• Welcome to all New Sikh Philosophy Network Forums!
    Explore Sikh Sikhi Sikhism...
    Sign up Log in

Akali Phoola Singh The saviour of Khalsa Raj

Dalvinder Singh Grewal

Writer
Historian
SPNer
Jan 3, 2010
1,245
421
78
ਸਿੱਖ ਕੌਮ ਦਾ ਚਾਨਣ ਮੁਨਾਰਾ-ਅਕਾਲੀ ਫੂਲਾ ਸਿੰਘ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਵਾਲਿਆਂ ਵਿਚ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲਵਾ, ਸ਼ਾਮ ਸਿੰਘ ਅਟਾਰੀਵਾਲਾ ਵਰਗੇ ਬੜੇ ਮਹਾਨ ਜਰਨੈਲ ਸਨ ਜਿਨ੍ਹਾਂ ਨੇ ਖਾਲਸੇ ਨੂੰ ਇੱਕ ਵਿਸ਼ਾਲ ਦੇਸ਼ ਦਾ ਮਾਲਿਕ ਹੋਣ ਦਾ ਬਲ ਬਖਸ਼ਿਆ।ਮਿਸਲਾਂ ਦੇ ਯੁੱਧਾਂ ਵੇਲੇ ਇਨ੍ਹਾਂ ਦੀ ਸਿਖਿਆ ਪੱਕੀ ਹੋਈ ਤੇ ਖਾਲਸਾ ਰਾਜ ਵਿੱਚ ਇਨ੍ਹਾਂ ਦੀ ਧਮਕ ਕਾਬਲ-ਕੰਧਾਰ ਤਕ ਗੂੰਜ ਗਈ । ਕਥਨੀ ਕਰਨੀ ਦੇ ਪੂਰੇ, ਧਰਮ ਵਿੱਚ ਪਰਪੱਕ, ਸਿੱਖੀ ਕਦਰਾਂ ਕੀਮਤਾਂ ਨੂੰ ਸਥਾਪਤ ਕਰਨ ਵਾਲੇ, ਇਹ ਜਰਨੈਲ਼ ਸਿੱਖ ਪੰਥ ਲਈ ਰਾਹ ਮੁਨਾਰੇ ਹਨ।

ਇਨ੍ਹਾਂ ਵਿੱਚੋਂ ਅਕਾਲੀ ਫੂਲਾ ਸਿੰਘ ਜੀ ਦਾ ਥਾਂ ਜਿਥੇ ਬਹਾਦੁਰੀ ਦੀ ਅਦੁਤੀ ਮਿਸਾਲ ਲਈ ਜਾਣਿਆ ਜਾਂਦਾ ਹੈ ਉਥੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦੀ ਰਖਵਾਲੀ ਕਰਨ ਵਾਲਾ ਸਿੱਖ ਰਾਜ ਦੇ ਰਾਖੇ ਮਹਾਨ ਗੁਰਸਿੱਖ ਵਜੋਂ ਵੀ ਸਥਾਪਿਤ ਹੈ ਜੋ ਮੀਰੀ-ਪੀਰੀ ਦੋਨਾਂ ਵਿੱਚ ਪੂਰੇ ਸਨ। ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਉੱਘਾ ਜਰਨੈਲ ਹੀ ਨਹੀਂ ਸਨ ਸਗੋਂ ਅਕਾਲ ਤਖਤ ਦੇ ਜਥੇਦਾਰ ਵੀ ਸਨ ਜਿਨਾ ਨੇ ਸਿੱਖ ਧਰਮ ਵਿੱਚ ਬਰਾਬਰੀ ਦਾ ਅਨੂਠਾ ਕਾਰਨਾਮਾ ਅਪਣੇ ਮਹਾਰਾਜੇ ਰਣਜੀਤ ਸਿੰਘ ਨੂੰ ਵੀ ਕੋੜੇ ਮਰਵਾਉਣ ਦੀ ਸਜ਼ਾ ਦਿਤੀ ਸੀ ਤੇ ਸਿੱਖ ਧਰਮ ਦੀ ਪਾਲਣਾ ਕਰਨ ਦੀ ਹਿਦਾਇਤ ਵੀ ਕੀਤੀ ਜਿਸ ਅਕਾਲੀ-ਹੁਕਮ ਦੀ ਕੁਤਾਹੀ ਕਦੇ ਮਹਾਰਾਜਾ ਵੀ ਨਹੀਂ ਕਰ ਸਕਿਆ।

ਸਿੱਖੀ ਤੇ ਬਹਾਦੁਰੀ ਦੋਨੋਂ ਉਨ੍ਹਾਂ ਨੂੰ ਖੂਨ ਵਿੱਚੋਂ ਹੀ ਮਿਲੇ ਸਨ।ਫੂਲਾ ਸਿੰਘ ਦਾ ਜਨਮ ਸੰਤ 1819 ਬਿਕਰਮੀ (1761 ਈ) ਵਿੱਚ ਸੰਗਰੂਰ ਜ਼ਿਲੇ ਦੇ ਪਿੰਡ ਸ਼ੀਹਾਂ ਵਿੱਚ ਸ: ਈਸ਼ਰ ਸਿੰਘ ਦੇ ਘਰ ਹੋਇਆ।ਉਸਦਾ ਪਿਤਾ, ਜੋ ਈਸ਼ਰ ਸਿੰਘ, ਨਿਸ਼ਾਨਾਵਾਲੀ ਮਿਸਲ ਦਾ ਯੋਧਾ ਸੀ ਜੇੋ ਸੰਨ 1762 ਵਿਚ ਵਡੇ ਘੱਲੂਘਾਰੇ ਵੇਲੇ ਅਹਿਮਦ ਸ਼ਾਹ ਦੁਰਾਨੀ ਨਾਲ ਲੜਦਿਆਂ ਜ਼ਖਮੀ ਹੋਇਆ ਤਾਂ ਇਸ ਇਕ ਸਾਲ ਦੇ ਅਪਣੇ ਬਾਲ ਪੁੱਤਰ ਨੂੰ ਸਬੰਧੀ ਨਰਾਇਣ (ਨੈਨਾ) ਸਿੰਘ ਦੀ ਦੇਖ-ਭਾਲ ਵਿੱਚ ਛੱਡ ਗਿਆ ।(ਭਗਤ ਸਿੰਘ ਡਾ: ਪੰਜਾਬ ਕੋਸ਼, 44)

ਫੂਲਾ ਸਿੰਘ ਅਕਾਲੀ (1761-1823) ਜੀ ਦੇ ਕਾਲ ਨੂੰ ਦੋ ਸਮਿਆਂ ਵਿੱਚ ਵੰਡ ਸਕਦੇ ਹਾਂ ਪਹਿਲਾ ਸਮਾਂ ਮੁਗਲਾਂ ਦੇ ਢਹਿੰਦੇ ਰਾਜ ਦਾ, ਵਿਸ਼ਾਲ ਪੰਜਾਬ ਵਿੱਚ ਮਿਸਲ ਰਾਜ ਦੀ ਚੜ੍ਹਤ ਦਾ ਸਮਾਂ ਤੇ ਅਬਦਾਲੀ ਦੇ ਸਿੱਖਾਂ ਉਤੇ ਵੱਡੇ ਘੱਲੂਘਾਰੇ ਤੋਂ ਬਾਦ ਦਾ ਹੈ। ਦੂਜਾ ਸਮਾਂ ਮਹਾਰਾਜਾ ਰਣਜੀਤ ਦੇ ਖਾਲਸਾ ਰਾਜ ਸਥਾਪਿਤ ਕਰਨ ਤੇ ਚੜ੍ਹਦੀਆਂ ਕਲਾਂ ਵਿੱਚ ਲੈ ਜਾਣ ਦਾ ਹੈ।

ਅਨੰਦਪੁਰ ਸਾਹਿਬ ਵਿੱਚ
ਪਹਿਲੇ ਸਮੇਂ ਵਿੱਚ ਫੂਲਾ ਸਿੰਘ ਦਾ ਜਵਾਨ ਹੋਣਾ, ਮੁਢਲੀ ਸਿਖਿਆ ਪ੍ਰਾਪਤ ਕਰਨਾ ਅਤੇ ਅਨੰਦਪੁਰ ਸਾਹਿਬ ਜਾ ਕੇ ਬਾਬਾ ਨਰਾਇਣ ਸਿੰਘ ਦੇ ਜੱਥੇ ਵਿੱਚ ਸ਼ਾਮਿਲ ਹੋਣਾ ਹੈ। ਬਾਬਾ ਨਰਾਇਣ ਸਿੰਘ ਨੇ ਉਸ ਨੂੰ ਸਿੱਖ ਧਰਮ ਗ੍ਰੰਥਾਂ ਅਤੇ ਯੁੱਧ ਦੇ ਤਰੀਕਿਆਂ ਦੀ ਸਿਖਿਆ ਦਿਤੀ। ਦਸਾਂ ਸਾਲ ਦੀ ਉਮਰ ਵਿੱਚ ਹੀ ਉਸ ਨੇ ਨਿਤਨੇਮ, ਅਕਾਲ ਉਸਤਤ, ਤੇਤੀ ਸਵਈਏ ਤੇ ਹੋਰ ਕਾਫੀ ਬਾਣੀ ਕੰਠ ਕਰ ਲਈ। ਖੰਡੇ ਦੀ ਪਾਹੁਲ ਦੇਣ ਦੇ ਨਾਲ ਨਾਲ ਸ਼ਸ਼ਤਰਾਂ ਦੀ ਤੇ ਪ੍ਰਾਪਤ ਸਿੱਖ ਸ਼ਾਸ਼ਤਰਾਂ ਦੀ ਤੇ ਘੋੜ ਸਵਾਰੀ ਦੀ ਸਿਖਿਆ ਵੀ ਦਿੱਤੀ ਗਈ ਜਿਸ ਵਿੱਚ ਉਸ ਨੇ ਤਲਵਾਰ ਬਾਜ਼ੀ, ਤੀਰ ਅੰਦਾਜ਼ੀ ਅਤੇ ਘੋੜ ਸਵਾਰੀ ਵਿੱਚ ਮੁਹਾਰਤਾ ਹਾਸਿਲ ਕਰ ਲਈ । ਇਸ ਤਰ੍ਹਾਂ ਉਸ ਦੀ ਪ੍ਰਪੱਕਤਾ ਸ਼ਸ਼ਤ੍ਰ ਤੇ ਸ਼ਾਸ਼ਤ੍ਰ ਵਿਦਿਆ ਵਿੱਚ ਹੋ ਗਈ। ਅਕਾਲੀ ਜੀ ਦੀ ਮਾਤਾ ਵੀ ਚੜ੍ਹਾਈ ਕਰ ਗਏ ਤਾਂ ਉਹ ਪੂਰੀ ਤਰ੍ਹਾਂ ਬਾਬਾ ਜੀ ਦੇ ਡੇਰੇ ਨਾਲ ਜੁੜ ਗਿਆ।

ਬਾਬਾ ਨਰਾਇਣ ਸਿੰਘ ਦਾ ਜੱਥਾ ਮਿਸਲ ਸ਼ਹੀਦਾਂ ਦਾ ਇੱਕ ਹਿਸਾ ਸੀ। ਫੂਲਾ ਸਿੰਘ ਨੇ ਮਿਸਲ ਸ਼ਹੀਦਾਂ ਵਿੱਚ ਕਈ ਸਿੱਖ ਮੁਹਿੰਮਾਂ ਵਿਚ ਹਿੱਸਾ ਲਿਆ ਤੇ ਯੁੱਧ-ਅਭਿਆਸ ਰਾਹੀਂ ਪ੍ਰਬੀਨਤਾ ਪ੍ਰਾਪਤ ਕੀਤੀ।ਉਸ ਦੀਆਂ ਇਹ ਮੁਢਲ਼ੀਆਂ ਮੁਹਿਮਾਂ ਜ਼ਿਆਦਾ ਤਰ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਸਨ ਜਿੱਥੇ ਸਥਾਨਕ ਹਾਕਮਾਂ, ਪਠਾਣਾਂ ਅਤੇ ਪਹਾੜੀਆਂ ਨਾਲ ਆਢਾ ਲੈਂਦੇ ਹੀ ਰਹਿੰਦੇ ਸਨ ਜਿਨ੍ਹਾਂ ਨੂੰ ਸੋਧਣ ਦੀ ਜ਼ਿਮੇਵਾਰੀ ਫੂਲਾ ਸਿੰਘ ਅਕਾਲੀ ਦੇ ਜੱਥੇ ਦੀ ਸੀ। ਉਸ ਦੀ ਬਹਾਦੁਰੀ ਸਦਕਾ ਬਾਬਾ ਨਰਾਇਣ ਸਿੰਘ ਦੀ ਮੌਤ ਪਿਛੋਂ ਉਨ੍ਹਾਂ ਨੂੰ ਅਪਣੇ ਜੱਥੇ ਦਾ ਆਗੂ ਚੁਣ ਲਿਆ ਗਿਆ ਤੇ ਮਿਸਲ ਸ਼ਹੀਦਾਂ ਦਾ ਉਹ ਇਕ ਪ੍ਰਮੁੱਖ ਯੋਧਾ ਬਣ ਗਏ ।ਕਿਸੇ ਵੀ ਗੁਰਦੁਆਰੇ ਨੂੰ ਜਾਂ ਸਿੱਖ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਫੂਲਾ ਸਿੰਘ ਉਥੇ ਜਾ ਖੰਡਾ ਖੜਕਾਉਂਦੇ ਤੇ ਸਬਕ ਸਿਖਾ ਕੇ ਪਰਤਦੇ (ਭਗਤ ਸਿੰਘ: ਅਕਾਲੀ ਫੂਲਾ ਸਿੰਘ, ਪੰਜਾਬ ਕੋਸ਼:45)

ਅੰਮ੍ਰਿਤਸਰ ਸਾਹਿਬ ਵਿੱਚ
ਪਰੰਪਰਾ ਨੂੰ ਮੰਨਦੇ ਹੋਏ ਫੂਲਾ ਸਿੰਘ ਨੇ ਕਦੇ ਵਿਆਹ ਨਹੀਂ ਕੀਤਾ। ਉਹ ਅੰਮ੍ਰਿਤਸਰ ਆ ਵੱਸੇ, ਜਿਥੇ ਅੱਜ, ਇਕ ਬੁਰਜ ਅਤੇ ਇਕ ਡੇਰੇ (ਮੰਦਰ) ਜਿਸ ਨੂੰ ਨਿਹੰਗਾਂ ਦੀ ਛਾਉਣੀ ਕਿਹਾ ਜਾਂਦਾ ਹੈ ਜੋ ਅਜੇ ਵੀ ਉਨ੍ਹਾਂ ਦੀ ਯਾਦ ਵਿਚ ਖੜ੍ਹਾ ਹੈ. ਬਚਪਨ ਵਿਚ 'ਅਕਾਲੀ ਜੀ' ਨੇ ਆਪਣਾ ਜੀਵਨ ਸਿੱਖ ਧਰਮ ਅਸਥਾਨਾਂ ਦੀ ਸੇਵਾ-ਸੰਭਾਲ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ। ਉਹ ਗੁਰੂ ਦੇ ਸੰਦੇਸ਼ ਦੇ ਅਨੁਸਾਰ ਲੋਕਾਂ ਦੀ ਸੇਵਾ ਕਰਨਾ ਪਸੰਦ ਕਰਦਾ ਸੀ. ਬਾਅਦ ਵਿਚ, ਜਦੋਂ ਉਹ 18 ਸਾਲਾਂ ਦੇ ਸਨ, ਤਾਂ ਉਹ ਗੋਬਿੰਦਗੜ ਦੇ ਕਿਲ੍ਹੇ ਵਿਚ ਚਲੇ ਗਏ ਜਿਥੇ ਉਹ ਅਕਾਲ ਫੌਜ ਦੇ ਆਗੂ ਬਣਾਏ ਗਏ.
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਖ਼ਾਲਸਾ ਰਾਜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਹਿਲਾਂ ਸ਼ਹਿਰ ਦਾ ਘਿਰਾਓ ਕੀਤਾ। ਅਕਾਲੀ ਫੂਲਾ ਸਿੰਘ ਸਿੱਖਾਂ ਦੇ ਇਸ ਤਰ੍ਹਾਂ ਆਪਸ ਵਿੱਚ ਖੂਨ ਵਗਾਉਣ ਦੇ ਸਖਤ ਖਿਲਾਫ ਸਨ। । ਉਨ੍ਹਾਂ ਨੈ ਦੋਨਾਂ ਧਿਰਾਂ ਨੂੰ ਸੰਬੋਧਿਤ ਕਰਦਿਆਂ, ਇਕ ਦੂਜੇ ਦੇ ਲਹੂ ਵਹਾਉਣ ਵਾਲੀ ਵਿਅਰਥ ਬੇਵਕੂਫੀ ਦੀ ਲੜਾਈ ਰੋਕ ਕੇ ਅਮਨ ਅਤੇ ਮੇਲ-ਮਿਲਾਪ ਦੀ ਗੱਲ ਕੀਤੀ । ਇਸ ਤੇ ਦੋਹਾਂ ਧਿਰਾਂ ਵਿਚ ਸਮਝੌਤਾ ਹੋ ਗਿਆ ਤੇ ਭੰਗੀ ਸਰਦਾਰਾਂ ਨੇ ਅੰਮ੍ਰਿਤਸਰ ਤੇ ਆਪਣਾ ਪ੍ਰਭੂਤਵ ਮਹਾਰਾਜਾ ਦੇ ਹਵਾਲੇ ਕਰ ਦਿੱਤਾ ਤੇ ਮਹਾਰਾਜੇ ਨੇ ਅੰਮ੍ਰਿਤਸਰ ਦਾ ਪ੍ਰਬੰਧ ਭੰਗੀਆ ਕੋਲ ਰਹਿਣ ਦਿਤਾ।ਇਸ ਪਿਛੋਂ ਅਕਾਲੀ ਫੂਲਾ ਸਿੰਘ 3,000 ਨਿਹੰਗਾਂ ਸਮੇਤ ਮਹਾਰਾਜਾ ਦੀ ਸੈਨਾ ਵਿਚ ਸ਼ਾਮਲ ਹੋ ਗਏ। ਮਹਾਰਾਜਾ ਰਣਜੀਤ ਸਿੰਘ ਉਨ੍ਹਾ ਤੋਂ ਬੜੇ ਪ੍ਰਭਾਵਿਤ ਹੋਏ। ਸੰਨ 1807 ਵਿਚ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ ।

ਅਕਾਲੀ ਫੌਜ
ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤਿੰਨ ਹਿਸਿਆਂ ਵਿੱਚ ਵੰਡੀ ਹੋਈ ਸੀ (1) ਫੌਜਿ ਖਾਸ (2) ਫੌਜਿ ਕਾਇਦ (3) ਫੌਜਿ ਬੇਕਵਾਇਦੀ। ਫੌਜਿ ਬੇਕਬਾਇਦੀ ਬਕਾਇਦਾ ਤਨਖਾਹਦਾਰ ਨਹੀਂ ਸੀ ਜੋ ਖਰਚਾ ਜਾਂ ਤਾਂ ਮਿਸਲਦਾਰ ਤੋਂ ਲੈਂਦੀ ਸੀ ਜਾਂ ਖੁਦ ਇਧਰੋਂ ਉਧਰੋਂ ਉਗਰਾਹੀ ਕਰ ਲੈਂਦੇ ਸਨ।ਇਨ੍ਹਾਂ ਵਿਚ ਪ੍ਰਮੁੱਖ ਅਕਾਲੀ ਫੌਜ ਸੀ ਜੋ ਆਪਣੇ ਆਪ ਨੂੰ ਸਿੱਖ ਧਰਮ ਦਾ ਰਾਖਾ ਸਮਝਦੀ ਸੀ। ਯੁੱਧਾਂ ਵਿੱਚ ਇਹ ਪੂਰੇ ਜੋਸ਼ ਤੇ ਜੀ ਜਾਨ ਨਾਲ ਲੜਦੀ। ਇਹ ਸਿੱਖ ਪੰਥ ਨੂੰ ਉੱਚਾ ਉਠਾਉਣ ਲਈ ਆਪਣਾ ਸਰਬੰਸ ਕੁਰਬਾਨ ਕਰਨ ਲਈ ਤਿਆਰ ਰਹਿੰਦੀ ਸੀ ਪਰ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਪੇਚੀਦਾ ਮਸਲਿਆਂ ਵਿੱਚ ਉਲਝਾ ਵੀ ਦਿੰਦੀ ਸੀ।ਇਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਵਿੱਚ ਆਪਣੀ ਛਾਉਣੀ ਕਾਇਮ ਕੀਤੀ ਹੋਈ ਸੀ ਜਿਥੇ ਅੱਜ ਕੱਲ ਬੁਰਜ ਅਕਾਲੀ ਫੂਲਾ ਸਿੰਘ ਹੈ। ਇਨ੍ਹਾਂ ਨੇ ਆਮ ਤੌਰ ਤੇ ਪੰਜ ਸ਼ਸ਼ਤਰ ਕਿਰਪਾਨ,ਧਨੁਖ, ਬੰਦੂਕ, ਕਟਾਰ ਅਤੇ ਬਰਛਾ ਧਾਰਨ ਕੀਤੇ ਹੁੰਦੇ ਸਨ। ਇਨ੍ਹਾਂ ਦੇ ਪ੍ਰਸਿੱਧ ਨੇਤਾ ਅਕਾਲੀ ਫੂਲਾ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਫੀ ਬੋਲ ਬਾਲਾ ਸੀ। ਇਹ ਮਹਾਰਾਜਾ ਰਣਜੀਤ ਸਮੇਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਅਤੇ ਮਹਾਰਾਜੇ ਦੀ ਗਲਤੀ ਉਤੇ ਉਸ ਨੂੰ ਅਕਾਲ ਤਖਤ ਸੱਦ ਕੇ ਸਜ਼ਾ ਦੇਣ ਵਿੱਚ ਵੀ ਨਹੀਂ ਸਨ ਹਿਚਕਿਚਾਏ।(ਪ੍ਰਕਾਸ਼ ਸਿੰਘ: ਪੰਜਾਬ ਕੋਸ਼ ਜਿਲਦ ਪਹਿਲੀ: 46)।ਮਹਰਾਜਾ ਰਣਜੀਤ ਸਿੰਘ ਸਮੇਂ ਇਨ੍ਹਾ ਦੀ ਗਿਣਤੀ ਪੰਜ ਹਜ਼ਾਰ ਸੀ। (ਮੈਕਾਲਿਫ)

ਸੰਨ 1800 ਈ ਵਿੱਚ ਉਹ ਸ੍ਰੀ ਅੰਮ੍ਰਿਤਸਰ ਆ ਗਏ।ਦੋ ਕੁ ਵਰ੍ਹੇ ਉਹ ਇਥੋਂ ਦੇ ਪਵਿਤਰ ਗੁਰਦਵਾਰਿਆ ਦੇ ਸੇਵਾ ਅਤੇ ਪ੍ਰਬੰਧਕੀ ਸੁਧਾਰ ਦਾ ਕੰਮ ਕੀਤਾ। ਫੂਲਾ ਸਿੰਘ ਤੋਂ ਅਕਾਲੀ ਫੂਲਾ ਸਿੰਘ ਬਣਨ ਤੇ ਅਪਣੇ ਫੌਜੀ ਕਾਰਨਾਮਿਆਂ ਦੇ ਨਾਲ ਨਾਲ ਉਨਾਂ੍ਹ ਨੇ ਅਪਣਾ ਰੋਲ ਸਿੱਖ ਧਾਰਮਿਕ ਉਨਤੀ ਵੱਲ ਵੀ ਵਧਾ ਲਿਆ । ਤਬੀਅਤ ਵਜੋਂ ਤੇ ਕਾਗੁਜ਼ਾਰੀ ਵਲੋਂ ਉਹ ਸਦਾ ਨਿਹੰਗ ਹੀ ਰਹੇ। ਨਾਂ ਕੋਈ ਵਿਆਹ ਕਰਵਾਇਆ ਤੇ ਨਾਂ ਹੀ ਕੋਈ ਸਰਕਾਰੀ ਅਹੁਦੇਦਾਰੀ ਲਈ।ਮਹਾਰਾਜਾ ਰਣਜੀਤ ਸਿੰਘ ਦੇ ਸਿੱਧੇ ਸਲਾਹਕਾਰ ਵਜੋਂ ਸਿੱਖ ਸਾਮਰਾਜ ਅਧੀਨ ਵੀ ਉਨ੍ਹਾ ਦੀ ਸੇਵਾ ਨਿਹੰਗ ਹੀ ਰਹੀ । ਅਣਗੌਲੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਸਿੱਖ ਧਰਮ ਦੀਆਂ ਵਿਗੜਦੀਆਂ ਰਹੁ-ਰੀਤਾਂ ਨੇ ਵੀ ਉਨ੍ਹਾਂ ਨੂੰ ਚਿੰਤਾ ਵਿੱਚ ਪਾਇਆ ਤਾਂ ਉਨ੍ਹਾਂ ਨੇ ਇਨ੍ਹਾਂ ਵਿੱਚ ਸੁਧਾਰ ਲਿਆਉਣ ਦਾ ਜ਼ਿਮਾ ਵੀ ਲਿਆ।ਮਿਸਲਾਂ ਦੇ ਸਿੱਖ ਆਗੂਆਂ ਅੱਗੇ ਉਨ੍ਹਾਂ ਨੇ ਗੁਰਦੁਆਰਿਆਂ ਦੀ ਰੇਖ ਦੇਖ ਤੇ ਰਹੁ-ਰੀਤਾਂ ਦੀ ਪਾਲਣਾ ਦਾ ਪ੍ਰਸ਼ਨ ਉਠਾਇਆ ਤਾਂ ਸਾਰੀਆਂ ਜਥੇਬੰਦੀਆਂ ਨੇ ਇਹ ਕਾਰਜ ਅਕਾਲੀ ਫੂਲਾ ਸਿੰਘ ਦੇ ਜ਼ਿਮੇ ਹੀ ਲਾ ਦਿਤੀ।ਮਿਲੇ ਕਾਰਜ ਨੂੰ ਬਖੂਬੀ ਨਿਭਾਉਣ ਲਈ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਹੀ ਅਪਣਾ ਪੱਕਾ ਡੇਰਾ ਬਣਾ ਲਿਆ ਜੋ ਨਿਹੰਗ ਸਿੰਘਾਂ ਦੀ ਛਾਉਣੀ ਕਰਕੇ ਪ੍ਰਸਿੱਧ ਹੋਇਆ।ਪਿੱਛੋਂ ਏਥੇ ਇੱਕ ਬੁਰਜ ਉਸਾਰਿਆ ਗਿਆ ਜੋ ਬੁਰਜ ਅਕਾਲੀ ਫੂਲਾ ਸਿੰਘ ਦੇ ਨਾਮ ਨਾਲ ਮਸ਼ਹੂਰ ਹੈ।(ਪ੍ਰਕਾਸ਼ ਸਿੰਘ: ਅਕਾਲੀ ਫੌਜ: ਪੰਜਾਬ ਕੋਸ਼: 46)

ਬੁਰਜ ਅਕਾਲੀ ਫੂਲਾ ਸਿੰਘ
ਅੰਮ੍ਰਿਤਸਰ ਵਿੱਚ ਅਕਾਲੀ ਫੂਲਾ ਸਿੰਘ ਦਾ ਪ੍ਰਭਾਵ ਗੁਰਦੁਆਰਿਆਂ ਤੇ ਰਹੁਰੀਤਾਂ ਦੀ ਸਾਂਭ ਸੰਭਾਲ ਤੇ ਪਿਆ।ਜੇ ਇਹ ਕਹੀਏ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਅਕਾਲੀ ਫੂਲਾ ਸਿੰਘ ਨੇ ਹੀ ਬੰਨਿ੍ਹਆਂ ਤਾਂ ਸਹੀ ਹੋਵੇਗਾ।ਉਸ ਵੇਲੇ ਸਿੱਖ ਜੱਥੇਬੰਦੀ 12 ਮਿਸਲਾਂ ਦੇ ਰੂਪ ਵਿੱਚ ਸੀ ਜੋ ਵੱਖ ਵੱਖ ਜਥੇਦਾਰ ਆਪਣੀ ਮਾਰ ਵਾਲੇ ਇਲਾਕੇ ਦਾ ਪ੍ਰਬੰਧ ਸੰਭਾਲਦੇ ਸਨ ਪਰ ਜਦ ਸਮੁਚੇ ਸਿੱਖ ਪੰਥ ਤੇ ਭੀੜ ਪੈਂਦੀ ਤਾਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਕੇ ਲੜਦੀਆਂ ਸਨ।ਸੰਨ 1759 ਵਿੱਚ ਮਿਸਲਾਂ ਅਤੇ ਇਲਾਕੇ ਦੀ ਵੰਡ ਇਸ ਤਰ੍ਹਾਂ ਸੀ: (ਮਿਸਲ, ਸੈਨਾ, ਇਲਾਕਾ ਆਗੂ)
1. ਫੂਲਕੀਆਂ (5000) ਪਟਿਆਲਾ ਰਿਆਸਤਾਂ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਬਰਨਾਲਾ, ਬਠਿੰਡਾ, ਸੰਗਰੂਰ, ਜੱਥੇਦਾਰ ਫੂਲ ਸਿੰਘ, ਆਲਾ ਸਿੰਘ, ਅਮਰ ਸਿੰਘ, ਹਮੀਰ ਸਿੰਘ ਸਿੱਧੂ-ਬਰਾੜ,
2. ਆਹਲੂਵਾਲੀਆ: (10,000), ਕਪੂਰਥਲਾ, ਨੂਰਮਹਿਲ, ਤਲਵੰਡੀ, ਫਗਵਾੜਾ, ਕਾਨਾ: ਜੱਥੇਦਾਰ ਜੱਸਾ ਸਿੰਘ ਕਲਾਲ ਆਹਲੂਵਾਲੀਆ
3. ਭੰਗੀ ਅੰਮਿ੍ਤਸਰ ਅੰਮਿ੍ਤਸਰ, ਤਰਨਤਾਰਨ, ਲਾਹੌਰ ਭੂਮਾ ਸਿੰਘ ਢਿਲੋਂ, ਹਰੀ ਸਿੰਘ /ਢਿਲੋਂ, 10,000
4. ਰਾਮਗੜ੍ਹੀਆ (5,000) ਹਰਗੋਬਿੰਦਪੁਰ ਬਟਾਲਾ, ਉੜਮੁੜ ਟਾਂਡਾ, ਘੁਮਾਣ: ਜੱਥੇਦਾਰ ਜੱਸਾ ਸਿੰਘ, ਜੋਧ ਸਿੰਘ ਤਾਰਾ ਸਿੰਘ, ਮੰਗਲ ਸਿੰਘ ਰਾਮਗੜ੍ਹੀਆ
5. ਸਿੰਘਪੁਰੀਆ (5000)ਜਲੰਧਰ, ਸਿੰਘਪੁਰਾ, ਅੰਮ੍ਰਿਤਸਰ, ਸ਼ੇਖੂਪੁਰਾ ਜੱਥੇਦਾਰ ਨਵਾਬ ਕਪੂਰ ਸਿੰਘ ਵਿਰਕ.
6. ਪੰਜਗੜ੍ਹੀਆ ਕਰੋੜ ਸਿੰਘੀਆ (10,000) ਕਲਸੀਆ ਸ਼ਾਮਚੌਰਾਸੀ (ਜ਼ਿਲ੍ਹਾ ਗੁਰਦਾਸਪੁਰ), ਹਰਿਆਣਾ (ਜ਼ਿਲ੍ਹਾ, ਹੁਸ਼ਿਆਰਪੁਰ), ਛਛਰੌਲੀ (ਹਰਿਆਨਾ) ਜਥੇਦਾਰ ਸਰਦਾਰ ਕਰੋੜਾ ਸਿੰਘ, ਬਘੇਲ ਸਿੰਘ ਧਾਲੀਵਾਲ, ਗੁਰਬਖਸ਼ ਸਿੰਘ ਸੰਧੂ,
7. ਨਿਸ਼ਾਨਵਾਲੀ (2,000) ਅਨੰਦਪੁਰ ਅੰਬਾਲਾ, ਸ਼ਾਹਬਾਦ ਮਾਰਕੰਡਾ, ਸ਼ਾਹਬਾਦ ਮਾਰਕੰਡਾ, ਅੰਬਾਲਾ, ਰੋਪੜ, ਦਸੌਂਧਾ ਸਿੰਘ ਸ਼ੇਰਗਿੱਲ/ਹੀਰ ਜੱਟ ਦੀ ਅਗਵਾਈ ਵਿਚ
8. ਸ਼ੁਕਰਚਕੀਆ,(75,000), ਗੁਜਰਾਂਵਾਲਾ ਮੁਗਲ ਚੱਕ, ਕਿਲਾ ਦੀਦਾਰ ਸਿੰਘ, ਕਿਲਾ ਮਹਣ ਸਿੰਘ, ਫਿਰੋਜ਼ਵਾਲਾ, ਬੁਤਾਲਾ ਐਮਿਨਾਬਾਦ, ਕਲਾਸਕੇ. ਜੱਥੇਦਾਰ ਮਹਾਰਾਜਾ ਰਣਜੀਤ ਸਿੰਘ, ਲੱਧੇ ਵਾਲਾ ਵੜੈਚ, ਸ਼ਾਮ ਸਿੰਘ, ਮਰਾਲੀ ਵਾਲਾ
9. ਡੱਲੇਵਾਲੀਆ: (5,000) ਰਾਹੋਂ, ਨਕੋਦਰ, ਤਲਵਾਨ, ਬਾਦਲਾ, ਰਾਹੋਂ, ਫਿਲੌਰ, ਲੁਧਿਆਣਾ ਆਦਿ ਜੱਥੇਦਾਰ ਸਰਦਾਰ ਗੁਲਾਬ ਸਿੰਘ, ਤਾਰਾ ਸਿੰਘ ਗੈਬਾ, ਰਾਠੌਰ ਰਾਜਪੂਤ
10. ਸ਼ਹੀਦਾਂ (5,000) ਸ਼ਹਿਜ਼ਾਦਪੁਰ, ਤਲਵੰਡੀ ਸਾਬੋ, ਉੱਤਰੀ ਅੰਬਾਲਾ. ਜਥੇਦਾਰ ਬਾਬਾ ਦੀਪ ਸਿੰਘ ਸੰਧੂ / ਬੈਨੀਪਾਲ
11. ਘਨ੍ਹਈਆ (8000) ਸੋਹੀਆ: ਅਜਨਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਕਲਾਨੌਰ, ਪਠਾਨਕੋਟ, ਸੁਜਾਨਪੁਰ, ਮੁਕੇਰੀਆਂ ਜੱਥੇਦਾਰ ਜੈ ਸਿੰਘ ਸੰਧੂ
12. ਨਕਈ (7000), ਚੂੰਨੀਆਂ, ਬਹਿੜਵਾਲ, ਖੇਮਕਰਨ, ਖੁਡੀਆਂ, ਗੋਗੇਰਾ, ਦਪਾਲਪੁਰ, ਓਕਾੜਾ, ਜਥੇਦਾਰ ਹੀਰਾ ਸਿੰਘ/ਨਰ ਸਿੰਘ ਸੰਧੂ

ਬਾਹਰੀ ਦੁਸ਼ਮਨ ਨਾਂ ਹੁੰਦੇ ਤਾਂ ਇਹ ਆਪਸ ਵਿੱਚ ਵੀ ਉਲਝ ਪੈਂਦੀਆਂ।ਇਨ੍ਹਾਂ ਮਿਸਲਾਂ ਵਿੱਚੋਂ ਸ਼ੁਕਰਚੱਕੀਆਂ ਮਿਸਲ ਸਭ ਤੋਂ ਵੱਧ ਤਾਕਤਵਰ ਹੁੰਦੀ ਗਈ ਜਿਸ ਦੀ ਸਰਦਾਰੀ ਜਥੇਦਾਰ ਮਹਾਂ ਸਿੰਘ ਤੋਂ ਅੱਗੇ ਸ: ਰਣਜੀਤ ਸਿੰਘ ਕੋਲ ਆ ਗਈ ਜਿਸ ਨੇ ਖਾਲਸਾ ਰਾਜ ਦਾ ਬਾਨਣੂੰ ਬੰਨ੍ਹਣਾ ਸ਼ੁਰੂ ਕਰ ਦਿਤਾ।ਉਸਨੇ ਅਪਣਾ ਅਧਿਕਾਰ ਆਸੇ ਪਾਸੇ ਦੇ ਇਲਾਕੇ ਦੇ ਨਾਲ ਨਾਲ ਮਿਸਲਾਂ ਦੇ ਇਲਾਕੇ ਵੱਲ ਵੀ ਵਧਾਉਣਾ ਸ਼ੁਰੂ ਕਰ ਦਿਤਾ।ਜੋ ਮਿਸਲਾਂ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆਗਿਆ ਉਹ ਸੀ ਸ਼ੁਕਰਚਕੀਆ, ਆਹਲੂਵਾਲੀਆ, ਕਪੂਰਥਲਾ, ਭੰਗੀ, ਰਾਮਗੜ੍ਹੀਆ ਦਾ ਸਾਰਾ ਇਲਾਕਾ ਸਿੰਘਪੁਰੀਆ ਅਤੇ ਪੰਜਗੜ੍ਹੀਆ ਕਰੋੜ ਸਿੰਘੀਆ ਦੇ ਜ਼ਿਆਦਾ ਹਿੱਸੇ ਅਤੇ ਡੱਲੇਵਾਲੀਆਂ ਤੇ ਨਿਸ਼ਾਨਾਂਵਾਲੀਆ ਦੇ ਕੁੱਝ ਹਿੱਸੇ।ਉਧਰੋਂ ਅੰਗ੍ਰੇਜ਼ ਵੀ ਪੂਰਬ-ਦੱਖਣ ਵਲੋਂ ਵਧਦੇ ਦਿੱਲੀ ਤਕ ਪਹੁੰਚ ਚੁੱਕੇ ਸਨ ਤੇ ਉਨ੍ਹਾਂ ਨੇ ਹੌਲੀ ਹੌਲ਼ੀ ਅਪਣਾ ਪ੍ਰਭਾਵ ਸਤਿਲੁਜ ਦਰਿਆ ਦੀ ਦੱਖਣੀ ਹੱਦ ਤੱਕ ਫੈਲਾਉਣੀ ਸ਼ੁਰੂ ਕਰ ਦਿਤਾ ਸੀ ਜਿਸ ਵਿੱਚ ਫੂਲਕੀਆਂ ਰਿਆਸਤਾਂ ਵਿੱਚ ਵੀ ਆਉਂਦੀਆਂ ਸਨ।

ਉਨ੍ਹੀਂ ਦਿਨੀ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਨੂੰ ਰਾਵੀ ਤੋਂ ਪਾਰ ਦੇ ਇਲਾਕਿਆਂ ਵਿੱਚ ਵਧਾਉਣ ਲਈ ਯਤਨਸ਼ੀਲ ਜਿਸ ਲਈ ਉਸ ਨੇ ਅੰਮ੍ਰਿਤਸਰ ਉਪਰ ਹਮਲਾ ਕੀਤਾ। ਉਸ ਵੇਲੇ ਇਹ ਇਲਾਕਾ ਮਿਸਲ ਭੰਗੀਆਂ ਕੋਲ ਸੀ। ਸਿੰਘਾਂ ਦਾ ਇਹ ਆਪਸੀ ਘੋਲ ਅਕਾਲੀ ਫੂਲਾ ਸਿੰਘ ਹੋਰਾਂ ਨੂੰ ਬੜਾ ਬੁਰਾ ਲੱਗਿਆ ਤਾਂ ਉਨ੍ਹਾਂ ਨੇ ਮਹਾਰਾਜੇ ਅਤੇ ਭੰਗੀਆਂ ਵਿਚਾਲੇ ਸੰਧੀ ਕਰਵਾ ਦਿਤੀ ਤੇ ਯੁੱਧ ਰੋਕ ਦਿਤਾ। ਲੜਾਈ ਦੇ ਅਰੰਭ ਹੁੰਦਿਆਂ ਹੀ ਉਹ ਨਿਡਰਤਾ ਤੇ ਦਲੇਰੀ ਨਾਲ ਦੋਹਾਂ ਧਿਰਾਂ ਵਿਚਕਾਰ ਆ ਖਲੋਤੇ।ਲੜਾਈ ਟਲ ਗਈ।ਮਹਾਰਾਜੇ ਨੇ ਘੇਰਾ ਉਠਵਾ ਦਿਤਾਤੇ ਭੰਗੀਆਂ ਨੇ ਕਿਲਾ ਖਾਲੀ ਕਰਕੇ ਉਸ ਦੀ ਈਨ ਮੰਨ ਲਈ। ਸੰਧੀ ਅਨੁਸਾਰ ਅੰਮ੍ਰਿਤਸਰ ਭੰਗੀ ਮਿਸਲ ਕੋਲ ਹੀ ਰਿਹਾ ਪਰ ਭੰਗੀਆਂ ਨੂੰ ਮਹਾਰਾਜੇ ਦਾ ਪ੍ਰਭੂਤਵ ਮਨਜ਼ੂਰ ਕਰਨਾ ਪਿਆ। ਅਕਾਲੀ ਜੀ ਦੇ ਕੌਮੀ ਜੋਸ਼, ਜ਼ਜ਼ਬੇਤੇ ਸਾਫਗੋਈ ਨੇ ਮਹਾਰਾਜੇ ਨੂੰ ਬੜਾ ਪ੍ਰਭਾਵਿਤ ਕੀਤਾ। ਦਰਬਾਰ ਸਾਹਿਬ ਅਤੇ ਹੋ ਇਤਿਹਾਸਿਕ ਗੁਰਦੁਆਰਿਆਂ ਦੇ ਨਾਲ ਨਾਲ ਅਕਾਲੀ ਜੱਥੇ ਦੇ ਲੰਗਰ ਦੀ ਸੇਵਾ ਦੁਆਰਾ ਉਨ੍ਹਾਂ ਆਪਣੀ ਕ੍ਰਿਤਗਤਾ ਦਾ ਪ੍ਰਗਟਾਵਾ ਕੀਤਾ (ਕੁਲਦੀਪ ਸਿੰਘ ਧੀਰ: 59)

ਅਕਾਲ ਤਖਤ ਦੇ ਜਥੇਦਾਰ ਨਿਯੁਕਤ
ਜਨਵਰੀ 1802 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਭਾਰਤੀਆਂ ਤੋਂ ਸ਼ਹਿਰ ਦਾ ਕਬਜ਼ਾ ਛੁਡਾਉਣ ਲਈ ਅੰਮ੍ਰਿਤਸਰ ਉੱਤੇ ਹਮਲਾ ਕੀਤਾ ਤਾਂ ਅਕਾਲੀ ਫੂਲਾ ਸਿੰਘ ਨੇ ਲੜਾਈ ਵਿੱਚ ਉਲਝੇ ਦੋਹਾਂ ਸਮੂਹਾਂ ਵਿਚ ਵਿਚੋਲਗੀ ਕੀਤੀ ਅਤੇ ਖ਼ੂਨ-ਖ਼ਰਾਬੇ ਨੂੰ ਟਾਲ ਦਿੱਤਾ। ਉਸਨੇ ਉਥੇ ਧਾਰਮਿਕ ਅਸਥਾਨਾਂ ਦਾ ਚਾਰਜ ਸੰਭਾਲ ਲਿਆ ਅਤੇ ਸਰਦਾਰਾਂ ਅਤੇ ਉਹਨਾਂ ਦੇ ਪ੍ਰਬੰਧਨ ਲਈ ਸਿੱਖ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ।

ਮਹਾਰਾਜਾ ਰਣਜੀਤ ਸਿੰਘ ਉਨ੍ਹੀ ਦਿਨੀ ਆਪਣੇ ਰਾਜ ਨੂੰ ਕਾਇਮ ਕਰਨ ਅਤੇ ਫੈਲਾਉਣ ਲਈ ਬੜੀਆਂ ਮੁਹਿੰਮਾਂ ਵਿੱਚ ਉਲਝੇ ਹੋਏ ਸਨ।ਇਨ੍ਹਾਂ ਹਾਲਾਤਾਂ ਵਿੱਚ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜੇ ਦਾ ਭਰਵਾਂ ਸਾਥ ਦਿਤਾ। ਕਸੂਰ ਦੀ ਮੁਹਿੰਮ ਉਨ੍ਹਾਂ ਵਿਚੋਂ ਹੀ ਸੀ। ਕਸੂਰ ਦੇ ਹਾਕਮ ਕੁਤਬਦੀਨ ਖਾਨ ਦੀਆਂ ਆਪਣੇ ਵਿਰੁਧ ਤਿਆਰੀਆਂ ਅਤੇ ਆਪਣੇ ਇਲਾਕੇ ਵਿੱਚ ਜਬਰ ਜ਼ੁਲਮ ਤੇ ਜੁਰਮ ਨੂੰ ਦੇਖਦੇ ਹੋਏ ਮਹਾਰਾਜੇ ਨੇ ਫਕੀਰ ਅਜੀਜ਼ੁਦੀਨ ਨੂੰ ਕੁਤਬੁਦੀਨ ਨੂੰ ਸਮਝਾਉਣ ਲਈ ਭੇਜਿਆ ਪਰ ਉਸ ਨੇ ਅਜੀਜ਼ੁਦੀਨ ਦੀ ਹੱਤਕ ਕਰ ਕੇ ਵਾਪਿਸ ਮੋੜਿਆ। ਮਹਾਰਾਜਾ ਗੁੱਸੇ ਵਿਚ ਸਨ ਪਰ ਸ਼ਾਂਤ ਹੋ ਉਨ੍ਹਾਂ ਨੇ ਅਕਾਲੀ ਜੀ ਨੂੰ ਸੱਦ ਭੇਜਿਆ ਤੇ ਕੁਤਬੁਦੀਨ ਨੂੰ ਸੋਧਣ ਲਈ ਕਿਹਾ।ਮਹਾਰਾਜਾ ਅਤੇ ਅਕਾਲੀ ਫੌਜ ਨੇ ਰਲ ਕੇ ਫਰਵਰੀ 1807 ਵਿੱਚ ਕਸੂਰ ਤੇ ਅਚਾਨਕ ਹੱਲਾ ਬੋਲਿਆ। ਨਵਾਬ ਨੇ ਸ਼ਹਿਰੋਂ ਬਾਹਰ ਦੋ ਥਾਵਾਂ ਤੇ ਚੰਗੀ ਟੱਕਰ ਲਈ ਪਰ ਹਾਰ ਦਾ ਮੂੰਹ ਵੇਖਣਾ ਪਿਆ। ਉਹ ਭੱਜ ਕੇ ਕਸੂਰ ਦੇ ਕਿਲ੍ਹੇ ਵਿਚ ਜਾ ਡਟਿਆ।ਸਿੰਘਾਂ ਨੇ ਕਿਲ੍ਹੇ ਨੂੰ ਘੇਰ ਕੇ ਅੱਗ ਵਰਸਾਉਣੀ ਸ਼ੁਰੂ ਕਰ ਦਿਤੀ।ਕਈ ਦਿਨ ਨਵਾਬ ਡਟਿਆ ਰਿਹਾ। ਅੰਤ ਸਿੰਘਾਂ ਨੇ ਕਿਲ੍ਹੇ ਦੀ ਫਸੀਲ ਬਾਰੂਦ ਨਾਲ ਉਡਾ ਦਿਤੀ ਅਤੇ ਕਿਲ੍ਹੇ ਤੇ ਕਬਜ਼ਾ ਕਰ ਲਿਆ। ਭਜਦੇ ਹੋਏ ਨਵਾਬ ਨੂੰ ਮਹਾਰਾਜੇ ਅੱਗੇ ਪੇਸ਼ ਕੀਤਾ ਗਿਆ ਤਾਂ ਉਸਨੇ ਮੁਆਫੀ ਮੰਗ ਲਈ।ਮਹਾਰਾਜੇ ਨੇ ਉਸਨੂੰ ਮੁਆਫ ਕਰਕੇ ਸਤਲੁਜੋਂ ਪਾਰ ਜਗੀਰ ਬਖਸ਼ ਦਿਤੀ ਅਤੇ ਕਸੂਰ ਆਪਣੇ ਕਬਜ਼ੇ ਵਿੱਚ ਲੈ ਲਿਆ।ਇਸ ਲੜਾਈ ਵਿੱਚ ਅਕਾਲੀ ਜੀ ਦੀ ਦਿਖਾਈ ਬਹਾਦੁਰੀ ਨੇ ਮਹਾਰਾਜਾ ਦੇ ਦਿਲ ਵਿੱਚ ਆਪ ਜੀ ਦਾ ਮਾਣ ਸਤਿਕਾਰ ਵਧ ਗਿਆ । ਸਿੱਟੇ ਵਜੋਂ ਉਨ੍ਹਾਂ ਨੇ ਅਕਾਲੀ ਜੱਥੇ ਦੀ ਜਗੀਰ ਵਿਚ ਕਾਫੀ ਵਾਧਾ ਕਰ ਦਿਤਾ।

ਕਸੂਰ ਜੰਗ ਤੋਂ ਵਿਹਲੇ ਹੋ ਕੇ ਅਕਾਲੀ ਜੀ ਫਿਰ ਸ੍ਰੀ ਅੰਮ੍ਰਿਤਸਰ ਆ ਗਏ ਤੇ ਆਪਣਾ ਡੇਰਾ ਏਥੇ ਹੀ ਰੱਖਿਆ।ਰੋਜ਼ਾਨਾ ਨਾਮ ਅਭਿਆਸ, ਗੁਰਧਾਮਾਂ ਦੀ ਸੇਵਾ, ਸ਼ਸ਼ਤ੍ਰ ਵਿਦਿਆ ਦੇ ਪ੍ਰਸਾਰ ਅਤੇ ਅੰਮ੍ਰਿਤ ਪ੍ਰਚਾਰ ਵਿੱਚ ਹੀ ਜੁਟੇ ਰਹਿੰਦੇ।ਗੁਰੂ ਕੀ ਨਗਰੀ ਦੀ ਪਵਿਤ੍ਰਤਾ ਅਤੇ ਸਤਿਕਾਰ ਬਣਾਈ ਰੱਖਣ ਦਾ ਜ਼ਿਮਾ ਉਨ੍ਹਾਂ ਨੇ ਆਪਣੇ ਸਿਰ ਲਿਆ ਹੋਇਆ ਸੀ ਜਿਸ ਲਈ ਉਹ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ।(ਕੁਲਦੀਪ ਸਿੰਘ ਧੀਰ: 60)

ਸੈਨਾ ਦਾ ਯੂਰਪੀਕਰਨ
ਇਹ ਕਹਿਣਾਂ ਗਲਤ ਨਹੀਂ ਹੋਵੇਗਾ ਕਿ ਅਕਾਲੀ ਫੂਲਾ ਸਿੰਘ ਹੋਰਾਂ ਦੇ ਸਿੱਖ ਧਰਮ ਖੂਨ ਤੇ ਹੱਡਾਂ ਵਿੱਚ ਰਚਿਆ ਹੋਇਆ ਸੀ ਅਤੇ ਉਹ ਖਾਲਸਾ ਰਾਜ ਦੇ ਤਨੋਂ ਮਨੋਂ ਵਫਾਦਾਰ ਸਨ । ਅਕਾਲੀ ਫੂਲਾ ਸਿੰਘ ਜੀ ਨੂੰ ਅੰਗ੍ਰੇਜ਼ਾਂ ਤੇ ਹੋਰ ਵਿਦੇਸ਼ੀਆਂ ਦੀਆਂ ਪੰਜਾਬ ਵਿਚ ਗਤੀਵਿਧੀਆਂ ਜਰ ਨਹੀਂ ਸੀ ਹੁੰਦੀਆਂ ਕਿਉਂਕਿ ਉਨ੍ਹਾ ਨੂੰ ਖਦਸ਼ਾ ਸੀ ਕਿ ਅੰਗ੍ਰੇਜ਼ ਅਪਣਾ ਸ਼ਾਸ਼ਨ ਪੰਜਾਬ ਵਿੱਚ ਵਧਾਉਣ ਨੂੰ ਫਿਰਦੇ ਹਨ। ਇਸ ਬਾਰੇ ਦੋ ਘਟਨਾਵਾਂ ਕਾਫੀ ਪ੍ਰਸਿੱਧ ਹਨ। 25 ਫਰਵਰੀ, 1809 ਈ. ਨੂੰ ਮੁਹਰਮ ਦੇ ਦਿਨ, ਇਕ ਅਗ੍ਰੇਜ਼ ਜਰਨੈਲ ਮੈਟਕਾਫ ਜੋ ਆਪਣੀ ਫੌਜਾਂ ਸਮੇਤ ਅੰਮ੍ਰਿਤਸਰ ਦਾ ਦੌਰਾ ਕਰ ਰਿਹਾ ਸੀ, ਦੇ ਅਧੀਨ ਬ੍ਰਿਟਿਸ਼ ਸੈਨਾ ਦੇ ਸ਼ੀਆ ਮੁਸਲਮਾਨਾਂ ਨੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਜਲੂਸ ਕੱਢਣ ਦਾ ਫ਼ੈਸਲਾ ਕੀਤਾ।ਇਨ੍ਹਾਂ ਵਿਚ , ਬਹੁਗਿਣਤੀ ਸੁੰਨੀ ਮੁਸਲਮਾਨ ਸਨ। ਇਹੋ ਦਿਨ ਹੋਲੀ-ਹੋਲੇ ਦੇ ਵੀ ਸਨ ਜਦੋਂ ਨਿਹੰਗਾਂ ਨੇ ਆਪਣੇ ਪ੍ਰਸਿੱਧ ਆਗੂ ਅਤੇ ਅਕਾਲ ਤਖਤ ਦੇ ਜਥੇਦਾਰ, ਅਕਾਲੀ ਫੂਲਾ ਸਿੰਘ ਦੇ ਨਾਲ ਹੋਲਾ ਮੁਹੱਲਾ ਮਨਾਇਆ। ਸ਼ੀਆ ਜਲੂਸ ਅੰਮ੍ਰਿਤਸਰ ਦੀਆਂ ਗਲੀਆਂ ਵਿਚੋਂ ਲੰਘਦਾ ਹੋਇਆ ਆਪਣੇ ਛਾਤੀਆਂ ਪਿਟਦਾ "ਹਸਨ, ਹੁਸੈਨ, ਅਲੀ" ਦੇ ਜੈਕਾਰੇ ਛੱਡਦਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਮ੍ਹਣੇ ਆਇਆ, ਜਿਥੇ ਅਕਾਲੀ ਸਿੱਖ ਅਰਦਾਸ ਕਰ ਰਹੇ ਸਨ। ਅਕਾਲੀ ਫੂਲਾ ਸਿੰਘ ਜੋ ਖੁਦ ਅਰਦਾਸ ਵਿੱਚ ਸ਼ਾਮਿਲ ਸਨ ਉਨ੍ਹਾਂ ਨੇ ਜਲੂਸ ਨੂੰ ਅਰਦਾਸ ਨਾ ਭੰਗ ਕਰਨ ਤੇ ਅੱਗੇ ਜਾ ਕੇ ਆਪਣਾ ਕਾਰਜ ਕਰਮ ਜਾਰੀ ਰੱਖਣ ਲਈ ਸਮਝਾਇਆ।ਪਰ ਜਦ ਜਲੂਸ ਵਾਲੇ ਨਾ ਮੰਨੇ ਤੇ ਦਲੀਲਾਂ ਤੋਂ ਬਹਿਸ ਤੇ ਫਿਰ ਟਕਰਾ ਤੇ ਆ ਗਏ ਤੇ ਝੜਪ ਸ਼ੁਰੂ ਹੋ ਗਈ ਜਿਸ ਵਿਚ ਗੋਲੀ ਵੀ ਚੱਲੀ ਤੇ ਪੰਜਾਹ ਦੇ ਕਰੀਬ ਫੱਟੜ ਵੀ ਹੋ ਗਏ। ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾ ਕਰਨ ਵਾਲੇ ਕੌਣ ਸਨ। ਇੱਥੋਂ ਤੱਕ ਮੰਨਿਆ ਗਿਆ ਕਿ ਪਹਿਲੀ ਗੋਲੀ ਮੈਟਕਾਲਫ ਦੇ ਇੱਕ ਸ਼ੀਆ ਸੁਰਖਿਅਕ ਦੁਆਰਾ ਚਲਾਈ ਗਈ ਸੀ।ਅੰਤ ਵਿਚ ਇਹ ਦੰਗਾ ਉਦੋਂ ਰੁਕਿਆ ਜਦੋਂ ਸ਼ਹਿਰ ਵਿਚ ਆਇਆ ਹੋਇਆ ਰਣਜੀਤ ਸਿੰਘ ਆਪ ਅੱਗੇ ਆਇਆ ਅਤੇ ਦੰਗਿਆਂ ਨੂੰ ਕਾਬੂ ਕਰਨ ਵਿਚ ਪਹਿਲ ਕੀਤੀ। ਉਧਰੋਂ ਮੈਟਕਾਲਫ਼ ਵੀ ਆ ਗਿਆ ਅਤੇ ਇਸ ਦੰਗੇ ਲਈ ਮੁਆਫੀ ਮੰਗੀ। ਰਣਜੀਤ ਸਿੰਘ ਮੈਟਕਾਫ ਅਧੀਨ ਸ਼ੀਆ ਸਿਪਾਹੀਆਂ ਦੇ ਅਨੁਸ਼ਾਸਨ ਤੋਂ ਪ੍ਰਭਾਵਤ ਹੋਇਆ ਤਾਂ ਉਸ ਨੇ ਤੁਰੰਤ ਆਪਣੀ ਫੌਜ ਲਈ ਯੂਰਪੀਅਨ ਢੰਗ ਅਪਣਾਉਣ ਦਾ ਫ਼ੈਸਲਾ ਕੀਤਾ।

ਖਾਲਸਾ ਰਾਜ ਦੇ ਮੁਦਈ
ਅਕਾਲੀ ਫੂਲਾ ਸਿੰਘ ਖਾਲਸਾ ਫੌਜ ਦੇ ਯੂਰਪੀਕਰਨ ਦੇ ਸਖਤ ਵਿਰੁੱਧ ਸਨ । ਇਸੇ ਲਈ ਉਨ੍ਹਾਂ ਨੇ ਮਹਾਰਾਜਾ ਨਾਲ ਭਖਵੀਂ ਬਹਿਸ ਵੀ ਕੀਤੀ ਕਿਉਂਕਿ ਉਹ ਮੰਨਦੇ ਸਨ ਕਿ ਖ਼ਾਲਸੇ ਦੀਆਂ ਫ਼ੌਜਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲੜਾਈ ਸ਼ੈਲੀ ਦੀ ਪਾਲਣਾ ਕਰਨੀ ਚਾਹੀਦੀ ਹੈ। ਮਹਾਰਾਜਾ ਨੇ ਜਦ ਬ੍ਰਿਟਿਸ਼ ਸਰਕਾਰ ਨਾਲ ਰੋਪੜ ਵਿਖੇ ਸੰਧੀ 'ਤੇ ਹਸਤਾਖਰ ਕੀਤੇ ਅਤੇ ਬ੍ਰਿਟਿਸ਼ ਰਾਜ ਅਤੇ ਸਿੱਖ ਸਾਮਰਾਜ ਵਿਚਕਾਰ ਸਰਹੱਦ ਸਤਲੁਜ ਦਰਿਆ ਵਜੋਂ ਦਰਸਾਈ ਤਾਂ ਇਸ ਸੰਧੀ ਨੇ ਮਹਾਰਾਜੇ ਨੂੰ ਅਕਾਲੀ ਫੂਲਾ ਸਿੰਘ ਨੂੰ ਨਾਰਾਜ਼ ਤਾਂ ਕੀਤਾ ਹੀ ਅਕਾਲੀ ਫੂਲਾ ਸਿੰਘ ਜੀ ਨੇ ਇਸ ਦਾ ਵੀ ਵਿਰੋਧ ਵੀ ਕੀਤਾ ਕਿਉਂਕਿ ਸਿੱਖ ਮਿਸਲਾਂ ਦਾ ਕਾਫੀ ਇਲਾਕਾ ਸਤਿਲੁਜ ਤੋਂ ਪਾਰ ਦੱਖਣ ਵਲ ਸੀ ਤੇ ਅਕਾਲੀ ਫੂਲਾ ਸਿੰਘ ਸਾਰੇ ਸਿੱਖ ਰਾਜ ਨੂੰ ਉਥੋਂ ਤਕ ਇੱਕ ਕਰਨਾ ਚਾਹੁੰਦੇ ਸਨ ਜਿਥੇ ਜਿਥੇ ਸਿੱਖਾਂ ਦੇ ਛੋਟੇ ਛੋਟੇ ਰਾਜ ਪਹਿਲਾਂ ਸਥਾਪਿਤ ਹੋਏ ਹੋਏ ਸਨ।ਜੋ ਮਿਸਲਾਂ ਦਾ ਇਲਾਕਾ ਅੰਗ੍ਰੇਜ਼ੀ ਪ੍ਰਭਾਵ ਥੱਲੇ ਆਇਆ ਉਹ ਸਨ ਫੂਲਕੀਆਂ ਦੀਆਂ ਸਾਰੀਆਂ ਰਿਆਸਤਾਂ, ਡੱਲੇਵਾਲੀਆਂ ਤੇ ਨਿਸ਼ਾਨਾਂਵਾਲੀਆ ਦੇ ਜ਼ਿਆਦਾ ਹਿੱਸੇ ਅਤੇ ਪੰਜਗੜ੍ਹੀਆ ਕਰੋੜ ਸਿੰਘੀਆ ਦੇ ਛਛਰੌਲੀ ਦੇ ਇਲਾਕੇ। ਗੁੱਸੇ ਵਿਚ ਆ ਕੇ ਅਕਾਲੀ ਫੂਲਾ ਸਿੰਘ ਨੇ ਧਮਕੀ ਦਿੱਤੀ ਕਿ ਉਹ ਸਿੱਖ ਸਾਮਰਾਜ ਨੂੰ ਤਾਂ ਇਕੱਠਾ ਕਰਨਾ ਹੀ ਚਾਹੁੰਦੇ ਹਨ ਤੇ ਨਾਲ ਹੀ ਪੂਰੇ ਭਾਰਤ ਨੂੰ ਬ੍ਰਿਟਿਸ਼ ਤੋਂ ਵਾਪਸ ਵੀ ਲੈਣਾ ਚਾਹੁੰਦੇ ਹਨੇ। ਇਸ ਲਈ ਮਹਾਰਾਜੇ ਨੂੰ ਇਸ ਸੰਧੀ ਨੂੰ ਤੋੜ ਦੇਣਾ ਚਾਹੀਦਾ ਹੈ। ਮਹਾਰਾਜਾ ਨੇ ਉਸ ਨੂੰ ਇਹ ਕਹਿ ਕੇ ਸ਼ਾਂਤ ਕੀਤਾ ਕਿ ਉਹ ਬ੍ਰਿਟਿਸ਼ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ, ਕਸ਼ਮੀਰ ਅਤੇ ਤਿੱਬਤ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੈ।

1809 ਵਿਚ ਅੰਮ੍ਰਿਤਸਰ ਵਿਖੇ ਥੌਮਸ ਮੈਟਕਾਲਫ਼ ਦੇ ਐਸਕੋਰਟ ਉੱਤੇ ਹਮਲੇ ਤੋਂ ਬਾਅਦ ਰਣਜੀਤ ਸਿੰਘ ਦੁਆਰਾ ਅਕਾਲੀ ਫੂਲਾ ਸਿੰਘ ਨੂੰ ਅਕਾਲ ਫੌਜ ਦੀ ਕਮਾਂਡ ਦਿੱਤੀ ਗਈ । ਅਕਾਲੀਆਂ ਸਾਫਗੋਈ ਅਤੇ ਹਿੰਮਤ ਲਈ ਜਾਣੇ ਜਾਂਦੇ ਸਨ। ਉਹ ਰਣਜੀਤ ਸਿੰਘ ਦੀ ਨਿਯਮਤ ਸੈਨਾ ਦੀ ਯੂਰਪੀਅਨ ਸਿਖਲਾਈ ਦੇ ਸਖ਼ਤੀ ਦੇ ਵਿਰੁੱਧ ਸਨ ਅਤੇ ਰਵਾਇਤੀ ਸਿੱਖ ਸਿੱਖਲਾਈ ਨੂੰ ਅੱਗੇ ਵਧਾਉਣ ਤੇ ਜ਼ੋਰ ਦਿੱਤਾ ਸੀ।

ਤਲਵੰਡੀ ਸਾਬੋ ਵਿੱਚ
ਉਹ ਸੰਨ 1809 ਵਿੱਚ ਦਮਦਮਾਂ ਸਾਹਿਬ ਤਲਵੰਡੀ ਸਾਬੋ ਕੀ ਚਲੇ ਗਏ ਜਿਥੇ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਸੁਧਾਰ ਸਬੰਧੀ ਕਈ ਕਾਰਵਾਈਆਂ ਕੀਤੀਆਂ।ਇਨ੍ਹੀਂ ਦਿਨੀਂ ਕੈਪਟਨ ਵਾਈਟ ਸਿੱਖ ਰਾਜ ਅਤੇ ਅੰਗ੍ਰੇਜ਼ੀ ਰਾਜ ਦੀਆਂ ਹੱਦਾਂ ਦਾ ਸਰਵੇ ਕਰਨ ਤਲਵੰਡੀ ਸਾਬੋ ਆਇਆ ਤਾਂ ਅਫਵਾਹ ਉੱਡ ਗਈ ਕਿ ਅੰਗ੍ਰੇਜ਼ ਪੰਜਾਬ ਉਤੇ ਕਬਜ਼ਾ ਕਰਨ ਲਈ ਸਰਵੇ ਕਰਕੇ ਨਕਸ਼ੇ ਬਣਾ ਰਹੇ ਹਨ। ਅੰਗ੍ਰੇਜ਼ੀ ਰਾਜ ਵਿਰੁਧ ਨਫਰਤ ਤਾਂ ਲੋਕਾਂ ਵਿੱਚ ਪਹਿਲਾਂ ਹੀ ਸੀ ਸੋ ਇਹ ਖਬਰ ਆਮ ਲੋਕਾਂ ਵਿੱਚ ਅੱਗ ਵਾਂਗ ਫੈਲ ਗਈ।ਅਕਾਲੀ ਫੂਲਾ ਸਿੰਘ ਨੂੰ ਵੀ ਇਹ ਭਰੋਸੇਯੋਗ ਲਗੀ ਤਾਂ ਉਨਾਂ ਨੇ ਚਾਉਕੇ ਦੇ ਨੇੜੇ ਅੰਗ੍ਰੇਜ਼ੀ ਕੈਂਪ ਉਤੇ ਭਾਰੀ ਹਜ਼ੂਮ ਨਾਲ ਹਮਲਾ ਕਰ ਦਿਤਾ।ਕੁਝ ਚਿਰ ਤਾਂ ਵਾਈਟ ਦੇ ਸਿਪਾਹੀ ਡਟੇ ਪਰ ਵਧਦਾ ਹਜੂਮ ਦੇਖ ਕੇ ਭੱਜ ਗਏ ਤੇ ਨਾਲ ਦੇ ਪਿੰਡ ਫਤੇ ਵਿੱਚ ਜਾ ਕੇ ਪਨਾਹ ਲਈ।ਲੋਕਾਂ ਨੇ ਨਕਸ਼ੇ, ਸਰਵੇ ਦਾ ਸਮਾਨ ਤੇ ਕੈਂਪ ਦੀਆਂ ਹੋਰ ਵਸਤਾਂ ਲੁੱਟ ਲਈਆਂ।ਇਹ ਇਲਾਕਾ ਰਾਜਾ ਨਾਭਾ ਦੇ ਅਧੀਨ ਸੀ। ਜਦੋਂ ਰਾਜੇ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੇ ਭਤੀਜੇ ਕੰਵਰ ਰਣ ਸਿੰਘ ਨੂੰ ਕੈਪਟਨ ਵਾਈਟ ਦੀ ਮਦਦ ਲਈ ਘੱਲਿਆ। ਕੰਵਰ ਨੇ ਅਕਾਲੀ ਜੀ ਨੂੰ ਸਾਰੀ ਗੱਲ ਸਮਝਾਈ ਤਾਂ ਗਲਤ ਫਹਿਮੀ ਦੂਰ ਹੋਈ ਤੇ ਰੌਲਾ ਠੰਢਾ ਪਿਆ।ਅਕਾਲੀ ਜੀ ਵਾਪਿਸ ਦਮਦਮਾ ਸਾਹਿਬ ਪਰਤ ਗਏ।ਅਗ੍ਰੇਜ਼ਾਂ ਨੇ ਮਹਾਰਾਜੇ ਤੇ ਦਬਾ ਪਾਇਆ ਕਿ ਉਹ ਅਕਾਲੀ ਫੂਲਾ ਸਿੰਘ ਨੂੰ ਉਨ੍ਹਾਂ ਦੇ ਹਵਾਲੇ ਕਰਨ ਪਰ ਮਹਾਰਾਜੇ ਨੂੰ ਅਕਾਲੀ ਜੀ ਦੀ ਸ਼ਖਸ਼ੀਅਤ ਦਾ ਪਤਾ ਸੀ ਇਸ ਲਈ ਉਹ ਨਾਂ ਮੰਨੇ ਪਰ ਅਕਾਲੀ ਜੀ ਨੂੰ ਸ੍ਰੀ ਅੰਮ੍ਰਿਤਸਰ ਆ ਕੇ ਟਿਕਣ ਲਈ ਕਿਹਾ। ਆਪ ਫਿਰ ਅੰਮ੍ਰਿਤਸਰ ਵਾਪਿਸ ਆ ਕੇ ਅਪਣੀ ਜ਼ਿਮੇਵਾਰੀ ਨਿਭਾਉਣ ਲੱਗੇ।

ਦਲੇਰੀ ਤੇ ਸਾਫਗੋਈ
ਕੁੱਝ ਕੁ ਹੋਰ ਗੱਲਾਂ ਕਰਕੇ ਵੀ ਅਕਾਲੀ ਫੂਲਾ ਸਿੰਘ ਸਮੇਤ ਆਮ ਸਿੱਖ ਮਹਾਰਾਜੇ ਤੋਂ ਨਾਰਾਜ਼ ਚੱਲ ਰਹੇ ਸਨ।ਮੱਤਭੇਦ ਦੇ ਕਾਰਨ (ੳ) ਡੋਗਰਿਆਂ ਦਾ ਰਾਜ ਦਰਬਾਰ ਤੇ ਰਾਜ ਭਾਗ ਵਿੱਚ ਹਦੋਂ ਵੱਧ ਦਖਲ ਤੇ ਸਿੱਖਾਂ ਪ੍ਰਤੀ ਬੇਰੁਖੀ/ਅਣਦੇਖੀ ਦਾ ਵਰਤਾਉ (ਅ) ਯੋਗ ਪੁਰਸ਼ਾਂ ਨੂੰ ਉੱਚ ਸਥਾਨਾਂ ਤੇ ਲਾਉਣ ਦੀ ਥਾਂ ਆਪਣੇ ਅਯੋਗ ਚਮਚਿਆਂ ਨੂੰ ਮਹਤੱਵਪੂਰਨ ਨਿਯੁਕਤੀਆਂ ਤੇ ਲਾਉਣਾ (ੲ) ਡੋਗਰਿਆਂ ਦੇ ਕੰਨ ਭਰਨ ਕਰਕੇ ਆਪਣੇ ਹੀ ਪਰਿਵਾਰ ਖਾਸ ਕਰਕੇ ਪੁੱਤਰਾਂ ਨਾਲ ਸਹੀ ਸਬੰਧ ਨਾ ਰੱਖਣੇ।

ਮਹਾਰਾਜੇ ਨੂੰ ਸਮਝਾਉਣ ਦਾ ਜਦ ਕੋਈ ਹੋਰ ਚਾਰਾ ਨਾ ਵੇਖਿਆ ਤਾਂ ਅਕਾਲੀ ਫੂਲਾ ਸਿੰਘ ਦੜਦੜਾਉਂਦੇ ਮਹਾਰਾਜੇ ਦੇ ਦਰਬਾਰ ਗਏ। ਡੋਗਰਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਜੀ ਰੁਕੇ ਨਹੀਂ ਤੇ ਮਹਾਰਾਜੇ ਅੱਗੇ ਜਾ ਡਟੇ ਤੇ ਖਰੀਆਂ ਖਰੀਆ ਸੁਣਾਈਆਂ। ਮਹਾਰਾਜੇ ਨੇ ਬੜੇ ਆਦਰ ਨਾਲ ਉਨ੍ਹਾਂ ਨੂੰ ਸੁਣਿਆ ਤੇ ਇਸ ਸਭ ਵਿੱਚ ਸੁਧਾਰ ਲਿਆਉਣ ਦਾ ਭਰੋਸਾ ਵੀ ਦਿਤਾ। ਫਿਰ ਆਪ ਜੀ ਨੂੰ ਮਹਾਰਾਜੇ ਨੇ ਖਾਣੇ ਲਈ ਸੱਦਾ ਦਿਤਾ ਪਰ ਇਹ ਆਪ ਜੀ ਨੇ ਇਹ ਕਹਿ ਕੇ ਠੁਕਰਾ ਦਿਤਾ ਕਿ ਜਦ ਸੁਧਾਰ ਹੋਵੇਗਾ ਤਦ ਹੀ ਤੁਹਾਡੇ ਨਾਲ ਲੰਗਰ ਛਕਾਂਗਾ। ਅਗਲੇ ਦਿਨ ਉਹ ਅੰਮ੍ਰਿਤਸਰ ਦਾ ਡੇਰਾ ਛਡ ਅਨੰਦਪੁਰ ਸਾਹਿਬ ਆ ਗਏ। ਇਹ ਗੱਲ ਸੰਨ 1814 ਦੀ ਹੈ।

ਬਾਂਹ ਜਿਨਾਂ ਦੀ ਪਕੜੀਏ
ਅਜੇ ਅਨੰਦਪੁਰ ਸਾਹਿਬ ਵਿੱਚ ਪਹੁੰਚੇ ਕੁਝ ਦਿਨ ਹੀ ਹੋਏ ਸਨ ਕਿ ਜੀਂਦ ਦੇ ਸ਼ਹਿਜ਼ਾਦਾ ਪ੍ਰਤਾਪ ਸਿੰਘ ਦੀ ਅੰਗ੍ਰੇਜ਼ੀ ਸਰਕਾਰ ਨਾਲ ਖਟਪਟੀ ਹੋ ਗਈ ਤੇ ਉਹ ਨਸ ਕੇ ਅਕਾਲੀ ਫੂਲਸ ਸਿੰਘ ਜੀ ਦੀ ਸ਼ਰਨ ਵਿੱਚ ਆ ਗਿਆ।ਅੰਗ੍ਰੇਜ਼ਾਂ ਨੇ ਅਕਾਲੀ ਜੌ ਤੋਂ ਸ਼ਹਿਜ਼ਾਦੇ ਦੀ ਮੰਗ ਕੀਤੀ ਪਰ ਸ਼ਰਨ ਆਏ ਦੀ ਬਾਂਹ ਫੜਣਾ ਤਾਂ ਖਾਲਸੇ ਦਾ ਧਰਮ ਹੈ, “ਬਾਂਹ ਜਿਨਾਂ ਦੀ ਪਕੜੀਏ ਧਰ ਪਈਏ ਧਰਮ ਨ ਛੋੜੀਏ” ਦੇ ਵਾਕ ਅਨੁਸਾਰ ਅਕਾਲੀ ਜੀ ਨੇ ਸ਼ਹਿਜ਼ਾਦੇ ਨੂੰ ਦੇਣੋਂ ਨਾਂਹ ਕਰ ਦਿਤੀ।ਅੰਗ੍ਰੇਜ਼ਾਂ ਨੇ ਸਤੰਬਰ 1814 ਵਿੱਚ ਮਹਾਰਾਜੇ ਕੋਲ ਪਹੁੰਚ ਕੀਤੀ । ਡੋਗਰਿਆਂ ਨੇ ਅਕਾਲੀ ਜੀ ਵਿਰੁਧ ਕੰਨ ਭਰੇ ਤੇ ਫਿਲੌਰ ਦੇ ਕਿਲ੍ਹੇਦਾਰ ਨੂੰ ਵੀ ਹੁਕਮ ਭਿਜਵਾ ਦਿਤਾ ਕਿ ਅਨੰਦਪੁਰ ਤੇ ਹਮਲਾ ਕਰਕੇ ਅਕਾਲੀ ਜੀ ਲਹੌਰ ਭਿਜਵਾਏ। ਕਿਲ੍ਹੇਦਾਰ ਨੇ ਇਨਕਾਰ ਕਰ ਦਿਤਾ ਤਾਂ ਇਸ ਕੰਮ ਲਈ ਦੀਵਾਨ ਮੋਤੀ ਰਾਮ ਅਕਤੂਬਰ 1814 ਵਿਚ ਆਪ ਅਕਤੂਬਰ 1814 ਵਿਚ ਆਪ ਫੌਜ ਲੈ ਕੇ ਅਨੰਦਪੁਰ ਤੇ ਚੜ੍ਹ ਆਇਆ।ਪਰ ਜਦ ਉਸ ਨੇ ਸਿੱਖ ਫੌਜਾਂ ਨੂੰ ਅਕਾਲੀ ਜੀ ਤੇ ਹਮਲਾ ਕਰਨ ਦਾ ਹੁਕਮ ਦਿਤਾ ਤਾਂ ਉਹ ਵੀ ਇਨਕਾਰੀ ਹੋ ਗਏ। ਅੰਗ੍ਰੇਜ਼ ਨਾ ਟਲੇ; ਉਨਾਂ ਨੇ ਮਲੇਰਕੋਟਲੇ ਦੇ ਨਵਾਬ ਨੂੰ ਅਕਾਲੀ ਜੀ ਤੇ ਚੜ੍ਹਾਈ ਕਰਨ ਲਈ ਭੇਜਿਆ। ਪਰ ਉਸ ਦੇ ਸੈਨਿਕ ਵੀ ਅਕਾਲੀ ਜੀ ਤੇ ਹਮਲਾ ਕਰਨੋਂ ਇਨਕਾਰੀ ਹੋਏ। ਇਹ ਅਕਾਲੀ ਜੀ ਦੀ ਹੀ ਹਸਤੀ ਸੀ ਜਿਸ ਅੱਗੇ ਦੁਸ਼ਮਣ ਬਣ ਕੇ ਆਈਆਂ ਫੌਜਾਂ ਵੀ ਬਿਨ ਲੜੇ ਝੁਕ ਜਾਂਦੀਆਂ ਸਨ।ਅਕਾਲੀ ਜੀ ਵਰਗੇ ਸੱਚੇ ਸੁੱਚੇ ਧਰਮੀ ਮਹਾਂਪੁਰਖ ਤੇ ਤੇਜਪ੍ਰਤਾਪ ਵਾਲੇ ਮਹਾਂਬਲੀ ਯੋਧੇ ਤੇ ਤਲਵਾਰ ਚੁੱਕਣ ਲਈ ਕੋਈ ਵੀ ਰਾਜ਼ੀ ਨਹੀਂ ਹੋਇਆ ਤਾਂ ਮਹਾਰਾਜੇ ਦੀਆਂ ਅਤੇ ਅੰਗ੍ਰੇਜ਼ਾਂ ਦੀਆਂ ਅੱਖਾਂ ਖੁਲ੍ਹੀਆਂ । ਮਹਾਰਾਜੇ ਨੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਇਹ ਕਹਿ ਕੇ ਭੇਜਿਆ ਕਿ ਅਕਾਲੀ ਜੀ ਨਰਾਜ਼ਗੀ ਛੱਡਣ ਤੇ ਜੋ ਉਨ੍ਹਾਂ ਨੇ ਮਹਾਰਾਜੇ ਨੂੰ ਕਿਹਾ ਸੀ ਉਸ ਉਤੇ ਅਮਲ ਕੀਤਾ ਜਾਏਗਾ।ਗੱਲਬਾਤ ਰਾਹੀਂ ਤਸੱਲੀ ਹੋਈ ਤਾਂ ਅਕਾਲੀ ਜੀ ਅੰਮ੍ਰਿਤਸਰ ਆ ਗਏ ਜਿਥੇ ਲੋਕਾਂ ਨੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਹੀ ਮਹਾਰਾਜ ਵੀ ਆਪ ਸਵਾਗਤ ਲਈ ਆਇਆ ਤੇ ਬਹੁਤ ਸਾਰੇ ਹਾਥੀ, ਘੋੜੇ, ਸ਼ਸ਼ਤ੍ਰ ਹਥਿਆਰ ਅਕਾਲੀ ਜੀ ਦੀ ਭੇਟ ਕੀਤੇ ਅਤੇ ਡੇਰੇ ਲਈ ਜਾਗੀਰ ਵਿੱਚ ਵਾਧਾ ਕੀਤਾ ਤੇ ਨਵੀਂ ਇਮਾਰਤ ਬਣਾਉਣ ਲਈ ਵੀ ਧਨ ਦਿਤਾ।

ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ
ਜਦੋਂ ਮਹਾਰਾਜੇ ਨੇ ਲਹੌਰ ਤੇ ਅੰਮ੍ਰਿਤਸਰ ਵਿਚਕਾਰ ਪੁਲ ਕੰਜਰੀ ਤੇ ਆਪਣੇ ਪੋਤ੍ਰੇ ਦੇ ਵਿਆਹ ਤੇ ਕੰਜਰੀਆਂ ਨਚਾਈਆਂ, ਤਾਂ ਅਕਾਲੀ ਫੂਲਾ ਸਿੰਘ ਨੇ ਇਸ ਤੇ ਬੇਹੱਦ ਨਰਾਜ਼ਗੀ ਵਿਖਾਈ । ਉਸਨੇ ਸਮੁੱਚੇ ਸਿੱਖ ਸਾਮਰਾਜ ਵਿੱਚ ਘੋਸ਼ਣਾ ਕਰ ਦਿੱਤੀ ਕਿ “ਮਹਾਰਾਜਾ ਹੁਣ ਖਾਲਸੇ ਦੀਆਂ ਰਹੁ-ਰੀਤਾਂ ਉੱਤੇ ਵਿਸ਼ਵਾਸ ਨਹੀਂ ਕਰਦਾ” । ਮਹਾਰਾਜਾ ਰਣਜੀਤ ਸਿੰਘ ਨੂੰ ਝੁਕਣਾ ਪਿਆ। ਉਹ ਹiਰਮੰਦਰ ਸਾਹਿਬ ਵਿੱਚ ਆਪ ਆਇਆ ਅਤੇ ਮੰਨਿਆ ਕਿ ਉਸਨੇ ਇੱਕ ਭਿਆਨਕ ਗਲਤੀ ਕੀਤੀ ਸੀ । ਇਸ ਤੇ ਅਕਾਲੀ ਫੂਲਾ ਸਿੰਘ ਨੇ ਬਤੌਰ ਅਕਾਲ ਤਖਤ ਜਥੇਦਾਰ ਉਸਨੂੰ 50 ਕੋੜੇ ਮਾਰਨ ਦਾ ਹੁਕਮ ਦਿੱਤਾ, ਜਿਸ ਨੂੰ ਮਹਾਰਾਜੇ ਨੇ ਸਵੀਕਾਰ ਕਰ ਲਿਆ। ਰਣਜੀਤ ਸਿੰਘ ਨੇ ਆਪਣੀ ਕਮੀਜ਼ ਉਤਾਰ ਦਿੱਤੀ ਅਤੇ ਆਪਣੀ ਸਜ਼ਾ ਪ੍ਰਾਪਤ ਕਰਨ ਲਈ ਮੱਥਾ ਟੇਕਿਆ, (ਛਾਬੜਾ, 2005: 126) ਇਹ ਵੇਖਦਿਆਂ ਅਕਾਲੀ ਫੂਲਾ ਸਿੰਘ ਨੇ ਸਾਧ ਸੰਗਤ ਨੂੰ ਇਸ ਗਲਤੀ ਲਈ ਮਹਾਰਾਜਾ ਨੂੰ ਮੁਆਫ ਕਰਨ ਲਈ ਕਿਹਾ। ਇਸ ਤਰ੍ਹਾਂ ਮਹਾਰਾਜਾ ਨੂੰ ਮੁਆਫ ਕਰ ਦਿੱਤਾ ਗਿਆ, ਰਣਜੀਤ ਸਿੰਘ ਨੇ ਫਿਰ ਵਿਆਹ ਨਹੀਂ ਕਰਾਉਣ ਦੀ ਸਹੁੰ ਖਾਧੀ। ਸਿੰਘ, ਕਰਤਾਰ, 1975 : 160))

ਅਕਾਲੀ ਫੂਲਾ ਸਿੰਘ ਦੀ ਯੁੱਧਾਂ ਵਿੱਚ ਬਹਾਦੁਰੀ
ਸ੍ਰੀ ਅਨੰਦਪੁਰ ਸਾਹਿਬ ਵਿਚ ਰਹਿੰਦੇ ਹੋਏ ਅਕਾਲੀ ਫੁਲਾ ਸਿੰਘ ਸ਼ਸ਼ਤ੍ਰ ਕਲਾ ਤੇ ਯੁੱਧ ਕਲਾ ਵਿੱਚ ਤਾਂ ਪ੍ਰਬੀਣ ਹੋ ਹੀ ਗਏ ਸਨ ਪਰ ਵੱਡੇ ਯੁੱਧ ਉਸ ਨੇ ਖਾਲਸਾ ਸੈਨਾ ਦੀ ਅਗਵਾਈ ਕਰਦਿਆਂ ਲੜੇ ਜਿਨ੍ਹਾਂ ਵਿੱਚ ਕਸੂਰ ਦਾ ਯੁੱਧ (1807 ਈ) ਕਸ਼ਮੀਰ ਦਾ ਯੁੱਧ (1816 ਈ:) ਹਜ਼ਾਰੇ ਦਾ ਯੁੱਧ (1817ਈ), ਮੁਲਤਾਨ ਦਾ ਯੁੱਧ (1817 ਈ ) ਪਿਸ਼ਾਵਰ ਦਾ ਯੁੱਧ (1818 ਈ), ਕਸ਼ਮੀਰ ਦਾ ਦਜਾ ਯੁੱਧ (1819 ਈ),ਕਾਬੁਲ ਬਾਦਸ਼ਾਹ ਨਾਲ ਯੁੱਧ ( 1823 ਈ) ਖਾਸ ਮਹੱਤਵ ਪੂਰਨ ਹਨ ਜਿਨ੍ਹਾਂ ਵਿੱਚ ਖਾਲਸਾ ਫੌਜ ਨੂੰ ਜਿੱਤ ਦਵਾਉਣ ਵਿੱਚ ਅਕਾਲੀ ਫੂਲਾ ਸਿੰਘ ਦਾ ਵੱਡਾ ਹੱਥ ਰਿਹਾ ਹੈ ਤੇ ਉਸ ਦੀ ਬਹਾਦਰੀ ਦਾ ਡੰਕਾ ਵਜਦਾ ਰਿਹਾ।

ਅਪਰੈਲ 1816 ਵਿੱਚ ਮੀਰ ਹਾਫਿਜ਼ ਖਾਨ ਨੇ ਭੱਖਰ ਤੇ ਲੀਹੇ ਦੇ ਨਵਾਬ ਮੁਹੰਮਦ ਖਾਨ ਤੋਂ ਉਸਦਾ ਇਲਾਕਾ ਖੋਹ ਲਿਆ ਤੇ ਸਿੱਖ ਰਾਜ ਤੋਂ ਆਕੀ ਹੋ ਬੈਠਾ।ਮਹਾਰਾਜਾ ਉਸ ਵੇਲੇ ਤਰਨਤਾਰਨ ਸੀ।ਉਸ ਨੇ ਮੀਰ ਨੂੰ ਸੋਧਣ ਦਾ ਕੰਮ ਅਕਾਲੀ ਫੂਲਾ ਸਿੰਘ ਅਤੇ ਫਤਹਿ ਸਿੰਘ ਆਹਲੂਵਾਲੀਏ ਨੂੰ ਸੌਪਿਆ। ਅਕਾਲੀ ਜੀ ਨੇ ਮੀਰ ਨੂੰ ਮਾਮਲਾ ਦਾਖਲ ਕਰਕੇ ਸਿੱਖ ਰਾਜ ਦੀ ਅਧੀਨਗੀ ਸਵੀਕਾਰ ਕਰਨ ਲਈ ਸੁਨੇਹਾ ਦਿਤਾ ਪਰ ਮੀਰ ਨੇ ਨਾਂਹ ਕਰ ਦਿਤੀ ਜਿਸ ਤੇ ਅਕਾਲੀ ਜੀ ਨੇ ਸੈਨਾ ਲੈ ਕੇ ਖਾਨਗੜ੍ਹ ਤੇ ਹਮਲਾ ਕਰ ਦਿਤਾ।ਮੀਰ ਨੇ ਅੱਗੋਂ ਚੰਗਾ ਟਾਕਰਾ ਕੀਤਾ ਪਰ ਕੁੱਝ ਅਕਾਲੀ ਪੌੜੀਆਂ ਲਾ ਕੇ ਕਿਲ੍ਹੇ ਦਾ ਅੰਦਰ ਜਾ ਵੜੇ ਤੇ ਕਿਲ੍ਹੇ ਦੇ ਦਰਵਾਜ਼ਿਆਂ ਤੇ ਕਬਜ਼ਾ ਕਰ ਲਿਆ ਤੇ ਪਿਛੋਂ ਬਾਹਰਲੀ ਫੌਜ ਵੀ ਅੰਦਰ ਆ ਵੜੀ।ਘਿਰੀ ਹੋਈ ਅੰਦਰਲੀ ਫੌਜ ਨੇ ਅਕਾਲੀ ਜੀ ਅੱਗੇ ਆਤਮ-ਸਮਰਪਣ ਕਰ ਦਿਤਾ। ਅਕਾਲੀ ਜੀ ਨੇ ਅੱਗੇ ਮੀਰ ਦੇ ਅਹਿਮਦ ਕੋਟ ਤੇ ਹਮਲਾ ਕਰ ਦਿਤਾ।ਅੰਦਰ ਮੀਰ ਤਿੰਨ ਦਿਨ ਲੜਾਈ ਲੜਦਾ ਰਿਹਾ। ਚੌਥੇ ਦਿਨ ਸਿੰਘਾਂ ਨੇ ਫਸੀਲ ਦੀ ਦੀਵਾਰ ਉਡਾ ਕੇ ਸਿੱਧੇ ਦੁਸ਼ਮਣ ਦੇ ਸਿਰ ਤੇ ਚੜ੍ਹ ਗਏ।ਮੀਰ ਭੱਜਦਾ ਸਿੰਘਾਂ ਨੇ ਕਾਬੂ ਕਰ ਲਿਆ ਜਿਸ ਨੇ ਮੁਆਫੀ ਮੰਗ ਕੇ ਅਧੀਨਗੀ ਕਬੂਲ ਕਰ ਲਈ।ਮਹਾਰਾਜਾ ਅਕਾਲੀ ਜੀ ਨੂੰ ਮਿਲਕੇ ਅਤੇ ਜਿੱਤ ਤੇ ਬੜਾ ਪ੍ਰਸੰਨ ਹੋਇਆ।

ਅਕਾਲੀ ਜੀ ਖਾਨਗੜ੍ਹ ਹੀ ਸਨ ਜਦੋਂ ਝੰਗ ਦੇ ਹਾਕਮ ਅਹਿਮਦ ਖਾਨ ਵਿਰੁਧ ਲੋਕਾਂ ਦੀ ਫਰਿਆਦ ਪਹੁੰਚੀ।ਮਹਾਰਾਜੇ ਨੇ ਅਕਾਲੀ ਜੀ ਨੂੰ ਅਹਿਮਦ ਖਾਨ ਨੂੰ ਸੋਧਣ ਲਈ ਕਿਹਾ।ਅਕਾਲੀ ਜੀ ਨੇ ਛੋਟੀ ਜਿਹੀ ਮੁੱਠ ਭੇੜ ਪਿਛੋਂ ਅਹਿਮਦ ਖਾਨ ਨੂੰ ਕਾਬੂ ਕਰਕੇ ਲਹੌਰ ਭੇਜ ਦਿਤਾ ਤੇ ਇਹ ਇਲਾਕਾ ਸਿੱਖ ਰਾਜ ਵਿੱਚ ਸ਼ਾਮਿਲ ਕਰ ਲਿਆ।ਲਹੌਰ ਤੋਂ ਹੁੰਦੇ ਹੋਏ ਅਕਾਲੀ ਜੀ ਅੰਮ੍ਰਿਤਸਰ ਆ ਰਹੇ।

ਮੁਲਤਾਨ ਦਾ ਯੁੱਧ
ਅਗਲੇ ਸਾਲ 1817 ਵਿਚ ਮੁਲਤਾਨ ਵੀ ਭਖ ਗਿਆ।ਦੀਵਾਨ ਮੋਤੀ ਰਾਮ, ਭਵਾਨੀ ਦਾਸ ਅਤੇ ਦਿਵਾਨ ਚੰਦ ਮੁਲਤਾਨ ਦੀ ਮੁਹਿੰਮ ਵਿਚ ਕਾਫੀ ਨੁਕਸਾਨ ਕਰਵਾਕੇ ਵੀ ਅਸਫਲ ਰਹੇ।ਜਨਵਰੀ 1818 ਵਿਚ ਮਹਾਰਾਜੇ ਨੇ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਮਦਦ ਲਈ ਨਵੇਂ ਲਸ਼ਕਰ ਨਾਲ ਭੇਜਿਆ। ਬੁਢਾ ਨਵਾਬ ਆਪਣੇ ਪੁਤਰਾਂ, ਵੀਹ ਹਜ਼ਾਰ ਫੌਜ ਤੇ ਅਣਗਿਣਤ ਜਹਾਦੀਆਂ ਨਾਲ ਮੁਕਾਬਲੇ ਵਿੱਚ ਆਇਆ।ਸਿੱਖਾਂ ਨੇ ਮੁਲਤਾਨੋਂ ਬਾਹਰਲੀਆਂ ਫੌਜਾਂ ਹਰਾ ਦਿਤੀਆਂ ਤਾਂ ਗਾਜ਼ੀ ਸ਼ਹਿਰ ਅੰਦਰ ਜਾ ਵੜੇ।ਤਿੰਨ ਮਹੀਨੇ ਸਿੱਖਾਂ ਨੇ ਸ਼ਹਿਰ ਨੂੰ ਘੇਰੀ ਰੱਖਿਆ ਪਰ ਕਿਲ੍ਹਾ ਫਤਹਿ ਨਾ ਹੋਇਆ। ਸਿੱਖ ਕਾਮਯਾਬ ਨਾ ਹੋਏ ।ਉਤੋਂ ਗਰਮੀ ਤੇ ਫਿਰ ਹੈਜ਼ਾ ਫੈਲ ਗਿਆ ਜਿਸ ਨਾਲ ਸਿੱਖ ਸੈਨਾ ਵਿੱਚ ਹੋਰ ਨਿਰਾਸਤਾ ਫੈਲਣ ਲੱਗੀ। ਇਸ ਸੰਕਟ ਦੀ ਹਾਲਤ ਵਿੱਚ ਮਹਾਰਾਜੇ ਨੂੰ ਅਕਾਲੀ ਫੂਲਾ ਸਿੰਘ ਦੀ ਯਾਦ ਆਈ ਤਾਂ ਉਹ ਸਿੱਧੇ ਅੰi੍ਰਮਤਸਰ ਅਕਾਲੀ ਜੀ ਕੋਲ ਪਹੁੰਚੇ ਤੇ ਸਾਰੀ ਹਾਲਤ ਤੋਂ ਜਾਣੂ ਕਰਵਾਇਆ। ਅਕਾਲੀ ਜੀ ਨੇ ਮਹਾਰਾਜੇ ਨੂੰ ਕਟਾਖ ਨਾਲ ਕਿਹਾ, “ਡੋਗਰਿਆਂ ਨੂੰ ਕਿਉਂ ਨਹੀਂ ਅੱਗੇ ਲਾਉਂਦੇ? ਉਨ੍ਹਾਂ ਉਤੇ ਤਾਂ ਤੁਸੀਂ ਜ਼ਿਆਦਾ ਭਰੋਸਾ ਕਰਦੇ ਹੋ।” ਮਹਾਰਾਜਾ ਨੀਵੀ ਪਾ ਗਿਆ ਤਾਂ ਮਹਾਰਾਜੇ ਨੂੰ ਮੁਲਤਾਨ ਜਿੱਤ ਦਾ ਭਰੋਸਾ ਦਿਤਾ।ਅਕਾਲੀਆਂ ਦੀ ਛਾਉਣੀ ਵਿੱਚ ਨਗਾਰੇ ਗੂੰਜਣ ਲੱਗੇ।ਅਰਦਾਸਾ ਸੋਧ ਕੇ ਅਕਾਲੀ ਜੀ ਜ਼ਮਜ਼ਮਾ ਤੋਪ ਲੈਕੇ ਹਫਤੇ ਵਿੱਚ ਮੁਲਤਾਨ ਜਾ ਪਹੁੰਚੇ। ਸ਼ਹਿਜ਼ਾਦਾ ਸ਼ੇਰ ਸਿੰਘ ਨੇ ਅੱਗੇ ਹੋ ਕੇ ਸਵਾਗਤ ਕੀਤਾ।ਜਾਂਦਿਆ ਹੀ ਅਕਾਲੀ ਜੀ ਨੇ ਖਿਜ਼ਰੀ ਦਰਵਾਜ਼ੇ ਤੇ ਜ਼ਮਜ਼ਮੇ ਦੇ ਗੋਲੇ ਵਰ੍ਹਾਏ।ਫਸੀਲ ਵਿਚ ਪਾੜ ਪੈ ਗਿਆ ਤਾਂ ਸਿੰਘ ਜੈਕਾਰੇ ਗਜਾਉਂਦੇ ਨਵਾਬ ਦੇ ਗਲ ਜਾ ਪਏ।ਬਾਰਾਂ ਹਜ਼ਾਰ ਮੁਸਲਮਾਨ, ਨਵਾਬ ਅਤੇ ਉਸਦੇ ਪੰਜ ਪੁੱਤਰ ਇਸ ਘਮਸਾਣ ਯੁੱਧ ਵਿੱਚ ਮਾਰੇ ਗਏ।ਚਾਰ ਹਜ਼ਾਰ ਦੇ ਕਰੀਬ ਸਿੰਘ ਵੀ ਸ਼ਹੀਦ ਹੋਏ।ਅਕਾਲੀ ਜੀ ਨੇ ਕਿਲ੍ਹੇ ਤੇ ਕਬਜ਼ਾ ਕਰਨ ਪਿੱਛੋਂ ਇਲਾਕੇ ਦੇ ਪ੍ਰਬੰਧ ਲਈ ਸ਼ਹਿਜ਼ਾਦੇ ਨਾਲ ਦੋ ਕੁ ਮਹੀਨੇ ਗੁਜ਼ਾਰੇ। ਲਹੌਰ ਪਰਤੇ ਤਾਂ ਸ਼ਾਹੀ ਸੁਆਗਤ ਹੋਇਆ।ਮਹਾਰਾਜਾ ਨੇ ਅਕਾਲੀ ਜੀ ਨੂੰ ‘ਸਿੱਖ ਰਾਜ ਦਾ ਰਾਖਾ’ ਦੇ ਖਿਤਾਬ ਨਾਲ ਨਿਵਾਜਿਆ।

1818 ਵਿੱਚ ਕਾਬਲ ਦਾ ਤਖਤ ਦੁਰਾਨੀ ਹਥੋਂ ਨਿਕਲ ਕੇ ਬਾਰਕਜ਼ਈਆਂ ਹੱਥ ਆਇਆ ਤਾਂ ਇਸ ਰਾਮ ਰੌਲੇ ਦਾ ਫਾਇਦਾ ਉਠਾਉਂਦੇ ਹੋਏ ਮਹਾਰਾਜਾ ਨੇ ਪਿਸ਼ਾਵਰ ਤੇ ਚੜ੍ਹਾਈ ਕਰ ਦਿਤੀ ਅਤੇ ਖਾਲਸਾ ਸੈਨਾ ਅਟਕ ਤਕ ਪਹੁੰਚ ਗਈ। ਮਹਾਰਾਜਾ ਨੇ ਇੱਕ ਟੁਕੜੀ ਦਰਿਆਓਂ ਪਾਰ ਭੇਜੀ ਤਾਂ ਪੱਕੇ ਮੋਰਚਿਆਂ ਵਿੱਚ ਬੈਠੇ ਪਠਾਣਾਂ ਨੇ ਪਾਰ ਬੁਲਾ ਦਿਤੀ।ਅਗਲਾ ਜੱਥਾ ਮਹਾਰਾਜਾ ਨੇ ਅਕਾਲੀ ਜੀ ਦੀ ਅਗਵਾਈ ਵਿੱਚ ਭੇਜਿਆ ।ਪਠਾਣ ਟੁੱਟ ਕੇ ਪਏ ਤਾਂ ਅਕਾਲੀ ਜੀ ਨੇ ਨੀਤੀ ਵਰਤਦਿਆਂ ਪਿਛਾਂਹ ਨੂੰ ਹਟਣਾ ਸ਼ੁਰੂ ਕਰ ਦਿਤਾ। ਦੁਸ਼ਮਣ ਨੇ ਸਮਝਿਆ ਅਕਾਲੀ ਮੈਦਾਨ ਛੱਡ ਗਏ ਤੇ ਮੋਰਚਿਆਂ ਤੋਂ ਨਿਕਲ ਆਏ।ਅਕਾਲੀ ਜੀ ਨੇ ਖੁਲ੍ਹੇ ਵਿੱਚ ਆਏ ਪਠਾਣਾਂ ਉਤੇ ਅਜਿਹੇ ਭਰਵੇਂ ਵਾਰ ਕੀਤੇ ਕਿ ਸੈਂਕੜੇ ਪਠਾਣ ਤਲਵਾਰ ਦੇ ਘਾਟ ਉਤਾਰ ਦਿਤੇ।ਪਠਾਣਾਂ ਦੇ ਆਗੂ ਫਿਰੋਜ਼ ਖਾਨ ਨੇ ਚਿੱਟਾ ਝੰਡਾ ਖੜਾ ਕਰਕੇ ਮਸਾਂ ਜਾਨ ਬਚਾਈ।ਉਸ ਨੂੰ ਕੈਦ ਕਰਕੇ ਮਹਾਰਾਜੇ ਦੇ ਪੇਸ਼ ਕੀਤਾ ਤਾਂ ਉਹ ਅਮਨ ਚੈਨ ਦੇ ਵਾਧੇ ਦੇ ਵਾਹਦੇ ਨਾਲ ਸਿੰਘਾਂ ਦੀ ਮਦਦ ਲਈ ਤਿਆਰ ਹੋ ਗਿਆ।ਅਗਲੇ ਦਿਨ ਸਾਰੀ ਫੌਜ ਨੇ ਦਰਿਆ ਪਾਰ ਕਰ ਲਿਆ। ਕੁਝ ਖਾਲਸਾ ਫੌਜ ਜਹਾਂਗੀਰੇ ਤੇ ਖੈਰਾਬਾਦ ਦੇ ਕਿਲਿ੍ਹਆਂ ਵਿੱਚ ਰਹੀ ਤੇ ਬਾਕੀ ਪਿਸ਼ਾਵਰ ਵੱਲ ਤੁਰ ਪਈ।ਨੁਸ਼ਹਿਰੇ ਨੇੜੇ ਪਹੁੰਚੇ ਤਾਂ ਅਕਾਲੀ ਜੀ ਨੂੰ ਖਬਰ ਮਿਲੀ ਕਿ ਗਾਜ਼ੀਆਂ ਦਾ ਇਕ ਵੱਡਾ ਲਸ਼ਕਰ ਚਮਕਨੀਆਂ ਵਿੱਚ ਇਕੱਠਾ ਹੋ ਰਿਹਾ ਹੈ।ਅਕਾਲੀ ਦਲ ਨੇ ਰਾਤੋ ਰਾਤ ਹਮਲਾ ਜਾ ਕੀਤਾ ਤੇ ਸੁਤੇ ਪਏ ਗਾਜ਼ੀ ਘੇਰ ਲਏ।ਜਿਸ ਗਾਜ਼ੀ ਦਾ ਜਿਧਰ ਦਾਅ ਲਗਾ, ਭਜ ਪਿਆ ਜੋ ਹੱਥ ਆਇਆ ਤਲਵਾਰ ਦੀ ਭੇਟ ਚੜ੍ਹ ਗਿਆ।ਗਾਜ਼ੀਆਂ ਵਿਚ ਘੋਰ ਨਿਰਾਸ਼ਾ ਫੈਲ ਗਈ।ਅਗਲੇ ਦਿਨ 20 ਨਵੰਬਰ 1818 ਨੂੰ ਬਿਨਾਂ ਲੜਾਈ ਦੇ ਪਿਸ਼ਾਵਰ ਸਿੰਘਾਂ ਨੂੰ ਦੇ ਦਿਤਾ।ਉਸ ਤੋਂ ਅਗਲੇ ਦਿਨ ਮਹਾਰਾਜਾ ਪਿਸ਼ਾਵਰ ਆਏ ਤਾਂ ਖਾਲਸੇ ਦਾ ਝੰਡਾ ਝੂਲਦਾ ਵੇਖ ਕੇ ਝੂਮ ਉਠੇ। ਭਾਰੀ ਦਰਬਾਰ ਕਰਕੇ ਇਲਾਕੇ ਦੇ ਰਈਸਾਂ ਨੂੰ ਖਿਲਤਾਂ ਤੇ ਸਿਰੋਪੇ ਬਖਸ਼ੇ।ਦੋਸਤ ਮੁਹੰਮਦ ਖਾਨ ਬਾਰਕਜ਼ਈ ਨੇ 50,000 ਰੁਪਈਏ, ਇੱਕ ਸੌ ਘੋੜੇ ਤੇ ਫਲ ਮੇਵੇ ਨਜ਼ਰਾਨੇ ਭੇਟ ਕੀਤੇ ਤੇ ਤਿੰਨ ਲੱਖ ਰੁਪਏ ਬਾਰੁਜ਼ਗਾਰੀ ਤੇ ਪਿਸ਼ਾਵਰ ਦੀ ਹਕੂਮਤ ਮੰਗੀ।ਮਹਾਰਾਜੇ ਨੇ ਉਸ ਦੀ ਮੰਗ ਮੰਨ ਲਈ ਤੇ ਅਕਾਲੀ ਜੀ ਨਾਲ ਲਹੌਰ ਪਰਤਕੇ ਹੋਰ ਜਸ਼ਨ ਮਨਾਏ।

ਕਸ਼ਮੀਰ ਦਾ ਦੂਜਾ ਯੁੱਧ (1819 ਈ):
ਕਸ਼ਮੀਰ ਦੇ ਸ਼ਾਸ਼ਕ ਨੇ 1819 ਈਸਵੀ ਵਿਚ ਲਹੌਰ ਸਰਕਾਰ ਨਾਲ ਹੋਇਆ ਸਮਝੌਤਾ ਫਿਰ ਤੋੜ ਦਿਤਾ ਤਾਂ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਕਸ਼ਮੀਰ ਸੋਧਣ ਲਈ ਭੇਜਿਆ। ਕਸ਼ਮੀਰ ਨੂੰ ਜਾਂਦੇ ਸਾਰੇ ਦੱਰਰੇ ਕਸ਼ਮੀਰੀ ਫੌਜ ਨੇ ਬੰਦ ਕਰ ਰੱਖੇ ਸਨ ਇਸ ਲਈ ਅਕਾਲੀ ਜੀ ਨੇ ਆਪਣੀ ਫੌਜ ਨੂੰ ਪਹਾੜੀਆਂ ਉੱਪਰ ਦੀ ਅੱਗੇ ਵਧਣ ਦਾ ਹੁਕਮ ਦਿਤਾ।ਪਹਾੜਾਂ ਦੀਆਂ ਉਚਾਈਆਂ ਤੋਂ ਦਰਰਿਆਂ ਤੇ ਮੋਰਚੇ ਬਣਾਈ ਬੈਠੇ ਕਸ਼ਮੀਰੀ ਫੌਜੀ ਖਾਲਸਾ ਫੌਜ ਦੀ ਮਾਰ ਥੱਲੇ ਆਉਂਦੇ ਗਏ।ਮਜ਼ਬੂਤ ਕਿੱਲੇ ਵੀ ਅਕਾਲੀ ਫੌਜ ਨੇ ਇਸੇ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰ ਲਏ।ਅੱਗੇ ਪੀਰ ਪੰਜਾਲ ਦੀਆਂ ਪਹਾੜੀਆਂ ਉਤੇ ਪਠਾਣਾਂ ਨੇ ਕਬਜ਼ਾ ਕੀਤਾ ਹੋਇਆ ਸੀ। ਖਾਲਸਾ ਫੌਜ ਜਿਉਂ ਹੀ ਇਨ੍ਹਾ ਦੀ ਮਾਰ ਵਿੱਚ ਆਈ ਪਠਾਣਾਂ ਨੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿਤੀਆਂ।ਅਕਾਲੀ ਜੀ ਨੇ ਫਿਰ ਅਪਣੇ ਸਿਪਾਹੀਆਂ ਨੂ ਚੋਟੀਆਂ ਤੇ ਚੜ੍ਹਾ ਦਿਤਾ ਤੇ ਪਠਾਣਾਂ ਉਤੇ ਗੋਲੀਆਂ ਦੀ ਵਰਖਾ ਕਰ ਦਿਤੀ।ਫਿਰ ਦਰਰੇ ਵਿੱਚ ਉਤਰ ਕੇ ਹੱਥੋ-ਹੱਥੀ ਦੀ ਲੜਾਈ ਵਿੱਚ ਪਠਾਣਾਂ ਨੂੰ ਮਾਤ ਦਿਤੀ।

ਅਗਲਾ ਯੁੱਧ ਅਫਗਾਨੀ ਜ਼ਬਰ ਖਾਨ ਨਾਲ ਸੀ ਜਿਸ ਨੇ ਹਜ਼ਾਰਾਂ ਅਫਗਾਨੀ ਇਕੱਠੇ ਕੀਤੇ ਹੋਏ ਸਨ।ਦਿਵਾਨ ਚੰਦ ਨੇ ਉਨ੍ਹਾਂ ਉਤੇ ਤੋਪਾਂ ਦੀ ਗੋਲਾਬਾਰੀ ਦਾ ਹੁਕਮ ਦਿਤਾ ਪਰ ਅਫਗਾਨੀਆਂ ਤੇ ਕੋਈ ਅਸਰ ਨਾ ਹੋਇਆ। ਦਿਵਾਨ ਚੰਦ ਨੇ ਆਪਣੀਆਂ ਤੋਪਾਂ ਅਫਗਾਨੀਆਂ ਦੇ ਹੋਰ ਨੇੜੇ ਲਿਜਾ ਕੲ ਫਦਾਗਣ ਦਾ ਹੁਕਮ ਦਿਤਾ। ਜਿਉਂ ਹੀ ਸਿੱਖ ਤੋਪਾਂ ਨੂੰ ਅੱਗੇ ਲਿਜਾਇਆ ਜਾਣ ਲੱਗਾ ਅਫਗਾਨੀ ਬੰਕਰਾਂ ਵਿੱਚੋਂ ਨਿਕਲ ਕੇ ਤੋਪਾਂ ਨੂੰ ਪੈ ਗਏ ਤੇ ਕੁਝ ਤੋਪਾਂ ਕਬਜ਼ੇ ਵਿੱਚ ਕਰ ਲਈਆਂ। ਅਫਗਾਨੀਆਂ ਨੂੰ ਖੁਲ੍ਹੇ ਮੈਦਾਨ ਵਿੱਚ ਆਇਆ ਵੇਖਿਆਂ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਬਿਜਲੀ ਵਾਂਗ ਅਫਗਾਨੀਆਂ ਅੁਪਰ ਅਚਾਨਕ ਹੱਲਾ ਬੋਲ ਦਿਤਾ। ਅਕਾਲ ਸੈਨਾ ਹੱਥੋ ਹਥੀ ਦੂ ਲੜਾਈ ਦੀ ਮਾਹਿਰ ਸੀ। ਅਫਗਾਨੀਆਂ ਦੇ ਪੈਰ ਉਖੜ ਗਏ, ਜ਼ਬਰ ਖਾਨ ਜ਼ਖਮੀ ਹੋ ਕੇ ਭੱਜ ਗਿਆ ਤੇ ਖਾਲਸਾ ਫੌਜ ਨੇ ਕਸ਼ਮੀਰ ਉਪਰ ਜਿਤ ਪ੍ਰਾਪਤ ਕੀਤੀ।(ਕੁਲਦੀਪ ਸਿੰਘ ਧੀਰ: 1984, ਕਾਲੀ ਫੂਲਾ ਸਿੰਘ, ਸਿੱਖ ਰਾਜ ਦੇ ਵੀਰ ਨਾਇਕ: 65-66)

ਕਾਬੁਲ ਬਾਦਸ਼ਾਹ ਨਾਲ ਯੁੱਧ (1823 ਈ) :
ਮੁਹੰਮਦ ਆਜ਼ਿਮ ਖਾਨ 1823 ਵਿਚ ਕਾਬੁਲ ਦਾ ਬਾਦਸ਼ਾਹ ਸੀ ਜਦ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਭਰਾ ਯਾਰ ਮੁਹੰਮਦ ਖਾਨ ਨੂੰ ਪੇਸ਼ਾਵਰ ਦਾ ਗਵਰਨਰ ਬਣਾਇਆ ਹੋਇਆ ਸੀ।ਮੁਹੰਮਦ ਆਜ਼ਿਮ ਖਾਨ ਦਾ ਇਰਾਦਾ ਪੇਸ਼ਾਵਰ ਤੇ ਕਬਜ਼ਾ ਕਰਨ ਦਾ ਹੋਇਆ ਤਾਂ ਉਸਦੇ ਭਰਾ ਨੇ ਬਿਨਾਂ ਹੀਲ ਹੁਜਤ ਖਾਲੀ ਕਰਨ ਦਾ ਵਾਅਦਾ ਕੀਤਾ।ਇਸ ਯੋਜਨਾ ਅਧੀਨ ਖਾਲੀ ਹੋਏ ਪੇਸ਼ਾਵਰ ਨੂੰ ਮੁਹੰਮਦ ਆਜ਼ਿਮ ਖਾਨ ਨੇ ਕਬਜ਼ੇ ਵਿੱਚ ਲੈ ਲਿਆ ਤੇ ਸਥਾਨਕ ਵਾਸੀਆਂ ਨੂੰ ਭੜਕਾ ਕੇ ਖਾਲਸਾ ਫੌਜ ਦੇ ਵਿਰੁਧ ਕਰ ਦਿਤਾ ਜਿਨ੍ਹਾਂ ਨੇ ਪੇਸ਼ਾਵਰ ਨੂੰ ਆਉਣ ਵਾਲੇ ਸਾਰੇ ਰਾਹ ਰੋਕ ਲਏ ਜਿਸ ਕਰਕੇ ਖਾਲਸਾ ਫੌਜ ਨੂੰ ਪੇਸ਼ਾਵਰ ਪਹੁੰਚਣਾ ਮੁਸ਼ਕਿਲ ਹੋ ਗਿਆ। ਜਦ ਇਹ ਖਬਰ ਲਹੌਰ ਪੁਜੀ ਤਾਂ ਮਹਾਰਾਜੇ ਨੂੰ ਜਨਰਲ ਨਲਵੇ ਨੂੰ ਬੁਲਾ ਕੇ ਹੱਲ ਪੁਛਿਆ।ਨਲਵੇ ਨੇ ਅਕਾਲੀ ਫੂਲਾ ਸਿੰਘ ਹੋਰਾਂ ਨੂੰ ਇਸ ਮੁਹਿੰਮ ਵਿੱਚ ਜੋੜਣ ਦੀ ਸਲਾਹ ਦਿਤੀ ਤੇ ਆਪ ਨਲਵਾ ਮਹਾਰਾਜੇ ਨਾਲ ਪੇਸ਼ਾਵਰ ਲਈ ਚੱਲ ਪਏ। ਅਕਾਲੀ ਜੀ ਨੂੰ ਸੁਨੇਹਾ ਮਿਲਿਆ ਤਾਂ ਉਹ ਵੀ ਆ ਰਲੇ।ਜਦ ਅਟਕ ਪਹੁੰਚੇ ਤਾਂ ਕਿਸ਼ਤੀਆਂ ਦਾ ਪੁੱਲ ਟੁੱਟਿਆ ਹੋਇਆ ਮਿਲਿਆ ।ਜਨਰਲ ਨਲਵਾ ਅਟਕ ਦਰਿਆ ਦੇ ਪੱਛਮ ਵੱਲ ਅਫਗਾਨੀ ਸੈਨਾ ਨਾਲ ਖੂਨੀ ਜੰਗ ਵਿੱਚ ਜੂਝ ਰਹ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਅਧੀਨ ਸੈਨਾ ਪੂਰਬੀ ਕੰਢੇ ਤੇ ਅਟਕੀ ਖੜ੍ਹੀ ਸੀ। ਜਨਰਲ ਨਲਵਾ ਤੇ ਅਫਗਾਨੀਆਂ ਨੇ ਵੱਡਾ ਹਮਲਾ ਕੀਤਾ ਤੇ ਹਾਰ ਸਾਹਮਣੇ ਦਿਸੀ ਤਾਂ ਉਨ੍ਹਾ ਨੇ ਅਕਾਲੀ ਫੂਲਾ ਸਿੰਘ ਨੂੰ ਮਦਦ ਲਈ ਬੁਲਾਇਆ । ਅਕਾਲੀ ਫੂਲਾ ਸਿੰਘ ਨੇ ਸੁਨੇਹਾ ਮਿਲਦੀ ਹੀ ਅਟਕ ਵਿੱਚ ਘੋੜਾ ਠੇਲ੍ਹ ਦਿਤਾ ਜਿਸ ਨੂੰ ਦੇਖ ਕੇ ਮਹਾਰਾਜਾ ਵੀ ਆਪਣੀ ਫੌਜ ਨਾਲ ਦਰਿਆ ਪਾਰ ਕਰ ਗਿਆ। ਇਸ ਨਵੀਂ ਕੁੰਮਕ ਨੂੰ ਵੇਖਕੇ ਅਫਗਾਨੀ ਫੌਜ ਨੂੰ ਭਾਜੜ ਪੈ ਗਈ ਤੇ ਉਹ ਪਿੱਛੇ ਹਟ ਕੇ ਆਪਣੀ ਨੌਸ਼ਹਿਰੇ ਕਿਲੇ ਦੇ ਦੁਆਲੇ ਦੂਜੀ ਰੱਖਿਆ ਲਾਈਨ ਤੇ ਮੋਰਚਾ ਲੈ ਕੇ ਡੱਟ ਗਈ ।ਖਾਲਸਾ ਸੈਨਾ ਨੇ ਆਪਣੇ ਆਪ ਨੂੰ ਦੁਬਾਰਾ ਸੰਗਠਿਤ ਕੀਤਾ ਤੇ ਨੌਸ਼ਹਿਰੇ ਕਿਲ੍ਹੇ ਉਤੇ ਕਬਜ਼ਾ ਕਰਨ ਲਈ ਅਰਦਾਸਾ ਸੋਧ ਕੇ ਟੁੱਟ ਕੇ ਪੈ ਗਏ।ਇਤਨੇ ਵਿੱਚ ਖਬਰ ਆਈ ਕਿ ਅਫਗਾਨੀਆਂ ਦੀ ਮਦਦ ਲਈ ਕਾਬੁਲ ਤੋਂ 10,000 ਹੋਰ ਸਿਪਾਹੀ ਆ ਗਏ ਹਨ। ਲਹੌਰੋਂ ਹੋਰ ਸੈਨਾ ਵੀ ਆ ਰਹੀ ਸੀ ਜਿਸ ਕਰਕੇ ਮਹਾਰਾਜੇ ਨੇ ਹਮਲੇ ਨੂੰ ਕੁਝ ਚਿਰ ਰੋਕਣ ਲਈ ਕਿਹਾ ਜਿਸ ਨੂੰ ਅਕਾਲੀ ਫੁਲਾ ਸਿੰਘ ਨੇ ਇਹ ਕਹਿ ਕੇ ਨਕਾਰ ਦਿਤਾ ਕਿ “ਖਾਲਸੇ ਨੇ ਅਰਦਾਸਾ ਸੋਧ ਲਿਆ ਹੈ ਤੇ ਹੁਣ ਰੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ” ।

ਜਦ ਖਾਲਸਾ ਫੌਜ ਗਾਜ਼ੀਆਂ ਦੀ ਮਾਰ ਥੱਲੇ ਆਈ ਤਾਂ ਉਨ੍ਹਾਂ ਨੇ ਗੋਲੀਆਂ ਦੀ ਬੁਛਾੜ ਕਰ ਦਿਤੀ। ਅਕਾਲੀ ਜੀ ਨੇ ਖਾਲਸਾ ਫੌਜ ਨੂੰ ਤੇਜ਼ੀ ਨਾਲ ਅਗੇ ਵਧਣ ਤੇ ਅਚਾਨਕ ਹੀ ਹਥੋ ਹੱਥੀ ਦੀ ਲੜਾਈ ਲਈ ਵੰਗਾਰਿਆ।ਹਰ ਪਾਸਿਓਂ ਵਰ੍ਹ ਰਹੀਆਂ ਗੋਲੀਆਂ ਵਿਚ ਦੀ ਖਾਲਸਾ ਜਾ ਅਫਗਾਨੀ ਫੌਜਾਂ ਦੇ ਸਾਹਮਣੇ ਹੋਇਆ।ਅਕਾਲੀ ਫੂਲਾ ਸਿੰਘ ਸਭ ਤੋਂ ਅੱਗੇ ਸੀ। ਅਚਾਨਕ ਇਕ ਗੋਲੀ ਉਸ ਦੇ ਘੋੜੇ ਤੇ ਆ ਲੱਗੀ ਤੇ ਘੋੜਾ ਡਿਗ ਪਿਆ ਤਾਂ ਉਸਨੇ ਇਕ ਹਾਥੀ ਦੀ ਸਵਾਰੀ ਜਾ ਕੀਤੀ ਤੇ ਅਪਣੀ ਬੜ੍ਹਤ ਤੇ ਚੜ੍ਹਤ ਬਣਾਈ ਰੱਖੀ।ਮਹਾਰਾਜਾ ਅਕਾਲੀ ਫੂਲਾ ਸਿੰਘ ਜੀ ਦੀ ਇਸ ਬਹਾਦੁਰੀ ਨੂੰ ਅੱਖੀ ਵੇਖ ਰਿਹਾ ਸੀ । ਆਪ ਵੀ ਉਹ ਪਿਛੋਂ ਆ ਰਲਿਆ ਤੇ ਤਲਵਾਰ ਯੁੱਧ ਸ਼ੁਰੂ ਹੋ ਗਿਆ।ਅਫਗਾਨੀ ਅਕਾਲੀ ਫੌਜ ਦੇ ਤਲਵਾਰ ਯੁੱਧ ਵਿੱਚ ਮਾਤ ਖਾ ਗਏ। ਇਤਨੇ ਵਿੱਚ ਪਿੱਛੋਂ ਹੋਰ ਖਾਲਸਾ ਕੁਮਕ ਆ ਗਈ ਤਾਂ ਗਾਜ਼ੀਆਂ ਵਿੱਚ ਭਾਜੜ ਪੈ ਗਈ।

ਸ਼ਹੀਦੀ
ਛੁਪੇ ਹੋਏ ਇਕ ਗਾਜ਼ੀ ਨੇ ਅਕਾਲੀ ਫੂਲਾ ਸਿੰਘ ਤੇ ਗੋਲੀਆਂ ਚਲਾ ਦਿਤਾ ਜਿਸ ਕਰਕੇ ਅਕਾਲੀ ਜੀ ਸ਼ਹਾਦਤ ਪ੍ਰਾਪਤ ਕਰ ਗਏ।14 ਮਾਰਚ 1823 ਨੂੰ ਅਟਕ ਅਤੇ ਪੇਸ਼ਾਵਰ ਦੇ ਦਰਮਿਆਨ ਨੌਸ਼ਹਿਰੇ ਦਾ ਇਤਿਹਾਸਿਕ ਖੂਨੀ ਯੁੱਧ ਹੋਇਆ ਜਿਸ ਅੰਦਰ ਗੋਲੀ ਲੱਗਣ ਨਾਲ ਅਕਾਲ ਫੂਲਾ ਸਿੰਘ ਸ਼ਹੀਦ ਹੋ ਗਏ। ਦਰਿਆ ਲੁੰਡਾ ਦੇ ਕਿਨਾਰੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਤੇ ਇਸੇ ਹੀ ਥਾਂ ਸਮਾਧ ਬਣਾ ਦਿਤੀ ਗਈ ਜਿਸ ਦਸਾ ਨਾਂ ਸ਼ਹੀਦ ਗੰਜ ਦਿਤਾ ਗਿਆ ਜਿਥੇ ਹਰ ਸਾਲ ਵਿਸਾਖੀ ਤੇ ਦੁਸਹਿਰੇ ਦਾ ਮੇਲਾ ਭਰਦਾ ਹੁੰਦਾ ਸੀ।(ਭਗਤ ਸਿੰਘ, ਅਕਾਲੀ ਫੂਲਾ ਸਿੰਘ, ਪੰਜਾਬ ਕੋਸ਼: 46)

ਖਾਲਸਾ ਫੌਜ ਨੇ ਜੰਗ ਤਾਂ ਜਿਤ ਲਈ ਪਰ ਇਕ ਮਹਾਨ ਜਨਰਲ ਖੋ ਦਿਤਾ ਸੀ ਜਿਸ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਵੱਡਾ ਝਟਕਾ ਲੱਗਾ। ਉਸਨੇ ਅਕਾਲੀ ਫੂਲਾ ਸਿੰਘ ਨੂੰ ‘ਖਾਲਸਾ ਰਾਜ ਦਾ ਰਾਖਾ’ ਕਹਿ ਕੇ ਪੁਕਾਰਿਆ ਤੇ ਲੁੰਡੇ ਦਰਿਆ ਦੇ ਕੰਢੇ ਆਪਣੇ ਹੱਥੀ ਸਸਕਾਰ ਕੀਤਾ। ਇਸ ਤਰ੍ਹਾਂ ਇਕ ਨਿਡਰ, ਨਿਪੁੰਨ ਮਹਾਨ ਸੰਤ ਸਿਪਾਹੀ ਅੰਤ ਵੇਲੇ ਵੀ ਆਉਂਦੀਆ ਸਿੱਖ ਨਸਲਾਂ ਲਈ ਰੋਲ-ਮਾਡਲ ਬਣ ਗਿਆ ਤੇ ਸਿੱਖ ਇਤਿਹਾਸ ਦਾ ਸਿਤਾਰਾ ਬਣ ਚਮਕਿਆ।( ਗੁਰਬਖਸ਼ ਸਿੰਘ:1927. ਅਕਾਲੀ ਫੂਲਾ ਸਿੰਘ, 56-57)
ਲੁੰਡੇ ਦਰਿਆ ਦੇ ਪਾਰਲੇ ਕੰਢੇ ਅਕਾਲੀ ਫੂਲਾ ਸਿੰਘ ਜੀ ਦੀ ਸਮਾਧ ਦੇ ਦਰਸ਼ਨ ਸ: ਧੰਨਾ ਸਿੰਘ ਚਹਿਲ ਨੇ 5 ਮਈ 1932 ਨੂੰ ਕੀਤੇ। ਕਿਸ਼ਤੀਆਂ ਰਾਹੀਂ ਲੁੰਡਾ ਦਰਿਆ ਪਾਰ ਕਰਕੇ ਧੰਨਾ ਸਿੰਘ ਜੀ ਨਿਹੰਗ ਸਿੰਘ ਬਾਬਾ ਥਾਨ ਸਿੰਘ ਕੋਲ ਪਹੁੰਚੇ ਜੋ ਇਕ ਛੋਟੀ ਕੁੱਲੀ ਵਿਚੋਂ ਇਸ ਸਮਾਧ ਦਾ ਪਹਿਰਾ ਦੇ ਰਹੇ ਸਨ।ਉਨ੍ਹਾਂ ਅਨੁਸਾਰ,“ਸਮਾਧ ਅੱਧੀ ਕੱਚੀ ਤੇ ਅੱਧੀ ਪੱਕੀ ਹੈ।ਸਮਾਧ ਦੇ ਨਾਂ ਸਵਾ ਤਿੰਨ ਹਜ਼ਾਰ ਘੁਮਾਂ ਪੱਕੇ ਮਾਫੀ ਜ਼ਮੀਨ ਦੇ ਹਨ ਜਿਸ ਨੂੰ ਸਮਾਧ ਕਮੇਟੀ ਵੇਖਦੀ ਹੈ। ਸਮਾਧ ਪਿੰਡ ਪੀਰ ਸਬਾਕ ਵਿੱਚ ਹੈ ਜੋ ਸਮਾਧ ਤੋਂ ਉਤਰ ਵੱਲ 2 ਫਰਲਾਂਗ ਤੇ ਲੁੰਡੇ ਦਰਿਆ ਦੇ ਸਮਾਧ ਵਾਲੇ ਕੰਢੇ ਤੇ ਹੀ ਹੈ।ਡਾਕਖਾਨਾ ਅਕੌੜਾ ਖਟਕ ਹੈ। ਨੁਸ਼ਹਿਰਾ ਸਦਰ ਸਟੇਸ਼ਨ ਚੜ੍ਹਦੇ ਵਲ ਤਿੰਨ ਕਿਲੋਮੀਟਰ ਤੇ ਹੈ।ਤਹਿਸੀਲ ਨੁਸ਼ਹਿਰਾ ਵੱਡਾ ਤੇ ਜ਼ਿਲਾ ਪੇਸ਼ਾਵਰ ਹੈ। ਸਮਾਧ ਦੇ ਆਸ ਪਾਸ ਪਹਾੜ ਵਲ ਕਈ ਮਕਾਨ ਬਣੇ ਹੋਏ ਹਨ।ਅਕਾਲੀ ਫੂਲਾ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਅਜੇ ਬਣ ਰਿਹਾ ਸੀ।ਚੇਤਰ ਦੀ ਦੂਜ ਨੂੰ ਅਕਾਲੀ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਅਕਾਲੀ ਜੀ ਰਿਆਸਤ ਪਟiਆਲਾ ਦੇ ਪਿੰਡ ਲਹਿਲ ਵਿਚ ਬਿਕਰਮੀ 1818 ਵਿਚ ਜਨਮੇ ਸਨ ਜਿਥੇ ਉਨਾਂ ਦੇ ਪਿਤਾ ਸ:ਈਸ਼ਰ ਸਿੰਘ ਬਾਂਗਰ ਦੇ ਪਿੰਡ ਸ਼ੀਹਾਂ ਦੇ ਉਜੜਣ ਪਿਛੋਂ ਆ ਕੇ ਵਸੇ ਸਨ”।(ਧੰਨਾ ਸਿੰਘ ਚਹਿਲ, 1932 (ਪਰਿੰਟ 2016), 424-425)

ਸਾਰ
ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਬਿਲਾਸ਼ਕ ਮਹਾਨ ਰਾਖੇ ਸਨ। ਜਦ ਜਦ ਵੀ ਮਹਾਰਾਜਾ ਨੂੰ ਭੀੜ ਪਈ ਸੰਕਟ ਵਿੱਚ ਪਏ ਅਕਾਲੀ ਫੂਲਾ ਸਿੰਘ ਜੀ ਨੂੰ ਯਾਦ ਕੀਤਾ ਤੇ ਅਕਾਲੀ ਜੀ ਨੇ ਆਪਣੇ ਯੁੱਧ ਤੇ ਸ਼ਸ਼ਤ੍ਰ ਕੌਸ਼ਲ ਨਾਲ ਦੁਸ਼ਮਣਾਂ ਨੂੰ ਭਾਂਜ ਦਿਤੀ ਤੇ ਸਿੱਖ ਰਾਜ ਦੀਆਂ ਨੀਹਾਂ ਪੱਕੀਆ ਕੀਤੀਆਂ।ਜਿਸ ਤਰ੍ਹਾਂ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆਂਦਾ ਉਹ ਵੀ ਮਿਸਾਲੀ ਸੀ ਚਾਹੇ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦੇ ਹੋਰ ਗੁਰਦੁਆਰੇ ਸਨ ਜਾਂ ਅਨੰਦਪੁਰ ਅਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਉਨ੍ਹਾਂ ਨੇ ਦਿਲੋ ਮਨੋਂ ਸੇਵਾ ਸੰਭਾਲ ਹੀ ਨਹੀਂ ਕੀਤੀ ਸਗੋਂ ਪ੍ਰਬੰਧ ਵਿੱਚ ਸੁਧਾਰ ਲਿਆਂਦਾ।ਗੁਰਦੁਆਰਾ ਸੁਧਾਰ ਲਹਿਰ ਅਕਾਲੀ ਜੀ ਦੀ ਹੀ ਦੇਣ ਕਹੀ ਜਾ ਸਕਦੀ ਹੈ। ਉਹ ਰਾਜਨੀਤੀ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸਨ; ਜਿਸ ਤਰ੍ਹਾਂ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਡੋਗਰਿਆਂ ਬਾਰੇ ਸੱਚ ਦਾ ਬੇਬਾਕ ਹੋ ਕੇ ਚਿਹਰਾ ਵਿਖਾਇਆ ਤੇ ਮਹਾਰਾਜੇ ਨੂੰ ਉਸ ਦੀਆਂ ਕਮਜ਼ੋਰੀ ਦਾ ਸਮੇਂ ਸਮੇਂ ਗਿਆਨ ਕਰਵਾਇਆ ਉਸ ਨੇ ਸਿੱਖ ਰਾਜ ਦੀ ਉਮਰ ਲੰਬੀ ਕੀਤੀ। ਅੰਗ੍ਰਜ਼ਾ ਤੋਂ ਵੀ ਦੂਰ ਰਹਿਣ ਲਈ ਮਹਾਰਾੇ ਨੂੰ ਸਮੇਂ ਸਮੈਂ ਚਿਤਾਵਨੀ ਦਿੰਦੇ ਰਹੇ। ਉਨਾਂ ਦੀ ਬਹਾਦੁਰੀ ਵੀ ਕਮਾਲ ਦੀ ਸੀ। ਜਦ ਯੁੱਧ ਵਿਚ ਉਤਰਦੇ ਤਾਂ ਸਿਰ ਤਲੀ ਤੇ ਧਰ ਲੈਂਦੇ ਤੇ ਅਸੰਭਵ ਮੋਰਚਿਆਂ ਤੇ ਵੀ ਵੈਰੀ ਨੂੰ ਮਾਤ ਦਿੰਦੇ। ਉਨ੍ਹਾਂ ਦਾ ਆਦਰ ਸਿੱਖ ਕੌਮ ਵਿੱਚ ਹੀ ਨਹੀਂ ਸਮੁਚੇ ਸਮਾਜ ਵਿੱਚ ਹੀ ਸੀ ਜਿਸ ਕਰਕੇ ਡੋਗਰਿਆਂ ਦੀਆਂ ਤੇ ਅੰਗ੍ਰੇਜ਼ਾਂ ਦੀਆਂ ਉਨ੍ਹਾਂ ਵਿਰੁਧ ਚਾਲਾਂ ਨਾਕਾਮਯਾਬ ਰਹੀਆਂ ਤੇ ਦੁਸ਼ਮਣ ਵੀ ਉਨ੍ਹਾਂ ਅਗੇ ਗੋਡੇ ਟੇਕਦੇ ਰਹੇ। ਸਿੱਖ ਕੌਮ ਲਈ ਉਹ ਇਕ ਚਾਨਣ ਮੁਨਾਰਾ ਹਨ ਜਿਨ੍ਹਾਂ ਤੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਸੇਧ ਪ੍ਰਾਪਤ ਕਰਦੀਆਂ ਰਹਿਣਗੀਆਂ ਤੇ ਮਾਣ ਵੀ ਕਰਦੀਆਂ ਰਹਿਣਗੀਆਂ।
ਹਵਾਲੇ
1. ਸੂਰੀ, ਸੋਹਨ ਲਾਲ, 1885, ੳੱਮਦਤ-ਉਤ-ਤਵਾਰੀਖ. ਲਾਹੌਰ
2. ਸਿੰਘ, ਕਰਤਾਰ (1975). ਕਹਾਣੀਆਂ ਸਿੱਖ ਇਤਿਹਾਸ: ਨਵੀਂ ਦਿੱਲੀ: ਹੇਮਕੁੰਟ ਪ੍ਰੈਸ. 160.
3. ਹਸਰਤ, ਬਿਕਰਮ ਜੀਤ, 1977, ਰਣਜੀਤ ਸਿੰਘ ਦਾ ਜੀਵਨ ਅਤੇ ਟਾਈਮਜ਼ ਹੁਸ਼ਿਆਰਪੁਰ.
4. ਹਰਬੰਸ ਸਿੰਘ ਡਾ: (ਸੰ) ਇਨਸਾਈਕਲੋਪੀਡੀਆ ਸਿਖਿਇਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ
5. ਗੁਰਬਖਸ਼ ਸਿੰਘ, 1937, ‘ਅਕਾਲੀ ਫੂਲਾ ਸਿੰਘ’ ਦ ਖਾਲਸਾ ਜਨਰਲਜ਼, ਸਿੱਖ ਮਿਸ਼ਨਰੀ ਕਾਲਿਜ,
ਲੁਧਿਆਣਾ।
6. ਗਿੱਲ ਰਛਪਾਲ ਸਿੰਘ, 2004, ਐਂਟਰੀ ਅਕਾਲੀ ਫੂਲਾ ਸਿੰਘ, ਪੰਜਾਬ ਕੋਸ਼, ਜਿਲਦ ਪਹਿਲੀ, ਭਾਸ਼ਾ
ਵਿਭਾਗ ਪੰਜਾਬ।
7. ਗਿਆਨ ਸਿੰਘ ਗਿਆਨੀ, 1892,(ਰੀਪਰਿੰਟ 1987ਈ) ਤਵਾਰੀਖ ਗੁਰੂ ਖਾਲਸਾ, ਭਾਗ ਦੂਜਾ, ਭਾਸ਼ਾ
ਵਿਭਾਗ ਪੰਜਾਬ
8. ਚਹਿਲ ਧੰਨਾ ਸਿੰਘ, ਗੁਰ ਤੀਰਥ ਸਾਈਕਲ ਯਾਤ੍ਰਾ, (1932), ਸਤੰਬਰ 2016, ਯੂਰੋਪੀਅਨ ਪੰਜਾਬੀ
ਸੱਥ, ਵਾਲਸਾਲ ਯੂ ਕੇ
9. ਛਾਬੜਾ, ਜੀ ਐਸ. (2005) ਆਧੁਨਿਕ ਭਾਰਤ ਦੇ ਇਤਿਹਾਸ ਵਿਚ ਅਡਵਾਂਸ ਸਟੱਡੀ (ਖੰਡ-2: 1803-
1920) (ਪੰਜਵਾਂ ਸੰਸਕਰਨ). ਨਵੀਂ ਦਿੱਲੀ: ਲੋਟਸ ਪ੍ਰੈਸ. ਪੀ. 126. ਆਈਐਸਬੀਐਨ 81-89093-07-
ਐਕਸ.
10. ਜੱਗੀ ਰਤਨ ਸਿੰਘ (ਸੰ) ਸਤੰਬਰ 1980, ਮਹਾਰਾਜਾ ਰਣਜੀਤ ਸਿੰਘ ਸਿਮ੍ਰਤੀ ਅੰਕ, ਖੋਜ ਪਤ੍ਰਿਕਾ
11. ਧੀਰ ਕੁਲਦੀਪ ਸਿੰਘ, 1984, ਪੰਜਾਬੀ ਯੂਨੀਵਰਸਿਟੀ ਪਟਿਆਲਾ।
12. ਪ੍ਰੇਮ ਸਿੰਘ, ਬਾਬਾ, 1914, ਬ੍ਰਿਤਾਂਤ ਫੂਲਾ ਸਿੰਘ ਅਕਾਲੀ. ਅੰਮ੍ਰਿਤਸਰ
13. ਫੌਜਾ ਸਿੰਘ, ਡਾ: (ਸੰ) 1966, ਪੰਜਾਬੀ ਵੀਰ ਪਰੰਪਰਾ ਦਾ ਵਿਕਾਸ, ਪੰਜਾਬੀ ਯੂਨੀਵਰਸਿਟੀ ਪਟਿਆਲਾ
14. ਲਤੀਫ, ਮੁਹੰਮਦ, 1891, ਪੰਜਾਬ ਦਾ ਇਤਿਹਾਸ, ਕਲਕੱਤਾ
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top