• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਜਾ ਤੂ ਮੇਰੈ ਵਲਿ ਹੈ

ਜਾ ਤੂ ਮੇਰੈ ਵਲਿ ਹੈ​



ਗੁਰਬਾਣੀ ਕੇਵਲ ਪੜ੍ਹਨ ਜਾਂ ਸੁਣਨ ਦਾ ਵਿਸ਼ਾ ਨਹੀਂ ਹੈ ਅਤੇ ਨਾ ਹੀ ਇਹ ਕੋਈ ਰਟਣ ਦਾ ਵਿਸ਼ਾ ਹੈ। ਅਸਲ ਵਿਚ ਗੁਰਬਾਣੀ ਸੁਚੱਜਾ ਜੀਵਨ ਜੀਉਣ ਦਾ ਰਾਹ ਦਸਦੀ ਹੈ। ਇਸ ਅਨੁਸਾਰ ਗੁਰਬਾਣੀ ਦਾ ਉਦੇਸ਼ ਹੈ ਮਨੁੱਖ ਨੂੰ ਸੂਝਵਾਨ, ਗੁਣਵਾਨ, ਗਿਆਨਵਾਨ, ਪਰਉਪਕਾਰੀ ਬਣਾਉਣਾ ਤਾਂ ਕਿ ਇਕ ਸੁਚੱਜਾ ਪਿਆਰ ਭਰਪੂਰ ਸਮਾਜ ਸਿਰਜਿਆ ਜਾ ਸਕੇ। ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਹਰ ਸ਼ਬਦ ਰਾਹੀਂ ਇਹ ਸਮਝਣ ਦਾ ਉਪਰਾਲਾ ਕੀਤਾ ਜਾਵੇ ਕਿ ਜੋ ਸ਼ਬਦ ਪੜਿਆ ਜਾਂ ਸੁਣਿਆ ਜਾ ਰਿਹਾ ਹੈ ਉਸ ਰਾਹੀਂ ਮਨੁੱਖ ਨੂੰ ਸਚਿਆਰ ਹੋਣ ਲਈ ਸੁਨੇਹਾ ਕੀ ਦਿੱਤਾ ਜਾ ਰਿਹਾ ਹੈ। ਇਕ ਸ਼ਬਦ ਹੈ:

“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ॥” ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ-1096 ਤੇ ਅੰਕਿਤ ਹੈ।

ਹਰ ਕੋਈ ਗੁਰਬਾਣੀ ਦੇ ਅਰਥ ਆਪੋ ਆਪਣੀ ਸਮਝ ਅਨੁਸਾਰ ਕਰਦਾ ਹੈ, ਪਰ ਵੇਖਣਾ ਇਹ ਹੋਵੇਗਾ ਕਿ ਜੋ ਵਿਆਖਿਆ ਕੀਤੀ ਜਾ ਰਹੀ ਹੈ ਕੀ ਉਹ ਗੁਰਬਾਣੀ ਦੇ ਉਦੇਸ਼ ਅਨੁਕੂਲ ਹੈ ਜਾ ਨਹੀਂ। ਪੋ੍ਰ: ਸਾਹਿਬ ਸਿੰਘ ਬਹੁਤ ਵਿਦਵਾਨ ਹੋਏ ਹਨ ਉਨ੍ਹਾਂ ਨੇ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ:

“ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ । ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਵੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦਾ। ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ”।

ਜਾਪਦਾ ਇੰਝ ਹੈ ਕਿ ਇਸ ਤਰ੍ਹਾਂ ਦੇ ਕੀਤੇ ਗਏ ਅਰਥ ਗੁਰਬਾਣੀ ਦੇ ਉਦੇਸ਼ ਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰਦੇ। ਇਹ ਠੀਕ ਹੈ ਕਿ ਇਥੇ ਜੋ ਸ਼ਬਦ ‘ਤੂ’ ਵਰਤਿਆ ਗਿਆ ਹੈ ਉਹ ਪ੍ਰਭੂ ਵਾਸਤੇ ਹੀ ਵਰਤਿਆ ਗਿਆ ਹੈ। ਫਿਰ ਇਹ ਵੀ ਸਪਸ਼ਟ ਹੈ ਕਿ ਪ੍ਰਭੂ ਤਾਂ ਹਮੇਸ਼ਾਂ ਹੀ ਸਭ ਉਪਰ ਦਿਆਲ ਹੁੰਦਾ ਹੈ, ਭਾਵ ਉਹ ਤਾਂ ਹਮੇਸ਼ਾਂ ਹੀ ਹਰ ਕਿਸੇ ਦਾ ਸਹਾਈ ਹੁੰਦਾ ਹੈ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਅਤੇ ਨਾ ਹੀ ਉਸ ਪਰਮਾਤਮਾ ਨੂੰ ਕਿਸੇ ਕਿਸਮ ਦੀ ਚਾਪਲੂਸੀ ਭਾਵ ਪੂਜਾ ਦੀ ਲੋੜ ਹੁੰਦੀ ਹੈ।

ਇਸ ਅਨੁਸਾਰ ਜਦੋਂ ਇਹ ਕਿਹਾ ਗਿਆ ਹੈ ਕਿ “ਜਾ ਤੂ ਮੇਰੈ ਵਲਿ ਹੈ” ਤਾਂ ਇਥੇ ਇਹ ਸਮਝਣਾ ਜ਼ਰੂਰੀ ਹੈ ਕਿ “ਤੂ” ਭਾਵ ਪ੍ਰਭੂ “ਮੇਰੈ ਵਲਿ” ਭਾਵ ਕਿਸੇ ਵਲ ਕਿਸ ਤਰ੍ਹਾਂ ਹੋ ਸਕਦਾ ਹੈ? ਕਿਉਂਕਿ ਉਹ ਤਾਂ ਹਮੇਸ਼ਾਂ ਹੀ ਹਰ ਇਕ ਦੇ ਵਲਿ ਹੁੰਦਾ ਹੈ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ।

ਇਸ ਸੰਦਰਭ ਵਿਚ ਇਹ ਸੋਝੀ ਹੋਣੀ ਜ਼ਰੂਰੀ ਹੈ ਕਿ, ਗੁਰਬਾਣੀ ਅਨੁਸਾਰ ਪ੍ਰਭੂ ਕਿਤੇ ਅਸਮਾਨ ਵਿਚ ਨਹੀਂ ਰਹਿੰਦਾ ਸਗੋਂ ਇਹ ਤਾਂ ਹਰ ਇਕ ਦੇ ਹਿਰਦੇ ਵਿਚ ਵਸਦਾ ਹੈ। ਫਿਰ ਗੁਰਬਾਣੀ ਦਾ ਅਧਿਐਨ ਕਰਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਪਣੀ ਸੁਚੱਜੇ ਗਿਆਨ ਨਾਲ ਘੜੀ ਗਈ ਬਿਬੇਕ ਬੁੱਧ ਵਾਲੀ ਸੂਝਵਾਨ ਸੁਚੱਜੀ ਮਤ ਹੀ ਆਪਣੇ ਅੰਦਰ ਵਾਲਾ ਪ੍ਰਭੂ ਹੁੰਦਾ ਹੈ। ਇਸ ਤਰ੍ਹਾਂ ਜਦੋਂ ਕੋਈ ਉਸ ਸੁਚੱਜੀ ਸੂਝਵਾਨ ਮਤ ਪਾਸੋਂ ਸੇਧ ਲੈਣੀ ਸ਼ੁਰੂ ਕਰਦਾ ਹੈ ਤਾਂ ਉਸ ਵਕਤ ‘ਤੂ’ ਭਾਵ ਪ੍ਰਭੂ ਉਸ ਵਲ ਹੋ ਜਾਂਦਾ ਹੈ। ਇਸ ਦੇ ਨਾਲ ਜਦੋਂ ਐਸਾ ਵਿਅਕਤੀ ਗਿਆਨਮਈ ਸੂਝ-ਬੂਝ ਵਾਲੀ ਸੁਚੱਜੀ ਮਤ ਪਾਸੋ ਸੇਧ ਲੈਂਦਾ ਹੈ ਤਾਂ ਉਸ ਵਕਤ ਪ੍ਰਭੂ ਉਸ ਵਲ ਹੋ ਜਾਂਦਾ ਹੈ। ਇਸ ਅਨੁਸਾਰ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜਦੋਂ ਐਸੀ ਸੁਚੱਜੀ ਮਤ ਪਾਸੋਂ ਸੇਧ ਲਈ ਜਾਵੇ ਤਾਂ ਫਿਰ ਹੁੰਦਾ ਹੈ “ਤਾ ਕਿਆ ਮੁਹਛੰਦਾ॥ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿੰਦੀ। ਭਾਵ ਕਿਸੇ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ ਪੈਂਦੀ ਅਤੇ ਨਾ ਹੀ ਕਿਸੇ ਬਾਬੇ, ਸਾਧੂ ਸੰਤ ਅਤੇ ਭੇਖੀ ਧਰਮੀ ਬੰਦਿਆਂ ਦੀ ਅਧੀਨਗੀ ਕਰਨੀ ਪੈਂਦੀ ਹੈ।

ਇਸ ਅਨੁਸਾਰ ਇਸ ਸ਼ਬਦ ਰਾਹੀਂ ਐਸੇ ਮਨ ਜਾਂ ਵਿਅਕਤੀ ਦੀ ਅਵਸਥਾ ਬਿਆਨ ਕੀਤੀ ਗਈ ਹੈ ਜੋ ਗਿਆਨਮਈ ਸੁਚੱਜੀ ਬਿਬੇਕ ਬੁੱਧ ਪਾਸੋਂ ਸੇਧ ਲੈ ਕੇ ਗੁਣਕਾਰੀ ਜੀਵਨ ਜੀਉਂਦਾ ਹੈ।

“ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ॥” ਸੁਚੱਜੀ ਗਿਆਨਮਈ ਮਤ ਵਾਲਾ ਮਨ ਆਪਣੀ ਅਵਸਥਾ ਦਾ ਬਿਆਨ ਕਰਦਾ ਹੋਇਆ ਆਖਦਾ ਹੈ ਕਿ ਜਦੋਂ ਤੋਂ ਮੈਂ ਤੇਰੀ ਸ਼ਰਨ ਵਿਚ ਆਇਆ ਹਾਂ, ਭਾਵ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਉੱਤੇ ਭਰੋਸਾ ਕੀਤਾ ਹੈ (ਉਸ ਦਾ ਬੰਦਾ ਬਣਿਆ ਹਾਂ) ਤਾਂ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਨੇ ਮੈਨੂੰ ਸਭ ਕੁਝ ਸੋਂਪ ਦਿੱਤਾ ਹੈ। ਭਾਵ ਬਿਬੇਕ ਬੁੱਧ ਵਾਲੀ ਸੁਚੱਜੀ ਮਤ ਪਾਸੋਂ ਸਹੀ ਗਿਆਨਮਈ ਦਿਸ਼ਾ ਨਿਰਦੇਸ਼ ਮਿਲਣ ਕਾਰਨ ਮਾਨਸਕ ਸੁਖ, ਸ਼ਾਂਤੀ, ਅਨੰਦ, ਆਦਿ ਕਾਰਨ ਚੜਦੀਕਲਾ ਦਾ ਭਾਵ ਪੈਦਾ ਹੋ ਗਿਆ ਹੈ ਅਤੇ ਸੁਚੱਜੇ ਗੁਣਾਂ ਅਨੁਸਾਰ ਵਿਚਰਨ ਦੀ ਸੋਝੀ ਪ੍ਰਾਪਤ ਹੋ ਗਈ ਹੈ।

ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ॥” ਇਥੇ ਫਿਰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਗੱਲ ਮਨ ਅਤੇ ਬਿਬੇਕ ਬੁੱਧ ਦੀ ਹੈ। ਬਿਬੇਕ ਬੁੱਧ ਵਾਲੀ ਸੁਚੱਜੀ ਮਤ ਪਾਸ ਜਿਸ ਦੌਲਤ ਦਾ ਭੰਡਾਰ ਹੈ ਉਹ ਹੈ: “ਸੁਚੱਜੇ ਗੁਣ, ਸੁਚੱਜਾ ਗਿਆਨ, ਸੂਝ-ਬੂਝ ਆਦਿ” (ਇਸੇ ਨੂੰ ਨਾਮ ਧਨ ਕਿਹਾ ਜਾਂਦਾ ਹੈ) ਇਸ ਅਨੁਸਾਰ ਇਥੇ ਕਿਸੇ ਦੁਨਿਆਵੀ ਧਨ ਦੌਲਤ ਦੀ ਗੱਲ ਨਹੀਂ ਹੋ ਰਹੀ। ਇਥੇ ਲਖਮੀ ਤੋਂ ਭਾਵ ਹੈ ਸੁਚੱਜੇ ਗੁਣ ਅਤੇ ਸੁਚੱਜਾ ਗਿਆਨ। ਇਸ ਤਰ੍ਹਾਂ ਮਨ ਆਖਦਾ ਹੈ ਕਿ ਹੁਣ ਮੈਨੂੰ ਸੁਚੱਜੇ ਗਿਆਨ ਅਤੇ ਸੁਚੱਜੇ ਗੁਣਾਂ ਵਾਲੀ ਦੋਲਤ ਮਿਲ ਗਈ ਹੈ ਅਤੇ ਮੈਂ ਇਨ੍ਹਾ ਗੁਣਾਂ ਅਨੁਸਾਰ ਵਿਚਰਦਾ ਹਾਂ। ਇਹ ਸੁਚੱਜੇ ਗਿਆਨ ਅਤੇ ਸੁਚੱਜੇ ਗੁਣਾਂ ਵਾਲੀ ਦੌਲਤ ਨੂੰ ਮੈਂ ਜਿਤਨਾ ਮਰਜ਼ੀ ਵਰਤੀ ਜਾਂਵਾ ਇਸ ਵਿਚ ਕਿਤੇ ਵੀ ਕੋਈ ਕਮੀ ਨਹੀ ਆਉਂਦੀ।

“ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ॥” ਉਪਰੋਕਤ ਸਥਿਤੀ ਦੇ ਸੰਦਰਭ ਵਿਚ ਮਨ ਆਖਦਾ ਹੈ ਕਿ ਮੈਨੂੰ ਇਹ ਅਹਿਸਾਸ ਹੁੰਦਾ ਹੈ ਅਤੇ ਇਹ ਸਮਝ ਆਉਂਦੀ ਹੈ ਕਿ ਸਾਰੀ ਕਾਇਨਾਤ ਦੀ ਹਰ ਚੀਜ਼ ਮੇਰੀ ਵਰਤੋਂ ਵਾਸਤੇ ਹੀ ਬਣਾਈ ਗਈ ਹੈ। ਇਸ ਦੇ ਨਾਲ ਹੀ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਭ ਜੀਵ ਜੰਤੂ ਮੇਰੀ ਸੇਵਾ ਵਾਸਤੇ ਹਾਜ਼ਰ ਰਹਿੰਦੇ ਹਨ।

“ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ॥” ਇਸ ਪੰਗਤੀ ਦੇ ਅਰਥ ਜੋ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤੇ ਹਨ ਉਹ ਇਸ ਤਰ੍ਹਾਂ ਹਨ: “ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ”। ਲੇਕਿਨ ਇਸ ਤਰ੍ਹਾਂ ਦੇ ਅਰਥ ਠੀਕ ਨਹੀਂ ਜਾਪਦੇ। ਕਿਉਂਕਿ ਇਹ ਸ਼ਬਦ ਪੰਚਮ ਪਾਤਸ਼ਾਹ ਦਾ ਉਚਾਰਿਆ ਹੋਇਆ ਹੈ। ਪੰਚਮ ਪਾਤਸ਼ਾਹ ਦੇ ਹੀ ਕਈ ਵੈਰੀ ਸਨ ਜੋ ਉਸ ਵਕਤ ਦੀ ਹਕੂਮਤ ਪਾਸ ਕਈ ਝੂਠੀਆਂ ਸ਼ਕਾਇਤਾਂ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਦੀਆਂ ਝੂਠੀਆਂ ਸ਼ਕਾਇਤਾਂ ਕਾਰਨ ਹੀ ਪੰਚਮ ਪਾਤਸ਼ਾਹ ਨੂੰ ਕਈ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਵ ਉਨ੍ਹਾਂ ਦੇ ਵੈਰੀ ਤਾਂ ਉਨ੍ਹਾਂ ਦੇ ਮਿਤਰ ਬਣੇ ਨਹੀਂ। ਇਸ ਦੇ ਇਲਾਵਾ ਇਹ ਵੀ ਪ੍ਰਤੱਖ ਹੈ ਕਿ ਗੁਰਬਾਣੀ ਦਾ ਹਰ ਸ਼ਬਦ ਵਿਗਿਆਨਕ ਤੌਰ ਤੇ ਅਤੇ ਤਰਕ ਦੇ ਅਧਾਰ ਤੇ ਠੀਕ ਸਿੱਧ ਹੁੰਦਾ ਹੈ।

ਇਸ ਅਨੁਸਾਰ ਜਦੋਂ “ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ॥” ਕਿਹਾ ਗਿਆ ਹੈ ਤਾਂ ਪਤਾ ਚਲਦਾ ਹੈ ਕਿ ਇਸ ਪੰਗਤੀ ਵਿਚ ਜਿਨ੍ਹਾਂ ਵੈਰੀਆਂ ਦੀ ਗੱਲ ਕੀਤੀ ਗਈ ਹੈ ਉਹ ਬਾਹਰ ਦੇ ਬੇਸਮਝ ਲੋਕਾਂ ਦੀ ਗੱਲ ਨਹੀਂ ਹੈ ਸਗੋਂ ਇਹ ਵੈਰੀ ਆਪਣੇ ਅੰਦਰ ਦੀ ਅਗਿਆਨਤਾ ਅਤੇ ਆਪਣੇ ਅੰਦਰ ਦੇ ਬੁਰੇ ਵਿਚਾਰਾਂ ਦੀ ਹੀ ਗੱਲ ਹੈ। ਆਪਣੇ ਬੁਰੇ ਵਿਚਾਰ ਹੀ ਮਨ ਨੂੰ ਹਰ ਸਮੇਂ ਪਰੇਸ਼ਾਨ ਕਰੀ ਰਖਦੇ ਹਨ ਅਤੇ ਦੁੱਖ ਦਿੰਦੇ ਰਹਿੰਦੇ ਹਨ। ਇਹ ਬੁਰੇ ਵਿਚਾਰ ਹੀ ਔਗੁਣ ਪੈਦਾ ਕਰਦੇ ਹਨ ਜੋ ਮਨ ਦੇ ਵੈਰੀ ਹੁੰਦੇ ਹਨ। ਇਸ ਤਰ੍ਹਾਂ ਮਨ ਦੇ ਬੁਰੇ ਵਿਚਾਰਾਂ ਨੂੰ ਹੀ ਵੈਰੀ ਕਿਹਾ ਗਿਆ ਹੈ।

ਇਸ ਅਨੁਸਾਰ ਸਮਝ ਇਹ ਆਉਂਦੀ ਹੈ ਕਿ ਜਦੋਂ ਮਨ ਆਪਣੇ ਅੰਦਰ ਦੀ ਸੁਚੱਜੇ ਗਿਆਨਮਈ ਬਿਬੇਕ ਬੁੱਧ ਨਾਲ ਘੜੀ ਗਈ ਸੁਚੱਜੀ ਮਤ ਪਾਸੋਂ ਸੇਧ ਲੈਂਦਾ ਹੈ ਤਾਂ ਬੁਰੇ ਵਿਚਾਰ ਅਤੇ ਔਗੁਣ ਜੋ ਮਨ ਦੇ ਵੈਰੀ ਹੁੰਦੇ ਹਨ ਉਹ ਸੁਚੱਜੇ ਗੁਣਾਂ ਅਤੇ ਚੰਗੇ ਵਿਚਾਰਾਂ ਵਿਚ ਬਦਲ ਜਾਂਦੇ ਹਨ। ਇਸ ਤਰ੍ਹਾਂ ਉਹ ਮੇਰੇ ਮਿਤਰ ਬਣ ਜਾਂਦੇ ਹਨ ਅਤੇ ਉਹ ਮੈਨੂੰ ਦੁਖਦੀ ਨਹੀਂ ਕਰਦੇ ਅਤੇ ਨਾ ਹੀ ਕਿਸੇ ਨਾਲ ਮੰਦਾ ਕਰਨ ਲਈ ਉਕਸਾਉਂਦੇ ਹਨ।

“ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ॥” ਮਨ ਫਿਰ ਆਖਦਾ ਹੈ ਕਿ ਜਦੋਂ ਸੁਚੱਜੇ ਵਿਚਾਰ ਮੇਰੇ ਮਿਤਰ ਬਣ ਜਾਂਦੇ ਹਨ ਤਾਂ ਇਹ ਹਰੀ, ਪ੍ਰਭੂ, ਦੀ ਬਖਸ਼ਿਸ਼ ਹੀ ਹੁੰਦੀ ਹੈ ਜਿਸ ਕਾਰਨ ਮੈਨੂੰ ਸੁਚੱਜੇ ਗੁਣਾਂ ਅਨੁਸਾਰ ਵਿਚਰਨਾ ਆ ਜਾਂਦਾ ਹੈ ਇਸੇ ਕਾਰਨ ਕਿਸੇ ਨਾਲ ਕੋਈ ਬੁਰਾਈ ਨਹੀਂ ਕੀਤੀ ਜਾਂਦੀ ਜਿਸ ਦੇ ਫਲਸਰੂਪ ਕੋਈ ਲੇਖਾ ਪੁਛਣ ਦੀ ਨੌਬਿਤ ਹੀ ਨਹੀਂ ਆਉਂਦੀ।

“ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ॥” ਸੁਭਾਵਕ ਹੈ ਕਿ ਜਦੋਂ ਤੋਂ ਮੇਰਾ ਮੇਲ ‘ਗੁਰ ਗੋਵਿੰਦ’ ਨਾਲ ਭਾਵ ਸੁਚੱਜੇ ਗਿਆਨ ਵਾਲੀ ਬਿਬੇਕ ਬੁੱਧ ਨਾਲ ਘੜੀ ਗਈ ਸੁਚੱਜੀ ਸੂਝਵਾਨ ਮਤ ਨਾਲ ਹੋ ਗਿਆ ਹੈ ਤਾਂ ਮੈਨੂੰ ਹਰ ਤਰ੍ਹਾਂ ਦੇ ਸੁੱਖ ਅਤੇ ਅਨੰਦ ਦੀ ਪ੍ਰਾਪਤੀ ਹੋ ਗਈ ਹੈ।

“ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ॥” ਇਸ ਅਨੁਸਾਰ ਇਸ ਸ਼ਬਦ ਰਾਹੀ ਇਹ ਸਮਝਾਇਆ ਗਿਆ ਹੈ ਜਦੋਂ ਸੁਚੱਜੀ ਗਿਆਨਮਈ ਬਿਬੇਕ ਵਾਲੀ ਸੁਚੱਜੀ ਮਤ ਪਾਸੋਂ ਸੇਧ ਲੈ ਕੇ ਵਿਚਰਿਆ ਜਾਵੇ ਤਾਂ ਸਭ ਤਰਾਂ ਦੇ ਕਾਜ ਸਵਾਰੇ ਜਾਂਦੇ ਹਨ ਅਤੇ ਇਹ ਕੁਦਰਤ ਦੇ ਨਿਯਮਾਂ ਦੇ ਅਨੁਕੂਲ ਹੁੰਦੇ ਹਨ। ਐਸੇ ਕਰਮ ਹੀ ਰੱਬ ਨੂੰ ਭਾਉਂਦੇ ਹਨ।

ਇਸ ਅਨੁਸਾਰ ਇਹ ਸਾਰਾ ਸ਼ਬਦ ਸੁਚੱਜੀ ਬਿਬੇਕ ਬੁੱਧ ਵਾਲੀ ਸੁਚੱਜੀ ਸੂਝਵਾਨ ਮਤ ਅਤੇ ਮਨ ਦੀ ਆਪਸੀ ਸਾਂਝ ਨੂੰ ਬਿਆਨ ਕਰਦਾ ਹੈ।
 

swarn bains

Poet
SPNer
Apr 8, 2012
921
195
ਜਿਹਾ ਤਨ ਤੇਹਾ ਮਨ, ਜੇਹਾ ਮਨ ਤੇਹਾ ਰਾਮ ਨਾਮ ਧਨ, ਜੇਹੀ ਸੋਚ ਤੇਹੀ ਜਨ ਲੋਚ, ਜਿਹੀ ਨਿੰਦਾ ਤੇਹਾ ਮੰਦਾ, ਹਰਿ ਰਸ ਰਸਨਾ ਨਾਮ ਮਨ ਵਸੰਦਾ
 
📌 For all latest updates, follow the Official Sikh Philosophy Network Whatsapp Channel:

Latest Activity

Top