(In Punjabi/ਪੰਜਾਬੀ) ਅਜਬ ਮੁਲਾਕਾਤ (ਵਿਗਿਆਨ ਗਲਪ ਕਹਾਣੀ) - ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

drdpsn

Writer
SPNer
ਵਿਗਿਆਨ ਗਲਪ ਕਹਾਣੀ

ਅਜਬ ਮੁਲਾਕਾਤ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਸੰਨ 1980 ਦੀ ਗੱਲ ਹੈ। ਤਦ ਮੈਂ ਭਾਰਤੀ ਮੌਸਮ ਵਿਭਾਗ ਦਾ ਮੁਲਾਜ਼ਮ ਸਾਂ। ਇਨ੍ਹੀ ਦਿਨ੍ਹੀ ਮੇਰੀ ਡਿਊਟੀ ਹਿਮਾਲੀਆਂ ਪਹਾੜੀ ਖੇਤਰ ਵਿਚ ਵਾਪਰ ਰਹੀਆਂ ਜਲ-ਵਾਯੂ ਤਬਦੀਲੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਸੀ। ਇਕ ਦਿਨ ਮੈਂ ਮਾਨਸਰੋਵਰ ਝੀਲ ਨੇੜਲੇ ਖੇਤਰ ਵਿਚ ਕੁਝ ਸੈਂਪਲ ਇਕੱਠੇ ਕਰਨ ਵਿਚ ਮਸਰੂਫ਼ ਸਾਂ ਕਿ ਅਚਾਨਕ ਕਿਸੇ ਮਸ਼ੀਨਰੀ ਦੀ ਘੂੰ-ਘੂੰ ਦੀ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ। ਜੋ ਅਗਲੇ ਹੀ ਪਲ ਬੰਦ ਹੋ ਗਈ। ਮੈਨੂੰ ਇਥੇ ਪੁੰਚਾਣ ਵਾਲਾ ਹੈਲੀਕਾਪਟਰ ਤਾਂ ਕਦੋਂ ਦਾ ਜਾ ਚੁੱਕਾ ਸੀ। ਮੈਨੂੰ ਵਾਪਸ ਲਿਜਾਣ ਲਈ ਉਸ ਨੇ ਅਜੇ ਚਾਰ ਘੰਟੇ ਬਆਦ ਆਉਣਾ ਸੀ। ਫਿਰ ਇਹ ਆਵਾਜ਼ ਕਿਸ ਦੀ ਸੀ? ਮੈੰ ਹੈਰਾਨ ਸਾਂ। ਆਵਾਜ਼ ਦਾ ਕਾਰਣ ਜਾਨਣ ਲਈ ਮੈਂ ਆਲੇ ਦੁਆਲੇ ਨਜ਼ਰ ਮਾਰੀ।​

ਆਸਮਾਨ ਵਿਚ ਛਾਏ ਸਲੇਟੀ ਰੰਗੇ ਬੱਦਲਾਂ ਵਿਚੋਂ ਹਲਕੀ ਹਲਕੀ ਰੌਸ਼ਨੀ ਛਣ ਛਣ ਛਣ ਕੇ ਆ ਰਹੀ ਸੀ। ਕੁਝ ਦੂਰ, ਦੂਧੀਆਂ ਬਰਫ਼ ਨਾਲ ਢੱਕੇ ਪਹਾੜ ਦੇ ਪੈਰਾਂ ਕੋਲ, ਧੁੰਦਲਾ ਜਿਹਾ ਇਕ ਸਫ਼ੈਦ ਰੰਗ ਦਾ ਗੋਲਾ ਨਜ਼ਰ ਆਇਆ। ਚਾਰੇ ਪਾਸੇ ਫੈਲੀ ਬਰਫ਼ ਦੀ ਚਿੱਟੀ ਚਾਦਰ ਉਸ ਗੋਲੇ ਨੂੰ ਆਪਣੇ ਵਿਚ ਸਮੋਈ ਜਾਪ ਰਹੀ ਸੀ।

ਆਲੇ ਦੁਆਲੇ ਫੈਲੀ ਚੁੱਪ ਚਾਂ ਵਿਚ ਅਚਾਨਕ ਹਲਕੀ ਜਿਹੀ ਚਰਮਰਾਹਟ ਸੁਣਾਈ ਦਿੱਤੀ। ਜਿਵੇਂ ਕੋਈ ਦਰਵਾਜ਼ਾ ਖੁੱਲਿਆ ਹੋਵੇ। ਅਗਲੇ ਹੀ ਪਲ ਇਕ ਉੱਚਾ-ਲੰਮਾ ਆਕਾਰ, ਅਜੀਬ ਪਹਿਰਾਵਾ ਪਾਈ ਮੇਰੇ ਕੋਲ ਖੜ੍ਹਾ ਸੀ।

"ਹੈਲੋ! ਕੌਣ ਹੈ ਤੂੰ? ਕਿਥੋਂ ਆਇਆ ਹੈ ਤੇ ਇਥੇ ਕੀ ਕਰ ਰਿਹਾ ਹੈ?" ਉਤਸੁਕਤਾ ਵੱਸ ਕਈ ਸਵਾਲ ਆਪ ਮੁਹਾਰੇ ਮੇਰੇ ਮੂੰਹ ਵਿਚੋਂ ਨਿਕਲ ਗਏ।

'ਮੈਂ ਜੋਜੋ ਹਾਂ!' ਉਸ ਨੇ ਦੋਸਤਾਨਾ ਲਹਿਜ਼ੇ ਵਿਚ ਕਿਹਾ। "ਮੈਂ ਅਲੋਹ ਗ੍ਰਹਿ ਤੋਂ ਆਇਆ ਹਾਂ।"

'ਅਲੋਹ ਗ੍ਰਹਿ? ਮੈਂ ਤਾਂ ਇਹ ਨਾਮ ਕਦੀ ਨਹੀਂ ਸੁਣਿਆ। ਕਿਥੇ ਹੈ ਇਹ ਗ੍ਰਹਿ?'

'ਅਲੋਹ ਗ੍ਰਹਿ ਤੁਹਾਡੀ ਧਰਤੀ ਤੋਂ ਬਹੁਤ ਦੂਰ ਹੈ, ਕਈ ਬਿਲੀਅਨ ਕਿਲੋਮੀਟਰ ਦੂਰ.........ਉਸ ਦਿਸ਼ਾ ਵਿਚ।" ਉਸ ਨੇ ਆਕਾਸ਼ ਵਿਚ ਓਰੀਅਨ ਤਾਰਾ ਸਮੂੰਹ ਬਣਤਰ ਵਾਲੇ ਖੇਤਰ ਵਲ ਇਸ਼ਾਰਾ ਕਰਦੇ ਹੋਏ ਕਿਹਾ।

'ਹੂੰ! ਭਲਾ ਤੂੰ ਸਾਡੀ ਬੋਲੀ ਕਿਵੇਂ ਜਾਣਦਾ ਹੈ ਅਤੇ ਬਿਲੀਅਨ ਤੇ ਕਿਲੋਮੀਟਰ ਮਾਪ ਇਕਾਈਆਂ ਬਾਰੇ ਤੈਨੂੰ ਕਿਵੇਂ ਪਤਾ ਹੈ?'

'ਇਹ ਸੱਭ ਇਸ ਯੰਤਰ ਦਾ ਕਮਾਲ ਹੈ। ਜੋ ਤੇਰੇ ਬੋਲਾਂ ਨੂੰ ਮੇਰੀ ਬੋਲੀ ਵਿਚ ਬਦਲ ਕੇ ਸੁਣਾ ਰਿਹਾ ਹੈ ਤੇ ਮੇਰੇ ਬੋਲਾਂ ਨੂੰ ਤੇਰੀ ਬੋਲੀ ਵਿਚ ਬਦਲ ਕੇ ਤੈਨੂੰ ਸੁਣਾ ਰਿਹਾ ਹੈ।" ਉਸ ਨੇ ਗਲੇ ਵਿਚ ਲਟਕ ਰਹੀਂ ਡਿਸਕ ਨੂੰ ਆਪਣੀਆਂ ਉਗਲਾਂ ਨਾਲ ਛੂੰਹਦਿਆਂ ਕਿਹਾ।

'ਕੀ ਤੂੰ ਪਹਿਲੀ ਵਾਰ ਇਥੇ ਆਇਆ ਹੈ?'

'ਨਹੀਂ ਤਾਂ! ਮੈਂ ਅਕਸਰ ਇਥੇ ਆਉਂਦਾ ਰਹਿੰਦਾ ਹਾਂ।'

'ਪਰ ਪਹਿਲਾਂ ਤਾਂ ਕਦੇ ਤੇਰੀ ਕੋਈ ਖ਼ਬਰ ਨਹੀਂ ਸੁਣੀ।'

'ਮੈਂ ਜਿਸ ਨੂੰ ਖੁ਼ਦ ਚਾਹਾਂ ਉਸੇ ਨੂੰ ਦਿਖਾਈ ਦਿੰਦਾ ਹਾਂ।' ਜੋਜੋ ਦੇ ਬੋਲ ਸਨ।

'ਤਾਂ ਫਿ਼ਰ ਮੈਨੂੰ ਹੀ ਕਿਉਂ ਦਿਖਾਈ ਦੇ ਰਿਹਾ ਹੈ ਤੂੰ? ਕੀ ਮੈਂ ਕੋਈ ਖਾਸ ਹਾਂ?' ਮੈਂ ਇਸ ਗਲਬਾਤ ਤੋਂ ਕਾਫ਼ੀ ਹੈਰਾਨ ਪ੍ਰੇਸ਼ਾਨ ਸਾਂ। ਕਿਸੇ ਅਣਕਿਆਸੇ ਖ਼ਤਰੇ ਦੇ ਆਭਾਸ ਪ੍ਰਤਿ ਚੇਤੰਨ ਵੀ ਸਾਂ।

'ਤੇਰੇ ਨਾਲ ਮੁਲਾਕਾਤ ਦਾ ਖਾਸ ਸਬੱਬ ਹੈ।'

'ਕੀ ਮਤਲਬ?'

'ਉਹ ਮੈਂ ਬਾਅਦ ਵਿਚ ਦੱਸਾਗਾਂ, ਪਹਿਲਾਂ ਤੈਨੂੰ ਇਕ ਕਹਾਣੀ ਸੁਨਣੀ ਹੋਵੇਗੀ।'

'ਜਲਦੀ ਗੱਲ ਮੁਕਾ, ਮੈਂ ਆਪਣਾ ਕੰਮ ਵੀ ਮੁਕਾਉਣਾ ਹੈ।' ਮੈਂ ਉਸ ਦੀ ਲੰਮੀ ਵਾਰਤਾਲਾਪ ਤੋਂ ਖਹਿੜਾ ਛੁਡਾਉਣ ਦੇ ਰੌਅ ਵਿਚ ਕਿਹਾ।

'ਚਿੰਤਾ ਨਾ ਕਰ। ਬਹੁਤੀ ਲੰਮੀ ਕਹਾਣੀ ਨਹੀਂ ਤੇ ਨਾਲੇ ਤੇਰੇ ਕੰਮ ਨਾਲ ਖ਼ਾਸ ਨੇੜਤਾ ਵੀ ਰੱਖਦੀ ਹੈ।'

'ਹੂੰ! ਤਾਂ ਸੁਣਾ।'

'ਪੰਜ ਸੌ ਮਿਲੀਅਨ ਸਾਲ ਪਹਿਲਾਂ, ਅਲੋਹ ਗ੍ਰਹਿ ਦੇ ਵਾਸੀਆਂ ਨੇ ਵਿਗਿਆਨ ਤੇ ਤਕਨੀਕੀ ਖੇਤਰ ਵਿਚ ਵੱਡੀ ਉਨਤੀ ਕਰ ਲਈ। ਤਦ ਸਾਡੇ ਵਿਗਿਆਨੀ ਵੰਨ-ਸੁਵੰਨੀਆਂ ਕਿਸਮਾਂ ਦੇ ਨਵੇਂ ਜੀਵ ਪੈਦਾ ਕਰਨ ਦੇ ਸਮਰਥ ਹੋ ਗਏ। ਉਹ ਅਜਿਹੇ ਨਵੇਂ ਗ੍ਰਹਿ ਦੀ ਭਾਲ ਵਿਚ ਜੁੱਟ ਗਏ ਜਿਥੇ ਉਹ ਇਨ੍ਹਾਂ ਜੀਵਾਂ ਨੂੰ ਯੋਗ ਵਾਤਾਵਰਣ ਦੇ ਸਕਣ ਤਾਂ ਕਿ ਇਹ ਜੀਵ ਵੰਨਗੀਆਂ ਵਧ-ਫੁੱਲ ਸਕਣ...... । ਆਖ਼ਰਕਾਰ ਉਨ੍ਹਾਂ ਪ੍ਰਿਥਵੀ ਗ੍ਰਹਿ ਲੱਭ ਲਿਆ। ਉਸ ਸਮੇਂ ਤੁਹਾਡੀ ਧਰਤੀ ਪਾਣੀ ਤੇ ਗੈਸਾਂ ਦੇ ਧੁੰਦ ਗੁਬਾਰ ਨਾਲ ਢੱਕੀ ਹੋਈ ਸੀ।

ਸਾਡੇ ਮਾਹਿਰਾਂ ਨੇ ਸਮੁੰਦਰਾਂ ਦੀ ਤਹਿ ਤੋਂ ਮਿੱਟੀ ਨੂੰ ਬਾਹਰ ਲਿਆ ਵਿਸ਼ਾਲ ਮਹਾਂਦੀਪ ਤਿਆਰ ਕੀਤਾ ਤਾਂ ਜੋ ਨਵੀਆਂ ਜੀਵ ਵੰਨਗੀਆਂ ਨੂੰ ਵਸੇਰਾ ਦਿੱਤਾ ਜਾ ਸਕੇ। ਉਨ੍ਹਾਂ ਨੇ ਧਰਤੀ ਦੀ ਹਵਾ, ਪਾਣੀ ਤੇ ਮਿੱਟੀ ਤੋਂ ਲਏ ਰਸਾਇਣਾਂ ਦੀ ਵਰਤੋਂ ਨਾਲ ਡੀ।ਐਨ।ਏ। ਤਿਆਰ ਕੀਤਾ। ਜਲਦੀ ਹੀ ਉਨ੍ਹਾਂ ਸੂਖ਼ਮ ਜੀਵਾਣੂੰ ਪੈਦਾ ਕਰ ਲਏੇ। ਸਮੇਂ ਦੇ ਬੀਤਣ ਨਾਲ ਉਨ੍ਹਾਂ ਪੌਦੇ, ਜਲ-ਜੀਵਾਂ, ਪੰਛੀਆਂ ਤੇ ਪਸ਼਼ੂਆਂ ਦੀ ਸਿਰਜਣਾ ਕਰ ਲਈ। ਆਖ਼ਰ ਵਿਚ ਉਹ ਮਨੁੱਖੀ ਪੈਦਾਇਸ਼ ਦੇ ਹਾਲਾਤ ਪੈਦਾ ਕਰਨ ਵਿਚ ਸਫਲ ਹੋ ਗਏ।

ਸਮੇਂ ਦੇ ਗੁਜ਼ਰਣ ਨਾਲ ਸਾਡੇ ਖੋਜਕਾਰਾਂ ਨੇ ਉਸ ਖਿੱਤੇ ਦੀ ਪਛਾਣ ਕੀਤੀ, ਜਿਸ ਨੂੰ ਤੁਸੀਂ ਅੱਜ ਕਲ ਏਸ਼ੀਆ ਕਹਿੰਦੇ ਹੋ। ਇਥੋਂ ਦੇ ਬਰਫ਼ਾਨੀ ਸਿਖ਼ਰਾਂ ਵਾਲੇ ਪਹਾੜਾਂ, ਵੰਨ-ਸੁਵੰਨੇ ਫੁੱਲਾਂ ਲੱਦੇ ਜੰਗਲ, ਮਹਿਕਾਂ ਲੱਦੀਆਂ ਹਵਾਵਾਂ ਨਾਲ ਖੇਤਾਂ ਵਿਚ ਲਹਿਲਹਾਉਂਦੀਆ ਹਰੀਆਂ-ਕਚੂਰ ਫ਼ਸਲਾਂ, ਵਿਖੇ ਸ਼ਾਂਤਮਈ ਸੁਭਾਅ ਵਾਲੇ ਸੂਝਵਾਨ ਮਨੁੱਖ ਵੱਸਦੇ ਸਨ।'

'ਇਹ ਤਾਂ ਧਰਤੀ ਦੇ ਇਤਿਹਾਸ ਦਾ ਸਾਰ ਹੀ ਹੈ। ਇਸ ਵਿਚ ਨਵੀਂ ਗੱਲ ਹੈ ਕੀ?' ਮੈਂ ਜਲਦੀ ਤੋਂ ਜਲਦੀ ਉਸ ਦੀ ਗੱਲ ਦੀ ਤਹਿ ਤਕ ਜਾਣਾ ਚਾਹੁੰਦਾ ਸਾਂ।

'ਅਲੋਹਾ ਦੀ ਸਰਕਾਰ ਧਰਤੀ ਉੱਤੇ ਪੱਲਰ ਰਹੇ ਜੀਵਨ ਉੱਤੇ ਨਜ਼ਰ ਰੱਖ ਰਹੀ ਸੀ। ਉਨ੍ਹਾਂ ਦੀ ਸ਼ੰਕਾਂ ਸੀ ਕਿ ਧਰਤੀ ਵਾਸੀ ਜਿਸ ਦਰ ਨਾਲ ਤਰੱਕੀ ਕਰ ਰਹੇ ਹਨ ਅਜਿਹਾ ਉਨ੍ਹਾਂ ਲਈ ਹਾਨੀਕਾਰਕ ਹੋ ਸਕਦਾ ਹੈ। ਤੇ ਅਜਿਹੀ ਧਾਰਣਾ ਸੱਚ ਵੀ ਸਾਬਤ ਹੋਈ ਜਦ ਬੀਹਵੀਂ ਸਦੀ ਦੌਰਾਨ ਇਥੋਂ ਦੇ ਅਮਰੀਕਾ ਵਾਸੀਆਂ ਨੇ ਏਸ਼ੀਆਂ ਦੇ ਛੋਟੇ ਜਿਹੇ ਦੇਸ਼ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਐਟਮੀ ਬੰਬਾਂ ਨਾਲ ਉਡਾ ਦਿੱਤਾ। ਬੇਸ਼ਕ ਇਸ ਘਟਨਾ ਤੋਂ ਧਰਤੀ ਵਾਸੀਆਂ ਨੇ ਸਬਕ ਤਾਂ ਸਿੱਖਿਆ ਤੇ ਜਮੀਨ ਹੇਠਲੇ ਤੇ ਹਵਾਈ ਨਿਊਕਲੀ ਵਿਸਫੋਟਾਂ ਉੱਤੇ ਬੰਦਸ਼ ਲਗਾ ਲਈ। ਪਰ ਮਨੁੱਖੀ ਲਾਲਸਾਵਾਂ ਤੇ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਦੇ ਲਾਲਚ ਨੇ, ਉਨ੍ਹਾਂ ਨੂੰ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਦੀ ਦੌੜ ਵਿਚ ਉਲਝਾ, ਅੰਤਰਦੇਸ਼ੀ ਜੰਗਾਂ ਤੇ ਘਾਤਕ ਵਾਤਾਵਰਣੀ ਤਬਦੀਲੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ।'

'ਇਹ ਤਾਂ ਠੀਕ ਹੈ।ਪਰ ਮੈਨੂੰ ਇਹ ਸੱਭ ਕੁਝ ਦੱਸਣ ਦਾ ਕੀ ਲਾਭ? ਮੈਂ ਤਾਂ ਪਹਿਲਾਂ ਹੀ ਇਹ ਸੱਭ ਕੁਝ ਜਾਣਦਾ ਹਾਂ। ਵਾਤਾਵਰਣੀ ਸਮੱਸਿਆ ਦੇ ਹੱਲ ਲਈ ਹੀ ਤਾਂ ਮੈਂ ਖੋਜ ਕਰ ਰਿਹਾ ਹਾਂ।' ਮੈਂ ਕਾਹਲਾ ਪੈਂਦਾ ਹੋਇਆ ਬੋਲਿਆ। ਮੈਨੂੰ ਲੱਗ ਰਿਹਾ ਸੀ ਕਿ ਉਹ ਕੋਈ ਸਨਕੀ ਵਿਅਕਤੀ ਸੀ ਜੋ ਸਮਾਂ ਟਪਾਉਣ ਲਈ ਝੱਖ ਮਾਰੀ ਜਾ ਰਿਹਾ ਸੀ।

'ਤੇ ਜੇ ਤੁਸੀਂ ਲੰਮੇ ਅਰਸੇ ਤੋਂ ਧਰਤੀ ਵਾਸੀਆਂ ਉੱਤੇ ਨਜ਼ਰ ਰੱਖ ਰਹੇ ਸੀ ਤਾਂ ਵਾਤਾਵਰਣੀ ਹਾਲਾਤਾਂ ਨੂੰ ਇੰਨ੍ਹੇ ਵਿਗੜਣ ਕਿਉਂ ਦਿੱਤਾ? ਪਹਿਲਾਂ ਹੀ ਦੱਸ ਦਿੰਦੇ। ਹੁਣ ਦੱਸਣ ਦਾ ਕੀ ਲਾਭ, ਜਦ ਕਿ ਅਸੀਂ ਇਸ ਸਮੱਸਿਆ ਦਾ ਸ਼ਿਕਾਰ ਬਣ ਚੁੱਕੇ ਹਾਂ।' ਮੇਰੇ ਖਿੱਝ ਭਰੇ ਬੋਲ ਸਨ।

'ਅਸੀੰ ਧਰਤੀ ਵਾਸੀਆਂ ਨੂੰ ਪਿਆਰ ਕਰਦੇ ਹਾਂ। ਅਤੇ ਉਨ੍ਹਾਂ ਦੀ ਚਿਰ-ਸਲਾਮਤੀ ਚਾਹੁੰਦੇ ਹਾਂ। ਆਖ਼ਰ ਤਾਂ ਉਹ ਸਾਡੇ ਤਜ਼ਰਬਿਆਂ ਦੀ ਹੀ ਪੈਦਾਇਸ਼ ਹਨ। ਕੋਈ ਵਿਗਿਆਨੀ ਆਪਣੇ ਤਜਰਬੇ ਨੂੰ ਫੇਲ ਹੁੰਦਾ ਕਿਵੇਂ ਦੇਖ ਸਕਦਾ ਹੈ? ਇਸੇ ਲਈ ਮੈਨੂੰ ਇਥੇ ਭੇਜਿਆ ਗਿਆ ਹਾਂ, ਇਕ ਬਹੁਤ ਹੀ ਮਹੱਤਵਪੂਰਣ ਸੁਨੇਹਾ ਦੇਣ ਲਈ।'

' ਹੂੰ ! ਤੇ ਉਹ ਸੁਨੇਹਾ ਹੈ ਕੀ?' ਮੈਂ ਪੁੱਛਿਆ।

'ਧਰਤੀ ਵਾਸੀਆਂ ਵਿਚ ਸਵੈ-ਵਿਨਾਸ਼ ਦੇ ਖ਼ਤਰੇ ਦੀ ਮਾਤਰਾ ਬਹੁਤ ਵਧੇਰੇ ਹੈ। ਅਜਿਹਾ ਵਿਸ਼ਵ ਭਰ ਵਿਚ ਫੈਲੇ ਅਵਿਸ਼ਵਾਸ ਤੇ ਡਰ ਦੇ ਮਾਹੌਲ ਕਾਰਣ ਹੈ। ਪਰ ਜੇ ਉਹ ਸ਼ਾਂਤੀ ਤੇ ਭਰਾਤਰੀਭਾਵ ਦੇ ਰਾਹ ਉੱਤੇ ਚਲਦੇ ਹੋਏ ਹਿੰਸਾ ਤੇ ਜ਼ਬਰ-ਜ਼ੁਲਮ ਦੀਆਂ ਰੁਚੀਆਂ ਉੱਤੇ ਕਾਬੂ ਪਾ ਲੈਣ ਤਾਂ ਧਰਤੀ ਉੱਤੇ ਮਨੁੱਖ ਦੀ ਚਿਰ-ਸਥਾਪਤੀ ਸਹਿਜੇ ਹੀ ਸੰਭਵ ਹੈ। ਵਿਸ਼ਵਭਰ ਵਿਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਜ਼ਰੂਰੀ ਹੀ ਕਿ ਸਾਰੇ ਦੇਸ਼ ਹਰ ਤਰ੍ਹਾ ਦੇ ਜੰਗੀ ਹਥਿਆਰਾਂ ਦੇ ਨਿਰਮਾਣ, ਭੰਡਾਰੀਕਰਣ ਤੇ ਵਰਤੋਂ ਤੋ ਤੋਬਾ ਕਰ ਲੈਣ। ਨਿਊਕਲੀ ਸ਼ਕਤੀ ਦੀ ਵਰਤੋਂ ਸਿਰਫ਼ ਸ਼ਾਂਤਮਈ ਕਾਰਜਾਂ ਲਈ ਕਰਨ ਦਾ ਅਹਿਦ ਕਰਨ। ਆਪਣੀ ਫੌਜੀ ਤਾਕਤ ਵਿਚ ਸੁਧਾਰ ਕਰ ਇਸ ਨੂੰ ਸਿਰਫ਼ ਜਨ-ਸੇਵਾ ਕਾਰਜਾਂ ਲਈ ਵਰਤਣ।'

'ਹਾਂ। ਜੇ ਅਜਿਹਾ ਹੋ ਜਾਵੇ ਤਾਂ ਅੰਤਰਦੇਸ਼ੀ ਜੰਗਾਂ ਤੇ ਕਈ ਦੇਸ਼ਾਂ ਵਿਚ ਵਾਪਰ ਰਹੀ ਖਾਨਾਜੰਗੀ ਨੂੰ ਨੱਥ ਪੈ ਸਕਦੀ ਹੈ। ਪਰ ਵਾਤਾਵਰਣੀ ਤਬਦੀਲੀਆਂ ਦੀ ਸਮੱਸਿਆ ਦਾ ਕੀ ਹੱਲ ਹੈ?'

'ਇਸ ਲਈ ਵਧੇਰੇ ਆਬਾਦੀ ਦੇ ਭੂਤ ਨੂੰ ਨੱਥ ਪਾਉਣ ਦੀ ਲੋੜ ਹੈ। ਅਗਰ ਇਕ ਔਰਤ ਨੂੰ ਸਿਰਫ਼ ਦੋ ਬੱਚੇ ਪੈਦਾ ਕਰਨ ਤਕ ਸੀਮਿਤ ਰਹਿਣ ਦਾ ਕਾਨੂੰਨ ਵਿਸ਼ਵ ਭਰ ਵਿਚ ਲਾਗੂ ਕੀਤਾ ਜਾਵੇ ਤਾਂ ਆਬਾਦੀ ਵਿਚ ਬੇਤਹਾਸ਼ਾ ਵਾਧਾ ਰੋਕਿਆ ਜਾ ਸਕਦਾ ਹੈ। ਇੰਝ ਵਧੇਰੇ ਆਬਾਦੀ ਲਈ ਲੋੜੀਂਦੇ ਘਰਾਂ, ਸੁਖ-ਸੁਵਿਧਾਵਾਂ ਦੀ ਉਪਲਬਧੀ ਲਈ ਕੁਦਰਤੀ ਸਰੋਤਾਂ ਉੱਤੇ ਪੈ ਰਿਹਾ ਬੋਝ ਘੱਟ ਜਾਵੇਗਾ। ਬੱਚਿਆਂ ਨੂੰ ਨੈਤਿਕਤਾ ਦੇ ਗੁਣਾਂ ਭਰਪੂਰ ਅਤੇ ਕੁਦਰਤ ਨਾਲ ਸੁਮੇਲਤਾ ਵਿਚ ਰਹਿਣ ਦੀ ਸਿੱਖਿਆਂ ਮਨੁੱਖੀ ਜਾਤੀ ਦਾ ਭਵਿੱਖ ਖੁਸ਼ਹਾਲ ਬਣਾ ਸਕਦੀ ਹੈ। ਧਰਤੀ ਉੱਤੇ ਰਾਜਨੀਤਕ ਖੇਤਰ ਵਿਚ ਵੀ ਅਹਿਮ ਤਬਦੀਲੀਆਂ ਦੀ ਲੋੜ ਹੈ - ਰਿਸ਼ਵਤਖੋਰੀ ਤੇ ਕੁਨਬਾਪਰਬਰੀ ਤੋਂ ਮੁਕਤ, ਇਨਸਾਫ਼ ਤੇ ਬਰਾਬਰੀ ਅਧਾਰਿਤ ਨਿਜ਼ਾਮ ਦੀ ਸਖ਼ਤ ਜ਼ਰੂਰਤ ਹੈ। ਧਰਤੀ ਵਾਸੀਆਂ ਨੂੰ ਆਪਣੇ ਭਵਿੱਖ ਦੀ ਸੁਰੱਖਿਆ ਲਈ ਅਜਿਹੀ ਵਿਵਸਥਾ ਦੀ ਵੱਡੀ ਆਵੱਸ਼ਕਤਾ ਹੈ।'

'ਇਹ ਗੱਲਾਂ ਤਾਂ ਠੀਕ ਹਨ। ਪਰ ਇਹ ਸਾਰਾ ਕੁਝ ਸੰਭਵ ਕਿਵੇਂ ਹੋਵੇਗਾ?'

'ਅਜਿਹਾ ਵਾਪਰਣ ਲਈ ਇਥੋਂ ਦੇ ਗੁਣਵਾਨ ਮਨੁੱਖਾਂ ਨੂੰ ਜਨ-ਸਮੂਹ ਦੀ ਅਗੁਵਾਈ ਕਰਦੇ ਹੋਏੇ ਲੋੜੀਂਦੇ ਸੁਧਾਰਾਂ ਲਈ ਲਗਾਤਾਰ ਯਤਨ ਕਰਨੇ ਹੋਣਗੇ। ਅਜਿਹੇ ਬਦਲਾਅ ਦੀ ਸ਼ੂਰੂਆਤ ਕਰਨ ਲਈ ਤੈਨੂੰ ਖ਼ਾਸ ਤੌਰ ਉੱਤੇ ਚੁਣਿਆ ਗਿਆ ਹੈ।'

'ਪਰ ਮੈਂ ਇੱਕਲਾ ਇਸ ਸੱਭ ਕੁਝ ਭਲਾ ਕਿਵੇਂ ਕਰ ਸਕਦਾ ਹਾਂ?'

'ਕਿਸੇ ਸਿਆਣੇ ਦਾ ਕਥਨ ਹੈ: "ਜੋ ਤਬਦੀਲੀ ਤੁਸੀਂ ਆਪਣੇ ਆਲੇ ਦੁਆਲੇ ਦੇਖਣਾ ਚਾਹੁੰਦੇ ਹੋ, ਉਹੀ ਤਬਦੀਲੀ ਪਹਿਲਾਂ ਤੁਸੀਂ ਆਪਣੇ ਰੋਜ਼ਾਨਾ ਜੀਵਨ ਚਲਣ ਵਿਚ ਲਿਆਉ।" ਜੇ ਹਰ ਮਨੁੱਖ ਇਸ ਸਿਧਾਂਤ ਦੀ ਪਾਲਣਾ ਕਰੇ ਤਾਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ।'

'ਬਿਲਕੁਲ ਸਹੀ। ਮੈਂ ਤੁਹਾਡਾ ਇਹ ਸੁਨੇਹਾ ਆਮ ਲੋਕਾਂ ਤਕ ਪਹੁੰਚਾਵਾਂਗਾ। ਇਹ ਮੇਰਾ ਅਹਿਦ ਹੈ।'

'ਬਿਲਕੁਲ ਠੀਕ! ਮੇਰਾ ਕੰਮ ਖ਼ਤਮ ਹੋ ਗਿਆ, ਹੁਣ ਮੈਂ ਜਾਂਦਾ ਹਾਂ, ਅਲਵਿਦਾ।' ਉਹ ਬੋਲਿਆ ਤੇ ਅਗਲੇ ਹੀ ਪਲ ਉਹ ਗਾਇਬ ਹੋ ਗਿਆ।

ਮਸ਼ੀਨਰੀ ਦੇ ਚੱਲਣ ਦੀ ਹਲਕੀ ਘੂੰ-ਘੂੰ ਦੀ ਆਵਾਜ਼ ਸੁਣਾਈ ਦਿੱਤੀ ਤੇ ਅੱਖ ਝਪਕਣ ਦੇ ਸਮੇਂ ਵਿਚ ਹੀ ਸਫੈਦ ਗੋਲਾਕਾਰ ਵਸਤੂ ਅੱਖੌਂ ਓਝਲ ਹੋ ਗਈ।

ਉਹ ਥਾਂ ਜਿਥੇ ਪਹਿਲਾਂ ਉਹ ਗੋਲਾਕਾਰ ਵਸਤੂ ਖੜੀ ਸੀ ਉਥੇ ਹੁਣ ਸਿਰਫ਼ ਨਾਮਾਤਰ ਟੋਆ ਜਿਹਾ ਹੀ ਮੌਜੂਦ ਸੀ।

ਪਰ ਮੈਂ ਖੁਸ਼ ਸਾਂ ਮੈਨੂੰ ਮਨੁੱਖ ਜਾਤੀ ਦੀ ਚਿਰ-ਸਲਾਮਤੀ ਦਾ ਰਹੱਸ ਸਮਝ ਆ ਗਿਆ ਸੀ ।

"ਮੈਂ ਇਸ ਨੂੰ ਆਮ ਲੋਕਾਂ ਨਾਲ ਪੁਰਜ਼ੋਰ ਸਾਝਾਂ ਕਰ ਉਚਿਤ ਸੁਧਾਰ ਲਿਆਉਣ ਲਈ ਤੱਤਪਰ ਵੀ ਹਾਂ ਤੇ ਯਤਨਸ਼ੀਲ ਵੀ। ਇਹੋ ਹੀ ਮੇਰਾ ਅਗਾਮੀ ਮਨੁੱਖੀ ਪੀੜ੍ਹੀਆਂ ਲਈ ਤੋਹਫ਼ਾ ਹੋਵੇਗਾ।” ਮੇਰੇ ਮਨ ਵਿਚ ਵਿਚਾਰਾਂ ਦਾ ਜਵਾਰਭਾਟਾ ਸੀ।

'ਮਨੁੱਖੀ ਸਮੱਸਿਅਵਾਂ ਦਾ ਹੱਲ ਸੁਝਾਣ ਲਈ ਤੇਰਾ ਬਹੁਤ ਬਹੁਤ ਧੰਨਵਾਦ, ਪਿਆਰੇ ਦੋਸਤ।......ਅਲਵਿਦਾ।' ਮੈਂ ਓਰੀਅਨ ਤਾਰਾ ਸਮੂਹ ਵੱਲ ਹੱਥ ਹਿਲਾਂਉਂਦੇ ਹੋਏ ਇਸ ਆਸ ਨਾਲ ਕਿਹਾ ਕਿ ਦੂਰ ਪੁਲਾੜ ਵਿਚ ਕਿਧਰੇ ਉਹ ਅਲੌਹ ਵਾਸੀ ਸ਼ਾਇਦ ਮੇਰੇ ਇਸ ਪ੍ਰੇਮ ਸੁਨੇਹੇ ਨੂੰ ਸੁਣ ਰਿਹਾ ਹੋਵੇ।
 
Last edited:

swarn bains

Poet
SPNer
what surprise especially since you have been on this site for years. probably you also had this dream just now. very good sir and thank you
 
Top