰ ਕੋਈ ਨਹੀਂ ਜਿਸ ਨੇ ਸੰਸਾਰ ਰਚਿਆ ਹੈ ਤੇ ਓੜਕ ਨੂੰ ਉਹ ਹੀ ਇਸ ਦਾ ਅੰਤ ਕਰੇਗਾ।

ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਨੇ ਰਚਨਾ ਬੜੀਆਂ ਵਿਧੀਆ ਨਾਲ ਅਨੇਕਾਂ ਪ੍ਰਕਾਰ ਰਚੀ।ਉਸ ਨੇ ਕਈ ਕ੍ਰੋੜ ਪੌਣ ਪਾਣੀ ਤੇ ਅਗਨੀਆਂ ਰਚੇ, ਕਈ ਕ੍ਰੋੜ ਦੇਸ ਤੇ ਭੂ ਮੰਡਲ ਰਚੇ, ਕਈ ਕ੍ਰੋੜ ਚੰਦ ਸੂਰਜ ਤੇ ਗ੍ਰਹਿ ਰਚੇ ਕਈ ਕ੍ਰੋੜ ਜੀਵਾਂ ਦੀਆਂ ਖਾਣੀਆਂ ਹਨ ਅਤੇ ਕਈ ਕ੍ਰੋੜ ਧਰਤੀ ਦੇ ਖੰਡ ਹਨ, ਕਈ ਕ੍ਰੋੜ ਅਕਾਸ਼ ਤੇ ਬ੍ਰਹਿਮੰਡ ਹਨ।ਉਸ ਨੇ ਕਈ ਵਾਰ ਜਗਤ ਦਾ ਪਾਸਾਰ ਕੀਤਾ, ਕਈ ਜੁਗਤਾਂ ਨਾਲ ਜਗਤ ਦਾ ਵਿਸਥਾਰ ਕੀਤਾ ਪਰ ਉਹ ਆਪ ਹਮੇਸ਼ਾ ਇੱਕ ਹੀ ਰਿਹਾ। ਉਸ ਨੇ ਕਈ ਕ੍ਰੋੜ ਜੀਵ ਕਈ ਤਰੀਕਿਆਂ ਨਾਲ ਪੈਦਾ ਕੀਤੇ ਜੋ ਸਾਰੇ ਪ੍ਰਭੂ ਤੋਂ ਹੀ ਹੋਏ ਤੇ ਫਿਰ ਪ੍ਰਭੂ ਵਿਚ ਸਮਾ ਗਏ।ਉਸ ਦਾ ਅੰਤ ਕੋਈ ਨਹੀਂ ਜਾਣਦਾ, ਗੁਰੂ ਜੀ ਫੁਰਮਾਉਂਦੇ ਹਨ ਪ੍ਰਭੂ ਅਪਣੇ ਆਪ ਵਿਚ ਹੀ ਸਭ ਕੁਝ ਹੈ।ਉਸ ਨੇ ਜੀਵਾਂ ਦੇ ਆਉਣ ਜਾਣ ਦਾ ਇੱਕ ਖੇਲ੍ਹ ਬਣਾਇਆ ਤੇ ਮਾਇਆ ਅਪਣੀ ਆਗਿਆਕਾਰ ਬਣਾ ਲਈ। ਉਹ ਸਭ ਵਿਚ ਜਾ ਵਸਿਆ ਪਰ ਸਭ ਤੋਂ ਅਲਿਪਤ ਹੀ ਰਹਿੰਦਾ ਹੈ। ਜੋ ਕੁਝ ਕਹਿਣਾ ਹੈ ਉਹ ਸਭ ਆਪ ਹੀ ਕਹਿੰਦਾ ਹੈ।ਹਰ ਕੋਈ ਉਸ ਦੇ ਹੁਕਮ ਨਾਲ ਇਸ ਦੁਨੀਆਂ ਤੇ ਆਉਂਦਾ ਹੈ ਤੇ ਜਦ ਹੁਕਮ ਹੁੰਦਾ ਹੈ ਤੁਰ ਜਾਦਾ ਹੈ। ਉਹ ਆਪ ਵੀ ਸੱਚਾ ਹੈ ਤੇ ਉਸ ਦਾ ਕੀਤਾ ਵੀ ਸਭ ਸੱਚ ਹੈ । ਸਾਰੀ ਉਤਪਤੀ ਪ੍ਰਭੂ ਤੋਂ ਹੀ ਹੋਈ ਹੈ। ਜਦ ਉਸਦਾ ਜੀ ਕਰਦਾ ਹੈ ਵਿਸਥਾਰ ਕਰਦਾ ਹੈ ਤੇ ਜਦ ਜੀ ਕਰੇ ਸਭ ਸਮੇਟ ਕੇ ਏਕੰਕਾਰ ਹੋ ਜਾਂਦਾ ਹੈ।ਜਦ ਉਸਦਾ ਜੀ ਕੀਤਾ ਸਾਰੀ ਸਮਗਰੀ ਸਮੇਟ ਲਈ ਤੇ ਫਿਰ ਇਕ ਹੋ ਗਿਆ ਤੇ ਜਦ ਜੀ ਕੀਤਾ ਵਿਸਥਾਰ ਕਰ ਲਿਆ।ਪ੍ਰਮਾਤਮਾ ਤੋਂ ਵੱਖ ਕੁਝ ਵੀ ਨਹੀਂ ਹੁੰਦਾ। ਸਾਰਾ ਜਗਤ ਇਕ ਸੂਤਰ ਵਿਚ ਪਰੋਇਆ ਹੋਇਆ ਹੈ। ਜਿਸ ਨੂੰ ਇਹ ਭੇਦ ਵਾਹਿਗੁਰੂ ਆਪ ਬੁਝਾਉਂਦਾ ਹੈ ਸਚੁ ਨਾਮ ਉਹੀ ਜਨ ਪਾਉਂਦਾ ਹੈ।ਉਸਨੂੰ ਜੋ ਭਾਉਂਦਾ ਹੈ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ।
 
📌 For all latest updates, follow the Official Sikh Philosophy Network Whatsapp Channel:

Latest Activity

Top