ਕਾਰਗਿਲ ਜੰਗ ਵਿੱਚ ਸਿੱਖ ਯੋਧਿਆਂ ਦੀ ਬੇਮਿਸਾਲ ਬਹਾਦੁਰੀ

Dalvinder Singh Grewal

Writer
Historian
SPNer
ਕਾਰਗਿਲ ਜੰਗ ਵਿੱਚ ਸਿੱਖ ਯੋਧਿਆਂ ਦੀ ਬੇਮਿਸਾਲ ਬਹਾਦੁਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ


26 ਜੁਲਾਈ ਭਾਰਤ ਲਈ ਬੜਾ ਮਹੱਤਵਪੂਰਨਦਿਨ ਹੈ ਜਦ ਭਾਰਤੀ 22 ਵਾਂ ਕਾਰਗਿਲ ਵਿਜੈ ਦਿਵਸ ਬੜੀ ਧੂਮਧਾਮ ਨਾਲ ਮਨਾ ਰਹੇ ਹਨ। ਇਸ ਦਿਨ ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਵਲੋਂ ਆਤੰਕਵਾਦੀਆਂ ਦੇ ਰੂਪ ਵਿਚ ਹੱਦ ਨਾਲ ਲਗਦੀਆਂ ਪਹਾੜੀਆਂ ਉਪਰ ਕੀਤੀ ਘੁਸਪੈਠ ਨੂੰ ਬੁਰੀ ਤਰ੍ਹਾਂ ਮਾਤ ਦੇ ਕੇ ਪਾਕਿਸਤਾਨੀ ਫੌਜਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਜਿਸ ਦੀ ਯਾਦ ਵਿੱਚ ਨੂੰ ਇਹ ਦਿਨ ਮਨਾਇਆ ਜਾਂਦਾ ਹੈ।

ਕਾਰਗਿਲ ਯੁੱਧ ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲੇ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਹੋਇਆ। ਪਾਕਿਸਤਾਨ ਦੀ ਸੈਨਾ ਨੇ ਸਰਦੀਆਂ ਵਿੱਚ ਘੁਸਪੈਠੀਆਂ ਦੇ ਨਾਮ ਤੇ ਆਪਣੇ ਫ਼ੌਜੀਆਂ ਨੂੰ ਇਸ ਖੇਤਰ ਉੱਤੇ ਕਬਜ਼ਾ ਕਰਨ ਲਈ ਭੇਜਿਆ ਸੀ। ਉਨ੍ਹਾਂ ਦਾ ਮੁੱਖ ਉਦੇਸ਼ ਲੱਦਾਖ ਅਤੇ ਕਸ਼ਮੀਰ ਦਰਮਿਆਨ ਸਬੰਧ ਕੱਟਣਾ ਅਤੇ ਭਾਰਤੀ ਸਰਹੱਦ 'ਤੇ ਤਣਾਅ ਪੈਦਾ ਕਰਨਾ ਸੀ। ਘੁਸਪੈਠੀਆਂ ਨੇ ਚੋਟੀਆਂ ਉਤੇ ਆਪਣੇ ਬੰਕਰ ਬਣਾ ਲਏ ਸਨ ਤੇ ਗੋਲਾ ਬਾਰੂਦ ਵੀ ਚੰਗਾ ਇਕੱਠਾ ਕਰ ਲਿਆ ਸੀ। ਉਨ੍ਹਾਂ ਦਾ ਬੰਕਰ ਉਚਾਈ ਤੇ ਸਨ ਜਦ ਕਿ ਸਾਡੀ ਸੈਨਾ ਉਤਰਾਈ ਉੱਤੇ ਸੀ ਅਤੇ ਇਸ ਲਈ ਭਾਰਤੀਆਂ ਨੂੰ ਉਨ੍ਹਾਂ ਉੱਤੇ ਹਮਲਾ ਕਰਨਾ ਔਖਾ ਸੀ। ਪਾਕਿਸਤਾਨੀ ਸੈਨਿਕਾਂ ਨੇ ਕੰਟਰੋਲ ਰੇਖਾ ਪਾਰ ਕੀਤੀ ਜੋ ਕਿ ਐਲਓਸੀ ਹੈ ਅਤੇ ਭਾਰਤ-ਨਿਯੰਤਰਿਤ ਖੇਤਰ ਵਿੱਚ ਦਾਖਲ ਹੋਏ।

ਕਾਰਗਿਲ ਭਾਰਤ ਦੀ ਵੰਡ ਤੋਂ ਪਹਿਲਾਂ1947 ਵਿਚ ਲੱਦਾਖ ਦੇ ਬਾਲਟੀਸਤਾਨ ਜ਼ਿਲ੍ਹੇ ਦਾ ਹਿੱਸਾ ਸੀ ਅਤੇ ਪਹਿਲੇ ਕਸ਼ਮੀਰ ਯੁੱਧ (1947-1948) ਦੇ ਬਾਅਦ ਐਲਓਸੀ ਦੁਆਰਾ ਪਾਕਿਸਤਾਨ ਤੋਂ ਵੱਖ ਹੋ ਗਿਆ ਸੀ।3 ਮਈ 1999 ਨੂੰ ਪਾਕਿਸਤਾਨ ਨੇ ਇਸ ਯੁੱਧ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਇਸ ਨੇ ਕਾਰਗਿਲ ਦੇ ਪਥਰੀਲੇ ਪਹਾੜੀ ਖੇਤਰ ਵਿਚ ਤਕਰੀਬਨ 5000 ਸੈਨਿਕਾਂ ਨਾਲ ਉਚਾਈਆਂ ਵਿਚ ਘੁਸਪੈਠ ਕਰਕੇ ਕਬਜ਼ਾ ਕਰ ਲਿਆ। ਭਾਰਤੀ ਸੈਨਾ ਨੇ ਸੂਚਨਾ ਪ੍ਰਾਪਤ ਹੁੰਦੇ ਹੀ ਘੁਸਪੈਠੀਆਂ ਨੂੰ ਹਟਾਉਣ ਲਈ ਆਪ੍ਰੇਸ਼ਨ ਵਿਜੈ ਸ਼ੁਰੂ ਕਰ ਦਿਤਾ

1998-1999 ਵਿਚ ਸਰਦੀਆਂ ਦੌਰਾਨ, ਪਾਕਿਸਤਾਨੀ ਸੈਨਾ ਨੇ ਗੁਪਤ ਤੌਰ 'ਤੇ ਸਿਆਚਿਨ ਗਲੇਸ਼ੀਅਰ ਦਾ ਦਾਅਵਾ ਕਰਨ ਦੇ ਟੀਚੇ ਨਾਲ ਖਿੱਤੇ' ਤੇ ਹਾਵੀ ਹੋਣ ਲਈ ਕਾਰਗਿਲ ਨੇੜੇ ਸਿਖਲਾਈ ਦੇਣ ਅਤੇ ਫੌਜਾਂ ਭੇਜਣੀਆਂ ਸ਼ੁਰੂ ਕੀਤੀਆਂ ਸਨ। ਅੱਗੋਂ, ਪਾਕਿਸਤਾਨੀ ਫੌਜ ਨੇ ਕਿਹਾ ਕਿ ਉਹ ਪਾਕਿਸਤਾਨੀ ਸੈਨਿਕ ਨਹੀਂ ਬਲਕਿ ਮੁਜਾਹਿਦੀਨ ਸਨ। ਦਰਅਸਲ, ਪਾਕਿਸਤਾਨ ਇਸ ਵਿਵਾਦ 'ਤੇ ਅੰਤਰਰਾਸ਼ਟਰੀ ਪੱਧਰ ਦਾ ਧਿਆਨ ਚਾਹੁੰਦਾ ਸੀ ਤਾਂ ਕਿ ਭਾਰਤੀ ਫੌਜ' ਤੇ ਦਬਾਅ ਬਣਾਇਆ ਜਾ ਸਕੇ ਕਿ ਉਹ ਆਪਣੀ ਫੌਜ ਨੂੰ ਸਿਆਚਿਨ ਗਲੇਸ਼ੀਅਰ ਖੇਤਰ ਤੋਂ ਵਾਪਸ ਲੈਣ ਅਤੇ ਭਾਰਤ ਨੂੰ ਕਸ਼ਮੀਰ ਵਿਵਾਦ ਲਈ ਗੱਲਬਾਤ ਲਈ ਮਜਬੂਰ ਕਰੇ। ਇਸ ਲਈ ਕਸ਼ਮੀਰ ਅਤੇ ਲੱਦਾਖ ਵਿਚਾਲੇ ਸਬੰਧ ਤੋੜਨਾ ਸੀ ।

ਕਾਰਗਿਲ ਦਾ ਇਹ ਖੇਤਰ ਕਸ਼ਮੀਰ ਦੇ ਉਤਰੀ ਭਾਗ ਵਿੱਚ ਸ੍ਰੀਨਗਰ ਤੋਂ ਲੇਹ ਜਾਂਦੇ ਮੁੱਖ ਮਾਰਗ ਨਾਲ ਲਗਦਾ ਹੈ ਤੇ ਸਾਰਾ ਹੀ ਪਹਾੜੀ ਖੇਤਰ ਹੈ। ਪਾਕਿਸਤਾਨੀਆਂ ਦਾ ਮੁੱਖ ਇਰਾਦਾ ਮੁਸ਼ਕੋਹ, ਦਰਾਸ, ਕਾਕਸਾਰ,ਕਾਰਗਿਲ, ਬਟਾਲਿਕ ਵਿੱਚੋਂ ਦੀ ਹੁੰਦਾ ਹੋਇਆ ਇਸ ਸ਼ਾਹ ਮਾਰਗ ਨੂੰ ਨਾਲ ਲਗਦੀਆਂ ਮੁੱਖ ਪਹਾੜੀਆਂ ਟਾਈਗਰ ਹਿੱਲ, ਤੋਲੋਲਿੰਗ ਆਦਿ ਨੂੰ ਕਬਜ਼ੇ ਵਿੱਚ ਲੈ ਕੇ ਇਸ ਮਾਰਗ ਉਪਰ ਨਜ਼ਰ ਰੱਖਣਾ ਤੇ ਆਉਂਦੀ ਜਾਂਦੀ ਕਾਨਵਾਈ ਤੇ ਗੋਲਾਬਾਰੀ ਕਰਕੇ ਇਸ ਮਾਰਗ ਨੂੰ ਨਕਾਰਾ ਕਰਨਾ ਤੇ ਕਸ਼ਮੀਰ ਵਾਦੀ ਨਾਲੋਂ ਲੇਹ ਨੂੰ ਤੋੜਣਾ ਸੀ। ਪਾਕਿਸਤਾਨ ਨੇ ਅਪਣੇ ਸੈਨਿਕਾਂ ਤੋਂ ਆਤੰਕ ਵਾਦੀਆਂ ਦੇ ਭੇਸ ਵਿੱਚ ਮਈ 1999 ਵਿੱਚ ਘੁਸ-ਪੈਠ ਕਰਵਾਈ ਤੇ ਫਿਰ ਇਨ੍ਹਾਂ ਪਹਾੜੀਆਂ ਤੇ ਬੰਕਰ ਬਣਾ ਲਏ। ਇਹ ਹਰਕਤ ਜਦ ਭਾਰਤੀ ਸੈਨਾ ਦੀ ਨਜ਼ਰ ਪਈ ਤਦ ਤਕ ਪਾਕਿਸਤਾਨੀਆਂ ਨੇ ਇਨ੍ਹਾਂ ਪਹਾੜੀਆਂ ਤੇ ਪੱਕੇ ਪੈਰ ਕਰ ਲਏ ਸਨ।ਭਾਰਤੀ ਸੈਨਾ ਨੇ ਯੋਜਨਾ ਅਨੁਸਾਰ ਇਨ੍ਹਾਂ ਪਹਾੜੀਆਂ ਤੇ ਪਾਕਿਸਤਾਨੀ ਸੈਨਿਕਾਂ ਨੂੰ ਬੁਰੀ ਮਾਰ ਮਾਰੀ । ਜ਼ਿਆਦਾ ਤਰ ਪਾਕਿਸਤਾਨੀ ਮਾਰੇ ਗਏ ਪਰ ਜੋ ਬਚੇ ਉਹ ਘੇਰ ਲਏ ਗਏ ਪਰ ਅਮਰੀਕਾ ਦੀ ਵਿਚੋਲਿਗੀ ਸਦਕਾ ਉਨ੍ਹਾਂ ਨੂੰ ਜਾਣ ਲਈ ਰਸਤਾ ਦੇ ਦਿਤਾ ਗਿਆ। ਪਾਕਿਸਤਾਨ ਦੀ ਇਹ ਨਾਪਾਕ ਹਰਕਤ ਇਸਤਰ੍ਹਾਂ ਪੂਰੀ ਤਰ੍ਹਾਂ ਨਾਕਾਮਯਾਬ ਕਰ ਦਿਤੀ ਗਈ।

ਇਸ ਯੁੱਧ ਵਿੱਚ ਉਤਰੀ ਕਮਾਂਡ ਦੀ 15 ਕੋਰ ਦੀਆਂ 121 ਇੰਡੀਪੈਂਡੈਂਟ ਬ੍ਰੀਗੇਡ, 8 ਮਾਉਂਟੇਨ ਡਿਵੀਯਨ ਦੀਆਂ 56 ਤੇ 79 ਮਾਉਂਟਨ ਬ੍ਰਗੇਡ ਤੇ 50 ਇੰਡੀਪੈਂਡੈਂਟ ਪਾਰਾ ਬ੍ਰੀਗੇਡ ਅਤੇ 3 ਇਨਫੈਨਟਰੀ ਡਿਵੀਯਨ ਦੀਆਂ 70 ਇਨਫੈਂਟਰੀ ਬ੍ਰੀਗੇਡ ਅਤੇ 102 ਇੰਡੀਪੈਂਡੈਟ ਇਨਫੈਂਟਰੀ ਬ੍ਰੀਗੇਡ ਸ਼ਾਮਿਲ ਸਨ ਤੋਪਖਾਨੇ ਦੀਆਂ ਵੀ ਦੋ ਬ੍ਰਗੇਡਾਂ ਸਨ ।

ਪੰਜਾਬ ਦੀਆਂ ਦੋ ਸਿੱਖ ਰਜਮੈਂਟਾਂ ਵਿਚ 8 ਅਤੇ 11 ਸਿੱਖ ਰਜਮੈਂਟ ਅਤੇ 14 ਸਿੱਖ ਐਲ ਆਈ ਰਜਮੈਂਟ ਅਤੇ ਦੋ ਪੰਜਾਬ ਰਜਮੈਂਟਾਂ 3 ਪੰਜਾਬ ਅਤੇ 13 ਪੰਜਾਬ ਨੇ ਵੀ ਅੱਗੇ ਹੋ ਕੇ ਦੁਸ਼ਮਣ ਨੂੰ ਬੁਰੀ ਤਰ੍ਹਾਂ ਲਤਾੜਿਆ।

ਉਸ ਵੇਲੇ ਜ਼ਮੀਨ ਤੇ ਤੈਨਾਤ ਦੋ ਬ੍ਰੀਗੇਡਾਂ ਸਨ। ਬ੍ਰੀਗੇਡੀਅਰ ਐਮ ਪੀ ਐਸ ਬਾਜਵਾ 192 ਬ੍ਰੀਗੇਡ ਦੀ ਕਮਾਨ ਕਰ ਰਹੇ ਸਨ।ਬ੍ਰੀਗੇਡੀਅਰ ਦੇਵਿੰਦਰ ਸਿੰਘ 70 ਇਨਫੈਨਟਰੀ ਬ੍ਰੀਗੇਡ ਦੀ ਕਮਾਨ ਕਰ ਰਹੇ ਸਨ। ਦੋਵੇਂ ਅਫਸਰ ਸਿੱਖ ਸਨ ।3 ਇਨਫੈਟਰੀ ਡਿਵੀਯਨ ਦੀ ਕਮਾਨ ਮੇਜਰ ਜਨਰਲ ਮੁਹਿੰਦਰ ਪੁਰੀ ਕਰ ਰਹੇ ਸਨ ਜੋ ਪੰਜਾਬੀ ਸਨ। ਚੀਫ ਆਫ ਆਰਮੀ ਸਟਾਫ ਜਰਨੈਲ ਵੀ ਪੰਜਾਬੀ ਸਨ।

ਬ੍ਰੀਗੇਡੀਅਰ ਬਾਜਵਾ ਨੂੰ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਦਾ ਸੀ । ਟਾਈਗਰ ਹਿੱਲ ਦੀ ਉਚਾਈ ਜਿਸ ਉਤੇ ਹਮਲੇ ਲਈ ਉਸ ਨੂੰ ਦੋ ਬਟਾਲੀਅਨਾਂ 8 ਸਿੱਖ ਤ 18 ਗ੍ਰੀਨੇਡੀਅਰ ਦਿਤੀਆਂ ਗਈਆਂ। ਬ੍ਰੀਗੇਡੀਅਰ ਬਾਜਵਾ ਦੇ ਕਹਿਣ ਅਨੁਸਾਰ ‘ਮੈਂ ਟਾਈਗਰ ਹਿੱਲ ਤੇ ਹਮਲੇ ਲਈ ਸਿੱਧੀ ਚੜ੍ਹਾਈ ਵਾਲਾ ਸਭ ਤੋਂ ਔਖਾ ਰਸਤਾ ਚੁਣਿਆ… 8 ਸਿੱਖ ਨੂੰ ਇਸ ਸੱਭ ਤੋਂ ਔਖੇ ਕੰਮ ਲਈ ਅੱਗੇ ਲਾਇਆ ਤੇ ਕਮਾਨ ਅਫਸਰ ਨੂੰ ਕਿਹਾ ਕਿ ਇਹ ਸਿੱਖਾਂ ਦੀ ਇਜ਼ਤ ਦਾ ਸਵਾਲ ਹੈ। ਪਹਿਲੀ ਟੁਕੜੀ ਲਈ ਅਸੀਂ 52 ਆਦਮੀ ਚੁਣੇ ਜਿਨ੍ਹਾਂ ਵਿਚ ਦੋ ਅਫਸਰ ਤੇ ਦੋ ਸੂਬੇਦਾਰ ਸ਼ਾਮਿਲ ਸਨ।ਇਨ੍ਹਾਂ 52 ਬੰਦਿਆਂ ਨੇ ਤਾਂ ਯੁੱਧ ਦਾ ਨਕਸ਼ਾ ਹੀ ਬਦਲ ਕੇ ਰੱਖ ਦਿਤਾ। ਤੋਪਖਾਨਾ ਖਾਸ ਕਰਕੇ ਬੋਫੋਰ ਨੇ ਸਾਡੇ ਇਸ ਔਖੇ ਸਮੇਂ ਵਿੱਚ ਬੜੀ ਮਦਦ ਕੀਤੀ ਕਿਉਂਕਿ ਸਾਡੇ ਜਵਾਨ ਦੁਸ਼ਮਣ ਦੀ ਰਾਈਫਲ, ਐਲ ਐਮ ਜੀ ਅਤੇ ਐਮ ਐਮ ਜੀ ਦੀ ਸਿੱਧੀ ਮਾਰ ਥੱਲੇ ਸਨ ।ਜੇ ਉਹ ਪੱਥਰ ਵੀ ਰੋੜ੍ਹ ਦਿੰਦੇ ਤਾਂ ਵੀ ਸਾਡੇ ਜਵਾਨਾਂ ਦਾ ਬੇਹਦ ਨੁਕਸਾਨ ਹੋਣਾ ਸੀ ਪਰ ਇਨ੍ਹਾਂ ਜਵਾਨਾਂ ਨੇ ਬੜੀ ਸ਼ੇਰ-ਦਿਲੀ ਵਿਖਾਈ ਤੇ ਵਰ੍ਹਦੇ ਗੋਲੇ ਗੋਲੀਆ ਵਿੱਚ ਲਗਾਤਾਰ ਵਧਦੇ ਉਸ ਸਿਖਰ ਤੇ ਪਹੁੰਚ ਗਏ”।

ਦੁਸ਼ਮਣ ਨੇ ਉਨ੍ਹਾਂ ਉਤੇ ਜਵਾਬੀ ਹਮਲਾ ਕੀਤਾ ਜਿਸ ਕਰਕੇ ਉਨ੍ਹਾਂ ਵਿੱਚੋਂ 14 ਜਵਾਨੀ ਸ਼ਹੀਦ ਤੇ ਕਈ ਜ਼ਖਮੀ ਹੋ ਗਏ।ਦੋਨੋਂ ਅਫਸਰ ਜ਼ਖਮੀ ਹੋ ਗਏ ਤੇ ਦੋਨੌ ਸੂਬੇਦਾਰ ਸ਼ਹੀਦ ਹੋ ਗਏ।ਬ੍ਰੀਗੇਡੀਅਰ ਬਾਜਵਾ ਨੇ ਦੱਸਿਆ ਕਿ ਜਦੋਂ ਪਾਕਿਸਤਾਨੀ ਜਵਾਬੀ ਹਮਲਾ ਹੋ ਰਿਹਾ ਸੀ ਤਾਂ 8 ਸਿੱਖ ਦੇ ਸੂਬੇਦਾਰ ਨੇ ਮੈਨੂੰ ਦੱਸਿਆ ਕਿ ਇਕ ਬਹੁਤ ਉੱਚਾ ਲੰਬਾ ਪਾਕਿਸਤਾਨੀ ਅਪਣੇ ਬੰਦਿਆਂ ਨੂੰ ਲਗਾਤਾਰ ਭੜਕਾਉਂਦਾ ਹੋਇਆ ਦੁਬਾਰਾ ਹਮਲੇ ਲਈ ਹਲਾ ਸ਼ੇਰੀ ਦੇ ਰਿਹਾ ਹੈ ਜਿਸ ਕਰਕੇ ਉਚਾਈ ਤੇ ਟਿਕਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਮੈਂ ਉਸ ਨੂੰ ਦੱਸਿਆ ਕਿ ਇਸ ਪਾਕਿਸਤਾਨੀ ਅਫਸਰ ਨੂੰ ਨਾਕਾਮ ਕਰਨਾ ਜ਼ਰੂਰੀ ਹੈ ਤਾਂ ਕਿ ਜਵਾਬੀ ਹਮਲੇ ਨਾ ਹੋ ਸਕਣ। ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਉਨ੍ਹਾਂ ਦੇ ਜਵਾਬੀ ਹਮਲੇ ਇਤਨੇ ਜ਼ੋਰਦਾਰ ਸਨ ਕਿ ਸਾਡੇ ਸਿੱਖ ਸੂਰਬੀਰ ਚੋਟੀ ਤੋਂ ਕਦੇ ਵੀ ਉਖੜ ਸਕਦੇ ਸਨ। ਪਰ ਸਾਡੇ ਯੋਧਿਆਂ ਨੇ ਇਕ ਜ਼ੋਰ ਦਾ ਜੈਕਾਰਾ ਲਾਇਆ ਤੇ ਦੁਸ਼ਮਣ ਤੇ ਟੁੱਟ ਪਏ।ਸਭ ਤੋਂ ਪਹਿਲਾਂ ਉਸ ਪਾਕਿਸਤਾਨੀ ਅਫਸਰ ਨੂੰ ਮਾਰਿਆ ਤੇ ਫਿਰ ਬਾਕੀਆਂ ਨੂੰ ਖਦੇੜਿਆ ਜੋ ਸਾਡੀ ਲਈ ਖਾਲੀ ਮੈਦਾਨ ਛੱਡ ਗਏ।ਉਸ ਪਾਕਿਸਤਾਨੀ ਅਫਸਰ ਦਾ ਨਾਮ ਕੈਪਟਨ ਕਰਨਲ ਸ਼ੇਰ ਖਾਂ ਸੀ। ਮੈਂ ਉਸ ਦੀ ਅਤੇ ਅਪਣੇ ਸਿੱਖ ਯੋਧਿਆਂ ਦੀ ਬਹਾਦੁਰੀ ਬਾਰੇ ਜੀ ਓ ਸੀ ਨੂੰ ਰਿਪੋਰਟ ਦਿਤੀ। ਹੋਰ ਹਮਲੇ ਹੁੰਦੇ ਦੇਖਕੇ ਮੈਂ ਉਨ੍ਹਾਂ ਦੀ ਮਦਦ ਲਈ 18 ਗ੍ਰੀਨੇਡੀਅਰ ਦੀ ਘਟਕ ਪਾਰਟੀ ਭੇਜੀ । ਉਨ੍ਹਾਂ ਲਈ ਹੁਣ ਉਪਰ ਪਹੁੰਚਣਾ ਮੁਸ਼ਕਲ ਨਹੀਂ ਸੀ ਕਿਉਂਕਿ ਸਿੱਖ ਪਲਟਨ ਨੇ ਉਪਰ ਬੇਸ ਬਣਾ ਲਿਆ ਸੀ।ਉਪਰ ਪਹੁੰਚ ਕੇ ਉਨ੍ਹਾਂ ਨੇ ਪਾਕੀਆਂ ਤੇ ਭਰਵਾਂ ਹੱਲਾ ਬੋਲਿਆ ਤੇ ਇਸ ਅਚਾਨਕ ਹੋਏ ਹੱਲੇ ਵਿੱਚ ਪਾਕਿਸਤਾਨੀ ਠਹਿਰ ਨਾ ਸਕੇ ਤੇ ਜ਼ਿਆਦਾ ਤਰ ਮਾਰ ਲਏ ਗਏ। ਇਸ ਤਰ੍ਹਾਂ ਅਸੀਂ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਪਾਕਿਸਤਾਨੀਆਂ ਤੋਂ ਖੋਹ ਲਿਆ ਤੇ ਜਿੱਤ ਸਾਡੇ ਹੱਥ ਲੱਗੀ।ਸਿੱਖ ਜਵਾਨਾਂ ਦੇ ਬੇਸ ਤੋਂ 18 ਗ੍ਰੀਨੇਡੀਅਰ ਨੇ ਆਪਣੀ ਜਿੱਤ ਦਾ ਝੰਡਾ ਬੁਲੰਦ ਕਰ ਦਿਤਾ ਤੇ ਹਰ ਟੀ ਵੀ ਫਿਲਮ ਵਿੱਚ ਉਨ੍ਹਾਂ ਦਾ ਹੀ ਨਾਂ ਗੂੰਜਣ ਲੱਗ ਪਿਆ ਤੇ ਇਸ ਨੂੰ ਸੱਭ ਭੁੱਲ ਗਏ ਕਿ ਸਿਖਰ ਤੇ ਬੇਸ ਬਣਾਉਣ ਵਾਲੇ ਸਿੱਖ ਜਵਾਨ ਸਨ ਜਿਨ੍ਹਾਂ ਨੇ ਅਪਣੀਆਂ ਜਾਨਾਂ ਵਾਰ ਕੇ ਇਸ ਜਿੱਤਦੀ ਨੀਂਹ ਰੱਖੀ ਸੀ।

ਅੱਜ 26 ਜੁਲਾਈ ਦੇ ਇਸ ਦਿਨ ਨੂੰ ਅਸੀਂ ਪਾਕਿਸਤਾਨੀ ਫੌਜੀਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਘੇਰੇ ਵਿੱਚ ਲੈ ਕੇ ਹਥਿਆਰ ਸੁੱਟਣ ਲਈ ਮਜਬੂਰ ਕਰਨ ਦੇ ਨਾਮ ਤੇ ਮਨਾ ਰਹੇ ਹਾਂ ਤੇ ਪਿਛਲੇ ਵਰ੍ਹੇ ਕਾਰਗਿਲ ਵਿਚ ਮੈਨੂੰਇਸ ਦਿਵਸ ਨੂੰ ਸੈਨਿਕ ਨਾਲ ਸਾਂਝਾ ਹੋ ਕੇ ਮਨਾਉਣ ਦੀ ਖੁਸ਼ੀ ਪ੍ਰਾਪਤ ਹੋਈ।
 
Top