• Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature "ਗੱਲਾਂ ਚੌਗਿਰਦੇ ਦੀਆਂ" (ਲੇਖ ਸੰਗ੍ਰਹਿ) ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
126
64
Nangal, India


ਗੱਲਾਂ ਚੌਗਿਰਦੇ ਦੀਆਂ (ਲੇਖ ਸੰਗ੍ਰਹਿ)

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

1624412094482.png

ਪੁਸਤਕ ਦਾ ਨਾਮ: ਗੱਲਾਂ ਚੌਗਿਰਦੇ ਦੀਆਂ (ਲੇਖ ਸੰਗ੍ਰਹਿ)

ਲੇਖਕ: ਫੈਸਲ ਖ਼ਾਨ

ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨ, ਰਾਜਪੁਰਾ, ਪੰਜਾਬ, ਇੰਡੀਆ।

ਪ੍ਰਕਾਸਨ਼ ਸਾਲ : 2020, ਕੀਮਤ: 120 ਰੁਪਏ ; ਪੰਨੇ: 64

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ਼ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ।

"ਗੱਲਾਂ ਚੌਗਿਰਦੇ ਦੀਆਂ" (ਲੇਖ ਸੰਗ੍ਰਹਿ) ਦਾ ਲੇਖਕ ਫੈਸਲ ਖ਼ਾਨ ਪੰਜਾਬੀ ਭਾਸ਼ਾ ਦਾ ਇਕ ਨਵ-ਹਸਤਾਖਰ ਹੈ। ਪੰਜਾਬ ਦੇ ਖੂਬਸੂਰਤ ਅਤੇ ਅੰਤਰਰਾਸ਼ਟਰੀ ਜਲਗਾਹ ਵਾਲੇ ਸ਼ਹਿਰ ਨੰਗਲ ਵਿਖੇ ਜਨਮੇ ਬਾਲਕ ਫੈਸਲ ਖ਼ਾਨ ਨੂੰ ਬਚਪਨ ਦੌਰਾਨ ਹੀ ਲੱਗੀ ਸਾਹਿਤਕ ਚੇਟਕ ਨੇ ਵਿਗਿਆਨਕ ਸੋਚ ਦਾ ਧਾਰਣੀ ਬਣਾ ਦਿੱਤਾ। ਸਮੇਂ ਨਾਲ ਇਸੇ ਵਿਗਿਆਨਕ ਸੋਚ ਨੇ ਉਸ ਨੂੰ ਚੋਗਿਰਦੇ ਪ੍ਰਤੀ ਚੇਤੰਨਤਾ ਦੀ ਸੂਝ ਬਖ਼ਸ਼ੀ ਅਤੇ ਉਹ ਵਾਤਾਵਰਣੀ ਪ੍ਰੇਮੀ ਬਣ ਗਿਆ। ਕੁਦਰਤ ਤੇ ਉਸ ਦੀ ਸਾਂਭ ਸੰਭਾਲ ਉਸ ਦੀ ਜੀਵਨ ਜਾਚ ਦਾ ਅਹਿਮ ਅੰਗ ਬਣ ਗਈ। ਵਾਤਾਵਰਣ ਦੇ ਵਿਭਿੰਨ ਪਹਿਲੂਆਂ ਦੀ ਜਾਣਕਾਰੀ ਤੇ ਪੜਚੋਲ, ਮਨੁੱਖ ਤੇ ਕੁਦਰਤ ਦੀ ਪ੍ਰਸਪਰ ਸੁਮੇਲਤਾ ਦਾ ਸੁਨੇਹਾ, ਅਖ਼ਬਾਰਾਂ, ਮੈਗਜ਼ੀਨਾਂ ਤੇ ਲੈਕਚਰਾਂ ਰਾਹੀਂ ਜਨ-ਸਾਧਾਰਣ ਨਾਲ ਸਾਂਝਾ ਕਰਨਾ ਉਸ ਦਾ ਜੀਵਨ ਚਲਣ ਬਣ ਗਿਆ। ਪਿਛਲੇ ਸਾਲਾਂ ਦੌਰਾਨ ਉਸ ਨੇ ਚੋਗਿਰਦੇ ਦੇ ਵਿਭਿੰਨ ਪੱਖਾਂ ਬਾਰੇ ਅਨੇਕ ਲੇਖ ਰਚੇ ਜੋ "ਗੱਲਾਂ ਚੌਗਿਰਦੇ ਦੀਆਂ" ਕਿਤਾਬ ਦਾ ਸ਼ਿੰਗਾਰ ਬਣੇ ਹਨ। ਫੈਸਲ ਖ਼ਾਨ ਇਕ ਅਜਿਹਾ ਸ਼ਖਸ਼ ਹੈ ਜਿਸ ਨੇ ਆਪਣਾ ਜੀਵਨ ਸਾਹਿਤ ਅਤੇ ਵਾਤਾਵਰਣੀ ਸਾਂਭ ਸੰਭਾਲ ਦੇ ਅਮਲੀ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।

"ਗੱਲਾਂ ਚੌਗਿਰਦੇ ਦੀਆਂ" ਫੈਸਲ ਖ਼ਾਨ ਦੀ ਪਲੇਠੀ ਪੁਸਤਕ ਹੈ। ਜਿਸ ਵਿਚ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਸੰਬੰਧਤ 15 ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਪੁਸਤਕ ਸਮਕਾਲੀ ਵਾਤਾਵਰਣੀ ਮਸਲਿਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਬੜੇ ਸਰਲ ਤੇ ਸਪੱਸ਼ਟਤਾ ਭਰੇ ਢੰਗ ਨਾਲ ਬਿਰਤਾਂਤ ਕਰਦੀ ਹੈ। ਇਸ ਪੁਸਤਕ ਦਾ ਮੁੱਖ-ਬੰਧ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ. ਬਲਬੀਰ ਸਿੰਘ ਸੈਣੀ ਦੁਆਰਾ ਰਚਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੈਸਲ ਖ਼ਾਨ ਚੇਤਨਸ਼ੀਲ ਵੀ ਹੈ ਤੇ ਚਿੰਤਨਸ਼ੀਲ ਵੀ। ਉਸ ਦੇ ਲੇਖ ਗਿਆਨ ਵਿਗਿਆਨ ਵਿਚ ਪਸਰ ਰਹੀਆਂ ਵਿਸੰਗਤੀਆਂ ਦੀਆਂ ਬਾਤਾਂ ਵੀ ਪਾਉਂਦੇ ਹਨ ਤੇ ਉਨ੍ਹਾਂ ਦੇ ਚੰਗੇ ਤੇ ਮਾੜੇ ਪ੍ਰਭਾਵਾਂ ਬਾਰੇ ਵੀ ਸਾਡੀ ਚੇਤਨਾ ਨੂੰ ਉਘਾੜਦੇ ਹਨ।" ਇੱਕ ਚੇਤੰਨ ਤੇ ਸਾਰਥਕ ਕਲਮ ਦੀ ਕੁੱਖੋਂ ਜਨਮੇ ਵਾਤਾਵਰਣ ਸੰਬੰਧਤ ਇਨ੍ਹਾਂ ਲੇਖਾਂ ਨੂੰ ਪੜ੍ਹਣ ਨਾਲ ਤੋਂ ਬਾਅਦ, ਆਮ ਪਾਠਕ ਦੇ ਹੋਰ ਵੀ ਦ੍ਰਿੜਤਾ ਨਾਲ ਮਾਂ-ਕੁਦਰਤ ਦੀ ਸੇਵਾ ਵਿਚ ਜੁੱਟ ਜਾਣ ਦਾ ਵਿਸ਼ਵਾਸ ਹੈ। "ਦੋ ਸ਼ਬਦ" ਲੇਖ ਵਿਚ ਫੈਸਲ ਖ਼ਾਨ ਬਿਆਨ ਕਰਦਾ ਹੈ ਕਿ ਉਸ ਦਾ ਇਹ ਕਿਤਾਬ ਰਚਣ ਦਾ ਮੁੱਖ ਮੰਤਵ ਲੋਕਾਂ ਵਿਚ ਚੌਗਿਰਦੇ ਪ੍ਰਤੀ ਜਾਗ੍ਰਿਤੀ ਪੈਦਾ ਕਰਨਾ ਹੈ। ਉਸ ਨੇ ਇਸ ਕਿਤਾਬ ਵਿਚ ਅਜਿਹੇ ਵਾਤਾਵਰਣੀ ਪੱਖਾਂ ਬਾਰੇ ਜਾਣਕਾਰੀ ਜਨ-ਸਾਧਾਰਣ ਤਕ ਪਹੁੰਚਾਣ ਦਾ ਉੁਪਰਾਲਾ ਹੈ ਜਿਨ੍ਹਾਂ ਬਾਰੇ ਉਚਿਤ ਜਾਣਕਾਰੀ ਜਾਂ ਤਾਂ ਆਮ ਪਾਠਕਾਂ ਕੋਲ ਉਪਲਬਧ ਨਹੀਂ ਹੈ ਤੇ ਜਾਂ ਫਿਰ ਤਕਨੀਕੀ ਸ਼ਬਦਾਵਲੀ ਕਾਰਣ ਪਾਠਕ ਉਸ ਨੂੰ ਸਮਝਣ ਵਿਚ ਦਿੱਕਤ ਮਹਿਸੂਸ ਕਰਦੇ ਹਨ। ਸਰਲ ਤੇ ਸਪਸ਼ਟ ਭਾਸ਼ਾ ਵਿਚ ਅਜਿਹੀ ਜਾਣਕਾਰੀ ਆਮ ਉਪਲਬਧ ਕਰਾ ਕੇ ਵਿਆਪਕ ਤੌਰ ਉੱਤੇ ਜਨ ਚੇਤਨਾ ਪੈਦਾ ਕਰਨਾ ਹੀ ਇਸ ਕਿਤਾਬ ਦਾ ਵਿਸ਼ੇਸ਼ ਮੰਤਵ ਹੈ।

ਵਾਤਾਵਰਣੀ ਮਸਲਿਆਂ ਦੀ ਸਮਕਾਲੀ ਤੇ ਭਵਿੱਖਮਈ ਗੰਭੀਰਤਾ ਨੂੰ ਸੂਖੈਨਤਾ ਨਾਲ ਸਮਝਣ ਵਾਸਤੇ ਫੈਸਲ ਖ਼ਾਨ ਵਲੋਂ ਰਚਿਤ ਪੁਸਤਕ " ਗੱਲਾਂ ਚੌਗਿਰਦੇ ਦੀਆਂ" ਇਕ ਸ਼ਲਾਘਾ ਯੋਗ ਕਦਮ ਹੈ। ਇਸ ਕਿਤਾਬ ਦੇ ਪਹਿਲੇ ਲੇਖ "ਜਲਵਾਯੂ ਪਰਿਵਰਤਨ - ਵਾਤਾਵਰਨ ਵਿਚ ਆ ਰਿਹਾ ਬਦਲਾਅ ਚਿੰਤਾ ਦਾ ਵਿਸ਼ਾ" ਵਿਚ ਲੇਖਕ ਜਲਵਾਯੁ ਪਰਿਵਰਤਨ ਦੇ ਕਾਰਣਾਂ, ਪ੍ਰਭਾਵਾਂ ਤੇ ਰੋਕਥਾਮ ਕਾਰਜਾਂ ਦੀ ਦੱਸ ਪਾਉਂਦਾ ਹੈ। ਭਵਿੱਖ ਦੇ ਚਿੰਤਾਮਈ ਹਾਲਾਤਾਂ ਦਾ ਵਰਨਣ ਕਰਦਾ ਹੋਇਆ ਉਹ ਪਾਠਕਾਂ ਨੂੰ ਗਰੀਨ ਹਾਊਸ ਗੈਸਾਂ ਦੀ ਪੈਦਾਇਸ਼ ਨੂੰ ਠੱਲ ਪਾਉਣ ਤੇ ਵਧੇਰੇ ਰੁੱਖ ਲਗਾਉਣ ਦਾ ਸੁਨੇਹਾ ਦਿੰਦਾ ਹੈ। ਕਿਤਾਬ ਦੇ ਦੂਸਰਾ ਲੇਖ "ਜੀਵਨ ਦੀ ਹੌਂਦ ਲਈ ਰੁੱਖ ਜ਼ਰੂਰੀ" ਵਿਚ ਲੇਖਕ, ਪਾਠਕ ਨੂੰ ਰੁੱਖਾਂ ਤੇ ਮਨੁੱਖਾਂ ਦੇ ਅਨਿਖੜਵੇਂ ਰਿਸ਼ਤੇ ਦੀ ਬਾਤ ਪਾਂਦਾ ਹੋਇਆ, ਰੁੱਖਾਂ ਦੁਆਰਾ ਮਨੁੱਖਾਂ ਨੂੰ ਦਿੱਤੀਆਂ ਜਾਂਦੀਆਂ ਅਣਗਿਣਤ ਨੇਹਮਤਾਂ ਦੀ ਦੱਸ ਪਾਉਂਦਾ ਹੈ। ਵਿਕਾਸ ਦੇ ਨਾਮ ਹੇਠ ਅਜੋਕੇ ਸਮੇਂ ਦੌਰਾਨ ਜੰਗਲਾਂ ਦੀ ਬੇਦਰਦ ਕਟਾਈ ਲਈ ਆਹ ਦਾ ਨਾਹਰਾ ਮਾਰਦੇ ਹੋਏ ਲੇਖਕ ਵਣ-ਮਹਾਂ ਉਤਸਵ ਨੂੰ ਸਹੀ ਰੂਪ ਵਿਚ ਮਨਾਉਣ ਦਾ ਸੁਝਾਅ ਪੇਸ਼ ਕਰਦਾ ਹੈ। ਲੇਖਕ, ਕਿਤਾਬ ਦੇ ਤੀਸਰੇ ਲੇਖ "ਜੈਵ ਵਿਭਿੰਨਤਾ - ਜੀਵਨ ਦਾ ਜਾਲ" ਵਿਚ, ਪਾਠਕ ਨੂੰ ਜੈਵ ਵਿਭਿੰਨਤਾ ਅਤੇ ਉਸ ਦੀਆਂ ਕਿਸਮਾਂ ਜਾਤੀ ਵਿਭਿੰਨਤਾ, ਜਣਨਿਕ ਵਿਭਿੰਨਤਾ ਤੇ ਪਰਸਥਿਤਿਕ ਵਿਭਿੰਨਤਾ ਬਾਰੇ ਜਾਣੂੰ ਕਰਵਾਉਂਦਾ ਹੈ। ਜੈਵ ਵਿਭਿੰਨਤਾ ਦੀ ਜੀਵਨ ਦੇ ਤਾਣੇ-ਬਾਣੇ ਵਿਚ ਅਹਿਮੀਅਤ ਦੀ ਦਸ ਪਾਉਂਦਾ ਹੋਇਆ ਉਹ ਇਸ ਉੱਤੇ ਮੰਡਰਾ ਰਹੇ ਖ਼ਤਰੇ ਬਾਰੇ ਸੁਚੇਤ ਕਰਦਾ ਹੈ।

ਕਿਤਾਬ ਦਾ ਅਗਲਾ ਲੇਖ "ਆਕਾਸ਼ ਵਿਚ ਵੱਧਦਾ ਕਚਰਾ ਚਿੰਤਾ ਦਾ ਵਿਸ਼ਾ" ਜਿਥੇ ਧਰਤੀ ਤੇ ਜਲ ਸਰੋਤਾਂ ਵਿਚ ਵੱਧ ਰਹੇ ਕਚਰੇ ਦੀ ਗੱਲ ਕਰਦਾ ਹੈ ਉੱਥੇ ਇਹ ਆਕਾਸ਼ (ਪੁਲਾੜ) ਵਿਚ ਫੈਲ ਰਹੇ ਮਲਬੇ ਦਾ ਬਿਰਤਾਂਤ ਵੀ ਦੱਸਦਾ ਹੈ। ਕੁਦਰਤੀ ਤੇ ਬਨਾਉਟੀ ਉਪ-ਗ੍ਰਹਿਆ ਦੇ ਨਸ਼ਟ ਹੋਣ ਜਾਂ ਉਮਰ ਵਿਹਾ ਲੈਣ ਪਿੱਛੋਂ ਪੈਦਾ ਹੋਏ ਇਸ ਆਸਮਾਨੀ ਮਲਬੇ ਦੇ ਧਰਤੀ ਉੱਤੇ ਗਿਰਣ ਨਾਲ ਪੈਦਾ ਹੋਣ ਵਾਲੇ ਸੰਭਾਵੀ ਖ਼ਤਰਿਆਂ ਦੀ ਨਿਸ਼ਾਨਦੇਹੀ ਕਰਦਾ ਹੈ। "ਤੇਜ਼ੀ ਨਾਲ ਹੋ ਰਿਹਾ ਵਿਕਾਸ ਤੇ ਆਫ਼ਤਾਂ ਦੀ ਵੰਗਾਰ" ਨਾਮੀ ਲੇਖ ਵਿਚ ਲੇਖਕ ਕੁਦਰਤੀ ਆਫ਼ਤਾਂ - ਸੁਨਾਮੀ, ਜੰਗਲਾਂ ਦੀ ਅੱਗ, ਆਦਿ ਤੋਂ ਪੈਦਾ ਹੋ ਰਹੀਆਂ ਚੁਣੋਤੀਆਂ ਖਾਸ ਕਰ ਆਰਥਿਕ ਬਰਬਾਦੀ, ਜੈਵ ਵਿਭਿੰਨਤਾ ਦਾ ਵਿਨਾਸ਼ ਤੇ ਗਲੋਬਲ ਵਾਰਮਿੰਗ ਗੈਸਾਂ ਵਿਚ ਵਾਧੇ ਦੇ ਕਾਰਣ ਪੈਦਾ ਹੋ ਰਹੇ/ਤੇ ਹੋਣ ਵਾਲੇ ਬਿਖ਼ੜੇ ਹਾਲਾਤਾਂ ਨਾਲ ਰੂਬਰੂ ਕਰਵਾਉਂਦਾ ਹੈ। ਉਹ ਦਾ ਪੁਰਜ਼ੋਰ ਕਥਨ ਹੈ ਕਿ ਕਿ ਸਰਕਾਰਾਂ ਵਿਕਾਸ ਯੋਜਨਾਵਾਂ ਬਣਾਉੁਣ ਦੇ ਨਾਲ ਨਾਲ ਆਫ਼ਤਾਵਾਂ ਨੂੰ ਨਜਿੱਠਣ ਵੱਲ ਵੀ ਵਿਸ਼ੇਸ਼ ਧਿਆਨ ਦੇਣ। 'ਨਿਰੋਲ ਜੀਵਨ ਦਾ ਸਰੋਤ ਹੈ ਨਿਰਮਲ ਪਾਣੀ" ਲੇਖ ਜੀਵਨ ਵਿਚ ਪਾਣੀ ਦੀ ਮਹੱਤਤਾ ਦੀ ਗੱਲ ਕਰਦਾ ਹੋਇਆ, ਬਹੁਤੇਰੇ ਦੇਸ਼ਾਂ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਦਸ ਪਾਉਂਦਾ ਹੈ। ਜਲ ਸਰੋਤਾਂ ਦੇ ਪ੍ਰਦੂਸ਼ਣ, ਜ਼ਮੀਨ ਹੇਠਲੇ ਜਲ-ਭੰਡਾਰਾਂ ਦਾ ਖ਼ਾਲੀ ਹੋਣਾ ਜਾਂ ਪਲੀਤ ਹੋ ਜਾਣਾ ਲੇਖਕ ਨੂੰ ਚਿੰਤਤ ਕਰਦਾ ਹੈ। ਉਸ ਅਨੁਸਾਰ ਆਮ ਲੋਕਾਂ ਤੇ ਨੀਤੀਵਾਨਾਂ ਦੀ ਪਾਣੀ ਦੀ ਸਵੱਛਤਾ ਤੇ ਸਾਂਭ-ਸੰਭਾਲ ਪ੍ਰਤੀ ਉਦਾਸੀਨਤਾ ਇਸ ਵਿਸ਼ੇ ਨੂੰ ਬਹੁਤ ਹੀ ਗੰਭੀਰ ਮਸਲਾ ਬਣਾਉਂਦੀ ਜਾ ਰਹੀ ਹੈ। 'ਜਲਗਾਹਾਂ - ਇਕ ਜਾਣ ਪਛਾਣ' ਲੇਖ ਵਿਚ ਲੇਖਕ ਧਰਤੀ ਉਪਰਲੀਆਂ ਜੀਵਨ ਵੰਨਗੀਆਂ ਦੀ ਚਿਰਸਥਾਈ ਕਾਇਮੀ ਵਿਚ ਜਲਗਾਹਾਂ ਦੇ ਰੋਲ ਦਾ ਵਰਨਣ ਕਰਦਾ ਹੋਇਆ ਵਿਸ਼ਵ ਦੀਆਂ ਪ੍ਰਮੁੱਖ ਜਲਗਾਹਾਂ ਨਾਲ ਜਾਣ-ਪਛਾਣ ਵੀ ਕਰਵਾਉਂਦਾ ਹੈ। 'ਚੋਗਿਰਦੇ ਨਾਲ ਪਾ ਲE ਮੋਹ' ਲੇਖ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਤੇ ਸਾਂਭ ਸੰਭਾਲ ਲਈ ਜਨ-ਚੇਤਨਾ ਪੈਦਾ ਕਰਨ ਦਾ ਤਰਕ ਪੇਸ਼਼ ਕਰਦਾ ਹੈ। 'ਪਲਾਸਟਿਕ ਅਤੇ ਵਾਤਾਵਰਣ' ਲੇਖ ਮਨੁੱਖੀ ਜੀਵਨ ਵਿਚ ਪਲਾਸਟਿਕ ਦੀ ਲਗਾਤਾਰ ਵੱਧ ਰਹੀ ਵਰਤੋਂ ਕਾਰਣ ਪੈਦਾ ਹੋ ਰਹੇ ਮਾੜੇ ਪ੍ਰਭਾਵਾਂ ਦਾ ਵਰਨਣ ਕਰਦਾ ਹੈ ਤੇ ਪਲਾਸਟਿਕ ਵਸਤੂਆਂ ਦੀ ਵਰਤੋਂ ਉੱਤੇ ਮਨੁੱਖੀ ਨਿਰਭਰਤਾ ਘਟਾਉਣ ਦਾ ਸੁਝਾਅ ਪੇਸ਼ ਕਰਦਾ ਹੈ। 'ਨਸ਼ਟ ਹੋ ਰਹੀ ਸਾਡੀ ਸੁਰੱਖਿਆ ਪਰਤ -ਓਜ਼ੋਨ' ਲੇਖ ਧਰਤੀ ਵਾਸੀ ਜੀਵਾਂ ਲਈ ਓਜ਼ੋਨ ਪਰਤ ਦੇ ਮਹੱਤਵ ਦੀ ਗੱਲ ਕਰਦਾ ਹੋਇਆ, ਓਜ਼ੋਨ ਪਰਤ ਵਿਚ ਪੈ ਰਹੇ ਮਘੋਰਿਆ ਕਾਰਣ ਸੰਭਾਵੀ ਖ਼ਤਰਿਆਂ ਦੀ ਦਸ ਪਾਉਂਦਾ ਹੈ। ਓਜ਼ੋਨ ਪਰਤ ਦੇ ਘਾਟੇ ਦੀ ਪੂਰਤੀ ਲਈ ਸੁਯੋਗ ਯਤਨਾਂ ਰਾਹੀਂ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਆਸ਼ਾਵਾਦੀ ਸੁਨੇਹਾ ਵੀ ਦਿੰਦਾ ਹੈ।

ਕਿਤਾਬ ਦੇ ਆਖਰੀ ਪੰਜ ਲੇਖ ਹਨ; 'ਵਿਸਾਖ਼ੀ ਦੀ ਖੁਸ਼ੀ ਜਾਂ ਕਿਸਾਨਾਂ ਦਾ ਦੁੱਖ', 'ਵਿਗਿਆਨ ਅਤੇ ਭਾਰਤ ਦਾ ਪੁਰਾਣਾ ਹੈ ਰਿਸ਼ਤਾ', 'ਦੀਵਾਲੀ ਮਨਾਈਏ ਪਰ ਵੱਖਰੇ ਢੰਗ ਨਾਲ', 'ਧਰਤੀ ਅਤੇ ਸਥਾਈ ਵਿਕਾਸ' ਅਤੇ 'ਮਹੱਤਵਪੂਰਨ ਦਿਵਸ'। 'ਵਿਸਾਖ਼ੀ ਦੀ ਖੁਸ਼ੀ ਜਾਂ ਕਿਸਾਨਾਂ ਦਾ ਦੁੱਖ' ਲੇਖ ਕਿਸਾਨੀ ਜੀਵਨ ਤੇ ਖੇਤੀ ਕਾਰਜਾਂ ਨਾਲ ਸੰਬੰਧਤ ਵਿਭਿੰਨ ਪਹਿਲੂਆਂ ਦਾ ਬਿਰਤਾਂਤ ਦੱਸਦਾ ਹੈ। ਪੰਜਾਬ ਵਿਚ ਆਏ ਹਰੇ ਇਨਕਲਾਬ ਪਿੱਛੋਂ ਪੈਦਾ ਹੋਏ ਦੁਖਾਂਤ ਦਾ ਵਰਨਣ ਕਰਦਾ ਹੈ। ਰਸਾਇਣਾਂ ਦੀ ਖੇਤੀਬਾੜੀ ਕਾਰਜਾਂ ਵਿਚ ਲੋੜੋਂ ਵੱਧ ਵਰਤੋਂ ਦੇ ਨੁਕਸਾਨਾਂ ਦਾ ਜਿ਼ਕਰ ਕਰਨ ਦੇ ਨਾਲ ਨਾਲ ਲੇਖਕ ਸੰਤਾਪ ਹੰਡਾ ਰਹੇ ਕਿਸਾਨਾਂ ਦੇ ਦੁੱਖ ਦੀ ਘੜੀ ਵਿਚ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕਰਦਾ ਨਜ਼ਰ ਆਉਂਦਾ ਹੈ। 'ਵਿਗਿਆਨ ਅਤੇ ਭਾਰਤ ਦਾ ਪੁਰਾਣਾ ਹੈ ਰਿਸ਼ਤਾ' ਲੇਖ ਵਿਚ ਲੇਖਕ ਭਾਰਤੀ ਵਿਗਿਆਨੀਆਂ ਦੁਆਰਾ ਵਿਭਿੰਨ ਵਿਗਿਆਨਕ ਖੇਤਰਾਂ ਵਿਚ ਕੀਤੀਆਂ ਵਡਮੁੱਲੀਆਂ ਪ੍ਰਾਪਤੀਆਂ ਦਾ ਚਰਚਾ ਕਰਦਾ ਹੋਇਆ ਭਾਰਤੀ ਸਮਾਜ ਵਿਚ ਵਿਗਿਆਨਕ ਸੋਚ ਦੀ ਪ੍ਰਫੁੱਲਤਾ ਦੀ ਦੁਆ ਕਰਦਾ ਹੈ। 'ਦੀਵਾਲੀ ਮਨਾਈਏ ਪਰ ਵੱਖਰੇ ਢੰਗ ਨਾਲ' ਲੇਖ ਵਿਚ ਦੀਵਾਲੀ ਦੀ ਮਹੱਤਤਾ ਦੀ ਗੱਲ ਕਰਦੇ ਹੋਏ, ਉਹ ਦੀਵਾਲੀ ਮਨਾਉਣ ਦੇ ਢੰਗਾਂ ਤੋਂ ਪੈਦਾ ਹੋਏ ਪ੍ਰਦੂਸ਼ਣ ਤੋਂ ਬਚਾਓ ਲਈ, ਦੀਵਾਲੀ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਦਾ ਸੁਝਾਅ ਪੇਸ਼ ਕਰਦਾ ਹੈ। ਸਰਬਸਾਂਝੀਵਾਲਤਾ ਵਾਲੇ ਅਮਲੀ ਕਾਰਜ ਕਰਨ ਦਾ ਸੰਦੇਸ਼ ਦਿੰਦਾ ਹੈ। 'ਧਰਤੀ ਅਤੇ ਸਥਾਈ ਵਿਕਾਸ' ਲੇਖ ਵਿਚ ਲੇਖਕ ਵਿਸ਼ਵ ਧਰਤੀ ਦਿਵਸ (22 ਅਪ੍ਰੈਲ) ਦੇ ਮਹੱਤਵ ਦੀ ਦਸ ਪਾਉਂਦਾ ਹੋਇਆ ਧਰਤੀ ਉੱਤੇ ਸਥਾਈ ਵਿਕਾਸ ਦੇ ਟੀਚਿਆਂ ਦੀ ਚਰਚਾ ਕਰਦਾ ਹੈ। ਇਨ੍ਹਾਂ ਟੀਚਿਆਂ ਵਿਚ ਉਹ ਭਾਰਤ ਤੇ ਹੋਰ ਵਿਕਾਸਸ਼ੀਲ ਦੇਸਾਂ ਲਈ ਗ਼ਰੀਬੀ ਦਾ ਖ਼ਾਤਮਾ, ਲਾਜ਼ਮੀ ਚੰਗੀ ਸਿੱਖਿਆ ਤੇ ਚੰਗੀਆਂ ਸਿਹਤ ਸੁਵਿਧਾਵਾਂ ਦੀ ਆਮ ਉਪਲਬਧੀ, ਅਤੇ ਧਰਤੀ ਦਾ ਕੁਦਰਤੀ ਸੰਤੁਲਨ ਬਣਾਏ ਰੱਖਣ ਦੀ ਲੋੜ ਨੂੰ ਮੁੱਖ ਮੰਨਦਾ ਹੈ। 'ਮਹੱਤਵਪੂਰਨ ਦਿਵਸ' ਇਸ ਕਿਤਾਬ ਦਾ ਆਖ਼ਰੀ ਲੇਖ ਹੈ। ਜੋ ਵਾਤਾਵਰਣ ਸੰਬੰਧਤ ਵਿਭਿੰਨ ਆਲਮੀ ਦਿਨਾਂ ਦਾ ਬਿਆਨ ਕਰਦਾ ਹੈ।

"ਗੱਲਾਂ ਚੌਗਿਰਦੇ ਦੀਆਂ" ਇਕ ਵਧੀਆ ਕਿਤਾਬ ਹੈ ਜੋ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਉੱਤੇ ਸੰਖੇਪ ਜਾਣਕਾਰੀ ਪੇਸ਼ ਕਰਦੀ ਹੈ। ਵਾਤਾਵਰਣ ਦੇ ਅਨੇਕ ਅੰਗਾਂ ਬਾਰੇ ਸੂਝ ਪ੍ਰਦਾਨ ਕਰਦੀ ਹੈ। ਪੰਜਾਬੀ ਪਾਠਕਾਂ ਨੂੰ ਵਾਤਾਵਰਣੀ ਸਾਂਭ ਸੰਭਾਲ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਆਸ਼ੇ ਨਾਲ, ਲੇਖਕ ਨੇ ਸਮਾਜਿਕ ਤੇ ਵਾਤਾਵਰਣੀ ਮਸਲਿਆਂ ਦਾ ਵਿਖਿਆਨ ਕਰਦੇ ਹੋਏ, ਉਨ੍ਹਾਂ ਨੂੰ ਮਨੁੱਖੀ ਜੀਵਨ ਦੇ ਸਹੀ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ। ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਪੜ੍ਹ ਕੇ, ਇਸ ਵਿਚ ਉਪਲਬਧ ਕਰਵਾਈ ਗਈ ਜਾਣਕਾਰੀ ਤੋਂ ਲਾਭ ਉਠਾਉਣਾ ਚਾਹੀਦਾ ਹੈ। ਫੈਸਲ ਖ਼ਾਨ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ।

ਫੈਸਲ ਖ਼ਾਨ ਵਾਤਾਵਰਣੀ ਮਸਲਿਆਂ ਦੇ ਸੰਚਾਰਕ/ਵਾਰਤਾਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦੀ ਇਹ ਕਿਤਾਬ ਵਾਤਾਵਰਣ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਚਹੁ-ਰੰਗੇ ਸਰਵਰਕ ਨਾਲ ਪੇਪਰ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਲੇਖ ਰਚਨਾ ਵਿਧੀ ਦੀ ਵਰਤੋਂ ਨਾਲ, ਸਮਕਾਲੀ ਵਾਤਾਵਰਣੀ ਹਾਲਾਤਾਂ ਬਾਰੇ ਉਚਿਤ ਸਾਹਿਤ ਦੀ ਉਪਲਬਧੀ ਲਈ ਲਾਹੇਵੰਦ ਯੋਗਦਾਨ ਪਾਉਂਦਾ ਨਜ਼ਰ ਆਉਂਦਾ ਹੈ। "ਗੱਲਾਂ ਚੌਗਿਰਦੇ ਦੀਆਂ" ਇਕ ਅਜਿਹੀ ਕਿਤਾਬ ਹੈ ਜੋ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਵਾਤਾਵਰਣੀ ਹਾਲਾਤਾਂ ਦਾ ਸਹੀ ਰੂਪ ਸਮਝ, ਉਨ੍ਹਾਂ ਦੀ ਉਚਿਤ ਸਾਂਭ ਸੰਭਾਲ ਦੇ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਮਨੁੱਖੀ ਹੌਂਦ ਦੀ ਚਿਰ-ਸਥਾਪਤੀ ਵਿਚ ਆਪਣਾ ਯੋਗਦਾਨ ਪਾ ਸਕਣ।
-------------------------------------------------------------------------------------------------------------------------------------
 

❤️ CLICK HERE TO JOIN SPN MOBILE PLATFORM

Top