• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) ਸਤਿਗੁਰੁ ਸਿਖ ਕੇ ਬੰਧਨ ਕਾਟੈ॥

kanwar238

SPNer
Oct 2, 2012
20
1
AUSTRALIA
ਸਤਿਗੁਰੁ ਸਿਖ ਕੇ ਬੰਧਨ ਕਾਟੈ॥



“ਸਤਿਗੁਰੁ ਸਿਖ ਕੇ ਬੰਧਨ ਕਾਟੈ॥” ਇਹ ਪੰਗਤੀ ਸੁਖਮਨੀ ਸਾਹਿਬ ਦੀ 18ਵੀਂ ਅਸਟਪਦੀ ਵਿਚੋਂ ਲਈ ਗਈ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 286 ’ਤੇ ਅੰਕਿਤ ਹੈ। ਅਸ਼ਟਪਦੀ ਦਾ ਪੂਰਾ ਪਦਾ ਇਸ ਤਰ੍ਹਾਂ ਹੈ: “ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ਗੁਰ ਬਚਨੀ ਹਰਿ ਨਾਮੁ ਉਚਰੈ ॥ਸਤਿਗੁਰੁ ਸਿਖ ਕੇ ਬੰਧਨ ਕਾਟੈ ॥ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ਗੁਰ ਕਾ ਸਿਖੁ ਵਡਭਾਗੀ ਹੇ ॥ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥1॥”

ਗੁਰਦੁਆਰੇ ਵਿਚ “ਸਤਿਗੁਰੁ ਸਿਖ ਕੇ ਬੰਧਨ ਕਾਟੈ॥” ਪੰਗਤੀ ਦੀ ਟੇਕ ਲੈ ਕੇ, ਰਾਗੀ ਸਿੰਘਾਂ ਨੇ, ਇਸ ਪੂਰੇ ਪਦੇ ਦਾ ਗਾਇਣ ਕੀਤਾ। ਗਾਇਣ ਬਹੁਤ ਅਨੰਦਮਈ ਸੀ। ਕੀਰਤਨ ਦਾ ਆਨੰਦ ਤਾਂ ਆਇਆ ਪਰ ਇਹ ਕੰਨ ਰੱਸ ਹੋ ਕੇ ਹੀ ਰਹਿ ਗਿਆ, ਕਿਉਂਕਿ ਇਹ ਤਾਂ ਪਤਾ ਹੀ ਨਹੀਂ ਲੱਗਿਆ ਕਿ ਸਤਿਗੁਰ ਕਿਹੜੇ ਬੰਧਨ ਕਟਦਾ ਹੈ? ਅਤੇ ਕਿਸ ਤਰ੍ਹਾਂ ਕਟਦਾ ਹੈ? ਜੇਕਰ ਇਹ ਸਮਝ ਹੀ ਨਾ ਆਵੇ ਤਾਂ ਕੇਵਲ ਸ਼ਬਦ ਸੁਣਨ ਦਾ ਮਤਲਬ ਹੀ ਕੋਈ ਨਹੀਂ ਰਹਿੰਦਾ।

ਜਦੋਂ ਕਦੀ ਕੋਈ ਪ੍ਰਚਾਰਕ ਇਸ ਪੰਗਤੀ ਦੇ ਅਰਥ ਕਰਦੇ ਹਨ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਲ ਇਸ਼ਾਰਾ ਕਰਕੇ ਆਖ ਦੇਣਗੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਗ ਜਾਵੋ ਤਾਂ ਤੁਹਾਡੇ ਸਭ ਬੰਧਨ ਕੱਟੇ ਜਾਣਗੇ। ਫਿਰ ਇਹ ਵੀ ਸਮਝਾ ਦੇਣਗੇ ਕਿ ਗੁਰੂ ਗ੍ਰੰਥ ਸਾਹਿਬ ਹੀ ਸਤਿਗੁਰ ਹਨ। ਕਿਸੇ ਹੱਦ ਤਕ ਇਹ ਹੈ ਤਾਂ ਠੀਕ ਗੱਲ ਪਰ ਭਾਵ ਅਰਥ ਸਮਝਣ ਦੀ ਸਮੱਸਿਆ ’ਤੇ ਉੱਥੇ ਹੀ ਖੜੀ ਰਹਿ ਜਾਂਦੀ ਹੈ।

ਗੁਰਬਾਣੀ ਦੇ ਹਰ ਸ਼ਬਦ ਰਾਹੀਂ ਮਨੁੱਖ ਨੂੰ ਸਚਿਆਰ ਹੋਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਪਦੇ ਰਾਹੀਂ ਸਚਿਆਰ ਹੋਣ ਵਾਸਤੇ ਕੀ ਸੁਨੇਹਾ ਦਿੱਤਾ ਗਿਆ ਹੈ?

ਪ੍ਰੋ: ਸਾਹਿਬ ਸਿੰਘ ਜੀ ਇਸ ਪੰਗਤੀ ਦੇ ਅੱਖਰੀ ਅਰਥ ਇਸ ਤਰ੍ਹਾਂ ਕਰਦੇ ਹਨ: “ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ”। ਇਸ ਤਰ੍ਹਾਂ ਦੀ ਵਿਆਖਿਆ ਕਾਰਨ ਹੀ ਬਹੁਤ ਸਾਰੇ ਬਾਬੇ ਆਪਣੇ ਆਪ ਨੂੰ ਗੁਰੂ ਅਤੇ ਸਤਿਗੁਰ ਅਖਵਾਉਣ ਲੱਗ ਜਾਂਦੇ ਹਨ। ਫਿਰ ਅਣਜਾਣ ’ਤੇ ਭੋਲੇ ਭਾਲੇ ਲੋਕ ਵੀ ਇਹ ਸਮਝਦੇ ਹਨ ਕਿ ਇਹ ਬਾਬੇ ਹੀ ਸਭ ਤਰ੍ਹਾਂ ਦੇ ਬੰਧਨ ਕੱਟ ਦੇਣਗੇ ਭਾਵੇਂ ਇਹ ਬਾਬੇ ਆਪ ਮਾਇਆ ਦੇ ਬੰਧਨਾਂ ਵਿਚ ਫਸੇ ਹੁੰਦੇ ਹਨ। ਇਸ ਤਰ੍ਹਾਂ ਨਾ ਤਾਂ ਸਤਿਗੁਰ ਦੀ ਸਮਝ ਲਗਦੀ ਹੈ ਅਤੇ ਨਾ ਹੀ ਇਹ ਪਤਾ ਚਲਦਾ ਹੈ ਕਿ ਬੰਧਨ ਕਿਹੜੇ ਹਨ ਜੋ ਕੱਟੇ ਜਾਂਦੇ ਹਨ।

ਗੁਰਬਾਣੀ ਕਾਵ ਰਚਨਾ ਹੈ ਇਸੇ ਲਈ ਬਹੁਤ ਕੁਝ ਇਸ਼ਾਰੇ ਨਾਲੇ ਹੀ ਸਮਝਾਇਆ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿਚ ਜੋ ਸ਼ਬਦਾਵਲੀ ਵਰਤੀ ਗਈ ਹੈ ਉਸ ਦੇ ਅਰਥ ਕਰਨ ਦਾ ਵਿਧਾਨ ਵੀ ਮੌਲਿਕ ਹੈ। ਗੁਰਬਾਣੀ ਨੂੰ ਸਮਝਣ ਵਾਸਤੇ ਗੁਰਬਾਣੀ ਰਾਹੀਂ ਸਥਾਪਤ ਕੀਤੇ ਗਏ ਕੁਝ ਸਿਧਾਂਤ ਵੀ ਹਨ ਜਿਨ੍ਹਾਂ ਦੀ ਸੋਝੀ ਹੋਣੀ ਜ਼ਰੂਰੀ ਹੈ ਅਤੇ ਗੁਰਬਾਣੀ ਦੀ ਵਿਆਖਿਆ ਉਨ੍ਹਾਂ ਸਿਧਾਂਤਾਂ ਦੇ ਅਨੁਕੂਲ ਕੀਤੀ ਜਾਵੇ ’ਤੇ ਤਾਂ ਹੀ ਵਿਆਖਿਆ ਠੀਕ ਹੋ ਸਕਦੀ ਹੈ। ਸੁਖਮਣੀ ਸਾਹਿਬ ਦੇ ਇਸ ਪਦੇ ਵਿਚ ਸ਼ਬਦ “ਸਤਿਗੁਰ” ਵਰਤਿਆ ਗਿਆ ਹੈ ਅਤੇ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਗੁਰੂ ਸਾਹਿਬ ਨੇ ‘ਸ਼ਬਦ ਗੁਰੂ, ਸੁਰਤ ਧੁਨ ਚੇਲਾ” ਦਾ ਸਿਧਾਂਤ ਪ੍ਰਸਤੁਤ ਕੀਤਾ ਹੈ। ਭਾਵ ਕਿਸੇ ਦੇਹਧਾਰੀ ਗੁਰੂ ਨੂੰ ਗੁਰੂ ਨਹੀਂ ਕਿਹਾ; ਸਗੋਂ ਕਿਸੇ ਵੀ ਵਿਅਕਤੀ ਰਾਹੀਂ ਸ਼ਬਦਾਂ ਦੇ ਰੂਪ ਵਿਚ ਦਿੱਤੇ ਗਏ ਸੁਚੱਜੇ ਗਿਆਨ ਨੂੰ ਹੀ ਗੁਰੂ ਕਿਹਾ ਹੈ। ਇਸ ਤਰ੍ਹਾਂ ਜੋ ‘ਸ਼ਬਦ ਗੁਰੂ’ ਦਾ ਸਿਧਾਂਤ ਪ੍ਰਸਤੁਤ ਕੀਤਾ ਹੈ ਇਸ ਅਨੁਸਾਰ ਸਤਿਗੁਰ ਕੋਈ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਗੁਰਬਾਣੀ ਦੇ ਫ਼ਲਸਫੇ ਅਨੁਸਾਰ “ਸਤਿਗੁਰ” ਤੋਂ ਭਾਵ ਹੈ: ਐਸਾ ਤਰਕ-ਸੰਗਤ ਸੁਚੱਜਾ ਗਿਆਨ ਜਿਸ ਰਾਹੀਂ ਅਕਾਲਪੁਰਖ ਦੇ ਗੁਣਾਂ ਦੀ ਸੋਝੀ ਪ੍ਰਾਪਤ ਹੋਵੇ ਅਤੇ ਉਨ੍ਹਾਂ ਗੁਣਾਂ ਅਨੁਸਾਰ ਜੀਵਨ ਜੀਉਣਾ ਆ ਜਾਵੇ। ਇਸ ਵਿਚਾਰਧਾਰਾ ਅਨੁਸਾਰ ਸੁਖਮਨੀ ਸਾਹਿਬ ਦੀ ਇਸ ਅਸਟਪਦੀ ਵਿਚ ਜਦੋਂ 'ਸਤਿਗੁਰ’ ਦੀ ਗੱਲ ਕੀਤੀ ਹੈ ਤਾਂ ਉਹ ਕਿਸੇ ਦੇਹਧਾਰੀ ਗੁਰੂ ਦੀ ਗੱਲ ਨਹੀਂ ਹੈ। ਇਥੇ ਗੱਲ ਕੀਤੀ ਹੈ ਸੁਚੱਜੇ ਅਤੇ ਸੱਚ ਦੇ ਗੁਣਕਾਰੀ ਗਿਆਨ ਨਾਲ ਘੜੀ ਗਈ ਸੁਰਤ, ਮਤ, ਮਨ, ਬੁੱਧ ਦੀ। ਇਸੇ ਨੂੰ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਕਿਹਾ ਜਾਂਦਾ ਹੈ।

ਹੁਣ ਜਦੋਂ ਸਤਿਗੁਰ ਦਾ ਭਾਵ ਸੁਚੱਜੇ ਗਿਆਨ ਨਾਲ ਘੜੀ ਗਈ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਦੀ ਸਮਝ ਆ ਜਾਂਦੀ ਹੈ ਤਾਂ ਇਸ ਪਦੇ ਦੇ ਅਰਥ ਬਹੁਤ ਸਰਲ ਹੋ ਜਾਂਦੇ ਹਨ ਜੋ ਇਸ ਤਰ੍ਹਾਂ ਹੋ ਸਕਦੇ ਹਨ:

1. ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਮਨੁਖ ਦੀ ਆਪਣੀ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਹੀ ਉਸ ਦੀ ਰਾਖੀ ਕਰਦੀ ਹੈ।

2. ਸੇਵਕ ਕਉ ਗੁਰੁ ਸਦਾ ਦਇਆਲ ॥ ਸੇਵਕ ਐਸਾ ਵਿਅਕਤੀ ਹੁੰਦਾ ਹੈ ਜੋ ਲਗਨ ਨਾਲ ਆਪਣੇ ਮਾਲਕ ਦੀ ਸੇਵਾ ਕਰਦਾ ਹੈ। ਇਥੇ ਸੇਵਕ ‘ਗੁਰੁ ਦਾ ਹੈ’ ਭਾਵ ਵਿਅਕਤੀ ਜੋ ਗਿਆਨ ਦੀ ਸੇਵਾ ਕਰਦਾ ਹੈ। ਇਸ ਦਾ ਭਾਵ ਇਹ ਕਿ ਐਸਾ ਵਿਅਕਤੀ ਜੋ ਸੁਚੱਜੇ ਗਿਆਨ ਦੀ ਪ੍ਰਾਪਤੀ ਕਰ ਰਿਹਾ ਹੁੰਦਾ ਹੈ ਉਹ ਹੈ ਅਸਲ ਵਿਚ ਗੁਰੂ ਦਾ ਸੇਵਕ। ਭਾਵ ਐਸਾ ਵਿਅਕਤੀ ਜੋ ਸੁਚੱਜਾ ਗੁਣਕਾਰੀ ਗਿਆਨ ਪ੍ਰਾਪਤ ਕਰਨ ਵਾਸਤੇ ਮਿਹਨਤ ਕਰ ਰਿਹਾ ਹੈ। ਸੁਭਾਵਕ ਹੈ ਕਿ ਜਦੋਂ ਕੋਈ ਲਗਨ ਨਾਲ ਸੁਚੱਜਾ ਗਿਆਨ ਪ੍ਰਾਪਤ ਕਰਦਾ ਹੈ ਤਾਂ ਉਸ ਦੀ ਬਿਬੇਕ ਬੁੱਧ ਦਾ ਵਿਕਾਸ ਹੋ ਜਾਂਦਾ ਹੈ। ਬਿਬੇਕ ਬੁੱਧ ਦਾ ਵਿਕਾਸ ਹੋਣਾ ਹੀ ਗੁਰੂ ਦਾ ਦਿਆਲ ਹੋਣਾ ਹੈ। ਇਸ ਅਨੁਸਾਰ ਜਦੋਂ ਵਿਅਕਤੀ ਨੂੰ ਸੁਚੱਜੇ ਗਿਆਨ ਦੀ ਪ੍ਰਾਪਤੀ ਕਰਨ ਨਾਲ ਬਿਬੇਕ ਬੁੱਧ ਵਿਕਸਤ ਹੋ ਜਾਂਦੀ ਹੈ ਤਾਂ ਇਹ ਅਵਸਥਾ ਹੈ ਸੇਵਕ ਕਉ ਗੁਰੁ ਸਦਾ ਦਇਆਲ।

3. ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਸਪਸ਼ਟ ਹੈ ਕਿ ਵਿਅਕਤੀ (ਸਿੱਖ) ਦੀ ਆਪਣੀ ਸੁਚੱਜੇ ਗਿਆਨ ਵਾਲੀ ਬਿਬੇਕ ਬੁੱਧ ਨਾਲ ਭੈੜੀ ਮਤ ਵਾਲੀ ਮੈਲ ਉਤਰ ਜਾਂਦੀ ਹੈ। ਭਾਵ ਐਸਾ ਵਿਅਕਤੀ ਨੂੰ ਨਕਾਰਾਤਮਕ ਅਤੇ ਨਖਿੱਧ ਵਿਚਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

4. ਗੁਰ ਬਚਨੀ ਹਰਿ ਨਾਮੁ ਉਚਰੈ ॥ ‘ਗੁਰ ਬਚਨੀ’ ਭਾਵ ਸੁਚੱਜੇ ਗਿਆਨ ਰਾਹੀਂ ਵਿਅਕਤੀ ‘ਨਾਮੁ’ ਭਾਵ ਸੁਚੱਜੇ ਗੁਣ ‘ਉਚਰੈ’ ਭਾਵ ਅਪਣਾ ਲੈਂਦਾ ਹੈ। ਇਸ ਤਰ੍ਹਾਂ ਐਸਾ ਵਿਅਕਤੀ ਉਨ੍ਹਾਂ ਸੁਚੱਜੇ ਗੁਣਾਂ ਅਨੁਸਾਰ ਵਿਚਰਦਾ ਹੈ। ਭਾਵ ਸੁਚੱਜੇ ਗਿਆਨ ਰਾਹੀਂ ਵਿਅਕਤੀ ਸੁਚੱਜੇ ਗੁਣ ਅਪਣਾ ਲੈਂਦਾ ਹੈ ਅਤੇ ਉਨ੍ਹਾਂ ਗੁਣਾਂ ਅਨੁਸਾਰ ਜੀਵਨ ਜੀਉਂਦਾ ਹੈ।

5. ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਸਿਖ ਭਾਵ ਮਨੁੱਖ ਦੀ ਆਪਣੀ ਸੁਚੱਜੇ ਗਿਆਨ ਵਾਲੀ ਬਿਬੇਕ ਬੁੱਧ ਨਾਲ ਘੜੀ ਗਈ ਸੁਚੱਜੀ ਮਤ (ਸਤਿਗੁਰੁ) ਉਸ ਸਿੱਖ ਨੂੰ ਬੰਧਨਾਂ ਤੋ ਮੁਕਤ ਕਰ ਦਿੰਦਾ ਹੈ।

ਹੁਣ ਇਥੇ ਇਹ ਵੀ ਤਾਂ ਸਮਝਣਾ ਹੋਵੇਗਾ ਕਿ ਉਹ ਬੰਧਨ ਕਿਹੜੇ ਹਨ ਜਿਨ੍ਹਾ ਤੋਂ ਵਿਅਕਤੀ ਮੁਕਤ ਹੁੰਦਾ ਹੈ? ਪਹਿਲਾਂ ਤਾਂ ਮਨੁੱਖ ਦੀ ਅਗਿਆਨਤਾ ਹੀ ਸਭ ਬੰਧਨਾਂ ਦੀ ਜੱੜ੍ਹ ਹੁੰਦੀ ਹੈ ਇਸ ਲਈ ਸਤਿਗੁਰ ਦੀ ਸ਼ਰਨ ਆਇਆਂ ਭਾਵ ਸੁਚੱਜੇ ਗਿਆਨ ਦੀ ਪ੍ਰਾਪਤੀ ਕਰਨ ਨਾਲ ਅਗਿਆਨਤਾ ਦੂਰ ਹੁੰਦੀ ਹੈ। ਅਗਿਆਨਤਾ ਦੂਰ ਹੋਣ ਨਾਲ ਆਪਣੇ ਬੁਰੇ ਵਿਚਾਰ ਅਤੇ ਅਉਗੁਣ ਜਿਵੇਂ ਕਿ ਲਾਲਸਾ, ਲਾਲਚ, ਲਗਾਓ ਵਰਗੇ ਵਿਚਾਰਾਂ ਵਾਲੀ ਬਿਰਤੀ ਤੋਂ ਮੁਕਤੀ ਮਿਲ ਜਾਂਦੀ ਹੈ। ਅਉਗੁਣ ਇਕ ਜੰਜੀਰ ਦੀ ਤਰ੍ਹਾਂ ਬੰਧਨ ਹੀ ਹੁੰਦੇ ਹਨ ਜਿਵੇਂ ਗੁਰਬਾਣੀ ਦਾ ਫ਼ਰਮਾਨ ਹੈ: “ਨਾਨਕ ਅਉਗਣ ਜੇਤੜੇ ਤੇਤੇ ਗਲੀ ਜੰਜੀਰ” (ਗ:ਗ:ਸ: ਪੰਨਾ-595)। ਇਨ੍ਹਾਂ ਅਉਗੁਣਾਂ ਦੇ ਇਲਾਵਾ ਮਨੁੱਖ ਦੇ ਮਨ ਦੇ ਕਈ ਵਹਿਮਾਂ ਭਰਮਾਂ ਵਾਲੇ ਅਉਗੁਣ ਜਿਵੇ ਕਿ ਬੇਅੰਤ ਪ੍ਰਕਾਰ ਦੇ ਕਰਮਕਾਂਡ ਜੋ ਆਪ ਸਹੇੜੇ ਗਏ ਬੰਧਨ ਹੁੰਦੇ ਹਨ ਉਹ ਵੀ ਕੱਟੇ ਜਾਂਦੇ ਹਨ। ਐਸੇ ਬੰਧਨ ਕੱਟੇ ਜਾਣ ਨਾਲ ਕਿਤੇ ਚਿਲੀਏ ਨਹੀਂ ਕਟੱਣੇ ਪੈਂਦੇ, ਨਾ ਹੀ ਤੀਰਥਾਂ ਤੇ ਜਾ ਕੇ ਕੋਈ ਖਾਸ ਤਰ੍ਹਾਂ ਦੇ ਇਸ਼ਨਾਨ ਕਰਨ ਦੀ ਲੋੜ ਰਹਿੰਦੀ ਹੈ। ਇਸ ਤਰ੍ਹਾਂ ਸਭ ਵਹਿਮਾਂ ਭਰਮਾਂ ਵਾਲੇ ਸਾਰੇ ਬੰਧਨ ਕਟੇ ਜਾਂਦੇ ਹਨ।

6. ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ‘ਗੁਰ ਕਾ ਸਿਖੁ’ ਭਾਵ ਐਸਾ ਵਿਅਕਤੀ ਜਿਸ ਨੂੰ ਸੁਚੱਜਾ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ ਅਤੇ ਐਸੇ ਗਿਆਨ ਨਾਲ ਉਹ ਆਪਣੀ ਸੁਰਤ ਮਤ ਮਨ ਬੁੱਧ ਨੂੰ ਘੜ ਲੈਂਦਾ ਹੈ। ਐਸਾ ਵਿਅਕਤੀ ਵਿਕਾਰਾਂ ’ਤੇ ਕਾਬੂ ਪਾ ਲੈਂਦਾ ਹੈ ਭਾਵ ਕੁਕਰਮ ਕਰਨ ਤੋਂ ਬਾਜ਼ ਆ ਜਾਂਦਾ ਹੈ।

7. ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ‘ਸਤਿਗੁਰੁ’ ਭਾਵ ਸੁਚੱਜੇ ਗਿਆਨ ਵਾਲੀ ਬਿਬੇਕ ਬੁੱਧ, ਹੀ ਸਿੱਖ ਨੂੰ ਭਾਵ ਐਸਾ ਵਿਅਕਤੀ ਜੋ ਸਿਖਿਆ ਲੈਣੀ ਚਾਹੁੰਦਾ ਹੈ, ਉਸ ਦੀ ਬਿਬੇਕ ਬੁੱਧ ‘ਨਾਮ ਧਨੁ ਦੇਇ’ ਸੁਚੱਜੇ ਗੁਣਾਂ ਦੇ ਖ਼ਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਉਹ ਗੁਣਕਾਰੀ ਹੋ ਕੇ ਵਿਚਰਦਾ ਹੈ।

8. ਗੁਰ ਕਾ ਸਿਖੁ ਵਡਭਾਗੀ ਹੇ ॥ ਸੁਚੱਜੇ ਗਿਆਨ ਨੂੰ ਹਾਸਲ ਕਰਨ ਵਲਾ ਵਿਅਕਤੀ ਸੁਭਾਵਕ ਹੀ ਭਾਗਾਂ ਵਾਲਾ ਹੁੰਦਾ ਹੈ।

9. ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਇਸ ਪੰਗਤੀ ਦੇ ਜੋ ਆਮ ਤੌਰ ’ਤੇ ਅਰਥ ਕੀਤੇ ਜਾਂਦੇ ਹਨ ਉਹ ਇਸ ਤਰ੍ਹਾਂ ਹਨ ਜਿਵਂੇ ਕਿ ਪ੍ਰ: ਸਾਹਿਬ ਸਿੰਘ ਅਰਥ ਇਸ ਤਰ੍ਹਾਂ ਕਰਦੇ ਹਨ “ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ”। ਇਥੇ ਹਲਤੁ ਪਲਤੁ ਜਿਸ ਦੇ ਅਰਥ ਲੋਕ ਪਰਲੋਕ ਕੀਤੇ ਗਏ ਹਨ; ਇਹ ਇਕ ਵਿਚਾਰ ਕਰਨ ਦਾ ਵਿਸ਼ਾ ਹੈ।

ਗੁਰਬਾਣੀ ਦਾ ਮਨੋਰਥ ਮਨੁੱਖ ਨੂੰ ਸਚਿਆਰ ਬਣਾਉਣਾ ਹੈ। ਇਸ ਦੇ ਨਾਲ ਹੀ ਗੁਰਬਾਣੀ ਰੁਹਾਨੀਅਤ ਦਾ ਗਿਆਨ ਹੈ ਜਿਸ ਕਾਰਨ ਗੁਰਬਾਣੀ ਦੀ ਵਿਚਾਰਧਾਰਾ ਅੰਦਰਮੁਖੀ ਹੈ। ਗੁਰਬਾਣੀ ਮਨੁੱਖ ਦੇ ਆਪਣੇ ਵਿਅਕਤੀਗਤ ਹਲਤ ਪਲਤ ਜਾਂ ਲੋਕ ਪਰਲੋਕ ਦੀ ਗਲ ਕਰਦੀ ਹੈ। ਕਿਸੇ ਅਸਮਾਨ ਵਾਲੇ ਪਰਲੋਕ ਦੀ ਗਲ ਨਹੀਂ ਹੈ, ਜੋ ਕਿ ਆਮ ਤੌਰ ’ਤੇ ਪ੍ਰਚੱਲਤ ਧਾਰਨਾ ਬਣਾ ਰੱਖੀ ਹੈ। ਗੁਰਬਾਣੀ ਐਸੇ ਪਰਲੋਕ ਨੂੰ ਨਹੀਂ ਮੰਨਦੀ, ਇਹ ਹੀ ਗੁਰਬਾਣੀ ਦੀ ਵਿਲੱਖਣਤਾ ਹੈ। ਇਸ ਸਿਧਾਂਤ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ।

ਹਲਤ ਦਾ ਭਾਵ “ਇਹ ਲੋਕ” ਦਾ ਕੀਤਾ ਜਾਂਦਾ ਹੈ। ਜਦੋਂ ਕਿ ਇਸ ਦਾ ਅਸਲ ਭਾਵ ਹੈ ਮਾਜੂਦਾ ਸਮਾਂ (Present Time) ਜਿਸ ਸਮੇਂ ਵਿਚ ਤੁਸੀਂ ਵਿਚਰ ਰਹੇ ਹੋ। ਇਸੇ ਤਰ੍ਹਾਂ ਪਲਤ ਜਾਂ ਪਰਲੋਕ ਦਾ ਭਾਵ ਇਹ ਨਹੀਂ ਹੋ ਸਕਦਾ ਜਿਸ ਨੂੰ ਅਸਮਾਨ ਵਿਚ ਕਿਸੇ ਜਗ੍ਹਾ ਨੂੰ ਸਮਝਿਆ ਜਾਂਦਾ ਹੈ, ਸਗੋਂ ਇਸ ਦਾ ਅਸਲ ਭਾਵ ਹੈ ਆਉਣ ਵਾਲਾ ਸਮਾਂ (Future Time)। ਇਸ ਅਨੁਸਾਰ ਹਲਤ ਪਲਤ ਦਾ ਭਾਵ ਹੈ ਮਾਜੂਦਾ ਸਮਾਂ ਅਤੇ ਆਉਣ ਵਾਲਾ ਸਮਾਂ (Present Time and Future time) ਇਸੇ ਤਰ੍ਹਾ ਜਦੋਂ ਸੁਚੱਜੇ ਗਿਆਨ ਨਾਲ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਘੜੀ ਜਾਂਦੀ ਹੈ ਤਾਂ ਇਹ ਲੋਕ ਭਾਵ ਮਾਜੂਦਾ ਸਮਾਂ ਜਦੋਂ ਤੁਸੀਂ ਵਿਚਰ ਰਹੇ ਹੁੰਦੇ ਹੋ ਉਹ ਸਮਾਂ ਸੁਧਰ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਆਉਣ ਵਾਲਾ ਸਮਾਂ ਵੀ ਸੁਧਰ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੁ ਭਾਵ ਸੁਚੱਜਾ ਗਿਆਨ ਹਲਤੁ ਪਲਤੁ ਸਵਾਰ ਦਿੰਦਾ ਹੈ।

10. ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥1॥ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਸਤਿਗੁਰ ਭਾਵ ਸੁਚੱਜੇ ਗਿਆਨ ਵਾਲੀ ਬਿਬੇਕ ਬੁੱਧ ਨਾਲ ਘੜੀ ਗਈ ਸੁਚੱਜੀ ਮਤ ਹੀ ਵਿਅਕਤੀ ਦੀ ਹਰ ਤਰ੍ਹਾਂ ਸਹਾਈ ਹੁੰਦੀ ਹੈ। ਸੁਚੱਜੀ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਹੀ ਵਿਅਕਤੀ ਦੀ ਹਰ ਤਰ੍ਹਾਂ ਦੀ ਪਾਲਣਾ ਕਰਦੀ ਹੈ।

ਇਹ ਹੈ ਗੁਰਬਾਣੀ ਦਾ ਆਤਮਵਿਸ਼ਵਾਸ ਵਾਲਾ ਫ਼ਲਸਫਾ।
 
📌 For all latest updates, follow the Official Sikh Philosophy Network Whatsapp Channel:
Top