• Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਮੁਰਗ਼ਾਬੀਆਂ (ਕਹਾਣੀ ਸੰਗ੍ਰਹਿ); ਲੇਖਿਕਾ: ਗੁਰਮੀਤ ਪਨਾਗ; ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
133
64
Nangal, India



ਮੁਰਗ਼ਾਬੀਆਂ

(ਕਹਾਣੀ ਸੰਗ੍ਰਹਿ)

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ


1624743388621.png
1624743402198.png


ਕਿਤਾਬ ਦਾ ਨਾਮ: ਮੁਰਗ਼ਾਬੀਆਂ (ਕਹਾਣੀ ਸੰਗ੍ਰਹਿ)

ਲੇਖਿਕਾ: ਗੁਰਮੀਤ ਪਨਾਗ

ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, ਪੰਜਾਬ, ਇੰਡੀਆ।

ਪ੍ਰਕਾਸ਼ ਸਾਲ : 2018, ਕੀਮਤ: 250 ਰੁਪਏ ; ਪੰਨੇ: 142

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ।


ਗੁਰਮੀਤ ਪਨਾਗ ਪੰਜਾਬੀ ਭਾਸ਼ਾ ਦੀ ਇਕ ਨਵ-ਹਸਤਾਖ਼ਰ ਹੈ। ਜਿਸ ਨੇ ਆਪਣੀ ਪਲੇਠੀ ਪੁਸਤਕ "ਮੁਰਗ਼ਾਬੀਆਂ (ਕਹਾਣੀ ਸੰਗ੍ਰਹਿ)" ਨਾਲ ਪੰਜਾਬੀ ਸਾਹਿਤ ਜਗਤ ਵਿਚ ਆਗਮਨ ਕੀਤਾ ਹੈ। ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਕੈਨੇਡਾ ਦੀ ਵਾਸੀ ਗੁਰਮੀਤ ਨੇ ਪੰਜਾਬ ਤੋਂ ਆਪਣੇ ਪਰਵਾਸ ਦੇ ਬਾਵਜੂਦ ਪੰਜਾਬੀ ਸਾਹਿਤ ਨਾਲ ਆਪਣੀ ਸਾਂਝ ਬਣਾਈ ਰੱਖੀ। ਬਚਪਨ ਤੋਂ ਹੀ ਸਾਹਿਤ ਪੜ੍ਹਣ ਤੇ ਪੜਚੋਲ ਕਰਨ ਦੇ ਲਗਾਉ ਨੇ ਉਸ ਨੂੰ ਵਿਲੱਖਣ ਪਾਰਖੂ ਦ੍ਰਿਸ਼ਟੀਕੋਣ ਦਾ ਧਾਰਣੀ ਬਣਾ ਦਿੱਤਾ। ਇਸੇ ਨਜ਼ਰੀਏ ਕਾਰਣ, ਕੈਨੇਡਾ ਦੇ ਬਹੁ-ਸਭਿਆਚਾਰਕ ਸਮਾਜ ਦੇ ਵਿਭਿੰਨ ਪੱਖਾਂ ਅਤੇ ਆਪਣੇ ਆਲੇ ਦੁਆਲੇ ਵਾਪਰ ਰਹੇ ਵਰਤਾਰਿਆਂ ਨੂੰ ਜਾਨਣਾ, ਸਮਝਣਾ ਤੇ ਘੋਖਣਾ ਉਸ ਦੇ ਜੀਵਨ ਦਾ ਅਹਿਮ ਅੰਗ ਬਣ ਗਏ। ਪੜ੍ਹਣਾ-ਲਿਖਣਾ ਉਸ ਲਈ ਮਹਿਜ਼ ਟਾਇਮ-ਪਾਸ ਹੀ ਨਹੀਂ ਰਿਹਾ ਸਗੋਂ ਉਸ ਲਈ ਮਾਨਸਿਕ ਸਕੂਨ, ਸਾਧਨਾ ਤੇ ਮਿਸ਼ਨ ਦਾ ਅਧਾਰ ਬਣ ਗਿਆ। ਪਿਛਲੇ ਦਹਾਕੇ ਦੌਰਾਨ ਉਸ ਨੇ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ, ਦੁਸ਼ਵਾਰੀਆਂ ਤੇ ਬੇਤਰਤੀਬੀਆਂ ਨੂੰ ਕਲਮਬੰਧ ਕਰਨਾ ਸ਼ੁਰੂ ਕੀਤਾ ਤਾਂ ਇਨ੍ਹਾਂ ਵਿਸ਼ਿਆਂ ਨੇ ਅਨੇਕ ਕਹਾਣੀਆਂ ਦਾ ਰੂਪ ਧਾਰ ਲਿਆ ਜੋ ਸਮੇਂ ਸਮੇਂ ਪੰਜਾਬੀ ਦੇ ਪ੍ਰਸਿੱਧ ਰਸਾਲਿਆ - ਸਿਰਜਣਾ, ਹੁਣ, ਤੇ ਲਕੀਰ ਆਦਿ ਦਾ ਸ਼ਿੰਗਾਰ ਬਣੀਆਂ।

ਆਪਣੀ ਸਿਰਜਣ ਪ੍ਰਕ੍ਰਿਆ ਦੀ ਗੱਲ ਕਰਦੀ ਗੁਰਮੀਤ ਦਾ ਕਹਿਣਾ ਹੈ ਕਿ "ਮੈਂ ਜੋ ਕੁਝ ਵੀ ਜਾਣਿਆ ਜਾਂ ਸਿੱਖਿਆ, ਮੇਰਾ ਦਿਲ ਕਰਦਾ ਹੈ ਮੈਂ ਇਹ ਸਭ ਕੁਝ ਆਪਣੇ ਲੋਕਾਂ ਨਾਲ ਵੀ ਸਾਂਝਾ ਕਰਾਂ ॥ ..........ਆਪਣੀਆਂ ਕਹਾਣੀਆਂ ਰਾਹੀਂ ਸਮੁੱਚੇ ਸੰਸਾਰ ਨੂੰ ਕਲਾਵੇ ਵਿਚ ਸਮੋਣ ਦੀ ਇੱਛੁਕ ਹਾਂ॥ .............ਵਿਸ਼ੇਸ ਕਰਕੇ ਹਾਸ਼ੀਅਗਤ ਸਮਾਜ ਨੂੰ ਪਾਠਕਾਂ ਦੇ ਫ਼ੋੋਕਸ ਵਿਚ ਲਿਆਉਣਾ ਚਾਹੁੰਦੀ ਹਾਂ।" ਆਪਣੀਆਂ ਲਿਖਤਾਂ ਰਾਹੀਂ ਉਹ ਆਪਣੇ ਇਸ ਆਸ਼ੇ ਵਿਚ ਕਾਫ਼ੀ ਹੱਦ ਤਕ ਸਫ਼ਲ ਵੀ ਰਹੀ ਹੈ। ਵਿਲੱਖਣ ਰਚਨਾ-ਸ਼ੈਲੀ ਨਾਲ ਸ਼ਿੰਗਾਰੀਆਂ ਅਤੇ ਗੁਰਮੀਤ ਦੀ ਪੈਨੀ ਦ੍ਰਿਸ਼ਟੀ ਨਾਲ ਮਨੁੱਖੀ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਚਰਚਾ ਕਰਦੀਆਂ ਉਸ ਦੀਆਂ ਕਹਾਣੀਆਂ ਹੁਣ ਮੁਰਗ਼ਾਬੀਆਂ (ਕਹਾਣੀ ਸੰਗ੍ਰਹਿ) ਦੇ ਰੂਪ ਵਿਚ ਪੰਜਾਬੀ ਪਾਠਕਾਂ ਦੇ ਰੂਬਰੂ ਹਨ।

ਗੁਰਮੀਤ ਪਨਾਗ ਨੇ "ਮੁਰਗ਼ਾਬੀਆਂ" ਪੁਸਤਕ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ 10 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਹ ਪੁਸਤਕ ਸਮਕਾਲੀ ਮਾਨਵੀ ਮਸਲਿਆਂ ਅਤੇ ਉਨ੍ਹਾਂ ਦੇ ਚੰਗੇ-ਮਾੜੇ ਪ੍ਰਭਾਵਾਂ ਦਾ ਬੜੇ ਸਰਲ ਤੇ ਸਪੱਸ਼ਟਤਾ ਭਰੇ ਢੰਗ ਨਾਲ ਬਿਰਤਾਂਤ ਕਰਦੀ ਹੈ। ਵਿਸ਼ਵ-ਵਿਆਪੀ ਸਮਾਜਿਕ ਤੇ ਸਭਿਆਚਾਰਕ ਮਸਲਿਆਂ ਦੀ ਗੰਭੀਰਤਾ ਨੂੰ ਸੌਖਿਆਂ ਸਮਝਣ ਵਾਸਤੇ ਗੁਰਮੀਤ ਪਨਾਗ ਵਲੋਂ ਰਚਿਤ ਪੁਸਤਕ "ਮੁਰਗ਼ਾਬੀਆਂ" ਇਕ ਸ਼ਲਾਘਾ ਯੋਗ ਉੱਦਮ ਹੈ। ਇਸ ਕਿਤਾਬ ਦੀ ਪਹਿਲੀ ਕਹਾਣੀ 'ਮੁਰਗਾਬੀਆਂ' (ਜਿਸ ਦੇ ਨਾਂ ਉੱਤੇ ਕਿਤਾਬ ਦਾ ਨਾਮ ਵੀ ਰੱਖਿਆ ਗਿਆ ਹੈ।) ਵਿਚ ਲੇਖਿਕਾ ਕੈਨੇਡਾ ਦੇ ਆਦਿ-ਵਾਸੀ (ਨੇਟਿਵ) ਲੋਕਾਂ ਦੀ ਦਰਦਨਾਕ ਦਾਸਤਾਂ ਦੀ ਗੱਲ ਕਰਦੀ ਹੋਈ, ਉਨ੍ਹਾਂ ਦੇ ਸਭਿਆਚਾਰ, ਰਸਮੋਂ-ਰਿਵਾਜ, ਮੌਜੂਦਾ ਹਾਲਾਤ ਤੇ ਵੱਖਰੀ ਪਹਿਚਾਣ ਦੀ ਸਥਾਈ ਕਾਇਮੀ ਲਈ ਉਨ੍ਹਾਂ ਦੀ ਲਗਾਤਾਰ ਜੱਦੋਜਹਿਦ ਦੀ ਬਾਤ ਪਾਉਂਦੀ ਹੈ। ਅਜੋਕੇ ਨਵ-ਬਸਤੀਵਾਦ ਦੇ ਪੁਰਜ਼ੋਰ ਦੌਰ ਅੰਦਰ ਉਸ ਦੀ ਇਹ ਰਚਨਾ ਵਿਸ਼ਵ ਭਰ ਦੇ ਦੇਸ਼ਾਂ ਵਿਚ ਵਸ ਰਹੇ ਹਾਸ਼ੀਅਗਤ ਲੋਕਾਂ ਦੀ ਹੌਂਦ ਤੇ ਹੋਣੀ ਦਾ ਪ੍ਰਤੀਕ ਬਣਦੀ ਨਜ਼ਰ ਆਉਂਦੀ ਹੈ। ਕਿਤਾਬ ਦੀ ਦੂਸਰੀ ਕਹਾਣੀ "ਮਾਈ ਲਾਈਫ਼ ਮਾਈ ਵੇਅ" ਵਿਚ ਲੇਖਿਕਾ ਜ਼ਿੰਦਗੀ ਦੇ ਉਸ ਪੜ੍ਹਾਅ, ਜਿਥੇ ਆਲ੍ਹਣਾ ਖ਼ਾਲੀ ਹੋ ਜਾਂਦਾ ਹੈ, ਵਿਖੇ ਔਰਤ ਦੀ ਹੋਣੀ ਦੀ ਗੱਲ ਕਰਦੀ ਹੋਈ, ਕਹਾਣੀ ਦੀ ਮੁੱਖ ਪਾਤਰ ਪਵਲੀਨ ਦੁਆਰਾ ਜ਼ਿੰਦਗੀ ਨੂੰ ਨਵੇਂ ਸਿਰਿਓ ਜੀਊਣ ਦੇ ਸਲੀਕੇ ਦੀ ਦਸ ਪਾਉਂਦੀ ਹੈ। ਲੇਖਿਕਾ, ਕਿਤਾਬ ਦੀ ਤੀਸਰੀ ਕਹਾਣੀ "ਕੋਈ ਦੇਸ਼ ਨਾ ਜਾਣੇ ਮੇਰਾ" ਵਿਚ, ਪਾਠਕ ਨੂੰ ਬਿਗਾਨੇ ਦੇਸ਼ ਵਿਚ ਪਰਵਾਸੀਆਂ ਨਾਲ ਵਾਪਰਦੀਆਂ ਦੁਸ਼ਵਾਰੀਆਂ, ਆਪਣਿਆਂ ਦੇ ਮੋਹ ਦੀ ਤਲਾਸ਼ ਵਿਚ ਹੋਰਨਾਂ ਦੁਆਰਾ ਉਨ੍ਹਾਂ ਦਾ ਸੋਸ਼ਣ ਅਤੇ ਅਧੂਰੇ ਸੁਪਨਿਆਂ ਦੇ ਦਰਦ ਦਾ ਬਿਆਨ ਬਹੁਤ ਹੀ ਮਾਰਮਿਕ ਢੰਗ ਨਾਲ ਪੇਸ਼ ਕਰਦੀ ਹੈ।

ਕਿਤਾਬ ਦੀ ਅਗਲੀ ਕਹਾਣੀ "ਵੀਜ਼ਾ ਨਾਨੀ ਦਾ" ਪੰਜਾਬੀ ਸਮਾਜ ਵਿਚ ਔਰਤ ਦੀ ਹੋਣੀ, ਆਪਣਿਆਂ ਹੱਥੋਂ ਕਮਜ਼ੋਰਾਂ ਦਾ ਸ਼ੋਸਣ, ਧੀਆਂ ਨਾਲ ਭੇਦ-ਭਾਵ, ਅਤੇ ਵਿਦੇਸ਼ੀ ਪਰਵਾਸ ਵਿਭਾਗ ਦੀਆਂ ਅਨਿਆਂ ਪੂਰਣ ਨੀਤੀਆਂ ਦਾ ਚਿੱਤਰਣ ਕਰਦੀ ਹੈ। "ਜਿਨ੍ਹਾਂ ਦੇ ਰੂਪ ਨੇ ਸੋਹਣੇ" ਕਹਾਣੀ ਪੰਜਾਬੀਆਂ ਦੇ ਵਿਦੇਸ਼ ਜਾ ਵਸਣ ਦੀ ਲਲਕ ਕਾਰਣ ਪੈਦਾ ਹੋ ਰਹੇ/ਤੇ ਹੋਣ ਵਾਲੇ ਬਿਖ਼ੜੇ ਹਾਲਾਤਾਂ ਨਾਲ ਰੂਬਰੂ ਕਰਵਾਉਂਦੀ ਹੈ। 'ਗੋਰੀ ਅੱਖ ਦਾ ਟੀਰ' ਕਹਾਣੀ ਕਾਨੂੰਨੀ ਵਰਦੀ ਪਿੱਛੇ ਛਿਪੇ ਇਕ ਗੋਰੇ ਨਸਲਵਾਦੀ ਦੁਆਰਾ ਕਾਲੇ ਨੋਜੁਆਨ ਨੇਥਨ ਨਾਲ ਕੀਤੇ ਜਾ ਰਹੇ ਅਜਿਹੇ ਵਿਤਕਰੇ ਦੀ ਦੱਸ ਪਾਉਂਦੀ ਹੈ ਜੋ ਨੇਥਨ ਦੇ ਪਰਿਵਾਰ ਲਈ ਦੁਸ਼ਵਾਰੀਆਂ ਤਾਂ ਪੈਦਾ ਕਰਦਾ ਹੀ ਹੈ, ਪਰ ਇਸ ਦੇ ਨਾਲ ਹੀ ਉਹ ਨੇਥਨ ਨੂੰ ਮਾਨਸਿਕ ਰੋਗੀ ਬਣਾ ਉਸ ਦਾ ਜੀਵਨ ਹਮੇਸ਼ਾਂ ਲਈ ਤਹਿਸ਼ ਨਹਿਸ਼ ਕਰ ਦਿੰਦਾ ਹੈ। ਇਹ ਕਹਾਣੀ ਵੀ ਵਿਸ਼ਵਵਿਆਪੀ ਸੰਦਰਭ ਵਿਚ ਵਿਸ਼ੇਸ਼ਤਾ ਰੱਖਦੀ ਹੈ। ਅਜਿਹਾ ਲਗਭਗ ਹਰ ਦੇਸ਼ ਵਿਚ ਹੀ ਨਸਲਵਾਦ ਦੇ ਹਾਮੀ ਕੁਝ ਕੁ ਕਾਨੂੰਨੀ ਰਾਖ਼ਿ਼ਆਂ ਵਲੋਂ, ਆਪਣੀ ਤਾਕਤ ਦੀ ਦੁਰਵਰਤੋਂ ਨਾਲ, ਹਾਸ਼ੀਆਗਤ ਲੋਕਾਂ ਲਈ ਦੁਸ਼ਵਾਰੀਆਂ ਪੈਦਾ ਕਰਨ ਦੇ ਰੂਪ ਵਿਚ ਅਕਸਰ ਦੇਖਿਆ ਜਾ ਸਕਦਾ ਹੈ।

ਕਿਤਾਬ ਦੀਆਂ ਆਖਰਲੀਆਂ ਚਾਰ ਕਹਾਣੀਆਂ ਹਨ; "ਨਾਈਟ ਲਾਈਫ਼", "ਕਾਸ਼ਨੀ ਸੁਪਨੇ", "ਇਕ ਹੁਸੀਨ ਖ਼ਾਬ" ਅਤੇ "ਮਿਸ ਇੱਜ਼ੀ"। "ਨਾਈਟ ਲਾਈਫ਼" ਕਹਾਣੀ, ਅਜੋਕੀ ਅਲੜ੍ਹ ਵਰੇਸ ਦਾ ਸਥਾਪਿਤ ਕਦਰਾਂ-ਕੀਮਤਾਂ ਵਿਰੁਧ ਬਾਗੀਆਨਾ ਰਵਈਆ, ਜੀਵਨ ਵਿਚ ਨਵੇਂ ਤਜਰਬੇ ਹਾਸਿਲ ਕਰਨ ਦੀ ਲਲਕ, ਕੁਸੰਗਤ ਮਿੱਤਰ-ਮੰਡਲੀ ਦਾ ਮਾਰੂ ਪ੍ਰਭਾਵ, ਡਰੱਗ-ਮਾਫ਼ੀਆ ਤੇ ਦੇਹ-ਵਿਉਪਾਰੀਆਂ ਦਾ ਭੋਲੇ-ਭਾਲੇ ਬੱਚੇ-ਬੱਚੀਆਂ ਨੂੰ ਆਪਣੇ ਸ਼ਿ਼ਕੰਜੇ ਵਿਚ ਜਕੜ ਲੈਣਾ ਆਦਿ ਕਿੰਨੇ ਹੀ ਮਸਲਿਆਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ। ਅਜਿਹੇ ਹੀ ਮਸਲਿਆ ਦਾ ਸ਼ਿ਼ਕਾਰ, ਕਹਾਣੀ ਦੀ ਨਾਇਕਾ ਅਮਿਤਾ ਕੋਲ ਸਮਾਂ ਵਿਹਾ ਜਾਣ ਉੱਤੇ ਸਿਰਫ਼ ਪਛਤਾਵੇ ਦੇ ਇਲਾਵਾ ਕੁਝ ਵੀ ਨਹੀਂ ਬਚਦਾ। ਇੰਝ ਲੇਖਿਕਾ ਨੋਜੁਆਨ ਪੀੜ੍ਹੀ ਨੂੰ ਆਪ-ਹੁਦਰੇਪਣ ਦੇ ਮਾੜੇ ਪ੍ਰਭਾਵਾਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਸੁਚੇਤ ਕਰਦੀ ਹੋਈ ਸਮਾਜ ਵਿਚ ਪ੍ਰਚਲਿਤ ਸਮਾਜਿਕ ਕੁਰੀਤੀਆਂ ਵਲ ਸਾਡਾ ਧਿਆਨ ਖਿੱਚਦੀ ਹੈ। "ਕਾਸ਼ਨੀ ਸੁਪਨੇ" ਕਹਾਣੀ ਜੀਵਨ ਸਾਥੀ ਦੀ ਬੇਵਕਤੀ ਜੁਦਾਈ (ਮੌਤ) ਪਿੱਛੋਂ ਪੈਦਾ ਹੋਏ ਖ਼ਿਲਾਅ ਦੀ ਪੂਰਤੀ ਲਈ ਨਵੇਂ ਤੇ ਸਾਰਥਕ ਸੁਪਨੇ ਸੰਜੋਣ ਦੀ ਦੱਸ ਪਾਉਂਦੀ ਹੈ। "ਇਕ ਹੁਸੀਨ ਖ਼ਾਬ" ਕਹਾਣੀ ਸਮਕਾਲੀ ਲਿਵ-ਇੰਨ ਰਿਲੇਸ਼ਨ ਤੇ ਬ੍ਰੇਕ-ਅੱਪ ਦੀਆਂ ਦੁਸ਼ਵਾਰੀਆ, ਨੌਕਰੀ ਪੇਸ਼ਾ ਅੋਰਤਾਂ ਦਾ ਸਮੇਂ ਸਿਰ ਜੀਵਨ ਸਾਥੀ ਦੀ ਚੌਣ/ਵਿਆਹ ਦੇ ਸਮੇਂ ਤੋਂ ਅਕਸਰ ਪਛੜ ਜਾਣ ਕਾਰਣ ਪੈਦਾ ਹੋਏ ਹਾਲਾਤਾਂ ਦਾ ਵਰਨਣ ਕਰਦੀ ਹੋਈ ਤਦ ਇਕ ਆਸ਼ਾਵਾਦੀ ਮੰਜ਼ਿਰ ਉੱਤੇ ਪੁੱਜਦੀ ਹੈ ਜਦ ਕਹਾਣੀ ਦੀ ਨਾਇਕਾ ਅਮੀਲੀਆਂ ਦੀ ਬ੍ਰਫ਼ਾਨੀ ਤੂਫ਼ਾਨ ਵਿਚ ਦੁਰਘਟਨਾ ਗ੍ਰਸਤ ਹੋਈ ਕਾਰ ਨੂੰ ਜਸਟਿਨ ਇਕ ਫ਼ਰਿਸਤੇ ਵਾਂਗ ਬਚਾਉਣ ਆ ਪੁੱਜਦਾ ਹੈ। ਕਿਤਾਬ ਦੀ ਆਖ਼ਰੀ ਕਹਾਣੀ ਹੈ "ਮਿੱਸ ਇਜ਼ੀ"। ਇਹ ਕਹਾਣੀ ਦੂਜੀ ਵਿਸ਼ਵ ਜੰਗ ਵਿਚ, ਵਿਦੇਸ਼ੀ ਧਰਤੀਆਂ ਉੱਤੇ ਨਵੇਂ ਪੂਰਨੇ ਪਾਣ ਗਏ ਕੈਨੇਡੀਅਨ ਫੌਜੀਆਂ ਦੀ ਬਾਤ ਪਾਉਂਦੀ ਹੈ। ਇਸ ਕਹਾਣੀ ਦੀ ਨਾਇਕਾ ਮਿੱਸ ਇੱਜ਼ੀ ਦੀ ਡਾਇਰੀ ਦੇ ਪੰਨੇ ਕੈਨੇਡੀਅਨ ਫੌਜੀਆਂ ਦੇ ਪਰਿਵਾਰਾਂ ਦੇ ਦੁਖਾਂਤ ਦਾ ਮਾਰਮਿਕ ਬਿਆਨ ਕਰਦੇ ਨਜ਼ਰ ਆਉਂਦੇ ਹਨ।

ਇਹ ਸਮੁੱਚਾ ਕਹਾਣੀ ਸੰਗ੍ਰਹਿ ਸਮਕਾਲੀ ਸਮਾਜਿਕ ਤੇ ਸਭਿਆਚਾਰਕ ਸਰੋਕਾਰਾਂ ਦੀ ਪੇਸ਼ਕਾਰੀ ਸਿੱਧੇ ਰੂਪ ਵਿੱਚ ਕਰਦਾ ਹੋਇਆ ਮਨੁੱਖਤਾ ਦੇ ਹੱਕ ਵਿੱਚ ਸੁਰ ਅਲਾਪਦਾ ਹੈ। ਲੇਖਿਕਾ ਸਮਾਜ ਵਿੱਚ ਦੁਖਾਂਤਕ ਦਸ਼ਾ 'ਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਪ੍ਰਤੀ ਚਿੰਤਿਤ ਹੈ। ਉਹ ਸਮਾਜ ਦੀ ਅਜਿਹੀ ਸਥਿਤੀ ਲਈ ਜ਼ੁੰਮੇਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਨਜ਼ਰ ਆਉਂਦੀ ਹੈ। ਉਹ ਸੋਹਣੇ ਸਮਾਜ ਨੂੰ ਪੈਦਾ ਕਰਨ ਦੀ ਇੱਛਾ ਪਾਲਦੀ ਹੋਈ ਚੇਤੰਨਮਈ ਰਾਹਾਂ ਦਾ ਖੁਰਾ ਨੱਪਦੀ ਹੈ। ਸਮਾਜਿਕ ਤੇ ਸਭਿਆਚਾਰਕ ਕੁਰੀਤੀਆ ਨੂੰ ਖ਼ਤਮ ਕਰਕੇ ਸਮਾਨਤਾ, ਖੁਸ਼ਹਾਲੀ ਤੇ ਪ੍ਰਸਪਰ ਸੁਮੇਲਤਾ ਵਾਲਾ ਸਮਾਜ ਸਿਰਜਣ ਦੇ ਰਾਹਾਂ ਦੀ ਤਲਾਸ਼ ਕਰਦੀ ਗੁਰਮੀਤ ਹਰ ਅਮਾਨਵੀ ਅੰਸ਼ ਦਾ ਵਰਨਣ ਆਪਣੀਆਂ ਕਹਾਣੀਆਂ 'ਚ ਪੂਰੀ ਬੇਬਾਕੀ ਨਾਲ ਕਰ ਜਾਂਦੀ ਹੈ। ਲੇਖਿਕਾ ਵਲੋਂ ਆਪਣੀਆਂ ਕਹਾਣੀਆਂ ਦੀ ਪੇਸ਼ਕਾਰੀ ਲਈ ਕਈ ਢੰਗਾਂ ਜਿਵੇਂ ਫ਼ਲੈਸ਼-ਬੈਕ, ਡਾਇਰੀ, ਖੱਤ, ਵਾਰਤਾਲਾਪੀ ਸੰਵਾਦ, ਗਲਪੀ ਕਥਾ ਬਿਰਤਾਂਤ, ਸੰਕੇਤਕ ਵਿਸਥਾਰ-ਵਿਸ਼ਲੇਸ਼ਣ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ।

ਗੁਰਮੀਤ ਦੀ ਰਚਨਾ ਸ਼ੈਲੀ ਵਿਚ ਕੁਦਰਤੀ ਨਜ਼ਾਰਿਆਂ ਨੂੰ ਕਲਮਬੰਧ ਕਰਨ ਦਾ ਅੰਦਾਜ਼ ਵੀ ਯਕੀਨਨ ਮਨਮੋਹਕ ਹੈ ਜੋ ਪਾਠਕ ਸਾਹਮਣੇ ਅਜਿਹੇ ਨਜ਼ਾਰਿਆਂ ਦੀ ਸਾਕਾਰਤਾ ਦਾ ਰੂਪ ਧਾਰਦਾ ਨਜ਼ਰ ਆਉਂਦਾ ਹੈ। ਨਮੂਨੇ ਵਜੋਂ ਬਿਰਤਾਂਤ ਇੰਝ ਹੈ: "......ਡੈੱਫ਼ੋਡਿਲ, ਡੇਜ਼ੀ ਤੇ ਜਰਮੇਨੀਅਮ ਦੇ ਫੁੱਲ ਰੰਗਲੀ ਭਾਹ ਮਾਰਦੇ ਤੇ ਉੱਤੇ ਤਿਤਲੀਆਂ, ਮਧੂਮੱਖੀਆਂ ਮੰਡਰਾਅ ਰਹੀਆਂ ਸਨ, ਗਾ ਰਹੀਆਂ ਸਨ । ਚਾਰਚੁਫੇਰਾ ਖੂਬਸੂਰਤ ਅਤੇ ਸ਼ਾਂਤਮਈ, ਨੀਲਾ ਆਕਾਸ਼ ਅਤੇ ਠੰਡੀ ਮਿੱਠੀ ਹਵਾ ਦੇ ਬੁੱਲੇ। ਮੋਟੇ ਮੋਟੇ ਤਣਿਆਂ ਵਾਲੇ ਬਹੁਤ ਹੀ ਉੱਚੇ ਚੀਲ੍ਹ ਦੇ ਦਰੱਖਤਾਂ 'ਚ ਚਹਿਚਹਾਉਂਦੇ ਪੰਛੀ, ਝਾਤੀਆਂ ਮਾਰਦਾ ਸੂਰਜ ਅਤੇ ਨਿੱਖਰੀ ਨਿੱਘੀ ਸਵੇਰ।"

ਗੁਰਮੀਤ ਪਨਾਗ ਅਜਿਹੀ ਸ਼ਖ਼ਸੀਅਤ ਹੈ ਜਿਸ ਨੇ ਆਪਣਾ ਜੀਵਨ ਸਮਾਜ-ਸੇਵਾ ਅਤੇ ਸਾਹਿਤਕ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ। ਉਹ ਸਮਾਜਿਕ ਅਤੇ ਸਭਿਆਚਾਰਕ ਮਸਲਿਆਂ ਦੀ ਸੰਚਾਰਕ/ਕਹਾਣੀਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦੀ ਇਹ ਕਿਤਾਬ ਮਨੁੱਖੀ ਜੀਵਨ ਦੀਆਂ ਜਟਿਲ ਸਮੱਸਿਆਵਾਂ ਤੇ ਸੰਭਾਵੀ ਹਲਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਿਕਾ ਨੇ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੀ ਹੈ। ਚਹੁ-ਰੰਗੇ ਸਰਵਰਕ ਨਾਲ ਡੀਲਕਸ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਕਹਾਣੀ ਵਿਧਾ ਦੀ ਵਰਤੋਂ ਨਾਲ, ਸਮਕਾਲੀ ਮਾਨਵੀ ਹਾਲਾਤਾਂ ਬਾਰੇ ਗਲੋਬਲ ਪੱਧਰ ਦੇ ਪੁਖ਼ਤਾ ਸਾਹਿਤ ਦੀ ਉਪਲਬਧੀ ਲਈ ਨਵੀਂ ਦਿਸ਼ਾ ਨਿਰਧਾਰਣ ਕਰਦਾ ਨਜ਼ਰ ਆਉਂਦਾ ਹੈ। "ਮੁਰਗ਼ਾਬੀਆਂ" ਇਕ ਅਜਿਹੀ ਕਿਤਾਬ ਹੈ ਜੋ ਹਰ ਵਿੱਦਿਅਕ ਅਦਾਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਸਮਾਜਿਕ ਸਮੱਸਿਆਵਾਂ ਤੇ ਸਭਿਆਚਾਰਕ ਹਾਲਾਤਾਂ ਦਾ ਸਹੀ ਰੂਪ ਸਮਝ, ਉਨ੍ਹਾਂ ਦੇ ਸਹੀ ਹਲ ਦੇ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਖੁਸ਼ਹਾਲ ਮਨੁੱਖੀ ਜੀਵਨ ਦੀ ਸਥਾਪਤੀ ਵਿਚ ਆਪਣਾ ਯੋਗਦਾਨ ਪਾ ਸਕਣ।

-------------------------------------------------------------------------------------------------------------------------------------
 
Last edited:
Top